ਸਾਹੋਕੇ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਇਹ ਪਿੰਡ ਸਾਹੋਕੇ, ਕੋਟਕਪੂਰਾ – ਬਾਜਾਖਾਨਾ ਬਠਿੰਡਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਕੋਟਕਪੂਰਾ ਰੇਲਵੇ ਸਟੇਸ਼ਨ ਤੋਂ 18 ਕਿਲੋਮੀਟਰ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਪਹਿਲਾ ਨਾਂ ਬਵੰਜਾ ਖੇੜਾ ਦੱਸਿਆ ਜਾਂਦਾ ਹੈ। ਕਿਸੇ ਕਾਰਨ ਇਹ ਪਿੰਡ ਉਜੜ ਗਿਆ, ਦੁਬਾਰਾ ਇਸ ਨੂੰ ਸਾਹੋਕੇ ਦੇ ਪੁੱਤਰ ਮੋਹਨ ਨੇ ਵਸਾਇਆ। ਸਾਹੋਕੇ ਦੇ ਨਾਂ ਤੇ ਹੀ ਪਿੰਡ ਦਾ ਨਾਂ ਸਾਹੋਕੇ ਪਿਆ। ਮੋਹਨ ਦੇ ਦੋ ਹੋਰ ਭਰਾ ਮੋਹਨ ਤੇ ਮੰਦੇ ਦੀ ਉਲਾਦ ਵੀ ਇਸੇ ਪਿੰਡ ਵਿੱਚ ਵਸਦੀ ਹੈ।
ਇਸ ਪਿੰਡ ਵਿੱਚ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਏ ਤੇ ਉਹਨਾਂ ਦੀ ਯਾਦ ਵਿੱਚ ਪਿੰਡ ਦੇ ਬਾਹਰਵਾਰ ‘ਗੁਰਦੁਆਰਾ ਗੁਰੂਸਰ ਹੈ। ਇੱਥੇ ਗੁਰੂ ਜੀ ਦੇ ਜਨਮ ਦਿਨ ਤੇ ਆਲੇ ਦੁਆਲੇ ਦੇ ਪਿੰਡਾਂ, ਸੇਖਾ ਛੋਟਾ, ਮੱਲ ਕੇ, ਬੰਬੀਹਾ ਭਾਈ, ਛੋਟੀ ਆਦਿ ਤੋਂ ਸੰਗਤਾਂ ਜੁੜਦੀਆਂ ਹਨ। ਗੁਰਦੁਆਰੇ ਦੀ ਇਮਾਰਤ ਦੀ ਉਸਾਰੀ ਸੰਤ ਬਿਸ਼ਨ ਮੁਨੀ ਨੇ ਕਰਾਈ ਤੇ ਉਹੀ ਇਸਦੀ ਦੇਖਭਾਲ ਕਰਦੇ ਹਨ।
ਪਿੰਡ ਦੀ ਦੂਜੀ ਯਾਦਗਾਰੀ ਥਾਂ ਰੋਡੇ ਸ਼ਾਹ ਦੀ ਮਜ਼ਾਰ ਹੈ। ਜਿੱਥੇ ਸਾਈਂ ਜੀ ਨਾਂ ਦਾ ਇੱਕ ਦਰਵੇਸ਼ ਰਹਿੰਦਾ ਹੈ। ਸਾਉਣ ਦੇ ਮਹੀਨੇ ਇੱਥੇ ਤਿੰਨ ਦਿਨ ਮੇਲਾ ਲੱਗਦਾ ਹੈ। ਕਵਾਲ, ਨਕਲੀਏ ਤੇ ਕਵੀਸ਼ਰ ਆਉਂਦੇ ਹਨ।
ਸਾਹੋਕੇ ਪਿੰਡ ਦੇ ਜੰਮਪਲ ਬਾਬੂ ਰਜਬ ਅਲੀ ਸਰਹੰਦ ਨਹਿਰ ਦੇ ਓਵਰਸੀਅਰ ਸਨ। ਉਹਨਾਂ ਨੂੰ ਕਵੀਸ਼ਰੀ, ਅਖਾੜੇ ਤੇ ਕੁਸ਼ਤੀਆਂ ਦਾ ਸ਼ੌਕ ਸੀ। ਉਹਨਾਂ ਰਮਾਇਣ, ਮਹਾਂਭਾਰਤ, ਹੀਰ, ਬਿਧੀ ਚੰਦ ਤੇ ਕਈ ਹੋਰ ਕਿੱਸੇ ਲਿਖੇ। ਪਿੰਡ ਦੇ ਲੋਕ ਹਰ ਵਰ੍ਹੇ ਬਾਬੂ ਜੀ ਦਾ ਜਨਮ ਦਿਨ ਬੜੀ ਸ਼ਰਧਾ ਨਾਲ ਮਨਾਉਂਦੇ ਹਨ ਤੇ ਕਈ ਵਾਰੀ ਉਹ ਖੁਦ ਪਾਕਿਸਤਾਨੋਂ ਆਕੇ ਇਹਨਾਂ ਜਸ਼ਨਾਂ ਵਿੱਚ ਸ਼ਾਮਲ ਹੋਏ ਹਨ।
‘ਮੇਰੀ ਸਾਹੋ ਨਗਰੀ ਜੀ, ਇੰਦਰ ਦੀ ਇੰਦਰਾਪੁਰੀ ਤੋਂ ਸੋਹਣੀ’ ਇਹ ਬੋਲ ਬਾਬੂ ਰਜਬ ਅਲੀ ਦੇ ਆਪਣੀ ਜਨਮ ਭੂਮੀ ਬਾਰੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ