ਮਾੜੀ ਮੁਸਤਫਾ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਮਾੜੀ ਮੁਸਤਫਾ ਮੋਗਾ – ਭਗਤਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 31 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤੇਰ੍ਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਬੱਝਾ ਦੱਸਿਆ ਜਾਂਦਾ ਹੈ। ਬਜ਼ੁਰਗਾਂ ਅਨੁਸਾਰ ਮੁਹਮੰਦ ਗੋਰੀ ਦੇ ਭਾਰਤ ਹਮਲੇ ਸਮੇਂ ਵੀ ਇੱਥੇ ਵਸੋਂ ਮੌਜੂਦ ਸੀ। ਮੁਗਲ ਕਾਲ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਤੱਕ ਇਹ ਪਿੰਡ ਇਸ ਇਲਾਕੇ ਦੇ ਸਰਕਾਰੀ ਮੁਪੀਆ ਦਾ ਹੈੱਡ ਕੁਆਟਰ ਰਿਹਾ ਹੈ। ਉਹਨਾਂ ਨੇ ਆਪਣੇ ਰਹਿਣ ਲਈ ਇੱਥੇ ਪੱਕੇ ਮਕਾਨ ਬਣਾਏ ਤੇ ਇੱਕ ਛੋਟਾ ਜਿਹਾ ਕਿਲ੍ਹਾ ਵੀ ਬਣਵਾਇਆ। ਪੱਕੇ ਤੇ ਸੁੰਦਰ ਮਕਾਨ ਹੋਣ ਕਰਕੇ ਹੀ ਇਸ ਪਿੰਡ ਨੂੰ ‘ਮਾੜੀ’ ਕਿਹਾ ਜਾਣ ਲੱਗਾ। ਇਸ ਪਿੰਡ ਦਾ ਮੁੱਢ ਮਲ੍ਹੀ ਗੋਤ ਦੇ ਜੱਟਾਂ ਨੇ ਬੱਧਾ ਸੀ ਬਾਅਦ ਵਿੱਚ ‘ਭਾਨਾ’ ਨਾਂ ਦੇ ਬਰਾੜ ਪਿੰਡ ‘ਮੱਲ ਕੇ’ ਤੋਂ ਆ ਕੇ ਇੱਥੇ ਵੱਸ ਗਏ। ਇਸ ਪਿੰਡ ਵਿੱਚ ਬੌਰੀਏ ਪਿੰਡ ਦੀ ਚੌਥਾ ਹਿੱਸਾ ਆਬਾਦੀ ਹੈ। ਹਰੀਜਨਾਂ ਦੇ ਘਰ ਵੀ ਕਾਫੀ ਹਨ।
ਮੁਸਤਫਾ ਦਾ ਨਾਂ ਇੱਕ ਘਟਨਾ ਦੁਆਰਾ ਬਹੁਤ ਚਿਰ ਬਾਅਦ ਇਸ ਨਾਲ ਜੁੜਿਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਐਲਨਾਬਾਦ ਦਾ ਰਹਿਣ ਵਾਲਾ ‘ਮੁਸਤਫਾ ਅਲੀ’ ਨਾਂ ਦਾ ਮੁਸਲਮਾਨ ਇਸ ਇਲਾਕੇ ਦਾ ਤਹਿਸੀਲਦਾਰ ਸੀ ਜੋ ਮਾਲੀਆ ਤੇ ਸਰਕਾਰੀ ਟੈਕਸ ਵਸੂਲ ਕਰਦਾ ਸੀ। ਘੋੜੀ ਵੇਚਣ ਦੀ ਜ਼ਕਾਤ ਦੇਣ ਤੋਂ ਨਾਂਹ ਕਰਨ ਤੇ ਪਿੰਡ ਟਿੱਲਾ ਰਾਏਕੇ ਦੇ ਇੱਕ ਜੱਟ ਨੂੰ ਮੁਸਤਫਾ ਨੇ ਗਾਲ੍ਹ ਕੱਢੀ। ਜਿਸ ਕਰਕੇ ਉਸ ਜੱਟ ਦੇ ਪੁੱਤਰ ਗੱਜਣ ਨੇ ਮੁਸਤਫਾ ਨੂੰ ਆਪਣੇ ਪਿੰਡ ਜਾਂਦਿਆਂ ਰਾਹ ਵਿੱਚ ਕਤਲ ਕਰ ਦਿੱਤਾ। ਗੱਜਣ ਫੜਿਆ ਗਿਆ ਪਰ ਜ਼ੇਲ੍ਹ ਵਿਚੋਂ ਭੱਜ ਗਿਆ। ਹੁਣ ਲੋਕ ਇਸ ਪਿੰਡ ਨੂੰ ਮੁਸਤਫਾ ਵਾਲੀ ਮਾੜੀ ਕਹਿਣ ਲੱਗ ਪਏ ਜੋ ਬਾਅਦ ਵਿੱਚ ‘ਮਾੜੀ ਮੁਸਤਫਾ’ ਅਖਵਾਈ।
ਮਹਾਰਾਜਾ ਰਣਜੀਤ ਸਿੰਘ ਨੇ ਵਸਾਵਾ ਸਿੰਘ ਨੂੰ ਇੱਥੇ ਆਪਣਾ ਦੀਵਾਨ ਨਿਯੁਕਤ ਕੀਤਾ ਹੋਇਆ ਸੀ ਜਿਸ ਦੀ ਔਲਾਦ ਹੁਣ ਵੀ ਇਸ ਪਿੰਡ ਵਿੱਚ 1400 ਏਕੜ ਦੀ ਮਾਲਕ ਹੈ। ਪਿੰਡ ਵਿੱਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਲਗਵਾਇਆ ਖੂਹ ਵੀ ਮੌਜੂਦ ਹੈ। ਇਸ ਪਿੰਡ ਵਿੱਚ ਪੰਜ ਧਾਰਮਿਕ ਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ, ਉਦਾਸੀ ਸੰਪ੍ਰਦਾ ਦਾ ਡੇਰਾ, ਆਈ ਪੰਥੀ ਨਾਥਾਂ ਦਾ ਡੇਰਾ, ਰਾਮਤਾਲ ਤੇ ਲਛਮਣ ਸਿੱਧ ਦਾ ਮੰਦਰ ਹਨ। ਗੁਰੂ ਹਰਿਗੋਬਿੰਦ ਸਾਹਿਬ ਭਾਈ ਰੂਪ ਚੰਦ ਕੋਲ ਜਾਂਦੇ ਇੱਥੇ ਠਹਿਰੇ ਸਨ । ਰਾਮਤਾਲ ਬਾਰੇ ਕਿਹਾ ਜਾਂਦਾ ਹੈ ਕਿ ਇਸ ਥਾਂ ਤੇ ਰਾਜਾ ਦਸ਼ਰਥ ਪਾਸੋਂ ਸਰਵਣ ਦੇ ਤੀਰ ਵੱਜਾ ਅਤੇ ਸਰਵਣ ਦੀ ਮੌਤ ਇੱਥੇ ਹੀ ਹੋਈ ਸੀ। ਇਸ ਨੂੰ ਪਹਿਲੇ ‘ਦਸ਼ਰਥ ਦਾ ਤਾਲਾਬ’ ਕਿਹਾ। ਜਾਂਦਾ ਸੀ ਪ੍ਰੰਤੂ 1852-53 ਦੇ ਬੰਦੋਬਸਤ ਅਨੁਸਾਰ ਮਹਿਕਮਾ ਮਾਲ ਦੇ ਕਾਗਜ਼ਾਂ ਵਿੱਚ ਇਸ ਦਾ ਨਾਂ ‘ਰਾਮਤਾਲ’ ਦਰਜ ਹੈ। ਇਸ ਦੀ ਖੁਦਾਈ ਸਮੇਂ ਪੱਥਰ ਦੀਆਂ ਲੰਮੀਆਂ ਤੇ ਭਾਰੀਆਂ ਇੱਟਾਂ ਮਿਲੀਆਂ ਹਨ। ਲੱਛਮਣ ਸਿੱਧ ਇਸ ਇਲਾਕੇ ਦੇ ਹਿੰਦੂ ਰਾਜੇ ਜਸਪਾਲ ਦਾ ਪੋਤਰਾ ਸੀ। ਜਨਮ ਸਮੇਂ ਇਸ ਦਾ ਨਾਂ ਕੌਰਸ਼ੀ ਰੱਖਿਆ ਗਿਆ ਸੀ। ਜੁਆਨ ਹੋਣ ਤੇ ਇਸ ਨੇ ਰਾਜੇ ਗੋਂਦ ਦੀ ਪੁਤਰੀ ‘ਅਮਰੀ’ ਨੂੰ ਸੁਅੰਬਰ ਵਿੱਚ ਜਿੱਤ ਲਿਆ ਸੀ ਪਰ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਉਹ ਸਾਰੀ ਉਮਰ ਜਤੀ ਰਿਹਾ ਤੇ ਇੱਥੇ ਆ ਕੇ ਉਸਦਾ ਅੰਤ ਹੋਇਆ। ਉਹ ਮਲ੍ਹੀ ਘਰਾਣੇ ਤੋਂ ਸੀ। ਲੱਛਮਣ ਸਿੱਧ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਵੱਡਾ ਮੰਦਰ ਹੈ। ਚੇਤ ਚੌਦਸ ਨੂੰ ਇੱਥੇ ਭਾਰੀ ਮੇਲਾ ਲੱਗਦਾ। ਹੈ। ਮਲ੍ਹੀ ਗੋਤ ਦੇ ਜੱਟ ਦੂਰੋਂ ਦੂਰੋਂ ਇੱਥੇ ਪਹੁੰਚਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ