ਕਾਲੇ ਕੇ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਕਾਲੇ ਕੇ, ਬਾਘਾ – ਪੁਰਾਣਾ ਨਿਹਾਲ ਸਿੰਘ ਵਾਲਾ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 23 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਕਰੀਬਨ ਸਵਾ ਦੋ ਸੌ ਸਾਲ ਪਹਿਲਾਂ ਘੋਲੀਆਂ ਕਲਾਂ ਦੇ ਦੋ ਭਰਾ ਸ. ਕਾਲਾ ਸਿੰਘ ਅਤੇ ਭਾਗੂ ਸਿੰਘ ਨੇ ਇਸ ਪਿੰਡ ਦਾ ਮੁੱਢ ਬੰਨ੍ਹਿਆ। ਸ. ਕਾਲਾ ਸਿੰਘ ਵੱਡਾ ਭਰਾ ਹੋਣ ਕਰਕੇ ਪਿੰਡ ਦਾ ਨਾਂ ‘ਕਾਲੇ ਕੇ’ ਰੱਖਿਆ ਗਿਆ।
ਪਿੰਡ ਦੀ ਬਹੁਤੀ ਗਿਣਤੀ ਜੱਟ ਸਿੱਖ ਪਰਿਵਾਰਾਂ ਦੀ ਹੈ ਜੋ ਗਿੱਲ ਗੋਤ ਦੇ ਹਨ। ਦਿਓਲ, ਧਾਲੀਵਾਲ ਗੋਤਾਂ ਤੋਂ ਬਿਨਾਂ ਬਾਜ਼ੀਗਰ, ਬੌਰੀਏ, ਨਾਈ, ਝਿਊਰ, ਘੁਮਿਆਰ, ਸੁਨਿਆਰ, ਠਠਿਆਰ, ਦਰਜ਼ੀ, ਪੰਡਤ, ਮਹਾਜਨ ਆਦਿ ਜਾਤੀਆਂ ਦੇ ਲੋਕ ਵੀ ਰਹਿੰਦੇ ਹਨ। ਕੁਝ ਮੁਸਲਮਾਨਾਂ ਦੇ ਪਰਿਵਾਰ ਵੀ ਹਨ।
ਪਿੰਡ ਦੇ ਪੱਛਮ ਵੱਲ ਬਾਬਾ ਚੇਤਨ ਪ੍ਰਕਾਸ਼ ਦੀ ਸੁੰਦਰ ਸਮਾਧ ਹੈ ਜਿੱਥੇ ਹਰ ਸਾਲ ਹਾੜ੍ਹ ਦੇ ਮਹੀਨੇ ਭਾਰੀ ਮੇਲਾ ਲੱਗਦਾ ਹੈ। ਪਿੰਡ ਦੇ ਸਾਰੇ ਲੋਕ ਇਸ ਵਿੱਚ ਸ਼ਰਧਾ ਪੂਰਵਕ ਸ਼ਾਮਲ ਹੁੰਦੇ ਹਨ।
ਇਸ ਪਿੰਡ ਵਿੱਚ ਬਹੁਤ ਦੇਸ਼ ਭਗਤ ਵੀ ਹੋਏ ਹਨ ਜਿਹਨਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦੀਆਂ ਦਿੱਤੀਆਂ। ਇਹਨਾਂ ਵਿਚੋਂ ਸ. ਨਾਰਾਇਣ ਸਿੰਘ, ਸ. ਆਤਮਾ ਸਿੰਘ, ਸ. ਹੀਰਾ ਸਿੰਘ ਤੇ ਸ. ਚੰਦਾ ਸਿੰਘ ਵਰਨਣਯੋਗ ਨਾਮ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ