ਬੁੱਧ ਸਿੰਘ ਵਾਲਾ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਬੁੱਧ ਸਿੰਘ ਵਾਲਾ, ਬਾਘਾ ਪੁਰਾਣਾ – ਭਗਤਾ ਸੜਕ ‘ਤੇ ਸਥਿਤ ਮੋਗਾ ਤੋਂ 22 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਬਾਨੀ ਸ. ਬੁੱਧ ਸਿੰਘ ਸੀ ਜਿਸ ਨੇ 165 ਸਾਲ ਪਹਿਲਾਂ ਪਿੰਡ ਬੰਨ੍ਹਿਆ। ਸ. ਬੁੱਧ ਸਿੰਘ ਚੜਿੱਕ ਪਿੰਡ ਦਾ ਵਾਸੀ ਸੀ ਅਤੇ ਸ. ਮਨਸੂਰ ਸਿੰਘ ਦਾ ਭਤੀਜਾ ਸੀ। ਆਪਣੀ ਚਾਚੀ ਦੇ ਭੈੜੇ ਰਵਈਏ ਤੋਂ ਤੰਗ ਆ ਕੇ ਪਿੰਡੋਂ ਨਿਕਲ ਤੁਰਿਆ ਤੇ ਆਪਣੇ ਨਾਨਕੇ, ਨਕੋਈ ਵਾਲੀਏ ਸਰਦਾਰਾਂ ਕੋਲ ਆ ਗਿਆ। ਨਕੋਈ ਵਾਲੀਏ ਮਹਾਰਾਜਾ ਰਣਜੀਤ ਸਿੰਘ ਦੇ ਰਿਸ਼ਤੇਦਾਰ (ਸਹੁਰੇ) ਸਨ, ਜਿਨ੍ਹਾਂ ਨੇ ਰਣਜੀਤ ਸਿੰਘ ਨੂੰ ਜ਼ਮੀਨ ਦਾ ਮਾਮਲਾ ਦੇਣਾ ਬੰਦ ਕਰ ਦਿੱਤਾ ਸੀ। ਇਸੇ ਸੰਬੰਧ ਵਿੱਚ ਮਹਾਰਾਜੇ ਦੇ ਕੁਝ ਸਿਪਾਹੀ ਨਾਨਕੇ ਰਹਿੰਦੇ ਬੁੱਧ ਸਿੰਘ ਹੱਥੋਂ ਮਾਰੇ ਗਏ। ਮਹਾਰਾਜੇ ਨੇ ਬੁੱਧ ਸਿੰਘ ਦੀ ਬਹਾਦਰੀ ਵੇਖ ਕੇ ਆਪਣੀ ਫੌਜ ਵਿੱਚ ਉੱਚ ਅਹੁਦੇ ਤੇ ਲਾ ਲਿਆ ਤੇ ਨਕੋਈ ਵਾਲਿਆਂ ਨਾਲ ਸਮਝੌਤਾ ਕਰ ਲਿਆ। ਬੁੱਧ ਸਿੰਘ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਤਿੰਨ ਵੱਡੀਆਂ ਲੜਾਈਆਂ ਵਿੱਚ ਸ. ਸ਼ਾਮ ਸਿੰਘ ਅਟਾਰੀ ਨਾਲ ਰਲ ਕੇ ਬੜੀ ਬਹਾਦਰੀ ਨਾਲ ਲੜਿਆ। ਸ. ਸ਼ਾਮ ਸਿੰਘ ਸ਼ਹੀਦ ਹੋ ਗਿਆ ਤੇ ਅੰਤ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਗਿਆ। ਬੁੱਧ ਸਿੰਘ ਨੇ ਵਾਪਸ ਆ ਕੇ ਪਿੰਡ ਦੀ ਮੋਹੜੀ ਗੱਡੀ।
ਪਿੰਡ ਵਿੱਚ ਇੱਕ ਸ਼ਾਨਦਾਰ ਗੁਰਦੁਆਰਾ ਤੇ ਇੱਕ ਧਰਮਸ਼ਾਲਾ ਤੇ ਇੱਕ ਨਿਰੰਕਾਰੀ ਭਵਨ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ