ਆਲਮ ਵਾਲਾ ਕਲਾਂ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਆਲਮ ਵਾਲਾ ਉਰਫ ਬਾਘਾ ਪੁਰਾਣਾ ਦਿਹਾਤੀ, ਬਾਘਾ ਪੁਰਾਣਾ – ਮੁਦੱਕੀ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਮੋਗੇ ਤੋਂ 20 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਬਾਨੀ ਸ. ਆਲਮ ਬਾਘਾ ਪੁਰਾਣਾ ਦੇ ਬਾਨੀ ‘ਬਾਘੇ’ ਦਾ ਭਤੀਜਾ ਸੀ ਤੇ ‘ਪੁਰਾਣੇ’ ਦਾ ਪੁੱਤਰ ਸੀ। ਆਲਮ ਦੇ ਪਿਤਾ ਪੁਰਾਣੇ ਦੇ ਤਿੰਨ ਵਿਆਹ ਸਨ। ਪਹਿਲੀ ਦਾ ਕੋਈ ਬੱਚਾ ਨਹੀਂ ਸੀ, ਦੂਜੀ ਦਾ ਇੱਕ ਪੁੱਤਰ ਤੇ ਤੀਜੀ ਦੇ ਦੋ ਪੁੱਤਰ ਆਲਮ ਤੇ ਮੋਹਨ ਦਾਸ ਸਨ। ਦੂਜੀ ਦੇ ਪੁੱਤਰ ਨੇ ਤੀਜੀ ਦੇ ਆਲਮ ਤੇ ਮੋਹਨ ਦਾਸ ਨੂੰ ਤੰਗ ਕਰਨਾ ਅਰੰਭ ਕਰ ਦਿੱਤਾ ਤੇ ਉਹ ਤੰਗ ਆ ਕੇ ਆਪਣੇ ਪੁੱਤਰਾਂ ਨੂੰ ਲੈ ਕੇ ਬਰਾੜਾਂ ਦੇ ਪੁਰਾਣੇ ਪਿੰਡ ਪੰਜ ਗਰਾਈਂ ਨੂੰ ਤੁਰ ਪਈ। ਰਸਤੇ ਵਿੱਚ ਪਿੰਡ ਰਾਜੇਆਣਾ ਦੇ ਬਰਾੜ ਲੋਕਾਂ ਨੂੰ ਸਾਰੀ ਗੱਲ ਪਤਾ ਲੱਗੀ। ਉਹਨਾਂ ਨੇ ਮਾਂ ਪੁੱਤਰਾਂ ਦੀ ਸਹਾਇਤਾ ਕੀਤੀ। ਘਸਮਾਨ ਦੀ ਲੜਾਈ ਵਿੱਚ ਕਾਫੀ ਬੰਦੇ ਮਾਰੇ ਗਏ ਤੇ ਲੜਾਈ ਜਿੱਤੀ ਗਈ। ਆਖਰ ਬਾਗੜੀਆਂ ਵਾਲੇ ਭਾਇਕਿਆਂ ਨੇ ਸਮਝੌਤਾ ਕਰਵਾ ਦਿੱਤਾ। ਪਿੰਡ ਦੀ ਮੋੜੀ ਜੌੜੀਆਂ ਢਾਬ (ਛੱਪੜ) ਕੰਢੇ ਗੱਡੀ ਗਈ ਤੇ ਆਲਸ ਕਾਰਵਾ ਕੇ ਪਿੰਡ ਦਾ ਨਾਂ ਆਲਮਵਾਲਾ ਰੱਖਿਆ ਗਿਆ। ਇੱਕ ਆਲਮਵਾਲਾ ਜ਼ਿਲ੍ਹਾ ਮੁਕਤਸਰ ਵਿੱਚ ਹੈ ਜੋ ਇਸ ਤੋਂ ਪਿੱਛੇ ਬੱਝਾ। ਇਸ ਲਈ ਇਹ ਪਿੰਡ ਆਲਮਵਾਲਾ ਕਲਾਂ ਕਿਹਾ ਜਾਣ ਲੱਗਾ। ਕਿਉਂਕਿ ਇਹ ਪਿੰਡ ਬਾਘਾ ਪੁਰਾਣਾ ਤੋਂ ਬੱਝਾ ਇਸ ਨੂੰ ‘ਬਾਘਾ ਪੁਰਾਣਾ ਦਿਹਾਤੀ’ ਵੀ ਕਿਹਾ ਜਾਂਦਾ ਹੈ।
ਇਹ ਪਿੰਡ 325 ਸਾਲ ਪੁਰਾਣਾ ਹੈ ਅਤੇ ਪਿੰਡ ਦੀ ਇੱਕ ਚੌਥਾਈ ਵਸੋਂ ਵਿਦੇਸ਼ਾਂ ਵਿੱਚ ਕਮਾਈ ਕਰਦੀ ਹੈ। ਇੱਥੇ ਇੱਕ ਨਿਹੰਗ ਸਿੰਘਾਂ ਦੇ ਗੁਰਦੁਆਰੇ ਤੋਂ ਇਲਾਵਾ ਇੱਕ ਹੋਰ ਗੁਰਦੁਆਰਾ ਵੀ ਹੈ। ਇੱਕ ਪੀਰ ਖਾਨਾ ਤੇ ਇੱਕ ਥੜਾ ਵੀ ਪਿੰਡ ਦੇ ਪੂਜਨੀਕ ਸਥਾਨ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ