ਹੁਸਿਆਰਪੁਰ
ਸਥਿਤੀ :
ਤਹਿਸੀਲ ਖਰੜ ਦਾ ਪਿੰਡ ਹੁਸਿਆਰਪੁਰ ਕੁਰਾਲੀ – ਚੰਡੀਗੜ੍ਹ – ਤਿਊੜ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੁਰਾਲੀ ਤੋਂ 14 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਕਰੀਬਨ ਛੇ ਸੌ ਸਾਲ ਪਹਿਲਾਂ ਹੁਸਿਆਰਾ, ਦਰਾਰਾ ਤੇ ਗੁਲਜ਼ਾਰਾ ਨਾਮੀ ਤਿੰਨ ਵਿਅਕਤੀਆਂ ਨੇ ਪਿੰਡ ਫੂਲਮਧਾਰ ਤੋਂ ਇੱਥੇ ਜੰਗਲ ਵਿੱਚ ਆ ਕੇ ਪਿੰਡ ਦੀ ਬੁਨਿਆਦ ਰੱਖੀ। ਹੁਸਿਆਰਾ ਇਹਨਾਂ ਤਿੰਨਾਂ ਵਿਚੋਂ ਵੱਡਾ ਸੀ ਜਿਸ ਦੇ ਨਾਂ ‘ਤੇ ਪਿੰਡ ਦਾ ਨਾਂ ਹੁਸਿਆਰਪੁਰ ਰੱਖਿਆ ਗਿਆ। ਪਿੰਡ ਵਿੱਚ ਇੱਕ ਮਹਾਨ ਪੁਰਖ ਸੰਤ ਬਾਬਾ ਚਰਨ ਦਾਸ ਜੀ ਦੀ ਸਮਾਧ ਹੈ ਜੋ ਭਗਤੀ ਕਰਦੇ ਸਨ ਤੇ ਗਰੀਬਾਂ ਨੂੰ ਗਊਆਂ ਦਾਨ ਕਰਦੇ ਸਨ। ਉਹਨਾਂ ਦੇ ਚੇਲੇ ਬਾਬਾ ਜੇਠਾ ਦੀ ਸਮਾਧ ਵੀ ਨਾਲ ਹੀ ਹੈ ਅਤੇ ਪਿੰਡ ਦੇ ਲੋਕ ਇਹਨਾਂ ਦੀ ਬਹੁਤ ਮਾਨਤਾ ਕਰਦੇ ਹਨ।
ਪਿੰਡ ਵਿੱਚ ਸੋਹੀ ਗੋਤ ਦੇ ਜੱਟਾਂ ਤੋਂ ਬਿਨਾਂ ਸ਼ੋਕਰ, ਭੁੱਲਰ, ਲਲੜ ਅਤੇ ਢਿੱਲੋਂਆਂ ਦੇ ਘਰ ਹਨ, ਬਾਕੀ ਜਾਤਾਂ ਵਿੱਚ ਹਰੀਜਨ, ਘੁਮਿਆਰ, ਝਿਊਰ, ਤੇਲੀ, ਛੀਂਬੇ, ਨਾਈ, ਤਰਖਾਣ ਅਤੇ ਬ੍ਰਾਹਮਣ ਵੀ ਇਸ ਪਿੰਡ ਦੀ ਅਬਾਦੀ ਵਿੱਚ ਸ਼ਾਮਲ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ