ਬਰਸਾਲਪੁਰ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਬਰਸਾਲਪੁਰ, ਮੋਰਿੰਡਾ – ਚਮਕੌਰ ਸਾਹਿਬ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 14 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ‘ਪੁਰ’ ਤੋਂ ‘ਭੰਗੂ ਗੋਤ ਦੇ ਜੱਟਾਂ ਨੇ ਬਾਬੇ ਬਰਸਾਲੇ ਦੀ ਸਰਦਾਰੀ ਹੇਠ ਆ ਕੇ ਇਹ ਪਿੰਡ 1835 ਦੇ ਨੇੜੇ ਬੰਨਿਆ ਅਤੇ ਆਪਣੇ ਸਰਦਾਰ ਅਤੇ ਪੁਰਾਣੇ ਪਿੰਡ ਦੇ ਨਾਂ ਨੂੰ ਜੋੜ ਕੇ ਪਿੰਡ ਦਾ ਨਾਂ ‘ਬਰਸਾਲਪੁਰ’ ਰੱਖਿਆ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪਿੰਡ ਸੋਢੀਆਂ ਦੇ ਰਾਜ ਦਾ ਹਿੱਸਾ ਸੀ। ਕਿਲ੍ਹਾ ਭਾਵੇਂ ਇੱਥੇ ਕੋਈ ਨਹੀਂ ਪਰ ਇੱਕ ਖੂਹ ਨੂੰ ਕਿਲ੍ਹੇ ਵਾਲਿਆਂ ਦਾ ਖੂਹ ਕਿਹਾ ਜਾਂਦਾ ਹੈ।
ਨਾ ਮਿਲਵਰਤਣ ਲਹਿਰ ਸਮੇਂ ਇਸ ਪਿੰਡ ਵਿੱਚ ਸੱਤ ਪਿੰਡਾਂ ਦੀ ਸਾਂਝੀ ਪੰਚਾਇਤ ਬਣਾਈ ਗਈ। ਜਿਸ ਦੇ ਸਰਪੰਚ ਸ. ਖਜ਼ਾਨ ਸਿੰਘ ਸਨ। ਇਸ ਦੇ ਨਤੀਜੇ ਵਜੋਂ ਅੰਗਰੇਜ਼ਾਂ ਨੇ ਦੱਸ ਸਾਲ ਲਈ ਇਹਨਾਂ ਪਿੰਡਾਂ ਵਿਚੋਂ ਫ਼ੌਜ ਦੀ ਭਰਤੀ ਬੰਦ ਕਰ ਦਿੱਤੀ। ਪਿੰਡ ਵਿੱਚ ਨਿਰਮਲੇ ਸੰਤਾਂ ਦਾ ਡੇਰਾ ਸੀ ਜਿਸਦੀ ਜ਼ਮੀਨ ਹੁਣ ਗੁਰਦੁਆਰੇ ਦੇ ਨਾਂ ਹੈ। ਪਿੰਡ ਵਿੱਚ ਬਾਬਾ ਅਮਰ ਦਾਸ ਜੀ ਦੀ ਸਮਾਧ ਹੈ ਜੋ ਗਾਵਾਂ ਦੀ ਸੇਵਾ ਕਰਦੇ ਸਨ। ਇਲਾਕੇ ਵਿੱਚ ਇਸ ਸਮਾਧ ਦੀ ਕਾਫੀ ਮਾਨਤਾ ਹੈ।
ਪਿੰਡ ਵਿੱਚ ਅੱਧੀ ਵਸੋਂ ਜੱਟਾਂ ਦੀ ਹੈ ਜੋ ਸਾਰੇ ਹੀ ‘ਹੀਰਾ ਭੰਗੂ ਗੋਤ ਦੇ ਹਨ। ਬਾਕੀ ਆਬਾਦੀ ਹਰੀਜਨਾਂ, ਬ੍ਰਾਹਮਣਾਂ, ਝਿਊਰਾਂ, ਨਾਈਆਂ, ਲੁਹਾਰਾਂ, ਤਰਖਾਣਾਂ ਤੇ ਮਰਾਸੀਆਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ