ਸਿੰਬਲ ਮਾਜਰਾ (ਜੈਤੇਵਾਲ)
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਸਿੰਬਲ ਮਾਜਰਾ ਜਾਂ ਜੈਤੇਵਾਲ, ਨੂਰਪੁਰ ਬੇਦੀ – ਗੜ੍ਹਸ਼ੰਕਰ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਤੋਂ 15 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਪਹਿਲਾ ਨਾਂ ਸਿੰਬਲ ਮਾਜਰਾ ਹੈ ਅਤੇ ਸਰਕਾਰੀ ਰਿਕਾਰਡ ਵਿੱਚ ਵੀ ਸਿੰਬਲ ਮਾਜਰਾ ਹੈ ਕਿਉਂਕਿ ਇੱਥੇ ਸਿੰਬਲ ਦੇ ਦਰਖਤ ਬਹੁਤ ਹੁੰਦੇ ਸਨ। ਅਨੰਦਪੁਰ ਦੇ ਨੇੜੇ ਹੋਣ ਕਰਕੇ ਮੁਗ਼ਲ ਤੇ ਪਹਾੜੀ ਫੌਜਾਂ ਜਦੋਂ ਅਨੰਦਪੁਰ ਨੂੰ ਘੇਰਾ ਪਾਉਂਦੀਆਂ ਸਨ ਇਸ ਪਿੰਡ ਵਿਚਕਾਰ ਮੁਗ਼ਲ ਜਰਨੈਲਾਂ ਦੇ ਤੰਬੂ ਲੱਗਦੇ ਸਨ। ਇੱਕ ਦਿਨ ਇੱਕ ਅਲ ਜਰਨੈਲ ਪਲੰਘ ‘ਤੇ ਬੈਠ ਕੇ ਸਿੰਬਲ ਦੇ ਦਰਖ਼ਤ ਕੋਲ ਸ਼ਤਰੰਜ ਖੇਡ ਰਿਹਾ ਸੀ ਤੇ ਅਚਾਨਕ ਇੱਕ ਤੀਰ ਸਿੰਬਲ ਦੇ ਤਣੇ ‘ਤੇ ਆ ਕੇ ਵੱਜਾ। ਸਾਰੇ ਘਬਰਾ ਗਏ। ਤੀਰ ਦੇ ਨਾਲ ਸੋਨਾ ਲੱਗਿਆ ਹੋਇਆ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸੀ, ਇੱਕ ਹੋਰ ਤੀਰ ਪਲੰਘ ਨੂੰ ਆ ਕੇ ਵੱਜਾ ਜਿਸ ਵਿੱਚ ਚਿੱਠੀ ਉੱਤੇ ਲਿਖਿਆ ਸੀ ‘ਇਹ ਕਰਾਮਾਤ ਨਹੀਂ ਕਰੱਤਬ ਹੈ।
ਅਗਲੇ ਦਿਨ ਸਿੰਘਾਂ ਦੇ ਹਮਲੇ ਕਰਨ ‘ਤੇ ਕੁਝ ਇਸ ਤੀਰ ਦੀ ਘਟਨਾ ਦੇ ਪ੍ਰਭਾਵ ਕਾਰਨ ਮੁਗ਼ਲ ਫੌਜਾਂ ਨੇ ਘੇਰਾ ਚੁੱਕ ਲਿਆ। ਗੁਰੂ ਜੀ ਦੀਆਂ ਫ਼ੌਜਾਂ ਦੀ ਜਿੱਤ ਹੋਈ ਜਿਸ ਕਾਰਨ ਸਿੰਬਲ ਮਾਜਰਾ ਦਾ ਨਾਂ ‘ਜੈਤੇਵਾਲ’ ਪੈ ਗਿਆ। ਜਿਸ ਅਸਥਾਨ ‘ਤੇ ਤੀਰ ਵਾਲੀ ਘਟਨਾ ਵਾਪਰੀ ਸੀ, ਉੱਥੇ ਅੱਜ ਕੱਲ੍ਹ ਗੁਰਦੁਆਰਾ ‘ਬਾਣਾ ਗੜ੍ਹ ਸਾਹਿਬ’ ਬਣਿਆ ਹੋਇਆ ਹੈ। ਪਿੰਡ ਵਿੱਚ ਜੱਟਾਂ ਦੀ ਅਬਾਦੀ ਜ਼ਿਆਦਾ ਹੈ ਜਿਸ ਵਿੱਚ ਭੱਠਲ, ਸੰਧੂ, ਠਰਾਲੇ, ਮਲੈਤ, ਜੋਹਦੇ, ਸਰੰਦੇ ਤੇ ਝਾਂਗੜੇ ਗੋਤ ਹਨ ਬਾਕੀ ਸੈਣੀ, ਬ੍ਰਾਹਮਣ, ਤਰਖਾਣ, ਝਿਊਰ ਆਦਿ ਜਾਤਾਂ ਦੇ ਲੋਕ ਵੀ ਪਿੰਡ ਦੇ ਵਸਨੀਕ ਹਨ।
ਇਸ ਪਿੰਡ ਵਿੱਚ ਗੁਰੂ ਹਰਿ ਰਾਇ ਜੀ ਦੇ ਸਪੁੱਤਰ ਬਾਵਾ ਰਾਮ ਰਾਇ ਜੀ ਦਾ ਅਸਥਾਨ ਵੀ ਹੈ। ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਸਮੇਂ ਬਹੁਤ ਸਾਰੀਆਂ ਸੰਗਤਾਂ ਇਧਰੋਂ ਲੰਘਦੀਆਂ ਹਨ ਅਤੇ ਗੁਰਦੁਆਰੇ ਵਿੱਚ ਲਗਾਤਾਰ ਲੰਗਰ ਚਲਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ