ਕੱਟਾ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਕੱਟਾ, ਟਿੱਬਾ ਨੰਗਲ – ਕਲਵਾਂ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦੱਸਿਆ ਜਾਂਦਾ ਹੈ ਕਿ ਇਸ ਪਿੰਡ ਵਿਚੋਂ ਕੁਝ ਹਿੱਸਾ, ਕੱਟ ਕੇ ਘਾਹੀ ਮਾਜਰੇ ਪਿੰਡ ਨੂੰ ਦਿੱਤਾ ਗਿਆ ਜਿਸ ਕਰਕੇ ਇਸ ਪਿੰਡ ਦਾ ਨਾਂ ‘ਕੱਟਾ’ ਪੈ ਗਿਆ। ਕਈਆਂ ਦਾ ਖਿਆਲ ਹੈ ਕਿ ਪੁਰਾਣੇ ਕਾਗਜ਼ਾਂ ਵਿੱਚ ਪਿੰਡ ਦਾ ਨਾਂ ‘ਕਟਾਰ ਸਾਹਿਬ ਦਮਦਮਾ’ ਹੈ ਜਿਸ ਤੋਂ ‘ਕੱਟਾ’ ਨਾਂ ਪਿਆ।
ਪਿੰਡ ਦੇ ਬਾਹਰ ਇੱਕ ਪੁਰਾਣੇ ਬੋਹੜ ਹੇਠਾਂ ਗੁਰਦੁਆਰਾ ਕਟਾਰ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦੁਪਹਿਰਾ ਕੱਟਿਆ ਅਤੇ ਇੱਕ ਪੱਥਰ ਨਾਲ ਰਗੜ ਕੇ ਆਪਣੀ ਕਟਾਰ ਸਾਫ ਕੀਤੀ। ਪਿੰਡ ਵਾਸੀਆਂ ਅਨੁਸਾਰ ਗੁਰੂ ਜੀ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਅਤਿਆਚਾਰ ਦਾ ਮੁਕਾਬਲਾ ਕਰਨ ਲਈ ਕੁੱਝ ਜੁਆਨ ਚਾਹੀਦੇ ਹਨ ਤਾਂ ਪਿੰਡ ਦੇ ਖਤਰੀਆਂ ਤੇ ਰਾਜਪੂਤਾਂ ਨੇ ਕੁੱਝ ਕਮਲੇ ਜਹੇ ਬੰਦੇ ਲਿਆ ਕੇ ਦਿਖਾ ਦਿੱਤੇ ਤੇ ਕਿਹਾ ਕਿ ਸਾਡੇ ਪਿੰਡ ਦੇ ਇਹੋ ਜਿਹੇ ਜਵਾਨ ਹਨ ਪਰ ਪਿੰਡ ਦੇ ਰਾਮਦਾਸੀਆਂ ਤੇ ਆਦਿ ਧਰਮੀਆਂ। ਨੇ ਦੋ ਸੱਕੇ ਭਰਾ ਸੰਗਤ ਸਿੰਘ ਤੇ ਮੰਗਤ ਸਿੰਘ (ਕਈਆਂ ਅਨੁਸਾਰ ਤਿੰਨ ਜਾਂ ਚਾਰ ਭਰਾ। ਗੁਰੂ ਜੀ ਨੂੰ ਭੇਟ ਕੀਤੇ। ਬਾਅਦ ਵਿੱਚ ਭਾਈ ਮੰਗਤ ਸਿੰਘ ਸਰਸਾ ਦੀ ਜੰਗ ਵਿੱਚ ਸ਼ਹੀਦ ਹੋਇਆ। ਭਾਈ ਸੰਗਤ ਸਿੰਘ ਦੀ ਸ਼ਕਲ ਸੂਰਤ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਰੀ ਜੁਲਦੀ ਸੀ। ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਛੱਡਣ ਸਮੇਂ ਆਪਣੀ ਪੁਸ਼ਾਕ ਤੇ ਕਲਗੀ ਭਾਈ ਸੰਗਤ ਸਿੰਘ ਨੂੰ ਪਹਿਨਾਈ। ਅਗਲੇ ਦਿਨ ਉਹ ਚਮਕੌਰ ਜੰਗ ਵਿੱਚ ਸ਼ਹੀਦ ਹੋ ਗਿਆ। ਚਮਕੌਰ ਤੋਂ ਉਸ ਦੇ ਅੰਗੀਠੇ ਦੀ ਰਾਖ ਕੱਟੇ ਲਿਆਂਦੀ ਗਈ ਤੇ ਰਾਮਦਾਸੀਆਂ ਦੇ ਘਰਾਂ ਵਿੱਚ ਇੱਕ ਥਾਂ ਦੱਬ ਦਿੱਤੀ ਗਈ। ਅੱਜਕੱਲ੍ਹ ਇਸ ਸਥਾਨ ‘ਤੇ ਇੱਕ ਛੋਟਾ ਜਿਹਾ ਦੇਹੁਰਾ ਬਣਿਆ ਹੋਇਆ ਹੈ। ਜਿਸ ਨੂੰ ਭਾਈ ਸੰਗਤ ਸਿੰਘ ਦਾ ਦੇਹੁਰਾ ਕਹਿੰਦੇ ਹਨ। ਕੱਟੇ ਦੇ ਆਲੇ ਦੁਆਲੇ ਦੇ ਰਾਮਦਾਸੀਏ ਇਸ ਦੇਹੁਰੇ ਦੀ ਬੜੀ ਮਾਨਤਾ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ