ਕੀਰਤਪੁਰ ਸਾਹਿਬ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਕੀਰਤਪੁਰ ਸਾਹਿਬ ਨੰਗਲ – ਰੂਪ ਨਗਰ ਸੜਕ ‘ਤੇ ਸਥਿਤ ਹੈ ਜਿਸਦਾ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਹੈ, ਅਨੰਦਪੁਰ ਸਾਹਿਬ ਤੋਂ ਇਹ ਪਿੰਡ ਤਕਰੀਬਨ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਬਾਨੀ ਗੁਰੂ ਨਾਨਕ ਦੇਵ ਸਾਹਿਬ ਜੀ ਕਹੇ ਜਾ ਸਕਦੇ ਹਨ, ਕਿਉਂਕਿ ਗੁਰੂ ਜੀ ਆਪਣੀਆਂ ਉਦਾਸੀਆਂ ਸਮੇਂ ਇੱਥੋਂ ਦੀ ਲੰਘੇ ਅਤੇ ਇਸ ਜੰਗਲ ਵਿੱਚ ਰੱਬ ਦੀ ਕੀਰਤੀ ਕਰ ਕੇ ਇਸ ਨੂੰ ਆਬਾਦ ਹੋਣ ਦਾ ਵਰ ਦਿੱਤਾ, ਇਸ ਤੋਂ ਹੀ ਇਸ ਪਿੰਡ ਦਾ ਨਾਂ ਕੀਰਤਪੁਰ ਪਿਆ ਬਾਅਦ ਵਿੱਚ ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ ਅਤੇ ਦੱਸਵੇਂ ਗੁਰੂ ਨਾਲ ਸੰਬੰਧਿਤ ਹੋਣ ਕਰਕੇ ਇਹ ‘ਕੀਰਤਪੁਰ ਸਾਹਿਬ’ ਪ੍ਰਚਲਿਤ ਹੋ ਗਿਆ। ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਇੱਥੇ ‘ਗੁਰਦੁਆਰਾ ਚਰਨ ਕੰਵਲ’ ਬਣਿਆ ਹੋਇਆ ਹੈ। ਇੱਥੇ ਥੋੜ੍ਹੀ ਦੂਰ ‘ਤੇ ਇੱਕ ਪਹਾੜੀ ਕੋਲ ਬਾਬਾ ਬੁੱਢਣ ਸ਼ਾਹ ਦੀ ਯਾਦਗਾਰ ਹੈ ਜੋ ਬਾਬਾ ਗੁਰਦਿੱਤਾ ਜੀ ਦੈ ਦੇਹੁਰੇ ਦੇ ਨੇੜੇ ਸਥਿਤ ਹੈ ਜੋ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਸਤਿਕਾਰੇ ਗਏ।
ਇਸ ਪਿੰਡ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਬਾਦ ਕੀਤਾ ਤੇ ਇੱਥੇ ਨਿਵਾਸ ਸਥਾਨ ਦੀ ਨੀਂਹ ਸੰਨ 1629 ਵਿੱਚ ਬਾਬਾ ਗੁਰਦਿੱਤਾ ਜੀ ਨੇ ਰੱਖੀ ਜਿਸਨੂੰ ਸ਼ੀਸ਼ ਮਹਲ ਕਿਹਾ ਜਾਂਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤਿ ਸਮਾਉਣ ਦੀ ਯਾਦ ਵਿੱਚ ਗੁਰਦੁਆਰਾ ‘ਪਾਤਾਲਪੁਰੀ’ ਵੀ ਪਿੰਡ ਤੋਂ ਨਜ਼ਦੀਕ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਜਿਸ ਅਸਥਾਨ ‘ਤੇ ਰੱਖਿਆ ਗਿਆ ਸੀ ਉੱਥੇ ਗੁਰਦੁਆਰਾ ਬਬਾਨਗੜ੍ਹ ਸਾਹਿਬ वै।
ਗੁਰੂ ਹਰਿ ਰਾਏ ਸਾਹਿਬ ਦੇ ਸਮੇਂ ਦਾ ਇੱਥੇ ਇੱਕ ਬਾਗ ਹੈ ਜਿਸ ਨੂੰ ਨੌ-ਲੱਖਾ ਬਾਗ ਵੀ ਕਿਹਾ ਜਾਂਦਾ ਹੈ ਗੁਰੂ ਜੀ ਨੇ ਇੱਥੇ ਦਾਰਾ ਸ਼ਿਕੋਹ ਦੀ ਬਿਮਾਰੀ ਸਮੇਂ ਹਰੜਾਂ ਤੇ ਲੋਂਗ ਭੇਜੇ ਸਨ ਜਿਸ ਨਾਲ ਦਾਰਾ ਸ਼ਿਕੋਹ ਤੰਦਰੁਸਤ ਹੋਇਆ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ