ਭੱਦਲ ਥੂਹਾ
ਸਥਿਤੀ :
ਤਹਿਸੀਲ ਅਮਲੋਹ ਦਾ ਪਿੰਡ ਭੱਦਲ ਥੂਹਾ, ਅਮਲੋਹ-ਨਾਭਾ ਸੜਕ ਤੋਂ । ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਮੰਡੀ ਗੋਬਿੰਦਗੜ੍ਹ ਤੋਂ 12 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅੱਜ ਤੋਂ ਸਵਾ ਪੰਜ ਸੌ ਸਾਲ ਪਹਿਲਾਂ ਇਹ ਪਿੰਡ ਭਾਦਸੋਂ ਦੇ ਰਾਜਾ ਭੱਦਰਸੈਨ ਨੇ ਬੰਨ੍ਹਿਆ ਸੀ ਜਿਸ ਕਰਕੇ ਇਸ ਦਾ ਨਾਂ ਭੱਦਰਥੂਹਾ ਪਿਆ ਜੋ ਬਦਲਦਾ ਬਦਲਦਾ ਭੱਦਲਥੂਹਾ ਬਣ ਗਿਆ। ਸਭ ਤੋ ਪਹਿਲਾਂ ਇੱਥੇ ਹਿੰਦੂ ਗੁੱਜਰ ਪਰਿਵਾਰ ਆਬਾਦ ਹੋਏ। ਡੇਢ ਸੌ ਸਾਲ ਬਾਅਦ ਗੁੱਜਰ ਪਰਿਵਾਰ ਕਿਸੇ ਕਾਰਨ ਇਸ ਪਿੰਡ ਨੂੰ ਛੱਡ ਕੇ ਚਲੇ ਗਏ ਅਤੇ ਖੁੱਲਰ ਗੋਤ ਦੇ ਖਤਰੀ ਆ ਕੇ ਆਬਾਦ ਹੋ ਗਏ। ਅੱਜ ਤੋਂ 200 ਸਾਲ ਪਹਿਲਾਂ ਇਸ ਪਿੰਡ ਦੀ ਵਿਸਵੇਦਾਰੀ ਚਹਿਲ ਗੋਤ ਦੇ ਜੱਟਾਂ ਨੇ ਸੰਭਾਲੀ। ਖੱਤਰੀਆਂ ਤੋਂ ਇਲਾਵਾ ਮੁਸਲਮਾਨਾਂ, ਬ੍ਰਾਹਮਣਾ ਅਤੇ ਹਰੀਜਨਾਂ ਦੀ ਕਾਫੀ ਆਬਾਦੀ ਹੈ।
ਅੰਗਰੇਜ਼ਾਂ ਦੇ ਰਾਜ ਸਮੇਂ ਜਿਹਨਾਂ 40 ਸਿੱਖਾਂ ਨੂੰ ਤੋਪਾਂ ਅੱਗੇ ਖੜੇ ਕਰਕੇ ਉਡਾ ਦਿੱਤਾ ਸੀ, ਉਹਨਾਂ ਵਿਚੋ ਦੋ ਸੂਰਮੇ, ਸ. ਸੋਭਾ ਸਿੰਘ ਅਤੇ ਸ. ਜੈ ਸਿੰਘ ਇਸ ਪਿੰਡ ਤੇ ਸਨ। ਇਹਨਾਂ ਦੀ ਔਲਾਦ ਪਿੰਡ ਵਿੱਚ ਕੂਕਿਆਂ ਦੇ ਘਰਾਂ ਨਾਲ ਪ੍ਰਸਿੱਧ ਹੈ।
ਪਿੰਡ ਵਿੱਚ ਤਿੰਨ ਗੁਰਦੁਆਰੇ, ਇੱਕ ਤਕੀਆ (ਮਸਜਿਦ), ਇੱਕ ਸ਼ਿਵਦੁਆਲਾ ਅਤੇ ਪੰਜ ਧਰਮਸ਼ਾਲਾ ਹਨ। ਪਿੰਡ ਵਿੱਚ ਇੱਕ ਬਹੁਤ ਪੁਰਾਣਾ ਡੇਰਾ ਹੈ ਜਿਸ ਨੂੰ ‘ਡੇਕਾਂ ਵਾਲੇ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉੱਥੇ ਬਹੁਤ ਪਰਾਣੀ ਸ਼ਿਵ ਅਤੇ ਹਨੂੰਮਾਨ ਦੀ ਮੂਰਤੀ ਹੈ ਜੋ ਬਹੁਤ ਪੁਰਾਣੇ ਬਰੋਟੇ ਦੇ ਦਰਖਤ ਦੇ ਥੱਲੇ ਹਨ। ਇਹ ਦਰਖਤ ਇੱਕ ਵਿਘਾ ਜ਼ਮੀਨ ਵਿੱਚ ਫੈਲਿਆ ਹੋਇਆ ਹੈ। ਪਿੰਡ ਦੇ ਲੋਕ ਹਰ ਮੰਗਲਵਾਰ ਪ੍ਰਸ਼ਾਦ ਕਰਾਂਦੇ ਹਨ। ਪਿੰਡ ਦੇ ਵਿਚਕਾਰ ਇੱਕ ਸਿੱਧ ਦੀ ਸਮਾਧ ਹੈ ਜੋ ਕਾਫੀ ਉੱਚੀ ਹੈ। ਪਿੰਡ ਵਿੱਚ ਇਸ ਦੀ ਵੀ ਬਹੁਤ ਮਾਨਤਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ