ਲੰਗ
ਸਥਿਤੀ :
ਤਹਿਸੀਲ ਪਟਿਆਲਾ ਦਾ ਇਹ ਪਿੰਡ ਲੰਗ ਪਟਿਆਲਾ-ਭਾਦਸੋਂ ਸੜਕ ਤੇ ਪਟਿਆਲਾ ਰੇਲਵੇ ਸਟੇਸ਼ਨਤੋਂ 15 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ :
ਇਸ ਦੇ ਨਾਂ ਦੇ ਪਿਛੋਕੜ ਬਾਰੇ ਕਿਹਾ ਜਾਂਦਾ ਹੈ ਕਿ ਇਸ ਪਿੰਡ ਦੇ ਚਾਰੇ ਪਾਸੇ ਦੀਵਾਰ ਹੁੰਦੀ ਸੀ ਜਿਸਨੂੰ ਇਲਾਕੇ ਦੀ ਭਾਸ਼ਾ ਵਿੱਚ ‘ਲੰਗ’ ਕਿਹਾ ਜਾਂਦਾ ਹੈ। ਇਸੇ ਦੀਵਾਰ ਦੇ ਕਾਰਨ ਇਸ ਪਿੰਡ ਦਾ ਨਾਂ ‘ਲੰਗ’ ਪੈ ਗਿਆ। ਸਰਕਾਰੀ ਰਿਕਾਰਡ ਅਨੁਸਾਰ ਇਹ ਪਹਿਲੇ ਮੁਸਲਮਾਨਾਂ ਪਿੰਡ ਸੀ ਜਿੱਥੋਂ ਕਈ ਕਾਰਨਾਂ ਕਰਕੇ ਹੌਲੀ-ਹੌਲੀ ਆਬਾਦੀ ਖਤਮ ਹੋ ਗਈ। ਇਸ ਤੋਂ ਬਾਅਦ ਇੱਕ ਖਰੋੜ ਜੱਟ ਇੱਥੇ ਆ ਕੇ ਵੱਸ ਗਿਆ ਜਿਸ ਦੇ ਤਿੰਨ ਪੁੱਤਰ ਸੱਲਾ, ਪੱਲਾ ਤੇ ਲੱਖਣ ਸਨ। ਪਿੰਡ ਦੀ ਵਸੋਂ ਵਧਾਉਣ ਲਈ ਦਰਾਵਿੜ ਤੋਂ ਪੰਡਿਤ ਤੇ ਨਕੋਦਰ ਤੋਂ ਖੱਤਰੀ ਬੁਲਾ ਕੇ ਵਸਾਏ ਗਏ।
ਇਸ ਪਿੰਡ ਦੀ ਸੀਮਾ ਤੇ ਭੰਗੂ ਮਿਸਲ ਅਤੇ ਬਾਬਾ ਆਲਾ ਸਿੰਘ ਦੀਆਂ ਫੌਜਾਂ 8 ਵਿਚਕਾਰ ਮਸ਼ਹੂਰ ਲੜਾਈ ਹੋਈ ਸੀ ਜਿਸ ਥਾਂ ਤੇ ਲੜਾਈ ਹੋਈ ਉਸਨੂੰ ਹੁਣ ਵੀ ‘ਖੂਨੀ ਟਿੱਬੇ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਲੜਾਈ ਵਿੱਚ ਭੰਗੂ ਮਿਸਲ ਦਾ ਸਰਦਾਰ ਹਰੀ ਸਿੰਘ ਭੰਗੂ ਸ਼ਹੀਦ ਹੋਇਆ ਸੀ ਤੇ ਸਿੱਖ ਸੰਗਤਾਂ ਨੇ ਉਸ ਸਮੇਂ ਨਵਾਬ ਕਪੂਰ ਸਿੰਘ ਨੂੰ ਸਰਦਾਰੀ ਬਖ਼ਸ਼ੀ ਸੀ।
ਕਿਹਾ ਜਾਂਦਾ ਹੈ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਨਾਲ ਆਸਾਮ ਦੀ ਯਾਤਰਾ ‘ਤੇ ਗਏ ਤਾਂ ਇਸ ਪਿੰਡ ਦੇ ਬਾਹਰ ਇੱਕ ਦਰਖਤ ਦੀ ਛਾਂ ਹੇਠ ਵਿਸ਼ਰਾਮ ਕਰਨ ਲਈ ਰੁਕੇ ਤੇ ਦੋ ਦਿਨ ਰਹੇ ਪਰ ਕੋਈ ਬੰਦਾ ਦਰਸ਼ਨਾਂ ਲਈ ਨਾ ਆਇਆ। ਤੀਜੇ ਦਿਨ ਪਿੰਡ ਦੀਆਂ ਕੁੱਝ ਮਾਈਆਂ ਗੁਰੂ ਜੀ ਕੋਲ ਆਈਆਂ ਤੇ ਗੁਰੂ ਜੀ ਨੇ ਪੁੱਛਿਆ ਇਸ ਪਿੰਡ ਦਾ ਨਾਂ ਕੀ ਹੈ ਤੇ ਇੱਕ ਮਾਈ ਨੇ ਦੱਸਿਆ ਕਿ ਇਸ ਪਿੰਡ ਦਾ ਨਾਂ ਲੰਗ ਹੈ। ਗੁਰੂ ਜੀ ਨੇ ਫੌਰਨ ਕਿਹਾ, “ਵੇਖ ਭਾਈ, ਲੰਗ ਅੱਧਾ ਨੰਗ ਅੱਧਾ ਮਲੰਗ” ਮਾਈ ਨੇ ਇਸ ਵਾਕ ਨੂੰ ਪਿੰਡ ਲਈ ਅੱਛਾ ਨਾਂ ਮੰਨਿਆ ਤੇ ਪਿੰਡ ਜਾ ਕੇ ਲੰਗਰ ਤਿਆਰ ਕੀਤਾ ਤੇ ਘਰਾਂ ਦੇ ਮਰਦਾਂ ਨੂੰ ਗੁਰੂ ਜੀ ਕੋਲ ਭੇਜਿਆ ਤੇ ਲੰਗਰ ਛਕਾਉਣ ਲਈ ਬੁਲਾਇਆ। ਗੁਰੂ ਜੀ ਨੇ ਪਿੰਡ ਦੇ ਲੋਕਾਂ ਤੇ ਬਖਸ਼ਿਸ਼ ਕੀਤੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ