ਦੇਵੀਗੜ੍ਹ
ਸਥਿਤੀ :
ਤਹਿਸੀਲ ਪਟਿਆਲਾ ਦਾ ਪਿੰਡ ਦੇਵੀਗੜ੍ਹ, ਪਟਿਆਲਾ – ਘੜਾਮ ਸੜਕ ਤੇ ਸਥਿਤ ਪਟਿਆਲਾ ਰੇਲਵੇ ਸਟੇਸ਼ਨ ਤੋਂ 24 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੋਈ ਬਹੁਤ ਪੁਰਾਣਾ ਨਹੀਂ। ਕਿਹਾ ਜਾਂਦਾ ਹੈ ਕਿ ਮਹਾਰਾਜਾ ਪਟਿਆਲਾ ਨੇ ਕਾਇਸਬ ਪਰਿਵਾਰ ਨੂੰ ਇਸ ਇਲਾਕੇ ਵਿੱਚ ਕਾਫੀ ਜ਼ਮੀਨ ਇਨਾਮ ਦੇ ਦਿੱਤੀ ਸੀ ਜਿਸ ਮਗਰੋਂ ਇਸ ਘਰਾਣੇ ਦੇ ਤਿੰਨ ਭਰਾਵਾਂ ਰਾਮ ਸਿੰਘ, ਚੁੰਨੀ ਲਾਲ ਤੇ ਦੇਵੀ ਲਾਲ ਨੇ ਇੱਥੋਂ ਜੰਗਲਾਂ ਨੂੰ ਕੁੱਝ ਕੁਝ ਸਾਫ ਕਰਕੇ ਖੇਤੀ ਦਾ ਕੰਮ ਵਧਾ ਕੇ ਆਪਣੇ ਮੁਜ਼ਾਰਿਆਂ ਨੂੰ ਵੀ ਨਾਲ ਹੀ ਵਸਾ ਲਿਆ ਅਤੇ ਇਸ ਪਿੰਡ ਦਾ ਨਾਂ ਰਾਮ ਨਗਰ ਚੁੰਨੀ ਵਾਲਾ ਉਰਫ ਦੇਵੀਗੜ੍ਹ ਰੱਖ ਦਿੱਤਾ। ਪਰ ਹੌਲੀ-ਹੌਲੀ ਵੱਡਾ ਨਾਂ ਗਾਇਬ ਹੁੰਦਾ ਗਿਆ ਅਤੇ ਲੋਕ ਇਸ ਨੂੰ ਦੇਵੀਗੜ ਦੇ ਨਾਂ ਨਾਲ ਜਾਨਣ ਲੱਗੇ।
ਕਿਹਾ ਜਾਂਦਾ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਇਸ ਇਲਾਕੇ ਦੀ ਬੀੜ ਵਿੱਚ ਸ਼ਿਕਾਰ ਖੇਡਣ ਜਾਇਆ ਕਰਦੇ ਸਨ ਤੇ ਉਹਨਾਂ ਨੇ ਭੁਨਰਹੇੜੀ ਆਪਣੀ ਸ਼ਿਕਾਰਗਾਹ ਰੱਖੀ ਸੀ। ਇੱਕ ਵਾਰੀ ਰਾਜੇ ਦੀ ਨਜ਼ਰ ਇਸ ਪਿੰਡ ਦੀ ਖੂਬਸੂਰਤ ਔਰਤ ਉੱਤੇ ਪੈ ਗਈ, ਮਹਾਰਾਜਾ ਨੇ ਉਸ ਨੂੰ ਚੁਕਵਾ ਲਿਆ। ਇਸ ਔਰਤ ਦੇ ਪਤੀ ਅਮਰ ਸਿੰਘ ਨੇ ਮਹਾਰਾਜਾ ਦੇ ਵਿਰੁੱਧ ਮੁਕਦਮਾ ਕਰ ਦਿੱਤਾ ਜਿਹੜਾ ਮਹਾਰਾਣੀ ਵਿਕਟੋਰੀਆ ਕੋਲ ਪੁੱਜਾ ਤੇ ਮਹਾਰਾਣੀ ਨੇ ਰਾਜੇ ਨੂੰ ਦੋਸ਼ੀ ਕਰਾਰ ਦਿੰਦਿਆਂ ਅਮਰ ਸਿੰਘ ਦਾ ਹਰਜਾਨਾ ਦੇਣ ਤੇ ਮਾਫੀ ਮੰਗਣ ਦਾ ਹੁਕਮ ਦਿੱਤਾ। ਇਸ ਘਟਨਾ ਤੇ ਮਹਾਰਾਜਾ ਬੜਾ ਨਰਾਜ਼ ਹੋਇਆ। ਅਮਰ ਸਿੰਘ ਜਗੀਰਦਾਰ ਬਣ ਗਿਆ। ਰਾਜੇ ਨੇ ਆਪਣਾ ਗੁੱਸਾ ਉਸ ਸੜਕ ਤੇ ਕੱਢਿਆ ਜਿਹੜੀ ਉਸ ਸਮੇਂ ਇਸ ਇਲਾਕੇ ਵਿੱਚ ਬਣਾਈ ਜਾ ਰਹੀ ਸੀ। ਉਸਨੇ ਭੁਨਰਹੇੜੀ ਤੋਂ ਦੇਵੀਗੜ੍ਹ ਤੱਕ ਸੜਕ ਦਾ ਕੰਮ ਤੁਰੰਤ ਬੰਦ ਕਰਵਾ ਦਿੱਤਾ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ