ਭਾਦਸੋਂ
ਸਥਿਤੀ :
ਪਟਿਆਲਾ ਤੋਂ ਲਗਭਗ 30-35 ਕਿਲੋ ਮੀਟਰ ਦੂਰ, ਨਾਭਾ ਰੇਲਵੇ ਸਟੇਸ਼ਨ ਤੋਂ 18 ਕਿਲੋ ਮੀਟਰ ਦੂਰ, ਨਾਭਾ-ਗੋਬਿੰਦਗੜ੍ਹ ਸੜਕ ਤੇ ਸਥਿੱਤ ਭਾਦਸੋਂ ਪਟਿਆਲਾ ਜ਼ਿਲ੍ਹੇ ਦਾ ਮਸ਼ਹੂਰ ਅਤੇ ਵੱਡਾ ਪਿੰਡ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
‘ਭਾਦਸੋਂ’ ਨਾਂ ਰਾਜਾ ਭਦਰਸੇਨ ਤੋਂ ਪਿਆ ਜੋ ਕਿਹਾ ਜਾਂਦਾ ਹੈ ਕਿ ਪੂਰਨ ਭਗਤ ਦੇ ਸਮੇਂ ਹੋਇਆ ਹੈ। ਪੂਰਨ ਭਗਤ ਦਾ ਭਰਾ ਰਸਾਲੂ ਮਲੇਰਕੋਟਲੇ ਦਾ ਰਾਜਾ ਸੀ ਤੇ ਉਸ ਸਮੇਂ ਭਾਦਸੋਂ ਵਿੱਚ ਰਾਜਾ ਭਦਰਸੇਨ ਦਾ ਰਾਜ ਸੀ। ਭਦਰਸੇਨ ਦੀ ਰਾਣੀ ਦਾ ਨਾਂ ਕੋਕਿਲਾ ਸੀ! ਪੰਜਾਬ ਦੀ ਮਸ਼ਹੂਰ ਪ੍ਰੇਮ ਕਥਾ ‘ਰਾਣੀ ਕੋਕਿਲਾਂ’ ਇਸੇ ਪਿੰਡ ਦੀ ਦੇਣ ਹੈ। ਰਾਣੀ ਕੋਕਿਲਾਂ ਬਹੁਤ ਸੋਹਣੀ ਸੀ। ਰਾਜਾ ਰਸਾਲੂ ਤੇ ਰਾਣੀ ਕੋਕਿਲਾਂ ਦਾ ਪ੍ਰੇਮ ਹੋ ਗਿਆ ਤੇ ਦੋਵੇਂ ਛੱਪ ਕੇ ਮਹਿਲ ਦੇ ਬਾਹਰ ਮਿਲਦੇ ਸਨ। ਰਾਣੀ ਦੇ ਮਹਿਲ ਤੋਂ ਇੱਕ ਗੁਪਤ ਸੁਰੰਗ ਬਣਵਾਈ ਗਈ ਜਿਸ ਦੁਆਰਾ ਰਾਣੀ ਮਹਿਲ ਤੋਂ ਬਾਹਰ ਆਉਂਦੀ ਸੀ। ਇੱਕ ਵਾਰੀ ਰਾਜਾ ਭਦਰਸੇਨ ਨੇ ਦੋਹਾਂ ਨੂੰ ਵੇਖ ਲਿਆ ਤੇ ਉਸਨੇ ਦੋਹਾਂ ਨੂੰ ਜ਼ਿੰਦਾ ਜਲਾਉਣ ਦਾ ਹੁਕਮ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਰਾਜੇ ਦੇ ਮਹਿਲ ਵਿੱਚ ਜ਼ੋਰਦਾਰ ਭੁਚਾਲ ਆਇਆ ਜਿਸ ਵਿੱਚ ਮਹਿਲ ਦਾ ਰਾਜ ਭਾਗ ਨਸ਼ਟ ਹੋ ਗਿਆ। ਵੱਡੇ ਮਹਿਲ ਦਾ ਇੱਕ ਹਿੱਸਾ ਖੰਡਰ ਹੋ ਗਿਆ ਜਿਸ ਵਿੱਚ ਰਾਣੀ ਦਾ ਵਾਸ ਸੀ। ਉਸ ਮਹਿਲ ਦੇ ਖੰਡਰ ਅਜ ਵੀ ਭਾਦਸੋਂ ਵਿੱਚ ਮੌਜੂਦ ਹਨ ਜਿਸਦੇ ਢਹੇ ਹੋਏ ਭਾਗ ਦੇ ਥੇਹ ‘ਤੇ ਅਜ ਲੋਕੀ ਵੱਸੇ ਹੋਏ ਹਨ ਅਤੇ ਬੱਚੇ ਹੋਏ ਭਾਗ ਵਿੱਚ ਭਾਦਸੋਂ ਥਾਣਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ