ਘਾਬਦਾ
ਸਥਿਤੀ :
ਤਹਿਸੀਲ ਸੰਗਰੂਰ ਦਾ ਪਿੰਡ ਘਾਬਦਾ, ਸੰਗਰੂਰ ਤੋਂ 10 ਕਿਲੋਮੀਟਰ ਅਤੇ ਸੰਗਰੂਰ-ਪਟਿਆਲਾ ਸੜਕ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਨਾਲ ਹੀ ਇੱਕ ਬਹੁਤ ਵੱਡਾ ਚੋਅ ਸੀ ਜਿਸ ਕਰਕੇ ਇੱਥੇ ਬਹੁਤ ਘਰ ਸੀ ਤੇ ਕਾਫੀ ਚਰਾਗਾਹਾਂ ਸਨ। ਲੋਕੀਂ ਇੱਥੇ ਡੰਗਰ ਚਰਾਉਣ ਆਉਂਦੇ ਸਨ ਅਤੇ ਆਰ ਵਾਲੀ ਜਗ੍ਹਾਂ ਅਬਾਦ ਹੋ ਗਈ। ਪਿੰਡ ਦਾ ਨਾਂ ਘਾਹਬਾਦ ਤੋਂ ਘਾਬਦਾ ਹੋ ਗਿਆ।
ਇਹ ਪਿੰਡ ਕਿਸੇ ਵੇਲੇ ਬਹੁਤ ਵਿਕਸਤ ਨਗਰ ਸੀ। ਨਗਰ ਦੇ ਚਾਰ ਚੁਫ਼ੇਰੇ ਕੱਚਾ ਕੋਟ ਉਸਰਿਆ ਹੋਇਆ ਸੀ ਜਿਸਦੇ ਚਾਰ ਦਰਵਾਜ਼ੇ ਸਨ ਅਤੇ ਚਾਰ ਕੋਨਿਆਂ ਤੇ ਚਾਰ ਬੁਰਜ ਸਨ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਇਹ ਇੱਕ ਵਪਾਰਕ ਕੇਂਦਰ ਵੀ ਸੀ। ਇੱਥੋਂ ਦਾ ਰਾਜਾ ਉਦੈ ਸਿੰਘ ਬਹੁਤ ਐਸ਼ ਪ੍ਰਸਤ ਸੀ ਅਤੇ ਉਸਨੇ ਕੋਈ ਕੰਮ ਲੋਕ ਭਲਾਈ ਦਾ ਨਹੀਂ ਕੀਤਾ ਜਿਸ ਕਰਕੇ ਟੇਕੂ ਨਾਮੀ ਜੱਟ ਨੇ ਮਹਾਰਾਜੇ ਵਿਰੁੱਧ ਬਗਾਵਤ ਕਰ ਦਿੱਤੀ ਅਤੇ ਅਖੀਰ ਵਿੱਚ ਸੰਗਰੂਰ ਵੱਲ ਪੈਂਦੇ ਟਿੱਬਿਆਂ ਤੇ ਮੋਰਚਾ ਲੱਗ ਗਿਆ। ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ, ਰਿਆਸਤ ਜੀਂਦ ਦਾ ਮਹਾਰਾਜਾ ਰਘਬੀਰ ਸਿੰਘ ਅੰਗਰੇਜ਼ਾਂ ਦਾ ਸਾਥ ਦੇ ਰਿਹਾ ਸੀ। ਮਹਾਰਾਜਾ ਰਘਬੀਰ ਸਿੰਘ ਦੀਆਂ ਫ਼ੌਜਾਂ ਨੇ ਇਨਕਲਾਬੀਆਂ ਨੂੰ ਖਤਮ ਕਰ ਦਿੱਤਾ ਤੇ ਪਿੰਡ ਨੂੰ ਉਜਾੜ ਦਿੱਤਾ।
ਪਿੰਡ ਵਿੱਚ ਮਹਾਰਾਜਾ ਉਦੈ ਸਿੰਘ ਦੀ ਸਮਾਧ ਤੇ ਫ਼ਕੀਰ ਜੀਮ ਸ਼ਾਹ ਦੀ ਖਾਨਗਾਹ ਨਾਲ-ਨਾਲ ਹਨ। ਪਿੰਡ ਵਿੱਚ ਇੱਕ ਹੋਰ ਸਿੱਧ ਦੀ ਸਮਾਧ ਹੈ ਜਿਸ ਦਾ ਧੜ ਸਿਰ ਤੋਂ ਅਲੱਗ ਹੋ ਕੇ ਵੀ ਚੋਰਾਂ ਨਾਲ ਲੜਦਾ ਰਿਹਾ। ਪਿੰਡ ਵਿੱਚ ਕੁੱਝ ਘਰ ਮੁਸਲਮਾਨਾਂ ਦੇ ਵੀ ਹਨ। ਖਾਨਗਾਹ ਤੇ ਚੰਦ ਤਾਜੀਏ ਦੀ 26 ਤਾਰੀਕ ਨੂੰ ਬੜਾ ਭਾਰੀ ਮੇਲਾ ਲਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ