ਭਲਵਾਨ
ਸਥਿਤੀ :
ਤਹਿਸੀਲ ਧੂਰੀ ਦਾ ਪਿੰਡ ਭਲਵਾਨ, ਧੂਰੀ – ਭਵਾਨੀਗੜ੍ਹ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਕੌਲਸੇੜੀ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਨਾਂ ਬਾਰੇ ਕਿਹਾ ਜਾਂਦਾ ਹੈ ਕਿ ਪਹਿਲਾਂ ਇਸ ਦਾ ਨਾਂ ਕਲੀਆਣਾ ਸੀ ਜੋ ਕਿ ਨਦੀ ਦੇ ਨਾਲ ਵੱਸਿਆ ਹੋਇਆ ਸੀ ਜਿਸ ਨੂੰ ਸਰਹੰਦ ਚੋਅ ਆਖਦੇ ਹਨ। 13ਵੀਂ ਸਦੀ ਵਿੱਚ ਨਦੀ ‘ਚ ਹੜ੍ਹ ਆ ਜਾਣ ਕਾਰਨ ਲੋਕਾਂ ਨੇ ਇਸ ਜਗ੍ਹਾ ਤੋਂ ਥੋੜ੍ਹੀ ਜਿਹੀ ਦੂਰ ਵਾਸਾ ਕੀਤਾ ਅਤੇ ਭੱਲੂ ਨਾਂ ਦੇ ਇੱਕ ਲੁਹਾਰ ਨੇ ਇਸ ਦੀ ਬੁਨਿਆਦ ਰੱਖੀ ਜਿਸ ਕਰਕੇ ਬਾਅਦ ਵਿੱਚ ਇਸ ਦਾ ਨਾਂ ਭਲਵਾਨ ਪੈ ਗਿਆ।
ਕਿਹਾ ਜਾਂਦਾ ਹੈ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਛੀਂਟਾਂਵਾਲੇ ਤੋਂ ਗੁਰਦੁਆਰਾ ਨਾਨਕਿਆਣਾ ਸਾਹਿਬ ਜੋ ਕਿ ਸੰਗਰੂਰ ਕੋਲ ਹੈ, ਜਾਂਦਿਆਂ ਇਸ ਪਿੰਡ ਵਿੱਚ ਰੁਕੇ ਸਨ। ਰਾਤ ਠਹਿਰੇ ਸਨ ਤੇ ਸਵੇਰੇ ਦਾਤਣ ਕੀਤੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਦਾਤਣਸਰ ਬਣਿਆ ਹੋਇਆ ਹੈ। ਇਸ ਦਾ ਨਿਰਮਾਣ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਨੇ ਕੀਤਾ ਅਤੇ ਅੱਜਕੱਲ੍ਹ ਇਸ ਦਾ ਪ੍ਰਬੰਧ ਪਿੰਡ ਦੀ ਕਮੇਟੀ ਕੋਲ ।
ਪਿੰਡ ਵਿੱਚ ਦੋ ਡੇਰੇ ਹਨ। ਇੱਕ ਡੇਰਾ ਅਸਥਲ ਸਾਧੂ, ਅਮਰਦਾਸ ਦੀ ਸਮਾਧ ਹੈ ਜਿੱਥੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਭਾਰੀ ਮੇਲਾ ਲੱਗਦਾ ਹੈ ਅਤੇ ਲੋਕ ਵਿਆਹ ਸਾਦੀਆਂ ਬਾਰੇ ਸੁੱਖਾਂ ਸੁੱਖਦੇ ਹਨ। ਦੂਸਰਾ ਡੇਰਾ ‘ਸਾਧ ਦਾ ਟਿੱਬਾ’ ਅਖਵਾਉਂਦਾ ਹੈ ਜੋ ਨਾਂਗੇ ਸਾਧੂ ਸਾਹਿਬ ਦਾਸ ਦੀ ਯਾਦ ਵਿੱਚ ਹੈ। ਇਸ ਡੇਰੇ ਵਿੱਚ ਰਿਆਸਤ ਨਾਭਾ ਦੇ ਮਹਾਰਾਜ ਹਰੀ ਸਿੰਘ ਔਲਾਦ ਪ੍ਰਾਪਤੀ ਲਈ ਆਇਆ ਕਰਦੇ ਸਨ। ਪਿੰਡ ਵਿੱਚ ਅੱਜ ਵੀ ਉਹ ਹਵੇਲੀ ਮੌਜੂਦ ਹੈ ਜਿੱਥੇ ਆ ਕੇ ਮਹਾਰਾਜਾ ਹੀਰਾ ਸਿੰਘ ਠਹਿਰਦੇ ਸਨ। ਇਸ ਡੇਰੇ ਤੇ ਹਰ ਮੰਗਲਵਾਰ ਇਕੱਠ ਹੁੰਦਾ ਹੈ ਤੇ ਲੋਕ ਔਲਾਦ ਦੀ ਪ੍ਰਾਪਤੀ ਲਈ ਸੁੱਖਾਂ ਸੁੱਖਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ