ਠੀਕਰੀਵਾਲਾ
ਸਥਿਤੀ :
ਤਹਿਸੀਲ ਬਰਨਾਲਾ ਦਾ ਇਹ ਪਿੰਡ ਬਰਨਾਲਾ – ਸੰਗਰੂਰ ਸੜਕ ਤੋਂ 4 ਕਿਲੋਮੀਟਰ ਤੇ ਬਰਨਾਲਾ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਵਰਤਮਾਨ ਪਿੰਡ ਲਗਭਗ 300 ਸਾਲ ਪਹਿਲਾਂ ਦਾ ਵਸਿਆ ਹੋਇਆ ਹੈ। ਪਿੰਡ ਦੇ ਚੜਦੇ ਪਾਸੇ ਇੱਕ ਥੇਹ ਹੈ ਜੋ ਕਦੀ ਘੁੰਗਰੂਆਂ ਵਾਲਾ ਪਿੰਡ ਹੁੰਦਾ ਸੀ। ਦੱਸਿਆ ਜਾਂਦਾ ਹੈ ਕਿ ਰਿਆਸਤ ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ ਨੇ ਜਦੋਂ ਬਰਨਾਲਾ ਉੱਤੇ ਕਬਜ਼ਾ ਕੀਤਾ ਸੀ ਤਾਂ ਉਹਨੀ ਦਿਨੀਂ ‘ਹਠੂਰ ਆਦਿ ਪਿੰਡਾਂ ਵਲੋਂ ਧਾੜਵੀ ਲੁੱਟਣ ਆ ਪੈਂਦੇ ਸਨ। ਆਲਾ ਸਿੰਘ ਨੇ ਵੱਖ ਵੱਖ ਪਿੰਡਾਂ ਤੋਂ ਮਜ਼ਬੂਤ ਜੁੱਸਿਆਂ ਵਾਲੇ ਤੇ ਦਲੇਰ ਬੰਦੇ ਲਿਆ ਕੇ ਬਰਨਾਲਾ ਤੋਂ ਤਿੰਨ ਕੁ ਮੀਲ ਦੇ ਫਾਸਲੇ ਘੁੰਗਰੂਆਂ ਵਾਲਾ ਥੇਹ ਦੇ ਨਜ਼ਦੀਕ ਸੁਰੱਖਿਆ ਪੰਗਤੀ ਵਜੋਂ ਵਸਾ ਦਿੱਤੇ । ਕਿਉਂਕਿ ਇਹ ਵੱਖ ਵੱਖ ਪਿੰਡਾਂ ਤੋਂ ਲਿਆਏ ਗਏ ਸਨ, ਸੋ ਥਾਂ ਥਾਂ ਦੀ ਠੀਕਰੀ ਤੋਂ ਪਿੰਡ ਦਾ ਨਾਉਂ ‘ਠੀਕਰੀਵਾਲਾ’ ਪੈ ਗਿਆ। ਮੁੱਖ ਗੋਤ, ਧਾਲੀਵਾਲ, ਮਾਨ, ਢਿੱਲੋਂ ਤੇ ਔਲਖ ਹਨ।
ਇਸ ਪਿੰਡ ਦੀ ਪ੍ਰਸਿੱਧੀ ਰਿਆਸਤੀ ਪਰਜਾ ਮੰਡਲ ਦੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਜਨਮਭੂਮੀ ਹੋਣ ਕਾਰਣ ਦੂਰ ਦੂਰ ਤੱਕ ਹੈ। ਸੇਵਾ ਸਿੰਘ ਨੇ ਅਜ਼ਾਦੀ ਸੰਗਰਾਮ ਸਮੇਂ ਰਜਵਾੜਾਸ਼ਾਹੀ ਨਾਲ ਟੱਕਰ ਲੈਂਦਿਆਂ, ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਜ਼ੇਲ੍ਹ ਵਿੱਚ ਲੰਬੀ ਭੁੱਖ ਹੜਤਾਲ ਰੱਖ ਕੇ ਸ਼ਹਾਦਤ ਪ੍ਰਾਪਤ ਕੀਤੀ।
ਠੀਕਰੀਵਾਲਾ ਦੇ ਚਾਰ ਵਿਅਕਤੀ, ਭਾਈ ਕਿਸ਼ਨ ਸਿੰਘ, ਭਾਈ ਬਚਨ ਸਿੰਘ, ਭਾਈ ਚੰਦਾ ਸਿੰਘ ਤੇ ਭਾਈ ਇੰਦਰ ਸਿੰਘ ਕਾਮਾਗਾਟਾਮਾਰੂ ਜਹਾਜ਼ ਵਿੱਚ ਆਏ ਸਨ। ਰਾਜਵਾੜਾ ਸ਼ਾਹੀ ਵਿਰੋਧੀ ਲਹਿਰ ਵਿੱਚ ਸ. ਲਾਲ ਸਿੰਘ, ਸ. ਉਗਰ ਸਿੰਘ ਦੀਆਂ। ਨੰਬਰਦਾਰੀਆਂ ਖੁੱਸੀਆਂ ਸਨ।
ਸਿੱਖ ਇਤਿਹਾਸ ਦੀ ਉੱਘੀ ਹਸਤੀ ਨਵਾਬ ਕਪੂਰ ਸਿੰਘ ਇਸ ਨਗਰ ਦੇ ਆਸ ਪਾਸ ਦੇ ਜੰਗਲਾਂ ਵਿੱਚ ਕਈ ਵਾਰ ਆਏ। ਕਹਿੰਦੇ ਹਨ ਕਿ ਬਾਬਾ ਆਲਾ ਸਿੰਘ ਤੇ ਉਹਨਾਂ ਦੇ ਪਰਿਵਾਰ ਨੇ ਇਸੇ ਪਿੰਡ ਵਿੱਚ ਹੀ ਨਵਾਬ ਜੀ ਤੋਂ ਅੰਮ੍ਰਿਤ ਛਕਿਆ। ਗੁਰਦੁਆਰੇ ਦੀ ਵਰਤਮਾਨ ਰੂਪ ਵਾਲੀ ਉਸਾਰੀ 1918 ਵਿੱਚ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਨੇ ਕਰਵਾਈ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ