ਖਿਆਲਾ ਕਲਾਂ
ਸਥਿਤੀ :
ਤਹਿਸੀਲ ਮਾਨਸਾ ਦਾ ਪਿੰਡ ਖਿਆਲਾ ਕਲਾਂ, ਮਾਨਸਾ – ਸੁਨਾਮ ਸੜਕ ਤੇ ਮਾਨਸਾ ਤੋਂ 8 ਕਿਲੋਮੀਟਰ ਦੀ ਦੂਰੀ ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਖਿਆਲਾ ਤਕਰੀਬਨ ਚਾਰ ਸੌ ਸਾਲ ਪਹਿਲਾਂ ਭੀਖੀ ਦੇ ਚਹਿਲ ਰਾਜੇ ਦੇ ਭਾਈ ਬੰਦ ਸਾਕਾਂ ਨੇ ਵਸਾਇਆ। ਮਾਂਗਾ ਤੇ ਦੋਲੂ ਚਾਚੇ-ਤਾਏ ਦੇ ਪੁੱਤਰ ਸਨ ਤੇ ਮਾਂਗਾ ਦੋਲੂ ਨਾਲ ਭਾਰੀ ਈਰਖਾ ਰੱਖਦਾ ਸੀ ਤੇ ਦੋਲੂ ਦੀ ਕੱਖਕਾਨਿਆਂ ਦੀ ਝੁੱਗੀ ਨੂੰ ਬਾਰ-ਬਾਰ ਢਾਹ ਦੇਂਦਾ ਸੀ। ਨਿਰਾਸ਼ ਹੋ ਕੇ ਦੋਲੂ ਨੇ ਇੱਕ ਫ਼ਕੀਰ ਨੂੰ ਫਰਿਆਦ ਕੀਤੀ ਤੇ ਫਕੀਰ ਨੇ ਕਿਹਾ, “ਮਾਂਗਾ ਰਹੇ ਛਾਂਗਾ” ਇਹ ਸਰਾਪ ਦੋਲੂ ਲਈ ਵਰਦਾਨ ਸੀ ਜਿਸ ਦੇ ਫਲਸਰੂਪ ਇਸ ਪਿੰਡ ਵਿੱਚ ਮਾਂਗਾ ਦੀ ਔਲਾਦ ਦੇ 10-12 ਘਰ ਹੀ ਸਨ ਤੇ ਦੋਲੂ ਬੰਸ ਦੀਆਂ ਪੰਜ ਪੱਤੀਆਂ ਹਨ।
ਸ਼ਹਾਦਤ ਦੇਣ ਲਈ ਦਿੱਲੀ ਜਾਂਦੇ ਹੋਏ ਗੁਰੂ ਤੇਗ਼ ਬਹਾਦਰ ਸਾਹਿਬ ਇਸ ਪਿੰਡ ‘ਚ ਆਏ ਤਾਂ ਕਿਸੇ ਨੇ ਉਨ੍ਹਾਂ ਨੂੰ ਰੋਟੀ ਆਦਿ ਲਈ ਨਹੀਂ ਪੁੱਛਿਆ। ਇੱਕ ਪੰਡਿਤ ਨੰਨੀ ਰਾਮ ਨੇ ਗੁਰੂ ਜੀ ਨੂੰ ਵੇਖਿਆ ਤੇ ਉਸਨੇ ਦੁੱਧ ਦਾ ਛੰਨਾ ਚੁੱਕਿਆ ਤੇ ਨਾਲ ਆਪਣੇ ਗੁਆਂਢੀ ਰਾਮੇ ਜੱਟ ਨੂੰ ਪਾਣੀ ਦਾ ਘੜਾ ਚੁੱਕਵਾ ਕੇ ਗੁਰੂ ਜੀ ਕੋਲ ਆ ਗਿਆ। ਉਸ ਦੀ ਸੇਵਾ ਤੋਂ ਖ਼ੁਸ਼ ਹੋ ਕੇ ਗੁਰੂ ਜੀ ਨੇ ਪੰਡਿਤ ਨੰਨੀ ਨੂੰ ਵਰ ਮੰਗਣ ਨੂੰ ਕਿਹਾ। ਪੰਡਿਤ ਦੇ ਕਹਿਣ ਤੇ ਕੇ ਮੇਰੇ ਪਾਸ ਤਾਂ ਆਪ ਦਾ ਦਿੱਤਾ ਸਭ ਕੁੱਝ ਹੈ ਪ੍ਰੰਤੂ ਮੇਰੇ ਜਜਮਾਨ ਦੇ ਔਲਾਦ ਨਹੀਂ ਤਾਂ ਗੁਰੂ ਜੀ ਨੇ ਰਾਮੇ ਦੇ ਚਾਰ ਪੁੱਤਰ ਤੇ ਸਭ ਦੀਆਂ ਨੰਬਰਦਾਰੀਆਂ ਚੱਲਣ ਦਾ ਵਰਦਾਨ ਦਿੱਤਾ। ਇਸ ਵਰਦਾਨ ਦੇ ਸਦਕੇ ਉਸਦੇ ਚਾਰ ਪੁੱਤਰ ਹੋਏ ਇਹਨਾਂ ਵਿੱਚੋਂ ਨੱਥੇ ਨੇ ਨਥੇਹਾ, ਧੱਲੂ ਨੇ ਧਨਪੁਰਾ, ਤੀਜੇ ਨੇ ਖਿਆਲਾ ਅਤੇ ਚੌਥੇ ਨੇ ਮੁਕਤਸਰ ਆਦਿ ਪਿੰਡ ਬੰਨ੍ਹੇ ਅਤੇ ਇਨ੍ਹਾਂ ਚਾਰੇ ਪਿੰਡਾਂ ਵਿੱਚ ਰਾਮੇ ਦੀ ਬੰਸ ਦੀਆਂ ਨੰਬਰਦਾਰੀਆਂ ਚਲਦੀਆਂ ਹਨ। ਗੁਰੂ ਸਾਹਿਬ ਦਾ ਦੁੱਧ ਪੀਣ ਵਾਲਾ ਛੰਨਾ ਹੁਣ ਤੱਕ ਪੰਡਿਤਾਂ ਦੇ ਪਰਿਵਾਰ ਵਿੱਚ ਮੌਜੂਦ ਹੈ ਜਿਸ ਦੇ ਉਹ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਹਨ। ਬੱਬਰ ਅਕਾਲੀ ਲਹਿਰ ਦੇ ਪ੍ਰਸਿੱਧ ਹੀਰੋ ਜਥੇਦਾਰ ਥੰਮਣ ਸਿੰਘ ਇਸੇ ਪਿੰਡ ਦੇ ਵਸਨੀਕ ਸਨ। ਇੱਥੋਂ ਦੇ ਇੱਕ ਪ੍ਰਸਿੱਧ ਦਾਨੀ ਸ੍ਰੀ ਬਾਬੂ ਰਾਮ ਭੱਠੇਵਾਲੇ ਨੇ ਡੰਗਰਾਂ ਦਾ ਹਸਪਤਾਲ ਉਸਾਰਿਆ ਹੈ। ਮਾਸਟਰ ਤੇਜ ਰਾਮ ਦੇ ਉੱਦਮ ਸਦਕਾ ਬਣਾਇਆ ‘ਤੇਜਾ ਸਿੰਘ ਸੁਤੰਤਰ ਸਪੋਰਟਸ ਸਟੇਡੀਅਮ’ ਅਤੇ ਉੱਭੇ ਪਿੰਡ ਵਾਲੀ ਦੇਵੀ ਦਾ ਵਿਸ਼ਾਲ ਮੰਦਰ ਕਿਸੇ ਵਿਕਾਸਸ਼ੀਲ ਪਿੰਡ ਦਾ ਭੁਲੇਖਾ ਪਾਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ