ਝੱਬਰ
ਸਥਿਤੀ :
ਮਾਨਸਾ – ਰਾਮਪੁਰਾ ਸੜਕ ਤੇ ਸਥਿਤ ਇਹ ਪਿੰਡ ਝੱਬਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੋਈ ਸਵਾ ਦੋ ਸੌ ਵਰ੍ਹੇ ਪੁਰਾਣਾ ਹੈ। ਇਹ ਪਿੰਡ ਅਕਲੀਆ ਵਿੱਚੋਂ ਹੀ ਬੱਝਾ ਹੈ ਪ੍ਰੰਤੂ ਜੋਧਪੁਰ ਤੇ ਜੈਪੁਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਬਦਨ ਸਿੰਘ ਤੇ ਦੀਦਾਰ ਸਿੰਘ ਨੇ ਇਸ ਪਿੰਡ ਦੀ ਮੋੜੀ ਗੱਡੀ। ਦੀਦਾਰ ਸਿੰਘ ਰਿਆਸਤ ਪਟਿਆਲਾ ਦੇ ਮਹਾਰਾਜੇ ਨਰਿੰਦਰ ਸਿੰਘ ਦੇ ਦਰਬਾਰ ਵਿੱਚ ਕਿਸੇ ਉੱਚੇ ਅਹੁਦੇ ਤੇ ਸੀ। ਉਸ ਨੇ ਇਸ ਪਿੰਡ ਨੂੰ ਬੰਨ੍ਹਣ ਲਈ ਮਨਜ਼ੂਰੀ ਪ੍ਰਾਪਤ ਕਰਨ ਲਈ ਬੜਾ ਸੰਘਰਸ਼ ਕੀਤਾ ਤੇ ਬਾਅਦ ਵਿੱਚ ਉਸਦੇ ਭਰਾ ਬਦਨ ਸਿੰਘ ਨੇ ਮੋਹੜੀ ਗੱਡੀ ਤੇ ਆਪਣੇ ਦੋਹਾਂ ਭਰਾਵਾਂ ਦੇ ਗੋਤ ‘ਸਰਾਂ’ ਤੇ ਪਿੰਡ ਦਾ ਨਾਂ ‘ਸਰਾਵਾਂ’ ਰੱਖਿਆ। ਪਿੰਡ ਦੇ ਲੋਕ ਸਰਾਵਾਂ ਨੂੰ ਝੱਬਰਾਂ ਦੇ ਘਰ ਹੀ ਕਹਿੰਦੇ ਹਨ ਸੋ ਪਿੰਡ ਦਾ ਨਾਂ ਝੱਬਰ ਹੋ ਗਿਆ।
ਸਮੇਂ ਦੇ ਪ੍ਰਸਿੱਧ ਸੰਤ ਸਾਹਿਬ ਸਿੰਘ ਜੀ ਵੀ ਇੱਥੇ ਆਏ ਅਤੇ ਪ੍ਰਸਿੱਧ ਵਿਦਵਾਨ ਸ੍ਰੀ ਪਾਲਾ ਸਿੰਘ ਨੇ ਪੰਜਾਬੀ ਦੀ ਪੜ੍ਹਾਈ ਵੀ ਇੱਥੇ ਹੀ ਆਰੰਭ ਕਰਵਾਈ। ਇਸ ਲਈ ਇਸ ਪਿੰਡ ਦੇ ਵਸਨੀਕ ਕਾਫੀ ਪੜ੍ਹੇ ਲਿਖੇ ਤੇ ਪੰਜਾਬੀ ਵਿੱਚ ਬੇਹੱਦ ਰੁਚੀ ਰੱਖਦੇ ਹਨ। ਇਸ ਪਿੰਡ ਨੇ ਸੁਤੰਤਰਤਾ ਸੰਗਰਾਮ ਵਿੱਚ ਆਪਣਾ ਹਿੱਸਾ ਪਾਇਆ। ਸ. ਸੋਹਣ ਸਿੰਘ ਨੇ ਅਕਾਲੀ ਲਹਿਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਜੈਤੋ ਦੇ ਮੋਰਚੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ