ਢੰਡ ਤੂਰ ਰਾਜਪੂਤਾਂ ਦੀ ਇਕ ਸ਼ਾਖ ਹਨ । ਇਹ ਦਿੱਲੀ ਦੇ ਖੇਤਰ ਤੋਂ ਉੱਠਕੇ ਰਾਜਸਥਾਨ ਵੱਲ ਚੱਲੇ ਗਏ । 12ਵੀਂ ਸਦੀ ਦੇ ਲਗਭਗ ਇਹ ਰਾਜਸਤਾਨ ਤੋਂ ਚੱਲ ਕੇ ਪੰਜਾਬ ਦੇ ਲੁਧਿਆਣੇ ਦੇ ਨੇੜਲੇ ਖੇਤਰਾਂ ਵਿੱਚ ਆਕੇ ਆਬਾਦ ਹੋ ਗਏ। ਤੂਰਾਂ ਦੇ ਹੋਰ ਕਬੀਲੇ ਖੋਸੇ, ਸੀੜੇ, ਕੰਧੋਲੇ, ਗਰਚੇ, ਨੈਨ, ਚੰਦੜ ਵੀ ਇਨ੍ਹਾਂ ਦੇ ਨਾਲ ਹੀ ਇਸ ਇਲਾਕੇ ਵਿੱਚ ਆਏ । ਹੁਣ ਵੀ ਲੁਧਿਆਣੇ ਦੇ ਇਲਾਕੇ ਵਿੱਚ ਕਈ ਪਿੰਡਾਂ ਵਿੱਚ ਤੂਰ ਜੱਟ ਰਹਿੰਦੇ ਹਨ । ਇਨ੍ਹਾਂ ਨੇ ਲੁਧਿਆਣੇ ਵਿੱਚ ਢੰਡਾਰੀ, ਢੰਡੇ ਅਤੇ ਰੁਪਾਲੋਂ ਆਦਿ ਕਈ ਪਿੰਡ ਆਬਾਦ ਕੀਤੇ ਸਨ । ਪੰਜਾਬ ਵਿੱਚ ਢੰਡੇ ਜਾਂ ਢੱਡੇ ਨਾਮ ਦੇ ਕਈ ਪਿੰਡ ਹਨ । ਦੁਆਬੇ ਦੇ ਫਗਵਾੜਾ ਖੇਤਰ ਵਿੱਚ ਵੀ ਇੱਕ ਪਿੰਡ ਦਾ ਨਾਮ ਢੱਡੇ ਹੈ । ਬਠਿੰਡੇ ਵਿੱਚ ਵੀ ਇਕ ਪਿੰਡ ਦਾ ਨਾਮ ਢੱਡੇ ਹੈ । ਮਾਝੇ ਤੇ ਮਜੀਠਾ ਖੇਤਰ ਵਿੱਚ ਵੀ ਕੁਝ ਢੰਡੇ ਗੋਤ ਦੇ ਲੋਕ ਵੱਸਦੇ ਹਨ । ਮਾਝੇ ਤੇ ਦੁਆਬੇ ਵਿੱਚ ਢੰਡਾ ਗੋਤ ਦੇ ਲੋਕ ਬਹੁਤ ਹੀ ਘੱਟ ਹਨ । ਸੰਗਰੂਰ ਵਿੱਚ ਢੰਡੇ ਜੱਟ ਕਾਫੀ ਹਨ । ਇਹ ਸੁਆਮੀ ਸੁੰਦਰ ਦਾਸ 4 ਨੂੰ ਆਪਣਾ ਜਠੇਰਾ ਮੰਨਦੇ ਹਨ । ਹਰ ਮਹੀਨੇ ਦੀ 12 ਸੁਦੀ ਨੂੰ ਆਪਣੇ ਜਠੇਰੇ ਦੀ ਸਮਾਧ ਤੇ ਦੁੱਧ ਚੜ੍ਹਾਵੇ ਤੇ ਤੌਰ ਤੇ ਭੇਂਟ ਕੀਤਾ ਜਾਂਦਾ ਹੈ ।

ਖੁਸ਼ੀ ਦੇ ਮੌਕੇ ਤੇ ਆਪਣੇ ਜਠੇਰੇ ਦੀ ਸਮਾਧ ਤੇ ਦੀਵਾ ਬਾਲ ਕੇ ਰੱਖਦੇ ਹਨ । ਨਵੀਂ ਪੀੜ੍ਹੀ ਦੇ ਲੋਕ ਪੁਰਾਣੇ ਰਸਮ-ਰਿਵਾਜ ਛੱਡ ਰਹੇ ਹਨ । ਢੰਡਾ, ਤੂਰਾਂ ਦਾ ਇਕ ਉਪਗੋਤ ਹੈ । ਇਸ ਲਈ ਇਨ੍ਹਾਂ ਦੀ ਪੰਜਾਬ ਵਿੱਚ ਗਿਣਤੀ ਬਹੁਤ ਹੀ ਘੱਟ ਹੈ । ਬੀ. ਐਸ. ਦਾਹੀਆ ਆਪਣੀ ਪੁਸਤਕ ‘ਜਾਟਸ’ ਵਿੱਚ ਢੰਡੇ ਭਾਈਚਾਰੇ ਦੇ ਲੋਕਾਂ ਨੂੰ ਭਾਰਤ ਦਾ ਈਸਵੀ ਸਦੀ ਤੋਂ ਪੰਜ ਸੌ ਸਾਲ ਪਹਿਲਾਂ ਦਾ ਪੁਰਾਣਾ ਕਬੀਲਾ ਮੰਨਦਾ ਹੈ। ਢੰਡੇ ਬਹੁਤੇ ਜੱਟ ਸਿੱਖ ਹੀ ਹਨ। ਇਹ ਬਹੁਤੇ ਮਾਲਵੇ ਵਿੱਚ ਹੀ ਆਬਾਦ ਹਨ। ਜੱਟਾਂ ਵਿੱਚ ਗੁਣ ਬਹੁਤ ਅਤੇ ਔਗੁਣ ਘੱਟ ਹਨ। ਲੁਧਿਆਣੇ ਦੇ ਜੱਟਾਂ ਨੇ ਨਵੇਂ ਕਾਰੋਬਾਰ ਸ਼ੁਰੂ ਕਰਕੇ ਬਹੁਤ ਉੱਨਤੀ ਕੀਤੀ ਹੈ। ਜੱਟਾਂ ਦਾ ਭਵਿੱਖ ਰੋਸ਼ਨ ਹੈ। ਜੱਟ ਕਿਰਤ ਕਰਨ ਤੇ ਵੰਡ ਛਕਣ ਨੂੰ ਸਰਬੋਤਮ ਸਮਝਦਾ ਹੈ। ਕਰਮ ਪ੍ਰਧਾਨ ਹੈ। ਕਰਮ ਹੀ ਮਨੁੱਖ ਦੇ ਕਰਮ ਹਨ। ਢੰਡ ਮਿਹਨਤੀ, ਸੰਜਮੀ ਤੇ ਸਿਆਣੇ ਜੱਟ ਹਨ।
