ਬੀਰ ਖੁਰਦ
ਸਥਿਤੀ :
ਤਹਿਸੀਲ ਮਾਨਸਾ ਦਾ ਪਿੰਡ ਬੀਰ ਖੁਰਦ, ਮਾਨਸਾ ਸੁਨਾਮ ਸੜਕ ਤੋਂ 5 ਕਿਲੋਮੀਟਰ ਦੂਰ, ਬੁੱਢਲਾਡਾ ਤੋਂ 25 ਕਿਲੋਮੀਟਰ ਤੇ ਡਾਕਘਰ ਢੈਪਈ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਅਸਲ ਵਿੱਚ ਸੰਗਰੂਰ ਜ਼ਿਲ੍ਹੇ ਦੇ ਬੀਰ ਕਲਾਂ ‘ਚੋਂ ਹੀ ਵਸਿਆ ਹੈ ਅਤੇ ਇਸ ਦੇ ਬਾਨੀ ਬਜ਼ੁਰਗ ਸਰਦਾਰ ਤੁੱਖਾ ਸਿੰਘ ਵੀ ਉਸੇ ਪਿੰਡ ਦੇ ਸਨ ਜਿਨ੍ਹਾਂ ਅੱਜ ਤੋਂ 200 ਸਾਲ ਪਹਿਲਾਂ ਸੰਘਣੇ ਬੀੜ ਵਿੱਚ ਸਥਿਤ ਛੱਪੜ ਦੇ ਕੰਢੇ ਖਲੌਤੇ ਇੱਕ ਪੁਰਾਣੇ ਵਣ ਹੇਠ ਮੋੜ੍ਹੀ ਗੱਡੀ। ਇਹ ਪਿੰਡ ਬੀਰ ਕਲਾਂ, ਹੱਡਲਾ ਕਲਾਂ ਅਤੇ ਭੀਖੀ ਦੀ ਜ਼ਮੀਨ ਕਟ ਕੇ ਬਣਾਇਆ ਗਿਆ ਸੀ । ਉਨ੍ਹਾਂ ਸਮਿਆਂ ਵਿੱਚ ਪਾਣੀ ਦੀ ਘਾਟ ਕਰਕੇ ਲੋਕੀ ਬਿਜਾਈ ਘੱਟ ਕਰਦੇ ਸੀ ਤੇ ਪਿੰਡ ਦੇ ਖੁੱਲ੍ਹੇ ਬੀੜ ਵਿੱਚ ਪਸ਼ੂ ਪਾਲ ਕੇ ਗੁਜ਼ਾਰਾ ਕਰਦੇ ਸਨ। ‘ਬੀੜ’ ਤੋਂ ਹੀ ਨਾਂ ‘ਬੀਰ’ ਬਣ ਗਿਆ।
ਇਹ ਪਿੰਡ ਕਈ ਹੋਰ ਪਿੰਡਾਂ ਵਾਂਗੂ 1939 ਤੱਕ ਬਿਸਵੇਦਾਰਾਂ ਦੇ ਅੱਤਿਆਚਾਰਾਂ ਥੱਲੇ ਦੱਬਿਆ ਰਿਹਾ। ਰਿਆਸਤੀ ਪਰਜਾ ਮੰਡਲ ਦੇ ਨੇਤਾ ਸ੍ਰੀ ਅਜਮੇਰ ਸਿੰਘ ਤਾਮਕੋਟ, ਧਰਮ ਸਿੰਘ ਫੱਕਰ, ਬਾਬਾ ਹਰਨਾਮ ਸਿੰਘ ਧਰਮਗੜ੍ਹ ਅਤੇ ਜਗੀਰ ਸਿੰਘ ਜੋਗਾ ਵਰਗੇ ਲੋਕਾਂ ਨੇ ਪਿੰਡ ਵਿੱਚ ਜਾਗ੍ਰਤੀ ਲਿਆਂਦੀ ਪਰ ਫੇਰ ਪੁਲਿਸ ਦੇ ਅੱਤਿਆਚਾਰ ਵੀ ਸਹਿਣੇ ਪਏ।
1949 ਵਿੱਚ ਰਾਜਿਆਂ ਮਹਾਰਾਜਿਆਂ ਦੇ ਮੁਕੰਮਲ ਸਮਰਪਣ ਨਾਲ ਕਿਸਾਨਾਂ ਨੂੰ ਖੁੱਸੀਆਂ ਜ਼ਮੀਨਾਂ ਵਾਪਸ ਮਿਲੀਆਂ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ