ਜੱਗਾ ਰਾਮ ਤੀਰਥ ਪਿੰਡ ਦਾ ਇਤਿਹਾਸ | Jagga Ram Tirath Village History

ਜੱਗਾ ਰਾਮ ਤੀਰਥ

ਜੱਗਾ ਰਾਮ ਤੀਰਥ ਪਿੰਡ ਦਾ ਇਤਿਹਾਸ | Jagga Ram Tirath Village History

ਸਥਿਤੀ :

ਤਹਿਸੀਲ ਤਲਵੰਡੀ ਸਾਬੋ ਦਾ ਪਿੰਡ ਜੱਗਾ ਰਾਮ ਤੀਰਥ, ਬਠਿੰਡਾ – ਸਰਦੂਲਗੜ੍ਹ ਸੜਕ ਤੋਂ 3 ਕਿਲੋਮੀਟਰ ਦੂਰ ਹੈ, ਰੇਲਵੇ ਸਟੇਸ਼ਨ ਰਾਮਾ ਤੋਂ 20 ਕਿਲੋਮੀਟਟਰ ਤੇ ਤਲਵੰਡੀ ਸਾਬੋ ਤੋਂ 7 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਪਿੰਡ ਦੇ ਇੱਕ ਕਿਲੋਮੀਟਰ ਦੇ ਫਾਸਲੇ ਤੇ ਇੱਕ ਪੁਰਾਣਾ ਥੇਹ ਹੈ ਜਿਸ ਨੂੰ ਪਿੰਡ ਵਾਲੇ ‘ਹਜ਼ੀਰਾ ਕੰਜਰੀ’ ਕਹਿੰਦੇ ਹਨ। ਇੱਥੋਂ ਦੇ ਦੱਬੇ ਹੋਏ ਮਿੱਟੀ ਦੇ ਭਾਂਡਿਆਂ ਤੇ ਮੁਗਲਈ ਚਿੱਤਰਕਾਰੀ ਹੈ। ਪੁਰਾਤਨ ਖੂਹ ਵੀ ਹੈ। ਕਹਿੰਦੇ ਹਨ ਕਿ ‘ਹਜ਼ੀਰਾ’ ਇੱਕ ਮਸ਼ਹੂਰ ਨਾਚੀ ਸੀ ਤੇ ਉਸ ਸਮੇਂ ਦੇ ਮੁਗਲ ਹਾਕਮਾਂ ਦੀ ਚਹੇਤੀ ਸੀ ਇਸੇ ਕਾਰਨ ਉਸ ਨੂੰ ਪਿੰਡ ਵਸਾਉਣ ਲਈ ਜਗੀਰ ਪ੍ਰਾਪਤ ਹੋਈ ਸੀ। ਇੱਥੇ ‘ਹਜ਼ੀਰਾ ਕੰਜਰੀ’ ਨਾਂ ਦਾ ਪਿੰਡ ਵਸਿਆ ਕਰਦਾ मी।

ਜਿਸ ਥਾਂ ਤੇ ਪਿੰਡ ਜੱਗਾ ਰਾਮ ਤੀਰਥ ਵਸਿਆ ਹੈ ਉਸਦਾ ਕਾਰਨ ਇੱਕ ਹੋਰ ਰਵਾਇਤ ਹੈ। ਇਸ ਮੁਤਾਬਿਕ ਚੌਦਾਂ ਸਾਲ ਦੇ ਬਨਵਾਸ ਸਮੇਂ ਸ੍ਰੀ ਰਾਮ ਚੰਦਰ ਜੀ ਇਧਰ ਆ ਨਿਕਲੇ ਅਤੇ ਇੱਕ ਉੱਚੇ ਟਿੱਲੇ ‘ਤੇ ਕੁੱਝ ਸਮਾਂ ਠਹਿਰੇ ਜਿਸ ਦੇ ਪੈਰਾਂ ਵਿੱਚ ਹੀ ਇੱਕ ਛੱਪੜੀ ਸੀ। ਬਾਅਦ ਵਿੱਚ ਇਹੀ ਛੱਪੜੀ ‘ਰਾਮ ਤੀਰਥ’ ਵਜੋਂ ਸ਼ਰਧਾਲੂਆਂ ਵਿੱਚ ਪ੍ਰਸਿੱਧ ਹੋ ਗਈ। ਫਿਰ ਅੱਜ ਤੋਂ ਪੰਜ ਸਦੀਆਂ ਪਹਿਲਾ ਤਲਵੰਡੀ ਦੇ ਵਸਨੀਕ ਜੱਗ ਨੇ ਇਸ ਦੇ ਨਜ਼ਦੀਕ ਹੀ ‘ਰਾਮ ਤੀਰਥ’ ਨਾਲ ਆਪਣਾ ਨਾਂ ਜੋੜਕੇ ਇੱਕ ਨਵੇਂ ਪਿੰਡ ਦੀ ਮੋੜ੍ਹੀ ਗੱਡ ਦਿੱਤੀ । ਅੱਜ ਕੱਲ ਟਿੱਲੇ ਵਾਲੀ ਥਾਂ ਤੇ ਸ੍ਰੀ ਰਾਮ ਚੰਦਰ ਜੀ ਦਾ ਮੰਦਰ ਅਤੇ ਛੱਪੜੀ ਦੀ ਥਾਂ ਪੱਕਾ ਸਰੋਵਰ ਸੁਸ਼ੋਭਿਤ ਹੈ। ‘ਜਗਾ ਰਾਮ ਤੀਰਥ’ ਦੀਆਂ ਪੰਜ ਪੱਤੀਆਂ ਹਨ – ਖਾਨਾ, ਉਬਰਾ, ਭਾਗੂ, ਦੇਸੂ ਅਤੇ ਲਾਟੀ ਜੋ ਜੱਗਾ ਦੇ ਪੰਜ ਪੁੱਤਰਾਂ ਦੇ ਨਾਂ ਤੇ ਹਨ। ਇਸ ਪਿੰਡ ਵਿੱਚ ਬਾਬਾ ਸੰਧਿਆ ਦਾਸ ਦੇ ਡੇਰੇ ਅਤੇ ਲਾਲਾਂ ਵਾਲੇ ਦੇ ਪੀਰਖਾਨੇ ‘ਤੇ ਦੋ ਮੇਲੇ ਲੱਗਦੇ ਹਨ। ਬਾਬਾ ਸੰਧਿਆ ਦਾਸ ਦੇ ਸਥਾਨ ਤੇ 14 ਚੇਤ ਨੂੰ ਮੇਲਾ ਲਗਦਾ ਹੈ। ਅਤੇ ਅੱਸੂ ਦੇ ਨਰਾਤਿਆਂ ਵਿੱਚ ਮਿੱਟੀ ਨਿਕਲਦੀ ਹੈ। ਇਹ ਮੇਲਾ ਇਕੱਲੇ ਸਿੱਧੂਆਂ ਦਾ ਹੀ ਹੁੰਦਾ ਹੈ। ਸਿੱਧੂਆਂ ਦੇ ਨਵੇਂ ਵਿਆਹੇ ਜੋੜੇ ਪਹਿਲੇ ਦਿਨ ਇੱਥੇ ਹਾਜ਼ਰ ਹੋ ਕੇ ਸੁੱਖਾਂ ਮੰਗਦੇ ਹਨ। ਪੀਰ ਖਾਨੇ ਵਾਲਾ ਮੇਲਾ ਫੱਗਣ ਦੇ ਪਹਿਲੇ ਵੀਰਵਾਰ ਨੂੰ ਲੱਗਦਾ ਹੈ। ਇਹ ਮੇਲਾ ਸਿਰਫ ਇੱਕ ਰਾਤ ਦਾ ਹੀ ਹੁੰਦਾ ਹੈ। ਪੀਰ ਦੇ ਸ਼ਰਧਾਲੂ ਹਰਿਆਣਾ ਅਤੇ ਰਾਜਸਥਾਨ ਵਿੱਚੋਂ ਕਾਰਾਂ ਅਤੇ ਟਰੱਕਾਂ ਰਾਹੀਂ ਭਾਰੀ ਗਿਣਤੀ ਵਿੱਚ ਇੱਥੇ ਪੁੱਜਦੇ ਹਨ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!