ਭਾਈ ਬਖਤੌਰ
ਸਥਿਤੀ :
ਤਹਿਸੀਲ ਤਲਵੰਡੀ ਸਾਬੋ ਦਾ ਇਹ ਪਿੰਡ ਭਾਈ ਬਖਤੌਰ ਬਠਿੰਡਾ ਮਾਨਸਾ ਸੜਕ ਤੇ ਮਾਈਸਰ ਖਾਨਾ ਤੋਂ 2 ਕਿਲੋਮੀਟਰ ਤੇ ਮੌੜ ਮੰਡੀ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਸਾਢੇ ਪੰਜ ਸੌ ਸਾਲ ਪਹਿਲਾਂ ਬਾਬਾ ਬਖਤੌਰ ਨੇ ਵਸਾਇਆ ਸੀ ਜਿਸ ਕਰਕੇ ਪਿੰਡ ਦਾ ਨਾਂ ਭਾਈ ਬਖਤੌਰ ਪਿਆ। ਬਖਤੌਰ ਸਿੰਘ ਦੇ ਗੁਰੂ ਬਾਬਾ ਭੂੰਦੜ ਜੀ ਸਨ ਜੋ ਬਹੁਤ ਕਰਨੀ ਵਾਲੇ ਸਨ । ਬਾਬਾ ਭੂੰਦੜ ਜੀ ਆਪਣੇ ਕੋਲ ਗਊਆਂ ਰੱਖਦੇ ਸਨ। ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਆਪਣੇ 800 ਘੋੜ ਸਵਾਰ ਤੇ 1400 ਪੈਦਲ ਸਿਪਾਹੀਆਂ ਸਮੇਤ ਇਸ ਪਿੰਡ ਵੱਲ ਬਾਬਾ ਭੂੰਦੜ ਕੋਲ ਰੁਕੇ। ਬਾਬਾ ਜੀ ਨੇ ਦੁੱਧ ਨਾਲ ਖਾਤਰ ਕੀਤੀ ਜਿਸ ਤੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਵਰ ਦਿੱਤਾ ਕਿ ਤੁਹਾਡੇ ਬਚਨ ਪੂਰੇ ਹੋਇਆ ਕਰਨਗੇ। ਉਸ ਜਗ੍ਹਾ ਤੋਂ ਥੋੜ੍ਹੀ ਦੂਰ ਇਸ ਪਿੰਡ ਵਿੱਚ ਹਰ ਸਾਲ ਚੇਤਰ ਦੀ ਚੌਦਸ ਨੂੰ ਮੇਲਾ ਲੱਗਦਾ ਹੈ।
ਇਨ੍ਹਾਂ ਤੋਂ ਬਾਅਦ ਬਾਬਾ ਦੀਵਾਨ ਸਿੰਘ ਅਤੇ ਬਾਬਾ ਸਾਹਿਬ ਜੀ ਬੜੇ ਉੱਚ ਆਚਰਣ ਤੇ ਭਗਤੀ ਵਾਲੇ ਹੋਏ ਹਨ। ਬਾਬਾ ਜੀ ਦੇ ਨਿੱਜੀ ਸੇਵਕ ਬਾਬਾ ਦੇਵਾ ਸਿੰਘ ਅਤੇ ਬਾਬਾ ਵਸਾਵਾ ਸਿੰਘ ਨੇ ਸੰਗਤਾਂ ਦੀ ਸਹਾਇਤਾ ਨਾਲ ਉਨ੍ਹਾਂ ਦੀ ਯਾਦਗਾਰ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਹੈ।
ਇਸ ਪਿੰਡ ਦੇ ਸ੍ਰੀਮਾਨ ਬਾਬਾ ਵਰਿਆਮ ਸਿੰਘ ਜੀ ਹੋਏ ਹਨ ਜੋ ਕਿ ਇੱਕ ਉਚਕੋਟੀ ਦੇ ਸਾਧੂ ਸੁਭਾਅ ਸਨ ਜਿਨ੍ਹਾਂ ਨੇ ਗੁਰਦੁਆਰਾ ਮੌੜ ਸਾਹਿਬ ਵਿਖੇ ਤਨ, ਮਨ, ਧਨ ਨਾਲ ਸੇਵਾ ਕੀਤੀ। ਸ੍ਰੀਮਾਨ ਮਹੰਤ ਬਸੰਤ ਸਿੰਘ (ਮੌੜ ਕਲਾਂ) ਵੀ ਇਸੇ ਪਿੰਡ ਨਾਲ ਸੰਬੰਧ ਰੱਖਦੇ ਸਨ। ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕ ਭਲਾਈ ਵਿੱਚ ਲਗਾ ਦਿੱਤੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ