ਰਾਜਗੜ੍ਹ ਕੁੱਬੇ
ਸਥਿਤੀ :
ਤਹਿਸੀਲ ਤਲਵੰਡੀ ਸਾਬੋ ਦਾ ਇਹ ਪਿੰਡ ਰਾਜਗੜ੍ਹ ਕੁੱਬੇ ਬਠਿੰਡਾ-ਮਾਨਸਾ ਸੜਕ ਤੋਂ 5 ਕਿਲੋਮੀਟਰ ਤੇ ਰੇਲਵੇ ਸਟੇਸ਼ਨ ਮੌੜ ਤੋਂ ਵੀ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅੱਜ ਤੋਂ ਕੋਈ ਸਵਾ ਤਿੰਨ ਸੌ ਸਾਲ ਪਹਿਲਾਂ ਇਹ ਪਿੰਡ ਉਜੜ ਕੇ ਦੁਬਾਰਾ ਵਸਿਆ ਹੈ। ਇਸ ਪਿਡ ਨੂੰ ਕੁੱਬੇ ਨਾਂ ਦੇ ਇੱਕ ਵਿਅਕਤੀ ਨੇ ਵਸਾਇਆ ਜਿਸ ਕਰਕੇ ਇਸ ਪਿੰਡ ਦਾ ਨਾਂ ਕੁੱਬੇ ਪੈ ਗਿਆ। ਕੁੱਝ ਬਜ਼ੁਰਗਾਂ ਅਨੁਸਾਰ ਇਸ ਪਿੰਡ ਦਾ ਨਾਂ ਕੁੱਬੇ ਟਿੱਲੇ ਕਰਕੇ ਪਿਆ। ਰਾਜਗੜ੍ਹ ਨਾਂ ਬਾਰੇ ਇੱਕ ਹੋਰ ਕਹਾਣੀ ਪ੍ਰਚੱਲਤ ਹੈ। ਮਹਾਰਾਜਾ ਨਾਭੇ ਦੀ ਰਿਆਸਤ ਵਿੱਚ ਇੱਕ ਪਿੰਡ ਧੋਲਾ ਸੀ ਜਿੱਥੇ ਮਹਾਰਾਜਾ ਪਟਿਆਲਾ ਦੇ ਰਿਸ਼ਤੇਦਾਰ ਵੀ ਰਹਿੰਦੇ ਸਨ। ਉਨ੍ਹਾਂ ਵਿੱਚੋਂ ਇੱਕ ਇਸਤਰੀ ਬਹੁਤ ਸੋਹਣੀ ਸੀ ਜਿਸ ਦੇ ਘਰ ਵਿਆਹ ਤੋਂ ਇੱਕ ਸਾਲ ਬਾਅਦ ਇੱਕ ਮੁੰਡਾ ਹੋਇਆ ਜਿਸਦਾ ਨਾ ਰਾਜੂ ਰੱਖਿਆ ਪਰ ਕੁੱਝ ਮਹੀਨਿਆਂ ਬਾਅਦ ਹੀ ਉਸਦੇ ਘਰ ਵਾਲੇ ਦੀ ਮੌਤ ਹੋ ਗਈ। ਮਹਾਰਾਜਾ ਨਾਭਾ ਉਸ ਇਸਤਰੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਉਸ ਇਸਤਰੀ ਨੇ ਇਨਕਾਰ ਕਰ ਦਿੱਤਾ। ਇਸ ਤੇ ਮਹਾਰਾਜਾ ਨੇ ਉਸਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਦ ਇਸ ਗੱਲ ਦਾ ਮਹਾਰਾਜਾ ਪਟਿਆਲੇ ਨੂੰ ਪਤਾ ਲੱਗਾ ਤਾਂ ਉਸਨੇ ਉਸ ਇਸਤਰੀ ਅਤੇ ਉਸਦੇ ਲੜਕੇ ਨੂੰ ਆਪਣੇ ਕੋਲ ਬੁਲਾ ਲਿਆ ਤੇ ਕੁੱਝ ਸਮੇਂ ਬਾਅਦ ਆਪਣੀ ਰਿਆਸਤ ਦੇ ਇਸ ਪਿੰਡ ਵਿੱਚ ਭੇਜ ਦਿੱਤਾ। ‘ਕੁੱਬੇ’ ਨਾਲ ਰਾਜੂ ਦਾ ਨਾ ਜੁੜ ਕੇ ਇਸ ਪਿੰਡ ਦਾ ਨਾਂ ‘ਰਾਜਗੜ੍ਹ ਕੁੱਬੇ’ ਪੈ ਗਿਆ। ਲੋਕ ਧਾਰਮਿਕ ਖਿਆਲਾਂ ਦੇ ਹਨ। ਪਿੰਡ ਵਿੱਚ ਇੱਕ ਸ਼ਾਨਦਾਰ ਗੁਰਦੁਆਰਾ ਹੈ ਅਤੇ ਇੱਕ ਬਾਬਾ ਸਿਰੜੀ ਦੀ ਸਮਾਧ ਹੈ। ਕਿਹਾ ਜਾਂਦਾ ਹੈ ਇੱਥੇ ਲੋਕਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਹਨ। ਇਸ ਪਿੰਡ ਤੋਂ ਕੁੱਝ ਦੂਰੀ ਤੇ ਇੱਕ ਹੋਰ ਡੇਰਾ ਹੈ ਜਿੱਥੇ ਇੱਕ ਲੜਕੀ ਸਤੀ ਹੋਈ ਸੀ। ਪਿੰਡ ਵਿੱਚ ਜਦੋਂ ਵੀ ਕਿਸੇ ਨੇ ਮਕਾਨ ਬਣਾਉਣਾ ਹੋਵੇ ਤਾਂ ਨੀਂਹ ਰੱਖਣ ਤੋਂ ਪਹਿਲਾਂ ਕੁੱਝ ਇੱਟਾਂ ਇੱਥੇ ਜ਼ਰੂਰ ਰੱਖ ਕੇ ਜਾਂਦਾ ਹੈ। ਅਜਿਹਾ ਨਾ ਕਰਨ ਤੇ ਉਸ ਦਾ ਮਕਾਨ ਸਿਰੇ ਨਹੀਂ ਚੜ੍ਹਦਾ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ