ਸੰਧਵਾ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਸੰਧਵਾ, ਬਠਿੰਡਾ – ਫਰੀਦਕੋਟ ਸੜਕ ਤੇ ਸਥਿਤ ਹੈ ਤੇ ਰੇਲਵੇ ਸਟੇਸ਼ਨ ਵੀ ਸੰਧਵਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਦੱਸਿਆ ਜਾਂਦਾ ਹੈ ਕਿ ਇਸ ਪਿੰਡ ਨੂੰ ਸੰਧੂ ਗੋਤ ਦੇ ਜੱਟਾਂ ਨੇ ਵਸਾਇਆ। ਸੰਧੂਆਂ ਤੋਂ ਵਿਗੜ ਕੇ ਇਸ ਦਾ ਨਾਂ ‘ਸੰਧਵਾ’ ਪੈ ਗਿਆ। ਇਸ ਪਿੰਡ ਵਿੱਚ ਹੁਣ ਸੰਧੂਆਂ ਦਾ ਇੱਕ ਘਰ ਵੀ ਨਹੀਂ। ਕਿਹਾ ਜਾਂਦਾ ਹੈ ਕਿ ਬਰਾੜਾਂ ਦੀ ਚੜ੍ਹਤ ਵੇਲੇ ਇਸ ਪਿੰਡ ‘ਤੇ ਬਰਾੜਾਂ ਨੇ ਕਬਜ਼ਾ ਕਰ ਲਿਆ ਸੀ ਤੇ ਸੰਧੂ ਅੱਗੇ ਹਠਾੜ ਦੇ ਇਲਾਕੇ ਵਿੱਚ ਚਲੇ ਗਏ ਸਨ। ਪਿੰਡ ਵਿੱਚ ਅੱਧੀ ਅਬਾਦੀ ਬੋਰੀਆਂ ਦੀ, ਚੌਥਾ ਹਿੱਸਾ ਬਰਾੜ ਜੱਟਾਂ ਦੀ (ਜੋ ਕਪੂਰੇ ਦੇ ਕਹਾਉਂਦੇ ਹਨ), ਚੌਥਾ ਹਿੱਸਾ ਹਰੀਜਨਾਂ ਕਾਰੀਗਰਾਂ ਤੇ ਪੰਡਤਾਂ ਦੀ ਹੈ।
ਪਿੰਡ ਦੀ ਬਹੁਸੰਖਿਅਕ ਕੌਮ ਬੋਰੀਏ ਹੈ। ਇਹ ਪੰਜਾਬੀ ਬੋਲੀ ਸਮਝ ਲੈਂਦੇ ਹਨ ਪਰ ਜਦ ਇਹ ਆਪਣੀ ਬੋਲੀ ਬੋਲਦੇ ਹਨ (ਜਿਸਦਾ ਕੋਈ ਨਾਂ ਨਹੀਂ) ਤਾਂ ਬਿਲਕੁਲ ਸਮਝ ਨਹੀਂ ਲੱਗਦੀ। ਇਹਨਾਂ ਦੀ ਸ਼ਬਦਾਵਲੀ ਵੀ ਭਾਰਤੀ ਬੋਲੀਆਂ ਨਾਲ ਮੇਲ ਨਹੀਂ ਖਾਂਦੀ। ਇਸ ਬੋਲੀ ਦੀ ਕੋਈ ਲਿੱਪੀ ਨਹੀਂ।
ਇਹ ਪਿੰਡ ਗਿਆਨੀ ਜ਼ੈਲ ਸਿੰਘ ਦੀ ਜਨਮ ਭੂਮੀ ਹੈ ਇਸੇ ਕਰਕੇ ਇਸ ਪਿੰਡ ਨੇ ਕਾਫੀ ਤਰੱਕੀ ਕੀਤੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ