ਕੋਟ ਸੁਖੀਆ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਕੋਟ ਸੁਖੀਆ, ਫਰੀਦਕੋਟ – ਪੰਜ ਗਰਾਂਈ ਕਲਾਂ ਸੜਕ ‘ਤੇ ਸਥਿਤ ਫਰੀਦਕੋਟ ਰੇਲਵੇ ਸਟੇਸ਼ਨ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ‘ਕੋਟ ਸੁਖੀਆ’ ਸੰਨ 1720 ਈ. ਵਿੱਚ ਜੈਤੋ ਤੋਂ ਸਿੱਧੂ ਬਰਾੜ ਮੋਹਨ ਦੇ ਪੁੱਤਰ ਹਸਨੇ ਨੇ ਆਬਾਦ ਕੀਤਾ। ਜਦੋਂ ਕੋਟ ਈਸੇ ਖਾਂ ਦੇ ਸਰਦਾਰ ਈਸੇ ਮੰਝ ਨੇ ਕੋਟਕਪੂਰੇ ਦੇ ਚੌਧਰੀ ਕਪੂਰੇ ਨੂੰ ਪਾਸ ਬੁਲਵਾ ਕੇ ਧੋਖੇ ਨਾਲ ਮਰਵਾ ਦਿੱਤਾ ਤਾਂ ਕਪੂਰੇ ਦੇ ਪੁੱਤਰਾਂ ਸੁਖੀਏ ਅਤੇ ਮੁਖੀਏ ਨੇ ਈਸੇ ਤੋਂ ਬਦਲਾ ਲੈਣ ਲਈ ਆਪਣੇ ਸਿੱਧੂ ਬਰਾੜ ਭਾਈਚਾਰੇ ਦੇ ਜੋਧਿਆਂ ਦੀ ਸਹਾਇਤਾ ਨਾਲ ਈਸੇ ਨੂੰ ਲੜਾਈ ਵਿੱਚ ਘੇਰ ਕੇ ਮਾਰਿਆ ਸੀ। 8 ਉਹਨਾਂ ਜੋਧਿਆਂ ਵਿੱਚੋਂ ਹਸਨੇ ਦੀ ਬਹਾਦਰੀ ਤੋਂ ਖੁਸ਼ ਹੋ ਕੇ ਸੁਖੀਏ ਨੇ ਆਪਣੀ ਜ਼ਮੀਨ ਵਿੱਚੋਂ 4300 ਘੁਮਾਂ ਜ਼ਮੀਨ ਹਸਨੇ ਨੂੰ ਵਾਹੀ ਲਈ ਦੇ ਦਿੱਤੀ । ਹਸਨੇ ਨੇ ਆਪਣੇ ਭਾਈਚਾਰੇ ਵਿੱਚੋਂ ਥੋੜ੍ਹਾ ਚਿਰ ਪਹਿਲਾਂ ਮੁਸਲਮਾਨ ਬਣੇ ਦੀਨੇ ਭੱਟੀ ਨੂੰ ਨਾਲ ਲੈ ਕੇ ਸੁਖੀਏ ਦੇ ਕੱਚੇ ਕਿੱਲ੍ਹੇ ਵਿੱਚ ਡੇਰਾ ਲਾ ਲਿਆ । ਉਹ ਆਪਣੇ ਨਾਲ ਹੀ ਚਿਟ ਚੋਟ ਬ੍ਰਾਹਮਣ, ਭੋਲੇ ਵਾਲੀਏ ਖੱਤਰੀ, ਇੱਕ ਸੱਧਰ, ਇੱਕ ਮੋਚੀ ਅਤੇ ਇੱਕ ਗਾਹਲੇ ਤਰਖਾਣ ਨੂੰ ਵੀ ਲੈ ਆਇਆ ਅਤੇ ਉਹਨਾਂ ਨੂੰ ਵਾਹੀ ਲਈ ਜ਼ਮੀਨ ਦੇ ਦਿੱਤੀ। ਪਿੰਡ ਸੁੱਖੀਏ ਦੇ ਕੱਚੇ ਕਿਲ੍ਹੇ ਦੇ ਆਲੇ-ਦੁਆਲੇ ਹੋਣ ਕਰਕੇ ਇਸਦਾ ਨਾਂ ‘ਕੋਟ ਸੁਖੀਆ’ ਪ੍ਰਚਲਤ ਹੋ ਗਿਆ। ਕੱਚੀਆਂ ਕੰਧਾਂ ਢਹਿੰਦੀਆਂ ਰਹੀਆਂ। ਇਸਦੇ ਚਾਰ ਬੁਰਜ 1900 ਈਸਵੀ ਤੱਕ ਖੜੇ ਰਹੇ।
ਹਸਨੇ ਦੇ ਪੁੱਤਰ-ਪੋਤਰਿਆਂ ਦੇ ਨਾਂ ‘ਤੇ ਹੀ ਪਿੰਡ ਦੀਆਂ ਪੱਤੀਆਂ ਹਨ। ਪਿੱਛੋਂ ਜਾਕੇ ਜਿਹੜੇ ਘਰ ਨਾਮਧਾਰੀ ਬਣ ਗਏ ਉਹ ਕੂਕੇ ਅਖਵਾਏ, ਜਿਹੜੇ ਮੀਏਂ ਨੂੰ ਮੰਨਣ ਲੱਗ ਪਏ। ਉਹ ਚੇਲੇ ਮਸ਼ਹੂਰ ਹੋਏ। ਸਿੱਧੂ ਬਰਾੜਾਂ ਤੋਂ ਇਲਾਵਾ ਕੋਟ ਸੁਖੀਏ ਵਿੱਚ ਗਿੱਲ, ਭੁੱਲਰ, ਸਰਾਂ, ਅਤੇ ਢਿੱਲੋਂ ਗੋਤ ਦੇ ਜੱਟਾਂ ਦੇ ਘਰ ਹਨ।
ਪਿੰਡ ਵਿੱਚ ਦੋ ਡੇਰੇ ਹਨ ਜਿਨ੍ਹਾਂ ਵਿੱਚੋਂ ਡੇਰਾ ਬਾਵਾ ਹਰਕਾ ਦਾਸ ਇਲਾਕੇ ਭਰ ਵਿੱਚ ਪ੍ਰਸਿੱਧ ਹੈ। ਮੋਹਨ ਦਾਸ ਜੀ ਗਊ-ਸ਼ਾਲਾਵਾਂ ਸਥਾਪਤ ਕਰਨ ਵਿੱਚ ਇਲਾਕੇ ਵਿੱਚ ਪ੍ਰਸਿੱਧ ਹੋਏ ਹਨ।
ਦੇਸ਼ ਦੀ ਵੰਡ ਪਿੱਛੋਂ ਭੱਟੀ ਮੁਸਲਮਾਨ ਪਾਕਿਸਤਾਨ ਚਲੇ ਗਏ। ਉਹਨਾਂ ਦੇ ਮੁਹੱਲੇ ਦੀ ਮਸੀਤ ਅਤੇ ਆਲੇ-ਦੁਆਲੇ ਦੇ ਘਰਾਂ ਨੂੰ ਇੱਕ ਵਲਗਣ ਵਿੱਚ ਪੱਕੀਆਂ ਇੱਟਾਂ ਨਾਲ ਵੱਲ ਕੇ ਮਿਸਰੀਵਾਲੇ ਦੇ ਬਾਬਾ ਉਜਾਗਰ ਸਿੰਘ ਨੇ ਛੋਟਾ ਮਲੇਰਕੋਟਲਾ ਉਸਾਰ ਦਿੱਤਾ ਹੈ, ਜਿੱਥੇ ਹਰ ਸਾਲ ਮਲੇਰਕੋਟਲੇ ਵਾਲੇ ਪੀਰ ਦਾ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ