ਸਰਾਵਾਂ
ਸਥਿਤੀ :
ਤਹਿਸੀਲ ਜੈਤੋਂ ਦਾ ਪਿੰਡ ਸਰਾਵਾਂ, ਬਠਿੰਡਾ – ਫਰੀਦਕੋਟ ਸੜਕ ਤੋਂ 3 ਕਿਲੋਮੀਟਰ ਹੈ ਤੇ ਰੇਲਵੇ ਸਟੇਸ਼ਨ ਰੋਮਾਨਾ ਅਲਬੇਲ ਸਿੰਘ ਤੋਂ 3 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ
ਪਿਛੋਕੜ ਤੇ ਮਹੱਤਤਾ ਕਿਹਾ ਜਾਂਦਾ ਹੈ ਕਿ ਢਿਲਵਾਂ ਕਲਾਂ ਵਿੱਚ ਵਸਦੇ ਸਰਾਂ ਗੋਤ ਦੇ ਜੱਟ ਕਿਸੇ ਝਗੜੇ ਕਾਰਨ ਪਿੰਡ ਛੱਡ ਗਏ ਅਤੇ ਉਹਨਾਂ ਦੇ ਮੋਢੀ ਸੁੰਦਰ ਸਿੰਘ ਨੇ ਦਲਬਾਰੀ ਵਾਲੀ ਢਾਬ ਕੋਲ ਨਵਾਂ ਪਿੰਡ ਬੰਨ ਲਿਆ। ਜਿਸਦਾ ਨਾਂ ਸਰਾਂ ਗੋਤ ਤੋਂ ਸਰਾਵਾਂ ਪੈ ਗਿਆ। ਉਸ ਦੇ ਤਿੰਨ ਪੁੱਤਰਾਂ ਜਗਤਾ, ਭਗਤਾ ਅਤੇ ਵੇਰਾ ਦੀ ਹੀ ਉਲਾਦ ਪਿੰਡ ਦੀ ਵਸਨੀਕ ਹੈ। ਉਂਜ ਜੱਸੜ, ਕੰਗ, ਸੰਧੂ ਅਤੇ ਗਿੱਲ ਗੋਤ ਵੀ ਪਿੰਡ ਦੇ ਵਸਨੀਕ ਹਨ। ਹਰੀਜਨਾਂ ਦੇ ਘਰ ਵੀ ਪਿੰਡ ਵਿੱਚ ਹਨ।
ਕਿਹਾ ਜਾਂਦਾ ਹੈ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਫੌਜਾਂ ਨਾਲ ਫੈਸਲਾਕੁਨ ਟੱਕਰ ਲੈਣ ਲਈ ਢੁੱਕਵੀਂ ਥਾਂ ਦੀ ਭਾਲ ਵਿੱਚ (ਖਿਦਰਾਣੇ ਦੀ ਢਾਬ ਮੁਕਤਸਰ ਦੇ ਸਾਕੇ ਤੋਂ ਪਹਿਲਾਂ) ਪਿੰਡ ਗੁਰੂਸਰ ਵਿਖੇ ਪੜਾਅ ਕੀਤਾ ਤਾਂ ਸਰਾਵਾਂ ਦੇ ਵਸਨੀਕ ਉਹਨਾਂ ਨੂੰ ਆਪਣੇ ਪਿੰਡ ਚਰਨ ਪਾਉਣ ਦੀ ਬੇਨਤੀ ਕਰਨ ਗਏ। ਕਿਸੇ ਰੁਝੇਵੇਂ ਕਾਰਨ ਉਹ ਖੁਦ ਤਾਂ ਨਾਂ ਆਏ ਆਪਣੇ ਕੁੱਝ ਸਿੰਘਾਂ ਨੂੰ ਉਹਨਾਂ ਨੇ ਸਰਾਵਾਂ ਵਾਲਿਆਂ ਨਾਲ ਤੋਰ ਦਿੱਤਾ। ਇਹਨਾਂ ਸਿੰਘਾਂ ਦੀ ਸੇਵਾ ਕਰਨ ਲਈ ਵੱਖੋ ਵੱਖ ਘਰ ਇੱਕ ਇਕ ਸਿੰਘ ਆਪਣੇ ਨਾਲ ਲੈ ਗਏ। ਗੁਰੂ ਜੀ ਦੇ ਸਿੰਘਾਂ ਵਿੱਚੋਂ ਮਲਾਗਰ ਸਿੰਘ ਪਿੰਡ ਦੇ ਸਭ ਤੋਂ ਗਰੀਬ ਕਿਸਾਨ ਦੇ ਘਰ ਗਿਆ। ਮੇਜਬਾਨ ਦੇ ਘਰ ਉਸ ਨੂੰ ਖੁਆਉਣ ਲਈ ਕੁੱਝ ਵੀ ਨਹੀਂ ਸੀ। ਉਸ ਦੀ ਪਤਨੀ ਨੇ ਉਸ ਨਾਲ ਸਲਾਹ ਕਰਕੇ ਘਰ ਪਈਆਂ ਸੁਕਾਈਆਂ ਹੋਈਆਂ ਪੀਲਾਂ ਗਾਂ ਦੇ ਦੁੱਧ ਵਿੱਚ ਪਾ ਕੇ ਰਿੰਨ ਦਿੱਤੀਆਂ। ਇਹ ਤਿਆਰ ਹੋਈ ਖੀਰ ਸਿੰਘ ਨੂੰ ਬੇਹੱਦ ਸੁਆਦ ਲੱਗੀ ਪਰ ਉਸਨੂੰ ਇਹ ਪਤਾ ਨਾ ਲੱਗਾ ਕਿ ਉਸ ਨੇ ਕੀ ਖਾਧਾ ਹੈ।
ਸਾਰਿਆਂ ਨੇ ਗੁਰੂ ਜੀ ਨੂੰ ਦੱਸਿਆ ਕਿ ਪਿੰਡ ਵਾਸੀਆਂ ਨੇ ਉਹਨਾਂ ਦੀ ਬੜੀ ਸੇਵਾ ਕੀਤੀ। ਗੁਰੂ ਜੀ ਹਸਦਿਆਂ ਸਭ ਨੂੰ ਪੁੱਛੀ ਗਏ ਕਿ ਤੈਨੂੰ ਕੀ ਖੁਆਇਆ। ਮਲਾਗਰ ਸਿੰਘ ਨੇ ਕਿਹਾ ਕਿ ਅਜਿਹਾ ਸੁਆਦੀ ਪਦਾਰਥ ਉਸਨੇ ਕਦੇ ਨਹੀਂ ਖਾਧਾ। ਗੁਰੂ ਜੀ ਦੇ ਪੁੱਛਣ ਤੇ ਗਰੀਬ ਕਿਸਾਨ ਨੇ ਸਾਰੀ ਵਿਥਿਆ ਕਹਿ ਸੁਣਈ। ਗੁਰੂ ਜੀ ਨੇ ਹਸ ਕੇ ਵਰ ਦਿੱਤਾ, “ਸਖੀ ਦੇਹ ਸੰਤੋਖੀ ਖਾਹਿ” ਸਰਾਵਾਂ ਵਾਲੇ ਗੁਰੂ ਜੀ ਦੇ ਇਸ ਵਰ ਨੂੰ ਮਾਨ ਨਾਲ ਸੁਣਾਉਂਦੇ ਹਨ ਅਤੇ ਇਸ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਦੇ ਹਨ।ਰਤੀ ਲਿਪ ਪਿੰਡ ਵਿੱਚ ਬਾਬਾ ਜੈਸੀ ਰਾਮ ਜੋ ਬਾਬਾ ਫਰੀਦ ਦੀ ਗੱਦੀ ਨਾਲ ਸਬੰਧਿਤ ਦੱਸੇ ਜਾਂਦੇ ਹਨ ਦੀ ਸਮਾਧ ਤੇ ਉਹਨਾਂ ਦੇ ਚੇਲੇ ਬਾਬਾ ਮਿਹਰ ਸਿੰਘ ਦੀ ਸਮਾਧ ਨਾਲੋ ਨਾਲ ਹੈ। ਬਾਬਾ ਜੈਸੀ ਰਾਮ ਰਾਮਗੜ੍ਹੀਆ ਖਾਨਦਾਨ ਨਾਲ ਸੰਬੰਧਤ ਸਨ ਅਤੇ ਅਧਿਆਪਕ ਸਨ। ਫਰੀਦਕੋਟ ਦੇ ਚਿੱਲਾ ਬਾਬਾ ਫਰੀਦ ਦੀ ‘ਮੁਢਲੀ ਇਮਾਰਤ ਦੀ ਉਸਾਰੀ ਉਨ੍ਹਾਂ ਆਪਣੇ ਹੱਥੀਂ ਕੀਤੀ ਦੱਸੀ ਜਾਂਦੀ ਹੈ। 21, 22, 23 ਸਾਉਣ ਨੂੰ ਸਰਾਵਾਂ ਵਿੱਚ ਰੋਸ਼ਨੀ ਦਾ ਮੇਲਾ ਲੱਗਦਾ ਹੈ ਜੋ ਸਾਰੇ ਇਲਾਕੇ ਵਿੱਚ ਮਸ਼ਹੂਰ ਹੈ। ਪ੍ਰਸਿੱਧ ਕਵਾਲ, ਕਵੀਸ਼ਰ ਤੇ ਨਕਲੀਏ ਦੂਰੋਂ-ਦੂਰੋਂ ਆਉਂਦੇ ਹਨ। ਤਿੰਨ ਦਿਨ ਪ੍ਰਸ਼ਾਦ ਜਾਂ ਚੋਲਾਂ ਦਾ ਲੰਗਰ ਲਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ