ਸਰਾਏ ਨਾਗਾ
ਸਥਿਤੀ :
ਤਹਿਸੀਲ ਮੁਕਤਸਰ ਦਾ ਪਿੰਡ ਸਰਾਏ ਨਾਗਾ, ਮੁਕਤਸਰ – ਕੋਟਕਪੂਰਾ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਬਰੀਵਾਲਾ ਤੋਂ 2 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਰਾਏ ਨਾਗਾ ਪਿੰਡ ਇੱਕ ਥੇਹ ‘ਤੇ ਵੱਸਿਆ ਹੋਇਆ ਹੈ। ਥੇਹ ਵਿੱਚੋਂ ਕਈ ਤਰ੍ਹਾਂ ਦੀਆਂ ਪੁਰਾਤਨ ਸਿਲਾਂ, ਪੁਰਾਤਨ ਭਾਂਡੇ, ਸਿੱਕੇ ਤੇ ਸੁਲੇਮਾਨੀ ਮਣਕੇ ਮਿਲਦੇ ਹਨ ਜਿਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਇੱਥੇ ਕੋਈ ਕਿਲ੍ਹਾ ਸੀ ਤੇ ਕੋਈ ਪੁਰਾਤਨ ਸਭਿਅਤਾ ਸੀ। ਕਿਹਾ ਜਾਂਦਾ ਹੈ ਕਿ ਪੰਜਵੀਂ ਸਦੀ ਵਿੱਚ ਇੱਥੇ ਯਦੂ ਬੰਸੀ ਰਾਜਾ ਸਾਲਬਹਾਨ ਦਾ ਸੂਬਾ ਸੀ। ਇਸਨੂੰ ਬਗਦਾਦੀ ਮੁਸਲਮਾਨਾਂ ਨੇ ਬਰਬਾਦ ਕੀਤਾ। ਇਸ ਦਾ ਪੁਰਾਣਾ ਨਾਂ ‘ਮੱਤੇ ਦੀ ਸਰਾਂ मी।
ਮਹਾਰਾਜਾ ਰਣਜੀਤ ਸਿੰਘ ਵੇਲੇ ਇੱਥੇ ਨਾਂਗੇ ਸੰਤਾਂ ਦਾ ਡੇਰਾ ਸੀ ਜੋ ਅੰਮ੍ਰਿਤਸਰ ਦੇ ਬ੍ਰਹਮ ਬੂਟਾ ਦੇ ਡੇਰੇ ਨਾਲ ਸੰਬੰਧਿਤ ਦੱਸੇ ਜਾਂਦੇ ਹਨ। ਮਹਾਰਾਜਾ ਰਣਜੀਤ ਸਿੰਘ ਨੇ ਇਸ ਡੇਰੇ ਦੇ ਨਾਂ ਸੈਂਕੜੇ ਏਕੜ ਜ਼ਮੀਨ ਲਾ ਦਿੱਤੀ। ਇਸ ਡੇਰੇ ਤੋਂ ਹੀ ਇਸ ਪਿੰਡ ਦਾ ਨਾਂ ‘ਸਰਾਏ ਨਾਗਾ’ ਪਿਆ। ਪਿੰਡ ਦੀ ਤਿੰਨ ਚੌਥਾਈ ਵਸੋਂ ਹਰੀਜਨਾਂ ਦੀ ਹੈ।
ਸਰਾਏ ਨਾਗਾ, ਸਿੱਖਾਂ ਦੇ ਦੂਸਰੇ ਗੁਰੂ, ਗੁਰੂ ਅੰਗਦ ਦੇਵ ਜੀ ਦਾ ਜਨਮ ਅਸਥਾਨ ਹੈ ਅਤੇ ਇੱਥੇ ਇੱਕ ਸੁੰਦਰ ਗੁਰਦੁਆਰਾ ਹੈ। ਇਮਾਰਤ ਦੀ ਸੇਵਾ ਬਾਬਾ ਮੱਸਾ ਸਿੰਘ ਨੇ 1952 ਵਿੱਚ ਸ਼ੁਰੂ ਕਰਵਾਈ ਸੀ। ਹਰ ਪੂਰਨਮਾਸੀ ਨੂੰ ਇੱਥੇ ਮੇਲਾ ਲੱਗਦਾ ਹੈ, ਗੁਰੂ ਅੰਗਦ ਦੇਵ ਜੀ ਦਾ ਜਨਮ ਦਿਵਸ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਸੰਗਤਾਂ ਦੇ ਠਹਿਰਣ ਲਈ ਸਰਾਂ ਵੀ ਹੈ।
ਪਿੰਡ ਦੇ ਵਿਚਕਾਰ ਇੱਕ ਹੋਰ ਗੁਰਦੁਆਰਾ ਚਰਨ ਕਮਲ ਸਰ ਵੀ ਹੈ। ਇਹ ਇਮਾਰਤ ਬੜੀ ਹੀ ਪੁਰਾਣੀ ਹੈ। ਲੋਕਾਂ ਦਾ ਵਿਸ਼ਵਾਸ਼ ਹੈ ਕਿ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਚਰਨ ਪਾਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ