ਭੰਗੇਵਾਲੀ – ਸੀਰਵਾਲੀ
ਸਥਿਤੀ :
ਤਹਿਸੀਲ ਮੁਕਤਸਰ ਦੇ ਇਹ ਦੋਵੇਂ ਪਿੰਡ ਮੁਕਤਸਰ – ਫਿਰੋਜ਼ਪੁਰ ਸੜਕ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਨਾਲੋ ਨਾਲ ਹਨ। ਰੇਲਵੇ ਸਟੇਸ਼ਨ ਮੁਕਤਸਰ ਤੋਂ 19 ਕਿਲੋਮੀਟਰ ਭੰਗੇਵਾਲਾ ਹੈ ਅਤੇ ਰੇਲਵੇ ਸਟੇਸ਼ਨ ਬੀਰਵਾਲਾ ਤੋਂ 10 ਕਿਲੋਮੀਟਰ ਸੀਰਵਾਲਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਭੰਗੇਵਾਲਾ ਪਿੰਡ ਲਗਭਗ 180 ਸਾਲ ਪਹਿਲਾਂ ਬਾਬਾ ਭੰਗ ਸਿੰਘ ਨੇ ਵਸਾਇਆ। ਇਸ ਦਾ ਪਹਿਲਾ ਨਾਂ ਭੰਗਾ ਸਿੰਘ ਵਾਲਾ ਸੀ ਪਰ ਹੌਲੀ ਹੌਲੀ ਭੰਗੇਵਾਲਾ ਕਰਕੇ ਪ੍ਰਸਿੱਧ ਹੋ ਗਿਆ। ਦੱਸਿਆ ਜਾਂਦਾ ਹੈ ਕਿ ਬਾਬਾ ਭੰਗਾ ਸਿੰਘ ਦੇ ਬਜ਼ੁਰਗ ਪਹਿਲਾਂ ਰਾਜਾ ਜੰਗ (ਜ਼ਿਲ੍ਹਾ ਲਾਹੌਰ) ਰਹਿੰਦੇ ਸਨ ਤੇ ਉਥੋਂ ਸਰਹਾਲੀ (ਅੰਮ੍ਰਿਤਸਰ) ਆ ਗਏ ਤੇ ਬਾਬਾ ਭੰਗਾ। ਸਿੰਘ ਦੀ ਰਿਸ਼ਤੇਦਾਰੀ ਫਰੀਦਕੋਟ ਦੇ ਮਹਾਰਾਜਾ ਪਹਾੜਾ ਸਿੰਘ ਤੇ ਵਜ਼ੀਰ ਸਿੰਘ ਨਾਲ ਸੀ ਉਹ ਪਹਿਲੇ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਵਿਖੇ ਰਹਿੰਦੇ ਸਨ ਪਰ ਉੱਥੇ ਰਾਜੇ ਨਾਲ ਅਣਬਣ ਹੋ ਜਾਣ ਕਰਕੇ ਉਹ ਇਸ ਪਿੰਡ ਆ ਗਏ ਤੇ ਪਿੰਡ ਬੰਨ੍ਹਿਆ। ਇਹ ਇਲਾਕਾ ਅੰਗਰੇਜ਼ਾਂ ਦਾ ਇਲਾਕਾ ਸੀ। ਇਸ ਪਿੰਡ ਵਿੱਚ ਬਹੁਤੇ ਘਰ ਸੰਧੂਆਂ ਦੇ ਹਨ ਕੁੱਝ ਝਬਰ ਤੇ ਜਟਾਣਾ ਗੋਤ ਦੇ ਹਨ।
ਪਿੰਡ ਦੀ ਅੱਧੀ ਵਸੋਂ ਹਰੀਜਨਾਂ ਦੀ ਹੈ। ਬਾਬਾ ਭੰਗਾ ਸਿੰਘ ਹੋਰੀ ਚਾਰ ਭਰਾ ਸਨ, ਇੱਕ ਭਾਈ ਭਾਗ ਸਿੰਘ ਦੇ ਨਾਂ ਤੇ ਇੱਥੋਂ 5 ਕਿਲੋਮੀਟਰ ਦੂਰ ਪਿੰਡ ‘ਭਾਗ ਸਿੰਘ ਵਾਲਾ’ ਮੌਜੂਦ ਹੈ। ਭੰਗੇਵਾਲੀ ਤੇ ਸੀਰਵਾਲੀ ਦਾ ਸਾਂਝਾ ਸਕੂਲ ਹੈ ਅਤੇ ਸਾਂਝਾ ਬੱਸ ਅੱਡਾ ਹੈ।
ਸੀਰਵਾਲੀ ਪਿੰਡ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਸਾਂਝਾ ਪਿੰਡ ਹੈ (ਸੀਰ ਦਾ) । ਇਹ ਪਿੰਡ ਮੱਲਣ ਤੋਂ ਆ ਕੇ ਸੋਢੀਆਂ ਤੇ ਜੱਟਾਂ ਨੇ ਸਾਂਝਾ ਵਸਾਇਆ ਸੀ। ਜਿਸ ਕਰਕੇ ਇਸਦਾ ਨਾਂ ਸੀਰਵਾਲੀ ਪਿਆ। ਇਹ ਪਿੰਡ ਲਗਭਗ 130 ਸਾਲ ਪਹਿਲਾਂ ਵੱਸਿਆ। ਇੱਥੋਂ ਦੀ ਵਸੋਂ ਵਿੱਚ ਜੱਟ, ਸੋਢੀ, ਬੌਰੀਏ, ਘੁਮਾਰ, ਮਜ਼੍ਹਬੀ ਸਿੱਖ ਆਦਿ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ