ਸਰਾਵਾਂ ਬੋਦਲਾ
ਸਥਿਤੀ:
ਤਹਿਸੀਲ ਮਲੋਟ ਦਾ ਪਿੰਡ ਸਰਾਵਾਂ ਬੋਦਲਾ, ਮਲੋਟ- ਮੁਕਤਸਰ ਸੜਕ ਤੋਂ 3 ਕਿਲੋਮੀਟਰ ਦੂਰ ਹੈ ਅਤੇ ਮਲੌਟ ਰੇਲਵੇ ਸਟੇਸ਼ਨ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਰਾਨ ਜਾਤੀ ਦੇ ਕਿਸੇ ਜੱਟ ਨੇ ਵਸਾਇਆ ਸੀ ਪਰ ਆਸੇ ਪਾਸੇ ਮੁਸਲਮਾਨਾਂ ਦਾ ਜ਼ੋਰ ਹੋਣ ਕਰਕੇ, ਇਸ ਪਿੰਡ ‘ਤੇ ਬੋਦਲਾ ਗੋਤ ਨਾਮੀ ਮੁਸਲਮਾਨ ਜਾਗੀਰਦਾਰ ਨੇ ਆਪਣਾ ਕਬਜ਼ਾ ਜਮਾ ਲਿਆ। ਇਸ ਜਗੀਰਦਾਰ ਨੇ 24 ਹਜ਼ਾਰ ਵਿਘੇ ਜ਼ਮੀਨ ਦੀ ਮਾਲਕੀ ਬਣਾਈ। ਪਹਿਲਾਂ ਇਸ ਪਿੰਡ ਨੂੰ ਸਰਾਨ ਕਿਹਾ ਜਾਂਦਾ ਸੀ, ਹੌਲੀ ਹੌਲੀ ਇਹ ‘ਸਰਾਵਾਂ ਬੋਦਲਾਂ’ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਇਸ ਪਿੰਡ ਵਿਚਲੇ ਸਾਰੇ ਮੁਸਲਮਾਨ ਜਾਂ ਹੋਰ ਹਰੀਜਨ ਸਭ ਜਗੀਰਦਾਰ ਦੇ ਮਰੂਸੀ ਮੁਜ਼ਾਰੇ ਸਨ। ਅੱਜ ਤੋਂ ਪੌਣੇ ਤਿੰਨ ਸੌ ਸਾਲ ਪਹਿਲਾਂ ਜਗੀਰਦਾਰ ਦੇ ਪੜਪੋਤਿਆਂ ਨੇ ਆਪਣੇ ਵੱਖਰੇ ਤਿੰਨ ਪਿੰਡ ਬੰਨ੍ਹੇ: ਇੱਕ ਕੱਟਿਆਂ ਵਾਲੀ, ਦੂਜਾ ਅਸਪਾਲ ਅਤੇ ਤੀਸਰਾ ਕਬਰ ਵਾਲਾ । ਸੰਨ 1947 ਦੀ ਵੰਡ ਵੇਲੇ ਪਿੰਡ ਦੇ ਮੁਸਲਮਾਨ ਪਰਿਵਾਰ ਪਾਕਿਸਤਾਨ ਚਲੇ ਗਏ। ਉਹਨਾਂ ਦੀ ਥਾਂ ਮਝੈਲ ਜੱਟ ਸਿੱਖ ਪਰਿਵਾਰਾਂ ਨੇ ਲੈ ਲਈ ਜੋ ਲਾਹੌਰ, ਸਿੰਧ ਤੇ ਕਸੂਰ ਤੋਂ ਆਏ ਸਨ। ਇਹ ਪਿੰਡ ਕਾਫੀ ਵਿਕਸਿਤ ਸੀ ਤੇ ਮੁਸਲਮਾਨਾਂ ਦੇ ਸਭਿਆਚਾਰ ਦੀਆਂ ਕਈ ਮਿਸਾਲਾਂ ਅਜੇ ਵੀ ਵਿਖਾਈ ਦੇਂਦੀਆਂ ਹਨ। ਇੱਕ ਬਹੁਤ ਵੱਡੀ ਮਸੀਤ ਸੀ ਜਿਸ ਵਿੱਚ ਗੁਰਦੁਆਰਾ ਹੈ। ਇਸ ਪਿੰਡ ਦੀ ਇੱਕ ਮਹਾਨ ਸ਼ਕਸੀਅਤ ਸੰਤ ਵਿਰਸਾ ਸਿੰਘ ਜੀ ਹਨ। ਜਿਹਨਾਂ ਨੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਕਰਵਾਈ ਅਤੇ ਪਿੰਡ ਦੀ ਭਲਾਈ ਲਈ ਅਨੇਕ ਕੰਮ ਕੀਤੇ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ