ਭੁੱਟੀ ਵਾਲਾ
ਸਥਿਤੀ :
ਤਹਿਸੀਲ ਗਿਦੜਬਾਹਾ ਦਾ ਪਿੰਡ ‘ਭੁੱਟੀ ਵਾਲਾ’ ਮੁਕਤਸਰ – ਜੈਤੋਂ ਸੜਕ ‘ਤੇ ਸਥਿਤ ਹੈ ਤੇ ਰੇਲਵੇ ਸਟੇਸ਼ਨ ਬਰੀਵਾਲਾ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਢਾਈ ਸੌ ਸਾਲ ਪਹਿਲਾਂ ਨੱਥੇ ਬੁੱਢੇ ਨੇ ਵਸਾਇਆ ਸੀ। ਇੱਥੇ ਇੱਕ ਭੱਟੀ ਮੁਸਲਮਾਨ ਦਾ ਝੋਟਾ ਨਾਲ ਦੇ ਪਿੰਡ ਤੋਂ ਪਾਣੀ ਪੀਣ ਆਇਆ ਤੇ ਇੱਥੇ ਛੱਪੜ ਵਿੱਚ ਲਿੱਬੜ ਕੇ ਵਾਪਸ ਗਿਆ ਤਾਂ ਭੱਟੀ ਨੂੰ ਪਤਾ ਲੱਗਾ ਕਿ ਇੱਥੇ ਛੱਪੜ ਹੈ ਤਾਂ ਇਹ ਪਿੰਡ ‘ਭੱਟੀ ਕੀ ਵਾਬ’ ਮਸ਼ਹੂਰ ਹੋ ਗਿਆ ਅਤੇ ਬਾਅਦ ਵਿੱਚ ਇਹ ਪਿੰਡ ਭੁੱਟੀ ਵਾਲਾ’ ਦੇ ਨਾਂ ‘ਤੇ ਪ੍ਰਸਿੱਧ ਹੋ ਗਿਆ।
ਇਸ ਪਿੰਡ ਦੇ ਇੱਕ ਉੱਚੇ ਟਿੱਲੇ ‘ਤੇ ‘ਭਗਤ ਪੂਰਨ ਦਾ ਟਿੱਲਾ ਹੈ, ਜਿਸ ਦੇ ਬਾਹਰ ਇੱਕ ਵਣ ਦਾ ਰੁੱਖ ਮੌਜੂਦ ਹੈ। ਦੱਸਿਆ ਜਾਂਦਾ ਹੈ ਕਿ ਲੂਣਾ ਦੇ ਹੁਕਮ ਨਾਲ ਜਦ ਭਗਤ ਪੂਰਨ ਦੇ ਹੱਥ ਪੈਰ ਵੱਢ ਕੇ ਉਸਨੂੰ ਖੂਹ ਵਿੱਚ ਸੁੱਟ ਦਿੱਤਾ ਗਿਆ ਅਤੇ ਸੰਤ ਗੋਰਖ ਨਾਥ ਜੀ ਨੇ ਉਸਨੂੰ ਖੂਹ ਵਿੱਚੋਂ ਕੱਢ ਕੇ ਉਸਦੇ ਅੰਗ ਸੁਰਜੀਤ ਕਰਕੇ ਉਸ ਨੂੰ ਜੱਥੇ ਨਾਲ ਰਲਾ ਲਿਆ ਤਾਂ ਭਗਤ ਪੂਰਨ ਇੱਥੇ ਆਇਆ ਸੀ। ਭਗਤ ਪੂਰਨ ਦੇ ਦਾਦਾ ਨੇੜੇ ਦੇ ਪਿੰਡ ਸਰਾਏ ਨਾਗਾ ਰਹਿੰਦੇ ਸਨ ਅਤੇ ‘ਸਰਾਏ ਨਾਗਾ’ ਦਾ ਪਹਿਲਾਂ ਨਾਂ ਉਜੈਨ ਸ਼ਹਿਰ ਸੀ। ਸ਼ਾਇਦ ਭਗਤ ਪੂਰਨ ਆਪਣੇ ਦਾਦੇ ਦਾ ਪਿੰਡ ਵੇਖਣ ਇਸ ਰਸਤੇ ਆਇਆ। ਭਗਤ ਪੂਰਨ ਦੇ ਟਿੱਲੇ ‘ਤੇ ਹਰ ਸਾਲ ਵਿਸਾਖੀ ‘ਤੇ ਮੇਲਾ ਲੱਗਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਜੈ ਕੋਈ ਇਸ ਟਿੱਲੇ ‘ਤੇ ਦਿਲੋਂ ਮੰਨਤ ਮੰਨੇ ਤਾਂ ਉਹ ਪੂਰੀ ਹੁੰਦੀ ਹੈ। ਦੱਸਿਆ ਜਾਂਦਾ ਹੈ। ਕਿ ਜਿਸ ਪਗਡੰਡੀ ਰਾਹੀਂ ਭਗਤ ਪੂਰਨ ਆਇਆ ਸੀ ਉਸ ਡੰਡੀ ਵਿੱਚ ਫਸਲ ਨਹੀਂ
ਉਗਦੀ। ਇਸ ਪਿੰਡ ਵਿੱਚ ਇੱਕ ਗ੍ਰਹਿਸਥੀ ਸੰਤ ਬਾਬਾ ਅੰਗਰੇਜ਼ ਸਿੰਘ ਹਨ। ਇਹ ਭਜਨ ਬੰਦਗੀ ਕਰਦੇ ਹਨ ਤੇ ਗਰੈਜੁਏਟ ਹਨ। ਇਹਨਾਂ ਦੇ ਹਜ਼ਾਰਾਂ ਸ਼ਰਧਾਲੂ ਹਨ। ਇਹਨਾਂ ਦੇ ਗੁਰਦੇਵ ਪੁਰੀ ਵਿੱਚ ਰਹਿੰਦੇ ਹਨ ਅਤੇ ਇੱਥੇ ਹਰ ਕ੍ਰਿਸ਼ਨ ਅਸਟਮੀ ਮਨਾਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ