ਬਠਿੰਡਾ-ਮਲੋਟ
ਸਥਿਤੀ:
ਤਹਿਸੀਲ ਗਿੱਦੜਬਾਹਾ ਪਿੰਡ ਬਠਿੰਡਾ-ਮਲੋਟ ਸੜਕ ‘ਤੇ ਸਥਿਤ ਹੈ ਅਤੇ ਗਿੱਦੜਬਾਹਾ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਦੌਲਾ ਦੋਦੀਵਾਲ ਨਾਂ ਦੇ ਇੱਕ ਵਿਅਕਤੀ ਨੇ ਬੰਨ੍ਹਿਆ ਸੀ। ਪਿੰਡ ਵਿੱਚ ਬਾਰਸ਼ਾਂ ਦੀ ਥੋੜ ਹੋਣ ਕਰਕੇ ਅਤੇ ਜ਼ਮੀਨ ਸਖਤ ਹੋਣ ਕਰਕੇ ਉਹ ਪਿੰਡ ਛੱਡ ਕੇ ਕਿਧਰੇ ਹੋਰ ਜਾ ਕੇ ਵੱਸ ਗਿਆ। ਇਹ ਪਿੰਡ ਫੇਰ ਦੁਬਾਰਾ ਛੇਤੀ ਹੀ ਵੱਸ ਗਿਆ ਕਿਉਂਕਿ ਪਟਿਆਲਾ ਰਿਆਸਤ ਦੇ ਪਿੰਡ ਯਾਤਰੀ ਦੇ ਕੁੱਝ ਵਸਨੀਕਾਂ ਨੇ ਰਾਜੇ ਨਾਲ ਕਿਸੇ ਗੱਲਬਾਤ ‘ਤੇ ਅਣਬਣ ਹੋ ਜਾਣ ਕਾਰਨ ਇੱਥੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਪਹਿਲੇ ਪਿੰਡ ਵਿੱਚ ਪੋਨਾ ਕਮਾਦ ਦੀ ਪੈਦਾਵਾਰ ਬਹੁਤ ਜ਼ਿਆਦਾ ਹੋਣ ਕਰਕੇ ਇਸ ਨੂੰ ‘ਮੋਟੇ ਕਮਾਦ ਵਾਲਾ ਦੌਲਾ’ ਕਰਕੇ ਵੀ ਸੱਦਿਆ ਜਾਂਦਾ ਸੀ।
ਇਸ ਪਿੰਡ ਵਿੱਚ ਮਾਨ ਗੋਤ ਦੇ ਜੱਟ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਰਾਜਸਥਾਨ ਦੇ ਜੈਸਲਮੇਰ ਦੇ ਇਲਾਕੇ ਮਾਨ ਨਾਲ ਸੰਬੰਧਿਤ ਹਨ, ਮਜ਼੍ਹਬੀ, ਬੌਰੀਏ, ਰਹਿਤੀਏ, ਹਰੀਜਨ, ਬਾਜ਼ੀਗਰ, ਦਰਜੀ, ਰਾਮਗੜ੍ਹੀਏ ਅਤੇ ਪੰਡਿਤ ਆਦਿ ਵਸਦੇ ਹਨ।
ਪਿੰਡ ਵਿੱਚ ਇੱਕ ਗੁਰਦੁਆਰਾ ਹੈ ਅਤੇ ਸਾਰੀਆਂ ਜਾਤਾਂ ਦੀ ਵੱਖ-ਵੱਖ ਧਰਮਸ਼ਾਲਾ ਹੈ। ਇਸ ਪਿੰਡ ਵਿੱਚ ਬਾਬਾ ਹਰਨਾਮ ਸਿੰਘ ਦੀ ਸਮਾਧ ਤੇ ਡੇਰਾ ਹੈ ਜਿਸਦੀ ਮਾਨਤਾ ਪਿੰਡ ਦੇ ਸਾਰੇ ਲੋਕ ਅਤੇ ਆਲੇ-ਦੁਆਲੇ ਦੇ ਪਿੰਡ ਵੀ ਕਰਦੇ ਹਨ। ਬਜ਼ੁਰਗਾਂ ਦੇ ਦੱਸਣ ਮੁਤਾਬਕ ਇੱਕ ਵਾਰੀ ਬਹੁਤ ਭਾਰੀ ਮੀਂਹ ਤੇ ਗੜੇ ਪਏ ਪਰ ਇਹ ਸਾਧੂ ਬਾਹਰੋਂ ਆਇਆ ਸੀ ਤੇ ਉਸਦੀ ਜਗ੍ਹਾ ਤੇ ਇੱਕ ਬੂੰਦ ਵੀ ਪਾਣੀ ਦੀ ਨਹੀਂ ਪਈ ਸੀ । ਲੋਕੀ ਉਸਦੀ ਪੂਜਾ ਕਰਨ ਲੱਗ ਪਏ ਅਤੇ ਉਸ ਦਿਨ ਤੋਂ ਬਾਅਦ ਪਿੰਡ ਵਿੱਚ ਕਦੀ ਗੜ੍ਹੇ ਨਹੀਂ ਪਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ