ਸ਼ਕੂਰ
ਸਥਿਤੀ :
ਤਹਿਸੀਲ ਫਿਰੋਜ਼ਪੁਰ ਦਾ ਪਿੰਡ ਸ਼ਕੂਰ, ਫਿਰੋਜ਼ਪੁਰ – ਮੁਦੱਕੀ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗੋਲੇਵਾਲਾ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਨਾਂ ਪਿੰਡ ਵਿੱਚ ਮੌਜੂਦ ਖਾਨਗਾਹ ਪੀਰ ਸੱਯਦ ਸ਼ਕੂਰੇ ਸ਼ਾਹ ਦੇ ਨਾਂ ‘ਤੇ ਪਿਆ ਹੈ। ਪਹਿਲੇ ਪਿੰਡ ਦੀ ਜ਼ਮੀਨ ਰਿਆਸਤ ਫਰੀਦਕੋਟ ਵਿੱਚ ਸੀ ਅਤੇ ਗੈਰ ਆਬਾਦ ਸੀ। ਇਸ ਜਗ੍ਹਾ ‘ਤੇ ਮਲਵਾਲ ਦੇ ਮੁਸਲਮਾਨ ਕਿਸੇ ਨੂੰ ਟਿਕਣ ਨਹੀਂ ਦੇਂਦੇ ਸਨ। ਮਹਾਰਾਜਾ ਫਰੀਦਕੋਟ ਨੇ ਇਸ ਜਗ੍ਹਾ ਨੂੰ ਆਬਾਦ ਕਰਨ ਲਈ ਸਿੱਧੂ ਬਰਾੜਾਂ, ਜੋ ਕਿ ਭੋਖੜੀ (ਬਠਿੰਡਾ) ਤੋਂ ਆਏ, ਨੂੰ ਕਿਹਾ। ਬਰਾੜਾਂ ਨੇ ਮੁਸਲਮਾਨਾਂ ਦੇ ਸਰਦਾਰ ਨੂੰ ਮਾਰ ਦਿੱਤਾ ਤੇ ਪਿੰਡ ਵਸਾਇਆ ਪਰ ਪਿੰਡ ‘ਤੇ ਕੋਈ ਨਾ ਕੋਈ ਆਫਤ ਆ ਜਾਂਦੀ ਸੀ। ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਇੱਕ ਗੈਬੀ ਆਵਾਜ਼ ਸੁਣੀ ਕਿ ਪਿੰਡ ਨੂੰ ਕਬਰ ਦੇ ਪੈਰਾਂ ਵੱਲ ਬੰਨ੍ਹੇ ਤਾਂ ਕਾਮਯਾਬੀ ਮਿਲੇਗੀ। ਉਸ ਤੋਂ ਬਾਅਦ ਮੌਜੂਦਾ ਪਿੰਡ ਕਬਰ ਦੇ ਦੱਖਣ ਵੱਲ ਬੰਨ੍ਹਿਆ ਗਿਆ ਤੇ ਪੀਰ ਦੇ ਨਾਂ ‘ਤੇ ਪਿੰਡ ਦਾ ਨਾਂ ਸ਼ਕੂਰ ਰੱਖਿਆ ਗਿਆ। ਪਿੰਡ ਵਿੱਚ ਬਹੁਤੇ ਘਰ ਜੱਟਾਂ ਦੇ ਗੋਤ ਸਿੱਧੂ ਬਰਾੜਾਂ ਦੇ ਹਨ, ਬਾਕੀ ਵਸੋਂ ਹਰੀਜਨਾਂ, ਰਾਮਦਾਸੀਏ ਸਿੱਖ, ਮਿਸਤਰੀ ਅਤੇ ਤਰਖਾਣਾਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ