ਦੀਵਾਨ ਖੇੜਾ
ਸਥਿਤੀ :
ਤਹਿਸੀਲ ਅਬੋਹਰ ਦਾ ਪਿੰਡ ਦੀਵਾਨ ਖੇੜਾ, ਅਬੋਹਰ – ਗੰਗਾ ਨਗਰ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਕਾਇਣ ਵਾਲਾ ਤੋਂ ਵੀਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅੱਜ ਤੋਂ ਪੌਣੇ ਦੋ ਸੌ ਸਾਲ ਪਹਿਲਾਂ ਇਹ ਪਿੰਡ ਖਰਲ ਗੋਤ ਦੇ ਮੁਸਲਮਾਨ ਸਾਦੋ ਖਾਂ ਤੇ ਹਾਂਡਾ ਗੋਤ ਦੇ ਹਿੰਦੂਆਂ ਨੇ ਪਾਕਪਟਨ ਤੋਂ ਆ ਕੇ ਸਾਂਝੇ ਤੌਰ ‘ਤੇ ਵਸਾਇਆ ਸੀ। ਹਾਂਡੇ ਉਹ ਹਿੰਦੂ ਸਨ ਜਿਨ੍ਹਾਂ ਨੂੰ ਪਾਕਪਟਨ ਵਿਖੇ ਬਣੀ ਹੋਈ ਬਾਬਾ ਫਰੀਦ ਦੀ ਯਾਦਗਾਰ ‘ਤੇ ਹਰ ਸਾਲ ਲੱਗਦੇ ਮੇਲੇ ਸਮੇਂ ਭੰਡਾਰੇ ਦਾ ਜਿੰਦਰਾ ਖੋਲ੍ਹਣ ਦਾ ਅਧਿਕਾਰ ਪ੍ਰਾਪਤ ਸੀ। ਇਹ ਮੇਲੇ ਸਮੇਂ ਭੰਡਾਰੇ ਨੂੰ ਚਾਲੂ ਕਰਨ ਦੀ ਰਸਮ ਅਦਾ ਕਰਦੇ ਹੁੰਦੇ ਸਨ ਅਤੇ ਚੜ੍ਹਾਵਾ ਵੀ ਉਹੀ ਲੈਂਦੇ ਸਨ। ਇਸ ਪਿੰਡ ਦੇ ਲੋਕਾਂ ਨੂੰ ਇਲਾਕੇ ਦੇ ਲੋਕ ‘ਭੰਡਾਰਿਆਂ’ ਦੇ ਨਾਂ ਨਾਲ ਸੱਦਦੇ ਸਨ। ਅੰਗਰੇਜ਼ ਸਰਕਾਰ ਵਲੋਂ ਹਾਂਡਿਆਂ ਨੂੰ ਇਸ ਇਲਾਕੇ ਵਿੱਚ ਦਿਵਾਨ ਨਿਯੁਕਤ ਕੀਤਾ ਗਿਆ ਸੀ ਜਿਸ ਕਰਕੇ ਉਹਨਾਂ ਆਪਣੇ ਪਿੰਡ ਦਾ ਨਾਂ ਵੀ ‘ਦੀਵਾਨ ਖੇੜਾ’ ਦਰਜ ਕਰਵਾ ਲਿਆ।
ਦੀਵਾਨਾਂ ਨੂੰ ਹਰ ਸਾਲ ਬਾਬਾ ਫਰੀਦ ਦੇ ਯਾਦਗਾਰੀ ਉਤਸਵ ਵਿੱਚ ਸ਼ਾਮਲ ਹੋਣ ਲਈ ਜਾਣਾ ਪੈਂਦਾ ਸੀ ਇਸ ਕਰਕੇ ਉਹ ਸਾਰਾ ਕਾਰੋਬਾਰ ਸਮੇਟ ਕੇ ਪਾਕਪਟਨ ਚਲੇ ਗਏ ਅਤੇ ਸਾਥੀ ਮੁਸਲਮਾਨਾਂ ਦਾ ਕਬਜ਼ਾ ਕਰਵਾ ਗਏ। ਦੇਸ਼ ਦੀ ਵੰਡ ਸਮੇਂ ਮੁਸਲਮਾਨ ਵੀ ਪਾਕਿਸਤਾਨ ਚਲੇ ਗਏ ਅਤੇ ਇਹ ਪਿੰਡ ਉਜਾੜ ਬਸਤੀ ਬਣ ਗਿਆ। ਹੁਣ ਬਹਾਵਲਪੁਰ ਤੋਂ ਬਿਸ਼ਨੋਈ, ਮਿੰਟਗੁਮਰੀ ਤੋਂ ਕੰਬੋਜ ਤੇ ਹਿੰਦੂ (ਛਾਬੜਾ, ਵਧਵਾ, ਧਮੇਜਾ) ਅਤੇ ਮਹਾਜਨ ਇਸ ਪਿੰਡ ਵਿੱਚ ਆ ਕੇ ਵੱਸ ਗਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ