ਪੰਨੀਵਾਲਾ ਮਾਹਲਾ
ਸਥਿਤੀ :
ਤਹਿਸੀਲ ਅਬੋਹਰ ਦਾ ਪਿੰਡ ਪੰਨੀਵਾਲਾ ਮਾਹਲਾ ਅਬੋਹਰ – ਗੰਗਾ ਨਗਰ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸ੍ਰੀ ਗੰਗਾ ਨਗਰ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅੱਜ ਤੋਂ ਲਗਭਗ ਪੌਣੇ ਦੋ ਸੌ ਸਾਲ ਪਹਿਲਾਂ ਪਿੰਡ ਪੰਨੀਵਾਲਾ ਮਾਹਲਾ ਦੀ ਮੋੜ੍ਹੀ ਗੱਡਣ ਵਾਲਾ ਮਾਹਲਾ ਰਾਮ ਵਿਸ਼ਨੋਈ ਆਪਣੇ ਭਾਈ ਕਸਤੂਰਾ ਰਾਮ ਨਾਲ ਪਿੰਡ ਕਾਕੜਾ ਜ਼ਿਲ੍ਹਾ ਨਾਗੌਰ (ਰਾਜਸਥਾਨ) ਤੋਂ ਇਸ ਇਲਾਕੇ ਵਿੱਚ ਪਿੰਡ ਸੀਤੋ ਗੁੰਨੋ ਆਇਆ ਤੇ ਆਪਣਾ ਪਿੰਡ ਵਸਾਉਣ ਲਈ ਸਰਕਾਰ ਨੂੰ ਅਰਜ਼ੀ ਦਿੱਤੀ। ਅਰਜੀ ਮਨਜ਼ੂਰ ਹੋਣ ‘ਤੇ ਇਸ ਪਿੰਡ ਵਾਲੀ ਥਾਂ ‘ਤੇ ਆ ਕੇ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਪਿੰਡ ਜਸਰਾ ਸਰ (ਰਾਜਸਥਾਨ) ਤੋਂ ਬੁਲਾ ਲਿਆ। ਮਾਹਲਾ ਰਾਮ ਨੇ ਪਿੰਡ ਦੇ ਨਾਂ ਨਾਲ ਆਪਣਾ ਨਾਂ ਜੋੜ ਕੇ ‘ਪੰਨੀਵਾਲਾ ਮਾਹਲਾ’ ਨਾਂ ਰੱਖ ਦਿੱਤਾ। ਪਿੰਡ ਨੂੰ ਪੰਨੀਵਾਲਾ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਇੱਥੇ ਕਿਸੇ ਵੇਲੇ ਦਰਿਆ ਦਾ ਵਹਿਣ ਹੋਣ ਕਰਕੇ ਪੰਨ੍ਹੀ (ਇਕ ਤਰ੍ਹਾਂ ਦਾ ਘਾਹ) ਬਹੁਤ ਸੰਘਣੀ ਹੁੰਦੀ ਸੀ। ਪਿੰਡ ਵਿੱਚ ਵਿਸ਼ਨੋਈ, ਧਾਲੀਵਾਲ ਤੇ ਢਿੱਲੋਂ ਜੱਟ ਸਿੱਖਾਂ ਤੋਂ ਇਲਾਵਾ ਹਰੀਜਨ, ਬ੍ਰਾਹਮਣ ਤੇ ਬਾਲਮੀਕੀ ਵੀ ਵੱਸਦੇ ਹਨ। ਪਿੰਡ ਵਿੱਚ ਇੱਕ ਮਾਈ ਖੇਤੋ ਦੀ ਸਮਾਧੀ ਹੈ ਜਿੱਥੇ ਹਰ ਦੂਸਰੇ ਸਾਲ ਰਮਾਇਣ ਦਾ ਪਾਠ ਹੁੰਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ