ਬੋਲੇ ਖੋਖਰਾਂ ਦਾ ਉਪਗੋਤ ਹੈ। ਖੋਖਰ ਜੱਟ ਵੀ ਹੁੰਦੇ ਹਨ ਅਤੇ ਖਾਣ ਵੀ ਹੁੰਦੇ ਹਨ। ਖੋਖਰ ਬਹੁਤ ਹੀ ਪੁਰਾਣਾ ਤੇ ਲੜਾਕੂ ਜੱਟ ਕਬੀਲਾ ਹੈ । ਖੋਖਰਾਂ ਨੇ ਵਿਦੇਸ਼ੀ ਹਮਲਾਆਵਰਾਂ ਦਾ ਹਮੇਸ਼ਾ ਡਟ ਕੇ ਟਾਕਰਾ ਕੀਤਾ। ਵਿਦੇਸ਼ੀ ਹਮਲਾਆਵਰਾਂ ਨੇ ਵੀ ਖੋਖਰਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ ਸੀ । ਜੱਟਾਂ ਦੇ ਕਈ ਗੋਤ ਉਨ੍ਹਾਂ ਦੀ ਕੋਈ ਨਵੀਂ ਅੱਲ ਪੈਣ ਕਾਰਨ ਵੀ ਪ੍ਰਚਲਤ ਹੋ ਗਏ ਹਨ। ਬੋਲਾ ਗੋਤ ਵੀ ਅੱਲ ਪੈਣ ਕਾਰਨ ਪ੍ਰਚਲਤ ਹੋਇਆ ਹੈ। ਬੋਲੇ ਜੱਟ ਸਾਰੇ ਸਿੱਖ ਹਨ। ਪੂਰਬੀ ਪੰਜਾਬ ਵਿੱਚ ਸਾਰੇ ਖੋਖਰ ਸਿੱਖ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਖੋਖਰ ਮੁਸਲਮਾਨ ਬਣ ਗਏ ਸਨ । ਖੋਖਰ ਗੋਤ ਜੱਟਾਂ ਤੇ ਰਾਜਪੂਤਾਂ ਦਾ ਸਾਂਝਾ ਗੋਤ ਹੈ। ਬੋਲੇ ਉਪਗੋਤ ਦੇ ਖੋਖਰ ਜੱਟ ਬਹੁਤੇ ਮਾਲਵੇ ਵਿੱਚ ਹੀ ਆਬਾਦ ਹਨ। ਖੋਖਰਾਂ ਦੀਆਂ ਕਈ ਮੂੰਹੀਆਂ ਹਨ। ਕੁਝ ਖੋਖਰ ਮੀਆਂਵਾਲੀ, ਜੇਹਲਮ ਤੇ ਮੁਲਤਾਨ ਆਦਿ ਖੇਤਰਾਂ ਤੋਂ ਉੱਠਕੇ ਘੱਗਰ ਨਾਲੀ ਵਲ ਆ ਗਏ। ਫਿਰ ਹੌਲੀ-ਹੌਲੀ ਰਾਜਸਤਾਨ ਦੇ ਗੜ੍ਹਗਜ਼ਨੀ ਖੇਤਰ ਵਿੱਚ ਆਬਾਦ ਹੋ ਗਏ। ਜੱਟਾਂ ਦੇ ਕੁਝ ਕਬੀਲੇ ਪੰਜਾਬ ਵਿੱਚ ਪੱਛਮ ਵਲੋਂ ਆਏ ਹਨ ਅਤੇ ਕੁਝ ਕਬੀਲੇ ਪੂਰਬ ਵਲੋਂ ਆਏ ਹਨ। ਪੁਰਾਣੇ ਸਮੇਂ ਵਿੱਚ ਵੀ ਕਾਲ ਪੈਣ ਜਾਂ ਬਦੇਸ਼ੀ ਹਮਲਿਆਂ ਕਾਰਨ ਜੱਟ ਕਬੀਲੇ ਇਕ ਜਗਾਹ ਤੋਂ ਉਠਕੇ ਦੂਜੇ ਖੇਤਰਾਂ ਵਿੱਚ ਚਲੇ ਜਾਂਦੇ ਸਨ। ਕੁਝ ਸਮੇਂ ਮਗਰੋਂ ਖੋਖਰ ਰਾਜਸਤਾਨ ਤੋਂ ਉੱਠਕੇ ਮਹਿਮੜੇ ਦੀ ਰੋਹੀ ਵਿੱਚ ਆਕੇ ਆਬਾਦ ਹੋ ਗਏ। ਕਾਫੀ ਸਮੇਂ ਪਿਛੋਂ ਇੱਕ ਪ੍ਰਸਿੱਧ ਖੋਖਰ ਜੱਟ ਚੌਧਰੀ ਰੱਤੀ ਰਾਮ ਨੇ ਰੱਤੀਆ ਬੋਲਾ ਕਸਬੇ ਦਾ ਮੁੱਢ ਬੰਨਿਆ। ਹੁਣ ਰਤੀਆ ਖੇਤਰ ਹਰਿਆਣੇ ਵਿੱਚ ਹੈ। ਜਿਸ ਖਾਨਦਾਨ ਵਿੱਚ ਬੋਲਿਆਂ ਦੇ ਵਡੇਰੇ ਦੀ ਸ਼ਾਦੀ ਹੋਈ, ਉਸ ਘਰਾਣੇ ਵਿੱਚ ਮਹਾਨ ਅਕਬਰ ਬਾਦਸ਼ਾਹ ਵਿਆਹਿਆ ਸੀ। ਇਸ ਕਾਰਨ ਉਹ ਅਕਬਰ ਦਾ ਸਾਢੂ ਸੀ। ਅਕਬਰ ਆਪਣੇ ਸਾਢੂ ਨੂੰ ਬਹੁਤ ਇਮਾਨਦਾਰ ਸਮਝਦਾ ਸੀ । ਉਸ ਉੱਤੇ ਬਹੁਤ ਭਰੋਸਾ ਕਰਦਾ ਸੀ। ਇਕ ਵਾਰੀ ਅਕਬਰ ਖੁਦ ਕਿਸੇ ਲੜਾਈ ਵਿੱਚ ਭਾਗ ਲੈਣ ਲਈ ਜਾ ਰਿਹਾ ਸੀ। ਉਸਨੇ ਆਪਣੇ ਸਾਢੂ ਨੂੰ ਪੱਟਾ ਲਿਖਕੇ ਦਿੱਤਾ ਕਿ ਜੇ ਮੈਂ ਮਰ ਗਿਆ ਤਾਂ ਦਿੱਲੀ ਦਾ ਰਾਜ ਤੇਰਾ-ਅੱਜ ਤੋਂ ਦਿੱਲੀ ਦਾ ਰਾਜ ਤੇਰਾ। ਅਕਬਰ ਦਾ ਸਾਢੂ ਅਕਬਰ ਬਾਦਸ਼ਾਹ ਦੀ ਬਾਤ ਨੂੰ ਸਮਝ ਨਾ ਸਕਿਆ ਕੁਝ ਸਮੇਂ ਮਗਰੋਂ ਜਦ ਅਕਬਰ ਬਾਦਸ਼ਾਹ ਵਾਪਸ ਆ ਗਿਆ ਤਾਂ ਉਸ ਦੇ ਸਾਢੂ ਨੇ ਉਹ ਪੱਟਾ ਅਕਬਰ ਨੂੰ ਵਾਪਸ ਕਰ ਦਿੱਤਾ। ਕੁੱਝ ਲੋਕਾਂ ਨੇ ਮਖੌਲ ਵਜੋਂ ਕਿਹਾ ਕਿ ਜੱਟ ਬੌਲੇ ਹੀ ਨਿਕਲੇ, ਮੁਸਲਮਾਨਾਂ ਦਾ ਹੱਥ ਆਇਆ ਰਾਜ ਮੋੜ ਕੇ ਉਨ੍ਹਾਂ ਨੂੰ ਹੀ ਦੇ ਦਿੱਤਾ। ਇਸ ਤਰ੍ਹਾਂ ਹੌਲੀ-ਹੌਲੀ ਬੌਲੇ ਸ਼ਬਦ ਬਦਲਦਾ-ਬਦਲਦਾ ਬੋਲੇ ਬਣ ਗਿਆ। ਬੋਲਾ ਅੱਲ ਪੈਣ ਤੇ ਇਸ ਕਬੀਲੇ ਦਾ ਗੋਤ ਬੋਲਾ ਹੀ ਪ੍ਰਚਲਤ ਹੋ ਗਿਆ। ਇਹ ਮਿਥਿਹਾਸਕ ਘਟਨਾ ਲਗਦੀ ਹੈ। ਇਸ ਗੋਤ ਦੇ ਲੋਕਾਂ ਬਾਰੇ ਇੱਕ ਹੋਰ ਦੰਦ ਕਥਾ ਵੀ ਅਕਬਰ ਨਾਲ ਹੀ ਸੰਬੰਧਤ ਹੈ। ਕਹਿੰਦੇ ਹਨ ਕਿ ਬੋਲਿਆਂ ਦੇ ਵਡੇਰੇ ਨੂੰ ਉਸਦੇ ਪਿਉ ਦੀ ਮੌਤ ਮਗਰੋਂ ਸਾਢੂ ਦੇ ਨਾਤੇ ਅਕਬਰ ਬਾਦਸ਼ਾਹ ਨੇ ਆਪਣੇ ਹੱਥੀਂ ਆਪ ਪੱਗ ਬੰਨੀ ਅਤੇ ਆਖਿਆ ਕਿ ਅੱਗੇ ਤੋਂ ਤੁਸੀਂ ਕਿਸੇ ਜੱਟ ਨੂੰ ਖੁਸ਼ੀ ਜਾਂ ਗਮੀ ਮੌਕੇ ਪੱਗ ਨਹੀਂ ਦੇਣੀ। ਮੈਂ ਤੁਹਾਨੂੰ ਸ਼ਾਹੀ ਪੱਗ ਦੇ ਦਿੱਤੀ ਹੈ । ਬੋਲੇ ਗੋਤ ਦੇ ਜੱਟ ਕਿਸੇ ਨੂੰ ਪੱਗ ਨਹੀਂ ਦਿੰਦੇ। ਬੋਲੇ ਜੱਟ ਆਪਣੇ ਜੁਆਈ ਨੂੰ ਵੀ ਪੱਗ ਨਹੀਂ ਦਿੰਦੇ । ਅਕਬਰ ਦੇ ਸਮੇਂ ਅਕਬਰ ਦੇ ਰਿਸ਼ਤੇਦਾਰ ਜੱਟ ਵੀ ਆਪਣੇ ਆਪ ਨੂੰ ਜੱਟਾਂ ਨਾਲੋਂ ਉੱਚਾ ਸਮਝਦੇ ਸਨ । ਬੋਲੇ ਜੱਟਾਂ ਬਾਰੇ ਕਈ ਲੋਕ ਕਥਾਵਾਂ ਤੇ ਲੋਕ ਗੀਤ ਪ੍ਰਚਲਤ ਹਨ। ਬੋਲੇ ਭਾਈਚਾਰੇ ਦੇ ਬਹੁਤੇ ਪਿੰਡ ਹਰਿਆਣੇ ਦੇ ਸਿਰਸਾ, ਹਿੱਸਾਰ ਅਤੇ ਪੰਜਾਬ ਦੇ ਮਾਨਸਾ, ਬਠਿੰਡਾ ਖੇਤਰਾਂ ਵਿੱਚ ਹਨ। ਇਨ੍ਹਾਂ ਦੇ ਪ੍ਰਸਿੱਧ ਪਿੰਡ ਰੱਤੀਆ, ਰਤਨਗੜ੍ਹ, ਕਮਾਣਾ, ਸਿਵਾਣੀ, ਦਾਤੇਵਾਸ, ਕੁਲਾਣਾ ਆਦਿ ਹਨ। ਖੋਖਰ ਗੋਤ ਦੇ ਲੋਕ ਰਾਜਪੂਤ, ਜੱਟ, ਖਾਣ ਤੇ ਮੱਜ਼ਬੀ ਸਿੱਖ ਵੀ ਹੁੰਦੇ ਹਨ। ਬੋਲੇ ਜੱਟ ਸਿੱਖ ਹੀ ਹੁੰਦੇ ਹਨ।

ਪੰਜਾਬ ਵਿੱਚ ਬੋਲੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਸਾਂਝੇ ਪੰਜਾਬ ਵਿੱਚ ਖੋਖਰਾਂ ਦੀ ਗਿਣਤੀ ਬਹੁਤ ਸੀ । ਖੋਖਰ ਰਾਜਪੂਤ 55380 ਅਤੇ ਜੱਟ 12331 ਸੀ। ਅੰਗਰੇਜ਼ਾਂ ਦੇ ਰਾਜ ਸਮੇਂ 1881 ਈਸਵੀ ਦੀ ਜੰਨਸੰਖਿਆ ਸਮੇਂ ਜਾਤੀਆਂ ਅਤੇ ਗੋਤ ਵੀ ਲਿਖੇ ਗਏ ਸਨ। ਇਸ ਸਮੇਂ ਪਟਵਾਰੀਆਂ ਨੇ ਵੀ ਵੱਖ-ਵੱਖ ਜਾਤੀਆਂ ਦੇ ਗੋਤਾਂ ਤੇ ਆਮ ਰਵਾਜਾਂ ਬਾਰੇ ਸੰਬੰਧਤ ਅਧਿਕਾਰੀਆਂ ਨੂੰ ਕਾਫੀ ਜਾਣਕਾਰੀ ਆਪਣੇ ਮਾਲ ਮਹਿਕਮੇਂ ਰਾਹੀ ਭੇਜੀ ਸੀ ਜਿਸ ਦੇ ਆਧਾਰ ਤੇ ਹੀ ਸਰ ਇੱਬਟਸਨ ਨੇ ਮਹਾਨ ਖੋਜ ਪੁਸਤਕ ‘ਪੰਜਾਬ ਕਾਸਟਸ’ ਲਿਖੀ। ਸੈਣੀਆਂ ਵਿੱਚ ਵੀ ਬੋਲਾ ਗੋਤ ਹੁੰਦਾ ਹੈ। ਜੱਟਾਂ ਤੇ ਸੈਣੀਆਂ ਦੇ ਕਈ ਗੋਤ ਰਲਦੇ ਹਨ। ਸੋਹੀ ਜੱਟ ਵੀ ਹਨ ਅਤੇ ਸੈਣੀ ਵੀ ਹਨ। ਬੋਲਾ ਖੋਖਰਾਂ ਦਾ ਉੱਘਾ ਤੇ ਬਹੁਤ ਹੀ ਛੋਟਾ ਗੋਤ ਹੈ। ਖੋਖਰ ਪ੍ਰਾਚੀਨ ਤੇ ਦੇਸ਼ ਭਗਤ ਖਾੜਕੂ ਜੱਟ ਸਨ।
