ਆਦਿਕਾ
ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਰਚਨਾ ਵਿਚ ਦਸਵੇਂ ਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਣਨ ਹੈ। ਇਸ ਵਿਚ ਸਿੱਖ ਜਗਤ ਦੇ ਹਿਰਦੇ ਵਿਚ ਵੱਸੇ ਤਿੰਨ ਪਵਿੱਤਰ ਸਥਾਨਾਂ ਦਾ ਵਿਸ਼ੇਸ਼ ਜ਼ਿਕਰ ਹੈ। ਪਹਿਲਾ ਅਨੰਦਪੁਰ ਸਾਹਿਬ ਦੀ ਧਰਤੀ ਹੈ ਜਿਸ ਨੂੰ ਖ਼ਾਲਸੇ ਦੀ ਜਨਮ-ਭੂਮੀ ਕਿਹਾ ਜਾਂਦਾ ਹੈ। ਪਹਾੜੀ ਰਾਜੇ ਅਤੇ ਉਨ੍ਹਾਂ ਦੀ ਮਦਦ ਲਈ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਲਾਹੌਰ ਅਤੇ ਸਰਹੰਦ ਦੇ ਸੂਬਿਆਂ ਦੀਆਂ ਫ਼ੌਜਾਂ, ਗੁਰੂ ਜੀ ਦੀਆਂ ਵੈਰੀ ਬਣ ਗਈਆਂ।

ਉਨ੍ਹਾਂ ਨੇ 1701 ਈ. ਵਿਚ ਅਨੰਦਪੁਰ ਉੱਤੇ ਹਮਲਾ ਕੀਤਾ। ਤਿੰਨ ਸਾਲਾਂ ਤੀਕ ਗੁਰੂ ਜੀ ਦੇ ਸਿੱਖ ਇਨ੍ਹਾਂ ਹਮਲਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਰਹੇ। ਵੈਰੀਆਂ ਨੇ ਕਿਲ੍ਹੇ ਅੰਦਰ ਰਸਦ ਪਾਣੀ ਆਦਿ ਜਾਣ ਤੋਂ ਰੋਕ ਦਿੱਤਾ। ਦੂਜੇ ਬੰਨੇ ਗੁਰੂ ਜੀ ਨੂੰ ਭਰੋਸਾ ਦਿੱਤਾ ਕਿ ਜੇਕਰ ਉਹ ਅਨੰਦਪੁਰ ਛੱਡ ਦੇਣ, ਤਦ ਉਨ੍ਹਾਂ ਨੂੰ ਸੁਰੱਖਿਅਤ ਜਾਣ ਦਿੱਤਾ ਜਾਵੇਗਾ। ਗੁਰੂ ਜੀ ਨੇ ਇਸ ਇਕਰਾਰ ਉੱਤੇ ਯਕੀਨ ਕਰਦਿਆਂ 1705 ਈਸਵੀ ਵਿਚ ਇਹ ਸਥਾਨ ਛੱਡਣ ਦਾ ਫ਼ੈਸਲਾ ਕੀਤਾ। ਪਰ ਵੈਰੀਆਂ ਦੀਆਂ ਕਸਮਾਂ ਖਾਧੀਆਂ ਝੂਠੀਆਂ ਸਾਬਤ ਹੋਈਆਂ, ਜਦੋਂ ਸਰਸਾ ਨਦੀ ਦੇ ਕੰਢੇ ਉਨ੍ਹਾਂ ਦੀ ਭਾਰੀ ਫ਼ੌਜ ਨੇ ਹਮਲਾ ਕਰ ਦਿੱਤਾ। ਕਹਿਰ ਦੀ ਸਰਦੀ, ਹਨੇਰਾ ਅਤੇ ਉੱਤੋਂ ਬਾਰਿਸ਼, ਗੁਰੂ ਜੀ ਅਤੇ ਉਨ੍ਹਾਂ ਦੇ ਸਿੱਖਾਂ ਨੇ ਵੈਰੀਆਂ ਦਾ ਡੱਟ ਕੇ ਮੁਕਾਬਲਾ ਕੀਤਾ। ਸਰਸਾ ਨਦੀ ਦੇ ਹੜ੍ਹ ਵਿਚ ਗੁਰੂ ਜੀ ਦਾ ਸਾਮਾਨ ਅਤੇ ਅਣਮੁੱਲੀਆਂ ਹੱਥ- ਲਿਖਤਾਂ ਰੁੜ੍ਹ ਗਈਆਂ। ਜਿਸ ਥਾਂ ਅੱਜ-ਕੱਲ੍ਹ ਗੁਰਦੁਆਰਾ ਪਰਿਵਾਰ ਵਿਛੋੜਾ ਹੈ, ਉਸ ਥਾਂ ਗੁਰੂ ਜੀ ਦੇ ਪਰਿਵਾਰ ਦੇ ਕੁਝ ਮੈਂਬਰ ਉਨ੍ਹਾਂ ਤੋਂ ਵਿਛੜ ਗਏ। ਗੁਰੂ ਜੀ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਚਾਲ੍ਹੀ ਕੁ ਸਿਦਕਵਾਨ ਸਿੰਘਾਂ ਦੇ ਨਾਲ ਚਮਕੌਰ ਦੀ ਕੱਚੀ ਗੜ੍ਹੀ ਵਿਚ ਆ ਟਿਕਾਣਾ ਬਣਾਉਂਦੇ ਹਨ। ਵੈਰੀਆਂ ਦੀ ਭਾਰੀ ਫ਼ੌਜ ਨੇ ਜੋ ਕਿ ਪਿੱਛਾ ਕਰਦੀ ਆ ਰਹੀ ਸੀ, ਚਮਕੌਰ ਦੀ ਗੜ੍ਹੀ ਨੂੰ ਆ ਕੇ ਘੇਰਾ ਪਾ ਲਿਆ। ਇਸ ਲੜਾਈ ਵਿਚ 22 ਦਸੰਬਰ 1705 ਨੂੰ ਗੁਰੂ ਜੀ ਦੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ, ਤਿੰਨ ਪਿਆਰੇ ਅਤੇ ਹੋਰ ਸਿੰਘ ਸ਼ਹੀਦ ਹੋ ਗਏ।
ਓਧਰ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਆਪਣੇ ਇਕ ਪੁਰਾਣੇ ਸੇਵਾਦਾਰ ਗੰਗੂ ਉੱਤੇ ਵਿਸ਼ਵਾਸ ਕਰ ਕੇ ਉਸ ਦੇ ਨਾਲ ਕਸਬਾ ਮੋਰਿੰਡਾ ਦੇ ਨੇੜੇ ਉਸ ਦੇ ਪਿੰਡ ਸਹੇੜੀ ਪਨਾਹ ਲੈਂਦੇ ਹਨ। ਪਰ ਗੰਗੂ ਵਿਸ਼ਵਾਸਘਾਤ ਕਰਦਿਆਂ ਉਨ੍ਹਾਂ ਨੂੰ ਮੋਰਿੰਡਾ ਦੇ ਕੋਤਵਾਲ ਕੋਲ ਗ੍ਰਿਫ਼ਤਾਰ ਕਰਵਾ ਦਿੰਦਾ ਹੈ। ਅੱਗੇ ਸਰਹਿੰਦ ਦਾ ਸੂਬੇਦਾਰ ਵਜ਼ੀਰ ਖ਼ਾਂ ਸਾਹਿਬਜ਼ਾਦਿਆਂ ਨੂੰ ਜਿਊਂਦਿਆਂ ਹੀ ਨੀਹਾਂ ਵਿਚ ਚਿਣਵਾਉਣ ਦਾ ਹੁਕਮ ਦਿੰਦਾ ਹੈ। 27 ਦਸੰਬਰ 1705 ਨੂੰ ਸਾਹਿਬਜ਼ਾਦੇ ਸ਼ਹੀਦੀ ਨੂੰ ਪ੍ਰਾਪਤ ਹੁੰਦੇ ਹਨ। ਉਨ੍ਹਾਂ ਦੇ ਦਾਦੀ, ਮਾਤਾ ਗੁਜਰੀ ਜੀ, ਆਪਣੇ ਪੋਤਰਿਆਂ ਦੀ ਸ਼ਹੀਦੀ ਦਾ ਸਮਾਚਾਰ ਮਿਲਦੇ ਹੀ ਸਵਾਸ ਤਿਆਗ ਦਿੰਦੇ ਹਨ।
ਇਤਿਹਾਸ ਦੀਆਂ ਇਨ੍ਹਾਂ ਤ੍ਰਾਸਦਿਕ ਘਟਨਾਵਾਂ ਬਾਰੇ ਇਤਿਹਾਸਕਾਰਾਂ ਅਤੇ ਸਾਹਿੱਤਕਾਰਾਂ ਨੇ ਬਹੁਤ ਕੁਝ ਲਿਖਿਆ ਹੈ। ਢਾਡੀਆਂ ਅਤੇ ਕਵੀਸ਼ਰਾਂ ਨੇ ਇਨ੍ਹਾਂ ਸ਼ਹੀਦੀਆਂ ਨੂੰ ਬੜੇ ਜੋਸ਼ ਅਤੇ ਦਰਦ ਨਾਲ ਗਾਂਵਿਆ ਹੈ। ਜਾਪਦਾ ਹੈ ਕਿ ਫਿਰ ਵੀ ਇਨ੍ਹਾਂ ਅਣਹੋਣੀਆਂ ਦੇ ਦਰਦ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਿਆ। ਗੁਰਬਖ਼ਸ਼ ਸਿੰਘ ਕੇਸਰੀ ਦਾ ਪਿੰਡ ਇਸੇ ਇਲਾਕੇ ਵਿਚ ਪੈਂਦਾ ਹੈ। ਅਨੰਦਪੁਰ, ਚਮਕੌਰ, ਮੋਰਿੰਡਾ ਅਤੇ ਸਰਹਿੰਦ ਉੱਥੋਂ ਕੁਝ ਕੋਹਾਂ ਦੀ ਵਿੱਥ ਉੱਤੇ ਹੀ ਹਨ। ਬੀਤੇ ਵਿਚ ਇਸ ਇਲਾਕੇ ਦੇ ਲੋਕ ਇਨ੍ਹਾਂ ਥਾਵਾਂ ਉੱਤੇ ਲੱਗਦੇ ਸ਼ਹੀਦੀ ਜੋੜ-ਮੇਲਿਆਂ ਉੱਤੇ ਪੈਦਲ ਚੱਲ ਕੇ ਆਪਣੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਦੇ ਸਨ। ਕੇਸਰੀ ਜੀ ਨੇ ਦਸਵੇਂ ਗੁਰੂ ਜੀ ਦੇ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੇ ਸਾਕੇ ਬਾਰੇ ਇਸ ਲਿਖਤ ਦੀ ਰਚਨਾ ਕੀਤੀ। ਉਸ ਦੀ ਇਹ ਰਚਨਾ ਇਨ੍ਹਾਂ ਸ਼ਹੀਦੀ ਜੋੜ- ਮੇਲਿਆਂ ਉੱਤੇ ਗਾਈ ਜਾਂਦੀ ਸੀ ਅਤੇ ਵੱਡੀ ਗਿਣਤੀ ਵਿਚ ਵਿਕਦੀ ਵੀ ਸੀ। ਇਸ ਰਚਨਾ ਦੇ ਕਈ ਕਈ ਐਡੀਸ਼ਨ ਛਪੇ। ਜਾਪਦਾ ਹੈ, ਉਹ ਹਰ ਨਵੀਂ ਐਡੀਸ਼ਨ ਵਿਚ ਆਪਣੀ ਲਿਖਤ ਨੂੰ ਕੁਝ ਨਾ ਕੁਝ ਸੋਧ ਦਿੰਦੇ ਸਨ। ਇਸ ਦਾ ਸਬੂਤ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਰਚਨਾ ਦੇ ਦੂਜੇ ਭਾਗ ਦੇ ਦੋ ਵੱਖਰੇ-ਵੱਖਰੇ ਐਡੀਸ਼ਨਾਂ ਨੂੰ ਮੇਲਣ ਉਪਰੰਤ ਮਿਲਦੇ ਪਾਠ-ਅੰਤਰ ਹਨ।
ਕੇਸਰੀ ਜੀ ਦੀ ਇਸ ਰਚਨਾ ਵਿਚ ਭਾਰਤ-ਭੂਮੀ ਦਾ ਜ਼ਿਕਰ ਕਈ ਥਾਈਂ ਆਇਆ ਹੈ। ਉਨ੍ਹਾਂ ਦੀ ਧਾਰਨਾ ਹੈ ਕਿ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਅਤੇ ਹੋਰ ਕੁਰਬਾਨੀਆਂ ਇਸ ਦੇਸ ਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਧਾਰਮਿਕ ਅਸਹਿਣਸ਼ੀਲਤਾ ਅਤੇ ਮਜ਼੍ਹਬੀ ਕੱਟੜਤਾ ਤੋਂ ਬਚਾਉਣ ਲਈ ਸਨ। ਕਵੀ ਵੱਲੋਂ ਇਸ ਰਚਨਾ ਦੀ ਸਮੱਗਰੀ ਨੂੰ ਪੁਸ਼ਟ ਬਣਾਉਣ ਲਈ ਜਿਹੜੀਆਂ ਲਿਖਤਾਂ ਨੂੰ ਆਧਾਰ ਬਣਾਇਆ ਗਿਆ ਹੈ, ਉਨ੍ਹਾਂ ਦਾ ਥਾਂ ਥਾਂ ਜ਼ਿਕਰ ਕੀਤਾ ਹੈ। ਜਿੱਥੇ ਕਿਤੇ ਮੱਤ- ਭੇਦ ਹੋਏ ਮਹਿਸੂਸ ਕੀਤੇ, ਉਨ੍ਹਾਂ ਦਾ ਪ੍ਰਗਟਾਵਾ ਵੀ ਕੀਤਾ ਹੈ। ਜਿੱਥੇ ਕਿਤੇ ਆਪਣੀ ਹੀ ਕਿਸੇ ਧਾਰਨਾ ਵਿਚ ਤਬਦੀਲੀ ਆਈ ਹੈ, ਉਸ ਨੂੰ ਵੀ ਪੂਰੀ ਈਮਾਨਦਾਰੀ ਨਾਲ ਤਸਲੀਮ ਕੀਤਾ ਹੈ।
ਇਸ ਰਚਨਾ ਵਿਚ ਕੇਸਰੀ ਜੀ ਦੇ ਸ਼ਬਦ-ਜੋੜ ਅਸੀਂ ਜਿਉਂ ਦੇ ਤਿਉਂ ਰੱਖੇ ਹਨ। ਕਈ ਸ਼ਬਦਾਂ ਦੇ ਤਤਸਮ ਰੂਪ ਵੀ ਉਨ੍ਹਾਂ ਨੇ ਵਰਤੇ ਹਨ ਅਤੇ ਤਦਭਵ ਰੂਪ ਵੀ। ਜ਼ਿੰਦਾਂ/ਜਿੰਦਾਂ, ਜ਼ੁਲਮ/ਜੁਲਮ ਜਿਹੇ ਸ਼ਬਦ ਇਸ ਦੀ ਮਿਸਾਲ ਹਨ। ਕਈ ਥਾਵਾਂ ‘ਤੇ ਟਿੱਪੀ ਦੀ ਥਾਂ ਬਿੰਦੀ ਦੀ ਵੀ ਵਰਤੋਂ ਹੋਈ ਹੈ। ‘ਇੰਨਾ’ ਜਿਹੇ ਸ਼ਬਦਾਂ ਵਿਚ ਟਿੱਪੀ ਦੀ ਥਾਂ ਅੱਧਕ ਦੀ ਵਰਤੋਂ ਹੋਈ ਹੈ, ਜਿਵੇਂ ‘ਇੱਨਾ’, ਵਿੱਨ੍ਹ’। ਪੁਆਧੀ ਅਤੇ ਮਲਵਈ ਉੱਪ-ਬੋਲੀਆਂ ਦੇ ਰੰਗ ਵਾਲੇ ਸ਼ਬਦ, ਜਿਵੇਂ ‘ਲੱਭਣ’ ਦੀ ਥਾਂ ‘ਲੱਝਣਾ’ ਵੀ ਕਈ ਥਾਈਂ ਵਰਤੇ ਹਨ। ‘ਸਾਹਿਬਜ਼ਾਦਾ’ ਸ਼ਬਦ ਨੂੰ ਕੇਸਰੀ ਜੀ ਨੇ ‘ਸਾਹਿਬ ਜ਼ਾਦਾ’ ਲਿਖਿਆ ਹੈ। ਇਥੇ ਵੀ ਇਹ ਸ਼ਬਦ-ਜੋੜ ਨਹੀਂ ਬਦਲੇ ਗਏ।
ਇਸ ਪੁਸਤਕ ਲਈ ਆਧਾਰ ਬਣਾਈ ਗਈ ਰਚਨਾ ਵਿਚ ਕੁਝ ਸ਼ਬਦ ਠੀਕ ਤਰ੍ਹਾਂ ਪੜ੍ਹੇ ਨਹੀਂ ਗਏ। ਉੱਥੇ * ਦਾ ਨਿਸ਼ਾਨ ਲਾ ਕੇ ਬਿੰਦੀਆਂ ਲਾ ਦਿੱਤੀਆਂ ਹਨ। ਨਾਲ ਹੀ ਬੈਕਟ ਵਿਚ (….ਸ਼ਬਦ ਮਿਟਿਆ ਹੋਇਆ) ਲਿਖ ਦਿੱਤਾ ਹੈ।
ਪੁਸਤਕ ਦੇ ਅਰੰਭ ਵਿਚ ਕੇਸਰੀ ਜੀ ਅਤੇ ਉਨ੍ਹਾਂ ਦੀਆਂ ਲਿਖਤਾਂ ਬਾਰੇ ਕੁਝ ਪੰਨੇ ਹਨ। ਇਸ ਜਾਣਕਾਰੀ ਦਾ ਮਨੋਰਥ ਦੂਹਰਾ ਹੈ। ਪਹਿਲਾ ਇਹ ਕਿ ਇਸ ਸਾਹਿੱਤਕਾਰ ਦੀਆਂ ਬਹੁਤੀਆਂ ਰਚਨਾਵਾਂ ਮਿਲ ਨਹੀਂ ਰਹੀਆਂ, ਉਨ੍ਹਾਂ ਬਾਰੇ ਮੁੱਢਲੀ ਜਾਣਕਾਰੀ ਹੀ ਦੇ ਦਿੱਤੀ ਜਾਵੇ। ਖੋਜ-ਕਾਰਜ ਪੱਖੋਂ ਵੀ ਇਸ ਪ੍ਰਕਾਰ ਦੀਆਂ ਸੂਚਨਾਵਾਂ ਮੁੱਲਵਾਨ ਹੁੰਦੀਆਂ ਹਨ। ਦੂਜੇ, ਪਾਠਕ ਨੂੰ ਇਹ ਕੁਝ ਪੜ੍ਹ ਕੇ ਕਵੀ ਦੀ ਸੋਚ, ਨਜ਼ਰੀਏ ਅਤੇ ਮਨੋਰਥ ਦਾ ਪਤਾ ਲੱਗ ਸਕੇ। ਵੈਸੇ, ਇਸ ਪੁਸਤਕ ਦੀ ਪੁਨਰ-ਪ੍ਰਕਾਸ਼ਨਾ ਆਪਣੇ ਸਾਹਿੱਤਿਕ ਵਿਰਸੇ ਨੂੰ ਸੰਭਾਲਣ ਪੱਖੋਂ ਵੀ ਅਹਿਮੀਅਤ ਰੱਖੇਗੀ।
ਕੇਸਰੀ ਜੀ ਦੇ ਦੋਹਤਰੇ ਸ. ਰਣਜੋਧ ਸਿੰਘ ਗਿੱਲ ਦੀ ਇਸ ਗੱਲੋਂ ਵਡਿਆਈ ਕਰਨੀ ਬਣਦੀ ਹੈ ਕਿ ਉਨ੍ਹਾਂ ਨੇ ਆਪਣੇ ਨਾਨਾ ਜੀ ਦੀਆਂ ਲਿਖਤਾਂ ਲੱਭਣ ਵਿਚ ਲੰਡਨ ਦੀ ਬ੍ਰਿਟਿਸ਼ ਲਾਇਬ੍ਰੇਰੀ ਤਕ ਵੀ ਪਹੁੰਚ ਕੀਤੀ। ਇਸ ਪੁਸਤਕ ਨੂੰ ਤਿਆਰ ਕਰਵਾਉਣ ਵਿਚ ਵੀ ਉਨ੍ਹਾਂ ਦਾ ਸਹਿਯੋਗ ਹਰ ਪੜਾਅ ‘ਤੇ ਸਾਹਮਣੇ ਆਇਆ। ਇਸ ਪੁਸਤਕ ਦੀ ਸੁਹਜਮਈ ਪ੍ਰਕਾਸ਼ਨਾ ਸਰਦਾਰ ਗੁਰਸਾਗਰ ਸਿੰਘ ਜੀ ਦੀ ਬਤੌਰ ਪ੍ਰਕਾਸ਼ਕ ਉੱਚੇ ਮਿਆਰਾਂ ਪ੍ਰਤਿ ਪ੍ਰਤਿਬੱਧਤਾ ਦਾ ਪ੍ਰਮਾਣ ਹੈ। ਅਜਿਹੇ ਸੱਜਣਾਂ ਦਾ ਧੰਨਵਾਦ ਕੋਈ ਕਿਹੜੇ ਸ਼ਬਦਾਂ ਨਾਲ ਕਰੇ ?
(ਡਾ. ਕਰਨੈਲ ਸਿੰਘ ਸੋਮਲ)
ਪਹਿਲਾ ਖੰਡ
ਗੁਰਬਖ਼ਸ਼ ਸਿੰਘ ‘ਕੇਸਰੀ’
(1881-1958)
-
ਸਾਹਿੱਤਕਾਰ ਗੁਰਬਖ਼ਸ਼ ਸਿੰਘ ‘ਕੇਸਰੀ’ ਲਈ ਮੇਰੀ ਜਗਿਆਸਾ
ਗੁਰਬਖ਼ਸ਼ ਸਿੰਘ ‘ਕੇਸਰੀ’ ਦਾ ਪਿੰਡ ਹਸਨਪੁਰ ਮੇਰੇ ਪਿੰਡ ਕਲੌੜ ਤੋਂ ਅੱਠ- ਨੌਂ ਕਿਲੋਮੀਟਰ ਦੀ ਦੂਰੀ ਉੱਤੇ ਹੈ। ਹਸਨਪੁਰ ਦੇ ਨੇੜੇ ਪੈਂਦੇ ਪਿੰਡ ਘੜੂੰਆਂ ਵਿਖੇ ਆਪਣੀ ਪਹਿਲੀ ਨੌਕਰੀ ਕਾਰਨ ਅਤੇ ਫਿਰ ਇਸੇ ਪਿੰਡ ਵਿਆਹ ਹੋਣ ਕਾਰਨ ਮੇਰਾ ਇੱਥੇ (ਘੜੂੰਏਂ) ਕਾਫ਼ੀ ਆਉਣ-ਜਾਣ ਰਿਹਾ, ਫਿਰ ਵੀ ਮੈਂ ਗੁਰਬਖ਼ਸ਼ ਸਿੰਘ ‘ਕੇਸਰੀ’ ਦਾ ਨਾਂ ਕਦੇ ਸੁਣਿਆ ਨਹੀਂ ਸੀ। ਘੜੂੰਆਂ ਪਿੰਡ ਦੇ ਜੱਟਾਂ ਦਾ ਗੋਤ ਧਨੋਆ ਹੈ, ਗੁਰਬਖ਼ਸ਼ ਸਿੰਘ ‘ਕੇਸਰੀ’ ਵੀ ਧਨੋਆ ਗੋਤ ਦੇ ਹਨ। ਗੁਰਬਖ਼ਸ਼ ਸਿੰਘ ‘ਕੇਸਰੀ’ ਬਾਰੇ ਮੇਰੇ ਅਨਜਾਣ ਹੋਣ ਦਾ ਇਕ ਕਾਰਨ ਇਹ ਕਿ ਉਦੋਂ ਪੰਜਾਬੀ ਸਾਹਿੱਤ ਬਾਰੇ ਮੇਰੇ ਗਿਆਨ ਦਾ ਪੇਤਲਾ ਹੋਣਾ ਸੀ। ਦੂਜਾ, ਪੁਆਧ ਦੇ ਖਿੱਤੇ ਵਿਚ ਵਿਚਰਦੇ ਰਹਿਣ ਦੇ ਬਾਵਜੂਦ ਇਸ ਇਲਾਕੇ ਦੀ ਵਿਸ਼ੇਸ਼ ਪਛਾਣ ਤੋਂ ਮੈਂ ਬਹੁਤ ਪਿੱਛੋਂ ਚੇਤੰਨ ਹੋਇਆ। ਆਪਣੇ ਇਸ ਪਛੜੇਵੇਂ ਕਾਰਨ ਮੈਂ ਗੁਰਬਖ਼ਸ਼ ਸਿੰਘ ‘ਕੇਸਰੀ’ ਦੀਆਂ ਲਿਖਤਾਂ ਨੂੰ ਸੰਭਾਲਣ ਪੱਖੋਂ ਵੀ ਪੱਛੜ ਗਿਆ।
ਕੇਸਰੀ ਜੀ ਨੂੰ ਜਾਨਣ ਦਾ ਸਬੱਬ ਕਿਵੇਂ ਬਣਿਆ ? ਮੇਰੇ ਪਿੰਡ ਦੇ ਜੰਮਪਲ ਭਾਈ ਦਿੱਤ ਸਿੰਘ ਗਿਆਨੀ, ਸਿੰਘ ਸਭਾ ਲਹਿਰ ਦੇ ਉੱਘੇ ਸਾਹਿੱਤਕਾਰ ਅਤੇ ਵਿਦਵਾਨ ਹੋਏ ਹਨ। ਉਹ ਵਧੇਰੇ ਕਰਕੇ ‘ਗਿਆਨੀ ਦਿੱਤ ਸਿੰਘ’ ਨਾਂ ਨਾਲ ਪ੍ਰਸਿੱਧ ਹੋਏ। ਉਦੋਂ ਮੈਂ ਇਹ ਤਾਂ ਜਾਣਦਾ ਸਾਂ ਕਿ ਗਿਆਨੀ ਦਿੱਤ ਸਿੰਘ ਕੋਈ ਵੱਡੀ ਸ਼ਖ਼ਸੀਅਤ ਹੋਏ ਹਨ ਪਰ ਉਨ੍ਹਾਂ ਦੀ ਵਡਿਆਈ ਦੇ ਕਾਰਨਾਂ ਤੋਂ ਮੈਂ ਪਰਿਚਿਤ ਨਹੀਂ ਸਾਂ। ਫਿਰ ਗਿਆਨੀ ਦੀ ਪ੍ਰੀਖਿਆ ਲਈ ਪੜ੍ਹਦਿਆਂ ਜਾਣਿਆ ਕਿ ਪੰਜਾਬੀ ਸਾਹਿੱਤ ਦੇ ਇਤਿਹਾਸ ਵਿਚ ਗਿਆਨੀ ਦਿੱਤ ਸਿੰਘ ਦਾ ਜ਼ਿਕਰ ਆਉਂਦਾ ਹੈ। ਐਮ.ਏ. ਪੰਜਾਬੀ ਕਰਦਿਆਂ ਕੁਝ ਹੋਰ ਜਾਣਕਾਰੀ ਮਿਲੀ, ਪਰ ਜਗਿਆਸਾ ਤ੍ਰਿਪਤ ਨਾ ਹੋਈ। ਈਸਵੀ ਸੰਨ 2001 ਵਿਚ ਗਿਆਨੀ ਦਿੱਤ ਸਿੰਘ ਦੀ ਸੌ ਸਾਲਾ ਬਰਸੀ ਮਨਾਈ ਗਈ। ਉਸ ਸਮੇਂ ਵੀ ਮੇਰੇ ਮਨ ਵਿਚ ਇਹ ਪ੍ਰਸ਼ਨ ਬਰਾਬਰ ਰਿਹਾ ਕਿ ਗਿਆਨੀ ਦਿੱਤ ਸਿੰਘ ਦਾ ਜੀਵਨ ਤੇ ਕਰਨੀ ਕਿਹੋ ਜਿਹੀ ਸੀ? ਤਦ ਮੈਂ ਕਾਫ਼ੀ ਤਰੱਦਦ ਨਾਲ ਖੋਜ ਕਰ ਕੇ ਗਿਆਨੀ ਜੀ ਦੇ ਜੀਵਨ ਤੇ ਰਚਨਾ ਬਾਰੇ ਭਾਈ ਦਿੱਤ ਸਿੰਘ ਗਿਆਨੀ : ਜੀਵਨ, ਰਚਨਾ ਤੇ ਸ਼ਖ਼ਸੀਅਤ ਨਾਂ ਦੀ ਪੁਸਤਕ ਲਿਖੀ। ਉਪਰੋਕਤ ਪੁਸਤਕ ਨੂੰ ਲਿਖਣ ਦਾ ਇਕ ਮਨੋਰਥ ਗਿਆਨੀ ਦਿੱਤ ਸਿੰਘ ਦੀਆਂ ਲਿਖੀਆਂ ਪੁਸਤਕਾਂ ਬਾਰੇ ਪ੍ਰਮਾਣਿਕ ਜਾਣਕਾਰੀ ਇਕੱਤ੍ਰ ਕਰਨਾ ਵੀ ਸੀ। ਜਿਹੜੀਆਂ ਪੁਸਤਕਾਂ ਗਿਆਨੀ ਦਿੱਤ ਸਿੰਘ ਦੁਆਰਾ ਲਿਖੀਆਂ ਦੱਸੀਆਂ ਗਈਆਂ ਸਨ, ਉਨ੍ਹਾਂ ਵਿਚ ਇਕ ਪੁਸਤਕ ਸੀ ਪੁਜਾਰੀ ਪ੍ਰਬੋਧ। ਪਹਿਲੀ ਨਜ਼ਰੇ ਜਾਪਦਾ ਸੀ ਕਿ ਇਹ ਪੁਸਤਕ ਗਿਆਨੀ ਦਿੱਤ ਸਿੰਘ ਦੀ ਲਿਖੀ ਹੋ ਸਕਦੀ ਹੈ। ਗਿਆਨੀ ਜੀ ਦੀਆਂ ਕਈ ਹੋਰ ਪੁਸਤਕਾਂ ਦੇ ਨਾਵਾਂ ਵਿਚ ‘ਪ੍ਰਬੋਧ’ ਸ਼ਬਦ ਵਰਤਿਆ ਗਿਆ ਸੀ, ਜਿਵੇਂ ਕਿ ਸ੍ਰੀ ਗੁਰੂ ਨਾਨਕ ਪ੍ਰਬੋਧ, ਸ੍ਰੀ ਗੁਰੂ ਅਰਜਨ ਪ੍ਰਬੋਧ, ਦੁਰਗਾ ਪ੍ਰਬੋਧ, ਗੁਰਮਤ ਆਰਤੀ ਪ੍ਰੋਧ। ਸਬੱਬੀਂ ਭਾਸ਼ਾ ਵਿਭਾਗ, ਪਟਿਆਲਾ ਦੀ ਲਾਇਬ੍ਰੇਰੀ ਵਿਚ ਪੁਜਾਰੀ ਪ੍ਰਬੋਧ ਪੁਸਤਕ ਮਿਲ ਗਈ। ਲਾਇਬ੍ਰੇਰੀ ਦੇ ਕੈਟਾਲਾਗ ਵਿਚ ਇਸ ਪੁਸਤਕ ਦੇ ਲੇਖਕ ਦਾ ਨਾਂ ਗਿਆਨੀ ਦਿੱਤ ਸਿੰਘ ਸੀ। ਪੁਸਤਕ ਨੂੰ ਵੇਖਣ ’ਤੇ ਪਤਾ ਲੱਗਿਆ ਕਿ ਲੇਖਕ ਦੇ ਨਾਂ ਦੀ ਥਾਂ ‘ਕਰਤਾ ਐਡੀਟਰ ਗਿਆਨੀ ਦਿੱਤ ਸਿੰਘ ਮੈਗਜ਼ੀਨ’ ਲਿਖਿਆ ਸੀ। ਇਹ ਸੱਜਣ ਕੌਣ ਸਨ ?
ਇਸ ਦੌਰਾਨ ਹੀ ਮੈਂ ਜਾਣਿਆ ਕਿ ਗਿਆਨੀ ਦਿੱਤ ਸਿੰਘ ਦੇ ਇਕ ਵਿਦਿਆਰਥੀ ਰਹੇ ਭਾਈ ਤਖ਼ਤ ਸਿੰਘ ਨੇ ਫ਼ਿਰੋਜ਼ਪੁਰ ਵਿਖੇ ਇਕ ਲਾਇਬ੍ਰੇਰੀ ਅਤੇ ਇਕ ਕੰਨਿਆ ਵਿਦਿਆਲਾ ਖੋਲ੍ਹਿਆ ਸੀ। ਉਸ ਸਮੇਂ ਕੁੜੀਆਂ ਦੀ ਸਿੱਖਿਆ ਬਾਰੇ ਇਹ ਅਰੰਭਕ ਯਤਨ ਅਤਿ ਮਹੱਤਵਪੂਰਨ ਸਨ। ਭਾਈ ਤਖ਼ਤ ਸਿੰਘ ਨੂੰ ਇਹ ਕਾਰਜ ਕਰਨ ਲਈ ਪ੍ਰੇਰਨਾ ਗਿਆਨੀ ਦਿੱਤ ਸਿੰਘ ਦੇ ਜੀਵਨ ਅਤੇ ਲਿਖਤਾਂ ਤੋਂ ਮਿਲੀ ਸੀ। ਇਸੇ ਤਰ੍ਹਾਂ ਗੁਰਬਖ਼ਸ਼ ਸਿੰਘ ‘ਕੇਸਰੀ’ ਨੇ ਰੋਪੜ ਵਿਖੇ ਕੁੜੀਆਂ ਲਈ ਇਕ ਸਕੂਲ ਆਪਣੇ ਬਲਬੂਤੇ ਖੋਲ੍ਹਿਆ ਸੀ। ਨਾਲ ਹੀ 1910 ਵਿਚ ਦਿੱਤ ਸਿੰਘ ਮੈਗਜ਼ੀਨ ਨਾਂ ਦੇ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕਰ ਦਿੱਤੀ ਸੀ। ਇਸ ਅਨੁਸਾਰ ਪੁਜਾਰੀ ਪ੍ਰਬੋਧ ਪੁਸਤਕ ਗੁਰਬਖ਼ਸ਼ ਸਿੰਘ ‘ਕੇਸਰੀ’ ਦੀ ਲਿਖੀ ਹੋਈ ਸੀ। ਇਸ ਪੁਸਤਕ ਦਾ ਦੂਜਾ ਨਾਂ ਮਨੋਹਰ ਬਾਗ਼ ਦੇ ਗੰਦੇ ਫਲ ਸੀ। ਪੁਸਤਕ ਦੇ ਹਰ ਵਰਕੇ ਉੱਤੇ ਇਕ ਪੰਨੇ ਉੱਤੇ ਪੁਜਾਰੀ ਪ੍ਰਬੋਧ ਛਪਿਆ ਹੋਇਆ ਸੀ। ਦੂਜੇ ਪੰਨੇ ਉੱਤੇ ਮਨੋਹਰ ਬਾਗ਼ ਦੇ ਗੰਦੇ ਫਲ ਛਪਿਆ ਸੀ। ਇਸ ਪੁਸਤਕ ਵਿਚ ਸਿੱਖਾਂ ਦੇ ਧਰਮ ਅਸਥਾਨਾਂ ਉੱਤੇ ਪੁਜਾਰੀ ਵਰਗ ਦੇ ਕਿਰਦਾਰ ਦੀਆਂ ਝਲਕਾਂ ਵਿਖਾਈਆਂ ਹੋਈਆਂ ਸਨ। ਵਿਧਾ ਪੱਖੋਂ ਇਹ ਪੁਸਤਕ ਕੁਝ ਕੁਝ ਉਪਨਿਆਸ ਵਾਂਗ ਸੀ।
ਗਿਆਨੀ ਦਿੱਤ ਸਿੰਘ ਮੇਰੇ ਲਈ ਮੇਰੇ ਪਿੰਡ ਦੇ ਨਾਇਕ ਸਨ। ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਲਿਖਣ ਵਾਲੇ ਕੇਸਰੀ ਜੀ ਵੀ ਮੇਰੇ ਇਲਾਕੇ ਦੇ ਸਨ। ਫਿਰ ਜਾਣਿਆ ਕਿ ਕੇਸਰੀ ਜੀ ਨੇ ਕਾਫ਼ੀ ਗਿਣਤੀ ਵਿਚ ਪੁਸਤਕਾਂ ਲਿਖੀਆਂ ਸਨ। ਐਪਰ ਸਿੰਘ ਸਭਾ ਲਹਿਰ ਦੇ ਅੰਤਲੇ ਦੌਰ ਦੇ ਇਸ ਲੇਖਕ, ਜਿਸ ਨੂੰ “ਭਾਈ ਸਾਹਿਬ ਭਾਈ ਵੀਰ ਸਿੰਘ, ਲਾਲਾ ਧਨੀ ਰਾਮ ਚਾਤ੍ਰਿਕ, ਗਿਆਨੀ ਹੀਰਾ ਸਿੰਘ ‘ਦਰਦ’ ਤੇ ਭਾਈ ਸਾਹਿਬ ਭਾਈ ਜੋਧ ਸਿੰਘ ਜੀ, ਸ.ਬ. ਭਾਈ ਕਾਨ੍ਹ ਸਿੰਘ ਨਾਭਾ ਤੇ ਗਿਆਨੀ ਗਿਆਨ ਸਿੰਘ ਦਾ ਸਮਕਾਲੀ ਹੋਣ ਦਾ ਮਾਣ ਪ੍ਰਾਪਤ ਹੈ”” ਦਵਾਰਾ ਰਚਿਤ ਉਹ ਸਾਹਿੱਤ ਕਿੱਥੇ ਸੀ? ਲੈ ਦੇ ਕੇ ਸੰਖਿਆ ਕੋਸ਼ (ਜੋ ਪੰਜਾਬੀ ਸਾਹਿੱਤ ਅਕਾਡਮੀ ਦੇ ਯਤਨਾਂ ਨਾਲ ਪਹਿਲੀ ਵਾਰ 1961 ਈ. ਵਿਚ ਅਤੇ ਫਿਰ 2007 ਈ. ਵਿਚ ਦੂਜੀ ਵਾਰ ਛਾਪੀ ਗਈ ਸੀ), ਸੱਤ ਸਾਦਿਕ, ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ, ਮਨੋਹਰ ਮੰਤ੍ਰ, ਪੁਜਾਰੀ ਪ੍ਰਬੋਧ, ਯੱਗ ਪ੍ਰਬੋਧ, ਕਲਮ ਅਤੇ ਤਲਵਾਰ ਦਾ ਸੰਬਾਦ ਹੀ ਉਪਲਬਧ ਸਨ। ਫਿਰ ਮੈਂ ਕੇਸਰੀ ਜੀ ਦੀਆਂ ਲਿਖਤਾਂ ਦੀ ਭਾਲ ਦੇ ਸੰਬੰਧ ਵਿਚ ਗੁਰਬਖ਼ਸ਼ ਸਿੰਘ ‘ਕੇਸਰੀ’ ਦੇ ਪਿੰਡ ਹਸਨਪੁਰ ਗਿਆ। ਉਦੋਂ ਤੀਕ ਉਨ੍ਹਾਂ ਦੇ ਦੇਹਾਂਤ ਹੋਏ ਨੂੰ ਅੱਧੀ ਕੁ ਸਦੀ ਬੀਤ ਚੁੱਕੀ ਸੀ। ਮੈਂ ਸੋਚਿਆ ਕਿ ਸ਼ਾਇਦ ਪਰਿਵਾਰ ਵਿਚ ਕਿਸੇ ਨੇ ਉਨ੍ਹਾਂ ਦੀ ਨਿਜੀ ਲਾਇਬ੍ਰੇਰੀ ਸਾਂਭ ਲਈ ਹੋਵੇ। ਨਿਸਚੇ ਹੀ ਉਸ ਭੰਡਾਰ ਵਿਚ ਕੇਸਰੀ ਜੀ ਦੀਆਂ ਲਿਖੀਆਂ ਪੁਸਤਕਾਂ, ਉਨ੍ਹਾਂ ਦੁਆਰਾ ਸੰਪਾਦਿਤ ਦਿੱਤ ਸਿੰਘ ਮੈਗਜ਼ੀਨ ਦੀਆਂ ਕਾਪੀਆਂ, ਉਨ੍ਹਾਂ ਦੇ ਆਦਰਸ਼ ਰਹੇ ਗਿਆਨੀ ਦਿੱਤ ਸਿੰਘ ਰਚਿਤ ਪੁਸਤਕਾਂ, ਖ਼ਾਲਸਾ ਅਖ਼ਬਾਰ, ਲਾਹੌਰ ਦੀਆਂ ਕਾਪੀਆਂ ਅਤੇ ਕੇਸਰੀ ਜੀ ਦੀਆਂ ਮਨਪਸੰਦ ਪੁਸਤਕਾਂ ਅਤੇ ਗ੍ਰੰਥ ਸੰਭਾਲੇ ਹੋ ਸਕਦੇ ਸਨ।
ਉਸ ਸਮੇਂ ਤੀਕ ਗੁਰਬਖ਼ਸ਼ ਸਿੰਘ ਕੇਸਰੀ ਦੇ ਪਰਿਵਾਰ-ਬ੍ਰਿਛ ਦੇ ਕਈ ਵੱਡੇ ਟਾਹਣ ਬਣ ਚੁੱਕੇ ਸਨ, ਭਾਵ ਉਨ੍ਹਾਂ ਦੇ ਪੁੱਤਰਾਂ ਤੋਂ ਅੱਗੇ ਪੋਤਰੇ ਅਤੇ ਫਿਰ ਅੱਗੇ ਹੋਰ ਪਰਿਵਾਰ। ਇਸ ਤਰ੍ਹਾਂ ਘਰ ਦੇ ਸਾਮਾਨ ਦੀ ਵੰਡ ਵਾਂਗ, ਕੇਸਰੀ ਜੀ ਦੀਆਂ ਕਿਤਾਬਾਂ ਵਾਲੀਆਂ ਅਲਮਾਰੀਆਂ ਵੀ ਅੱਗੇ ਤੋਂ ਅੱਗੇ ਉਨ੍ਹਾਂ ਦੇ ਇਕ ਪੜਪੋਤੇ ਦੇ ਪਰਿਵਾਰ ਤੀਕ ਪਹੁੰਚ ਗਈਆਂ ਸਨ। ਪੁੱਛਦਾ-ਪੁਛਾਉਂਦਾ ਮੈਂ ਉਸ ਪਰਿਵਾਰ ਤੀਕ ਪਹੁੰਚ ਗਿਆ ਅਤੇ ਕਿਤਾਬਾਂ ਬਾਰੇ ਪੁੱਛਿਆ। ਘਰ ਵਿਚ ਇਕ ਬੀਬੀ (ਕੇਸਰੀ ਜੀ ਦੀ ਪੜਪੋਤ ਨੂੰਹ) ਹੀ ਹਾਜ਼ਰ ਸੀ। ਉਸ ਨੇ ਦੱਸਿਆ ਕਿ ਪੁਸਤਕਾਂ ਨਾਲ ਭਰੀਆਂ ਅਲਮਾਰੀਆਂ ਹੈਸਨ, ਪਰ ਸਾਨੂੰ ਇਹ ਕੁਝ ਸੰਭਾਲਣਾ ਔਖਾ ਲੱਗਦਾ ਸੀ। ਬਿਨਾਂ ਯੋਗ ਸੰਭਾਲ ਤੋਂ ਇਸ ਸਾਰੇ ਕੁਝ ਦੀ ਬੇਅਦਬੀ ਹੀ ਹੁੰਦੀ ਸੀ। ਫਿਰ ਉਸ ਨੇ ਬਿਨਾਂ ਕਿਸੇ ਸੰਕੋਚ ਤੋਂ ਸਹਿਜ-ਭਾਅ ਦੱਸਿਆ ਕਿ ਉਸ ਨੇ ਪੁਸਤਕਾਂ ਦੇ ਢੇਰ ਦਾ ਵਿਹੜੇ ਵਿਚ ਸਸਕਾਰ ਕਰ ਕੇ ਰਾਖ ਬਿਆਸ ਦਰਿਆ ਵਿਚ ਪ੍ਰਵਾਹ ਕਰ ਦਿੱਤੀ ਸੀ। ਇਹ ਸੁਣ ਮੈਂ ਤਾਂ ਠਠੰਬਰ ਗਿਆ ਸਾਂ। ਪੰਜਾਬੀ ਦੇ ਦੁਰਲੱਭ ਸਾਹਿੱਤ ਦਾ ਇਕ ਭੰਡਾਰ ਜੋ ਕਿ ਗੁਰਬਖ਼ਸ਼ ਸਿੰਘ ਕੇਸਰੀ ਨੇ ਸਾਂਭ ਸਾਂਭ ਰੱਖਿਆ ਸੀ, ਸਾਡੇ ਹੱਥੋਂ ਜਾਂਦਾ ਰਿਹਾ ਸੀ। ਫਿਰ ਮੇਰੇ ਚੇਤੇ ਆਇਆ ਕਿ ਪ੍ਰੋ. ਪ੍ਰੀਤਮ ਸਿੰਘ, ਡਾ. ਗੰਡਾ ਸਿੰਘ, ਸ. ਸ਼ਮਸ਼ੇਰ ਸਿੰਘ ਅਸ਼ੋਕ, ਸ. ਪਿਆਰਾ ਸਿੰਘ ਪਦਮ ਜਿਹੇ ਵਿਦਵਾਨ ਧੰਨਤਾਯੋਗ ਹਨ ਜਿਨ੍ਹਾਂ ਨੇ ਢੇਰਾਂ ਦੇ ਢੇਰ ਅਮੁੱਲ ਪੁਸਤਕਾਂ, ਪੋਥੀਆਂ ਅਤੇ ਗ੍ਰੰਥ ਇਕੱਤਰ ਕੀਤੇ ਤੇ ਫਿਰ ਅਗਲੀਆਂ ਪੀੜ੍ਹੀਆਂ ਲਈ ਸਾਂਭ ਰੱਖੇ। ਇਨ੍ਹਾਂ ਟਕਸਾਲੀ ਵਿਦਵਾਨਾਂ ਦੇ ਵਾਰਸਾਂ ਨੇ ਵੀ ਦੂਰ-ਦ੍ਰਿਸ਼ਟੀ ਤੋਂ ਕੰਮ ਲੈਂਦਿਆਂ ਇਹ ਸਰਮਾਇਆ ਅੱਗੇ ਪੰਜਾਬ ਦੀ ਕਿਸੇ ਨਾ ਕਿਸੇ ਯੂਨੀਵਰਸਿਟੀ ਨੂੰ ਸੌਂਪ ਦਿੱਤਾ। ਜਿਸ ਬੀਬੀ ਕੋਲ ਮੈਂ ਗੁਰਬਖ਼ਸ਼ ਸਿੰਘ ਕੇਸਰੀ ਦੀਆਂ ਲਿਖਤਾਂ ਲੱਭਣ ਲਈ ਗਿਆ ਸੀ, ਉਸ ਦੀ ਆਪਣੀ ਸੋਚ ਅਤੇ ਦ੍ਰਿਸ਼ਟੀ ਸੀ। ਹੋ ਸਕਦਾ ਹੈ ਕਿ ਉਸ ਨੂੰ ਘਰ ਵਿਚ ਥਾਂ ਘੋਰਦੀਆਂ ਅਲਮਾਰੀਆਂ ਚੁੱਭਦੀਆਂ ਹੋਣ ਜਾਂ ਉਨ੍ਹਾਂ ਵਿਚ ਘਰ ਦਾ ਕੋਈ ਹੋਰ ਸਾਮਾਨ ਤੁੰਨਿਆ ਜਾਣਾ ਹੋਵੇ।
ਮੇਰੇ ਪੁੱਛਣ ’ਤੇ ਕਿ ‘ਕੁਝ ਵੀ ਨਹੀਂ ਬਚਿਆ’ ਉਸ ਨੇ ਵਿਹੜੇ ਦੇ ਇਕ ਕੋਨੇ ਵਿਚ ਕਬਾੜ ਬਣੀ ਇਕ ਸੰਦੂਕੜੀ ਵੱਲ ਇਸ਼ਾਰਾ ਕੀਤਾ। ਮੈਨੂੰ ਤਾਂ ਇਹ ਮੁਰਗੀਆਂ ਦਾ ਇਕ ਛੋਟਾ ਜਿਹਾ ਖੁੱਡਾ ਹੀ ਜਾਪਿਆ। ਨੇੜੇ ਜਾ ਕੇ ਵੇਖਿਆ, ਉਸ ਵਿਚ ਬਹੁਤ ਹੀ ਖ਼ਸਤਾ ਹਾਲਤ ਵਿਚ ਅਧੂਰੀਆਂ ਚਾਰ-ਪੰਜ ਕਿਤਾਬਾਂ ਸਨ। ਪਤਾ ਨਹੀਂ ਸੀ ਲੱਗਦਾ ਕਿ ਇਹ ਕਿਹੜੀਆਂ ਸਨ ਅਤੇ ਇਨ੍ਹਾਂ ਦਾ ਲੇਖਕ ਕੌਣ ਸੀ। ਇਨ੍ਹਾਂ ਵਿਚ ਕੇਸਰੀ ਜੀ ਦੀ ਇਕ ਰਚਨਾ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਮੈਨੂੰ ਮਿਲ ਗਈ ਸੀ।
ਤਦ ਦੋ ਵਿਚਾਰ ਮੇਰੇ ਮਨ ਵਿਚ ਆਏ। ਪਹਿਲਾ, ਉਹ ਸਰਸਾ ਨਦੀ ਜਿਸ ਦੇ ਉਛਾਲ ਵਿਚ ਦਸਵੇਂ ਗੁਰੂ ਜੀ ਦੇ ਲਿਖੇ, ਲਿਖਵਾਏ ਅਤੇ ਸੰਭਾਲੇ ਹੋਏ ਅਣਗਿਣਤ ਗ੍ਰੰਥ ਰੁੜ੍ਹ ਗਏ ਸਨ, ਅੱਜ ਵੀ ਸਾਡੀ ਬੇ-ਧਿਆਨੀ ਦੇ ਸਬੱਬ ਸਾਡੇ ਕੀਮਤੀ ਵਿਰਸੇ ਨੂੰ ਰੋੜ੍ਹ ਕੇ ਲਿਜਾ ਰਹੀ ਹੈ। ਗੁਰਬਖ਼ਸ਼ ਸਿੰਘ ਕੇਸਰੀ ਦੀਆਂ ਛਪੀਆਂ ਅਤੇ ਅਣਛਪੀਆਂ ਲਿਖਤਾਂ ਵੀ ਸਾਡੀ ਬੇਸਮਝੀ ਦੇ ਸਰਸੇ ਨੇ ਰੋੜ੍ਹ ਲਈਆਂ ਸਨ। ਹਥਲੀ ਪੁਸਤਕ ਵਿਚ ਆਈ ਇਕ ਤੁਕ ‘ਖਰੜੇ ਪੁਸਤਕਾਂ ਭਰੇ ਸੰਦੂਕ ਕਿਤਨੇ, ਸਭ ਕੁਝ ਡੋਬਣ ਨੂੰ ਹੋਣਹਾਰ ਕਰਦੀ’ ਇੱਥੇ ਬੜੀ ਢੁੱਕਦੀ ਹੈ। ਦੂਜਾ, ਇਹ ਖ਼ਿਆਲ ਆਇਆ ਕਿ ਜੋ ਕੁਝ ਉਪਲਬਧ ਹੈ ਜਾਂ ਬਚਿਆ ਹੈ, ਉਸ ਨੂੰ ਹੀ ਸੰਭਾਲ ਲਿਆ ਜਾਵੇ।
ਗੁਰਬਖ਼ਸ਼ ਸਿੰਘ ਕੇਸਰੀ ਪੁਆਧ ਦੀ ਉਭੜ-ਖੁਭੜੀ ਅਤੇ ਕਈ ਥਾਈਂ ਕੱਲਰ ਧਰਤੀ ਵਿਚ ਇਕ ਅਨੋਖਾ ਉਗਮਿਆ ਫੁੱਲ ਸੀ। ਇਸ ਖਿੱਤੇ ਵਿਚ ਭਗਤ ਆਸਾ ਰਾਮ, ਗਿਆਨੀ ਦਿੱਤ ਸਿੰਘ ਜਿਹੇ ਸਾਹਿੱਤ ਸਿਰਜਕ ਹੋਏ ਹਨ। ਹੋ ਸਕਦਾ ਹੈ, ਹੋਰ ਵੀ ਹੋਏ ਹੋਣ ਪਰ ਉਨ੍ਹਾਂ ਦੀਆਂ ਲਿਖਤਾਂ ਸਾਡੇ ਅਵੇਸਲੇਪਣ ਕਾਰਨ ਸੰਭਾਲੀਆਂ ਨਾ ਗਈਆਂ ਹੋਣ। ਲੋੜੀਂਦੀ ਪਛਾਣ ਨਾ ਮਿਲਣ ਕਾਰਨ ਹੋਰ ਕਿੰਨੇ ਹੀ ਹੋਣਹਾਰ ਲੇਖਕ ਵਕਤ ਦੀ ਧੂੜ ਵਿਚ ਰੁਲ ਗਏ ਹੋਣਗੇ। ਡਾ. ਪਿਆਰ ਸਿੰਘ ਨੇ 1957 ਵਿਚ (ਕੇਸਰੀ ਜੀ ਦੇ ਦੇਹਾਂਤ ਤੋਂ ਸਾਲ ਕੁ ਪਹਿਲਾਂ) ਲਿਖਿਆ ਸੀ:
“ਕੇਸਰੀ ਜੀ ਉਨ੍ਹਾਂ ਵਿਅਕਤੀਆਂ ਵਿੱਚੋਂ ਹਨ, ਜਿਹੜੇ ਸ਼ੌਕ ਨੂੰ ਕੰਮ ਕਰਦੇ ਹਨ। ਇਸ ਸ਼ੌਕ ਸਦਕਾ ਹੀ ਆਪ ਕੰਮ ਕਰ ਕੇ ਚਲੇ ਗਏ ਹਨ ਤੇ ਇਹ ਕਦੀ ਵਿਚਾਰ ਨਹੀਂ ਕੀਤਾ ਕਿ ਉਨ੍ਹਾਂ ਦੀ ਕ੍ਰਿਤ ਪੁਸਤਕ ਦਾ ਰੂਪ ਧਾਰ ਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚਦੀ ਵੀ ਹੈ ਜਾਂ ਨਹੀਂ। ਸਿੱਟਾ ਇਹ ਹੈ ਕਿ ਬਹੁਤ ਸਾਰੀਆਂ ਕ੍ਰਿਤਾਂ ਅਣਛਪੀਆਂ ਪਈਆਂ ਹਨ। ਹੁਣ ਕੁਝ ਮਿੱਤਰਾਂ ਦੇ ਮਜਬੂਰ ਕਰਨ ’ਤੇ ਆਪ ਜੀ ਨੇ ਇਸ ਪਾਸੇ ਧਿਆਨ ਦਿੱਤਾ ਹੈ। ਇਸ ਵਕਤ ਆਪ ਜੀ ਦੀ ਰਚਨਾ ਭਗਵਤ ਗੀਤਾ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਵਲੋਂ ਛਾਪੇ ਜਾਣ ਦਾ ਸੰਕਲਪ ਬਣ ਰਿਹਾ ਹੈ। ਕੁਝ ਆਪ ਜੀ ਨੇ ਆਪਣੇ ਉਤਸ਼ਾਹ ਨਾਲ ਛਪਵਾਉਣ ਦਾ ਉੱਦਮ ਕੀਤਾ ਹੈ। ਇਸ ਸਿਲਸਿਲੇ ਵਿਚ ਹਥਲੀ ਕਿਤਾਬ ਸੱਤ ਸਾਦਿਕ ਪਹਿਲੀ ਪੁਸਤਕ ਹੈ।”3
ਪੰਜਾਬੀ ਸਾਹਿੱਤ ਵਿਚ ਇਹ ਅਜੀਬ ਵਰਤਾਰਾ ਹੈ ਕਿ ਅਨੇਕਾਂ ਕਲਮਕਾਰਾਂ ਵਿੱਚੋਂ ਕਈਆਂ ਨੂੰ ਉਨ੍ਹਾਂ ਦੇ ਮਰਨ ਉਪਰੰਤ ਪਛਾਣ ਮਿਲੀ। ਕਈ, ਕੁਝ ਅਰਸਾ ਉੱਘੇ ਰਹਿੰਦੇ ਹਨ ਪਰ ਫਿਰ ਭੁੱਲ-ਭੁਲਾ ਜਾਂਦੇ ਹਨ। ਅਜਿਹੇ ਵੀ ਲੇਖਕ ਹਨ ਜਿਨ੍ਹਾਂ ਨੂੰ ਚਿਰਾਂ ਪਿੱਛੋਂ ਲੱਭਿਆ ਜਾਂਦਾ ਹੈ। ਕਈ ਭਾਈ ਵੀਰ ਸਿੰਘ ਵਾਂਗ ਆਪਣੇ ਜੀਵਨ- ਕਾਲ ਵਿਚ ਹੀ ਪ੍ਰਸਿੱਧੀ ਪ੍ਰਾਪਤ ਕਰ ਲੈਂਦੇ ਹਨ। ਭਾਈ ਸਾਹਿਬ ਜਿਸ ਪ੍ਰਤਿਸ਼ਠਿਤ ਪਰਿਵਾਰ ਵਿਚ ਪੈਦਾ ਹੋਏ, ਉਸ ਦਾ ਪ੍ਰਭਾਵ ਇਸ ਪ੍ਰਤਿਭਾ ਨੂੰ ਉਭਾਰਨ, ਉਸ ਦੇ ਲਿਖੇ ਅੱਖਰ ਅੱਖਰ ਨੂੰ ਪ੍ਰਕਾਸ਼ਿਤ ਕਰਨ, ਉਸ ਦੀਆਂ ਅਨੇਕਾਂ ਰਚਨਾਵਾਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪਾਠ-ਕ੍ਰਮਾਂ ਵਿਚ ਥਾਂ ਦਿਵਾਉਣ ਅਤੇ ਫਿਰ ਉਸ ਦੇ ਦੇਹਾਂਤ ਤੋਂ ਪਿੱਛੋਂ ਭਾਈ ਵੀਰ ਸਿੰਘ ਸਾਹਿਤ ਸਦਨ, ਦਿੱਲੀ ਦੇ ਰੂਪ ਵਿਚ ਉਸ ਦੀਆਂ ਲਿਖਤਾਂ ਨੂੰ ਸੰਭਾਲਣ ਲਈ ਸਹਾਈ ਹੋਇਆ। ਪ੍ਰੋ. ਪੂਰਨ ਸਿੰਘ ਦੀਆਂ ਲਿਖਤਾਂ ਨੂੰ ਮੁੜ ਵਡਿਆਈ ਯੋਗ ਬਣਾਉਣ ਵਿਚ ਡਾ. ਮਹਿੰਦਰ ਸਿੰਘ ਰੰਧਾਵਾ ਦਾ ਅਤੇ ਫਿਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਯੋਗਦਾਨ ਵੱਡਾ ਹੈ। ਹੋਰ ਅਨੇਕਾਂ ਉਦਾਹਰਣਾਂ ਹਨ ਜਿੱਥੇ ਲੇਖਕ ਦੇ ਆਪਣੇ ਯਤਨ ਜਾਂ ਉਸ ਦੇ ਦੇਹਾਂਤ ਉਪਰੰਤ ਉਸ ਦੇ ਪਰਿਵਾਰ, ਜਾਂ ਕਿਸੇ ਸੰਸਥਾ ਦੇ ਉਪਰਾਲੇ ਉਸ ਦੀਆਂ ਲਿਖਤਾਂ ਨੂੰ ਸੰਭਾਲਣ, ਅਤੇ ਪਾਠਕਾਂ ਦੇ ਧਿਆਨ ਵਿਚ ਲਿਆਉਣ ਲਈ ਸਹਾਈ ਹੋਏ ਹਨ। ਕੇਸਰੀ ਜੀ ਪਰੰਤੂ ਇਸ ਪੱਖੋਂ ਅਣਗੌਲੇ ਸਾਹਿੱਤਕਾਰ ਰਹੇ। ਉਨ੍ਹਾਂ ਨੇ ਇਕ ਪੱਤਰਕਾਰ, ਸਾਹਿੱਤਕਾਰ, ਖੋਜੀ, ਪੜਚੋਲੀਏ, ਸੰਪਾਦਕ ਅਤੇ ਅਨੁਵਾਦਕ ਦੇ ਰੂਪ ਵਿਚ ਕਾਫ਼ੀ ਕੰਮ ਕੀਤਾ। ਉਹ ਆਪਣੇ ਜੀਵਨ-ਕਾਲ ਵਿਚ ਕੁਝ ਉੱਘੇ ਰਹੇ ਅਤੇ ਫਿਰ, ਇਕ ਤਰ੍ਹਾਂ ਨਾਲ, ਭੁੱਲ-ਭੁਲਾ ਹੀ ਗਏ। ਕੇਸਰੀ ਜੀ ਨੇ ਆਪਣੇ ਜੀਵਨ ਬਾਰੇ ਕੁਝ ਨਹੀਂ ਲਿਖਿਆ। ਕੁਝ ਲੇਖਕਾਂ ਦੀਆਂ ਸੰਖੇਪ ਜਿਹੀਆਂ ਟਿੱਪਣੀਆਂ ਤੋਂ ਉਨ੍ਹਾਂ ਦਾ ਜਿਹੜਾ ਸ਼ਬਦ-ਚਿੱਤਰ ਬਣਦਾ ਹੈ, ਉਹ ਅੱਗੇ ਦਿੱਤਾ ਹੈ।
-
ਜਨਮ, ਮਾਪੇ, ਪਿੰਡ ਹਸਨਪੁਰ
ਕੇਸਰੀ ਜੀ ਦਾ ਜਨਮ ਫੱਗਣ ਸੰਮਤ 1938 (1881 ਈਸਵੀ)1 ਵਿਚ ਪਿੰਡ ਹਸਨਪੁਰ ਵਿਖੇ ਹੋਇਆ। ਪਿਤਾ ਦਾ ਨਾਂ ਸਰਦਾਰ ਧਿਆਨ ਸਿੰਘ ਅਤੇ ਮਾਤਾ ਦਾ ਨਾਂ ਸਰਦਾਰਨੀ ਨੰਦ ਕੌਰ ਸੀ। ਪਿੰਡ ਹਸਨਪੁਰ ਪਹਿਲਾਂ ਜ਼ਿਲ੍ਹਾ ਅੰਬਾਲਾ ਵਿਚ ਪੈਂਦਾ ਸੀ। ਫਿਰ ਜਦੋਂ ਰੂਪਨਗਰ ਜ਼ਿਲ੍ਹਾ ਬਣ ਗਿਆ, ਤਦ ਇਹ ਪਿੰਡ ਇਸ ਜ਼ਿਲ੍ਹੇ ਵਿਚ ਆ ਗਿਆ। ਇਸ ਵੇਲੇ ਇਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਜ਼ਿਲ੍ਹੇ ਵਿਚ ਸ਼ਾਮਲ ਹੈ ਅਤੇ ਇਸ ਨੂੰ ਖਰੜ ਤਹਿਸੀਲ ਪੈਂਦੀ ਹੈ। ਗੁਰਬਖ਼ਸ਼ ਸਿੰਘ ਕੇਸਰੀ ਦੇ ਬਚਪਨ ਅਤੇ ਜਵਾਨੀ ਦੇ ਸਮੇਂ ਹਸਨਪੁਰ ਨੂੰ ਜਾਣ ਲਈ ਕੁਰਾਲੀ ਦੇ ਰੇਲਵੇ ਸਟੇਸ਼ਨ ਤੋਂ ਉਤਰ ਕੇ ਕੱਚੇ ਰਾਹ ਪੈਦਲ ਹੀ ਜਾਣਾ ਪੈਂਦਾ ਸੀ। ਹੁਣ ਤੇ, ਚੰਡੀਗੜ੍ਹ ਤੋਂ ਲੁਧਿਆਣਾ ਨੂੰ ਜਾਣ ਵਾਲੀ ਮੁੱਖ ਸੜਕ ਉੱਤੇ, ਖਰੜ ਅਤੇ ਮੋਰਿੰਡਾ ਦੇ ਵਿਚਕਾਰ ਪੈਂਦੇ ਪਿੰਡ ਘੜੂੰਆਂ ਤੋਂ ਉਤਰ ਕੇ ਚੜ੍ਹਦੀ ਵੱਲ ਡੇਢ-ਦੋ ਕਿਲੋਮੀਟਰ ਦੇ ਫ਼ਾਸਲੇ ਉੱਤੇ ਵੱਸੇ ਇਸ ਪਿੰਡ ਤੀਕ ਪੱਕੇ ਰਾਹ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਕੇਸਰੀ ਜੀ ਦੇ ਸਮੇਂ ਹਸਨਪੁਰ ਨੂੰ ਕਾਲੇਵਾਲ ਦਾ ਡਾਕਖ਼ਾਨਾ ਲੱਗਦਾ ਸੀ। ਹੁਣ ਇਸ ਨੂੰ ਡਾਕਖ਼ਾਨਾ ਘੜੂੰਆਂ (ਪਿੰਨ ਕੋਡ 140413) ਲੱਗਦਾ ਹੈ।
ਪਿੰਡ ਹਸਨਪੁਰ ਨੇੜੇ ਪੈਂਦੇ ਪਿੰਡ ਘੜੂੰਆਂ ਦੇ ਮੁਕਾਬਲੇ ਕਾਫ਼ੀ ਛੋਟਾ ਹੈ। ਪਿੰਡ ਵਿਚ ਕੇਸਰੀ ਜੀ ਦੇ ਪਰਿਵਾਰ ਦੀ ਅੱਲ ‘ਚੱਕੀ ਵਾਲੇ’ ਸੀ। ਕਿਸੇ ਸਮੇਂ ਉਨ੍ਹਾਂ ਨੇ ਆਟਾ ਪੀਹਣ ਵਾਲੀ ਚੱਕੀ (ਖਰਾਸ) ਲਾਈ ਹੋਈ ਸੀ। ਇਹ ਚੱਕੀ ਕਿਸੇ ਮਸ਼ੀਨ ਦੀ ਥਾਂ ਬਲਦਾਂ ਨਾਲ ਚਲਾਈ ਜਾਂਦੀ ਸੀ। ਕੇਸਰੀ ਜੀ ਦੇ ਸਮੇਂ ਇਸ ਪਿੰਡ ਨੂੰ ਜਾਂਦੇ ਸਾਰੇ ਰਾਹ ਕੱਚੇ ਹੀ ਹੁੰਦੇ ਸਨ। ਇੱਥੋਂ ਨੇੜਲੇ ਕਸਬਿਆਂ ਮੋਰਿੰਡਾ, ਕੁਰਾਲੀ ਅਤੇ ਖਰੜ ਨੂੰ ਅਕਸਰ ਪੈਦਲ ਹੀ ਜਾਇਆ ਜਾਂਦਾ ਸੀ। ਕੇਸਰੀ ਜੀ ਦੇ ਦੋਹਤਰੇ ਰਣਜੋਧ ਸਿੰਘ ਗਿੱਲ ਦੇ ਚੇਤੇ ਵਿਚ ਆਪਣੇ ਬਚਪਨ ਦੇ ਸਮੇਂ ਦੇ ਉਹ ਰਾਹ ਅਜੇ ਵੀ ਵੱਸੇ ਹੋਏ ਹਨ। ਗਿੱਲ ਹੁਰਾਂ ਦੇ ਸ਼ਬਦਾਂ ਵਿਚ : “ਹਸਨਪੁਰ ਨੂੰ 1952-53 ਤਕ ਸਭ ਤੋਂ ਨਜ਼ਦੀਕ ਸੜਕ ਸਹੋੜਾਂ ਵੱਲੋਂ ਲੱਗਦੀ ਸੀ। ਉਦੋਂ ਖਰੜ-ਮੋਰਿੰਡਾ ਵਾਲੀ ਸੜਕ ਨਹੀਂ ਸੀ ਬਣੀ ਅਤੇ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਕੁਰਾਲੀ ਹੁੰਦਾ ਸੀ। ਕੁਰਾਲੀ ਤੋਂ ਅੱਗੇ ਪਹਿਲਾ ਪਿੰਡ ਕਾਲੇਵਾਲ, ਫਿਰ ਬਰੌਲੀ ਤੇ ਫਿਰ ਸਾਡਾ ਨਾਨਕਾ ਪਿੰਡ ਹਸਨਪੁਰ ਜਾਂ ਕੁਰਾਲੀ-ਖਰੜ ਸੜਕ ਉੱਤੇ ਨੇੜੇ ਪੈਂਦੇ ਪਿੰਡ ਸਹੌੜਾਂ ਨੂੰ ਹੋ ਕੇ ਅੱਗੇ ਹਸਨਪੁਰ ਜਾਂ ਫਿਰ ਪਹਿਲਾ ਪਿੰਡ ਘੜੂੰਆਂ ਅਤੇ ਫਿਰ ਹਸਨਪੁਰ ਆਉਂਦੇ ਸਨ। ਕੱਚੇ ਰਸਤੇ ਜਿਨ੍ਹਾਂ ਨੂੰ ‘ਗੋਹਰਾਂ’ ਕਹਿੰਦੇ ਸਨ, ਗੱਡਿਆਂ ਦੇ ਰਾਹ ਸਨ। ਮੇਰਾ ਨਾਨਕਾ ਪਿੰਡ ਬਾਹਰਲੇ ਜਹਾਨ ਨਾਲ ਇਨ੍ਹਾਂ ਕੱਚੇ ਰਾਹਾਂ ਨਾਲ ਜੁੜਿਆ ਹੋਇਆ ਸੀ। ਇਹ ਰਸਤੇ ਬਰਸਾਤ ਦੇ ਦਿਨਾਂ ਵਿਚ ਪਾਣੀ ਦੇ ਨਾਲਿਆਂ ਦੀ ਤਰ੍ਹਾਂ ਹੁੰਦੇ ਸਨ ਅਤੇ ਕੱਚੀ ਮਿੱਟੀ ਦੇ ਬਹਿ ਜਾਣ ਨਾਲ ਇਹ ਡੂੰਘੇ ਵੀ ਹੋਏ ਹੁੰਦੇ ਸਨ। ਮੇਰੀ ਬੀਬੀ (ਮਾਤਾ) ਜੀ ਦੇ ਮੁਤਾਬਕ ਉਨ੍ਹਾਂ ਦਾ ਵਿਆਹ ਪੱਕੀ ਸੜਕ ਉੱਤੇ ਵੱਸੇ ਪਿੰਡ ਲਾਂਡਰਾਂ ਵਿਖੇ ਕਰਨ ਦਾ ਇਕ ਕਾਰਨ, ਨਾਨਾ ਜੀ ਅਨੁਸਾਰ, ਉੱਥੇ ਆਉਣ-ਜਾਣ ਪੱਖੋਂ ਪੱਕੇ ਰਾਹ ਦੀ ਸਹੂਲਤ ਹੋਣਾ ਸੀ।”
2.1 ਵਿੱਦਿਆ ਅਤੇ ਵਿਦਿਅਕ ਪਿਛੋਕੜ
ਕੇਸਰੀ ਜੀ ਨੇ ਆਪਣੀ ਮੁੱਢਲੀ ਵਿੱਦਿਆ ਨੇੜਲੇ ਪਿੰਡ ਘੜੂੰਆਂ ਅਤੇ ਫਿਰ ਨੇੜੇ ਪੈਂਦੇ ਕਸਬੇ ਕੁਰਾਲੀ ਦੇ ਸਕੂਲਾਂ ਤੋਂ ਪ੍ਰਾਪਤ ਕੀਤੀ। ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਪੰਜਾਬ ਕੋਸ਼ ਦੇ ਗੁਰਬਖ਼ਸ਼ ਸਿੰਘ ਕੇਸਰੀ ਬਾਰੇ ਇੰਦਾਰਜ ਅਨੁਸਾਰ ਕੇਸਰੀ ਜੀ ਨੇ “ਛੋਟੀ ਜਿਹੀ ਉਮਰ ਤੋਂ ਸਿੱਖ ਇਤਿਹਾਸ ਬਾਰੇ ਡੂੰਘਾ ਅਧਿਐਨ ਸ਼ੁਰੂ ਕਰ ਦਿੱਤਾ ਸੀ।” ਡਾ. ਪਿਆਰ ਸਿੰਘ ਨੇ ਕੇਸਰੀ ਜੀ ਦੀ ਪੁਸਤਕ ਸੱਤ ਸਾਦਿਕ ਜੋ ਪਹਿਲੀ ਵਾਰ 1957 ਵਿਚ ਛਪੀ’, ਦੇ ਅਰੰਭ ਵਿਚ ‘ਜਾਣ-ਪਛਾਣ’ ਸਿਰਲੇਖ ਹੇਠ ਇਸ ਲੇਖਕ ਬਾਰੇ ਬੜੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਇਸ ਅਨੁਸਾਰ ਕੇਸਰੀ ਜੀ ਦੇ ਘਰ ਵਿਚ ਵਿੱਦਿਆ ਦਾ ਚੰਗਾ ਪ੍ਰਵਾਹ ਚੱਲ ਰਿਹਾ ਸੀ। “ਆਪ ਜੀ ਦੇ ਦਾਦਾ ਸੰਸਕ੍ਰਿਤ ਤੇ ਫ਼ਾਰਸੀ ਦੇ ਚੰਗੇ ਵਿਦਵਾਨ ਤੇ ਸਾਹਿੱਤ-ਰਸੀਏ ਸਨ। ਪਿਤਾ ਨੂੰ ਵੀ ਸਾਹਿੱਤ ਦਾ ਸ਼ੌਕ ਸੀ। ਇਸ ਤਰ੍ਹਾਂ ਕੇਸਰੀ ਜੀ ਨੂੰ ਲੁੜੀਂਦੀ ਸਿੱਖਿਆ ਵਿਰਸੇ ਵਿਚ ਹੀ ਪ੍ਰਾਪਤ ਹੋਈ। ਸੰਸਕ੍ਰਿਤ ਵੀ ਸਿੱਖੀ ਤੇ ਫ਼ਾਰਸੀ ਵੀ। ਨਾਲ ਹੀ ਕੁਝ ਪਿੰਗਲ ਦਾ ਅਭਿਆਸ ਹੋਇਆ, ਜਿਸ ਕਾਰਨ ਇਨ੍ਹਾਂ ਦੇ ਅੰਦਰੋਂ ਕਵਿਤਾ ਦਾ ਸੋਮਾ ਫੁੱਟ ਨਿਕਲਿਆ।”
ਅਜਮੇਰ ਸਿੰਘ ਐਮ.ਏ. ਅਨੁਸਾਰ ਕੇਸਰੀ ਜੀ ਨੇ “ਕਿਸੇ ਸਕੂਲ ਵਿੱਚੋਂ ਬਾਕਾਇਦਾ ਤੌਰ ‘ਤੇ ਵਿੱਦਿਆ ਪ੍ਰਾਪਤ ਨਹੀਂ ਕੀਤੀ ਸੀ। ਪ੍ਰੰਤੂ ਆਪ ਨੇ ਪੰਜਾਬੀ, ਉਰਦੂ, ਹਿੰਦੀ ਤੇ ਫ਼ਾਰਸੀ ਦਾ ਚੰਗਾ ਗਿਆਨ ਪ੍ਰਾਪਤ ਕਰ ਲਿਆ ਸੀ। ਹਰਿਦੁਆਰ ਅਤੇ ਬਨਾਰਸ ਵਿਚ ਕੁਝ ਸਮਾਂ ਠਹਿਰ ਕੇ ਆਪ ਨੇ ਸੰਸਕ੍ਰਿਤ ਦਾ ਵੀ ਅਧਿਐਨ ਕੀਤਾ। ਪੁਰਾਤਨ ਹਿੰਦੂ ਗ੍ਰੰਥਾਂ ਨੂੰ ਤੇ ਖ਼ਾਸ ਕਰਕੇ ਸਾਹਿੱਤ ਕਲਾ ਨਾਲ ਸੰਬੰਧ ਰੱਖਣ ਵਾਲੀਆਂ ਪੁਸਤਕਾਂ ਨੂੰ ਬੜੇ ਸ਼ੌਕ ਨਾਲ ਪੜ੍ਹਿਆ। ਕਵਿਤਾ ਲਿਖਣ ਦਾ ਸ਼ੌਕ ਕੁਦਰਤੀ ਸੀ। ਪਿੰਗਲ ਦੇ ਨਿਯਮਾਂ ਦੀ ਵਰਤੋਂ ਦਾ ਖ਼ੂਬ ਤਜਰਬਾ ਸੀ। ਕਬਿੱਤ, ਕੋਰੜੇ, ਸਵੱਯੇ ਲਿਖਣ ਦੀ ਅਜ਼ਮਾਇਸ਼ ਕੀਤੀ ਪਰ ਬਹੁਤੀ ਕਵਿਤਾ ਬੈਂਤ ਜਾਂ ਚੌਪਈ ਵਿਚ ਹੀ ਰਚੀ।”” ਸ਼ਮਸ਼ੇਰ ਸਿੰਘ ਅਸ਼ੋਕ ਨੇ ਖ਼ਾਲਸਾ ਪਾਰਲੀਮੈਂਟ ਗਜ਼ਟ ਦੇ ਕੱਤਕ 483 ਅੰਕ ਵਿਚ ਪ੍ਰਕਾਸ਼ਿਤ ਲੇਖ ‘ਰਾਜ-ਕਵਿ ਭਾਈ ਗੁਰਬਖ਼ਸ਼ ਸਿੰਘ ਜੀ ਕੇਸਰੀ’ ਵਿਚ ਲਿਖਿਆ ਹੈ, “ਇਨ੍ਹਾਂ ਨੇ ਪਿੰਡ ਘੜੂੰਏ ਅਰ ਕੁਰਾਲੀ ਦੇ ਸਕੂਲਾਂ ਵਿਚ ਉਰਦੂ ਫ਼ਾਰਸੀ ਪੜ੍ਹੀ। ਇਨ੍ਹਾਂ ਦੇ ਪਿਤਾ ਸਰਦਾਰ ਧਿਆਨ ਸਿੰਘ ਜੀ ਹਿੰਦੀ-ਪੰਜਾਬੀ ਦੇ ਤਕੜੇ ਵਿਦਵਾਨ ਸਨ, ਇਸ ਲਈ ਸਾਹਿੱਤਿਕ ਸਿੱਖਿਆ ਇਨ੍ਹਾਂ ਨੇ ਆਪਣੇ ਪਿਤਾ ਜੀ ਤੋਂ ਹੀ ਪ੍ਰਾਪਤ ਕੀਤੀ।’* ਕੇਸਰੀ ਜੀ ਨੂੰ ਗੁਰਬਾਣੀ ਪੜ੍ਹਨ ਦੀ ਚੇਟਕ ਛੋਟੀ ਉਮਰ ਤੋਂ ਹੀ ਲੱਗ ਗਈ ਸੀ।* ਉਹ ਪੰਜ ਸਾਲ ਦੀ ਉਮਰ ਤੋਂ ਪਾਠ ਕਰਦੇ ਹੁੰਦੇ ਸਨ ਤੇ ਬਹੁਤ ਸਾਰੀ ਗੁਰਬਾਣੀ ਉਨ੍ਹਾਂ ਨੂੰ ਕੰਠ ਸੀ।
ਕੇਸਰੀ ਜੀ ਦੀਆਂ ਉਪਲਬਧ ਰਚਨਾਵਾਂ ਦੇ ਅਧਿਐਨ ਤੋਂ ਕੁਝ ਗੱਲਾਂ ਬੜੀਆਂ ਸਪੱਸ਼ਟ ਹੁੰਦੀਆਂ ਹਨ। ਪਹਿਲੀ, ਕੇਸਰੀ ਜੀ ਉੱਚ-ਕੋਟੀ ਦੇ ਵਿਦਵਾਨ ਸਨ। ਦੂਜੀ, ਉਹ ਮੰਨੇ ਹੋਏ ਖੋਜੀ ਸਨ। ਤੀਜੀ, ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ, ਅਰਬੀ-ਫ਼ਾਰਸੀ ਅਤੇ ਸੰਸਕ੍ਰਿਤ ਗ੍ਰੰਥਾਂ ਦਾ ਡੂੰਘਾ ਅਧਿਐਨ ਸੀ । ਚੌਥੀ, ਕੇਸਰੀ ਜੀ ਆਪਣੇ ਸਮੇਂ ਦੇ ਉੱਘੇ ਕਵੀ ਅਤੇ ਵਾਰਤਕ ਲਿਖਾਰੀ ਸਨ । ਪੰਜਵਾਂ, ਉਹ ਸਿੰਘ ਸਭਾ ਲਹਿਰ ਦੇ ਆਸ਼ਿਆਂ ਅਨੁਸਾਰ ਸਮਾਜ ਸੁਧਾਰ ਲਈ ਲਿਖਦੇ ਸਨ।
2.2 ਪਰਿਵਾਰ
ਕੇਸਰੀ ਹੁਰਾਂ ਦੀ ਪਤਨੀ ਦਾ ਨਾਂ ਹਰਸ਼ਰਨ ਕੌਰ ਸੀ । ਰਣਜੋਧ ਸਿੰਘ ਗਿੱਲ ਅਨੁਸਾਰ ਕੇਸਰੀ ਜੀ ਦੀ ਪਹਿਲੀ ਪਤਨੀ ਬੇਔਲਾਦ ਮਰ ਗਈ ਸੀ। ਹਰਸ਼ਰਨ ਕੌਰ ਉਨ੍ਹਾਂ ਦੀ ਦੂਜੀ ਪਤਨੀ ਸੀ। ਹਰਸ਼ਰਨ ਕੌਰ ਰੋਪੜ ਵਿਖੇ ‘ਗਿਆਨੀ ਦਿੱਤ ਸਿੰਘ ਕੰਨਿਆ ਪਾਠਸ਼ਾਲਾ’ ਵਿਚ ਅਧਿਆਪਕਾ ਸੀ । ਕੇਸਰੀ ਜੀ ਇਸ ਸਕੂਲ ਦੇ ਸੰਸਥਾਪਕ ਅਤੇ ਮੈਨੇਜਰ ਸਨ। ਕੇਸਰੀ ਜੀ ਅਤੇ ਹਰਸ਼ਰਨ ਕੌਰ ਨੂੰ ਆਪਸੀ-ਰਾਸ ਮਿਲਦੀ ਜਾਪੀ ਤੇ ਦੋਵੇਂ ਜੀਵਨ-ਸਾਥੀ ਬਣ ਗਏ। ਹਰਸ਼ਰਨ ਕੌਰ ਰਾਮਗੜ੍ਹੀਆ ਪਰਿਵਾਰ ਦੀ ਧੀ ਸੀ। ਰਣਜੋਧ ਸਿੰਘ ਗਿੱਲ ਦੇ ਸ਼ਬਦਾਂ ਵਿਚ: “ਮੇਰੇ ਨਾਨਾ ਜੀ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਤੋਂ ਸ਼ਾਇਦ ਕੋਈ ਔਲਾਦ ਨਹੀਂ ਸੀ। ਮੈਂ ਤਾਂ ਆਪਣੀ ਦੂਜੀ ਅਸਲੀ ਨਾਨੀ ਹੀ ਵੇਖੀ ਹੈ। ਉਹ ਭਾਈ ਦਿੱਤ ਸਿੰਘ ਕੰਨਿਆ ਪਾਠਸ਼ਾਲਾ ਵਿਚ ਟੀਚਰ ਸਨ, ਜਿਸ ਨਾਲ ਨਾਨਾ ਜੀ ਜੁੜੇ ਹੋਏ ਸਨ। ਉਨ੍ਹਾਂ ਦੀ ਮੁਲਾਕਾਤ ਉੱਥੇ ਹੀ ਹੋਈ ਤੇ ਸ਼ਾਦੀ ਕਰ ਲੀਤੀ। ਇਹ ਪ੍ਰੇਮ-ਵਿਆਹ ਹੀ ਸੀ। ਮੇਰੀ ਨਾਨੀ ਜੀ ਕੀਰਤਨ ਬਹੁਤ ਅੱਛਾ ਕਰਦੇ ਹੁੰਦੇ ਸੀ ਜਦੋਂ ਕਿ ਨਾਨਾ ਜੀ ਕਵਿਤਾ, ਗੀਤ ਲਿਖ ਤਾਂ ਸਕਦੇ ਸਨ ਲੇਕਿਨ ਗਾਉਣ ਦੀ ਕੋਈ ਜਾਚ ਨਹੀਂ ਸੀ।” ਹਰਸ਼ਰਨ ਕੌਰ ਗੁਣਵੰਤ ਇਸਤਰੀ ਸੀ। ਉਹ ਦਲੇਰ ਵੀ ਬੜੀ ਸੀ। ਇਕੇਰਾਂ ਉਨ੍ਹਾਂ ਦੇ ਘਰ ਸੱਪ ਨਿਕਲ ਆਇਆ। ਹਰਸ਼ਰਨ ਕੌਰ ਘਰ ਵਿਚ ਇਕੱਲੀ ਸੀ। ਉਸ ਨੇ ਬਿਨਾਂ ਘਬਰਾਹਟ ਤੋਂ ਸੋਟਾ ਲੈ ਕੇ ਸੱਪ ਨੂੰ ਮਾਰ ਦਿੱਤਾ।
ਕੇਸਰੀ ਜੀ ਦੇ ਘਰ ਹਰਸ਼ਰਨ ਕੌਰ ਦੀ ਕੁੱਖੋਂ ਇਕ ਧੀ ਸੁਖਵੰਤ ਕੌਰ, ਦੋ ਪੁੱਤਰ- ਹਰਬਖ਼ਸ਼ ਸਿੰਘ ਅਤੇ ਜਸਵੰਤ ਸਿੰਘ ਹੋਏ। ਅੱਗੋਂ ਸੁਖਵੰਤ ਕੌਰ ਦੇ ਦੋ ਪੁੱਤਰ ਡਾ.
ਗੁਰਪਾਲ ਸਿੰਘ ਤੇ ਰਣਜੋਧ ਸਿੰਘ ਗਿੱਲ ਹੋਏ। ਹਰਬਖ਼ਸ਼ ਸਿੰਘ ਦੇ ਇਕ ਪੁੱਤਰ ਗੁਰਜੀਤ ਸਿੰਘ ਅਤੇ ਤਿੰਨ ਧੀਆਂ ਮਨਜੀਤ ਕੌਰ, ਹਰਮੀਤ ਕੌਰ ਤੇ ਰਣਜੀਤ ਕੌਰ ਹੋਈਆਂ। ਜਸਵੰਤ ਸਿੰਘ ਦੇ ਤਿੰਨ ਪੁੱਤਰ ਰਘਬੀਰ ਸਿੰਘ, ਰੁਪਿੰਦਰ ਸਿੰਘ, ਸੁਖਮਿੰਦਰ ਸਿੰਘ ਅਤੇ ਇਕ ਧੀ ਕਮਲਜੀਤ ਕੌਰ ਹੋਈ। ਸੱਤ ਸਾਦਿਕ ਪੁਸਤਕ ਜੋ ਕੇਸਰੀ ਜੀ ਨੇ ਆਪ ਛਪਵਾਈ ਸੀ, ਉਸ ਉੱਤੇ ਉਨ੍ਹਾਂ ਨੇ ਇਸ ਨੂੰ ਪ੍ਰਾਪਤ ਕਰਨ ਲਈ ਜੋ ਪਤਾ ਦਿੱਤਾ, ਉਸ ਵਿਚ ਆਪਣੇ ਪੁੱਤਰਾਂ ਦੇ ਨਾਂ ਇਸ ਪ੍ਰਕਾਰ ਲਿਖੇ :
“ਪੁਸਤਕ ਮਿਲਣ ਦਾ ਪਤਾ:
ਮਾਸਟ ਹਰਬਖ਼ਸ਼ ਸਿੰਘ, ਗਿਆਨੀ ਜਸਵੰਤ ਸਿੰਘ, ਸਪੁੱਤਾਨ ਸ. ਗੁਰਬਖ਼ਸ਼ ਸਿੰਘ ਕੇਸਰੀ”
ਕੇਸਰੀ ਜੀ ਦਾ ਦੋਹਤਰਾ ਰਣਜੋਧ ਸਿੰਘ ਗਿੱਲ ਉਦਯੋਗਪਤੀ ਹੈ। ਉਸ ਨੇ ਆਪਣੇ ਨਾਨਾ ਜੀ ਦੀ ਸਾਹਿੱਤ-ਰਚਨਾ ਨੂੰ ਸੰਭਾਲਣ ਲਈ ਯਤਨ ਸ਼ੁਰੂ ਕੀਤੇ ਹਨ।
ਉਸ ਨੇ ਆਪਣੇ ਨਾਨਕੇ ਪਿੰਡ ਅਤੇ ਖ਼ਾਸ ਤੌਰ ‘ਤੇ ਕੇਸਰੀ ਜੀ ਨਾਲ ਜੁੜੀਆਂ ਬਚਪਨ ਦੀਆਂ ਯਾਦਾਂ ਇਨ੍ਹਾਂ ਸਤਰਾਂ ਦੇ ਲੇਖਕ ਵੱਲੋਂ ਜ਼ੋਰ ਦੇਣ ’ਤੇ ਲਿਖ ਕੇ ਭੇਜੀਆਂ ਸਨ। ਇਸ ਤਰ੍ਹਾਂ ਪ੍ਰਾਪਤ ਹੋਈ ਜਾਣਕਾਰੀ ਵਿਚ ਇਹ ਵੀ ਦੱਸਿਆ ਗਿਆ ਕਿ ਕੇਸਰੀ ਜੀ ਆਪਣੇ ਪਿੰਡ ਦੀ ਸਤਿਕਾਰਯੋਗ ਸ਼ਖ਼ਸੀਅਤ ਸਨ। ਜਦੋਂ ਵੀ ਕੋਈ ਸਰਕਾਰੀ ਅਧਿਕਾਰੀ ਪਿੰਡ ਆਉਂਦਾ ਤਾਂ ਸਭ ਤੋਂ ਪਹਿਲਾਂ ਕੇਸਰੀ ਜੀ ਨੂੰ ਹੀ ਮਿਲਦਾ। ਦੇਸ- ਵੰਡ ਸਮੇਂ ਕੇਸਰੀ ਜੀ ਨੇ ਆਪਣੇ ਪਿੰਡ ਦੇ ਮੁਸਲਮਾਨ ਪਰਿਵਾਰਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ। ਰਣਜੋਧ ਸਿੰਘ ਗਿੱਲ ਅਨੁਸਾਰ ਹੀ ਕੇਸਰੀ ਜੀ ਕੁਝ ਅਰਸਾ ਲਾਹੌਰ ਵਿਖੇ ਫ਼ੌਜ ਦੇ ਗੁਰਦੁਆਰੇ ਵਿਚ ਗ੍ਰੰਥੀ ਰਹੇ ਸਨ। ਐਪਰ ਹੋਰ ਕਿਸੇ ਸੋਮੇਂ ਤੋਂ ਕੇਸਰੀ ਜੀ ਦੀ ਇਸ ਮੁਲਾਜ਼ਮਤ ਦੀ ਪੁਸ਼ਟੀ ਨਹੀਂ ਹੋਈ।
-
ਮਲਾਇਆ ਜਾਣਾ
ਗੁਰਬਖ਼ਸ਼ ਸਿੰਘ ਕੇਸਰੀ ਦੀ ਪੁਸਤਕ ਸੰਖਿਆ ਕੋਸ਼ ਦੇ ਅਰੰਭ ਵਿਚ ‘ਜਾਣ- ਪਛਾਣ’ ਸਿਰਲੇਖ ਹੇਠ ਅਜਮੇਰ ਸਿੰਘ ਐਮ.ਏ. (ਪਿੰਡ ਲੋਹਗੜ੍ਹ ਜ਼ਿਲ੍ਹਾ ਲੁਧਿਆਣਾ) ਨੇ ਗੁਰਬਖ਼ਸ਼ ਸਿੰਘ ‘ਕੇਸਰੀ’ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਉਹ ਕੇਸਰੀ ਜੀ ਨੂੰ ਮਿਲਿਆ ਵੀ ਸੀ। ਉਸ ਅਨੁਸਾਰ ਗੁਰਬਖ਼ਸ਼ ਸਿੰਘ ਕੇਸਰੀ 1906 ਵਿਚ ਮਲਾਇਆ ਚਲੇ ਗਏ ਤੇ ਖ਼ਾਲਸਾ ਦੀਵਾਨ, ਮਲਾਇਆ ਦੇ ਪ੍ਰਚਾਰਕ ਨਿਯਤ ਕੀਤੇ ਗਏ। ਏਸ ਤਰ੍ਹਾਂ ਗੁਰਬਖ਼ਸ਼ ਸਿੰਘ ਜੀ ਨੇ ਸਿੰਘ ਸਭਾ ਲਹਿਰ ਵਿਚ ਪ੍ਰਵੇਸ਼ ਕੀਤਾ। ਉਪਰੋਕਤ ਲੇਖਕ ਨੇ ਪੰਜਾਬੀ ਟ੍ਰਿਬਿਊਨ ਦੇ 26 ਜੁਲਾਈ 1981 ਦੇ ਅੰਕ ਵਿਚ ਛਪੇ ਆਪਣੇ ਲੇਖ ਵਿਚ ਕੇਸਰੀ ਜੀ ਦਾ ਮਲਾਇਆ ਜਾਣ ਦਾ ਸਮਾਂ 1899 ਦੇ ਨੇੜੇ ਦੱਸਿਆ ਹੈ। ਇਸ ਲੇਖ ਅਨੁਸਾਰ ਕੇਸਰੀ ਜੀ ਨੇ “ਉਥੇ ਨੌਕਰੀ ਕਰਨੀ ਸ਼ੁਰੂ ਕੀਤੀ ਅਤੇ ਨਾਲ ਹੀ ਪੰਜਾਬ ਦੇ ਗੁਣਾਂ ਨੂੰ ਗਾਉਣਾ ਸ਼ੁਰੂ ਕੀਤਾ। ਇਸ ਲਈ ਮਲਾਇਆ ’ਚ ਆਪ ਦੇ ਗੁਣਾਂ ਦੀ ਖ਼ੂਬ ਧੁੰਮ ਪੈ ਗਈ। ਜਿੱਥੇ ਕਿਤੇ ਵੀ ਕੋਈ ਇਕੱਠ ਹੁੰਦਾ ਤਾਂ ਉੱਥੇ ਕਵਿਤਾ ਸੁਣਾਉਣ ਲਈ ਕੇਸਰੀ ਜੀ ਨੂੰ ਜ਼ਰੂਰ ਸੱਦਿਆ ਜਾਂਦਾ।”°
ਉਪਰੋਕਤ ਤੋਂ ਅਨੁਮਾਨ ਹੁੰਦਾ ਹੈ ਕਿ ਜਿਵੇਂ ਪੰਜਾਬ ਦੇ ਯੁਵਕ ਖੱਟਣ ਕਮਾਉਣ ਲਈ ਵੱਖ-ਵੱਖ ਦੇਸ਼ਾਂ, ਜਿਵੇਂ ਚੀਨ, ਮਲਾਇਆ, ਇੰਗਲੈਂਡ ਜਾਂਦੇ ਸਨ, ਤਿਵੇਂ ਹੀ ਕੇਸਰੀ ਜੀ ਗਏ। ਉਨ੍ਹਾਂ ਨੇ ਆਪਣੀ ਮੰਜ਼ਲ ਮਲਾਇਆ ਮਿੱਥੀ। ਉੱਥੇ ਉਹ ਖ਼ਾਲਸਾ ਦੀਵਾਨ ਦੇ ਪ੍ਰਚਾਰਕ ਬਣੇ ਅਤੇ ਗੁਰਦੁਆਰੇ ਵਿਚ ਗ੍ਰੰਥੀ ਵਜੋਂ ਸੇਵਾ ਨਿਭਾਈ। ਤਦ ਉਹ ਆਪਣਾ ਨਾਂ ‘ਗੁਰਬਖ਼ਸ਼ ਸਿੰਘ ਗ੍ਰੰਥੀ’ ਲਿਖਦੇ ਸਨ। 3.1 ਸਿੰਘ ਸਭਾ ਲਹਿਰ ਵਿਚ ਪ੍ਰਵੇਸ਼ ਕਦੋਂ ?
ਉੱਪਰ ਦੱਸੇ ਅਨੁਸਾਰ ਕੇਸਰੀ ਜੀ ਨੇ ਮਲਾਇਆ ਰਹਿੰਦਿਆਂ ਸਿੰਘ ਸਭਾ ਲਹਿਰ ਵਿਚ ਪ੍ਰਵੇਸ਼ ਕੀਤਾ। ਇਸ ਪ੍ਰਸੰਗ ਵਿਚ ਅਜਮੇਰ ਸਿੰਘ ਐਮ.ਏ. ਪੰਜਾਬੀ ਟ੍ਰਿਬਿਊਨ ਦੇ ਅੰਕ 26 ਜੁਲਾਈ 1981 ਵਿਚ ਛਪੇ ਲੇਖ ‘ਭੁੱਲੇ ਵਿਸਰੇ ਕਵੀ ਗੁਰਬਖ਼ਸ਼ ਸਿੰਘ ਕੇਸਰੀ’ ਦੀਆਂ ਇਹ ਸਤਰਾਂ ਧਿਆਨ ਮੰਗਦੀਆਂ ਹਨ : “ਪ੍ਰਸਿੱਧ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਨਾਲ ਆਪ ਜੀ ਦਾ ਖ਼ਾਸ ਸਨੇਹ ਹੀ ਨਹੀਂ ਸੀ ਸਗੋਂ ਸ਼ਰਧਾਲੂ ਵੀ ਸਨ। 1901 ਵਿਚ ਗਿਆਨੀ ਦਿੱਤ ਸਿੰਘ ਜੀ ਦੀ ਮੌਤ ਹੋ ਗਈ। ਆਪ ਓਰੀਐਂਟਲ ਕਾਲਜ, ਲਾਹੌਰ ਵਿਚ ਪ੍ਰੋਫ਼ੈਸਰ ਹੁੰਦੇ ਸਨ। ਸਿੰਘ ਸਭਾ ਲਹਿਰ ਦੇ ਮੋਢੀ ਸਨ।…..ਕੇਸਰੀ ਜੀ’ ਇਕ ਤਰ੍ਹਾਂ ਨਾਲ ਗਿਆਨੀ ਦਿੱਤ ਸਿੰਘ ਜੀ ਦੇ ਸ਼ਿਸ਼ ਸਨ।” ਇਸ ਅਨੁਸਾਰ ਕੇਸਰੀ ਜੀ 1901 ਤੋਂ ਪਹਿਲਾਂ ਗਿਆਨੀ ਦਿੱਤ ਸਿੰਘ ਨੂੰ ਜਾਣਦੇ ਸਨ। ਗਿਆਨੀ ਦਿੱਤ ਸਿੰਘ ਦੇ ਅਕਾਲ ਚਲਾਣੇ ਸਮੇਂ ਕੇਸਰੀ ਜੀ ਲਗਪਗ ਵੀਹ ਸਾਲ ਦੇ ਸਨ। ਉਸ ਸਮੇਂ ਸਿੰਘ ਸਭਾ ਲਹਿਰ ਸਿਖਰ ਉੱਤੇ ਸੀ। ਖ਼ਾਲਸਾ ਅਖ਼ਬਾਰ, ਲਾਹੌਰ ਸਿੱਖ ਜਗਤ ਵਿਚ ਬਹੁਤ ਉਤਸ਼ਾਹ ਨਾਲ ਪੜ੍ਹਿਆ ਜਾਂਦਾ ਸੀ। ਕੇਸਰੀ ਜੀ ਦੇ ਇਲਾਕੇ ਵਿਚ ਖਮਾਣੋਂ ਅਤੇ ਘੜੂੰਆਂ ਪਿੰਡਾਂ ਵਿਚ ਸਿੰਘ ਸਭਾ ਲਹਿਰ ਦਾ ਤਕੜਾ ਪ੍ਰਭਾਵ ਸੀ। ਕੇਸਰੀ ਜੀ ਦਾ ਇਸ ਲਹਿਰ ਵਿਚ ਪ੍ਰਵੇਸ਼ ਤਦ ਤੋਂ ਹੀ ਮੰਨਿਆ ਜਾਣਾ ਚਾਹੀਦਾ ਹੈ। ਉਂਜ, ਕੇਸਰੀ ਜੀ ਦੇ ਗਿਆਨੀ ਦਿੱਤ ਸਿੰਘ ਨਾਲ ਸਿੱਧਾ ਸੰਪਰਕ ਰਹੇ ਹੋਣ ਦੀ ਪੁਸ਼ਟੀ ਕਿਸੇ ਹੋਰ ਸੋਮੇ ਤੋਂ ਨਹੀਂ ਹੋਈ। ਇਹ ਨਿਸਚਿਤ ਹੈ ਕਿ ਕੇਸਰੀ ਜੀ ਗਿਆਨੀ ਦਿੱਤ ਸਿੰਘ ਤੋਂ ਬਹੁਤ ਪ੍ਰਭਾਵਿਤ ਸਨ। ਗਿਆਨੀ ਜੀ ਦੇ ਨਾਂ ਉੱਤੇ ਇਕ ਕੰਨਿਆਂ ਸਕੂਲ ਖੋਲ੍ਹਣਾ ਅਤੇ ਇਕ ਪੱਤ੍ਰਿਕਾ ਜਾਰੀ ਕਰਨੀ, ਇਸੇ ਭਾਵ ਦੇ ਸੂਚਕ ਹਨ। ਜਾਪਦਾ ਇਹ ਹੈ ਕਿ ਕੇਸਰੀ ਜੀ ਸਿੰਘ ਸਭੀਏ ਪਹਿਲਾਂ ਬਣੇ ਅਤੇ ਖ਼ਾਲਸਾ ਦੀਵਾਨ ਦੇ ਪ੍ਚਾਰਕ ਪਿੱਛੋਂ ਬਣੇ। ਖ਼ਾਲਸਾ ਪਾਰਲੀਮੈਂਟ ਗਜ਼ਟ ਦੇ ਅੰਕ ਮੱਘਰ-ਪੋਹ 483, ਦਸੰਬਰ-ਜਨਵਰੀ 1951-52 ਵਿਚ ਛਪੇ ਆਪਣੇ ਲੇਖ ‘ਪੰਚ ਖ਼ਾਲਸਾ ਦੀਵਾਨ ਤੇ ਉਸ ਦੇ ਕੁਰਬਾਨੀ ਪੁੰਜ ਸੇਵਕ’ ਵਿਚ ਕੇਸਰੀ ਜੀ ਨੇ ਲਿਖਿਆ ਹੈ :
“ਸਮੇਂ ਦੇ ਗੇੜ ਨਾਲ ਜਦ ਖ਼ਾਲਸਾ ਪੰਥ ਦੀ ਗਿਰਾਵਟ ਹੋਈ ਤੇ ਖ਼ਾਲਸਾ ਧਰਮ ਲੁਪਤ ਹੋ ਕੇ ਆਪਣੀ ਅਸਲੀਅਤ ਨੂੰ ਖੋਹ ਬੈਠਿਆ, ਉਸ ਵਕਤ ਪੰਥ ਦੇ ਸਿਆਣੇ ਸੂਰਬੀਰ ਸਿੰਘਾਂ ਨੇ ਜਿਨ੍ਹਾਂ ਵਿਚੋਂ ਅਕਸਰ ਦੇ ਨਾਮ ਨਾਮੀ ਤੇ ਫੋਟੋ ਬਾਬੂ ਤੇਜਾ ਸਿੰਘ ਨੰਬਰ ਵਿਚ ਦਿੱਤੇ ਜਾ ਚੁੱਕੇ ਹਨ, ਆਪੇ ਦੀ ਪਛਾਣ ਕੀਤੀ ਤੇ ਥਾਓਂ ਥਾਈਂ ਮੋਰਚੇ ਲਾ ਕੇ ਖ਼ਾਲਸਾ ਧਰਮ ਦਾ ਅਸਲੀ ਰੂਪ ਵਿਚ ਪ੍ਰਚਾਰ ਕਰਨਾ ਅਰੰਭ ਕੀਤਾ।
ਉਨ੍ਹਾਂ ਹੀ ਵਯਕਤੀਆਂ ਵਿਚੋਂ ਪ੍ਰੋ: ਗੁਰਮੁਖ ਸਿੰਘ ਜੀ, ਸ੍ਰੀ ਮਾਨ ਭਾਈ ਸਾਹਿਬ ਭਾਈ ਦਿੱਤ ਸਿੰਘ ਜੀ ਗਿਆਨੀ, ਸ: ਜਵਾਹਰ ਸਿੰਘ ਜੀ ਤੇ ਡਾਕਟਰ ਜੈ ਸਿੰਘ ਆਦਿਕ ਸੱਜਣਾਂ ਦੇ ਕਾਰਨਾਮੇ ਕਾਬਲੇ ਜ਼ਿਕਰਯੋਗ ਹਨ। ਇਨ੍ਹਾਂ ਵਯੁਕਤੀਆਂ ਦੇ ਸਿਰ ਚੁੱਕਣ ਨਾਲ ਜਗ੍ਹਾ ਜਗ੍ਹਾ ਸਿੰਘ ਸਭਾਵਾਂ ਤੇ ਖ਼ਾਲਸਾ ਦੀਵਾਨ ਆਦਿ ਜਥੇਬੰਦੀਆਂ ਨਿਯਤ ਹੋ ਗਈਆਂ ਅਰ ਡਾਢੇ ਜ਼ੋਰ ਸ਼ੋਰ ਨਾਲ ਖ਼ਾਲਸਾ ਧਰਮ ਦਾ ਪ੍ਰਚਾਰ ਸ਼ੁਰੂ ਹੋਇਆ। ਮਾਲਵੇ ਦੀ ਖ਼ਾਲਸਾ ਧਰਮ ਵਲੋਂ ਨਿੱਘਰੀ ਹੋਈ ਹਾਲਤ ਦੇਖ ਕੇ ਭਾਈ ਬਸਾਵਾ ਸਿੰਘ ਜੀ ਨੇ ‘ਸਿੰਘ ਸਭਾ ਭਸੌੜ’ ਦੀ ਬੁਨਿਆਦ ਰੱਖੀ, ਜਿਸ ਦੀਆਂ ਨੀਹਾਂ ਉੱਪਰ ਖ਼ਾਲਸਾ ਪਾਰਲੀਮੈਂਟ ਦਾ ਆਲੀਸ਼ਾਨ ਮਹੱਲ ਤਿਆਰ ਹੋ ਗਿਆ, ਜਿਸਨੇ ਸ੍ਰੀ ਮਾਨ ਬਾਬੂ ਤੇਜਾ ਸਿੰਘ ਜੀ ਦੀ ਅਗਵਾਈ ਵਿਚ ਉਹ ਲਾਸਾਨੀ ਕੰਮ ਕੀਤਾ, ਜਿਸ ਦੀ ਧਾਂਕ ਦੂਰ ਦੇਸ਼ਾਂਤਾਂ ਵਿਚ ਜਾ ਪਈ ਤੇ ਪੰਚ ਖ਼ਾਲਸਾ ਦੀਵਾਨ ਦੀ ਛਤ੍ ਛਾਇਆ ਹੇਠ, ਮਲਾਯਾ ਆਦਿ ਬਿਦੇਸ਼ਾਂ ਵਿਚ ਦੀਵਾਨ ਬਣੇ ਤੇ ਸਿੱਖ ਪੰਥ ਦੇ ਪ੍ਰਚਾਰ ਦਾ ਸਾਗਰ ਦੇਸ਼ ਦੇਸ਼ਾਂਤਾਂ ਵਿਚ ਉਛਾਲੇ ਖਾਣ ਲੱਗਾ।”
-
ਮਲਾਇਆ ਤੋਂ ਵਾਪਸੀ ਕਦੋਂ ਅਤੇ ਕਿਉਂ?
ਕੇਸਰੀ ਜੀ ਦੀ ਮਲਾਇਆ ਤੋਂ ਵਾਪਸੀ 1908 ਵਿਚ ਹੋਈ ਦੱਸੀ ਗਈ ਹੈ। ਉਹ ਉੱਥੋਂ ਕਿਉਂ ਪਰਤ ਆਏ, ਇਸ ਦਾ ਕੋਈ ਕਾਰਨ ਕਿਤੇ ਲਿਖਿਆ ਨਹੀਂ ਮਿਲਿਆ। ਸੋ, ਜੇਕਰ ਕੇਸਰੀ ਜੀ ਮਲਾਇਆ 1906 ਈ. ਵਿਚ ਗਏ ਤਾਂ ਉਨ੍ਹਾਂ ਦੇ ਉੱਥੇ ਠਹਿਰਨ ਦਾ ਸਮਾਂ ਦੋ ਕੁ ਸਾਲ ਦਾ ਬਣਦਾ ਹੈ। ਜੇਕਰ ਉਹ 1899 ਦੇ ਨੇੜੇ ਗਏ ਸਨ ਤਦ ਉਹ ਲਗਪਗ ਨੌਂ ਸਾਲ ਉੱਥੇ ਰਹੇ।
4.1 ਗਿਆਨੀ ਦਿੱਤ ਸਿੰਘ ਪੱਤ੍ਰਿਕਾ
ਕੇਸਰੀ ਜੀ ਦਾ ਇਹ ਮੈਗਜ਼ੀਨ ਕੱਢਣਾ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਪਹਿਲਾ, ਇਹ ਪੁਆਧ ਦੇ ਇਸ ਖਿੱਤੇ ਦੇ ਜੰਮ-ਪਲ ਗਿਆਨੀ ਦਿੱਤ ਸਿੰਘ ਦੀ ਕਰਨੀ ਪ੍ਰਤਿ ਸਤਿਕਾਰ ਦੀ ਭਾਵਨਾ ਸੀ। ਦੂਜਾ, ਕੇਸਰੀ ਜੀ ਸਿੰਘ ਸਭਾ ਲਹਿਰ ਦੇ ਆਸ਼ਿਆਂ ਨੂੰ ਪ੍ਰਣਾਏ ਹੋਏ ਸਨ, ਇਸ ਲਈ ਇਹ ਮੈਗਜ਼ੀਨ ਉਸ ਵਿਚਾਰਧਾਰਾ ਦੇ ਪ੍ਚਾਰ ਲਈ ਇਕ ਸ਼ਕਤੀਸ਼ਾਲੀ ਵਾਹਨ ਸਾਬਤ ਹੋਣਾ ਸੀ। ਤੀਜਾ, ਇਸ ਮੈਗਜ਼ੀਨ ਦੇ ਕੱਢੇ ਜਾਣ ਨਾਲ ਕੇਸਰੀ ਜੀ ਇਕ ਪੱਤਰਕਾਰ ਵਜੋਂ ਭੀ ਉੱਭਰਦੇ ਹਨ। ਉਨ੍ਹਾਂ ਦੇ ਆਦਰਸ਼ ਬਣੇ ਗਿਆਨੀ ਦਿੱਤ ਸਿੰਘ ਵੀ ਲੇਖਕ, ਪ੍ਰਚਾਰਕ ਸਨ ਅਤੇ ਪੱਤਰਕਾਰ ਸਨ। ਉਹ ਖ਼ਾਲਸਾ ਅਖ਼ਬਾਰ, ਲਾਹੌਰ ਦੇ ਸੰਪਾਦਕ ਵੀ ਸਨ। ਉਸੇ ਤਰ੍ਹਾਂ ਕੇਸਰੀ ਜੀ ਲੇਖਕ ਸਨ, ਪ੍ਰਚਾਰਕ ਸਨ ਤੇ ਹੁਣ ਸੰਪਾਦਕ ਬਣ ਕੇ ਪੱਤਰਕਾਰੀ ਦੀ ਪਰੰਪਰਾ ਵਿਚ ਨਵਾਂ ਵਾਧਾ ਬਣ ਗਏ ਸਨ।
ਅਜਮੇਰ ਸਿੰਘ ਦੇ ਅਨੁਸਾਰ :
“1903 (ਇਹ ਛਪਾਈ ਦੀ ਗ਼ਲਤੀ ਜਾਪਦੀ ਹੈ, ਸੰਭਵ ਹੈ ਇਹ ਸੰਨ ਈਸਵੀ ਸੰਨ 1908 ਹੋਵੇ-ਸੰਪਾਦਕ) ਵਿਚ ਕੇਸਰੀ ਜੀ ਪੰਜਾਬ ਮੁੜ ਆਏ ਤੇ ਦਿੱਤ ਸਿੰਘ ਮੈਗਜ਼ੀਨ ਛਾਪਣਾ ਸ਼ੁਰੂ ਕਰ ਦਿੱਤਾ। 1913 ਤਕ ਇਹ ਮਾਸਿਕ ਪੱਤਰ ਪੱਥਰ ਦੇ ਛਾਪੇ ਵਿਚ ਬੜੀ ਸ਼ਾਨ ਨਾਲ ਛਪਦਾ ਰਿਹਾ। ਇਸ ਵਿਚ ਬਹੁਤ ਸੁੰਦਰ ਕਵਿਤਾਵਾਂ, ਉੱਚ-ਪਾਏ ਦੇ ਵਿਦਵਤਾ ਭਰੇ ਲੇਖ, ਸਾਹਿੱਤਿਕ ਸਮੱਸਿਆਵਾਂ, ਕਵਿਤਾ ਦੇ ਪ੍ਰਭਾਵ-ਪਾਊ ਨਮੂਨੇ ਤੇ ਹੋਰ ਬਹੁਤ ਸਾਰੀ ਸਮਗਰੀ ਬੜੀ ਯੋਗਤਾ ਅਤੇ ਸ਼ੌਕ ਨਾਲ ਛਾਪੀ ਜਾਂਦੀ ਸੀ।” ਅਜਮੇਰ ਸਿੰਘ ਐਮ.ਏ. ਨੇ ਹੀ ਸੰਖਿਆ ਕੋਸ਼ ਪੁਸਤਕ ਦੇ ਅਰੰਭ ਵਿਚ ਦਿੱਤੀ ਗਈ ‘ਜਾਣ-ਪਛਾਣ’ ਵਿਚ ਲਿਖਿਆ ਹੈ :
‘‘ਏਥੋਂ (ਰੋਪੜ-ਸੰਪਾਦਕ) ਹੀ 1910 ਵਿਚ ਸ੍ਰੀਮਾਨ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿਚ ਦਿੱਤ ਸਿੰਘ ਮੈਗਜ਼ੀਨ ਨਾਉਂ ਦਾ ਮਾਸਕ-ਪੱਤਰ ਚਾਲੂ ਕੀਤਾ।”1:
ਭਾਸ਼ਾ ਵਿਭਾਗ, ਪਟਿਆਲਾ ਦੀ ਪ੍ਰਕਾਸ਼ਨਾ ਪੰਜਾਬ ਕੋਸ਼ ਦੀ ਐਂਟਰੀ ਅਨੁਸਾਰ ਗੁਰਬਖ਼ਸ਼ ਸਿੰਘ ਕੇਸਰੀ ਨੇ ਸੰਨ 1906 ਤੋਂ 1908 ਵਿਚ ਦਿੱਤ ਸਿੰਘ ਮੈਗਜ਼ੀਨ ਨਾਂ ਦਾ ਮਾਸਕ-ਪੱਤਰ ਰੋਪੜ ਤੋਂ ਜਾਰੀ ਕੀਤਾ।
ਇਸ ਪੱਤ੍ਰਿਕਾ ਦੇ ਸੰਪਾਦਨ ਦਾ ਸਮਾਂ ਕਦੋਂ ਤੋਂ ਕਦੋਂ ਤਕ ਰਿਹਾ ਹੈ, ਇਸ ਬਾਰੇ ਨਿਸਚਿਤ ਤੌਰ ‘ਤੇ ਕਹਿਣਾ ਕੁਝ ਔਖਾ ਹੈ। ਇਕ ਥਾਂ 1906-1908 ਅਤੇ ਕਿਸੇ ਹੋਰ ਥਾਂ 1908-1910 ਹੈ।
ਨਵੰਬਰ 1911 ਵਿਚ ਕੇਸਰੀ ਜੀ ਦੀ ਪੁਸਤਕ ਪੁਜਾਰੀ ਪ੍ਰਬੋਧ ਛਪੀ। ਕੇਸਰੀ ਜੀ ਵੱਲੋਂ ਇਸ ਮੈਗਜ਼ੀਨ ਦੇ ਬਾਰੇ ਇਕ ਵਿਗਿਆਪਨ ਇਸ ਦੇ ਅੰਤ ਉੱਤੇ ਮੋਟੇ ਅੱਖਰਾਂ ਵਿਚ ਛਪਿਆ ਹੈ : ਦਿੱਤ ਸਿੰਘ ਮੈਗਜ਼ੀਨ। ਅੱਗੇ ਦਿੱਤੀ ਇਬਾਰਤ ਇਸ ਪ੍ਰਕਾਰ ਹੈ :
ਸੁੱਤਾ ਪੰਥ ਜਗਾਇਆ ਕਲਮ ਦੁਹਾਈ ਫੇਰ।
ਹਾ! ਹਾ !! ਪੰਥ ਵਿਸਾਰਿਆ ਐਸਾ ਦੂਲਾ ਸ਼ੇਰ॥
ਉਕਤ ਨਾਮ ਦਾ ਰਸਾਲਾ ਸ੍ਰੀਮਾਨ੍ਯਵਰ ਭਾਈ ਦਿੱਤ ਸਿੰਘ ਜੀ ਗ੍ਯਾਨੀ ਐਡੀਟਰ ਖ਼ਾਲਸਾ ਅਖ਼ਬਾਰ, ਲਾਹੌਰ (ਸੱਚਖੰਡ ਵਾਸੀ) ਦੇ ਨਾਮ, ਨਾਮੀ ਦੀ ਯਾਦਗਾਰ ਵਿਚ ਹਰ ਅੰਗ੍ਰੇਜ਼ੀ ਮਹੀਨੇ ਦੇ ਤੀਜੇ ਹਫ਼ਤੇ ਦੇ ਅਖ਼ੀਰ ਕਸਬਾ ਰੋਪੜ ਤੋਂ ਨਿਕਲਦਾ ਹੈ। ਇਸ ਵਿਚ ਇਲਮੀ, ਇਖ਼ਲਾਕੀ, ਰੂਹਾਨੀ, ਭਾਈਚਾਰਕ, ਸੁਧਾਚਾਰਕ, ਪੰਥ ਰਤਨਾਂ ਦੇ ਜੀਵਨ, ਗੁਰਬਾਣੀ ਦੇ ਟੀਕੇ, ਦੇਸ਼ਾਂਤੀ ਸਮਾਚਾਰ, ਆਹਲਾ ਕਵਿਤਾ ਦੇ ਚਮਤਕਾਰ, ਇਸਤ੍ਰੀ ਸੁਧਾਰਕ, ਪਤੀਬ੍ਰਤ ਧਰਮ ਸੰਬੰਧੀ ਲੇਖ ਛਪਦੇ ਹਨ। ਜੇਕਰ ਆਪ ਨੂੰ ਉਕਤ ਗਿਆਨੀ ਅਤੇ ਅਜੇਹੇ ਸਭ ਗੁਣ ਸੰਪੰਨ ਰਸਾਲੇ ਨਾਲ ਦਿਲਚਸਪੀ ਹੈ ਤਦ ਇਹ ਇਸ਼ਤਿਹਾਰ ਪੜ੍ਹਦੇ ਸਾਰ ਹੀ ਖ਼ਰੀਦਾਰੀ ਦੀ ਦਰਖ਼ਾਸਤ ਹੇਠ ਲਿਖੇ ਪਤੇ ਪੁਰ ਭੇਜ ਕੇ ਆਪਣੇ ਨਾਮ ‘ਤੇ ਜਾਰੀ ਕਰਾ ਲਵੋ।
ਕੇਸਰੀ ਜੀ ਨੇ ਇਸ ਇਸ਼ਤਿਹਾਰ ਵਿਚ ਮੈਗਜ਼ੀਨ ਦਾ ਸਾਲਾਨਾ ਚੰਦਾ ਵੀ ਲਿਖਿਆ ਹੈ। ਇਹ ਬਿਦੇਸ਼ੀਆਂ ਲਈ ਡੇਢ ਰੁਪਇਆ, ਦੇਸ਼ ਵਾਸੀਆਂ ਲਈ ਸਵਾ ਰੁਪਈਆ, ਇਸਤਰੀਆਂ ਤੇ ਵਿਦਿਆਰਥੀਆਂ ਲਈ ਇਕ ਰੁਪਈਆ ਸੀ। “ਪਤ੍ ਬਿਵਹਾਰ ਕਰਨ ਦਾ ਪਤਾ : ਪ੍ਰਾਪਰਾਈਟਰ ਦਿੱਤ ਸਿੰਘ ਮੈਗਜ਼ੀਨ ਰੋਪੜ, (ਅੰਬਾਲਾ)’
ਉਪਰੋਕਤ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਮੈਗਜ਼ੀਨ ਈਸਵੀ ਸੰਨ 1911 ਵਿਚ ਬਾਕਾਇਦਾ ਛਪਦਾ ਸੀ। ਸਾਨੂੰ ਇਸ ਮੈਗਜ਼ੀਨ ਦੇ ਕਿਸੇ ਅੰਕ ਦੀ ਕੋਈ ਕਾਪੀ ਨਹੀਂ ਮਿਲ ਸਕੀ। ਜੇਕਰ ਕੁਝ ਕਾਪੀਆਂ ਸੰਭਾਲੀਆਂ ਹੋਈਆਂ ਕਿਤੇ ਮਿਲ ਜਾਂਦੀਆਂ, ਤਦ ਕੇਸਰੀ ਜੀ ਦੀ ਸੰਪਾਦਨ ਕਲਾ ਤੋਂ ਪੰਜਾਬੀ ਪਿਆਰੇ ਕੁਝ ਨਾ ਕੁਝ ਜਾਣੂ ਹੋ ਸਕਦੇ। ਪੰਜਾਬੀ ਵਿਚ ਮੈਗਜ਼ੀਨ ਕੱਢਣ ਦਾ ਇਹ ਮੁੱਢਲਾ ਪੜਾਅ ਸੀ। ਨਿਸਚੇ ਹੀ ਕੇਸਰੀ ਜੀ ਇਸ ਪੱਖੋਂ ਮੋਢੀਆਂ ਦੀ ਸ਼੍ਰੇਣੀ ਵਿਚ ਆ ਖਲੋਂਦੇ ਹਨ।
4.2 ਭਾਈ ਦਿੱਤ ਸਿੰਘ ਕੰਨਿਆਂ ਪਾਠਸ਼ਾਲਾ
ਰੋਪੜ ਸ਼ਹਿਰ ਜਿਸ ਦਾ ਨਾਂ ਪਿੱਛੋਂ ਰੂਪ ਨਗਰ ਰੱਖ ਦਿੱਤਾ ਗਿਆ, ਕੇਸਰੀ ਜੀ ਦੀਆਂ ਸਰਗਰਮੀਆਂ ਦਾ ਕੇਂਦਰ ਬਣਿਆ। ਇਹ ਸ਼ਹਿਰ ਹੁਣ ਜ਼ਿਲ੍ਹਾ ਬਣਿਆ ਹੋਇਆ ਹੈ। ਉਦੋਂ ਇਹ ਜ਼ਿਲ੍ਹਾ ਅੰਬਾਲਾ ਦੀ ਇਕ ਤਹਿਸੀਲ ਸੀ। ਕੇਸਰੀ ਜੀ ਦਾ ਪਿੰਡ ਹਸਨਪੁਰ ਏਸੇ ਤਹਿਸੀਲ ਵਿਚ ਪੈਂਦਾ ਸੀ। ਇਹ ਸੁਭਾਵਿਕ ਹੀ ਸੀ ਕਿ ਕੋਈ ਮੈਗਜ਼ੀਨ ਕੱਢਣ ਲਈ, ਜਿਹੜੀਆਂ ਸਹੂਲਤਾਂ ਚਾਹੀਦੀਆਂ ਹੁੰਦੀਆਂ ਹਨ, ਉਹ ਸ਼ਹਿਰ ਵਿਚ ਹੀ ਮਿਲ ਸਕਦੀਆਂ ਸਨ। ਸੋ ਕੇਸਰੀ ਜੀ ਨੇ ਰੋਪੜ ਸ਼ਹਿਰ ਚੁਣਿਆ। ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਗਿਆਨੀ ਦਿੱਤ ਸਿੰਘ ਦੇ ਇਕ ਵਿਦਿਆਰਥੀ ਭਾਈ ਤਖ਼ਤ ਸਿੰਘ ਨੇ ਉਨ੍ਹਾਂ ਦੀ ਯਾਦਗਾਰ ਵਜੋਂ ਇਕ ਲਾਇਬ੍ਰੇਰੀ ਫ਼ਿਰੋਜ਼ਪੁਰ ਵਿਖੇ ਸਥਾਪਿਤ ਕੀਤੀ। ਨਾਲ ਹੀ, ਕੁੜੀਆਂ ਦੀ ਪੜ੍ਹਾਈ ਲਈ ਇਕ ਵਿਦਿਆਲਾ ਚਾਲੂ ਕੀਤਾ। ਲਗਪਗ ਉਸੇ ਭਾਵਨਾ ਨਾਲ ਕੇਸਰੀ ਜੀ ਨੇ ਗਿਆਨੀ ਦਿੱਤ ਸਿੰਘ ਦੇ ਨਾਂ ਉੱਤੇ ਰੋਪੜ ਤੋਂ ਇਕ ਮੈਗਜ਼ੀਨ ਸ਼ੁਰੂ ਕੀਤਾ ਅਤੇ ਦਿੱਤ ਸਿੰਘ ਕੰਨਿਆਂ ਪਾਠਸ਼ਾਲਾ ਚਲਾਈ। ਉਹ ਇਸ ਪਾਠਸ਼ਾਲਾ ਦੇ ਪ੍ਰਬੰਧਕ ਵੀ ਸਨ। ਅਜਮੇਰ
ਸਿੰਘ ਐਮ.ਏ. ਅਨੁਸਾਰ :
“1908 ਵਿਚ ਆਪ ਮਲਾਇਆ ਤੋਂ ਵਾਪਸ ਆ ਗਏ। ਰੋਪੜ ਵਿਚ ‘ਸਿੱਖ ਕੰਨਿਆਂ’ ਨਾਉਂ ਦੀ ਪਾਠਸ਼ਾਲਾ ਬਣਾਈ।”
ਇਹ ਪਾਠਸ਼ਾਲਾ ਹੁਣ ਨਹੀਂ ਹੈ। ਜਾਪਦਾ ਹੈ ਜਦੋਂ ਤੀਕ ਕੇਸਰੀ ਜੀ ਰੋਪੜ ਰਹੇ, ਇਹ ਪਾਠਸ਼ਾਲਾ ਚੱਲਦੀ ਰਹੀ ਹੋਣੀ ਏਂ। ਹੋ ਸਕਦੈ, ਇਹ ਕੁਝ ਪਿੱਛੋਂ ਤੀਕ ਕਿਸੇ ਬਦਲੇ ਹੋਏ ਨਾਂ ਹੇਠ ਚੱਲਦੀ ਵੀ ਰਹੀ ਹੋਵੇ, ਪਰ ਇਸ ਦੇ ਬਾਰੇ ਸਾਨੂੰ ਕੋਈ ਇਲਮ ਨਹੀਂ। ਇਨ੍ਹਾਂ ਸਤਰਾਂ ਦੇ ਲੇਖਕ ਨੇ ਕੁਝ ਸਾਲ ਪਹਿਲਾਂ ਸਾਰਾ ਰੋਪੜ ਸ਼ਹਿਰ ਘੁੰਮ ਕੇ ਵੇਖਿਆ, ਇਹ ਪਾਠਸ਼ਾਲਾ ਨਹੀਂ ਮਿਲੀ। ਇਸ ਦੇ ਬਾਰੇ ਕਿਸੇ ਨੂੰ ਜਾਣਕਾਰੀ ਵੀ ਨਹੀਂ ਹੈ। ਕੇਸਰੀ ਜੀ ਦੇ ਦੋਹਤਰੇ ਰਣਜੋਧ ਸਿੰਘ ਗਿੱਲ ਨੇ ਮੈਨੂੰ ਉਸ ਪਾਠਸ਼ਾਲਾ ਦੀ ਪੁਰਾਣੀ ਫੋਟੋ ਵਿਖਾਈ। ਫੋਟੋ ਵਿਚ ਕੇਸਰੀ ਜੀ ਅਤੇ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਹਰਸ਼ਰਨ ਕੌਰ ਇਸ ਪਾਠਸ਼ਾਲਾ ਦੇ ਅੱਗੇ ਕੁਰਸੀਆਂ ਉੱਤੇ ਬੈਠੇ ਹਨ।
ਹਰਸ਼ਰਨ ਕੌਰ ਆਪ ਅਧਿਆਪਕਾ ਸਨ, ਸੰਗੀਤ ਵਿੱਦਿਆ ਤੋਂ ਜਾਣੂ ਸਨ ਅਤੇ ਕਵਿਤਾ ਵੀ ਲਿਖਦੇ ਸਨ। ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਪੁਸਤਕ ਦੇ ਅੰਤਲੇ ਭਾਗ ਵਿਚ ਉਨ੍ਹਾਂ ਦੀ ਕਾਵਿ-ਰਚਨਾ ਪੜ੍ਹਨ ਨੂੰ ਮਿਲਦੀ ਹੈ।
ਕੇਸਰੀ ਜੀ ਦਾ ਕੰਨਿਆਂ ਪਾਠਸ਼ਾਲਾ ਖੋਲ੍ਹਣ ਦਾ ਇਹ ਯਤਨ ਬੜਾ ਵੱਡਾ ਮਹੱਤਵ ਰੱਖਦਾ ਹੈ। ਉਸ ਸਮੇਂ ਕੇਸਰੀ ਜੀ ਦੇ ਇਲਾਕੇ ਵਿਚ ਵਿੱਦਿਆ ਪ੍ਰਾਪਤ ਕਰਨ ਦੀਆਂ ਸਹੂਲਤਾਂ ਨਾਂ-ਮਾਤਰ ਸਨ। ਸਿੰਘ ਸਭਾ ਲਹਿਰ ਦੇ ਉਦੇਸ਼ਾਂ ਵਿੱਚੋਂ ਇਕ ਅਹਿਮ ਉਦੇਸ਼ ਵਿੱਦਿਆ ਦਾ ਪਸਾਰ ਕਰਨਾ ਵੀ ਸੀ। ਇਸ ਲਈ ਕੋਸਰੀ ਜੀ ਨੇ ਕੰਨਿਆਂ ਪਾਠਸ਼ਾਲਾ ਖੋਲ੍ਹ ਕੇ ਕੁੜੀਆਂ ਲਈ ਵਿੱਦਿਆ ਪ੍ਰਾਪਤੀ ਦਾ ਰਾਹ ਖੋਲ੍ਹਣ ਦੀ ਇਕ ਮਿਸਾਲ ਪੇਸ਼ ਕੀਤੀ। ਗਿਆਨੀ ਦਿੱਤ ਸਿੰਘ ਪੱਤ੍ਰਿਕਾ ਕੱਢਣ ਵਾਂਗ ਇਹ ਕਾਰਜ ਵੀ ਉਨ੍ਹਾਂ ਨੇ ਆਪਣੇ ਬਲਬੂਤੇ ਹੀ ਕੀਤਾ।
ਕੈਸਰੀ ਜੀ ਦੇ ਵਿੱਦਿਆ-ਪਸਾਰ ਲਈ ਉਮਾਹ ਦੀ ਇਕ ਹੋਰ ਗਵਾਹੀ ਵੀ ਸਾਨੂੰ ਮਿਲਦੀ ਹੈ। ਉਨ੍ਹਾਂ ਨੇ ਆਪਣੀ ਪੁਸਤਕ ਸੱਤ ਸਾਦਿਕ ਦਾ ਸਮਰਪਣ ਸ. ਬਲਦੇਵ ਸਿੰਘ ਨੂੰ ਕੀਤਾ। ਆਪਣੇ ਸਮਰਪਣ ਵਿਚ ਉਨ੍ਹਾਂ ਨੇ ਬਲਦੇਵ ਸਿੰਘ ਨੂੰ ‘ਪੰਜਾਬ ਵਿਚ ਵਿੱਦਿਆ ਦਾ ਪ੍ਰਵਾਹ ਚਲਾਣ ਵਾਲੇ’ ਆਖਿਆ। ਇੱਥੇ ਇਹ ਦੱਸਣਾ ਉੱਚਿਤ ਹੈ ਕਿ ਸਰਦਾਰ ਬਲਦੇਵ ਸਿੰਘ, ਚੁੰਮਣਾ ਪਿੰਡ ਦੇ ਜੰਮਪਲ, ਉੱਘੇ ਉਦਯੋਗਪਤੀ ਸਨ। ਉਹ ਨਹਿਰੂ ਜੀ ਦੇ ਸਮੇਂ ਕੇਂਦਰੀ ਮੰਤਰੀ ਮੰਡਲ ਵਿਚ ਵੀ ਰਹੇ। ਕੇਸਰੀ ਜੀ ਦੇ ਇਲਾਕੇ ਵਿਚ ਉਨ੍ਹਾਂ ਨੇ ਕਈ ਖ਼ਾਲਸਾ ਸਕੂਲ ਖੁਲ੍ਹਵਾਉਣ ਦਾ ਉੱਦਮ ਕੀਤਾ ਸੀ। ਸ. ਬਲਦੇਵ ਸਿੰਘ ਦੇ ਇਸ ਪੱਖ ਨੂੰ ਕੇਸਰੀ ਜੀ ਨੇ ਆਪਣੇ ਸਮਰਪਣ ਰਾਹੀਂ ‘ਸਲੂਟ’ ਕੀਤਾ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ‘ਭਾਈ ਕਾਨ੍ਹ ਸਿੰਘ ਲਾਇਬ੍ਰੇਰੀ’ ਦੇ ਪੰਜਾਬੀ ਪੁਸਤਕਾਂ ਵਾਲੇ ਹਵਾਲਾ ਸੈਕਸ਼ਨ ਵਿਚ ਇਨ੍ਹਾਂ ਸਤਰਾਂ ਦੇ ਲੇਖਕ ਨੇ ਇਕ ਪੁਸਤਿਕਾ ਵੇਖੀ ਸੀ। ਇਹ ਇਸੇ ਕੰਨਿਆਂ ਪਾਠਸ਼ਾਲਾ ਦੇ ਸੰਚਾਲਨ ਸੰਬੰਧੀ ਬਣਾਏ ਗਏ ਸੰਵਿਧਾਨ ਬਾਰੇ ਸੀ। ਉਦੋਂ ਮੇਰਾ ਸਾਰਾ ਧਿਆਨ ਗਿਆਨੀ ਦਿੱਤ ਸਿੰਘ ਦੀਆਂ ਲਿਖਤਾਂ ਨੂੰ ਲੱਭਣ ਵੱਲ ਸੀ। ਇਸ ਲਈ ਮੈਂ ਇਸ ਪੁਸਤਿਕਾ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ। ਉਂਜ, ਇਸ ਪੁਸਤਿਕਾ ਦੇ ਲਿਖੇ ਜਾਣ ਤੋਂ ਇਹ ਗੱਲ ਤਾਂ ਪ੍ਰਮਾਣਿਤ ਹੁੰਦੀ ਹੈ ਕਿ ਕੇਸਰੀ ਜੀ ਜੋ ਵੀ ਕੰਮ ਕਰਦੇ ਸਨ, ਉਹ ਪੂਰੇ ਵਿਧੀ-ਵਿਧਾਨ ਨਾਲ ਕਰਦੇ ਸਨ। ਇਸ ਤੋਂ ਉਨ੍ਹਾਂ ਦੇ ਅਨੁਸ਼ਾਸਨ-ਬੱਧ ਜੀਵਨ ਦੀ ਸੋਅ ਵੀ ਮਿਲਦੀ ਹੈ।
-
ਪਟਿਆਲਾ ਰਿਆਸਤ ਦੀ ਨੌਕਰੀ
ਸ਼ਮਸ਼ੇਰ ਸਿੰਘ ਅਸ਼ੋਕ ਦੇ ਖ਼ਾਲਸਾ ਪਾਰਲੀਮੈਂਟ ਗਜ਼ਟ, ਕੱਤਕ 483 ਅੰਕ ਵਿਚ ਛਪੇ ਲੇਖ ਅਨੁਸਾਰ :
“ਸੰਨ 1910 ਵਿਚ ਭਾਈ ਦਿੱਤ ਸਿੰਘ ਗਿਆਨੀ (ਸੱਚਖੰਡ ਵਾਸੀ) ਦੇ ਨਾਉਂ ਉਪਰ ਦਿੱਤ ਸਿੰਘ ਮੈਗਜ਼ੀਨ ਨਾਮ ਮਾਹਵਾਰੀ ਰਸਾਲਾ ਰੋਪੜ ਤੋਂ ਜਾਰੀ ਕੀਤਾ। ਇਸ ਮੈਗਜ਼ੀਨ ਨੂੰ ਦੋ ਸਾਲ ਐਡਿਟ ਕਰਨ ਤੋਂ ਪਿੱਛੋਂ ਸੰਨ 1913 ਦੇ ਸ਼ੁਰੂ ਵਿਚ ਇਨ੍ਹਾਂ ਨੂੰ ਗਵਰਨਮੈਂਟ ਪਟਿਆਲਾ ਵੱਲੋਂ ਪਟਿਆਲਾ ਗਜ਼ਟ ਦੀ ਐਡੀਟਰੀ ਦੀ ਸਰਵਿਸ ਮਿਲ ਗਈ। ਪਹਿਲਾਂ ਕੁਝ ਚਿਰ ਆਪ ਗਜ਼ਟ ਦੇ ਐਡੀਟਰ, ਫਿਰ ਇੰਸਪੈਕਟਰ ਧਰਮ ਅਰਥ, ਡਿਊਟੀ ਮੁਅੱਲਾ ਅਰ ਉਦੂੰ ਪਿੱਛੋਂ ਸੈਕ੍ਰੇਟਰੀ ਗੁਰਦੁਆਰਾ ਕਮੇਟੀ ਰਹੇ।” ਉਪਰੋਕਤ ਸਮਾਚਾਰ ਦੀ ਪੁਸ਼ਟੀ ਸੰਖਿਆ ਕੋਸ਼ ਦੀ ‘ਜਾਣ-ਪਛਾਣ’ ਵਿਚ ਅਜਮੇਰ ਸਿੰਘ ਐਮ.ਏ. ਨੇ ਵੀ ਕੀਤੀ ਹੈ। ਉਸ ਅਨੁਸਾਰ 1913 ਵਿਚ ਮਹਾਰਾਜਾ ਪਟਿਆਲਾ ਨੇ ਗੁਰਬਖ਼ਸ਼ ਸਿੰਘ ਕੇਸਰੀ ਨੂੰ ਰਿਆਸਤ ਦੀ ਨੌਕਰੀ ਵਿੱਚ ਲੈ ਲਿਆ। ਇਸ ਤੋਂ ਪਿੱਛੋਂ ਉਸ ਨੇ ਇੰਸਪੈਕਟਰ ਧਰਮ-ਅਸਥਾਨ, ਡਿਉਢੀ ਅਫ਼ਸਰ ਅਤੇ ਰਾਜ- ਕਵੀ ਵਜੋਂ ਸੇਵਾ ਨਿਭਾਈ। ਸਰਕਾਰੀ ਗਜ਼ਟ ਵਿਚ ਮਹਾਰਾਜਾ ਭੁਪਿੰਦਰ ਜੀ ਦੇ ਦਸਤਖ਼ਤਾਂ ਹੇਠ ਗੁਰਬਖ਼ਸ਼ ਸਿੰਘ ਕੇਸਰੀ ਨੂੰ ਰਾਜ-ਕਵੀ ਦੀ ਪਦਵੀ ਦਾ ਐਲਾਨ ਪ੍ਰਕਾਸ਼ਿਤ ਕੀਤਾ ਗਿਆ।“ (ਉਨ੍ਹਾਂ ਦੀ) “ਮਾਸਕ ਤਨਖ਼ਾਹ ਮੁਕਰਰ ਕਰ ਦਿੱਤੀ। ਥੋੜਾ ਜਿੰਨਾ ਸਰਕਾਰੀ ਕੰਮ ਕਰਨ ਦੇ ਨਾਲ ਨਾਲ ਕੇਸਰੀ ਜੀ ਦੀ ਵੱਡੀ ਡਿਊਟੀ ਇਹ ਸੀ ਕਿ ਜਦ ਕਦੀ ਮਹਾਰਾਜ ਸਾਹਿਬ ਦਾ ਦਿਲ ਉਚਾਟ ਹੋਵੇ ਜਾਂ ਵੈਸੇ ਹੀ ਕਾਵਿ-ਮਈ ਅਨੰਦ ਦਾ ਹੁਲਾਰਾ ਲੈਣਾ ਚਾਹੁਣ ਤਾਂ ਉਹਨਾਂ ਨੂੰ ਕਵਿਤਾ ਸੁਣਾਈ ਜਾਇਆ ਕਰੇ।” ਭਾਸ਼ਾ ਵਿਭਾਗ, ਪਟਿਆਲਾ ਦੀ ਪ੍ਰਕਾਸ਼ਨਾ ਪੰਜਾਬ ਕੋਸ਼ ਦੇ ਇੰਦਰਾਜ ਅਨੁਸਾਰ ਗੁਰਬਖ਼ਸ਼ ਸਿੰਘ ਕੇਸਰੀ “1913 ਈ. ਵਿਚ ਪਟਿਆਲਾ ਰਿਆਸਤ ਦੇ ਸਰਕਾਰੀ ਅਖ਼ਬਾਰ ਪਟਿਆਲਾ ਗਜ਼ਟ ਦਾ ਐਡੀਟਰ ਬਣਿਆ ਤੇ ਉਪਰੰਤ ਇਸ ਨੇ ਅਕਾਲੀ ਸਿਆਸਤ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ।”
ਅਜਮੇਰ ਸਿੰਘ ਐਮ.ਏ. ਅਨੁਸਾਰ ਹੀ ਮਹਾਰਾਜ ਭੂਪਿੰਦਰ ਸਿੰਘ ਨੇ ਗੁਰਬਖ਼ਸ਼ ਸਿੰਘ ਕੇਸਰੀ ਦੀਆਂ ਦੋ ਪੁਸਤਕਾਂ ਨੂੰ ਪੰਜ-ਪੰਜ ਸੌ ਰੁਪਏ ਦਾ ਇਨਾਮ ਵੀ ਦਿੱਤਾ ਸੀ। “ ਡਾ. ਤੇਜਵੰਤ ਮਾਨ ਅਨੁਸਾਰ ਗੁਰਬਖ਼ਸ਼ ਸਿੰਘ ਕੇਸਰੀ ਨੇ “ਕੁਝ ਚਿਰ ਮਹਾਰਾਜਾ ਪਟਿਆਲਾ ਦੀ ਨੌਕਰੀ ਕੀਤੀ। ਪਰ ਅਕਾਲੀ ਲਹਿਰ ਨਾਲ ਹਮਦਰਦੀ ਰੱਖਣ ਕਾਰਨ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ।”” ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਪੁਸਤਕ ਦੇ ਪਹਿਲੇ ਭਾਗ ਦੇ ਅੰਤ ਵਿਚ ਕੇਸਰੀ ਜੀ ਦੀ ਛਪ ਕੇ ਆਉਣ ਵਾਲੀ ਪੁਸਤਕ ਕੇਸਰ ਕਿਆਰੀ ਬਾਰੇ ਛਪੇ ਇਸ਼ਤਿਹਾਰ ਵਿਚ ਕੇਸਰੀ ਜੀ ਨੂੰ ‘ਰਾਜ ਕਵੀਸ਼ਰ ਪਟਿਆਲਾ’ ਲਿਖਿਆ ਹੈ। ਕੇਸਰੀ ਜੀ ਨੇ ਸੱਤ ਸਾਦਿਕ ਪੁਸਤਕ ਵਿਚ ਭਾਈ ਬਹਿਲੋ ਬਾਰੇ ਲਿਖਦਿਆਂ ਪਟਿਆਲਾ ਰਿਆਸਤ ਵਿਚ ਆਪਣੇ ਇਕ ਅਹੁਦੇ ਨੂੰ ‘ਇਨਸਪੈਕਟਰ ਧਰਮ ਅਰਥ ਮਹਿਕਮਾ ਡਿਉਡੀ ਮੁਅਲਾ, ਪਟਿਆਲਾ’ ਲਿਖਿਆ ਹੈ। ਪੰਜਾਬ ਕੋਸ਼ ਦੇ ਇੰਦਰਾਜ ਅਨੁਸਾਰ ਗੁਰਬਖ਼ਸ਼ ਸਿੰਘ ਕੇਸਰੀ ‘ਪਟਿਆਲਾ ਰਿਆਸਤ ਦੀ ਕਈ ਸਾਲ ਨੌਕਰੀ ਕਰਨ ਪਿੱਛੋਂ ਰਿਟਾਇਰ ਹੋਇਆ।” ਸ਼ਮਸ਼ੇਰ ਸਿੰਘ ਅਸ਼ੋਕ ਨੇ, ਖ਼ਾਲਸਾ ਪਾਰਲੀਮੈਂਟ ਗਜ਼ਟ ਵਿਚ ਛਪੇ ਲੇਖ ਵਿਚ ਲਿਖਿਆ ਹੈ ਕਿ 1926 ਵਿਚ ਪਟਿਆਲਾ ਰਿਆਸਤ ਦੀ ਨੌਕਰੀ ਛੱਡਣ ਵੇਲੇ ਕੇਸਰੀ ਜੀ ਦੀ ਉਮਰ 55 ਸਾਲ ਸੀ। ਫਿਰ ਉਹ ਆਪਣੇ ਪਿੰਡ ਹਸਨਪੁਰ ਆ ਗਏ ਸਨ।18
ਖ਼ਾਲਸਾ ਪਾਰਲੀਮੈਂਟ ਗਜ਼ਟ ਦੇ ਸਤੰਬਰ-ਅਕਤੂਬਰ, 1912 (ਗੁਰੂ ਨਾਨਕ ਸ਼ਾਹੀ ਸੰਮਤ 444) ਅੰਕ ਵਿਚ ਕੇਸਰੀ ਜੀ ਦਾ ਇਕ ਲੇਖ ‘ਸ੍ਰੀਮਾਨ ਪੰਥ ਰਤਨ ਬਾਬੂ ਤੇਜਾ ਸਿੰਘ’ ਛਪਿਆ। ਇਸ ਵਿਚ ਕੇਸਰੀ ਜੀ ਨੇ ਬਾਬੂ ਤੇਜਾ ਸਿੰਘ ਨਾਲ ਹੋਏ ਪਰਸਪਰ ਪੱਤਰ-ਵਿਹਾਰ ਬਾਰੇ ਲਿਖਿਆ ਹੈ। ਇਸ ਅਨੁਸਾਰ ਬਾਬੂ ਤੇਜਾ ਸਿੰਘ ਨੇ ਖ਼ਾਲਸਾ ਪਾਰਲੀਮੈਂਟ ਗਜ਼ਟ ਵਿਚ ਛਪਣ ਲਈ ਆਉਂਦੀਆਂ ਕਵਿਤਾਵਾਂ ਦੀ ਸੁਧਾਈ ਕਰਨ ਲਈ ਕੇਸਰੀ ਜੀ ਨੂੰ ਬੇਨਤੀ ਕੀਤੀ ਸੀ। ਕੇਸਰੀ ਜੀ ਨੇ ਇਹ ਸੇਵਾ ਪ੍ਰਵਾਨ ਕਰ ਲਈ ਸੀ। ਇਕ ਪੱਤਰ ਵਿਚ ਬਾਬੂ ਜੀ ਨੇ ਲਿਖਿਆ ਕਿ “ਭਾਈ ਮਹਿੰਦਰ ਸਿੰਘ ਜੀ ਦੀ ਜ਼ਬਾਨੀ ਪਤਾ ਲੱਗਿਆ ਜੋ ਆਪ ਨੂੰ ਦਫ਼ਤਰ ਵਿਚ ਬਧੀਕ ਕੰਮ ਹੈ ਜਿਸ ਦੇ ਕਾਰਨ ਆਪ ਨੂੰ ਰਾਤ ਦੇ ਇੱਕ ਵਜੇ ਤਕ ਅਪਨੇ ਘਰ ਉਸ ਕਵਿਤਾ ਦੀ ਸੁਧਾਈ ਕਰਨੀ ਪਈ।”
ਇਹ ਦਫ਼ਤਰ ਕਿਹੜਾ ਸੀ ਜਿਸ ਵਿਚ ਕੇਸਰੀ ਜੀ ਉੱਤੇ ਕੰਮ ਦਾ ਇੰਨਾ ਭਾਰ ਸੀ ? ਨਿਸਚੇ ਹੀ ਇਹ ਰਿਆਸਤ ਪਟਿਆਲਾ ਵਿਚ ਉਨ੍ਹਾਂ ਦੀ ਨੌਕਰੀ ਵੇਲੇ ਦਾ ਹੀ ਦਫ਼ਤਰ ਸੀ। ਕੇਸਰੀ ਜੀ ਦਾ ਪੰਚ ਖ਼ਾਲਸਾ ਦੀਵਾਨ ਨਾਲ ਸੰਪਰਕ ਚਿੱਠੀ-ਪੱਤਰ ਰਾਹੀਂ ਹੀ ਸੀ। ਉਹ ਆਪਣੇ ਜੀਵਨ-ਕਾਲ ਵਿਚ ਦੋ ਕੁ ਵਾਰੀ ਹੀ ਪੰਚ ਖ਼ਾਲਸਾ ਦੀਵਾਨ ਦੇ ਕੇਂਦਰ ਭਸੌੜ ਗਏ ਸਨ। ਬਾਬੂ ਜੀ ਆਪਣੇ ਪੱਤਰਾਂ ਵਿਚ ਕੇਸਰੀ ਜੀ ਨੂੰ ‘ਸ੍ਰੀਮਾਨ ਖ਼ਾਲਸਾ ਬੀਰ ਭਰਾਤਾ, ਕਵੀਰਾਜ ਭਾ: ਗੁਰਬਖ਼ਸ਼ ਸਿੰਘ ਜੀ ਸਾਹਿਬ’ ਆਦਿ ਸ਼ਬਦਾਂ ਨਾਲ ਸੰਬੋਧਨ ਕਰਦੇ ਸਨ। ਇਹ ਸੰਭਵ ਹੈ ਕਿ ਕੇਸਰੀ ਜੀ ਪੰਚ ਖ਼ਾਲਸਾ ਦੀਵਾਨ ਦੇ ਕੰਮਾਂ ਵੱਲ, ਜਿਨ੍ਹਾਂ ਵਿਚ ਖ਼ਾਲਸਾ ਪਾਰਲੀਮੈਂਟ ਗਜ਼ਟ ਦਾ ਆਨਰੇਰੀ ਐਡੀਟਰ ਹੋਣਾ ਵੀ ਸ਼ਾਮਲ ਹੈ, ਵਧੇਰੇ ਰੁਚਿਤ ਹੋਣ ਕਾਰਨ ਰਿਆਸਤ ਪਟਿਆਲਾ ਦੀ ਨੌਕਰੀ ਤੋਂ ਅਲਹਿਦਾ ਹੋ ਗਏ ਹੋਣ।
[ ਨੋਟ : ਕੇਸਰੀ ਜੀ ਦੀ ਰਚਨਾ ਕਲਮ ਤੇ ਤਲਵਾਰ ਦਾ ਸੰਬਾਦ ਜਿਹੜੀ ਪਹਿਲੀ ਵਾਰ 3 ਜੂਨ 1915 ਨੂੰ ਛਪੀ, ਉੱਤੇ ਕੇਸਰੀ ਜੀ ਨੇ ਆਪਣਾ ਪਤਾ-‘ਗੁਰਬਖ਼ਸ਼ ਸਿੰਘ ‘ਕੇਸਰੀ’ ਸਬ ਐਡੀਟਰ’, ਪਟਿਆਲਾ ਗਜ਼ਟ, ਪਟਿਆਲਾ ਸਟੇਟ’ ਲਿਖਿਆ ਹੈ। ਇਸ ਪਿੱਛੋਂ ਉਹ ਪੂਰੇ ਐਡੀਟਰ ਕਦੋਂ ਬਣੇ ਜਾਂ ਬਣੇ ਹੀ ਨਹੀਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ।]
5.1 ਪਟਿਆਲਾ ਤੋਂ ਪਰਤਣ ਪਿੱਛੋਂ
ਪਟਿਆਲਾ ਤੋਂ ਪਰਤ ਕੇ ਕੇਸਰੀ ਜੀ ਮੁੱਖ ਤੌਰ ਉੱਤੇ ਆਪਣੇ ਪਿੰਡ ਹੀ ਰਹੇ। ਆਪਣੀ ਆਯੂ ਦੇ ਬਾਕੀ ਵਰ੍ਹੇ ਉਨ੍ਹਾਂ ਨੇ ਸਾਹਿੱਤ ਰਚਨਾ ਅਤੇ ਪੱਤਰਕਾਰੀ ਦੇ ਲੇਖੇ ਲਾਏ।
5.1.1 ਪੱਤਰਕਾਰੀ
ਕੇਸਰੀ ਜੀ ਦਾ ਪੱਤਰਕਾਰੀ ਦੇ ਖੇਤਰ ਵਿਚ ਮਹੱਤਵਪੂਰਨ ਕਦਮ ਤਾਂ ਦਿੱਤ ਸਿੰਘ ਪੱਤ੍ਰਿਕਾ ਨੂੰ ਚਾਲੂ ਕਰਨ ਨਾਲ ਹੀ ਸ਼ੁਰੂ ਹੋ ਗਿਆ ਸੀ। ਫਿਰ ਰਿਆਸਤ ਨੌਕਰੀ ਦੇ ਅਰਸੇ ਵਿਚ ਪਟਿਆਲਾ ਗਜ਼ਟ ਦੀ ਸੰਪਾਦਨਾ ਕਰਦੇ ਸਿੰਘ ਐਮ.ਏ. ਅਨੁਸਾਰ :
“ਸੁਖ ਜੀਵਨ ਹਫ਼ਤਾਵਰ ਵਿਚ ਗੁਰਬਖ਼ਸ਼ ਸਿੰਘ ਕੇਸਰੀ ਦੇ ਲੇਖ ਛਪਦੇ ਹੁੰਦੇ ਸਨ। 1928 ਤੋਂ 1951 ਤਕ ਉਹ ਮਾਸਿਕ ਪੱਤਰ ਖ਼ਾਲਸਾ ਪਾਰਲੀਮੈਂਟ ਗਜ਼ਟ ਦਾ ਚੀਫ਼ ਐਡੀਟਰ ਰਿਹਾ।” ਇਸ ਤੋਂ ਇਲਾਵਾ, ਉਹ ਕਈ ਸਾਲ ਤੀਕ ਰੰਗੂਨ ਤੋਂ ਛਪਣ ਵਾਲੇ ਸਪਤਾਹਿਕ ਪੱਤਰ ਬਰਮਾ ਸਿੱਖ ਸਮਾਚਾਰ ਦਾ ਆਨਰੇਰੀ ਐਡੀਟਰ विग। “20
ਸ਼ਮਸ਼ੇਰ ਸਿੰਘ ਅਸ਼ੋਕ ਨੇ ਵੀ ਇਸ ਤੱਥ ਦੀ ਪੁਸ਼ਟੀ ਕੀਤੀ ਹੈ :
“ਪਟਿਆਲੇ ਤੋਂ ਵਾਪਸ ਆ ਕੇ ਆਪ ਬ੍ਰਹਮਾ ਸਿੱਖ ਸਮਾਚਾਰ ਸਪਤਾਹਿਕ ਅਖ਼ਬਾਰ ਰੰਗੂਨ ਦੀ ਆਨਰੇਰੀ ਐਡੀਟਰੀ ਦੀ ਸੇਵਾ ਭੀ ਕਰਦੇ।”21
ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ :
93058
“ਕੇਸਰੀ ਜੀ ਸਿੱਖ ਮਿਸ਼ਨ ਰਸਾਲਾ ਕੁਆਲਾਲੰਪੁਰ, ਮਲਾਇਆ ਦੇ ਆਨਰੇਰੀ ਐਡੀਟਰ ਰਹੇ ਤੇ ਆਪ ਦੇ ਲੇਖ ਅਰ ਕਵਿਤਾ ਦੀ ਸ਼ੁਹਰਤ ਇਸ ਕਦਰ ਹੋਈ ਜੋ ਲਿਖ ਕੇ ਦੱਸਣ ਦੀ ਮੁਹਤਾਜ ਨਹੀਂ ਹੈ।”22
ਡਾ. ਤੇਜਵੰਤ ਮਾਨ ਨੇ ਪੱਤਰਕਾਰੀ ਦੇ ਨਾਲ ਲਿਖਿਆ ਹੈ ਕਿ : ਲੇਖਕ ਕੁਲਦੀਪ/ਸਿੰਘੇ
“ਉਹ 1920 ਈ. ਵਿਚ ਲਾਹੌਰੋਂ ਨਿਕਲਣ ਵਾਲੇ ਰਣਜੀਤ
ਪੰਜਾਬੀ ਰੇਫਰ 7
ਹਵਾਲੇ
ਪਟਿਆਲਾ ਸਮਾਦਕ ਰਹੇ।”2
ਕੇਸਰੀ ਜੀ ਖ਼ਾਲਸਾ ਪਾਰਲੀਮੈਂਟ ਗਜ਼ਟ, ਪੰਚਖੰਡ ਭਸੌੜ ਦੇ 1951 ਤੋਂ ਲੈੱ ਕੇ ਅੱਗੇ ਕਦੋਂ ਤਕ ਆਨਰੇਰੀ ਐਡੀਟਰ ਰਹੇ, ਇਸ ਸੰਬੰਧੀ ਕੋਈ ਜਾਣਕਾਰੀ ਸਾਨੂੰ ਨਹੀਂ ਮਿਲ ਸਕੀ। ਉਨ੍ਹਾਂ ਦੇ ਚੀਫ਼ ਐਡੀਟਰ ਰਹੇ ਹੋਣ ਬਾਰੇ ਵੀ ਸਾਡੇ ਕੋਲ ਸਬੂਤ ਨਹੀਂ ਹਨ। ਇਸ ਪਰਚੇ ਵਿਚ ਉਨ੍ਹਾਂ ਦੀਆਂ ਕਵਿਤਾਵਾਂ ਅਤੇ ਲੇਖ ਵੀ ਛਪਦੇ ਰਹੇ ਹਨ। ਖ਼ਾਲਸਾ ਪਾਰਲੀਮੈਂਟ ਗਜ਼ਟ, ਪੰਚਖੰਡ ਭਸੌੜ ਮੈਗਜ਼ੀਨ ਦੀਆਂ ਉਪਲਬਧ ਕੁਝ ਫ਼ਾਈਲਾਂ, ਜਿਨ੍ਹਾਂ ਉੱਤੇ ਕੇਸਰੀ ਜੀ ਦਾ ਨਾਂ ਆਨਰੇਰੀ ਐਡੀਟਰ ਦੇ ਤੌਰ ‘ਤੇ ਛਪਦਾ ਹੁੰਦਾ ਸੀ, ਵਿਚ ਸ਼ਾਮਿਲ ਕੇਸਰੀ ਜੀ ਦੀਆਂ ਰਚਨਾਵਾਂ ਦਾ ਵੇਰਵਾ ਅੱਗੇ ਦਿੱਤਾ ਹੈ :
ਜੂਨ-ਜੁਲਾਈ 1950 ਅੰਕ ਵਿਚ :
– ਹਜ਼ੂਰ ! ਕੋਤਲ ਘੋੜਾ ਗਧਿਆ ਚੱਲਿਆ ਜੇ (ਲੇਖ), – ਸਾਡਾ ਪੰਥਕ ਗੀਤ (ਕਵਿਤਾ), – ਪਤੀ ਚੰਗਾ ਕਿ ਸੰਤ ? (ਕਵਿਤਾ), – ਵੱਡੀ ਉਮਰ ਦੀ ਸ਼ਾਦੀ (ਲੇਖ)
ਮਈ-ਜੂਨ 1951 ਵਿਚ :
– ਗੁਰੁਮਤ (ਲੇਖ), – ਲਾਸਾਨੀ ਸ਼ਹੀਦ ਸਤਿਗੁਰੂ (ਕਵਿਤਾ), – ਮੌਤ ਵਿਚ ਜੀਵਨ ਦੇਣ ਵਾਲਾ ਦਾਤਾ (ਲੇਖ), – ਗਜ਼ਟ ਦਾ ਸਰੂਪ (ਕਵਿਤਾ), – ਜਾਪੁ ਸਾਹਿਬ (ਲੇਖ), -ਕਥ ਗਏ ਭਗਤ ਕਬੀਰ (ਕਵਿਤਾ), – ਦਾੜ੍ਹੀ ਨੂੰ ਵਸਮਾ (ਲੇਖ), – ਅਮੋਲਕ ਤੋਹਫ਼ਾ (ਲੇਖ), ਜੋ ਕਿਛੁ ਕਰਹਿ ਸੋਈ ਅਬ ਸਾਰ
ਜੂਨ-ਜੁਲਾਈ 1951 ਅੰਕ ਵਿਚ :
-ਪਾਠਕਾਂ ਦੇ ਵੱਖੋ-ਵੱਖ ਸੁਭਾ (ਕਵਿਤਾ), – ਖ਼ਾਲਸਾ ਧਰਮ (ਲੇਖ), – ਕਰਮਜਾਲ (ਕਵਿਤਾ), – ਰੋਟੀ ਕਪੜਾ (ਲੇਖ), – ਹਰ ਏਕ ਚੀਜ਼ ਢਾਈ ਆਨਾ (ਲੇਖ)
ਸਤੰਬਰ ਅਕਤੂਬਰ 1951 ਅੰਕ ਵਿਚ:
-ਬਾਬੂ ਜੀ ਦੀ ਯਾਦ (ਕਵਿਤਾ) ਪੰਨਾ 3, – ਸੇਵਕ ਕੀ ਓੜਕਿ ਨਿਭਹੀ ਪ੍ਰੀਤ (ਲੇਖ), – ਅਮੋਲਕ ਤੋਹਫ਼ੇ ਦੀ ਭੇਟ (ਕਵਿਤਾ), – ਅਗ ਵਸਾਣ ਜਿਵੇਂ ਕੋਈ ਬੰਬਰ (ਕਵਿਤਾ)
ਅਕਤੂਬਰ-ਨਵੰਬਰ 1951 ਅੰਕ ਵਿਚ :
– ਮੂਲ ਮੰਤ੍ਰ (ਲੇਖ), – ਮੁਹੱਬਤ (ਕਵਿਤਾ)
-ਮੈਂ ਦੇਖੂੰਗੀ ਹੀਰ ਸਿਆਲ (ਕਵਿਤਾ), – ਦੌਲਤ (ਕਵਿਤਾ)
ਦਸੰਬਰ-ਜਨਵਰੀ 1951 ਅੰਕ ਵਿਚ :
– ਖ਼ਾਲਸਾ ਜੀ ਨਿੱਤਨੇਮ ਕੀਤਾ ਕਰੋ (ਲੇਖ), – ਪ੍ਰੀਤਮ ਦੇ ਮਿਲਣ ਦੀ ਸੱਧਰ, – ਪੰਥ ਸੇਵਾ (ਕਵਿਤਾ), – ਜੋ ਬ੍ਰਹਮੰਡੇ ਸੋਈ ਪਿੰਡੇ (ਕਵਿਤਾ), – ਜੋ ਰਤਿ ਪੀਵਹਿ ਮਾਣਸਾ ਤਿਨ ਕਉ ਨਿਰਮਲ ਚੀਤ (ਲੇਖ)
– ਸੁਖ ਸ਼ਾਂਤੀ ਦਾ ਮੂਲ-ਮੰਤ੍ਰ (ਕਵਿਤਾ), – ਸ਼ਰਾਬੀ ਵਲੋਂ ਅਸੀਸ (ਕਵਿਤਾ), ਸ਼ਾਨਦਾਰ ਸ਼ਹੀਦੀ ਸਮਾਗਮ, – ਪੰਚ ਖ਼ਾਲਸਾ ਦੀਵਾਨ ਤੇ ਉਸ ਦੇ ਸੇਵਕ ‘ਕੁਰਬਾਨੀ ਪੁੰਜ ਸੇਵਕ’ (ਲੇਖ)
ਜਨਵਰੀ-ਫ਼ਰਵਰੀ 1952 ਵਿਚ :
– ਮਨ ਦੇ ਅੰਦਰ ਜੋਤ ਜਗਾ (ਕਵਿਤਾ), – ਸਿੱਖ ਗੁਰੂ ਦੁਰਗਾ ਭਗਤ ਹਨ ? (ਲੇਖ), –
– ਸਿਰਲੱਥ ਸੇਵਕ (ਲੇਖ)
– ਗਜ਼ਟ ਧਰਮ ਉਪਦੇਸ਼ ਦਾ ਮੰਬਾ ਹੈ (ਕਵਿਤਾ)
ਜੂਨ 1952 ਅੰਕ ਵਿਚ :
– ਕਹਿਣੀ ਤੇ ਕਰਨੀ ਵਾਲਾ ਰਹਿਬਰ ! (ਲੇਖ), – ਸੁਰਗਾਂ ਦੇ ਝੂਟੇ
5.1.2 ਇਕ ਹੋਰ ਵਿਦਿਆਲਾ ਖੋਲ੍ਹਣਾ
ਅਜਮੇਰ ਸਿੰਘ ਐਮ.ਏ. ਅਨੁਸਾਰ :
“1924 ਤਕ ਆਪ ਪਟਿਆਲੇ ਰਹੇ ਤੇ ਫੇਰ ਆਪਣੇ ਪਿੰਡ ਆ ਗਏ ਤੇ ਮੋਰਿੰਡੇ ਦੇ ਨੇੜੇ ਮਾਨਪੁਰ ਵਿਚ ਇਕ ਵਿਦਿਆਲਾ ਸ਼ੁਰੂ ਕਰ ਦਿੱਤਾ।”24
ਇਸ ਵਿਦਿਆਲੇ ਦੇ ਖੋਲ੍ਹਣ ਬਾਰੇ ਸਾਡੇ ਕੋਲ ਹੋਰ ਕੋਈ ਜਾਣਕਾਰੀ ਨਹੀਂ ਹੈ। ਅਜਮੇਰ ਸਿੰਘ ਨੇ ਪੰਜਾਬੀ ਟ੍ਰਿਬਿਊਨ ਵਾਲੇ ਲੇਖ ਵਿਚ ਹੀ ਲਿਖਿਆ ਹੈ ਕਿ ਪਿਛਲੀ ਉਮਰ ਵਿਚ ਕੇਸਰੀ ਜੀ ਨੇ ਆਪਣੇ ਪਿੰਡ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਅਖ਼ੀਰ ਦਮ ਤਕ ਕਵਿਤਾ ਲਿਖਣ ਦੀ ਉਨ੍ਹਾਂ ਦੀ ਲਗਨ ਜਿਉਂ ਦੀ ਤਿਉਂ ਕਾਇਮ ਰਹੀ। 5.1.3 ਕੇਸਰੀ ਜੀ ਦੇ ਅੰਤਲੇ ਦਿਨ
ਰਣਜੋਧ ਸਿੰਘ ਗਿੱਲ ਅਨੁਸਾਰ ਉਨ੍ਹਾਂ ਦਿਨਾਂ ਵਿਚ ਕੇਸਰੀ ਜੀ ਦੀ ਨਿਗ੍ਹਾ ਬਹੁਤ ਕਮਜ਼ੋਰ ਹੋ ਗਈ ਸੀ। ਇਸ ਸੰਬੰਧ ਵਿਚ ਉਨ੍ਹਾਂ ਨੇ ਅੱਖਾਂ ਦਾ ਓਪਰੇਸ਼ਨ ਕਰਵਾਇਆ ਹੋਇਆ ਸੀ। ਅੱਖਾਂ ਉੱਤੇ ਕਾਲੀ ਐਨਕ, ਨਾਲ ਹਰੀ ਪੱਟੀ ਬੰਨ੍ਹੀ ਹੋਈ, ਉਹ ਚੁਬਾਰੇ ਉੱਤੇ ਸੁੱਤੇ ਹੋਏ ਆਪਣੇ ਪੁੱਤ ਕੋਲ ਕੋਈ ਸਲਾਹ ਕਰਨ ਗਏ ਸਨ। ਉਤਰਨ ਵੇਲੇ ਪੌੜਸਾਲ ਤੋਂ ਪੈਰ ਫਿਸਲ ਗਿਆ ਅਤੇ ਉਹ ਹੇਠਾਂ ਫ਼ਰਸ਼ ਉੱਤੇ ਸਿਰ ਭਾਰ ਆ ਡਿੱਗੇ। ਇਕ ਡੂੰਘੀ ਹੂੰਗਰ ਹੀ ਵੱਜੀ ਕਿ ਸਭ ਨੂੰ ਸਦੀਵੀ ਵਿਛੋੜਾ ਦੇ ਗਏ। ਹੋਰ ਕੋਈ ਤਕਲੀਫ਼ ਨਾ ਹੋਈ। ਸੰਖਿਆ ਕੋਸ਼ ਦੇ ਅਰੰਭ ਵਿਚ 8.8.61 ਨੂੰ ਲਿਖੀ ‘ਜਾਣ- ਪਛਾਣ’ ਵਿਚ ਅਜਮੇਰ ਸਿੰਘ ਐਮ.ਏ. ਨੇ ਗੁਰਬਖ਼ਸ਼ ਸਿੰਘ ਕੇਸਰੀ ਦਾ ਦੇਹਾਂਤ 12 ਮਾਰਚ 1958 ਨੂੰ ਹੋਇਆ ਦੱਸਿਆ। ਅਜਮੇਰ ਸਿੰਘ ਨੇ ਹੀ ਕਿਸੇ ਹੋਰ ਥਾਂ ਕੇਸਰੀ ਜੀ ਦਾ ਦੇਹਾਂਤ ਮਈ 1958 ਨੂੰ ਹੋਇਆ ਲਿਖਿਆ ਹੈ। ਕੇਸਰੀ ਜੀ ਆਪਣੀ ਉਮਰ ਦੇ ਅੰਤਲੇ ਵਰ੍ਹਿਆਂ ਵਿਚ ਕਈ ਕਾਰਨਾਂ ਕਰਕੇ ਕਾਫ਼ੀ ਪਰੇਸ਼ਾਨ ਰਹੇ। ਇਕ ਕਾਰਨ ਸੀ ਉਨ੍ਹਾਂ ਦੀ ਜੀਵਨ-ਸਾਥਣ ਦਾ ਚਲਾਣਾ ਕਰ ਜਾਣਾ। ਪਰੇਸ਼ਾਨੀ ਦਾ ਦੂਜਾ ਕਾਰਨ ਸੀ ਉਨ੍ਹਾਂ ਦੀਆਂ ਕਈ ਸਾਰੀਆਂ ਪੁਸਤਕਾਂ ਦਾ ਅਣਛਪੇ ਰਹਿ ਜਾਣਾ। ਇਸ ਤੋਂ ਇਲਾਵਾ ਬੁਢੇਪੇ ਕਾਰਨ ਸਰੀਰ ਵਿਚ ਕਾਫ਼ੀ ਕਮਜ਼ੋਰੀ ਆ ਗਈ ਸੀ। ਕੇਸਰੀ ਜੀ ਦੇ ਦੋਹਤਰੇ ਰਣਜੋਧ ਸਿੰਘ ਗਿੱਲ ਨੇ ਲਿਖਿਆ ਹੈ ਕਿ “ਕੁਝ ਨਾ ਕਰ ਸਕਣ ਦੀ ਬੇਬਸੀ ਨੇ ਉਨ੍ਹਾਂ ਨੂੰ ਝੰਜੋੜ ਦਿੱਤਾ। ਉਹ ਕੁਝ ਉਦਾਸ ਰਹਿਣ ਲੱਗ ਪਏ ਸਨ। ਮੇਰੀ ਬੀਬੀ (ਮਾਤਾ) ਨੂੰ ਕਹਿੰਦੇ ਸਨ ਸ਼ਾਇਦ ਮੇਰਾ ਵਕਤ ਨਜ਼ਦੀਕ ਆ ਗਿਆ ਹੈ ਕਿਉਂਕਿ ਅੱਜ-ਕੱਲ੍ਹ ਮੇਰਾ ਨਿੱਤ-ਨੇਮ ਪੂਰਾ ਨਹੀਂ ਹੁੰਦਾ।”
-
‘ਕੇਸਰੀ’ ਤਖ਼ੱਲੁਸ
ਸ਼ਮਸ਼ੇਰ ਸਿੰਘ ਅਸ਼ੋਕ ਦੇ ਖ਼ਾਲਸਾ ਪਾਰਲੀਮੈਂਟ ਗਜ਼ਟ ਵਿਚ ਛਪੇ ਲੇਖ ਅਨੁਸਾਰ ਗੁਰਬਖ਼ਸ਼ ਸਿੰਘ ਕੇਸਰੀ ਨੇ ਆਪਣਾ ਤਖ਼ੱਲੁਸ ‘ਕੇਸਰ’ ਰੱਖਿਆ ਹੋਇਆ ਸੀ। ਸੰਨ 1914 ਵਿਚ “ ‘ਕੇਸਰੀ’ ਤਖ਼ੱਲੁਸ ਸ੍ਰੀਮਾਨ ਵਿੱਦਿਆ ਭੂਸ਼ਨ ਸ੍ਰੀ ਪੰਡਤ ਕਰਤਾਰ ਸਿੰਘ ਦਾਖਾ ਵੱਲੋਂ ਤਜਵੀਜ਼ ਹੋਇਆ ਹੈ।” ਇਸ ਤਰ੍ਹਾਂ, ਸਾਡਾ ਇਹ ਲੇਖਕ ਸਮੇਂ ਸਮੇਂ ਜਿਨ੍ਹਾਂ ਨਾਵਾਂ ਨਾਲ ਜਾਣਿਆ ਜਾਂਦਾ ਰਿਹਾ, ਉਹ ਹਨ : ਗੁਰਬਖ਼ਸ਼ ਸਿੰਘ, ਗੁਰਬਖ਼ਸ਼ ਸਿੰਘ ਗ੍ਰੰਥੀ, ਗੁਰਬਖ਼ਸ਼ ਸਿੰਘ ਕੇਸਰ, ਗੁਰਬਖ਼ਸ਼ ਸਿੰਘ ਕੇਸਰੀ।
6.1 ਉੱਘੇ ਸਾਹਿਤਕਾਰਾਂ ਨਾਲ ਨੇੜਤਾ
ਸੰਖਿਆ ਕੋਸ਼ ਦੀ ‘ਜਾਣ-ਪਛਾਣ’ ਵਿਚ ਅਜਮੇਰ ਸਿੰਘ ਐਮ.ਏ. ਨੇ ਇਹ ਵੀ ਲਿਖਿਆ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ, ਧਨੀ ਰਾਮ ਚਾਤ੍ਰਿਕ, ਆਦਿ ਕਈ ਉੱਘੇ ਲੇਖਕਾਂ ਨਾਲ ਗੁਰਬਖ਼ਸ਼ ਸਿੰਘ ਕੇਸਰੀ ਦੇ ਮਿੱਤ੍ਰਤਾਨਾ ਸੰਬੰਧ ਸਨ। ਐਸ.ਐਸ. ਚਰਨ ਸਿੰਘ ਸ਼ਹੀਦ, ਦੀਵਾਨ ਸਿੰਘ ਮਫ਼ਤੂਨ, ਪ੍ਰੋ. ਹਰਬੰਸ ਸਿੰਘ ਤਾਂ ਅਕਸਰ ਉਨ੍ਹਾਂ ਕੋਲ ਆਉਂਦੇ ਸਨ। ਗੁਰਬਖ਼ਸ਼ ਸਿੰਘ ਕੇਸਰੀ ਦਾ ਇਲਾਕਾ ਅੰਬਾਂ ਦੇ ਬਾਗ਼ਾਂ ਲਈ ਮਸ਼ਹੂਰ ਰਿਹਾ ਹੈ। ਇਸ ਲਈ, ਲੇਖਕਾਂ ਦੀਆਂ ਮਿਲਣੀਆਂ, ਅੰਬਾਂ ਦੇ ਮੌਸਮ ਵਿਚ ਵਧੇਰੇ ਹੁੰਦੀਆਂ ਸਨ। ਆਪਣੇ ਸਮੇਂ ਵਿਚ ਗੁਰਬਖ਼ਸ਼ ਸਿੰਘ ਕੇਸਰੀ ਦੇ ਪਾਠਕਾਂ ਅਤੇ ਕਦਰਦਾਨਾਂ ਦਾ ਘੇਰਾ ਬੜਾ ਵੱਡਾ ਸੀ। ਇਸ ਵਿਚ ਲਾਲਾ ਜਗਤ ਨਾਰਾਇਣ, ਗਿਆਨ ਸਿੰਘ ਰਾੜੇਵਾਲਾ ਜਿਹੇ ਨਾਂ ਵੀ ਹਨ। ਪੰਡਤ ਕਰਤਾਰ ਸਿੰਘ ਦਾਖਾ ਉਨ੍ਹਾਂ ਦੇ ਗੂੜ੍ਹੇ ਮਿੱਤਰ ਸਨ। ਇਸੇ ਤਰ੍ਹਾਂ ਚਰਨ ਸਿੰਘ ਸ਼ਹੀਦ ਕਈ ਵਾਰੀ ਕੇਸਰੀ ਜੀ ਕੋਲ ਆ ਕੇ ਠਹਿਰਦੇ ਸਨ। ਇਸ ਪ੍ਰਕਾਰ, ਕੇਸਰੀ ਜੀ ਦੇ ਆਪਣੇ ਸਮੇਂ ਦੇ ਉੱਘੇ ਕਲਮਕਾਰਾਂ ਨਾਲ ਨਿਕਟਵਰਤੀ ਸੰਬੰਧ ਸਨ। ਅਜਿਹਾ ਉਨ੍ਹਾਂ ਦੀ ਵਿਦਵਤਾ, ਕਲਮੀ ਸ਼ਕਤੀ ਅਤੇ ਨਿੱਘੀ-ਪਿਆਰੀ ਸ਼ਖ਼ਸੀਅਤ ਦੀ ਤਾਕਤ ਕਰਕੇ ਸੀ।
ਵੱਖ-ਵੱਖ ਸੋਮਿਆਂ ਤੋਂ ਪ੍ਰਾਪਤ ਜਾਣਕਾਰੀ ਤੋਂ ਕੇਸਰੀ ਜੀ ਦੀਆਂ ਰਚਨਾਵਾਂ ਦੀ ਸੂਚੀ ਇਸ ਪ੍ਰਕਾਰ ਬਣਦੀ ਹੈ :
- ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ, 2. ਭੁੱਲੜ ਜੱਟ, 3. ਸੰਖਿਆ ਕੋਸ਼, 4. ਪੁਜਾਰੀ ਬੋਧ, 5. ਗੁਰ ਸੰਗਤ ਮਹਿਮਾ, 6. ਕਲਮ ਤੇ ਤਲਵਾਰ ਦਾ ਸੰਬਾਦ, 7. ਭਾਈ ਭਗਤ ਸਿੰਘ, 8. ਮਨੋਹਰ ਕੀਰਤਨ, 9. ਧੂਰਤ ਕਹਾਣੀਆਂ, 10. ਸਭਯਤਾ ਸਾਗਰ, 11. ਵਿਗਿਆਨਿਕ ਲੇਖ, 12. ਸਾਹਿਤ ਸਾਗਰ, 13. ਕੇਸਰੀ ਝਲਕਾਂ, 14. ਗੁਰਮਤ ਸਿਧਾਂਤ, 15. ਅਨੂਪਮ ਕਲਗੀ, 16. ਸ੍ਰੀ ਮਦ ਭਗਵਤ ਗੀਤਾ, 17. ਚਾਨਕੀਆ ਰਾਜਨੀਤੀ, 18. ਵਰਿੰਦ ਸਤਸਈ, 19. ਕੇਸਰੀ ਕਟਾਰ, 20. ਪੰਥ ਜਗਾਵਾ, 21. ਸਿੰਧੀ ਬੱਚਾ, 22. ਪੰਥਕ ਗੀਤ, 23. ਚਾਹ ਤੇ ਨਸਵਾਰ, 24. ਗੁਰੂ ਦਰਸ਼ਨ ਦੀ ਸਿੱਕ, 25. ਸੱਤ ਸਾਦਿਕ, 26. ਸੁਗੰਧਿਤ ਅਸਥਾਨ, 27. ਮਨੋਹਰ ਮੰਤ੍ਰ, 28. ਸੁਭਾਗੀ ਨੀਂਦਰ, 29. ਕ੍ਰਿਪਾਨ, 30. ਫਤਿਹ ਪ੍ਰਬੋਧ, 31. ਯੱਗ ਪ੍ਰਬੋਧ, 32. ਪ੍ਰਸੰਗ ਭਾਈ ਗੋਂਦਾ, 33. ਰੋਪੜੀਆ ਪੀਰ ਤੇ ਨੌਵੇਂ ਗੁਰੂ ਸਾਹਿਬ, 34. ਸ਼ਾਹ ਭੀਖਣ, 35. ਸ਼ਾਹ ਭੀਖ, 36. ਆਦੁਤੀ ਸਮਾਗਮ, 37. ਕੇਸਰ ਕਿਆਰੀ।
(ਨੋਟ: 1. ਡਾ. ਤੇਜਵੰਤ ਮਾਨ ਅਨੁਸਾਰ ਸੁਗੰਧ ਅਸਥਾਨ ਬੋਸਤਾਂ ਦਾ ਕਵਿਤਾ ਵਿਚ ਉਲਥਾ है।
- ਗਿਆਨ ਕੌਰ ਪੁਸਤਕ ਦੇ ਨਾਂ ਨਾਲ ਬੈਕਟ ਵਿਚ ਮਨੋਹਰ ਮੰਤ੍ਰ ਵੀ ਲਿਖਿਆ ਹੈ। ਇਹ ਇੱਕ ਪੁਸਤਕ ਹੈ। ਗਿਆਨ ਕੌਰ ਇਸ ਪੁਸਤਕ ਵਿਚ ਬਿਆਨ ਕੀਤੀ ਕਹਾਣੀ ਦੀ ਇਕ ਪਾਤਰ ਹੈ।
- ਵਿੰਦ ਸਤਸੰਈ ਅਤੇ ਕੇਸਰ ਪਟਾਰੀ ਇਕ ਹੀ ਪੁਸਤਕ ਦੇ ਨਾਂ ਹਨ।
- ਸ਼ਮਸ਼ੇਰ ਸਿੰਘ ਅਸ਼ੋਕ ਅਤੇ ਅਜਮੇਰ ਸਿੰਘ ਨੇ ਸੱਤ ਸਾਦਿਕ ਪੁਸਤਕ ਵਿਚ ਸ਼ਾਮਿਲ ਸੱਤ ਸ਼ਖ਼ਸੀਅਤਾਂ ਨੂੰ ਵੱਖ-ਵੱਖ ਪੁਸਤਕਾਂ ਦੇ ਰੂਪ ਵਿਚ ਲਿਆ ਹੈ। ਅਸਲ ਵਿਚ ਇਹ ਇੱਕ ਪੁਸਤਕ ਦੇ ਭਾਗ ਹਨ। ਸੰਭਵ ਹੈ ਇਹ ਕਿਸੇ ਸਮੇਂ ਅੱਡ-ਅੱਡ ਪੈਂਫ਼ਲਿਟਾਂ ਦੇ ਰੂਪ ਵਿਚ ਵੀ ਛਪੇ ਹੋਣ।
- ਸੰਖਿਆ ਕੋਸ਼ ਦਾ ਨਾਂ ਸੰਖਿਆ ਸੰਗ੍ਰਹਿ ਵੀ ਲਿਖਿਆ ਮਿਲਦਾ ਹੈ।
- ਕਲਮ ਤੇ ਤਲਵਾਰ ਦਾ ਸਹੀ ਨਾਂ ਕਲਮ ਤੇ ਤਲਵਾਰ ਦਾ ਸੰਬਾਦ ਹੈ। 1. ਸੰਖੇਪ ਜੀਵਨ ਭਾਈ ਭਗਤ ਸਿੰਘ ਜੀ ਨੂੰ ਜੀਵਨ ਸੰਤ ਭਗਤ ਸਿੰਘ ਜੀ, ਧੂਰਤ ਕਹਾਣੀਆਂ ਨੂੰ ਧਰਤ ਕਹਾਣੀਆਂ ਵੀ ਲਿਖਿਆ ਮਿਲਦਾ ਹੈ। ਪੰਥਮ ਗੀਤ ਦਾ ਨਾਂ ਸਾਡੇ ਪੰਥਕ ਗੀਤ ਵੀ ਲਿਖਿਆ ਮਿਲਦਾ ਹੈ। ਵਿੰਦ ਸਤਸੱਈ ਦਾ ਪੰਜਾਬੀ ਅਨੁਵਾਦ ਜਿਸਦਾ ਹੁਣ ਨਾਮ ਕੇਸਰ ਪਟਾਰੀ ਹੈ। ਕੇਸਰੀ ਜੀ ਨੇ ਉਪਰੋਕਤ ਰਚਨਾਵਾਂ ਨੂੰ ਗ੍ਰੰਥ ਅਤੇ ਟ੍ਰੈਕਟ ਆਖਿਆ ਹੈ।]
ਅੱਗੇ ਕੇਸਰੀ ਜੀ ਦੀਆਂ ਰਚਨਾਵਾਂ ਬਾਰੇ ਉਪਲਬਧ ਸੂਚਨਾਵਾਂ ਇਕ-ਇਕ ਕਰਕੇ ਦੇਣ ਦਾ ਯਤਨ ਕੀਤਾ ਗਿਆ ਹੈ। ** ਸੰਕੇਤਾਂ ਵਾਲੀਆਂ ਟਿੱਪਣੀਆਂ/ ਸੂਚਨਾਵਾਂ ਖ਼ੁਦ ਕੇਸਰੀ ਜੀ ਦੀਆਂ ਹਨ।
[ ਵਿਸ਼ੇਸ਼ ਟਿੱਪਣੀ : ਕੇਸਰੀ ਜੀ ਨੇ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ, ਗੁਰ ਸੰਗਤ ਮਹਿਮਾ, ਗੁਰ ਦਰਸ਼ਨ ਦੀ ਸਿੱਕ, ਫਤਿਹ ਪ੍ਰਬੋਧ, ਯੱਗ ਪ੍ਰਬੋਧ ਬਾਰੇ ਜੋ ਸੰਖੇਪ ਟਿੱਪਣੀਆਂ ਦਿੱਤੀਆਂ ਹਨ, ਜਿਉਂ ਦੀਆਂ ਤਿਉਂ ਅੱਗੇ ਦਿੱਤੀਆਂ ਹਨ।]
7.1.1 ਯੱਗ ਪ੍ਰਬੋਧ ਬਾਰੇ
“ਅੱਜ-ਕੱਲ੍ਹ ਟਾਪੂਆਂ ਵਿਚ ਸਾਡੇ ਗਿਰੇ ਹੋਏ ਪੰਜਾਬੀ ਭਰਾ ਜੋ ‘ਯੱਗ’ ਨਾਮ ਰੱਖ ਕੇ ਮਹਿਫ਼ਲਾਂ ਜੋੜਦੇ ਹਨ, ਉਨ੍ਹਾਂ ਦਾ ਹੂ-ਬ-ਹੂ ਖ਼ਾਕਾ ਹੈ ਭਾਵੇਂ ਹੈ ਤਾਂ ਇਕ ਮੁਕਾਮੀ ਚੀਜ਼ ਪਰ ਪੜ੍ਹ ਕੇ ਦੇਖੋਗੇ ਤਾਂ ਇਥੇ ਭੀ ਰਸ ਹੀ ਦੇਵੇਗੀ।”
[ ਸੰਪਾਦਕੀ ਨੋਟ : ਇਸ ਪੁਸਤਕ ਦੀ ਨਕਲ ਰਣਜੋਧ ਸਿੰਘ ਗਿੱਲ ਦੇ ਯਤਨਾਂ
ਸਦਕਾ ਬ੍ਰਿਟਿਸ਼ ਲਾਇਬ੍ਰੇਰੀ, ਲੰਡਨ ਤੋਂ ਪ੍ਰਾਪਤ ਹੋ ਸਕੀ ਹੈ। ਇਹ ਪੁਸਤਕ 8 ਅਕਤੂਬਰ 1908 ਨੂੰ ਛਪੀ ਸੀ। ਇਸ ਪੁਸਤਕ ਦੇ ਟਾਈਟਲ ਉੱਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਕੇਸਰੀ ਜੀ ਨੇ ਮਲਾਇਆ ਗੁਰਦੁਆਰਾ ਮਲਾਈ ਸਟੇਟ ਗਾਈਡਸ ਟੇਪਿੰਗ ਪੇਰਾਕ, ਜਿੱਥੇ ਉਹ ਗ੍ਰੰਥੀ ਸਨ, ਰਹਿੰਦਿਆਂ ਰਚੀ ਸੀ। ਇਹ ਛੋਟੇ ਆਕਾਰ ਦੀ ਪੁਸਤਕ ਵਜ਼ੀਰ ਹਿੰਦ ਪ੍ਰੈਸ, ਅੰਮਿ੍ਤਸਰ ਵਿਚ ਭਾਈ ਬਹਾਦਰ ਸਿੰਘ ਮੈਨੇਜਰ ਦੇ ਯਤਨਾਂ ਨਾਲ ਛਪੀ ਸੀ। ਇਸ ਦੀ ਕੀਮਤ ‘ਤਿੰਨ ਪਾਈ’ ਸੀ। ਇਹ ਰਚਨਾ ਛੰਦਬੱਧ ਹੈ, ਪਰ ਇਸ ਦੀ ਭੂਮਿਕਾ ਵਾਰਤਕ ਵਿਚ ਹੈ ਜੋ ਲੇਖਕ ਦੀ ਆਪਣੀ ਲਿਖੀ ਹੋਈ ਹੈ। ਉਦੋਂ ਉਨ੍ਹਾਂ ਨੇ ਆਪਣਾ ਤਖ਼ੱਲੁਸ ‘ਕੇਸਰੀ’ ਨਹੀਂ ਸੀ ਰੱਖਿਆ ਹੋਇਆ। ਉਹ ਆਪਣੇ ਨਾਂ ਦੇ ਨਾਲ ‘ਗ੍ਰੰਥੀ’ ਲਿਖਦੇ ਸਨ।]
ਅਸਲ ਵਿਚ ‘ਯੱਗ ਪ੍ਰਬੋਧ’ ਇਕ ਲੰਮੀ ਕਵਿਤਾ ਹੀ ਆਖੀ ਜਾ ਸਕਦੀ ਹੈ। ਇਸ ਦਾ ਅਰੰਭ, ਕੇਸਰੀ ਜੀ ਦੀਆਂ ਹੋਰ ਲਿਖਤਾਂ ਵਾਂਗ, ਮੰਗਲਾਚਰਨ ਨਾਲ ਹੁੰਦਾ ਹੈ। ਇਸ ਰਚਨਾ ਵਿਚ ਪੇਸ਼ ਸਮੱਸਿਆ ਲੇਖਕ ਨੇ ਭੂਮਿਕਾ ਵਿਚ ਦੱਸ ਦਿੱਤੀ ਹੈ। ਲੇਖਕ ਅਨੁਸਾਰ ਮਲਾਇਆ ਟਾਪੂ ਵਿਚ ‘ਜੱਗਾਂ’ ਦਾ ਰੁਝਾਨ ਬਹੁਤ ਵੱਧ ਰਿਹਾ ਸੀ। ਇਸ ਨਾਲ ਸਿੱਖੀ ਨੂੰ ਨੁਕਸਾਨ ਹੋ ਰਿਹਾ ਹੈ। ਕੇਸਰੀ ਜੀ, ਕਿਉਂਕਿ ਉਦੋਂ ਇਕ ਗ੍ਰੰਥੀ ਸਨ, ਸਿੰਘ ਸਭਾ ਲਹਿਰ ਦੇ ਵਿਚਾਰਾਂ ਦੇ ਪ੍ਰਚਾਰਕ ਵੀ ਸਨ, ਇਸ ਲਈ ਉਨ੍ਹਾਂ ਵੱਲੋਂ ਇਨ੍ਹਾਂ ਗ਼ਲਤ ਰੁਝਾਨਾਂ ਦਾ ਵਿਰੋਧ ਕਰਨਾ ਸੁਭਾਵਿਕ ਸੀ। ਇਸ ਸੰਬੰਧੀ ਉਨ੍ਹਾਂ ਨੇ ਖ਼ਾਲਸਾ ਸਮਾਚਾਰ ਵਿਚ ਇਕ ਮਜ਼ਮੂਨ ਵੀ ਛਪਵਾਇਆ ਸੀ। ਇਸ ਪੁਸਤਕ ਵਿੱਚੋਂ ਕੁਝ ਨਮੂਨੇ ਅੱਗੇ ਦਿੱਤੇ ਗਏ ਹਨ :
- ਸਿੰਘ ਸਭੀਆਂ ਨੇ ਔਖੇ ਔਖੇ ਕਈ ਅਸੂਲ ਬਣਾਏ, ਅਪਣੇ ਸਾਥੀ ਸਿੰਘ ਸਭੀਆਂ ਨੇ ਉਪਰ ਉਨਾਂ ਚਲਾਏ।
ਸਿੰਘ ਸਭਾ ਦੇ ਯਿਤਨੇ ਮੈਂਬਰ ਕੋਈ ਨਸ਼ਾ ਨਾ ਪੀਵੇ, ਸਾਡੇ ਟੋਲੇ ਅੰਦਰ ਸਭੇ ਰੈਹਨ ਸਦਾ ਹੀ ਖੀਵੇ। ਫਿਰ ਜੇ ਕੋਈ ਵਿਚ ਉਨਾਂ ਦੇ ਵਾਲ ਸਰੀਰੋਂ ਲਾਹੇ, ਦੂਜੀ ਵਾਰੀ ਪਾਹੁਲ ਦੇਂਦੇ ਕਰ ਤਨਖ਼ਾਹੀਆ ਆਹੇ।
- ਫਿਰ ਮੱਲਾਂ ਦੇ ਘੋਲ ਹੋਨ ਦਾ ਮਚਿਆ ਸ਼ੋਰ ਕਰਾਰਾ।
ਢੋਲ ਭਰਾਈ ਗਲ ਵਿਚ ਪਾਕੇ ਦੈਂਗੜ ਦੈਂਗੜ ਕਰਦਾ, ਮਾਨੋ ਡੱਗਾ ਸਿਰ ਸਿੱਖਾਂ ਦੇ ਦੈਂਗੜ ਕਰਕੇ ਧਰਦਾ। ਇਨੇ ਚਿਰ ਨੂੰ ਭੂਤਾਂ ਵਾਂਗੂੰ ਮਲ ਸਿਰੋਂ ਹੋ ਨੰਗੇ, ਕੁਦ ਪਏ ਆਖਾੜੇ ਅੰਦਰ ਮਾਰਨ ਚਾਇ ਦੁੜੰਗੇ।
ਯੱਗ ਪ੍ਰੋਧ ਰਚਨਾ ਦੀ ਮਹੱਤਤਾ ਅਜੋਕੇ ਯੁੱਗ ਵਿਚ ਵੀ ਹੈ। ਅੱਜ ਵੀ ਪੰਜਾਬ ਵਿਚ ਕਈ ਥਾਈਂ ਪਰਿਵਾਰਿਕ ਸਮਾਗਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸ਼ਾਮ ਨੂੰ ਸ਼ਰਾਬ ਦੀ ਮਹਿਫ਼ਿਲ ਜੰਮਦੀ ਹੈ। ਢੋਲ-ਢਮੱਕਾ ਵੀ ਹੁੰਦਾ ਹੈ। ਇਸ ਤਰ੍ਹਾਂ, ਜਿਵੇਂ ਦੀ ਤਸਵੀਰ ਕੇਸਰੀ ਜੀ ਨੇ ਸੌ ਸਾਲ ਪਹਿਲਾਂ ਮਲਾਇਆ ਵਿਚ ਹੁੰਦੇ ਪੰਜਾਬੀਆਂ ਦੇ ਸਮਾਗਮਾਂ ਦੀ ਵਿਖਾਈ ਹੈ, ਉਸ ਦੇ ਨੇੜੇ ਤੇੜੇ ਦੀ ਅੱਜ ਵੀ ਪੰਜਾਬ ਵਿਚ ਕਈ ਥਾਈਂ ਵੇਖੀ ਜਾ ਸਕਦੀ ਹੈ। ਕੇਸਰੀ ਜੀ ਇਸ ਗੱਲ ਉੱਤੇ ਬਲ ਦਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਸੇਧ ਅਨੁਸਾਰ ਹੀ ਸਾਡੇ ਸਮਾਗਮ ਸਾਦੇ ਅਤੇ ਬੇਮਤਲਬ ਗੱਲਾਂ ਤੋਂ ਮੁਕਤ ਹੋਣੇ ਚਾਹੀਦੇ ਹਨ।
7.1.2 ਗੁਰ ਸੰਗਤ ਮਹਿੰਮਾ ** ਬਾਰੇ
“ਖਾ: ਜੀ ਦੇ ਹਰ ਖ਼ਾਸੋ ਆਮ ਜੋੜ ਮੇਲਾਂ (ਜੋੜ-ਮੇਲਿਆਂ-ਸੰਪਾ:) ਪਰ ਪੜ੍ਹਨੇ ਯੋਗ ਹੈ ਜਿਸ ਵਿਚ ਗੁਰੂ ਜੀ ਦੇ ਉਪਕਾਰ, ਗੁਰੂ ਖ਼ਾਲਸੇ ਜੀ ਦੀ ਮਹਿੰਮਾ ਅਰ ਇਕੱਤ੍ਰ ਹੋਈ ਸੰਗਤ ਦਾ ਧੰਨ੍ਯਵਾਦ ਵਰਨਨ ਕੀਤਾ ਗਿਆ ਹੈ।”
[ ਸੰਪਾਦਕੀ ਨੋਟ : ਇਹ ਪੁਸਤਕ ਕਿਤੇ ਵੀ ਵੇਖਣ ਨੂੰ ਨਹੀਂ ਮਿਲੀ। ਇਸ ਲਈ ਇਹ ਵੀ ਨਹੀਂ ਪਤਾ ਕਿ ਇਹ ਕਿਹੜੀ ਵਿਧਾ ਵਿਚ ਹੈ। ਪੁਸਤਕ ਦੇ ਨਾਂ ਵਿਚ ‘ਮਹਿੰਮਾ’ ਸ਼ਬਦ-ਜੋੜ ਕੇਸਰੀ ਜੀ ਦੇ ਹਨ।]
7.1.3 ਗੁਰ ਦਰਸ਼ਨ ਦੀ ਸਿੱਕ** ਬਾਰੇ
“ਸਤਿਗੁਰਾਂ ਦੇ ਪ੍ਰੇਮ ਵਿਚ ਮਨ ਨੇ ਜੋ ਤਰਲੇ ਕੀਤੇ ਹਨ, ਬਾਰਾਂ ਮਾਸੇ ਦੀ ਸ਼ਕਲ ਵਿਚ ਉਨ੍ਹਾਂ ਦਾ ਦਿਲ ਖਿਚਵਾਂ ਨਜ਼ਾਰਾ ਹੈ।”
[ ਸੰਪਾਦਕੀ ਨੋਟ : ਇਹ ਪੁਸਤਕ ਕਿਤੇ ਵੀ ਵੇਖਣ ਨੂੰ ਨਹੀਂ ਮਿਲੀ। ਇਸ ਲਈ ਇਹ ਵੀ ਨਹੀਂ ਪਤਾ ਕਿ ਇਹ ਕਿਹੜੀ ਵਿਧਾ
1.1.4 ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ** ਬਾਰੇ
ਇਸ ਪੁਸਤਕ ਬਾਰੇ ਟਿੱਪਣੀਆਂ ਅਤੇ ਇਸ ਦੇ ਦੋਵੇਂ ਭਾਗਾਂ ਦਾ ਪਾਠ ਅੱਗੇ ਦਿੱਤੇ ਹਨ।
1.1.5 ਫਤਿਹ ਪ੍ਰਬੋਧ ਬਾਰੇ
ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਦੇ ਅੰਤ ਵਿਚ ਫਤਿਹ ਪ੍ਰਬੋਧ ਪੁਸਤਕ ਦੇ ਛੇਤੀ ਤਿਆਰ ਹੋਣ ਅਤੇ ਛਪ ਕੇ ਪਾਠਕਾਂ ਦੀ ਦ੍ਰਿਸ਼ਟੀਗੋਚਰ ਹੋਣ ਬਾਰੇ ਸੂਚਨਾ ਹੈ। ਇਸ ਨੂੰ ‘ਟੈਕਟ’ ਆਖਿਆ ਗਿਆ ਹੈ।
ਸਾਨੂੰ ਇਹ ਰਚਨਾ ਵੇਖਣ ਨੂੰ ਨਹੀਂ ਮਿਲੀ। ਇਸ ਲਈ, ਕੁਝ ਨਹੀਂ ਪਤਾ ਕਿ ਇਹ ਕਵਿਤਾ ਵਿਚ ਹੈ ਕਿ ਵਾਰਤਕ ਵਿਚ।
7.1.6 ਪੁਜਾਰੀ ਪ੍ਰਬੋਧ ** ਬਾਰੇ
ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਦੇ ਅੰਤ ਵਿਚ ਪੁਜਾਰੀ ਪ੍ਰਬੋਧ ਪੁਸਤਕ ਦੇ ਛੇਤੀ ਤਿਆਰ ਹੋਣ ਅਤੇ ਛਪ ਕੇ ਪਾਠਕਾਂ ਦੀ ਦ੍ਰਿਸ਼ਟੀਗੋਚਰ ਹੋਣ ਬਾਰੇ ਸੂਚਨਾ ਹੈ। ਇਸ ਨੂੰ ‘ਟੈਕਟ’ ਆਖਿਆ ਗਿਆ ਹੈ। ਮਨੋਹਰ ਮੰਤ੍ਰ ਪੁਸਤਕ ਦੇ ਅੰਤ ਵਿਚ ਇਸ ਪੁਸਤਕ ਦੇ ਛਪੇ ਹੋਏ ਹੋਣ ਬਾਰੇ ਸੂਚਨਾ ਹੈ। ਨਾਲ ਹੀ ਇਸ ਦੇ ਮਿਲਣ ਦਾ ਪਤਾ ‘ਗੁਰਬਖ਼ਸ਼ ਸਿੰਘ ਐਡੀਟਰ ਦਿੱਤ ਸਿੰਘ ਮੈਗਜ਼ੀਨ ਰੋਪੜ’ ਲਿਖਿਆ ਹੈ।
ਕੇਸਰੀ ਜੀ ਵੱਲੋਂ ਦਿੱਤੀ ਉਪ੍ਰੋਕਤ ਸੂਚਨਾ ਤੋਂ ਅਨੁਮਾਨ ਹੁੰਦਾ ਹੈ ਕਿ ਇਹ ਪੁਸਤਕ 1908 ਤੋਂ ਪਿੱਛੋਂ ਤਿਆਰ ਹੋਈ ਹੈ। ਮਨੋਹਰ ਮੰਤ੍ਰ ਪੁਸਤਕ ਦੇ ਅੰਤ ਉੱਤੇ ਕੇਸਰੀ ਜੀ ਦੀ ਪੁਸਤਕ ਪੁਜਾਰੀ ਪ੍ਰਬੋਧ ਦਾ ਵੀ ਇਸ਼ਤਿਹਾਰ ਹੈ। ਲਿਖਿਆ ਹੈ— “ਇਹ ਇਕ ਬਹੁਤ ਹੀ ਉੱਤਮ ਪੁਸਤਕ ਹੈ, ਇਸ ਵਿਚ ਕਈ ਇਕ ਗੁਰਮਤਿ ਅਸੂਲਾਂ ਪਰ ਚੰਗੀ ਰੋਸ਼ਨੀ ਪਾਈ ਗਈ ਹੈ।” ਇਸ ਪੁਸਤਕ ਦੀ ਇਕ ਕਾਪੀ ਭਾਸ਼ਾ ਵਿਭਾਗ, ਪਟਿਆਲਾ ਦੀ ਲਾਇਬ੍ਰੇਰੀ ਵਿਚ ਹੈ। ਇਸ ਉੱਤੇ ਇਸ ਦਾ ਛਪਣ ਕਾਲ ਨਵੰਬਰ 1911 ਹੈ। ਇਹ ਉਹ ਸਮਾਂ ਹੈ ਜਦੋਂ ਕੇਸਰੀ ਜੀ ਰੋਪੜ ਤੋਂ ਗਿਆਨੀ ਦਿੱਤ ਸਿੰਘ ਦੀ ਯਾਦ ਵਿਚ ਮੈਗਜ਼ੀਨ ਕੱਢ ਰਹੇ ਸਨ।
ਇਸ ਪੁਸਤਕ ਦਾ ਦੂਜਾ ਨਾਂ ਹੈ ਮਨੋਹਰ ਬਾਗ਼ ਦੇ ਗੰਦੇ ਫਲ। ਇਸ ਸੰਬੰਧੀ ਪੁਸਤਕ ਵਿਚ ਆਈਆਂ ਇਹ ਤੁਕਾਂ ਕੇਂਦਰੀ-ਭਾਵ ਨੂੰ ਪ੍ਰਗਟਾਉਂਦੀਆਂ ਹਨ :
ਖਲਕ ਖਾਲਕ ਦੀ ਦੁਖੀ ਅਪਾਰ। ਖਾਲਕ ਨੇ ਫਿਰ ਸੁਣੀ ਪੁਕਾਰ। ਗੁਰੁ ਨਾਨਕ ਜਗ ਮਾਹਿ ਪਠਾਇਆ। ਜਿਸ ਨੇ ‘ਬਾਗ਼ ਮਨੋਹਰ’ ਲਾਇਆ।
ਪਾਤਸ਼ਾਹ ਓਹ ਆਪ ਅਕਾਲ । ਮਾਲੀ ਉਸ ਦੇ ਗੁਰ ਕ੍ਰਿਪਾਲ। ਉਸ ਮਾਲੀ ਦੀ ਮਿਹਨਤ ਦਾ ਫਲ। ਲੱਗੇ ਵੇਖ ਮਨੋਹਰ ਏਹ-ਫਲ। ਪੰਥ ਖ਼ਾਲਸਾ ਬਾਗ਼ ਮਨੋਹਰ ਗੁਰ ਨਾਨਕ ਨੇ ਲਾਇਆ।
ਦਸਵੇਂ ਗੁਰ ਤਕ ਪਾਣੀ ਦੇ ਥਾਂ ਸਭ ਨੇ ਖੂਨ ਸਿੰਚਾਇਆ। ਰੁਖ ਰਾਗ ਦੇ ਦੁਖ ਹਰਨ ਹਿਤ ਰਚੇ ਆਮ ਗੁਰਦਾਰੇ। ਸਿੱਖ ਇਹਨਾਂ ਨੂੰ ਫਲ ਹਨ ਲਗੇ ਸ਼ਾਖਾਂ ਪਿੰਡ ਬਨਾਰੇ।
ਪੁਜਾਰੀ ਪ੍ਰਬੋਧ ਕੇਸਰੀ ਜੀ ਦੀ ਮਹੱਤਵਪੂਰਨ ਰਚਨਾ ਹੈ। ਇਸ ਵਿਚ, ਆਪਣੇ ਹੀ ਧਰਮ ਦੇ ਪੁਜਾਰੀ ਵਰਗ ਵਿਚਲੇ ਮਾੜੇ ਅਨਸਰਾਂ ਦੇ ਖ਼ਿਲਾਫ਼ ਬੜੇ ਕਲਾਮਈ ਢੰਗ ਨਾਲ ਲਿਖਿਆ ਹੈ। ਮੁੱਖ ਮੁੱਦਾ ਹੈ ਕਿ ਧਾਰਮਿਕ ਸਥਾਨਾਂ ਉੱਤੇ ਸੇਵਕਾਂ ਵਜੋਂ ਵਿਚਰਦੇ ਕਈ ਲੋਕਾਂ ਦਾ ਆਚਾਰ-ਵਿਹਾਰ ਸਿੱਖ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ। ਪੁਸਤਕ ਵਿਚ ਦਰਜ ਹੈ ਕਿ ਕੇਸਰੀ ਜੀ ਨੇ 1904 ਵਿਚ ਇਕ ਪ੍ਰਸਿੱਧ ਧਾਰਮਿਕ ਸਥਾਨ ਦੀ ਯਾਤਰਾ ਸਮੇਂ ਜਾਤ ਪਾਤ ਨੂੰ ਮੰਨਣ ਵਾਲੇ ਅਤੇ ਲੋਭੀ ਪੁਜਾਰੀਆਂ ਨੂੰ ਵੇਖਿਆ ਸੀ। ਉਹ ਲੋਕ ਕੇਸਰੀ ਜੀ ਨੂੰ ਇਸ ਬਾਗ਼ ਦੇ ਗੰਦੇ ਫਲ ਜਾਪੇ। ਪੰਜਾਬ ਵਿਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਤੋਂ ਲਗਪਗ ਇਕ ਦਹਾਕਾ ਪਹਿਲਾਂ ਕੇਸਰੀ ਜੀ ਨੇ ਬੇ-ਮਰਿਆਦਾ ਪੁਜਾਰੀਆਂ ਦੇ ਵਿਰੁੱਧ ਧੜੱਲੇ ਨਾਲ ਲਿਖਿਆ।
ਪੁਸਤਕ ਵਿਚ ਕਿਤੇ ਵਾਰਤਕ ਹੈ ਅਤੇ ਕਿਤੇ ਵਾਰਤਾ ਨੂੰ ਛੰਦਬੱਧ ਰੂਪ ਵਿਚ ਪੇਸ਼ ਕੀਤਾ ਹੈ। ਸਾਰੀ ਰਚਨਾ ਬੜੀ ਦਿਲਚਸਪ ਹੈ। ਪੰਜਾਬ ਦੇ ਪਿੰਡਾਂ ਵਿਚ ਪਰਤੀਤ ਹੁੰਦੀ ਪ੍ਰਕਿਰਤੀ ਦੇ ਕਮਾਲ ਦੇ ਚਿੱਤਰ ਕੇਸਰੀ ਜੀ ਨੇ ਆਪਣੀ ਕਲਮ ਦੇ ਨਾਲ ਵਾਹੇ ग्ठ ।
ਪੁਜਾਰੀ ਪ੍ਰਬੋਧ ਪੁਸਤਕ ਦੇ ਅੰਤ ਉੱਤੇ ਕੇਸਰੀ ਜੀ ਨੇ ਲਿਖਿਆ ਹੈ: “ਅੱਗੇ ਲਈ ਦੇਖੋ ਭਾਗ ਦੂਜਾ।” ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਕੇਸਰੀ ਜੀ ਇਸ ਰਚਨਾ ਦਾ ਦੂਜਾ ਭਾਗ ਲਿਖਣਾ ਚਾਹੁੰਦੇ ਸਨ। ਕੀ ਉਹ ਅਜਿਹਾ ਕਰ ਸਕੇ ? ਇਸ ਸੰਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ।
ਇਸ ਪੁਸਤਕ ਦੇ ਪਹਿਲੇ ਕਾਂਡ ਵਿੱਚੋਂ ਕੁਝ ਪੰਨੇ ਨਮੂਨੇ ਵਜੋਂ ਅੱਗੇ ਦਿੱਤੇ ਹਨ :
ਵਾਹਿ! ਅਕਾਲ ਪੁਰਖ ਧੰਨ ਹੋ ਆਪ, ਅਪਾਰ ਹੈ ਆਪਦੀ ਕੁਦਰਤ ! ਏਹ ਪ੍ਰਿਥਵੀ ਜੋ ਕਦੀ ਹਰੇ ਭਰੇ ਰਾਗਾਂ ਦੀ ਰਚਨਾ ਨਾਲ ਸਬਜ਼ ਹੀ ਸਬਜ਼ ਦਿਸਦੀ ਸੀ, ਏਹ ਭੂਮੀ ਜੋ ਲੱਖਾਂ ਹੀ ਫਲਾਂ ਦੇ ਦਾਤੇ – ਨਹੀਂ ਨਹੀਂ ਕਲਪ ਬ੍ਰਿਛ – ਆਪਣੀ ਰੋਮਾਵਲੀ ਵਿਚ ਪੈਦਾ ਕਰਨ ਵਾਲੀ ਸੀ, ਇਹ ਧਰਤੀ ਜੋ ਜਲ ਨਾਲ ਅਭੇਦ ਹੋ ਕੇ ਇਜੇਹੀ ਨਰਮ ਹੋ ਚੁੱਕੀ ਸੀ, ਜਿਸ ਤਰ੍ਹਾਂ ਕਿ ਜਗਯਾਸੂ ਦਾ ਹਿਰਦਾ ਕਰਤਾਰ ਸਿਰਜਨ ਹਾਰ ਦੀ ਯਾਦ ਨਾਲ ! ਏਹ ਭੋਂ ਜੋ ਹਰੇ ਹਰੇ ਕਚੂਰ ਘਾਹ ਨਾਲ ਇਸਤਰਾਂ ਸ਼ਸ਼ੋਭਤ ਸੀ ਕਿ ਜਿਸਨੂੰ ਵੇਖਕੇ ਸਬਜ਼ ਮਖਮਲੀ ਫਰਸ਼ ਵੀ ਮਾਤ ਹੁੰਦਾ ਸੀ। ਏਹ ਜ਼ਮੀਨ ਜੋ ਖੇਤੀ ਬਾੜੀ ਦੇ ਜ਼ਰੀਏ ਕਰੋੜਾਂ ਤੋਂ ਵੀ ਕਈ ਕਰੋੜ ਮਣ ਵਧੀਕ ਅੰਨ ਦੇ ਢੇਰ ਉਤਪੰਨ ਕਰਦੀ ਸੀ, ਪਰ ਹਾਏ ਸਮੇਂ ਦਾ ਗੇੜ! ਤੇ ਕਾਲ ਦਾ ਕੋਪ! ਅੱਜ ਓਹੋ “ਭਾਰਤ ਭੂਮੀ” ਕਿਸ ਰੰਗ ਵਿਚ ਨੰਗ ਹੈ। ਹੇ ਭਾਰਤ! ਤੂੰ ਅੱਜ ਹੋ ਚਲੀ ਗਾਰਤ ! ਸੜ ਗਏ ਤੇਰੇ ਲੇਖ ! ਦੇਖ ! ਤੂੰ ਕਿਸ ਮੌਤੇ ਮਰ ਰਹੀ ਹੈਂ ?
ਕਿਧਰ ਗਈ ਤੇਰੀ ਓਹ ਹਰੀ ਹਰੀ ਬਨਸਪਤਿ? ਕਿਥੇ ਗਈ ਓਹ ਕ੍ਰਾਂਤੀ ਜੋ ਪਹਾੜਾਂ ਤੋਂ ਭੀ ਵਧੀਕ ਵੱਡੇ ਵੱਡੇ ਢੇਰ ਅਨਾਜ ਦੇ ਉਤਪੰਨ ਕਰਦੀ ਸੀ ? ਕਿਥੇ ਗਏ ਹਨ ਤੇਰੇ ਅੱਜ ਓਹ ਸੁਹਾਵਣੇਂ ਤੇ ਫਲਾਂ ਸੰਯੁਕਤ ਬਾਗ਼ ? ਆਹ ਕਿਸਮਤ ! ਅਜ ਕੀ ਹੋ ਰਿਹਾ ਹੈ ? ਹੇ ਸੀਤਲ ਤੇ ਬਰਫ ਵਰਗੀ ਠੰਢੀ ਠਾਰ ਭਾਰਤ ਭੂਮੀ ! ਤੂੰ ਆਪਣੀ ਸੀਤਲਤਾ ਨੂੰ ਤਿਲਾਂਜਲੀ ਦੇ ਕੇ ਕਿਸੁ ਗਜ਼ਬ ਦੀ ਮਾਰੀ ਹੋਈ ਤਪ ਤਪ ਕੇ ਤੱਤੀ ਤਵੀ ਹੋ ਰਹੀ ਹੈਂ ?
ਹਾਏ! ਭਾਰਤ ਮਾਤਾ! ਤੇਰੇ ਭਾਗ ਗਏ ਹਨ ਭਾਗ, ਤੂੰ ਕੀਹ ਕਰੇਂ ਤੇਰੇ ਸਿਰ ਪਰ ਕੜ ਕੜਾਕੇ ਦੀ ਧੁਪ ਸਾਰੀ ਬਨਸਪਤਿ ਦੇ ਭੋਜਨ ਕਰਕੇ ਹੁਣ ਤਾਂ ਜੀਵ ਜੰਤੂਆਂ ਨੂੰ ਹੜੱਪ ਕਰਨ ਲਈ ਵੀ ਤੱਤਪਰ ਹੋ ਰਹੀ ਹੈ। ਰਸਤੇ ਟੁਰਿਆਂ ਕਾਂ ਅੱਖ ਨਿਕਲਨ ਲਗ ਪਈ, ਰੁਖ ਬਿਰਖ ਤਪਸ਼ ਦੇ ਸਾੜੇ ਆਪਣੇ ਫਲ ਪੱਤਰਾਂ ਨੂੰ ਵਿੱਦਿਆ ਕਰ ਚੁਕੇ ਹਨ। ਕ੍ਰਿਸਾਨਾਂ ਵਿਚਾਰਿਆਂ ਨੇ ਖੇਤੀਬਾੜੀ ਤੋਂ ਨਿਰਾਸ ਹੋ ਕੇ ਤਾਂ ਹੱਥ ਧੋ ਹੀ ਲਏ ਸਨ ਪਰ ਹੁਣ ਤਾਂ ਜ਼ਿੰਦਗੀਆਂ ਦੇ ਵੀ ਲਾਲੇ ਪੈ ਗਏ ਹਨ। ਹਾਂ ਕੁਦਰਤ ! ਅੱਜ ਕੀ ਕਹਿਰ ਢਹਿ ਪਿਆ ਕੀ ਏਹ ਪਰਲੈ ਦਾ ਹੀ ਸਮਾ ਹੈ ?
ਓਹ! ਓਹ! ਜੀਵ ਜੰਤੂ ਵਿਚਾਰੇ ਤਪਤ ਦੇ ਸਾੜੇ ਅਤੇ ਗਰਮੀ ਧੁੱਸੜ ਦੇ ਮਾਰੇ ਹੋਏ ਇਸਤਰਾਂ ਰਿੱਝ ਪੱਕ ਰਹੇ ਹਨ ਜਿਵੇਂ ਕੜਾਹੇ ਵਿਚ ਚੌਲ, ਨਹੀਂ ਨਹੀਂ ਅਪਨੇ ਅਪਨੇ ਟਿਕਾਣਿਆਂ ਵਿਚੋਂ ਇਸਤਰਾਂ ਉਛਲ ਉਛਲ ਕੇ ਬਾਹਰ ਡਿਗਦੇ ਹਨ ਜਿਉਂ ਭਠਿਹਾਰੇ ਦੇ ਭੱਠ ਵਿਚੋਂ ਚਣੇ! ਇਸ ਦੁਖਦਾਈ ਸਮੇਂ ਦੀ ਕੋਈ ਮਸਾਲ ਹੈ ? ਜਾਂ ਮੁਸ਼ਾਬਹਿਤ ? ਕੋਈ ਨਹੀਂ ਕੀ ਵਰਨਨ ਕਰਕੇ ਦਸੀਏ ! ਕੀ ਨਕਸ਼ਾ ਖਿੱਚੀਏ ਸਿਰਫ਼ ਏਹ ਕਿ ਇਸ ਮੌਤੋਂ ਵਧੀਕ ਪਰ ਲੁਛ ਲੁਛ ਕੇ ਜਿੰਦ ਲੈਣ ਵਾਲੇ ਸਮੇਂ ਵਿਚ ਈਸਤ੍ਰੀ ਪੁਰਸ਼ ਆਪਣੇ ਆਪਣੇ ਜੀਵਨ ਤੋਂ ਨਿਰਾਸੇ ਹੀ ਨਹੀਂ ਸਗੋਂ ਸਦਾ ਲਈ ਜੀਵਨ ਤੋਂ ਹੱਥ ਧੋ ਬੈਠੇ। ਹਾ ਜ਼ਾਲਮ ਸਮਾਂ ਤੇਰੇ ਫੱਟ ! ਤੇ ਹੇ ਭਾਰਤ ਭੂਮੀ ਤੇਰੀ ਦੁਰਗਤ, ਕਹਿਰ! ਲੋਕੋ ਕਹਿਰ! ਇਹ ਕਹਿਰ ਸਾਰਾ ਸੂਰਜ ਭਗਵਾਨ ਹੋਰਾਂ ਦੀ ਕਿਰਪਾ ਵਿਚੋਂ ਹੀ ਟਪਕ ਰਿਹਾ ਹੈ। ਉਫ ! ਵੈਰੀ ਸੰਸਾਰ ਨੂੰ ਸਾੜਨ ਦੇ ਉੱਧਮ ਵਿਚ ਅੱਗ ਦਾ ਨਮੂਨਾ ਬਣ ਬੈਠਾ।
ਪੰਖੀ ਵਿਚਾਰੇ ਇਸ ਅੱਗ ਦੇ ਦੱਧੇ ਹੋਏ ਤੇ ਗਰਮੀ ਦੇ ਲੂਠੇ ਹੋਏ ਅਸਮਾਨ ਵਿਚ ਭਵਾਟਣੀਆਂ ਲੈਂਦੇ ਫਿਰ ਰਹੇ ਹਨ। ਚਾਹੁੰਦੇ ਹਨ ਕਿ ਕਿਤੋਂ ਬਿਸਰਾਮ ਲਭੇ, ਭਲਾ ਬਿਸਰਾਮ ਹੋਰੀ ਕਿਥੇ ? ਰੁਖ ਵਿਚਾਰੇ ਤਾਂ ਪਹਿਲੇ ਹੀ ਲੁਟੀਜੇ ਹੋਏ ਸੌਦਾਗਰ ਵਾਂਗੂੰ ਨਗਨ ਹੋ ਚੁਕੇ ਸਨ, ਹਾਏ ਦੁਰਭਾਗ ਸਮੇਂ! ਪਰ ਕਹਿਰ ਕਲੂਰ ਦੇ ਸਮੇਂ! ਤੇਰੇ ਵਿਚ ਤਾਂ ਪ੍ਰਾਣੀ ਮਾਤ੍ਰ ਨੂੰ ਪਾਣੀ ਵੀ ਪੀਣਾ ਨਹੀਂ ਮਿਲਦਾ, ਸੂਰਜ ਦੀ ਤੇਜ਼ੀ, ਗਰਮੀ ਦਾ ਸਾੜ! ਪ੍ਰਾਨੀਆਂ ਨੂੰ ਅੰਞ ਭੁੰਨਦਾ ਹੈ ਕਿ ਮਾਨੋਂ ਅੱਗ ਦੇ ਭਾਂਬੜ ਹੀ ਮਚ ਉਠੇ। ਸੜਦੇ ਹਿਰਦੇ, ਸਸਕਦੇ ਦਿਲ ਤੇ ਤੜਫਦੇ ਜੀਵਾਂ ਨੂੰ ਸ਼ਾਂਤਿ ਕਰਨ ਵਾਲੀ ਜੇ ਕੋਈ “ਸ਼ੈ” ਹੈ ਤਾਂ ਕੇਵਲ ਇਕ “ਪਾਣੀ” ਹੀ ਹੈ। ਪਰ ਹੁਣ ਪ੍ਰਿਥਵੀ ਹੀ ਸੁਕ ਕੇ ਪੱਥਰ ਹੋ ਚਲੀ, ਫਿਰ ਭਲਾ ਪਾਣੀ ਹੋਰੀਂ ਕਿਥੇ ? ਜੇਕਰ ਜਲ ਭਗਵਾਨ ਦਾ ਦਰਸ਼ਨ ਕਿਧਰੇ ਹੁੰਦਾ ਵੀ ਹੈ ਤਾਂ ਆਪ ਇਜੇਹੇ ਕ੍ਰੋਧਾਤੁਰ ਹੋ ਗਏ ਹਨ ਕਿ ਤਪਤ ਦਾ ਜਾਮਾਂ ਗਲ ਪਹਿਨਕੇ ਠੰਢਕ ਦੇਣ ਦੀ ਥਾਂ ਸਗੋਂ ਉਲਟੇ ਵੈਰੀ ਬਣ ਬੈਠੇ।
ਅਪਨੀ ਸੀਤਲਤਾਈ ਤੇ ਸਦਾ ਸੁਭਾਵ ਨੂੰ ਛੱਡ ਕੇ ਬਲਦੀ ਉੱਤੇ ਹੋਰ ਵੀ ਤੇਲ ਛਿਣਕਣ ਲਗ ਪਏ । ਓਹ ਅਭਾਗ ਭਾਰਤ ਭੂਮੀ ! ਹੁਨ ਤੂੰ ਜ਼ਰੂਰ ਗ਼ਾਰਤ ਹੋਵੇਂਗੀ। ਆਹ ਵੇਖ! ਤੇਰੇ ਸਦਾ ਦੇ ਮਿਤ੍ਰ ਤੇਰੇ ਨਾਲ ਅਭੇਦ ਵਰਤੀ ਜੋ ਸੇ ਅੱਜ ਓਹ ਵੀ ਤੇਰੇ ਦੁਸ਼ਮਨ ਬਣ ਗਏ, ਕੀ ਹੁਨ ਤੈਨੂੰ ਆਪਣੇ ਬਚ ਰੈਹਣ ਦੀ ਆਸ਼ਾ ਹੋ ਸਕਦੀ ਹੈ ?
ਗਰਮੀ ਧੁੱਸੜ ਜਦ ਸੰਸਾਰ ਦੀ ਇਹ ਦੁਰਗਤ ਕਰ ਦੇਵੇ ਤਦ ਲੋੜ ਹੁੰਦੀ ਹੈ ਕਿ ਪੈਣ ਦੇਵਤਾ ਆਕੇ ਸਹਾਇਤਾ ਕਰੋ, ਪਰ ਹਾ। ‘ਅਜ ਬਣੀਆਂ ਵਿਚ ਮਿਤਰ ਵੀ ਵੈਰੀ’ ਹੋ ਗਏ। ਅੱਜ ਸਦਾ ਦੀ ਸਾਥਣ ਦੁਸ਼ਟ ਵਾਯੂ ਜੋ ਕਦੀ ਸਸਕਦੇ ਜੀਵਾ ਨੂੰ ਸੁਰਜੀਤ ਕਰ ਦੇਂਦੀ ਸੀ, ਇਕ ਦਮ ਮੁਖੜਾ ਫੇਰ ਬੈਠੀ। ਅੱਜ ਓਹ ਭਾਰਤ ਦੀ ਸੀਤਲ, ਸੁਗੰਧ, ਮੰਦ ਮੰਦ, ਵਾਯੂ ਰੁਮਕੇ ਛੱਡ, ਮਿਠੇ ਬਕੇਲੇ ਤਿਆਗ, ਸਹੀ ਅਗਨ ਕੁੰਡ ਵਿਚੋਂ ਗੋਤੇ ਲਾ ਲਾ ਕੇ ਨਿਕਲ ਰਹੀ ਹੈ। ਅਪਨੇ ਅਭਾਗ ਸੀਸ ਪਰ ਨਦੀ ਨਾਲਿਆਂ ਦਾ ਕੱਕਾ ਕੱਕਾ ਰੇਤਾ, ਗਲੀ ਕਚਿਆਂ ਦਾ ਕੂੜਾ ਕਰਰਣ ਤੇ ਟੋਏ ਖਾਤਿਆਂ ਵਿੱਚ ਪੱਤ ਪਰਾਲ ਚੁੱਕੀ ਆਉਂਦੀ ਹੈ। ਕੀ ਹੋ ਪਾਪਾਤਮਾਂ ਪੈਣ | ਕੇਵਲ ਤੇਰਾ ਸਾੜਨਾ ਹੀ ਕਾਫ਼ੀ ਨਹੀਂ ਸੀ ? ਤੇਰਾ ਅੱਗ ਵਰਗਾ ਰੂਪ ਤ੍ਰਿਖੀ ਕਟਾਰੀ ਦੇ ਫੱਟ ਤੋਂ ਘੱਟ ਸੀ ?
ਹਾਏ ਲੋਕ। ਅੱਜ ਇਹ ਵਾਯੂ ਖਾਯੂ ਖਾਯੂ ਕਰ ਰਹੀ ਹੈ, ਆਹ ਲਓ ਕਹਰ ਦੀ ਅੰਧੇਰੀ ਟੁਟਕੇ ਆ ਗਈ । ਅੰਧੇਰੀ ਕੀ ਹੈ ਮਾਨੋ ਇਕ ਵਾਰਗੇ ਹੀ ਸਾਰੀ ਪ੍ਰਿਥਵੀ ਪਰ ਕਾਲੀ ਬੋਲੀ ਰਾਤ ਛਾ ਗਈ:
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
(ਸ੍ਰੀ ਗੁਰੂ ਗ੍ਰੰਥ ਸਾਹਿਬ)
ਉਹ। ਓਹ। ਚਾਰ ਚੁਫੇਰੇ ਅੰਧੇਰ ਹੀ ਅੰਧੇਰ ਘੁਪ ਫੈਲ ਗਿਆ, ਹੱਥ ਪਸਾਰਿਆ ਨਜ਼ਰ ਨਹੀਂ ਪੈਂਦਾ, ਆਪਣੇ ਪਰਾਏ ਦੀ ਪਛਾਣ ਨਹੀਂ ਰਹੀ, ਜਗਤ ਦੇ ਜੀਵ ਜੰਤ ਹੋਰ ਵੀ ਦੁਖੀ ਹੋ ਗਏ, ਇਸ ਅੰਧਾ ਧੁੰਦ ਤੇ ਕਹਿਰ ਦੇ ਵਕਤ ਵਿਚ ਖਲਕਤ ਪਰ ਹੋਰ ਵੀ ਅਨੇਕਾਂ ਆਫ਼ਤਾਂ ਟੁਟ ਕੇ ਆ ਪਈਆਂ। ਏਹੋ ਜਿਹੀ ਗਜ਼ਬ ਦੀ ਅੰਧੇਰੀ ਕਹਿੰਦੇ ਹੁੰਦੇ ਸਨ ਕੇ ਸੁਮੇਰ ਪਰਬਤ ਨੂੰ ਉਡਾਵਨ ਲਈ ਪ੍ਰਲੈ ਵਾਲੇ ਦਿਹਾੜੇ ਵਿਚ ਆਵੇਗੀ, ਕੀ ਏਹ ਪੈਰਾਣਕ ਗਪੌੜਾ ਸੱਚ ਹੋ ਗਿਆ?
ਹਾਏ। ਪਾਪਣ ਪੇਟ। ਕਿਉਂ ਭੰਨਦੀ ਹੈਂ ਧੌਣ! ਕਰ ਗੌਣ! ਕੀ ਤੈਨੂੰ ਤਰਸ ਨਹੀਂ ? ਕਿਉਂ ਬਣ ਗਈ ਕੋਈ ਕੌਣ! ਪਰ ਹਾ! ਲੋਕੋ! ਇਸ ਵੈਰਨ ਨੂੰ ਕਿਥੇ ਤਰਸ ਤੇ ਕਿਥੇ ਦਯਾ ! ਅੱਖ ਦੇ ਫੇਰ ਵਿਚ ਹੀ ਕੁਝ ਦਾ ਕੁਝ ਕਰ ਦਿਖਾਇਆ।
ਓਹ ਕਾਦਰ ਤੇਰੇ ਰੰਗ। ਤੇ ਹੇ ਵਾਹਿਗੁਰੂ! ਤੇਰੀ ਰਜ਼ਾ !
ਹਾਏ। ਲੋਹੜ ਟੁਟ ਕੇ ਪੈ ਗਿਆ, ਏਹ ਦੁਸ਼ਟ ਵਾਯੂ ਨਾ ਨਿਰਾ ਅਗਨ ਰੂਪ ਹੋਕੇ ਹੀ ਸਾੜਦੀ ਹੈ, ਸਗੋਂ ਹੋਰ ਭੀ ਹੱਥ ਵਿਖਾਨ ਲੱਗੀ, ਕਹਿਰ ਚਾਂਦੀ ਹੋਈ ਜ਼ੋਰ ਨਾਲ ਵਗੀ। ਆਪਨੇ ਬੇਗ ਨੂੰ, ਬੇਗ ਪਰ ਸ੍ਵਾਰ ਕੀਤਾ, ਆਹ ਲਓ ਵਡੇ ਵਡੇ ਭਾਰੀ ਪੁਰਾਤਨ ਰੁਖ ਉੱਚੇ ਉੱਚੇ ਮਹੱਲ ਤੇ ਅਟਾਰੀਆਂ, ਸਾਫ ਢਾਹ ਸੁਟੇ। ਸੈਂਕੜੇ ਪਤਲੇ ਪਤਲੇ ਅਤੇ ਸੁੰਦਰ ਸਰੂਆਂ ਵਰਗੇ ਸਿਧੇ ਰੁਖ ਅਧਵਾਟਿਓਂ ਜਰੜ ਜਰੜ ਕਰਕੇ ਮੁੜ ਮੁੜ ਸੁੱਟੇ, ਲੱਖਾਂ ਹੀ ਜਦੋਂ ਕਢ ਵਗਾਏ, ਸਾਫ ਕਰ ਦਿਤੇ ਹਨ, ਕੋਰਾ ਡੀਕਰ ਮੈਦਾਨ ਚੌੜ ਚੁਪੱਟ ਕਰ ਦਿਤੇ ਹਨ ਜੰਗਲ ਤੇ ਸੁਕੀਜੇ ਹੋਏ ਬਾਗ ਵੈਰਾਨ।
ਪੰਖੀ ਵਿਚਾਰੇ ਇਸ ਜਾਹਲ ਵਾਯੂ ਨੇ ਅਪਨੇ ਬੇਗ ਪਰ ਸਵਾਰ ਕਰਕੇ ਲੱਖਾ ਕੋਹਾਂ ਪਰ ਜਾ ਜ਼ਮੀਨ ਨਾਲ ਪਟਕਾ ਕੇ ਮਾਰ ਸੁੱਟੇ, ਲੱਖਾਂ ਦੇ ਖੰਭ ਟੁਟੇ, ਕੂੜਾਂ ਦੇ ਪ੍ਰਾਣ ਹੁਣੇ, ਸੈਕੜਿਆ ਨੂੰ ਕਾਲੀ ਧਾਰ ਬਿਖੜੇ ਪਹਾੜਾਂ ਉੱਤੇ ਜਾ ਪਟਕਾਇਆ, ਅਨੇਕਾਂ ਨੂੰ ਡੂੰਘੀ ਧਾਰ ਖਾਰੇ ਸਮੁੰਦਰਾਂ ਵਿਚ ਜਾ ਬਹਾਇਆ! ਹਾ! ਡਾਇਣ ਵਾਯੂ ਤੇਰਾ ਅੱਤਯਾਦਾਰ। ਤੇ ਹੈ ਘੋਰ ਪਾਪੀ ਸਮੇਂ ਤੇਰੀ ਚਾਲ!
ਏਸੇ ਹਾਲਤ ਵਿਚ ਖਲਕਤ ਕੁਝ ਦੇਰ ਤਕ ਰਿਝਦੀ ਪੱਕਦੀ ਰਹੀ, ਲੱਖਾਂ ਤੇ ਕੂੰਡਾ ਜਾਨਾਂ ਦੇ ਅੰਤ ਹੋਏ, ਕੁਝ ਚਿਰ ਤੋਂ ਬਾਅਦ ਪੈਣ ਦੇਵਤਾ ਨੇ ਖਿਮਾਂ ਕੀਤੀ, ਓਹ ਅੰਧੇਰੀ ਤੇ ਕਾਲੀ ਬੋਲੀ ਰਾਤ ਹਟਕੇ ਕੁਝ ਕੁ ਉਜਾਲਾ ਹੋਇਆ। ਹਨ ਪ੍ਰਿਥਵੀ ਪਰ ਸਾਫ ਸਾਫ ਚੀਜਾਂ ਨਜ਼ਰ ਪੈਣ ਲੱਗ ਪਈਆਂ, ਧੰਨਾਯ ਵਾਹਿਗੁਰੂ ਤੇਰੀ ਕ੍ਰਿਪਾ।
ਅਕਾਸ਼ ਵਲ ਨਿਗਾਹ ਮਾਰੀ ਤਾਂ ਨੀਲੇ ਨੀਲੇ ਰੰਗ ਦੇ ਤਿਤੁ ਖੰਡੀਆਂ ਵਰਗੇ ਟਾਵੇਂ ਟਾਵੇਂ ਬਦਲਾਂ ਨੇ ਆਕੇ ਸੂਰਜ ਭਗਵਾਨ ਹੋਰਾਂ ਨਾਲ ਲੁਕ ਮਚਾਈਆਂ ਦੀ ਖੇਡ ਆਰੰਭ ਦਿਤੀ। ਥੋੜੀ ਜਿਹੀ ਸ਼ਾਂਤਿ ਸੰਸਾਰ ਦੇ ਰਹਿੰਦੇ ਖੂੰਹਦੇ ਜੀਵਾਂ ਨੂੰ ਆਈ ਸੀ ਤੇ ਦੋ ਚਾਰ ਸਾਹ ਜਲਦੇ ਬਲਦੇ ਜੀਵ ਜੰਤੂਆਂ ਨੇ ਲਏ ਸਨ ਤਾਂਹੀਓ ਖਬਰ ਕਿ ਸੂਰਜ ਹੋਰੀਂ ਅਪਨੀ ਧੁਨਿ ਦੇ ਪੱਕੇ ਅੱਗ ਵਰਗੇ ਮੂੰਹ ਨੂੰ ਕੱਢ ਕੇ ਅੱਖਾਂ ਪਾਤ ਪਾੜ ਕੇ ਆ ਤੱਕਨ ਲਗੇ। ਭਾਵੇਂ ਸ਼ਰਮ ਰੂਪੀ ਬੱਦਲ ਅਨੇਕ ਚਾਲਾਂ ਪਾ ਪਾ ਕੇ ਸੂਰਜ ਭਗਵਾਨ ਤਾਈਂ ਘੁੰਡ ਮਾਰਨ ਲਈ ਆ ਰਹੇ ਸਨ ਪਰ ਏਹ ਦੇਵਤੇ ਨਵੀਂ ਵਿਯਾਹੁੜ ਵਹੁਟੀ ਵਾਂਗੂੰ ਅਪਨੇ ਸੁਹੱਪਣ ਦੇ ਮਦ ਵਿਚ ਕਦੇ ਮੂੰਹ ਨੂੰ ਢੱਕ ਲੈਂਦੇ ਹਨ, ਮਾਨੋਂ ਲੁਕਣ ਮੀਟੀ ਦੀ ਖੇਡ ਜਾਰੀ ਹੋਕੇ ਅਚਰਜ ਸਮਾਂ ਬੰਨ੍ਹ ਰਹੀ ਹੈ। ਇਕੁਰ ਹੀ ਅਹੰਕਾਰੀ ਸੂਰਜ ਦੇਵਤਾ ਅਹੰਕਾਰ ਦੀ ਅੱਗ ਦੇ ਦੱਧੇ ਹੋਏ ਧਰਮ ਰੂਪੀ ਬੱਦਲਾਂ ਹਿਠਾਂ ਲੁਕਣਾਂ ਨਹੀਂ ਚਾਹੁੰਦੇ, ਪਰ ਹੁਨ ਅਕਾਲ ਪੁਰਖ ਦੀ ਮਰਜੀ ਤਾਂ ਇਸ ਅਤਯਾਚਾਰ ਨੂੰ ਢੱਕ ਲੈਣ ਦੀ ਸੀ, ਜਿਸਤੇ ਚਾਰ ਚੁਫੇਰਿਓ ਹੀ ਉਮਡ ਉਮਡ ਕੇ ਨੀਲੀਆਂ ਤੇ ਕਾਲੀਆਂ ਘਟਾਂ ਦੇ ਦਰਸ਼ਨ ਹੋਨ ਲੱਗੇ, ਇਹਨਾਂ ਘਟਾ ਦੇ ਜੋਰ ਸ਼ੋਰ ਵਿਚ ਹੀ ਸੂਰਜ ਹੋਰਾਂ ਨੇ ਅਪਨੀ ਭੈੜੀ ਵਾਦੀ ਨੂੰ ਫਿਰ ਚਿਤ ਚੇਤੇ ਕੀਤਾ, ਇਕ ਭਰਾੜ ਜਿਹੇ ਵਿਚ ਨੂੰ ਜਲਦਾ ਬਲਦਾ ਮੂੰਹ ਕਢ ਕੇ ਫਿਰ ਤਾਤੀ ਪਾਈ, ਹੋਰ ਪ੍ਰਿਥਵੀ ਪਰ ਛਾਂ ਹੋਨ ਦੇ ਕਾਰਨ ਕਈ ਇਕ ਖ਼ਾਸ ਖ਼ਾਸ ਥਾਵਾਂ ਪਰ ਕਿਰਨਾ ਇਜੇਹੀਆਂ ਮਨੋਹਰ ਜਾਪਣ ਲੱਗੀਆਂ ਕਿ ਕੀਹ ਵਰਣਨ ਕਰਕੇ ਦਸਿਆ ਜਾਵੇ। ਪਛੋਂ ਦੇ ਰੁਖ ਨੂੰ ਜਦ ਨਿਗਾਹ ਮਾਰ ਕੇ ਡਿਠਾ ਤਾਂ ਹਰੀ ਹਰੀ ਤੇ ਲਾਲ ਲਾਲ ਰੰਗ ਦੀ ਧਾਰੀ ਵਾਲੀ “ਬੁਢੀ ਦੀ ਪੀਂਘ” (Rainbow) ਅਸਮਾਨ ਵਿਚ ਕਮਾਨ ਵਾਂਗੂੰ ਦਿਖਾਈ ਦਿਤੀ, ਸੂਰਜ ਦੀਆਂ ਕਿਰਣਾਂ ਨੇ ਨਾਲ ਮਿਲ ਕੇ ਇਕ ਧਾਰੀ ਜਰੀ ਦੀ ਹੋਰ ਵੀ ਕੱਢ ਦਿਤੀ, ਉਸ ਪੀਂਘ ਦੇ ਥੱਲੇ ਜਮੀਨ ਪਰ ਕੀ ਵੇਖੀਏ ਜੋ ਇਕ ਹਰੇ ਹਰੇ ਬਿਛਾਂ ਦਾ ਘੜੂੰਬਲਾ (ਸੰਘਟ) ਨਜ਼ਰ ਪੈਣ ਲੱਗਾ, ਓਹਨਾਂ ਰੁਖਾਂ ਦੇ ਅਕੱਠ ਪਰ ਸੂਰਜ ਦੀਆਂ ਕਿਰਨਾਂ ਦੀ ਝਲਕ ਇਸਤਰਾਂ ਪੈਣ ਲਗੀ ਜਾਣੀ ਦੀ ਸਾਰੇ ਬ੍ਰਿਛਾਂ ਪਰ ਸੋਨੇ ਦੀ ਝਾਲ ਫਿਰੀ ਹੋਈ ਹੈ। ਕਦੀ ਸਬਜ਼ ਸਬਜ਼ ਪੱਤਰਾਂ ਦੀ ਹਰਯਾਵਲ, ਕਦੀ ਸੂਰਜ ਦੀਆਂ ਕਿਰਣਾਂ ਦਾ ਜ਼ਰਦ ਜ਼ਰਦ ਅਕਸ ਇਸਤਰਾਂ ਲਿਸ਼ਕਾਂ ਮਾਰਨ ਲੱਗਾ ਜਿਵੇਂ ਕੋਈ ਦਸਦਾ ਹੋਏ ਕਿ : “ਆਓ ਲੋਕੋ! ਵੇਖੋ ਮੇਰੇ ਰੰਗ ! ਮੈਂ ਕਿਸ ਢੰਗ ਦਾ ਮਨੋਹਰ ਤੇ ਅਮਰ ਫਲਾਂ ਅਰ ਪਤ੍ਰਾਂ ਦਾ ਸੰਯੁਕਤ ਮਨੋਹਰ ਬਾਗ਼ ਹਾਂ, ਮੇਰੇ ਵਿਚ ਕੀਹ ਕੀਹ ਖ਼ੂਬੀਆਂ ਹਨ, ਮੇਰੀ ਛਾਇਆ ਵਿਚ ਕਿਤਨੇ ਕੁ ਅਰਾਮ ਹਨ, ਤੇ ਮੇਰੇ ਫਲਾਂ ਵਿਚ ਕੀ ਕੁਝ ਮਿਠਾਸ ਅਰ ਫੁਲਾਂ ਵਿਚ ਖ਼ੁਸ਼ਬੋ ਹੈ। ਏਸ ਪੁਰ ਜੋਸ਼ ਅਤੇ ਉੱਚੀ ਅਵਾਜ਼ ਦੇ ਸੱਦੇ ਨੂੰ ਸੁਣ ਕੇ ਮੇਰੇ ਚਿੱਤ ਨੂੰ ਸਾਹਸ ਬੱਝ ਗਈ, ਅਰ ਨਿਸਚਾ ਹੋ ਗਿਆ ਕਿ ਉਸ ਕਾਦਰ ਨੇ ਜਿਥੇ ਇਤਨੇ ਸਾਮਾਨ ਮਾਰਨ ਵਾਸਤੇ ਕੀਤੇ ਹਨ, ਜ਼ਰੂਰ ਕੋਈ ਨ ਕੋਈ ਥਾਂ ਬਚਾਣ ਲਈ ਭੀ ਹੋਵੇਗੀ।
ਮੈਨੂੰ ਤੀਬਰ ਇਛਾ ਹੋਈ ਕਿ ਬਾਗ ਦੇ ਦਰਸ਼ਨ ਕਰਕੇ ਅਪਨੇ ਵਰਤਮਾਨ ਕਾਲ ਦੇ ਦੁਖ ਦੂਰ ਕਰਾਂ, ਪਰ ਮੈਂ ਦਿਲੋਂ ਹੈਰਾਨ ਸੀ ਅਰ ਚਿੱਤ ਮੇਰਾ ਚੱਕ੍ਰਿਤ ਹੁੰਦਾ ਸੀ ਕਿ ਕੀ ਇਜੇਹੇ ਦੁਰਭਿਖ ਸਮੇਂ ਵਿਚ ਵੀ ਕੋਈ ਬਾਗ ਜ਼ਮੀਨ ਦੇ ਟੁਕੜੇ ਪਰ ਹਰਾ ਭਰਾ ਰੈਹ ਸਕਦਾ ਹੈ ? ਮੈਂ ਇਹ ਗਣਤਾਂ ਗਣਦਾ ਹੀ ਟੁਰ ਪਿਆ, ਦਿੱਸਣ। ਵਿਚ ਬਾਗ ਦਾ ਫਾਸਲਾ ਕੇਵਲ ਹਸਤਾਮਲ ਵਤ ਸੀ ਪਰ ਜਿਉ ਜਿਉ ਮੈਂ ਅਗੇ ਵਧਦਾ ਸਾਂ ਇਹ “ਮਨੋਹਰ ਬਾਗ” ਨੇੜੇ ਹੋਣ ਦੀ ਥਾਂ ਸਗੋਂ ਦੂਰ ਪਰੇ ਹੁੰਦਾ ਜਾ ਰਿਹਾ ਸੀ। ਮੈਂ ਹੋਰ ਵੀ ਹੈਰਾਨ ਹੋਇਆ ਕਿ ਇਹ ਕੀ ਅਚਰਜ ਖੇਡ ਬਣੀ ਹੈ, ਕੀ ਏਹ ਬਾਗ ਹੈ ਜਾਂ ਮ੍ਰਿਗ ਤ੍ਰਿਸ਼ਨਾਂ ਦਾ ਜਲ ? ਇੰਨੇ ਨੂੰ ਮੇਰੇ ਕੰਨਾਂ ਵਿਚ ਅਵਾਜ਼ ਪਈ :
ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
ਮੈਂ ਆਹੁਲ ਕੇ ਪੈਰ ਪੁਟਿਆ। ਚਿਰਾਂ ਤਕ ਪੈਂਡਾ ਕਰਦਾ ਚਲਾ ਗਿਆ, ਆਖਰ ਥਕਿਆ, ਬਲ ਘਟਿਆ, ਦਿਲ ਟੁਟਿਆ ਅਰ ਅੱਕਿਆ, ਪੈਰਾਂ ਵਿਚ ਛਾਲੇ ਪਏ, ਪੈਂਡੇ ਵਿਚ ਲੱਖਾਂ ਤੇ ਕਰੋੜਾਂ ਮੁਸ਼ਕਲਾਂ ਪੇਸ਼ ਆਈਆਂ ਭੁਖ ਅਰ ਤ੍ਰੇਹ ਨੇ ਵਿਯਾਕੁਲ ਕੀਤਾ, ਪਰ ਮੰਜ਼ਲ ਅਜੇ ਵੀ ਨਹੀਂ ਮੁਕੀ। ਫੇਰ ਇਕ ਅਵਾਜ਼ ਕੰਨ ਵਿਚ ਪਈ :
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
ਇਸ ਜਾਦੂ ਭਰੀ ਕਲਾਮ ਨੂੰ ਸੁਣ ਕੇ ਮੇਰੇ ਦਿਲ ਵਿਚ ਹੋਰ ਵੀ ਉੱਦਮ ਦੀ ਪਾਣ ਚੜ੍ਹ ਗਈ ਜਾਂ ਮੈਂ ਅੰਞ ਆਖਾਂਗਾ ਕਿ ਇਸ ਜਾਦੂ ਭਰੀ ਕਲਾਮ ਦੀ ਲੋਹੇ ਵਰਗੀ ਕਰੜੀ ਪਰ ਰੇਸ਼ਮ ਨਾਲੋਂ ਨਰਮ ਡੋਰ (ਜੰਜੀਰ) ਨਾਲ ਬੰਧੀਜ ਕੇ ਮੈਂ ਇਸਤਰਾਂ ਖਿੱਚਿਆ ਗਿਆ ਜਿਕੁਰ ਪਤੰਗ ਨੂੰ ਡੋਰ ਧਰੂਹ ਲੈਂਦੀ ਹੈ, ਇਸ ਡੋਰ ਦੀ ਖਿੱਚ ਦੇ ਮਗਰ ਹੀ ਮੈਂ ਆਸਰੇ ਲੱਗਾ ਚਲਾ ਗਿਆ, ਪਰ ਮੈਨੂੰ ਮੁੜ ਮੁੜ ਕੇ ਇਹ ਹੈਰਾਨੀ ਫੇਰ ਲਗਦੀ ਸੀ, ਕਿ ਕੀ ਇਹ ਬਾਗ ਹੀ ਹੈ ਜਾਂ ਅਕਾਸ਼ ਫੁਲ ? ਕਿਤੇ ਇਹ ਓਹੋ ਬਾਗ ਤਾਂ ਨਹੀਂ ਜਿਸਨੂੰ ਰਾਜੇ ਹਰੀ ਚੰਦ ਦੀ ਨਗਰੀ ਵਿਚ ਕਹਿੰਦੇ ਹਨ ਪਰ ਓਹ ਤਾਂ ਅਕਾਸ਼ ਵਿਚ ਸੀ ਅਰ ਇਹ ਮੈਨੂੰ ਸਾਫ ਜ਼ਮੀਨ ਪਰ ਦਿਖਾਈ ਦੇ ਰਿਹਾ ਹੈ। ਇਸੇ ਤਰਾਂ ਮੈਂ ਇਸ ਰਮਕ ਦਸ਼ਾ ਵਿਚ ਹੀ ਉਸ ਡੋਰ ਦੇ ਨਾਲ ਖਿਚੀਂਦਾ ਚਲਾ ਗਿਆ, ਪਰ ਉੱਦਮ ਇਕ ਇਜੇਹੀ ਚੀਜ ਹੈ ਜਿਸਦੀ ਬਾਬਤ ਸ਼ੇਖ ਸ਼ਾਅਦੀ ਦਾ ਕਥਨ ਹੈ ਕਿ “ਹਿੰਮਤੇ ਮਰਦਾਂ ਮਦਦੇ ਖੁਦਾ” ਅਰਥਾਤ ਉੱਦਮੀ ਪੁਰਖ ਦੀ ਸਹਾਇਤਾ ਵਾਹਿਗੁਰੂ ਆਪ ਕਰਦਾ ਹੈ।
ਸਗਲ ਬਿਧੀ ਜੁਰਿ ਆਹਰੁ ਕਰਿਆ ਤਜਿਓ ਸਗਲ ਅੰਦੇਸਾ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
ਇਥੇ ਪਹੁੰਚਕੇ ਮੈਨੂੰ ਸਮਝ ਨਹੀਂ ਲਗੀ ਕਿ ਮੇਰੀ ਇਜੇਹੀ ਬਿਖੜੀ ਮੰਜ਼ਲ ਕਿਕੁਰ ਤੈਹ ਹੋ ਗਈ, ਮੈਂ ਡਾਢੇ ਕਸ਼ਟਾਂ ਵਿੱਚੋਂ ਪੈਂਡਾ ਕਰਨਾ ਅਰੰਭ ਕੀਤਾ ਸੀ ਅਰ ਰਸਤੇ ਵਿਚ ਵੀ ਕੋਈ ਘਟ ਦੁਖ ਨਹੀਂ ਸਨ ਭੋਗੇ, ਚਾਹੀਦਾ ਸੀ ਕਿ ਰਸਤੇ ਦੀ ਥਕਾਵਟ ਨਾਲ ਮੈਂ ਅਤਯੰਤ ਥਕਤ ਹੋਕੇ ਚੂਰ ਹੁੰਦਾ ਅਰ ਮੰਜ਼ਲ ਪਰ ਪਹੁੰਚਨ ਦੇ ਵਕਤ ਤੋੜੀ ਐਨ ਠੀਕ ਮੇਰੀ ਸਮਾਪਤੀ ਹੋ ਜਾਂਦੀ; ਪਰ ਨਹੀਂ! ਇਜੇਹਾ ਜੋ ਕੁਝ ਹੋਇਆ ਓਹ ਕੇਵਲ ਹੁਨ ਤੋਂ ਪਹਿਲੇ ਪਹਿਲੇ ਹੋ ਚੁਕਾ ਸੀ! ਹੁਣ ਜਦ ਮੇਰੀ ਮੰਜ਼ਲ ਐਨ ਮੁਕ ਗਈ, ਤਦ ਮੈਨੂੰ ਇਕ ਨਸ਼ਾ ਜਿਹਾ ਚੜ੍ਹ ਗਿਆ, ਪਹਿਲਾਂ ਤਾਂ ਮੈਂ ਮਾਲੂਮ ਕੀਤਾ ਕਿ ਸ਼ਾਇਦ ਮੈਨੂੰ ਆਪਣੇ ਟਿਕਾਣੇ ਸਿਰ ਪੂਜਨ ਦੀ ਜੋ ਖੁਸ਼ੀ ਹੋਈ ਹੈ ਉਸਦਾ ਅਮਲ ਹੋਵੇਗਾ। ਪਰ ਮੇਰੀ ਡਾਢੀ ਘੋਖ ਨੇ ਪਤਾ ਕਢਿਆ ਜੋ ਏਹ ਨਸ਼ਾ ਕੋਈ ਹੋਰ ਹੀ ਹੈ। ਹੁਣ ਮੇਰੀ ਹੈਰਾਨੀ ਹੋਰ ਵੀ ਵਧਣ ਲਗੀ, ਮੈਂ ਸੋਚਦਾ ਸਾਂ ਕਿ ਇਸ ਵਕਤ ਸ਼ਰਾਬ ਮੈਂ ਨਹੀਂ ਪੀਤੀ, ਭੰਗ ਦਾ ਨਾਉਂ ਤਕ ਨਹੀਂ ਸੁਣਿਆ, ਅਫੀਮ ਦੀ ਕੰਨਾਂ ਵਿਚ ਸ੍ਰੋਤ ਤਕ ਨਹੀਂ ਪਈ, ਇਹ ਅਮਲ ਮੈਨੂੰ ਹੈ ਤਾਂ ਕਿਸ ਚੀਜ਼ ਦਾ ਹੈ ? ਏਹ ਮਸਤੀ ਮੈਨੂੰ ਹੈ ਤਾਂ ਕਿਉਂ ਹੈ ? ਪੈਰ’ ਛਾਤਾ ਨਹੀਂ ਨਾ ਹੀ ਕੋਈ ਸਾਇਆ ਹੀ ਸੀ, ਪਰ ਆਹਾ! ਉਸ ਕਾਦਰ ਦੀ ਕ੍ਰਿਪਾ ਦਾ ਕੁਝ ਲੇਖਾ ਹੈ ?
7.1.7 ਸੰਖਿਆ ਕੋਸ਼ ਬਾਰੇ
ਸੰਖਿਆ ਕੋਸ਼ ਦੀ ਉਥਾਨਕਾ ਵਿਚ ਗੁਰਬਖ਼ਸ਼ ਸਿੰਘ ‘ਕੇਸਰੀ’ ਨੇ ਇਸ ਰਚਨਾ ਨੂੰ ਬਿਕ੍ਰਮੀ ਸੰਮਤ 2014 ਵਿਚ ਮੁਕੰਮਲ ਹੋਏ ਦੱਸਿਆ ਹੈ। ਇਹ ਉਥਾਨਕਾ ‘ਕੇਸਰੀ’ ਜੈ ਨੇ ਦਸੰਬਰ 1957 ਵਿਚ ਲਿਖੀ। ਬਿਕ੍ਰਮੀ ਸੰਮਤ ਅਨੁਸਾਰ ਵੀ ਇਹ ਸਮਾਂ 1957 ਈ: ਬਣਦਾ ਹੈ। ਇਸ ਸੰਨ ਤੋਂ ਚਾਰ ਸਾਲ ਪਿੱਛੋਂ ਇਹ ਰਚਨਾ ਪੁਸਤਕ ਰੂਪ ਵਿਚ ਆ ਸਕੀ। ਇਸ ਦਾ ਅਰਥ ਹੈ ਕਿ ਇਹ ਪੁਸਤਕ ਭਾਵੇਂ ਲੇਖਕ ਨੇ ਆਪਣੇ ਦੋਹਾਂਤ ਤੋਂ ਇਕ ਸਾਲ ਪਹਿਲਾਂ ਪੂਰੀ ਕਰ ਲਈ ਸੀ, ਪਰ ਇਹ ਉਸ ਦੇ ਪੂਰੇ ਹੋ ਜਾਣ ਤੋਂ ਤਿੰਨ ਸਾਲ ਪਿੱਛੋਂ ਪਹਿਲੀ ਵਾਰ ਸਤੰਬਰ 1961 ਈ: ਵਿਚ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ। ਪਹਿਲੀ ਛਾਪ 1000 ਕਾਪੀਆਂ ਛਪੀਆਂ। ਤਦ ਇਸ ਦੀ ਪ੍ਰਤਿ ਕਾਪੀ ਕੀਮਤ ਛੇ ਰੁਪਏ ਪੰਜਾਹ ਪੈਸੇ ਰੱਖੀ ਗਈ ਸੀ। ਫਿਰ ਇਸ ਦੀ ਸੋਧੀ ਹੋਈ ਕੀਮਤ ਪੰਦਰਾਂ ਰੁਪਏ ਰੱਖੀ ਗਈ।
ਪੰਜਾਬੀ ਸਾਹਿਤ ਅਕਾਡਮੀ ਨੇ ਇਸ ਪੁਸਤਕ ਨੂੰ ਮੁੜ 2007 ਈ: ਵਿਚ ਛਾਪਿਆ ਅਤੇ ਇਸ ਦੀ ਕੀਮਤ 200/- ਰੁਪਏ ਰੱਖੀ ਗਈ।
ਇਸ ਪੁਸਤਕ ਬਾਰੇ ਸ਼ਮਸ਼ੇਰ ਸਿੰਘ ਅਸ਼ੋਕ ਨੇ ਖ਼ਾਲਸਾ ਪਾਰਲੀਮੈਂਟ ਗਜ਼ਟ ਵਿਚ ਛਪੇ ਮਜ਼ਮੂਨ ਵਿਚ ਟਿੱਪਣੀ ਕੀਤੀ ਹੈ। ਇਸ ਅਨੁਸਾਰ ਸੰ. 1926 ਤੋਂ ਬਾਦ ‘ਕੇਸਰੀ’ ਜੀ ਨੇ ਘਰੋਗੀ ਉਲਝੇਵਿਆਂ ਦੇ ਬਾਵਜੂਦ ਸਾਹਿਤਕ ਸੇਵਾ ਦਾ ਬਹੁਤ ਵੱਡਾ ਕੰਮ ਕੀਤਾ ਹੈ। ਸੰਖਿਆ ਕੋਸ਼ ਪੁਸਤਕ ਬਹੁਤ ਵੱਡੀ ਜਖ਼ਾਮਤ ਵਿਚ ਤਿਆਰ ਕਰ ਦਿੱਤੀ ਹੈ ਜਿਸ ਦੇ ਦੋ ਭਾਗ ਹਨ। ਇਸ ਪੁਸਤਕ ਦੀ ਦੂਜੀ ਛਾਪ ਵਿਚ ‘ਮੁੱਢਲੇ ਸ਼ਬਦ’ ਸਿਰਲੇਖ ਹੇਠ ਗੁਰਭਜਨ ਗਿੱਲ ਨੇ ਲਿਖਿਆ ਹੈ:
ਸੰਖਿਆ ਕੋਸ਼ ਸਾਡੇ ਵਿਦਵਾਨ ਬਜ਼ੁਰਗ ਲਿਖਾਰੀ ਸ. ਗੁਰਬਖ਼ਸ਼ ਸਿੰਘ ਕੇਸਰੀ ਜੀ ਦੀ ਅਜਿਹੀ ਲਿਖਤ ਹੈ ਜਿਸ ਦੇ ਸਹਾਰੇ ਅਸੀਂ 1 ਤੋਂ 100 ਤੀਕ ਫੈਲੀ ਦਿ੍ਸ਼ਟੀ ਅੰਕੜਾ ਗਿਆਨ ਤੀਕ ਸਹਿਜ ਸੁਭਾਅ ਪਹੁੰਚ ਜਾਂਦੇ ਹਾਂ। ਭੂਤ, ਭਵਿੱਖ ਅਤੇ ਵਰਤਮਾਨ ਵਿਚ ਪੱਸਰੀ ਇਸ ਪੁਸਤਕ ਦੀ ਖ਼ੂਬਸੂਰਤੀ ਇਸ ਗੱਲ ਵਿਚ ਹੀ ਲੁਕੀ ਹੋਈ ਹੈ ਕਿ ਇਹ ਸਾਡੇ ਪੰਜਾਬ ਦੀ ਰਿਗਵੇਦ ਤੋਂ ਲੈ ਕੇ ਹੁਣ ਤਕ ਦੀ ਲਿਆਕਤ ਦੇ ਪ੍ਰਮਾਣੀਕ ਹਵਾਲਿਆਂ ਅਤੇ ਅੰਕੜਿਆਂ ਨੂੰ ਪਰਿਭਾਸ਼ਤ ਕਰਦੀ ਹੈ। ਜ਼ਿੰਦਗੀ ਦੀ ਬਹੁ-ਦਿਸ਼ਾਵੀ ਗਿਆਨ ਗੰਗਾ ਵਿਚੋਂ ਗੁਰਬਖ਼ਸ਼ ਸਿੰਘ ਕੇਸਰੀ ਨੇ ਸਾਡੇ ਸਾਹਮਣੇ ਉਹ ਗਿਆਨ ਪਰੋਸਿਆ ਹੈ ਜਿਸ ਦੀ ਸਦੀਆਂ ਤੋਂ ਵਿਕਸਤ ਹੋਈ ਵਿਕਾਸ ਰੇਖਾ ਬਾਰੇ ਅਸੀਂ ਲੋਕ ਅਨਜਾਣ ਹਾਂ। ਜੇ ਭਗਤੀ ਦਾ ਜ਼ਿਕਰ ਹੈ ਤਾਂ ਭਗਤੀ ਕਿੰਨੇ ਤਰ੍ਹਾਂ ਦੀ ਹੈ ਉਸਦਾ ਜ਼ਿਕਰ ਹੈ। ਜੇ ਯੁੱਗ ਦਾ ਜ਼ਿਕਰ ਹੈ ਤਾਂ ਯੁੱਗਾਂ ਦੀ ਗਿਣਤੀ ਸਮਝਾਈ ਹੈ। ਵੇਦਾਂ ਵਿਚ ਆਏ ਗਿਆਨ ਨੂੰ ਅੰਕੜਿਆਂ ਦੇ ਬਹਾਨੇ ਵਿਆਖਿਆਨਿਆ ਹੈ। ਜੇ ਗਿਆਨ ਇੰਦਰੀਆਂ ਦੀ ਗੱਲ ਤੁਰੀ ਹੈ ਤਾਂ ਪੰਜ ਗਿਆਨ ਇੰਦਰੀਆਂ ਦਾ ‘ ਸੰਪੂਰਨ ਜ਼ਿਕਰ ਹੈ। ਇਹ ਪੁਸਤਕ ਨਿਰੋਲ ਅੰਕੜੇ ਨਹੀਂ ਸਗੋਂ ਜੀਵਨ ਵਿਹਾਰ ਨਾਲ ਖਹਿ ਕੇ ਲੰਘਦੀ ਲਿਆਕਤ ਦਾ ਪ੍ਰਕਾਸ਼ ਹਨ।” ਇਸ ਪੁਸਤਕ ਦੇ ਅਰੰਭ ਵਿਚ ਦਿੱਤੀ ‘ਉਥਾਨਕਾ’ ਦੇ ਅੰਤਲੇ ਪੈਰ੍ਹੇ ਵਿਚ ਕੇਸਰੀ ਜੀ ਨੇ ਦੋ ਗ੍ਰੰਥਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਤੋਂ ਸਹਾਇਤਾ ਲਈ ਗਈ ਹੈ। ਲਿਖਿਆ ਹੈ:
“ਪੁਸਤਕ ਨੂੰ ਤਿਆਰ ਕਰਨ ਵਿਚ ਪੰਡਤ ਤਾਰਾ ਸਿੰਘ ਨਰੋਤਮ ਰਚਿਤ ਗੁਰ ਗਿਰਾਰਥ ਕੋਸ਼ ਤੇ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਤੋਂ ਲੇਖਕ ਨੂੰ ਅਥਾਹ ਸਹਾਇਤਾ ਮਿਲੀ ਹੈ। ਇਨ੍ਹਾਂ ਅਤੇ ਹੋਰ ਅਨੇਕਾ ਵਿਦਵਾਨਾਂ, ਗੁਣੀ ਗਿਆਨੀਆਂ, ਸਾਹਿੱਤਾਚਾਰਯਾਂ ਤੇ ਵਿੱਦਿਆ-ਭੂਸ਼ਨਾਂ ਦਾ, ਜਿਨ੍ਹਾਂ ਨੇ ਜੁਗਾਂ-ਜੁਗਾਂਤਰਾਂ ਵਿਚ ਵਿੱਦਿਆ ਦੀ ਜਯੋਤੀ ਨੂੰ ਜਗਦਾ ਰੱਖਿਆ, ਦਾਸ ਅਤਿ ਧੰਨਵਾਦੀ ਹੈ।”
ਕੇਸਰੀ ਜੀ ਦੇ ਇਹ ਸ਼ਬਦ ਉਨ੍ਹਾਂ ਦੀ ਸਚਿਆਈ, ਈਮਾਨਦਾਰੀ ਅਤੇ ਲੇਖਕ-ਧਰਮ ਨੂੰ ਪ੍ਰਕਾਸ਼ਮਾਨ ਕਰਦੇ ਹਨ।
ਇਸ ਪੁਸਤਕ ਦੀ ਤਿਆਰੀ ਨਾਲ ਜੁੜੀ ਆਪਣੀ ਇਕ ਯਾਦ ਕੇਸਰੀ ਜੀ ਦੇ ਦੋਹਤੇ ਰਣਜੋਧ ਸਿੰਘ ਗਿੱਲ ਨੇ ਲਿਖ ਕੇ ਦੱਸੀ ਹੈ। ਜਦੋਂ ਕੇਸਰੀ ਜੀ ਇਸ ਦੇ ਖਰੜੇ ਨੂੰ ਅੰਤਿਮ ਛੋਹਾਂ ਦੇ ਰਹੇ ਸਨ ਤਦ ਉਨ੍ਹਾਂ ਦੀਆਂ ਅੱਖਾਂ ਵਿਚ ਮੋਤੀਆ ਉਤਰ ਆਇਆ ਸੀ। ਰਣਜੋਧ ਸਿੰਘ ਗਿੱਲ ਅਨੁਸਾਰ:
“ਮੈਂ ਛੇਵੀਂ ਸੱਤਵੀਂ ‘ਚ ਪੜ੍ਹਦਾ ਸਾਂ। ਜੋ ਕੋਈ ਭੀ ਪੰਜਾਬੀ ਲਿਖ ਸਕਦਾ ਸੀ ਉਸ ਨੂੰ ਉਹ ਪਾਸ ਬਿਠਾ ਕੇ ਬੋਲ ਕੇ ਲਿਖਵਾ ਲੈਂਦੇ ਸਨ। ਇਕ ਦਿਨ ਉਨ੍ਹਾਂ ਨੇ ਮੈਨੂੰ ਵੀ ਬਿਠਾ ਲਿਆ। ‘ਅਠਾਰਾਂ ਸਹਿਸ’ ਦਾ ਗੁਰਬਾਣੀ ‘ਚੋਂ ਹਵਾਲਾ ਦੇਣਾ ਸੀ ਤੇ ਮੈਨੂੰ ਨਿੱਤਨੇਮ ਗੁਟਕਾ ਲਿਆਉਣ ਨੂੰ ਕਿਹਾ ਤੇ ਜਪੁਜੀ ਸਾਹਿਬ ਦੀ ਖ਼ਾਸ ਉਸ ਪਉੜੀ ਦਾ ਨੰਬਰ ਦੱਸਿਆ ਤੇ ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਹੂਬਹੂ ਲਿਖਣ ਨੂੰ ਕਿਹਾ ਤਾਕਿ ਲਗ-ਮਾਤਰ ਦਾ ਘਾਟਾ ਵਾਧਾ ਨਾ ਹੋ ਜਾਵੇ।”
ਸੱਚਮੁੱਚ ਇਹ ਪੁਸਤਕ ਕੇਸਰੀ ਜੀ ਦੀ ਲੰਮੀ ਸਾਧਨਾ, ਬੌਧਿਕ ਅਭਿਆਸ, ਭਾਸ਼ਾ ਸੰਜਮ ਅਤੇ ਖੋਜ ਬਿਰਤੀ ਦੀ ਲਖਾਇਕ ਹੈ। ਇਹ ਬੁਨਿਆਦੀ ਲਿਖਤ ਹੈ ਅਤੇ ਇਹ ਹਵਾਲਾ ਗ੍ਰੰਥਾਂ ਦੀ ਕੋਟੀ ਵਿਚ ਆਉਂਦੀ ਹੈ। ਉਦਾਹਰਣ ਵਜੋਂ ‘ਸੁਦਾਮਾ’ ਸ਼ਬਦ ਦੇ ਇੰਦਰਾਜ ਨੂੰ ਹੀ ਲੈ ਲਓ। ਕੇਸਰੀ ਜੀ ਲਿਖਦੇ ਹਨ ਕਿ ਦੋ ਸੁਦਾਮੇ ਹੋਏ ਹਨ। ਗੁਰੂ ਗ੍ਰੰਥ ਸਾਹਿਬ ਵਿਚ ਕਿਹੜੇ ਸੁਦਾਮੇ ਦੀ ਰਚਨਾ ਸ਼ਾਮਲ ਹੈ, ਇਸ ਬਾਰੇ ਵਿਸਥਾਰ ਵਿਚ ਲਿਖਿਆ ਹੈ:
“ਇਤਿਹਾਸ ਵਿਚ ਆਮ ਤੌਰ ‘ਤੇ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਦੁਜੇ ਸੁਰਦਾਸ ਜੀ ਦੀ ਬਾਣੀ ਦਰਜ ਹੈ, ਪਰ ਲੇਖਕ ਨੇ ਇਸ ਵਿਸ਼ੇ ਦੀ ਜੋ ਖੋਜ ਕੀਤੀ ਹੈ ਤਾਂ…।”
ਅੱਗੇ ਕੇਸਰੀ ਜੀ ਇਕ ਇਕ ਸ਼ਬਦ ਦੀ ਪੜਤਾਲ ਕਰ ਕੇ ਅੰਤ ਵਿਚ ਦੱਸਦੇ ਹਨ:
“ਗੁਰੂ ਗ੍ਰੰਥ ਸਾਹਿਬ ਦੀ ਅਤੇ ‘ਸੂਰ ਸਾਗਰ’ ਦੀ ਪਹਿਲੀ ਤੁਕ ਵਿਚ ‘ਛਾਡੋ’ ਤੇ ‘ਤਜੇ’ ਕੇਵਲ ਇਹ ਪਦ ਦਾ ਭੇਦ ਹੈ। ਜੇ ਇਸ ਪਾਠਾਂਤਰ ਨੂੰ ਛੱਡਿਆ ਜਾਵੇ ਤਾਂ ਇਸ ਤੁਕ ਦੇ ਨਾਲ ‘ਸੁਰ ਸਾਗਰ’ ਦਾ ਸਾਰਾ ਹੀ ਪਦਾ ਮਿਲਦਾ ਹੈ। ਪਦੇ ਦੇ ਤੁਕਾਂਤ ਤੇ ਸਿਧਾਂਤ ਐਨ ਪਹਿਲੀ ਤੁਕ ਦੇ ਅਨੁਸਾਰ ਹਨ, ਜਿਸ ਤੋਂ ਅਨੁਮਾਨ ਹੈ ਕਿ ਗੁਰੂ ਗ੍ਰੰਥ ਸਾਹਿਬ ਵਾਲੀ ਤੁਕ ਇਸੇ ਬਿਸ਼ਨਪਦੇ ਦੀ ਪਹਿਲੀ ਤੁਕ ਹ ਜੋ ਕਿ ‘ਸੂਰ ਸਾਗਰ’ ਵਿਚੋਂ ਹੈ। ‘ਸੂਰ ਸਾਗਰ’ ਪਹਿਲੇ ‘ਸੂਰਦਾਸ’ ਦੀ ਰਚਨਾ ਹੈ। ਇਤਿਹਾਸਕਾਰ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੂਜੇ ਸੂਰਦਾਸ ਦੀ ਹੈ। ਮੇਰੀ ਸਮਝ ਵਿਚ ਜੋ ਆਇਆ ਲਿਖ ਦਿੱਤਾ ਹੈ।”
7.1.8 ਸੱਤ ਸਾਦਿਕ ਬਾਰੇ
ਇਹ ਪੁਸਤਕ ਕੇਸਰੀ ਜੀ ਨੇ ਆਪਣੇ ਯਤਨਾਂ ਨਾਲ 1957 ਵਿਚ ਪਹਿਲੀ ਵਾਰੀ ਛਪਵਾਈ ਸੀ। ਉਸੇ ਸਾਲ ਇਹ ਸਕੂਲਾਂ ਅਤੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਲਈ ਪ੍ਰਵਾਨਿਤ ਹੋ ਗਈ ਸੀ। ਇਸ ਤੋਂ ਅਗਲੇ ਸਾਲ ਕੇਸਰੀ ਜੀ ਦਾ 77 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਈਸਵੀ ਸੰਨ 2013 ਵਿਚ ਇਸ ਪੁਸਤਕ ਦੀ ਪੁਨਰ ਪ੍ਰਕਾਸ਼ਨਾ ਹੋਈ ਹੈ। ਇਸ ਪੁਸਤਕ ਦੀ ਰਚਨਾ ਕਦੋਂ ਕੁ ਹੋਈ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਪੁਸਤਕ ਵਿਚ ਸੱਤ ਸਾਦਿਕਾਂ ਬਾਰੇ ਕਵਿਤਾ ਵਿਚ ਲਿਖਿਆ ਗਿਆ ਹੈ। ਇਹ ਸਾਦਿਕ ਹਨ: 1. ਹਾਕਿਮ ਰਾਇ ਬੁਲਾਰ, ਤਲਵੰਡੀ, 2. ਭਾਈ ਬਹਿਲੋ, 3. ਭਾਈ ਮਾਧੋ, 4. ਭਾਈ ਗੇਂਦਾ, 5. ਰੋਪੜੀਆ ਪੀਰ, 6. ਸਾਈਂ ਭੀਖਨ ਸ਼ਾਹ, 7. ਭਾਈ ਘਨੱਈਆ ਸਾਧ।
ਉਪਰੋਕਤ ਵਿੱਚੋਂ ‘ਰੋਪੜੀਆ ਪੀਰ’, ‘ਸ਼ਾਹ ਭੀਖ’ ਆਦਿ ਲਿਖਤਾਂ ਸਵਤੰਤਰ ਰੂਪ ਵਿਚ ਵੀ ਛਪੀਆਂ ਹਨ। ਇਸ ਤੋਂ ਅਨੁਮਾਨ ਹੁੰਦਾ ਹੈ ਕਿ ਇਸ ਪੁਸਤਕ ਵਿਚ ਸ਼ਾਮਿਲ ਕੇਸਰੀ ਜੀ ਦੀਆਂ ਲਿਖਤਾਂ ਪਹਿਲਾਂ ਵੱਖ-ਵੱਖ ਟੈਕਟਾਂ ਦੇ ਰੂਪ ਵਿਚ ਵੀ ਛਪੀਆਂ। ਇਸ ਪੁਸਤਕ ਦਾ ‘ਸਮਰਪਣ ਪੰਜਾਬ ਵਿਚ ਵਿੱਦਿਆ ਦਾ ਪ੍ਰਵਾਹ ਚਲਾਣ ਵਾਲੇ ਸ. ਬਲਦੇਵ ਸਿੰਘ ਜੀ ਨੂੰ’ ਹੈ।
ਅੱਗੇ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਹਨ ਜਿਹੜੀਆਂ ਸੱਤ ਸਾਦਿਕ ਪੁਸਤਕ ਦੀ ਭਾਵਨਾ ਨੂੰ ਪ੍ਰਗਟਾਉਂਦੀਆਂ ਹਨ :
ਜਿਨ੍ਹਾਂ ਦੇਸ਼ ਕੌਮ ਉੱਤੇ ਜਿੰਦ ਜਾਨ ਵਾਰ ਦਿੱਤੀ, ਤਨੋਂ ਮਨੋਂ ਪੂਰਦੇ ਨੇ ਹੋਰਾਂ ਦੀਆਂ ਜ਼ਰੂਰਤਾਂ।
ਬੰਦਿਆਂ ਚੋਂ ਬੰਦੇ ਹੈਨ ਕੋਈ ਕੋਈ ਖ਼ਾਸ ਹੁੰਦੇ,
ਅਰਸ਼ ਤੋਂ ਫ਼ਰਸ਼ ਆਉਣ ਕੋਈ ਕੋਈ ਸੂਰਤਾਂ।
ਪੌਣ ਪਾਣੀ ਵਾਂਗ ਉਹ ਅਲੋਪ ਹੋ ਵਿਚਰਦੇ ਨੇ,
ਭਾਵੇਂ ਕੋਈ ਬੰਦਾ ਰਖੇ ਕਿੰਨੀਆਂ ਕਦੂਰਤਾਂ।
ਦੇਖ ਕੇ ਫ਼ਰਸ਼ ਪਿਆਰੇ ਪਾਠਕ ਜੀ ਠਾਰ ਅੱਖੀਂ, ਇੰਨ ਬਿੰਨ ਸਾਹਮਣੇ ਔਹ, ਏਹੀ ਹੈਨ ਮੂਰਤਾਂ।
(ਗੁਰਬਖ਼ਸ਼ ਸਿੰਘ ‘ਕੇਸਰੀ’)
ਇਸ ਪੁਸਤਕ ਦੀ ਜਾਣ-ਪਛਾਣ ਜੋ ਅੱਗੇ ਦਿੱਤੀ ਹੈ, ਪਿਆਰ ਸਿੰਘ, ਜਨਰਲ ਸਕੱਤ੍ਰ, ਪੰਜਾਬੀ ਸਾਹਿੱਤ ਅਕਾਡਮੀ ਨੇ 7.10.57 ਨੂੰ ਲਿਖੀ। ਇਸ ਦੀ ਮਹੱਤਤਾ ਕਾਰਨ ਅਸੀਂ ਇਸ ਨੂੰ ਇੱਥੇ ਜਿਉਂ ਦੀ ਤਿਉਂ ਦੇਣੀ ਉਚਿਤ ਸਮਝਦੇ ਹਾਂ :
“ਸ: ਗੁਰਬਖ਼ਸ਼ ਸਿੰਘ ‘ਕੇਸਰੀ’ ਪੰਜਾਬੀ ਸਾਹਿੱਤ-ਕਾਰਾਂ ਦੀ ਉਸ ਪੀੜ੍ਹੀ ਨਾਲ ਸੰਬੰਧ ਰਖਦੇ ਹਨ ਜਿਨ੍ਹਾਂ ਨੂੰ ਪੰਜਾਬੀ ਸਾਹਿੱਤ ਦੇ ਇਤਿਹਾਸ ਵਿਚ ਸਿੰਘ ਸਭਾ ਲਹਿਰ ਦੀ ਉਪਜ ਕਿਹਾ ਜਾਂਦਾ ਹੈ। ਇਸ ਵਕਤ ਆਪ ਆਪਣੀ ਆਯੂ ਦੇ 76ਵੇਂ ਵਰ੍ਹੇ ਵਿਚ ਹਨ। ਤੇ ਇੰਜ ਆਪ ਜੀ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ, ਲਾਲਾ ਧਨੀ ਰਾਮ ਚਾਤ੍ਰਿਕ, ਗਿਆਨੀ ਹੀਰਾ ਸਿੰਘ ‘ਦਰਦ’ ਤੇ ਭਾਈ ਸਾਹਿਬ ਭਾਈ ਜੋਧ ਸਿੰਘ ਜੀ, ਸ.ਬ. ਭਾਈ ਕਾਨ੍ਹ ਸਿੰਘ ਨਾਭਾ ਤੇ ਗਿਆਨੀ ਗਿਆਨ ਸਿੰਘ ਦਾ ਸਮਕਾਲੀ ਹੋਣ ਦਾ ਮਾਣ ਪ੍ਰਾਪਤ ਹੈ ਤੇ ਪੰਜਾਬੀ ਧਰਮ ਤੇ ਸਾਹਿੱਤ ਦੇ ਖੇਤਰ ਵਿਚ ਕੰਮ ਵੀ ਆਪ ਨੇ ਇਹੋ ਕੀਤਾ ਹੈ ਜੋ ਉਪ੍ਰੋਕਤ ਲਿਖੀਆਂ ਮਾਣਯੋਗ ਹਸਤੀਆਂ ਨੇ। ਇਸ ਵਕਤ ਆਪ ਡੇਢ ਦੋ ਦਰਜਨ ਦੇ ਕਰੀਬ ਮੌਲਕ ਤੇ ਅਨੁਵਾਦਿਤ ਪੁਸਤਕਾਂ ਦੇ ਕਰਤਾ ਹਨ, ਜਿਨਾਂ ਵਿਚੋਂ ਦਰਜਨ ਕੁ ਦੇ ਕਰੀਬ ਛਪ ਵੀ ਚੁਕੀਆਂ ਹਨ। ਪਰ ਇਨ੍ਹਾਂ ਦੀ ਯੋਗ ਮਸ਼ਹੂਰੀ ਨਾ ਹੋਣ ਦੇ ਕਾਰਨ ਪੰਜਾਬੀ ਸਾਹਿੱਤ ਦੇ ਰਸੀਏ ਆਪ ਜੀ ਦੀਆਂ ਕਿਰਤਾਂ ਤੋਂ ਸੁਆਦ ਮਾਣਨ ਤੋਂ ਵੰਚਤ ਹਨ। ਇਸ ਵਿਚ ਦੋਸ਼ ‘ਕੇਸਰੀ’ ਜੀ ਦਾ ਨਹੀਂ, ਪੰਜਾਬੀ ਪਾਠਕਾਂ ਦਾ ਹੈ ਤੇ ਜਾਂ ਫਿਰ ਉਨ੍ਹਾਂ ਦੀਆਂ ਜੀਵਨ ਪਰਸਥਿਤੀਆਂ ਦਾ।
‘ਕੇਸਰੀ’ ਜੀ ਖਰੜ ਤਹਿਸੀਲ, ਜ਼ਿਲਾ ਅੰਬਾਲੇ ਦੇ ਇਕ ਛੋਟੇ ਜਿਹੇ ਪਿੰਡ ਹਸਨਪੁਰ ਦੇ ਜੰਮਪਲ ਹਨ। ਅਜਿਹੇ ਦੁਰੇਡੇ ਥਾਂ ਤੇ ਆਪ ਜੀ ਨੂੰ ਸਿੱਖਿਆ ਪ੍ਰਾਪਤੀ ਦੇ ਕੀ ਸਾਧਨ ਹੋ ਸਕਦੇ ਸਨ ? ਪਰ ਚੰਗੇ ਭਾਗਾਂ ਨੂੰ ਘਰ ਵਿਚ ਵਿੱਦਿਆ ਦਾ ਵਾਹ ਚਲ ਰਿਹਾ ਸੀ। ਆਪ ਜੀ ਦੇ ਦਾਦਾ ਸੰਸਕ੍ਰਿਤ ਤੇ ਫ਼ਾਰਸੀ ਦੇ ਵਿਦਵਾਨ ਤੇ ਸਾਹਿਤ ਰਸੀਏ ਸਨ। ਪਿਤਾ ਨੂੰ ਵੀ ਸਾਹਿਤ ਦਾ ਸ਼ੌਕ ਸੀ। ਇਸ ਤਰ੍ਹਾਂ ਕੇਸਰੀ ਜੀ ਨੂੰ ਲੁੜੀਂਦੀ ਸਿੱਖਿਆ ਵਿਰਸੇ ਵਿਚ ਹੀ ਪ੍ਰਾਪਤ ਹੋਈ। ਸੰਸਕ੍ਰਿਤ ਵੀ ਸਿੱਖੀ ਤੇ ਫ਼ਾਰਸੀ ਵੀ। ਨਾਲ ਹੀ ਕੁਝ ਪਿੰਗਲ ਦਾ ਅਭਿਆਸ ਹੋਇਆ, ਜਿਸ ਕਾਰਨ ਇਨ੍ਹਾਂ ਦੇ ਅੰਦਰ ਕਵਿਤਾ ਦਾ ਸੋਮਾ ਫੁਟ ਨਿਕਲਿਆ। ਇਸ ਸੋਮੇ ਨੇ ਕਈ ਨਿੱਕੀਆਂ ਵੱਡੀਆਂ ਕਿਆਰੀਆਂ ਸਿੰਜੀਆਂ ਹਨ, ਜਿਨ੍ਹਾਂ ਵਿਚੋਂ ‘ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ’, ‘ਸਭਯਤਾ ਸਾਗਰ’, ‘ਵਿਗਿਆਨਕ ਲੇਖ’, ‘ਸਾਹਿਤ ਸਾਗਰ’, ‘ਸੰਖਿਆ ਕੋਸ਼’, ‘ਕੇਸਰੀ ਝਲਕਾਂ’, ‘ਗੁਰਮਤ ਸਿਧਾਂਤ’, ‘ਭੁੱਲੜ ਜੱਟ’, ‘ਅਨੂਪਮ ਕਲਗ਼ੀ’ ਵਿਸ਼ੇਸ਼ ਵਰਣਨ-ਯੋਗ ਹਨ। ਅਨੁਵਾਦਾਂ ਵਿਚੋਂ ‘ਸ੍ਰੀ ਮਦ ਭਗਵਤ ਗੀਤਾ’, ‘ਚਾਨਕੀਆ ਰਾਜਨੀਤੀ’, ‘ਵਰਿੰਦ ਸਤਸਈ’ ਤੇ ‘ਧੂਰਤ ਕਹਾਣੀਆਂ’, ਆਪ ਦੀ ਕਲਮ ਛੁਹ ਪ੍ਰਾਪਤ ਕਰ ਕੇ ਪੰਜਾਬੀ ਸਾਹਿਤ ਦਾ ਸ਼ਿੰਗਾਰ ਬਣ ਚੁੱਕੀਆਂ ਹਨ।
‘ਕੇਸਰੀ’ ਜੀ ਉਨ੍ਹਾਂ ਵਿਅਕਤੀਆਂ ਵਿੱਚੋਂ ਹਨ, ਜਿਹੜੇ ਸ਼ੌਕ ਨੂੰ ਕੰਮ ਕਰਦੇ ਹਨ। ਇਸ ਸ਼ੌਕ ਸਦਕਾ ਆਪ ਕੰਮ ਕਰਕੇ ਚਲੇ ਗਏ ਹਨ ਤੇ ਇਹ ਕਦੀ ਵਿਚਾਰ ਨਹੀਂ ਕੀਤਾ ਕਿ ਉਨ੍ਹਾਂ ਦੀ ਕਿਰਤ ਪੁਸਤਕ ਦਾ ਰੂਪ ਧਾਰ ਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚਦੀ ਵੀ ਹੈ ਜਾਂ ਨਹੀਂ। ਸਿੱਟਾ ਇਹ ਹੈ ਕਿ ਬਹੁਤ ਸਾਰੀਆਂ ਕਿਰਤਾਂ ਅਣਛਪੀਆਂ ਪਈਆਂ ਹਨ। ਹੁਣ ਕੁਝ ਮਿੱਤਰਾਂ ਦੇ ਮਜਬੂਰ ਕਰਨ ਤੇ ਆਪ ਜੀ ਨੇ ਇਸ ਪਾਸੇ ਧਿਆਨ ਦਿੱਤਾ ਹੈ। ਇਸ ਵਕਤ ਆਪ ਜੀ ਦੀ ਰਚਨਾ ‘ਭਗਵਤ ਗੀਤਾ’ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਵਲੋਂ ਛਾਪੇ ਜਾਣ ਦਾ ਸੰਕਲਪ ਬਣ ਰਿਹਾ ਹੈ। ਕੁਝ ਆਪ ਜੀ ਨੇ ਆਪਣੇ ਉਤਸ਼ਾਹ ਨਾਲ ਛਪਾਉਣ ਦਾ ਉੱਦਮ ਕੀਤਾ ਹੈ। ਇਸ ਸਿਲਸਿਲੇ ਵਿਚ ਹਥਲੀ ਕਿਤਾਬ ‘ਸੱਤ ਸਾਦਿਕ’ ਪਹਿਲੀ ਪੁਸਤਕ ਹੈ।
‘ਸੱਤ ਸਾਦਿਕ’ ਗੁਰੂ-ਘਰ ਦੇ ਸੱਤ ਸ਼ਰਧਾਲੂਆਂ ਦੀਆਂ ਜੀਵਨੀਆਂ ਦਾ ਸੰਗ੍ਰਹ ਹੈ। ‘ਸਾਦਿਕ’ ਇਕ ਅਰਬੀ ਸ਼ਬਦ ਹੈ ਜਿਸ ਦੇ ਅਰਥ ਸਿਦਕ ਰਖਣ ਵਾਲਾ, ਸਚਿਆਈ ਉੱਤੇ ਈਮਾਨ ਲਿਆਉਣ ਵਾਲਾ ਹਨ। ਧਰਮ ਦੇ ਪੰਧ ਵਿਚ ਸਿਦਕ, ਵਿਸ਼ਵਾਸ, ਈਮਾਨ ਦੀ ਜੋ ਮਹੱਤਾ ਹੈ ਉਹ ਕਥਨ ਤੋਂ ਬਾਹਿਰ ਹੈ। ਈਮਾਨ ਆਉਣ ਵਾਲੇ ਦਾ ਦਰਜਾ ਗੁਰੂ ਤੇ ਉਸ ਦੇ ਸਿੱਖਾਂ ਦੀ ਨਜ਼ਰ ਵਿਚ ਬਹੁਤ ਹੈ ਤੇ ਆਪ ਪ੍ਰਭੂ, ਈਸ਼ਵਰ ਹੈ। ਖ਼ੁਦਾ ਦੀ ਉਸ ਉੱਤੇ ਮਿਹਰ ਮੰਨੀ ਜਾਂਦੀ ਪ੍ਰੇਮਾ ਭਗਤੀ ਦਰਅਸਲ ਹੈ ਹੀ ਸਿਦਕ ਤੇ ਵਿਸ਼ਵਾਸ ਦੀ ਖੇਡ। ਜੋ ਇਸ 3 ਵਿਚ ਪੁਗ ਗਿਆ ਉਹ ਪ੍ਰੇਮਾ ਮਾਰਗ ਦਾ ਪਾਂਧੀ ਬਣ ਗਿਆ ਤੇ ਉਸ ਲਈ ਮਾਰਥ ਦੇ ਸਭ ਦਰਵਾਜ਼ੇ ਖੁਲ੍ਹ ਗਏ। ਪਰਮਾਰਥ ਨੂੰ ਛੱਡ ਸੰਸਾਰਕ ਕਾਰ-ਵਿਹਾਰ ਵੀ ਇਸ ਸਿਦਕ ਤੋਂ ਬਿਨਾਂ ਨਹੀਂ ਚਲਦਾ। ਸਿਦਕ ਰਾਹੀਂ ਹੀ ਮਨੁੱਖ ਤੇ ਸਮਾਜ ਦੀ ਉੱਨਤੀ ਹੈ। ਭਾਵੇਂ ਉਹ ਸਿਦਕ ਆਗੂ, ਲੀਡਰ ਜਾਂ ਕਿਸੇ ਵਿਅਕਤੀ ਵਿਚ ਹੀ ਕਿਉਂ ਨਾ ਹੋਵੇ।
ਇਸ ਕਿਤਾਬ ਵਿਚ ਆਈਆਂ ਸੱਤ ਵਿਅਕਤੀਆਂ ਦੀ ਜੀਵਨ-ਕਥਾ ਮਨੁੱਖ ਲਈ ਨਾ ਕੇਵਲ ਪਰਮਾਰਥ ਸਗੋਂ ਵਿਵਹਾਰਕ ਜੀਵਨ ਵਿਚ ਵੀ ਸੁੰਦਰ ਆਦਰਸ਼ ਪੇਸ਼ ਕਰਦੀਆਂ ਹਨ। ਇਹ ਆਦਰਸ਼ ਹਨ ਸੇਵਾ ਤੇ ਸਿਮਰਣ ਦੇ। ਸੇਵਾ ਮਨੁੱਖ ਅੰਦਰ ਜ਼ਬਤ ਪੈਦਾ ਕਰਦੀ ਹੈ ਅਤੇ ਮਨੁਖੀ ਆਚਰਣ ਨੂੰ ਉਘਾੜਦੀ ਹੈ ਤੇ ਸਿਮਰਣ, ਧੁਨ ਤੇ ਚੇਟਕ ਦਾ ਲਖਾਇਕ ਹੈ। ਇਹ ਉਹ ਗੁਣ ਹੈ, ਜਿਸ ਦੀ ਪ੍ਰਾਪਤੀ ਕਰਕੇ ਮਨੁਖ ਵਿਚ ਅਤਿਅੰਤ ਬਲ ਆ ਜਾਂਦਾ ਹੈ, ਤੇ ਸਭ ਪ੍ਰਕਾਰ ਦੀ ਸਿੱਧੀ ਸਹਿਲ ਹੋ ਜਾਂਦੀ ਹੈ। ਇਸ ਸੇਵਾ ਦੇ ਜੋ ਸੁੰਦਰ ਨਮੂਨੇ ਇਸ ਪੁਸਤਕ ਵਿਚ ਭਾਈ ਘਨੱਈਆ ਜੀ ਤੇ ਦੂਜੇ ਸਿੱਖ ਸੇਵਕਾਂ ਰਾਹੀਂ ਪੇਸ਼ ਕੀਤੇ ਗਏ ਹਨ, ਉਨ੍ਹਾਂ ਦੀ ਸਾਰਥਕਤਾ ‘ਤੇ ਕਿੰਤੂ ਨਹੀਂ ਕੀਤਾ ਜਾ ਸਕਦਾ। ਇਹ ਜੀਵਨੀਆਂ ਰੁੱਖੇ ਜੀਵਨ ਤੇ ਸਮਾਜ ਦੀਆਂ ਰੜਕਾਂ ਨੂੰ ਦੂਰ ਕਰਨ ਦੀ ਸਮਰਥਾ ਰਖਦੀਆਂ ਹਨ।
‘ਕੇਸਰੀ’ ਜੀ ਨੇ ਇਹ ਸਾਰੇ ਬਿਰਤਾਂਤ ਕਵਿਤਾ ਵਿਚ ਕਹੇ ਹਨ— ਅਜਿਹੀ ਕਵਿਤਾ ਵਿਚ ਜੋ ਸਮਝਣ ਨੂੰ ਸੌਖੀ, ਪੜ੍ਹਨ ਨੂੰ ਮਿੱਠੀ ਤੇ ਸੁਆਦ ਮਾਣਨ ਨੂੰ ਰਸਦਾਇਕ ਹੈ। ਇਸ ਵਿਚ ਵਾਧਾ ਇਹ ਕੀਤਾ ਹੈ ਕਿ ਥਾਂ ਥਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ‘ਗੁਰਪ੍ਤਾਪ ਸੂਰਜ ਗ੍ਰੰਥ’ ਵਿਚੋਂ ਲੰਮੀਆਂ ਟੂਕਾਂ ਵੀ ਦਿੱਤੀਆਂ ਹਨ। ਤਾਂ ਜੁ ਪਾਠਕ ਉਸ ਪੁਰਾਣੇ ਮਾਖਿਓਂ ਦਾ ਸੁਆਦ ਚੱਖ ਸਕਣ। ਇਸ ਤਰ੍ਹਾਂ ਪਰਸੰਗ ਦਾ ਰਸ ਵਧ ਗਿਆ ਹੈ ਤੇ ਲਿਖਤ ਚੰਗੀ ਪ੍ਰਭਾਵਸ਼ਾਲੀ ਬਣ ਗਈ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਇਹ ਪੁਸਤਕ ਪੰਜਾਬੀ ਬੱਚਿਆਂ ਨੂੰ ਪੜ੍ਹਨੀ ਚਾਹੀਦੀ ਹੈ ਅਤੇ ਇਸ ਵਿਚ ਆਏ ਉਪਦੇਸ਼ਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ। ਨਾ ਸਿਰਫ਼ ਬੱਚਿਆਂ ਨੂੰ ਹੀ, ਸਗੋਂ ਵਡੇਰੇ ਇਸਤਰੀ ਪੁਰਖਾਂ ਨੂੰ ਵੀ ਇਸ ਦਾ ਪਾਠ ਗੁਣਕਾਰੀ ਹੈ।
ਪਿਆਰ ਸਿੰਘ ਜਨਰਲ ਸਕੱਤ੍ ਪੰਜਾਬੀ ਸਾਹਿੱਤ ਅਕਾਡਮੀ
7.1.9 ਕੇਸਰ ਪਟਾਰੀ ਬਾਰੇ
ਖ਼ਾਲਸਾ ਪਾਰਲੀਮੈਂਟ ਗਜ਼ਟ ਦੇ ਅੰਕ 483 ਖਾ: ਵਿਚ ਛਪੇ ਸ਼ਮਸ਼ੇਰ ਸਿੰਘ ਅਸ਼ੋਕ ਜੀ ਦੇ ਲੇਖ ਵਿਚ ਇਹ ਸੂਚਨਾ ਵੀ ਹੈ ਕਿ ਵਿੰਦ ਸਤਸੱਈ ਦਾ ਪੰਜਾਬੀ ਅਨੁਵਾਦ ਜਿਸ (ਪੁਸਤਕ ਵਿਚ ਹੈ-ਸੰ.) ਦਾ ਹੁਣ ਨਾਮ ਕੇਸਰ ਪਟਾਰੀ ਹੈ। ਕੇਸਰੀ ਜੀ ਨੇ ਵੀ ਆਪਣੀ ਪੁਸਤਕ ਸੰਖਿਆ ਕੋਸ਼ ਦੀ ਉਥਾਨਕਾ ਵਿਚ ਲਿਖਿਆ ਹੈ: “ਵਿੰਦ ਸੱਤਸਈ …ਦਾ ਅਨੁਵਾਦ ਲੇਖਕ ਨੇ ਕੇਸਰ ਪਟਾਰੀ ਨਾਮ ਰੱਖ ਕੇ ਕੀਤਾ ਹੈ।” ਇਹ ਪੁਸਤਕ ਸਾਨੂੰ ਵੇਖਣ ਨੂੰ ਨਹੀਂ ਮਿਲੀ। ਇਸ ਲਈ, ਇਸ ਬਾਰੇ ਕੋਈ ਟਿੱਪਣੀ ਦੇਣੀ ਸੰਭਵ ਨਹੀਂ ਹੈ।
7.1.10 ਕੇਸਰੀ ਕਟਾਰ ਬਾਰੇ
ਸ਼ਮਸ਼ੇਰ ਸਿੰਘ ਅਸ਼ੋਕ ਦੇ ਅਨੁਸਾਰ : ਅਨੂਪਮ ਕਲਗੀ, ਕਲਮ ਤਲਵਾਰ, ਸੁਭਾਗੀ ਨੀਂਦਰ ਆਦਿਕ ਟ੍ਰੈਕਟ ਸਨ ਓਹ ਕੇਸਰੀ ਕਟਾਰ ਵਿਚ ਸ਼ਾਮਿਲ ਕਰ ਦਿੱਤੇ ਹਨ ਤੇ ਕੇਸਰੀ ਕਟਾਰ ਤਮਾਮ ਕਵਿਤਾ ਦੀ ਜ਼ਖੀਮ ਪੁਸਤਕ ਬਣ ਗਈ ਹੈ। ਅਨੂਪਮ ਕਲਗ਼ੀ, ਕਲਮ ਤਲਵਾਰ ਰਚਨਾਵਾਂ ਤਾਂ ਸਾਨੂੰ ਮਿਲ ਸਕੀਆਂ ਹਨ ਪਰ ਇਹ ਪੁਸਤਕ ਸਾਨੂੰ ਕਿਤੋਂ ਵੀ ਨਹੀਂ ਮਿਲ ਸਕੀ ਅਤੇ ਨਾ ਹੀ ਸੁਭਾਗੀ ਨੀਂਦਰ ਕਿਤੋਂ ਮਿਲ ਸਕੀ ਹੈ।
[ ਨੋਟ : ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਕੇਸਰੀ ਜੀ ਦਾ ਤਖ਼ੱਲੁਸ ਪਹਿਲਾਂ ‘ਕੇਸਰ’ ਹੁੰਦਾ ਸੀ। ਕਰਤਾਰ ਸਿੰਘ ਦਾਖਾ ਦੇ ਸੁਝਾਅ ਉੱਤੇ ਉਨ੍ਹਾਂ ਨੇ ‘ਕੇਸਰੀ’ ਤਖ਼ੱਲਸ ਰੱਖ ਲਿਆ ਸੀ। ਇਸ ਤੋਂ ਅਨੁਮਾਨ ਹੈ ਕਿ ਇਸ ਉਪਨਾਮ ਦੀ ਬਦਲੀ ਤੋਂ ਪਿੱਛੋਂ ਹੀ ਇਹ ਪੁਸਤਕ ਤਿਆਰ ਹੋਈ ਸੀ।]
7.1.11 ਸ਼ਾਹ ਭੀਖ ਬਾਰੇ
ਮਾਂਡਲੇ ਤੋਂ ਛਪਦੇ ਮੈਗਜ਼ੀਨ ਚੰਦਨ ਦੇ ਸਤੰਬਰ 1940 ਦੇ ਅੰਕ ਵਿਚ ਪੂਰੇ ਪੰਨੇ ਦਾ ਇਕ ਇਸ਼ਤਿਹਾਰ ਛਪਿਆ। ਇਸ ਦਾ ਸਿਰਲੇਖ ਹੈ ‘ਕੌਮਾਂ ਦੀ ਜ਼ਿੰਦਗੀ ਕੌਣ ਪਲਟਦੀਆਂ ਹਨ ?’ ਅੱਗੇ ਉੱਤਰ ਵਜੋਂ ਲਿਖਿਆ ਹੈ : ‘ਚੰਗੀਆਂ ਪੁਸਤਕਾਂ’। ਫਿਰ 19 ਪੁਸਤਕਾਂ ਦੀ ਸੂਚੀ ਦਿੱਤੀ ਹੋਈ ਹੈ। ਇਸ ਸੂਚੀ ਵਿਚ ਇਸ ਪੁਸਤਕ ਦਾ ਨਾਂ ਨੰਬਰ 10 ਉੱਤੇ ਛਪਿਆ ਹੈ : ਸ਼ਾਹ ਭੀਖ ਕ੍ਰਿਤ ਸ : ਗੁਰਬਖ਼ਸ਼ ਸਿੰਘ ‘ਕੇਸਰੀ’। ਕੇਸਰੀ ਜੀ ਨੇ ਸੱਤ ਸਾਦਿਕ ਪੁਸਤਕ ਵਿਚ ਸ਼ਾਮਿਲ ‘ਸਾਈਂ ਭੀਖਨ ਸ਼ਾਹ’ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ “ਸਾਈਂ ਜੀ ਦੇ ਨਾਮ ਸ਼ਾਹ ਭੀਖ, ਸਾਈਂ ਭੀਖਨ, ਸ਼ਾਹ ਆਦਿਕ ਮਸ਼ਹੂਰ ਹਨ।” ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ‘ਭੀਖਣ ਸ਼ਾਹ’ ਅਤੇ ‘ਸ਼ਾਹ ਭੀਖ’ ਦੋ ਅੱਡ ਨਾਂ ਨਹੀਂ ਹਨ, ਬਲਕਿ ਇਕ ਹੀ ਹਨ। ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਕੇਸਰੀ ਜੀ ਦੀ ਇਹ ਰਚਨਾ 1940 ਤੋਂ ਪਹਿਲਾਂ ਦੀ ਹੈ। ਦੂਜਾ ਇਹ ਪੁਸਤਕ ਚੰਗੀਆਂ ਪੁਸਤਕਾਂ ਵਿਚ ਸ਼ੁਮਾਰ ਹੋਈ ਹੈ ਪਰ ਇਹ ਸਾਨੂੰ ਵੇਖਣ ਨੂੰ ਨਹੀਂ ਮਿਲ ਸਕੀ।
7.1.12 ਸਭ੍ਯਤਾ ਸਾਗਰ ਬਾਰੇ
ਸ਼ਮਸ਼ੇਰ ਸਿੰਘ ਅਸ਼ੋਕ ਦੇ ਖ਼ਾਲਸਾ ਪਾਰਲੀਮੈਂਟ ਗਜ਼ਟ ਦੇ ਅੰਕ 483 ਖਾ: ਵਿਚ ਛਪੇ ਮਜ਼ਮੂਨ ਅਨੁਸਾਰ “ਇਕ ਹੋਰ ਪੁਸਤਕ ਸਭ੍ਯਤਾ ਸਾਗਰ ਨਾਮ ਦੀ ਤਿਆਰ ਹੋ ਚੁੱਕੀ ਹੈ ਜਿਸ ਵਿਚ ਉੱਤਮ 2 ਵਿਸ਼ਿਆਂ ਪਰ ਲਗ ਪਗ 100 ਲੇਖ ਹਨ।” ਅਜਮੇਰ ਸਿੰਘ ਐਮ.ਏ. ਨੇ ਸੰਖਿਆ ਕੋਸ਼ ਦੇ ਅਰੰਭ ਵਿਚ ਇਸ ਪੁਸਤਕ ਬਾਰੇ ਲਿਖਿਆ ਹੈ, “ਸੱਭ੍ਯਤਾ ਸਾਗਰ ਵਿਚ ਵੱਖੋ-ਵੱਖ ਵਿਸ਼ਿਆਂ ਉੱਪਰ 100 ਲੇਖ ਹਨ, ਅਣਪ੍ਰਕਾਸ਼ਿਤ ਪਈ ਹੈ।”
ਇਸ ਪੁਸਤਕ ਦੇ ਛਪੇ ਹੋਣ ਦੀ ਕੋਈ ਸੂਚਨਾ ਸਾਨੂੰ ਪ੍ਰਾਪਤ ਨਹੀਂ ਹੋਈ।
7.1.13 ਧੂਰਤ ਕਹਾਣੀਆਂ ਬਾਰੇ
ਡਾ. ਤੇਜਵੰਤ ਮਾਨ ਨੇ ਪੰਚ ਖ਼ਾਲਸਾ ਦੀਵਾਨ ਦੀ ਪੰਜਾਬੀ ਸਾਹਿੱਤ ਨੂੰ ਦੇਣ ਪੁਸਤਕ ਵਿਚ ਕੇਸਰੀ ਜੀ ਦੀ ਇਸ ਰਚਨਾ ਨੂੰ ਕਹਾਣੀਆਂ ਦੇ ਵਰਗ ਵਿਚ ਰੱਖਿਆ ਹੈ। ਨਾਲ ਹੀ ਇਸ ਦਾ ਈਸਵੀ ਸੰਨ 1912 ਲਿਖਿਆ ਹੈ। ਇਹ ਪੁਸਤਕ ਵੀ ਕਿਤੇ ਵੇਖਣ ਨੂੰ ਨਹੀਂ ਮਿਲੀ। ਡਾ. ਪਿਆਰ ਸਿੰਘ ਨੇ ਸੱਤ ਸਾਦਿਕ ਦੇ ਅਰੰਭ ਵਿਚ ਦਿੱਤੀ ‘ਜਾਣ-ਪਛਾਣ’ ਵਿਚ ਇਸ ਨੂੰ ਕੇਸਰੀ ਜੀ ਦਵਾਰਾ ਅਨੁਵਾਦ ਕੀਤੀਆਂ ਪੁਸਤਕਾਂ ਦੀ ਸ਼੍ਰੇਣੀ ਵਿਚ ਰੱਖਿਆ ਹੈ।
7.1.14 ਸ੍ਰੀ ਮਦ ਭਗਵਤ ਗੀਤਾ ਬਾਰੇ
ਇਹ ਪੁਸਤਕ ਸ੍ਰੀ ਮਦ ਭਗਵਤ ਗੀਤਾ ਦਾ ਪੰਜਾਬੀ ਕਵਿਤਾ ਵਿਚ ਅਨੁਵਾਦ ਹੈ।
ਖ਼ਾਲਸਾ ਪਾਰਲੀਮੈਂਟ ਗਜ਼ਟ ਦੇ ਦਸੰਬਰ-ਜਨਵਰੀ 1951-52 ਅੰਕ ਵਿਚ ਕੇਸਰੀ ਜੀ ਦਾ ਇਕ ਲੇਖ ‘ਖ਼ਾਲਸਾ ਜੀ, ਨਿਤਨੇਮ ਕੀਤਾ ਕਰੋ’ ਛਪਿਆ। ਇਸ ਵਿਚ ਉਨ੍ਹਾਂ ਨੇ ਗੀਤਾ ਦੇ ਇਕ ਸ਼ਲੋਕ ਨੂੰ ਮੂਲ ਰੂਪ ਵਿਚ ਦੇ ਕੇ ਉਸ ਦਾ ਪੰਜਾਬੀ ਕਵਿਤਾ ਵਿਚ ਅਨੁਵਾਦ ਦਿੱਤਾ ਹੈ। ਉਪਰੰਤ ਵਾਰਤਕ ਵਿਚ ਵਿਆਖਿਆ ਵੀ ਕੀਤੀ ਹੈ :
ਦੇਖੋ ਮਹਾਂ ਭਾਰਤ ਦੇ ਜੁਧ ਵਿਚ ਅਰਜੁਨ ਨੂੰ ਜੁਧ ਵਲੋਂ ਥਿੜਕਦਾ ਦੇਖ ਕੇ ਸ਼੍ਰੀ ਕ੍ਰਿਸ਼ਣ ਜੀ ਨੇ ਕਰਮ ਜੋਗ ਦਾ ਕੀ ਸੋਹਣਾ ਉਪਦੇਸ਼ ਦਿੱਤਾ ਹੈ:
ਨਾ ਕਰਮਣਾ ਮਨਾ ਰੰਭਾਨ ਨੈਖ ਕਰਮਯ ਪੁਰਖੋ ਅਸ਼ੁਨਤੇ। ਨਚ ਸੰਨਯਾਸ ਨ ਦੇਵ ਸਿਧਿੰ ਸਮਧਿ ਗਛਤਿ।
(ਗੀਤਾ ਅਧਯਾਯ 3, ਸਲੋਕ 4)
ਇਸ ਸਲੋਕ ਦਾ ਅਨੁਵਾਦ ਇਸ ਪ੍ਰਕਾਰ ਹੈ :
ਬਿਨਾਂ ਕਰਮ ਕੀਤੇ ਪੁਰਖ, ਗਿਆਨ ਨਾ ਪਾਵੇ ਕੋਇ।
ਬਿਨ ਕੀਤੇ ਸੰਨਯਾਸ ਦੇ, ਮੁਕਤ ਕਦੇ ਨਾ ਹੋਇ।
ਉਪਰੋਕਤ ਤੋਂ ਇਹ ਤਾਂ ਪ੍ਰਮਾਣਿਤ ਹੁੰਦਾ ਹੈ ਕਿ ਸ੍ਰੀ ਮਦ ਭਗਵਤ ਗੀਤਾ ਦਾ ਪੰਜਾਬੀ ਕਵਿਤਾ ਵਿਚ ਅਨੁਵਾਦ ਕੇਸਰੀ ਜੀ ਨੇ ਕੀਤਾ ਸੀ। ਅਜਮੇਰ ਸਿੰਘ ਐਮ.ਏ. ਨੇ ਸੰਖਿਆ ਕੋਸ਼ ਦੇ ਅਰੰਭ ਵਿਚ ਇਸ ਨੂੰ ਅਣਛਪੀ ਪੁਸਤਕ ਦੱਸਿਆ ਹੈ। ਪਿਆਰ ਸਿੰਘ, ਤਤਕਾਲੀ ਜਨਰਲ ਸਕੱਤ੍ਰ, ਪੰਜਾਬੀ ਸਾਹਿੱਤ ਅਕਾਡਮੀ ਨੇ ਮਿਤੀ 7.10.57 ਨੂੰ ਸੱਤ ਸਾਦਿਕ ਪੁਸਤਕ ਦੀ ‘ਜਾਣ-ਪਛਾਣ’ ਵਿਚ ਕੇਸਰੀ ਜੀ ਦੀ ਰਚਨਾ ਸ੍ਰੀ ਮਦ ਭਗਵਤ ਗੀਤਾ ਬਾਰੇ ਲਿਖਿਆ ਸੀ, “ਇਸ ਵਕਤ ਆਪ ਜੀ ਦੀ ਰਚਨਾ ਭਗਵਤ ਗੀਤਾ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਵਲੋਂ ਛਾਪੇ ਜਾਣ ਦਾ ਸੰਕਲਪ ਬਣ ਰਿਹਾ ਹੈ।”
ਕੇਸਰੀ ਜੀ ਦੀ ਇਹ ਰਚਨਾ ਛਪ ਨਹੀਂ ਸਕੀ। ਇਸ ਦੇ ਕਾਰਨ ਸੰਬੰਧੀ ਕੇਸਰੀ ਜੀ ਦੇ ਦੋਹਤੇ ਰਣਜੋਧ ਸਿੰਘ ਗਿੱਲ ਦੇ ਲਿਖੇ ਸ਼ਬਦ ਕੁਝ ਰੋਸ਼ਨੀ ਪਾਉਂਦੇ ਹਨ। ਜਦੋਂ ਕੇਸਰੀ ਜੀ ਦੀ ਨਜ਼ਰ ਬਹੁਤ ਕਮਜ਼ੋਰ ਹੋ ਗਈ। ਤਦ ਉਹ “ਮੈਨੂੰ ਨਾਲ ਲੈ ਕੇ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਗਏ। ਮੈਂ ਉਸ ਵੇਲੇ 12 ਕੁ ਵਰ੍ਹਿਆਂ ਦਾ ਸਾਂ। ਅਕਾਡਮੀ ਵਿਚ ਸ੍ਰੀ ਮਦ ਭਗਵਤ ਗੀਤਾ (ਪੰਜਾਬੀ ਕਵਿਤਾ ਵਿਚ ਅਨੁਵਾਦ) ਦਾ ਖਰੜਾ ਪੜਚੋਲ ਲਈ ਦਿੱਤਾ ਹੋਇਆ ਸੀ। ਜਦੋਂ ਨਾਨਾ ਜੀ ਨੇ ਖਰੜੇ ਅੰਦਰ ਝਾਤ ਮਾਰੀ, ਉਹ ਤਾਂ ਅੱਗ-ਬਬੂਲਾ ਹੋ ਗਏ ਕਿਉਂਕਿ ਅੰਦਰ ਲਾਲ ਸਿਆਹੀ ਨਾਲ ਬਹੁਤ ਸਾਰੀ ਕੱਟ-ਵੱਢ ਕੀਤੀ ਹੋਈ ਸੀ ਜੋ ਉਨ੍ਹਾਂ ਨੂੰ ਮਨਜ਼ੂਰ ਨਹੀਂ ਸੀ। ਅਸੀਂ ਖਰੜਾ ਵਾਪਸ ਲੈ ਆਏ। ਐਨੀ ਕੱਟ-ਵੱਢ ਨਾਲ ਛਾਪਣਾ ਉਨ੍ਹਾਂ ਨੂੰ ਮਨਜ਼ੂਰ ਨਹੀਂ ਸੀ। ਇਸ ਘਟਨਾ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਗੀਤਾ ਅਨੁਵਾਦ ਉਨ੍ਹਾਂ ਦੀ 14 ਸਾਲ ਦੀ ਕਮਾਈ ਸੀ, ਮਿਹਨਤ ਸੀ।”
ਉਪਰੋਕਤ ਤੋਂ ਪ੍ਰਤੀਤ ਹੁੰਦਾ ਹੈ ਕਿ ਕੇਸਰੀ ਜੀ ਦਾ ਇਹ ਖਰੜਾ ਮਾਹਿਰ- ਰਾਇ ਲਈ ਇਕ ਜਾਂ ਦੋ ਵਿਦਵਾਨਾਂ ਨੂੰ ਦਿੱਤਾ ਹੋਣਾ ਹੈ। ਅੱਗੋਂ, ਉਨ੍ਹਾਂ ਨੇ ਇਸ ਖਰੜੇ ਵਿਚ ਕੁਝ ਸੋਧਾਂ ਸੁਝਾਈਆਂ ਹੋਣਗੀਆਂ। ਇਹ ਸੋਧਾਂ ਕੇਸਰੀ ਜੀ ਨੂੰ ਪ੍ਰਵਾਨ ਨਹੀਂ ਹੋਣਗੀਆਂ। ਰਣਜੋਧ ਸਿੰਘ ਗਿੱਲ ਨੂੰ ਖ਼ਦਸ਼ਾ ਹੈ ਕਿ ਇਹ ਅਨੁਵਾਦ ਕਿਸੇ ਹੋਰ ਸੱਜਣ ਨੇ ਆਪਣੇ ਨਾਂ ਥੱਲੇ ਛਪਵਾ ਲਿਆ ਹੋਣਾ ਹੈ। ਉੱਪਰ ਦੱਸੀ ਘਟਨਾ ਨੇ ਕੇਸਰੀ ਜੀ ਦੇ ਹਿਰਦੇ ਉੱਤੇ ਗਹਿਰੀ ਚੋਟ ਮਾਰੀ ਸੀ। ਉਨ੍ਹਾਂ ਦੇ ਦੇਹਾਂਤ ਦੇ ਹੋਰ ਵੀ ਕਾਰਨ ਹੋਣਗੇ ਪਰ ਆਪਣਾ ਕੀਤਾ ਅਨੁਵਾਦ ਨਾ ਛਪਣ ਕਾਰਨ ਵੀ ਉਹ ਡਾਢੇ ਪਰੇਸ਼ਾਨ ਹੋ ਗਏ ਸਨ।
7.1.15 ਸੁਗੰਧ ਅਸਥਾਨ ਬਾਰੇ
ਡਾ. ਤੇਜਵੰਤ ਮਾਨ ਨੇ ਆਪਣੀ ਪੁਸਤਕ ਪੰਚ ਖ਼ਾਲਸਾ ਦੀਵਾਨ ਭਸੌੜ ਦੀ ਪੰਜਾਬੀ ਸਾਹਿਤ ਨੂੰ ਦੇਣ ਵਿਚ ਲਿਖਿਆ ਹੈ ਕਿ “ਗੁਰਬਖ਼ਸ਼ ਸਿੰਘ ਕੇਸਰੀ ਨੇ ਬੋਸਤਾਂ ਦਾ ਸੁਗੰਧ ਅਸਥਾਨ ਨਾਂ ਹੇਠ ਪੰਜਾਬੀ ਕਵਿਤਾ ਵਿਚ ਅਨੁਵਾਦ ਕੀਤਾ।”
( ਪੰਨਾ 485)
ਇਹ ਪੁਸਤਕ ਵੀ ਸਾਨੂੰ ਵੇਖਣ ਨੂੰ ਨਹੀਂ ਮਿਲੀ । ਐਪਰ ਇਸ ਪੁਸਤਕ ਬਾਰੇ ਕੇਸਰੀ ਦੇ ਵਿਚਾਰ ਸਾਨੂੰ ਉਨ੍ਹਾਂ ਦੀ ਪੁਸਤਕ ਪੁਜਾਰੀ ਪ੍ਰਬੋਧ ਜੋ ਨਵੰਬਰ 1911 ਈ. ਨੂੰ ਛਪੀ, ਦੇ ਅੰਤ ਵਿਚ ਮਿਲੇ ਇਸ਼ਤਿਹਾਰ ਤੋਂ ਮਿਲਦੇ ਹਨ। ਇਹ ਇਸ਼ਤਿਹਾਰ ਜਿਵੇਂ ਛਪਿਆ ਹੈ, ਇਸ ਪ੍ਰਕਾਰ ਹੈ:
ਸੁਗੰਧਿ ਅਸਥਾਨ
ਫ਼ਾਰਸੀ ਦੇ ਪ੍ਰਸਿੱਧ ਕਵੀ ਸ਼ੇਖ ਸ਼ਾਅਦੀ ਨੂੰ ਕੌਨ ਨਹੀਂ ਜਾਨਦਾ ? ਆਪ ਦੀ ਰਚਿਤ ਗੁਲਿਸਤਾਂ, ਬੋਸਤਾਂ ਹਨ ਕਿ ਇਹਨਾਂ ਪੁਸਤਕਾਂ ਵਿਚ ਕੀ ਕੀ ਗੁਣ ਤੇ ਖਜ਼ਾਨੇ ਭਰੇ ਪਏ ਹਨ। ਪਰ ਸ਼ੋਕ! ਹੈ ਕਿ ਅਜੇਹੀ ਦੁਰਲਭ ਦਾਤ ਗੁਲਿਸਤਾਂ ਦਾ ਕੁਝ ਕੁ ਹਿਸਾ ਖ਼ਾਲਸਾ ਟ੍ਰੈਕਟ ਸੋਸਾਇਟੀ ਨੇ ਪੰਜਾਬੀ ਵਿਚ ਪਲਟਿਆ ਹੈ। ਬੋਸਤਾਂ ਵਲ ਅਜੇ ਕਿਸੇ ਦੀ ਰੁਚੀ ਨਹੀਂ ਫਿਰੀ ਜੋ ਇਸ ਨੂੰ ਵੀ ਪੰਜਾਬੀ ਵਿਚ ਪਲਟ ਕੇ ਗੁਰਮੁਖੀ ਪੜ੍ਹੇ ਭਰਾਵਾਂ ਨੂੰ ਇਸ ਦਾਤ ਵਿੱਚੋਂ ਹਿੱਸਾ ਦਿੱਤਾ ਜਾਂਦਾ। ਪ੍ਰਸਿੱਧ ਗ੍ਯਾਨੀ ਭਾਈ ਹਜ਼ਾਰਾ ਸਿੰਘ ਜੀ ਨੇ ਬੋਸਤਾਂ ਦਾ ਤਰਜਮਾ ਬ੍ਰਿਜ ਭਾਸ਼ਾ ਜ਼ਬਾਨ ਵਿਚ ਕਰ ਕੇ ਸੰਨ 1891 ਵਿਚ ਛਪਵਾਇਆ ਸੀ, ਪਰ ਪੰਜਾਬੀ ਪਾਠਕਾਂ ਦੀ ਅਸਲੀ ਲੋੜ ਪੂਰੀ ਨਹੀਂ ਹੋਈ। ਇਸ ਲਈ ਅਸੀਂ ਇਸ ਕਾਰਜ ਦੇ ਕਰਨ ਵਾਸਤੇ ਉੱਦਮ ਧਾਰਨ ਕੀਤਾ ਹੈ ਨਮੂਨੇ ਮਾਤ੍ਰ ਛੀਵਾਂ ਕਾਂਡ ਛਪ ਕੇ ਤਿਆਰ ਹੈ।” ਇਸ ਤੋਂ ਅੱਗੇ ਪੁਸਤਕ ਦੀ ਕੀਮਤ ਅਤੇ ਮਿਲਣ ਦਾ ਪਤਾ ਲਿਖਿਆ ਹੈ।
ਇਸ ਤੋਂ ਸਪੱਸ਼ਟ ਹੈ ਕਿ ਕੇਸਰੀ ਜੀ ਨੇ ਇਹ ਅਨੁਵਾਦ ਕੀਤਾ ਹੈ, ਪਰ ਪੂਰਾ ਨਹੀਂ।
7.1.16 ਅਨੂਪਮ ਕਲਗੀ ਬਾਰੇ
ਕੇਸਰੀ ਜੀ ਦੀ ਇਹ ਇਕ ਲੰਮੀ ਕਵਿਤਾ ਹੈ ਜੋ ਟ੍ਰੈਕਟ ਦੇ ਰੂਪ ਵਿਚ ਛਪੀ ਸੀ। ਇਸ ਦੇ ਅਰੰਭ ਵਿਚ ‘ਬਿਨ੍ਯ’ ਸਿਰਲੇਖ ਹੇਠ ਕੇਸਰੀ ਜੀ ਨੇ ਲਿਖਿਆ ਹੈ :
“ਅਨੂਪਮ ਕਲਗ਼ੀ ਦਾ ਪਹਿਲਾ ਐਡੀਸ਼ਨ ਜਨਵਰੀ ਸੰ: 1914 ਪੋਹ ਸੁਦੀ ਸਪਤਮੀ ਨੂੰ ਸ੍ਰੀ ਗੁਰੂ ਕਲਗ਼ੀਧਰ ਮਹਾਰਾਜ ਦੇ ਅਵਤਾਰ ਧਾਰਨ ਦੀ ਖ਼ੁਸ਼ੀ ਵਿਚ ਡਾਢਾ ਸੋਹਣਾ ਚੋਖੀ ਲਾਗਤ ਨਾਲ ਛਪਵਾ ਕੇ ਮੁਫ਼ਤ ਵੰਡਿਆ ਗਿਆ ਸੀ।”
ਇਸ ਕਵਿਤਾ ਦੇ ਦੂਜੇ ਐਡੀਸ਼ਨ ਦੇ ਅੰਤ ਵਿਚ ਕੇਸਰੀ ਜੀ ਨੇ ਇਸ ਦੀ ਉਪਮਾ ਵਿਚ ਜੋ ਸ਼ਬਦ ਲਿਖੇ ਹਨ, ਇਸ ਪ੍ਰਕਾਰ ਹਨ :
“ਅਨੂਪਮ ਕਲਗ਼ੀ ਦੀ ਪੁਰ ਗ਼ਜ਼ਬ ਕਵਿਤਾ ਬਾਬਤ ਮੈਂ ਅਪਨੇ ਮੂੰਹੋਂ ਕੀ ਤਾਰੀਫ਼ ਕਰਾਂ ?”
ਸਿੱਖਾਂ ਦੇ ਪ੍ਰਸਿੱਧ ਔਰਗਨ ਲਾਇਲ ਗਜ਼ਟ ਉਰਦੂ ਅਖ਼ਬਾਰ ਲਾਹੌਰ ਇਸ ਦੇ ਪਹਿਲੇ ਐਡੀਸ਼ਨ ਬਾਬਤ ਇਉਂ ਲਿਖਦਾ ਹੈ :
“ਸ੍ਰੀ ਦਸਮੇਸ਼ ਜੀ ਦੀ ਅਨੂਪਮ ਕਲਗ਼ੀ’ ਪੰਜਾਬੀ ਕੇ ਮਸ਼ਹੂਰ ਸ਼ਾਇਰ ਭਾਈ ਗੁਰਬਖ਼ਸ਼ ਸਿੰਘ ਸਾਹਿਬ ਐਡੀਟਰ ਦਿੱਤ ਸਿੰਘ ਮੈਗੇਜ਼ੀਨ ਰੋਪੜ ਹਾਲ ਅਸਿਸਟੈਂਟ ਐਡੀਟਰ ਪਟਿਆਲਾ ਗਜ਼ਟ ਨੇ ਮੁੰਦਜਾ ਬਾਲਾ ਅਨਵਾਨ ਸੇ ਪੰਜਾਬੀ ਮੇਂ ਏਕ ਨਿਹਾਇਤ ਦਿਲਕਸ਼ ਔਰ ਸ਼ੀਰੀ ਨਜ਼ਮ ਲਿਖੀ ਹੈ ਜਿਸਮੇਂ ਉਨਹੋਂ ਨੇ ਅਪਨੇ ਹਾਦੀਏ ਬਰ ਹੱਕ ਵ ਸਰਵਰਿ ਦੋ ਜਹਾਂ ਦਸਮੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਤਾਜ ਰੂਹਾਨੀਯਤ ਯਾਨੀ ਕਲਗ਼ੀ ਕੇ ਮਹਾਮਦ ਇਸ ਤਰਹ ਬਿਆਨ ਕੀਏ ਹੈਂ ਕਿ ਏਕ ਏਕ ਬੰਦ ਪੜ੍ਹ ਕਰ ਦਿਲ ਉਛਲ ਪੜਤਾ ਹੈ। ਸ੍ਰੀ ਦਸਮੇਸ਼ ਜੀ ਕੇ ਸ਼ੈਦਾਈਓਂ ਕੇ ਲੀਏ ਨਾਦਰ ਚੀਜ਼ ਹੈ।”
ਕੇਸਰੀ ਨੇ ਅੱਗੇ ਲਿਖਿਆ ਹੈ :
“ਸੋ ਕ੍ਰਿਪਾਲੂ ਜੀ! ਇਹ ਟ੍ਰੈਕਟ ਪਹਿਲੀ ਵੇਰ 500 ਛਾਪ ਕੇ ਮੁਫ਼ਤ ਵੰਡ ਦਿੱਤਾ ਸੀ, ਹੁਨ ਕਈ ਇਕ ਸਜਨਾਂ ਦੀ ਜ਼ੋਰਦਾਰ ਪ੍ਰੇਰਨਾ ਅਨੁਸਾਰ ਦੂਜੀ ਵਾਰ ਛਪ ਕੇ ਤਿਆਰ ਹੈ।”
ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੇ ਇਕ ਲੇਖ ਜੋ ਖ਼ਾਲਸਾ ਪਾਰਲੀਮੈਂਟ ਗਜ਼ਟ ਦੇ ਅਕਤੂਬਰ-ਨਵੰਬਰ 1951 ਅੰਕ ਵਿਚ ਦਿੱਤਾ ਗਿਆ, ਵਿਚ ਕੇਸਰੀ ਜੀ ਦੀ ਪੁਸਤਕ ਅਨੂਪਮ ਕਲਗ਼ੀ ਵਿੱਚੋਂ ਹੇਠ ਲਿਖੀ ਕਵਿਤਾ ਵੰਨਗੀ ਵਜੋਂ ਦਿੱਤੀ ਗਈ ਸੀ।
ਕਬਿੱਤ
ਧੋਂਸੇ ਤੇ ਨਗਾਰੇ ਸੀ ਨਿਕਾਰੇ ਤੇਰੇ ਧੌਂਸੇ ਬਾਝ, ਵੱਜ ਵੱਜ ਵਾਜੇ ਸਾਰੇ ਵਜ ਕੇ ਵਜਾ ਗਏ।
ਸੁੱਤੇ ਪਏ ਭਾਰਤ ਵਰਸ਼ ਲਾ ਥਾਪਨਾਵਾਂ, ਮਾਰ ਮਾਰ ਥਾਪੀਆਂ ਹਾਂ! ਸਗਵਾਂ ਸੁਲਾ ਗਏ। ਜੁੱਧ ਕਰ ਜੰਗ ਕਰ, ਮਾਣ ਤਾਣ ਭੰਗ ਕਰ, ਅੰਗ ਅੰਗ ਕਟ ਕਰ ਖੂਹਣੀਆਂ ਖਪਾ ਗਏ। ਦੁੰਦਭਿ ਦਮਾਮੇ ਦਸ਼ਮੇ ! ਤੇਰੇ ਧੌਂਸੇ ਬਾਝ, ਸੁੱਤੇ ਪਏ ਦੇਸ਼ ਨੂੰ ਕੀ ਟੁੰਬ ਕੇ ਜਗਾ ਗਏ।
ਕੌਣ ਹੱਥੀਂ ਪੁੱਤਰਾਂ ਨੂੰ ਟੋਰ ਟੋਰ ਜੰਗ ਵਿਚ, ਆਪ ਅੰਗ ਅੰਗ ਤੇ ਨਿਸੰਗ ਸਵਾਦ ਚੱਖਦਾ ? ਕੌਣ ਏਡੇ ਜ਼ਾਲਮਾਂ ਦੇ ਨਾਲ ਕੱਲਾ ਹਿੱਕ ਡਾਹ, ਇਕ ਸਿਖ ਤਾਂਈਂ ਜ਼ੋਰ ਦੇਵੇ ਸਵਾ ਲੱਖ ਦਾ। ਕੌਣ ਆਪਾ ਵਾਰ ਕੇ ਨਿਸਾਰ ਹੁੰਦਾ ਦੇਸ਼ ਉੱਤੇ, ਰਾਜ ਕਾਜ ਵਿਚ ਭੀ ਇਲਾਹੀ ਨੂਰ ਭੱਖਦਾ। ਤੇਰੇ ਤਿੱਖੇ ਤੀਰ ਬਾਝੋਂ ਤੀਰ ਤੇ ਕਮਾਨ ਵਾਲੇ! ਤਾਨ ਕੇ ਕਮਾਨ ਸੀ ਜਹਾਨ ਕੌਣ ਰਖਦਾ।
7.1.17 ਮਨੋਹਰ ਮੰਤ੍ਰ ਬਾਰੇ
ਇਹ ਪੁਸਤਕ ਕੇਸਰੀ ਜੀ ਦੀ ਉਦੋਂ ਦੀ ਰਚਨਾ ਹੈ ਜਦੋਂ ਉਹ ਰੋਪੜ ਰਹਿ ਕੇ ਦਿੱਤ ਸਿੰਘ ਮੈਗਜ਼ੀਨ ਦੀ ਸੰਪਾਦਨਾ ਕਰਦੇ ਸਨ। ਇਸ ਪੁਸਤਕ ਦੇ ਅੰਤ ਵਿਚ ਸੰਤੋਖ ਸਿੰਘ, ਮੈਨੇਜਰ ਖ਼ਾਲਸਾ ਬੋਰਡਿੰਗ ਹਾਊਸ, ਰੋਪੜ ਦੀ ‘ਸ੍ਰੀ ਮਾਨ ਭਾਈ ਸਾਹਿਬ ਗੁਰਬਖ਼ਸ਼ ਸਿੰਘ’ ਨੂੰ ਸੰਬੋਧਨ ਕਰ ਕੇ ਲਿਖੀ ਇਕ ਚਿੱਠੀ ਛਪੀ ਹੈ, ਜਿਸ ਵਿਚ ਸੰਤੋਖ ਸਿੰਘ ਨੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਇਸ ਪ੍ਰਕਾਰ ਪ੍ਰਗਟ ਕੀਤੇ ਹਨ:
“ਆਪ ਦੀ ਰਚਨਾ ਮਨੋਹਰ ਮੰਤ੍ਰ ਇਸਤ੍ਰੀ ਜਾਤੀ ਦੇ ਸੁਧਾਰ ਲਈ ਬੜੀ ਲਾਭਦਾਇਕ ਹੈ, ਅੱਜ-ਕੱਲ ਇਸਤ੍ਰੀ ਪੁਰਸ਼ ਵਿਚ ਨਫਾਕ ਦਾ ਖ਼ਾਸ ਕਾਰਨ ਜਾਦੂ- ਮੰਤ੍ਰਾਂ ਪਰ ਇਸਤ੍ਰੀਆਂ ਦਾ ਭਰੋਸਾ ਹੋਣਾ ਹੈ, ਆਪ ਨੇ ਇਸ ਪਹਿਲੂ ਪਰ ਚੰਗੀ ਰੋਸ਼ਨੀ ਪਾਈ ਹੈ।” ਉਪਰੋਕਤ ਚਿੱਠੀ ਉੱਤੇ 1 ਜੁਲਾਈ 1912 ਮਿਤੀ ਛਪੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮਨੋਹਰ ਮੰਤ੍ਰ ਪੁਸਤਕ ਈ: ਸੰਨ 1912 ਦੇ ਅਰੰਭ ਵਿਚ ਛਪੀ ਹੈ।
ਸੰਤੋਖ ਸਿੰਘ ਨੇ ਇਹ ਵੀ ਦੱਸਿਆ ਕਿ ਸਰਦਾਰ ਬਾਲ ਸਿੰਘ ਸੂਬੇਦਾਰ ਮੇਜਰ ਕਲੋਮ ਨੇ ਕੇਸਰੀ ਜੀ ਦੀਆਂ ਸਾਰੀਆਂ ਪੁਸਤਕਾਂ (ਛਾਪਣ—ਸੰਪਾ 🙂 ਦਾ ਖ਼ਰਚ ਆਪਣੇ ਜ਼ੁੰਮੇ ਲੈ ਲਿਆ ਹੈ। ਇਸ ਪੁਸਤਕ ਦੇ ਅੰਤ ਉੱਤੇ ਕੇਸਰੀ ਜੀ ਦੀ ਪੁਸਤਕ ਦਾ ਵੀ ਇਸ਼ਤਿਹਾਰ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਮਨੋਹਰ ਮੰਤ੍ਰ ਤੋਂ ਪਹਿਲਾਂ ਪੁਜਾਰੀ ਪ੍ਰਬੋਧ ਛਪ ਚੁੱਕੀ ਸੀ।
ਮਨੋਹਰ ਮੰਤ੍ਰ ਇਸਤ੍ਰੀ ਜਾਗ੍ਰਿਤੀ ਨਾਲ ਸੰਬੰਧਿਤ ਹੈ। ਇਸ ਵਿਸ਼ੇ ਕਾਰਨ ਇਹ ਰਚਨਾ ਅਜੋਕੇ ਸਮੇਂ ਲਈ ਵੀ ਸਾਰਥਿਕ ਹੈ। ਰਚਨਾ ਵਿਚ ਲਈ ਗਈ ਕਹਾਣੀ ਅਨੁਸਾਰ ਬੁੱਧਵੰਤੀ ਨਾਂ ਦੀ ਇਕ ਇਸਤ੍ਰੀ ਪਾਤਰ ਆਪਣੇ ਪਤੀ ਨੂੰ ਵੱਸ ਕਰਨ ਲਈ ਪੁੱਠੇ ਰਾਹ ਪਈ ਹੋਈ ਪਾਖੰਡੀ ਸਾਧਾਂ ਦੇ ਢਹੇ ਚੜ੍ਹ ਜਾਂਦੀ ਹੈ। ਉਸ ਦੇ ਗਹਿਣੇ ਗੱਟੇ, ਉਸ ਦੀ ਆਬਰੂ, ਪਤੀ ਦਾ ਵਿਸ਼ਵਾਸ-ਸਭ ਕੁਝ ਜਾਂਦੇ ਰਹਿੰਦੇ ਹਨ। ਰਚਨਾ ਦੇ ਕੇਂਦਰੀ ਪਾਤਰ ਗਿਆਨ ਕੌਰ ਰਾਹੀਂ ਕੁਰਾਹੇ ਪਈ ਉਹ ਇਸਤ੍ਰੀ ਠੀਕ ਰਾਹ ਉੱਤੇ ਆ ਜਾਂਦੀ ਹੈ। ਇਹ ਠੀਕ ਰਾਹ ਹੈ ਗੁਰੂ ਗ੍ਰੰਥ ਸਾਹਿਬ ਵਿਚ ਇਸ ਸੰਬੰਧੀ ਮਿਲਦੀ ਸਿੱਖਿਆ ਨੂੰ ਧਾਰਨ ਕਰਨਾ। ਪੁਸਤਕ ਦੀ ਕੇਂਦਰੀ ਪਾਤਰ ਗਿਆਨ ਕੌਰ ਉਸ ਇਸਤਰੀ ਨੂੰ ਸਿੱਖੀ ਜੀਵਨ-ਜਾਚ ਦੇ ਲੜ ਲਾ ਦਿੰਦੀ ਹੈ।
ਸਿੰਘ ਸਭਾ ਲਹਿਰ ਦਾ ਪੈਂਤੜਾ ਵੀ ਇਹੋ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਉੱਤੇ ਹੀ ਟੇਕ ਰੱਖੀ ਜਾਵੇ। ਕੇਸਰੀ ਜੀ ਨੇ ਇਸ ਰਚਨਾ ਵਿਚ ਇਕ ਹੋਰ ਮਹੱਤਵਪੂਰਨ ਨੁਕਤਾ ਵੀ ਉਠਾਇਆ ਹੈ ਕਿ ਇਸਤਰੀਆਂ “ਪਤੀ ਵੱਸ ਕਰਨਾ ਓਹ ਕ੍ਯੋਂ ਚਾਹੁੰਦੀਆਂ ਹਨ।” ਇਸ ਨੂੰ ਹੋਰ ਸਪੱਸ਼ਟ ਕਰਦਿਆਂ ਕੇਸਰੀ ਜੀ ਨੇ ਇਸ ਪੁਸਤਕ ਵਿਚ ਲਿਖਿਆ ਹੈ :
“ਯੂਰਪ ਵਾਂਗ ਮੁਖਤਯਾਰ ਨਾ ਨਾਰ ਚੰਗੀ, ਰਹੇ ਬਾਦਸ਼ਾਹ ਨਾਲ ਵਜ਼ੀਰ ਵਾਂਗੂੰ। ਬਾਦਸ਼ਾਹ ਦੇ ਵੱਸ ਵਜ਼ੀਰ ਹੋਵੇ, ਨਾਰੀ ਪੁਰਸ਼, ਤੇ ਚੇਲੜਾ ਪੀਰ ਵਾਂਗੂੰ।
ਖੱਬਾ ਅੰਗ ਹੈ ਪੁਰਸ਼ ਦਾ ਨਾਰ ਉਸਦੀ, ਕਿਹਾ ਏਸਨੂੰ ਅਰਧ ਸਰੀਰ ਵਾਂਗੂੰ।
‘ਵਸੀਕਰਨ ਦਾ’ ਹਈ ਖਯਾਲ ਭੈੜਾ, ਖੂਹੇ ਡਿੱਗਣ ਅੰਧ ਵਹੀਰ ਵਾਂਗੂੰ।”
ਇਸ ਪ੍ਰਕਾਰ ਕੇਸਰੀ ਜੀ ਪਤੀ-ਪਤਨੀ ਦੇ ਪਰਸਪਰ ਪੂਰਕ ਸੰਬੰਧਾਂ ਵਾਲੀ ਅਜੋਕੀ ਸੋਚ ਦੇ ਕਾਫ਼ੀ ਨੇੜੇ ਪਹੁੰਚ ਜਾਂਦੇ ਹਨ।
7.1.18 ਪੰਥ ਜਗਾਵਾ ਬਾਰੇ
ਪੁਜਾਰੀ ਪ੍ਰਬੋਧ ਦੇ ਅੰਤ ਵਿਚ ‘ਪੰਥ ਜਗਾਵਾ’ ਨਾਂ ਦੀ ਇਕ ਕਵਿਤਾ ਛਪੀ ਹੈ। ਜਾਪਦਾ ਹੈ ਕਿ ਇਸੇ ਕਵਿਤਾ ਨੂੰ ਪੁਸਤਕ ਦਾ ਨਾਂ ਸਮਝ ਕੇ ਕੁਝ ਲੇਖਕਾਂ ਵੱਲੋਂ ਇਸ ਨੂੰ ਕੇਸਰੀ ਜੀ ਦੀਆਂ ਪੁਸਤਕਾਂ ਦੀ ਸੂਚੀ ਵਿਚ ਸ਼ਾਮਿਲ ਕਰ ਦਿੱਤਾ ਗਿਆ ਹੈ। 7.1.19 ਭੁੱਲੜ ਜੱਟ ਬਾਰੇ
ਇਹ ਪੁਸਤਕ ਜਿਸ ਨੂੰ ਕੇਸਰੀ ਜੀ ਨੇ ‘ਪੋਥੀ’ ਲਿਖਿਆ ਹੈ, ਸਾਨੂੰ ਨਹੀਂ ਮਿਲ ਸਕੀ ਪਰ ਇਸ ਦਾ ਇਕ ਪੰਨੇ ਦਾ ਇਸ਼ਤਿਹਾਰ ਪੁਜਾਰੀ ਪ੍ਰਬੋਧ ਦੇ ਅਖ਼ੀਰ ਵਿਚ ਛਪਿਆ ਹੈ। ਇਸ ਵਿਚ ਪੁਸਤਕ ਦੇ ਮਿਲਣ ਦਾ ਪਤਾ “ਪ੍ਰੋਪਰਾਈਟਰ ਦਿੱਤ ਸਿੰਘ ਮੈਗਜ਼ੀਨ ਰੋਪੜ” ਛਪਿਆ ਹੈ, ਜੋ ਕਿ ਕੇਸਰੀ ਜੀ ਦਾ ਹੀ ਹੈ। ਅੱਗੇ ਇਸ ਇਸ਼ਤਿਹਾਰ ਦੀ ਇਬਾਰਤ ਜਿਉਂ ਦੀ ਤਿਉਂ ਦਿੱਤੀ ਜਾਂਦੀ ਹੈ :
ਕਲਗੀਧਰ ਮਹਾਰਾਜ ਦੀ ਅਨੰਦਪੁਰੀ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਨੂੰ ਵਡਾ ਭਾਰੀ ਮੇਲਾ ਭਰਦਾ ਹੈ ਜਿਸ ਵਿਚ ਪੇਂਡੂ ਲੋਕ ਜਲਸੇ ਕਰਦੇ ਅਤੇ ਗੰਦੇ ਗੀਤ ਗਾਵਦੇ ਹਨ। ਇਸ ਪੁਸਤਕ ਵਿਚ ਇਨ੍ਹਾਂ ਜਾਹਲ ਲੋਕਾਂ ਦੇ ਗੰਦੇ ਕਰਤੱਵਾਂ ਦਾ ਹੂਬਹੂ ਫੋਟੋ ਖਿੱਚ ਕੇ ਚੰਗੀ ਤਰ੍ਹਾਂ ਓਹਨਾਂ ਨੂੰ ਸਮਝਾਇਆ ਹੈ ਕਿ ਤੁਸੀਂ ਗੁਰੂ ਦੀ ਨਗਰੀ ਵਿਚ ਆ ਕੇ ਇਸ ਪ੍ਰਕਾਰ ਗੰਦ-ਮੰਦ ਬੋਲ ਕੇ ਪਾਪ ਦੇ ਭਾਗੀ ਨਾ ਬਣੋ !
ਇਸ ਪੋਥੀ ਵਿਚ ਸੁੰਦਰ ਕਵਿਤਾ ਹੋਣ ਤੋਂ ਬਿਨਾਂ ਇਕ ਲੈਕਚਰ ਵੀ ਹੈ, ਪੁਸਤਕ ਦੇ ਅੰਤ ਵਿਚ ਦਿਲ ਖਿੱਚਵੇਂ ਬੈਂਤਾਂ ਦ੍ਵਾਰਾ “ਪੰਥ ਜਗਾਵਾ” ਐਸਾ ਮਨਮੋਹਨ ਲਿਖਿਆ ਹੈ ਕਿ ਇਸਨੂੰ ‘ਹੈਂਡ ਬਿੱਲ ਕਮੇਟੀ’ ਨੇ ‘ਪੰਜਾਬੀ ਭੂਤਨੇ’ ਨਾਮ ਰੱਖ ਕੇ ਇਸਦਾ ਹੈਂਡਬਿਲ ਵੀ ਪ੍ਰਕਾਸ਼ਤ ਕਰ ਦਿੱਤਾ। ਪੁਸਤਕ ਡਾਢੀ ਸੁੰਦਰ ਛਪੀ ਹੈ। ਭੇਟਾ.. ..ਹੈ ਪਰ ਮੈਗੇਜ਼ੀਨ ਦੇ ਗਾਹਕਾਂ ਨੂੰ ਅਤੇ ਇਕੱਠੀ ਖ਼ਰੀਦਨ ਵਾਲੇ ਸੱਜਨਾਂ ਨੂੰ 25 ਰੁਪੈ ਸੈਂਕੜੇ ਪਰ ਦਿੱਤੀ ਜਾਵੇਗੀ।
7.1.20 ਭੁੱਲੜ ਜੱਟ ਬਾਰੇ
ਇਹ ਰਚਨਾ ਸਾਨੂੰ ਵੇਖਣ ਨੂੰ ਨਹੀਂ ਮਿਲ ਸਕੀ। ਉਂਜ, ਖ਼ਾਲਸਾ ਪਾਰਲੀਮੈਂਟ ਗਜ਼ਟ ਦੇ ਜੂਨ-ਜੁਲਾਈ 1950 ਦੇ ਅੰਕ ਵਿਚ ‘ਸਾਡਾ ਪੰਥਕ ਗੀਤ’ ਕਵਿਤਾ ਛਪੀ ਮਿਲੀ ਹੈ। ਇਹ ਸਪੱਸ਼ਟ ਨਹੀਂ ਕਿ ਇਹ ਰਚਨਾ ਹੀ ‘ਪੰਥਕ ਗੀਤ’ ਹੈ ਜਾਂ ਵੱਖਰੀ ਹੈ।
7.1.21 ਕਲਮ ਤੇ ਤਲਵਾਰ ਦਾ ਸੰਬਾਦ ਬਾਰੇ
ਲੰਡਨ ਦੀ ਬ੍ਰਿਟਿਸ਼ ਲਾਇਬ੍ਰੇਰੀ ਵਿਚ ਪਈ ਇਸ ਪੁਸਤਕ ਦੀ ਇਕ ਕਾਪੀ (ਨਕਲ) ਰਣਜੋਧ ਸਿੰਘ ਗਿੱਲ ਦੇ ਯਤਨਾਂ ਨਾਲ ਪ੍ਰਾਪਤ ਹੋਈ ਹੈ। ਇਸ ਦਾ ਪਹਿਲਾ ਐਡੀਸ਼ਨ 3 ਜੂਨ 1915 ਵਿਚ ਇਕ ਹਜ਼ਾਰ ਦੀ ਗਿਣਤੀ ਵਿਚ ਛਪਿਆ। ਪੁਸਤਕ ਦੇ ਟਾਈਟਲ ਕਵਰ ਉੱਤੇ ਇਹ ਸ਼ਬਦ ਛਪੇ ਹਨ: ‘ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ’। ਪ੍ਰਕਾਸ਼ਕ ਦਾ ਨਾਂ ‘ਸ੍ਰੀਮਾਨ ਮਹੰਤ ਮੰਗਲ ਸਿੰਘ ਜੀ, ਧੋਲੇਤਾ (ਜ਼ਿਲਾ ਜਲੰਧਰ) ਛਪਿਆ ਹੈ। ਕੇਸਰੀ ਜੀ ਨੇ ਇਹ ਪੁਸਤਕ ਸੂਬੇਦਾਰ ਮੇਜਰ ਅਨੋਖ ਸਿੰਘ ਨੂੰ ਸਮਰਪਿਤ ਕੀਤੀ ਹੈ। ਇਸ ਸਮਰਪਣ ਦਾ ਪਹਿਲਾ ਅੱਧ ਕਵਿਤਾ ਵਿਚ ਹੈ ਤੇ ਦੂਜਾ ਅੱਧ ਵਾਰਤਕ ਵਿਚ ਹੈ। ਇਹ ਸਮਰਪਣ ਇਸ ਪ੍ਰਕਾਰ ਹੈ:
ਸਮਰਪਣ !
ਸ੍ਰੀ ਮਾਨ ਸੂਬੇਦਾਰ ਮੇਜਰ ਅਨੋਖ ਸਿੰਘ, ਪੰਥਕ ਪ੍ਰੇਮੀ ਤੇ ਪੰਜਾਬੀ ਦਾ ਸਹਾਰਾ ਹੈ।
ਦੇਸ਼, ਕੌਮ, ਗੌਰਮਿੰਟ ਪੰਥ ਦਾ ਸਤਾਰਾ ਇਕ, ਸੂਰ, ਬੀਰ, ਧੀਰ, ਦਸਮੇਸ਼ ਦਾ ਦੁਲਾਰਾ ਹੈ।
ਜੀਵਨ ਅਦੁੱਤੀ ਸੁੱਤੀ ਕੌਮ ਨੂੰ ਜਗਾਨ ਵਾਲਾ, ਵਿੱਦਵਾਨ, ਗੁਣੀ, ਮਨ ਮੋਹਨ ਦਿਦਾਰਾ ਹੈ। ‘ਕੇਸਰੀ’ ‘ਕਲਮ, ਤਲਵਾਰ ਦਾ ਸੰਬਾਦ’ ਲਿਖ, ਪੇਸ਼ ਕੀਤਾ ਆਪਦੇ ਮੈਂ ਕਾਵ੍ਯ ਦਾ ਨਜ਼ਾਰਾ ਹੈ।
ਮੈਂ ਅਪਣੇ ਪ੍ਰਮ ਕ੍ਰਿਪਾਲੂ ਸੱਜਨ ਸਰਦਾਰ ਅਨੋਖ ਸਿੰਘ ਜੀ ਸਾਹਿਬ ਸੂਬੇਦਾਰ ਮੇਜਰ, ਚਿੰਡ ਵਿਨ ਬਟਾਲੀਅਨ ਮਨੇਵਾ ਅਪਰ ਬਰਮਾ (Monywa U Burma) ਦੀ ਪਵਿੱਤ੍ਰ ਸੇਵਾ ਵਿਖੇ ਪੰਜਾਬੀ ਵਿਚ ਇਕ ਨਵਾਂ ਖ਼ਿਆਲ ‘ਕਲਮ ਅਤੇ ਤਲਵਾਰ ਦਾ ਸੰਬਾਦ’ ਰਚ ਕੇ ਨਿੰਮ੍ਰਤਾ ਸਹਿਤ ‘ਸਮਰਪਣ’ ਕਰਦਾ ਹਾਂ।
-ਗੁਰਬਖ਼ਸ਼ ਸਿੰਘ ‘ਕੇਸਰੀ’
ਇਸ ਪੁਸਤਕ ਦੇ ਅਗਲੇ ਪੰਨੇ ਉੱਤੇ ਇਸ ਪੁਸਤਕ ਦਾ ਨਾਂ ਦੇ ਕੇ ਇਸ ਨੂੰ ‘ਇਕ ਨਵਾਂ ਖ਼ਿਆਲ’ ਆਖਿਆ ਹੈ। ਨਾਲ ਹੀ ਦੋ ਮਹੱਤਵਪੂਰਨ ਸੂਚਨਾਵਾਂ ਦਰਜ ਕਰ ਦਿੱਤੀਆਂ ਹਨ। ਪਹਿਲੀ ਇਹ ਕਿ ਇਸ ਪੁਸਤਕ ਦੀ ਰਚਨਾ ਵੇਲੇ ਕੇਸਰੀ ਜੀ ਪਟਿਆਲਾ ਗਜ਼ਟ, ਪਟਿਆਲਾ ਦੇ ਸਬ-ਐਡੀਟਰ ਸਨ। ਦੂਜਾ, ਉਸ ਸਮੇਂ ਤੀਕ ਕੇਸਰੀ ਜੀ ਦੀਆਂ ਰਚਨਾਵਾਂ ਦੇ ਨਾਂ ਵੀ ਦੇ ਦਿੱਤੇ ਹਨ। ਇਹ ਪੁਸਤਕਾਂ ਹਨ :
ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ, ਪੁਜਾਰੀ ਪ੍ਰਬੋਧ, ਮਨੋਹਰ ਮੰਤ੍ਰ, ਭੁੱਲੜ ਜੱਟ, ਸੁਗੰਧਿ ਅਸਥਾਨ, ਧੂਰਤ ਕਹਾਣੀਆਂ, ਪੰਥ ਜਗਾਵਾ, ਅਦੁਤੀ ਆਗਮ, ਅਨੁਪਮ ਕਲਗ਼ੀ, ਸਿੰਧੀ ਬੱਚਾ ਆਦਿਕ। ਇਸ ਪੁਸਤਕ ਦੇ ਅਰੰਭ ਵਿਚ ਕੇਸਰੀ ਜੀ ਨੇ ਸੰਖੇਪ ਜਿਹੀ ਭੂਮਿਕਾ ਵੀ ਦਿੱਤੀ ਹੈ ਜੋ ਇਸ ਪ੍ਰਕਾਰ ਹੈ :
ਬਿਨਯ
ਅੱਜ ਕਲ ਇਸ ਰੌਸ਼ਨੀ ਦੇ ਜ਼ਮਾਨੇ ਵਿਚ ਉੱਨਤ ਹੋ ਰਹੀਆਂ ਕੌਮਾਂ ਦੀ ਉੱਨਤੀ ਦੇ ਨਾਲ ਨਾਲ ਉਨ੍ਹਾਂ ਦੀਆਂ ਮਾਤ੍ਰੀ ਭਖਾਵਾਂ ਇਸ ਕਦਰ ਉੱਨਤ ਹੋ ਰਹੀਆਂ ਹਨ ਕਿ ਹਰ ਇਕ ਜ਼ੁਬਾਨ ਵਿਚ ਵਿਦਵਾਨ ਲੋਕ ਉੱਚੇ ਤੋਂ ਉੱਚੇ ਅਰ ਨਵੇਂ ਤੋਂ ਨਵੇਂ ਖ਼ਿਆਲ ਆਏ ਦਿਨ ਭਰਦੇ ਜਾ ਰਹੇ ਹਨ। ਆਹ ! ਸਾਡੀ ਮਾਤ ਭਾਖਾ ਪੰਜਾਬੀ ਦੀ ਕੀ ਨਿੱਘਰੀ ਹੋਈ ਦਸ਼ਾ ਹੈ ! ਇਸਦਾ ਕਾਰਣ ਸਾਡੀ ਕੌਮ ਦੇ ਵਿਦਵਾਨ ਲੋਕ ਹਨ ਜੋ ਨਿਮਾਣੀ ਪੰਜਾਬੀ ਨੂੰ ਅੰਨ ਭਾਖਾਵਾਂ ਵਿਚੋਂ ਅਪਨੀ ਇਲਮੀਯਤ ਦੇ ਬਲ ਨਾਲ ਚੰਗੇ ਚੰਗੇ ਪੁਸਤਕ ਉਲਟਾ ਕੇ ਮਾਲਾਮਾਲ ਨਹੀਂ ਕਰਦੇ। ਹਾਂ ਕੁਝ ਪੇਂਡੂ ਕਵੀਸ਼ਰ ਲੋਕ ਅਜੇਹੇ ਹਨ ਜੋ ਵਿਚਾਰੀ ਪੰਜਾਬੀ ਭਾਸ਼ਾ ਨੂੰ ਭੂਸ਼ਿਤ ਕਰਨ ਦੀ ਥਾਂ ‘ਕਣਕ ਤੇ ਛੋਲੇ ਦਾ ਸੰਬਾਦ, ਸੋਨੇ ਚਾਂਦੀ ਦਾ ਝਗੜਾ, ਜੱਟ ਹਲਵਾਈ ਦੀ ਲੜਾਈ’ ਆਦਿਕ ਨਿਰਾਰਥਿਕ ਕਿੱਸੇ ਲਿਖ ਕੇ ਦੂਸ਼ਿਤ ਕਰ ਰਹੇ ਹਨ!
ਕਰਤਾ ਨੇ ਪੰਜਾਬੀ ਪਾਠਕਾਂ ਦੀ ਦ੍ਰਿਸ਼ਟੀ ਗੋਚਰ ‘ਕਲਮ ਅਤੇ ਤਲਵਾਰ ਦਾ ਸੰਬਾਦ’ ਲਿਖਕੇ ਇਕ ਨਵਾਂ ਖ਼ਿਆਲ ਪੇਸ਼ ਕੀਤਾ ਹੈ। ਕਲਮ ਅਪਨੇ ਡੀਫੈਂਸ ਵਿਚ ਅਪਨੇ ਗੁਣਾਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਦਾ ਮਾਣ ਦੱਸਦੀ ਹੈ ਤੇ ਤਲਵਾਰ ਅਪਨੇ ਪੱਖ ਵਿਚ ਸ੍ਰੀ ਕਲਗੀਧਰ ਮਹਾਰਾਜ ਦੀ ਬੀਰਤਾ ਦਾ ਫਖ਼ਰ ਕਰਦੀ ਹੈ। ਜੇਕਰ ਇਸ ਨਵੇਂ ਖ਼ਿਆਲ ਤੋਂ ਦੇਸ਼ ਕੌਮ ਨੂੰ ਲਾਭ ਪੁਜਿਆ ਤਦ ਮੈਂ ਅਪਨੇ ਧੰਨ ਭਾਗ ਸਮਝਾਂਗਾ।
-ਗੁਰਬਖ਼ਸ਼ ਸਿੰਘ ‘ਕੇਸਰੀ
ਇਸ ਕਵਿਤਾ ਵਿਚ ਕੇਸਰੀ ਜੀ ਨੇ ਕਲਮ ਅਤੇ ਤਲਵਾਰ ਦੋਹਾਂ ਦਾ ਪੱਖ ਬਾ-ਦਲੀਲ ਪੇਸ਼ ਕੀਤਾ ਹੈ। ਇਤਿਹਾਸ ਅਤੇ ਮਿਥਿਹਾਸ ਵਿੱਚੋਂ ਮਿਸਾਲਾਂ ਦਿੱਤੀਆਂ ਹਨ। ਅਖ਼ੀਰ ਉੱਤੇ ਇਹੋ ਸਿੱਟਾ ਕੱਢਿਆ ਗਿਆ ਹੈ ਕਿ ਦੋਵੇਂ ਆਪਣੀ ਆਪਣੀ ਥਾਂ ਬਲਵਾਨ ਹਨ। ਜਦੋਂ ਇਨ੍ਹਾਂ ਦੀ ਦੁਰਵਰਤੋਂ ਹੁੰਦੀ ਹੈ ਤਾਂ ਸਮਾਜ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਉਲਟ ਇਨ੍ਹਾਂ ਦੀ ਮਾਨਵਤਾ ਦੇ ਭਲੇ ਲਈ ਵਰਤੋਂ ਵਡਿਆਈ ਯੋਗ ਬਣਦੀ ਹੈ।
ਯੋਗ ਤ੍ਰੀਕੇ ਨਾਲ ਜੇ ਵਰਤੋ, ਦੇਸ਼ ਉਧਾਰਕ ਭੈਣਾਂ ਏ, ਨਾਹਿ ਤ ਭਾਰਤ ਗਾਰਤ ! ਕਰਸਨ! ਸਚ ਮੁੱਚ ਹਨ ਡੈਣਾਂ ! ਏ।
ਇਸ ਰਚਨਾ ਵਿਚ ਸਿੰਘ ਸਭਾ ਲਹਿਰ ਦਾ ਮੁੱਢੋਂ ਹੀ ਅਪਣਾਇਆ ਗਿਆ ਪੈਂਤੜਾ ਵੀ ਉੱਘੜਦਾ ਹੈ। ਇਸ ਅਨੁਸਾਰ ਸਮੇਂ ਦੀ ਸਰਕਾਰ ਨਾਲ ਸਿੱਧੀ ਟੱਕਰ ਨਾ ਲੈ ਕੇ ਪਹਿਲਾਂ ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਕੀਤਾ ਜਾਵੇ। ਕੇਸਰੀ ਜੀ ਆਖਦੇ ਹਨ ਕਿ ਅੰਗਰੇਜ਼ੀ ਰਾਜ ਨਿਆਂ ਵਾਲਾ ਹੈ। ਇਸ ਲਈ, ਪੰਥ ‘ਕਲਮ ਦਾ ਧਨੀਂ’ ਬਣਨ ਵੱਲ ਧਿਆਨ ਦੇਵੇ।
ਗੁਰਮਿੰਟ ਦਾ ਰਾਜ ਨਿਯਾਈਂ! ਸਮਾਂ ਨ ਅਸਿ ਦੀ ਹਰਕਤ ਦਾ। ਤਾਂਤੇ ਪੰਥ ਉਲਟ ਇਸ ਪਾਸੇ, ‘ਕਲਮ ਧਨੀ’ ਬਣ ਖ਼ਾਲਸ ਤੂੰ।
7.1.22 ਅਦੁਤੀ ਆਗਮ ਬਾਰੇ
ਇਸ ਰਚਨਾ ਦੀ ਸੂਚਨਾ ਕਲਮ ਤੇ ਤਲਵਾਰ ਦਾ ਸੰਬਾਦ ਪੁਸਤਕ ਦੇ ਅੰਤਲੇ ਪੰਨੇ ਤੋਂ ਮਿਲੀ ਹੈ। ਉਸ ਪੰਨੇ ਉੱਤੇ ਕੇਸਰੀ ਜੀ ਰਚਿਤ ਗਿਆਰਾਂ ਰਚਨਾਵਾਂ ਦੀ ਸੂਚੀ ਹੈ। ਇਸ ਵਿਚ ਅਦੁਤੀ ਆਗਮ ਨਾਂ ਵੀ ਹੈ। ਇਹ ਰਚਨਾ ਪਰ ਸਾਨੂੰ ਕਿਤੋਂ ਨਹੀਂ ਮਿਲੀ।
7.1.23 ‘ਮੈਂ ਨਿਮਾਣੀ ਨੂੰ ਮਾਣ !’ ਬਾਰੇ
ਇਸ ਰਚਨਾ ਦੇ ਬਾਰੇ ਪੁਜਾਰੀ ਪ੍ਰਬੋਧ ਪੁਸਤਕ ਦੇ ਅੰਤ ਵਿਚ ਨਿਮਨ-ਲਿਖਿਤ ਸੂਚਨਾ ਛਪੀ ਹੈ :
ਪੰਜਾਬੀ ਜ਼ਬਾਨ ਦੀ ਦੁਖ ਭਰੀ ਅਰ ਨਿਜ ਸਿਰ ਵੀਤੀ ਵਿੱਥਯਾ, ਜ਼ਮਾਨੇ ਅਨੁਸਾਰ ਇਸਦੀ ਹਾਲਤ ਦੇ ਚੜਾਉ ਤੇ ਗਿਰਾਉ, ਗੁਰੂ ਸਾਹਿਬ ਦੀ ਕ੍ਰਿਪਾਲਤਾ ਕਰਨ ਤੋਂ ਬਾਦ ਇਸਦਾ ਫੇਰ ਗਿਰਨਾ, ਹਾਲ ਵਿਚ ਜ਼ਿੰਦੀ ਰਹਿਣ ਦੀ ਉਮੈਦ, ਇਤਯਾਦੀ ਸਮਾਚਾਰ ਪੁਰ ਜ਼ੋਰ ਕਵਿਤਾ ਵਿਚ ਦਰਜ ਹਨ, ਮੁਲ ਫੀ ਕਾਪੀ -)
ਮੰਗਾਣ ਦਾ ਪਤਾ : ਪ੍ਰੋਪਰਾਈਟਰ – ਦਿੱਤ ਸਿੰਘ ਮੈਗਜ਼ੀਨ, ਰੋਪੜ
ਇਸ ਜਾਣਕਾਰੀ ਤੋਂ ਪਰਤੀਤ ਹੁੰਦਾ ਹੈ ਕਿ ਇਹ ਕੇਸਰੀ ਜੀ ਦੀ ਇਕ ਕਵਿਤਾ ਦਾ ਨਾਂ ਹੈ ਜੋ ਕਿ ਸਵਤੰਤਰ ਰੂਪ ਵਿਚ ਛਪੀ ਹੈ।
1.1.24 ਕੇਸਰ ਕਿਆਰੀ ਬਾਰੇ
ਇਹ ਪੁਸਤਕ ਕਿਤੋਂ ਪ੍ਰਾਪਤ ਨਹੀਂ ਹੋ ਸਕੀ। ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਪੁਸਤਕ ਦੇ ਪਹਿਲੇ ਭਾਗ ਦੇ ਅੰਤ ਵਿਚ ਇਸ ਦੇ ਛੇਤੀ ਛਪ ਕੇ ਆਉਣ ਬਾਰੇ ਇਸ਼ਤਿਹਾਰ ਜ਼ਰੂਰ ਵੇਖਿਆ ਗਿਆ ਹੈ। ਇਸ ਦੀ ਇਬਾਰਤ ਇਸ ਪ੍ਰਕਾਰ ਹੈ :
ਸ੍ਰੀ ਮਾਨ ਸ: ਗੁਰਬਖ਼ਸ਼ ਸਿੰਘ ਜੀ ‘ਕੇਸਰੀ’ ਰਾਜ ਕਵੀਸ਼ਰ ਪਟਿਆਲਾ, ਹਾਲ ਹਸਨ ਪੁਰ (ਅੰਬਾਲਾ) ਦੀ ‘ਕੇਸਰ ਕਿਆਰੀ’ ਨਾਮੇ ਪੁਸਤਕ ਸ਼ੀਘਰ ਛਪ ਕੇ ਸਾਹਮਣੇ ਆ ਜਾਵੇਗੀ। ਇਹ ਪੁਸਤਕ ‘ਕੇਸਰੀ’ ਜੀ ਦੀ ਸੁੰਦਰ ਤੇ ਉਚ ਖ਼ਿਆਲੀ ਦੀਆਂ ਰਚਨਾਵਾਂ ਵਿੱਚੋਂ ਇਕ ਉਚ ਪਾਏ ਦੀ ਹੋਵੇਗੀ। ਪਾਠਕ ਜਨ ਇਕ ਵੇਰ ਜ਼ਰੂਰ ਮੰਗਵਾਕੇ ਪੜ੍ਹਨ।
ਹੁਣ ਕੇਸਰੀ ਜੀ ਦੀਆਂ ਰਚਨਾਵਾਂ ਦੀ ਸੂਚੀ ਨੂੰ ਮੁੜ ਵੇਖੀਏ, ਤਦ ਪਤਾ ਲੱਗਦਾ ਹੈ ਕਿ ਕੇਵਲ 24 ਪੁਸਤਕਾਂ ਬਾਰੇ ਹੀ ਕੁਝ ਟਿੱਪਣੀਆਂ/ਸੂਚਨਾਵਾਂ ਮਿਲਦੀਆਂ ਹਨ। ਜਿਹੜੀਆਂ ਪੁਸਤਕਾਂ ਰਚਨਾਵਾਂ ਬਾਰੇ ਕੋਈ ਜਾਣਕਾਰੀ ਟਿੱਪਣੀ ਨਹੀਂ ਮਿਲ ਸਕੀ, ਉਹ ਹਨ :
- ਕ੍ਰਿਪਾਨ, 2. ਸਿੰਧੀ ਬੱਚਾ, 3. ਕੇਸਰੀ ਝਲਕਾਂ,
- ਸੁਭਾਗੀ ਨੀਂਦਰ,
- ਚਾਹ ਤੇ ਨਸਵਾਰ, 6. ਮਨੋਹਰ ਕੀਰਤਨ, 7. ਸਭ੍ਯਤਾ ਸਾਗਰ
, 8. ਵਿਗਿਆਨਿਕ
ਲੇਖ, 9. ਸਾਹਿਤ ਸਾਗਰ, 10. ਗੁਰਮਤ 12. ਸੰਖੇਪ ਜੀਵਨ ਭਾਈ ਭਗਤ ਸਿੰਘ।
ਸਿਧਾਂਤ, 11. ਚਾਨਕੀਆ ਰਾਜਨੀਤੀ,
[ ਵਿਸ਼ੇਸ਼ ਟਿੱਪਣੀ : ਜੇਕਰ ਕੇਸਰੀ ਜੀ ਦੀਆਂ ਸਾਰੀਆਂ ਲਿਖਤਾਂ ਮਿਲ ਸਕਦੀਆਂ
ਤਾਂ ਉਨ੍ਹਾਂ ਦੀ ਘੋਖ ਕਰਨ ਉਪਰੰਤ ਨਿਸਚੇ ਨਾਲ ਆਖਿਆ ਜਾ ਸਕਦਾ ਸੀ ਕਿ ਉਨ੍ਹਾਂ ਦੀਆਂ ਕੁੱਲ ਰਚਨਾਵਾਂ ਕਿੰਨੀਆਂ ਹਨ। ਇਹ ਵੀ ਸਪੱਸ਼ਟ ਨਹੀਂ ਕਿ ਕਿਹੜੀ ਪੁਸਤਕ ਦਾ ਨਾਂ ਕੇਸਰੀ ਜੀ ਨੇ ਕਿਸੇ ਪੜਾਅ ਉੱਤੇ ਆਪ ਹੀ ਬਦਲ ਦਿੱਤਾ ਸੀ। ਇਵੇਂ ਹੀ, ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਕਿਹੜੀ ਰਚਨਾ ਕੋਈ ਛੋਟਾ ਟ੍ਰੈਕਟ ਹੀ ਸੀ। ਕਈ ਨਿੱਕੇ ਨਿੱਕੇ ਟੈਕਟਾਂ ਨੂੰ ਮਿਲਾ ਕੇ ਵੀ ਕੋਈ ਇਕ ਪੁਸਤਕ ਬਣਾਈ ਹੋ ਸਕਦੀ ਹੈ, ਜਿਵੇਂ ਕਿ ਸੱਤ ਸਾਦਿਕ ਪੁਸਤਕ ਦੇ ਸੰਬੰਧ ਵਿਚ ਹੋਇਆ ਹੈ। ਇਹ ਵੀ ਸੰਭਵ ਹੈ ਕਿ ਕੇਸਰੀ ਜੀ ਦੀਆਂ ਕੁਝ ਰਚਨਾਵਾਂ ਛਪ ਕੇ ਪੁਸਤਕ ਦੇ ਰੂਪ ਵਿਚ ਨਾ ਹੀ ਆਈਆਂ ਹੋਣ। ਉਪਰੋਕਤ ਸੂਚੀ ਵਿਚ ਦੂਜੀ ਰਚਨਾ ਸਿੰਧੀ ਬੱਚਾ ਹੈ। ਇਹ ਰਚਨਾ ਕਿਤੇ ਵੀ ਮਿਲੀ ਨਹੀਂ। ਅਨੂਪਮ ਕਲਗ਼ੀ ਟ੍ਰੈਕਟ ਦੀ ਦੂਜੀ ਛਾਪ ਦੇ ਸਮਰਪਣ ਤੋਂ ਸੰਕੇਤ ਮਿਲਦਾ ਹੈ ਕਿ ਸਿੰਧੀ ਬੱਚਾ ਕੌਣ ਹੈ। ਇਸ ਅਨੁਸਾਰ ਪਿੰਡ ਤੈਬ, ਜ਼ਿਲ੍ਹਾ ਲੜਕਾਣਾ, ਸਿੰਧ ਦੇ ਇਕ ਉੱਘੇ ਸਿੱਖ ਜ਼ਿਮੀਂਦਾਰ ਦਲਪਤ ਸਿੰਘ ਦੇ ਇਕਲੌਤੇ ਪੁੱਤਰ ਦੀ ਚੌਦਾਂ ਸਾਲ ਦੀ ਉਮਰ ਵਿਚ ਮ੍ਰਿਤੂ ਹੋ ਗਈ ਸੀ। ਕਵਿਤਾ ਵਿਚ ਲਿਖੇ ਉਪਰੋਕਤ ਸਮਰਪਣ ਦੀ ਇਕ ਤੁਕ ਹੈ: “ਦੇ ਗਿਆ ਵਿਛੋੜਾ ‘ਸਿੰਧੀ ਬੱਚਾ’ ਵਿਚ ਭਾਣੇ ਦੇ।” ਅਨੁਮਾਨ ਹੈ ਕਿ ਸਿੰਧੀ ਬੱਚਾ ਨਾਂ ਦੀ ਰਚਨਾ ਇਸੇ ਲੜਕੇ ਦੇ ਬਾਰੇ ਲਿਖੀ ਗਈ ਹੋਵੇਗੀ।]
-
ਗੁਰਬਖ਼ਸ਼ ਸਿੰਘ ਕੇਸਰੀ ਦਾ ਅਨੁਭਵ
ਕੇਸਰੀ ਜੀ ਦੀ ਕਲਮੀ ਸੇਵਾ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਕਿਹੜੇ ਸਮੇਂ ਵਿਚ ਵਿਚਰੇ। ਮਹਾਤਮਾ ਗਾਂਧੀ ਜੀ ਉਨ੍ਹਾਂ ਤੋਂ ਬਾਰ੍ਹਾਂ ਕੁ ਸਾਲ ਪਹਿਲਾਂ ਪੈਦਾ ਹੋਏ ਅਤੇ ਜਵਾਹਰ ਲਾਲ ਨਹਿਰੂ ਅੱਠ ਸਾਲ ਪਿੱਛੋਂ। ਕਾਂਗਰਸ ਪਾਰਟੀ ਕੇਸਰੀ ਜੀ ਦੇ ਜਨਮ ਤੋਂ ਕੁਝ ਸਾਲ ਪਿੱਛੋਂ ਬਣੀ। ਮੁਲਕ ਵਿਚ ਅਜ਼ਾਦੀ ਦੀ ਤਾਂਘ ਅੱਗੇ ਜਾ ਕੇ ਪੈਦਾ ਹੋਣੀ ਸੀ। ਲੰਮੇ ਸੰਘਰਸ਼ ਅਤੇ ਬੇਹਿਸਾਬ ਕੁਰਬਾਨੀਆਂ ਤੋਂ ਪਿੱਛੋਂ ਦੇਸ 1947 ਈ. ਵਿਚ ਅਜ਼ਾਦ ਹੋਇਆ। ਇਸ ਦੇ ਨਾਲ ਹੀ ਦੇਸ ਦਾ ਬਟਵਾਰਾ ਹੋਇਆ। ਪੰਜਾਬ ਨੂੰ ਇਸ ਵੰਡ ਸਮੇਂ ਵੀ ਲਹੂ-ਲੁਹਾਣ ਹੋਣਾ ਪਿਆ। ਕੇਸਰੀ ਜੀ ਨੇ ਲਗਪਗ ਗਿਆਰਾਂ ਸਾਲ ਅਜ਼ਾਦ ਭਾਰਤ ਦੇ ਦੇਖੇ। ਸਤੱਤਰ ਸਾਲ ਦੀ ਉਮਰ ਵਿਚ ਉਹ 1958 ਵਿਚ ਚੱਲ ਵੱਸੇ ਸਨ। ਇਸ ਤੋਂ ਪੂਰਵਲੇ ਸਮੇਂ ਵਿਚ ਦੋ ਵਿਸ਼ਵ ਯੁੱਧ ਹੋਏ। ਵੀਹਵੀਂ ਸਦੀ ਦੇ ਤੀਜੇ ਦਹਾਕੇ ਵਿਚ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਛੁਡਾਉਣ ਲਈ ਸਿੱਖਾਂ ਨੂੰ ਸੰਘਰਸ਼ ਕਰਨਾ ਪਿਆ। ਅਨੇਕਾਂ ਕੁਰਬਾਨੀਆਂ ਕਰਨੀਆਂ ਪਈਆਂ। ਗੁਰੂ ਕੇ ਬਾਗ਼ ਦਾ ਮੋਰਚਾ ਅਤੇ ਜੈਤੋ ਦਾ ਮੋਰਚਾ ਵੀ ਲੱਗਿਆ। ਦੇਸ ਤੋਂ ਬਾਹਰ ਗ਼ਦਰ ਪਾਰਟੀ ਦੀਆਂ ਧੁੰਮਾਂ ਪਈਆਂ। ਦੇਸ ਵਿਚ ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਤੇ ਭਗਤ ਸਿੰਘ ਜਿਹੇ ਅਨੇਕਾਂ ਸੂਰਮੇ ਫਾਂਸੀ ਉੱਤੇ ਚੜ੍ਹੇ। ਗਾਂਧੀ ਦੀ ਅਗਵਾਈ ਵਿਚ ਸਿਵਲ-ਨਾ-ਫ਼ੁਰਮਾਨੀ ਦੀ ਲਹਿਰ ਵੀ ਚੱਲੀ। ਇਸ ਪ੍ਰਕਾਰ ਕੇਸਰੀ ਜੀ ਦੇ ਆਪਣੇ ਜੀਵਨ ਵਿਚ ਸਮੇਂ ਨੇ ਕਈ ਕਰਵਟਾਂ ਲਈਆਂ। ਕੁਦਰਤੀ ਸੀ ਕਿ ਇਹ ਸਾਰਾ ਕੁਝ ਕੇਸਰੀ ਜੀ ਦੇ ਅਨੁਭਵ ਦਾ ਹਿੱਸਾ ਬਣਿਆ। ਫਿਰ ਉਨ੍ਹਾਂ ਨੇ ਆਪਣੀਆਂ ਜੀਵਨ-ਹਾਲਤਾਂ, ਵਿੱਦਿਆ, ਅਧਿਐਨ ਅਤੇ ਸ਼ਖ਼ਸੀਅਤ ਅਨੁਸਾਰ ਆਪਣਾ ਸਾਹਿੱਤਕ ਕਾਰਜ ਕੀਤਾ। ਕੇਸਰੀ ਜੀ ਮੁੱਖ ਤੌਰ ‘ਤੇ ਸਿੰਘ ਸਭਾ ਲਹਿਰ ਅਤੇ ਪੰਚ ਖ਼ਾਲਸਾ ਦੀਵਾਨ, ਭਸੌੜ ਦੇ ਪ੍ਰਭਾਵ ਹੇਠ ਰਹੇ। ਉਨ੍ਹਾਂ ਨੇ ਰਿਆਸਤ ਪਟਿਆਲਾ ਦੀ ਨੌਕਰੀ ਦੌਰਾਨ ਰਾਜ-ਦਰਬਾਰ ਦੇ ਰੰਗ ਵੀ ਵੇਖੇ। ਸਾਹਿੱਤਿਕ ਤੌਰ ਉੱਤੇ ਕੇਸਰੀ ਜੀ ਆਪਣੇ ਸਮੇਂ ਦੇ ਉੱਘੇ ਸਾਹਿੱਤਕਾਰਾਂ ਦੇ ਸੰਪਰਕ ਵਿਚ ਰਹੇ। ਪੁਸ਼ਤੈਨੀ ਕਿੱਤਾ ਖੇਤੀਬਾੜੀ ਰਿਹਾ ਹੋਣ ਕਾਰਨ ਉਨ੍ਹਾਂ ਦੀ ਸੋਚ ਅਤੇ ਪਹੁੰਚ ਇਕ ਕਿਰਸਾਨ ਦੀ ਸੀ। ਉਹ ਜ਼ਮੀਨ ਨਾਲ ਜੁੜੇ ਹੋਏ ਸਨ। ਉਨ੍ਹਾਂ ਦੀਆਂ ਲਿਖਤਾਂ ਵਿਚ ਅਖਾਉਤਾਂ, ਮੁਹਾਵਰੇ, ਅਲੰਕਾਰ ਅਤੇ ਸ਼ਬਦਵਾਲੀ ਮੁੱਖ ਤੌਰ ‘ਤੇ ਪੇਂਡੂ ਜੀਵਨ ਨਾਲ ਜੁੜੀ ਹੋਈ ਸੀ।
ਕੇਸਰੀ ਜੀ ਦੀ ਸਾਹਿੱਤ-ਸੇਵਾ ਨੂੰ ਸਮਝਣ ਲਈ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਉਹ ਸਿੱਖੀ-ਸੋਚ ਨੂੰ ਪ੍ਰਣਾਈ ਸਿੰਘ ਸਭਾ ਲਹਿਰ ਦੇ ਆਸ਼ਿਆਂ ਨੂੰ ਸਮਰਪਿਤ ਸਿਰੜੀ ਲੇਖਕ ਸਨ। ਪੰਚ ਖ਼ਾਲਸਾ ਦੀਵਾਨ, ਭਸੌੜ ਨਾਲ ਉਨ੍ਹਾਂ ਦੇ ਨਿਕਟ ਸੰਪਰਕ ਨੇ ਇਸ ਰੰਗ ਨੂੰ ਹੋਰ ਗੂੜ੍ਹਾ ਕਰ ਦਿੱਤਾ। ਡਾ. ਤੇਜਵੰਤ ਮਾਨ ਨੇ ਆਪਣੀ ਪੁਸਤਕ ਪੰਚ ਖ਼ਾਲਸਾ ਦੀਵਾਨ ਭਸੌੜ ਦੀ ਪੰਜਾਬੀ ਸਾਹਿੱਤ ਨੂੰ ਦੇਣ ਵਿਚ ਲਿਖਿਆ ਹੈ :
“ਪੰਚ ਖ਼ਾਲਸਾ ਦੀਵਾਨ ਦੇ ਮੁੱਖੀਆਂ ਵਿਚ ਹੇਠ ਲਿਖੇ ਸੱਜਣ ਨੀਯਤ ਹੁੰਦੇ ਰਹੇ ਹਨ…ਗੁਰਬਖ਼ਸ਼ ਸਿੰਘ ਕੇਸਰੀ…ਆਦਿ ਹੋਰ ਕਿੰਨੇ ਹੀ ਵਿਦਵਾਨ ਏਸ ਦੀਵਾਨ ਦੇ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ।”
ਚਾਹੇ, ਇਹ ਸਿੰਘ ਸਭਾ ਲਹਿਰ ਦਾ ਪ੍ਰਭਾਵ ਹੋਵੇ ਜਾਂ ਖ਼ਾਲਸਾ ਦੀਵਾਨ ਦਾ, ਗੁਰੂ ਗ੍ਰੰਥ (ਸਾਹਿਬ) ਤੋਂ ਮਿਲਦੀ ਅਗਵਾਈ ਅਨੁਸਾਰ ਜੀਵਨ- ਾ ਦੇਣਾ ਜ਼ਰੂਰੀ ਸੀ। ਅਨਮਤ ਤੋਂ ਦੂਰ ਰਹਿਣਾ, ਸਾਦਾ ਅਤੇ ਸਰਲ -, ਨਸ਼ਿਆਂ ਤੋਂ ਦੂਰੀ, ਜਿਨਸੀ-ਭੇਦ ਭਾਵ ਨੂੰ ਨਾ ਮੰਨਣਾ, ਵਿੱਦਿਆ । ਇਤਿਹਾਸ ਅਤੇ ਸਿੱਖ ਵਿਰਸੇ ਦੀ ਸੰਭਾਲ ਕਰਨਾ, ਆਦਿ ਇਸ ਅੰਗ ਰਹੇ ਹਨ।
i ਮੁੱਖ ਤੌਰ ਉੱਤੇ ਸਿੱਖ ਪ੍ਰਚਾਰਕ ਸਨ। ਮਲਾਇਆ ਵਿਚ ਉਨ੍ਹਾਂ ਦਾ … ਕੰਮ ਕਰਨਾ ਤਾਂ ਵਿੱਦਤ ਹੀ ਹੈ। ਪ੍ਰਚਾਰ ਦੇ ਨੁਕਤੇ ਤੋਂ ਉਨ੍ਹਾਂ ਨੇ ਆਪਣੀਆਂ ਲਿਖਤਾਂ ਦੀ ਭਾਸ਼ਾ ਸੁਚੇਤ ਰੂਪ ਵਿਚ ਸਰਲ ਰੱਖੀ। ਉਨ੍ਹਾਂ ਨੇ ਆਮ ਪ੍ਰਚੱਲਿਤ ਛੰਦਾਂ ਦੀ ਵਰਤੋਂ ਕੀਤੀ। ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਪੁਸਤਕ ਦੇ ਅਰੰਭ ਵਿਚ ਕੇਸਰੀ ਜੀ ਵੱਲੋਂ ‘ਬੇਨਤੀ’ ਸਿਰਲੇਖ ਹੇਠ ਲਿਖੇ ਸ਼ਬਦ ਇਸ ਪ੍ਰਸੰਗ
ਵਿਚ ਬੜੇ ਮਹੱਤਵਪੂਰਨ ਹਨ:
“ਏਹ ਗੱਲ ਸਭ ਕੋਈ ਜਾਣਦਾ ਹੈ, ਕਿ ਪ੍ਰਚਾਰ ਦਾ ਸਭ ਤੋਂ ਵੱਡਾ ਵਸੀਲਾ ਦੇਸ ਦੀ ਆਪਣੀ ਦੇਸੀ ਜ਼ਬਾਨ ਦੀਆਂ ਪੋਥੀਆਂ ਹਨ। ਸਾਡਾ ਦੇਸ ਪੰਜਾਬ ਹੈ, ਇਸਦੀ ਬੋਲੀ ਨੂੰ ‘ਪੰਜਾਬੀ’ ਕਹਿੰਦੇ ਹਨ। ਹੁਣ ਗੁਰੂ ਜੀ ਦੀ ਕ੍ਰਿਪਾ ਨਾਲ ਦੇਸ ਦੇ ਕਵੀਆਂ ਦੀ ਰੁਚੀ ਚੰਗੇ ਸੁਧਾਚਾਰਕ ਪੁਸਤਕ ਲਿਖਣ ਵੱਲ ਹੋਈ ਹੈ, ਯਕੀਨ ਨਾਲ ਕਿਹਾ ਜਾਂਦਾ ਹੈ ਕਿ ਪੰਜਾਬੀ ਬੋਲੀ ਤਰੱਕੀ ਕਰੇਗੀ। ਹੁਣ ਸਾਨੂੰ ਏਹ ਕਰਨਾ ਲੋੜੀਂਦਾ ਹੈ, ਜੋ ਅਸੀਂ ਉਜੇਹੀਆਂ ਪੁਸਤਕਾਂ ਰਚੀਏ ਜੋ ਆਮ ਦੀ ਸਮਝ ਵਿਚ ਆ ਕੇ ਲਾਭ ਦਾ ਕਾਰਨ ਬਣਨ।…ਅੱਜ ਕੱਲ ਆਮ ਤੌਰ ਪਰ ਜਿਨ੍ਹਾਂ ਕਿੱਸਿਆਂ ਵਿਚ ਬੈਂਤ, ਕਬਿੱਤ, ਦੋਹਰੇ, ਸੋਰਠੇ, ਸਵੱਯੇ, ਛੰਦ, ਚੌਪਈ, ਖ਼ਾਸਕਰ ਕੋਰੜੇ ਛੰਦ ਹੁੰਦੇ ਹਨ ਓਹਨਾਂ ਨੂੰ ਲੋਕੀਂ ਵਧੀਕ ਪਿਯਾਰ ਕਰਦੇ ਹਨ। ਇਨ੍ਹਾਂ ਛੰਦਾਂ ਨੂੰ ਆਮ ਲੋਕ ਕਈ ਢੰਗਾਂ ਵਿਚ ਗਾਂਵਦੇ ਤੇ ਪੜ੍ਹਦੇ ਹਨ। ਪਰ ਅਸੀਂ ਇਸ ਨੂੰ ਹਾਰਮੋਨੀਅਮ ਵਾਜੇ ਨਾਲ ਇਕ ਅਨੋਖੀ ਤਰਜ਼ ਪਰ ਕਢਿਆ ਹੈ, ਜੋ ਬੜਾ ਦਿਲ-ਖਿੱਚਵਾਂ ਢੰਗ ਹੈ।”
ਸਮਾਜ-ਸੁਧਾਰ ਕੇਸਰੀ ਜੀ ਦੀਆਂ ਲਿਖਤਾਂ ਦਾ ਉਘੜਵਾਂ ਲੱਛਣ ਹੈ।
ਕੇਸਰੀ ਜੀ ਪੁਆਧ ਦੇ ਖਿੱਤੇ ਦੇ ਜੰਮਪਲ ਸਨ। ਇਸ ਖਿੱਤੇ ਦੀ ਪੰਜਾਬੀ ਸ਼ਬਦਾਵਲੀ ਉਨ੍ਹਾਂ ਦੀਆਂ ਰਚਨਾਵਾਂ ਵਿਚ ਸਹਿਜ-ਸੁਭਾਵਿਕ ਹੀ ਆ ਗਈ ਹੈ।
ਕੇਸਰੀ ਜੀ ਪੱਤਰਕਾਰੀ ਨਾਲ ਵੀ ਜੁੜੇ ਹੋਏ ਸਨ। ਇਸ ਕਾਰਨ ਉਨ੍ਹਾਂ ਦੀਆਂ ਲਿਖਤਾਂ ਜਨ-ਸਾਧਾਰਨ ਨੂੰ ਸਾਹਮਣੇ ਰੱਖ ਕੇ ਲਿਖੀਆਂ ਹੁੰਦੀਆਂ ਸਨ। ਕਈ ਵਾਰੀ ਪਾਠਕ ਨੂੰ ਸਿੱਧਾ ਸੰਬੋਧਨ ਵੀ ਹੁੰਦਾ ਸੀ।
ਕੇਸਰੀ ਜੀ ਭਾਵੇਂ ਕਿਸੇ ਵੀ ਵਿਚਾਰਧਾਰਾ ਨਾਲ ਜੁੜੇ ਹੋਏ ਸਨ, ਬੁਨਿਆਦੀ ਤੌਰ ਉੱਤੇ ਉਹ ਸਾਹਿੱਤਕਾਰ ਸਨ। ਇਸ ਲਈ ਉਹ ਆਪਣੇ ਆਦਰਸ਼ਕ ਸਾਹਿੱਤਕਾਰ ਗਿਆਨੀ ਦਿੱਤ ਸਿੰਘ ਵਾਂਗੂੰ ਆਪਣੀ ਕਰਤਾਰੀ ਸ਼ਕਤੀ ਦਾ ਪ੍ਰਗਟਾਵਾ ਆਪਣੇ ਅੰਦਾਜ਼ ਵਿਚ ਕਰ ਦਿੰਦੇ ਸਨ । ਕੇਸਰੀ ਜੀ ਦੇ ਕੁਝ ਅਣਛਪੇ ਲੇਖਾਂ ਨੂੰ ਵੇਖਦਿਆਂ ਖ਼ਾਲਸਾ ਪਾਰਲੀਮੈਂਟ ਗਜ਼ਟ ਦੇ ਜੂਨ-ਜੁਲਾਈ ਅੰਕ 1951 ਵਿਚ ਛਪਿਆ ‘ਅਮੋਲਕ ਤੋਹਫ਼ਾ’ ਨਾਂ ਦਾ ਲੇਖ ਧਿਆਨ ਵਿਚ ਆਇਆ। ਇਹ ਮੁਗ਼ਲ ਬਾਦਸ਼ਾਹ ਜਹਾਂਗੀਰ ਅਤੇ ਉਸ ਦੀਆਂ ਬੇਗਮਾਂ ਵਿਚਕਾਰ ਕਿਸੇ ਪ੍ਰਸੰਗ ਵਿਚ ਹੋਈ ਫ਼ਾਰਸੀ ਸ਼ਿਅਰੋ-ਸ਼ਾਇਰੀ ਬਾਰੇ ਹੈ। ਸਾਹਿੱਤਿਕ ਸੁਹਜ-ਸੁਆਦ ਪੱਖੋਂ ਇਸ ਲੇਖ ਦਾ ਵਿਸ਼ਾ ਬਹੁਤ ਵਧੀਆ ਹੈ। ਐਪਰ ਸਿੱਖ-ਜਗਤ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਾਰਨ ਜਹਾਂਗੀਰ ਪ੍ਤਿ ਗ਼ੁੱਸੇ ਅਤੇ ਤ੍ਰਿਸਕਾਰ ਦੀਆਂ ਭਾਵਨਾਵਾਂ ਵੀ ਜਾਗਦੀਆਂ ਹਨ। ਕੇਸਰੀ ਜੀ ਇਸ ਲੇਖ ਵਿਚ ਜਹਾਂਗੀਰ ਨੂੰ ਵਿਦਵਾਨ ਅਤੇ ਵਿੱਦਿਆ ਪ੍ਰੇਮੀ ਦੱਸਦੇ ਹਨ। ਉਹ ਬੇਗਮਾਂ ਦੇ ਸਾਹਿੱਤਿਕ ਸੁਹਜ-ਸਵਾਦ, ਹਾਜ਼ਰ-ਜਵਾਬੀ ਅਤੇ ਬੌਧਿਕਤਾ ਨੂੰ ਰੀਝ ਨਾਲ ਚਿਤਰਦੇ ਹਨ। ਇਹ ਗੱਲ ਪ੍ਰਮਾਣਿਤ ਕਰਦੀ ਹੈ ਕਿ ਸਾਹਿੱਤਕਾਰ ਅਤੇ ਕਲਾਕਾਰ ਕਿਸੇ ਸੋਚ ਨਾਲ ਪ੍ਰਤਿਬੱਧਤਾ ਰੱਖਣ ਦੇ ਬਾਵਜੂਦ ਕਈ ਵਾਰੀ ਉਸ ਤੋਂ ਉੱਪਰ ਵੀ ਉੱਠ ਜਾਂਦੇ ਹਨ। ਕੇਸਰੀ ਜੀ ਇਸ ਪੱਖੋਂ ਅਪਵਾਦ ਨਹੀਂ ਸਨ।
ਭਾਵੇਂ ਕੇਸਰੀ ਜੀ ਦਾ ਕਵੀ ਰੂਪ ਵੱਧ ਉਘੜਿਆ ਹੈ। ਗਿਆਨੀ ਦਿੱਤ ਸਿੰਘ ਵਾਂਗ, ਉਹ ਵਾਰਤਕ ਵਿਚ ਦੇਣ ਯੋਗ ਵਿਸ਼ਾ-ਵਸਤੂ ਨੂੰ ਵੀ ਆਪਣੀ ਮੌਜ ਵਿਚ ਛੰਦ-ਬੱਧ ਰੂਪ ਦੇ ਦਿੱਤਾ ਕਰਦੇ ਸਨ। ਉਹ ਛੰਦ-ਕਲਾ ਵਿਚ ਪ੍ਰਵੀਣ ਵੀ ਸਨ। ਉਂਜ, ਕੇਸਰੀ ਜੀ ਦੀ ਵਾਰਤਕ ਦੇ ਜਿੰਨੇ ਕੁ ਨਮੂਨੇ ਸਾਨੂੰ ਵੇਖਣ ਨੂੰ ਮਿਲ ਸਕੇ ਹਨ, ਉਸ ਅਨੁਸਾਰ ਉਹ ਉੱਚੇ ਪੱਧਰ ਦੇ ਵਾਰਤਕ-ਲੇਖਕ ਵੀ ਸਾਬਤ ਹੁੰਦੇ ਹਨ। ਉਹ ਕਿਸੇ ਗੰਭੀਰ ਵਿਸ਼ੇ ਬਾਰੇ ਵਿਚਾਰ ਕਰਦੇ ਹੋਏ, ਉਸ ਨੂੰ ਵਧੇਰੇ ਸਪੱਸ਼ਟ ਕਰਨ ਅਤੇ ਰੌਚਿਕਤਾ ਦਾ ਤਰੌਂਕਾ ਦੇਣ ਲਈ ਕੋਈ ਢੁਕਵੀਂ ਕਹਾਣੀ ਦੇ ਦਿੰਦੇ ਸਨ। ਕੇਸਰੀ ਜੀ ਦੇ ਇਸ ਰੰਗ ਨੂੰ ਅੱਗੇ ਦਿੱਤੀਆਂ ਦੋ ਉਦਾਹਰਣਾਂ ਵਿਚ ਵੇਖਿਆ ਜਾ ਸਕਦਾ ਹੈ :
- “ਪਿਛਲੇ ਸਮੇਂ ਵਿਚ ਕਾਜ਼ੀ ਹਾਕਮਾਨਾ ਪੁਜ਼ੀਸ਼ਨ ਵਿਚ ਅਦਾਲਤੀ ਹੋਇਆ ਕਰਦੇ ਸਨ। ਇਕ ਕਾਜ਼ੀ ਸਾਹਿਬ ਬਹੁਤ ਬੜੀ ਹੈਸੀਅਤ ਦੇ ਮਾਲਕ ਸਨ, ਆਪ ਦੇ ਪਾਸ ਸਵਾਰੀ ਲਈ ਇਕ ਕੋਤਲ ਘੋੜਾ ਸੀ ਜੋ ਬਹੁਤ ਵੱਡੇ ਮੁੱਲ ਦਾ ਸੀ। ਕਾਜ਼ੀ ਦੇ ਨੌਕਰ ਦੀ ਨੀਅਤ ਫਿਟ ਗਈ, ਉਸ ਨੇ ਚਾਹਿਆ ਕਿ ਕਿਸੇ ਫ਼ਰੇਬ ਨਾਲ ਇਹ ਘੋੜਾ ਗੁੰਮ ਕਰ ਦਿੱਤਾ ਜਾਵੇ। ਸੋ, ਉਸ ਨੇ ਇਕ ਦਿਨ ਕਾਜ਼ੀ ਨੂੰ ਆਖਿਆ, ‘ਹਜ਼ੂਰ! ਕੋਤਲ ਘੋੜਾ ਤਾਂ ਗਧਿਆ ਚੱਲਿਆ ਜੇ, ਘੋੜੇ ਦਾ ਇਕ ਕੰਨ ਖੋਤੇ ਦਾ ਹੋ ਗਿਆ।’ ਕਾਜ਼ੀ ਨੇ ਕਿਹਾ, ‘ਬਕਵਾਸ ਪਿਆ ਕਰਦਾ ਏਂ? ਅਜਿਹਾ ਨਹੀਂ ਹੋ ਸਕਦਾ। ਨੌਕਰ ਨੇ ਫੇਰ ਦੂਜੇ ਦਿਨ ਆਖਿਆ, ‘ਹਜ਼ੂਰ! ਮੈਂ ਤਬੇਲੇ ਵਿਚੋਂ ਆਇਆ ਹਾਂ, ਦੂਜਾ ਕੰਨ ਵੀ ਬਦਲ ਗਿਆ।’ ਪਰ ਕਾਜ਼ੀ ਨੌਕਰ ਨੂੰ ਫੇਰ ਮੁੜ ਝਿੜਕਾਂ ਪਾਈਆਂ। ਥੋੜੀ ਦੇਰ ਬਾਅਦ ਕਾਜ਼ੀ ਨੂੰ ਹੋਰ ਸੁਣਾਉਣੀ ਮਿਲੀ, ‘ਹਜ਼ੂਰ ਤੁਸੀਂ ਤਾਂ ਸੱਚ ਨਹੀਂ ਮੰਨਦੇ, ਘੋੜੇ ਦੀ ਗਰਦਨ ਵੀ ਖੋਤੇ ਦੀ ਹੋ ਗਈ ਹੈ।’ ਕਾਜ਼ੀ ਨੇ ਖ਼ਿਆਲ ਕੀਤਾ ਕਿ ਨੌਕਰ ਪਾਗਲ ਹੋ ਗਿਆ ਹੈ, ਕਦੀ ਹੱਸ ਛੱਡੇ ਕਦੇ ਝਿੜਕ ਕੇ ਪਰਤਾ ਦੇਵੇ। ਪਰ ਨੌਕਰ ਹਰ ਵਾਰ ਤਬੇਲੇ ‘ਚੋਂ ਨਵੀਂ ਹੀ ਖ਼ਬਰ ਲਿਆਵੇ। ਹੁਣ ਨੌਕਰ ਨੇ ਕਿਹਾ, ‘ਹਜ਼ੂਰ ਹੁਣ ਤਾਂ ਪੂਛ ਵੀ ਬਦਲ ਗਈ ਤੇ ਸੁੰਮ ਵੀ ਖੋਤੇ ਦੇ ਹੋ ਗਏ।’ ਪਰ ਕਾਜ਼ੀ ਦੇ ਕੰਨ ‘ਤੇ ਜੂੰ ਨਾ ਸਿਰਕੀ। ਛੇਕੜ ਨੌਕਰ ਨੇ ਸਮਾਂ ਗ਼ਨੀਮਤ ਸਮਝ ਕੇ ਕੋਤਲ ਘੋੜਾ ਚੋਰਾਂ ਦੇ ਹਵਾਲੇ ਕੀਤਾ ਤੇ ਉਸ ਦੀ ਥਾਂ ਇਕ ਲੰਮੇ ਕੰਨਾਂ ਵਾਲਾ, ਵੱਡੇ ਕੱਦ ਦਾ ਸਫ਼ੈਦ ਗਧਾ ਬੰਨ੍ਹ ਦਿੱਤਾ ਅਤੇ ਕਾਜ਼ੀ ਨੂੰ ਸੰਜੀਦਗੀ ਅਤੇ ਦੁਖਿਤ ਦਿਲ ਨਾਲ ਆ ਕੇ ਆਖਿਆ, ‘ਹਜ਼ੂਰ ਹੁਣ ਤਾਂ ਉਠੋ ਤੇ ਚੱਲ ਕੇ ਵੇਖੋ, ਆਪ ਦਾ ਕੋਤਲ ਘੋੜਾ ਤਾਂ ਸਾਰੇ ਦਾ ਸਾਰਾ ਨਖਸਿਖ ਤੀਕ ਗਧਿਆ ਗਿਆ।’ ਨੌਕਰ ਦੀ ਇਹ ਅਨੋਖੀ ਗੱਲ ਸੁਣ ਕੇ ਕਾਜ਼ੀ ਸਾਹਿਬ ਨੇ ਤਬੇਲੇ ਵਿਚ ਆ ਕੇ ਵੇਖਿਆ, ਜੋ ਕੋਤਲ ਦੀ ਥਾਂ ਖੋਤਾ ਖਲੋਤਾ ਹੈ। ਇਹ ਸਿਤਮ ਭਰਿਆ ਕੌਤਕ ਵੇਖ ਕੇ ਕਾਜ਼ੀ ਦੀ ਖਾਨਿਉਂ ਗਈ, ਪਰ ਨੋਕਰ ਦੀ ਚੜ੍ਹ ਵੱਜੀ, ਆਖਣ ਲੱਗਾ, ‘ਹਜੂਰ ਜਦ ਕੰਨ ਬਦਲੇ ਤਦ ਮੈਂ ਇਤਲਾਹ ਦਿੱਤੀ, ਗਰਦਨ ਬਦਲੀ ਜਦ ਮੈਂ ਪਿੱਟਿਆ, ਸੁੰਮ ਬਦਲੇ ਜਦ ਨਾ ਆਪ ਨੇ ਸੁਣੀ, ਫੇਰ ਪੂਛ ਬਦਲੀ, ਛੇਕੜ ਬਦਲਦਾ ਬਦਲਦਾ ਸਾਰਾ ਹੀ ਬਦਲ ਗਿਆ, ਹੁਣ ਕਿਉਂ ਪਿਟਦੇ ਹੋ।”
(ਲੇਖ ‘ਹਜ਼ੂਰ! ਕੋਤਲ ਘੋੜਾ ਗਧਿਆ ਚੱਲਿਆ ਜੇ !’ ਵਿੱਚੋਂ)
- “ਸ਼ਹਿਨਸ਼ਾਹ ਅਕਬਰ ਨੂੰ ਆਪਣੀ ਪਿਛਲੀ ਉਮਰ ਦੇ ਹਿੱਸੇ ਵਿਚ ਇਕ ਜਵਾਨ ਲੜਕੀ ਨਾਲ ਇਸ਼ਕ ਹੋ ਗਿਆ। ਅਰ ਬਾਦਸ਼ਾਹ ਉਸ ਨਾਲ ਸ਼ਾਦੀ ਕਰਨ ਲਈ ਤੁਲ ਗਿਆ। ਰਾਜਾ ਬੀਰਬਲ ਇਸ ਗੱਲ ਦੇ ਬਹੁਤ ਵਿਰੁੱਧ ਸੀ। ਸੌ ਵਲ ਛਲ ਕਰਕੇ ਹੇਰਾਂ ਫੇਰਾਂ ਨਾਲ ਮਾਨਬਰ ਨੂੰ ਸਮਝਾਣ ਬੁਝਾਣ ਦੇ ਯਤਨ ਕੀਤੇ, ਪਰ ਕੋਈ ਸਫਲ ਨਾ ਹੋਇਆ ਅਰ ਬਾਦਸ਼ਾਹ ਇਜੇਹਾ ਮੋਹਿਤ ਹੋਇਆ ਆਖੇ ਸਹੇ ਦੇ ਚੌਥੀ ਲੱਤ ਹੈ ਹੀ ਨਹੀਂ। ਮੈਂ ਸ਼ਾਦੀ ਜ਼ਰੂਰ ਕਰਾਵਾਂਗਾ। ਜਦ ਹੋਰ ਕੋਈ ਚਾਰਾ ਨਾ ਚੱਲਿਆ ਤਾਂ ਰਾਜਾ ਬੀਰਬਲ ਨੇ ਜਿਥੇ ਨੂੰ ਕਿ ਸ਼ਹਿਨਸ਼ਾਹ ਦਾ ਰੋਜ਼ ਗੁਜ਼ਰਨੇ ਦਾ ਮੌਕਿਆ ਸਾ ਉਥੇ ਮੋਟੇ ਅੱਖਰਾਂ ਵਿਚ ਹੇਠ ਲਿਖਿਆ ਸ੍ਵੈਯਾ ਇਕ ਫੱਟੇ ਉੱਤੇ ਲਿਖ ਕੇ ਖੜਾ ਕਰ ਦਿੱਤਾ ਜੋ ਇਸ ਪ੍ਰਕਾਰ ਸੀ :
ਤੀਸ ਭਏ ਜਬ ਖੀਸ ਉਰੂ ਅਰੁ ਚਾਲੀ ਪਚਾਸ ਮੇਂ ਨਾਮ ਨਾ ਲੀਜੈ।
‘ਵਿਆਹ ਕੋ ਚਾਵ ਉਠੈ ਮਨ ਮੈ ਤਬ ਪੰਦਰਹ, ਬੀਸ, ਪਚੀਸ ਲੌ ਕੀਜੈ। ਕਾਮ ਕੋ ਬੇਗ ਉਠੈ ਮਨ ਮੇਂ ਤਬ ਗਿਆਨ ਸੇ ਚਿਤ ਕੋ ਰੋਕ ਲਈਜੈ। ਸਾਠ ਬਰੀਸ ਮੇਂ ਵਿਆਹ ਕਰਾਏ ਜੋ ਕਾਢ ਕੈ ਜੂਤਾ ਕਪਾਲ ਮੇਂ ਦੀਜੇ।’
ਬੱਸ ਏਹ ਸ੍ਵੈਯਾ ਪੜ੍ਹ ਕੇ ਅਕਬਰ ਬਹੁਤ ਸ਼ਰਮਿੰਦਾ ਹੋਇਆ ਅਰ ਉਸ ਨੇ ਜਾਣ ਲੀਤਾ ਜੋ ਇਹ ਖਚਰ ਬੀਰਬਲ ਦਾ ਹੈ। ਕਿਉਂਕਿ ‘ਕਪਾਲ ਮੇਂ ਜੂਤਾ’ ਜੇਹੇ ਸ਼ਬਦ ਬੀਰਬਲ ਤੋਂ ਬਿਨਾਂ ਹੋਰ ਕੌਣ ਸੀ ਜੋ ਅਕਬਰ ਦੀ ਸ਼ਾਨ ਵਿਚ ਬੋਲ ਸਕਦਾ ਹੋਵੇ, ਉਸ ਦਿਨ ਤੋਂ ਫੇਰ ਕਦੇ ਵਿਆਹ ਦਾ ਨਾਮ ਤੀਕ ਨਾ ਲਿਆ।
ਵੱਡੀ ਉਮਰ ਦੀ ਸ਼ਾਦੀ ਦੀ ਰੋਕ ਏਹ ਭੀ ਵਿਹਾਰ-ਸੁਧਾਰ ਦਾ ਇਕ ਖ਼ਾਸ ਅੰਗ ਹੈ। ਜੋ ਲੋਕ ਇਸ ਤਰ੍ਹਾਂ ਦੀਆਂ ਸ਼ਾਦੀਆਂ ਕਰਾਉਂਦੇ ਹਨ ਉਹ ਆਪਣੇ ਲਈ ਤੇ ਦੇਸ਼ ਲਈ ਹਰ ਪਹਿਲੂ ਤੋਂ ਹਾਨੀਕਾਰਕ ਹਨ।”
(ਵੱਡੀ ਉਮਰ ਦੀ ਸ਼ਾਦੀ’ ਵਿੱਚੋਂ)
ਇਸ ਤੋਂ ਇਹ ਵੀ ਪ੍ਰਮਾਣਿਤ ਹੁੰਦਾ ਹੈ ਕਿ ਕੇਸਰੀ ਜੀ ਕਥਾ-ਰਸ ਦੇ ਵੀ ਧਨੀ ਸਨ।
-
ਗੁਰਬਖ਼ਸ਼ ਸਿੰਘ ਕੇਸਰੀ ਦੀ ਸ਼ਖ਼ਸੀਅਤ
9.1 ਕੇਸਰੀ ਜੀ ਦਾ ਮੁਹਾਂਦਰਾ
ਰਣਜੋਧ ਸਿੰਘ ਗਿੱਲ ਨੇ ਆਪਣੇ ਨਾਨਾ ਜੀ (ਕੇਸਰੀ ਜੀ) ਦਾ ਮੁਹਾਂਦਰਾ ਇਸ
ਪ੍ਰਕਾਰ ਦੱਸਿਆ ਹੈ :
“ਮੇਰੇ ਨਾਨਾ ਜੀ, ਸ੍ਰੀ ਗੁਰਬਖ਼ਸ਼ ਸਿੰਘ ਕੇਸਰੀ ਜੀ ਦਰਮਿਆਨਾ ਕੱਦ, ਚੌੜਾ ਜੁੱਸਾ, ਚਿਹਰੇ ਉੱਤੇ ਇਕ ਰੋਅਬਦਾਰ ਤੇਜ ਦੇ ਮਾਲਕ ਸਨ।”
ਉਨ੍ਹਾਂ ਨੇ ਹੋਰ ਸਪੱਸ਼ਟ ਕਰਦਿਆਂ ਮੈਨੂੰ ਜ਼ੁਬਾਨੀ ਦੱਸਿਆ ਕਿ ਕੇਸਰੀ ਜੀ ਦੀ ਦਿੱਖ ਪਰਤਾਪ ਸਿੰਘ ਕੈਰੋਂ ਵਰਗੀ ਸੀ। ਭਾਵ, ਜਿਵੇਂ ਦੇ ਕੈਰੋਂ ਆਮ ਵੇਖੀ ਜਾਂਦੀ ਫੋਟੋ ਵਿਚ ਵਿਖਾਈ ਦਿੰਦੇ ਹਨ, ਉਸ ਨਾਲ ਮਿਲਦਾ-ਜੁਲਦਾ ਕੇਸਰੀ ਜੀ ਦਾ ਚਿਹਰਾ ਸੀ।
9.2 ਕੇਸਰੀ ਜੀ ਦਾ ਖਾਣ-ਪੀਣ
ਰਣਜੋਧ ਸਿੰਘ ਗਿੱਲ ਨੇ ਅੱਗੇ ਲਿਖਿਆ ਹੈ ਕਿ ਕੇਸਰੀ ਜੀ ਨਸ਼ਿਆਂ ਦੇ ਖ਼ਿਲਾਫ਼ ਸਨ, ਇਸ ਲਈ ਸਾਰੀ ਉਮਰ ਕਦੇ ਚਾਹ ਵੀ ਨਹੀਂ ਪੀਤੀ। ਮੌਸਮ ਮੁਤਾਬਕ ਗੰਨੇ ਦਾ ਰਸ, ਦੁੱਧ, ਲੱਸੀ, ਠੰਡਾਈ, ਸ਼ਕੰਜਵੀਂ ਉਨ੍ਹਾਂ ਦੇ ਮਨਪਸੰਦ ਡਰਿੰਕਸ ਸਨ।
9.3 ਪਹਿਰਾਵਾ
ਜਦੋਂ ਕੇਸਰੀ ਜੀ ਮਲਾਇਆ ਵਿਚ ਸਨ ਤਦ ਉੱਥੇ ਉਨ੍ਹਾਂ ਨੇ ਪੈਂਟ-ਕੋਟ ਬੇਸ਼ੱਕ ਪਹਿਨਿਆ ਹੋਵੇ, ਘਰ ਉਨ੍ਹਾਂ ਦਾ ਲਿਬਾਸ ਦੇਸੀ ਹੁੰਦਾ ਸੀ। ਉਹ ਆਮ ਤੌਰ ’ਤੇ ਸਫ਼ੈਦ ਦਸਤਾਰ, ਸਫ਼ੈਦ ਹੀ ਕਮੀਜ਼ ਅਤੇ ਕਛਹਿਰਾ ਪਹਿਨਦੇ ਸਨ। ਬਾਹਰ ਜਾਣ ਵੇਲੇ ਚਿੱਟਾ ਪਜਾਮਾ ਅਤੇ ਕੋਟ ਪਹਿਨਦੇ ਸਨ। ਦਸਤਾਰ ਨੂੰ ਜਿਵੇਂ ਇਕ ਇਕ ਪੇਚ ਲਪੇਟ ਕੇ ਬੰਨ੍ਹਦੇ ਸਨ, ਤਿਵੇਂ ਹੀ ਇਕ ਇਕ ਪੇਚ ਖੋਲ੍ਹ ਕੇ ਉਤਾਰਦੇ ਸਨ। ਸ੍ਰੀ ਗਿੱਲ ਨੇ ਜ਼ੁਬਾਨੀ ਦੱਸਿਆ ਕਿ ਕੇਸਰੀ ਜੀ ਪਹਿਰਾਵੇ ਦੇ ਸੰਬੰਧ ਵਿਚ ਕੋਈ ਉਚੇਚ ਨਹੀਂ ਸਨ ਵਰਤਦੇ। ਜਿਹੋ ਜਿਹੇ ਵਸਤਰ ਘਰ ਪਹਿਨੇ ਹੁੰਦੇ, ਬਾਹਰ ਜਾਣ ਲਈ ਉਵੇਂ ਹੀ ਤੁਰ पैरे।
9.4 ਰਿਸ਼ਤਿਆਂ ਦੀ ਵਡਿਆਈ
ਕੇਸਰੀ ਜੀ ਪਰਿਵਾਰਿਕ ਸੰਬੰਧਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਸਨ। ਕੇਸਰੀ ਜੀ ਆਪਣੀ ਧੀ ਨੂੰ ਬਹੁਤ ਮੋਹ ਕਰਦੇ ਸਨ। ਰਣਜੋਧ ਸਿੰਘ ਗਿੱਲ ਨੇ ਇਕ ਪਿਆਰੀ ਗੱਲ ਲਿਖੀ ਹੈ :
“ਮੈਨੂੰ ਯਾਦ ਹੈ ਇਕ ਵਾਰੀ ਮੈਂ ਆਪਣੇ ਮਾਮਿਆਂ ਅਤੇ ਬੀਬੀ (ਮੇਰੀ ਮਾਂ) ਦੇ ਦੇਖਾ-ਦੇਖੀ ਉਨ੍ਹਾਂ ਨੂੰ ‘ਬਾਪੂ ਜੀ’ ਆਖ ਦਿੱਤਾ। ਉਨ੍ਹਾਂ ਨੇ ਤੁਰੰਤ ਬੜੇ ਪਿਆਰ ਨਾਲ ਮੈਨੂੰ ਗੋਦ ਵਿਚ ਬਿਠਾ ਕੇ ਕਿਹਾ ਕਿ ‘ਮੈਨੂੰ ਬਾਪੂ ਜੀ ਕਹਿਣ ਵਾਲੇ ਤੇ ਬਹੁਤ ਹਨ। ਮੈਨੂੰ ‘ਨਾਨਾ ਜੀ’ ਕੌਣ ਕਹੇਗਾ ?’ ਇਸ ਪਿੱਛੋਂ ਇਸ ਦੋਹਤੇ ਨੇ ਉਨ੍ਹਾਂ ਨੂੰ ਸਦਾ ‘ਨਾਨਾ ਜੀ’ ਹੀ ਕਿਹਾ।”
ਕੇਸਰੀ ਜੀ ਆਪਣੀ ਪਤਨੀ ਹਰਸ਼ਰਨ ਕੌਰ ਨੂੰ ਭਰਪੂਰ ਪਿਆਰ ਅਤੇ ਸਤਿਕਾਰ ਦਿੰਦੇ ਸਨ। ਉਹ ਆਪਣੀ ਇਸ ਜੀਵਨ-ਸਾਥਣ ਦੇ ਕਵਿਤਾ ਅਤੇ ਸੰਗੀਤ ਪ੍ਰਤਿ ਸ਼ੌਕ ਨੂੰ ਉਤਸ਼ਾਹਿਤ ਕਰਦੇ ਸਨ। ‘ਦਿੱਤ ਸਿੰਘ ਕੰਨਿਆ ਪਾਠਸ਼ਾਲਾ’ ਦੀ ਜਿਹੜੀ ਫੋਟੋ ਮੈਨੂੰ ਵੇਖਣ ਨੂੰ ਮਿਲੀ, ਉਸ ਵਿਚ ਇਹ ਦੰਪਤੀ ਸਕੂਲ ਦੇ ਅੱਗੇ ਕੁਰਸੀਆਂ ਉੱਤੇ ਬੈਠੇ ਵਿਖਾਈ ਦਿੰਦੇ ਹਨ। ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਪੁਸਤਕ ਦੇ ਅੰਤਲੇ ਭਾਗ ਵਿਚ ਕੇਸਰੀ ਜੀ ਨੇ ਆਪਣੀ ਪਤਨੀ ਦੀ ਕਾਵਿ-ਰਚਨਾ ਸ਼ਾਮਲ ਕਰ ਕੇ ਆਪਣੀ ਇਸ ਰਚਨਾ ਨੂੰ ਸੰਪੂਰਨ ਕੀਤਾ। ਰਣਜੋਧ ਸਿੰਘ ਗਿੱਲ ਨੇ ਆਪਣੇ ਨਾਨਕੇ ਪਿੰਡ ਹਸਨਪੁਰ ਵਿਚ ਬਿਤਾਏ ਬਚਪਨ ਦੇ ਦਿਨਾਂ ਦੀਆਂ ਯਾਦਾਂ ਨੂੰ ਫਰੋਲਦਿਆਂ ਦੱਸਿਆ :
“ਜਦੋਂ ਕਦੇ ਵੀ ਸਾਡੇ ਵਿਚੋਂ ਕਿਸੇ ਨੇ ਬਿਮਾਰ ਹੋ ਜਾਣਾ, ਨਾਨਾ ਜੀ ਝੱਟ ਬਿਨਾਂ ਕਿਸੇ ਘੌਲ ਤੋਂ ਮੋਢੇ ‘ਤੇ ਬਿਠਾ ਕੇ ਕੁਰਾਲੀ ਦੇ ਮਸ਼ਹੂਰ ਹਕੀਮ ਕੇਹਰ ਸਿੰਘ ਕੋਲ ਲੈ ਜਾਂਦੇ।”
ਪਿੱਛੇ ਅਸੀਂ ‘ਉੱਘੇ ਸਾਹਿੱਤਕਾਰਾਂ ਨਾਲ ਨੇੜਤਾ’ ਸਿਰਲੇਖ ਹੇਠ ਦੱਸ ਆਏ ਹਾਂ ਕਿ ਕੇਸਰੀ ਜੀ ਦੇ ਬਹੁਤ ਸਾਰੀਆਂ ਸਾਹਿੱਤਿਕ ਸ਼ਖ਼ਸੀਅਤਾਂ ਦੇ ਨਾਲ ਬਹੁਤ ਨਿੱਘੇ ਸੰਬੰਧ ਸਨ। ਕਈ ਸਾਹਿੱਤਕਾਰ ਗਰਮੀਆਂ ਦੀ ਰੁੱਤੇ ਜਦੋਂ ਅੰਬ ਪੱਕਦੇ ਸਨ, ਹਸਨਪੁਰ ਆ ਜਾਂਦੇ। ਫਿਰ ਕਈ ਕਈ ਦਿਨ ਅਤੇ ਕਈ ਵਾਰੀ ਕਈ ਕਈ ਹਫ਼ਤੇ ਉਨ੍ਹਾਂ ਕੋਲ ਰਹਿੰਦੇ। ਸ. ਸ. ਚਰਨ ਸਿੰਘ ਸ਼ਹੀਦ ਤਾਂ ਇਕੇਰਾਂ ਉਨ੍ਹਾਂ ਕੋਲ ਕਈ ਮਹੀਨੇ ਰਹੇ ਸਨ। ਸਾਹਿੱਤਕ ਸੁਹਜ-ਸਵਾਦਾਂ ਦੀ ਸਾਂਝ ਤਾਂ ਇਨ੍ਹਾਂ ਮਿਲਣੀਆਂ ਦਾ ਆਧਾਰ ਹੈ ਹੀ ਸੀ, ਪਰੰਤੂ ਕੇਸਰੀ ਜੀ ਦੀ ਮਹਿਮਾਨ-ਨਿਵਾਜ਼ੀ ਵੀ ਤਾਂ ਇਨ੍ਹਾਂ ਲੋਕਾਂ ਨੂੰ ਖਿੱਚ ਪਾਉਂਦੀ ਸੀ। ਰਣਜੋਧ ਸਿੰਘ ਗਿੱਲ ਦਾ ਕਹਿਣਾ ਹੈ ਕਿ ਅੰਬਾਂ ਦੇ ਮੌਸਮ ਵਿਚ ਆਪਣੀ ਜਾਣ-ਪਛਾਣ ਦੇ ਪਤਵੰਤੇ ਜਾਣਕਾਰ ਲੋਕਾਂ ਨੂੰ ਪਿੰਡ ਵਿਚ ਸੱਦਣਾ ਯਾ ਫਿਰ ਉਨ੍ਹਾਂ ਦੇ ਘਰ ਅੰਬਾਂ ਦੀਆਂ ਟੋਕਰੀਆਂ ਭੇਜਣਾ ਆਮ ਗੱਲ ਸੀ। ਮੌਸਮ ਮੁਤਾਬਕ ਗੰਨੇ, ਸਰਸੋਂ ਦਾ ਸਾਗ, ਖ਼ਰਬੂਜ਼ੇ ਆਦਿ ਵੀ ਭੇਜਿਆ ਕਰਦੇ ਸਨ। ਗਰਮ ਗਰਮ ਗੁੜ ਦਾ ਮਜ਼ਾ ਲੈਣ ਲਈ ਉਨ੍ਹਾਂ ਦੇ ਕਈ ਸ਼ਹਿਰੀ ਜਾਣਕਾਰ ਵੀ ਆਉਂਦੇ ਸਨ।
9.5 ਕਹਿਣੀ ਅਤੇ ਕਰਨੀ ਵਿਚ ਇਕਰੂਪਤਾ
ਕੇਸਰੀ ਜੀ ਦੀ ਕਹਿਣੀ ਅਤੇ ਕਰਨੀ ਵਿਚ ਇਕਰੂਪਤਾ ਸੀ। ਇਸ ਦੀਆਂ ਕੁਝ ਮਿਸਾਲਾਂ ਇੱਥੇ ਦੇਣੀਆਂ ਯੋਗ ਹਨ। ਪਹਿਲੀ ਇਹ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਸਨ। ਉਨ੍ਹਾਂ ਵਾਂਗ ਹੀ ਕੇਸਰੀ ਜੀ ਨੌਕਰੀ ਅਤੇ ਹੋਰ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਤੋਂ ਵਿਹਲੇ ਹੋ ਕੇ ਆਪਣੇ ਪਿੰਡ ਹਸਨਪੁਰ ਆ ਠਹਿਰੇ। ਇੱਥੇ ਉਨ੍ਹਾਂ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਕੇਸਰੀ ਜੀ ਦੇ ਦੋਹਤੇ ਰਣਜੋਧ ਸਿੰਘ ਦੀਆਂ ਆਪਣੇ ਨਾਨਕਿਆਂ ਦੀਆਂ ਮਿੱਠੀਆਂ ਯਾਦਾਂ ਵਿੱਚੋਂ ਇਕ ਹੈ, ਵਾਹੇ ਖੇਤ ਨੂੰ ਸੁਹਾਗਦੇ ਆਪਣੇ ਨਾਨਾ ਜੀ (ਕੇਸਰੀ ਜੀ) ਦੀਆਂ ਲੱਤਾਂ ਨੂੰ ਫੜ ਕੇ ਸੁਹਾਗੇ ਉੱਤੇ ਮੌਜ ਨਾਲ ਬੈਠਣਾ। ਅਜਮੇਰ ਸਿੰਘ ਐਮ.ਏ. ਨੇ ਸੰਖਿਆ ਕੋਸ਼ ਪੁਸਤਕ ਦੇ ਜਾਣ-ਪਛਾਣ ਭਾਗ ਵਿਚ ਕੇਸਰੀ ਜੀ ਨਾਲ ਉਨ੍ਹਾਂ ਦੇ ਪਿੰਡ ਹਸਨਪੁਰ ਵਿਚ ਆਪਣੀ ਪਹਿਲੀ ਮੁਲਾਕਾਤ ਬਾਰੇ ਬੜਾ ਖ਼ਬਸੂਰਤ ਲਿਖਿਆ ਹੈ :
“ਮੈਂ ਸ਼ਨੀਵਾਰ ਦੀ ਸ਼ਾਮ ਨੂੰ ਹੀ ਹਸਨਪੁਰ ਜਾ ਪਹੁੰਚਿਆ, ਮੇਰਾ ਖ਼ਿਆਲ ਸੀ ਕਿ ਕੇਸਰੀ ਜੀ ਆਪਣੇ ਘਰ ਦੇ ਕਿਸੇ ਸ਼ਾਨਦਾਰ ਕਮਰੇ ਵਿਚ ਬੈਠੇ ਹੋਏ ਕੋਈ ਕਿਤਾਬ ਪੜ੍ਹ ਰਹੇ ਹੋਣਗੇ, ਜਾਂ ਸ਼ਾਇਦ ਕੋਈ ਲੇਖ ਹੀ ਲਿਖ ਰਹੇ ਹੋਣਗੇ। ਮੇਰਾ ਅਨੁਭਵ ਸੀ ਕਿ ਸ: ਗੁਰਬਖ਼ਸ਼ ਸਿੰਘ ਕੇਸਰੀ ਪੰਜਾਬੀ ਸਾਹਿੱਤ ਦੇ ਪ੍ਰਸਿੱਧ ਲੇਖਕ, ਖੋਜੀ, ਪੜਚੋਲੀਏ, ਕਵੀ ਤੇ ਸੰਪਾਦਕ ਹਨ, ਇਸ ਲਈ ਲਿਖਣ ਪੜ੍ਹਨ ਤੋਂ ਬਿਨਾਂ, ਉਨ੍ਹਾਂ ਨੂੰ ਹੋਰ ਕੰਮ ਹੀ ਕੀ ਹੋ ਸਕਦਾ ਹੈ। ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦ ਮੈਂ ਵੇਖਿਆ ਕਿ ਇਕ ਬੁੱਢਾ ਆਦਮੀ, ਮੈਲੇ ਜਿਹੇ ਕੱਪੜਿਆਂ ਨਾਲ, ਇਕ ਹੱਥ ਵਿਚ ਖੁਰਪਾ ਪਕੜੀ, ਆਪਣੇ ਸਿਰ ਉੱਪਰ ਕੱਖਾਂ ਦੀ ਪੰਡ ਚੁੱਕੀ ਆ ਰਿਹਾ ਹੈ। ਮੈਨੂੰ ਇਕ ਨਿੱਕੇ ਜਿਹੇ ਮੁੰਡੇ ਨੇ ਇਸ਼ਾਰਾ ਕੀਤਾ “ਔਹ ਆਉਂਦੇ ਨੇ ਮੇਰੇ ਬਾਬਾ ਜੀ।”
ਦੂਜੀ ਮਿਸਾਲ : ਕੇਸਰੀ ਜੀ ਸਿੰਘ ਸਭੀਏ ਸਨ ਅਤੇ ਫਿਰ ਪੰਚ ਖ਼ਾਲਸਾ ਦੀਵਾਨ, ਭਸੌੜ ਦੀ ਸੋਚ ਨੂੰ ਪ੍ਰਣਾਏ ਹੋਏ ਸਨ। ਇਸ ਲਈ, ਸਿੱਖੀ ਮਰਯਾਦਾ ਅਤੇ ਸਿੱਖੀ ਜੀਵਨ-ਜਾਚ ਉੱਤੇ ਡੱਟ ਕੇ ਪਹਿਰਾ ਦਿੰਦੇ ਸਨ। ਇਸ ਪ੍ਰਸੰਗ ਵਿਚ ਰਣਜੋਧ ਸਿੰਘ ਗਿੱਲ ਦੀਆਂ ਆਪਣੇ ਨਾਨਾ ਜੀ ਨਾਲ ਸੰਬੰਧਿਤ ਯਾਦਾਂ ਵਿੱਚੋਂ ਦੋ ਨਿੱਕੀਆਂ- ਨਿੱਕੀਆਂ ਇੱਥੇ ਦੇਣ ਯੋਗ ਹਨ। ਗਿੱਲ ਜੀ ਦੇ ਹੀ ਸ਼ਬਦਾਂ ਵਿਚ :
“ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ (’ਤੇ ਅਖੰਡ ਪਾਠ) ਦਾ ਭੋਗ ਸੀ, ਮੈਂ ਵੀ ਉਨ੍ਹਾਂ ਨਾਲ ਗੁਰਦੁਆਰੇ ਗਿਆ ਸਾਂ ਕਿਉਂਕਿ ਮੈਂ ਕਵਿਤਾ ਜੁ ਪੜ੍ਹਨੀ ਸੀ। ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਇਕ ਸੰਤ ਜੀ ਭੀ ਬਿਰਾਜਮਾਨ ਸਨ। ਬੀਬੀਆਂ ਆਉਣ, ਪਹਿਲਾਂ ਸੰਤ ਜੀ ਦੇ ਪੈਰ ਛੂਹਣ ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ। ਥੋੜ੍ਹੀ ਦੇਰ ਤਾਂ ਨਾਨਾ ਜੀ ਵੇਖਦੇ ਰਹੇ ਫਿਰ ਸੰਤ ਜੀ ਨੂੰ ਬਾਹੋਂ ਫੜ ਕੇ ਉਠਾ ਬਾਹਰ ਲੈ ਆਂਦਾ ਤੇ ਜਿਥੇ ਜੋੜੇ ਪਏ ਸਨ ਉਸ ਥਾਂ ਵੱਲ ਇਸ਼ਾਰਾ ਕਰ ਕੇ ਆਖਿਆ, ‘ਸੰਤ ਜੀ ਤੁਹਾਡੀ ਜਗ੍ਹਾ ਇੱਥੇ ਹੈ।’ ਸੰਤ ਜੀ ਫਿੱਟ-ਫਿੱਟ ਕਰਕੇ ਚੱਲਦੇ ਬਣੇ।”
ਦੂਜੀ ਘਟਨਾ ਵੀ ਪੁਸ਼ਟੀ ਕਰਦੀ ਹੈ ਕਿ ਕੇਸਰੀ ਜੀ ਦੰਭ ਦੇ ਬਹੁਤ ਖ਼ਿਲਾਫ਼ ਸਨ। ਗਿੱਲ ਜੀ ਅਨੁਸਾਰ :
“ਮੇਰੀ ਨਾਨੀ ਗੁਜ਼ਰਨ ’ਤੇ ਉਨ੍ਹਾਂ ਦੇ ਨਮਿਤ ਜਦੋਂ ਸਾਧਾਰਨ ਪਾਠ (ਸਹਿਜ ਪਾਠ) ਆਰੰਭਿਆ ਤਾਂ ਭਾਈ ਨੂੰ ਅਸ਼ੁੱਧ ਗੁਰਬਾਣੀ ਪੜ੍ਹਨ ’ਤੇ ਬੜਾ ਟੋਕਦੇ ਸਨ। ਭਾਈ ਪਾਠ ਵੀ ਵੇਲੇ-ਕੁਵੇਲੇ ਆ ਕੇ ਕਰਦਾ ਸੀ। ਇਸ ‘ਤੇ ਨਾਨਾ ਜੀ ਨੇ ਭਾਈ ਨੂੰ ਪਾਠ ਕਰਨ ਨਾ ਆਉਣ ਲਈ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਕਿ ‘ਪਾਠ ਅਸੀਂ ਕੰਧਾਂ ਨੂੰ ਨਹੀਂ ਸੁਣਾਉਣਾ। ਇਸ ਲਈ ਜਦੋਂ ਭੋਗ ਪਾਉਣਾ ਹੋਵੇਗਾ ਤੁਸੀਂ ਆ ਜਾਣਾ।’ ਸਪੱਸ਼ਟ ਹੈ ਕਿ ਤਦ ਪਾਠ ਕੇਸਰੀ ਜੀ ਨੇ ਖ਼ੁਦ ਹੀ ਕੀਤਾ।”
ਕੇਸਰੀ ਜੀ ਦੀ ਇਸ ਪ੍ਰਕਾਰ ਦੀ ਸੋਚ ਤੋਂ ਹੀ ਅਨੁਮਾਨ ਹੁੰਦਾ ਹੈ ਕਿ ਪੁਜਾਰੀ ਪ੍ਰਬੋਧ ਪੁਸਤਕ ਵਿਚ ਕੇਸਰੀ ਜੀ ਨੇ ਧਾਰਮਿਕ ਸਿੱਖ ਸੰਸਥਾਵਾਂ ਵਿਚ ਕੁਰੀਤੀਆਂ ਕਰਦੇ ਬੇ-ਮਰਿਆਦਾ ਪੁਜਾਰੀਆਂ ਨੂੰ ਵਿਸ਼ਾ ਕਿਉਂ ਬਣਾਇਆ। ਸਿੰਘ ਸਭਾ ਲਹਿਰ ਦੇ ਮੋਢੀ ਆਗੂਆਂ ਜਿਵੇਂ ਕਿ ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਨੇ ਵੀ ਦਰਬਾਰ ਸਾਹਿਬ ਵਿਚ ਗੁਦੈਲਾ ਵਿਛਾ ਕੇ ਆਪਣੀ ਪੂਜਾ ਕਰਾਉਂਦੇ ਕੁਝ ਕਥਿਤ ‘ਧਾਰਮਿਕ’ ਲੋਕਾਂ ਦੇ ਵਿਰੁੱਧ ਜੱਦੋ-ਜਹਿਦ ਕੀਤੀ ਸੀ। ਕੇਸਰੀ ਜੀ ਵੀ ਤਾਂ ਇਸੇ ਸੋਚ ਦੇ ਧਾਰਨੀ ਸਨ।
9.6 ਬੌਧਿਕ ਦਲੇਰੀ
ਕੇਸਰੀ ਜੀ ਦੀ ਬੌਧਿਕ ਦਲੇਰੀ ਦੀਆਂ ਕਈ ਉਦਾਹਰਣਾਂ ਮਿਲਦੀਆਂ ਹਨ। ਇੱਥੇ ਇਕ ਉਦਾਹਰਣ ਦੇਣੀ ਹੀ ਕਾਫ਼ੀ ਹੈ। ਸੱਤ ਸਾਦਿਕ ਨਾਂ ਦੀ ਪੁਸਤਕ ਵਿਚ ਇਕ ਖੰਡ ਭਾਈ ਬਹਿਲੋ ਬਾਰੇ ਹੈ। ਕੇਸਰੀ ਜੀ ਨੇ ਇਸ ਵਿਸ਼ੇ ਬਾਰੇ ਆਪਣੀ ਜਾਣਕਾਰੀ ਦਾ ਇਕ ਸੋਮਾ ਕਵੀ ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਨੂੰ ਲਿਆ ਹੈ।
ਕੇਸਰੀ ਜੀ ਸੱਤ ਸਾਦਿਕ ਵਿਚ ਇਕ ਥਾਂ ਲਿਖਦੇ ਹਨ :
“ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਖ਼ਾਲਸਾ ਪੰਥ ਦੇ ਇਤਿਹਾਸ ਦਾ ਪਹਾੜ ਹੈ, ਜਿਸ ਦੇ ਪੇਟ ਵਿਚ ਅਨੇਕਾਂ ਅਣਮੁੱਲੇ ਰਤਨਾਂ ਦੀਆਂ ਖਾਣਾਂ ਹਨ।”
ਅੱਗੇ ਜਾ ਕੇ, ਕੇਸਰੀ ਜੀ ਕਵੀ ਸੰਤੋਖ ਸਿੰਘ ਵੱਲੋਂ ਦੱਸੀ ਸਾਖੀ ਨਾਲ ਪੂਰੀ ਤਰ੍ਹਾਂ ਸਹਿਮਤ ਨਾ ਹੋਏ। ਤਦ ਉਨ੍ਹਾਂ ਨੇ ਬੌਧਿਕ ਦਲੇਰੀ ਤੋਂ ਕੰਮ ਲੈ ਕੇ ਹੇਠ ਦਿੱਤੀਆਂ ਤੁਕਾਂ ਲਿਖੀਆਂ :
ਗੁਰ ਪ੍ਰਤਾਪ ਵਿਚ ਪਤਾ ਨਹੀਂ ਹੈ, ਕਿਉਂ ਖ਼ਿਆਲ ਇਹ ਲਿਤੇ।
ਕੁਲ ਦੇਸ਼ ਦੇ ਭੂਤ ਪ੍ਰੇਤ ਜੋ, ਬਹਿਲੋ ਨੂੰ ਸੀ ਦਿਤੇ।
ਸਤਿਗੁਰ ਜੀ ਨੇ ਖ਼ੁਸ਼ ਹੋ ਕਹਿਆ, ਕੰਬਲ ਚਾ ਬਿਛਾਉ।
ਕੁਲ ਜਗਤ ਦੇ ਭੂਤ ਪ੍ਰੇਤ ਜੋ, ਇਸ ਵਿਚ ਬੰਨ੍ਹ ਉਠਾਉ।
ਉੱਤਰ ਦਿਸਦਾ ਲੜ ਸੀ ਛੁੱਟਾ, ਇਸ ਦਿਸ ਤੇ ਸਭ ਛੁੱਟੇ।
ਤਿੰਨ ਦਿਸ਼ਾ ਤੇ ਬੰਨ੍ਹ ਪੋਟ ਵਿਚ, ਭਲੀ ਭਾਂਤ ਸਨ ਘੁੱਟੇ।
ਲੰਮੀ ਇਹ ਕਹਾਣੀ ਲਿਖੀ, ਨਾ ਇਸ ਦਾ ਫਲ ਦਿੱਸੇ। ਖ਼ਬਰੇ ਕਿਉਂ ਇਹ ਭਾਈ ਸਾਹਿਬ, ਹੈਨ ਵਧਾਏ ਕਿੱਸੇ।
9.7 ਕੇਸਰੀ ਜੀ ਦਾ ਸਿਦਕ, ਸਿਰੜ ਤੇ ਲਗਨ
ਕੇਸਰੀ ਜੀ ਸਿਦਕ, ਸਿਰੜ, ਲਗਨ ਜਿਹੇ ਗੁਣਾਂ ਦੇ ਮੁਜੱਸਮਾ ਸਨ। ਉਹ ਸਾਰੀ ਉਮਰ ਸਿੱਖੀ-ਪ੍ਰਚਾਰ, ਸਾਹਿੱਤ-ਰਚਨਾ, ਵਿੱਦਿਆ-ਪ੍ਰਚਾਰ, ਸਮਾਜ-ਸੁਧਾਰ ਦੇ ਰਾਹ ਉੱਤੇ ਚੱਲਦੇ ਰਹੇ। ਰਿਆਸਤ ਪਟਿਆਲਾ ਦੀ ਨੌਕਰੀ ਕੀਤੀ ਪਰ ਅਕਾਲੀ ਲਹਿਰ ਨਾਲ ਹਮਦਰਦੀ ਹੋਈ ਤਾਂ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪੂਰਵ ਫ਼ੌਜ ਦੀ ਨੌਕਰੀ ਵੀ ਕੁਝ ਇਸੇ ਭਾਂਤ, ਕਿਸੇ ਵਡੇਰੇ ਆਦਰਸ਼ ਲਈ ਛੱਡ ਦਿੱਤੀ ਸੀ।
ਜਦੋਂ ਉਹ ਸੰਖਿਆ ਕੋਸ਼ ਦੇ ਖਰੜੇ ਨੂੰ ਆਖ਼ਰੀ ਛੋਹਾਂ ਦੇ ਰਹੇ ਸਨ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਮੋਤੀਆ ਉਤਰ ਆਇਆ। ਤਦ ਵੀ ਆਪਣੀ ਤੇਜ਼ ਯਾਦਾਸ਼ਤ ਦੇ ਸਹਾਰੇ ਕਿਸੇ ਨਾ ਕਿਸੇ ਪੜ੍ਹ-ਲਿਖ ਸਕਣ ਵਾਲੇ ਵਿਅਕਤੀ ਦੀ ਸਹਾਇਤਾ ਲੈ ਕੇ ਇਹ ਕਾਰਜ ਨੇਪਰੇ ਚਾੜ੍ਹਦੇ ਰਹੇ।
9.8 ਦੂਜਿਆਂ ਨੂੰ ਪ੍ਰੇਰਨਾ ਅਤੇ ਉਤਸ਼ਾਹ ਦੇਣਾ
ਕੇਸਰੀ ਜੀ ਦੀ ਸ਼ਖ਼ਸੀਅਤ ਦਾ ਇਕ ਮਨੋਹਰ ਪੱਖ ਇਹ ਸੀ ਕਿ ਉਹ ਦੂਜਿਆਂ ਨੂੰ ਪ੍ਰੇਰਨਾ ਦਿੰਦੇ ਰਹਿੰਦੇ ਸਨ। ਉਨ੍ਹਾਂ ਦੇ ਪਰਿਵਾਰ ਦੀ ਮਿਸਾਲ ਹੀ ਲਈਏ, ਉਹ ਆਪਣੀ ਪਤਨੀ ਨੂੰ ਕਾਵਿ-ਰਚਨਾ ਅਤੇ ਸੰਗੀਤ ਦੇ ਅਭਿਆਸ ਲਈ ਪ੍ਰੇਰਦੇ। ਆਪਣੇ ਪੋਤਿਆਂ-ਦੋਹਤਿਆਂ ਨੂੰ ਕੁਝ ਲਿਖਣ ਲਈ ਪ੍ਰੇਰਦੇ। ਕਿਸੇ ਇਕੱਠ ਦੇ ਸਾਹਮਣੇ ਬੋਲਣ ਲਈ ਉਤਸ਼ਾਹ ਦਿੰਦੇ। ਇਸ ਸੰਬੰਧ ਵਿਚ ਰਣਜੋਧ ਸਿੰਘ ਗਿੱਲ ਨੇ ਆਪਣਾ ਇਕ ਅਨੁਭਵ ਦੱਸਿਆ ਹੈ : : “ਮੈਂ ਹਸਨਪੁਰ ਗਿਆ ਹੋਇਆ ਸਾਂ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਉਤਸਵ ਦਾ ਮੌਕਾ ਸੀ । ਨਾਨਾ ਜੀ ਮੈਨੂੰ ਪੁੱਛਣ ਲੱਗੇ ਕਿ ਤੂੰ ਗੁਰਦੁਆਰੇ ਵਿਚ ਇਸ ਮੌਕੇ ‘ਤੇ ਕਵਿਤਾ ਨਹੀਂ ਬੋਲੇਂਗਾ ?” ਮੈਂ ਕਿਹਾ ਮੇਰੇ ਕੋਲ ਕੋਈ ਕਵਿਗੇ ਹੈ ਹੀ ਨਹੀਂ। ਇਸ ਗੱਲ ‘ਤੇ ਉਨ੍ਹਾਂ ਨੇ ਕਿਹਾ, “ਬੇਟਾ ਮੈਂ ਤੇਰੇ ਲਈ ਹੁਣੇ ਕਵਿਤਾ ਲਿਖ ਦੇਂਦਾ ਹਾਂ। ਉਸ ਕਵਿਤਾ ਦੀਆਂ ਮੁੱਢਲੀਆਂ ਦੋ ਸਤਰਾਂ ਮੈਨੂੰ 55-56 ਵਰ੍ਹੇ ਬਾਦ ਅੱਜ ਵੀ ਚੇਤੇ ਹਨ :
ਪੋਹ ਸੁਦੀ ਸਪਤਮੀ ਆਈ ਏ, ਪਤਝੜ `ਚ ਬਸੰਤ ਲਿਆਈ ਏ।
ਕੇਸਰੀ ਜੀ ਛੋਟੀ ਉਮਰ ਤੋਂ ਹੀ ਜਪੁ ਜੀ ਤੇ ਹੋਰ ਬਾਣੀਆਂ ਦਾ ਪਾਠ ਕਰਦੇ ਸਨ। ਰਣਜੋਧ ਸਿੰਘ ਗਿੱਲ ਅਨੁਸਾਰ ਹੀ, “ਫਿਰ ਉਨ੍ਹਾਂ ਨੂੰ ਅੱਖਾਂ ਦਾ ਓਪਰੇਸ਼ਨ ਕਰਾਉਣਾ ਪਿਆ। ਉਨ੍ਹਾਂ ਦਿਨਾਂ ਵਿਚ ਓਪਰੇਸ਼ਨ ਅੱਜ-ਕੱਲ੍ਹ ਜਿਹੀਆਂ ਆਧੁਨਿਕ ਤਕਨੀਕਾਂ ਨਾਲ ਨਹੀਂ ਸਨ ਹੁੰਦੇ। ਸੋ, ਓਪਰੇਸ਼ਨ ਉਪਰੰਤ ਇਕੱਲਾਪਣ ਤੇ ਕੁਝ ਨਾ ਕਰ ਸਕਣ ਦੀ ਬੇਬਸੀ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਉਹ ਕੁਝ ਉਦਾਸ ਜਿਹੇ ਰਹਿਣ ਲੱਗ ਪਏ। ਮੇਰੀ ਬੀਬੀ ਨੂੰ ਕਹਿੰਦੇ ਸਨ ਕਿ ਸ਼ਾਇਦ ਮੇਰਾ ਵਕਤ ਨਜ਼ਦੀਕ ਆ ਗਿਆ ਹੈ ਕਿਉਂਕਿ ਅੱਜ-ਕੱਲ੍ਹ ਮੇਰਾ ਨਿਤਨੇਮ ਪੂਰਾ ਨਹੀਂ ਹੁੰਦਾ।” ਜਾਣੋ, ਉਨ੍ਹਾਂ ਨੂੰ ਆਪਣੇ ਅੰਤਿਮ ਸਮੇਂ ਦਾ ਅਨੁਮਾਨ ਹੋ ਗਿਆ ਸੀ। ਇਸ ਤੋਂ ਕੁਝ ਸਮਾਂ ਬਾਅਦ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
9.9 ਬਜ਼ੁਰਗ ਕੇਸਰੀ ਜੀ ਦਾ ਬਾਲ ਹਿਰਦਾ
ਰਣਜੋਧ ਸਿੰਘ ਗਿੱਲ ਨੇ ਆਪਣੇ ਨਾਨਾ ਜੀ ਦੀ ਸ਼ਖ਼ਸੀਅਤ ਦੇ ਉਪਰੋਕਤ ਪੱਖ ਨੂੰ ਦਰਸਾਉਂਦੀ ਇਕ ਯਾਦ ਮੇਰੇ ਨਾਲ ਸਾਂਝੀ ਕੀਤੀ। ਘਰ ਦੇ ਵਿਹੜੇ ਵਿਚ ਕਈ ਬੱਚੇ ਖੇਡ ਰਹੇ ਸਨ । ਕੇਸਰੀ ਜੀ ਨੂੰ ਆਪਣੀ ਐਨਕ ਨਹੀਂ ਸੀ ਲੱਭ ਰਹੀ। ਤਦੇ ਇਕ ਬੱਚਾ ਉਨ੍ਹਾਂ ਦੀ ਐਨਕ ਚੁੱਕੀਂ ਆਇਆ, “ਲਓ, ਤੁਹਾਡੀ ਨੈਣਕ।” ਬਾਕੀ ਬੱਚੇ ‘ਨੈਣਕ’ ਸ਼ਬਦ ਨੂੰ ਸੁਣ ਕੇ ਖ਼ੂਬ ਹੱਸੇ। ਐਪਰ ਕੇਸਰੀ ਜੀ ਨੇ ਕਿਹਾ ਕਿ ਪੁੱਤਰ ਜੋ ਤੂੰ ਬੋਲਿਆ ਹੈ, ਠੀਕ ਹੈ। ਨੈਣਾਂ ਉੱਤੇ ਲੱਗਣ ਵਾਲੀ ‘ਨੈਣਕ’ ਹੀ ਤਾਂ ਹੋਈ। ਇਸੇ ਤਰ੍ਹਾਂ, ਘਰ ਦੇ ਨੇੜੇ ਇਕ ਟੋਭੇ ਨੂੰ ਵੇਖ ਕਿਸੇ ਬੱਚੇ ਨੇ ਬੋਲਿਆ : ‘ਡੋਬਾ’। ਕੇਸਰੀ ਜੀ ਨੇ ਹੱਸਦੇ ਹੋਏ ਕਿਹਾ, “ਪੁੱਤਰ ਇਹ ਵੀ ਠੀਕ ਹੈ। ਜੋ ਡੋਬ ਦੇਵੇ ਉਹ ‘ਡੋਬਾ’ ਹੀ ਤਾਂ ਹੋਇਆ।” ਕੇਸਰੀ ਜੀ ਸਮਝਦੇ ਸਨ ਕਿ ਬੱਚਿਆਂ ਨੇ ਵੱਡੇ ਹੋ ਕੇ ਠੀਕ ਉਚਾਰਨ ਆਪੇ ਸਿੱਖ ਲੈਣਾ ਹੈ। ਹੁਣ ਉਨ੍ਹਾਂ ਦਾ ਦਿਲ ਨਹੀਂ ਤੋੜਨਾ ਚਾਹੀਦਾ।
9.10 ਕੇਸਰੀ ਜੀ ਦਾ ਆਪਣੇ ਪਿੰਡ ਨਾਲ ਪਿਆਰ
ਕੇਸਰੀ ਜੀ ਨੇ ਆਪਣੀਆਂ ਲਿਖਤਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਲੋਕਾਈ ਤੀਕ ਪਹੁੰਚਾਉਣ ਦਾ ਯਤਨ ਕੀਤਾ। ਉਦੋਂ ਛੋਟੇ ਪਿੰਡਾਂ ਵਿਚ ਗੁਰਦੁਆਰੇ ਆਮ ਨਹੀਂ ਸਨ। ਹਸਨਪੁਰ ਵੀ ਗੁਰਦੁਆਰਾ ਨਹੀਂ ਸੀ। ਰਣਜੋਧ ਸਿੰਘ ਗਿੱਲ ਦੇ ਦੱਸਣ ਅਨੁਸਾਰ ਕੇਸਰੀ ਜੀ ਨੇ ਛੇ ਬਿਸਵੇ ਜ਼ਮੀਨ ਆਪਣੇ ਕੋਲੋਂ ਦੇ ਕੇ ਪਿੰਡ ਵਿਚ ਗੁਰਦੁਆਰਾ ਉਸਰਵਾਇਆ। ਇਸ ਤਰ੍ਹਾਂ, ਪਿੰਡ ਵਿਚ ਸਵੇਰ-ਸ਼ਾਮ ਅਤੇ ਗੁਰਪੁਰਬਾਂ ਦੇ ਮੌਕੇ ਗੁਰਬਾਣੀ ਦਾ ਪ੍ਰਵਾਹ ਹੋਣ ਲੱਗਿਆ।
9.11 ਦੰਭ ਵਿਰੋਧੀ
ਕੇਸਰੀ ਜੀ ਕਿਸੇ ਵੀ ਕਿਸਮ ਦੇ ਦੰਭ ਦੇ ਸਖ਼ਤ ਖ਼ਿਲਾਫ਼ ਸਨ। ਉਹ ਸਮਝਦੇ ਸਨ ਕਿ ਇਸ ਤਰ੍ਹਾਂ ਭੋਲੇ ਭਾਲੇ ਲੋਕਾਂ ਨੂੰ ਨੁਕਸਾਨ ਪਹੁੰਚਦਾ ਹੈ। ਉਂਜ ਕੇਸਰੀ ਜੀ ਸ਼ਾਂਤ ਸੁਭਾਅ ਦੇ ਮਾਲਕ ਸਨ ਪਰ ਦੰਭੀ ਮਨੁੱਖ ਨੂੰ ਵੇਖ ਕੇ ਉਨ੍ਹਾਂ ਨੂੰ ਗ਼ੁੱਸਾ ਬਹੁਤ ਆਉਂਦਾ ਸੀ। ਰਣਜੋਧ ਸਿੰਘ ਗਿੱਲ ਨੇ ਇਸ ਸੰਬੰਧੀ ਇਕ ਛੋਟੀ ਜਿਹੀ ਘਟਨਾ ਦੱਸੀ ਹੈ: “ਮੈਨੂੰ ਯਾਦ ਹੈ ਇਕ ਵਾਰ ਇਕ ਸਪੇਰਾ ਆਇਆ ਤੇ ਕਹਿਣ ਲੱਗਾ ਕਿ ਬਾਬਾ ਜੀ ਤੁਹਾਡੇ ਘਰ ਵਿਚ ਸੱਪ ਹੈ ਤੇ ਉਹ ਬੀਨ ਵਜਾ ਕੇ ਕੱਢ ਦੇਵੇਗਾ। ਉਸ ਕਿਹਾ ਕਿ ਮੈਂ ਇੱਥੇ ਗੋਲ ਦਾਇਰੇ ਵਿਚ ਬੈਠ ਕੇ ਬੀਨ ਵਜਾਵਾਂਗਾ ਤੇ ਸੱਪ ਆਪੇ ਆਏਗਾ ਬਾਹਰ। ਨਾਨਾ ਜੀ ਖੇਤ ‘ਚੋਂ ਆਏ ਸਨ। ਉਹ ਸਪੇਰੇ ਦੀ ਗੱਲ ਮੰਨ ਗਏ। ਸਪੇਰੇ ਨੇ ਦਾਇਰਾ ਉਲੀਕ ਲਿਆ ਤੇ ਬੀਨ ਵਜਾਉਣੀ ਸ਼ੁਰੂ ਕੀਤੀ। ਫਿਰ ਉਹ ਅਚਾਨਕ ਦੌੜ ਕੇ ਅੰਦਰ ਵੜ ਗਿਆ ਤੇ ਹੱਥ ਵਿਚ ਸੱਪ ਫੜ ਲਿਆਇਆ। ਨਾਨਾ ਜੀ ਦੇ ਹੱਥ ਕੁਲਹਾੜੀ ਸੀ। ਉਸ ਦੇ ਡੰਡੇ ਨਾਲ ਸਪੇਰੇ ਦੀ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਕਾਰ ਛੱਡ ਕੇ ਅੰਦਰ ਕਿਉਂ ਵੜਿਆ। ਨਾਲੇ ਨਾਨਾ ਜੀ ਪੁੱਛਣ, ‘ਦੱਸ ਸੱਪ ਕਿਥੋਂ ਆਇਆ ?’ ਫਿਰ ਕੀ ਸੀ ਉਹ ਮੰਨ ਗਿਆ ਕਿ ਇਹ ਸੱਪ ਉਸ ਦੇ ਕੋਲ ਹੀ ਸੀ। ਤਦ ਨਾਨਾ ਜੀ ਨੇ ਉਸ ਸਪੇਰੇ ਨੂੰ ਪਿੰਡ ਦੀ ਜੂਹ ਤੋਂ ਬਾਹਰ ਕੱਢ ਕੇ ਹੀ ਦਮ ਲਿਆ।”
9.12 ਕੇਸਰੀ ਜੀ ਦਾ ਪੰਥ ਪਿਆਰ
ਕੇਸਰੀ ਜੀ ਦੇ ਜੀਵਨ ਅਤੇ ਸਾਹਿੱਤ ਰਚਨਾ ਦਾ ਕੇਂਦਰੀ ਧੁਰਾ ਉਨ੍ਹਾਂ ਦਾ ਪੰਥ ਪਿਆਰ ਰਿਹਾ ਹੈ। ਉਨ੍ਹਾਂ ਦਾ ਇਹ ਦ੍ਰਿੜ੍ਹ ਵਿਸ਼ਵਾਸ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਸਫਲ ਜੀਵਨ ਬਿਤਾਇਆ ਜਾ ਸਕਦਾ ਹੈ। ਵਿਅਕਤੀ, ਉਸ ਦੇ ਪਰਿਵਾਰ ਅਤੇ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਦਾ ਨਿਧਾਨ ਵੀ ਸਿੱਖੀ ਜੀਵਨ-ਜਾਚ ਨੂੰ ਅਪਣਾਇਆਂ ਹੋ ਸਕਦਾ ਹੈ। ਇਸ ਲਈ ਕੇਸਰੀ ਜੀ ਥਾਂ ਪੁਰ ਥਾਂ ਜ਼ੋਰ ਦਿੰਦੇ ਹਨ ਕਿ ਸਾਨੂੰ ਆਪਣੀ ਅਮੀਰ ਵਿਰਾਸਤ ਨੂੰ ਨਹੀਂ ਭੁੱਲਣਾ ਚਾਹੀਦਾ।
9.13 ਵਿਨੋਦ ਅਤੇ ਵਿਅੰਗ
ਕੇਸਰੀ ਜੀ ਦੀਆਂ ਪ੍ਰਾਪਤ ਲਿਖਤਾਂ ਤੋਂ ਉਨ੍ਹਾਂ ਦੇ ਵਿਨੋਦੀ ਸੁਭਾਅ ਦਾ ਵੀ ਪਤਾ ਲੱਗਦਾ ਹੈ। ਉਹ ਆਪਣੀ ਲਿਖਤ ਵਿਚ ਜ਼ਰੂਰਤ ਅਨੁਸਾਰ ਸਹਿਜ ਹੀ ਹਾਸ- ਰਸ ਦਾ ਰੰਗ ਭਰ ਦਿੰਦੇ ਸਨ। ਇਸ ਸੰਬੰਧੀ ਉਨ੍ਹਾਂ ਦੀਆਂ ਕਈ ਰਚਨਾਵਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ‘ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥’ ਨਾਂ ਦੀ ਲਿਖਤ ਜੋ ਕਿ ਲਘੂ-ਇਕਾਂਗੀ ਆਖਿਆ ਜਾ ਸਕਦਾ ਹੈ, ਵਿਚ ਉਨ੍ਹਾਂ ਨੇ ਸਾਧਾਰਨ ਮਨੁੱਖਾਂ ਦਾ ਖੂਨ ਪੀਣ ਵਾਲੇ ਸਵਾਰਥੀ ਤੱਤਾਂ ਨੂੰ ਪਿੱਸੂਆਂ, ਖਟਮਲਾਂ ਅਰਥਾਤ ਮਾਂਝਣੂੰਆਂ ਤੋਂ ਵੀ ਭੈੜਾ ਦੱਸਿਆ ਹੈ। ਇਹ ਸੁਨੇਹਾ ਦੇਣ ਲਈ, ਕੈਸਰੀ ਜੀ ਨੇ ਇਕ ਅਹਿਲਕਾਰ ਅਤੇ ਇਕ ਮਾਂਝਣੇ ਵਿਚਕਾਰ ਬੜਾ ਦਿਲਚਸਪ ਵਾਰਤਾਲਾਪ ਉਸਾਰਿਆ ਹੈ। ਸਮਾਜਿਕ ਮਸਲੇ ਬਾਰੇ ਇੰਨੀ ਤਿੱਖੀ ਚੋਭ ਨੂੰ ਵੀ ਉਨ੍ਹਾਂ ਨੇ ਵਿਨੋਦੀ ਜੁਗਤ ਰਾਹੀਂ ਪੇਸ਼ ਕਰ ਦਿੱਤਾ ਹੈ। ‘ਮੈਂ ਦੇਖੂੰਗੀ ਹੀਰ ਸਿਆਲ’ ਅਤੇ ‘ਸ਼ਰਾਬੀ ਵੱਲੋਂ ਅਸੀਸ’ ਕਵਿਤਾਵਾਂ ਵਿਚ ਵੀ ਕੇਸਰੀ ਜੀ ਦਾ ਵਿਅੰਗ ਵੇਖਣ ਵਾਲਾ ਹੈ। ਕਮਾਲ ਦੀ ਗੱਲ ਇਹ ਹੈ ਕਿ ਕੇਸਰੀ ਜੀ ਦੀਆਂ ਅਜਿਹੀਆਂ ਰਚਨਾਵਾਂ, ਕਿਸੇ ਮਨੋਰੰਜਨ ਲਈ ਨਹੀਂ, ਬਲਕਿ ਸਮਾਜਿਕ ਸਰੋਕਾਰਾਂ ਵਾਲੀਆਂ ਹਨ।
-
ਕਲਮਕਾਰ ਗੁਰਬਖ਼ਸ਼ ਸਿੰਘ ਕੇਸਰੀ ਦੀ ਅਹਿਮੀਅਤ
ਕੇਸਰੀ ਜੀ ਬਾਰੇ ਲਿਖਦਿਆਂ ਮੈਂ ਆਪਣੇ ਆਪ ਨੂੰ ਇਕ ਸਵਾਲ ਬਾਰ ਬਾਰ ਕਰਦਾ ਰਿਹਾ ਹਾਂ। ਸਵਾਲ ਇਹ ਕਿ ਅੱਧੀ ਸਦੀ ਤੋਂ ਵੱਧ ਸਮਾਂ ਕੇਸਰੀ ਜੀ ਦੇ ਦੇਹਾਂਤ ਨੂੰ ਹੋ ਗਿਆ ਹੈ। ਬਹੁਤੇ ਲੋਕ ਉਨ੍ਹਾਂ ਨੂੰ ਭੁੱਲ-ਭੁਲਾ ਗਏ ਹਨ। ਫਿਰ ਉਨ੍ਹਾਂ ਦੀਆਂ ਲਿਖਤਾਂ ਨੂੰ ਲੱਭਣ ਅਤੇ ਸੰਭਾਲਣ ਦਾ ਤਰੱਦਦ ਕਿਉਂ ? ਕੇਸਰੀ ਜੀ ਦੇ ਜੀਵਨ, ਲਿਖਤਾਂ ਅਤੇ ਸ਼ਖ਼ਸੀਅਤ ਬਾਰੇ ਲਿਖਣ ਲਈ ਸਮਾਂ ਕਿਉਂ ਲਾਇਆ ਜਾਵੇ ?
ਫਿਰ ਮੈਂ ਇਸ ਸਵਾਲ ਦਾ ਉੱਤਰ ਦੇਣ ਦਾ ਯਤਨ ਕਰਦਾ ਹਾਂ। ਪੁਆਧ ਦੇ ਇਸ ਖਿੱਤੇ ਵਿਚ ਸਾਹਿੱਤਕ ਸਿਰਜਣਾ ਦਾ ਕਾਰਜ ਬਹੁਤਾ ਨਹੀਂ ਹੋਇਆ। ਕਈ ਕਾਰਨ ਹਨ ਜਿਨ੍ਹਾਂ ਬਾਰੇ ਇੱਥੇ ਗੱਲ ਕਰਨ ਦੀ ਗੁੰਜਾਇਸ਼ ਨਹੀਂ ਹੈ। ਗਿਆਨੀ ਦਿੱਤ ਸਿੰਘ, ਭਗਤ ਆਸਾ ਰਾਮ, ਅਤੇ ਬਾਰ ਤੋਂ ਆ ਕੇ ਇਸ ਖਿੱਤੇ ਵਿਚ ਵੱਸੇ ਕਹਾਣੀਕਾਰ ਨੌਰੰਗ ਸਿੰਘ, ਆਦਿ ਕੁਝ ਨਾਂ ਹੀ ਸਾਡੇ ਕੋਲ ਹਨ। ਫਿਰ, ਇਸ ਮਿੱਟੀ ਦੀ ਦੇਣ ਗੁਰਬਖ਼ਸ਼ ਸਿੰਘ ਕੇਸਰੀ ਹਨ। ਉਨ੍ਹਾਂ ਦੀਆਂ ਲਿਖਤਾਂ ਵਿਚ ਇਸ ਇਲਾਕੇ ਦੀ ਗੰਧ ਹੈ, ਜਾਣੇ ਇਹ ਖਿੱਤਾ ਹੀ ਉਨ੍ਹਾਂ ਦੀਆਂ ਲਿਖਤਾਂ ਵਿਚ ਬੋਲ ਪਿਆ ਹੈ, ਜਿਵੇਂ ਪਹਿਲਾਂ ਭਗਤ ਆਸਾ ਰਾਮ ਦੀਆਂ ਬੋਲੀਆਂ ਵਿਚ ਲੋਕ-ਆਤਮਾ ਬੋਲ ਪਈ ਸੀ । ਸੋ, ਜਦ ਕਦੇ ਇਸ ਖਿੱਤੇ ਦਾ ਸਾਹਿੱਤਕ ਅਤੇ ਸੱਭਿਆਚਾਰਕ ਇਤਿਹਾਸ ਲਿਖਿਆ ਜਾਵੇਗਾ, ਤਦ ਜਾਪੇਗਾ ਜਿਵੇਂ ਕੇਸਰੀ ਜੀ ਨਾਲ ਚਿਰਾਂ ਦਾ ਪੈਦਾ ਹੋਇਆ ਖੱਪਾ ਪੂਰਿਆ ਗਿਆ ਹੈ। ਇਸ ਪ੍ਰਕਾਰ, ਕੇਸਰੀ ਜੀ ਦੇ ਲਿਖੇ ਦੀ ਇਤਿਹਾਸਿਕ ਮਹੱਤਤਾ ਬਣਦੀ ਹੈ।
ਦੂਜਾ, ਨੇੜਲੇ ਪਿੰਡ ਘੜੂੰਆਂ ਵਿਚ ਪਾਂਡੋਆਂ ਦੀ ਯਾਦ ਵਿਚ ਮੰਦਰ ਹਨ। ਇਹ ਪਿੰਡ ਅਜ਼ਾਦੀ ਦੀ ਤਹਿਰੀਕ ਦੀਆਂ ਸਰਗਰਮੀਆਂ ਦਾ ਵੀ ਕੇਂਦਰ ਰਿਹਾ ਹੈ। ਇਸ ਪਿੰਡ ਦੇ ਇਕ ਸ਼ਖ਼ਸ ਸੁਰੈਣ ਸਿੰਘ ਧਨੋਆ ਪੰਜਾਬ ਦੇ ਚੀਫ਼ ਸੈਕਟਰੀ ਦੇ ਅਹੁਦੇ ‘ਤੇ ਰਹੇ ਹਨ। ਸਿੰਘ ਸਭਾ ਲਹਿਰ ਦਾ ਇਸ ਪਿੰਡ ਵਿਚ ਚੋਖਾ ਪ੍ਰਭਾਵ ਰਿਹਾ ਹੈ। ਲਾਗਲਾ ਪਿੰਡ ਵੱਡੀ ਮੜੌਲੀ ਸ਼ਹੀਦ ਕਾਂਸ਼ੀ ਰਾਮ ਕਰਕੇ ਇਤਿਹਾਸ ਵਿਚ ਦਰਜ ਹੋਇਆ ਹੈ। ਕੇਸਰੀ ਜੀ ਦਾ ਪਿੰਡ ਹਸਨਪੁਰ ਇਸੇ ਆਲੇ-ਦੁਆਲੇ ਵਿਚ ਹੈ। ਕੇਸਰੀ ਜੀ ਵੀ ਧਨੋਆ ਗੋਤ ਦੇ ਜੱਟ ਸਨ। ਇਸ ਇਲਾਕੇ ਵਿਚ ਹੀ ਮੋਰਿੰਡਾ, ਚਮਕੌਰ ਸਾਹਿਬ, ਅਨੰਦਪੁਰ ਸਾਹਿਬ, ਕੀਰਤਪੁਰ, ਫ਼ਤਿਹਗੜ੍ਹ ਸਾਹਿਬ ਆਦਿ ਸਥਾਨ ਹਨ। ਇਹ ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਦੀਆਂ ਪਵਿੱਤਰ ਯਾਦਾਂ ਨੂੰ ਸਮੋਈ ਬੈਠੇ ਹਨ। ਦਸਵੇਂ ਸਿੱਖ-ਗੁਰੂ ਗੋਬਿੰਦ ਸਿੰਘ, ਉਨ੍ਹਾਂ ਦੇ ਪਿਤਾ ਗੁਰੂ ਤੇਗ਼ ਬਹਾਦੁਰ ਜੀ, ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀਆਂ ਕਰਨੀਆਂ ਅਤੇ ਕੁਰਬਾਨੀਆਂ ਦੀਆਂ ਪਵਿੱਤਰ ਯਾਦਗਾਰਾਂ ਵਜੋਂ ਵੀ ਸਾਰੇ ਜਹਾਨ ਵਿਚ ਇਹ ਸਥਾਨ ਜਾਣੇ ਗਏ ਹਨ। ਕੇਸਰੀ ਜੀ ਨੇ ਆਪਣੀਆਂ ਲਿਖਤਾਂ ਵਿਚ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੀ ਸੋਭਾ ਨੂੰ ਗਾਂਵਿਆ ਹੈ। ਕੇਸਰੀ ਜੀ ਦਾ ਲੂੰਅ-ਲੂੰਅ ਸਿੱਖ ਇਤਿਹਾਸ ਦੇ ਇਸ ਖਿੱਤੇ ਨਾਲ ਜੁੜੇ ਵਰਕਿਆਂ ਨੂੰ ਨਤਮਸਤਕ ਹੋਇਆ ਹੈ। ਫਿਰ ਅਜਿਹੇ ਕੇਸਰੀ ਜੀ ਨੂੰ ਕੋਈ ਕਿਵੇਂ ਭੁੱਲੇ ?
ਕੇਸਰੀ ਜੀ ਦੇ ਪਿੰਡ ਨੂੰ ਜਾਂਦੇ ਕੱਚੇ ਰਾਹਾਂ ਉੱਤੇ ਪੰਜਾਬੀ ਦੇ ਮਹਾਨ ਸਾਹਿੱਤਕਾਰਾਂ ਦੇ ਕਦੇ ਪਦ-ਚਿੰਨ੍ਹ ਪਏ ਸਨ। ਕੇਸਰੀ ਜੀ ਦਾ ਪਿੰਡ ਪੰਜਾਬੀ ਦੇ ਉਨ੍ਹਾਂ ਪੰਜਾਬੀ ਪਿਆਰਿਆਂ ਲਈ ਡਾਢੀ ਖਿੱਚ ਰੱਖਦਾ ਸੀ। ਇਹ ਸਿਰਫ਼ ਤੇ ਸਿਰਫ਼ ਕੇਸਰੀ ਜੀ ਸਦਕਾ ਹੀ ਸੀ।
ਵੱਡੀ ਗੱਲ ਇਹ ਕਿ ਗੁਰਬਖ਼ਸ਼ ਸਿੰਘ ਕੇਸਰੀ ਸਿੰਘ ਸਭਾ ਲਹਿਰ ਦੇ ਅੰਤਲੇ ਪੜਾਅ ਦੇ ਪ੍ਰਤਿਨਿਧ ਸਾਹਿੱਤਕਾਰ ਹਨ। ਇਸ ਇਲਾਕੇ ਵਿਚ ਗਿਆਨੀ ਦਿੱਤ ਸਿੰਘ ਦੀ ਸੋਚ ਲਈ ਪ੍ਰਤਿਬੱਧਤਾ ਵਿਖਾਉਣ ਵਾਲੇ ਉਹ ਇਕੱਲੇ ਸ਼ਖ਼ਸ ਸਨ। ਕੀ ਹੋਇਆ ਜੇ ਕੇਸਰੀ ਜੀ ਦੀਆਂ ਚੰਦ ਪੁਸਤਕਾਂ ਹੀ ਬਚ ਪਾਈਆਂ ਹਨ। ਇਨ੍ਹਾਂ ਤੋਂ ਉਸ ਸਿਦਕੀ ਕਲਮਕਾਰ ਦੀ ਕਲਾ ਦਾ ਕੁਝ ਤਾਂ ਆਭਾਸ ਹੋ ਜਾਂਦਾ ਹੈ।
ਦੂਜਾ ਖੰਡ
ੴਸਤਿਗੁਰਪ੍ਰਸਾਦਿ॥
ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ*
(ਭਾਗ ਪਹਿਲਾ)
ਦੋਹਿਰਾ
ਜਗ ਕਰਤਾ, ਹਰਤਾ ਪ੍ਰਭ ਪੁਨ ਕਰਤਾ ਪ੍ਰਤਿਪਾਲ, ਸਗਲ ਜਗਤ ਦਾ ਆਸਰਾ, ਸਤਿਗੁਰ ਪੁਰਖ ਅਕਾਲ।
ਪੂਨਾ :
ਤਾਰਨ ਆਏ ਜਗਤ ਨੂੰ, ਟਾਰਨ ਭ੍ਰਮ ਅਗ੍ਯਾਨ। ਸਤਿਗੁਰੁ ਨਾਨਕ ਜਗਤ ਗੁਰ, ਕਰਨ ਹੇਤ ਕਲ੍ਯਾਨ।
ਪਦ ਫਿਰਨਾ ਛੰਦ
ਸ੍ਰੀ ਗੁਰੂ ਨਾਨਕ ਜਗਤ ਗੁਰ ਨੂੰ, ਨਮੋ ਕਰ ਜੋਰ, ਤਾਰਿਆ ਜਗਤ ਕੱਟ ਕੇ ਭ੍ਰਮ ਹੈ, ਜਾਰੀ ਕੀਤਾ ਸਾਰੇ ਜਗ ’ਤੇ ਧਰਮ ਹੈ। ਵਾਹਿਗੁਰੂ ਮੰਤ੍ਰ, ਜੱਗ ਵਿਥਾਰਿਓ, ਜਿੰਦ ਭਾਵੇਂ ਜਾਇ ਗੁਰੂ ਨਾ ਵਿਸਾਰਿਓ ॥੧॥
ਅੰਗਦ ਗੁਰੂ ਦੇ ਪਦ ਕੰਜ ਸੇਵੀਏ, ਮਨ ਵਿਚ ਮੰਗੀਆਂ ਮੁਰਾਦਾਂ ਲੇਵੀਏ। ਗੁਰਮੁਖੀ ਬਣਾਈ ਗੁਰੂ ਜੀ ਨੇ ਮੁਖ ਤੋਂ, ਤਾਰਿਯਾ ਪੰਜਾਬ ਛੁਟਾ ਭਾਰੀ ਦੁੱਖ ਤੋਂ। ਸਿੱਧੀ ਬੋਲੀ ਵਿਚ ਨਾਮ ਨੂੰ ਪਸਾਰਿਓ, ਜਿੰਦ ਭਾਵੇਂ ਜਾਏ ਗੁਰੂ ਨਾ ਵਿਸਾਰਿਓ ॥੨॥
ਗੁਰੂ ਜੀ ਅਮਰਦਾਸ, ਜੱਗ ਆਣਕੇ, ਤੰਬੂ ਗੁਰਮਤ ਵਾਲਾ ਗਏ ਤਾਣ ਕੇ। ਨੀਚੋਂ ਊਚ ਕੀਤੇ ਮੇਟ ਜ਼ਾਤ ਪਾਤ ਨੂੰ, ਤੋੜ ਦਿਤਾ ਜੱਗ ਉੱਤੋਂ ਛੂਤ ਛਾਤ ਨੂੰ। ਭੂਤ ਸੀ ਭ੍ਰਮ ਦਾ ਰੁਰੂ ਦਾ ਉਤਾਰਿਓ, ਜਿੰਦ ਭਾਵੇਂ ਜਾਏ ਗੁਰੂ ਨਾ ਵਿਸਾਰਿਓ॥੩॥
ਗੁਰੂ ਰਾਮਦਾਸ ਤਾਲ ਸੁਧਾਸਰ ਦਾ, ਵਿਚ ਹਰਿਮੰਦ੍ਰ ਬਨਾਯਾ ਹਰਿ ਦਾ। ਬਾਣੀ ਰਚੀ ਗੁਰੂ ਨੇ ਭੰਡਾਰ ਨਾਮ ਦਾ, ਪੜ੍ਹੇ ਭਾਵੇਂ ਕੋਈ ਭਲਾ ਹੋਵੇ ਆਮ ਦਾ। ਸ੍ਵਰਗ ਦਾ ਨਮੂਨਾ ਸੁਧਾਸਰ ਤਾਰਿਓ, ਜਿੰਦ ਭਾਵੇਂ ਜਾਇ ਗੁਰੂ ਨਾ ਵਿਸਾਰਿਓ ॥੪॥
ਪੰਚਮ ਗੁਰੂ ਜੀ ਗੁਰੂ ਗ੍ਰੰਥ ਰਚ ਕੇ, ਕਈ ਚੰਦ ਚਾੜ੍ਹ ਗਏ ਵੇਖੋ ਸੱਚ ਕੇ। ਭਉਜਲ ਤੋਂ ਪਾਰ ਹੋਣ ਨੂੰ ਜਹਾਜ਼ ਹੈ, ਗੁਰੂ ਗ੍ਰੰਥ ਪੰਥ ਦਾ ਮਹਾਨ ਤਾਜ ਹੈ। ਪੰਚਮ ਗੁਰੂ ਦਾ ਉਪਕਾਰ ਪਿਆਰਿਓ, ਜਿੰਦ ਭਾਵੇਂ ਜਾਇ ਗੁਰੂ ਨਾ ਵਿਸਾਰਿਓ॥੫॥
ਗੁਰੂ ਜੀ ਗੋਬਿੰਦ ਹਰਿ, ਬਲੀ ਸੂਰਮੇ, ਕੁੱਟ ਕੇ ਬਣਾਏ ਵੈਰੀਆਂ ਦੇ ਚੂਰਮੇ। ਪੰਥ ਵਿਚ ਤਾਕਤ ਭਰੀ ਸੀ ਆਣ ਕੇ, ਸਿੱਖਾਂ ਕੋਲੋਂ ਤੁਰਕ ਮਰਾਏ ਛਾਣ ਕੇ।
ਛੇਵੇਂ ਪਾਤਸ਼ਾਹ, ਸ਼ਾਹਾਂ ਸ਼ਾਹ ਸੂਰਮੇ, ਕੁੱਟ ਕੁੱਟ ਜ਼ਾਲਮਾਂ ਦੇ ਕੀਤੇ ਚੂਰਮੇ। ਪੀਰੀ ਨਾਲ ਮੀਰੀ ਆਹ! ਦਿਖਾਈ ਜੋੜ ਕੇ, ਜਾਬਰਾਂ ਦਾ ਛੱਡਿਆ ਗੁਮਾਨ ਤੋੜ ਕੇ। ਜੰਗ ਦਾ ਤਰੀਕਾ ਪੰਥ ਨੂੰ ਸਿਖਾਰਿਓ ! ਸਿੱਖ ਪੰਥ ਉੱਤੇ ਸਰਬੰਸ ਵਾਰਿਓ॥੬॥
ਸੱਤਵੇਂ ਨੇ ਰਾਜ ਜੋਗ ਦੋ ਕਮਾਏ ਨੇ, ਭੂਰੇ ਵਾਲੇ ਜੱਟ ਬਾਦਸ਼ਾਹ ਬਣਾਏ ਨੇ। ਵਰਾਂ ਦਾ ਭੰਡਾਰਾ, ਦਿਤੇ ਵਰਦਾਨ ਜੋ, ਰਾਜੇ ਮਹਾਰਾਜੇ ਅੱਜ ਵਿੱਦਮਾਨ ਸੋ। ਸੁੱਤੇ ਪਏ ਦੇਸ਼ ਨੂੰ ਹੈ ਚਾ ਉਭਾਰਿਓ! ਸਿੱਖ ਪੰਥ ਉੱਤੇ ਸਰਬੰਸ ਵਾਰਿਓ॥੭॥
ਗੁਰੂ ਹਰਿ ਕ੍ਰਿਸ਼ਨ ਜੀ ਬਾਲ ਉਮਰੇ, ਕੱਟ ਗਏ ਪਾਪ ਖ਼ਾਲਸਾ ਜੀ ਤੁਮਰੇ। ਜ਼ਾਹਰੀ ਕਰਾਮਾਤ ਆਖੋ ਦਿੱਬ ਡੀਠ ਨੂੰ, ਦਿੱਤਾ ਸੀ ਗਿਆਨ ਇਕ ਮਹਿਰੇ ਢੀਠ ਨੂੰ। ਪੰਮਾ ਵੀ ਪੰਜੋਖਰੇ ਦੇ ਵਿਚ ਤਾਰਿਓ! ਸਿੱਖ ਪੰਥ ਉੱਤੇ ਸਰਬੰਸ ਵਾਰਿਓ ॥੮॥
ਨਾਵੇਂ ਪਾਤਸ਼ਾਹ ਨੇ ਧਰਮ ਰੱਖਯਾ, ਡੁੱਬੇ ਜਾਂਦੇ ਭਾਰਤ ਦੀ ਕੀਤੀ ਰੱਖਯਾ। ਗੋਤੇ ਖਾਂਦੇ ਹਿੰਦੂਆਂ ਨੂੰ ਪਾਰ ਤਾਰਿਆ, ਜ਼ਾਲਮਾਂ ਦਾ ਰਾਜ ਥੱਲੇ ਸੀ ਨਿਘਾਰਿਆ। ਬਾਣੀ ਵੀ ਵੈਰਾਗ ਦਾ ਸਰੂਪ ਤਾਰਿਓ! ਸਿੱਖ ਪੰਥ ਉੱਤੇ ਸਰਬੰਸ ਵਾਰਿਓ ॥੯॥
ਦੂਲੇ ਦਸਮੇਸ਼ ਗੁਰੂ ਪੰਥ ਰੱਚਿਆ, ਬੀਰਤਾ ਬਹਾਦਰੀ ਦਾ ਜੋਸ਼ ਮੱਚਿਆ। ਗਿੱਦੜਾਂ ਤੋਂ ਹਿੰਦੂ ਸਿੱਖ ਕੀਤੇ ਸ਼ੇਰ ਸੀ, ਡਰਦੇ ਡਰਪੋਕ ਆਹ! ਕਰੇ ਦਲੇਰ ਸੀ। ਮੁਰਦੀਆਂ ਰੂਹਾਂ ‘ਚ ਜਿੰਦ ਪਾ ਵੰਗਾਰਿਓ! ਸਿੱਖ ਪੰਥ ਉੱਤੇ ਸਰਬੰਸ ਵਾਰਿਓ॥੧੦॥
ਮੇਟ ਜਾਤ ਪਾਤ ਹੈ ਬਣਾਇਆ ਖ਼ਾਲਸਾ, ਹਿੰਦੂ ਮੁਸਲਮਾਨ ਦੋਹਾਂ ਤੋਂ ਨਿਰਾਲਸਾ। ਪਰਉਪਕਾਰੀ ਸਿੱਖ ਪੰਥ ਸਾਜਿਆ, ਦੁਖੀ ਦੇਸ਼ ਭਾਰਤ ਜਿਨ੍ਹੇ ਨਿਵਾਜਿਆ। ਗੁਰੂ ਗ੍ਰੰਥ ਜੀ ਨੂੰ ਗੁਰੂ ਹੈ ਉਚਾਰਿਓ! ਸਿੱਖ ਪੰਥ ਉੱਤੇ ਸਰਬੰਸ ਵਾਰਿਓ॥੧੧॥
ਗੁਰੂ ਗ੍ਰੰਥ ਪੰਥ ਦਾ ਕੀ ਜਸ ਕਰੀਏ, ਚਰਨ ਕਮਲ ਰਿਦੇ ਵਿਚ ਧਰੀਏ। ਕੀਤੇ ਉਪਕਾਰ ਐਸੇ ਪੰਥ ਖ਼ਾਲਸਾ, ਸਾਰੇ ਦੇਸ਼ ਵਿਚ ਕੀਤਾ ਹੈ ਉਜਾਲਸਾ। ਕਾਬਲ ਕੰਧਾਰ ਤਕ ਸਿੱਕਾ ਮਾਰਿਓ | ਸਿੱਖ ਪੰਥ ਉੱਤੇ ਸਰਬੰਸ ਵਾਰਿਓ ॥੧੨॥
ਆਪ ਝੱਲੇ ਦੁੱਖ, ਸੁੱਖ ਦਿੱਤੇ ਦੇਸ਼ ਨੂੰ, ਜੜ੍ਹੋਂ ਪੁੱਟ ਦਿੱਤਾ ਦੁੱਖ ਤੇ ਕਲੇਸ਼ ਨੂੰ। ਰੱਖਯਾ ਧਰਮ ਤੁਰਕ ਤੇਜ ਗਾਰਿਆ, ਸੁੱਤੇ ਪਏ ਦੇਸ਼ ਤਾਈਂ ਹੈ ਉਭਾਰਿਆ। ਸ਼ਾਹੀ ਰੋਹਬ ਦਾਬ ਹੈ ਉਤਾਰ ਡਾਰਿਓ! ਸਿੱਖ ਪੰਥ ਉੱਤੇ ਸਰਬੰਸ ਵਾਰਿਓ॥੧੩॥
ਭਾਈ ਮਨੀ ਸਿੰਘ ਦਾ ਸਰੀਰ ਕੱਟਿਆ, ਮੌਤ ਕੋਲੋਂ ਸੂਰਮੇ ਨਾ ਨੱਕ ਵੱਟਿਆ। ਬੀਰਤਾ ਦਾ ਪੁੰਜ ਹੋਣਾ ਦਿੱਤੀ ਸਿੱਖਿਆ, ਸਾਰੇ ਇਤਿਹਾਸਾਂ ਵਿਚ ਸਾਕਾ ਲਿਖਿਆ। ਕਰ ਕੇ ਅਜੀਬ ਸਾਕਾ ਹੈ ਪਧਾਰਿਓ! ਸਿੱਖ ਪੰਥ ਉੱਤੇ ਸਰਬੰਸ ਵਾਰਿਓ ॥੧੪॥
ਭਾਈ ਮਤੀ ਦਾਸ ਆਰੇ ਨਾਲ ਚਿਰਗੇ, ਟੁਕੜੇ ਦੋ ਹੋਏ ਦੇਖੋ ਧੜ ਸਿਰ ਦੇ। ਭਾਈ ਤਾਰੂ ਸਿੰਘ ਨਾ ਧਰਮ ਹਾਰਿਆ, ਕੇਸ ਨਾ ਕਟਾਏ ਖੋਪੜਾ ਉਤਾਰਿਆ। ਕੀਹਦਾ ਕੀਹਦਾ ਹਾਲ ਦੱਸੀਏ ਪਿਆਰਿਓ ! ਸਿੱਖ ਪੰਥ ਉੱਤੇ ਸਰਬੰਸ ਵਾਰਿਓ ॥੧੫॥
ਚਾਰੇ ਸ਼ਾਹਜ਼ਾਦੇ ਕਰ ਗਏ ਸਾਕੇ ਜੋ, ਪੜ੍ਹੋ ਏਸ ਪੋਥੀ ਵਿਚ ਚਿੱਤ ਲਾ ਕੇ ਸੋ। ਬੀਰਤਾ ਦਾ ਪੁੰਜ ਨਿੱਕੇ ਨਿੱਕੇ ਬਾਲਕੇ, ਕਰ ਗਏ ਅਜੀਬ ਸਾਕੇ ਨੌਨਿਹਾਲ ਜੇ। ਪੜ੍ਹੋ ਅਤੇ ਰੋਵੋ ਆਂਸੂ ਕੇਰ ਪਿਆਰਿਓ! ਸਿੱਖ ਪੰਥ ਉੱਤੇ ਸਰਬੰਸ ਵਾਰਿਓ ॥੧੬॥
[ ਨੋਟ : ਹਥਲੀ ਪੁਸਤਕ ਦੇ ਅਧਾਰ ਬਣਾਏ ਗਏ ਸੰਸਕਰਣ ਦਾ ਪਹਿਲਾ ਪੰਨਾ, ਜਿਸ ਉੱਤੇ ਪਹਿਲੇ ਪੰਜ ਬੰਦ ਸਨ, ਪ੍ਰਾਪਤ ਨਹੀਂ ਹੋ ਸਕਿਆ। ਇਸ ਲਈ, ਪੁਸਤਕ ਦੇ ਪਹਿਲੇ ਸੰਸਕਰਣ ਵਿੱਚੋਂ ਪੰਜ ਬੰਦ ਹਥਲੇ ਸੰਸਕਰਣ ਵਿਚ ਜੋੜ ਦਿੱਤੇ ਗਏ ਹਨ।
-ਸੰਪਾਦਕ
ਦੋਹਰਾ
ਕਲਗੀਧਰ ਦਸਮੇਸ਼ ਨੇ ਧਰਮ ਧੁਜਾ ਫਹਿਰਾਇ। ਭਾਰਤ ਗਾਰਤ ਹੋਣ ਤੋਂ ਡੁੱਬਦਾ ਲਿਆ ਬਚਾਇ॥
ਪਦ ਫਿਰਨਾ ਛੰਦ
ਛਾਇ ਜਾਂਦੀ ਦੀਨ ਦੀ ਜਹਾਨ ਏਕਤਾ, ਮਿਟ ਜਾਂਦੀ ਜਾਤ ਪਾਤ ਦੀ ਅਨੇਕਤਾ। ਨਾਮ ਤੇ ਨਿਸ਼ਾਨ ਹਿੰਦੂਆਂ ਦਾ ਮਿੱਟਦਾ, ਦੀਨ ਖੂਹੇ ਵਿਚ ਨਾ ਨੁਰੰਗਾ ਸਿੱਟਦਾ। ਰੀਤ ਮਿਟ ਜਾਂਦੀ ਵੇਦ ਤੇ ਪੁਰਾਨ ਦੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਦੀ ॥੧॥
ਮੌਲਵੀ ਮੁਸਲਮਾਨ ਹੁੰਦੇ ਪਾਦਰੀ, ਜੇ ਤਾਂ ਦਸਮੇਸ਼ ਕਰਦੇ ਨਾ ਬਹਾਦਰੀ। *….ਅਭਿਮਾਨ ਜਿਹੜਾ ਅੱਜ ਦਿੱਸਦਾ, ਅੱਖਰ ਗ਼ਲਤ ਵਾਂਗੂੰ ਮੂਲੋਂ ਮਿੱਸਦਾ। ਸਾਰੇ ਫੈਲ ਜਾਂਦੀ ਸ਼ਰ੍ਹਾ ਮੋਮਨਾਨ ਕੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਕੀ ॥੨॥
ਕਿਥੋਂ ਅੱਜ ਵੇਖਣਾ ਸੀ ਪੰਥ ਰੰਗਲਾ, ਭਾਰਤ ਵਰਸ਼ ਅੱਜ ਹੁੰਦਾ ਕੰਗਲਾ। ਨੱਥੂ, ਕੱਥੂ, ਕੂੜੇ ਨਿੱਕੇ ਹੁੰਦੇ ਨਾਮ ਜੇ, ਅੱਲ੍ਹਾ ਅੱਲ੍ਹਾ ਖ਼ੈਰ ਸੱਲਾ ਸੀ ਤਮਾਮ ਜੇ। ਹੁੰਦਾ ਏਨ੍ਹਾਂ ਆਰਯਾਂ ਦਾ ਅੱਜ ਮਾਨ ਕੀ ? ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਕੀ ॥੩॥
ਸਾਧੂ ਸੰਤ ਪੰਡਤ ਬਣੇ ਸਮਾਜੀ ਜੋ, ਦੁੱਲਾ ਅਬਦੁੱਲਾ ਹੁੰਦੇ ਪੀਰ ਹਾਜੀ ਸੋ। ਹਿੰਦੀਆਂ ਦੀ ਸਭਯਤਾ ਹੁੰਦੀ ਕਾਫ਼ੂਰ ਜੇ, ਲੱਖਾਂ ਕੋਹਾਂ ਜਾਂਦੇ ਇਤਿਹਾਸੋਂ ਦੂਰ ਜੇ। ਹੋਰ ਹੁੰਦੀ ਰੰਗਤ ਇਸੇ ਜ਼ਬਾਨ ਕੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਕੀ॥੪॥
ਮਾਲਾ, ਜੰਝੂ, ਤਿਲਕ ਨਾ ਕਿਤੇ ਲੱਭਦੇ, ਹੁੰਦੇ ਹੱਥ ਲੋਟੇ ਅਤੇ ਅਸੇ ਸੱਭ ਦੇ। ਪੋਥੀਆਂ ਦੇ ਵਿਚ ਯਾਦਗਾਰਾਂ ਮੁੰਦੀਆਂ, ਸੀਨੇ ਤੇ ਬਸੀਨੇ ਯਾਦਿ ਗੱਲਾਂ ਹੁੰਦੀਆਂ। ਸੁੰਨਤ ਵੀ ਹੁੰਦੀ ਸਾਰੇ ਹਿੰਦਵਾਨ ਕੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਕੀ॥੫॥
ਦੇਵੀ ਦੇਵ ਦੇਹੁਰੇ ਵੀ ਕਿਤੇ ਲੁੱਕਦੇ, ਤਾਲ ਬੌਲੀ ਤੀਰਥ ਤਮਾਮ ਸੁੱਕਦੇ। ਹੋਮ ਜਗ ਪੁੰਨ ਸੰਧਯਾ ਤੇ ਗਾਤਰੀ, ਕੱਟਦੇ ਅਸੂਲ, ਜਿਵੇਂ ਖੇਤ ਦਾਤਰੀ। ਜਾਂਦੀ ਪਰਪਾਟੀ ਪੂਜਾ ਸ਼ਨਾਨ ਕੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਕੀ॥੬॥
ਆਰਯੇ ਤੇ ਹਿੰਦੂ ਨਾ ਕਿਤੇ ਵੀ ਦਿਸਦੇ, ਸੂਰਜ ਦੇ ਅੱਗੇ ਤ੍ਰੇਲ ਮੋਤੀ ਫਿੱਸਦੇ। ਧੋਤੀ ਪਰਸ਼ਾਦ ਲਾਲੇ, ਬਿੱਪ ਖੱਤਰੀ, ਰਾਜਪੂਤ ਊਤ ਜਾਂਦੇ ਬੀਰ ਛੱਤਰੀ। ਲੱਭਦੀ ਨਾ ਪੈੜ ਨਾਮ ਤੇ ਨਿਸ਼ਾਨ ਵੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਕੀ॥੭॥
ਵੇਦਕ ਧਰਮ ਦੇ ਜੋ ਹੋਕੇ ਵੱਜਦੇ, ਸਿਰਾਂ ਉੱਤੇ ਪਰ ਰੱਖ ਕੀਤੇ ਭੱਜਦੇ। ਦੀਨ ਇਸਲਾਮ ਦਾ ਤੂਫ਼ਾਨ ਆਯਾ ਸੀ, ਸਾਰਾ ਦੇਸ ਏਸਨੇ ਵਿਚੇ ਰੂੜ੍ਹਾਯਾ ਸੀ। ਸਾਰਿਆਂ ਨੂੰ ਚਿੰਤਾ ਲੱਗੀ ਸੀਗੀ ਜਾਨ ਦੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਦੀ ॥੮॥
ਉੱਡ ਜਾਂਦੀ ਭਾਸ਼ਾ ਭੂਸ਼ਾ ਦੇਵ ਨਾਗਰੀ, ਗੀਤਾ ਵੀਤਾ ਲੋਪ ਹੁੰਦੀ ਖਾਰੇ ਸਾਗਰੀਂ। ਵੇਦਕ ਧਰਮ ਦਾ ਜੋ ਅੱਜ ਰਾਹ ਹੈ, ਸੁੱਕ ਜਾਂਦਾ ਜੜ੍ਹਾਂ ਤੋਂ ਸਬਜ਼ ਬਾਗ਼ ਹੈ। ਸ਼ੁਰੂ ਹੁੰਦੀ ਸਿੱਖਿਆ ਸਾਰੇ ਕੁਰਾਨ ਦੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਦੀ ॥੯॥
ਲੋਪ ਹੁੰਦੀ ਹਿੰਦ ‘ਚੋਂ ਹਿੰਦੂ ਫਿਲਾਸਫੀ, ਦਾੜ੍ਹੀ ਮੁੱਛ ਚੋਟੀ ਵੋਟੀ ਸਭੋ ਸਾਫ਼ ਸੀ। ਖੀਰ ਪੂੜੀ ਦੇਉਤਿਆਂ ਦਾ ਜੋ ਆਹਾਰ ਜੇ, ਹੁੰਦਾ ਗਊ ਮਾਸ ਖਾਣ ਦਾ ਵਿਹਾਰ ਜੇ। ਜੜ੍ਹ ਪੁੱਟੀ ਜਾਂਦੀ ਧਰਮ ਤੇ ਈਮਾਨ ਦੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਦੀ ॥੧੦॥
ਵਹੁਟੀਆਂ ਬਣਾਂਦੇ ਤਾਏ ਚਾਚੇ ਜ਼ਾਦੀਆਂ, ਹੂਰਾਂ ਗਿਲਮਾਨ ਲੱਭਦੇ ਆਜ਼ਾਦੀਆਂ। ਕਿੱਥੇ ਜਾਂਦੇ ਅੱਠ ਅੱਠ ਗੋਤ ਰੱਖਣੇ, ਅਰਬ ਦੇ ਸੁਆਦ ਸਾਨੂੰ ਪੈਂਦੇ ਰੱਖਣੇ। ਕਤਾ ਵਜ੍ਹਾ ਹੁੰਦੀ ਹੋਰੋ ਖ਼ਾਨਦਾਨ ਦੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਦੀ ॥੧੧॥
ਹੁੰਦੀ ਨਾ ਤਮੀਜ਼ ਜੂਠ ਅਤੇ ਸੁੱਚ ਦੀ, ਖਾਂਦੇ ਹੋ ਪਤਿਤ ਜੇਹੜੀ ਚੀਜ ਰੁੱਚਦੀ। ਬਰਤਣਾਂ ਦਾ ਮਾਂਜਣਾ ਜਾਂਦੀ ਸਫ਼ਾਈ ਜੇ, ਹੋਰੋ ਹੋਰ ਹੁੰਦਾ ਰਾਮ ਦੀ ਦੁਹਾਈ ਏ। ਖੁੱਲ੍ਹ ਮਿਲ ਜਾਂਦੀ ਐਸਾ ਵੈਸਾ ਖ਼ਾਨ ਦੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਦੀ ॥੧੨॥
ਸ਼ਾਸਤ੍ਰਾਂ ਦਾ ਸੂਖਮ ਗਿਆਨ ਉਕਤੀ, ਸਾਧਨਾਂ ਸਮੇਤ ਜਾਂਦੀ ਜੋਗ ਜੁਗਤੀ। ਆਤਮਕ ਰਸ, ਜਾਂਦੀਆਂ ਸਮਾਧੀਆਂ, ਵਿਸ਼ੇ ਤੇ ਵਿਕਾਰ ਪੈਂਦੀਆਂ ਉਪਾਧੀਆਂ। ਪੁੱਠੀ ਰੀਤ ਹੁੰਦੀ ਰੱਬ ਤੇ ਵਿਧਾਨ ਦੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਦੀ ॥੧੩॥
ਹੁੰਦੀਆਂ ਲੁਪਤ ਸਾਧ ਸੰਤ ਮੂਰਤਾਂ, ਪੈਂਦੀਆਂ ਨਜ਼ਰ ਆਹ! ਸ਼ਰੱਈ ਸੂਰਤਾਂ। ਚਾਲ ਢਾਲ ਅਰਬ ਦੀ ਤੇ ਓਹੋ ਰੀਤੀਆਂ, ਤੁੱਲ ਜਾਂਦੀ ਆਦਤ ਉੱਤੇ ਅਨੀਤੀਆਂ। ਕਾਹਨੂੰ ਰੁੱਤ ਔਂਦੀ ਖ਼ਾਲਸਾਈ ਸ਼ਾਨ ਦੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਦੀ ॥੧੪॥
ਪੰਜੇ ਪਾਂਡੋਆਂ ਦੇ ਕਾਰਨਾਮੇ ਭੁੱਲਦੇ, ਕਿੱਸੇ ਮਹਾਂ-ਭਾਰਤਾਂ ਦੇ ਕਿਤੇ ਰੁਲਦੇ। ਕਥਾ ਰਾਮ ਚੰਦ ਦੀ ਨਾ ਕੋਈ ਪੁੱਛਦਾ, ਦੀਨ ਦਾ ਕੁਹਾੜਾ ਸਾਰਾ ਬਾਗ਼ ਮੁੱਛਦਾ। ਲਛਮੀ ਸੁਰਸਤੀ ਦੇਵੀ ਕਿਥੇ ਜਾਨਕੀ ? ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਦੀ ॥੧੫॥
ਭੱਜ ਕੇ ਪਹਾੜੀਂ ਛਿਪੇ ਦੇਵੀ ਦੇਵਤੇ, ਡੂੰਘੀ ਧਾਰ ਡੁੱਬੇ ਜੋ ਉਨ੍ਹਾਂ ਨੂੰ ਸੇਵਤੇ। ਬਾਹੂ ਬਲ ਟੁੱਟਿਆ ਗਈ ਬਹਾਦਰੀ, ਅੱਡੋ-ਪਾਟ ਹੋਏ ਬਿਖਰੀ ਬਰਾਦਰੀ। ਬੀਰਤਾ ਬਲਾਈ ਭੈਰੋਂ ਹਨੂਮਾਨ ਦੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਦੀ॥੧੬॥
ਟੁੱਟ ਗਈ ਆਸ ਛਾ ਗਈ ਨਿਰਾਸਤਾ, ਰਿਹਾ ਕੋਈ ਜੀਣ ਦਾ ਨਾ ਹੋਰ ਰਾਸਤਾ। ਹੱਥ ਜੋੜ ਮਾਤ ਭੂਮੀ ਪਾਇਆ ਵਾਸਤਾ, ਲਿਆ ਨਾ ਡਕਾਰ ਮੇਰਾ ਕੀਤਾ ਨਾਸ਼ਤਾ। ਇੱਕੋ ਹੈ ਸਬੀਲ ਜੋ ਮੇਰੇ ਬਚਾਨ ਕੀ। ਮੂਰਤੀ ਨਾ ਹੁੰਦੀ ਕਰੁਣਾ ਨਿਧਾਨ ਕੀ॥੧੭॥
ਦੋਹਰਾ
ਗੁਰ ਜਸ ਤੋਂ ਹਟਣਾ ਕਠਨ, ਥੱਕਦੀ ਨਹੀਂ ਜ਼ਬਾਨ। ਕਲਮ ਨਾ ਲਿਖਣੋਂ ਰੱਜਦੀ, ਹੋਰ ਲਿਖੇ ਗੁਰ ਗਿਆਨ॥ ਮੁੜ ਮੁੜ ਕਰੀਏ ਬੰਦਨਾ, ਫੇਰ ਫੇਰ ਅਭਿਆਸ। ਪੁਨਾ ਪੁਨਾ ਗੁਰ ਚਰਨ ਵਿਚ, ਬਾਰ ਬਾਰ ਅਰਦਾਸ॥
ਪਦ ਫਿਰਨਾ ਛੰਦ
ਸਿਰੀ ਗੁਰੂ ਨਾਨਕ ਉਤਾਰ ਧਾਰਿਆ, ਦੰਭ ਤੇ ਪਖੰਡ ਦਾ ਨਮੂਦ ਮਾਰਿਆ। ਚਿਰਾਂ ਦੇ ਬਿਆਪੇ ਕੱਟ ਦਿੱਤੇ ਰੋਗ ਜੇ, ਪੰਥ ਨੂੰ ਬਖ਼ਸ਼ ਦਿੱਤਾ ਰਾਜ ਜੋਗ ਜੇ। ਸੇਵਕ ਕ੍ਰੋੜਾਂ ਤਾਰੇ ਛਿਨ ਪਲ ਮੇਂ। ਵਾਹਿਗੁਰੂ ਜਾਪ ਹੈ ਜਪਾਯਾ ਕਲ ਮੇਂ॥੧॥
ਨਾਮ ਦਾਨ ਬਾਣੀ ਦਾ ਬਖ਼ਸ਼ ਗਿਆਨ ਜੀ, ਆਤਮਕ ਦਾਨ ਦਿੱਤਾ ਹੈ ਮਹਾਨ ਜੀ। ਈਸ਼ਰੀ ਅਕਾਲੀ ਬਾਣੀ ਦਿੱਤੀ ਜਾਪ ਨੂੰ, ਕੱਟਦੀ ਰਿਦੇ ਤੋਂ ਜੇਹੜੀ ਤਿੰਨੇ ਤਾਪ ਨੂੰ। ਸੇਤ ਗੁਰੂ ਗ੍ਰੰਥ ਲਾਇਆ ਭਵਜਲ ਮੇਂ। ਵਾਹਿਗੁਰੂ ਜਾਪ ਹੈ ਜਪਾਯਾ ਕਲ ਮੇਂ॥੨॥
ਪੰਚਮ ਗੁਰੂ ਦਾ ਜਸ ਕਿਕੂੰ ਗਾਵੀਏ, ਲੱਖ ਲੱਖ ਵਾਰ ਕੁਰਬਾਨੇ ਜਾਵੀਏ। ਦਿੱਤੀਆਂ ਅਮੋਲ ਦਾਤਾਂ ਪਿਆਰੇ ਸਿੱਖ ਨੂੰ, ਜੜ੍ਹੋਂ ਕੱਟ ਦਿੱਤਾ ਹੈ ਜਮਾਂ ਦੀ ਲਿਖ ਨੂੰ। ਠਾਰਾਂ ਹੀ ਪੁਰਾਣ ਵੇਦ ਗੀਤਾ ਫਲ ਮੇਂ। ਵਾਹਿਗੁਰੂ ਜਾਪ ਹੈ ਜਪਾਯਾ ਕਲ ਮੇਂ ॥੩॥
ਇੱਕੋ ਇਕ ਪਾਇਆ ਐਸਾ ਵੱਡਾ ਪੂਰਨਾ, ਜਿਦ੍ਹੇ ਉੱਤੇ ਚੱਲ, ਚੁੱਕਦਾ ਵਿਸੂਰਨਾ। ਭੋਗ ਮੋਖ ਦੇ ਕੇ ਸਿੱਖ ਨੂੰ ਨਿਵਾਜਿਆ, ਰੰਗਲਾ ਰੰਗੀਲਾ ਬੀਰ ਪੰਥ ਸਾਜਿਆ। ਪਾਇਆ ਸੀ ਫ਼ਤੂਰ ਜੀਹਨੇ ਪਾਪੀ ਦਲ ਮੇਂ । ਵਾਹਿਗੁਰੂ ਜਾਪ ਹੈ ਜਪਾਯਾ ਕਲ ਮੇਂ ॥੪॥
ਛੇਵਾਂ ਪਾਤਸ਼ਾਹ ਮੀਰ ਪੀਰ ਬੀਰ ਹੈ, ਸ਼ਾਹੀ ਫ਼ੌਜ ਜਿਲ੍ਹੇ ਸਾਮਣੇ ਅਧੀਰ ਹੈ। ਗੁਰੂ ਹਰੀ ਰਾਏ ਦਾਤੇ ਵਰ ਦਾਨ ਕੇ, ਸੱਤਵੇਂ ਗੁਰੂ ਜੀ ਪੁੰਜ ਦਿੱਬ ਗਿਆਨ ਕੇ। ਜੋਤ ਸੀ ਜਗਾਈ ਆਹ ! ਮਹਾਨ ਖਲ ਮੇਂ । ਵਾਹਿਗੁਰੂ ਨਾਮ ਹੈ ਜਪਾਯਾ ਕਲ ਮੇਂ ॥੫॥
ਨਾਵੇਂ ਪਾਤਸ਼ਾਹ ਨੇ ਧਰਮ ਹਿੰਦ ਕਾ, ਰੱਖ ਲੀਤਾ ਕੀਤਾ ਨਾ ਪਿਆਰ ਜਿੰਦ ਕਾ। ਕੌਣ ਕਰ ਸਕਦਾ ਇਜੇਹੀ ਕਰਨੀ, ਕੰਬ ਗਈ ਜ਼ੁਲਮ ਦੇਖ ਸਾਰੀ ਧਰਨੀ। ਜ਼ਾਲਮ ਨੁਰੰਗਾ ਮਾਰ ਦਿੱਤਾ ਛਲ ਮੇਂ। ਵਾਹਿਗੁਰੂ ਜਾਪ ਹੈ ਜਪਾਯਾ ਕਲ ਮੇਂ॥੬॥
ਗੁਰੂ ਦਸਮੇਸ਼ ਦੇ ਵਿਸ਼ੇਸ਼ ਕਾਜ ਨੂੰ, ਕੌਣ ਜਾਣ ਸਕਦਾ ਹੈ ਗੁੱਝੇ ਰਾਜ਼ ਨੂੰ। ਭਾਰਤ ਵਰਸ਼ ਨੂੰ ਦਿੱਤੀ ਨਜਾਤ ਹੈ, ਮਹਾਂ ਦਾਨੀ ਗੁਰੂ ਦੀ ਮਹਾਨ ਦਾਤ ਹੈ। ਬਾਂਗ’ ਤੇ ਨਮਾਜ਼ ਰੋਜ਼ਾ ਮੇਟ ਕਲ ਮੇਂ। ਵਾਹਿਗੁਰੂ ਜਾਪ ਹੈ ਜਪਾਯਾ ਕਲ ਮੇਂ॥੭॥
ਗੁਰੂ ਗ੍ਰੰਥ ਨਾਮ ਦਾ ਜਹਾਜ਼ ਥਾਪਿਆ, ਬ੍ਰਹਮ ਗਿਆਨ ਰਾਗ ਵਿਚ ਹੈ ਅਲਾਪਿਆ। ਜ਼ਾਹਰ ਸਰੂਪ ਦਸੋਂ ਪਾਤਸ਼ਾਹ ਦਾ, ਨਿੱਤ ਉੱਠ ਵੇਖੋ ਰੂਪ ਸ਼ਾਹਾਂ ਸ਼ਾਹ ਦਾ। ਏਦ੍ਹੇ ਬਿਨਾਂ ਝੂਠੇ ਹੋਰ ਸਾਰੇ ਕਲ ਮੇਂ। ਵਾਹਿਗੁਰੂ ਜਾਪ ਹੈ ਜਪਾਯਾ ਕਲ ਮੇਂ॥੮॥
ਦੋਹਰਾ
ਕ੍ਰਿਪਾ ਸਿੰਧੁ ਕਰੁਣਾ ਕਰੋ, ਮਮ ਉਰ ਮਾਨ ਮਹਾਨ। ਹਾਨ ਹੋਨ ਅਵਗੁਨ ਸਕਲ ਮੰਗਲ ਮੋਦ ਪ੍ਰਦਾਨ ॥੧॥ ਦਾਨ ਕਰੋ ਉਰ ਗਿਆਨ ਕੋ, ਸਰਨ ਪਰਯੋ ਮੈਂ ਆਨ। ਆਨ ਕਲੇਸ਼ਨ ਕੋ ਹਤੋ, ਦੀਨ ਬੰਧੁ ਭਗਵਾਨ॥੨॥ ਹੇ ਦਸਵੇਂ ਗੁਰ ਬੀਰ ਵਰ! ਤੋਹਿ ਚਰਨ ਜੁਗ ਬੰਦ। ਨਾਕਸ ਕਾਨੀ ਕਰ ਪਕੜ, ਲਿਖਾਂ ਮਨੋਹਰ ਛੰਦ ॥੩॥ ਸਾਹਿਬਜ਼ਾਦੇ ਆਪ ਦੇ ਧਰਮ ਧੀਰ ਅਵਿਤਾਰ। ਧਰਮ ਹੇਤ ਤਨ ਮਨ ਅਹੋ! ਗਏ ਸਰਬ ਸੁਖਵਾਰ ॥੪॥ ਤਨ ਛੋਟੇ ਪਰ ਮਨ ਬੜੇ ਬੜੀ ਬੁੱਧ ਬਲ ਧੀਰ। ਸਾਕੇ ਐਸੇ ਕਰ ਗਏ ਮਿਲਦੀ ਨਹੀਂ ਨਜ਼ੀਰ ॥੫॥
ਪਦ ਫਿਰਨਾ ਛੰਦ
ਨਿੱਕੀਆਂ ਜਿੰਦਾਂ ਦੇ ਸ਼ੁਰੂ ਹੁੰਦੇ ਸਾਕੇ ਜੀ, ਪੜ੍ਹੋ ਤੇ ਵਿਚਾਰੋ ਹੈ ਅਜੀਬ ਸਾਕੇ ਜੀ। ਚਾਰ ਸ਼ਾਹਜ਼ਾਦੇ ਗੁਰੂ ਦਸਮੇਸ਼ ਦੇ, ਹੋਏ ਕੁਰਬਾਨ ਉੱਤੇ ਦੀਨ ਦੇਸ਼ ਦੇ। ਲੱਭਣੇ ਨਾ ਹਾਲ ਕਿਤੋਂ ਐਸੇ ਹੋਰ ਕੇ। ਕੀਹਨੇ ਸ਼ਹੀਦ ਕਰਵਾਏ ਹੱਥੀਂ ਟੋਰ ਟੋਰ ਕੇ ? ॥੧॥
ਲਿਖੂੰਗਾ ਮੈਂ ਦਿਲ ਖਿੱਚ ਏਸ ਕਿੱਸੇ ਨੂੰ, ਪੜ੍ਹ ਕੇ ਤੇ ਜੋਸ਼ ਆਵੇ ਹਰ ਕਿਸੇ ਨੂੰ। ਫੂਕ ਗਏ ਰੂਹ ਲਾਲ ਵਿਚ ਦੇਸ਼ ਦੇ, ਜੜ੍ਹੋਂ ਮੂਲ ਕੱਢ ਦਿੱਤੇ ਨੇ ਕਲੇਸ਼ ਦੇ। ਵੈਰੀ ਦਲ ਸਾੜੇ ਏਨ੍ਹਾਂ ਠੋਰ ਠੋਰ ਕੇ। ਕੀਹਨੇ ਪੁੱਤ ਮਾਰੇ ਹੱਥੀਂ ਟੋਰ ਟੋਰ ਕੇ ?॥੨॥
ਜ਼ਾਲਮਾਂ ਦਾ ਰਾਜ ਸਾਰਾ ਜੜ੍ਹ ਮੂਲ ਤੋਂ, ਦਿੱਤਾ ਹੈ ਉਖਾੜ ਸੁੱਕਾ ਫਲ ਫੂਲ ਤੋਂ। ਏਨ੍ਹਾਂ ਸੂਰਿਆਂ ਦਾ ਸਾਕਾ ਅੱਗੇ ਲਿਖਯਾ, ਬੀਰਤਾ ਦਾ ਪੁੰਜ ਦੇਂਦਾ ਬੀਰ ਸਿੱਖਯਾ। ਜਿੰਦੜੀ ਘੁਮਾਓ ਗ਼ਮ ਖੋਰ ਖੋਰ ਕੇ। ਕੀਹਨੇ ਪੁੱਤ ਮਾਰੇ ਹੱਥੀਂ ਟੋਰ ਟੋਰ ਕੇ ?॥੩॥
ਆਓ ਸਾਰੇ ਦੇਸ਼ ਦੀ ਤਾਰੀਖ਼ ਫੋਲੀਏ, ਮਿਲੇ ਨਾ ਕਹਾਣੀ ਐਸੀ ਕਿਤੇ ਟੋਲੀਏ। ਆਪਾ ਵਾਰਨੇ ਦੀ ਕਥਾ ਲਾ-ਮਿਸਾਲ ਹੈ, ਏਦ੍ਹੇ ਤੁੱਲ ਲੱਭਦਾ ਕਿਥੇ ਕਮਾਲ ਹੈ। ਇਕ ਤੋਂ ਵਧੀਕ ਸਾਕੇ ਜੋਰ ਜੋਰ ਕੇ। ਕੀਹਨੇ ਪੁੱਤ ਮਾਰੇ ਹੱਥੀਂ ਟੋਰ ਟੋਰ ਕੇ ?॥੪॥
ਕੀਦ੍ਹਾ ਸੀ ਉਦੇਸ਼ ਐਡਾ ਉੱਚਾ ਪਿਆਰਿਆ ? ਕੀਹਨੇ ਕੌਮ ਉੱਤੇ ਸਭੋ ਕੁਝ ਵਾਰਿਆ ? ਚੱਪਾ ਇਕ ਰੱਖੀ ਨਾ ਜ਼ਮੀਨ ਕੋਲ ਹੈ, ਸਭੋ ਕੁਝ ਹਾਰ ਜੋ ਰਿਹਾ ਅਡੋਲ ਹੈ। ਵੱਸਿਆ ਹੈ ਕੌਣ ਅੰਞ ਘੋਰ ਘੋਰ ਕੇ ? ਕੀਹਨੇ ਪੁੱਤ ਮਾਰੇ ਹੱਥੀਂ ਟੋਰ ਟੋਰ ਕੇ ?॥੫॥
ਬਾਦਸ਼ਾਹਾਂ ਨਾਲ ‘ਕੱਲਾ ਹੱਥ ਜੋੜ ਕੇ, ਇੰਚ ਪਿੱਛੇ ਹੋਯਾ ਨਾ ਮਿਸ਼ਨ ਛੋੜ ਕੇ। ਬੱਚਿਆਂ ਦੇ ਵਿਚ ਰੂਹ ਸੀ ਕਮਾਲ ਦੀ, ਪਾਣ ਸਾਣ ਚੜ੍ਹੀ ਸੀ ਧੁਰੋਂ ਅਕਾਲ ਦੀ। ਘੱਲੂਘਾਰੇ ਕੀਤੇ ਐਡੇ ਵੱਡੇ ਸ਼ੋਰ ਕੇ। ਕੀਹਨੇ ਪੁੱਤ ਮਾਰੇ ਹੱਥੀਂ ਟੋਰ ਟੋਰ ਕੇ ?॥੬॥
ਦੂਜਿਆਂ ਨੂੰ ਸੌਖਾ ਹੁੰਦਾ ਆਪ ਮਾਰਨਾ, ਖਰਾ ਔਖਾ ਦੁਖ ਮੌਤ ਦਾ ਸਹਾਰਨਾ। ਸਿੱਖ ਪੰਥ ਵਿਚ ਧੁਰੋਂ ਆਈ ਲੀਕ ਹੈ, ਆਪਾ ਵਾਰ ਦੇਣਾ ਸਾਨੂੰ ਸ਼ੋਭਨੀਕ ਹੈ। ਝੁਕਣਾ ਨਾ ਅੱਗੇ ਆਹ ! ਜ਼ੁਲਮ ਜ਼ੋਰ ਕੇ। ਕੀਹਨੇ ਪੁੱਤ ਮਾਰੇ ਹੱਥੀਂ ਟੋਰ ਟੋਰ ਕੇ ?॥੭॥
ਦੋਹਰਾ
ਕਲਗੀਧਰ ਦਸਮੇਸ਼ ਗੁਰ ਆਨਦਪੁਰ ਵਿਚਕਾਰ। ਅਚਰਜ ਰਚਨਾ ਰਚ ਰਹੇ ਖ਼ਾਤਿਰ ਪਰਉਪਕਾਰ।
ਪਦ ਫਿਰਨਾ ਛੰਦ
ਫ਼ੌਜ ਦੀ ਤਿਆਰੀ ਬਾਦਸ਼ਾਹ ਵਾਂਗ ਜੇ, ਕੀਤੀ ਦਸਮੇਸ਼ ਪੂਰੀ ਸਾਂਗੋ ਪਾਂਗ ਜੇ। ਗੱਭਰੂ ਅਨੇਕਾਂ ਤੇ ਪਹਿਲਵਾਨ ਜੀ, ਸਿੱਖ, ਹਿੰਦੂ ਵਿਚੇ ਹੀ ਮੁਸਲਮਾਨ ਸੀ। ਕਰਤਬ ਕਮਾਲ ਨਿਤ ਹੁੰਦੇ ਪਿਆਰਿਆ। ਜੰਗ ਦਾ ਸਾਮਾਨ ਪੂਰਾ ਸੀ ਉਤਾਰਿਆ ॥੧॥
ਘੋੜੇ ਦੀ ਸਵਾਰੀ ਤੇ ਸ਼ਿਕਾਰ ਖੇਲਣੇ, ਪੁੱਟ ਕੇ ਅਖਾੜੇ ਨਿੱਤ ਡੰਡ ਪੇਲਣੇ। ਜੰਗ ਦਾ ਤਰੀਕਾ ਸਿੱਖਾਂ ਨੂੰ ਹੈ ਦੱਸਿਆ, ਚੋਣਵਾਂ ਜਵਾਨ ਆਨ ਕੋਲ ਵੱਸਿਆ। ਕੋਹੀ ਰਾਜਿਆਂ ਨੂੰ ਗੱਜ ਕੇ ਵੰਗਾਰਿਆ। ਜੰਗ ਦਾ ਸਾਮਾਨ ਪੂਰਾ ਸੀ ਉਤਾਰਿਆ॥੨॥
ਜੜ੍ਹ ਬਾਦਸ਼ਾਹ ਗੁਰੂ ਕੀਤੀ ਖੋਖਲੀ, ਤੁਰਕ ਰਾਜ ਤਾਕਤ ਸੀ ਸਾਰੀ ਜੋਖਲੀ। ਕੀਤੀਆਂ ਸ਼ਾਹਾਨਾ ਭਾਂਤ ਭਾਂਤ ਤਿਆਰੀਆਂ, ਜੰਗ ਦੀਆਂ ਸਕੀਮਾਂ ਸੋਚ ਲਈਆਂ ਸਾਰੀਆਂ । ਸੁੱਤੇ ਪਏ ਦੇਸ਼ ਨੂੰ ਤਾਹਾਂ ਉਭਾਰਿਆ। ਜੰਗ ਦਾ ਸਾਮਾਨ ਪੂਰਾ ਸੀ ਉਤਾਰਿਆ॥੩॥
ਸ਼ਸਤ੍ਰਾਂ ਦਾ ਸ਼ੌਕ ਘੋੜੇ ਦੀ ਸਵਾਰੀ ਦਾ, ਕੱਚੀਆਂ ਲੜਾਈਆਂ ਵਿਚ ਜਿੱਤ ਹਾਰੀਦਾ। ਹੁੰਦੈ ਸੰਗ੍ਰਾਮ ਨਿਤ ਚਾਂਦ ਮਾਰੀਆਂ, ਤੀਰ ਤੇ ਤੁਫੰਗ ਤੇਗ਼ਾਂ ਲੈ ਕਟਾਰੀਆਂ। ਹੁੰਦੀ ਹੈ ਮਸ਼ਕ ਡਾਢਾ ਕੋਪ ਧਾਰਿਆ। ਜੰਗ ਦਾ ਸਾਮਾਨ ਪੂਰਾ ਸੀ ਉਤਾਰਿਆ॥੪॥
ਭਾਰਤ ਅਕਾਸ਼ ਉੱਤੇ ਤੇਜ ਜੱਸ ਦਾ, ਸੂਰਜ ਸਮਾਨ ਸੀ ਮਹਾਨ ਲੱਸਦਾ। ਅੱਖੀਂ ਡਿੱਠੇ ਹਾਲ ਕਵੀ ਅੰਞ ਲਿਖਦੇ, ਸਾਮਣੇ ਉਨ੍ਹਾਂ ਨੂੰ ਸੀ ਜੋ ਰੋਜ਼ ਦਿੱਖਦੇ। ਪ੍ਰਭੁਤਾ ਵਡਾਈ ਜੱਸ ਹੈ ਉਚਾਰਿਆ। ਹੇਠਲੇ ਕਬਿੱਤਾਂ ਵਿਚ ਦੇਖ ਪਿਆਰਿਆ॥੫॥
“ਆਨਦ ਦਾ ਵਾਜਾ ਨਿਤ ਵੱਜਦਾ ਅਨੰਦ ਪੁਰ, ਸੁਣਿ ਸੁਣਿ ਸੁਧ ਭੁਲਦੀ ਏ ਨਰ ਨਾਂਹ ਦੀ। ਭੌ ਭਯਾ ਭਵੀਛਣੇ ਨੂੰ ਲੰਕਾ ਗੜ੍ਹ ਵੱਸਣੇ ਦਾ, ਫੇਰ ਅਸਵਾਰੀ ਆਂਵਦੀ ਏ ਮਹਾ ਬਾਂਹ ਦੀ। 1 ਬਲ ਛਡ ਬਲ ਜਾਇ ਵਸਿਆ ਪਤਾਲ ਵਿਚ, ਫਤੇ ਦੀ ਨਿਸ਼ਾਨੀ ਜੈਂਧੇ ਦਰ ਦਰਗਾਹ ਦੀ। ਸਵਣ ਨਾ ਦੇਂਦੀ ਸੁੱਖ ਦੁੱਜਣਾਂ ਨੂੰ ਰਾਤ ਦਿਨ, ਨੌਬਤ ਗੁਬਿੰਦ ਸਿੰਘ ਗੁਰੂ ਪਾਤਸ਼ਾਹ ਦੀ।
ਕਾਬਲ ਕਹਿਲ ਕੁਲ ਦਿਲੀ ਦਹਿਲ ਜਾਤ, ਭੱਖਰ ਮੇਂ ਛੋਡ ਭਾਜੇਂ ਭਾਮਨੀ ਭਰੱਤਾ ਕੋ। ਰਾਮ ਪੁਰ ਰੌਰ ਪਰੈ ਸੂਰਤ ਬਿਸੂਰਤ ਹੋਇ, ਜੈਪੁਰ ਨਾ ਜੋਤੀ ਸੰਭਾਰੈ ਲਾਜ ਲੱਤਾ ਕੋ। ਪੱਤ੍ਰ ਪੁੰਡਰੀਕ ਕਾਮ ਕੁੱਲੂ ਨਾ ਕਿਵਾਰ ਖੋਲ੍ਹੇ, ਕੋਪ ਕੈ ਕਰਾਲ ਕਾਲ ਕੂਦੈ ਕਲਕੱਤਾ ਕੋ। ਸ੍ਰੀ ਗੁਰੂ ਗੋਬਿੰਦ ਸਿੰਘ ਬਿਜੈ ਦੰਡ ਮਹਾਂ ਬਾਂਹੁ, ਜਬੈ ਹਾਥ ਲੇਤ ਹੈ ਸਕੋਪ ਕਾਲ ਕੱਤਾ ਕੋ।
ਊਪਰ ਨਰੇਸ ਹੂੰਕੀ ਹੋਹ ਸੁਭ ਬੇਸ ਹੂੰਕੀ, ਕਾਸ਼ਮੀਰ ਦੇਸ਼ ਹੂੰਕੀ ਭਰੀ ਆਨ ਧਾਮਰੀ। ਬੁਨੀ ਕਾਰੀਗਰ ਭਾਰੀ ਕਰੀ ਖ਼ੂਬ ਗੁਲਕਾਰੀ, ਪਹਿਰੇ ਭਿਖਾਰੀ ਮੋਲੁ ਪਾਵੈ ਲਾਖ ਦਾਮਰੀ। ਸੀਤ ਹੀ ਕੋ ਜੀਤ ਲੇਤ ਐਸੀ ਸੋਭਾ ਦੇਹ ਦੇਤ, ਮੰਗਲ ਸੋ ਕਬਿ ਜੋ ਕਨ੍ਹਯਾ ਜੀ ਕੋ ਕਾਮਰੀ। ਸਯਾਮ ਸੇਤ ਪੀਰੀ, ਲਾਲ, ਜਰਦ, ਸਬਜ ਰੰਗ, ਗੁਰੂ ਜੀ ਗੋਬਿੰਦ ਐਸੀ ਮੌਜ ਦੇਤ ਪਾਮਰੀ।
ਚਢਤਿ ਹੀ ਬਾਜੀ ਚਢਯੋ ਗਾਢੇ ਗਢ ਢਾਹਬੇ ਕੋ, ਦਾਰਬੇ ਕੋ ਦੁਖ ਰੀਝੈ ਬੱਰਜਿਯੋ ਭਵਾਨੀ ਕੋ। ਆਵਤ ਹੀ ਦਾਢੀ ਛਾਤੀ ਦਾਢੀ ਛਿਤ ਪਾਲਨ ਕੀ, ਰਜ ਕੋ ਕਰੀਯਾ ਉਨ ਹੀ ਕੀ ਰਜਧਾਨੀ ਕੋ। ਮਹਾਂ ਬਾਹੁ ਗੁਰੂ ਜੀ ਗੋਬਿੰਦ ਸਿੰਘ ਪਾਰਥ ਜਿਉਂ, ਭਾਰਥ ਕੋ ਜੀਤ ਲੇਤ ਬਸੁਧਾ ਬਿਹਾਨੀ ਕੋ। ਪਾਗ ਹੂੰਕੋ ਬਾਂਧਬੋ ਕਛੁਕ ਦਿਨ ਪਾਛੈ ਸੀਖਯੋ, ਪਹਿਲੇ ਹੀ ਸੋ ਸੀਖਯੋ ਸਿੰਘ ਬਾਂਧਬੋ ਕ੍ਰਿਪਾਨੀ ਕੋ।
ਅਸੁਰ ਬਿਦਾਰਬੇ ਕੋ, ਸੁਰਪਤ ਪਾਰਬੇ ਕੋ, ਭਗਤ ਉਦਾਰਬੇ ਕੋ ਮੁਕਤ ਕੀ ਜਰੀ ਹੈ। ਅਰ ਦਲ ਭੰਜਬੇ ਕੋ, ਗੜ੍ਹ ਦਲ ਗੰਜਬੇ ਕੋ, ਸਭ ਸੁਖ ਸੰਜਬੇ ਕੋ, ਮਹਾਂ ਸੁਖ ਭਰੀ ਹੈ। ਕਰਤ ਕਲੋਲ ਗੁਰ ਗੋਬਿੰਦ ਕੇ ਕਰ ਮਾਂਹਿ, ਚੱਕ੍ਰ ਸਾਥ ਹੂੰ ਤੇ ਮਾਰਬੇ ਕੀ ਬਿਧ ਪਰੀ ਹੈ। ਫਤੇ ਕੀ ਨਿਸ਼ਾਨੀ ਯਹਿ ਪੂਰਬ ਜਨਮ ਹੂੰ ਕੀ, ਤਬ ਹੁਤੀ ਗਦਾ ਅਬ ਸਿਆਮ ਰੰਗ ਛਰੀ ਹੈ।
ਪੂਰਨ ਪੁਰਖ ਅਵਤਾਰ ਆਨ ਲੀਨ ਆਪ, ਜਾਕੇ ਦਰਬਾਰ ਮਨ ਚਿਤਵੈ ਸੋ ਪਾਈਏ। ਘਟ ਘਟ ਵਾਸੀ, ਅਬਨਾਸੀ ਨਾਮ ਜਾਕੋ ਜਗ, ਕਰਤਾ ਕਰਨਹਾਰ ਸੋਈ, ਦਿਖਰਾਈਏ। ਨੌਮੇ ਗੁਰ ਨੰਦ ਜਗ ਬੰਦ ਤੇਗ ਤਿਆਗ ਪੂਰੋ, ਮੰਗਲ ਸੁ ਕਬਿ ਕਹਿ ਮੰਗਲ ਸੁ ਧਾਈਏ। ਆਨੰਦ ਕੋ ਦਾਤਾ ਗੁਰ ਸਾਹਿਬ ਗੋਬਿੰਦ ਰਾਇ, ਚਾਹੈ ਜੋ ਅਨੰਦ ਤੋ ਅਨੰਦ ਪੁਰ ਆਈਏ।
ਦਿਜਨ ਕੇ ਦਲ ਜੋਗੀ ਜੰਗਮ ਜੁਮਾਤ ਦ੍ਵਾਰ, ਬੰਦੀ ਜਨ ਕਿਤਕ ਹੈਂ ਜਗਤ ਮੈ ਜਾਹਿ ਕੀ। ਸੋਭਾ ਸੁਭ ਲੇਤ ਦੇਤਿ ਲੱਛਨ ਕੋ ਲੱਛ ਜੋਰ, ਦੇਖ ਦੇਖ ਸੁਧ ਭੂਲ ਜਾਤ ਸੁਰ ਨਾਹਿ ਕੀ। ਗੋਬਿੰਦ ਗੁਰੂ ਕੋ ਦਾਨ ਮਾਲਮ ਜਹਾਨ ਭਯੋ, ਭਿੱਛਕ ਕੀਏ ਹੈਂ ਭੂਪ, ਪ੍ਰਵਾਹ ਨਾਹ ਕਾਹਿ ਕੀ। ਬਲ ਬੈਨ ਬਿਕ੍ਰਮਨ ਭੋਜ ਹੂੰ ਮੈਂ ਮੌਜ ਐਸੀ, ਜਾਕੀ ਏਕ ਮੌਜ ਨਵ ਰੋਜ਼ ਪਾਤਿਸ਼ਾਹ ਕੀ।
ਰਾਵਣ ਤੇ ਛੀਨ ਦਈ ਬਖ਼ਸ਼ ਬਿਭੀਖਣ ਕੋ, ਬਾਵਨ ਹੈ ਕੇ ਬਾਂਧਯੋ ਬਲ ਜਬ ਤੁਮ ਚਾਹੀ ਹੈ। ਕਬ ਚਾਰ ਮੁਖ ਰਚਯੋ ਥੰਭ ਬੀਚ ਨਰ ਸਿੰਘ, ਪ੍ਰਹਿਲਾਦ ਹੂੰ ਕੀ ਪੈਜ ਪੂਨਾ ਪੂਰਨ ਨਿਬਾਹੀ ਹੈ। ਗੁਰੂ ਜੀ ਗੋਬਿੰਦ੍ਰ ਰਾਇ ਚਾਹੋ ਤੁਮ ਸੋਈ ਕਰੋ, ਬੂਝ ਦੇਖੋ ਬੇਦ ਇਸ ਬਾਤ ਕੋ ਉਗਾਹੀ ਹੈ। ਔਰ ਪਾਤਸ਼ਾਹੀ ਸਭ ਲਗਨ ਕੋ ਪਾਤਸ਼ਾਹ, ਪਾਤਸ਼ਾਹੋਂ ਪਰ ਸਾਚੀ ਤੇਰੀ ਪਤਸ਼ਾਹੀ ਹੈ।
ਭਾਵੈ ਜਾਇ ਤੀਰਥ ਸ੍ਮਤ ਸੇਤਿ ਬੰਦ ਹੂਲੌ, ਭਾਵੈ ਜਾਇ ਕੰਦਰਾ ਮੇਂ ਕੰਦ ਮੂਲ ਖਾਈਏ। ਭਾਵੈ ਜਾਇ ਦੁਆਰਕਾ ਦਗਧ ਦੇਹ ਕਰੇ ਛਾਪੇ ਲਾਇ, ਭਾਵੈ ਕਾਂਸੀ ਮਾਹਿ ਜਾਇ ਜੁਗ ਲੋ ਬਸਾਈਏ। ਭਾਵੈ ਪੂਜੋ ਦੇਹੁਰੇ ਦਿਵਾਲੈ ਸਭ ਜਗ ਹੂੰਕੇ, ਭਾਵੈ ਖਟ ਦਰਸ਼ਨ ਕੇ ਭੇਖ ਮੇਂ ਫਿਰਾਈਏ। ਜੋ ਤੂੰ ਚਾਹੇ ਮਨਸਾ ਕੋ ਮੰਗਲ ਤੁਰਤ ਫਲ, ਗੋਬਿੰਦ ਗੁਰ ਕੀ ਏਕ ਮੌਜ ਹੀ ਮੇਂ ਪਾਈਏ।
ਸਮੁੰਦ੍ਰ ਕੇ ਵਾਰ ਪਾਰ ਵਿਚ ਮਹੀਂ ਮੰਡਲ ਦੇ, ਜੇਦ੍ਹਾ ਜਸ ਸਭ ਲੋਕ ਦੇਸ ਦੇਸ ਗਾਂਵਦੇ। ਸੇਵਦੇ ਭਿਖਾਰੀ ਏਦੀ ਹੋਏ ਨੀ ਹਜ਼ਾਰੀ ਹੁਣ, ਵਾਰੀ ਵਾਰੀ ਪਢ ਕੇ ਕਬਿੱਤ ਨੀ ਸੁਨਾਂਵਦੇ। ਚਾਰੋ ਹੀ ਬਰਨ ਖਟ ਦਰਸ਼ਨ ਜੇਦ੍ਹੇ ਦੁਵਾਰ, ਮੰਗਲ ਸੁ ਕਬਿ ਮਨ ਇਛੇ ਫਲ ਪਾਂਵਦੇ। ਵੇਖੀ ਬਲ ਵਾਂਗੂੰ ਕੋਈ ਛਲ ਗੁਰੂ ਗੋਬਿੰਦ ਜੀ, ਇਕ ਲੈ ਲੈ ਜਾਂਦੇ ਇਕ ਲੈਵਣੇ ਨੂੰ ਆਂਵਦੇ।
ਤੋ ਸੌ ਬੈਰ ਬਾਂਧ ਬੈਰੀ ਧੀਰਨ ਧਰਤ ਕਾਂਹੂੰ, ਧੌਂਸਾ ਕੀ ਧੂੰਕਾਰ ਧਰਾ ਧਰ ਧੱਸਕਤ ਹੈ। ਦਲ ਕੇ ਚਲਤਿ ਮਹਿ ਹਾਲਤਿ ਹਲਤਿ ਕੋਲ, ਕੂਰਮਕ ਹੱਲ ਫਨੀ ਫਨਨਿ ਸਕਤਿ ਹੈ। ਪ੍ਰਬਲ ਪ੍ਰਤਾਪੀ ਪਾਤਿਸ਼ਾਹੁ ਗੁਰੂ ਗੋਬਿੰਦ ਸਿੰਘ ਜੀ, ਤੇਰੋ ਭਯ ਭੀਤ ਭਾਰੀ ਭੂਪ ਸੱਸਕਤਿ ਹੈ। ਹੋਤ ਭੂਮ ਚਾਲ ਦਿਗ ਪਾਲ ਪਾਇਮਾਲ ਹੋਤ, ਹਲ ਕੇਹ ਹੱਲ ਹਾਥੀ ਮਾਥੇ ਮਸਕਤਿ ਹੈ।
ਜਿਨ ਕੋ ਪ੍ਰਤਾਪ ਪਰ ਪੂਰਨ ਪੁਹਮ ਪਰ, ਸੋਊ ਤੇਰੇ ਚਰਨ ਕੋ ਕਰਤ ਬਖਾਨ ਹੈ। ਜਿਨੈ ਚਾਹ ਚਕ੍ਰਵੈ ਚਕਿਤ ਹੋਤ ਹੰਸ ਰਾਮ, ਤੇਊ ਤੇਰੇ ਚਾਹਬੇ ਕੋ ਧਾਰਤ ਧਿਆਨ ਹੈ। ਜਿਨ ਕੋ ਬਿਜਯਾ ਪਾਰਾਵਾਰ, ਵਾਰ ਪਾਰ ਦੇਖੀਯਤ, ਪ੍ਰਬਲ ਪ੍ਰਚੰਡ ਸੁਨੇ ਜਾਹਰ ਜਹਾਨ ਹੈ। ਜਿਨ ਕੌ ਨ ਦਰਬਾਰ ਪਈਯਤ ਮਹੀ ਨਿਕਲੌ, ਤੇਊ ਤੇਰੇ ਦਰਬਾਰ ਦੇਖੇ ਦਰਵਾਨ ਹੈ।”
[ ਨੋਟ : ਉਪ੍ਰੋਕਤ ਕਵਿਤਾ ਸ੍ਰੀ ਕਲਗੀਧਰ ਮਹਾਰਾਜ ਦੇ ਦਰਬਾਰੀ ਕਵੀਆਂ ਵਿਚੋਂ ਮੰਗਲ ਕਵਿ ਤੇ ਹੰਸ ਰਾਮ ਦੀਆਂ ਕਵਿਤਾਵਾਂ ਹਨ। ਹੁਣ ਮਹਾਂ ਕਵਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਅਦੁੱਤੀ ਰਚਨਾ ਦੀ ਵੰਨਗੀ ਪੇਸ਼ ਕੀਤੀ ਜਾਂਦੀ ਹੈ :]
“ਸਤਿਜੁਗ ਬਾਵਨ ਸਰੂਪ ਹੈ ਨ ਉਪਜਤਿ, ‘ਬਲਿ’ ਕਰ ਜੱਗ੍ਯ ਸੁਰਪੁਰਿ ਦੈਂਤ ਬਾਸਤੇ। ਭਨਤਿ ਸੰਤੋਖ ਸਿੰਘ ਤ੍ਰੇਤੇ ਜੇ ਨ ਰਾਮਚੰਦ੍ਰ, ਰਾਵਨ ਕੋ ਰਾਜ ਰਹੇ ਕੋਊ ਨਾ ਬਿਨਾਸ਼ਤੇ। ਦ੍ਵਾਪੁਰਿ ਮੈਂ ਸ਼੍ਯਾਮਘਨ ਹੋਤੇ ਨ ਕਰਤਿ ਕੌਨ, ਦੋਖੀਨ ਕੋ ਦੁਖ, ਸੁਖ ਸੰਤਨ ਕੇ ਵਾਸਤੇ ? ਤੈਸੇ ਕਲੀ ਕਾਲ ਮਾਹਿਂ ਗੁਰੂ ਰੂਪ ਹੋਵਤਿ ਨ, ਕੌਨ ਹਿੰਦਵਾਨੋ ਰਾਖਿ ਧਰ੍ਮ ਕੋ ਪ੍ਰਕਾਸ਼ਤੇ ?
ਛਾਇ ਜਾਤੀ ਏਕਤਾ, ਅਨੇਕਤਾ ਬਿਲਾਇ ਜਾਤੀ, ਹੋਵਤੀ ਕੁਚੀਲਤਾ ਕਿਤਾਬਨਿ ਕੁਰਾਨ ਕੀ। ਪਾਪ ਹੀ ਪ੍ਰਪੱਕ ਜਾਤੇ, ਧਰਮ ਧਸੱਕ ਜਾਤੇ, ਬਰਨ ਗ਼ਰੱਕ ਜਾਤੇ ਸਹਿਤ ਬਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤਿ ਮਿਟ ਜਾਤੀ ਕਥਾ ਬੇਦਨਿ ਪੁਰਾਨ ਕੀ। ਸ਼੍ਰੀ ਗੁਰੂ ਗੁਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤਿ ਨ ਹੋਤੀ ਜਉਪੈ ਕਰੁਣਾ ਨਿਧਾਨ ਕੀ।
ਰਾਮ ਛੱਤ੍ਰਿ ਬੰਧ ਪਰ, ਰਾਮ ਦਸਕੰਧ ਪਰ, ਰਾਮ ਜਰਾਸਿੰਧ ਪਰ, ਤ੍ਰੈਗੋਂ ਨਰ ਸਿੰਘ ਹੈਂ। ਰੁੱ ਜਿਉਂ ਮਾਰ ਪਰ, ਬੈਨਤੇਯ ਮਾਰ ਪਰ, ਪੌਨ ਦੀਪਮਾਰ ਪਰ, ਮਾਰ ਪਰ ਸਿੰਘ ਹੈ। ਸੂਰ ਤਮ ਬਿੰਦ ਪਰ, ਸੂਰ ਰਣ ਦੁੰਦ ਪਰ, ਸੂਰ ਦਿੱਤੀ ਨੰਦ ਪਰ, ਦੂਜੇ ਨਰਸਿੰਘ ਹੈ। ਕਾਲ ਸਰਬੰਸ ਪਰ, ਦਾਵਾ ਬਨ ਬੰਸ ਪਰ, ਯੋਂ ਮਲੇਛ ਬੰਸ ਪਰ, ਸ਼੍ਰੀ ਗੁਬਿੰਦ ਸਿੰਘ ਹੈਂ।”4
ਦੋਹਰਾ
ਧੌਂਸਾ ਗੁਰ ਦਸਮੇਸ਼ ਦਾ, ਵੱਜਿਆ ਵਿਚ ਪਹਾੜ। ਵੱਜਿਆ ਕੋਹੀ ਰਾਜਿਆਂ, ਦਿੱਤੀ ਛਾਤੀ ਪਾੜ॥
ਸ੍ਰੀ ਗੁਰੂ ਦਸਮੇਸ਼ ਜੀ ਦਾ ਰਣਜੀਤ ਨਗਾਰਾ
ਥਵੀ ਥੱਰਾਈ ਛਾਤੀ ਪਾਟੀ ਗਿਰ ਭੂਮ ਸੰਦੀ, ਵਾਟੀ ਘਾਟੀ ਜੀਵ ਜਿਥੇ ਸੀਗਾ ਕੋਈ ਭੱਜਿਆ। ਧੱਮ ਧੱਮ ਜ਼ੋਰ ਦਾ ਧੱਮਾਕਾ ਪਿਆ ਇੱਕੇ ਵਾਰ, ਸੁਣ ਕੇ ਤੇ ਘੋਰ, ਘੋਰ ਵਾਲਾ ਨਭ ਲੱਜਿਆ। ਹਾਥੀ ਸ਼ੇਰ ਚਿੱਤਰੇ ਸ਼ਬਦ ਸੁਣ ਕੰਬ ਉਠੇ ! ਗੱਜ ਦੇ ਹੀ ਪੁੱਜ ਮਾਨੋ ਸਾਰਾ ਬਣ ਗੱਜਿਆ। ਦੁੰਦਭਿ ਦਮਾਮਾ ਦਸਮੇਸ਼ ਦੂਲੇ ਕੇਸਰੀ ਦਾ, ਜਦੋਂ ਗੱਜ ਵੱਜ ਕੇ ਬਣਾਂ ਦੇ ਵਿਚ ਵੱਜਿਆ।
ਭੀਮ ਹੋਕੇ ਭੀਮ ਸੈਨ ਭੀਮ ਬੈਠਾ ਗੱਦੀ ਉੱਤੇ, ਰਾਜਸੀ ਦੀਵਾਨ ਦਾ ਸਾਮਾਨ ਸਾਰਾ ਸੱਜਿਆ। ਮੀਰ ਤੇ ਵਜ਼ੀਰ ਤੀਰ ਬੈਠੇ ਸੀ ਮਸ਼ੀਰ ਕੇਈ, ਸੁਣ ਕੇ ਤੇ ਗੱਜ ਹੈਂ ! ਗਜ਼ਬ ਏਕੀ ਗੱਜਿਆ ? ਪਾਟਿਆ ਪਹਾੜ ਜਾਂ ਅਕਾਸ਼ ਹੋ ਦੁਫਾੜ ਡਿੱਗਾ, ਘਤ ਕੇ ਤੇ ਨੀਵੀਂ ਮੂੰਹ ਗੋਡਿਆਂ ’ਚ ਕੱਜਿਆ। ਦੁੰਦਭਿ ਦਮਾਮਾ ਦਸਮੇਸ਼ ਦੂਲੇ ਕੇਸਰੀ ਦਾ, ਜਦੋਂ ਗੱਜ ਵੱਜ ਕੇ ਬਣਾਂ ਦੇ ਵਿਚ ਵੱਜਿਆ।
ਉੱਡਗੇ ਹਵਾਸ ਆਸ ਪਾਸ ਦੇ ਤ੍ਰਾਸ ਉਠੇ! ਹੋ ਗਿਆ ਨਿਰਾਸ ਤੇ ਉਦਾਸ ਅਤੀ ਲੱਜਿਆ। ਕੌਣ ਏ ਬਲਾਈ ਅੰਝ ਆਈ ਲੋਕੋ ਧਾਈ ਕਰ, ਰਾਮ ਦੀ ਦੁਹਾਈ ਮੇਰਾ ਜਾਵੇ ਦਿਲ ਭੱਜਿਆ। ਆਖਿਆ ਵਜ਼ੀਰ, ਗੁਰੂ ਬੀਰ ਬੇਨਜ਼ੀਰ ਬੀਰ, ਮੀਰ, ਪੀਰ, ਧੀਰ, ਤੇ ਫ਼ਕੀਰ ਜੋਧਾ ਸੱਜਿਆ। ਦੁੰਦਭਿ ਦਮਾਮਾ ਦਸਮੇਸ਼ ਦੂਲੇ ਕੇਸਰੀ ਦਾ, ਕੀਤਾ ਹੈ ਤਿਆਰ ਤੇ ਸ਼ਿਕਾਰ ਵਿਚ ਵੱਜਿਆ।
ਆਦਿ ਗੁਰੂ ਨਾਨਕ ਦੀ ਗੱਦੀ ਉੱਤੇ ਜੋਗੀਰਾਜ, ਹੱਥ ਚਿੱਟਾ ਬਾਜ਼ ਤਾਜ ਸੀਸ ਉੱਤੇ ਸੱਜਿਆ। ਗਾਤਰੇ ਸੁਨਹਿਰੀ ਤੇਗ਼ਾਂ ਚੱਲਦੀਆਂ ਦੇਗਾਂ ਨਿੱਤ, ਭੁੱਖਾ ਜੇਹੜਾ ਆਵੇ ਦਿਲੋਂ ਮਨੋਂ ਜਾਵੇ ਰੱਜਿਆ। ਜੋਧਿਆਂ ਦੀ ਫ਼ੌਜ ਤੇ ਸ਼ਿਕਾਰ ਦੀ ਹੈ ਮੌਜ ਰੋਜ਼, ਛੱਡਿਆ ਨਾ ਸ਼ੇਰ ਇਕ ਵੇਰ ਜੇਹੜਾ ਲੱਜਿਆ। ਦੁੰਦਭਿ ਦਮਾਮਾ ਦਸਮੇਸ਼ ਦੂਲੇ ਕੇਸਰੀ ਦਾ, ਸੁਣੋ ਗਿਰਰਾਜ! ਅੱਜ ਬਣਾਂ ਵਿਚ ਵੱਜਿਆ।
ਧੌਂਸੇ ਤੇ ਨਕਾਰੇ ਸੀ ਨਿਕਾਰੇ ਤੇਰੇ ਧੌਂਸੇ ਬਾਝ, ਵੱਜ ਵੱਜ ਵਾਜੇ ਸਾਰੇ ਵੱਜ ਕੇ ਵਜਾ ਗਏ। ਸੁੱਤੇ ਪਏ ਭਾਰਤ ਵਰਸ਼ ਨੂੰ ਲਾ ਥਾਪਨਾਵਾਂ, ਮਾਰ ਮਾਰ ਥਾਪੀਆਂ ਹਾ ! ਸਗਵਾਂ ਸੁਲਾ ਗਏ। ਜੁੱਧ ਕਰ ਜੰਗ ਕਰ, ਮਾਣ ਤਾਣ ਭੰਗ ਕਰ, ਅੰਗ ਅੰਗ ਕੱਟ ਕਰ, ਖੂਹਣੀਆਂ ਖਪਾ ਗਏ। ਦੁੰਦਭਿ ਦਮਾਮਾ ਦਸਮੇਸ਼ ਤੇਰੇ ਧੌਂਸੇ ਬਾਝ, ਸੁੱਤੇ ਪਏ ਦੇਸ਼ ਨੂੰ ਕੀ ਟੁੰਬ ਕੇ ਜਗਾ ਗਏ ?
ਗੁਣੀ ਤੇ ਗਹੀਰ ਸਨ, ਸੂਰਬੀਰ ਧੀਰ ਸਨ, ਮੀਰ ਤੇ ਵਜ਼ੀਰ ਸੀ ਗੰਭੀਰ ਦਿਲ ਚਾਤਰੇ। ਬੋਲ ਵੀ ਨਾ ਹੰਗਦੇ ਓ ਜੰਗ ਦੇ ਕੀ ਯੋਗ ਸੀਗੇ ? ਜਿੰਦ ਬਿਨਾਂ ਬੁੱਤ ਸੀਗੇ, ਖ਼ਾਲੀ ਨਾਮ ਮਾਤਰੇ। ਭਾਰਤ ਸਪੂਤ ਓ ਕਪੂਤ ਸੀ ਕਹਾਣ ਲੱਗੇ, ਆਹ! ਭਰ ਸੱਕਦੇ ਨਾ ਦੇਸ਼ ਕੌਮ ਖ਼ਾਤਰੇ। ਤੇਰੀ ਤੇਗ਼ ਬਾਝ ਕਿਥੋਂ ਹੁੰਦੇ ਏ ਸਮਾਜ ਆਜ, ਪਹਿਨ ਕੇ ਔਂਦਾ ਨਾ ਸੁਨਹਿਰੀ ਤੇਗ਼ਾਂ ਗਾਤਰੇ।
ਭਾਰਤ ਦੇ ਲੋਕ ਸਾਰੇ ਸ਼ੋਕ ਵਿਚ ਲੋਪ ਸੀਗੇ, ਜਿਨ੍ਹਾਂ ਦਾ ਸਬਜ਼ ਬਾਗ਼ ਜ਼ਾਲਮਾਂ ਉਜਾੜਿਆ। ਸੋਹਣੇ ਸੋਹਣੇ ਮੁੰਡੇ ਅਤੇ ਧੀਆਂ ਨੂਹਾਂ ਤੀਵੀਆਂ ਨੂੰ, ਸਣੇ ਮਾਲ ਜ਼ੇਵਰਾਂ ਪਹਾੜੀਂ ਚੁੱਕ ਵਾੜਿਆ। ਭਾਰਤ ਦੀ ਮਿੱਟੀ ਪੁੱਟ ਚੌੜ ਸੀ ਚੁਪੱਟ ਕੀਤਾ, ਫੁਲੇ ਫਲੇ ਬਾਗ਼ ਸੰਦਾ ਪੱਤਾ ਪੱਤਾ ਝਾੜਿਆ। ਤੇਰੇ ਚਿੱਟੇ ਬਾਜ਼ ਬਾਝ ਬਾਜ਼ਾਂ ਵਾਲੇ ਪਾਤਸ਼ਾਹ, ਜੋਰੀਂ ਜਰਵਾਣਿਆਂ ਸੀ ਭਾਰਤ ਲਤਾੜਿਆ।
ਕੌਣ ਹੱਥੀਂ ਪੁੱਤਰਾਂ ਨੂੰ ਜੰਗ ਵਿਚ ਤੋਰ ਤੋਰ, ਆਪ ਅੰਗ ਅੰਗ ਤੇ ਨਿਸੰਗ ਸ੍ਵਾਦ ਚੱਖਦਾ। ਕੌਣ ਏਡੇ ਜ਼ਾਲਮਾਂ ਦੇ ਨਾਲ ’ਕੱਲਾ ਹਿੱਕ ਡਾਹ, ਇਕ ਇਕ ਤਾਈਂ ਜ਼ੋਰ ਦੇਵੇ ਸਵਾ ਲੱਖ ਦਾ। ਕੌਣ ਆਪਾ ਵਾਰ ਕੇ ਨਿਸਾਰ ਹੁੰਦਾ ਦੇਸ਼ ਉੱਤੇ, ਰਾਜ-ਕਾਜ ਵਿਚ ਸੀ ਇਲਾਹੀ ਨੂਰ ਭੱਖਦਾ। ਤੇਰੇ ਤਿਖੇ ਤੀਰ ਬਾਝੋਂ ਤੀਰ ਤੇ ਕਮਾਨ ਵਾਲੇ, ਤਾਣ ਕੇ ਕਮਾਣ ਦੀ ਜਹਾਨ ਕੌਣ ਰੱਖਦਾ ?
ਦੋਹਰਾ
ਭੀਮ ਸੈਨ ਸੜ ਬਲ ਗਿਆ, ਦਿੱਤਾ ਭੇਜ ਵਕੀਲ। ਨਾਲੇ ਧਮਕੀ ਜੰਗ ਦੀ, ਨਾਲੇ ਮੇਲ ਅਪੀਲ॥
ਭੀਮ ਸੈਨ ਦੇ ਭੇਜੇ ਹੋਏ ਵਕੀਲ ਪ੍ਰਤੀ ਸਾਹਿਬਾਂ ਨੇ ਆਪਣੇ ਖ਼ਿਆਲ ਇਸ ਪ੍ਰਕਾਰ ਪ੍ਰਗਟ ਕੀਤੇ ਹਨ
ਕੋਹੀਆਂ ਨੂੰ ਕੋਹ ਕੋਹ ਮਾਰਾਂਗਾ ਵੰਗਾਰ ਕੇ ਮੈਂ, ਜੋੜਾਂਗਾ ਨਾ ਜੋੜ, ਪੈਰ ਜੋੜ ਮੱਥਾ ਜੋੜਾਂਗਾ। ਪੱਥਰਾਂ’ ਨੂੰ ਪੂਜਦੇ ਪਹਾੜੀ ਬੁੱਤ ਪੂਜ ਪੱਕੇ, ਮਾਬਦ ਉਨ੍ਹਾਂ ਦੇ ਵੱਟੇ, ਨੱਕ ਬੁੱਲ੍ਹ ਤੋੜਾਂਗਾ। ਦੇਸ਼ ਦੇ ਓ ਘਾਤੀ ਮਹਾਂ ਪਾਪੀ ਪਰਾਧੀਨ ਰਾਜੇ, ਸ਼ਾਹਾਂ ਦੇ ਗ਼ੁਲਾਮਾਂ ਨੂੰ ਮੈਂ ਸ਼ਾਹਾਂ ਤੋਂ ਵਿਛੋੜਾਂਗਾ। ਭਾਰਤ ਦੋਹੀ ਕੋਹੀ ਆਰਤਾਂ ਨੂੰ ਮਾਰ ਮਾਰ, ਨਿੰਬੂਆਂ ਦੇ ਵਾਂਗ ਰਸ ਉਨ੍ਹਾਂ ਦਾ ਨਿਚੋੜਾਂਗਾ।
ਜਾਲਮਾਂ ਦੇ ਹਾਮੀ ਓ ਹਰਾਮੀ ਬੇਈਮਾਨ ਕੋਹੀ, ਮੇਰਾ ਰਾਹ ਕੋਈ ਤੇ ਕੁਰਾਹੀਆਂ ਦਾ ਕੋਈ ਹੈ। ਸ਼ਾਹਾਂ ਦੇ ਗ਼ੁਲਾਮ ਡਾਢੇ ਨਮਕ ਹਰਾਮ ਰਾਜੇ, ਰਾਜਪੂਤੀ ਆਣ ਕਾਣ ਸਾਰੀ ਉਨ੍ਹਾਂ ਖੋਈ ਹੈ। ਭਾਰਤ ਵਰਸ਼ ਦੇ ਮੈਂ ਬੰਧਨਾਂ ਨੂੰ ਕੱਟਦਾ ਹਾਂ, ਬੰਨ੍ਹ ਦੇ ਪਹਾੜੀ, ਕੈਸੀ ਗੱਲ ਅਣਹੋਈ ਹੈ। ਮੇਰੇ ਤਾਂ ਉਦੇਸ਼ ‘ਚ ਕਲੇਸ਼ ਹੈਂ ਵਿਸ਼ੇਸ਼ ਪਾਏ, ਐਸੇ ਦੇਸ਼ ਘਾਤੀਆਂ ਨੂੰ ਕਿਤੇ ਵੀ ਨਾ ਢੋਈ ਹੈ।
ਸਾਹਿਬਾਂ ਦੇ ਖ਼ਿਆਲ ਸੀ ਕਮਾਲ ਭਰੇ ਬੀਰਤਾ ਦੇ, ਸ਼ੇਰ ਦੀ ਗਰਜ ਅਤੇ ਬਿਜਲੀ ਕੜਕ ਸੀ। ਸੁਣ ਕੇ ਵਕੀਲ ਦੀ ਦਲੀਲ ਟੁੱਟੀ ਫੱਕ ਹੋਯਾ, ਆਇਆ ਨਾ ਜਵਾਬ ਗਈ ਛਤੀਆ ਧੜਕ ਸੀ। ਰਾਜੇ ਮਹਾਰਾਜੇ ਸ਼ਾਹ ਬਾਦਸ਼ਾਹ ਹੇਚ ਏਥੇ, ਗਿੱਦੜਾਂ ਦੇ ਵਿਚ ਮਾਨੋ ਸ਼ੇਰ ਦੀ ਬੜ੍ਹਕ ਸੀ। ਹੋਇ ਕੇ ਨਿਰਾਸ ਗਿਆ ਭੀਮ ਸੈਨ ਪਾਸ ਬਸ, ਦੱਸੇ ਦਸਮੇਸ਼ ਦੇ ਉਦੇਸ਼ ਜਾ ਤੜਕ ਸੀ।
ਭੀਮ ਸੈਨ ਰਾਜੇ ਉੱਤੇ ਸ੍ਰੀ ਦਸਮੇਸ਼ ਜੀ ਦੀ ਸਜ ਧਜ ਦਾ ਹੈਬਤਨਾਕ ਅਸਰ
ਭੀਮ ਸੈਨ ਸਣੇ ਸਾਰੇ ਰਾਜੇ ਸੀ ਬੇਚੈਨ ਹੋਏ, ਗੁਰੂ ਦੇ ਵਿਰੁੱਧ ਜੁੱਧ ਹੋਣਾ ਵੱਡਾ ਲੋੜੀਏ। ਬਾਦਸ਼ਾਹ ਦੱਖਣੀ ਫ਼ਸਾਦਾਂ ਵਿਚ ਰੁਝਿਆ ਹੈ, ਚਲੋ ਰਲ ਚੱਲੀਏ ਤੇ ਵਾਗ ਉਦ੍ਹੀ ਮੋੜੀਏ। ਸ਼ਾਹੀ ਫ਼ੌਜ ਨਾਲ ਓਜ ਆਪਣਾ ਵੀ ਲਾਓ ਸਾਰੇ, ਰਲ ਮਿਲ ਗੁਰੂ ਦਾ ਗੁਮਾਨ ਸਾਰੇ ਤੋੜੀਏ। ਹੋਰ ਨਾ ਉਪਾਉ ਦਾਉ ਮਾਰਨੇ ਦਾ ਇਹੋ ਇਕ, ਸ਼ਾਹੀ ਫ਼ੌਜ ਨਾਲ ਮੱਥਾ ਖ਼ਾਲਸੇ ਦਾ ਜੋੜੀਏ।
ਦੇਸ਼ ਦੇ ਦੋਵ੍ਹੀ ਕੋਹੀ ਦਗੇਬਾਜ਼ ਮੁਖ਼ਬਰੀ ਨੂੰ, ਹੋ ਗਏ ਤਿਆਰ ਚਲੋ ਦਿੱਲੀ ਸਾਰੇ ਚੱਲੀਏ। ਬਾਦਸ਼ਾਹ ਬੇਨਤੀ ਜੇ ਮੰਨੇ ਨਾ ਅਸਾਡੀ ਅੰਞ, ਓਸ ਦੇ ਦੁਆਰੇ ਡੇਰੇ ਡਾਲ ਬੂਹਾ ਮੱਲੀਏ। ਵਰਣ ਤੇ ਆਮ ਦਾ ਮ ਭੇਦ ਖੋਇਆ ਗੁਰੂ, ਆ ਗਿਆ ਤੂਫ਼ਾਨ ਜੇ ਮਹਾਨ ਇੱਤੂੰ ਠੱਲ੍ਹੀਏ। ਸ਼ਾਹਾਂ ਦੇ ਸਹਾਰੇ ਦਿਨ ਕੱਟੀਏ ਮਹਲਾਂ ਵਿਚ, ਜੇ ਨਾ ਅੰਞ ਹੋਈ ਸ਼ੈਦ ਕਿੰਨੇ ਦੁੱਖ ਝੱਲੀਏ।
ਅਸੀਂ ਬੁੱਤ ਪੂਜਦੇ ਹਾਂ ਤੋੜਦਾ ਹੈ ਬੁੱਤ ਗੁਰੂ, ਅਸੀਂ ਜੰਝੂ ਧਾਰੀ ਓ ਤਾਂ ਏ ਵੀ ਗਲੋਂ ਤੋੜਦਾ। ਸਾਡੀ ਜ਼ਾਤ ਉੱਚੀ ਸੁੱਚੀ ਰਾਜਪੂਤੀ ਸ਼ਾਨ ਮਾਨ, ਸਾਡੇ ਨਾਲ ਨੀਵੇਂ ਨਾਈ ਧੋਬੀਆਂ ਨੂੰ ਜੋੜਦਾ। ਦੀਨ ਇਸਲਾਮ ਵਾਲੇ ਦੀਨ ‘ਚ ਲਿਔਂਦੇ ਸਾਨੂੰ, ਗੁਰੂ ਕਲ ਸਾਡੀ ਵਲ ਆਪਣੇ ਮਰੋੜਦਾ। ਚਲੋ ਚੱਲ ਪਿੱਟੀਏ ਤੇ ਰੋਵੀਏ ਜਾ ਸ਼ਾਹ ਅੱਗੇ, ਜੇ ਨਾ ਤੂੰ ਸੰਭਾਲੇ ਸਾਨੂੰ ਗੁਰੂ ਨਹੀਂ ਛੋੜਦਾ।
ਦੋਹਰਾ
“ਦੇਯੋ ਬਡੋ ਕਸੂਤ ਕੋ, ਗੁਰ ਕੀ ਜਬਰੀ ਬਾਤ। ਪੰਥ ਖ਼ਾਲਸਾ ਮਿਟਤਿ ਨਹਿਂ, ਵਧਤਿ ਜਾਤਿ ਅਵਦਾਤ ॥
ਚੌਪਈ
ਭੀਮ ਚੰਦ ਦੁਖ ਪਾਇ ਘਨੇਰਾ। ਗ੍ਰਾਮ ਉਜਾਰੇ, ਬਹੁ ਬਲ ਹੇਰਾ। ਗੁਰੂ ਸੂਰਮਾ ਰਣ ਪ੍ਰਿਯ ਅਹੈ। ਸਦਾ ਜੰਗ ਚਿਤ ਚਾਹਤਿ ਰਹੈ। ਭਯੋ ਬਿਬਸ ਕੁਛ ਜਤਨ ਨ ਜਾਣੋਂ, ਹੋਨਿ ਪੁਕਾਰੂ ਮਿਲ ਮਤਿ ਠਾਨਯੋਂ। ਸਭਿ ਰਾਜਨ ਨੀਕੀ ਮਨ ਮਾਨੀ। ਲੇ ਕਰ ਧਨ ਗਨ ਯਾਰੀ ਠਾਨੀ।
ਦੋਹਰਾ
ਭੀਮਚੰਦ ਕਹਿਲੂਰੀਆ ਲੀਨਿ ਹੰਡੂਰੀ ਨਾਲ। ਕਰੇ ਕੂਚ ਦਰ ਕੂਚ ਕੋ ਦਿੱਲੀ ਗਏ ਉਤਾਲ॥””
ਦੋਹਰਾ
ਸ਼ਾਹ ਨਾ ਦਿੱਲੀ ਵਿਚ ਸੀ, ਬੈਠਾ ਦੱਖਣ ਦੇਸ਼। ਗੋਲ ਕੁੰਡ ਦੇ ਕਿਲੇ ਵਿਚ, ਪਏ ਮੁਹਿਮ ਕਲੇਸ਼। ਸੂਬੇ ਨਾਲ ਸਲਾਹ ਕਰ, ਲਈ ਸਫ਼ਾਰਸ਼ ਪਾਸ।
ਪਹੁੰਚੇ ਦੱਖਣ ਮੰਜ਼ਲੀਂ ਅੰਞ ਕਰਿ ਅਰਦਾਸ :
ਕੋਹੀ ਰਾਜੇ ਔਰੰਗਜ਼ੇਬ ਬਾਦਸ਼ਾਹ ਪਾਸ ਫ਼ਰਯਾਦ ਕਰਦੇ ਹਨ
ਗਲ ਵਿਚ ਪਾਇ ਪੱਲੂ ਰਾਜੇ ਰੋਣ ਲੱਗੇ ਔਰੰਗਜ਼ੇਬ ਅੱਗੇ ਫ਼ਰਯਾਦ ਕੀਤੀ। ਦੋਹੀ ਰੱਬ ਦੀ ਗੁਰੂ ਗੋਬਿੰਦ ਸਿੰਘ ਨੇ ਪਰਜਾ ਆਪ ਦੀ ਲੁੱਟ ਬਰਬਾਦ ਕੀਤੀ। ਸ਼ੇਰ ਝੱਲ ਦੇ ਵਿਚ ਜਿਉਂ ਗੱਜਦਾ ਹੈ ਸ਼ਾਹੀ ਹੁਕਮ ਤੋਂ ਰੱਯਤ ਆਜ਼ਾਦ ਕੀਤੀ। ਫ਼ੌਜ ਖ਼ਾਲਸੇ ਦੀ ਸਨਧਬੱਧ ਹਰ ਦਮ ਫਨਿ ਜੰਗ ਟ੍ਰੇਡ ਉਸਤਾਦ ਕੀਤੀ। ਨਗਰੀ ਸ੍ਰੀ ਅਨੰਦ ਪੁਰ ਨਾਮ ਧਰ ਕੇ ਛੌਣੀ ਖ਼ਾਲਸਾ ਖ਼ਾਸ ਆਬਾਦ ਕੀਤੀ। ਨੌਵੇਂ ਗੁਰੂ ਦਸਮੇਸ਼ ਦੇ ਪਿਤਾ ਜੀ ਨੇ ਸਾਥੋਂ ਜਗ੍ਹਾ ਖ਼ਰੀਦ ਜੈਦਾਦ ਕੀਤੀ। ਅੰਮ੍ਰਿਤ ਅੱਖੀਆਂ ਵਿਚ ਤੌਂਕ ਸ਼ਾਹਾ! ਖ਼ਲਕਤ ਮਾਰ ਮੰਤ੍ਰ ਸ਼ਾਦ ਸ਼ਾਦ ਕੀਤੀ। ਸ਼ਮ੍ਹਾ ਗੁਰੂ ਪਰ ਆਣ ਪਤੰਗ ਡਿਗਦੇ ਮੁੱਠੀ ਵਿਚ ਪਰਜਾ ਦੇ ਪਰਸਾਦ ਕੀਤੀ। ਸਾਰਾ ਦੇਸ਼ ਉਮੰਡ ਕੇ ਔਣ ਲੱਗਾ ਭਰਤੀ ਫ਼ੌਜ ਦੀ ਲਾ-ਤਾਦਾਦ ਕੀਤੀ। ਬੱਚਾ ਬੱਚਾ ਸਿਪਾਹੀ ਹੈ ਖ਼ਾਲਸੇ ਦਾ ਜੁੱਧ ਜੰਗ ਦੀ ਪੱਕੀ ਬੁਨਯਾਦ ਕੀਤੀ। ਨਫ਼ਰਤ ਹੋਈ ਪੈਦਾ ਸ਼ਾਹੀ ਰਾਜ ਵਲੋਂ ਰੱਯਤ ਐਕੁਰਾਂ ਬੇ-ਏਤਮਾਦ ਕੀਤੀ। ਪੈਂਦੀ ਚੋਟ ਰਣਜੀਤ ਨਗਾਰਿਆਂ ‘ਤੇ ਨੰਗੀ ਲੱਸਦੀ ਤੇਗ਼ ਫ਼ੌਲਾਦ ਕੀਤੀ। ਸ਼ਾਹਾਂ ਵਾਂਗ ਸ਼ਿਕਾਰ ‘ਤੇ ਹੋਣ ਧਾਵੇ ਤੇਰੇ ਹੁਕਮ ਹਕੂਮਤ ਨਾ ਯਾਦ ਕੀਤੀ। ਜਿਨੂੰ ਚਾਹੁੰਦਾ ਲੁੱਟ ਖਸੁੱਟ ਲੈਂਦਾ ਰੱਯਤ ਇਸ ਤਰ੍ਹਾਂ ਕੁੱਟ ਬੇਦਾਦ ਕੀਤੀ। ਪਹਿਲੇ ਸੂਬਾ ਸਰਹਿੰਦ ਲੜਾਈ ਵਡੀ ਸ਼ਾਹਾ! ਰੱਬ ‘ਤੇ ਰੱਖ ਇਤਕਾਦ ਕੀਤੀ। ਸਵਾ ਲੱਖ ਸੈਨਾ ਖ਼ਾਨ ਸੂਬੇ, ਲੈ ਕੇ ਗੁਰੂ ਪਰ ਖੜੀ ਉਪਾਧ ਕੀਤੀ। ਮੋਹਤ ਗੁਰੂ ਪਰ ਜੰਗ ਵਿਚਕਾਰ ਹੋਇਆ, ਐਸੀ ਕਿਸੇ ਨਾ ਆਦ ਜੁਗਾਦ ਕੀਤੀ। ਕਦਮ ਲੈ ਕਿਤੇ ਅਲੋਪ ਹੋਇਆ ਉਸ ਨੇ ਜੰਗ ਵੀ ਨਾਮ ਨਿਹਾਦ ਕੀਤੀ। ਪੈਂਡੇ ਖ਼ਾਨ ਬਾਕੀ ਲਸ਼ਕਰ ਮਾਰ ਲੀਤਾ! ਜਿਵੇਂ ਪੀੜਨਾ ਜੱਟ ਕਮਾਦ ਕੀਤੀ। ਰਹਿੰਦੀ ਫ਼ੌਜ ਨੂੰ ਅੰਞ ਮਗ਼ਲੂਬ ਕੀਤਾ ਜਿੱਕੁਰ ਨਾਲ ਸ਼ਿਕਾਰ ਸੱਯਾਦ ਕੀਤੀ। ਬੋਸਾ ਰਾਜ ਰਾਜਣਾਂ ਹੋਇਆ ਮੁਹਾਲ ਸਾਨੂੰ ਸਾਡੀ ਖੋਖਲੀ ਜੜ੍ਹ ਬੁਨਯਾਦ ਕੀਤੀ। ਸਾਡੀ ਰਾਜਿਆਂ ਦੀ ਵਟਤ ਕੀ ਉਥੇ ਜਿਨ੍ਹੇ ਛੂਹਣੀ ਨਾ ਮੁਰਾਦ ਕੀਤੀ। ਅਸੀਂ ਜੰਗ ਤੋਂ ਆ ਗਏ ਤੰਗ ਸ਼ਾਹਾ! ਤੌਬਾ ਕੋਹੀਆਂ ਵਿਚ ਫ਼ਸਾਦ ਕੀਤੀ। ਸਾਨੂੰ ਸਿੱਖ ਬਨਾਣ ‘ਤੇ ਜ਼ੋਰ ਦਿੱਤਾ ਭੀੜ ਪਈ ਤੁਸਾਡੜੀ ਯਾਦ ਕੀਤੀ। ਸਾਡੀ ਰੱਖਯਾ ਆਪ ਦੇ ਹੱਥ ਸ਼ਾਹਾ! ਨਰ ਸਿੰਘ ਨੇ ਭਗਤ ਪ੍ਰਹਲਾਦ ਕੀਤੀ। ਸਾਡੇ ਵੱਸ ਤੋਂ ਗੁਰੂ ਬੇਵੱਸ ਹੋਇਆ ਅਸਾਂ ਜੰਗ ਵੀ ਨਾਲ ਇਤਹਾਦ ਕੀਤੀ। ਔਰੰਗਜ਼ੇਬ ਸੁਣ ਕੇ ਲਾਲੋ ਲਾਲ ਹੋਇਆ ਚੁਗ਼ਲੀ ਕੋਹੀਆਂ ਬੇ-ਬੁਨਯਾਦ ਕੀਤੀ। ਲੂਣ ਥੱਪਿਆ ‘ਕੇਸਰੀ’ ਰਾਜਿਆਂ ਨੇ ਜੇਹੜੀ ਗੱਲ ਸੋ ਨਾਲ ਵਿਵਾਦ ਕੀਤੀ।
ਔਰੰਗਜ਼ੇਬ ਦਾ ਬੜ੍ਹਤੇ ਕੋਹੀ ਰਾਜਿਆਂ ਨੂੰ ਹੁਕਮ
ਹੁਕਮ ਦਿੱਤਾ ਨੁਰੰਗੇ ਨੇ ਰਾਜਿਆਂ ਨੂੰ ਸ਼ੋਰਸ਼ ਏਸ ਦਾ ਮੈਂ ਇੰਤਜ਼ਾਮ ਕਰਸਾਂ।
ਜਦੋਂ ਤੀਕ ਸਰਕੋਬੀ ਨਾ ਗੁਰੂ ਹੋਵੇ ਦਿਨੇ ਚੈਨ ਨਾ ਰਾਤ ਆਰਾਮ ਕਰਸਾਂ।
ਸਿੱਧਾ ਗੁਰੂ ਗੋਬਿੰਦ ਸਿੰਘ ਹੋਯਾ ਨਾ ਜੇ ਕੋਈ ਹੋਰ ਹੀ ਆਪਣਾ ਨਾਮ ਧਰਸਾਂ।
ਉਸਦੇ ਚਿਰਾਂ ਦੇ ਵਿੰਗ ਵਲ ਕੱਢ ਸਾਰੇ ਖ਼ਾਲੀ ਢਿੱਡ ਫਿਰ ਨਾਲ ਤੁਆਮ ਭਰਸਾਂ।
ਜਦ ਤੀਕ ਕਰਾਂ ਨਾ ਗੁਰੂ ਦੀ ਗੋਸ਼ ਮਾਲੀ ਖਾਣਾ ਪਹਿਨਣਾ ਸਭੋ ਹਰਾਮ ਕਰਸਾਂ।
ਯਾ ਮੈਂ ਖ਼ਾਲਸੇ ਨੂੰ ਸ਼ਰ੍ਹਾ ਵਿਚ ਲਿਆਵਾਂ, ਯਾ ਫਿਰ ਬਣਾਂ ਹਿੰਦੂ ਰਾਮ ਰਾਮ ਕਰਸਾਂ।
ਏਸ ਨੇਕ ਸਵਾਬ ਦੇ ਕੰਮ ਨੂੰ ਮੈਂ ਅੱਜ ਕੱਲ੍ਹ ਹੀ ਸੁਝਾ ਤੇ ਸ਼ਾਮ ਕਰਸਾਂ।
ਵੱਸ ਲੱਗਿਆ ਕੁੱਲ ਪੰਜਾਬ ਨੂੰ ਹੀ ਤਹਿ ਤੇਗ਼ ਤੇ ਗ਼ਜ਼ਬ! ਕਤਲਾਮ ਕਰਸਾਂ।
ਸਿੱਖ ਹੋਵੇ ਸੋ ਮਾਰਿਆ ਜਾਏ ਬੰਦਾ ਹੁਕਮ ਇਸ ਤਰ੍ਹਾਂ ਖ਼ਾਸ ਤੇ ਆਮ ਕਰਸਾਂ।
ਦਸਵੇਂ ਗੁਰੂ ਦੇ ਗੁੰਦੇ ਮਨਸੂਬਿਆਂ ਨੂੰ ਖ਼ਾਬਿ ਖ਼ਿਆਲ ਤੇ ਨਿਰੇ ਹੀ ਖ਼ਾਮ ਕਰਸਾਂ।
ਬੈਠਾ ਗੁਰੂ ਅੱਜ ਮੁਤਲਿਕ ਅਨਾਨ ਹੋਯਾ ਫੜ ਕੇ ਓਸ ਨੂੰ ਬਾ ਲਗਾਮ ਕਰਸਾਂ।
ਖੋਹ ਗੱਦੀ ਗੁਰਯਾਈ ਤੇ ਸ਼ਾਮਯਾਨੇ ਬੰਦੀ ਖਾਨਿਆਂ ਵਿਚ ਗ਼ੁਲਾਮ ਕਰਸਾਂ।
ਪਾਇਆ ਨਾਮ ਜੋ ਰੌਸ਼ਨੀ ਹੋਈ ਉਸਦੀ ਉਸ ਤੋਂ ਵੱਧ ਜ਼ਲੀਲ ਬਦਨਾਮ ਕਰਸਾਂ।
ਭੇਦ ਰਾਜ਼ ਤੇ ਸਾਜ਼ਸ਼ਾਂ ਤੋੜ ਕੇ ਤੇ ਗੁੱਝੇ ਹਾਲ ਮੈਂ ਤਸ਼ਤ ਅਜ਼ ਬਾਮ ਕਰਸਾਂ।
ਜ਼ਿੰਦਾ ਫੜ ਲਿਆਵੇ ਜੋ ਕੋਲ ਮੇਰੇ ਉਸਨੂੰ ਵੱਡੀ ਜਾਗੀਰ ਇਨਾਮ ਕਰਸਾਂ।
ਜੰਗ ਵਿਚ ਸ਼ਹੀਦ ਜੋ ਕਰੇ ਸੂਰਾ ਉਸਨੂੰ ਖੋਲ੍ਹ ਦਿਲ ਕਰਮ ਕਰਾਮ ਕਰਸਾਂ।
ਭੇਜ ਦਿੱਲੀ ਲਾਹੌਰ ਸਰਹਿੰਦ ਸੂਬੇ ਡਾਢੀ ਆਖ਼ਰੀ ਘੋਰ ਸੰਗ੍ਰਾਮ ਕਰਸਾਂ।
ਜੇਹੜੀ ਜਗ੍ਹਾ ਅਨੰਦ ਪੁਰ ਲਈ ਬੈਠਾ ਜ਼ਬਤ ਹੱਕ ਸਰਕਾਰ ਨਿਲਾਮ ਕਰਸਾਂ।
ਬਾਕੀ ਰਾਜਿਆਂ ਨੂੰ ਜਾ ਕੇ ਦਿਓ ਧੀਰਜ ਖ਼ਾਤਰਖ਼ਾਹ ਝਗੜਾ ਸਰੰਜਾਮ ਕਰਸਾਂ।
ਉਸਦੇ ਹੱਕ ਹਕੂਕ ਮੈਂ ਖੱਸ ਸਾਰੇ ਨੌਕਰ ਆਪ ਦਾ ਠੀਕ ਬੇ ਦਾਮ ਕਰਸਾਂ।
ਮੈਨੂੰ ਘੇਰਿਆ ਦੱਖਣੀ ਸ਼ੋਰਸ਼ਾਂ ਨੇ ਅਰਸਾ ਹੋਰ ਵੀ ਅਜੇ ਕਿਆਮ ਕਰਸਾਂ।
ਮੇਰੇ ਅੱਗੇ ਕੀ ਅੜਨਗੇ ਪੈਰ ਉਸਦੇ ਬਾਂਦਾ ਬੰਨ੍ਹ ਕੇ ਠੀਕ ਨਜ਼ਾਮ ਕਰਸਾਂ।
ਨਾਲ ਇੱਟ ਦੇ ਇੱਟ ਵਜਾ ਦਿਆਂਗਾ ਆਨਦ ਪੁਰੀ ਨੂੰ ਸੂਬਾ ਮੁਕਾਮ ਕਰਸਾਂ।
ਜੇਕਰ ਸਾਰੇ ਇਰਾਦੇ ਨਾ ਹੋਏ ਪੂਰੇ ਬੱਸ ‘ਕੇਸਰੀ’ ਫੇਰ ਨਾਕਾਮ ਮਰਸਾਂ।
ਦੋਹਰਾ
ਔਰੰਗਜ਼ੇਬ ਦੀ ਰਾਯ ਸੁਣ ਧਰ ਧੀਰਜ ਮਨ ਮਾਹਿ। ਦਿਲ ਵਿਚ ਸੋਚਾਂ ਸੋਚਦੇ ਮੁੜ ਆਏ ਨਰ ਨਾਹਿ॥ ਓਧਰ ਆਲਮਗੀਰ ਨੇ ਧਰ ਕੇ ਖ਼ਾਸ ਧਿਆਨ। ਕਰੀ ਤਾੜਨਾ ਸੂਬਿਆਂ ਜਾਰੀ ਕਰ ਫ਼ੁਰਮਾਨ॥
ਔਰੰਗਜ਼ੇਬ ਦੇ ਹੁਕਮ ਸੂਬਿਆਂ ਦੇ ਨਾਮ
ਕੋਰੜਾ ਛੰਦ
ਆ ਗਏ ਹੁਕਮ ਸੂਬਿਆਂ ਦੇ ਨਾਮ ਜੇ। ਖਾਣਾ ਪੀਣਾ ਸੌਣਾ ਤੁਸਾਂ ਨੂੰ ਹਰਾਮ ਜੇ। ਜ਼ੋਰ ਸ਼ੋਰ ਨਾਲ ਕਰ ਲਓ ਤਿਆਰੀਆਂ। ਜੰਗ ਦੇ ਸਮਾਨ ਜਾਣ ਫ਼ੌਜਾਂ ਸਾਰੀਆਂ। ਅੱਗੇ ਵਾਂਗ ਆਵਣਾ ਨੇ ਫੇਰ ਹਾਰ ਕੇ। ਗੋਸ਼ਮਾਲੀ ਗੁਰੂ ਦੀ ਕਰੋ ਸੁਆਰ ਕੇ।੧।
ਤਿੰਨੇ ਸੂਬੇ ਰਲ ਸਾਰਾ ਜ਼ੋਰ ਲਾ ਦਿਓ। ਇਕੇ ਵਾਰ ਕੱਠੇ ਹੋ ਕੇ ਬੋਝ ਪਾ ਦਿਓ। ਕੋਹੀ ਰਾਜਿਆਂ ਦੀ ਸੈਨਾ ਸਾਥ ਹੋਵੇਗੀ। ਮੋਢੇ ਨਾਲ ਮੋਢਾ ਜੋੜ ਕੇ ਖਲੋਵੇਗੀ। ਇਕੇ ਵਾਰ ਟੁੱਟੋ ਗੁਰੂ ਤੇ ਵੰਗਾਰ ਕੇ। ਗੋਸ਼ਮਾਲੀ ਗੁਰੂ ਦੀ ਕਰੋ ਸੁਆਰ ਕੇ।੨।
ਖ਼ਰਚ ਨੂੰ ਖ਼ਜ਼ਾਨਾ ਸ਼ਾਹੀ ਖੁੱਲ੍ਹਾ ਖ਼ਾਸ ਹੈ। ਫ਼ੌਜ ਕੇਈ ਲੱਖ ਸੂਬਿਆਂ ਦੇ ਪਾਸ ਹੈ। ਜਿੰਦੜੀ ਬਚਾ ਕੇ ਨਾ ਕਿਸੇ ਨੇ ਰੱਖਣੀ। ਸੂਰਿਆਂ ਦੇ ਵਾਂਗ ਸਿੱਧੀ ਮੌਤ ਚੱਖਣੀ। ਆਪ ਮਰ ਜਾਓ ਯਾ ਕੇ ਆਓ ਮਾਰ ਕੇ। ਗੋਸ਼ਮਾਲੀ ਗੁਰੂ ਦੀ ਕਰੋ ਸੁਆਰਕੇ।੩।
ਇਕ ਚੇਤੇ ਰੱਖਣੀ ਤੁਸਾਂ ਨੇ ਗੱਲ ਜੇ। ਕਰਨੀ ਹੈ ਚੜ੍ਹਾਈ ਤੁਸਾਂ ਕੇਦ੍ਹੇ ਵੱਲ ਹੈ। ਦੂਲਾ ਸ਼ੇਰ ‘ਕੇਸਰੀ’ ਜੋਧਾ ਮਹਾਨ ਹੈ। ਝੁਕ ਰਿਹਾ ਅੱਗੇ ਓਸ ਦੇ ਜਹਾਨ ਹੈ। ਛੱਕੇ ਓਹ ਛੁੜਾਊ ਤੇਗ਼ ਮਾਰ ਮਾਰ ਕੇ। ਗੋਸ਼ਮਾਲੀ ਗੁਰੂ ਦੀ ਕਰੋ ਸੁਆਰ ਕੇ।੪॥
ਇਕ ਹੀ ਇਕੱਲਾ ਮੁੱਲ ਸਵਾ ਲਾਖ ਦਾ। ਚਿੜੀ ਤੋਂ ਤੁੜਾਵੇ ਬਾਜ਼ ਜੱਗ ਆਖਦਾ। ਢਿੱਲੇ ਹੱਥੀਂ ਗਏ ਮਾਰ ਖਾ ਕੇ ਆਓਗੇ। ਹੋਵੋਗੇ ਸ਼ਰਮਸਾਰ ਸਜ਼ਾ ਪਾਓਗੇ। ਜ਼ਿੰਦਾ ਫੜੋ, ਸੀਸ ਲਿਆਓ ਖਾਂ ਉਤਾਰ ਕੇ। ਗੋਸ਼ਮਾਲੀ ਗੁਰੂ ਦੀ ਕਰੋ ਸੁਆਰ ਕੇ।੫
ਦੇਵਾਂਗਾ ਇਨਾਮ ਤੇ ਜਗੀਰ ਦਾਰੀਆਂ। ਮਨਸਬ ਵਧਾਵਾਂ ਵੱਡੇ ਫ਼ੌਜ ਦਾਰੀਆਂ। ਨਾਮ ਤੇ ਨਿਸ਼ਾਨ ਸਿੱਖਾਂ ਦਾ ਮਿਟਾ ਦਿਓ। ਮਾਰ ਮਾਰ ਖ਼ਾਲਸਾ ਜ਼ਿਮੀਂ ਲਿਟਾ ਦਿਓ। ਮਾਅਰਕੇ ਦੇ ਉੱਤੇ ਹੋਰ ਕਰੋ ਮਾਅਰਕੇ। ਗੋਸ਼ਮਾਲੀ ਗੁਰੂ ਦੀ ਕਰੋ ਸੁਆਰ ਕੇ।੬।
ਆਖ਼ਰੀ ਲੜਾਈ ਏਸ ਨੂੰ ਆਈ ਮੰਨਣਾ। ਬਾਗ਼ੀਆਂ ਦਾ ਸੀਸ ਖ਼ੂਬ ਤੋੜ ਭੰਨਣਾ। ਸਾਹ ਲੈਣ ਦਿਓ ਨਾ ਇਜੇਹੇ ਦੱਬਣਾ। ਜ਼ਿੰਦਾ ਵੈਰੀ ਰਹੇ ਨਾ ਸੁਆਰ ਚੱਬਣਾ। ਜੰਗ ਕਰੋ ਮੋਮਨੋ! ਧੂੜਾਂ ਉਭਾਰ ਕੇ। ਗੋਸ਼ਮਾਲੀ ਗੁਰੂ ਦੀ ਕਰੋ ਸੁਆਰ ਕੇ।੭।
ਸ਼ਾਹੀ ਸੂਬਿਆਂ ਨੇ ਜੰਗ ਲਈ ਤਿਆਰੀ ਕਰਨੀ
ਦੋਹਰਾ
ਜਬਰਦਸਤ ਖਾਂ ਲਵਪੁਰੋਂ* ਲੈ ਕੇ ਫ਼ੌਜਾਂ ਸੰਗ। ਪਹੁੰਚਿਆ ਵਿਚ ਸਰੰਦ ਕਰਨ ਵਾਸਤੇ ਜੰਗ॥ ਖ਼ਾਨ ਵਜ਼ੀਦ ਸਰੰਦ ਤੋਂ ਰਲ ਕੇ ਉਸ ਦੇ ਨਾਲ। ਕਰੀ ਚੜ੍ਹਾਈ ਸੂਬਿਆਂ ਜੰਗ ਸਾਮਾਨ ਸੰਭਾਲ॥
ਪਦ ਫਿਰਨਾ ਛੰਦ
ਦੋਹਾਂ ਸੂਬਿਆਂ ਦੇ ਨਾਲ ਫ਼ੌਜ ਭਾਰੀ ਹੈ। ਰਲ ਮਿਲ ਕੀਤੀ ਜੰਗ ਦੀ ਤਿਆਰੀ ਹੈ। ਦਿੱਲੀ ਤੋਂ ਵਧੀਕ ਫ਼ੌਜ ਹੋਰ ਆ ਗਈ। ਟਿੱਡੀ ਦਲ ਵਾਂਗੂੰ ਦੂਰ ਤੀਕ ਛਾ ਗਈ। ਲੱਖਾਂ ਹੀ ਤੁਰਕ ਦਲ ਆਵੇ ਭੱਜਿਆ। ਜ਼ੋਰ ਸ਼ੋਰ ਨਾਲ ਜੰਗ ਮਾਰੂ ਵੱਜਿਆ ।੧।
ਏਧਰੋਂ ਪਹਾੜੀ ਰਾਜੇ ਚੜ੍ਹ ਆ ਗਏ। ਸਾਗਰਾਂ ਦੇ ਵਿਚ ਮਾਨੋ ਹੜ੍ਹ ਆ ਗਏ। ਲਸ਼ਕਰਾਂ ਦਾ ਜੋੜ ਮੇਲ ਭਾਰੀ ਹੋ ਗਿਆ। ਕੈਰੋਂ ਪਾਂਡੋਆਂ ਦਾ ਜੰਗ ਜਾਰੀ ਹੋ ਗਿਆ। ਕਾਲੀ ਘਟਾ ਵਾਲਾ ਮੇਘ ਮਾਨੋ ਗੱਜਿਆ। ਜ਼ੋਰ ਸ਼ੋਰ ਨਾਲ ਜੰਗ ਮਾਰੂ ਵੱਜਿਆ।੨।
ਜੰਗ ਦੀ ਖ਼ਬਰ ਗੁਰੂ ਪਾਸ ਪੁੱਜੀ ਏ। ਖ਼ਾਲਸਾਈ ਫ਼ੌਜ ਵੀ ਤਿਆਰੀ ਰੁੱਝੀ ਏ। ਸਿੰਘਾਂ ਵਿਚ ਮੱਚ ਗਿਆ ਭਾਰੀ ਜੋਸ਼ ਹੈ। ਸ਼ਾਹੀ ਫ਼ੌਜ ਉੱਤੇ ਖ਼ਾਲਸੇ ਨੂੰ ਰੋਸ ਹੈ। ਤੇਗ਼ਾਂ ਦੀ ਚਮਕ ਦੇਖ ਸੂਰ ਲੱਜਿਆ। ਜ਼ੋਰ ਸ਼ੋਰ ਨਾਲ ਜੰਗ ਮਾਰੂ ਵੱਜਿਆ।੩।
ਚੇਹਰੇ ਲਾਲ ਹੋਏ ਆਈ ਸੂਰਬੀਰਤਾ। ਕਦੋਂ ਜੰਗ ਛਿੜੇ ਫੈਲਗੀ ਅਧੀਰਤਾ। ਸੂਰਮੇ ਸਿਪਾਹੀ ਘੋੜਿਆਂ ਸ਼ਿੰਗਾਰਦੇ। ਫਤੇ ਗੱਜ ਬੋਲਦੇ ਤੇ ਨਾਹਰੇ ਮਾਰਦੇ। ਨੀਲੇ ਘੋੜੇ ਉੱਤੇ ਦਸਮੇਸ਼ ਸੱਜਿਆ। ਜ਼ੋਰ ਸ਼ੋਰ ਨਾਲ ਜੰਗ ਮਾਰੂ ਵੱਜਿਆ ।੪।
ਫਰਕਦੇ ਨੇ ਅੰਗ ਸੂਰੇ ਡੰਡ ਪੇਲਦੇ। ਤਲੀ ਉੱਤੇ ਜਿੰਦ ਗਲੀ ਯਾਰ ਖੇਲਦੇ। ਕਦੋਂ ਸਮਾਂ ਆਵੇ ਵੈਰੀ ਨੂੰ ਸੰਘਾਰੀਏ। ਦੇਸ਼ ਪੰਥ ਉੱਤੇ ਸਰਬੰਸ ਵਾਰੀਏ। ਆ ਜਾ ਹੱਥ ਵੇਖ ਤੁਰਕੜੇ ਨਿਲੱਜਿਆ। ਜ਼ੋਰ ਸ਼ੋਰ ਨਾਲ ਜੰਗ ਮਾਰੂ ਵੱਜਿਆ।੫॥
ਸਿੰਘਾਂ ਦੀ ਤਿਆਰੀ ਮੱਚ ਗਿਆ ਥੱਲਕਾ। ਦੇਖਕੇ ਹਰਾਨ ਹੋਯਾ ਸਾਰਾ ਤੱਲਕਾ। ਇਕ ਇਕ ਲੜੂ ਸਵਾ ਲਖ ਨਾਲ ਜੇ। ਖ਼ਾਲਸੇ ਦੀ ਰੱਖਯਾ ਕਰੂ ਅਕਾਲ ਜੇ। ਸੂਰੇ ਸ਼ੇਰ ਗੱਜੇ, ਕੈਰਾਂ ਮੂੰਹ ਕੱਜਿਯਾ। ਜ਼ੋਰ ਸ਼ੋਰ ਨਾਲ ਜੰਗ ਮਾਰੂ ਵੱਜਿਆ।੬।
ਦੋਹਰਾ
ਨੌਂ ਨੌਂ ਧੌਂਸਾ ਤੁਰਕ ਦਲ ਨੌਂ ਸੌ ਨਾਲ ਨਿਸ਼ਾਨ। ਪਏ ਕੜਕ ਗੁਰ ਫ਼ੌਜ ਪਰ ਮੱਚ ਗਿਆ ਘਮਸਾਨ॥ ਯਥਾ— “ਛਿਰ੍ਯੋ ਜੰਗ ਭਟ ਭੇਰ ਭਾ, ਉਡੀ ਧੂਲ ਅਸਮਾਨ। ਦੁਤਿਯ ਧੂਮ ਬਾਰੂਦ ਕੋ, ਰਵਿ ਪ੍ਰਕਾਸ਼ ਭਾ ਹਾਨ॥”
ਕੋਰੜਾ ਛੰਦ
ਹੋ ਗਿਆ ਬਰੂਦ ਨਾਲ ਧੂੰਆਂ ਧਾਰ ਜੇ। ਸੂਰਜ ਨਾ ਦਿਸੇ ਛਾਯਾ ਅੰਧਕਾਰ ਜੇ। ਹਲਾ ਹੱਲ ਹਲਾ ਹੱਲ ਹਲਾ ਹੱਲ ਹੈ। ਮੱਚ ਗਈ ਧੁੰਮ ਪਈ ਹੱਲ ਚੱਲ ਹੈ।
ਛੁੱਟ ਰਹੇ ਬਾਣ ਤੀਰ ਤਿੱਖੇ ਗੋਲੀਆਂ।
ਖੇਡਦੇ ਤੁਰਕ ਸਿੰਘ ਲਾਲ ਹੋਲੀਆਂ।
ਤੜਾ ਤੜ ਤੜਾ ਤੜ ਤੜਾ ਤੜ ਹੈ।
ਸੜਾ ਸੜ ਸੜਾ ਸੜ ਸੜਾ ਸੜ ਹੈ।
ਗਰੜ ਗਰੜ ਗੜ ਗੋਲੇ ਛੁੱਟਦੇ।
ਭਰੜ ਭਰੜ ਭੜ ਸੀਸ ਟੁੱਟਦੇ।
ਕੇਤੇ ਰੁੰਡ ਮੁੰਡ ਕੇਤੇ ਟੁੰਡ ਮੁੰਡ ਹੈ।
ਫਟਾ ਫਟ ਫੱਟ ਲੱਗੇ ਟੁੱਟੇ ਤੁੰਡ ਹੈ।
ਖੰਡ ਖੰਡ ਅੰਗ ਅੰਗ ਹੋਏ ਟੁੱਕੜੇ।
ਲੁੱਟਕ ਲੁੱਟਕ ਡਿੱਗੇ ਇੱਕੇ ਦੁੱਕੜੇ।
ਹਾ ਹਾ ਹੂ ਹੂ ਸ਼ੋਰ ਪਾਯਾ ਕਲ ਜੋਗਨਾਂ।
ਗਿੱਧ ਮਾਸ ਖਾਂਦੇ ਜਿਨ੍ਹਾਂ ਹੱਤੀ ਸੋਗਨਾਂ।
ਖਟਾ ਖਟ ਖਟਾ ਖਟ ਖਟਾ ਖਟ ਹੈ।
ਪਟਾ ਪਟ ਪਟਾ ਪਟ ਪਟਾ ਪਟ ਹੈ।
ਲਟਾ ਲਟ ਲਟਾ ਲਟ ਜਾਲਾ ਥੰਮਣੀ।
ਸਰਰ ਸਰਰ ਚੱਲੇ ਬੀਰ ਥੰਮਣੀ।
ਤਰੜ ਤਰੜ ਤਲਵਾਰ ਚੱਲਦੀ।
ਸੁਰਰ ਸੁਰਰ ਗੋਲੀ ਪੌਣ ਰੱਲਦੀ।
ਕਿਤੇ ਟੰਗ ਟੁੱਟੀ ਕਿਤੇ ਬਾਂਹ ਟੁੱਟੀ ਹੈ।
ਕਿਤੇ ਸਿਰ ਪਾਟੇ ਖੋਪਰੀ ਹੀ ਫੁੱਟੀ ਹੈ।
ਹਿਣਣ ਹਿਣਣ ਹਿਣ ਘੋੜੇ ਹਿਣਦੇ।
ਛਿਣਣ ਛਿਣਣ ਛਿਣ ਅੰਗ ਛਿਣਦੇ।
ਲੱਸ ਲੱਸ ਲੱਸ ਲੱਸਦੀ ਕ੍ਰਿਪਾਨ ਹੈ।
ਕੁੱਦ ਕੁੱਦ ਕੁੱਦ ਕੁੱਦ ਦੇ ਕਿਕਾਨ ਹੈ।
ਡੱਮ ਡੱਮ ਡੱਮ ਡੱਮ ਡੌਰੂ ਵੱਜਦੇ।
ਢੱਮ ਢੱਮ ਢੱਮ ਢੱਮ ਢੋਲ ਗੱਜਦੇ।
ਗਰੜ ਗਰੜ गइ ਗੋਲੇ ਫੁੱਟਦੇ।
ਫੁੱਟਦੇ ਸਰੀਰ ਚੀਰ ਅੰਗ ਟੁੱਟਦੇ।
ਕਰੜ ਕਰੜ ਕੜ ਕਾਲੀ ਨੱਚਦੀ।
ਲੱਟ ਲੱਟ ਲੱਟ ਲੱਟ ਜ਼ਾਲਾ ਮੱਚਦੀ।
ਤੇਗ਼ ਦਸਮੇਸ਼ ਦੀ ਕੜਾਕਾ ਬਿੱਜਲੀ ।
ਇੱਕੇ ਵਾਰ ਵਾਰ ਦਸਾਂ ਨਾਲ ਸਿੱਝਦੀ।
ਭਾਈ ਉਦੇ ਸਿੰਘ ਨੇ ਮਦਾਨ ਖੋਲ੍ਹਿਆ।
ਮਾਰ ਮਾਰ ਤੇਗ਼ ਖੂਨ ਵੈਰੀ ਡੋਲ੍ਹਿਆ।
ਭੀਮ ਸੈਨ ਦੇਖ ਹੱਕਾ ਬੱਕਾ ਹੋ ਗਿਆ। ਸ਼ੋਕ ‘ਚ ਵਜ਼ੀਦਾ ਪਿਛੇ ਨੂੰ ਖਲੋ ਗਿਆ।
ਕਟਾ ਵੱਢ ਹੋ ਗਈ ਤੁਰਕ ਦਲ ਦੀ। ਤੇਗ਼ ਦਸਮੇਸ਼ ਹੈ ਦਲਾਂ ਨੂੰ ਠੱਲਦੀ।
ਖ਼ਾਲਸੇ ਨੇ ਕਰਤਬ ਦਿਖਾਏ ਜੁੱਧ ਦੇ। ਕਟਾਰ ਤੇ ਤੁਫੰਗ ਮਾਰੇ ਕ੍ਰੋਧ ਕੁੱਧ ਕੇ।
ਸਰਬ ਕਾਲ ਖ਼ਾਲਸੇ ਦੀ ਕੀਤੀ ਰੱਛਯਾ। ਮਹਾਂ ਕਾਲ, ਕਾਲ ਵੈਰੀ ਦਲ ਭੱਛਯਾ।
ਬਿਛ ਗਏ ਸੱਥਰ मढ़ा ਲਪੇਟੀਆਂ। ਲੋਬ ਉੱਤੇ ਲੋਥ ਜਾਣ ਨਾ ਸਮੇਟੀਆਂ।
ਜੰਗ ਵਿਚ ਖ਼ਾਲਸੇ ਦੀ ਜਿੱਤ ਹੋ ਗਈ। ਤੁਰਕ ਤੇ ਪਹਾੜੀ ਫ਼ੌਜ ਕੱਟ ਮੋ ਗਈ।
ਵਿਜੈ ਦਾ ਨਗਾਰਾ ਖ਼ਾਲਸੇ ਦਾ ਵੱਜਿਆ। ਸਤਿ ਸ੍ਰੀ ਅਕਾਲ ਦਾ ਨਾਹਰਾ ਗੱਜਿਆ।
ਸੂਬੇ ਤੇ ਪਹਾੜੀ ਰਾਜੇ ਘੇਰੇ ਸ਼ੋਕ ਨੇ। ਦੀਨ ਦੁਨੀ ਗਏ ਹੱਥੋਂ ਦੋਵੇਂ ਥੋਕ ਨੇ।
ਕੇਸਰੀ ਅਕਾਲ ਦਾ ਸ਼ੁਕਰ ਲੱਖ ਹੈ। ਸੀ ਗੁਰੂ ਪੰਥ ਦੀ ਵਿਖਾਈ ਰੱਖ ਹੈ।
ਸੋਰਠਾ
“ਲਾਖਹੁ ਓਰੜ ਆਇ, ਮਿਲੇ ਮਲੇਛ ਪ੍ਰਹਾਰਤੇ। ਨਿਫਲ ਵਾਰ ਸਭਿ ਜਾਇ ਗੁਰ ਰੱਲ੍ਯਾ ਤੇ ਲਗਤਿ ਨਹਿ।”11
ਦੋਹਰਾ
ਖ਼ੁਸ਼ੀ ਮਨਾਈ ਖ਼ਾਲਸੇ ਗੁਰ ਜਸ ਲੱਗਾ ਹੋਣ। ਤੁਰਕ ਪਹਾੜੀ ਸੜ ਮਰੇ ਮਿਲ ਮਿਲ ਲੱਗੇ ਰੋਣ।
ਕੋਰੜਾ ਛੰਦ
ਸੂਬੇ ਤੇ ਪਹਾੜੀ ਰਾਜੇ ਹੈਂ ਵਿਚਾਰਦੇ। ਜੈਗ ‘ਚ ਨਿਸ਼ੰਗ ਅਸੀਂ ਨਿੱਤ ਹਾਰਦੇ।
ਕਿੰਨੇ ਦਿਨ ਹੋਏ ਖ਼ਾਲਸਾ ਹੈ ਜਿੱਤਦਾ। ਖ਼ਾਲਸਾਈ ਜੋਸ਼ ਸਾਨੂੰ ਹੈ ਨਪਿੱਤਦਾ।
ਜੰਗ ਦੀ ਸਕੀਮ ਹੁਣ ਦਿਓ ਛੱਡ ਜੇ। ਬੈਠ ਜੋ ਉਦਾਲੇ ਮੋਰਚੇ ਨੂੰ ਗੱਡ ਜੇ।
ਸਾਰਿਆਂ ਨੇ ਮੰਨ ਲੀਤੀ ਏਹੋ ਗੱਲ ਜੇ । ਪੈ ਗਈ ਉਦਾਲੇ ਫ਼ੌਜ ਡੇਰੇ ਮੱਲ ਜੇ।
ਨਗਰ ਸ਼ਹਿਰ ਪਿੰਡੀ ਘੋਹਾ ਫੇਰਿਆ। ਲੋਕੋ ਸ਼ਾਹੀ ਫ਼ੌਜ ਨੇ ਗੁਰੂ ਹੈ ਘੇਰਿਆ।
ਆਟਾ ਦਾਣਾ ਦਾਲ ਘਿਓ ਲੂਣ ਲੱਕੜੀ। ਲੈ ਕੇ ਜੇੜ੍ਹਾ ਆਵੇ ਝਟ ਜਾਊ ਪੱਕੜੀ।
ਸਜ਼ਾ ਦਿੱਤੀ ਜਾਊ ਚੀਜ਼ ਲੈਣੀ ਖੋਹ ਜੇ। ਦੋਸ਼ ਲੱਗ ਜਾਊ ਰਾਜ ਦਾ ਦੋਹ ਜੇ।
ਨਾਕਾ ਬੰਦੀ ਕੀਤੀ ਚਾਰੇ ਪਾਸੇ ਰੋਕ ਲੇ। ਮੋਰਚਿਆਂ ਵਿਚ ਹੈ ਸਿਪਾਹੀ ਝੋਕ ਲੇ।
ਟੇਢੀ ਚਾਲ ਨਾਲ ਸਿੱਖ ਕੀਤੇ ਤੰਗ ਜੇ। ਸਾਹਮਣੇ ਨਾ ਹੋਇਆ ਗੀਦੀਆਂ ਤੋਂ ਜੰਗ ਜੇ।
ਸਨੇ ਸਨੇ ਅੰਨ ਦਾਣਾ ਗਿਆ ਮੁੱਕ ਜੀ । ਖ਼ਾਲਸਾਈ ਫ਼ੌਜ ਦੁਖੀ ਹੋਈ ਰੁੱਕ ਜੀ।
ਸ਼ੇਰ ਸਿੰਘ, ਸਿੰਘ ਨੇ ਕਰੀ ਦਲੀਲ ਹੈ। ਨਾਹਰ ਸਿੰਘ ਤੇਰੇ ਪਾਸ ਏ ਅਪੀਲ ਹੈ।
ਅੱਜ ਰਾਤ ਚਲੋ ਰਲ ਛਾਪਾ ਮਾਰੀਏ। ਸੁੱਤੇ ਪਏ ਵੈਰੀ ਦਲਾਂ ਨੂੰ ਸੰਘਾਰੀਏ।
ਕਿਹਾ ਨਾਹਰ ਸਿੰਘ ਗੁਰੂ ਗੁੱਸੇ ਹੋਣਗੇ। ਫੇਰ ਓਨ੍ਹਾਂ ਅੱਗੇ ਕੌਣ ਜੋ ਖਲੋਣਗੇ ?
ਸ਼ੇਰ ਸਿੰਘ ਕਿਹਾ ਵੀਰਾ ਨੇਕ ਗੱਲ ਜੇ। ਪੰਥ ਦੀ ਭਲਾਈ ਹਿਤ ਲਈਏ ਝੱਲ ਜੇ ।
ਸੋਧ ਗੁਰਮਤਾ ਸਿੰਘਾਂ ਛਾਪਾ ਮਾਰਿਆ। ਸੈਂਕੜੇ ਹਜ਼ਾਰ ਤੁਰਕੜਾ ਸੰਘਾਰਿਆ।
ਹਲਾ ਚਲੀ ਪੈ ਗਈ ਤੁਰਕ ਦਲ ਜੀ । ਮਾਰ ਦਿੱਤੇ ਵੈਰੀ ਖ਼ਾਲਸੇ ਨੇ ਰਲ ਜੀ।
ਦੋਹਰਾ
ਇਕ ਦਿਨ ਉਚੇ ਥਲ ਵਿਖੇ ਸਤਿਗੁਰ ਲਾਇ ਦਿਵਾਨ। ਸੋਭਨੀਕ ਸਨ ਹੋ ਰਹੇ ਮਹਿਮਾ ਮਹਾਂ ਮਹਾਨ।
ਕੋਰੜਾ ਛੰਦ
ਭੀਮਸੈਨ ਰਾਜੇ ਲਾਈ ਦੂਰਬੀਨ ਹੈ। ਬੈਠੇ ਦਸਮੇਸ਼ ਹੋ ਗਿਆ ਯਕੀਨ ਹੈ।
ਸੂਰਜ ਸਮੁੱਖੀ ਚੌਰ ਸੀਸ ਝੁੱਲਦਾ। ਜੇਵਰ ਜੜਾਊ ਜੜੇ ਭਾਰੀ ਮੁੱਲ ਦਾ।
ਜਗ ਮਗ ਜਗ ਮਗ ਜਗੇ ਜੋਤ ਹੈ। ਸੀਸ ਉੱਤੇ ਜਿਗਾ ਕਲਗੀ ਉਦੋਤ ਹੈ।
ਗਾਤਰੇ भज्ञग ਲੱਸ ਲੱਸ ਲੱਸਦੀ।
ਦੂਰੋਂ ਹੀ ਦੂਰ ਜਨਾਂ ਦੀ ਜਾਨ ਖੱਸਦੀ।
ਰਤਨਾਂ ਜੜਾਉ ਹੈ ਧਨਖ ਧਾਰਿਆ। ਤਰਕਸ਼ ਖਤੰਗ ਸੰਗ ਬਾਜ਼ ਪਿਆਰਿਆ।
ਪ੍ਰਭੁਤਾ ਅਦੁੱਤੀ ਸੂਰ ਹੋਇਆ ਮੰਦ ਹੈ। ਕੌਲ ਸਿੱਖ ਖਿੜੇ ਤੇ ਕੁਮਦ ਬੰਦ ਹੈ।
ਸੂਬੇ ਅਤੇ ਰਾਜਿਆਂ ਸਮਾਂ ਪਛਾਣ ਕੇ। ਤੋਪ ਦਾਗ਼ ਦਿੱਤੀ ਮਾਰੂ ਹੀ ਰੰਞਾਣ ਕੇ।
ਸਰਰ ਸਰਰ ਗੋਲੇ ਉੱਤੋਂ ਲੰਘਦੇ।
ਸੰਗਤ ਸਮੇਤ ਸਾਰੀ ਥਾਂ ਉਲੰਘਦੇ।
ਅੱਖ ਦੇ ਇਸ਼ਾਰੇ ਵਿਚ ਕਾਇਨਾਤ ਹੈ। ਕੌਣ ਕਰ ਸੱਕੇ ਦਸੋ ਉਹਦਾ ਘਾਤ ਹੈ ?
ਲੱਗਦਾ ਨਾ ਗੋਲਾ ਤੋਪ ਹੈ ਉਤਾਹਾਂ ਨੂੰ। ਫੇਰ ਗੋਲਾ ਛਡਿਆ ਕਰੀ ਹਿਠਾਹਾਂ ਨੂੰ।
*. . ਡ ਨੀਵੀਂ ਹੋਈ ਜ਼ਿਮੀਂ ਵਿਚ ਖੁੱਭਿਆ।
ਰਾ ਇਕ ਜ਼ਰਾ ਨਾ ਕਿਸੇ ਦੇ ਚੁੱਭਿਆ।
ਕੀਤੀ ਦਸਮੇਸ਼ ਦੀ ਦਈ ਨੇ ਰੱਖਯਾ।
ਕੌਤਕ ਅਦੁੱਤੀ ਨਾ ਕਿਸੇ ਵੀ ਲੱਖਯਾ।
ਹੋਈ ਕਰਾਮਾਤ ਕੋਈ ਕਹਿੰਦਾ ਕੁਝ ਹੈ। ਸੱਕਿਆ ਨਾ ਕੋਈ ਰਾਜ਼ ਬੁੱਝ ਹੈ।
ਝਖ ਮਾਰ ਹਟੇ ਕੁਝ ਨਾ ਵਿਗਾੜਿਆ। ਫੈਰ ਮਿਸ ਹੋਏ ਪਾਜ ਸੀ ਉਘਾੜਿਆ।
ਦੋਹਰਾ
ਨਾਕਾ ਬੰਦੀ ਹੋ ਗਈ, ਰਸਦ ਹੋ ਗਈ ਬੰਦ। ਸਾਰੇ ਪਾਸੇ ਘਿਰ ਗਏ,ਸਤਿਗੁਰ ਪੁਰੀ ਅਨੰਦ।
ਕੋਰੜਾ ਛੰਦ
ਬਾਦਸ਼ਾਹ ਨੁਰੰਗਾ ਭਾਵੇਂ ਬੈਠਾ ਦੂਰ ਸੀ। ਸੂਬਿਆਂ ਨੂੰ ਪੈਂਦੀ ਘੂਰ ਉੱਤੇ ਘੂਰ ਸੀ।
ਲਿਖ ਲਿਖ ਚਿੱਠੀਆਂ ਹਮੇਸ਼ਾ ਤਾੜਦਾ। ਦੱਖਣ ‘ਚ ਬੈਠਾ ਅੱਖੀਆਂ ਨੂੰ ਪਾੜਦਾ।
ਸੂਬੇ ਅੱਗੇ ਕੋਹੀ ਰਾਜਿਆਂ ਨੂੰ ਤਾੜਦੇ ? ਕਿਉਂ ਨੀ ਮਾਰ ਮਾਰ ਗੁਰੂ ਨੂੰ ਉਜਾੜਦੇ।
ਕਿੱਥੇ ਕਸ਼ਮੀਰ ਕੋਟਲਾ ਮਲੇਰ ਹੈ। ਸੂਬਾ ਮੁਲਤਾਨ ਚੜ੍ਹ ਆਯਾ ਸ਼ੇਰ ਹੈ।
ਦਿੱਲੀ ਤੇ ਲਹੌਰ ਆਦਿ ਲੈ ਕਸੂਰ ਵੀ। ਘੇਰੇ ਲਈ ਕੱਠੇ ਹੋ ਗਏ ਜ਼ਰੂਰ ਹੀ।
ਸਤ ਮਾਹ ਤਕ ਰਿਹਾ ਘੇਰਾ ਘੱਤਿਆ। ਸ੍ਰੀ ਦਸਮੇਸ਼ ਪਾਸਾ ਨਾ ਪਰੱਤਿਆ।
ਇੰਚ ਨਾ ਇਰਾਦੇ ਆਪਣੇ ਤੋਂ ਹੱਲੇ ਨੀ। ਕਈ ਵੇਰ ਰਾਜਿਆਂ ਵਕੀਲ ਘੱਲੇ ਨੀ।
ਸਤ ਮਾਹ ਘੇਰਾ ਤੇ ਮਮੂਲੀ ਗੱਲ ਨਾ। ਐਡਾ ਦੁੱਖ ਕੋਈ ਸਕਦਾ ਹੈ ਝੱਲ ਨਾ।
ਵੱਡੇ ਜਰਨੈਲ ਘੇਰਿਆਂ ਚਿ ਘਿਰ ਕੇ। ਸਾਬਤ ਰਹੇ ਨਾ ਰਹੇ ਅੰਤ ਗਿਰ ਕੇ।
ਰਾਣਾ ਪਰਤਾਪਾ ਨੇ ਵੀ ਦੁਖੀ ਹੋਇ ਕੇ। ਚਿੱਠੀ ਲਿੱਖੀ ਪਾਤਸ਼ਾਹ ਪਾਸ ਰੋਇ ਕੇ।
ਸ੍ਰੀ ਦਸਮੇਸ਼ ਨਾ ਰਤਾ ਵੀ ਡੋਲ੍ਹਿਆ। ਜਦੋਂ ਮੌਕਾ ਪਿਆ ਤਾਂ ਕੜੱਕ ਬੋਲਿਆ।
ਕਿਲ੍ਹੇ ਵਿਚੋਂ ਅੰਨ ਪਾਣੀ ਨਿਖੁੱਟਿਆ। ਫੇਰ ਵੀ ਗੁਰੂ ਦਾ ਹੌਸਲਾ ਨਾ ਟੁੱਟਿਆ।
ਸਿੰਘ ਅਤੇ ਵੱਡੇ ਮਾਤਾ ਦੁਖੀ ਹੋ ਗਏ। ਕਿਲ੍ਹਾ ਛੱਡ ਜਾਣਾ ਜ਼ਿੱਦ ‘ਤੇ ਖਲੋ ਗਏ।
ਗੁਰੂ ਦਸਮੇਸ਼ ਨੇ ਨਾ ਫੇਰ ਮੰਨਿਆ। ਰੰਚਕ ਇਰਾਦਾ ਪੱਕਾ ਨਹੀਂ ਭੰਨਿਆ।
ਫ਼ੌਜਦਾਰ ਕੋਹੀ ਸਾਰੇ ਦਗ਼ੇ ਬਾਜ਼ ਹੈ। ਧਰਮ ਅਤੇ ਸੱਚ ਦਾ ਨਹੀਂ ਲਿਹਾਜ਼ ਹੈ।
ਏਨ੍ਹਾਂ ਦੀ ਸੁਗੰਦ ‘ਤੇ ਭਰੋਸਾ ਰੱਖਣਾ। ਆਪਣੇ ਹੀ ਹੱਥੀਂ ਆਪ ਮਹੁਰਾ ਚੱਖਣਾ।
ਏਨ੍ਹਾਂ ਉੱਤੇ ਮੈਨੂੰ ਰੱਤੀ ਨਾ ਯਕੀਨ ਹੈ। ਕੋਹੀਆਂ ਦਾ ਕੋਈ ਨਾ ਧਰਮ ਦੀਨ ਹੈ।
ਕਹਿੰਦੇ ਕੁਝ ਹੋਰ ਤੇ ਕਮਾਂਦੇ ਹੋਰ ਹੈਂ। ਤੁਰਕੜੇ ਤੁਰਕ ਅਤੇ ਹਿੰਦੂ ਚੋਰ ਹੈਂ।
ਮੰਨੇ ਨਾ ਗੁਰੂ ਜੀ ਜ਼ੋਰ ਪਾਇਆ ਮਾਤ ਹੈ। ਗੁਰੂ ਵਲੋਂ ਉੱਕੀ-ਪੱਕੀ ਇੱਕੋ ਬਾਤ ਹੈ।
ਮਾਤਾ ਹਾਰ ਥੱਕੇ ਨਾ ਸੁਣੀ ਹੈ ਸਿੱਖਯਾ। ਤੰਗ ਹੋ ਕੇ ਸਿੰਘਾਂ ਨੇ ਬਿਦਾਵਾ ਲਿੱਖਯਾ।
ਚਾਲ੍ਹੀ ਸਿੰਘ ਪੂਰੇ ਜੋ ਸਿਦਕ ਵਾਨ ਸੇ। ਨੰਗ ਭੁੱਖ ਵਿਚ ਜੋ ਘੁਮਾਂਦੇ ਜਾਨ ਸੇ।
ਕਿਕੂੰ ਅੱਡ ਹੋਵੇ ਯਾਰੋ ਮੱਛੀ ਨੀਰ ਤੋਂ। ਰੂਹ ਦਾ ਵਿਛੋੜਾ ਜਾਣ ਲੋ ਸਰੀਰ ਤੋਂ।
ਡਿੱਗੇ ਨਾ ਓ ਡੋਲ ਰਹੇ ਭੌਰ ਫੁੱਲ ‘ਤੇ। ਵੱਖ ਹੋ ਸਕਦੇ ਨਾ ਕਿਸੇ ਮੁੱਲ ‘ਤੇ।
ਸਿੱਖ ਤੇ ਗੁਰੂ ਦਾ ਨਹੀਂ ਭੇਦ ਭਿੰਨ ਹੈ। ਸਿੱਖ ਦਾ ਪ੍ਰੇਮ ਨੇਮ ਹੀ ਅਨਿੰਨ ਹੈ।
ਦੋਹਰਾ
ਇਕ ਦਿਨ ਭੇਜੇ ਪਾਮਰਾਂ ਪੰਮੇ ਆਦਿ ਵਕੀਲ। ਖਾਧੀ ਕਸਮ ਕੁਰਾਨ ਦੀ ਠਾਕਰ ਦੇਵੀ ਹੀਲ।
ਕੋਰੜਾ ਛੰਦ
ਹੱਥ ਜੋੜ ਕਸਮ ਕੁਰਾਨ ਖਾਂਦੇ ਹਾਂ। ਦੇਵੀ ਮਾਤਾ ਜੀ ਦੀ ਜ਼ਾਮਨੀ ਦੁਆਂਦੇ ਹਾਂ।
ਛੱਡ ਦੋ ਅਨੰਦ ਪੁਰੀ ਗੁਰੂ ਆਪ ਜੀ। ਪੱਕਾ ਜਾਣੋ ਫੇਰ ਸਾਰਾ ਹੈ ਮਿਲਾਪ ਜੀ।
ਕਰ ਲੌ ਯਕੀਨ ਗੁਰੂ ਸਾਡੀ ਗੱਲ ਦਾ। ਪਾਤਸ਼ਾਹ ਦੱਖਣੋਂ ਸੁਨੇਹੇ ਘੱਲਦਾ।
ਮਾਤਾ ਅਤੇ ਸਿੱਖਾਂ ਨੂੰ ਦਿਖੋਣ ਵਾਸਤੇ। ਲਏ ਦਸਮੇਸ਼ ਜੀ ਨੇ ਮੰਨ ਵਾਸਤੇ।
ਕਿਹਾ ਸਾਡੀ ਮੰਨ ਲਓ ਇਕ ਗੱਲ ਜੇ। ਪੰਜ ਕੁ ਹਜ਼ਾਰ ਬੈਲ ਦੇਓ ਘੱਲ ਜੇ।
ਭਾਰ ਬਰਦਾਰੀ ਵਾਸਤੇ ਨੇ ਚਾਹੀਦੇ। ਸੱਚ ਝੂਠ ਦੇਖੀਏ ਸੁਗੰਦ ਸ਼ਾਹੀ ਦੇ।
ਸਣੇ ਬਣਜਾਰਿਆਂ ਦੇ ਬੈਲ ਪੁੱਜਿਆ। ਨੀਤੀ ਵਿਚ ਗੁਰੂ ਖ਼ਾਲਸਾ ਹੈ ਰੁੱਝਿਆ।
ਸੱਦ ਕੇ ਖ਼ਜ਼ਾਨਚੀ ਨੂੰ ਆਸਾ ਦੱਸਿਆ। —– —— —-ਜਿਥੇ ਕਿਤੇ ਨੱਸਿਆ।
ਬੈਲ ਮਹੀ ਊਠ ਘੋੜਿਆਂ ਦੇ ਚੰਮੜੇ। ਬੁਰਦ-ਪੋਸ਼ ਟੁੱਟੇ ਜੀਨ ਜੋ ਨਿਕੰਮੜੇ।
ਟੁੱਟੇ ਫੁੱਟੇ ਭਾਂਡੇ ਤੇ ਪੁਰਾਣੇ ਕੱਪੜੇ। ਠੀਕਰੇ ਤੇ ਛਿੱਤਰ ਤਮਾਮ ਅੱਪੜੇ।
ਘੋੜਿਆਂ ਦੀ ਲਿੱਦ ਡੰਗਰਾਂ ਦੇ ਹੱਡ ਵੀ। ਗੰਦਗੀ ਦੇ ਨਾਲ ਕੀਤੇ ਗੱਡ ਮੱਡ ਜੀ।
ਗੰਦੀ ਮੰਦੀ ਚੀਜ਼ ਗੁਣਾਂ ਵਿਚ ਭਰ ਕੇ। ਸੀਤੀਆਂ ਸੁਆਰ ਤੇ ਤਿਆਰ ਕਰ ਕੇ।
ਲੱਦਿਆ ਖ਼ਜ਼ਾਨਾ ਮਸ਼ਹੂਰ ਹੋ ਗਿਆ। ਸ਼ੋਹਰਾ ਦੇਸ਼ ਵਿਚ ਦੂਰ ਦੂਰ ਹੋ ਗਿਆ।
ਕੋਤਵਾਲ ਬੇਨਤੀ ਕਰੀ ਹਜ਼ੂਰ ਨੂੰ । ਤੇਲ ਨਹੀਂ ਛਮੋ ਦਾਸ ਦੇ ਕਸੂਰ ਨੂੰ।
ਬਰਛਾ ਦੇ ਕੇ ਕਿਹਾ ਖੂਹੇ ਉੱਤੇ ਜਾਓ ਜੀ। ਜਿੰਨਾ ਤੇਲ ਚਾਹੋ ਕੱਢ ਕੇ ਲਿਆਓ ਜੀ।
ਅੱਧੇ ਵਿਚ ਤੇਲ ਅੱਧੇ ਵਿਚ ਪਾਣੀ ਜੇ। ਦਿੱਤੀ ਪਰਕਾਸ਼ ਦਸਮੇਸ਼ ਬਾਣੀ ਜੇ ।
ਬੰਨ੍ਹੀਆਂ ਮਸ਼ਾਲਾਂ ਬੈਲਾਂ ਨਾਲੋਂ ਦੂਣੀਆਂ। ਬੋਲਦਾਂ ‘ਤੇ ਲੱਦੀਆਂ ਸੁਆਰ ਗੂਣੀਆਂ।
ਸਿੰਗਾਂ ਨਾਲ ਦੋ ਦੋ ਨੇ ਮਸ਼ਾਲਾਂ ਬੰਨ੍ਹੀਆਂ। ਘੋਰ ਘੁੱਪ ਰਾਤਾਂ ਸੀ ਮਹਾਨ ਅੰਨ੍ਹੀਆਂ।
ਜਰੀਦਾਰ ਟੋਟੇ ਸੋਹਣੇ ਖੀਨ ਖਾਪ ਦੇ। ਗੁਣਾਂ ਉੱਤੇ ਪਾਏ ਐਨ ਪੂਰੇ ਮਾਪ ਦੇ।
ਤੋਰਿਆ ਖ਼ਜ਼ਾਨਾ ਅੱਗੇ ਅੰਞ ਦੱਸਿਆ। ਲੁੱਟਣੇ ਨੂੰ ਵੈਰੀ ਦਲ ਆਯਾ ਨੱਸਿਆ।
ਹੋਏ ਨੰਗੇ ਭੁੱਖਿਆਂ ਨੂੰ ਸੱਤ ਮਾਂਹ ਜੇ। ਲੁੱਟ ਕੇ ਖ਼ਜ਼ਾਨਾ ਹੋਊਗਾ ਨਿਬਾਹ ਜੇ।
ਲੱਖਾਂ ਤੇ ਕਰੋੜਾਂ ਦਾ ਅਨੰਤ ਮਾਲ ਜੇ। ਜੀਦੇ ਹੱਥ ਆਊ ਹੱਥ ਕਰੂ ਲਾਲ ਜੇ।
ਸ਼ਾਹੀ ਤੇ ਪਹਾੜੀ ਫ਼ੌਜ ਅੰਞ ਸੋਚ ਕੇ। ਟੁੱਟੀ ਟਾਂਡੇ ਉੱਤੇ ਯਾਰੋ ਲੋਚ ਲੋਚ ਕੇ।
ਇਕ ਦੂਜੇ ਕੋਲੋਂ ਮਲੋ ਧਿੰਗੀ ਖੋਹੰਦਾ। ਮੁੱਠ ਭੇੜ ਹੋਈ ਕੋਈ ਮਾਰ ਕੋਹੰਦਾ।
ਸ਼ੋਰ ਮੱਚ ਗਿਆ ਹੋਈ ਕਟਾ ਵੱਢ ਜੇ। ਖ਼ਾਲਸੇ ਨੇ ਦਿੱਤੇ ਗੋਲੇ ਤੋਪ ਛੱਡ ਜੇ।
ਸੈਂਕੜੇ ਹਜ਼ਾਰਾਂ ਹੀ ਰੁਲਾਏ ਖ਼ਾਕ ਜੇ। ਬੁਰੀ ਮੌਤ ਮਰੇ ਲਾਲਚੀ ਨਪਾਕ ਜੇ।
ਜਿੰਦੇ ਜੋੜੇ ਰਹੇ ਚੁੱਕ ਲੈਗੇ ਗੁਣੀਆਂ। ਕੈਂਦੇ ਹੱਥ ਆਈਆਂ ਦੌਲਤਾਂ ਨੇ ਦੂਣੀਆਂ।
ਡੇਰਿਆਂ ‘ਚ ਜਾ ਕੇ ਮਾਲ ਰੱਖ ਸੋ ਗਏ। ਮਾਲਾ ਮਾਲ ਹੋਏ ਹਾਂ ਅਨੰਦ ਹੋ ਗਏ।
ਪਾਠ ਤੇ ਨਮਾਜ਼ਾਂ ਪੜ੍ਹ ਕੇ ਸਵੇਰ ਨੂੰ। ਫੇਰ ਖੋਲ੍ਹ ਦੇਖਦੇ ਨੇ ਮਾਯਾ ਢੇਰ ਨੂੰ ।
ਕੀਮਤੀ ਪਦਾਰਥਾਂ ਦੇ ਨਾਲ ਰੱਜਗੇ। ਹੋ ਗਏ ਸ਼ਰਮ ਸਾਰ ਪਾਪੀ ਲੱਜਗੇ।
ਦੀਨ ਵੀ ਗਵਾਯਾ ਦੁਨੀ ਹੱਥ ਆਈ ਨਾ। ਛੱਡਯਾ ਧਰਮ ਮਾਯਾ ਵੱਥ ਪਾਈ ਨਾ।
ਹੱਥ ਲੱਗ ਗਏ ਨੇ ਨਪਾਕ ਚੀਜ਼ ਨੂੰ। ਏਵੇਂ ਹਾਰ ਬੈਠੇ ਦੀਨ ਵੀ ਅਜ਼ੀਜ਼ ਨੂੰ।
ਧਿਕ ਧਿਕ ਧਿਕ ਸਾਨੂੰ ਧਿਕ ਧਿਕ ਹੈ । ਝੂਠ ਬੋਲ ਪਾਈ ਏਵੇਂ ਵਾਧੂ ਫਿੱਕ ਹੈ।
ਦੋਹਰਾ
ਸਹਬ ਖ਼ਾਲਸੇ ਸਤਿਗੁਰੂ ਕੱਠੇ ਕਰ ਇਕ ਥਾਨ। ਸ੍ਰੀ ਮੁੱਖ ਤੋਂ ਇਸ ਤਰ੍ਹਾਂ ਲੱਗੇ ਹੁਕਮ ਸੁਣਾਨ।
ਕੋਰੜਾ ਛੰਦ
ਦੇਖਿਆ ਧਰਮ ਦੀਨ ਸ਼ਾਹੀ ਫ਼ੌਜ ਦਾ। ਕੌਤਕ ਦਿਖਾਇਆ ਖ਼ਾਲਸਾ ਜੀ ਮੌਜ ਦਾ।
ਤੁਰਕ ਤੇ ਪਹਾੜੀ ਹੈਂ ਪਰਖ ਹੋ ਗਏ। ਲੁੱਟ ਮਾਲ ਦੌਲਤਾਂ ਹਰਖ ਹੋ ਗਏ।
ਕੀਤਾ ਹੈ ਭਰੋਸਾ ਤੁਸੀਂ ਜਾਣ ਬੁੱਝ ਕੇ। ਜੰਗ ਵਿਚ ਤੰਗ ਹੋਣਾ ਸੀਗਾ ਰੁੱਝ ਕੇ।
ਦੇਖਿਆ ਨਮੂਨਾ ਹੈ ਪਤੀਜ ਆ ਗਿਆ। ਅੱਗੇ ਨੂੰ ਸੰਭਲ ਜਾਓ ਕੀ ਵਿਹਾ ਗਿਆ।
ਕੱਚਿਆਂ ਪਹਾੜੀਆਂ ਦੀ ਗੱਲ ਕੱਚੀ ਹੈ। ਮੋਮਨਾਂ ਦੀ ਮੀਸਣੀ ਨਾ ਚਾਲ ਸੱਚੀ ਹੈ।
ਮਾਤਾ ਜੀ ਭਰੋਸੇ ਉੱਤੇ ਹੋਏ ਬਾਵਲੇ। ਕਿਲ੍ਹਾ ਛੱਡ ਜਾਣ ਨੂੰ ਸੀਗੇ ਉਤਾਵਲੇ।
ਥੋੜੀ ਦੇਰ ਕੱਟ ਲੈਣੀ ਨਾਲ ਸ਼ਾਂਤ ਜੇ। ਫੇਰ ਫਤੇ ਹੋਵੇ ਸਾਡੀ ਭਲੀ ਭਾਂਤ ਜੇ।
ਦੁੱਖ ਸੁੱਖ ਦੋਵੇਂ ਕਰਤਾਰ ਹੱਥ ਹੈ। ਪਾਈ ਹੋਈ ਸਾਡੇ ਓਸੇ ਨੱਕ ਨੱਥ ਹੈ।
ਅਸੀਂ ਨਾ ਅਜ਼ਾਦ, ਓਸ ਦੇ ਅਧੀਨ ਹੈਂ। ਓਸੇ ਉੱਤੇ ਰੱਖਣਾ ਬਣੇ ਯਕੀਨ ਹੈਂ।
ਦਿੱਤਾ ਉਪਦੇਸ਼, ਕਹਿੰਦੇ ਸਿੱਖ, ਮਾਤ ਜੀ। ਸੁਣੋ ਦਸਮੇਸ਼ ਸਾਡੀ ਸੱਚੀ ਬਾਤ ਜੀ ।
ਭੁੱਖ ਦੁੱਖੋਂ ਜਾਨ ਚੱਲੀ ਤੇ ਪਿਆਸੇ ਹਾਂ। ਕੋਈ ਨਾ ਟਿਕਾਣਾ ਗੁਰੂ ਜੀ ਨਿਰਾਸੇ ਹਾਂ।
ਕਿਲ੍ਹਾ ਛੱਡ ਜਾਣਾ ਇਹੋ ਗੱਲ ਸਿੱਧ ਹੈ। ਜ਼ਿੰਦਗੀ ਰਹਿਣ ਦੀ ਨਾ ਕੋਈ ਬਿੱਧ ਹੈ।
ਮਾਤਾ ਜੀ ਨੇ ਪਾਯਾ ਡਾਢਾ ਦਿਲੋਂ ਜ਼ੋਰ ਹੈ। ਕਿਲ੍ਹਾ ਛੱਡ ਚੱਲੋ ਨਾ ਉਪਾਓ ਹੋਰ ਹੈ।
ਦੋਹਰਾ
ਕਿਲ੍ਹਾ ਛੋਡਣੇ ਦਾ ਸਮਾਂ ਹੈ ਨਾਹੀ ਕਿਸ ਭਾਂਤ। ਪ੍ਰਭ ਨੇ ਇਉਂ ਫ਼ੁਰਮਾਇਆ ਰਹੋ ਕਰੋ ਦਿਲ ਸ਼ਾਂਤ।
ਕੋਰੜਾ ਛੰਦ
ਏਸੇ ਤਰ੍ਹਾਂ ਸਮਾਂ ਕੁਝ ਹੋਰ ਬੀਤਿਆ। ਅੰਨ ਪਾਣੀ ਆਦਿ ਸਭ ਗਲੋਂ ਰੀਤਿਆ।
ਰਹਿੰਦੇ ਸਿੰਘ ਬਾਣੀ ਨਾਮ ਦੇ ਆਧਾਰ ‘ਤੇ। ਔਖ ਸੌਖ ਨਾਲ ਸਮਾਂ ਹੈਂ ਗੁਜ਼ਾਰਦੇ।
ਬਾਹਰੋਂ ਚੀਜ਼ ਔਣੀ ਸਾਰੀ ਬੰਦ ਹੋ ਗਈ। ਪੁਰੀ ਦੇ ਉਦਾਲੇ ਫ਼ੌਜ ਕੰਧ ਹੋ ਗਈ।
ਆ ਗਈ ਨੁਰੰਗੇ ਵੱਲੋਂ ਹੋਰ ਚਿੱਠੀ ਜੇ। ਸ਼ੱਕਰ ਸ਼ਹਿਦ ਨਾਲੋਂ ਵੱਧ ਮਿੱਠੀ ਜੇ।
ਅਦਬ ਆਦਾਬ ਨਾਲ ਕੀਤੀ ਬੰਦਗੀ। ਕਸਮ ਕੁਰਾਨ ਖਾਧੀ ਹੈ ਮੁਹੰਮਦੀ।
ਅੱਗੇ ਆਪ ਨਾਲ ਜੋ ਹੋਯਾ ਫ਼ਰੇਬ ਹੈ। ਓਸ ਤੋਂ ਅਜਾਣੂ ਜੀ ਔਰੰਗਜ਼ੇਬ ਹੈ।
ਹੋਈ ਜਾਂ ਖ਼ਬਰ ਸਜ਼ਾ ਦਿੱਤੀ ਪਾਜੀਆਂ। ਸੱਚ ਹੈਨ ਆਪ ਜੀ ਨੂੰ ਜੋ ਨਰਾਦੀਆਂ।
ਅੱਗੇ ਨੂੰ ਦਗ਼ਾ ਨਾ ਕਦੇ ਫੇਰ ਹੋਵੇਗਾ। ਦੀਨ ਤੇ ਧਰਮ ਵਿਚ ਆ ਖਲੋਵੇਗਾ।
ਸਾਡੇ ਤੇ ਥੁਆਡੇ ਦੋਹਾਂ ਵਿਚ ਰੱਬ ਹੈ। ਹਾਰੀਏ ਨਾ ਦੀਨ ਜੋ ਬੜਾ ਅਲੱਭ ਹੈ।
ਚਿੱਠੀ ਲੈ ਕੇ ਸ਼ਾਹ ਦੀ ਵਕੀਲ ਆਏ ਨੇ। ਰਾਜਿਆਂ ਦੇ ਦੂਤ ਸਾਥ ਵੀ ਲਿਆਏ ਨੇ।
ਕਲਗੀਧਰ ਅੱਗੇ ਚਿੱਠੀ ਰੱਖ ਬੇਨਤੀ। ਲੱਗੇ ਨੇ ਕਰਨ ਗੁਰੋ ਛੱਡੋ ਗੇਨਤੀ।
ਬਾਦਸ਼ਾਹ ਫ਼ੌਜਦਾਰ ਰਾਜੇ ਰੱਲਕੇ। ਸਾਰੇ ਦਿੰਦੇ ਦੀਨ ਧਰਮ ਦੇ ਮੁਚੱਲਕੇ।
ਇਕ ਵਾਰ ਛੱਡ ਦੋ ਅਨੰਦ ਪੁਰ ਨੂੰ। ਹੱਥ ਜੋੜ ਬੇਨਤੀ ਸੁਣਾਓ ਗੁਰ ਨੂੰ।
ਸਾਡੀ ਲਾਜ ਰਹੁ ਏਥੇ ਲਿਆਂਦੀ ਫ਼ੌਜ ਦੀ। ਜ਼ਿੰਦਗੀ ਗੁਜ਼ਾਰੋ ਜਿਥੇ ਚਾਹੋ ਮੌਜ ਦੀ।
ਬਾਦਸ਼ਾਹ ਕਰੂਗਾ ਪ੍ਰੇਮ ਆਪ ਨੂੰ । ਦਿਲੋਂ ਮਨੋਂ ਚਾਹੁੰਦਾ ਗੁਰੂ ਮਿਲਾਪ ਨੂੰ ।
ਨਹੀਂ ਜਿਥੇ ਚਿੱਤ ਚਾਹੋ ਓਥੇ ਵੱਸਿਓ। ਚੋਰਾਂ ਵਾਂਗ ਹੋਰ ਨਾ ਕਿਤੇ ਵੀ ਨੱਸਿਓ।
ਸਾਡੀ ਤੇ ਥੁਆਡੀ ਗੱਲ ਦੋਹਾਂ ਧਿਰਾਂ ਦੀ। ਰਹੂਗੀ ਦੁਵੱਲੇ ਬਾਜ਼ੀ ਧੜਾਂ ਸਿਰਾਂ ਦੀ।
ਦੋਹਰਾ
ਕਲਗੀਧਰ ਨੇ ਕ੍ਰੋਧ ਕੇ ਕਹੀ ਸ੍ਰੀ ਮੁਖ ਬਾਤ। ਕਸਮ ਸੁਗੰਦਾਂ ਖਾਇ ਕਰ ਕੀਤਾ ਸਭ ਦਾ ਘਾਤ। ਓਹੋ ਕਸਮ ਸੁਗੰਦ ਹੈ ਉਈ ਪਗ਼ੰਬਰ ਦੇਵ। ਖਾਣੇ ਵਾਲੇ ਉਹੋ ਹਨ, ਹੈ ਕੀ ਇਸ ਵਿਚ ਭੇਵ ?
ਬੈਂਤ
ਝੂਠੇ ਪਾਮਰਾਂ ਪਾਪੀਆਂ ਕੋਹੀਆਂ ਤੇ ਬਾਦਸ਼ਾਹ ਪਰ ਨਹੀਂ ਯਕੀਨ ਮੈਨੂੰ। ਦਗ਼ੇ ਬਾਜ਼ ਫ਼ਰੇਬੀਆਂ ਬੰਚਕਾਂ ਦਾ ਝੂਠਾ ਦਿੱਸਦਾ ਧਰਮ ਤੇ ਦੀਨ ਮੈਨੂੰ। ਔਰੰਗਜ਼ੇਬ ਦੀ ਮੱਤ ਵਿਚ ਫ਼ਰਕ ਆਯਾ ਜੇਹੜਾ ਸਮਝਦਾ ਪਿਆ ਅਧੀਨ ਮੈਨੂੰ। ਜਾਲ ਸਾਜ਼ੀਆਂ ਦੇ ਮਿੱਠੇ ਲਫ਼ਜ਼ ਲਿਖ ਕੇ ਕਰਨਾ ਚਾਹੁੰਦਾ ਆਪ ਵਿਚ ਲੀਨ ਮੈਨੂੰ। ਪਰਖੇ ਹੋਏ ਨੂੰ ਪਰਖਣਾ ਫੇਰ ਕੀ ਹੈ ? ਪਰਖੋ ਫੇਰ ਕਹਿੰਦਾ ਮੱਤ ਹੀਨ ਮੈਨੂੰ। ਚਾਹੇ ਨਾਗ ਪਟਾਰੀ ਦੇ ਵਿਚ ਪਾਇਆ ਦਗ਼ੇ ਰੂਪ ਬਜਾਇਕੇ ਬੀਨ ਮੈਨੂੰ। ਸਬਜ਼ ਬਾਗ਼ ਹਨ ਅਦਬ ਅਦਾਬ ਸਾਰੇ ਦਿਲੋਂ ਸਮਝਦਾ ਹੈ ਕਮਤਰੀਨ ਮੈਨੂੰ। ਤਰ੍ਹਾਂ ਤਰ੍ਹਾਂ ਦੇ ਗਾਰੜੂ ਭੇਜਦਾ ਹੈ ਮਨੋਂ ਸਮਝ ਮਾਰਿ ਆਸਤੀਨ ਮੈਨੂੰ। ਕਾਮਣ ਪਾਇਕੇ ਠੱਗਿਆ ਚਾਹੁੰਦਾ ਹੈ ਰਾਜ ਨੀਤ ਵਿਚ ਜਾਣ ਪ੍ਰਬੀਨ ਮੈਨੂੰ। ਬੱਸ ‘ਕੇਸਰੀ’ ਕਰੇ ਜੋ ਚਿੱਤ ਚਾਹੇ ਕਾਹਨੂੰ ਛੇੜਦਾ ਮੱਤ ਮਲੀਨ ਮੈਨੂੰ।
ਦੋਹਰਾ
ਸਤਿਗੁਰ ਠੋਕ ਬਜਾਇਕੇ ਕੀਤੀ ਕੋਰੀ ਨਾਹ। ਫੇਰ ਵਕੀਲਾਂ ਅਹਿਦੀਆਂ ਪਕੜੀ ਮਾਤ ਪਨਾਹ।
ਅਹਿਦੀਆਂ ਤੇ ਵਕੀਲਾਂ ਦਾ ਮਾਤਾ ਜੀ ਪਾਸ ਆਉਣਾ
ਬੈਂਤ
ਭੁੱਖੇ ਤੰਗ ਤੇ ਦੁਖੀ ਜੋ ਸਿੰਘ ਸੀਗੇ, ਲੈ ਕੇ ਉਨ੍ਹਾਂ ਨੂੰ ਮਾਤਾ ਜੀ ਪਾਸ ਆਏ। ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਅਰਜ਼ ਵਾਸਤੇ ਸਾਰਿਆਂ ਖ਼ਾਸ ਪਾਏ। ਕਿਲ੍ਹਾ ਛੱਡੋ ਜੇ ਮਾਤਾ ਜੀ ਇਕ ਵਾਰੀ, ਕੰਮ ਸਮਝ ਲੌ ਤੁਸਾਂ ਤੇ ਰਾਸ ਆਏ। ਜ਼ਿੱਦ ਫੜੀ ਦਸਮੇਸ਼ ਜੀ ਨਹੀਂ ਮੰਨਦੇ, ਅਸੀਂ ਹਰ ਤਰ੍ਹਾਂ ਹੋਇ ਨਿਰਾਸ ਆਏ। ਕਾਰਜ ਬਣੂਗਾ ਮਾਤਾ ਜੀ ਕੋਲ ਜਾ ਕੇ, ਰੱਖ ਚਿੱਤ ਦੇ ਵਿਚ ਭਰਵਾਸ ਆਏ। ਔਰੰਗਜ਼ੇਬ ਨੇ ਲਿਖੀ ਹੈ ਆਪ ਚਿੱਠੀ, ਭੇਜੇ ਓਸ ਦੇ ਹੀ ਅਸੀਂ ਦਾਸ ਆਏ। ਝਗੜੇ ਚਿਰਾਂ ਦੇ ਮਾਤਾ ਜੀ ਮੁਕ ਜਾਸਨ, ਕਰਕੇ ਰੱਬ ਦੇ ਪਾਸ ਅਰਦਾਸ ਆਏ। ਡਾਢੇ ਦੁੱਖਾਂ ਦਾ ਥਾਉਂ ਅਨੰਦ ਪੁਰ ਹੈ, ਇਸ ਨੂੰ ਛੱਡਿਆਂ ਸੁਖ ਦਾ ਸਾਸ ਆਏ।
ਸਾਰਿਆਂ ਨੇ ‘ਕੱਠੇ ਹੋ ਕੇ ਸ੍ਰੀ ਗੁਰੂ ਜੀ ਦੀ ਸੇਵਾ ਵਿਚ ਬੇਨਤੀ ਕਰਨੀ
ਰਲ ਕੇ ਸਿੰਘ ਤੇ ਮਾਤਾ ਵਕੀਲ ਆਦਿਕ, ‘ਕੱਠੇ ਹੋਇ ਫਿਰ ਬੇਨਤੀ ਕਰਨ ਲੱਗੇ।
ਹੱਥ ਜੋੜ ਤੇ ਗਲੇ ਪਾ ਪੱਲਾ, ਸਜਦੇ ਕਰਨ ਤੇ ਸਤਿਗੁਰੂ ਚਰਨ ਲੱਗੇ।
ਮੰਨੋ ਬੇਨਤੀ ਛੱਡੋ ਅਨੰਦ ਪੁਰ ਨੂੰ, ਹਾਲਤ ਵੇਖ ਕੇ ਅਸੀਂ ਹਾਂ ਡਰਨ ਲੱਗੇ।
ਖ਼ਾਹਮਖ਼ਾਹ ਵਿਚ ਹੁੰਦਾ ਨੁਕਸਾਨ ਭਾਰੀ, ਆਪੋ ਵਿਚ ਲੜ ਕੇ ਅਸੀਂ ਮਰਨ ਲੱਗੇ।
ਭੁੱਖੇ ਬੈਠੇ ਚਿਰੋਕਣੇ ਕਿਲ੍ਹੇ ਅੰਦਰ, ਐਸੇ ਦੁਖ ਕਿਉਂ ਗੁਰੂ ਜੀ ਭਰਨ ਲੱਗੇ।
ਖ਼ਰਚ ਲੱਖਾਂ ਰੁਪਿਆਂ ਦਾ ਹੋ ਰਿਹਾ ਹੈ, ਸਾਜ਼ ਬਾਜ਼ ਸਮਾਨ ਸਭ ਹਰਨ ਲੱਗੇ।
ਸਾਰੀ ਜ਼ਿੰਦਗੀ ਮੁੱਕਣਾ ਜੰਗ ਨਾ ਜੋ, ਨੀਂਹ ਓਸਦੀ ਕਾਸਨੂੰ ਧਰਨ ਲੱਗੇ।
ਖੇਲ ਖ਼ਤਮ ਦਸਮੇਸ਼ ਜੀ ਕਰੋ ਹੁਣ ਤਾਂ, ਪਾਲੋ ਬਿਰਦ ਹੁਣ ਦਾਸ ਆ ਸ਼ਰਨ ਲੱਗੇ।
ਰਹਿਮ ਸਿੰਘਾਂ ਪਰ ਕਰੋ ਜੋ ਮਰਨ ਭੁੱਖੇ, ਹੱਡ ਚੰਮ ਸਿਪਾਹੀਆਂ ਖਰਨ ਲੱਗੇ।
ਮੰਨੋ ‘ਕੇਸਰੀ’ ਸ਼ਾਹ ਸੁਗੰਦ ਖਾਧੀ, ਰਾਜੇ ਦੇਉਤਿਆਂ ਨੂੰ ਜ਼ਾਮਨ ਧਰਨ ਲੱਗੇ।
ਸ੍ਰੀ ਗੁਰੂ ਦਸਮੇਸ਼ ਜੀ ਔਰੰਗਜ਼ੇਬ ਦੇ ਫ਼ਿਤਰਤੀ ਅਤੇ ਤਅੱਸਬੀ ਸੁਭਾਵ ਪਰ ਰੋਸ਼ਨੀ ਪਾਂਦੇ ਹਨ
ਔਰੰਗਜ਼ੇਬ ਦੇ ਫੰਦ ਫ਼ਰੇਬ ਸਾਰੇ, ਅਸੀਂ ਜਾਣਦੇ ਕਸਮ ਕੁਰਾਨ ਉਸਦੀ। ਉੱਤੋਂ ਹੋਰ ਅੰਦਰੋਂ ਹੋਰ ਪਾਪੀ, ਸਾਬਤ ਹੋਈ ਨਾ ਕਦੇ ਜ਼ਬਾਨ ਉਸਦੀ। ਉਸਦਾ ਦੀਨ ਤੇ ਧਰਮ ਨਾ ਕਰਮ ਕੋਈ, ਦੌਲਤ ਇਕ ਹੈ ਧਰਮ ਈਮਾਨ ਉਸਦੀ। ਬੰਦੀ ਖ਼ਾਨਿਆਂ ਵਿਚ ਜੋ ਬੰਦ ਬੈਠਾ, ਦੇਂਦਾ ਦਾਦ ਹੈ ਸ਼ਾਹ ਜਹਾਨ ਉਸਦੀ। ਜਿਸ ਨੇ ਬਾਪ ਨੂੰ ਪਕੜ ਕੇ ਕੈਦ ਕੀਤਾ, ਕੀਕੂੰ ਹੋਵੇਗੀ ਅੰਤ ਕਲਯਾਨ ਉਸਦੀ। ਗਿਆਨੀ ਦਾਰਾ ਸ਼ਕੋਹ ਨੂੰ ਮਾਰਿਆ ਹੈ, ਭਾਈਆਂ ਨਾਲ ਰਹਿੰਦੀ ਖਿੱਚੋਤਾਨ ਉਸਦੀ। ਦਿੱਤੇ ਰੱਯਤ ਨੂੰ ਸੁਖ ਆਰਾਮ ਇਤਨੇ, ਸਿਫ਼ਤ ਕਰ ਰਿਹਾ ਹਿੰਦੁਸਤਾਨ ਉਸਦੀ। ਗਾਰਤ ਗਰੀ ਤੇ ਕਤਲ ਕਤਲਾਮ ਉੱਤੇ, ਤਰ੍ਹਾ ਨਿਤ ਰਹਿੰਦੀ ਪਰੇਸ਼ਾਨ ਉਸਦੀ। ਐਸੇ ਲੱਚਰ ਮੱਕਾਰ ਤੇ ਕੁਟਿਲ ਉੱਤੇ, ਨਿਸਚਾ ਕਰੇ ਜੋ ਭੁੱਲ ਮਹਾਨ ਉਸਦੀ। ਲਾਵੇ ਜ਼ੋਰ ਜੋ ਲੱਗਦਾ ਹਈ ਉਸ ਤੋਂ, ਅਸੀਂ ਵੇਖਾਂਗੇ ਆਨ ਤੇ ਕਾਨ ਉਸਦੀ। ਜ਼ੋਰ ਜਬਰ ਤੇ ਸਿਤਮ ਹਟਾ ਕਰਕੇ, ਢਿੱਲੀ ਕਰਾਂਗੇ ਚੜ੍ਹੀ ਕਮਾਨ ਉਸਦੀ। ਹੀਲੇ ਹੁੱਜਤਾਂ ਜਦੋਂ ਹੋ ਖ਼ਤਮ ਜਾਸਨ, ਫੇਰ ਕਰਾਂਗੇ ਕਸਮ ਪਰਵਾਨ ਉਸਦੀ। ਜੇਹੜੀ ਕੱਟਦੀ ਗਲੇ ਗ਼ਰੀਬ ਪਰਜਾ, ਅਸੀਂ ਕਰਾਂਗੇ ਤੇਗ਼ ਮਿਆਨ ਉਸਦੀ। ਕੋਹੀ ਰਾਜਿਆਂ ਨੇ ਕੁਫ਼ਰ ਸਿੱਖ ਲੀਤਾ, ਮਦਦ ਲੱਗੇ ਹਨ ਕਰਨ ਨਦਾਨ ਉਸਦੀ। ਭਾਂਡਾ ਭੰਨਾਂਗਾ ਉਸਦੀਆਂ ਸਾਜ਼ਸ਼ਾਂ ਦਾ, ਖ਼ਬਰ ਲਵਾਂਗਾ ਜੰਗ ਮਦਾਨ ਉਸਦੀ। ਕਰੇ ਟਾਕਰਾ ਸਾਹਮਣੇ ਆਨ ਮੇਰੇ, ਪ੍ਰਗਟ ਹੋਵੇ ਬਹਾਦਰੀ ਸ਼ਾਨ ਉਸਦੀ। ਧਾਵਾ ਕਰੇ ਤੇ ਆਣ ਕੇ ਫੜੇ ਮੈਨੂੰ, ਪਿੱਛੇ ਬੈਠੀ ਕਿਉਂ ਫ਼ੌਜ ਬਲਵਾਨ ਉਸਦੀ। ਦਿੱਲੀ ਦੂਰ ਹਨੂਜ਼ ਹੈ ਕਹਿਣ ਸਿਆਣੇ, ਹੁਣੇ ਲੱਗੀ ਤਬੀਤ ਘਬਰਾਨ ਉਸਦੀ। ਬਾਗ਼ੀ ਸਮਝਦਾ ਚਿੱਠੀਆਂ ਫੇਰ ਲਿਖਦਾ, ਕਿਥੇ ਗਈ ਹੈ ਅਣਖ ਤੇ ਸ਼ਾਨ ਉਸਦੀ। ਹਿੰਦੂ ਧਰਮ ਨੂੰ ਜੜ੍ਹਾਂ ਤੋਂ ਪੁੱਟਦਾ ਹੈ, ਬੰਦ ਕਰਾਂ ਮੈਂ ਗਰਮ ਦੁਕਾਨ ਉਸਦੀ। ਚਾਲ ਮੀਸਣੀ ਚੱਲ ਕੇ ਦਏ ਧੋਖਾ, ਚਲੀ ਆਈ ਹੈ ਮੁੱਢ ਤੋਂ ਬਾਨ ਉਸਦੀ। ਐਸੇ ਢਾਹੁੰਦਾ ਜ਼ੁਲਮ ਜਹਾਨ ਉੱਤੇ, ਕਰ ਨਾ ਸਕਦਾ ਰੀਸ ਸ਼ੈਤਾਨ ਉਸਦੀ। ਤੰਗ ਹੋ ਰਿਹਾ ਸਾਰਾ ਸੰਸਾਰ ਉਸ ਤੋਂ, ਨਿੰਦਾ ਹੋ ਰਹੀ ਵਿਚ ਜਹਾਨ ਉਸਦੀ। ਬੂ ਥੂ ਹੋਵੇ ਤੇ ਗਿਆ ਸ਼ਟਿਆ ਹੈ, ਉੱਭਰ ਗਈ ਹੈ ਅੰਞ ਸਤਿਹਾਨ ਉਸਦੀ। ਜੇਹੜੇ ਪਾਪ ਤੇ ਜ਼ੁਲਮ ਅਨਯਾਏ ਕਰਦਾ, ਡੰਡ ਸਹੂਗੀ ਆਖ਼ਰਾਂ ਜਾਨ ਉਸਦੀ।
ਪਿਆਲਾ ਜ਼ੁਲਮ ਦਾ ਭਰਨ ਵਿਚ ਕਸਰ ਬਾਕੀ, ਭਰ ਕੇ ਹੋਊਗੀ ਹਾਰ ਨਿਦਾਨ ਉਸਦੀ। ਡੂੰਘੇ ਘਾਤ ਅਫ਼ਾਤ ਉਹ ਹਿੰਦ ਸਿਰ ‘ਤੇ, ਅਸਲ ਸਾਨੂੰ ਹੈ ਪਰਖ ਪਹਿਚਾਨ ਉਸਦੀ। ਕਾਲੀ ਕਲਮ ਆਹ ! ਜਾਊਗੀ ਟੁੱਟ ਆਖ਼ਰ, ਜਾਰੀ ਕਰਦੀ ਜੋ ਨਵੇਂ ਫ਼ੁਰਮਾਨ ਉਸਦੀ। ਜੇਹੜੇ ਕਰਮ ਬਿਕਰਮ ਅਧਰਮ ਕਰਦਾ, ਅੰਤ ਮਾਰ ਕੇ ਕਰਨ ਖਲਿਹਾਨ ਉਸਦੀ। ਬੱਸ ‘ਕੇਸਰੀ’ ਕਹਿ ਦਿਓ ਸਾਫ਼ ਜਾ ਕੇ, ਸਾਡੇ ਨਾਲ ਨਾ ਮੇਲ ਮਿਲਾਨ ਉਸਦੀ।
ਦੋਹਰਾ
ਫੋਟੋ ਔਰੰਗਜ਼ੇਬ ਦੇ ਖਿੱਚਯਾ ਗੁਰ ਕ੍ਰਿਪਾਲ। ਹਸਦ ਕਪਟ ਅਰ ਨੀਤਿ ਦੇ ਪ੍ਰਗਟ ਕਰੇ ਸਭ ਹਾਲ॥ ਫੇਰ ਸਾਫ਼ ਇਨਕਾਰ ਕਰ ਮੋੜੇ ਸਰਬ ਵਕੀਲ। ਕਰੇ ਨਿਰੁੱਤ ਹਰ ਤਰਾਂ ਦੇ ਕੇ ਅਨਕ ਦਲੀਲ ॥
ਡੇਰੇ ਜਾ ਕੇ ਸਾਰਿਆਂ ਨੇ ਫਿਰ ਸਲਾਹ ਮਸ਼ਵਰਾ ਕਰਨਾ
ਡੇਰੇ ਜਾਇ ਕੇ ਸਾਰਿਆਂ ਮਤਾ ਕੀਤਾ, ਕੰਮ ਬਣੂਗਾ ਸੋਚ ਵਿਚਾਰ ਕਰਕੇ। ਮਿੰਨਤ ਮਾਤਾ ਦੀ ਕਰੋ ਮਨਾਓ ਜਾ ਕੇ, ਕਿਲ੍ਹਾ ਮਾਤਾ ਛੁਡਾਊ ਲਾਚਾਰ ਕਰਕੇ। ਸਾਹਿਬ ਜ਼ਾਦੇ ਤੇ ਮਾਤਾ ਸਮੇਤ ਸਿੰਘਾਂ, ਜੇਕਰ ਜਾਣਗੇ ਆਪ ਪਧਾਰ ਕਰਕੇ। ਮਹਿਲ ਜਾਣ ’ਤੇ ਕਿਲ੍ਹਾ ਹੋ ਜਾਇ ਖ਼ਾਲੀ, ਨਿਕਲ ਜਾਣਗੇ ਗੁਰੂ ਪਰਵਾਰ ਕਰਕੇ। ਕੱਲੇ ਰਹਿਣਗੇ ਕਿਸ ਤਰ੍ਹਾਂ ਕਿਲ੍ਹੇ ਅੰਦਰ, ਕੱਢੋ ਇਸ ਤਰ੍ਹਾਂ ਖ਼ੂਬ ਖ਼ੁਆਰ ਕਰਕੇ। ਨੀਤਿ ਭੇਦ ਬਗ਼ੈਰ ਨਾ ਜਿੱਤ ਹੋਸਣ, ਜੇਕਰ ਜਿੱਤਣਾ ਚਾਹੀਏ ਮਾਰ ਕਰਕੇ। ਦਿਲੋਂ ਆਸ ਜ਼ਰੂਰ ਇਹ ਕੱਢ ਛੱਡੋ, ਜਾਵੇ ਗੁਰੂ ਨਾ ਕਦੇ ਵੀ ਹਾਰ ਕਰਕੇ। ਅਸੀਂ ਬਹਿਸ ਮੁਬਾਸਿਆਂ ਵਿਚ ਹਾਰੇ, ਸਾਰੇ ਮੋੜ ਦਿੱਤੇ ਸ਼ਰਮਸਾਰ ਕਰਕੇ। ਕੰਮ ਨਿੱਕਲੂ ਨਾਲ ਬਹਾਨਿਆਂ ਦੇ, ਪੱਲੇ ਪਏ ਨਾ ਕੁਝ ਵੰਗਾਰ ਕਰਕੇ। ਸਗੋਂ ਪੈਣਗੇ ਲੈਣ ਦੇ ਥਾਉਂ ਦੇਣੇ, ਸੁੱਕੇ ਰਹਾਂਗੇ ਕਦੇ ਨਾ ਵਾਰ ਕਰਕੇ। ਜੇਕਰ ਜ਼ਰਾ ਵੀ ਛੇੜ ਛਪਾੜ ਕਰੀਏ, ਸ਼ੇਰ ਖ਼ਾਲਸੇ ਪੈਣ ਲਲਕਾਰ ਕਰਕੇ। ਮਿੱਟੀ ਮਿਲ ਗਏ ਲਸ਼ਕਰ ਜੱਰਾਰ ਸਾਡੇ, ਸਿੰਘ ਪਏ ਕਰਤਾਰ ਕਰਤਾਰ ਕਰਕੇ। ਇਕ ਵਾਰ ਜੇ ਕਿਲ੍ਹੇ ਨੂੰ ਕਰਨ ਖ਼ਾਲੀ, ਹੱਥ ਲਾਵੀਏ ਫੇਰ ਸੁਆਰ ਕਰਕੇ। ਨੀਤੀ ਵਿਚ ਨਾ ਧਰਮ ਦੀ ਸ਼ਰਮ ਕੋਈ, ਮੁਨਕਿਰ ਹੋਵੀਏ ਫੇਰ ਇਕਰਾਰ ਕਰਕੇ।
ਕਸਮਾਂ ਖਾਵੀਏ ਪਾਵੀਏ ਲੱਖ ਕਾਮਣ, ਵੈਰੀ ਆਂਵਦਾ ਵੱਸ ਇਤਬਾਰ ਕਰਕੇ।
ਵੈਰੀ ਆਪ ਤੋਂ ਹੋਇ ਬਲਕਾਰ ਜੇਹੜਾ, ਉਸਨੂੰ ਮਾਰੀਏ ਅੱਤ ਪਿਆਰ ਕਰਕੇ।
ਸ਼ਾਮ ਦਾਮ ਅਰ ਡੰਡ ਦੇ ਭੇਦ ਜਾਣੋ, ਅੰਗ ਨੀਤੀ ਦੇ ਲਿਖੇ ਹਨ ਚਾਰ ਕਰਕੇ।
ਕੌਡੀ ਮੁੱਲ ਨਾ ਲੱਖ ਕਰੋੜ ਦਾ ਹੈ, ਲੋਭ ਸਿੱਟਿਆ ਦੂਰ ਪਰਹਾਰ ਕਰਕੇ।
ਭੇਦ ਵਰਤਿਆ ਮਾਤਾ ਅਰ ਸਿੰਘ ਪਾੜੇ, ਭੇਦ ਪੈ ਗਿਆ ਵਿਚ ਤਕਰਾਰ ਕਰਕੇ।
ਬਾਕੀ ਰਹਿ ਗਿਆ ਵਰਤਣਾ ਸ਼ਾਮ ਇੱਕੋ, ਜਿੱਤ ਮਿਲੇਗੀ ਏਸ ਹਥਯਾਰ ਕਰਕੇ।
ਫ਼ੌਜਾਂ ਚਾੜ੍ਹ ਕੇ ਦੰਡ ਸਭ ਦੇ ਚੁੱਕੇ, ਜਿੱਤ ਹੋਈ ਨਾ ਤੋਪ ਤਲਵਾਰ ਕਰਕੇ। ਦਾਮ ਛਾਮ ਦਾ ਨਾਮ ਨਾ ਲਏ ਕੋਈ, ਕਰੇ ਪੇਸ਼ ਜੇ ਲੱਖ ਹਜ਼ਾਰ ਕਰਕੇ। ਇਸਨੂੰ ਗੁਪਤ ਤਰੀਕਿਆਂ ਨਾਲ ਵਰਤੋ, ਕੱਢੋ ਮੁਸ਼ਕ ਨਾ ਜ਼ਰਾ ਇਜ਼ਹਾਰ ਕਰਕੇ। ਓਟ ਕਿਲ੍ਹੇ ਦੀ ਛੱਡ ਜਦ ਜਾਇ ਬਾਹਰ, ਮਾਰੋ ਵਿਚ ਉਜਾੜ ਨਾਦਾਰ ਕਰਕੇ। ਕਸਮ ਹਿੰਦੂਆਂ ਵੱਲ ਤੋਂ ਅੰਞ ਖਾਓ, ਗਊ ਆਟੇ ਦੀ ਇਕ ਤਿਆਰ ਕਰਕੇ। ਚਿੱਠੀ ਸ਼ਾਹ, ਸੁਗੰਧ ਪੈਗ਼ੰਬਰਾਂ ਦੀ, ਅੱਲ੍ਹਾ ਪਾਕ ਦੀ ਜ਼ਾਮਨੀ ਡਾਰ ਕਰਕੇ। ਸੱਯਦ ਪਾਰਸਾ ਲਵੇ ਕੁਰਾਨ ਸਿਰ ‘ਤੇ, ਬਾਦਸ਼ਾਹ ਵਲੋਂ ਜ਼ਿੰਮੇਵਾਰ ਕਰਕੇ। ਚਲੋ ਇਸ ਤਰ੍ਹਾਂ ਚੱਲੀਏ ਬੰਨ੍ਹ ਤੁੱਮਣ, ਹੀਲੇ ਹੁੱਜਤਾਂ ਕੁਲ ਇਖ਼ਤਿਆਰ ਕਰਕੇ। ਹੋਵੇ ਕਿਸ ਤਰ੍ਹਾਂ ਫੇਰ ਨਾ ਕਾਮਯਾਬੀ, ਨਬੀ ਪਾਕ ਨੂੰ ਚਿੱਤ ਵਿਚ ਧਾਰ ਕਰਕੇ। ਅੱਜ ਮੋਰਚਾ ਜਿੱਤ ਕੇ ਆਵਣਾ ਹੈ, ਅਤੇ ਸਤਿਗੁਰੂ ਨੂੰ ਵਫ਼ਾਦਾਰ ਕਰਕੇ। ਸੱਪ ਵੈਰੀ ਦੀ ਛਾਤੀ ਵਿਚ ਮਾਰ ਦੇਵੋ, ਮਰੇ ਸੱਪ ਆਵੇ ਦੁਸ਼ਮਨ ਛਾਰ ਕਰਕੇ। ਸਾਡੀ ਗੱਲ ਪਰ ਹੋਵੇ ਯਕੀਨ ਜਿਕੁਰ ਅੱਗੋਂ ਪਵੇ ਨਾ ਗੁਰੂ ਭਬਕਾਰ ਕਰਕੇ। ਮਿੱਠੀ ਛੁਰੀ ਚਲਾਓ ਜੋ ਬੇਮਲੂੰਮੀ, ਆਵੇ ਇਕ ਹੱਲੇ ਬੇੜਾ ਪਾਰ ਕਰਕੇ। ਰਜ਼ਾ ਮੰਦ ਦਸਮੇਸ਼ ਨੂੰ ਕਰੋ ਯਾਰੋ, ਭਾਵੇਂ ਕਿਸ ਤਰ੍ਹਾਂ ਖੰਭ ਖਿਲਾਰ ਕਰਕੇ। ਗੁੰਦ ਲਏ ਹਨ ਢੇਰ ਮਨਸੂਬਿਆਂ ਦੇ, ਗੁਪਤ ਢੰਗ ਪਰ ਬੈਠ ਦਰਬਾਰ ਕਰਕੇ। ਬੱਸ ‘ਕੇਸਰੀ’ ਚੱਲੇ ਅਨੰਦ ਪੁਰ ਨੂੰ, ਭਰੀ ਕਪਟ ਦੀ ਹਿਫ਼ਜ਼ ਗੁਫ਼ਤਾਰ ਕਰਕੇ।
ਅਹਿਦੀਆਂ ਅਤੇ ਵਕੀਲਾਂ ਦਾ ਦੂਜੀ ਵਾਰ ਫੇਰ ਡਾਢੇ ਪਰਪੰਚ ਨਾਲ ਸਤਿਗੁਰ ਜੀ ਦੇ ਹਜ਼ੂਰ ਆਉਣਾ
ਆਏ ਅਹਿਦੀਏ ਪੰਮਾ ਵਕੀਲ ਸੱਯਦ, ਮਾਤਾ ਸਣੇ ਕਹਿੰਦੇ ਹੱਥ ਜੋੜ ਗੁਰ ਜੀ। ਸਾਡੀ ਗੱਲ ਰਹਿ ਜਾਇਗੀ ਸਾਰਿਆਂ ਦੀ, ਕਿਲ੍ਹੇ ਵਿਲੇ ਦੀ ਅਸਾਂ ਨਾ ਲੋੜ ਗੁਰ ਜੀ। ਇਕ ਕਸਮ ਪਰ ਨਹੀਂ ਯਕੀਨ ਜੇਕਰ, ਅਸੀਂ ਖਾਂਦੇ ਹਾਂ ਲੱਖ ਕਰੋੜ ਗੁਰ ਜੀ। ਗਊ ਆਟੇ ਦੀ ਪੰਮੇ ਦੇ ਪਾਸ ਦੇਖੋ, ਇਸਦੀ ਆਣ ਹੈ ਹਿੰਦੂਆਂ ਓੜ ਗੁਰ ਜੀ। ਸੱਯਦ ਕਸਮ ਕੁਰਾਨ ਨੂੰ ਚੁੱਕ ਖਾਵੇ, ਮੋਮਨ ਸਾਰੇ ਪੁਗਾਉਣਗੇ ਤੋੜ ਗੁਰ ਜੀ। ਦੀਨ ਧਰਮ ਦੀ ਜ਼ਾਮਨੀ ਪੇਸ਼ ਕਰਦੇ, ਅਰਜ਼ ਨਹੀਂ ਗ਼ੁਲਾਮਾਂ ਦੀ ਮੋੜ ਗੁਰ ਜੀ। ਮਾਤਾ, ਸਣੇ ਉਤਾਵਲੇ ਸਿੰਘ ਹੋਏ, ਆਖਣ ਹੁਣੇ ਹੀ ਕਿਲ੍ਹੇ ਨੂੰ ਛੋੜ ਗੁਰ ਜੀ। ਇਕ ਮਿੰਟ ਨਾ ਅਸਾਂ ਗੁਜ਼ਾਰਨਾ ਹੈ, ਭਾਵੇਂ ਕਿਸ ਤਰ੍ਹਾਂ ਹਟਕ ਤੇ ਹੋੜ ਗੁਰ ਜੀ।
ਰਾਣੀ ਜ਼ਿੱਦ ਪਰ ਅੜੇ ਰਹਿਣਾ, ਅਸੀਂ ਜਾਂਦੇ ਹਾਂ ਤੋੜ ਵਿਛੋੜ ਗੁਰ ਜੀ। ਇ ੫ . ਗੁਜ਼ਾਰਨਾ ਜੁੱਗ ਹੋਯਾ, ਸਾਡੀ ਰਾਏ ਦਾ ਇਹੋ ਨਿਚੋੜ ਗੁਰ ਜੀ। ਨੀ ਘੋੜੇ ਪਰ ਹੋਹੁ ਸਵਾਰ ਛੇਤੀ, ਕਲਾ ਪੰਥ ਦੀ ਆਪ ਮਰੋੜ ਗੁਰ ਜੀ। ਬੱਸ ‘ਕੇਸਰੀ’ ਮਾਤਾ ਦੇ ਲੱਗ ਆਖੇ, ਦੂਲਾ ਪੰਥ ਦਰਯਾ ਵਿਚ ਰੋੜ ਗੁਰ ਜੀ।
ਸ੍ਰੀ ਗੁਰੂ ਜੀ ਨੇ ਮਾਤਾ ਜੀ ਅਤੇ ਖ਼ਾਲਸੇ ਨੂੰ ਭਵਿੱਖਤ ਵਿਚ ਹੋਣ ਵਾਲੇ ਸਾਰੇ ਦਗੇ ਫ਼ਰੇਬ ਤੇ ਕਸ਼ਟਾਂ ਦੀ ਸੂਚਨਾ ਕਰ ਦੇਣੀ ਅਤੇ ਆਪ ਬੇਦੋਸ਼ ਹੋ ਜਾਣਾ
ਚਲੋ ਮਾਤਾ ਜੀ, ਖ਼ਾਲਸਾ ਜੀ ਕੂਚ ਬੋਲੋ ਪਰ ਮੈਂ ਨਹੀਂ ਹੁਣ ਤੋਂ ਜ਼ਿੰਮੇਵਾਰ ਸਿੰਘੋ। ਫ਼ੌਜ ਕਿਲ੍ਹੇ ਵਿਚ ਰਹੀ ਮਹਿਫ਼ੂਜ਼ ਹੁਣ ਤਕ ਰਾਖਾ ਰਿਹਾ ਹਮੇਸ਼ ਕਰਤਾਰ ਸਿੰਘੋ। ਅੱਜ ਆਪ ਮੁਹਾਰੀਆਂ ਜਾਣ ਫ਼ੌਜਾਂ ਉੱਠ ਤੁਰ ਪਏ ਬੇ-ਮੁਹਾਰ ਸਿੰਘੋ। ਰਾਤਾਂ ਘੁੱਪ ਹਨੇਰੀਆਂ ਹੈਨ ਸਿਰ ‘ਤੇ ਕੱਕਰ ਵੱਸਦਾ ਠੰਢੜਾ ਠਾਰ ਸਿੰਘੋ। ਦਲ ਦੁਸ਼ਮਨਾਂ ਦੇ ਘੇਰੇ ਘੱਤ ਬੈਠੇ ਹੋਰ ਆਵੰਦੀ ਫ਼ੌਜ ਜੱਰਾਰ ਸਿੰਘੋ। ਦੁਸ਼ਮਨ ਹੋ ਰਹੇ ਧਰਤ ਅਸਮਾਨ ਦੋਵੇਂ ਰੁੱਖ ਬਿਰਛ ਕਰਦੇ ਮਾਰੋ ਮਾਰ ਸਿੰਘੋ। ਧੋਖੇ ਦੇਣ ਪਹਾੜੀਏ ਤੁਰਕ ਗੰਦੇ ਧੋਖੇ ਬਾਜ਼ੀਆਂ ਵਿਚ ਹੁਸ਼ਯਾਰ ਸਿੰਘੋ। ਗਿਆ ਖ਼ਾਲਸਾ ਲਿੱਖ ਬਿਦਾਵਿਆਂ ਨੂੰ ਪਿੱਛੇ ਰਿਹਾ ਕੀ ਕਰੋ ਸ਼ੁਮਾਰ ਸਿੰਘੋ। ਜਾਣ ਬੁੱਝ ਮੁਸੀਬਤਾਂ ਵਿਚ ਪੈਂਦੇ ਮੱਤ ਹੋ ਗਈ ਹੈ ਤੁਸਾਂ ਦੀ ਮਾਰ ਸਿੰਘੋ। ਟਿੱਡੀ ਦਲਾਂ ਦੇ ਨਾਲ ਮੁਕਾਬਲਾ ਹੈ ਤੱਕੋ ਆਪਣਾ ਕੱਦ ਨੁਹਾਰ ਸਿੰਘੋ। ਮੇਰੀ ਆਸ ਹੈ ਤੁਸਾਂ ਨੇ ਲਾਹਿ ਦਿੱਤੀ ਰੱਖੋ ਆਪਣੇ ਉੱਤੇ ਮਦਾਰ ਸਿੰਘੋ। ਬੇਈਮਾਨਾਂ ਦੀ ਕਸਮ ਸੁਗੰਦ ਉੱਤੇ ਕਰ ਬੈਠੇ ਹੋ ਹਾਇ! ਇਤਬਾਰ ਸਿੰਘੋ। ਨਿਗਲ ਜਾਣਾ ਹੈ ਧਰਮ ਈਮਾਨ ਏਨ੍ਹਾਂ ਦੇਣੇ ਕੌਲ ਕਰਾਰ ਵਿਸਾਰ ਸਿੰਘੋ। ਦੋਸ਼ ਦਿਓ ਨਾ ਭੁੱਲ ਕੇ ਕਦੇ ਮੈਨੂੰ ਕੀਤੇ ਵਕਤ ਪਰ ਤੁਸੀਂ ਬੇਦਾਰ ਸਿੰਘੋ। ਭੀੜ ਪਈ ਪਰ ਫੇਰ ਪਛਤਾਵਸੋਗੇ ਜਦੋਂ ਹੋਵੋਂਗੇ ਅੰਤ ਲਾਚਾਰ ਸਿੰਘੋ। ਜਾਣ ਬੁੱਝ ਕੇ ਅੱਗ ਵਿਚ ਕੁੱਦ ਪੈਣਾ ਨਹੀਂ ਗੱਲ ਕਦੰਤ ਹੈ ਸਾਰ ਸਿੰਘੋ। ਵੀਹ ਉੱਨੀ ਯਾ ਠਾਰਾਂ ਸਤਾਰਾਂ ਸੋਲ੍ਹਾਂ ਦਿਨ ਪੰਦਰਾਂ ਲਓ ਗੁਜ਼ਾਰ ਸਿੰਘੋ। ਚੌਦਾਂ ਤੇਰਾਂ ਤੇ ਬਾਰਾਂ ਗਿਆਰਾਂ ਦਸ ਵੀ ਬਹੁਤੇ ਨਹੀਂ ਏ ਜੁਗ ਹਜ਼ਾਰ ਸਿੰਘੋ। ਨੌਂ ਅੱਠ ਤੇ ਸੱਤ ਦਿਨ ਇਕ ਹਫ਼ਤਾ ਬੱਸ ਇਹੋ ਕਾਫ਼ੀ ਆਖ਼ਰ ਕਾਰ ਸਿੰਘੋ। ਸਿਦਕ ਹਾਰ ਬੈਠੇ ਤੁਸੀਂ ਖ਼ਾਲਸਾ ਜੀ ਡਾਵਾਂ ਡੋਲ ਹੋ ਗਏ ਬਲਕਾਰ ਸਿੰਘੋ। ਅੱਗੇ ਵੇਖੋ ਕਰਤਾਰ ਹੁਣ ਕੀ ਕਰਦਾ ਉਸ ਦੇ ਰੰਗ ਹੈਂ ਅਪਰ ਅਪਾਰ ਸਿੰਘੋ। ਬੇਈਮਾਨਾਂ ਦੀ ਚੁੱਕ ਦੇ ਵਿਚ ਆਏ ਨਹੀਂ ਸੋਚਦੇ ਸਾਰ ਅਸਾਰ ਸਿੰਘੋ। ਆਹਮੋ ਸਾਹਮਣੇ ਜੰਗ ਦੇ ਵਿਚ ਮਰਨਾ ਆਈ ਮੁੱਢ ਤੋਂ ਸੂਰਿਆਂ ਕਾਰ ਸਿੰਘੋ। ਵਿਚ ਦਗ਼ੇ ਦੇ ਫਸ ਮਰਨਾ ਲੋਕੀ ਕਹਿਣਗੇ ਮੂਢ ਗਵਾਰ ਸਿੰਘੋ। ਜਦੋਂ ਆ ਗਏ ਵਿਚ ਮੁਹਾਸਰੇ ਦੇ ਨਹੀਂ ਚੱਲਣੇ ਫੇਰ ਹਥਿਆਰ ਸਿੰਘੋ। ਦੁਸ਼ਮਨ ਦਲਾਂ ਦੀ ਕਰੋ ਮੁਰਾਦ ਪੂਰੀ ਲੱਗੇ ਆਪਣਾ ਕਰਨ ਸ਼ਿਕਾਰ ਸਿੰਘੋ।
ਮਾਤਾ ਭੇਦ ਲੜਾਈ ਦੇ ਕੀਹ ਜਾਣੇ? ਤੁਸੀਂ ਹੋ ਗਏ ਮਾਤ ਅਨੁਸਾਰ ਸਿੰਘੋ। ਸੱਤ ਮਾਹ ਵਿਚ ਕਿਲ੍ਹੇ ਦੀ ਹੱਦ ਅੰਦਰ ਕੱਟ ਸਕੀ ਨ ਤੋਪ ਤਲਵਾਰ ਸਿੰਘੋ। ਸੂਬੇ ਦਿੱਲੀ ਲਹੌਰ ਦੇ ਥੱਕ ਬੈਠੇ ਲਸ਼ਕਰ ਕੋਹੀਆਂ ਦਾ ਬੈਠਾ ਹਾਰ ਸਿੰਘੋ। ਤੱਤੀ ਵਾਉ ਨਾ ਲੱਗਣੀ ਕਿਸੇ ਪਾਈ ਮਹਾਂ ਕਾਲ ਹੋਇਆ ਪਹਿਰੇਦਾਰ ਸਿੰਘੋ। ਓਸ ਕਿਲ੍ਹੇ ਨੂੰ ਆਪ ਹੁਣ ਛੱਡਦੇ ਹੋ ਆਪਣੇ ਪੈਰ ਕੁਹਾੜੀਆਂ ਮਾਰ ਸਿੰਘੋ। ਕੰਮ ਦੁਸ਼ਮਣਾਂ ਦੇ ਪਏ ਆਪ ਕਰਦੇ ਕੌਣ ਮੇਟ ਸੱਕੇ ਹੋਣ ਹਾਰ ਸਿੰਘੋ। ਕੀਤੀ ਜ਼ਿੱਦ ਕਕੇਈ ਮਤ੍ਰੇਈ ਮਾਤਾ ਰਾਮ ਬਣਾਂ ਨੂੰ ਗਏ ਪਧਾਰ ਸਿੰਘੋ। ਹੋਣੀ ਪਾਂਡੋਆਂ ਤੇ ਪਰਬਲ ਆਣ ਹੋਈ, ਹੋਏ ਜੰਗਲਾਂ ਵਿਚ ਖ਼ੁਆਰ ਸਿੰਘੋ। ਨੌਕਰ ਨੀਚ ਦਾ ਹੋਇਆ ਹਰੀਸ਼ ਚੰਦਰ ਵਿਕਿਆ ਆਪ ਸਮੇਤ ਪਰਵਾਰ ਸਿੰਘੋ। ਰਾਜਾ ਨਲ ਨੇ ਜੂਏ ਦੇ ਵਿਚ ਵੇਖੋ ਰਾਜ ਭਾਗ ਦਿੱਤਾ ਸਭੋ ਹਾਰ ਸਿੰਘੋ। ਬਾਵਨ ਛਲੀ ਨੇ ਠੱਗਿਆ ਬਲ ਰਾਜਾ ਦਿੱਤਾ ਦਾਨ ਸਰਬੰਸ ਘਰ ਬਾਰ ਸਿੰਘੋ। ਫਿਰੇ ਮੱਤ ਜਦ ਸਮਾਂ ਬਿਪ੍ਰੀਤ ਆਵੇ ਨਾਸ਼ ਕਾਲ ਦੇ ਔਣ ਆਸਾਰ ਸਿੰਘੋ। ਹੋਣੀ ਯਾਦਵਾਂ ਕੁਲੀ ਦਾ ਨਾਸ਼ ਕੀਤਾ, ਆਪੋ ਵਿਚ ਲੜ ਕੇ ਹੋਏ ਛਾਰ ਸਿੰਘੋ। ਘਰੋਂ ਚੱਲੇ ਹੋ ਮੌਤ ਖ਼ਰੀਦਣੇ ਨੂੰ ਅਸੀਂ ਬੈਠੇ ਹੁਣ ਛੱਡ ਤਕਰਾਰ ਸਿੰਘੋ। ਚੱਲੋ ਕਰੋ ਮੁਕਾਬਲਾ ਵੈਰੀਆਂ ਦਾ ਮਰਨ ਵਾਸਤੇ ਹੋ ਕੇ ਤਿਆਰ ਸਿੰਘੋ। ਉਸਦਾ ਮੂਲ ਵੀ ਮੂਲ ਨਾ ਰਹੇ ਬਾਕੀ ਜੇਹੜਾ ਘਾਟੇ ਦਾ ਕਰੇ ਵਪਾਰ ਸਿੰਘੋ। ਵਾਧਾ ਲੱਗੇ ਹੋ ਕਰਨ ਮੁਸੀਬਤਾਂ ਦਾ ਮੌਤ ਮੰਗਦੇ ਹੱਥ ਪਸਾਰ ਸਿੰਘੋ। ਬੇੜਾ ਪਾਰ ਦਰਯਾ ਤੋਂ ਲੰਘਦੇ ਨੂੰ ਡੋਬਣ ਲੱਗੇ ਹੋ ਮੰਝਲੀ ਧਾਰ ਸਿੰਘੋ। ਗੁਰੂ ਮੱਤ ਪਰ ਨਹੀਂ ਵਿਸ਼ਵਾਸ ਕਰਦੇ ਆਪਣੀ ਮੱਤ ਪਰ ਬਣੇ ਹੁਸ਼ਯਾਰ ਸਿੰਘੋ। ਚਲੋ ‘ਕੇਸਰੀ’ ਡਿੱਗੀਏ ਵਿਚ ਖਾਤੇ ਜਿਉਣ ਮਰਨ ਦੀ ਛੱਡ ਵਿਚਾਰ ਸਿੰਘੋ।
ਸ੍ਰੀ ਕਲਗੀਧਰ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਦਿੱਤਾ ਵਾਧੂ ਸਾਮਾਨ ਸਾੜ ਯਾ ਤੋੜ ਮਰੋੜ ਦਿਓ
ਸਿੱਖਾਂ, ਸੇਵਕਾਂ, ਸਿੰਘਾਂ ਨੂੰ ਸਤਿਗੁਰੂ ਨੇ, ਹੁਕਮ ਨਾਲ ਤਾਕੀਦੀਆਂ ਚਾੜ੍ਹ ਦਿੱਤੇ। ਤੁਰਤ ਫੁਰਤ ਤਾਮੀਲ ਹੁਣ ਹੋਣ ਲੱਗੀ, ਦਫ਼ਤਰ ਕਾਗਤਾਂ ਦੇ ਵਾਧੂ ਪਾੜ ਦਿੱਤੇ। ਤੰਬੂ, ਖੇਮੇ, ਕਨਾਤਾਂ ਅਰ ਸ਼ਾਮਯਾਨੇ, ਡਾਢੇ ਕੀਮਤੀ ਕੱਪੜੇ ਸਾੜ ਦਿੱਤੇ। ਵਗੀ ਜ਼ੋਰ ਦੀ ਵਾਉ ਤੁਫ਼ਾਨ ਆਇਆ, ਬੂਟੇ ਫਲਾਂ ਦੇ ਜੜ੍ਹੋਂ ਉਖਾੜ ਦਿੱਤੇ। ਲੰਕਾ ਮਹਿਲ ਤੇ ਬਾਗ਼ ਅਸ਼ੋਕ ਸਾਰੇ, ਅੱਗ ਲਾ ਹਨਵੰਤੁ ਨੇ ਸਾੜ ਦਿੱਤੇ। ਰੁੱਤ ਖ਼ਿਜ਼ਾਂ ਬਹਾਰ ਦੇ ਵਿਚ ਆਈ, ਫਲ ਤੇ ਫੁੱਲ ਮੇਵੇ, ਪੱਤ੍ਰ ਝਾੜ ਦਿੱਤੇ। ਸੋਨਾ ਚਾਂਦੀ ਤੇ ਤਾਂਬਿਆਂ ਪਿੱਤਲਾਂ ਦੇ, ਭਾਂਡੇ ਭੰਨ ਬਰਤਣ ਤੋੜ ਤਾੜ ਦਿੱਤੇ। ਸੁੰਦਰ ਬਾਗ਼ ਬਗ਼ੀਚੇ ਤੇ ਸੋਨ ਮੰਦਰ, ਪੱਟ ਪੁੱਟ ਕੇ, ਕਰ ਉਜਾੜ ਦਿੱਤੇ। ਜੇਹੜੇ ਕੰਮ ਸੁਆਰਦਿਆਂ ਵਰ੍ਹੇ ਲੱਗੇ, ਪਲੋ ਪਲੀ ਵਿਚ ਹੱਥੀ ਵਿਗਾੜ ਦਿੱਤੇ। ਵਾਧੂ ਚੁੱਕੇ ਨਾ ਗਏ ਜੋ ਮਾਲ ਜ਼ੇਵਰ ਸ਼ੋਕ! ‘ਕੇਸਰੀ’ ਜ਼ਿਮੀਂ ਵਿਚ ਗਾੜ ਦਿੱਤੇ।
ਸ਼ੋਕਦਾਇਕ ਨਜ਼ਾਰਾ
ਜਿਵੇਂ ਛੱਡ ਕੇ ਪੂਰੀ ਅਜੁੱਧਿਆ ਨੂੰ, ਰਾਮਚੰਦ, ਲਛਮਣ ਬਣੋ ਬਾਸ ਚੱਲੇ। ਭਯਾਨਕ ਸ਼ਯ ਅੱਜ ਓਸ ਤੋਂ ਪਰ੍ਹੇ ਦਿਸਿਆ! ਵੇਖ ਲੋਕਾਂ ਦੇ ਉੱਡ ਹਵਾਸ ਚੱਲੇ। ਤਾਹ ! ਤ੍ਰਾਹ !! ਖ਼ਲਕਤ ਹਾਹਾ ਕਾਰ ਕਰਦੀ!, ਡਾਵਾਂ ਡੋਲ ਤੇ ਧਾਰ ਤਰਾਸ ਚੱਲੇ। ਸਾਇਆ ਸਿਰੋਂ ਦਸਮੇਸ਼ ਦਾ ਉਠਿਆ ਏ! ਚੌਹਾਂ ਪਾਸੀਓਂ ਹੋ ਨਿਰਾਸ ਚੱਲੇ। ਜ਼ਾਰੋ-ਜ਼ਾਰ ਰੋਂਦੀ ਪੁਰੀ ਮਾਰ ਢਾਹੀਂ, ਜੀਵ ਜੰਤ ਸਭ ਹੋ ਉਦਾਸ ਚੱਲੇ। ਬੱਸ ‘ਕੇਸਰੀ’ ਕਹਿਰ ਦਾ ਸਮਾਂ ਆਇਆ, ਸਾਨੂੰ ਛੱਡ ਕੇ ਕਿਲ੍ਹੇ ਭਰਵਾਸ ਚੱਲੇ।
ਕਹਿਰ ਦੀ ਸਰਦੀ ਵਿਚ ਰਾਤ ਦੇ ਭਯਾਨਕ ਸਮੇਂ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਪਧਾਰਨਾ
ਪੋਹ, ਗ਼ਜ਼ਬ ਦੇ ਠੰਢਰੇ ਠਾਰ ਅੰਦਰ, ਸਰਦੀ ਜ਼ੋਰ ਦੀ ਪੈਂਦੀ ਸੀ ਹਾਏ! ਲੋਕੋ। ਕੀਤਾ ਕੂਚ ਇਸ ਰਾਤ ਨੂੰ ਸਤਿਗੁਰੂ ਜੀ ਨੇ, ਜੀਨ ਘੋੜਿਆਂ ਦੇ ਉੱਤੇ ਪਾਏ ਲੋਕੋ। ਡੋਲੇ ਮਾਤਾ ਅਰ ਮਹਿਲਾਂ ਦੇ ਰਥ ਨਾਲੇ, ਸਾਹਿਬਜ਼ਾਦੇ ਤੇ ਸਿੱਖ ਸਜਾਏ ਲੋਕੋ। ਜੁੱਧ ਜੰਗ ਦੇ ਸਭੇ ਹਥਿਆਰ ਚੁੱਕੇ, ਬਾਕੀ ਖ਼ਾਲਸੇ ਨੇ ਚਾਲੇ ਪਾਏ ਲੋਕੋ। ਅੱਗੇ ਪਿੱਛੇ ਦਸਮੇਸ਼ ਦੇ ਖ਼ਾਲਸਾ ਹੈ, ਗਿਰਦੇ ਚੰਦ ਪਰਵਾਰ ਹਨ ਪਾਏ ਲੋਕੋ। ਕਿਹਾ ਫ਼ੌਜ ਨੂੰ ਤੁਰੋ ਹੁਸ਼ਯਾਰ ਹੋ ਕੇ, ਹੋਰ ਸਿੰਘ ਵੀ ਖ਼ੂਬ ਸਮਝਾਏ ਲੋਕੋ। ਸਾਵਧਾਨ ਹੋ ਕੇ ਤੁਰੋ ਖ਼ਾਲਸਾ ਜੀ! ਕਲਗ਼ੀਧਰ ਨੇ ਵਾਕ ਅਲਾਏ ਲੋਕੋ। ਕੱਕਰ ਵਰਸਦਾ ਰਾਤ ਹਨੇਰੜੀ ਹੈ, ਐਸੀ ਬਿਪਤਾ ਨਾ ਕਿਸੇ ਪਰ ਆਏ ਲੋਕੋ। ਝੱਖੜ ਝੁਲਦਾ ਮੂਸਲੇ ਧਾਰ ਵਰਖਾ! ਦਗ਼ੇਬਾਜ਼ਾਂ ਧਰੋਹ ਕਮਾਏ ਲੋਕੋ। ਛੋਟੇ ਸਾਹਿਬ ਜ਼ਾਦੇ ਮਾਤਾ, ਬ੍ਰਿਧ ਵੱਡੇ, ਦੇਖੋ ਵਿਚ ਦਸੌਂਟਿਆਂ ਪਾਏ ਲੋਕੋ। ਵੈਰੀ ਤਾਕ ਵਿਚ ਦੇਰ ਤੋਂ ਤੱਕਦੇ ਸੇ, ਥਾਓਂ ਥਾਈਂ ਹਨ ਅੱਡੇ ਜਮਾਏ ਲੋਕੋ। ਬਿਪਤਾ ‘ਕੇਸਰੀ’ ਪਈ ਮਹਾਨ ਆ ਕੇ, ਇਸ ਤੋਂ ਗੁਰੂ ਕਰਤਾਰ ਬਚਾਏ ਲੋਕੋ।
ਸ੍ਰੀ ਗੁਰੂ ਕਲਗੀਧਰ ਦੇ ਵਿਛੋੜੇ ਪਰ ਅਨੰਦਪੁਰ ਸਾਹਿਬ ਦੀ ਭੂਮੀ ਦੀ ਵਿਆਕੁਲਤਾ ਅਤੇ ਬਿਹਬਲ ਦਸ਼ਾ ਵਿਚ ਪੁਕਾਰ !
ਜਿੱਥੇ ਬੈਠਦਾ ਨਿੱਤ ਸਿੰਘਾਸਣਾਂ ’ਤੇ ਸ਼ਾਹਾ! ਲੱਗਦੇ ਨਵੇਂ ਦਰਬਾਰ ਤੇਰੇ। ਕਲਗ਼ੀ ਜਿਗਾ ਸਜਾਇਕੇ ਸੀਸ ਉੱਤੇ ਚੰਦਾ! ਬੈਠਦਾ ਗਿਰਦ ਪਰਵਾਰ ਤੇਰੇ। ਪੈਂਦੀ ਚੋਟ ਰਣਜੀਤ ਨਗਾਰਿਆਂ ‘ਤੇ, ਮਾਰੂ ਵੱਜਦੇ ਜੰਗ, ਸ਼ਿਕਾਰ ਤੇਰੇ। ਸੋਹਣੀ ਧਰਤ ਸੁਹਾਵਣੀ ਭਾਗ ਵਾਲੀ, ਜਿਸ ਪਰ ਖੇਡਦੇ ਸੋਹਣੇ ਚਾਰ ਤੇਰੇ। ਨੀਲੇ, ਸਬਜ਼ਿਆਂ ਜਿੱਥੇ ਕੁਦਾਉਂਦਾ ਸੈਂ, ਅੱਗੇ ਪਿੱਛੇ ਸਨ ਸਿਪਹਸਾਲਾਰ ਤੇਰੇ। ਤੇਰੇ ਸੋਹਣੇ ਮੁੱਖੜੇ ਸ਼ਮ੍ਹਾ ਉੱਤੇ, ਸੜਦੇ ਸਿੱਖ ਪਰਵਾਨਿਆਂ ਵਾਰ ਤੇਰੇ। ਤੇਰੇ ਦੀਦ ਨੂੰ ਈਦ ਦੇ ਚੰਦ ਵਾਕਰ, ਤਰਸ ਰਹੇ ਚਕੋਰ ਸਨ ਯਾਰ ਤੇਰੇ। ਚਿੱਟੇ ਬਾਜ਼ ਸੁਹਾਉਂਦੇ ਹੱਥ ਉੱਤੇ, ਬਾਜ਼ਾਂ ਵਾਲਿਆ ਬਾਜ਼ ਬਲਕਾਰ ਤੇਰੇ।
ਤੇਗੇ ਲੱਸਦੇ ਬਿਜਲੀ ਚਮਕਦੀ ਸੀ, ਸਜੇ ਗਾਤਰੇ ਸਬਜ਼ ਕਟਾਰ ਤੇਰੇ। ਕਵੀ ਭੱਟ ਕਵੀਸ਼ਰੀ ਮਨੋ ਰੰਜਕ ਜਿੱਥੇ ਗਾਉਂਦੇ ਜੱਸ ਉਚਾਰ ਤੇਰੇ। ਕਰਤਬ ਖੇਲ ਕਮਾਲ ਕਰ ਸ਼ਸਤ੍ਰਾਂ ਦੇ ਨਾਮੀ ਬਣੇ ਸਨ ਕਈ ਸਰਦਾਰ ਤੇਰੇ। ਖੇਲਾਂ ਵਿਚ ਅਖੇਲ ਸੀ ਖੇਲ ਕਰਦੇ ਹੁੰਦੇ ਨਵੇਂ ਤੋਂ ਨਵੇਂ ਪਸਾਰ ਤੇਰੇ। ਤੇਰੇ ਦਰਸ ਦੀਦਾਰ ਦੇ ਪਰਸਣੇ ਨੂੰ, ਦੂਰੋਂ ਆਂਵਦੇ ਸਿੱਖ ਅਪਾਰ ਤੇਰੇ। ਅੱਜ ਵੱਸਦੀ ਪੁਰੀ ਉਜਾੜ ਸਾਈਆਂ, ਕੂਚ ਕਰ ਗਏ, ਆਰ ਪਰਵਾਰ ਤੇਰੇ। ਫੇਰਾ ਪਾ ਮੁੜ ਕੇ ਮੇਰੇ ਮਾਹੀਆ ਵੇ! ਕਦੋਂ ਹੋਵਸਨ ਫੇਰ ਦੀਦਾਰ ਤੇਰੇ ? ਢਾਹਾਂ ਮਾਰਦੀ ਖ਼ਾਕ ਅਨੰਦ ਪੁਰ ਦੀ ਚਰਨ ਚੁੰਮਦੀ ਸੀ ਚਮਕਦਾਰ ਤੇਰੇ। ਪਈ ਰੋਂਵਦੀ ਧਰਤਿ ਵਿਯੋਗਣੀ ਹੋ! ਜਿਸ ਪਰ ਹੁੰਦੇ ਸਨ ਚੋਜ ਹਜ਼ਾਰ ਤੇਰੇ। ਕਿਲ੍ਹੇ ਰਚੇ ਕਿਉਂ ਦੱਸ ਅਨੰਦ ਗੜ੍ਹ ਦੇ ? ਸੁੰਞੇ ਪਏ ਹਨ ਮਹਿਲ ਮੁਨਾਰ ਤੇਰੇ। ਬੰਨ੍ਹ ਟੋਲੀਆਂ ਹੋਲੀਆਂ ਖੇਡਦਾ ਸੈਂ, ਰੰਗਾ ਰੰਗ ਦੇ, ਰੰਗ ਕਰਤਾਰ ਤੇਰੇ। ਅਬਦੀ ਜ਼ਿੰਦਗੀ ਬਖ਼ਸ਼ਦਾ ਅਮਰ ਜੀਵਨ, ਅੰਮ੍ਰਿਤ ਹੁੰਦੇ ਹਰ ਰੋਜ਼ ਤਿਆਰ ਤੇਰੇ। ਕਾਹਤੋਂ ਰੁੱਸਿਆ ਓਸ ਅਨੰਦ ਪੁਰ ਤੋਂ ? ਘਟੇ ਕਾਸ ਤੋਂ ਪ੍ਰੇਮ ਤੇ ਪਿਆਰ ਤੇਰੇ। ਖੱਸ ਮਾਣ, ਨਿਮਾਣੀ ਕਰ ਚੱਲਿਆ ਏਂ ? ਕਿੱਥੇ ਗਏ ਓ! ਕੌਲ ਕਰਾਰ ਤੇਰੇ ? ਕਦੇ ਫੇਰ ਸੁਹਾਗਣੀ ਕਰੇਂਗਾ ਵੀ ? ਮੇਰੇ ਪ੍ਰੀਤਮਾ! ਅਜਬ ਇਸਰਾਰ ਤੇਰੇ। ਜੋਗੀ ਫੇਰ ਨਾ ਬਾਹੁੜੇ ਸੁੰਦਰਾਂ ਨੂੰ ਦੀਹਦੇ ‘ਕੇਸਰੀ’ ਏਹੋ ਆਸਾਰ ਤੇਰੇ।
ਜਾਂਦੇ ਮਾਹੀ ਨੂੰ ਮੋੜੇ ਲਈ ਸੱਦਾ
ਪਦ ਫਿਰਨਾ ਛੰਦ
ਆ ਜਾ ਬਾਜ਼ਾਂ ਵਾਲਿਆ! ਮੁਹਾਰਾਂ ਮੋੜ ਵੇ! ਜਿੱਥੇ ਸਾਹਿਬਜ਼ਾਦਿਆਂ ਜਨਮ ਲੀਤੇ ਨੇ। ਜਿਥੇ ਮੇਰੇ ਚੋਜੀਆ! ਤੈਂ ਚੋਜ ਕੀਤੇ ਨੇ। ਸਾਹਿਬ ਅਜੀਤ ਸਿੰਘ ਮੌਜਾਂ ਮਾਣੀਆਂ। ਖੇਡਦੇ ਦੁਲਾਰੇ ਚਾਰੇ ਵਿੱਚ ਹਾਣੀਆਂ।
ਅੱਜ ਓਸ ਪੁਰੀ ਨੂੰ ਕਿਉਂ ਜਾਂਦਾ ਛੋੜ ਵੇ ? ਆ ਜਾ ਬਾਜ਼ਾਂ ਵਾਲਿਆ! ਮੁਹਾਰਾਂ ਮੋੜ ਵੇ ।੧।
ਜਿੱਥੇ ਪੰਥ ਪਾਲ ਕੇ ਦਿਖਾਇਆ ਬਾਗ਼ ਹੈ। ਜਿੱਥੇ ਲਾਇਆ ਕੌਮ ਨੂੰ ਅਨੰਤ ਭਾਗ ਹੈ। ਜਿੱਥੇ ਮਾਹੀ ਮੇਰਿਆ! ਸਿਖਾਈ ਵੀਰਤਾ।
ਅੱਜ ਓਸ ਪੁਰੀ ਨੂੰ ਦਿੱਤੀ ਅਧੀਰਤਾ। ਧਾਰ ਮੰਝਲੀ ਦੇ ਵਿਚ ਦਿੱਤੀ ਬੋੜ੍ਹ ਵੇ। ਆ ਜਾ ਬਾਜ਼ਾਂ ਵਾਲਿਆ! ਮੁਹਾਰਾਂ ਮੋੜ ਵੇ ।੨।
ਪਾਤਸ਼ਾਹੀ ਫ਼ੌਜ ਕੋਹੀ ਰਾਜੇ ਰਲ ਕੇ। ਹਾਰ ਥੱਕ ਬੈਠੇ ਲੱਖਾਂ ਫ਼ੌਜ ਘੱਲ ਕੇ। ਤੇਰੇ ਅੱਗੇ ਕੋਈ ਨਾ ਠਹਿਰ ਸੱਕਿਆ। ਘੂਰ ਘੱਪ ਫ਼ੌਜ ਨੂੰ ਨੁਰੰਗਾ ਥੱਕਿਆ।
ਸੱਕਿਆ ਨਾ ਕੋਈ ਮੋਰਚੇ ਨੂੰ ਤੋੜ ਵੇ। ਆ ਜਾ ਬਾਜ਼ਾਂ ਵਾਲਿਆ! ਮੁਹਾਰਾਂ ਮੋੜ ਵੇ ।੩।
ਕੌਣ ਏਥੇ ਖੇਡੂ ਤੇਰੇ ਬਾਝ ਹੋਲੀਆਂ ? ਕਿਦ੍ਹੇ ਕੋਲ ਔਣ ਸਿੱਖ ਬੰਨ੍ਹ ਟੋਲੀਆਂ ? ਸੰਗਤਾਂ ਦੇ ਜੋੜ ਮੇਲ ਕਿੱਥੋਂ ਹੋਣਗੇ? ਕਿਦ੍ਹੇ ਕੋਲ ਦੁਖੀ ਲੋਕ ਦੁੱਖ ਰੋਣਗੇ ?
ਪੰਥ ਨਾਲ ਹੋਈ ਕਾਸ ਤੋਂ ਅਜੋੜ ਵੇ ? ਆ ਜਾ ਬਾਜ਼ਾਂ ਵਾਲਿਆ! ਮੁਹਾਰਾਂ ਮੋੜ ਵੇ।੪।
ਪਹਿਲੀ ਪਾਤਸ਼ਾਹੀ ਦੇ ਜਫ਼ਰ ਜਾਲਣੇ। ਸੱਠ ਸਾਲ ਜੇਹੜੀ ਨੀਂਹ ਰੱਖ ਗਾਲਣੇ। ਉਸ ਨੀਂਹ ਉੱਤੇ ਪੰਥ ਹੈ ਉਸਾਰਿਆ। ਲੱਗਿਆ ਸੀ ਫਲ ਦਸਮੇਸ਼ ਪਿਆਰਿਆ।
ਦਿੱਤੀ ਅੱਜ ਪੰਥ ਦੀ ਕਲਾ ਮਰੋੜ ਵੇ। ਆ ਜਾ ਬਾਜ਼ਾਂ ਵਾਲਿਆ! ਮੁਹਾਰਾਂ ਮੋੜ ਵੇ ।੫।
ਜਾਨਾਂ ਐਂ ਅਨੰਦ ਪੁਰ ਛੱਡ ਵੱਸ ਦਾ। ਹੱਥੀਂ ਭਾਗ ਲਾ ਕੇ ਹਾਏ! ਫੇਰ ਖੱਸ ਦਾ। ਚਾਓ ਤੇ ਅਨੰਦ ਸੀਗੇ ਤੇਰੇ ਨਾਲ ਓ। ਤੇਰੇ ਬਾਝ ਮਾਹੀ ਮੇਰੇ ਬੁਰਾ ਹਾਲ ਓ।
ਲਾਇ ਕੇ ਮੁਹੱਬਤਾਂ ਪੁਜਾਈਂ ਤੋੜ ਵੇ। ਆ ਜਾ ਬਾਜ਼ਾਂ ਵਾਲਿਆ! ਮੁਹਾਰਾਂ ਮੋੜ ਵੇ ।੬।
ਚੰਦ ਤੋਂ ਬਗ਼ੈਰ ਕੋਈ ਸ਼ੈ ਚਕੋਰ ਨੂੰ । ਚੰਗੀ ਨਹੀਂ ਲੱਗਦੀ, ਨਾ ਚਾਹੇ ਹੋਰ ਨੂੰ । ਨੀਰ ਤੋਂ ਬਗ਼ੈਰ ਜ਼ਿੰਦਾ ਰਹੇ ਮੱਛੀ ਨਾ। ਉਸ ਦੇ ਭਾਣੇ ਹੋਰ ਕੋਈ ਚੀਜ਼ ਅੱਛੀ ਨਾ।
ਪ੍ਰੇਮੀਆਂ ਨੂੰ ਹੁੰਦੀ ਪ੍ਰੀਤਮਾਂ ਦੀ ਲੋੜ ਵੇ। ਆ ਜਾ ਬਾਜ਼ਾਂ ਵਾਲਿਆ! ਮੁਹਾਰਾਂ ਮੋੜ ਵੇ ।੭
ਵਾਜੇ ਸੀ ਅਨੰਦ ਭਰੇ ਏਥੇ ਵੱਜਦੇ। ਨਿੱਤ ਰੰਗਾ ਰੰਗ ਦੇ ਸੀ ਰੰਗ ਸੱਜਦੇ। ਉੱਘਾ ਨਾਮ ਹੋਇਆ ਹੈ ਅਨੰਦ ਪੁਰ ਦਾ। ਤੇਰੇ ਬਿਨਾਂ ਮਾਲਕਾ ਸ਼ਹਿਰ ਝੁਰ ਦਾ।
ਮਰਨਗੇ ਪ੍ਰੇਮੀ ਮੱਥੇ ਫੋੜ ਫੋੜ ਵੇ। ਆ ਜਾ ਬਾਜ਼ਾਂ ਵਾਲਿਆ ! ਮੁਹਾਰਾਂ ਮੋੜ ਵੇ ।੮।
ਟੁੱਟ ਗਈ ਆਸ ਛਾ ਗਈ ਨਿਰਾਸਤਾ। ਮੋੜ ਲੈ ਮੁਹਾਰਾਂ ਦਸਮੇਸ਼ ! ਵਾਸਤਾ। ਤੇਰਾ ਰੁੱਸ ਜਾਣਾ ਪਰਲੈ ਕਾਲ ਆ ਗਿਆ। ਅੱਜ ਤੇਰੀ ਪੁਰੀ ‘ਚ ਅੰਧੇਰ ਛਾ ਗਿਆ।
ਮੰਨਤਾਂ ਮਨਾਵਾਂ ਲੱਖ ਤੇ ਕਰੋੜ ਵੇ। ਆ ਜਾ ਬਾਜ਼ਾਂ ਵਾਲਿਆ ! ਮੁਹਾਰਾਂ ਮੋੜ ਵੇ।੯।
ਕੇਡੀ ਭਾਗ ਵਾਲੀ ਧਰਾ ਜਿੱਥੇ ਚੱਲਿਆ। ਤੇਰਾ ਹਾਂ! ਵਿਛੋੜਾ ਜਾਂਦਾ ਨਹੀਂ ਝੱਲਿਆ। ਕੇਹੜੇ ਹੋਰ ਦੇਸ ਨੂੰ ਜਾ ਸੁਹਾਵੇਂਗਾ ? ਕਦੋਂ ਮੇਰੇ ਮਾਹੀਆ ਓ ! ਫੇਰ ਆਵੇਂਗਾ ?
‘ਕੇਸਰੀ’ ਦੀ ਬਿਨੈ ਦਾ ਇਹੋ ਨਿਚੋੜ ਵੇ। ਆ ਜਾ ਬਾਜ਼ਾਂ ਵਾਲਿਆ! ਮੁਹਾਰਾਂ ਮੋੜ ਵੇ।੧੦।
ਕੁਰਬਾਨੀਆਂ ਦਾ ਨਵਾਂ ਬਾਬ ਖੁੱਲ੍ਹਣਾ ਅਤੇ ਪੰਥ ਪਰ ਮਹਾਨ ਵਿਪਦਾ ਆਉਣੀ !
ਸਰਦੀ ਜ਼ੋਰ ਦੀ ਰਾਤ ਨੂੰ ਕੂਚ ਕਰਦੇ ਪੁੱਜ ਗਏ ਨਿਰਮੋਹ ਗੜ੍ਹ ਗੁਰੂ ਸਿੱਖੋ। ਘੇਰਾ ਦੁੱਖਾਂ ਤੇ ਦੁਸ਼ਮਣਾਂ ਦੁਹਾਂ ਪਾਇਆ! ਬਿਪਤਾ ਹੋਣ ਲੱਗੀ ਅੱਜ ਸ਼ੁਰੂ ਸਿੱਖੋ। ਬਾਬ ਖੁੱਲ੍ਹਿਆ ਨਵਾਂ ਕੁਰਬਾਨੀਆਂ ਦਾ, ਅੱਗੇ ਜੁੱਧ ਪ੍ਰਸੰਗ ਹੁਣ ਤੁਰੂ ਸਿੱਖੋ। ਮੰਨੀ ਆਗਿਆ ਨਹੀਂ ਦਸਮੇਸ਼ ਜੀ ਦੀ, ਲੜੂ, ਮਰੂ ਤੇ ਖ਼ਾਲਸਾ ਝੁਰੂ ਸਿੱਖੋ। ਹੱਥ ਵੇਖੋ ਹੁਣ ਬਾਬਾ ਅਜੀਤ ਸਿੰਘ ਦੇ, ਵੈਰੀ ਦਲਾਂ ਪਰ ਕਿਸ ਤਰ੍ਹਾਂ ਘੁਰੂ ਸਿੱਖੋ। ਬਿਰਦ ਬਾਣੇ ਦੀ ਲਾਜ ਪਰ ਸਤਿਗੁਰੂ ਵੀ, ਛੇਕੜ ਦੇਖ ਲੌ ਕਿਸ ਤਰ੍ਹਾਂ ਢੁਰੂ ਸਿੱਖੋ। ਜਿਨ੍ਹਾਂ ਸਿੰਘਾਂ ਨੇ ਜਾਨ ਕੁਰਬਾਨ ਕੀਤੀ, ਆਸ਼ਾ ਉਨ੍ਹਾਂ ਦੀ ਹਰ ਤਰ੍ਹਾਂ ਪੁਰੂ ਸਿੱਖੋ। ਬੱਸ ‘ਕੇਸਰੀ’ ਤਾਕ ਵਿਚ ਬੈਠਿਆਂ ਦਾ ਦਾਉ ਦੁਸ਼ਮਨਾਂ ਦਾ ਅੰਞ ਫੁਰੂ ਸਿੱਖੋ।
ਸ਼ਾਹੀ ਫ਼ੌਜ ਅਤੇ ਕੋਹੀ ਰਾਜਿਆਂ ਨੇ ਅਹਿਦ ਪੈਮਾਨ ਤੋੜ ਕੇ ਪੰਥ ਪਰ ਹਮਲਾ ਕਰਨਾ !
ਦੁਸ਼ਮਨ ਦਲਾਂ ਨੂੰ ਖ਼ਬਰ ਨਾ ਮੂਲ ਲੱਗੀ, ਕਦੋਂ ਸਤਿਗੁਰੁ ਕਿਲ੍ਹੇ ਨੂੰ ਛੋੜ ਆਏ। ਸੁੰਨਸਾਨ ਜਦ ਕਿਲ੍ਹੇ ਵਿਚ ਪਈ ਦੇਖੀ ਦਲ ਵੈਰੀਆਂ ਦੇ ਪੱਤੇ ਤੋੜ ਆਏ। ਪਿੱਛਾ ਕੀਤਾ ਦਸਮੇਸ਼ ਤੇ ਖ਼ਾਲਸੇ ਦਾ ਸਾਰੇ ਅਹਿਦ ਪੈਮਾਨ ਹਨ ਤੋੜ ਆਏ। ਰਸਤੇ ਵਿਚ ਹੁਣ ਘੇਰ ਕੇ ਮਾਰ ਸਾਂਗੇ, ਹੱਲਾ ਕਰਨ ਖ਼ਾਤਿਰ ਪੈਰ ਜੋੜ ਆਏ। ਦੇਵੀ, ਦੇਵਤੇ, ਦੀਨ ਤੇ ਧਰਮ ਪਾਪੀ! ਖਾਰੇ ਸਾਗਰਾਂ ਦੇ ਵਿਚ ਰੋੜ੍ਹ ਆਏ। ਹੱਲਾ ਬੋਲਿਆ ਰਾਤ ਹਨੇਰੜੀ ਹੈ, ਐਧਰ ਓਧਰੋਂ ਰਲ ਬੇ ਓੜ ਆਏ। ਕੱਟ ਵੱਢ ਹੁਣ ਫ਼ੌਜ ਨੇ ਸ਼ੁਰੂ ਕੀਤੀ, ਭਾਂਡਾ ਧਰਮ ਚੁਰਾਹੇ ਵਿਚ ਫੋੜ ਆਏ। ਮਾਰ ਖ਼ਾਲਸੇ ਨੂੰ ਜ਼ਿੰਦਾ ਗੁਰੂ ਫੜੀਏ! ਦੁਸ਼ਟ ਕਾਮਨਾ ‘ਕੇਸਰੀ’ ਲੋੜ ਆਏ।
ਡੋਲਿਆਂ ਨੂੰ ਵਿਚਕਾਰ ਲੈ ਕੇ ਸਿੰਘਾਂ ਨੇ ਅੱਗੇ ਤੁਰੀ ਜਾਣਾ ਤੇ ਸਾਹਿਬ ਅਜੀਤ ਸਿੰਘ ਜੀ ਨੇ ਦਸਤਾ ਫ਼ੌਜ ਲੈ ਕੇ ਪਿੱਛੇ ਫ਼ਾਰਡ ( Rear Guard) ਦੀ ਕਮਾਣ ਆਪਣੇ ਹੱਥ ਲੈ ਕੇ ਦੁਸ਼ਮਨ ਦਲਾਂ ਨੂੰ ਅੱਗੇ ਵਧਣ ਤੋਂ ਰੋਕਣਾ
। ।ਡ ਪਰ ਸਾਹਿਬ ਅਜੀਤ ਕੇਹਿਰ ਇਕ ਜੱਥਾ ਲੈ ਵਿਚ ਕਮਾਣ ਅਪਣੀ। 1
5 ਦਲਾਂ ਦੇ ਸਾਮ੍ਹਣੇ ਡਟ ਗਿਆ ਹੈ, ਨਿਡਰ ਹੋਇ ਕੇ ਤੇ ਛਾਤੀ ਤਾਣ ਅਪਣੀ।
ਮੋੜਿਆ, ਤੋੜਿਆ ਵੈਰੀਆਂ ਦਾ ਨੰਗੀ ਲੱਸਦੀ ਧੂਹ ਕ੍ਰਿਪਾਣ ਅਪਣੀ।
ਵੱਢ ਕੀਤੀ ਆਹੂ ਲਾਹ ਸੁੱਟੇ, ਖੇਤੀ ਵੱਢਦਾ ਜਿਵੇਂ ਕ੍ਰਿਸਾਣ ਅਪਣੀ।
ਦੁਸ਼ਮਣ ਐਕੁਰਾਂ ਸ਼ੇਰ ਨੇ ਗੋਲ ਦਿੱਤੇ, ਲੱਕੜ ਤੱਛਦਾ ਜਿਵੇਂ ਤੁਖਾਣ ਅਪਣੀ।
ਹੋਸ਼ ਗੁੰਮ ਹੋ ਗਏ ਪਹਾੜੀਆਂ ਦੇ, ਲੱਗੇ ਸਿੰਘ ਜਦ ਤੇਗ਼ ਚਮਕਾਣ ਅਪਣੀ।
ਕੋਹੀ ਭੁੱਜਦੇ ਭੱਠ ਦੇ ਚਣੇ ਵਾਕਰ, ਗੋਲੀ ਸਿੰਘ ਜਦ ਲੱਗੇ ਵਰਸਾਣ ਅਪਣੀ।
ਅੱਗੋਂ ਪਵੇ ਬੁਛਾੜ ਆ ਗੋਲੀਆਂ ਦੀ, ਸੂਬੇ ਜ਼ਰਾ ਜਦ ਫ਼ੌਜ ਵਧਾਣ ਅਪਣੀ।
ਬਾਬਾ ਪੈ ਗਿਆ ਟੁੱਟ ਬਲਾ ਵਾਂਗੂੰ, ਸਿੰਘ ਲੱਗੇ ਖ਼ੁਰਾਕ ਹੁਣ ਖਾਣ ਅਪਣੀ।
ਪਿੱਛੇ ਹਟਣ ਅਰ ਕਰਨ ਘਮਸਾਣ ਐਕੁਰ, ਹੁੰਦੀ ਸੂਰਮੇ ਦੀ ਜਿਵੇਂ ਬਾਣ ਅਪਣੀ।
ਛਾਤੀ ਡਾਹ ਕੇ ਮਾਰ ਕੇ ਮਰਨ ਸੂਰੇ, ਜੰਗ ਵਿਚ ਨਾ ਪਿੱਠ ਦਿਖਾਣ ਅਪਣੀ।
ਖ਼ਾਕ ਖ਼ੂਨ ਵਿਚ ਲੱਥ ਪਲੱਥ ਹੁੰਦੇ, ਕੈਮ ਰੱਖਦੇ ਆਣ ਤੇ ਕਾਣ ਅਪਣੀ।
ਦੁਸ਼ਮਨ ਧੱਕਦੇ ਪਿੱਛੇ ਨੂੰ ਆਂਵਦੇ ਨੇ, ਮੁੱਠੀ ਸਿੰਘਾਂ ਪਰ ਤੇਗ਼ ਵਗਾਣ ਅਪਣੀ।
ਜਾਨ ਤਲੀ ਪਰ ਰੱਖ ਕੇ ਸਿੰਘ ਲੜਦੇ, ਮਰ ਕੇ ਜੰਗ ਵਿਚ ਕਰਨ ਕਲਿਆਣ ਅਪਣੀ।
ਕੱਕਰ ਵੱਸਦਾ ਘੁੱਪ ਹਨੇਰ ਛਾਇਆ ਰਹੀ ਕਿਸੇ ਨਾ ਪਰਖ ਪਹਿਚਾਣ ਅਪਣੀ।
ਛੇਕੜ ਸਿੰਘ ਸ਼ਹੀਦ ਹੋ ਗਏ ਬਹੁਤੇ ਥੋੜੇ ਰਹਿ ਗਏ ਜੰਗ ਮਚਾਣ ਅਪਣੀ।
ਦੇਰ ਹੋ ਗਈ ਡਿੱਠਾ ਦਸਮੇਸ਼ ਜੀ ਨੇ, ਸਾਹਿਬਜ਼ਾਦੇ ਵੱਲ ਨਜ਼ਰ ਦੁੜਾਣ ਅਪਣੀ।
ਉਦੇ ਸਿੰਘ ਤਦ ਜੱਥਾ ਇਕ ਹੋਰ ਲੈ ਕੇ ਕੜਕ ਪਿਆ, ਤੇਗ਼ ਲੈ ਆਣ ਅਪਣੀ।
ਬੀਰ ਬਾਂਕਰਾ ਮਹਾਂ ਮਹਾਨ ਯੋਧਾ ਤਾਕਤ ਲੱਗਿਆ ਸ਼ੇਰ ਅਜ਼ਮਾਣ ਅਪਣੀ।
ਪੌਣ ਮੇਘ ਨੂੰ ਪਾੜਦੀ, ਛਾਣ ਦੇਂਦੀ, ਦੋਹੀਂ ਦਲਾਂ ਵਿਚ ਲੱਗਾ ਫਿਰਾਣ ਅਪਣੀ।
ਉਦੇ ਸਿੰਘ ਜਦ ਸੂਰਮਾ ਉਦੇ ਹੋਇਆ ਵੈਰੀ ਸਹਿਮਗੇ ਖ਼ੈਰ ਨਾ ਜਾਣ ਅਪਣੀ।
ਪਲੋ ਪਲੀ ਵਿਚ ਖੋਲ੍ਹ ਮਦਾਨ ਦਿੱਤੇ ! ਦੁਸ਼ਮਣ ਹਾਰ ਪਰ ਹਾਰ ਹੁਣ ਖਾਣ ਅਪਣੀ।
ਵਧੇ ਸਿੰਘਾਂ ਦੇ ਹੌਸਲੇ ਕੜਕ ਉੱਥੇ ਵੱਧ ਵੱਧ ਕੇ ਜਿੰਦ ਘੁਮਾਣ ਅਪਣੀ।
ਮਰਦਾ ਇਕ, ਪਰ ਮਾਰ ਕੇ ਸੈਂਕੜੇ ਨੂੰ, ਸਿੱਖੀ ਸਿਦਕ ਦੇ ਨਾਲ ਨਿਭਾਣ ਅਪਣੀ।
ਟਿੱਡੀ ਦਲਾਂ ਨੂੰ ਰਾਹ ਵਿਚ ਰੋਕ ਲੀਤਾ, ਕੀਤਾ ਖ਼ਾਲਸੇ ਜਾਨ ਕੁਰਬਾਣ ਅਪਣੀ।
ਉਦੇ ਸਿੰਘ ਸ਼ਹੀਦ ਹੋ ਗਿਆ ਛੇਕੜ ਦਿੱਤੀ ਗੁਰੂ ਨੂੰ ਜਿੰਦ ਅਮਾਣ ਅਪਣੀ।
ਲੜ ਲੜ ਸਿੰਘ ਸ਼ਹੀਦ ਵੀ ਜਾਣ ਹੁੰਦੇ ਲੱਖਾਂ ਤੁਰਕਾਂ ਨੂੰ ਨਾਲ ਰਲਾਣ ਅਪਣੀ। ਜੁੱਧ ਮੱਚਿਆ ਗ਼ਜ਼ਬ ਦੀ ਰਾਤ ਕਾਲੀ ! ਵਰਖਾ ਲੱਗਿਆ ਇੰਦ ਵਰਸਾਣ ਅਪਣੀ। ਕੱਟ ਵੱਢ ਅਰ ਮਾਰਦਾ ਪਿੱਛਲ ਖੁਰੀਆਂ, ਬਾਬਾ ਫਤੇ ਲੈ ਜੰਗ ਮਦਾਨ ਅਪਣੀ। ਬਾਕੀ ਸਿੰਘਾਂ ਦੇ ਸਣੇ ਦਸਮੇਸ਼ ਜੀ ਨੂੰ, ਲੱਗਾ ਜੰਗ ਦੀ ਵਿਥਾ ਸੁਣਾਨ ਅਪਣੀ। ਦੁਸ਼ਮਨ ਪਿਤਾ ਜੀ ਰਹਿ ਗਿਆ ਦੂਰ ਪਿੱਛੇ ਰੁੱਝਾ ਲੋਥ ਪਰ ਲੋਥ ਉਠਾਣ ਅਪਣੀ। ਬੱਸ ‘ਕੇਸਰੀ’ ਦੇਰ ਨਾ ਲਾਓ ਰੱਤੀ, ਵਰਨਾ ਪਿਤਾ ਜੀ ਹੋਊਗੀ ਹਾਣਿ ਅਪਣੀ।
ਖ਼ਾਲਸਾਈ ਫ਼ੌਜ ਦਾ ਸਰਸਾ ਦਰਯਾ ਦੇ ਕਿਨਾਰੇ ਇਕੱਤ੍ਰ ਹੋਣਾ, ਦਰਯਾ ਦਾ ਠਾਠਾਂ ਮਾਰ ਕੇ ਵਗਣਾ ਅਤੇ ਪਿੱਛੋਂ ਸ਼ਾਹੀ ਫ਼ੌਜ ਦਾ ਹੜ੍ਹ ਆਉਣਾ
ਭਿਆਨਕ ਨਜ਼ਾਰਾ !
ਸਰਸਾ ਨਦੀ ਵਿਚ ਹੜ੍ਹਾਂ ਦਾ ਜ਼ੋਰ ਆਇਆ ਪਿੱਛੋਂ ਫ਼ੌਜ ਔਂਦੀ ਮਾਰੋ ਮਾਰ ਕਰਦੀ। ਉੱਤੇ ਰਾਤ ਹਨੇਰੜੀ ਵਾਉ ਵੱਗੇ ਪੈਂਦੀ ਕੜਕਵੀਂ ਕਹਿਰ ਕਹਾਰ! ਸਰਦੀ। ਘੇਰੇ ਵਿਚ ਦਸਮੇਸ਼, ਪਰਿਵਾਰ, ਫ਼ੌਜਾਂ, ਭਾਣਾ ਵਰਤਿਆ ਕੇਹੀ ਕਰਤਾਰ ਮਰਜ਼ੀ। ਨਿੱਕੇ ਲਾਡਲੇ, ਮਾਤਾ ਜੀ ਬਿਰਧ, ਡੋਲੇ ਚੀਜ਼ ਵਸਤੁ ਹੈ ਕੋਲ ਹਜ਼ਾਰ ਘਰ ਦੀ। ਖਰੜੇ ਪੁਸਤਕਾਂ ਭਰੇ ਸੰਦੂਕ ਕਿਤਨੇ, ਸਭ ਕੁਝ ਡੋਬਣ ਨੂੰ ਹੋਣਹਾਰ ਕਰਦੀ। ਬਿਪਤਾ ਪੈ ਗਈ ਅੱਜ ਚੁਫੇਰਿਓਂ ਆ, ਭਾਵੀ ਮੌਤ ਨੂੰ ਉਫ਼! ਤਿਆਰ ਕਰਦੀ। ਅੱਗੇ ਜਾਣ ਪਿਛਾਹਾਂ ਨਾ ਮੁੜਨ ਜੋਗੇ, ਸ਼ਾਮਤ ਘੁੱਟ ਕੇ ਵਿਚ ਸ਼ਿਕਾਰ ਕਰਦੀ। ਐਸਾ ਵਕਤ ਨਾ ਕਿਸੇ ਪਰ ਕਦੇ ਆਯਾ ਖ਼ਲਕਤ ਮਰ ਗਈ ਸੋਚ ਵਿਚਾਰ ਕਰਦੀ। ਠਾਠਾਂ ਮਾਰਦਾ ਅੱਗੇ ਦਰਯਾ ਵਗਦਾ, ਪਿੱਛੋਂ ਫ਼ੌਜ ਔਂਦੀ ਧੂੰਆਂ ਧਾਰ ਕਰਦੀ। ਗੋਲੇ ਛੁੱਟਦੇ ਫੁੱਟਦੇ ਬੰਬ ਮਾਨੋ, ਮਾਰੋ, ਫੜੋ ਦੀ ਕੂਕ ਪੂਕਾਰ ਕਰਦੀ। ਕੁਦਰਤ ਡਾਢੇ ਦੀ ਵੈਰ ਵਿਹਾਝ ਬੈਠੀ! ਕਿਹੜੇ ਰੰਜ ਪਰ ਅੰਞ ਲਾਚਾਰ ਕਰਦੀ। ਪਲੋ ਪਲੀ ਵਿਚ ‘ਕੇਸਰੀ’ ਦੇਖ ਅੱਗੇ, ਹੋਣੀ ਕੈਡ ਤੋਂ ਕੈਡ ਪਸਾਰ ਕਰਦੀ।
ਸ਼ਾਹੀ ਫ਼ੌਜ ਨਾਲ ਦਸਮੇਸ਼ ਜੀ ਦਾ ਡੱਟ ਕੇ ਜੁੱਧ ਕਰਨੇ ਦਾ ਇਰਾਦਾ ਸਿੰਘਾਂ ਨੇ ਨਿਮ੍ਰਤਾ ਨਾਲ ਮਨਾਹੀ ਕਰਨੀ
ਸਾਹਿਬ ਆਖਦੇ ਜੰਗ ਦੋ ਟੁੱਕ ਕਰਨਾ, ਵੈਰੀ ਦਲਾਂ ਨੂੰ ਖ਼ਾਲਸਾ ਮਾਰ ਮਰੀਏ। ਏਥੋਂ ਚਲੇ ਜਾਣਾ ਸਮਝੋ ਕਾਇਰੀ ਹੈ ਮਹਾਂ ਕਾਲ ਨੂੰ ਭਾਇ ਸੋ ਕਾਰ ਕਰੀਏ। ਸਨਮੁਖ ਮਾਰ ਮਰਨਾ ਚਿੰਨ੍ਹ ਸੂਰਿਆਂ ਦਾ, ਧਰਮ ਲਈ ਨਾ ਸੋਚ ਵਿਚਾਰ ਕਰੀਏ। ਸਿਰਜਣਹਾਰ ਦਾ ਮੰਨੀਏ ਅੱਜ ਭਾਣਾ, ਭਾਣੇ ਅੱਗੇ ਨਾ ਕੋਈ ਤਕਰਾਰ ਕਰੀਏ। ਸੌਦਾ ਵੇਚੀਏ ਨਕਦ ਖ਼ਰੀਦੀਏ ਵੀ ਨਉਂ ਰੋਕ, ਨਾ ਤੇਰਾਂ ਉਧਾਰ ਕਰੀਏ। ਜੇਹੜਾ ਮਿਸ਼ਨ ਜਹਾਨ ਲੈ ਅਸੀਂ ਆਏ ਅੱਜ, ਓਸਦਾ ਵਣਜ ਵਪਾਰ ਕਰੀਏ। ਵਰ ਮੰਗਿਆ ਮਹਾਂ ਅਕਾਲ ਤੋਂ ਇਹ ਜੁੱਧ ਜੰਗ ਵਿਚ ਜਿੰਦ ਨਿਸਾਰ ਕਰੀਏ। ਦੁਸ਼ਟ ਦਲਾਂ ਨੂੰ ਮਾਰੀਏ ਆਪ ਮਰੀਏ, ਮਰਨ ਵਾਸਤੇ ਹੋਰ ਤਿਆਰ ਕਰੀਏ। ਲਾੜੀ ਮੌਤ ਪਰਨਾਉਣ ਨੂੰ ਖ਼ਾਲਸਾ ਜੀ, ਅਸੀਂ ਚਿਰਾਂ ਤੋਂ ਹਾਰ ਸ਼ਿੰਗਾਰ ਕਰੀਏ। ਘੁੱਟ ਘੁੱਟ ਗਲਵੱਕੜੀ ਅੱਜ ਪਾਈਏ, ਸ਼ਾਦੀ ਮੌਤ ਦੇ ਨਾਲ ਸੁਆਰ ਕਰੀਏ। ਗੁੜ੍ਹਤੀ ਮੌਤ ਦੀ ਮਿਲੀ ਹੈ ਖ਼ਾਲਸੇ ਨੂੰ, ਦੇਸ਼ ਪੰਥ ਪਰ ਜਿੰਦ ਨਿਸਾਰ ਕਰੀਏ। ਮੇਰੀ ਸ਼ਰਤ ‘ਸਰਬੰਸ ਦੇ ਹਾਰਨੇ ਦੀ’, ਪੂਰੀ ਸ਼ਰਤ ਸਰਬੰਸ ਹਾਰ ਕਰੀਏ। ਜਿੰਦ ਨੋਕ ਤਲਵਾਰ ਪਰ ਟੰਗ ਛੱਡੀ, ਜੀਉਣ ਮਰਨ ਦੀ ਸ਼ੰਕ ਉਤਾਰ ਧਰੀਏ। ਸਬਕ ਪੰਥ ਨੂੰ ਦੱਸ ਕੁਰਬਾਨੀਆਂ ਦਾ, ਵੱਧ ਵੱਧ ਕੇ ਹੋਰ ਬਲਕਾਰ ਕਰੀਏ। ਭਾਰਤ ਵਰਸ਼ ਪਰ ਅੱਜ ਕੁਰਬਾਨ ਹੋਈਏ, ਨਾਲ ਆਪਣਾ ਆਰ ਪਰਿਵਾਰ ਕਰੀਏ। ਧਰਤੀ ਖੂਨ ਦੀ ਬਹੁਤ ਪਿਆਸੜੀ ਹੈ, ਤ੍ਰਿਪਤ ਏਸ ਨੂੰ ਭਲੀ ਪ੍ਰਕਾਰ ਕਰੀਏ। ਰਾਜ਼ੀ ਰਜ਼ਾ ਵਿਚ ਰਹਿਣ ਦਾ ਨਾਮ ਸਿੱਖੀ, ਰਾਜ਼ੀ ਆਪਣਾ ਗੁਰੂ ਕਰਤਾਰ ਕਰੀਏ। ਨਾਟਕ ਖੋਲ ਤਮਾਸ਼ੇ ਨੂੰ ਬੰਦ ਕਰੀਏ, ਕਾਹਨੂੰ ਵੱਡੜੇ ਹੋਰ ਪਸਾਰ ਕਰੀਏ। ਫ਼ੌਜ ਆਂਵਦੀ ਏ ਵਾਹੋ ਦਾਹ ਭੱਜੀ, ਨਾਲ ਸ਼ਸਤ੍ਰਾਂ ਖੂਬ ਸਤਕਾਰ ਕਰੀਏ। ਬੀੜੇ ਪਾਨ ਦੇ ਦੇਵੀਏ ਔਂਦਿਆਂ ਨੂੰ, ਮੁਖੜੇ ਰੰਗ ਕੇ ਲਾਲ ਰੁਖ਼ਸਾਰ ਕਰੀਏ। ਹੁਣ ਤਾਂ ਗਗਨ ਦਮਾਮੜਾ ਵੱਜਿਆ ਹੈ, ਨੰਗੀ ਲਸ਼ਕਦੀ ਹੱਥ ਤਲਵਾਰ ਕਰੀਏ। ਲੋਹੇ ਨਾਲ ਖੜਕਾਵੀਏ ਖ਼ੂਬ ਲੋਹਾ! ਬੱਸ ਮਾਮਲਾ ਵਾਰ ਯਾ ਪਾਰ ਕਰੀਏ। ਕਿਲ੍ਹਾ ਛੱਡ ਆਏ, ਦੁਸ਼ਮਨ ਛੱਡਦਾ ਨਾ, ਜਾਂ ਹੁਣ ਮਰੋ, ਜਾਂ ਵੈਰੀ ਸੰਘਾਰ ਕਰੀਏ। ਕੁਦਰਤ ਚਾਹੁੰਦੀ ਜੇ ਇਮਤਿਹਾਨ ਲੈਣਾ, ਕੰਮ ਏਸ ਦੀ ਮੰਗ ਅਨੁਸਾਰ ਕਰੀਏ। ਸਰਸਾ ਚਾਹੁੰਦਾ ਘੁੱਟ ਕੇ ਵਿਚ ਮਾਰਾਂ, ਦੁਸ਼ਮਨ ਲੋੜਦੇ ਕੁੱਟ ਸ਼ਿਕਾਰ ਕਰੀਏ। ਪੱਤਾ ਪੱਤਾ ਅੱਜ ਵੈਰੀ ਹੈ ਖ਼ਾਲਸੇ ਦਾ, ਦੱਸੋ ਕੌਣ ਕੋਈ ਮਦਦਗਾਰ ਕਰੀਏ। ਰਣ ਵਿਚ ਤਿੰਨਾਂ ਬਗ਼ੈਰ ਨਾ ਕੋਈ ਸਾਥੀ, ਸਾਥੀ ਹੱਥ ’ਤੇ ਹੀਆਂ, ਕਟਾਰ ਕਰੀਏ। ਬਚ ਕੇ ਜਾਣ ਦੀ ਆਸ ਉਮੀਦ ਛੱਡੋ, ਸਨਮੁਖ ਹੋਇ ਕੇ ਜੰਗ ਵੰਗਾਰ ਕਰੀਏ। ਏਸ ਘੜੀ ਤੋਂ ਕੇਹੜੀ ਸੁਲੱਖਣੀ ਹੈ ? ਕਿਉਂ ਨਾ ਏਸ ਵਿਚ ਐਡ ਉਪਕਾਰ ਕਰੀਏ। ਏਸ ਦੇਹ ਨੇ ਅੰਤ ਨੂੰ ਥੇਹ ਰਲਣਾ, ਇਸ ਦੇ ਨਾਲ ਨਾ ਖ਼ਾਲਸਾ ਪਿਆਰ ਕਰੀਏ। ਜਿੱਤ ਹਾਰ ਦਾ ਛੱਡ ਖ਼ਿਆਲ ਸਾਰਾ, ਜੰਗ ਫ਼ੈਸਲਾ ਕੁਨ ਸੁਆਰ ਕਰੀਏ। ਅੰਵ ‘ਕੇਸਰੀ’ ਕਹੇ ਦਸਮੇਸ਼ ਦੂਲਾ! ਉਥੋਂ ਖ਼ਾਲਸਾ ਜੀ ਧੂੰਆਂ ਧਾਰ ਕਰੀਏ।
ਸਿੰਘਾਂ ਨੇ ਹੱਥ ਜੋੜ ਕੇ ਬਿਨੇਯ ਕਰਨੀ ਕਿ ਮਹਾਰਾਜ ! ਜੰਗ ਕਰਨਾ ਯੋਗ ਨਹੀਂ ਬਲਕਿ ਸਰਸਾ ਪਾਰ ਹੋ ਜਾਣਾ ਯੋਗ ਹੈ ! !
ਹੱਥ ਜੋੜ ਕੇ ਸਿੰਘਾਂ ਨੇ ਅਰਜ਼ ਕੀਤੀ, ਲੜਨ ਮਰਨ ਨੂੰ ਸਿੰਘ ਤਿਆਰ ਸ਼ਾਹਾ। ਕਾਇਨਾਤ ਇਸ਼ਾਰਿਆਂ ਵਿਚ ਤੇਰੇ ! ਸਿੰਘ ਕੌਣ ਜੋ ਕਰਨ ਇਨਕਾਰ ਸ਼ਾਹਾ। ਜੀਉਣ ਮਰਨ ਦੀ ਨਹੀਂ ਵਿਚਾਰ ਸਾਨੂੰ, ਨਾਹੀ ਨਾਲ ਮੜੌਲੀਆਂ ਪਿਆਰ ਸ਼ਾਹਾ। ਤੇਰੀ ਗਲੀ ਵਿਚ ਰੱਖਿਆ ਪੈਰ ਜਿਸ ਦਿਨ, ਸੀਸ ਗਰਦਣੋਂ ਲਿਆ ਉਤਾਰ ਸ਼ਾਹਾ। ਸਾਡਾ ਆਪਣਾ ਆਪ, ਨਾ ਆਪਣਾ ਹੈ, ਕੀਤਾ ਪੰਥ ਪਰ ਸਭੋ ਨਿਸਾਰ ਸ਼ਾਹਾ। ਜਾਨ ਤਲੀ ਧਰ ਯਾਰ ਦੀ ਗਲੀ ਆਏ, ਤਨ ਮਨ ਤੇ ਧਨ ਆਹ! ਵਾਰ ਸ਼ਾਹਾ। ਤੇਰੇ ਪਿਤਾ, ਪਿਤਾਮਾ ਨੇ ਧਰਮ ਉੱਤੇ, ਮਰਨਾ ਦੱਸਿਆ ਠੀਕ ਹੈ ਸਾਰ ਸ਼ਾਹਾ। ਸਾਨੂੰ ਜੋਸ਼ ਹੈ ਉਨ੍ਹਾਂ ਕੁਰਬਾਨੀਆਂ ਦਾ, ਮਰਨਾ ਸਿੱਖਿਆ ਸਿੱਖ ਨੇ ਸੁਆਰ ਸ਼ਾਹਾ। ਪਰ ਅੱਜ ਸਮਾਂ ਨਾ ਤੇਰੀ ਸ਼ਹੀਦੀਆਂ ਦਾ, ਤੂੰ ਹੈਂ ਪੰਥ ਦਾ ਰੌਸ਼ਨ ਮੁਨਾਰ ਸ਼ਾਹਾ। ਕੌਣ ਰਾਹਬਰੀ ਪੰਥ ਦੀ ਕਰੂ ਕੋਈ? ਤੇਰੇ ਬਾਝ ਪੈ ਜਾਊ ਅੰਧਾਰ ਸ਼ਾਹਾ। ਸਿੱਖ ਮਰਨਗੇ ਕਰੇਂ ਤੂੰ ਹੋਰ ਪੈਦਾ, ਮੰਬਾ ਸਿੱਖੀ ਦਾ ਅਪਰ ਅਪਾਰ ਸ਼ਾਹਾ। ਖ਼ਤਮ ਹੋਣਗੇ ਅੰਮ੍ਰਿਤ ਪਿਆਲ ਕੇ ਤੂੰ, ਕਰ ਸੈਂ ਇਕ ਤੋਂ ਕੇਇ ਹਜ਼ਾਰ ਸ਼ਾਹਾ।
ਤੇਰੇ ਸਾਏ ਦੀ ਲੋੜ ਹੈ ਹੋਰ ਹਾਲਾਂ, ਇਸ ਪਰ ਯੋਗ ਨਾ ਹੋਰ ਤਕਰਾਰ ਸ਼ਾਹਾ। ਅਸੀਂ ਮਰਾਂਗੇ ਮਾਰਾਂਗੇ ਵੈਰੀਆਂ ਨੂੰ, ਅੰਮ੍ਰਿਤ ਸਮੇਂ ਦਾ ਇਹੋ ਇਕਰਾਰ ਸ਼ਾਹਾ। ਬੱਸ ‘ਕੇਸਰੀ’ ਦੇਸ਼ ਅਰ ਪੰਥ ਉੱਤੇ, ਕਰ ਵੱਧ ਤੋਂ ਵੱਧ ਉਪਕਾਰ ਸ਼ਾਹਾ।
ਸਿੰਘਾਂ ਦਾ ਪਰਸਪਰ ਹੋਰ ਸਲਾਹ ਮਸ਼ਵਰਾ ਕਰਨਾ
ਸਿੰਘਾਂ ਮਸ਼ਵਰਾ ਦਿੱਤਾ ਦਸਮੇਸ਼ ਜੀ ਨੂੰ, ਛਾਲਾਂ ਮਾਰ ਦਰਯਾ ਤੋਂ ਪਾਰ ਹੋਵੋ। ਫ਼ੌਜ ਕੜਕਦੀ ਪਿੱਛੇ ਤੋਂ ਆ ਰਹੀ ਹੈ, ਢਿੱਲ ਕਰੋ ਨਾ ਝੱਟ ਹੁਸ਼ਯਾਰ ਹੋਵੋ। ਘੇਰੇ ਵਿਚ ਮਰ ਜਾਵਣਾ ਨਹੀਂ ਚੰਗਾ, ਇਕ ਦੂਸਰੇ ਦਾ ਮਦਦਗਾਰ ਹੋਵੋ। ਕੁੱਦ ਪਓ ਕਰਤਾਰ ਦਾ ਨਾਮ ਲੈ ਕੇ, ਦੇਸ਼ ਪੰਥ ਦੇ ਉੱਤੇ ਨਸਾਰ ਹੋਵੋ।
ਪੁਨਾ :
ਜੇਹੜਾ ਜਥਾ ਤਰਾਕ ਹੈ ਬਹੁਤ ਵੱਡਾ, ਡੋਲੇ ਮਹਿਲਾਂ ਦੇ ਚੁੱਕ ਕੇ ਪਾਰ ਹੋਵੇ। ਰੱਥ ਮਾਤਾ ਦੇ ਛੇਤੀ ਲੰਘਾਓ ਸਿੰਘੋ, ਮਾਤਾ ਲੰਘਣਾਂ ਫੇਰ ਦੁਸ਼ਵਾਰ ਹੋਵੇ। ਪਾਣੀ ਉਪਰੋਂ ਹੋਰ ਆ ਚੜ੍ਹ ਗਿਆ ਜੇ, ਔਖੀ ਲੰਘਣੀ ਮੰਝਲੀ ਧਾਰ ਹੋਵੇ। ਬੱਸ ‘ਕੇਸਰੀ’ ਕਰੋ ਨਾ ਦੇਰ ਸਿੰਘੋ! ਪਲ ਬੀਤਿਆਂ ਕਹਿਰ ਕਹਾਰ ਹੋਵੇ।
ਖ਼ਾਲਸਾਈ ਫ਼ੌਜ ਨੇ ਸਰਸਾ ਨਦੀ ਵਿਚ ਠੱਲ੍ਹ ਪੈਣਾ
ਪਲੋ ਪਲੀ ਵਿਚ ਖ਼ਾਲਸਾ ਮਾਰ ਛਾਲਾਂ, ਠਿੱਲ੍ਹ ਪਿਆ ਦਰਯਾ ਵਿਚਕਾਰ ਲੋਕੋ। ਪਾਣੀ ਉਪਰੋਂ ਜ਼ੋਰ ਦਾ ਹੋਰ ਆਇਆ, ਕੇਡ ਵਰਤਿਆ ਕਹਿਰ ਕਹਾਰ ਲੋਕੋ। ਜੇਹੜੇ ਸਿੰਘ ਤੈਰਾਕ ਸੋ ਪਾਰਿ ਹੋਏ, ਬਹੁਤੇ ਡੁੱਬ ਮੋਏ ਮੰਝਧਾਰ ਲੋਕੋ। ਮਾਲ ਜ਼ੇਵਰਾਂ ਦਾ ਲੇਖਾ ਨਹੀਂ ਕੋਈ, ਡੁੱਬ ਗਿਆ ਹੈ ਬੇਸ਼ੁਮਾਰ ਲੋਕੋ। ਖਰੜੇ ਪੁਸਤਕਾਂ ਦੇ ਕੇਈ ਸਾਲ ਅੰਦਰ, ਕੀਤੇ ਮਿਹਨਤਾਂ ਨਾਲ ਤਿਆਰ ਲੋਕੋ। ਬਾਵਨ ਕਵੀ“, ਕਵੀਸ਼ਰੀ ਕਰਨ ਵਾਲੇ, ਮਹਾਰਾਜ ਦੇ ਰਾਜ ਦਰਬਾਰ ਲੋਕੋ। ਅਰਬੀ, ਫ਼ਾਰਸੀ, ਭਾਸ਼ਾ ਤੇ ਸੰਸਕ੍ਰਿਤੋਂ, ਕੀਤੇ ਤਰਜਮੇ ਕਈ ਹਜ਼ਾਰ ਲੋਕੋ। ਨਵੇਂ ਰਚੇ ਅਨੁਵਾਦ ਤੇ ਨਸਰ, ਨਜ਼ਮਾਂ ਰੰਗਾ ਰੰਗ ਦੇ ਅਪਰ ਅਪਾਰ ਲੋਕੋ। ਸਰਸਾ ਨਦੀ ਵਿਚ ਗ਼ਰਕ ਹੋ ਗਏ, ਸਾਰੇ ਭਰੇ ਵਿੱਦਯਾ ਕੋਸ਼ ਭੰਡਾਰ ਲੋਕੋ। ਗਿਣਤੀ ਹੋਰ ਸਾਮਾਨ ਦੀ ਨਹੀਂ ਹੁੰਦੀ, ਤਰ੍ਹਾਂ ਤਰ੍ਹਾਂ ਦੇ ਬਹੁਤ ਹਥਯਾਰ ਲੋਕੋ। ਪੈਦਲ ਸਿੰਘ ਤੇ ਹੋਰ ਸਵਾਰ ਘੋੜੇ, ਹਾਏ ਰੁੜ੍ਹ ਗਏ! ਮੰਝਲੀ ਧਾਰ ਲੋਕੋ। ਭਿੱਜੇ ਕੱਪੜੇ ਧੂਹ, ਘਸੀਟ ਕਰਕੇ, ਬੱਚੇ ਬਿਰਧ ਮਾਤਾ, ਕੀਤੇ ਪਾਰ ਲੋਕੋ। ਖੇਰੂ ਖੇਰੂ ਅੱਜ ਪੰਥ ਹੋ ਗਿਆ ਸਾਰਾ, ਦਿੱਤੀ ਪੰਥ ਨੂੰ ਕਿਸਮਤ ਨੇ ਹਾਰ ਲੋਕੋ। ਜ਼ਖ਼ਮੀ ਹੋ ਗਏ, ਮਰ ਗਏ, ਹੜ੍ਹ ਗਏ ਨੇ, ਕਈ ਪਾਸਿਓਂ ਵਿਛੁੜੀ ਡਾਰ ਲੋਕੋ। ਰਹੀ ਮਾਵਾਂ ਨੂੰ ਸਿਆਣ ਨਾ ਪੁੱਤ੍ਰਾਂ ਦੀ, ਵਰਤ ਗਈ ਇਕੁਰ ਹੋਣਹਾਰ ਲੋਕੋ। ਬਿਪਤਾ ਪੰਥ ਪਰ ਪੈ ਗਈ ਹਾਏ ਰੱਬਾ! ਤਿਤਰ ਬਿਤਰ ਹੋ ਗਿਆ ਪਰਿਵਾਰ ਲੋਕੋ। ਬੀੜਾ ਚੁੱਕਿਆ ਦੇਸ਼ ਦੇ ਭਲੇ ਖ਼ਾਤਰ, ਗ਼ੁੱਸੇ ਹੋ ਗਿਆ ਫੇਰ ਕਰਤਾਰ ਲੋਕੋ। ਐਸੀ ਹੋਈ ਨਾ ਕਿਸੇ ਦੇ ਨਾਲ ਹੋਣੀ, ਵਰਤੀ ਨਾਲ ਜੋ ਗੁਰੂ ਕਰਤਾਰ ਲੋਕੋ। ਪੰਥ ਗਿਆ ਪਰਿਵਾਰ ਵੀ ਗਿਆ ਨਾਲੇ, ਸੁਖ ਸੰਪਤੀ ਗਈ ਪਧਾਰ ਲੋਕੋ। ਘਰ ਛੱਡਿਆ, ਪੁਰੀ ਅਨੰਦ ਛੱਡੀ, ਸਾਰੇ ਸੁੱਖਾਂ ਦਾ ਹੋਇਆ ਸਸਕਾਰ ਲੋਕੋ। ਅੱਜ ਵਾਸਤੇ ਪਰਉਪਕਾਰ ਦੇ ਜੀ, ਪਾਏ ਗਲੇ ਵਿਚ ਦੁੱਖਾਂ ਦੇ ਹਾਰ ਲੋਕੋ। ਪਿਆਰੇ ਸਿੱਖਾਂ ਦੇ ਕਰੇ ਸਰਬੰਸ ਸਦਕੇ ! ਦਿੱਤਾ ਆਪਣਾ ਸਭੋ ਕੁਝ ਵਾਰ ਲੋਕੋ। ਐਡਾ ਦੁੱਖ ਨਾ ਕਿਸੇ ਨੂੰ ਪਏ ਆ ਕੇ, ਇੱਕੋ ਵਾਰ ਹੋ ਗਈ ਭਰਮਾਰ ਲੋਕੋ। ਸਰਸਾ ਨਦੀ ਵੀ ਵੈਰ ਵਿਹਾਝ ਬੈਠੀ, ਕੀਤਾ ਏਸ ਨੇ ਪੰਥ ਸ਼ਿਕਾਰ ਲੋਕੋ। ਪੱਤਾ ਪੱਤਾ ਅੱਜ ਵੈਰੀ ਹੈ ਖ਼ਾਲਸੇ ਦਾ, ਪੌਣ ਪਾਣੀ ਤੇ ਰੁੱਤ ਬਹਾਰ ਲੋਕੋ। ਮੀਂਹ ਵੱਸਦਾ ਰਾਤ ਹਨੇਰੜੀ ਹੈ, ਵੈਰੀ ਹੋ ਗਿਆ ਸਰਬ ਸੰਸਾਰ ਲੋਕੋ। ਸਿਰ ‘ਤੇ ਦੁੱਖਾਂ ਦਾ ਚੁੱਕ ਪਹਾੜ ਬੈਠਾ! ਦਸਮ ਪਾਤਸ਼ਾਹ ਐਡ ਬਲਕਾਰ ਲੋਕੋ। ਫ਼ਰਕ ਪਿਆ ਇਰਾਦੇ ਵਿਚ ਨਹੀਂ ਰੱਤੀ, ਭਾਣਾ ਹੱਸ ਕੇ ਲਿਆ ਸਹਾਰ ਲੋਕੋ। ਖੇਲ ਖੇਲਦਾ ਫੇਰ ਅਖੇਲ ਸੀ ਓਹ, ਦੁੱਖ ਸੁੱਖ ਸੰਦਾ ਜ਼ਿੰਮੇਵਾਰ ਲੋਕੋ। ਸਾਡੀ ਕਲਪਨਾ ਕੇਸਰੀ ਕਾਇਰਾਂ ਦੀ, ਉਸ ਦੇ ਰੰਗ ਹਨ ਅਨਕ ਪ੍ਰਕਾਰ ਲੋਕੋ।
ਸ੍ਰੀ ਗੁਰੂ ਕਲਗੀਧਰ ਜੀ ਨੇ ਸਰਸਾ ਨਦੀ ਨੂੰ ਸਰਾਪਤ ਕਰਨਾ
ਸਰਸਾ ਨਦੀ ਦੇ ਦੇਖ ਕੇ ਕਾਰਿਆਂ ਨੂੰ, ‘ਕਲਗੀਧਰ’ ਸਰਾਪ ਉਚਾਰ ਦਿੱਤਾ। ‘ਸਰਸਾ“ ਨਾਗ ਬਡੋ ਗੁਰ ਮਾਰਾ’ ਕਹਿਕੇ, ਪਾਪੀ ਇਸ ਤਰ੍ਹਾਂ ਫਿਟ, ਫਿਟਕਾਰ ਦਿੱਤਾ।
ਸੋਹਣਾ ਸਮਾਂ ਡਿੱਠਾ ਇਸਨੇ ਅੰਞ ਚੜ੍ਹਿਆ! ਪੰਥ ਖ਼ਾਲਸਾ ਰੋੜ੍ਹ ਵਿਚ ਧਾਰ ਦਿੱਤਾ। ਪਿਛੋਂ ਫ਼ੌਜ ਔਂਦੀ ਅੱਗੋਂ ਰੋਕ ਪਾ ਕੇ, ਬੰਨ੍ਹ ਪੰਥ ਨੂੰ ਐਨ ਵਿਚਕਾਰ ਦਿੱਤਾ। ਜ਼ੁਲਮੀ ਨਾਲਾ ਹਮਾਇਤੀ ਜ਼ਾਲਮਾਂ ਦਾ, ਇਸ ਨੇ ਸੈਂਕੜੇ ਸਿੰਘ ਹੈ ਮਾਰ ਦਿੱਤਾ। ਇਸ ਦੇ ਨਾਮ ਕਲੰਕ ਇਹ ਲੱਗਿਆ ਹੈ, ਖੇਰੂ ਖੇਰੂ ਕਰ ਪੰਥ ਸੰਘਾਰ ਦਿੱਤਾ। ਜ਼ਾਲਮ ਜ਼ੁਲਮ ਪਰ ਤੁਲ ਗਿਆ ਏਸ ਭਾਂਤੀ, ਜਨਮ ਜਨਮ ਦਾ ਵੈਰ ਚਿਤਾਰ ਦਿੱਤਾ। ਬੱਸ ‘ਕੇਸਰੀ’ ਜਦੋਂ ਉਲੰਘਣਾ ਹੋ, ਪੌਲਾ ਪਾਜੀ ਦੇ ਸੀਸ ਵਿਚ ਮਾਰ ਦਿੱਤਾ।
ਦੋਹਰਾ
ਭਿੱਜਦੇ, ਡੁੱਬਦੇ, ਉਭਰਦੇ, ਹੜ੍ਹਦੇ, ਰੁੜ੍ਹਦੇ ਧਾਰ। ਬਚੇ ਜੋ ਹਾਲਤ ਬੁਰੀ ਵਿਚ, ਹੋਏ ਸਰਸਾ ਪਾਰ।
ਇਕ ਸਿੱਖ ਦਿਲਵਾਲੀਆ ਨਾਲ ਹੋ ਕੇ, ਡੋਲੇ ਮਾਤਾ ਦੇ ਸਾਥ ਲਜਾਂਵਦਾ ਈ। ਰੋਪੜ ਠਹਿਰ ਕੇ ਰਾਤ ਸੰਬੰਧੀਆਂ ਦੇ, ਚੁੱਪ ਚਾਪ ਚਾਲੇ ਦਿੱਲੀ ਪਾਂਵਦਾ ਈ। ਵੱਡੇ ਮਾਤਾ ਤੇ ਛੋਟੇ ਦੁਲਾਰਿਆਂ ਨੂੰ, ਰੋਪੜ ਸਿੱਖ ਇਕ ਹੋਰ ਪੁਜਾਂਵਦਾ ਈ। ਓਥੋਂ ਗੰਗੂ ਰਸੋਈਆ ਗੁਰੂ ਜੀ ਦਾ, ਆਪਣੇ ਪਿੰਡ ਸਹੇੜੀ ਲਿਆਂਵਦਾ ਈ। ਕਥਾ ਇਨ੍ਹਾਂ ਦੀ ਯੋਗ ਥਾਂ ਲਿਖੀ ਜਾਊ, ਕਟਕ ਗੁੱਜਰਾਂ ਦਾ ਅਗੋਂ ਆਂਵਦਾ ਈ। ਕਸਬਾ ਰੋਪੜ ਦੇ ਆਲੇ ਦੁਆਲਿਆਂ ਦਾ, ਮੁਲਖ ਉੱਠ ਉਸਟੰਡ ਜਗਾਂਵਦਾ ਈ। ਪਿਛਲੀ ਫ਼ੌਜ ਦਰਯਾ ਤੋਂ ਪਾਰ ਅਟਕੀ, ਦੁਸ਼ਮਨ ਅੱਗਿਓਂ ਅੱਗ ਵਰਸਾਂਵਦਾ ਈ। ਸਿੰਘ ਪਏ ਲਲਕਾਰ ਕੇ ਧਾੜ ਉੱਤੇ, ਖੰਡਾ ਸ੍ਰੀ ਦਸਮੇਸ਼ ਖੜਕਾਂਵਦਾ ਈ। ਕੱਟ ਵੱਢ ਦੁਵੱਲਿਓਂ ਸ਼ੁਰੂ ਹੋਈ, ਜੱਥਾ ਮਾਰ, ਮਰਦਾ ਨਾਲ਼ੇ ਧਾਂਵਦਾ ਈ। ਦੁਸ਼ਮਨ ਸਿੰਘਾਂ ਨੇ ਮਾਰ ਖ਼ੁਆਰ ਕੀਤੇ! ਗੁਰੂ ਖ਼ਾਲਸਾ ਹੱਥ ਦਿਖਾਂਵਦਾ ਈ। ਰੋਪੜ ਤੀਕ ਮਦਾਨ ਹੋ ਗਿਆ ਖ਼ਾਲੀ, ਵੈਰੀ ਭੱਜਿਆ ਨਜ਼ਰ ਨਾ ਆਂਵਦਾ ਈ। ਫ਼ੌਜ ਖ਼ਾਲਸਾ ਵੀ ਤਿਤਰ ਬਿਤਰ ਹੋਈ, ਘਾਟਾ ਪੈਂਦਾ ਚੁਫੇਰਿਓਂ ਆਂਵਦਾ ਈ। ਕੇਈ ਜੰਗ ਵਿਚ ਸਿੰਘ ਸ਼ਹੀਦ ਹੋਏ, ਸਰਸਾ ਕਿਤਨਿਆਂ ਤਾਈਂ ਰੁੜ੍ਹਾਂਵਦਾ ਈ। ਜ਼ਖ਼ਮੀ ਹੋਇ ਡਿੱਗੇ ਕੇਈ ਵਿਚ ਰਸਤੇ, ਕੌਣ ਉਨ੍ਹਾਂ ਨੂੰ ਹਾਏ! ਉਠਾਂਵਦਾ ਈ। ਬਿਪਤਾ ਚਾਰ ਚੁਫੇਰਿਓਂ ਪਈ ਸਿਰ ’ਤੇ, ਪੰਥ ਮੁੱਕ ਚੁੱਕਾ ਨਜ਼ਰ ਆਂਵਦਾ ਈ। ਬਾਨੀ ਪੰਥ ਦਾ ‘ਕੇਸਰੀ’ ਨਾਲ ਹੀ ਸੀ, ਜੇਹੜਾ ਚਾਹੁੰਦਾ ਆਪ ਬਣਾਂਵਦਾ ਈ।
ਰਾਤ ਦੇ ਜੁੱਧ ਦਾ ਭੈਦਾਯਕ ਨਜ਼ਾਰਾ
ਰੋਪੜ ਤੀਕ ਲੈ ਸ੍ਰੀ ਅਨੰਦ ਪੁਰ ਤੋਂ, ਦੋਹਾਂ ਦਲਾਂ ਦੀ ਫ਼ੌਜ ਅਪਾਰ ਮੋਈ। ਪਈ ਲੋਥ ਪਰ ਲੋਥ ਹੈ ਚੜ੍ਹੀ ਹੋਈ, ਜੰਗ ਰਾਤ ਨੂੰ ਕਹਿਰ ਕਹਾਰ ਹੋਈ।
ਸ਼ੋਰ ਪੈ ਗਿਆ ਰਾਤ ਨੂੰ ਦੂਰ ਨੇੜੇ, ਖ਼ਬਰਾਂ ਪਹੁੰਚੀਆਂ ਕੂਕ ਪੁਕਾਰ ਹੋਈ। ਵੀਹ ਕੋਹ ਤਕ ਲਹੂ ਲੁਹਾਨ ਦਿੱਸੇ, ਲਾਲੋ ਲਾਲ ਧਰਤੀ ਇਸ ਪਰਕਾਰ ਹੋਈ।
ਮਾਸਾ ਹਾਰ ਪੰਖੀ, ਗਿੱਦੜ, ਗਿੱਧ, ਕੁੱਤੇ, ਮਾਸ ਖਾਣ ਆਹ! ਕੈਡ ਬਹਾਰ ਹੋਈ। ਫ਼ੌਜ ਖ਼ਾਲਸੇ ਦੀ ਭਾਵੇਂ ਸੀਗੀ ਥੋੜੀ, ਦੁਸ਼ਮਨ ਲਈ ਬਹੁਤ ਬਲਕਾਰ ਹੋਈ।
ਆਹੂ ਲਾਹ ਸਿੱਟੇ ਕੋਹੀ ਲਸ਼ਕਰਾਂ ਦੇ, ਸ਼ਾਹੀ ਫ਼ੌਜ ਪਰ ਖ਼ੂਬ ਭਰਮਾਰ ਹੋਈ। ਇ” ਇਕ ਨੇ ਬੀਸ ਪਚਾਸ ਕੱਟੇ, ਵੈਰੀ ਗੋਲ ਸਿੱਟੇ ਮਾਰੋ ਮਾਰ ਹੋਈ। ਲੜੀ ਜੰਗ ਫ਼ਰੇਬੀਆਂ ਨਾਲ ਧੋਖੇ, ਆਹਮੋ ਸਾਹਮਣੇ ਨਹੀਂ ਤਲਵਾਰ ਹੋਈ। ਪਿੱਛਾ ਤਕ ਵਿਸਾਹ ਦਾ ਘਾਤ ਕੀਤਾ, ਦੀਨ ਦੁਨੀ ਅੰਦਰ ਹਾ ਹਾ! ਕਾਰ ਹੋਈ। ਸਿਦਕ ਨਾਲ ਜੋ ਖ਼ਾਲਸੇ ਜੰਗ ਜੂਝੇ, ਸੱਚ ਖੰਡ ਜਾ ਕੇ ਜੈ ਜੈ ਕਾਰ ਹੋਈ। ਫ਼ੌਜ ਖ਼ਾਲਸੇ ਦੀ ਸੀਗੀ ਨਾਉਂ-ਮਾਤਰ, ਉਹ ਵੀ ਦਗ਼ੇ ਦਾ ਅੰਤ ਸ਼ਿਕਾਰ ਹੋਈ। ਹੱਥ ਲਾਏ ਚਖਾਏ, ਪਰ ਸੁਆਦ ਐਕੁਰ ਰੰਡੀ ਦੁਸ਼ਮਨਾਂ ਦੀ ਲੱਖਾਂ ਨਾਰ ਹੋਈ। ਧਾਕ ਪੈ ਗਈ ਸਿੰਘ ਬਹਾਦਰਾਂ ਦੀ, ਕੌਮ ਧਰਮ ਪਰ ਖ਼ੂਬ ਨਸਾਰ ਹੋਈ।
ਸੜੇ ਸਿੱਖ ਪਰਵਾਨਿਆਂ ਵਾਂਗ ਸਾਰੇ, ਹਿੰਮਤ ਸਾਰੇ ਜਹਾਨ ਸਤਕਾਰ ਹੋਈ। ਭਾਵੇਂ ਪੰਥ ਦਾ ਰਿਹਾ ਨਾ ਕੁਝ ਬਾਕੀ, ਸੁਖ ਸੰਪਤੀ ਧਰਮ ਪਰ ਵਾਰ ਹੋਈ। ਕੱਟ ਵੱਢ ਹੋਈ ਰੁੜ੍ਹੀ ਵਿਚ ਸਰਸੇ, ਭਾਂਤ ਭਾਂਤ ਤੋਂ ਖਿੰਡ ਖ਼ੁਆਰ ਹੋਈ। ਹਿੰਮਤ ਹੌਂਸਲਾ ਫੇਰ ਵੀ ਟੁੱਟਿਆ ਨਾ, ਬਰਕਤ ਸਤਿਗੁਰੂ ਅਪਰ ਅਪਾਰ ਹੋਈ।
ਸ੍ਰੀ ਗੁਰੂ ਦਸਮੇਸ਼ ਜੀ ਨੇ ਪਠਾਣਾਂ ਦੇ ਕੋਟਲੇ ਆ ਕੇ ਚੂਨੇ ਦਾ ਪੱਕ ਰਿਹਾ ਭੱਠਾ ਸ਼ਾਂਤ ਕਰਨਾ
ਰੋਪੜ ਠਹਿਰ ਕੇ ਰਾਤ ਨੂੰ ਤੁਰੇ ਅੱਗੇ, ਪਿੰਡ ਕੋਟਲੇ ਦੇ ਵਿਖੇ ਚਰਨ ਪਾਏ। ਮੁਸਲਮਾਨ ਪਠਾਣਾਂ ਨੇ ਕਰੀ ਸੇਵਾ, ਦੁੱਖ ਉਨ੍ਹਾਂ ਦੇ ਸਤਿਗੁਰੂ ਹਰਨ ਆਏ। ਜੇਹੜੇ ਹੋਏ ਬੇਮੁਖ, ਬੇਮੁਖ ਹੋਏ, ਪਾਰ ਹੋ ਗਏ ਓ ਜੇਹੜੇ ਸ਼ਰਨ ਆਏ। ਜਿਨ੍ਹਾਂ ਥਾਵਾਂ ਦੇ ‘ਕੇਸਰੀ’ ਭਾਗ ਚੰਗੇ, ਪਾਵਨ ਉਨ੍ਹਾਂ ਅਸਥਾਨਾਂ ਨੂੰ ਕਰਨ ਆਏ।
ਦੋਹਰਾ
ਕਲਗੀਧਰ ਸੀ ਕੌਤਕੀ, ਕੌਤਕ ਅਜਬ ਕਮਾਲ। ਤਪਦਾ ਭੱਠਾ ਬੁਝ ਗਿਆ, ਸੁਣੋ ਮੁਖਤਸਿਰ ਹਾਲ।
ਪਦ ਫਿਰਨਾ ਛੰਦ
ਕੋਟਲਾ ਨਿਹੰਗਾਂ ਦਾ ਹੈ ਇੱਕ ਗਾਉਂ ਜੀ। ਉੱਘਾ ਦੂਰ ਤੀਕ ਹੋ ਗਿਆ ਹੈ ਨਾਉਂ ਜੀ। ਉਹਦੀ ਜੂਹ ਵਿਚ ਗੁਰੂ ਜੀ ਪਧਾਰਦੇ। ਕਿਹ ਕਿਸੇ ਤਾਈਂ ਡਾਢੇ ਨਾਲ ਪਿਆਰ ਦੇ।
“ਠਹਿਰਨੇ ਦੇ ਲਈ ਦੱਸ ਖ਼ਾਂ ਇਕਾਂਤ ਜੀ।” ਮੱਚ ਰਿਹਾ ਭੱਠਾ ਹੋ ਗਿਆ ਹੈ ਸ਼ਾਂਤ ਜੀ।੧॥
ਚੂਨੇ ਦਾ ਸੀ ਭੱਠਾ ਇਕ ਓਥੇ ਪੱਕ ਦਾ। ਉੱਥੇ ਨੂੰ ਇਸ਼ਾਰਾ ਕਰ ਹੱਥ ਚੱਕ ਦਾ। ਗੁਰੂ ਜੀ ਨੇ ਵਾਗ ਘੋੜੇ ਦੀ ਭਵਾਈ ਹੈ।
ਸੁੰਮ ਨੀਲੇ ਘੋੜੇ ਭੱਠੇ ’ਤੇ ਟਿਕਾਈ ਹੈ।
ਇਥੋਂ ਦਾ ਅਜੀਬ ਸੁਣੋ ਬ੍ਰਿਤਾਂਤ ਜੀ। ਮੱਚ ਰਿਹਾ ਭੱਠਾ ਹੋ ਗਿਆ ਹੈ ਸ਼ਾਂਤ ਜੀ।੨।
ਘੋੜੇ ਨੇ ਟਿਕਾਇਆ ਸੁੰਮ ਉੱਤੇ ਵਾਰ ਜੇ। ਤਤ ਖਿਨ ਭੱਠਾ ਹੋਇਆ ਠੰਢਾ ਠਾਰ ਜੇ। ਅੱਜ ਤੀਕ ਪੌੜ ਦਾ ਪਿਆ ਨਿਸ਼ਾਨ ਹੈ। ਯਾਦਗਾਰ ਗੁਰੂ ਦੀ ਬਣੀ ਮਹਾਨ ਹੈ। ਅਜ਼ਮਤ ਆਖੋ, ਭਾਵੇਂ ਕਰਾਮਾਤ ਜੀ। ਮੱਚ ਰਿਹਾ ਭੱਠਾ ਹੋ ਗਿਆ ਹੈ ਸ਼ਾਂਤ ਜੀ।੩।
ਠੱਠਾ ਜੀਹਨੇ ਕੀਤਾ ਗਿਆ ਸੋ ਹਰਾਨਿਆ। ਪੈਰਾਂ ਉੱਤੇ ਢੱਠਾ ਸੀ ਕਸੂਰ ਮਹਾਨਿਆ। ਜਾਇਕੇ ਪਠਾਣਾਂ ਕੋਲ ਸ਼ੋਰ ਪਾਇਆ ਹੈ। ਭੱਠੇ ਪਾਸ ਕੋਈ ਵਲੀ ਪੀਰ ਆਇਆ ਹੈ।
ਸੇਵਾ ਕਰੋ ਪੀਰ ਜੀ ਦੀ ਭਲੀ ਭਾਂਤ ਜੀ। ਮੱਚ ਰਿਹਾ ਭੱਠਾ ਹੋ ਗਿਆ ਹੈ ਸ਼ਾਂਤ ਜੀ ।४।
ਸੁਣ ਕੇ ਅਜੂਬਾ ਜੀ ਪਠਾਣ ਆਇਆ ਹੈ। ਚਲੋ ਮੇਰੇ ਘਰ ਵਾਸਤਾ ਇਉਂ ਪਾਇਆ ਹੈ। ਸੇਵਾ ਖੂਬ ਕੀਤੀ ਗੁਰੂ ਦਸਮੇਸ਼ ਦੀ। ਜੜ੍ਹ ਕੱਟ ਦਿੱਤੀ ਦੁੱਖ ਤੇ ਕਲੇਸ਼ ਦੀ।
ਬਖ਼ਸ਼ਿਆ ਹੁਕਮ ਨਾਮਾ ਵਿਖਿਯਾਤ ਜੀ। ਮੱਚ ਰਿਹਾ ਭੱਠਾ ਹੋ ਗਿਆ ਹੈ ਸ਼ਾਂਤ ਜੀ।੫॥
ਸ੍ਰੀ ਗੁਰੂ ਜੀ ਦਾ ਬੂਰ-ਮਾਜਰੇ ਵਿਚ ਸੁਸ਼ੋਭਤ ਹੋਣਾ ਅਤੇ ਉਥੇ ਦਸ ਲੱਖ ਹੋਰ ਨਵੀਂ ਫ਼ੌਜ ਦੇ ਆਉਣ ਦੀ ਖ਼ਬਰ ਮਿਲਣੀ
ਕਲਗ਼ੀ ਵਾਲੜੇ ਗੁਰੂ ਦਸਮੇਸ਼ ਦੂਲੇ, ਬੂਰ-ਮਾਜਰੇ ਪਿੰਡ ਦੀ ਜੂਹ ਆਏ। ਦੱਖਣ ਦਿਸ਼ਾ ਵੱਲ ਪਿੰਡ ਤੋਂ ਸਜੇ ਸਤਿਗੁਰ, ਪਾਣੀ ਲੈਣ ਸੇਵਕ ਉੱਤੇ ਖੂਹ ਆਏ। ਇਕ ਸਿੱਖ* ਦਿਲਵਾਲਿਆ ਆਣ ਮਿਲਿਆ, ਦਸ ਲਖ ਫ਼ੌਜ ਦੇ ਔਣ ਦੀ ਸੂਹ ਲਿਆਏ। ਸਾਵਧਾਨ ਹੋਏ ਸਤਿਗੁਰ ਜਾਣ ਲੀਤਾ, ਐਧਰ ਓਧਰੋਂ ਵੈਰੀ ਸਮੂਹ ਆਏ
ਪਿੱਛੋਂ ਕਟਕ ਔਂਦਾ ਸਿੰਧ ਉਮਡਿਆ ਏ, ਸੁਣਨ ਵਾਲੜੇ ਦੇ ਸੀਨੇ ਧੂਹ ਪਾਏ। ਖ਼ੁਸ਼ੀ ਹੋਈ ਕਲਜੋਗਣਾਂ, ਬੀਰ, ਦੇਵਾਂ, ਮਾਸਾਹਾਰੀਆਂ ਨੇ ਹਾਹਾ ਹੂਹੂ ਪਾਏ। ਸਤਿਗੁਰ ਜਾਣ ਲੀਤਾ ਡਟਕੇ ਜੰਗ ਕਰੀਏ, ਦੁਸ਼ਮਨ ਦਲਾਂ ਦੇ ਠੀਕ ਹਨ ਵਜੂਹ ਆਏ। ਬੱਸ ‘ਕੇਸਰੀ’ ਓਸ ਪਰ ਅਸਰ ਕੀ ਹੈ ? ਜੀਹਨੇ ਮੁਰਦਿਆਂ ਤਨਾਂ ਵਿਚ ਰੂਹ ਪਾਏ।
ਸ੍ਰੀ ਗੁਰੂ ਜੀ ਨੇ ਕਿਸੇ ਯੋਗ ਥਾਂ ਠਹਿਰ ਕੇ ਜੰਗ ਕਰਨ ਦੀ ਵਿਉਂਤ ਕਰਨੀ
ਏਥੇ ਦੇਖਿਆ ਸਤਿਗੁਰ ਨੀਝ ਲਾ ਕੇ, ਉਚਿਤ ਕੀਹ ਕਰਨਾ ਸਾਨੂੰ ਲੋੜੀਦਾ ਏ। ਦੁਸ਼ਮਨ ਦੱਬ ਦਿੱਤੀ ਪਿਛੋਂ ਆ ਰਿਹਾ ਹੈ, ਸਭ ਕੁਝ ਖੋਹ ਕੇ ਪਿੱਛਾ ਨਾ ਛੋੜਦਾ ਏ। ਅੱਗੋਂ ਹੋਰ ਦਸ ਲੱਖ ਹੈ ਫ਼ੌਜ ਔਂਦੀ! ਪਿਆ ਟਾਕਰਾ ਆਣ ਬੇਓੜਦਾ ਏ। ਡਾਢਾ ਤੁਲ ਗਿਆ ਜੇ ਇਮਤਿਹਾਨ ਉੱਤੇ, ਹੋਏ ਕੱਸਣਾ, ਪਰਖਣਾ ਲੋੜਦਾ ਏ। ਰਾਜ਼ੀ ਰਜ਼ਾ ਵਿਚ ਰਹਿਣਾ ਮਨਜ਼ੂਰ ਸਾਨੂੰ, ਬੰਦਾ ਨਹੀਂ ਜੋ ਹੁਕਮ ਨੂੰ ਮੋੜਦਾ ਏ। ਸਾਨੂੰ ਪਤਾ ਨਹੀਂ ਓਸਦੇ ਕ੍ਰਿਸ਼ਮਿਆਂ ਦਾ, ਮੱਥਾ ਇਕ ਦਾ ਲੱਖ ਸੰਗ ਜੋੜਦਾ ਏ। ਹੇਮ ਕੁੰਟ ਅਖੇਲ ਸੀ ਬੈਠਿਆ ਮੈਂ, ਓਥੋਂ ਖਿੱਚਕੇ ਖੇਲਾਂ ਵਲ ਮੋੜਦਾ ਏ। ਆਪੇ ਜੋੜਦਾ ਤੋੜਦਾ ਜੋੜਦਾ ਏ, ਜੋੜ ਤੋੜ ਕੇ ਜੋੜਦਾ ਤੋੜਦਾ ਏ। ਕਦੇ ਲੱਖਾਂ ਦਾ ਸਿਪਹ ਸਾਲਾਰ ਕਰਦਾ, ਕਦੇ ਭੁੱਲਦਾ ਸੰਗ ਨਿਛੋੜਦਾ ਏ। ਕਦੇ ਮੇਲਦਾ ਮੇਲਦਾ ਮੇਲਦਾ ਹੈ, ਕਦੇ ਮੇਲ ਕੇ ਫੇਰ ਵਿਛੋੜਦਾ ਏ। ਕਦੇ ਸਾਗਰਾਂ ਤੋਂ ਬੇੜੇ ਪਾਰ ਕਰਦਾ, ਕਦੇ ਮੰਝਲੀ ਧਾਰ ਵਿਚ ਬੋੜਦਾ ਏ। ਕਦੇ ਸਿਰਜ ਸਵਾਰਦਾ ਪਾਲਦਾ ਹੈ, ਕਦੇ ਪਾਲ ਪਲੋਸ ਕੇ ਫੋੜਦਾ ਏ। ਜੋ ਕੁਝ ਚਾਹੁੰਦਾ ਸੇਈ ਓਹ ਕਾਰ ਕਰਦਾ, ਉਸਨੂੰ ਕੋਈ ਨਾ ਹਟਕਦਾ ਹੋੜਦਾ ਏ। ਕਦੇ ਚੁੱਕ ਪਹਾੜਾਂ ‘ਤੇ ਚਾੜ੍ਹ ਦੇਂਦਾ, ਉੱਚੇ ਫੇਰ ਨਿਵਾਣਾਂ ਨੂੰ ਰੋੜ੍ਹਦਾ ਏ। ਲਾ, ਓ! ਜ਼ੋਰ ਵਿਧਾਤਿਆ ਹੋਰ ਜੇਹੜਾ, ਏਥੇ ਲੇਖਾ ਨਾ ਲੱਖ ਕਰੋੜ ਦਾ ਏ। ਅੱਗੇ ਦੇਖ ਹਨ ‘ਕੇਸਰੀ’ ਰੰਗ ਉਸਦੇ, ਕੇਹੜੀ ਤਰਫ਼ ਨੂੰ ਕਲਾ ਮਰੋੜਦਾ ਏ।
ਜੰਮ ਕੇ ਜੁੱਧ ਕਰੀਏ ਸਮਾਂ ਆ ਗਿਆ ਏ, ਦਾਤਾ! ਦਾਨ ਬਖ਼ਸ਼ੋ ਜੇਦ੍ਹੀ ਮੰਗ ਕਰਸਾਂ। ਖ਼ੁਸ਼ੀ ਹੋਇਕੇ ਸ਼ਿਵਾ ਬਰ ਦੇਹ ਮੈਨੂੰ, ਧਰਮ ਵਾਸਤੇ ਧਰਮ ਦਾ ਜੰਗ ਕਰਸਾਂ। ਸਾਕ ਅੰਗ ਘਰ ਬਾਰ ਪਰਿਵਾਰ ਸਾਰਾ, ਰਾ, ਬਲੀਦਾਨ ਸਰਬੰਸ ਨਿਸੰਗ ਕਰਸਾਂ। ਹਮਨ ਕੁੰਡ ਦੇ ਵਿਚ ਅਹੂਤੀਆਂ ਜੋ, ਕੱਟ ਕੱਟ ਕੇ ਆਪਣੇ ਅੰਗ ਕਰਸਾਂ।
ਹੱਸ ਹੱਸ ਸਰਬੰਸ ਹੁਣ ਲਾ ਦਿਆਂ ਮੈਂ, ਨਹੀਂ ਹੁਕਮ ਅਕਾਲ ਦਾ ਭੰਗ ਕਰਸਾਂ।
ਲੱਟ ਲੱਟ ਕਰਦੀ ਸ਼ਮ੍ਹਾਂ ਧਰਮ ਦੀ ਏ, ਇਸ ਪਰ ਸੜਾਂ ਆਹ! ਜਿੰਦ ਪਤੰਗ ਕਰਸਾਂ।
ਟੁਕੜੇ ਜਿਗਰ ਦੇ ਪ੍ਰਾਣਾਂ ਤੋਂ ਪਿਆਰਿਆਂ ਦਾ, ਬਲੀਦਾਨ ਦੇ ਖ਼ਲਕ ਨੂੰ ਦੰਗ ਕਰਸਾਂ।
ਲੱਕ ਜ਼ਾਲਮਾਂ ਨੇ ਬੱਧਾ ਜ਼ੁਲਮ ਉੱਤੇ, ਮਰ ਕੇ ਮਾਰਦੇ ਕਾਫ਼ੀਆ ਤੰਗ ਕਰਸਾਂ।
ਭਾਰਤ ਵਰਸ਼ ਗ਼ੁਲਾਮੀ ਤੋਂ ਬਚੇ ਜਿਕੁਰ, ਇਸ ਦੇ ਛੁੱਟਣੇ ਦਾ ਪੱਕਾ ਢੰਗ ਕਰਸਾਂ।
ਜੇਹੜੇ ਮਿਸ਼ਨ ਖ਼ਾਤਿਰ ਮੈਨੂੰ ਭੇਜਿਆ ਹੈ, ਪੂਰਾ ਓਸ ਨੂੰ ਨਾਲ ਉਮੰਗ ਕਰਸਾਂ। ਮਹਾਂ ਭਾਰਤਾਂ ਦੇ ਕਿੱਸੇ ਮਾਤ ਪਾ ਕੇ, ਸਾਕੇ ਨਵੇਂ ਤੇ ਨਵੇਂ ਹੀ ਰੰਗ ਕਰਸਾਂ।
ਮਰਨ ਵਾਸਤੇ ‘ਕੇਸਰੀ’ ਕੌਣ ਸਾਥੀ ? ਸਾਥੀ ਹੱਥ ਤੇ ਤੇਗ਼ ਤੁਫੰਗ ਕਰਸਾਂ।
ਸ੍ਰੀ ਗੁਰੂ ਦਸਮੇਸ਼ ਜੀ ਨੇ ਜੰਗ ਕਰਨ ਲਈ ਪੱਕਾ ਇਰਾਦਾ ਕਰ ਕੇ ਚਮਕੌਰ ਪਹੁੰਚਣਾ
ਦਸ ਲੱਖ ਫ਼ੌਜ ਦੇ ਔਣ ਦੀ ਖ਼ਬਰ ਸੁਣਕੇ, ਸਤਿਗੁਰ ਚੱਲ ਚਮਕੌਰ ਨੂੰ ਆਏ ਸਿੱਖੋ।
ਦੱਖਣ ਦਿਸ਼ਾ ਵੱਲ ਬਾਗ਼ ਵਿਚ ਜਾਇ ਬੈਠੇ, ਕਲਗ਼ੀ ਸੀਸ ਪਰ ਅੰਞ ਸੁਹਾਏ ਸਿੱਖੋ।
ਮਨੋ ਬਾਗ਼ ਹਨੇਰੜੀ ਰਾਤ ਕਾਲੀ, ਚੰਦ ਚੌਧਵੀਂ ਚਮਕ ਦਿਖਾਏ ਸਿੱਖੋ।
ਸਜਿਆ ਸਬਜ਼ ਸਰਾਸਨ ਮਹਾਨ ਸੁੰਦਰ, ਗੋਸ਼ੇ ਸੁਇਨ ਦੇ ਖ਼ੂਬ ਦਿਖਾਏ ਸਿੱਖੋ।
ਦੀਪਤ ਹੋ ਰਹੀ ਹੈ ਚੰਦ੍ਹਾਸ ਸੋਹਣੀ, ਜਿਸ ਦੀ ਮੁੱਠ ਸੁਵਰਨ ਸੁਭਾਏ ਸਿੱਖੋ। ਚਿਹਰਾ ਚੰਦ ਮਾਨਿੰਦ ਹੈ ਚੰਦ ਚਿੱਟਾ ! ਚੰਦ ਚੰਦਰਾ ਦੇਖ ਸ਼ਰਮਾਏ ਸਿੱਖੋ। ਸਜੀ ਗਾਤਰੇ ਸਬਜ਼ ਤਲਵਾਰ ਬਾਂਕੀ, ਚਿੱਟਾ ਹੱਥ ਪਰ ਬਾਜ਼ ਸੁਹਾਏ ਸਿੱਖੋ। ਕੱਸੇ ਕਮਰ ਨਿਖੰਗ ਖਤੰਗ ਖਪਰੇ, ਭੱਥੇ ਤੀਰਾਂ ਦੇ ਸੱਪ ਝੁਕਾਏ ਸਿੱਖੋ। ਇਕ ਇਕ ਤੀਰ ਦੀ ਮੁਖੀ ਪਰ ਇਕ ਤੋਲਾ, ਸੋਨਾ ਲੱਗਿਆ ਤੀਰ ਜੜਾਏ ਸਿੱਖੋ। ਸਨੱਧ ਬੱਧ ਹੋ ਕੇ ਦੂਲਾ ਸ਼ੇਰ ਬੈਠਾ, ਦੇਖੋ ਕਿਸ ਤਰ੍ਹਾਂ ਭਾਣਾ ਵਰਤਾਏ ਸਿੱਖੋ। ਨਮੋ ਜੁੱਧ ਜੁੱਧੇ, ਨਮੋ ਕਲਹਿ ਕਰਤਾ, ਮਹਾ ਕਾਲ ਹੀ ਕਾਲ ਅਲਾਏ ਸਿੱਖੋ। ਪ੍ਰਭਾ, ਤੇਜ ਕ੍ਰਾਂਤੀ ਦਾ ਪੁੰਜ ਬਣਿਆ, ਕੇਹੜਾ ਸਾਹਮਣੇ ਅੱਖ ਲੜਾਏ ਸਿੱਖੋ। ਆਪਾ ਵਾਰ ਕੇ, ਵਾਰਨੇ ਲਈ ਆਇਆ, ਕੌਤਕ ਨਵੇਂ ਤੋਂ ਨਵੇਂ ਰਚਾਏ ਸਿੱਖੋ। ਕਲਗ਼ੀ ਝੂਲਦੀ ਸੀਸ ਪਰ ਅੰਞ ਜਾਪੇ, ਮਨੋ ਧਰਮ ਦੀ ਧੂਜਾ ਫਹਰਾਏ ਸਿੱਖੋ। ਤੇਗ਼ ਲੱਸਦੀ ਬਿਜਲੀ ਚਮਕਦੀ ਹੈ! ਜਿਨ੍ਹੇ ਦਲਾਂ ਦੇ ਦਲ ਖਪਾਏ ਸਿੱਖੋ। ਬੱਸ ‘ਕੇਸਰੀ’ ਕ੍ਰਿਤਘਣ ਦੇਸ਼ ਉੱਤੇ, ਸਭ ਕੁਝ ਰੋਹੜਨੇ ਨੂੰ ਏਥੇ ਆਏ ਸਿੱਖੋ।
ਪੰਜਾਂ ਸਿੰਘਾਂ ਨੇ ਸਾਹਿਬਜ਼ਾਦਿਆਂ ਸਮੇਤ ਇਸੇ ਬਾਗ਼ ਵਿਚ ਸ੍ਰੀ ਗੁਰੂ ਕਲਗੀਧਰ ਜੀ ਨੂੰ ਆ ਕੇ ਮਿਲਣਾ
ਪੰਜ ਸਿੰਘ ਇਸ ਬਾਗ਼ ਵਿਚ ਮਿਲੇ ਆ ਕੇ, ਨਾਲ ‘ਸਿੰਘ ਅਜੀਤ’ ਸੀ ਬੀਰ ਵੱਡੇ। ਖ਼ੂਨ ਟਪਕਦਾ ਕੱਪੜੇ ਲਾਲ ਰੰਗੇ! ਫੱਟੜ ਜਿਨ੍ਹਾਂ ਦੇ ਹੋਏ ਸਰੀਰ ਵੱਡੇ। ਦਿੱਤੀ ਖ਼ਬਰ ਦਸਮੇਸ਼ ਨੂੰ ਜੰਗ ਦੀ ਆ, ਜੂਝੇ ਜਿਸ ਤਰ੍ਹਾਂ ਸਿੰਘ ਗੰਭੀਰ ਵੱਡੇ। ਸਿੰਘ ਮਰੇ, ਪਰ ਮਾਰ ਕੇ ਵੈਰੀਆਂ ਨੂੰ, ਕਿਤੇ ਦਲਾਂ ਦੇ ਦਲ ਅਧੀਰ ਵੱਡੇ। ਉਦੇ ਸਿੰਘ, ਸ਼ਹੀਦ ਹੋ ਗਏ ਸਤਿਗੁਰ! ਜੋ ਸੀ ਖ਼ਾਲਸਾ ਵਿਚ ਰਣਧੀਰ ਵੱਡੇ। ਸੋਧ ਸੋਧ ਕੇ ਮਾਰਿਆ ਤੁਰਕ ਦਲ ਹੈ, ਵੱਢੇ ਛਾਂਟ ਕੇ ਦੁਸ਼ਟ ਸ਼ਰੀਰ ਵੱਡੇ। ਪੂੰਜੀ ਖ਼ਾਲਸੇ ਦੀ ਭਾਵੇਂ ਮੁੱਕ ਚੁੱਕੀ, ਐਪਰ ਦੁਸ਼ਟ ਵੀ ਹੋਏ ਦਿਲਗੀਰ ਵੱਡੇ। ਉਜਬਕ ਸਿੰਘਾਂ ਵਿਚਾਲਿਓਂ ਮੁੱਛ ਦਿੱਤੇ, ਵਾਢੀ ਤੱਛਦਾ ਜਿਵੇਂ ਛਤੀਰ ਵੱਡੇ। ਕੋਈ ਚੋਣਵੇਂ ਸਿਪਹਸਾਲਾਰ ਮਾਰੇ, ਲੇਟੇ ਖਾਕ ਵਿਚ ਪਏ ਅਮੀਰ ਵੱਡੇ। ਨਹੀਂ ਮਾਵਾਂ ਨੂੰ ਪੁੱਤ ਸਿਆਣ ਸੱਕੇ, ਵਿੱਛੜ ਭੈਣਾਂ ਤੋਂ ਗਏ ਵੀਰ ਵੱਡੇ। ਜੰਗ ਜਿੱਤਿਆ ‘ਸਿੰਘ ਅਜੀਤ’ ਜੀ ਨੇ, ਦਲ ਦੁਸ਼ਮਨਾਂ ਦੇ ਦਿੱਤੇ ਚੀਰ ਵੱਡੇ। ਸਰਸੇ ਪਾਰ ਹੀ ਸ਼ੱਤ੍ਰੁ ਰੋਕ ਲੀਤੇ, ਮੋਹਰੇ ਖੜ ਗਏ ਥੰਮ੍ਹ ਸਧੀਰ ਵੱਡੇ। ਜਿਹੜੇ ਖ਼ਾਨ ਪਠਾਨ ਸਨ ਵੀਰ ਬਾਂਕੇ, ਪਾੜ ਪਾੜ ਕੀਤੇ ਲੀਰ ਲੀਰ ਵੱਡੇ। ਲੋਹਾ ਲੋਹੇ ਦੇ ਨਾਲ ਖੜਕਾ ਦਿੱਤਾ, ਵਰਖਾ ਵਾਂਗ ਵਰਸਾਏ ਸਨ ਤੀਰ ਵੱਡੇ। ਦੁਸ਼ਮਨ ਦੰਗ ਦਸਮੇਸ਼ ਜੀ ਹੋ ਗਿਆ ਸੀ, ਹੱਥ ਸਿੰਘਾਂ ਦੇ ਬੇਨਜ਼ੀਰ ਵੱਡੇ। ਚਿੰਤਾ, ਫ਼ਿਕਰ ਗ਼ਮ ‘ਕੇਸਰੀ’ ਕਿ ਸਾਨੂੰ, ਸਾਡੇ ਸੀਸ ਉੱਤੇ ਹੱਥ ਦਸਤਗੀਰ ਵੱਡੇ।
ਦਸਮੇਸ਼ ਜੀ ਨੇ ਦਸ ਲੱਖ ਨਵੀਂ ਆ ਰਹੀ ਫ਼ੌਜ ਦੀ ਸਿੰਘਾਂ ਨੂੰ ਖ਼ਬਰ ਦੇਣੀ ਤੇ ਆਪਣਾ ਇਰਾਦਾ ਦੱਸਣਾ
ਸਤਿਗੁਰ ਸਿੰਘਾਂ ਨੂੰ ਅੰਞ ਫੁਰਮਾਣ ਲੱਗੇ, ਲੜਨਾ ਏਸ ਥਾਂ ਖ਼ਾਲਸਾ ਸ਼ਾਨ ਸਾਡੀ। ਏਥੋਂ ਹਿੱਲਣਾ ਕੈਰਤਾ ਗਿਣੀ ਜਾਊ, ਹੋਵੇ ਲੋਕ ਪਰਲੋਕ ਵਿਚ ਹਾਨਿ ਸਾਡੀ। ਲੋਕੀ ਕਹਿਣਗੇ ਜੰਗ ਤੋਂ ਡਰ ਗਏ ਨੇ! ਨਿੰਦਾ ਇਸ ਤਰ੍ਹਾਂ ਕਰੂ ਜਹਾਨ ਸਾਡੀ। ਨਾਲੇ ਹੌਂਸਲਾ ਵਧੂਗਾ ਦੁਸ਼ਮਨਾਂ ਦਾ, ਸਮਝ ਲੈਣਗੇ ਢਿੱਲੀ ਕਮਾਨ ਸਾਡੀ। ਕਰੋ ਟਾਕਰਾ ਇਸੇ ਥਾਂ ਜ਼ਾਲਮਾਂ ਦਾ, ਜਦੋਂ ਤੀਕ ਹੈ ਜਾਨ ਵਿਚ ਜਾਨ ਸਾਡੀ। ਫ਼ੌਜ ਦਿੱਲੀਓਂ ਲੱਖ ਦਸ ਆ ਰਹੀ ਹੈ, ਪਰਖਣ ਵਾਸਤੇ ਆਣ ਤੇ ਕਾਨ ਸਾਡੀ। ਲਸ਼ਕਰ ਕੋਹੀਆਂ ਦਾ ਸ਼ਾਹੀ ਫ਼ੌਜ ਪਹਿਲੀ, ਪਿੱਛੇ ਆ ਰਹੀ ਮੰਗਦੀ ਜਾਨ ਸਾਡੀ। ਘੇਰਾ ਘੱਤ ਕੇ ਮਾਰਿਆ ਚਾਹੁੰਦੇ ਨੇ, ਕਰਨੀ ਲੋੜਦੇ ਹਾਰ ਮਦਾਨ ਸਾਡੀ। ਕਿਲ੍ਹਾ ਕੋਟ ਤੇ ਓਟ ਨਾ ਕੋਈ ਦਿੱਸੇ, ਲਸ਼ਕਰ, ਫ਼ੌਜ ਨਾ ਜਾਨ ਪਹਿਚਾਨ ਸਾਡੀ। ਕਿਥੇ ਬੈਠੀਏ ? ਮੋਰਚੇ ਕਿਵੇਂ ਲਾਈਏ? ਹੋਵੇ ਕਿਸ ਤਰ੍ਹਾਂ ਅੱਜ ਗੁਜ਼ਰਾਨ ਸਾਡੀ। ਸ਼ੋਰ ਪੈ ਗਿਆ ਦੇਸ਼ ਦੇ ਵਿਚ ਬਹੁਤਾ, ਚਰਚਾ ਹੋ ਗਈ ਸੁਣੋ ਮਹਾਨ ਸਾਡੀ। ਬੱਚਾ ਬੱਚਾ ਇਸਲਾਮ ਦਾ ਵੈਰ ਕਰਦਾ, ਦੁਸ਼ਮਨ ਕੌਮ ਹੋਈ ਮੁਸਲਮਾਨ ਸਾਡੀ। ਸਾਗਰ ਉਮਡਿਆ, ਗਰਦ ਗੁਬਾਰ ਛਾਏ! ਦੱਬੀ ਆਉਂਦਾ ਮਗਰ ਸ਼ੈਤਾਨ ਸਾਡੀ। ਮੰਗ ਆ ਰਹੀ ਹੋਰ ਅਕਾਲ ਵੱਲੋਂ, ਪੂੰਜੀ ਪੰਥ ਪਰ ਹੋਵੇ ਕੁਰਬਾਨ ਸਾਡੀ। ਰਾਜ਼ੀ ਰਜ਼ਾ ਵਿਚ ਰਹਿਣ ਦਾ ਸਬਕ ਪੜ੍ਹਿਆ, ਮਦਦ ਰੱਬ ਸੱਚਾ ਮਿਹਰਬਾਨ ਸਾਡੀ। ਕੋਈ ਲੱਭੀਏ ਇਕ ਮਹਾਨ ਐਸਾ, ਮੁਸ਼ਕਲ ਕਰੇ ਜੋ ਜ਼ਰਾ ਆਸਾਨ ਸਾਡੀ। ਵੈਰੀ ਅੱਤ ਪਰ ਹੋ ਗਿਆ ਤੁਲ ਗਿਆ ਏ! ਚਾਹੁੰਦਾ ਪਰਖਣੀ ਅੱਜ ਕ੍ਰਿਪਾਨ ਸਾਡੀ। ਸਨਮੁਖ ਜੂਝੀਏ, ਮਾਰੀਏ, ਆਪ ਮਰੀਏ, ਇਸ ਵਿਚ ‘ਕੇਸਰੀ’ ਹਈ ਕਲਿਆਨ ਸਾਡੀ।
ਸਰਸੇ ਦੇ ਜੰਗ ਵਿਚੋਂ ਬਾਕੀ ਰਹੇ ਪੈਂਤੀ ਸਿੰਘਾਂ ਦਾ ਦਸਮੇਸ਼ ਜੀ ਨੂੰ ਆ ਕੇ ਮਿਲਣਾ
ਪੈਂਤੀ ਸਿੰਘ ਪਿਛਾਹਾਂ ਹੋ ਰਹੇ ਸੀਗੇ, ਥੱਕੇ ਟੁੱਟੇ ਓਹ ਹਾਜ਼ਰ ਹਜ਼ੂਰ ਹੋਏ। ਫੱਟ ਲੱਗੇ ਲੜਾਈ ਵਿਚ ਲੜਦਿਆਂ ਨੂੰ, ਸਿਥਲ ਅੰਗ ਸਾਰੇ ਚਕਨਾਚੂਰ ਹੋਏ। ਦਰਸ਼ਨ ਦੇਖ ਕੇ ਦੂਲੇ ਦਸਮੇਸ਼ ਜੀ ਦਾ, ਦੁੱਖ ਭੁੱਖ ਸਰੀਰ ਤੋਂ ਦੂਰ ਹੋਏ। ਸੂਰਜ ਦੇਖ ਜਿੱਕੁਰ ਕੌਲ ਫੁੱਲ ਖਿੜਦਾ, ਨੂਰ ਵੇਖਦੇ ਹੀ ਨੂਰੋ ਨੂਰ ਹੋਏ। ਭੁੱਲੇ ਦਰਦ ਤੇ ਹਟ ਗਈ ਸਗਲ ਪੀੜਾ, ਮੌਜ ਦੀਦ ਦੇ ਵਿਚ ਮਖ਼ਮੂਰ ਹੋਏ। ਨਮਸਕਾਰ ਕਰਕੇ ਫ਼ਤਹਿ ਅਰਜ਼ ਕੀਤੀ, ਜਿੱਕੁਰ ਪੰਥ ਦੇ ਵਿਚ ਦਸਤੂਰ ਹੋਏ। ਫੇਰ ਜੰਗ ਦੀ ਵਿੱਥਾ ਸੁਣਾਈ ਸਾਰੀ, ਜਿਵੇਂ ਜੁੱਧ ਘਮਸਾਣ ਰੰਜੂਰ ਹੋਏ। ਜਿਨ੍ਹਾਂ ‘ਕੇਸਰੀ’ ਧਰਮ ਪਰ ਸੀਸ ਦਿੱਤੇ, ਸਿੰਘ ਵਿਚ ਦਰਗਾਹ ਮਨਜ਼ੂਰ ਹੋਏ।
ਪਿੰਡ ਵਿਚ ਇਕ ਉੱਚਾ ਮਕਾਨ ਦੇਖ ਕੇ ਉਸ ਵਿਚ ਦਾਖ਼ਲ ਹੋਣ ਦੀ ਸਲਾਹ ਕਰਨੀ
ਪਿੰਡ ਵਿਚ ਹਵੇਲੀ ਇਕ ਉੱਚੜੀ ਸੀ, ਮਾਲਕ ਚੌਧਰੀ ਓਸ ਮਕਾਨ ਦੇ ਸੇ। ਸਿੰਘ ਭੇਜ ਕੇ ਮੰਗਦੇ ਕੱਚ ਕੋਠਾ, ਮਾਲਕ ਆਪ ਜੋ ਕੁੱਲ ਜਹਾਨ ਦਾ ਸੇ। ਕਿਹਾ ਸਿੰਘ ਨੇ ਗੁਰੂ ਨੂੰ ਜਗ੍ਹਾ ਦੇਵੋ, ਪਰ ਓਹ ਮੂਢ ਕਿ ਕੁਦਰਤਾਂ ਜਾਨਦੇ ਸੇ। ਕਹਿੰਦਾ ਨਹੀਂ ਮਕਾਨ ਇਹ ਲੜਨ ਜੋਗਾ, ਹੋਰ ਇਸ ਤਰ੍ਹਾਂ ਬੋਲ ਅਜਾਨ ਦੇ ਸੇ। ਮੇਰੇ ਪਾਸ ਨਾ ਭੇਟ ਦੇ ਲਈ ਕੁਛ ਵੀ, ਅਰਜ਼ ਕਰਾਂ ਮੈਂ ਗੁਰੂ ਜੀ ਪਾਸ ਜਾ ਕੇ। ਸੁਣ ਕੇ ਗੱਲ ਉਸ ਦੀ ਗਿਆ ਦੌੜ ਛੇਤੀ, ਕਰੀ ਬੇਨਤੀ ਇਸ ਤਰ੍ਹਾਂ ਦਾਸ ਜਾ ਕੇ। ਦਮੜੇ ਪੰਜ ਅਕੋਰ ਹਿਤ ਦਓ ਸਤਿਗੁਰ, ਕੰਮ ਚੌਧਰੀ ਕਰੂਗਾ ਰਾਸ ਆ ਕੇ। ਲੈ ਕੇ ਭੇਟ ਦਿੱਤੀ ਹੱਥ ਚੌਧਰੀ ਦੇ, ਕਰਦਾ ਜੱਟ ਓਹ ਅੰਞ ਅਰਦਾਸ ਆ ਕੇ।
ਮਕਾਨ ਵਾਲੇ ਚੌਧਰੀ ਦਾ ਜਵਾਬ
ਕਿਲ੍ਹਾ ਨਹੀਂ ਨਾ ਕੋਈ ਹੈ ਕੋਟ ਖਾਈ, ਪੌੜੀ ਬੁਰਜ ਨਾ ਪੱਕੀ ਫ਼ਸੀਲ ਕੋਈ। ਜ਼ਬਰਦਸਤ ਕਿਵਾੜ ਤੇ ਨਹੀਂ ਚੌਖਟ, ਟੱਕਰ ਮਾਰਕੇ ਤੋੜਸੀ ਫੀਲ ਕੋਈ। ਪੜਦੇ ਵਾਲੀਆਂ ਔਰਤਾਂ ਰਹਿਣ ਏਥੇ, ਇੱਜ਼ਤਦਾਰ ਹਮ ਕੌਣ ਸੇ ਭੀਲ ਕੋਈ। ਜੁੱਧ ਜੰਗ ਦੀ ਨਹੀਂ ਗੁੰਜੈਸ਼ ਓਥੇ, ਲੜਨ ਭਿੜਨ ਦੀ ਨਹੀਂ ਸਬੀਲ ਕੋਈ। ਲੱਗਾ ਹੁੱਜਤਾਂ ਕਰਨ ਹਜ਼ੂਰ ਅੱਗੇ, ਜਿੱਕੁਰ ਬੋਲਦਾ ਬੜਾ ਵਕੀਲ ਕੋਈ। ਮਾਲਕ ਅਰਸ਼ ਤੇ ਫ਼ਰਸ਼ ਦਾ ਸਤਿਗੁਰੁ ਹੈ, ਇਹ ਕੀ ਜਾਣਦਾ ਮੁਢ ਰਜ਼ੀਲ ਕੋਈ। ਸ਼ਾਹੀ ਫ਼ੌਜ ਪਿੱਛੇ ਭੱਜੀ ਆ ਰਹੀ ਹੈ, ਹਾਕਮ ਕਰੂਗਾ ਮੈਨੂੰ ਜ਼ਲੀਲ ਕੋਈ। ਜੱਟ ‘ਕੇਸਰੀ’ ਹੁੱਜਤਾਂ ਡਾਹ ਬੈਠਾ, ਬਾਕੀ ਛੱਡੀ ਨਾ ਦੜੀ ਦਲੀਲ ਕੋਈ।
ਚੌਧਰੀ ਦੀਆਂ ਹੁੱਜਤਾਂ ਪਰ ਸ੍ਰੀ ਗੁਰੂ ਕਲਗੀਧਰ ਜੀ ਦਾ ਹੁਕਮ
ਸੁਣ ਕੇ ਹੁੱਜਤਾਂ ਸੋਚਿਆ ਸਤਿਗੁਰੂ ਨੇ, ਗੱਲਾਂ ਨਾਲ ਨਾ ਏਸ ਨੇ ਮੰਨਣਾ ਜੇ। ਉਠੋ ਖ਼ਾਲਸਾ ਗੜ੍ਹੀ ਵਿਚ ਵੜੋ ਛੇਤੀ, ਪਾਵੇ ਰੋਕ ਬੁਥਾੜ ਉਸ ਭੰਨਣਾ ਜੇ। ਫੜੋ ਪਾਜੀ ਨੂੰ ਕੱਸ ਕੇ ਦਓ ਮੁਸ਼ਕਾਂ, ਹੱਥ ਪੈਰ ਸਭ ਏਸ ਦਾ ਬੰਨ੍ਹਣਾ ਜੇ । ਰੋਕ ਪਾਉਣ ਵਾਲਾ ਭਾਵੇਂ ‘ਕੇਸਰੀ’ ਹੋ, ਡਾਢੀ ਨਾਲ ਕਰੜਾਈ ਦੇ ਡੰਨਣਾ ਜੇ।
ਸਿੰਘਾਂ ਨੇ ਜ਼ਬਰਦਸਤੀ ਗੜ੍ਹੀ ਪਰ ਕਬਜ਼ਾ ਕਰਨਾ ਤੇ ਗ਼ਰੀਬੂ ਵੱਲੋਂ ਬੇਨਤੀ
ਸਿੰਘ ਮਾਰ ਹੱਲਾ ਸਣੇ ਸਤਿਗੁਰੂ ਦੇ, ਗੜ੍ਹੀ ਵਿਚ ਦਾਖ਼ਲ ਹੋਣ ਜਾਉਂਦੇ ਨੇ। ਅੱਗੋਂ ਵੇਖਿਆ ਬੰਦ ਮਕਾਨ ਸਾਰਾ, ਰਸਤਾ ਕੋਈ ਵੀ ਖੁੱਲ੍ਹਾ ਨਾ ਪਾਉਂਦੇ ਨੇ। ਇਕ ਸ਼ਖ਼ਸ ਗ਼ਰੀਬ ਜਿਹਾ ਆਣ ਮਿਲਿਆ, ਉਸਨੂੰ ਹਾਲ ਜਦ ਪੁੱਛ ਪੁਛਾਉਂਦੇ ਨੇ। ਵੇਖ ‘ਕੇਸਰੀ’ ਔਕੜਾਂ ਪੈਣ ਕਿੱਕੁਰ, ਸਿੰਘ ਕਿਸ ਤਰ੍ਹਾਂ ਦੁੱਖ ਉਠਾਉਂਦੇ ਨੇ।
ਹੱਥ ਜੋੜ ਗ਼ਰੀਬੂ ਨੇ ਅਰਜ਼ ਕੀਤੀ, ਮੇਰੇ ਸ਼ਾਹਾ! ਗ਼ਰੀਬੂ ਹੈ ਨਾਮ ਮੇਰਾ। ਮਾਲਕ ਅੱਧੇ ਮਕਾਨ ਦਾ ਦਾਸ ਜਾਣੋ, ਏਸ ਜਗ੍ਹਾ ਵਿਚ ਅਹੈ ਮੁਕਾਨ ਮੇਰਾ। ਮੈਨੂੰ ਵਾਕਫ਼ੀ ਰਸਤਿਆਂ, ਪੌੜੀਆਂ ਦੀ, ਪੂਰਾ ਏਸ ਉੱਤੇ ਇੰਤਜ਼ਾਮ ਮੇਰਾ। ਹੋਵੇ ਕੌਣ ਕੋਈ ਪਾਵੇ ਰੋਕ ਜੇਹੜਾ? ਲੱਗਦਾ ਕੀਹ ਕੋਈ ਖ਼ਾਸ ਆਮ ਮੇਰਾ। ਚਲੋ ਚਰਨ ਪਾਓ ਪਾਵਨ ਕਰੋ ਛੇਤੀ, ਸਹਿਲਾ ਕਰੋ ਕਰਤਾਰ! ਅੰਜ਼ਾਮ ਮੇਰਾ। ਮਿੱਟੀ ਗਾਰੇ ਮਕਾਨ ਦੀ ਗੱਲ ਕੀ ਹੈ? ਕੰਮ ਆਵੇ ਜੇ ਹੱਡ ਤੇ ਚਾਮ ਮੇਰਾ। ਹਾਜ਼ਰ ਪਿਆ ਹੈ ਇਹ ਵੀ ਹਜ਼ੂਰ ਅੱਗੇ, ਹੀਲੇ ਹੁੱਜਤਾਂ ਦਾ ਨਹੀਂ ਕਾਮ ਮੇਰਾ।
ਕਰਕੇ ਭੁੱਲ ਅਭੁੱਲ ਗੁਰ ਪੀਰ ਅੱਗੇ, ਭੈੜਾ ਹੋ ਗਿਆ ਭਾਈ ਬਦਨਾਮ ਮੇਰਾ। ਸਾਕਾ ਹੋਣ ਲੱਗਾ ਜਿਥੇ ਐਡ ਭਾਰੀ, ਘਰ ਏਹ ਚਮਕਦਾ ਰਹੂ ਮੁਦਾਮ ਮੇਰਾ।
ਸੱਚੇ ਸ਼ਾਹ ਦੀ ਸ਼ਰਨ ਮੈਂ ਆ ਗਿਆ ਹਾਂ, ਹੁਣ ਕੀ ਕਰੂਗਾ ਸ਼ਾਹ ਇਸਲਾਮ ਮੇਰਾ ? ਕੱਚੇ ਪੱਕੇ ਮਕਾਨ ਸਭ ਛੱਡ ਜਾਣੇ, ਏਥੇ ਰਹੂ ਕਿ ਸਦਾ ਕਿਆਮ ਮੇਰਾ ?
ਧਰਮ ਯੁੱਧ ਹਿਤ ਏਸ ਨੂੰ ਵਰਤ ਕੇ ਤੇ, ਉੱਘਾ ਕਰ ਦਿਓ ਦੇਸ਼ ਵਿਚ ਨਾਮ ਮੇਰਾ। ਇਸ ਤੋਂ ਵੱਧ ਪ੍ਰਸੰਨਤਾ ਹੋਰ ਕੀ ਹੈ ? ਮੰਦਰ ਮੰਗਦਾ ਕ੍ਰਿਸ਼ਨ ਤੇ ਰਾਮ ਮੇਰਾ। ਕਿਲ੍ਹੇ ਕੋਟ ਤੋਂ ਵੱਧ ਪਨਾਹ ਦੇਵੇ, ਭਾਵੇਂ ਕੋਠੜਾ ਗੜ੍ਹੀ ਹੈ ਖ਼ਾਸ ਮੇਰਾ। ਇਸ ਵਿਚ ਨਹੀਂ ਉਪਕਾਰ ਅਪਕਾਰ ਕੋਈ, ਸਿੱਧਾ ਸਤਿਗੁਰੁ ਅੱਗੇ ਕਲਾਮ ਮੇਰਾ। ਬਿਪਤਾ ਸੁਣੀ ਜਦ ਪੈ ਗਈ ਆਪ ਉੱਤੇ, ਪਾਣੀ ਅੰਨ ਹੋ ਗਿਆ ਹਰਾਮ ਮੇਰਾ। ਤਨ ਮਨ ਅਰਪਿਆ ਨਹੀਂ ਧਨ ਕੋਲ ਮੇਰੇ, ਜੋ ਕੁਝ ਦਿੱਸਦਾ ਕਰੋ ਲਲਾਮ ਮੇਰਾ। ਬੱਸ ‘ਕੇਸਰੀ’ ਕਰੋ ਪ੍ਰਵੇਸ਼ ਗੁਰ ਜੀ! ਪਾਓ ਚਰਣ ਕਬੂਲ ਪਰਣਾਮ ਮੇਰਾ।
ਸਿੰਘ ਗੜ੍ਹੀ ਵਿਚ ਦਾਖ਼ਲ ਹੋ ਗਏ!
ਦਾਖ਼ਲ ਗੜ੍ਹੀ ਹੋ ਗਏ ਸਿੰਘ, ਸਤਿਗੁਰ, ਬਾਲ ਬੱਚੇ ਸਭ ਘਰੋਂ ਨਿਕਾਲ ਦਿੱਤੇ । ਸਾਂਭ ਲਿਆ ਸਾਮਾਨ ਲੜਾਈ ਦਾ, ਜੋ ਸ਼ਸਤ੍ਰ ਅਸਤ੍ਰ ਤਮਾਮ ਸੰਭਾਲ ਦਿੱਤੇ।
ਥਾਓਂ ਥਾਈਂ ਕਰ ਮੋਰਚੇ ਬੰਦੀਆਂ ਨੂੰ, ਭੱਥੇ ਤੀਰਾਂ ਦੇ ਕੁੱਲ ਨਿਕਾਲ ਦਿੱਤੇ। ਪੰਜਰ, ਸੈਫ਼, ਸਰੋਹੀ ਤੇ ਸੈਹਥੀਆਂ ਵੀ, ਪੇਸ਼ ਕਬਜ, ਕਟਾਰ ਤੇ ਢਾਲ ਦਿੱਤੇ। ਅੱਠ ਅੱਠ ਇਕ ਬਾਹੀ ਤੇ ਨਿਯਤ ਕੀਤੇ, ਲੜੇ, ਮਰੋ ਉਪਦੇਸ਼ ਕਮਾਲ ਦਿੱਤੇ। ਕੋਠਾ ਸਿੰਘ ਅਰ ਮਦਨ ਸਿੰਘ, ਸਿੰਘ ਸੁਰੇ, ਰਾਖੇ ਪੌੜੀਆਂ ਉੱਤੇ ਬਹਾਲ ਦਿੱਤੇ। ਦੋਵੇਂ ਸਾਹਿਬਜ਼ਾਦੇ ਦਯਾ ਸਿੰਘ ਭਾਈ, ਸੰਤ ਸਿੰਘ ਜੀ ਕਰ ਨਿਹਾਲ ਦਿੱਤੇ। ਰੱਖੇ ਚਾਰ ਏਹ ਆਪਣੇ ਕੋਲ ਸਾਈਂ, ਵੰਡ ਇਸ ਤਰ੍ਹਾਂ ਦੀਨ ਦਿਆਲ ਦਿੱਤੇ। ਕੀਤੀ ਕਾਇਮੀ ਗੜ੍ਹੀ ਦੀ ਹਰ ਤਰ੍ਹਾਂ ਤੋਂ, ਤਨ ਮਨ ਪੰਥ ਨੇ ਅਰਪ ਅਕਾਲ ਦਿੱਤੇ। ਚਾਲ੍ਹੀ ਸਿੰਘਾਂ ਪਰ ਦੇਖ ਲੌ ਕਿਸਮਤਾਂ ਨੇ, ਸਾਗਰ ਦਲਾਂ ਦੇ ਕਿਕੂੰ ਉਛਾਲ ਦਿੱਤੇ। ਫ਼ੌਜ ਦਿੱਲੀ ਤੋਂ ਆਈ ਦਸ ਲੱਖ ਸੀ ਜੋ, ਉਸਨੂੰ ਚੌਧਰੀ ਦੱਸ ਸਭ ਹਾਲ ਦਿੱਤੇ। ਗ਼ੁੱਸੇ ਹੋਇਕੇ ਮਿਲਿਆ ਜਾ ਤੁਰਕ ਸੈਨਾ, ਬੁਗਜ਼ ਦਿਲੇ ਦੇ ਕੁੱਲ ਨਿਕਾਲ ਦਿੱਤੇ। ਚਾਲ੍ਹੀ ਸਿੰਘ ਹਨ ਗੁਰੂ ਦੇ ਨਾਲ ਬਾਕੀ, ਹੋਰ ਖ਼ਾਲਸੇ ਫ਼ੌਜ ਨੇ ਗਾਲ੍ਹ ਦਿੱਤੇ। ਪੱਕਾ ਕੋਟ ਤੇ ਕਿਲ੍ਹਾ ਨਾ ਖਾਈ ਕੋਈ, ਕੱਚੀ ਗੜ੍ਹੀ ਵਿਚ ਬੰਨ੍ਹ ਬਹਾਲ ਦਿੱਤੇ। ਕੋਈ ਚਾਰਾ ਨਾ ਗੁਰੂ ਦਾ ਰਿਹਾ ਬਾਕੀ, ਨਿਸਚੇ ਜਾਣੋ, ਹਥਿਆਰ ਹਨ ਡਾਲ ਦਿੱਤੇ। ਘੇਰੇ ਵਿਚ ਹੁਣ ਆ ਗਿਆ ਫੜੋ ਛੇਤੀ, ਘੇਰ ਘੇਰ ਹਨ ਬੰਨ੍ਹ ਸਭ ਕਾਲ ਦਿੱਤੇ। ਮਾਰੋ ਸਿੰਘਾਂ ਨੂੰ, ਗੁਰੂ ਨੂੰ ਫੜੋ ਜ਼ਿੰਦਾ, ਜੁੱਧ ਜੰਗ ਨੇ ਕਰ ਨਿਢਾਲ ਦਿੱਤੇ। ਫ਼ੌਜ ਢੂੰਡਦੀ ‘ਕੇਸਰੀ’ ਨਹੀਂ ਮਿਲਦਾ, ਛੇਤੀ ਸਾਂਭ ਲੌ ਦਾਸ ਨੇ ਭਾਲ ਦਿੱਤੇ।
ਮੁਖ਼ਬਰ ਦੀ ਗੱਲ ਸੁਣ ਕੇ ਫ਼ੌਜਾਂ ਨੂੰ ਰੋਹ ਚੜ੍ਹ ਜਾਣਾ ਤੇ ਪਿੱਛੋਂ ਸਰਸੇ ਦੇ ਜੰਗ ਵਾਲੀ ਸੈਨਾ ਨੇ ਨਾਲ ਆ ਕੇ ਜਾਣਾ
ਸੁਣ ਕੇ ਖ਼ਬਰ ਆਹ! ਫ਼ੌਜ ਨੂੰ ਰੋਹ ਚੜ੍ਹਿਆ, ਗ਼ੁੱਸੇ ਨਾਲ ਭਖ ਕੇ ਲਾਲੋ ਲਾਲ ਹੋਈ। ਕੀਤਾ ਕੂਚ ਚਮਕੌਰ ਵਲ ਵਾਹੋ ਦਾਹੀ, ਭਿਆਨਕ ਰੂਪ ਧਰਕੇ ਪਰਲੋਕਾਲ ਹੋਈ। ਜੇਹੜੀ ਫ਼ੌਜ ਸੀ ਜੰਗ ਅਨੰਦ ਪੁਰ ਦੀ, ਸਣੇ ਕੋਹੀ ਸੈਨਾ ਸ਼ਾਮਿਲ ਹਾਲ ਹੋਈ। ਦੋਹਾਂ ਦਲਾਂ ਦੇ ਚੜ੍ਹ ਪਏ ਮੇਘ ਕਾਲੇ, ਪਰਜਾ ਘੋਰ ਸੁਣ ਹਾਲੋਂ ਬੇਹਾਲ ਹੋਈ। ਮਾਰੂ ਵੱਜਦੇ ਧੌਂਸੇ ਧੁੰਕਾਰਦੇ ਨੇ, ਧਰਤੀ ਡੋਲ ਉੱਠੀ! ਹਾਲ ਚਾਲ ਹੋਈ। ਗਿੱਦੜ ਗਿੱਧ ਰਲ ਆ ਗਏ ਮਾਸਾਹਾਰੀ, ਦੇਵੀ ਜੰਗ ਦੀ ਖ਼ੂਬ ਦਿਆਲ ਹੋਈ। ਖੱਪਰ ਲਏ ਕਲਜੋਗਨਾਂ ਨੱਚੀਆਂ ਨੇ, ਭੈਰੋਂ, ਭੂਤ, ਪਿਸ਼ਾਚ ਬੈਤਾਲ ਹੋਈ। ਡੌਰੂ ਡਮਕਦਾ ਸ਼ਿਵਾਂ ਦਾ ਨਾਦੀਏ ’ਤੇ, ਕੰਬੀ ਪ੍ਰਿਥਵੀ! ਪਈ ਭੂਚਾਲ ਹੋਈ। ਕਾਲਾ ਪੰਛੀਆਂ ਨਾਲ ਅਸਮਾਨ ਹੋਇਆ! ਹੋਰ ਤੌਰ ਇਸ ਸਮੇਂ ਦੀ ਢਾਲ ਹੋਈ। ਗਿੱਦੜ ਕੂਕਰਾਂ ਨੇ ਪਾਈ ਕੂਕ ਰੌਲੀ, ਕਾਲੀ ਨੱਚਦੀ ਫਿਰੇ ਬੇਤਾਲ ਹੋਈ। ਲੱਛਣ, ਚਿੰਨ੍ਹ ਅਸਾਰ ਸਭ ਹੈਨ ਭੈੜੇ, ਖੋਟੇ ਸ਼ਗਨਾਂ ਦੀ ਲੜੀ ਕਮਾਲ ਹੋਈ। ਚਾਲ੍ਹੀ ਨਾਲ ਮੁਕਾਬਲਾ ਕਈ ਲੱਖਾਂ, ਦੇਖੋ ਗੱਲ ਏਹ ਲਾ-ਮਿਸਾਲ ਹੋਈ। ਏਧਰ ਅਲੀ ਅਕਬਰ ਨਾਅਰੇ ਲੱਗਦੇ ਨੇ, ਓਧਰ ਸ੍ਰੀ ਅਕਾਲ ਅਕਾਲ ਹੋਈ। ਕਰਤਾ ਕਰੇ ਸੋ ‘ਕੇਸਰੀ’ ਹੋਈ ਆਖ਼ਰ, ਇਸ ਵਿਚ ਕਿਸੇ ਦੀ ਕੀਹ ਮਜਾਲ ਹੋਈ।
ਸ਼ਾਹੀ ਅਤੇ ਕੋਹੀ ਦਲਾਂ ਅਰ ਚਾਲ੍ਹੀ ਸਿੰਘਾਂ ਵਿਚੋਂ ਨਾਮੀ ਬਹਾਦਰਾਂ ਦੇ ਨਾਮ
ਸ਼ਾਹੀ ਸੈਨਾ ਵਿਚ ਨਾਮੀ ਸਰਦਾਰ ਸੀ ਜੋ, ਨਾਮ ਉਨ੍ਹਾਂ ਦੇ ਕਰਾਂ ਬਿਆਨ ਪਿਆਰੇ। ਨਾਹਰ ਖਾਂ” ਤੇ ਦੂਸਰਾ ਖ਼ਾਨ ਗ਼ੈਰਤ, ਇਸਮਾਈਲ ਖ਼ਾਂ, ਖ਼ਾਂ ਸੁਲਤਾਨ ਪਿਆਰੇ। ਸੈਨਾਪਤੀ ਜਰਨੈਲ ਕਰਨੈਲ ਰਾਜੇ, ਭੀਮ ਸੈਨ ਦੇ ਜ਼ੇਰ ਕਮਾਨ ਪਿਆਰੇ। ਮੀਆਂ ਖ਼ਾਨ? ਤੇ ਭੂਰੇ ਖ਼ਾਂ, ਸੈਦ ਖਾਨੂੰ, ਨੂਰੇ ਖ਼ਾਂ, ਫੁਲਖ਼ਾਨ, ਗੁਲਖ਼ਾਨ ਪਿਆਰੇ। ਖ਼ਾਂ ਹੁਸੈਨ, ਖਲੀਲ ਖ਼ਾਂ, ਬੀਰ ਬਾਂਕੇ, ਬੀਰ ਬੇਗ ਤੇ ਖ਼ਾਨ ਇਮਾਨ ਪਿਆਰੇ। ਕਰਮ ਬੇਗ, ਸੱਯਦ ਮਿਰਜ਼ਾ ਹਿਯਾਤ ਸੂਰਾ, ਵੱਧ ਇਕ ਤੋਂ ਇਕ ਬਲਵਾਨ ਪਿਆਰੇ। ਦੁਸ਼ਟ ਸੂਬਾ ਸਰਹਿੰਦ ਵਜ਼ੀਰ ਖ਼ਾਂ ਸੀ, ਨਾਮੀ ਹੋਰ ਸਨ ਮੁਗ਼ਲ ਪਠਾਨ ਪਿਆਰੇ। ਜ਼ੇਰ ਦਸਤ ਖ਼ਾਂ ਸੂਬਾ ਲਹੌਰ ਵਾਲਾ, ਡੀਲ ਡੌਲ ਬਲੰਦ ਮਹਾਨ ਪਿਆਰੇ। ਏਧਰ ਸਿੰਘਾਂ ਵਿਚ ਸਨ ਸਿੰਘ ਨਾਮੀ, ਨਾਮੀ ਨਾਮ ਇਹ ਉਨ੍ਹਾਂ ਦੇ ਜਾਨ ਪਿਆਰੇ। ਸਾਹਿਬ ਸਿੰਘ ਅਜੀਤ, ਜੁਝਾਰ ਕੇਹਰ, ਦਿਆ ਸਿੰਘ ਆਦਿਕ ਪੰਜੇ ਜਾਨ ਪਿਆਰੇ। ਮੁਕਤੇ ਪੰਜਾਂ ਵਿਚ ਧੰਨਾ ਸਿੰਘ, ਸਿੰਘ ਸਾਰੇ, ਮਾਨ ਸਿੰਘ ਤੇ ਸਿੰਘ ਧਿਆਨ ਪਿਆਰੇ। ਆਲਮ ਸਿੰਘ ਸਿਆਮ ਸਿੰਘ, ਸਿੰਘ ਮੋਹਰ, ਸੁੱਖਾ ਸਿੰਘ ਤੇ ਸਿੰਘ ਜੀ ਦਾਨ ਪਿਆਰੇ। ਕੋਠਾ ਸਿੰਘ ਰੰਘਰੇਟੜਾ ਗੁਰੂ ਬੇਟਾ, ਮਦਨ ਸਿੰਘ ਰਵਿਦਾਸੀਆ ਮਾਨ ਪਿਆਰੇ। ਦਸਮ ਰੂਪ ਅਨੂਪ ਤੇ ਰੂਪ ਜਿਸ ਦਾ, ਸੰਤ ਸਿੰਘ ਪਿਆਰਾ ਸਿਰੀ ਮਾਨ ਪਿਆਰੇ। ਇਕ ਇਕ ਤੋਂ ਇਕ ਚੜੰਦੜਾ ਸੀ, ਸਭੋ ਵਾਰਦੇ ਗੁਰੂ ਪਰ ਜਾਨ ਪਿਆਰੇ। ਜਾਨਾਂ ਹੂਲ ਕੇ ਗੜ੍ਹੀ ਦੇ ਵਿਚ ਬੈਠੇ, ਹੋਣ ਵਾਸਤੇ ਹੁਣੇ ਕੁਰਬਾਨ ਪਿਆਰੇ। ਦੀਨ ਧਰਮ ਦਾ ਜੁੱਧ ਹੁਣ ਹੋਣ ਲੱਗਾ, ਝੁਲ ਰਹੇ ਹਨ ਮੌਤ ਨਿਸ਼ਾਨ ਪਿਆਰੇ। ਕੌਤਕ ਹਾਰ ਦੇ ‘ਕੇਸਰੀ’ ਦੇਖ ਕੌਤਕ, ਮਾਰ ਮਾਰ ਕੇ ਕਰਨ ਖਲਹਾਨ ਪਿਆਰੇ।
ਸ਼ਾਹੀ ਫ਼ੌਜਾਂ ਨੇ ਚਮਕੌਰ ਦੇ ਉਦਾਲੇ ਘੇਰਾ ਘੱਤਣਾ
ਘੇਰ ਲਿਆ ਚਮਕੌਰ ਨੂੰ ਚਾਰ ਤਰਫ਼ੋਂ, ਡਰ ਕੇ ਪਿੰਡ ਵਾਸੀ ਗਏ ਭੱਜ ਲੋਕੋ। ਧੂੰਆਂ ਧਾਰ ਹੋਇਆ ਤੋਪਾਂ ਬੀੜੀਆਂ ਨੀ, ਪਈ ਗੋਲੀਆਂ ਦੀ ਭਾਰੀ ਗੱਜ ਲੋਕੋ। ਨਕਸ਼ਾ ਬੱਝਿਆ ਹੈ ਮਹਾਂਭਾਰਤਾਂ ਦਾ, ਤਾਜ਼ੀ ਹੋ ਗਈ ਯਾਦ ਮੁੜ ਅੱਜ ਲੋਕੋ। ਜ਼ਾਲਮ ਜ਼ੁਲਮ ਦੀ ਅੱਗ ਵਰਸਾਉਣ ਲੱਗੇ, ਅੱਗੇ ਰੱਖ ਕੇ ਦੀਨ ਦਾ ਪੁੱਜ ਲੋਕੋ। ਗਿਣਤੀ ਵਿਚ ਸੀ ਸਿੰਘ ਆਹ! ਸਿਰਫ਼ ਚਾਲ੍ਹੀ ਕੱਚੇ ਕੋਠੇ ਦਾ ਫੇਰ ਕੁਚੱਜ ਲੋਕੋ। ਕੋਈ ਸਿੰਘ ਜੇ ਗੜ੍ਹੀ ਤੋਂ ਬਾਹਰ ਆਵੇ, ਪੈਣ ਸੈਂਕੜੇ ਓਸ ਪਰ ਭੱਜ ਲੋਕੋ। ਕਾਲੀ ਰਾਤ ਵਿਚ ਪਵੇ ਅਫ਼ਾਤ ਕਿਧਰੇ ਦੁਸ਼ਮਣ ਪੈਣ ਆਪੋ ਵਿਚੀਂ ਵੱਜ ਲੋਕੋ। ਕਟਾ ਵੱਢ ਹੁੰਦੇ ਕਿਧਰੇ ਆਪ ਲੜ ਲੜ, ਨਹੀਂ ਸਮਝਦੇ ਫੇਰ ਨਿਲੱਜ ਲੋਕੋ। ਮੁੱਠੀ ਸਿੰਘਾਂ ਪਰ ਪੈ ਗਿਆ ਕਟਕ ਲੋਹੜਾ, ਪਾਈ ਢੋਲਾਂ ਨੇ ਬੜੀ ਗੜਗੱਜ ਲੋਕੋ। ਅਲੀ ਅਲੀ ਦੀ ਪਈ ਆਵਾਜ਼ ਆਵੇ, ਉਧਰ ਸ਼ੇਰ ਵੀ ਰਹੇ ਹਨ ਗੱਜ ਲੋਕੋ। ਸੱਤ ਸਿਰੀ ਅਕਾਲ ਅਕਾਲ ਹੋਵੇ, ਰਾਖਾ ਇਕ ਅਕਾਲ ਹੈ ਅੱਜ ਲੋਕੋ। ਖਾਲ- ਖੂਨ ਦੇ ‘ਕੇਸਰੀ’ ਹੋਏ ਜਾਰੀ, ਲਹੂ ਪੀਣ ਕਲਜੋਗਣਾਂ ਰੱਜ ਲੋਕੋ।
ਸ੍ਰੀ ਗੁਰੂ ਦਸਮੇਸ਼ ਜੀ ਨੇ ਗੜ੍ਹੀ ਵਿੱਚੋਂ ਤੀਰਾਂ ਦੀ ਵਰਖਾ ਵਰਸਾਉਣੀ
ਮੀਂਹ ਵੱਸਿਆ ਸੌਣ ਦੀ ਝੜੀ ਲੱਗੀ, ਤੀਰ ਸਤਿਗੁਰੂ ਨੇ ਐਕੁਰ ਛੱਡ ਦਿੱਤੇ। ਸੱਰਰ ਸੱਰਰ ਦੀ ਪੈ ਆਵਾਜ਼ ਆਵੇ, ਵਿੰਨ੍ਹ ਚੀਰ ਸਰੀਰ ਤੇ ਹੱਡ ਦਿੱਤੇ। ਰੁਧਰ ਧਾਰ ਪਰਨਾਲਿਆਂ ਵਾਂਗ ਚੱਲਦੀ, ਅੰਗ ਅੰਗ ਤੋਂ ਅੰਗ ਕਰ ਅੱਡ ਦਿੱਤੇ। ਤੀਰ ਮਾਰ ਦੇ ਐਂਚ ਨਿਸ਼ਾਨਿਆਂ ’ਤੇ, ਵਾੜ ਸੱਪ ਵਾਕਰ ਕੰਨ ਖੱਡ ਦਿੱਤੇ। ਟੁੱਟੇ ਜੋੜ ਸਰੀਰ ਦੇ ਜੋੜ ਦਿੱਤੇ, ਮੇਖਾਂ ਵਾਂਗ ਹਰ ਅੰਗ ਵਿਚ ਗੱਡ ਦਿੱਤੇ। ਲਥੜ ਪਥੜ ਹਨ ਖ਼ਾਕ ਦੇ ਵਿਚ ਹੋਏ, ਕਰ ਖੂਨ ਅੰਦਰ ਗੱਡ ਮੱਡ ਦਿੱਤੇ। ਖਾਲ ਖੂਨ ਦੇ ਖੇਤ ਸੈਰਾਬ ਕਰਦੇ, ਨੱਕੇ ਨਾਕਿਆਂ ਨੇ ਮਨੋ ਵੱਢ ਦਿੱਤੇ। ਧਾਰ ਲਹੂ ਦੀ ਢਿੱਡਾਂ ਵਿਚ ਪੌਣ ਖ਼ਾਤਿਰ, ਦੇਖੋ ਮੂੰਹ ਕਲਜੋਗਣਾਂ ਅੱਡ ਦਿੱਤੇ। ਪਈਆਂ ਭਾਜੜਾਂ ਸੂਰਮੇ ਜਾਣ ਭੱਜੇ ! ਛਾਈਆਂ ਦਹਿਸ਼ਤਾਂ ਖੇਤ ‘ਚੋਂ ਕੱਢ ਦਿੱਤੇ। ਕਰਾਮਾਤ ਨੂੰ ‘ਕੇਸਰੀ’ ਮਾਤ ਪਾਇਆ, ਕਰਤਬ ਨਾਲ ਦਲ ਦਲਾਂ ਦੇ ਵੱਢ ਦਿੱਤੇ।
ਸ੍ਰੀ ਗੁਰੂ ਜੀ ਨੇ ਨਾਹਰ ਖ਼ਾਨ ਨੂੰ ਜ਼ਮੀਨ ‘ਤੇ ਲਿਟਾ ਦੇਣਾ ਤੇ ਖ੍ਵਾਜਾ ਮਰਦੂਦ ਨੂੰ ਕੰਧ ਓਲ੍ਹੇ ਲੁਕਿਆ ਵੇਖ ਕੇ ਧਿਕਾਰਨਾ ਅਰ ਵੰਗਾਰਨਾ
ਓਹਲੇ ਕੰਧ ਦੇ ਖਾਜਾ ਮਰਦੂਦ ਲੁਕਿਆ! ਜਦੋਂ ਸਤਿਗੁਰੂ ਐਕੁਰਾਂ ਤੀਰ ਛੱਡੇ। ਊਚੇ ਬੋਲ ਮਰਦੂਦ ਵੰਗਾਰਿਆ ਹੈ! ਆ ਜਾ ਸਾਹਮਣੇ ਓ! ਜ਼ਰਾ ਬੀਰ ਵੱਡੇ। ਨਾਹਰ ਖ਼ਾਂ ਫਿਰ ਜ਼ਿਮੀਂ ਲਿਟਾ ਦਿੱਤਾ, ਫਨੀਅਰ ਕਾਲੇ ਹਨ ਵਿਚ ਸਰੀਰ ਗੱਡੇ। ਨਾਮੀ ਸੂਬੇ ਦੀ ਮੌਤ ਪਰ ਸ਼ੋਕ ਛਾਇਆ! ਛੋਟੇ ਬੜੇ ਸਭ ਹੋਏ ਦਿਲਗੀਰ ਵੱਡੇ। ਕੰਨ ਤੀਰ ਧਸਿਆ ਵੜਿਆ ਸੱਪ ਵਰਮੀ, ਤੀਰੰਦਾਜ ਸਤਿਗੁਰ ਬੇਨਜ਼ੀਰ ਵੱਡੇ। ਦੇਖ ਸਤਿਗੁਰੂ ਦੇ ਕਾਰਨਾਮਿਆਂ ਨੂੰ, ਸੂਬੇ ਹੋ ਗਏ ਬਹੁਤ ਅਧੀਰ ਵੱਡੇ। ਟੁੱਟੇ ਹੋਸਲੇ ਖਲਬਲੀ ਮੱਚ ਉੱਠੀ, ਮਾਰੋ ਗਏ ਹਨ ਕੋਈ ਸਰੀਰ ਵੱਡੇ। ਡਿੱਗੇ ਹਾਥੀਆਂ ਵਾਂਗ ਧੜੱਬ ਧਰਤੀ! ਤੱਛੇ ਪਏ ਹਨ ਮਨੋਂ ਛਤੀਰ ਵੱਡੇ। ਤੱਛ ਮੁੱਛ ਕੀਤੇ ਪਏ ਲੁੱਛਦੇ ਨੇ, ਜਾਨਾਂ ਤੋੜਦੇ ਮੰਗਦੇ ਨੀਰ ਵੱਡੇ। ਬੱਸ ‘ਕੇਸਰੀ’ ਤੌਬਾ ਪੁਕਾਰ ਉੱਠੇ, ਆਖਣ ‘ਸਤਿਗੁਰ ਹੈਂ ਕਾਮਲ ਪੀਰ ਵੱਡੇ’।
ਵੱਲੋਂ ਕਵਿ
ਆਜਾ ਦੇਖ ਨੁਰੰਗਿਆ! ਦੇਖ ਆ ਕੇ, ਕੋਹੜੇ ਹਾਲ ਹਨ ਅੱਜ ਸਰਦਾਰ ਤੇਰੇ ? ਚਾਲੀ ਸਿੰਘਾਂ ਨੇ ਮਾਰ ਕੇ ਛਾਰ ਕੀਤੇ, ਚਾਲ੍ਹੀ ਲਾਖ ਦੇ ਲਸ਼ਕਰ ਜਰਾਰ ਤੇਰੇ। ਸਤਿਗੁਰ ਤੀਰ ਵਰਸਾਉਂਦੇ ਗੜ੍ਹੀ ਵਿਚੋਂ, ਬਾਹਰ ਬੈਠੇ ਹਨ ਬੀਰ ਬਲਕਾਰ ਤੇਰੇ। ਓਹਲੇਜ ਕੰਧ ਦੇ ਖਾਜਾ ਮਰਦੂਦ ਲੁਕਿਆ! ਕੇਡੇ ਹੌਸਲੇ ਭਰੇ ਬਲਕਾਰ ਤੋਰੇ। ਨਾਹਰ ਖ਼ਾਨ ਜਦ ਮਾਰਿਆ ਬਲੀ ਜੋਧਾ, ਆਪ ਆਪ ਨੂੰ ਗਏ ਪਧਾਰ ਤੇਰੇ। ਸਤਿਗੁਰ ਸ਼ੇਰ ਦੇ ਵਾਂਗ ਭਬਕਾਰਦੇ ਨੇ! ਨੱਸੇ ਜਾਣ ਔਹ ਮਿਰਗਾਂ ਦੀ ਡਾਰ ਤੇਰੇ।
ਇਕ ਤੀਰ ਦੇ ਨਾਲ ਕਮਾਲ ਐਸਾ, ਤੀਰਾਂ ਵੇਧ ਹੋ ਜਾਣ ਹਜ਼ਾਰ ਤੇਰੇ।
ਓਹਲੇ ਟੱਟੀ ਦੇ ਸ਼ਰਮ ਨੂੰ ਲਾਹ ਕਰਕੇ, ਸੂਰੇ ਖੇਲਦੇ ਬੈਠ ਸ਼ਿਕਾਰ ਤੇਰੇ। ਖ਼ਬਰ ਫਤੇ ਦੀ ਪਿਆ ਉਡੀਕਦਾ ਤੂੰ, ਸੁੱਤੇ ਪਏ ਹਨ ਸਿਪਹ ਸਾਲਾਰ ਤੇਰੇ। ਚਿੜੀ ਬਾਜ਼ ਨੂੰ ਤੋੜਦੀ ਵੇਖ ਲੈ ਆ, ਲੰਮੇ ਪਏ ਹਨ ਹੌਸਲਾ ਹਾਰ ਤੇਰੇ। ਤੈਨੂੰ ਮਾਣ ਸੀ ਏਨ੍ਹਾਂ ਬਹਾਦਰਾਂ ਦਾ, ਡੀਂਗਾਂ ਮਾਰਦੇ ਸੀ ਦਾਹਵੇਦਾਰ ਤੇਰੇ। ਨਾਮੁਰਾਦ ਸਭ ‘ਕੇਸਰੀ’ ਜਾਣ ਏਥੋਂ, ਬੇੜੇ ਡੋਬ ਕੇ ਮੰਝਲੀ ਧਾਰ ਤੇਰੇ।
ਭਿਆਨਕ ਤੇ ਮਹਾਂ ਘੋਰ ਯੁੱਧ ਹੋਣ ਲੱਗ ਪਿਆ
ਤਾੜ ਤਾੜ ਤੜਾਕਿਆਂ ਸ਼ੋਰ ਪਾਇਆ, ਤੋੜੇ ਤੋੜਦੇ ਤੋੜਦੇ ਜਾਨ ਸੂਰੇ। ਗਰੜ ਗਰੜ ਆਵਾਜ਼ ਹੈ ਗੋਲਿਆਂ ਦੀ, ਲੱਗੇ ਗੋਲੀਆਂ ਮੀਂਹ ਵਰਸਾਨ ਸੂਰੇ। ਹਪਾ ਹੱਪ ਹੜੱਪ ਦੇ ਭੂਤ ਭੈਰੋਂ, ਕਰੜ ਕਰੜ ਕੜੱਕ ਦੇ ਜਾਨ ਸੂਰੇ। ਹਿੱਣਣ ਹਿੱਣਣ ਹਿੱਣਾਟ ਹੈ ਘੋੜਿਆਂ ਦੀ, ਕੁੱਦ ਕੁੱਦ ਕਿਕਾਨ ਕੁੱਦਾਨ ਸੂਰੇ। ਸਾਰ, ਸਾਰ ਦੇ ਨਾਲ ਹੈ ਸਾਰ ਵੱਜਦੀ, ਸਾਰ ਸਾਰ ਦੇ ਨਾਲ ਖੜਕਾਨ ਸੂਰੇ। ਦਾੜ ਦਾੜ ਗਿਰਦੇ, ਗਿਰਦੇ ਰੁੱਖ ਜਿਕੁਰ, ਭਰੜ ਭਰੜ ਭਰਾੜ ਪ੍ਰਲਾਨ ਸੂਰੇ। ਜਿਸਮ ਕਪੜੇ ਲਾਲ ਗੁਲਾਲ ਹੋਏ! ਹੋਲੀ ਖੇਲਦੇ ਰਲ ਜੁਆਨ ਸੂਰੇ। ਖ਼ਜਰ ਸੈਫ਼ ਸਰੋਹੀ ਤੇ ਸੈਹਥੀ ਲੈ ਨਾਲ, ਨੇਜ਼ਿਆਂ ਵਿੰਨ੍ਹਦੇ ਪ੍ਰਾਨ ਸੂਰੇ। ਹੱਥੋ ਹੱਥ ਉਲੱਥ ਪਲੱਥ ਹੁੰਦੇ, ਕਦੇ ਦੂਰ ਤੋਂ ਤੀਰ ਵਰਸਾਨ ਸੂਰੇ। ਆਹਮੋ ਸਾਹਮਣੇ ਜੰਗ ਜਦਾਲ ਹੋਵੇ, ਟੁੰਡ ਮੁੰਡ ਹੋ ਤੜਫ ਤੜਫਾਨ ਸੂਰੇ। ਕਿਤੇ ਟੰਗ ਤੇ ਬਾਂਹ ਅਰ ਅੰਗ ਕਟਦੇ, ਕਿਤੇ ਧੜਾਂ ਤੋਂ ਸੀਸ ਉਡਾਨ ਸੂਰੇ। ਕਿਤੇ ਮਾਰਦੇ ਵਾਰ ਇਉਂ ਮੁੱਖ ਉੱਤੇ, ਲੋਹੂ ਚੱਲਦੇ ਚੱਬਦੇ ਪਾਨ ਸੂਰੇ। ਕਿਤੇ ਲੋਥ ਪਰ ਲੋਥ ਹੈ ਚੜ੍ਹੀ ਹੋਈ! ਕਿਤੇ ਸਿਸਕਦੇ ਵਿਚ ਮਦਾਨ ਸੂਰੇ। ਗੋਲੇ ਵੱਜਦੇ ਗੜ੍ਹੀ ਨਾ ਹਿੱਲਦੀ ਹੈ! ਦੁਸ਼ਮਨ ਹੋ ਗਏ ਬਹੁਤ ਹੈਰਾਨ ਸੂਰੇ। ਮੁਗ਼ਲ ਉਗਲਦੇ ਜ਼ਹਿਰ ਦੇ ਪਿਆਲਿਆਂ ਨੂੰ, ਦੰਦ ਕ੍ਰੀਚਦੇ ਫਿਰਨ ਪਠਾਨ ਸੂਰੇ। ਹਾਏ ਚੀਕ ਪੁਕਾਰ ਦੀ ‘ਵਾਜ ਆਵੇ, ਹਾਹਾ! ਕਾਰ ਲਲਕਾਰ ਦੇ ਖ਼ਾਨ ਸੂਰੇ। ਘੋਰ ਤੋਪ ਘਨਘੋਰ ਨੂੰ ਮਾਤ ਪਾਇਆ, ਤੇਗ਼ ਬਿਜਲੀ ਜਿਵੇਂ ਲਿਸ਼ਕਾਨ ਸੂਰੇ। ਗੜ੍ਹੀ ਬਣੀ ਗੁਲਜ਼ਰੀ ਨਿਸ਼ਾਨਿਆਂ ਦੀ, ਇਸਨੂੰ ਫੁੰਡਦੇ ਰਲ ਬਲਵਾਨ ਸੂਰੇ। ਜ਼ਿੰਦਾ ਫੜੋ ਦਸਮੇਸ਼ ਨੂੰ ਕੱਢ ਬਾਹਰ ਬੋਲੀ, ਬੋਲਦੇ ਇਕ ਜ਼ਬਾਨ ਸੂਰੇ। ਸਾਗਰ ਅੱਗੇ ਹੈਸੀਅਤ ਕੀ ਨਾਲਿਆਂ ਦੀ, ਲੱਗੇ ਸਿੰਘਾਂ ਨੂੰ ਮਾਰ ਮੁਕਾਨ ਸੂਰੇ। ਔਸਤ ਕਈ ਹਜ਼ਾਰ ਤੇ ਇਕ ਦੀ ਹੈ, ਕਿਥੋਂ ਤੀਕ ਹੁਣ ਪੈਰ ਅੜਾਨ ਸੂਰੇ। ਇਕ ਸਿੰਘ ਜਦ ਬਾਹਰ ਆ ਜੂਝਦਾ ਹੈ, ਟੁੱਟ ਪੈਂਦੇ ਹਨ ਸੈਂਕੜੇ ਆਨ ਸੂਰੇ। ਚਿੜੀ ਬਾਜ਼ ਹਜ਼ਾਰਾਂ ਨੂੰ ਤੋੜ ਜਾਂਦੀ, ਸਫਲਾ ਸਤਿਗੁਰੂ ਕਰਨ ਫ਼ੁਰਮਾਨ ਸੂਰੇ। ਸਿੰਘ ਸੈਂਕੜੇ ਸੂਰਮੇ ਮਾਰ ਮਰਦਾ, ਮਰਦੇ ਮਰਦੇ ਵੀ ਹੱਥ ਦਿਖਲਾਨ ਸੂਰੇ। ਸਿੰਘ, ਸ਼ੇਰ ਨੂੰ ਮਾਰਨਾ ਖਰਾ ਔਖਾ, ਸਿੰਘ ਬਹੁਤ ਹੀ ਬੜੇ ਬਲਵਾਨ ਸੂਰੇ। ਇਕ ਰੱਤੀ ਸੁਮੇਰ ਦਾ ਟਾਕਰਾ ਹੈ, ਕਿਥੋਂ ਤੀਕ ਹੁਣ ਪੈਰ ਅੜਾਨ ਸੂਰੇ।
ਬਾਹਾਂ ਬੱਕੀਆਂ ਕੱਟਦੇ ਜ਼ਾਲਮਾਂ ਨੂੰ, ਜਿਵੇਂ ਜੱਟ ਕਮਾਦ ਕਟਾਣ ਸੂਰੇ। ਰੱਤ ਚੋ ਰਹੀ ਜਿਸਮ ਹਨ ਢੱਕ ਫੁੱਲੇ! ਹੋਏ ਇਸ ਤਰ੍ਹਾਂ ਲਹੂ ਲੁਹਾਨ ਸੂਰੇ। ਕਾਲੀ ਘਟਾਂ ਵਿਚ ਦਾਮਨੀ ਦਮਕਦੀ ਹੈ, ਇੱਕੁਰ ਦਲਾਂ ਵਿਚ ਤੇਗ਼ ਚਮਕਾਨ ਸੂਰੇ। ਵਾਢੀ ਪਈ ਹੋਵੇ ਜਿੱਕੁਰ ਖੇਤੀਆਂ ਨੂੰ, ਅਤੇ ਵੱਢਦੇ ਰੁੱਖ ਤਰਖ਼ਾਨ ਸੂਰੇ। ਦੀਨ ਧਰਮ ਦਾ ਜੰਗ ਅਰੰਭ ਹੋਇਆ, ਕਰਦੇ ਧਰਮ ਪਰ ਜਿੰਦ ਕੁਰਬਾਨ ਸੂਰੇ। ਜਾਨ ਤਲੀ ਪਰ ਧਰ ‘ਕੇਸਰੀ’ ਰੱਖ ਲੀਤੀ, ਵੱਧ ਵੱਧ ਸ਼ਹੀਦੀਆਂ ਪਾਨ ਸੂਰੇ।
ਸ੍ਰੀ ਮਾਨ ਭਾਈ ਸਾਹਿਬ ਮੋਹਕਮ ਸਿੰਘ ਜੀ ‘ਪਿਆਰੇ’ ਦੀ ਸ਼ਹੀਦੀ
ਮੁਹਕਮ ਸਿੰਘ ਨੇ ਹੁਕਮ ਲੈ ਸਤਿਗੁਰੂ ਦਾ, ਫ਼ੌਜ ਵਿਚ ਤਰਥੱਲ ਜਾ ਪਾ ਦਿੱਤਾ। ਕਟਾ ਵੱਢ ਬਲਬੀਰ ਨੇ ਅੰਞ ਕੀਤੀ, ਮਾਰ ਮਾਰ ਦਲ ਵੈਰੀ ਲਿਟਾ ਦਿੱਤਾ। ਜਿੱਧਰ ਜਾਵੇ ਆਹ! ਖੋਹਲ ਮੈਦਾਨ ਸਿੱਟੇ, ਹਾ ਹਾ ਕਾਰ ਤੇ ਦੰਦ ਮਚਾ ਦਿੱਤਾ। ਅੰਮਿ੍ਤ ਸ਼ਕਤਿ ਨੇ ਸਿੰਘ ਵਿਚ ਸ਼ਕਤਿ ਪਾਈ, ਤੂੰਬਾ ਤੂੰਬਾ ਰਿਪੁ ਦਲਾਂ ਉੜਾ ਦਿੱਤਾ। ਹੁਕਮ ਸਤਿਗੁਰੂ ਦਾ ਅੰਞ ਸਫਲ ਕੀਤਾ, ਲੋਹਾ ਲੋਹੇ ਦੇ ਨਾਲ ਖੜਕਾ ਦਿੱਤਾ। ਮਾਨੋ ਸਿੰਧ ਸਪੂਰ ਦਲ ਦੁੱਜਨਾਂ ਦਾ, ਭੜਥੂ ਮੱਛ ਨੇ ਸਾਗਰਾਂ ਪਾ ਦਿੱਤਾ। ਪਾਇਆ ਰੇੜਕਾ ਵਿਚ ਸਮੁੰਦਰਾਂ ਦੇ, ਪਾਣੀ ਰੋਲ ਘਚੋਲ ਹਿਲਾ ਦਿੱਤਾ। ਭਖਿਆ ਸ਼ੇਰ ਮੂੰਹ ਲਾਲ ਗੁਲਾਲ ਹੋਇਆ, ਟਿੱਡੀ ਦਲਾਂ ਨੂੰ ਮਾਰ ਮੁਕਾ ਦਿੱਤਾ। ਸੇਲੇ, ਭਾਲੇ ਤੇ ਸਾਂਗ ਮ੍ਹਾਰਦਾ ਹੈ, ਤੋਮਰ, ਤੀਰ, ਤੁਫੰਗ ਚਲਾ ਦਿੱਤਾ। ਚੜ੍ਹਿਆ ਜੋਸ਼ ਜਮ ਰੂਪ ਭੈ-ਭੀਤ ਕਰਦਾ, ਸਾਰ ਦੂਲ, ਦਲ ਮਿਰਗ ਹਿਲਾ ਦਿੱਤਾ। ਨਿਰਭੈ ਗਰਜਦਾ ਤਰਜਦਾ ਚੌਹੀਂ ਪਾਸੀਂ, ਅੱਗੇ ਆਯਾ ਜੋ ਪਾਰ ਬੁਲਾ ਦਿੱਤਾ। ਸ਼ਾਹੀ ਫ਼ੌਜ ਜਦ ਬਹੁਤ ਲਾਚਾਰ ਹੋਈ, ਖਾਜਾ ਮਰਦ ਨੇ ਸ਼ੋਰ ਮਚਾ ਦਿੱਤਾ। ਕਿਹਾ, ਸ਼ੋਕ ਹੈ! ਮੋਮਨੋ! ਹੋ ਗਿਆ ਕੀ! ਇਕ ਸਿੰਘ ਨੇ ਕਟਕ ਮੁਕਾ ਦਿੱਤਾ। ਹੈਫ਼! ਸ਼ਰਮ ਬਹਾਦਰੋ! ਗੀਦੀਓ! ਓਇ ਧੱਬਾ ਕੌਮ ਇਸਲਾਮ ਪਰ ਲਾ ਦਿੱਤਾ। ਉੱਠੋ ਮੋਮਨੋ! ਮਰੋ ਜਾਂ ਮਾਰ ਸਿੱਟ, ਨਾਲ ਲਾਹਨਤਾਂ ਦਲ ਸ਼ਰਮਾ ਦਿੱਤਾ। ਇੱਕ ਵਾਰ ਆ ਟੁੱਟ ਕੇ ਪਿਆ ਦਸਤਾ, ਘੇਰਾ ਘੱਤ ਕੇ ਵਿਚ ਛੁਪਾ ਦਿੱਤਾ। ਕੀਤੀ ਸਲਕ ਬੰਦੂਕਾਂ ਦੀ ਸ਼ੇਰ ਉੱਤੇ, ਮਾਨੋ ਗੋਲੀਆਂ ਮੀਂਹ ਵਰਸਾ ਦਿੱਤਾ। ਇਕ ਸਿੰਘ ਪਰ ਵਾਰ ਹਜ਼ਾਰ ਹੋਇਆ! ਅੰਗ ਅੰਗ ਹੈ ਕੱਟ ਕਟਾ ਦਿੱਤਾ। ਪੁਰਜਾ ਪੁਰਜ਼ਾ ਹੋ ਸਿੰਘ ਸ਼ਹੀਦ ਹੋਇਆ, ਕੌਤਕਹਾਰ ਨੂੰ ਕੌਤਕ ਦਿਖਾ ਦਿੱਤਾ। ਸਿਰਜਨਹਾਰ ਵਿਚ ਗੜ੍ਹੀ ਦੇ ਵੇਖਦਾ ਹੈ, ਮੁਹਕਮ ਸਿੰਘ ਨੇ ਹੁਕਮ ਬਜਾ ਦਿੱਤਾ। ਪਿਆਰੇ, ਪਿਆਰੇ ਨੇ ਪਿਆਰੇ ਗੁਰਦੇਵ ਉੱਤੇ, ਪਿਆਰਾ ਸੀਸ ਹੈ ਭੇਟ ਚੜਾ ਦਿੱਤਾ। ਸਨਮੁਖ ਸਿੰਘ ਨੇ ਜੁੱਧ ਵਿਚ ਪ੍ਰਾਣ ਦਿੱਤੇ, ਦਸਮ ਪਾਤਸ਼ਾਹ ਵਾਹ ਅਲਾ ਦਿੱਤਾ। ਮੋਹਕਮ ਸਿੰਘ ਸ਼ਹੀਦ ਹੋ ਗਿਆ ਸੂਰਾ, ਰਿਸ਼ਤਾ ਸਿੱਖੀ ਦਾ ਤੋੜ ਨਿਭਾ ਦਿੱਤਾ। ਸੱਚ ਖੰਡ ਵਿਚ ‘ਕੇਸਰੀ’ ਹੋਇਆ ਦਾਖ਼ਲ, ਮਸਤਕ ਨੌਵੇਂ ਗੁਰ ਚਰਨ ਟਿਕਾ ਦਿੱਤਾ।
ਸ੍ਰੀ ਮਾਨ ਭਾਈ ਸਾਹਿਬ ਹਿੰਮਤ ਸਿੰਘ ਜੀ ਤੇ ਸ੍ਰੀ ਮਾਨ ਭਾਈ ਸਾਹਿਬ ਸਾਹਿਬ ਸਿੰਘ ਜੀ ਦੋਹਾਂ ਪਿਆਰਿਆਂ ਨੇ ਡਾਢੇ ਜੋਸ਼ ਖ਼ਰੋਸ਼ ਨਾਲ ਸ਼ਹੀਦੀਆਂ ਪ੍ਰਾਪਤ ਕਰਨੀਆਂ
ਹਿੰਮਤ ਸਿੰਘ ਅਰ ਸਾਹਿਬ ਸਿੰਘ, ਸਿੰਘ ਪਿਆਰੇ, ਉੱਠੇ ਜੋਸ਼ ਖਰੋਸ਼ ਦੇ ਨਾਲ ਦੋਵੇਂ। ਸਿੰਘ ਸੂਰਮੇ ਸ਼ੇਰ ਭਬਕਾਰਦੇ ਨੇ, ਭਖੇ ਅੱਗ ਵਾਂਗੂੰ ਹੋਏ ਲਾਲ ਦੋਵੇਂ। ਭੀਮ ਸੈਨ, ਅਰਜੁਣ, ਯਾ ਸੁਹਰਾਬ, ਰੁਸਤਮ, ਬਲੀ ਬੀਰ ਬਾਂਕੇ ਲਾਮਿਸਾਲ ਦੋਵੇਂ। ਭਿਆਨਕ ਰੂਪ ਹੈਂ ਦਹਿਸ਼ਤਾਂ ਦੇਣ ਵਾਲੇ, ਖੂੰਖ਼ਾਰ ਬਣ ਰਹੇ ਜਮਕਾਲ ਦੋਵੇਂ। ਵੈਰੀ ਦਲਾਂ ਪਰ ਖੰਡੇ ਖੜਕਾਣ ਲੱਗੇ, ਮੂੰਹੋਂ ਬੋਲ ਅਕਾਲ ਅਕਾਲ ਦੋਵੇਂ। ਝੁੰਡ ਦੇਖ ਕੁਲਿੰਗਾਂ ਦਾ ਬਾਜ਼ ਭੁੱਖੇ, ਉੱਤੇ ਆਣ ਡਿੱਗੇ ਤੁਰਤ ਕਾਲ ਦੋਵੇਂ। ਜਿਵੇਂ ਜੱਟ ਕਮਾਦ ਨੂੰ ਕੱਟਦਾ ਹੈ, ਪਰਲਾਂ ਲਾਉਂਦੇ ਫੁਰਤੀਆਂ ਨਾਲ ਦੋਵੇਂ। ਦਾਤ ਬਖ਼ਸ਼ਦੇ ਫਿਰਨ ਸ਼ਹੀਦੀਆਂ ਦੀ, ਹੋਏ ਦੁਸ਼ਮਨਾਂ ਉੱਤੇ ਦਿਆਲ ਦੋਵੇਂ। ਭੱਜ ਭੱਜ ਕੇ ਹੋਲੀਆਂ ਖੇਡਦੇ ਨੇ, ਮਨੋਂ ਫੈਂਕਦੇ ਲਾਲ ਗੁਲਾਲ ਦੋਵੇਂ। ਸ਼ੱਤ੍ਰੁ ਵਾਰ ਨੂੰ ਰੋਕਦੇ, ਵਾਰ ਕਰਦੇ, ਔਂਦੇ ਵਾਰ ਪਰ ਓਟ ਦੇ ਢਾਲ ਦੋਵੇਂ। ਦੁਸ਼ਮਨ ਗਿਆ ਹਿਰਾਨਿਆ ਆਖਦਾ ਹੈ, ‘ਏਹ ਕੀ ਕਰਦੇ ਹਨ ਸਿੰਘ ਕਮਾਲ ਦੋਵੇਂ’। ਸਫਲੇ ਵਾਕ ਅੱਜ ਹੋਣ ਗੋਬਿੰਦ ਸਿੰਘ ਦੇ, ਜੇਹੜੇ ਕਹੇ ਉਸ ਫ਼ਖ਼ਰ ਦੇ ਨਾਲ ਦੋਵੇਂ। ‘ਸਵਾ ਲਾਖ ਸੇ ਏਕ ਲੜਾਊਂਗਾ ਮੈਂ, ਚਿੜੀ ਬਾਜ਼ ਨੂੰ ਤੋੜੇਗੀ’ ਖ਼ਿਆਲ ਦੋਵੇਂ। ਅੱਜ ਹੈਨ ਪਰਤੱਖ ਦਿਖਾਈ ਦੇਂਦੇ, ਕਰਕੇ ਦੱਸ ਰਹੇ ਗੁਰ ਦੇ ਲਾਲ ਦੋਵੇਂ। ਤਾਕਤ ਕਿਧਰੋਂ ਗ਼ਜ਼ਬ ਦੀ ਪੈ ਗਈ ਆ, ਕਿਕੂੰ ਪਾ ਰਹੇ ਸਿੰਘ ਭੁਚਾਲ ਦੋਵੇਂ। ਰੂਹਾਂ ਫੂਕੀਆਂ ਜਾਪਦਾ ਇਹੋ ਸਾਨੂੰ, ਕੀਤੇ ਦੇਵ ਹਨ ਅੰਮ੍ਰਿਤ ਪਿਆਲ ਦੋਵੇਂ। ਹਾਥੀ ਮਸਤ ਖ਼ੂਨੀ ਕਰਦੇ ਖ਼ੂਨ ਫਿਰਦੇ, ਜਿਧਰ ਜਾਣ ਕਰਦੇ ਹਾਲ ਹਾਲ ਦੋਵੇਂ। ਤਿਲੀਅਰ ਕੱਟ ਕੇ ਸਿੱਟਦੇ ਟਿੱਡੀਆਂ ਨੂੰ, ਰਹੇ ਇਸ ਤਰ੍ਹਾਂ ਦਲਾਂ ਨੂੰ ਗਾਲ਼ ਦੋਵੇਂ। ਛਾਂਗ ਸੁੱਟੇ ਹਨ ਜਿਵੇਂ ਦਰੱਖ਼ਤ ਬਣ ਦੇ, ਅੰਗ ਵੱਢ ਕੇ ਕਰਨ ਨਿਢਾਲ ਦੋਵੇਂ। ਅੰਗ ਕੱਟਦੇ ਅੰਗ ਬਚੌਣ ਨਾਲੇ, ਕਰਨ ਸ਼ਸਤ੍ਰਾਂ ਖੂਬ ਸੰਭਾਲ ਦੋਵੇਂ। ਹਿੰਮਤ ਸਿੰਘ ਦੀ ਹਿੰਮਤ ਅਪਾਰ ਦੇਖੀ, ਹਿੰਮਤ ਸਾਹਿਬੀ ਦੱਸਦੇ ਪਾਲ ਦੋਵੇਂ। ਦੁੱਜਨ ਦਲਾਂ ਵੱਢ ਕੇ ਢੇਰ ਲਾਏ! ਫੱਟੇ ਗਏ ਫਿਰ ਸ਼ਸਤ੍ਰਾਂ ਨਾਲ ਦੋਵੇਂ। ਵੈਰੀ ਉਮਡ ਕੇ ਪੈ ਗਿਆ ਸਿੰਧ ਵਾਕਰ, ਘੇਰ ਲਏ ਹਨ ਵਿਚ ਵਿਚਾਲ ਦੋਵੇਂ। ਇੱਕੇ ਵਾਰ ਭਰਮਾਰ ਇਸ ਤਾਰ ਹੋਈ, ਕੱਟੇ ਗਏ ਅਮੁੱਲੜੇ ਲਾਲ ਦੋਵੇਂ। ਉੱਚਾ ਮਰਤਬਾ ਲਿਆ ਸ਼ਹੀਦੀਆਂ ਦਾ, ਸੱਚ ਖੰਡ ਪਹੁੰਚੇ ਤਤਕਾਲ ਦੋਵੇਂ। ਡਿੱਠਾ ਦੂਲੇ ਦਸਮੇਸ਼ ਨੇ ਦਯਾ ਕਰਕੇ, ਕਿਤੇ ਸਰਬ ਪ੍ਰਕਾਰ ਨਿਹਾਲ ਦੋਵੇਂ। ਪਿਆਰੇ ਤਿੰਨ ਪਿਆਰੇ ਇੱਥੇ ਹੈਨ ਵਾਰੇ, ਅੱਗੇ ਵਾਰ ਦੇਣੇ ਦੇਖੋ ਲਾਲ ਦੋਵੇਂ। ਕੌਤਕਹਾਰ ਦੇ ‘ਕੇਸਰੀ’ ਅਜਬ ਕੌਤਕ! ਕਰ ਗਏ ਲੱਖਾਂ ਨੂੰ ਸਿੰਘ ਪਾਮਾਲ ਦੋਵੇਂ।
ਸਿੰਘਾਂ ਨੂੰ ਸ਼ਹੀਦੀਆਂ ਪ੍ਰਾਪਤ ਕਰਦਿਆਂ ਦੇਖ ਕੇ ਸਾਹਿਬ ਅਜੀਤ ਸਿੰਘ ਜੀ ਨੂੰ ਜੋਸ਼ ਆਉਣਾ
ਅੱਧੇ ਸਿੰਘ ਸ਼ਹੀਦੀਆਂ ਪਾ ਚੁੱਕੇ, ਬਾਕੀ ਰਹੇ ਅੱਧੇ ਕੇਵਲ ਬੀਸ ਲੋਕੋ। ਸਿੰਘ ਪੜ੍ਹੇ ਹਨ ਓਸ ਸਕੂਲ ਅੰਦਰ, ਜਿਥੇ ਦਈਦੀ ਸੀਸ ਦੀ ਫ਼ੀਸ ਲੋਕੋ। ਖ਼ਾਲੀ ਧੜਾਂ ਦੇ ਨਾਲ ਹਨ ਜੰਗ ਲੜਦੇ, ਪਹਿਲੇ ਅਰਪ ਚੁੱਕੇ ਆਪਣਾ ਸੀਸ ਲੋਕੋ। ਸਿੰਘ ਸੜੇ ਪਰਵਾਨਿਆਂ ਵਾਰ ਜਿੱਕੁਰ, ਬੈਠੇ ਵੇਖਦੇ ਖੇਡ ਜਗਦੀਸ਼ ਲੋਕੋ। ਮਰਨਾ ਕਠਨ ਕਿ ਉਨ੍ਹਾਂ ਸਿਪਾਹੀਆਂ ਨੂੰ, ਹੋਵੇ ਜਿਨ੍ਹਾਂ ਦਾ ਗੁਰੂ²* ਅਨੀਸ ਲੋਕੋ। ਸਿੱਖੀ ਸਿੱਖਿਆ, ਸਿੱਖਣਾ ਜੂਝ ਮਰਨਾ, ਕਰਨੀ ਸਦਾ ਸ਼ਹੀਦਾਂ ਦੀ ਰੀਸ ਲੋਕੋ। ਕੱਸੇ ਗਏ ਜੋ ਹੈਨ ਕਸਵੱਟੀਆਂ ’ਤੇ, ਫ਼ਤੇਹ ਪੌਣਗੇ ਬਿਸਵੇ ਬੀਸ ਲੋਕੋ। ਸਿੰਘ ਸਾਹਮਣੇ ਕਿਸ ਤਰ੍ਹਾਂ ਜੂਝਦੇ ਹਨ ? ਪਈ ਹੱਡ ਤੇ ਚੰਮ ਵਿਚ ਚੀਸ ਲੋਕੋ। ਉੱਠੇ ਬਦਨ ਝੰਜੋੜ ‘ਅਜੀਤ ਕੇਹਰ’, ਰਾਵਣ ਦਲਾਂ ਪਰ ਜਿਵੇਂ ਕਪੀਸ²” ਲੋਕੋ। ਡੋਲੇ ਫਰਕਦੇ ਟੁੱਕਦਾ ਬੁੱਲ੍ਹ ਬਾਬਾ! ਲਏ ਦੰਦ ਕਰੋਧ ਵਿਚ ਪੀਸ ਲੋਕੋ। ਪਾਰਟ ਆਪਣਾ ਅਦਾ ਹੁਣ ਕਰਨ ਖ਼ਾਤਿਰ, ਚਰਨੀ ਪਿਤਾ ਦੇ ਰੱਖਿਆ ਸੀਸ ਲੋਕੋ। ਸਨਮੁਖ ‘ਕੇਸਰੀ’ ਮਰਾਂ ਮੈਂ ਮਾਰ ਜ਼ਾਲਮ! ਪਿਤਾ ਗੁਰੂ ਤੋਂ ਲਈ ਅਸੀਸ ਲੋਕੋ।
ਦੋਹਰਾ
ਸਾਹਿਬ ਸਿੰਘ ਅਜੀਤ ਜੀ ਪਿਤਾ ਗੁਰੂ ਦੇ ਪਾਸ। ਜੂਝਣ ਚੱਲੇ ਜੰਗ ਵਿਚ ਇਉਂ ਕਰ ਕੇ ਅਰਦਾਸ।
ਪਦ ਫਿਰਨਾ ਛੰਦ
ਅੱਧੇ ਸਿੰਘ ਜੂਝ ਚੁੱਕੇ ਵਿਚ ਰਣ ਦੇ। ਬਾਕੀ ਜੇਹੜੇ ਰਹੇ ਉਹ ਵੀ ਜਾਨ ਛਣਦੇ। ਐਸ ਵੇਲੇ ਮੇਰਾ ਹੈ ਧਰਮ ਲੜਨਾ। ਧਰਮ ਦੀ ਚਿਖਾ ‘ਤੇ ਸਤੀ ਵਾਂਗ ਚੜ੍ਹਨਾ।
ਨਾਮ ਹੈ ਅਜੀਤ, ਜੀਤਿਆ ਨਾ ਜਾਊਂਗਾ। ਜੀਤਿਆ ਗਿਆ, ਤਾਂ ਜੀਤਾ ਨਹੀਂ ਆਊਂਗਾ ।੧।
ਪਿਤਾ ਜੀ ਮਿਸ਼ਨ ਆਪ ਦਾ ਮਹਾਨ ਹੈ। ਏਸ ਵਿਚ ਪਹਿਲੇ ਮੇਰਾ ਬਲੀਦਾਨ ਹੈ। ਪੁਰਜ਼ਾ ਪੁਰਜ਼ਾ ਕੱਟ ਹੋਵਾਂ ਬਿਨਾਂ ਸ਼ੱਕ ਜੇ। ਧਰਮ ਉੱਤੇ ਜੂਝਣੋ ਨਾ ਮੋੜਾਂ ਨੱਕ ਜੇ। ਪੰਥਕ ਨੀਹਾਂ ‘ਚ ਹੱਡ ਚੰਮ ਪਾਊਂਗਾ। ਜੀਤਿਆ ਗਿਆ, ਤਾਂ ਜੀਤਾ ਨਹੀਂ ਆਉਂਗਾ ।੨।
ਧੰਨ! ਧੰਨ! ਸਿੱਖ ਆਪਾ ਗਏ ਵਾਰ ਜੋ। ਔਣਾ ਨਾ ਜਹਾਨ ਉੱਤੇ ਦੂਜੀ ਵਾਰ ਜੋ। ਹੱਸ ਹੱਸ ਮੌਤ ਨੂੰ ਮਿਲੇ ਨੇ ਸੂਰਮੇ। ਜ਼ਾਲਮਾਂ ਨੂੰ ਮਾਰ ਮੇਲ ਗਏ ਧੂਰਮੇ।
ਮੈਂ ਵੀ ਹੱਸ ਹੱਸ ਕੇ ਸ਼ਹੀਦੀ ਪਾਉਂਗਾ। ਜੀਤਿਆ ਗਿਆ, ਤਾਂ ਜੀਤਾ ਨਹੀਂ ਆਊਂਗਾ ।੩।
ਧਰਮ ਤੇ ਅਧਰਮ ਦਾ ਹੈ ਅੱਜ ਟਾਕਰਾ । ਥਾਪੀ ਦੇਵੋ ਜਾਵਾਂ ਅਹੋ! ਪਿਤਾ ਠਾਕੁਰਾ। ਸਿੰਘਾਂ ਦੀ ਸ਼ਹੀਦੀ ਤੋਂ ਉਮੰਗ ਆਈ ਹੈ। ਮੁਰਦਿਆਂ ਤਨਾਂ ‘ਚ ਸਿੰਘਾਂ ਜਿੰਦ ਪਾਈ ਹੈ।
ਪਿਤਾ ਪਿਤਾਮਾ ਕੋਲ ਮੈਂ ਭੀ ਜਾਊਂਗਾ। ਜੀਤਿਆ ਗਿਆ, ਤਾਂ ਜੀਤਾ ਨਹੀਂ ਆਊਂਗਾ 181
ਸਿੱਖ ਦਾ ਧਰਮ ਹੈ ਧਰਮ ਰੱਖਣਾ। ਮੌਤ ਸਾ ਸੁਆਦ ਸਿੱਧੇ ਮੂੰਹ ਚੱਖਣਾ। ਪਹਿਲਾਂ ਮੇਰਾ ਹੱਕ ਮੈਂ ਕਰਾਂ ਅਦਾਇਗੀ। ਨਵੀਂ ਲੜੀ ਏਸੇ ਤਰ੍ਹਾਂ ਤੁਰੀ ਜਾਇਗੀ।
ਪਹਿਲਾਂ ਸੀਸ ਆਪਣਾ ਮੈਂ ਲਾ ਦਿਖਾਊਂਗਾ। ਜੀਤਿਆ ਗਿਆ, ਤਾਂ ਜੀਤਾ ਨਹੀਂ ਆਊਂਗਾ ।੫।
ਦੋਹਰਾ
ਸਾਹਿਬ ਸਿੰਘ ਅਜੀਤ ਦੇ ਸੁਣੇ ਖ਼ਿਆਲ ਗੁਰ ਦਿਆਲ । ਅਤਿ ਪ੍ਰਸੰਨ ਹੋ ਬੋਲਦੇ ਅਹੋ! ਪਿਆਰੇ ਲਾਲ ।
ਪਦ ਫਿਰਨਾ ਛੰਦ
ਅਹੋ ਸੁਤ ਧੰਨ ਤੇਰਾ ਧੰਨ ਜੰਮਣਾ। ਸੁਰਮੇ ਨੇ ਬਾਰ ਬਾਰ ਨਹੀਂ ਜੰਮਣਾ। ਐਸ ਵੇਲੇ ਖੂਨ ਡੋਹਲਣੇ ਦੀ ਲੋੜ ਹੈ। ਵੈਰੀ ਦਲ ਆਇਆ ਕਿਕੂੰ ਪੈਰ ਜੋੜ ਹੈ।
ਆਪ ਮਰ ਜਾਣਾ ਜ਼ਾਲਮਾਂ ਨੂੰ ਮਾਰਨਾ। ਮੇਰਾ ਹੈ ਮਿਸ਼ਨ ਬੇਟਾ! ਆਪਾ ਵਾਰਨਾ ॥੧॥
ਛਤ੍ਰੀ ਧਰਮ ਸਿੱਖ ਏਹੋ ਪੁੱਤਰਾ। ਮਾਰ ਮਾਰ ਜ਼ਾਲਮਾਂ ਕਰੋ ਨਿਰੁੱਤਰਾ। ਮੇਰਾ ਹੈ ਉਦੇਸ਼ ਹਿੰਦ ਜਾਂਦੀ ਰੱਖਣੀ। ਬਾਕੀ ਹੋਰ ਚੀਜ਼ ਕੋਲ ਨਹੀਂ ਰੱਖਣੀ।
ਸਾਂਗੋ ਪਾਂਗ ਸਾਂਗ ਪੂਰਾ ਹੈ ਉਤਾਰਨਾ। ਮੇਰਾ ਹੈ ਮਿਸ਼ਨ ਬੇਟਾ! ਆਪਾ ਵਾਰਨਾ ।੨।
ਜਾਨ ਤੋਂ ਪਿਆਰੇ ਸਿੱਖ ਰਿਹਾ ਵਾਰ ਮੈਂ। ਜਾਨ ਉੱਤੇ ਖੇਡਣੇ ਨੂੰ ਹਾਂ ਤਿਆਰ ਮੈਂ। ਮੇਰੇ ਅੱਗੇ ਖੇਲੋ ਬੱਚਾ ਰੰਗ ਹੋਲੀਆਂ। ਦੇਖ! ਸਿੰਘ ਜੂਝੇ ਬੰਨ੍ਹ ਬੰਨ੍ਹ ਟੋਲੀਆਂ।
ਦੱਸਿਆ ਅਕਾਲ ਨੇ ਹੈ ਵੰਸ ਵਾਰਨਾ। ਮੇਰਾ ਹੈ ਮਿਸ਼ਨ ਬੇਟਾ! ਆਪਾ ਵਾਰਨਾ ॥੩॥
ਧਰਮ ਦੀ ਸ਼ਮ੍ਹਾ ਹੈ ਲੱਟ ਲੱਟ ਮੱਚਦੀ। ਸੜੋ ਏਦ੍ਹੇ ਉੱਤੇ ਜਗ ਵੇਦੀ ਸੱਚ ਦੀ। ਭੇਜਿਆ ਅਕਾਲ ਮੈਨੂੰ ਏਸੇ ਵਾਸਤੇ। ਖੂਨ ਡੋਲ੍ਹ ਡੋਲ੍ਹ ਕਰਾਂ ਸਾਫ਼ ਰਾਸਤੇ।
ਹੋਰ ਚੀਜ਼ ਨਾਲ ਮੇਰਾ ਹੈ ਪਿਆਰ ਨਾ। ਮੇਰਾ ਹੈ ਮਿਸ਼ਨ ਬੇਟਾ! ਆਪਾ ਵਾਰਨਾ ॥੪॥
ਅੱਜ ਸਾਨੂੰ ਲੋੜ ਹੈ ਸ਼ਹੀਦ ਹੋਣ ਦੀ। ਦੀਨ° ਪਿੱਛੋਂ ਸਮੇਂ ਆਈ ਦੁਨੀ ਖੋਣ ਦੀ। ਇਕ ਇਕ ਟੇਪਾ ਖੂਨ ਦਾ ਜੋ ਡੁੱਲ੍ਹਣਾ। ਲਾਲ, ਹੀਰੇ, ਮੋਤੀਆਂ ਦੇ ਨਾਲ ਤੁੱਲਣਾ।
ਵੱਧ ਵੱਧ ਦੁੱਖ ਪਊਗਾ ਸਹਾਰਨਾ। ਮੇਰਾ ਹੈ ਮਿਸ਼ਨ ਸਰਬੰਸ ਵਾਰਨਾ ॥੫॥ ਮੁੱਲ ਅੰਤ ਪਊਗਾ ਸ਼ਹੀਦ ਹੋਣ ਦਾ। ਵੱਲ ਸਿੱਖ ਪੰਥ ਪੈਰਾਂ ‘ਤੇ ਖਲੋਣ ਦਾ। ਮਹਾਂ ਕਾਲ ਪਾਸੋਂ ਮੈਨੂੰ ਮਿਲੀ ਦੀਖਿਆ। ਏਸੇ ਲਈ ਸਾਡੀ ਹੁੰਦੀ ਹੈ ਪਰੀਖਿਆ।
ਦੇ ਕੇ ਕੁਰਬਾਨੀ ਪੰਥ ਹੈ ਉਭਾਰਨਾ। ਮੇਰਾ ਹੈ ਮਿਸ਼ਨ ਸਰਬੰਸ ਵਾਰਨਾ ॥੬ ਨੀਂਹ ਅਸੀਂ ਪੁੱਟੀ ਪੰਥ ਦੇ ਮਹੱਲ ਦੀ। ਪੱਕੀ ਹੋਵੇ ਫੇਰ ਨਾ ਕਦੇ ਵੀ ਹੱਲਦੀ। ਜਿੰਦੜੀ ਪਿਆਰੀ ਨੀਹਾਂ ਵਿਚ ਪਾਵਣੀ। ਜਿਨ੍ਹਾਂ ਉੱਤੇ ਪਊ ਖ਼ਾਲਸੇ ਦੀ ਛਾਵਣੀ।
ਵੀਰਤਾ ਸਬਕ ਪੰਥ ਨੂੰ ਸਿਖਾਰਨਾ। ਮੇਰਾ ਹੈ ਮਿਸ਼ਨ ਸਰਬੰਸ ਵਾਰਨਾ ॥੭॥
ਚਲੋ ਬੇਟਾ! ਮੌਤ ਖੜੀ ਹੈ ਉਡੀਕਦੀ। ਚੜ੍ਹੋ ਬੇਟਾ! ਰੇਲ ਗੱਡੀ ਪਈ ਚੀਕਦੀ।
ਖ਼ਾਲਸਾਈ ਹੱਥ ਆਪਣੇ ਦਿਖਾ ਦਿਓ। ਜ਼ਾਲਮਾਂ ਨੂੰ ਮਾਰ ਧਰਾ ‘ਤੇ ਲਿਟਾ ਦਿਓ।
ਹੋਇਕੇ ਅਜੀਤ ਜ਼ਾਲਮਾਂ ਦਿਖਾਰਨਾ। ਮੇਰਾ ਹੈ ਮਿਸ਼ਨ ਸਰਬੰਸ ਵਾਰਨਾ ॥੮॥
ਕੁੱਦੋ ਬੇਟਾ ਜੰਗ ਵਿਚ ਮਾਰੋ ਛਾਲੀਆਂ। ਸੁਰਮੇ ਨੂੰ ਜੰਗ ‘ਚ ਚੜ੍ਹਨ ਲਾਲੀਆਂ।
ਚਿੱਤ ਵਿਚ ਧਾਰਨਾ ਖੜਗਧਾਰੀ ਨੂੰ। ਵਾਰ ਦਿਓ” ਅੰਤ ਜਿੰਦੜੀ ਪਿਆਰੀ ਨੂੰ।
ਇਕ ਸੁਆਸ ਤੀਕ ਹੌਸਲਾ ਨਾ ਹਾਰਨਾ। ਮੇਰਾ ਹੈ ਮਿਸ਼ਨ ਸਰਬੰਸ ਵਾਰਨਾ ॥੯॥
ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਜੰਗ ਲਈ ਤਿਆਰ ਹੋਣਾ !
ਦੋਹਰਾ
ਆਗਿਆ ਲੈ ਕੇ ਪਿਤਾ ਦੀ ਉੱਠੇ ਸਿੰਘ ਅਜੀਤ। ਕਮਰ ਕੱਸੇ ਕਰ ਜਾ ਧੱਸੇ ਬਲੀ ਸ਼ੇਰ ਜਗਜੀਤ।
ਪੰਜ ਸਿੰਘ ਅਤਿ ਸੁਰਮੇ ਭੇਜੇ ਅੜਦਲ ਵਿਚ। ਕੜਕੇ ਵਿਚ ਮਦਾਨ ਦੇ ਸਿਰੀ ਸਾਹਿਬਾਂ ਖਿੱਚ।
ਪੰਜਾਂ ਸਿੰਘਾਂ ਦੇ ਨਾਮ ਨਾਮੀਂ ਅਤੇ ਉਨ੍ਹਾਂ ਦੇ ਕਾਰਨਾਮੇ ਜੋ ਸਾਹਿਬ ਅਜੀਤ ਸਿੰਘ ਜੀ ਨਾਲ ਜੰਗ ਵਿਚ ਸ਼ਹੀਦ ਹੋਏ
ਕਬਿੱਤ
ਪਹਿਲੀ ਜਾਤ ਰਾਜਪੂਤ, ਸਿੰਘ ਭਾਈ ਆਲਮ ਜੀ, ਭਾਈ ਧਿਆਨ ਸਿੰਘ, ਸੁੱਖਾ ਸਿੰਘ, ਸਿੰਘ ਬੀਰ ਜੋ।
ਪੰਜਵਾਂ ‘ਜਵਾਹਰ ਹਰੀ’ ਹੈ ਬਾਂਕਾ ਬੀਰ ਜੋਧਾ, ਛਾਂਟ ਛਾਂਟ ਲਏ ਪੰਜੇ ਬੀਰ ਭਟ ਭੀਰ ਜੋ।
ਏਡੀਕਾਂਗ ਪੰਜੇ ਸੂਰਬੀਰ ਰਣਧੀਰ ਜੋਧੇ, ਧਰਮ ਉੱਤੇ ਸੀਸ ਦੇਣ ਵਾਸਤੇ ਅਧੀਰ ਜੋ।
ਕੁੱਦ ਪਏ ਜੁੱਧ ਵਿਚ ‘ਕੇਸਰੀ’ ਏ ਪੰਜੇ ਸ਼ੇਰ! ਇਕ ਇਕ ਲੱਖ ਦੇ ਮੁਕਾਬਲੇ ਦੇ ਧੀਰ ਜੋ।
ਜੱਥੇ ਦੇ ਸਮੇਤ ਬਾਬਾ ਟੁੱਟ ਪਿਆ ਵੈਰੀਆਂ ‘ਤੇ, ਭੁੱਖਾ ਬਾਜ਼ ਪਿਆ ਜਿਉਂ ਕਬੂਤਰਾਂ ਦੀ ਡਾਰ ਤੇ।
ਭਬਕ ਭਬਕ ਭਬਕਾਰਦੇ ਨੇ ਸਿੰਘ ਸੂਰੇ, ਕੁੱਦ ਕੁੱਦ ਪੈਣ, ਪੈਣ ਸਿੰਘ ਜਿਉਂ ਸਿਆਰ” ‘ਤੇ।
ਕੇਤਿਆਂ ਦੇ ਅੰਗ ਕੱਟ ਕੱਟ ਕੇ ਅਨੰਗ ਕੀਤੇ ! ਕੇਤਿਆਂ ਦੀ ਟੰਗ, ਬਾਂਹ, ਸੀਸ ਕੱਟ ਡਾਰ ’ਤੇ।
ਹੱਲ ਚੱਲ ਪਾਈ ਤੇ ਬਖੇਰੇ ਦਲ ਦੁੱਜਨਾਂ ਦੇ, ਭੱਜੋ ਭੱਜ ਜਾਣ ਅਲੀ ਅਲੀ ਹੀ ਪੁਕਾਰ ‘ਤੇ।
ਸਾਮ੍ਹਣੇ ਜੋ ਆਯਾ ਤਾਂ ਚਖਾਯਾ ਸਾਰ ਪਾਰ ਕੀਤਾ! ਪਾਨ ਦਾ ਚਬਾਯਾ ਬੀੜਾ ਧਰਾ ‘ਤੇ ਲਿਟਾਯਾ ਹੈ।
ਇਕ ਇਕ ਵਾਰ ਨਾਲ ਸੈਂਕੜੇ ਹਜ਼ਾਰ ਮਾਰ, ਸਦਾ ਲਈ ਮਿੱਠੀ ਮਿੱਠੀ ਨੀਂਦ ‘ਚ ਸੁਲਾਯਾ ਹੈ।
ਖ਼ਾਲੀ ਨਾ ਸੁਆਲੀ ਕੋਈ ਦੱਛਨਾ ਬਗ਼ੈਰ ਗਿਆ! ਭਾਰੀ ਤਰਥੱਲਾ ਸ਼ਾਹੀ ਫ਼ੌਜ ਵਿਚ ਪਾਯਾ ਹੈ।
ਸਾਗਰ ਦਲਾਂ ਨੂੰ ਅੰਵ ਰੋਲ ਤੇ ਘਚੋਲ ਦਿੱਤਾ ! ਲੱਖਾਂ ਵਿਚ ਛਿਆਂ ਨੇ ਫ਼ਤੂਰ ਅੰਞ ਪਾਯਾ ਹੈ।
ਸੀ ਮਾਨ ਭਾਈ ਆਲਮ ਸਿੰਘ ਜੀ ਦੀ ਬਹਾਦਰੀ
ਸੁਰੇ ਸਿੰਘ ਆਲਮ ਨੇ ਜ਼ਾਲਮਾਂ ਦੇ ਕਾਲਮਾਂ ਨੰ, ਤੱਛ ਤੱਛ ਮੱਛ ਮੱਛ ਸੱਟ ਦਿੱਤਾ ਚੀਰ ਚੀਰ।
ਲੱਕੜੀ ਨੰ ਆਰੀ ਹੈ ਕਟਾਰੀ ਆਰੀ ਫ਼ੌਜ ਉੱਤੇ, ਭਾਰੀ ਭਾਰੀ ਗੋਲੀਆਂ ਨੰ ਰੋੜ ਦਿੱਤਾ ਚੀਰ ਚੀਰ।
ਛੇਲੀਆਂ ਨੂੰ ਛੇਰ ਤੇ ਬਟੇਰਾਂ ਉੱਤੇ ਬਾਜ਼, ਕਹੀ, ਕੱਪੜੇ ਨੂੰ ਕੈਂਚੀ, ਕਰ ਸੱਟਦੀ ਹੈ ਲੀਰ ਲੀਰ।
ਵੱਡੇ ਵੱਡੇ ਦੀਰਘ ਪਹਾੜ ਦਾੜ ਦਾੜ ਡਿੱਗੇ. ਇੱਕੋ ਵਾਜ ਆਵੇ ਬੱਸ ਆਬ, ਆਬ, ਨੀਰ ਨੀਰ।
ਸ੍ਰੀ ਮਾਨ ਭਾਈ ਧਿਆਨ ਸਿੰਘ ਜੀ ਦੇ ਅਦੱਤੀ ਹੱਥ
ਖੰਡੇ ਦੇ ਖਿਡਾਰੀ ਭਾਰੀ ਪਟੇਬਾਜ਼ ਗੱਤਕੇ ਦਾ, ਬਿਜਲੀ ਕੜਕ ਡਿੱਗੀ ਦਲਾਂ ‘ਤੇ ਅਚਾਨਕੀ।
ਖੁੱਲ੍ਹਗੇ ਮਦਾਨ ਧਿਆਨ ਸਿੰਘ ਦੀ ਕ੍ਰਿਪਾਨ ਅੱਗੇ, ਸੁੱਧ ਬੁੱਧਿ ਵਿੱਸਰੀ ਫ਼ਿਕਰ ਪਈ ਜਾਨ ਕੀ ।
ਲੋਬ ਪਰ ਲੋਥ ਚਾੜ੍ਹ ਫ਼ੌਜ ਸੀ ਲਤਾੜ ਦਿੱਤੀ, ਪਾੜ ਤੇ ਲਤਾੜ ਦਿੱਤੀ ਧਾੜ ਬੇਈਮਾਨ ਕੀ।
ਤੌਬਾ ਤੋਬਾ ਹੋਈ ਐਸੀ ਹੋਈ ਨਾ ਕਦੇ ਵੀ ਕੋਈ, ਮੱਚਗੀ ਦੁਹਾਈ ਧਿਆਨ ਸਿੰਘ ਦੀ ਕ੍ਰਿਪਾਨ ਕੀ।
ਸ੍ਰੀ ਮਾਨ ਭਾਈ ਸੁੱਖਾ ਸਿੰਘ ਜੀ ਦੇ ਅਦੁੱਤੀ ਕਰਤਬ
ਸੁੱਖਾ ਸਿੰਘ ਸੁੱਖ ਨਾਲ ਛਾਲ ਮਾਰ ਜੰਗ ਵਿਚ, ਟੁੱਟਿਆ ਪਹਾੜੀ ਬਾਜ਼ ਤਿੱਤਰਾਂ ਦੇ ਝੁੰਡ ’ਤੇ।
ਜਿੱਥੇ ਹੱਥ ਪਾਵੇ ਉੱਥੇ ਸੁੱਖ ਨਾ ਰਹਾਵੇ ਸੀਸ, ਕੱਟ ਕੇ ਵਗਾਵੇ ਵੈਰੀ ਕੀਤੇ ਟੁੰਡ ਮੁੰਡ ’ਤੇ।
ਅੜੇ ਜੇਹੜੇ ਝੜੇ, ਲੜੇ ਪੜੇ ਸੋ ਜ਼ਮੀਨ ਉੱਤੇ, ਸੁੱਤੇ ਸੁਖ ਨੀਂਦ ਹੈਂ ਨਿਸ਼ਾਨੇ ਕਈ ਫੁੰਡ ‘ਤੇ।
ਹਲਾ ਚੱਲ ਪਈ, ਗਈ ਫ਼ੌਜ ਪੈਰ ਉਖੜੇ ਨੇ, ਤੀਰ ਤੇ ਜਿਉਂ ਕਾਗ, ਭਾਗ ਨਿੱਕਲੀ ਕੁਦੰਡ ‘ਤੇ।
ਸ੍ਰੀ ਮਾਨ ਭਾਈ ਬੀਰ ਸਿੰਘ ਜੀ ਦੀ ਅਦੁੱਤੀ ਬੀਰਤਾ
ਬੀਰ ਸਿੰਘ ਬੀਰ ਵੱਡਾ ਡਾਢਾ ਬਲਬੀਰ ਸੀਗਾ, ਖੰਡਾ ਕਰ ਲੈ ਕੇ ਖੰਡ ਖੰਡ ਦਲ ਚੀਰਤਾ।
ਆਈ ਹੈ ਬਲਾਈ ਅੱਲਾ ਰਾਮ ਦੀ ਦਹਾਈ! ਭਾਈ ਚੰਡੀ ਚਮਕਾਈ ਪਾਈ ਦਲਾਂ ਨੂੰ ਅਧੀਰਤਾ।
ਇਕ ਇਕ ਵਾਰ ਮਾਰੂ ਭਾਰ ਲੱਖ ਉੱਤੇ ਭੱਜੇ ਵਾਹੋ ਦਾਹੀ ਛਾਈ ਸਾਰੇ ਦਿਲਗੀਰਤਾ।
ਹੱਕੇ ਬੱਕੇ ਹੋਏ ਰੋਏ ਮੱਥਿਆਂ ਤੇ ਹੱਥ ਰੱਖ, ਬੀਰ ਸਿੰਘ ਬੀਰ ਨੇ ਦਿਖਾਈ ਐਸੀ ਬੀਰਤਾ।
ਸ੍ਰੀ ਮਾਨ ਭਾਈ ਜਵਾਹਰ ਸਿੰਘ ਜੀ ਦੇ ਅਦੁੱਤੀ ਜੌਹਰ
ਭਾਈ ਜਵਾਹਰ ਸਿੰਘ ਨੇ ਜੋਹਰਦਾਰ ਤੇਗ਼ ਫੜ, ਲਹੂ ਦੇ ਵਗਾਏ ਖਾਲ ਲਾਲ ਧਰਾ ਹੋ ਗਈ।
ਜੇਹੜੀ ਧਿਰ ਜਾਵੇ ਨਾ ਰਹਾਵੇ ਸਿਰ ਜਾਵੇ ਗਿਰ, ਐਸਾ ਵਾਰ ਲਾਵੇ ਫ਼ੌਜ ਇੱਕੋ ਵਾਰ ਸੌ ਗਈ।
ਬਿਜਲੀ ਕੜਕ ਜਾਂ ਬੜਕ ਸਾਰਦੂਲ ਦੀ ਹੈ, ਅਗਨੀ ਭੜਕ ਉੱਠ ਆਫ਼ਤ ਖਲੋ ਗਈ।
‘ਕੇਸਰੀ’ ਕਮਾਲ ਕੀਤਾ ਵੈਰੀ ਨੂੰ ਪਾਮਾਲ ਕੀਤਾ, ਮੌਜ ਨਾਲ ਫ਼ੌਜ ਆਹਾ! ਸੁੱਸਰੀ ਜਿਉਂ ਸੌ ਗਈ।
ਸਾਹਿਬ ਅਜੀਤ ਸਿੰਘ ਜੀ ਦੀ ਅਦੁੱਤੀ ਬਹਾਦਰੀ ਅਤੇ ਘੋਰ ਸੰਗ੍ਰਾਮ
ਪੰਜਾਂ ਸਿੰਘਾਂ ਨੇ ਪੰਜ ਹੀ ਪਾਸਿਆਂ ‘ਤੇ, ਦੁਸ਼ਮਨ ਦਲਾਂ ਨੂੰ ਮਾਰਕੇ ਛਾਰ ਕੀਤਾ। ਜਿੱਧਰ ਜਾਣ ਇਹ ਭੱੜਥੂ ਮਚਾਣ ਪੰਜੇ, ਸ਼ਾਹੀ ਫ਼ੌਜ ਨੂੰ ਬਹੁਤ ਲਾਚਾਰ ਕੀਤਾ।
ਰੋਹ ਚੜ੍ਹ ਗਿਆ ਸਾਹਿਬ ਅਜੀਤ ਸਿੰਘ ਨੂੰ, ਨਾਲ ਜ਼ੋਰ ਦੇ ਇਸ ਤਰ੍ਹਾਂ ਵਾਰ ਕੀਤਾ। ਗੰਨੇ ਗੋਲਦਾ ਜਿਵੇਂ ਕਿਰਸਾਣ ਕੋਈ, ਕਈ ਕਈ ਨੂੰ ਜਾਨ ਤੋਂ ਪਾਰ ਕੀਤਾ। ਨਾਮੀ ਕਈ ਸਰਦਾਰਾਂ ਦੇ ਸੀਸ ਕੱਟੇ, ਲੱਭ ਲੱਭ ਕੇ ਖ਼ੂਬ ਸ਼ਿਕਾਰ ਕੀਤਾ। ਧਰ ਕੇ ਹੌਸਲਾ ਸਾਹਮਣੇ ਆ ਗਿਆ ਜੋ, ਉਸ ਦਾ ਤੇਗ਼ ਦੇ ਨਾਲ ਸਤਕਾਰ ਕੀਤਾ। ਸੌਦਾ ਵੇਚਿਆ ਹੱਥ ਪਲੱਥ ਨਗਦਾਂ, ਇਕ ਮਿਨਟ ਨਹੀਂ ਉਧਾਰ ਕੀਤਾ। ਖ਼ਾਲੀ ਗਿਆ ਨਾ ਸੀਸ ਦੇ ਦੇਣ ਬਾਝੋਂ, ਅੱਗੇ ਹੋਇ ਕੇ ਜੀਨ੍ਹੇ ਦੀਦਾਰ ਕੀਤਾ। ਚਾਂਗਾਂ ਛੱਡੀਆਂ ਡਰਦਿਆਂ ਗਿੱਦੜਾਂ ਨੇ, ਹੱਲਾ ਸ਼ੇਰ ਨੇ ਜਦੋਂ ਭਬਕਾਰ ਕੀਤਾ। ਪਿਆ ਵਾਰ ਜੋ ਰੋਕਿਆ ਢਾਲ ਉੱਤੇ, ਲੱਗਦੇ ਹੱਥ ਹੀ ਆਪ ਲਲਕਾਰ ਕੀਤਾ। ਅੰਞ ਨਹੀਂ ਤਾਂ ਅੰਞ ਹੀ ਅੰਞ ਜਾਣੋ, ਪਿੱਛੋਂ ਵਾਕ ਏਹ ਸੀਸ ਉਤਾਰ ਕੀਤਾ। ਜ਼ਖ਼ਮ ਲੱਗੇ ਸਰੀਰ ਪਰ ਹਾਏ। ਇਤਨੇ ਜਾਵੇ ਜਿਨ੍ਹਾਂ ਦਾ ਨਹੀਂ ਸ਼ੁਮਾਰ ਕੀਤਾ। ਖੂਨ ਟਪਕਦੇ ਭਿੱਗ ਗਏ ਚੀਰ ਤਨ ਦੇ, ਜਿਉਣ ਮਰਨ ਦਾ ਨਹੀਂ ਵਿਚਾਰ ਕੀਤਾ। ਮਰਨਾ ਮੰਨ ਕੇ ਅੱਗ ਵਿਚ ਕੁੱਦਿਆ ਹੈ, ਲਾੜੀ ਮੌਤ ਦੇ ਨਾਲ ਪਿਆਰ ਕੀਤਾ। ਬਾਹਵਾਂ ਫੁੱਲੀਆਂ ਹੱਥ ਪੈ ਗਏ ਝੂਠੇ, ਵੱਢ ਵੱਢ ਕੇ ਅੰਞ ਸੱਥਾਰ ਕੀਤਾ।
ਛੱਕੇ ਛੁੱਟ ਗਏ ‘ਕੇਸਰੀ’ ਵੈਰੀਆਂ ਦੇ, ਘੋਰ ਜੁੱਧ ਹੈ ਏਸ ਪ੍ਰਕਾਰ ਕੀਤਾ। ਪੰਜਾਂ ਸਿੰਘਾਂ ਨੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਸ਼ਹੀਦੀ ਪ੍ਰਾਪਤ ਕਰਨੀ ਨਾਲ ਫੱਟਾਂ ਦੇ ਛਾਲਣੀ ਸਿੰਘ ਹੋਏ! ਅੰਗ ਅੰਗ ਤੋਂ ਲਹੂ ਦੀ ਧਾਰ ਚੱਲਦੀ। ਕੌਣ ਸਕਦਾ ਰੋਕ ਹੈ ਸੂਰਿਆਂ ਨੂੰ, ਆਹਮੋ ਸਾਹਮਣੇ ਪਈ ਤਲਵਾਰ ਚੱਲਦੀ। ਏਧਰ ਇਕ ਹਥਿਆਰ ਦੇ ਟਾਕਰੇ ‘ਤੇ, ਓਧਰ ਗੋਲੀ ਹੈ ਕਈ ਹਜ਼ਾਰ ਚੱਲਦੀ। ਨੇਜ਼ੇ ਬਰਛਿਆਂ ਨਾਲ ਪਰੋਏ ਕਿਧਰੇ, ਕਿਧਰੇ ਸਾਂਗ, ਸੰਗੀਨ, ਕਟਾਰ ਚੱਲਦੀ। ਜਾਵੇ ਜਿੱਤਦਾ ‘ਸਿੰਘ ਅਜੀਤ ਕੇਹਰ’ ਅੱਗੇ ਸ਼ੇਰ ਦੇ ਹਰਨਾਂ ਦੀ ਡਾਰ ਚੱਲਦੀ। ਖ਼ਜਰ ਡੱਸਦੀ ਮਨੋਂ ਹੈ ਨਾਗ ਕਾਲਾ, ਜ਼ਰਾ ਛੋਹ ਕੇ ਜਿਸਮ ਦੇ ਪਾਰ ਚੱਲਦੀ। ਸਾਹ ਕੱਢਣਾ ਪਏ ਨਾ ਅੱਖ ਫਰਕੇ, ਤੇਗ਼ ਬਿਜਲੀ ਮਨੋ ਚਮਕਾਰ ਚੱਲਦੀ। ਕਰੜ ਕਰੜ ਕੜਾਕਿਆਂ ਧੁਨੀ ਉੱਠੀ, ਖਟਾ ਖੱਟ ਹੈ ਸਾਰ ਪਰ ਸਾਰ ਚੱਲਦੀ। ਇਕ ਨਾਲ ਹਜ਼ਾਰ ਦਾ ਟਾਕਰਾ ਹੈ, ਸ਼ੁਰੂ ਜੰਗ ਤੋਂ ਇਹੋ ਰਫ਼ਤਾਰ ਚੱਲਦੀ। ਕੱਟੇ ਸਿੰਘਾਂ ਦੇ ਅੰਗ ਅਨੰਗ ਹੋਏ! ਹੋਣਹਾਰ ਨਾ ਕਿਸੇ ਅਨੁਸਾਰ ਚੱਲਦੀ। ਕਾਰੀ ਫੱਟ ਜਦ ਲੱਗੇ ਸਰੀਰ ਉੱਤੇ, ਜਿੰਦ ਸਿੰਘਾਂ ਦੀ ਤਨੋਂ ਪਧਾਰ ਚੱਲਦੀ। ਕਿਥੋਂ ਤੀਕ ਮੁਕਾਬਲਾ ਕਰੇ ਕੋਈ, ਕੋਈ ਵਾਹ ਨਾ ਅੰਤਲੀ ਵਾਰ ਚੱਲਦੀ। ਪੰਜੇ ਸਿੰਘ ਸ਼ਹੀਦ ਹੋ ਗਏ ਸੂਰੇ ! ਭਾਵੀ ਨਾਲ ਨਾ ਕੋਈ ਤਕਰਾਰ ਚੱਲਦੀ। ਬੰਦਾ ‘ਕੇਸਰੀ’ ਆਖ਼ਰੀ ਹਈ ਬੰਦਾ, ਮਰਜ਼ੀ ਸਭ ਜਗ੍ਹਾ ਸਦਾ ਕਰਤਾਰ ਚੱਲਦੀ।
ਪੰਜਾਂ ਸਿੰਘਾਂ ਦੇ ਸ਼ਹੀਦ ਹੋਣ ਪਰ ਸੂਰਬੀਰਾਂ ਦੀ ਅਦੁੱਤੀ ਬਹਾਦਰੀ ਦੀ ਦਾਦ
ਲੱਖ ਲੱਖ ਦਾ ਟਾਕਰਾ ਇਕ ਕਰਕੇ, ਪਿਆਰੇ ਸਿੰਘ ਸ਼ਹੀਦੀਆਂ ਪਾਇ ਚੱਲੇ। ਹੱਡ ਚੰਮ ਤੇ ਖ਼ੂਨ ਅਰ ਜਿੰਦ ਪਿਆਰੀ, ਆਹਾ! ਪੰਥ ਉੱਤੇ ਸਭੋ ਲਾਇ ਚੱਲੇ। ਜਿਸਮ ਆਪਣੇ ਵਿਚ ਤੋਂ ਕੱਢ ਰੂਹਾਂ, ਸਾਡੇ ਮੁਰਦਿਆਂ ਤਨਾਂ ਵਿਚ ਪਾਇ ਚੱਲੇ। ਘਰ ਵੱਸਦੇ ਆਪ ਉਜਾੜ ਅਪਣੇ, ਸਾਡੇ ਉੱਜੜੇ ਥੇਹ ਵਸਾਇ ਚੱਲੇ। ਵਾਰ ਆਪਣਾ ਕੁੱਲ ਸਰਬੰਸ ਸਾਰਾ, ਜੜ੍ਹਾਂ ਸਾਡੀਆਂ ਹੈਨ ਲਗਾਇ ਚੱਲੇ। ਭਾਰੂ ਲੱਖ ਪਰ ਇਕ ਬਲਵੰਤ ਹੋਇਆ, ਸ਼ਾਹੀ ਫ਼ੌਜ ਨੂੰ ਹੱਥ ਵਿਖਾਇ ਚੱਲੇ। ਸਫਲੇ ਸ਼ਬਦ ਦਸਮੇਸ਼ ਦੇ ਕਰੇ ਸਿੰਘਾਂ, ਦੇਖੋ ਚਿੜੀ ਤੋਂ ਬਾਜ਼ ਤੁੜਾਇ ਚੱਲੇ। ਜੇਹੜੀ ਕਰੀ ਤੱਗਿਆ ਗੁਰੂ ਅੱਗੇ, ਉਸ ਨੂੰ ਸੀਸ ਦੇ ਨਾਲ ਨਿਭਾਇ ਚੱਲੇ। ਜੁਗਾਂ ਤੀਕ ਨਾ ਕਦੇ ਵੀ ਮਿਟਣ ਵਾਲੀ, ਯਾਦਗਾਰ ਹਨ ਕੈਮ ਕਰਾਇ ਚੱਲੇ। ਭਾਰਤ ਵਰਸ਼ ਕੀ ਕੁੱਲ ਭੂਗੋਲ ਉੱਤੇ, ਨਾਮ ਪੰਥ ਦਾ ਖੂਬ ਚਮਕਾਇ ਚੱਲੇ। ਧਰਮ ਵਾਸਤੇ ਜਿੰਦੜੀ ਵਾਰਨੇ ਦਾ, ਸਬਕ ਪੰਥ ਨੂੰ ਸੋਹਣਾ ਸਿਖਾਇ ਚੱਲੇ। ਦਸਮ ਪਿਤਾ ਦੇ ਪੁੱਤਾਂ ਵਾਂਗ ਸਕਿਆਂ, ਪੁੱਤ੍ਰ ਪੰਥ ਦੇ ਸੱਚੇ ਕਹਾਇ ਚੱਲੇ। ਸਾਹਿਬ ‘ਸਿੰਘ ਅਜੀਤ’ ਦਾ ਜੰਗ ਅੰਦਰ, ਵਿਤੋਂ ਵੱਧ ਕੇ ਹੱਥ ਵਟਾਇ ਚੱਲੇ। ਟਿਡੀ ਦਲਾਂ ਦਾ ਕਟਕ ਅਣਗਿਣਤ ਸੀ, ਜੋ ਮਾਰ ਮਾਰ ਕੇ ਮਾਰ ਮੁਕਾਇ ਚੱਲੇ। ਸਿੱਖੀ ਸਿੱਖਿਆ ਮੰਨਣਾ ਸਦਾ ਭਾਣਾ, ਭਾਣਾ ਮੰਨ ਕੇ ਠੀਕ ਦਿਖਾਇ ਚੱਲੇ। ਆਦਿ ਅੰਤ ਤਕ ਕਦੇ ਨਾ ਬੁਝਣ ਵਾਲੀ, ਅੱਗ ਖ਼ਾਲਸਾ ਪੰਥ ਨੂੰ ਲਾਇ ਚੱਲੇ।
ਸਿੱਖ ਹੋਇ ਜੋ ਹੋਇ ਸੋ ਇਸ ਤਰ੍ਹਾਂ ਦਾ, ਸਿੱਖ ਹੋਣ ਦਾ ਵੱਲ ਸਿਖਾਇ ਚੱਲੇ। ਪਰਮ ਪਿਤਾ ਦੇ ਸਾਹਮਣੇ ਘੋਲ ਜਿੰਦੜੀ! ਰੁਤਬਾ ਸੱਚੇ ਸ਼ਹੀਦਾਂ ਦਾ ਪਾਇ ਚੱਲੇ। ਸਿੰਘ ਕਿਸ ਤਰ੍ਹਾਂ ਜਾਣਦੇ ਲੜਨ ਮਰਨਾ, ਸਿੰਘੀ ਤੌਰ ਦੇ ਹੱਥ ਦਿਖਾਇ ਚੱਲੇ। ਇਕ ਟਾਕਰਾ ਕਈ ਹਜ਼ਾਰ ਦਾ ਕਰ, ਲੋਕਾਂ ਤਾਈਂ ਹਿਰਾਨ ਕਰਾਇ ਚੱਲੇ। ਸਿੱਖੀ ਧਾਰਨਾ ਸਿੱਖ ਦਸਮੇਸ਼ ਜੀ ਤੋਂ, ਤਨ ਮਨ ਤੋਂ ਖ਼ੂਬ ਕਮਾਇ ਚੱਲੇ। ਪੰਚ ਭੂਤਕ ਮੜੌਲੀਆਂ ਧਰਮ ਉੱਤੇ, ਹੱਸ ਹੱਸ ਕੇ ਢਾਹ ਢਹਾਇ ਚੱਲੇ। ਦਸਮ ਪਿਤਾ ਦੀ ਲਾਲ ਕਿਤਾਬ ਉੱਤੇ, ਸਹੀ ਖ਼ੂਨ ਦੇ ਨਾਲ ਹਨ ਪਾਇ ਚੱਲੇ। ਸੱਚ ਖੰਡ ਨੂੰ ‘ਕੇਸਰੀ’ ਗਏ ਸਿੱਧੇ, ਸਾਹਿਬਜ਼ਾਦਿਆਂ ਤਾਈਂ ਬੁਲਾਇ ਚੱਲੇ।
ਸਾਹਿਬ ਅਜੀਤ ਸਿੰਘ ਜੀ ਦੇ ਆਖ਼ਰੀ ਹੱਥ ਧਰਮ ਦੀ ਜਗਵੇਦੀ ਪਰ ਲਾਮਿਸਾਲ ਕੁਰਬਾਨੀ
ਵਿਚ ਜੰਗ ਦੇ ਲੱਥ ਪਲੱਥ ਹੋਇਆ, ਖਾਂਦਾ ਫੱਟ ਪਰ ਫੱਟ ਇਉਂ ਫੱਟਿਆ ਹੈ। ਤੀਰਾਂ ਵੇਧ ਸਰੀਰ ਹੋ ਗਿਆ ਸਾਰਾ! ਵਾਂਗ ਛਾਲਣੀ ਛਾਣ ਕੇ ਸੱਟਿਆ ਹੈ।
ਤੱਤੇ ਘਾਉ ਰਣ ਤੱਤੇ ਦੇ ਵਿਚ ਵੜ ਕੇ, ਨਹੀਂ ਖੰਡਾ ਖੜਕਾਉਣ ਤੋਂ ਹੱਟਿਆ ਹੈ। ਲੋਹੂ ਵੱਗਦਾ ਝਰਨਿਆਂ ਵਾਂਗ ਤਨ ਤੋਂ, ਥਾਓਂ ਥਾਈਂ ਸਰੀਰ ਵੀ ਕੱਟਿਆ ਹੈ। ਪੁਰਜ਼ਾ ਪੁਰਜ਼ਾ ਤਾਂ ਕੱਟ ਹੋ ਗਿਆ ਭਾਵੇਂ, ਤਾਂ ਵੀ ਜੰਗ ਤੋਂ ਨੱਕ ਨਾ ਵੱਟਿਆ ਹੈ। ਸ਼ਾਬਾ! ਸ਼ੇਰ ਅਜੀਤ ਸਿੰਘਾ! ਤੇਰਾ ਹੌਸਲਾ ਅਜੇ ਨਾ ਘੱਟਿਆ ਹੈ । ਖ਼ਾਕ ਖੂਨ ਵਿਚ ਗੁੱਥਮ-ਗੁੱਥ ਹੋਇਆ, ਰੱਬਾ! ਫੱਟ ਪਰ ਫੱਟ ਲਾ ਫੱਟਿਆ ਹੈ। ਲਾੜੀ ਮੌਤ ਨੂੰ ਲਿਆ ਪਰਨਾ ਛੇਕੜ, ਢਾਹ ਕਿੰਗਰਾ ਅਰਸ਼ ਤੋਂ ਸੁੱਟਿਆ ਹੈ। ਸੰਮਨ ਬੁਰਜ ਅੱਜ ਗਿਰ ਗਿਆ ਖ਼ਾਲਸੇ ਦਾ, ਪਾਸਾ ਕੌਮ ਦਾ ਗਿਆ ਪਲੱਟਿਆ ਹੈ। ਜੱਫਰ ਜਾਲ ਜੋ ਪਾਲਿਆ ਸਰੂ ਬੂਟਾ, ਜ਼ਾਲਮ ਟੱਕ ਲਾ ਜੜ੍ਹਾਂ ਤੋਂ ਪੱਟਿਆ ਹੈ। ਲੁੱਟ ਗਿਆ ਖਜ਼ਾਨਾ ਅੱਜ ਖ਼ਾਲਸੇ ਦਾ, ਮੌਹਰਾ ਕੌਮ ਅਭਾਗ ਨੇ ਚੱਟਿਆ ਹੈ। ਬੱਸ ‘ਕੇਸਰੀ’ ਹੋ ਗਿਆ ਅੰਤ ਉਹੋ, ਜੇਹੜਾ ਠਾਟ ਕਰਤਾਰ ਨੇ ਠੱਟਿਆ ਹੈ।
ਵੱਲੋਂ ਕਵਿ
ਸਾਹਿਬਜ਼ਾਦੇ ਦੀ ਸੱਚੀ ਬਹਾਦਰੀ ਤੇ, ਲੇਖ ਆਪਣੇ ਅਤੇ ਬੇਗਾਨਿਆਂ ਦੇ। ਪੜ੍ਹੋ ਖ਼ਾਲਸਾ ਦ੍ਰਿਸ਼ ਰੁਆਣ ਵਾਲੇ, ਸੱਚੇ ਸਾਕੇ ਹਨ ਕੌਮੀ ਪਰਵਾਨਿਆਂ ਦੇ। ਧਾਕ ਵੀਰਤਾ ਪਈ ਭੂਗੋਲ ਉੱਤੇ, ਕਿੱਸੇ ਬਣੇ ਹਨ ਜੰਗ ਤਰਾਨਿਆਂ ਦੇ।
ਟੱਟੀ ਧਰਮ ਦੀ ਓਲ੍ਹੇ ਸ਼ਿਕਾਰ ਖੇਲ੍ਹੇ, ਹੱਥ ਵੇਖ ਲੌ ਮਜ਼੍ਹਬੀ ਦੀਵਾਨਿਆਂ ਦੇ। ਬੁੱਲ੍ਹ ਸੁੱਕ ਰੋਮਾਵਲੀ ਪੁਲਕਦੀ ਹੈ! ਅਚਰਜ ਹਾਲ ਆਹ ਦਰਦ ਰੰਵਾਨਿਆਂ ਦੇ। ਪੰਥ ਲੁੱਟਿਆ ਕਾਰਗਰ ਹੋਏ ਫ਼ਤਵੇ, ਮੁੱਲਾਂ ਕਾਜ਼ੀਆਂ ਅਤੇ ਮੁਲਾਨਿਆਂ ਦੇ।
ਜਿੱਤ ਹਾਰ ਬਾਜ਼ੀ ਰਾਜ਼ੀ ਰਜ਼ਾ ਰਹਿਣਾ, ਸਿੱਖੇ ਏਨ੍ਹਾਂ ਨੇ ਸਬਕ ਸ਼ੁਕਰਾਨਿਆਂ ਦੇ। ਹੰਝੂ ਕੇਰ ਕੇ ‘ਕੇਸਰੀ’ ਪੜ੍ਹੋ ਸਿੱਖੋ! ਸਾਕੇ ਸੂਰਮੇ ਮਰਦ ਮਰਦਾਨਿਆਂ ਦੇ।
ਕਰਤਾ ਵਲੋਂ ਮਹਾਨ ਸ਼ੋਕ ਵਰਣਨ
ਮੋਤੀ ਬਿਖਰੇ ਰੇਤ ਦੇ ਵਿਚ ਰਲ ਗਏ, ਹਾਏ! ਟੁੱਟਿਆ ਨੌਂ ਲੱਖਾ ਹਾਰ ਸਾਡਾ। ਭਰਿਆ ਮਾਲ ਮਤਾਹ ਜ਼ਰ ਨਕਦੀਆਂ ਦਾ, ਬੇੜਾ ਡੁੱਬਿਆ ਮੰਝਲੀ ਧਾਰ ਸਾਡਾ। ਡੋਰ ਸੱਖਣੀ ਰਹਿ ਗਈ ਵਿਚ ਹੱਥਾਂ, ਬਾਜ਼ ਉੱਡਿਆ ਛੱਡ ਸ਼ਿਕਾਰ ਸਾਡਾ। ਸਾਨੂੰ ਰੋਂਦਿਆਂ ਹਾਹੁਕੇ ਭਰਦਿਆਂ ਨੂੰ, ਛੱਡ ਟੁਰ ਗਿਆ ਏ ਹੋਨਹਾਰ ਸਾਡਾ। ਦੁਸ਼ਟ ਦਲਾਂ ਵਿਚ ਆਮ ਕਤਲਾਮ ਕਰਕੇ, ਅੰਤ ਹੋ ਗਿਆ ਆਪ ਨਿਸਾਰ ਸਾਡਾ। ਅੰਬਰ ਪਰਖਣਾ ਅਸਾਂ ਨੂੰ ਚਾਹੁੰਦਾ ਏ! ਇਸ ਦੇ ਨਾਲ ਫਿਰ ਕੀਹ ਤਕਰਾਰ ਸਾਡਾ। ਕੋਈ ਦਾਦ ਫ਼ਰਯਾਦ ਨਾ ਸੁਣਨ ਵਾਲਾ, ਗ਼ੁੱਸੇ ਹੋ ਗਿਆ ਅੱਜ ਕਰਤਾਰ ਸਾਡਾ। ਕਿਥੇ ਜਾਇਕੇ ਕੂਕ ਪੁਕਾਰ ਕਰੀਏ, ਦੱਸ ‘ਕੇਸਰੀ’ ਕੌਣ ਗ਼ਮਖ਼ਾਰ ਸਾਡਾ ?
ਸ੍ਰੀ ਗੁਰੂ ਕਲਗੀਧਰ ਜੀ ਵੱਲੋਂ ਸਾਹਿਬਜ਼ਾਦੇ ਨੂੰ ਅੰਤਿਮ ਅਸੀਸ
ਦੋਹਰਾ
ਕਲਗੀਧਰ ਦੇ ਸਾਹਮਣੇ ਵਾਰ ਦਿੱਤਾ ਜਦ ਸੀਸ। ਸ਼ੋਕ! ਜੁਸ਼ੀਲੀ ਟੋਨ ਵਿਚ ਦਿੱਤੀ ਅੰਞ ਅਸੀਸ।
ਪਦ ਫਿਰਨਾ ਛੰਦ
ਅਹੋ! ਸੁਤ ਮੇਰਾ ਤੈਂ ਕਰਜ਼ ਤਾਰਿਆ। ਦੇਸ਼ ਪੰਥ ਉੱਤੇ ਪਿਆਰਾ ਸੀਸ ਵਾਰਿਆ। ਜੰਮਣਾ ਸਫਲ ਸੁਤ! ਤੇਰਾ ਹੋ ਗਿਆ। ਪਰਉਪਕਾਰ ਸਾਰੇ ਦੁੱਖ ਖੋ ਗਿਆ। ਘਾਲ ਕੇ ਅਦੁੱਤੀ ਘਾਲ ਗਿਆ ਬੇਟਿਆ। ਖ਼ਾਕ ਅਤੇ ਖੂਨ ਵਿਚ ਪਿਆ ਲੇਟਿਆ। ਨਾਮ ਭੀ ਅਜੀਤ ਸਿੰਘ ਸੀ ਪਿਆਰਿਆ। ਜਿੱਤਿਆ ਨਾ ਜ਼ਿੰਦਾ ਗਿਆ, ਭਾਵੇਂ ਮਾਰਿਆ।
ਕੱਟ ਕੱਟ ਜ਼ਾਲਮਾਂ ਨੂੰ ਕੱਟ ਹੋ ਗਿਆ। ਫਟਾ ਫਟ ਫੱਟਾਂ ਨਾਲ ਫੱਟ ਹੋ ਗਿਆ।
ਦੁੱਜਨ ਦਲਾਂ ਦਾ ਨਾਮ ਖੂਬ ਮੇਟਿਆ। ਖ਼ਾਕ ਅਤੇ ਖੂਨ ਵਿਚ ਪਿਆ ਲੇਟਿਆ।
ਮੇਰੀ ਦਸਤਾਵੇਜ਼ ਲਾਲ ਵੈਰੀ ਖਾਪਣੀ । ਏਦ੍ਹੇ ਉੱਤੇ ਪਾਈ ਤੈਂ ਗਵਾਹੀ ਆਪਣੀ। ਲੋਹੂ ਲਾਲ ਨਾਲ ਮੇਰੇ ਲਾਲ ! ਲਿੱਖਿਆ। ਦਾਦੇ ਗੁਰੂ ਕੋਲੋਂ ਸਿੱਖੀ ਖੂਬ ਸਿੱਖਿਆ।
ਲਿੱਖਿਆ ਜੋ ਲੇਖ ਜਾਂਦਾ ਨਹੀਂ ਮੇਟਿਆ। ਖ਼ਾਕ ਅਤੇ ਖੂਨ ਵਿਚ ਪਿਆ ਲੇਟਿਆ।
ਦਾਦੇ ਗੁਰੂ ਜੀ ਦਾ ਤੈਂ ਮਿਸ਼ਨ ਬੁੱਝਿਆ। ਸੀਸ ਵਾਰ ਦੇਣਾ ਮੰਤ੍ਰ ਮੂਲ ਸੁੱਝਿਆ। ਜ਼ਾਲਮ ਹਜ਼ਾਰਾਂ ਮਾਰਕੇ ਮੁਕਾਏ ਤੋਂ। ਸੱਥਰਾਂ ਦੇ ਸੱਥਰ ਜ਼ਿਮੀਂ ਲਿਟਾਏ ਤੋਂ।
ਸਫ਼ਾਂ ਵਾਂਗੂੰ ਪਿਆ ਦਲ ਹੈ ਲਪੇਟਿਆ। ਖ਼ਾਕ ਅਤੇ ਖੂਨ ਵਿਚ ਪਿਆ ਲੇਟਿਆ।
ਚਾਲ੍ਹੀ ਉੱਤੇ ਚਾਲ੍ਹੀ ਲੱਖ ਫ਼ੌਜ ਆਈ ਹੈ। ਟਿੱਡੀ ਦਲ ਵਾਂਗ ਚਾਰੇ ਪਾਸੇ ਛਾਈ ਹੈ। ਮਾਰੇ ਸੂਰਬੀਰ ਹਾਥੀ ਦੇ ਆਕਾਰ ਦੇ। ਸ਼ੇਰਾਂ ਵਾਂਗ ਜੇਹੜੇ ਸੀ ਬੜ੍ਹਕ ਮਾਰਦੇ।
ਲਸ਼ਕਰ ਇਨ੍ਹਾਂ ਦਾ ਸਾਰਾ ਹੈ ਸਮੇਟਿਆ। ਖਾਕ ਅਤੇ ਖੂਨ ਵਿਚ ਪਿਆ ਲੇਟਿਆ।
ਮਖ਼ਮਲੀ ਵਿਛੋਣੇ ਤੇ ਪਲੰਘ ਰੰਗਲੇ। ਕਿਥੇ ਹੈਨ ਕਿਲ੍ਹੇ ਕੋਟ ਕੋਠੀ ਬੰਗਲੇ ? ਪੰਥ ਦਾ ਅਦੁੱਤੀ ਲਾਡਲਾ ਪਿਆਰਿਆ। ਦੇਸ਼ ਨੂੰ ਫ਼ਖ਼ਰ ਤੇਰਾ ਸੀ ਦੁਲਾਰਿਆ।
ਲਾਲੋ ਲਾਲ ਬਸਤਾਂ ‘ਚ ਹੈ ਲਪੇਟਿਆ। ਖ਼ਾਕ ਅਤੇ ਖੂਨ ਵਿਚ ਪਿਆ ਲੇਟਿਆ।
ਰੰਗਲੀ ਜੁਆਨੀ ਤੇਰੀ ਖ਼ਾਕ ਰੁੱਲਗੀ। ਲਾੜੀ ਮੌਤ ਹੋ ਗਈ ਮੋਹਤ ਡੁੱਲਗੀ। ਹੋ ਗਿਆ ਵਿਆਹ ਬੇਟਾ ਮੌਤ ਨਾਲ ਜੇ। ਜਾਂਞੀਆਂ ਨੇ ਲਾਲ ਧੁੜਿਆ ਗੁਲਾਲ ਜੇ।
ਵਿਦਾ ਹੋ ਕੇ ਗਿਆ ਓ! ਪੁੱਤ੍ਰ ਜੇਠਿਆ। ਖ਼ਾਕ ਅਤੇ ਖੂਨ ਵਿਚ ਪਿਆ ਲੇਟਿਆ।
ਛਾਈ ਤੈਨੂੰ ਵੇਖ ਵੈਰੀ ਨੂੰ ਅਧੀਰਤਾ। ਜੰਗ ਵਿਚ ਖੂਬ ਤੈਂ ਦਿਖਾਈ ਵੀਰਤਾ। ਦਾਦੇ ਗੁਰੂ ਜੋਤ ਵਿਚ ਜੋਤ ਰਲ ਜਾ। ਜੀਵਨ ਸਦੀਵੀ ਪਾ ਕੇ ਹੋ ਅਟੱਲ ਜਾ।
ਅੰਤਲੀ ਅਸੀਸ ਮੇਰੀ ਲੈ ਜਾ ਬੇਟਿਆ। ਖ਼ਾਕ ਅਤੇ ਖੂਨ ਵਿਚ ਪਿਆ ਲੇਟਿਆ।
ਛੋਟੇ ਸਾਹਿਬਜ਼ਾਦੇ, ਸਾਹਿਬ ਜੁਝਾਰ ਸਿੰਘ ਜੀ ਦਾ ਜੰਗ ਲਈ ਤਿਆਰ ਹੋਣਾ
ਵੱਡੇ ਭਾਈ ਨੂੰ ਦੇਖ ਸ਼ਹੀਦ ਹੋਇਆ! ਛੋਟੇ ਸਿੰਘ ਜੁਝਾਰ ਨੂੰ ਰੋਸ ਆਇਆ। ਵੀਰ ਜੂਝਿਆ ਜੰਗ ਇਕੇਲੜਾ ਹੈ ਉਫ਼! ਕੈਰਤਾ ਦਾ ਮੈਨੂੰ ਦੋਸ਼ ਆਇਆ। ਆਹੂ ਲਾਹਿ ਸੁੱਟੇ ਭਾਵੇਂ ਖ਼ਾਲਸੇ ਨੇ, ਅਜੇ ਤੀਕ ਨਾ ਜ਼ਾਲਮਾਂ ਹੋਸ਼ ਆਇਆ। ਬਾਹਵਾਂ ਫ਼ਰਕੀਆਂ ‘ਕੇਸਰੀ’ ਤੜਫ਼ ਲੱਗੀ, ਡਾਢਾ ‘ਸਿੰਘ ਜੁਝਾਰ ਨੂੰ ਜੋਸ਼ ਆਇਆ।
ਖੰਡਾ ਖਿੱਚ ਕੇ ਉੱਠਿਆ ਸ਼ੇਰ ਦੂਲਾ, ਗੁਰੂ-ਪਿਤਾ ਦੇ ਅੱਗੇ ਪਰਣਾਮ ਕੀਤੀ। ਹੁਕਮ ਕਰੋ ਮੈਂ ਜ਼ਾਲਮਾਂ ਹੱਥ ਲਾਵਾਂ, ਵੱਡੇ ਵੀਰ ਨੇ ਜਿਵੇਂ ਕਤਲਾਮ ਕੀਤੀ। ਇਨ੍ਹਾਂ ਜਾਬਰਾਂ ਦਾ ਮਲੀਆਮੇਟ ਕਰੀਏ, ਭਾਰਤ ਭੂਮੀ ਹੈ ਜਿਨ੍ਹਾਂ ਬਦਨਾਮ ਕੀਤੀ। ਕੁੰਭਕਰਨ ਦੇ ਵਾਂਗ ਸੁਲਾ ਦਿਆਂਗਾ, ਰਾਵਣ ਦਲਾਂ ਦੇ ਨਾਲ ਜਿਉਂ ਰਾਮ ਕੀਤੀ। ਖੂਨ ਡੋਲ੍ਹ ਕੇ ਪਿਤਾ ਆਜ਼ਾਦ ਕਰੀਏ, ਹਿੰਦੂ ਕੌਮ ਜੋ ਏਨ੍ਹਾਂ ਗ਼ੁਲਾਮ ਕੀਤੀ। ਮਰੇ ਬਾਝ ਸ੍ਵਰਗ ਨਾ ਹੱਥ ਆਵੇ, ਅਸਾਂ ਮਰਦਿਆਂ ਸੂਬਾ ਤੋਂ ਸ਼ਾਮ ਕੀਤੀ। ਸਮਾਂ ਆ ਗਿਆ ਸੋਹਣਾ ਸ਼ਹੀਦੀਆਂ ਦਾ, ਧਨ ਸੰਪਤੀ ਖ਼ਤਮ ਤਮਾਮ ਕੀਤੀ। ਬੱਸ ‘ਕੇਸਰੀ’ ਅੱਗ ਵਿਚ ਕੁੱਦਣੇ ਦੀ, ਸਾਹਿਬਜ਼ਾਦੇ ਨੇ ਅੰਤ ਕਲਾਮ ਕੀਤੀ।
ਦੋਹਰਾ
ਕਵਿ ਸੈਨਾ ਪਤਿ ਨਾਮ ਜਿਹ ਕਵੀ ਹਜ਼ੂਰੀ ਖ਼ਾਸ। ਲਿਖਦਾ ਸਿੰਘ ਜੁਝਾਰ ਦਾ ਵਾਹਵਾ ਜੰਗ ਹੁਲਾਸ । ਨਿਮਨ ਦੋਹਰੇ ਵਿਚ ਹੈ ਓਸ ਵਕਤ ਦਾ ਖ਼ਿਆਲ। ਜਿਸਨੂੰ ਲੈ ਕੇ ਕੁੱਦਿਆ! ਪੰਥ ਤਿਰਾ ਇਹ ਲਾਲ। ‘ਜਬ ਦੇਖਯੋ ਜੁਝਾਰ ਸਿੰਘ ਸਮਾ ਪਹੂਚਯੋ ਆਨ। ਦੌਰਯੋ ਦਲ ਮੈਂ ਧਾਇ ਕੈ, ਕਰ ਮਹਿ ਗਹੀ ਕ੍ਰਿਪਾਨ।’
ਸ੍ਰੀ ਦਸਮੇਸ਼ ਜੀ ਨੇ ਸਾਹਿਬਜ਼ਾਦੇ ਨੂੰ ਸ਼ਸਤਾਂ ਨਾਲ ਸਨਧਬੱਧ ਕਰ ਕੇ ਪ੍ਰਸੰਨਤਾ ਨਾਲ ਜੰਗ ਨੂੰ ਤੋਰਨਾ
ਸੁਣ ਕੇ ਬੇਨਤੀ ਸਿੰਘ ਜੁਝਾਰ ਜੀ ਦੀ, ਦਸਮ ਪਾਤਸ਼ਾਹ ਅਤਿ ਪ੍ਰਸੰਨ ਹੋਏ। ਸਫਲ ਲੱਗਿਆ ਹੋਣ ਪਰਿਵਾਰ ਮੇਰਾ, ਅੱਜ ਭਾਗ ਅਸਾਡੜੇ ਧੰਨ ਹੋਏ। ਬੇਟਾ! ਜੁੱਧ ਦੇ ਵਿਚ ਸ਼ਹੀਦ ਹੋਣਾ, ਉਸ ਨੂੰ ਮਿਲੇ ਜਿਸ ਭਾਗ ਅਨੰਨ ਹੋਏ। ਜਾਓ ਜੰਗ ਵਿਚ ਸਫਲਤਾ ਹੋਊ ਬੇਟਾ! ਸਮਝ ਲਓ ਸ਼ਹੀਦ ਪਰਮੰਨ ਹੋਏ। ਸੀਸ ਜ਼ਾਲਮਾਂ ਦੇ ਮਟਕੇ ਵਾਂਗ ਫੋੜੋ, ਜਿਵੇਂ ਭਾਈ ਦੇ ਹੱਥ ਤੋਂ ਭੰਨ ਹੋਏ। ਲਾੜੀ ਮੌਤ ਉਡੀਕਦੀ ਵਰਨ ਖ਼ਾਤਰ, ਸ਼ਾਦੀ ਮੌਤ ਦੇ ਬਾਨ੍ਹਣੂ ਬੰਨ੍ਹ ਹੋਏ। ਲੜੋ ਭਿੜੋ ਮੜੋਲੀਆਂ ਢਾਹ ਸਿੱਟੋ! ਮੁੱਕੇ ਤੁਸਾਂ ਦੇ ਨੀਰ ਤੇ ਅੰਨ ਹੋਏ। ਡੰਕੇ ਸਿੰਘ ਅਜੀਤ ਦੇ ਵੱਜ ਚੁੱਕੇ, ਤੇ ਸ਼ਹੀਦ ਸ਼੍ਰੋਮਣੀ ਮੰਨ ਹੋਏ।
ਸਾਹਿਬ ਜੁਝਾਰ ਸਿੰਘ ਜੀ ਨੇ ਮੈਦਾਨੇ-ਜੰਗ ਵਿਚ ਤਰਥੱਲਾ ਮਚਾਉਣਾ ਤੇ ਮਹਾਨ ਘੋਰ ਯੁੱਧ ਕਰ ਕੇ ਸ਼ਹੀਦੀ ਪ੍ਰਾਪਤ ਕਰਨੀ
ਸਾਹਿਬਜ਼ਾਦੇ ਨੂੰ ਸ੍ਰੀ ਦਸਮੇਸ਼ ਜੀ ਨੇ, ਜੰਗ ਵਾਸਤੇ ਕਰ ਤਿਆਰ ਦਿੱਤਾ। ਲਾੜਾ ਤੋਰਿਆ ਮੌਤ ਪਰਨਾਵਣੇ ਨੂੰ, ਹੱਥੀਂ ਆਪਣੀ ਆਪ ਸ਼ਿੰਗਾਰ ਦਿੱਤਾ। ਕਮਰ ਕੱਸਕੇ ਤੀਰ ਕਮਾਨ ਦਿੱਤੇ, ਬੰਨ੍ਹ ਗਾਤਰੇ ਸਬਜ਼ ਕਟਾਰ ਦਿੱਤਾ। ਪੰਜਾਂ ਸਿੰਘਾਂ ਨੂੰ ਤੋਰਿਆ ਵਿਚ ਅਰਦਲ, ਭਾਂਤ ਭਾਂਤ ਦਾ ਕੁੱਲ ਹਥਿਆਰ ਦਿੱਤਾ। ਜਾਓ ਪਾਓ ਸ਼ਹੀਦੀਆਂ ਜੰਗ ਕਰਕੇ, ਧਰਮ ਜੁੱਧ ਦਾ ਸਮਾਂ ਕਰਤਾਰ ਦਿੱਤਾ। ਫਤੇ ਅਰਜ਼ ਕਰਕੇ ਤੁਰੇ ਸਿੰਘ ਸੂਰੇ, ਸਤ ਸ੍ਰੀ ਅਕਾਲ ਉਚਾਰ ਦਿੱਤਾ। ਛੋਟੀ ਫ਼ੌਜ ਦਾ ਨਿੱਕਾ ਜਰਨੈਲ ਕਰਕੇ, ਤੋਰ ਇਸ ਤਰ੍ਹਾਂ ‘ਸਿੰਘ ਜੁਝਾਰ’ ਦਿੱਤਾ। ਅੱਗੇ ਫ਼ੌਜ ਦਾ ਕਟਕ ਉਡੀਕਦਾ ਸੀ, ਆਹਮੋ ਸਾਹਮਣੇ ਹੱਥ ਪਸਾਰ ਦਿੱਤਾ। ਖਟਾ ਖਟ ਤਲਵਾਰ ਹੁਣ ਖੜਕ ਉੱਠੀ, ਤੋੜ ਮਾਰ ਕੇ, ਸਾਰ ਪਰ ਸਾਰ ਦਿੱਤਾ। ਨਿੱਕੀ ਜਿੰਦੜੀ ਤੁਲ ਗਈ ਸਾਕਿਆਂ ’ਤੇ, ਪਲੋ ਪਲੀ ਵਿਚ ਮਾਰ ਹਜ਼ਾਰ ਦਿੱਤਾ। ਪੰਜਾਂ ਸਿੰਘਾਂ ਵੀ ਜੰਗ ਵਿਚ ਪਾਇਆ ਭੜਥੂ, ਵੈਰੀ ਦਲਾਂ ਦੇ ਵਿਚ ਲਲਕਾਰ ਦਿੱਤਾ। ਜਾਣ ਦਿਓ ਨਾ ਭੱਜਿਆ ਕਿਸੇ ਨੂੰ ਵੀ, ਅੱਗੇ ਆਵੇ ਜੋ ਸੀਸ ਉਤਾਰ ਦਿੱਤਾ। ਹੱਥੋਂ ਹੱਥੀਂ ਘਮਸਾਣ ਹੋ ਗਿਆ ਭਾਰੀ, ਵਾਂਗ ਸ਼ੇਰ ਦੇ ਸ਼ੇਰਾਂ ਭਬਕਾਰ ਦਿੱਤਾ। ਖਾਲ ਖ਼ੂਨ ਦਾ ਚੱਲਦਾ ਮਨੋ ਪਾਣੀ, ਸਾਰੇ ਖ਼ੂਨ ਹੀ ਖ਼ੂਨ ਪਸਾਰ ਦਿੱਤਾ। ਬਾਵਨ ਬੀਰ ਆ ਨੱਚਦੇ ਪੌਣ ਗਿੱਧਾ, ਤੇ ਕਲਜੋਗਣਾਂ ਕਹਿਕਹਾ ਮਾਰ ਦਿੱਤਾ। ਆਈ ਡਾਕਣੀ ਸਾਕਣੀ ਭੂਤ ਭੈਰੋਂ, ਗਿੱਦੜ ਕੁੱਤਿਆਂ ਕੂਕ ਪੁਕਾਰ ਦਿੱਤਾ। ਖੜਕੀ ਤੇਗ਼ ਤੇ ਆਮ ਕਤਲਾਮ ਹੋਈ, ਮਾਸਾ ਹਾਰੀਆਂ ਮਾਸ ਅਹਾਰ ਦਿੱਤਾ। ਰੱਤ ਪੀਣ ਵਾਲੇ ਰੱਜੇ ਰੱਤ ਪੀ ਪੀ, ਭਰ ਕੇ ਸਾਰਿਆਂ ਢਿੱਡ ਡਕਾਰ ਦਿੱਤਾ। ਘੋੜੇ ਸਿੱਟ ਸਵਾਰਾਂ ਨੂੰ ਭੱਜ ਨਿਕਲੇ, ਫੱਟੜ ਹਾਥੀਆਂ ਚੀਕ ਚਿੰਘਾਰ ਦਿੱਤਾ। ਚੜ੍ਹੀ ਲੋਥ ਪਰ ਲੋਥ ਹੈ ਮੁਰਦਿਆਂ ਦੀ, ਕੱਟ ਵੱਢ ਕੇ ਲਾ ਅੰਬਾਰ ਦਿੱਤਾ। ਗਿਣਤੀ ਨਹੀਂ ਸਿਪਾਹੀ ਤੇ ਜੋਧਿਆਂ ਦੀ, ਕੱਟ ਸੈਂਕੜੇ ਸਿਪਹ ਸਾਲਾਰ ਦਿੱਤਾ। ਸ਼ਕਤੀ ਪਾਈ ਦਸਮੇਸ਼ ਨੇ ਵਿਚ ਬਾਹਵਾਂ, ਅਤੇ ਹੌਸਲਾ ਅਪਰ ਅਪਾਰ ਦਿੱਤਾ। ਹੱਕੀ ਬੱਕੀ ਰਹਿ ਗਈ ਹੈ ਸਗਲ ਸੈਨਾ, ਸਾਹਿਬਜ਼ਾਦੇ ਨੇ ਗ਼ਜ਼ਬ ਗੁਜ਼ਾਰ ਦਿੱਤਾ। ਰੋਹ ਚੜ੍ਹ ਗਿਆ ਭੁੱਖ ਅੰਗਾਰ ਹੋਏ, ਭੁੱਖੇ ਸ਼ੇਰਾਂ ਨੂੰ ਰੱਬ ਸ਼ਿਕਾਰ ਦਿੱਤਾ। ਪੰਜ ਸਿੰਘ ਅੱਜ ਹੋ ਗਏ ਪੰਜ ਪਾਂਡੋ, ਕੈਰਵ ਦਲਾਂ ਦਾ ਕਰ ਸੱਥਾਰ ਦਿੱਤਾ। ਗਏ ਮਾਰਦੇ ਮਾਰਦੇ ਮਾਰਦੇ ਹੀ, ਮਾਰ ਮਾਰ ਕੇ ਮਾਰ ਅਰ ਮਾਰ ਦਿੱਤਾ। ਤੌਬਾ ਤੌਬਾ ਦੀ ਪਈ ਆਵਾਜ਼ ਆਵੇ, ਅਲੀ ਅਲੀ ਦਾ ਸ਼ੋਰ ਪੁਕਾਰ ਦਿੱਤਾ। ਆਓ ਦੇਖ ਲੌ ਹੱਥ ਹੁਣ ਖ਼ਾਲਸੇ ਦੇ, ਕਾਹਨੂੰ ਖ਼ਾਲਸਾ ਛੇੜ ਬਲਕਾਰ ਦਿੱਤਾ। ਜਿੱਧਰ ਜਾਨ ਆਹ! ਖੋਹਲ ਮਦਾਨ ਸੁੱਟਣ, ਮੁੱਠੀ ਸਿੰਘਾਂ ਨੇ ਕਟਕ ਸੰਘਾਰ ਦਿੱਤਾ। ਸਾਹਿਬਜ਼ਾਦੇ ਦੀ ਐਡ ਬਹਾਦਰੀ ਨੇ, ਵਿਚ ਸਿੰਘਾਂ ਦੇ ਜੋਸ਼ ਉਭਾਰ ਦਿੱਤਾ। ਡਿੱਗੇ ਕੜਕ ਕੇ ਬਿਜਲੀ ਵਾਂਗ ਛੀਏ, ਡਰ ਮੌਤ ਦਾ ਦਿਲੋਂ ਉਤਾਰ ਦਿੱਤਾ। ਸਿੰਘ ਸੂਰਮੇ” ਸਾਕੇ ਪ੍ਰਸਿੱਧ ਹੋਏ, ਆਪ ਆਪਣਾ ਆਪ ਵੀ ਵਾਰ ਦਿੱਤਾ।
ਲੜਦੇ ਲੜਦੇ ਜਦ ਹੋ ਗਏ ਐਨ ਫਾਵੇ, ਲਾੜੀ ਮੌਤ ਨੇ ਆਨ ਦੀਦਾਰ ਦਿੱਤਾ। ਪੈਰ ਜੁੱਟ ਕੇ ਪੈ ਗਿਆ ਆਨ ਦੁਸ਼ਮਨ, ਰਲ ਕੇ ਜ਼ਾਲਮਾਂ ਹੰਭਲਾ ਮਾਰ ਦਿੱਤਾ। ਕੱਟ ਕੱਟ ਕੇ ਸਿੰਘਾਂ ਦੇ ਕਰੇ ਟੁਕੜੇ, ਸ਼ਸਤ੍ਰ ਹੱਥ ਜੋ ਕੁੱਲ ਪ੍ਰਹਾਰ ਦਿੱਤਾ। ਪੁਰਜ਼ਾ ਪੁਰਜ਼ਾ ਜੁਝਾਰ ਸਿੰਘ ਕੱਟ ਹੋਇਆ, ਧਰਮ ਵਾਸਤੇ ਧਾਮ ਧਨ ਹਾਰ ਦਿੱਤਾ। ਕੌਤਕਹਾਰ ਏਹ ਦੇਖਦਾ ਖੇਡ ਸਾਰੀ, ਭਾਣਾ ਮੰਨ ਕੇ ਸ਼ੁਕਰ ਗੁਜ਼ਾਰ ਦਿੱਤਾ। ਕਿਹਾ ਅੱਜ ਮੈਂ ਸੁਰਖ਼ਰੂ ਹੋ ਗਿਆ ਹਾਂ, ਫ਼ਰਜ਼ ਆਪਣੇ ਸਿਰੋਂ ਉਤਾਰ ਦਿੱਤਾ। ਸਾਹਿਬਜ਼ਾਦਿਆਂ ਦਾ ਬਲੀਦਾਨ ਦੇ ਕੇ, ਭਾਰਤ ਵਰਸ਼ ਦਾ ਬੇੜਾ ਕਰ ਪਾਰ ਦਿੱਤਾ। ਗਏ ਖੜਕ ਦਰਗਾਹ ਦੇ ਵਿਚ ਘੰਟੇ, ਸ਼ਬਦ ਦੇਉਤਿਆਂ ਨੇ ਜੈ ਜੈ ਕਾਰ ਦਿੱਤਾ। ਲੱਗੀ ਹੋਣ ਅਕਾਸ਼ ਤੋਂ ਪੁਸ਼ਪ ਬਰਖਾ, ਦੇਵ ਲੋਕ ਨੇ ਜਸ਼ ਉਚਾਰ ਦਿੱਤਾ। ਧਾ ਮੂਰਤੀ ਬ੍ਰਹਮ, ਮਹੇਸ਼, ਵਿਸ਼ਨੂੰ, ਇੰਦ੍ਰ, ਆਦਿਕਾਂ ਰਲ ਸਤਕਾਰ ਦਿੱਤਾ। ਰੂਹਾਂ ਲੈਣ ਹਿਤ ਆਏ ਬਿਵਾਨ ਅਰਸ਼ੋਂ, ਧੰਨ! ਧੰਨ!! ਦਾ ਕੋਟ ਉਸਾਰ ਦਿੱਤਾ। ਬੱਸ ‘ਕੇਸਰੀ’ ਆਪਣੇ ਸੀਸ ਲਾ ਕੇ, ਸੱਚਾ ਧਰਮ ਜਹਾਨ ਪ੍ਰਚਾਰ ਦਿੱਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਿਰਭੈਤਾ ਅਤੇ ਲਾਸਾਨੀ ਕੁਰਬਾਨੀ ਅਰ ਅਦੁੱਤੀ ਵੀਰਤਾ
ਸਾਹਿਬਜ਼ਾਦੇ ਤੇ ਸਿੰਘ ਸ਼ਹੀਦ ਹੋਏ! ਦੁਸ਼ਮਨ ਦਲਾਂ ਨੇ ਗੜ੍ਹੀ ਨੂੰ ਘੇਰਿਆ ਹੈ। ਹੋਵੇ ਸਾਹਮਣੇ ਚੜ੍ਹੇ ਜੋ ਪੌੜੀਆਂ ‘ਤੇ, ਤੀਰ ਮਾਰ ਦਸਮੇਸ਼ ਨੇ ਗੇਰਿਆ ਹੈ। ‘ਕਰੋ ਹੋਸਲਾ ਗੜ੍ਹੀ ਨੂੰ ਤੋੜਨੇ ਦਾ’, ਉੱਚੀ ਨਾਲ ਅਵਾਜ਼ ਦੇ ਟੇਰਿਆ ਹੈ। ਹੋਯਾ ਭੁੱਲ ਕੇ ਗੜ੍ਹੀ ਵਲ ਮੂੰਹ ਜਿਸ ਦਾ, ਬੂਥਾ ਭੰਨ ਪਿਛਾਹਾਂ ਨੂੰ ਫੇਰਿਆ ਹੈ। ਘਨੀ ਘਨੀ ਦਲ ਬਾਦਲਾਂ ਵਾਂਗ ਛਾਈ! ਇਸਦਾ ਕੁੱਲ ਸ਼ੀਰਾਜ਼ਾ ਬਖੇਰਿਆ ਹੈ। ਲੱਗੇ ਬੈਠ ਕੇ ਕਰਨ ਸਲਾਹ ਸਾਰੇ, ਥੋੜੇ ਸਿੰਘਾਂ ਨੂੰ ਗੜ੍ਹੀ ਵਿਚ ਹੇਰਿਆ ਹੈ।
ਕੱਚੀ ਕੰਧ ਇਸ ਕਿਲ੍ਹੇ ਦੀ ਨਹੀਂ ਗਿਰਦੀ, ਖ਼ਬਰੇ ਕੀਹ ਜਾਦੂ ਏਥੇ ਗੇਰਿਆ ਹੈ। ਸ਼ਰਮ ਸ਼ਰਮ ਦੇ ਮੇਹਣੇ ਮਾਰ ਕੇ ਤੇ, ਫ਼ੌਜਦਾਰਾਂ ਨੇ ਫ਼ੌਜ ਨੂੰ ਪ੍ਰੇਰਿਆ ਹੈ। ਹੱਲਾ ਮਾਰ ਕੇ ਗੜ੍ਹੀ ਨੂੰ ਤੋੜ ਸਿੱਟੋ, ਲਸ਼ਕਰ ਵਿਚ ਹੋਕਾ ਅੰਞ ਫੇਰਿਆ ਹੈ। ਜੱਫਾ ਮੌਤ ਨੂੰ ਜਾਣ ਕੇ ਕੌਣ ਪਾਵੇ? ਕੋਲ ਆਵੇ ਜੋ ਮੌਤ ਨੇ ਘੇਰਿਆ ਹੈ। ਨੇੜੇ ਢੁੱਕਣਾ ਮਿਲੇ ਨਾ ਮੂਲ ਕੋਈ, ਦੁਸ਼ਮਨ ਦੂਰ ਤਕ ਮਾਰ ਨਬੇੜਿਆ ਹੈ। ਬੱਸ ‘ਕੇਸਰੀ’ ਅੱਜ ਮਲੂਮ ਹੋਇਆ, ਅਸਾਂ ਕੌਣ ਬਲਾਈ ਨੂੰ ਛੇੜਿਆ ਹੈ।
ਸ਼ਾਹੀ ਲਸ਼ਕਰ ਦੀ ਨਿਰਾਸਤਾ ਤੇ ਸ੍ਰੀ ਗੁਰੂ ਕਲਗੀਧਰ ਜੀ ਦਾ ਰੋਬਦਾਬ
ਦੁਸ਼ਮਨ ਦੰਗ ਤੇ ਬਹੁਤ ਬੇਚੈਨ ਹੋਏ, ਫਤੇ ਹੋਈ ਨਾ ਵਾਹ ਸਭ ਲਾ ਥੱਕੇ। ਰੋੜੀ ਇਕ ਵੀ ਗੜ੍ਹੀ ਦੀ ਨਹੀਂ ਢੱਠੀ, ਗੋਲੇ ਗੋਲੀਆਂ ਮੀਂਹ ਵਰਸਾ ਥੱਕੇ। ਵਿੰਗਾ ਵਾਲ ਦਸਮੇਸ਼ ਦਾ ਨਹੀਂ ਹੋਇਆ! ਅੱਗ ਸੂਬਾ ਤੋਂ ਬਹੁਤ ਵਰਸਾ ਥੱਕੇ। ਕੱਚੇ ਕੋਠੜੇ ਵਿਚ ਹੈ ਸ਼ੇਰ ਬੈਠਾ, ਫੜਨ ਵਾਸਤੇ ਜ਼ੋਰ ਅਜ਼ਮਾ ਥੱਕੇ। ਕੋਈ ਪੇਸ਼ ਨਾ ਗਈ ਹੈ ਪਾਜੀਆਂ ਦੀ! ਗੱਲਾਂ ਫੋਕੀਆਂ ਨਾਲ ਧਮਕਾ ਥੱਕੇ। ਪੰਜ ਸਿੰਘ ਹੁਣ ਗੜ੍ਹੀ ਵਿਚ ਰਹੇ ਬਾਕੀ, ਕਾਬੂ ਔਣ ਨਾ ਸੀਸ ਪਟਕਾ ਥੱਕੇ। ਕੋਈ ਵੱਸ ਨਾ ਚੱਲਦੀ ਇਕ ਰੱਤੀ, ਤਰ੍ਹਾਂ ਤਰ੍ਹਾਂ ਦੇ ਵਾਹੁਣੇ ਵਾਹ ਥੱਕੇ। ਵੱਡੇ ਵੱਡੇ ਜਰਵਾਣੇ ਤੇ ਸ਼ੇਰ ਬੱਬਰ, ਦੰਦ ਪੀਸ ਕਚੀਚੀਆਂ ਖਾ ਥੱਕੇ। ਜ਼ਿੰਦਾ ਫੜਨ ਦੇ ਗੁੰਦੇ ਮਨਸੂਬਿਆਂ ਨੂੰ, ਅੰਤ ਖ਼ਾਕ ਦੇ ਵਿਚ ਮਿਲਾ ਥੱਕੇ। ਗਿੱਦੜ ਲੱਖਾਂ ਦੀ ਗੇਣਤੀ ਵਿਚ ਹੋ ਕੇ, ਊਈ ਊਈ ਦੀਆਂ ਰੌਲੀਆਂ ਪਾ ਥੱਕੇ। ਚਾਲ੍ਹੀ ਸਿੰਘਾਂ ਤੋਂ ਲਸ਼ਕਰ ਜਰਾਰ ਤਾਈਂ, ਗੀਦੀ ਜੰਗ ਦੇ ਵਿਚ ਮਰਵਾ ਥੱਕੇ। ਬੱਸ ‘ਕੇਸਰੀ’ ਗੜ੍ਹੀ ਤੋਂ ਬਾਹਰ ਆ ਜਾ, ਹੱਥ ਜੋੜ ਕੇ ਵਾਸਤੇ ਪਾ ਥੱਕੇ।
ਕੱਚੇ ਕਿਲ੍ਹੇ ਵਿਚੋਂ ਸ੍ਰੀ ਦਸਮੇਸ਼ ਜੀ ਵੱਲੋਂ ਸ਼ਾਹੀ ਸੈਨਾ ਨੂੰ ਉੱਤਰ
ਜ਼ਿੰਦੇ ਫੜੇ ਜੋ ਜਾਣ ਸੋ ਹੋਣ ਗੀਦੀ, ਮੰਤ੍ਰ ਮਾਰ ਤੇ ਮਰਨ ਦਾ ਜਾਣਦਾ ਮੈਂ। ਕਰੋ ਹੌਸਲਾ ਗੀਦੀਓ! ਫੜੋ ਆ ਕੇ, ਸ਼ਾਹੀ ਦਲਾਂ ਨੂੰ ਦੇਖੋ! ਰੰਞਾਨ ਦਾ ਮੈਂ। ਤੁਸੀਂ ਰੋਮ ਨਾ ਇਕ ਉਖਾੜ ਸਕੇ! ਨਾਲ ਤੀਰਾਂ ਤੇ ਗੋਲੀਆਂ ਛਾਣ ਦਾ ਮੈਂ। ਮੌਤ ਜ਼ਿੰਦਗੀ ਦੋਏ ਹਨ ਇਕ ਮੈਨੂੰ, ਲੇਖਾ ਛਡਿਆ ਲਾਭ ਤੇ ਹਾਣ ਦਾ ਮੈਂ। ਮੇਰੇ ਦਾਦਾ ਪੜਦਾਦਾ ਉਸਤਾਦ ਸੀਗੇ, ਸਬਕ ਲਿਆ ਸ਼ਹੀਦੀਆਂ ਪਾਣ ਦਾ ਮੈਂ। ਧਰਮ ਵਾਸਤੇ ਜਿੰਦੜੀ ਵਾਰ ਦੇਣੀ, ਅੱਖਰ ਵਾਚਿਆ ਧਰਮ ਪੁਰਾਣ ਦਾ ਮੈਂ। ਗੁੜ੍ਹਤੀ ਮਿਲੀ ਹੈ ਮੈਨੂੰ ਕੁਰਬਾਨੀਆਂ ਦੀ, ਤੇ ਪਾਬੰਦ ਹਾਂ ਪਿਤਾ ਫ਼ੁਰਮਾਣ ਦਾ ਮੈਂ। ਗੁਰੂ, ਪੀਰ ‘ਅਸਿ ਦੇਵਤਾ’ ਇਸ਼ਟ ਮੇਰਾ, ਪੈਰੋਕਾਰ ਹਾਂ ਇਕ ਕ੍ਰਿਪਾਣ ਦਾ ਮੈਂ। ਜੁੱਧ ਜੰਗ ਦੀ ਸਦਾ ਉਮੰਗ ਮੈਨੂੰ, ਵੱਲ ਸਿੱਖਿਆ ਤੀਰ ਕਮਾਣ ਦਾ ਮੈਂ। ਸ਼ੇਰ ਬੁੱਕਦੇ ਬੰਦ ਹੋ ਜਾਣ ਡਰਦੇ, ਜਦੋਂ ਖਿੱਚ ਕੇ ਧਨੁਸ਼ ਨੂੰ ਤਾਣਦਾ ਮੈਂ। ਸੌਦਾ ਲਓ ਖ਼ਰੀਦ ਜੇ ਸ਼ੌਕ ਹੋਵੇ, ਮੁੱਲ ਜਾਣਦਾ ਆਣ ਤੇ ਕਾਣ ਦਾ ਮੈਂ। ਮੁੱਦਾ ਮੇਰਾ ਅਧਰਮ ਨੂੰ ਖਾਪਣਾ ਹੈ, ਠੇਕੇਦਾਰ ਹਾਂ ਧਰਮ ਫੈਲਾਣ ਦਾ ਮੈਂ। ਅਮਲੀ ਕੰਮ ਦੇ ਕਰਨ ਦੀ ਜਾਚ ਮੈਨੂੰ, ਫੋਕੀ ਬੜਾਂ ਨੂੰ ਨਹੀਂ ਸਿਆਣ ਦਾ ਮੈਂ। ਸੀਸ ਕੱਟ ਹਥੇਲੀ ‘ਤੇ ਰੱਖ ਬੈਠਾ, ਲੋੜਵੰਦ ਨਾ ਕੜੀ ਕਲਿਆਣ ਦਾ ਮੈਂ। ਸਾਏ ਤੇਗ਼ ਦੇ ਹੇਠ ਮੈਂ ਪਾਲਿਆ ਹਾਂ, ਆਦੀ ਮੁੱਢ ਤੋਂ ਸਾਰ ਦੇ ਖਾਣ ਦਾ ਮੈਂ। ਕਰਤਬ ਇਕ ਤੇ ਇਕ ਕਮਾਲ ਮੇਰਾ, ਹੱਕਦਾਰ ਹਾਂ ਗੁਰੂ ਕਹਿਲਾਣ ਦਾ ਮੈਂ। ਕੌਤਕ ਹੁਣੇ ਹੀ ਤੁਸਾਂ ਦਿਖਾਲ ਚੁੱਕਾ, ਨਿੱਕੀ ਚਿੜੀ ਤੋਂ ਬਾਜ਼ ਤੁੜਾਣ ਦਾ ਮੈਂ। ਪੈਣ ‘ਕੇਸਰੀ’ ਟੁੱਟ ਪਹਾੜ ਭਾਵੇਂ, ਆਦੀ ਫੇਰ ਵੀ ਨਹੀਂ ਘਬਰਾਣ ਦਾ ਮੈਂ।
ਸ੍ਰੀ ਗੁਰੂ ਦਸਮੇਸ਼ ਜੀ ਦੀ ਅਦੁੱਤੀ ਵੀਰਤਾ ਨਾਲ, ਸ਼ਾਹਾਂ, ਬਾਦਸ਼ਾਹਾਂ, ਕਰਨੈਲਾਂ, ਜਰਨੈਲਾਂ ਅਤੇ ਅਵਤਾਰਾਂ ਨਾਲ ਟਕਰਾ
ਵੱਡੇ ਵੱਡੇ ਜਰਨੈਲ, ਕਰਨੈਲ, ਸੂਰੇ, ਸ਼ਾਹਨਸ਼ਾਹ ਵੀ ਕਿਤੇ ਲਾਚਾਰ ਹੋਏ। ਜਦੋਂ ਪਈਆਂ ਮੁਸੀਬਤਾਂ ਆਣ ਸਿਰ ’ਤੇ, ਛੱਡ ਹੌਸਲੇ ਤਾਬਿਆਦਾਰ ਹੋਏ। ਕੈਦਾਂ ਕੱਟੀਆਂ ਬੰਨ੍ਹੇ ਗਏ ਵਿਚ ਬਾਂਦਾਂ, ਜੰਗਲ, ਪਰਬਤਾਂ ਵਿਚ ਖ਼ੁਆਰ ਹੋਏ। ਝੁਕੇ ਅੰਤ ਨੂੰ ਰਾਣਾ ਪਰਤਾਪ ਵਰਗੇ, ਈਨ ਮੰਨਣੇ ਲਈ ਤਿਆਰ ਹੋਏ। ਅਕਬਰ ਪਾਸ ਇਉਂ ਲਿਖ ਅਰਦਾਸ ਭੇਜੀ, ਡਾਢੇ ਦਾਸ ਪਰ ਅਤਿਆਚਾਰ ਹੋਏ। ਮਾਫ਼ ਕਰੋ ਮੁਸੀਬਤਾਂ ਘੱਟ ਕਰਦੋ, ਅਸੀਂ ਆਪ ਦੇ ਐਨ ਅਨੁਸਾਰ ਹੋਏ। ਭੁੱਖੀ ਰਹੀ ਬੇਟੀ, ਬਿੱਲੀ ਟੁੱਕ ਲੈ ਗਈ, ਜੰਗਲ ਵਿਚ ਤਦ ਬੇਇਖਤਿਆਰ ਹੋਏ। ਨਾਮੀ ਸੂਮੇ ਘੇਰਿਆਂ ਵਿਚ ਘਿਰ ਕੇ, ਡਾਢੇ ਨਾਲ ਬਿਦਰਦੀਆਂ ਮਾਰ ਹੋਏ। ਫ਼ੇਲ੍ਹ ਹੋਏ ਇਰਾਦੇ ਤੇ ਦਿਲ ਟੁੱਟੇ, ਵਿਚ ਆਫ਼ਤਾਂ ਫਸ ਸ਼ਿਕਾਰ ਹੋਏ। ਜਨਰਲ ਕੌਂਨਜੀ” ਜਰਨੈਲ ਜੋ ਬੋਅਰਾਂ ਦੇ, ਟ੍ਰਾਂਸਵਾਲ ਅੰਦਰ ਗਰਿਫ਼ਤਾਰ ਹੋਏ। ਫ਼ੌਜ ਚਾਰ ਹਜ਼ਾਰ ਸੀ ਕੋਲ ਉਸਦੇ, ਹੋਰ ਤੋਪ ਬੰਦੂਕ ਹਥਿਆਰ ਹੋਏ। ਲਛਮਣਾ ਮੂਰਛਾ ਪਈ ਬੇ ਹੋਸ਼ ਹੋਇਆ, ਰਾਮ ਚੰਦ੍ਰ ਦੇ ਹੋਸ਼ ਫ਼ਰਾਰ ਹੋਏ। ਸੀਸ ਗੋਡਿਆਂ ‘ਤੇ ਧੇਕੇ ਰੋਣ ਲੱਗਾ, ਹਨੂਮਾਨ ਜੇਹੇ ਮਦਦਗਾਰ ਹੋਏ। ਜਰਾ ਸਿੰਧ ਤੇ ਕ੍ਰਿਸ਼ਨ ਦੇ ਕਈ ਵਾਰੀ, ਆਪੋ-ਵਿਚੀ ਸਨ ਬੜੇ ਤਕਰਾਰ ਹੋਏ। ਕਾਲ” ਜਮਨ ਤੋਂ ਭੱਜਿਆ ਕ੍ਰਿਸ਼ਨ ਜੋਧਾ, ਸੋਲ੍ਹਾਂ ਕਲਾਂ ਦੇ ਪੂਰੇ ਅਵਤਾਰ ਹੋਏ। ਰਾਜਧਾਨੀ ਦੁਆਰਕਾ ਜਾ ਕੀਤੀ, ਮਥਰਾ ਛੱਡ ਕੇ ਅੰਵ ਪਧਾਰ ਹੋਏ। ਮੁਆਫ਼ੀ ਮੰਗਣ ਤੇ ਨੌਕਰ ਹੋਣ ਖ਼ਾਤਿਰ, ਹਾਜ਼ਰ ਸੇਵਾ ਜੀ ਦਿੱਲੀ ਦਰਬਾਰ ਹੋਏ। ਡਿੱਗੇ ਉੱਖੜੇ, ਥਿੜਕ, ਉਦਾਸ ਹੋਏ, ਮਰੇ ਹੋਏ ਜ਼ਖ਼ਮੀ ਸ਼ਰਮਸਾਰ ਹੋਏ। ਸਾਬਤ ਕਦਮ ਨਾ ਸੂਰਮਾ ਰਿਹਾ ਕੋਈ, ਭਾਵੇਂ ਵੱਡੇ ਤੋਂ ਵੱਡੇ ਬਲਕਾਰ ਹੋਏ। ਕਈ ਸ਼ਾਹਨਸ਼ਾਹ ਕੈਦੀਆਂ ਵਾਂਗ ਪਕੜੇ, ਹਾਜ਼ਰ ਸ਼ਾਹਾਂ ਦੇ ਆਣ ਦਰਬਾਰ ਹੋਏ। ਕਿਸੇ ਇਕ ਦੀ ਨਹੀਂ ਮਿਸਾਲ ਮਿਲਦੀ, ਕਈ ਵੱਧ ਤੋਂ ਵੱਧ ਸਰਦਾਰ ਹੋਏ। ਕੇਵਲ ਪੰਜ ਬਾਕੀ ਰਹੇ ਚਾਲ੍ਹੀਆਂ ’ਚੋਂ, ਬਾਕੀ ਪੰਜ ਵੀ ਬੈਠੇ ਬਰਯਾਰ ਹੋਏ। ਨਹੀਂ ਹੌਸਲਾ ਕਿਸੇ ਨੂੰ ਪਕੜਨੇ ਦਾ, ਨਹੀਂ ਤੋਪ ਬੰਦੂਕ ਤੋਂ ਮਾਰ ਹੋਏ। ਮੂੰਹ ਗੜ੍ਹੀ ਵਲ ਕਰੇ ਨਾ ਕੋਈ ਡਰਦਾ, ਸਤਿਗੁਰ, ਸਿੰਘ ਬੈਠੇ ਐਨ ਤਿਆਰ ਹੋਏ। ਗੋਲੀ ਸਿੱਕਾ ਬਾਰੂਦ ਵੀ ਕੋਲ ਹੈ ਨਾ, ਮੈਗਜ਼ੀਨ ਤੋਂ ਖ਼ਾਲੀ ਭੰਡਾਰ ਹੋਏ। ਇੱਕ ਇੰਚ ਇਰਾਦੇ ਤੋਂ ਨਹੀਂ ਟਲਦੇ, ਢਿੱਲੇ ਰੱਤੀ ਨਾ ਕਿਸੇ ਪ੍ਰਕਾਰ ਹੋਏ। ਮਾਸਾ ਫ਼ਰਕ ਨਾ ਪਿਆ ਵਿਸ਼ਵਾਸ ਅੰਦਰ, ਚਿੰਤਾ ਗ਼ਮ ਦੇ ਨਹੀਂ ਆਸਾਰ ਹੋਏ। ਸਾਹਿਬਜ਼ਾਦੇ ਸ਼ਹੀਦੀਆਂ ਪਾ ਚੁੱਕੇ, ਪੈਂਤੀ ਸਿੰਘ ਵੀ ਜਾਂ-ਨਿਸਾਰ ਹੋਏ। ਮਾਤਾ ਵਿੱਛੁੜੀ, ਮਹਿਲ ਵੀ ਗਏ ਕਿਧਰੇ, ਕੇਹੜੇ ਹਾਲ ਛੋਟੇ ਬਰਖੁਰਦਾਰ ਹੋਏ। ਖਰੜੇ ਪੁਸਤਕਾਂ ਦੇ ਹੜ੍ਹੇ ਵਿਚ ਸਰਸੇ, ਖੇਰੂ ਖੇਰੂ ਆਹ! ਕੁੱਲ ਪਰਿਵਾਰ ਹੋਏ। ਪਿਆਰੇ ਸਿੰਘ ਸ਼ਹੀਦ ਹੋ ਗਏ ਪਿਆਰੇ, ਕਿਲ੍ਹੇ ਕੋਠੇ ਬਰਬਾਦ ਘਰਬਾਰ ਹੋਏ। ਮਾਲ ਜੇਵਰਾਂ ਤੇ ਭਾਂਡੇ ਬਸਤਰਾਂ ਦੇ, ਸੜ ਕੇ ਢੇਰਾਂ ਦੇ ਢੇਰ ਸਨ ਛਾਰ ਹੋਏ। ਐਰਜ ਹੋ ਗਿਆ ਕੁੱਲ ਤਬਾਹ ਸਾਰਾ, ਮਲੀਆ ਮੇਟ ਹਨ ਕੁੱਲ ਦਿਲਦਾਰ ਹੋਏ। ਪਏ ਦੁੱਖਾਂ ਦੇ ਆਨ ਪਹਾੜ ਸਿਰ ’ਤੇ, ਗਲੇ ਵਿਚ ਵੀ ਦੁਖਾਂ ਦੇ ਹਾਰ ਹੋਏ। ਵੈਰੀ ਹੋ ਰਹੇ ਧਰਤਿ ਅਸਮਾਨ ਦੋਵੇਂ, ਸਾਕ ਅੰਗ ਸਭ ਹੈਨ ਅਗਿਆਰ ਹੋਏ। ਜੇਹੜੇ ਹਿੰਦੂਆਂ ਉੱਤੇ ਸਰਬੰਸ ਲਾਇਆ ! ਆਪਤ ਕਾਲ ਦੇ ਅਲਮ ਬਰਦਾਰ ਹੋਏ। ਜ਼ਿੰਮੇਵਾਰ ਤਬਾਹੀ ਦੇ ਐਨ ਮੋਢੀ, ਭੀਮਸੈਨ ਆਦਿਕ ਬਾਈਧਾਰ ਹੋਏ। ਸਾਥੀ ਕੋਈ ਨਾ ਅੱਜ ਦਸ਼ਮੇਸ਼ ਦਾ ਹੈ, ਸਾਥੀ ਹੀਆਂ ਤੇ ਹੱਥ ਕਟਾਰ ਹੋਏ। ਬੈਠੇ ਹੈਨ ਅਹਿੱਲ ਚਟਾਨ ਉੱਤੇ, ਖੇਲਾਂ ਵਿਚ ਅਖੇਲ ਸਰਕਾਰ ਹੋਏ। ਸੂਰਜ ਨਾਲ ਨਾ ਕਿਸੇ ਦੀ ਅੱਖ ਮਿਲਦੀ, ਕੇਹੜਾ ਟੱਪ ਹਿਮਾਲੇ ਤੋਂ ਪਾਰ ਹੋਏ। ਸੂਬੇਦਾਰ ਕਿਸ ਬਾਗ਼ ਦੀ ਹੈਨ ਮੂਲੀ, ਸ਼ਾਹਨਸ਼ਾਹ ਏਥੇ ਪਾਣੀਹਾਰ ਹੋਏ। ਮਰਜ਼ੀ ਆਪਣੀ ਨਾਲ ਕਰਤਾਰ ਮੇਰੇ, ਜੋਤੀ ਜੋਤ ਰਲ ਜਾਣ ਨੂੰ ਤਿਆਰ ਹੋਏ। ਸਿੰਘਾਂ ਜੋੜ ਕੇ ਹੱਥ ਅਰਦਾਸ ਕੀਤੀ, ਕੰਮ ਪੰਥ ਦੇ ਕਈ ਵਿਚਕਾਰ ਹੋਏ। ਪੰਥ ਮਿਟੂ ਪਰ ਆਪ ਤੋਂ ਫੇਰ ਬਣ ਜੂ, ਤੁਸੀਂ ਖ਼ਾਲਸੇ ਦੇ ਸਿਰਜਣ ਹਾਰ ਹੋਏ। ਬਿਨਾਂ ਆਪ ਦੇ ਪੰਥ ਦਾ ਕੌਣ ਵਾਲੀ? ਪਏ ਪੰਥ ਪਰ ਦੁੱਖਾਂ ਦੇ ਭਾਰ ਹੋਏ। ਕਰੋ ਕੰਮ ਅਧੂਰੜੇ ਕੁੱਲ ਪੂਰੇ, ਅਸੀਂ ਫਾਥੜੇ ਮੰਝਲੀ ਧਾਰ ਹੋਏ। ਕੌਣ ਰਾਹਬਰੀ ਕਰੂਗਾ ਪਾਤਸ਼ਾਹਾ! ਤੁਸੀਂ ਪੰਥ ਦੇ ਰੌਸ਼ਨ ਮੁਨਾਰ ਹੋਏ। ਤੁਸੀਂ ਇਕ ਤੋਂ ਕਰੋਂ ਅਨੇਕ ਪੈਦਾ, ਭਰੇ ਅੰਮ੍ਰਿਤ ਦੇ ਤੇਰੇ ਭੰਡਾਰ ਹੋਏ। ਬੱਸ ‘ਕੇਸਰੀ’ ਛੱਡ ਇਰਾਦਿਆਂ ਨੂੰ, ਜ਼ੋਰ ਸ਼ੋਰ ਦੇ ਨਾਲ ਤਕਰਾਰ ਹੋਏ।
ਸਿੰਘਾਂ ਨੇ ਗੁਰਮਤਾ ਕੀਤਾ ਕਿ ਅੱਜ ਏਥੇ ਸ੍ਰੀ ਗੁਰੂ ਦਸਮੇਸ਼ ਜੀ ਦੇ ਸ਼ਹੀਦ ਹੋਣੇ ਦਾ ਯੋਗ ਸਮਾਂ ਨਹੀਂ ਹੈ
ਸਿੰਘਾਂ ਪਰਸਪਰ ਬੈਠ ਗੁਰਮਤਾ ਕੀਤਾ, ਸਤਿਗੁਰ ਗੜ੍ਹੀ ਨੂੰ ਛੱਡ ਹੁਣ ਜਾਨ ਪਿਆਰੇ। ਪੰਜਾਂ ਵਿਚ ਪਰਮਾਤਮਾ ਵੱਸਦਾ ਹੈ ਕੀਤਾ ਪੰਜ ਦਾ ਹੁਕਮ ਪ੍ਰਵਾਨ ਪਿਆਰੇ। ਕੀਤੀ ਪੰਜਾਂ ਦੇ ਗਿਰਦ ਪਰਦੱਖਣਾ ਹੈ, ਹੱਥ ਜੋੜ ਕੇ ਸੀਸ ਝੁਕਾਨ ਪਿਆਰੇ। ਦਯਾ ਸਿੰਘ ਤੇ ਧਰਮ ਗੰਦ ਸੂਰਾ, ਉੱਤਮ ਭਾਗ ਜਿਸਦੇ, ਸਿੰਘ ਮਾਨ ਪਿਆਰੇ। ਸੰਤ ਸਿੰਘ ਅਰ ਪੰਜਵਾਂ, ਸਿੰਘ ਸੰਗਤ ਪੰਜਾਂ ਸਿੰਘਾਂ ਦੇ ਨਾਮ ਏ ਜਾਨ ਪਿਆਰੇ। ਕਲਗ਼ੀ ਜਿਗਾ ਪਹਿਨਾਈ ਜਿਸ ਸੀਸ ਉੱਤੇ, ਸੰਤ ਸਿੰਘ ਜੀ ਸਿੰਘ ਮਹਾਨ ਪਿਆਰੇ। ਕਈ ਲੇਖਕਾਂ ਨੇ ਸੰਗਤ ਸਿੰਘ ਲਿਖਿਆ, ਦੇਸ਼ ਬੰਗਸੀ ਦਾ ਭਾਗਵਾਨ ਪਿਆਰੇ। ਇਸ ਪਰ ਬਹਿਸ ਨਾ ਛੇੜਨੀ ਯੋਗ ਜਾਪੇ, ਦੋਵੇਂ ਗੁਰੂ ਦੇ ਸਿੰਘ ਸੁਜਾਨ ਪਿਆਰੇ। ਸਰਬ ਸੰਮਤੀ ਨਾਲ ਦਸਮੇਸ਼ ਜੀ ਨੇ, ਇਸ ਨੂੰ ਥਾਪਿਆ ਯੋਗ ਪਰਧਾਨ ਪਿਆਰੇ। ਗੜ੍ਹੀ ਵਿਚ ਏਹ ਦੋਵੇਂ ਹਨ ਨਿਯਤ ਕੀਤੇ, ਸਿੰਘ ਸੂਰਮੇ ਮਹਾਂ ਬਲਵਾਨ ਪਿਆਰੇ। ਕਿਹਾ ਬੈਠਿਓ! ਮੋਰਚੇ ਵਿਚ ਡੱਟ ਕੇ, ਫੜ ਕੇ ਹੱਥ ਵਿਚ ਤੀਰ ਕਮਾਨ ਪਿਆਰੇ। ਸੰਤ ਸਿੰਘ ਦੀ ਸ਼ਕਲ ਸੀ ਗੁਰੂ ਜੈਸੀ, ਹੋਵੇ ਕੁਝਕ ਦਸਮੇਸ਼ ਅਨੁਮਾਨ ਪਿਆਰੇ। ਪੰਜਾਂ ਸਿੰਘਾਂ ਨੂੰ ਦਿੱਤੀ ਗੁਰਿਆਈ ਜਿਸਮੀ, ਗੁਰੂ ਪੰਥ ਹੈ ਗੁਰੂ ਫ਼ੁਰਮਾਨ ਪਿਆਰੇ। ਇਸੇ ਵਾਸਤੇ ਗੜ੍ਹੀ ਦਾ ਨਾਮ ਦੂਜਾ, ਪ੍ਰਗਟ ਹੋ ਗਿਆ ਤਿਲਕ ਅਸਥਾਨ ਪਿਆਰੇ। ਗੁਰੂ ਪੰਥ ਇਸ ਜਗ੍ਹਾ ਅਸਥਾਪ ਹੋਇਆ, ਦਸਮ ਗੁਰੂ ਦਾ ਡੂੰਘਾ ਧਿਆਨ ਪਿਆਰੇ। ਆਤਮ ਗੁਰੂ ਫਿਰ ‘ਗੁਰੂ ਗ੍ਰੰਥ ਸਾਹਿਬ’ ਆਊ, ਸਮਾਂ ਜਦ ਹੋਊ ਏਲਾਨ ਪਿਆਰੇ।
ਗੁਰਤਾ ਪੰਥ ਨੂੰ ਦਿੱਤੀ ਹੈ ਬਖ਼ਸ਼ ਅੱਧੀ, ਅੱਧੀ ਕਰਨਗੇ ਫੇਰ ਪਰਦਾਨ ਪਿਆਰੇ। ਉਪਮਾ ਪੰਜ ਦੀ ‘ਕੇਸਰੀ’ ਗੁਰੂ ਕੀਤੀ, ਸੁਣੋ ਪੰਜ ਦਾ ਹੋਰ ਹੁਣ ਬਿਆਨ ਪਿਆਰੇ।
ਪੰਜਾਂ ਦੀ ਬਰਕਤ ਦਾ ਵਰਣਨ
ਪੰਜ ਸ਼ਬਦ ਵਿਚ ਖ਼ਬਰ ਨਹੀਂ ਕੀਹ ਜਾਦੂ ? ਪੰਜਾਂ ਵਿਚ ਪਰਮਾਤਮਾ ਭਾਨ ਹੁੰਦਾ। ਪੰਜ, ਪੰਚ ਵਾਨ ਪਰਧਾਨ ਪੰਜੇ, ਦਰਗਾਹ ਵਿਚ ਵੀ ਪੰਜ ਦਾ ਮਾਨ ਹੁੰਦਾ। ਪੰਜ, ਸੋਂਹਦੇ ਰਾਜ ਦਰਬਾਰ ਅੰਦਰ, ਉੱਤਮ ਅਸਪ ਜੋ ਪੰਜ ਕਲਿਆਨ ਹੁੰਦਾ। ਪੰਜਾਂ, ਤੱਤਾਂ ਦੇ ਨਾਲ ਸਰੀਰ ਬਣਦਾ, ਪੰਜ ਭੂਤਕ ਏਹ ਤਦੇ ਬਿਆਨ ਹੁੰਦਾ। ਪੰਜ, ਕੋਸ਼ ਦਾ ਪਿਆ ਸਰੀਰ ਪੜਦਾ, ਆਤਮ ਰੱਖਿਆ ਲਈ ਤਾਨ ਹੁੰਦਾ। ਪੰਜ, ਪ੍ਰਾਣ ਹਨ, ਬਿਆਨ ਉਦਿਆਨ ਜਾਣੋ, ਤੇ ਸਮਾਨ, ਅਪਾਨ ਅਰ ਪ੍ਰਾਨ ਹੁੰਦਾ। ਪੰਜ ਭਰਮ ਹਨ ਭਰਮ ਵਿਚ ਪੌਣ ਵਾਲੇ, ਸਦਕੇ ਏਨ੍ਹਾਂ ਦੇ ਭਰਮ ਅਗਿਆਨ ਹੁੰਦਾ। ਪੰਜ ਸ਼ਬਦ” ਪ੍ਰਸਿੱਧ ਸੰਸਾਰ ਉੱਤੇ, ਜਿਥੋਂ ਰਾਗ ਧੁਨ ਆਦਿ ਵਿਧਾਨ ਹੁੰਦਾ। ਪੰਜ“, ਪਏ ਕਲੇਸ਼ ਹਨ ਆਤਮਾ ਨੂੰ, ਦੁਖੀ ਏਨ੍ਹਾਂ ਤੋਂ ਸਗਲ ਜਹਾਨ ਹੁੰਦਾ। ਪੰਜ ਪੀਰ ਤੇ ਪੰਜ ਹੀ ਹੈਨ ਪਾਂਡੋ, ‘ਪੰਜ’ ਸ਼ਬਦ ਹਰ ਜਗ੍ਹਾ ਪਰਧਾਨ ਹੁੰਦਾ। ਪੰਜ, ਉਂਗਲਾਂ ਕੈਮ ਜੇ ਹੋਣ ਪੰਜੇ, ਪੰਜਾ, ਪੰਜਾਂ ਦਾ ਬੜਾ ਬਲਵਾਨ ਹੁੰਦਾ। ਪੰਜਾ, ਵੱਟ ਕੇ ਮਾਰੀਏ ਮੂੰਹ ਉੱਤੇ, ਮੂਰਖ ਪੁਰਸ਼ ਦਾ ਦੂਰ ਗੁਮਾਨ ਹੁੰਦਾ। ਪੰਜਾ, ਰੋਕਦਾ ਰੁੜ੍ਹਦਿਆਂ ਪਰਬਤਾਂ ਨੂੰ, ਵਲੀ ਪੀਰਾਂ ਦਾ ਤੋੜਦਾ ਮਾਨ ਹੁੰਦਾ। ਪੰਜਾਂ, ਨਾਲ ਕਮਾਲ ਦਾ ਪੰਥ ਬਣਿਆ, ਪੰਜ ਬਿਨਾਂ ਨਾ ਸੁਧਾ ਪਰਦਾਨ ਹੁੰਦਾ। ਪੰਜ, ਬਖ਼ਸ਼ਦੇ ਸਿੰਘ ਤਨਖ਼ਾਹੀਏ ਨੂੰ, ਹਰ ਇਕ ਫ਼ੈਸਲਾ ਪੰਚ ਪਰਵਾਨ ਹੁੰਦਾ। ਪੰਜਾਂ, ਮਾਰੀਏ ਸੁਰਗ ਸਿਧਾਰੀਏ ਤਾਂ, ਪੰਜ ਹੋਣ ਤਾਂ ਨਰਕ ਅਸਥਾਨ ਹੁੰਦਾ। ਪੰਜ, ਪੰਥ ਵਿਚ ਹੈਣ ਪਰਮੰਨ ਹੋਏ, ਮੁੱਢ ਪੰਥ ਦਾ ਪੰਜ ਤੋਂ ਜਾਨ ਹੁੰਦਾ। ਪੰਜ, ਨਾਲ ਹੈ ਸਿੱਖ ਦਾ ਨੇਮ ਨਿਭਦਾ, ਪੰਜ ਪੜ੍ਹੋ ਤਾਂ ਆਤਮ ਇਸ਼ਨਾਨ ਹੁੰਦਾ। ਪੰਜ, ਕੋਰੇ ਘੜੋਲੇ ਤੇ ਹੱਥ ਰੱਖਣ, ਨੁਕਤੇ ਇਕ ਪਰ ਜਦੋਂ ਧਿਆਨ ਹੁੰਦਾ। ਟਿਕੀ ਸੁਰਤ ਦੇ ਨਾਲ ਇਹ ਕਾਂਖੀਏ ਜੇ, ਘੜਾ ਕੰਬਦਾ ਪਿਆ ਅਨੁਮਾਨ ਹੁੰਦਾ। ਪੰਜ, ਸ਼ਬਦ ਵਿਚ ਬੜੀ ਵਿਸ਼ੇਸ਼ਤਾ ਹੈ, ਇਸਦਾ ਪੂਰਾ ਨਾ ਇਥੇ ਬਿਆਨ ਹੁੰਦਾ। ਇਸੇ ਲਈ ਦਸਮੇਸ਼ ਨੇ ਪੰਜ ਚੁਣ ਕੇ, ਪੰਥ ਸਾਜਿਆ, ਪੰਜ ਮਹਾਨ ਹੁੰਦਾ। ਅੱਜ ਪੰਜਾਂ ਨੂੰ ਥਾਪਨਾ ਆਪ ਲਾਈ, ਜਦੋਂ ਵੇਖਿਆ ਅੰਤ ਨੁਕਸਾਨ ਹੁੰਦਾ। ਜੇਕਰ ਪੰਜ ਨਾ ਅੰਞ ਕਤਲਾਮ ਕਰਦੇ, ਕਾਬਜ਼ ਗੜ੍ਹੀ ਪਰ ਕਟਕ ਇਹ ਆਨ ਹੁੰਦਾ। ਪੰਜੇ ਕਰਦੇ ਨਾ ਐਡ ਬਹਾਦਰੀ ਜੇ, ਪੰਥ ਵਿਚ ਨਾ ਐਡ ਸਨਮਾਨ ਹੁੰਦਾ। ਸੰਤ ਸਿੰਘ ਸ਼ਹੀਦ ਮਨਜ਼ੂਰ ਕਰਕੇ, ਪੰਜਾਂ ਵਿਚ ਨਾ ਅੱਜ ਪਰਧਾਨ ਹੁੰਦਾ। ਗੜ੍ਹੀ ਛੱਡ ਨਾ ਫੇਰ ਦਸਮੇਸ਼ ਜਾਂਦੇ, ਵਾਲੀ ਪੰਥ ਦਾ ਇਥੇ ਕੁਰਬਾਨ ਹੁੰਦਾ। ਪੰਜਾਂ ਰੱਖ ਵਿਖਾਈ ਹੈ ਖ਼ਾਲਸੇ ਦੀ, ਵਰਨਾ ਮੁਲਕ ਸਾਰਾ ਮੁਸਲਮਾਨ ਹੁੰਦਾ। ਦੇਂਦਾ ਦਾਦ ਅੱਜ ਕੌਣ ਫਿਰ ਬੀਰਤਾ ਦੀ, ਦਿੱਤਾ ਪੰਥ ਨੂੰ ਸੀਸ ਨਾ ਦਾਨ ਹੁੰਦਾ। ਸੰਤ ਸਿੰਘ ਦੀ ਤੱਕ ਬਹਾਦਰੀ ਨੂੰ, ਐਸਾ ਕੌਣ ਜੋ ਨਹੀਂ ਹਰਾਨ ਹੁੰਦਾ। ਛਾਤੀ ਡਾਹ ਕੇ ਗੜ੍ਹੀ ਦੇ ਵਿਚ ਬੈਠਾ, ਧੰਨਵਾਦ ਕਿਸ ਨਾਲ ਜ਼ਬਾਨ ਹੁੰਦਾ। ਸੰਗਤ ਸਿੰਘ ‘ਕੇਸਰੀ’ ਬੀਰ ਬਾਂਕਾ, ਸਾਕਾ ਕਰਨ ਖ਼ਾਤਿਰ ਸਾਵਧਾਨ ਹੁੰਦਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੜ੍ਹੀ ਵਿਚੋਂ ਅਤੀ ਨਿਰਭੈਤਾ ਤੇ ਅਡੋਲ ਦਸ਼ਾ ਵਿਚ ਨਿਕਲ ਜਾਣਾ
ਜ਼ਿੰਦਾ ਫੜਨ ਖ਼ਾਤਿਰ ਆਯਾ ਕਟਕ ਚੜ੍ਹਕੇ, ਟੁੱਟੀ ਆਸ ਇਹ ਹੱਥ ਨਾ ਬਾਤ ਆਈ। ਗੜ੍ਹੀ ਕਿਲ੍ਹਾ ਬਿਲਜੀਅਮ ਤੋਂ ਹੋਈ ਆਕੀ, ਕੰਧ ਚੀਨ ਦੀ ਵੀ ਏਨ੍ਹੇ ਮਾਤ ਪਾਈ। ਲੇਉੜ ਇਕ ਨਾ ਡਿੱਗਿਆ ਦਰਜ਼ ਪਾਟੀ, ਮਿੱਟੀ ਵਿਚ ਕਿਧਰੋਂ ਕਰਾਮਾਤ ਆਈ। ਸੂਰਜ ਛਿਪ ਗਿਆ ਲੜਦਿਆਂ ਮਰਦਿਆਂ ਨੂੰ, ਕਾਲ ਕਪੜੇ ਪਹਿਨਕੇ ਰਾਤ ਆਈ। ਹਾਰ ਹੱਪ ਕੇ ਸੌਂ ਗਿਆ ਕੁੱਲ ਲਸ਼ਕਰ, ਥੱਕੇ ਹੁੱਟਿਆਂ ਮਸੇਂ ਨਜਾਤ ਪਾਈ। ਨਿਕਲੇ ਗੜ੍ਹੀ ਤੋਂ ਗੁਰੂ ਦਸਮੇਸ਼ ਦੂਲੇ, ਦੁਸ਼ਮਨ ਦਲਾਂ ਪਰ ਮਾਨੋ ਅਫ਼ਾਤ ਆਈ । ਪੀਰ ਹਿੰਦੂਆਂ ਦਾ ਨਿਕਲ ਚੱਲਿਆ ਜੇ, ਆਓ ਫੜੋ ਜਿਸ ਮੌਤ ਵਿਖਯਾਤ ਆਈ। ਤਿੰਨ ਵਾਰ ਪੁਕਾਰਿਆ ਕੜਕ ਉੱਚੀ, ਡਿੱਗੀ ਬਿਜਲੀ ਮੌਸਮ ਬਰਸਾਤ ਆਈ। ਲਸ਼ਕਰ ਉਠਿਆ ਸ਼ੋਰ ਪੈ ਗਿਆ ਡਾਢਾ, ਹੱਥ ਕਿਸੇ ਦੇ ਬਾਂਹ ਤੇ ਲਾਤ ਆਈ। ਆਪੋ ਵਿੱਚੀ ਘਮਸਾਨ ਪੈ ਗਿਆ ਡਾਢਾ, ਖੰਡਾ ਖੜਕਿਆ ਹੋਣੀ ਨੇ ਝਾਤ ਪਾਈ। ਕਟਾ ਵੱਢ ਤੇ ਖਿਲਬਲੀ ਮਚੀ ਸਾਰੇ, ਭਾਵੀ ਕਿਧਰੋਂ ਕਹਿਣ ਕਮਜ਼ਾਤ ਆਈ। ਕੋਈ ਕਹੇ ਓਇ ਬੀਰ ਬੈਤਾਲ ਆਏ, ਭੂਤ ਪ੍ਰੇਤ ਯਾ ਜਿੰਨ ਜੱਨਾਤ ਆਈ। ਕਿਧਰੇ ਪੁੱਤ੍ਰਾਂ ਨੇ ਬਾਪ ਕੱਟ ਦਿੱਤੇ, ਕਿਤੇ ਬਾਪ ਹੱਥੋਂ ਮਿਰਤੂ ਤਾਤ ਪਾਈ। ਭੌਦਲ ਗਏ ਅਰ ਘਬਰਾ ਸਾਰੇ, ਅਚਨਚੇਤ ਅਫ਼ਾਤ ਅਗਿਆਤ ਆਈ। ਸ਼ਾਹੀ ਫ਼ੌਜ ਦਾ ਹੋਯਾ ਨੁਕਸਾਨ ਵੱਡਾ, ਅਪਣੇ ਹੱਥ ਤੋਂ ਆਪ ਵਫ਼ਾਤ ਪਾਈ। ਬੱਸ ‘ਕੇਸਰੀ’ ਲੜਦਿਆਂ ਭਿੜਦਿਆਂ ਨੂੰ, ਮੁੱਕੀ ਰਾਤ ਅਰ ਨਿਕਲ ਪਰਭਾਤ ਆਈ।
ਸ੍ਰੀ ਗੁਰੂ ਦਸਮੇਸ਼ ਜੀ ਨੇ ਬਾਕੀ ਤਿੰਨਾਂ ਸਿੰਘਾਂ ਨੂੰ ਇਸ਼ਾਰਾ ਕਰ ਕੇ ਆਪ ਮਾਛੂਵਾੜੇ ਵੱਲ ਪਧਾਰਨਾ
ਤਿੰਨਾਂ ਸਿੰਘਾਂ ਨੂੰ ਤਾਰੇ ਦੀ ਸੇਧ ਕਹਿ ਕੇ, ਸੁਬ੍ਰਾ ਮਿਲੋ ਇਹ ਵਾਕ ਉਚਾਰ ਕਰਕੇ। ਦੁਸ਼ਮਣ ਦਲਾਂ ਨੂੰ ਚੀਰਦੇ ਗਏ ਸਤਿਗੁਰ,ਮੁਖੜੇ ਚੁੰਮ ਸ਼ਹੀਦਾਂ ਦੇ ਪਿਆਰ ਕਰਕੇ। ਨੰਗੇ ਪੈਰ ਪਧਾਰਦੇ ਜੰਗਲਾਂ ਨੂੰ, ਸੀਤ ਕਾਲ ਦੇ ਦੁੱਖ ਸਹਾਰ ਕਰਕੇ। ਫਿਰਦੇ ਔਝੜਾਂ ਵਿਚ ਨਿਖੁੱਟ ਹਾਹਾ! ਪਿਆਰੇ ਧਰਮ ਪਰ ਸਭੋ ਕੁਝ ਵਾਰ ਕਰਕੇ। ਝਾੜ ਸਾਹਿਬ ਵਿਚ ਬੈਠ ਕੇ ਚਰਨ ਝਾੜੇ, ਬੈਠੇ ਦੇਰ ਕੁਝ ਥੱਕ ਹਾਰ ਕਰਕੇ। ਗੁੱਜਰ ਭਾਲਦੇ ਮਹੀਂ ਦੋ ਆ ਗਏ ਨੇ, ਕਹਿੰਦੇ ਕੌਣ ਹੈ ? ਉੱਚੀ ਪੁਕਾਰ ਕਰਕੇ। ਸਾਹਿਬਾਨ ਇਕ ਨੂੰ ਸੱਦ ਕੇ ਮੁਹਰ ਦਿੱਤੀ, ਰੌਲਾ ਪਾ ਨਾ ਕਿਹਾ ਬੁਚਕਾਰ ਕਰਕੇ। ਬਦਲੀ ਹੋਈ ਜਦ ਨਿਯਤ ਮਲੂਮ ਹੋਈ, ਆਜਾ ਹੋਰ ਲੈ ਕਿਹਾ ਹਕਾਰ ਕਰਕੇ। ਨੇੜੇ ਢੁੱਕਿਆ ਝੱਟ ਦੋ ਟੁੱਕ ਕੀਤੇ, ਸਿਰ ਸੁੱਟਿਆ ਪਰੇ ਉਤਾਰ ਕਰਕੇ। ਸਿਰ ‘ਤੇ ਪੈਰ ਧਰ ਭੱਜਿਆ ਦੂਸਰਾ ਜੋ,ਡਰ ਮੌਤ ਦਾ ਚਿੱਤ ਵਿਚ ਧਾਰ ਕਰਕੇ। ਮਾਛੂਵਾੜੇ ਗੁਰਬਾਗ਼ ਵਿਚ ਜਾ ਪੁੱਜੇ, ਲੰਮੇ ਪੈ ਗਏ ਚਰਨ ਪਸਾਰ ਕਰਕੇ। ਮੋਤੀ ਤਾਜ ਦੇ ਮਾਨੋ ਆ ਚਰਨ ਲੱਗੇ! ਪੀਂਦੋਂ ਪੀਂਦ ਹਨ ਖ਼ੂਬ ਲਿਸ਼ਕਾਰ ਕਰਕੇ। ਲੋਹੂ ਸਿੰਮਿਆ ਕੰਡਿਆਂ ਨਾਲ ਤਲੀਆਂ, ਮਹਿੰਦੀ ਰੰਗਲੀ ਲੱਗੀ ਸੁਆਰ ਕਰਕੇ। ਛੱਡ ਰੰਗਲੇ ਪਲੰਘ ਨਿਵਾਰਿਆਂ ਨੂੰ, ਭੁੰਜੇ ਪੈ ਗਏ ਸੱਥਰਾ ਮਾਰ ਕਰਕੇ। ਕਿਥੇ ਮਖਮਲੀ ਸੇਜ ਵਿਛਾਈਆਂ ਨੇ, ਸੇਵਕ ਰੱਖਦੇ ਰੋਜ਼ ਤਿਆਰ ਕਰਕੇ। ਕਿਥੇ ਪੈਰ ਪਿਆਦੜੇ ਸਿੰਘ ਸ਼ਾਹਾ! ਪਿੱਛੇ ਤੁਰਦੇ ਸਨ ‘ਅਸੁਵ’ ਸਵਾਰ ਕਰਕੇ। ਕਿਥੇ ਬਾਜ਼ ਤੇਰੇ ਬਾਜ਼ਾਂ ਵਾਲਿਆ ਓ! ਜੇਹੜੇ ਲਿਔਂਦੇ ਸਨ ਰੋਜ਼ ਸ਼ਿਕਾਰ ਕਰਕੇ। ਕਿਥੇ ਰੰਗਲੀ ਫ਼ੌਜ ਹੈ ਖ਼ਾਲਸੇ ਦੀ? ਅੱਗੇ ਤੋਰਤੀ ਸਿਪਹ ਸਾਲਾਰ ਕਰਕੇ। ਸਾਜ਼ ਬਾਜ਼ ਤੇ ਤਖ਼ਤ ਅਰ ਤਾਜ ਕਿਥੇ ? ਕਲਗ਼ੀ ਜਿਗਾ ਵੀ ਦਿਤੇ ਉਤਾਰ ਕਰਕੇ। ਆਇਆ ਤੋੜ ਮਰੋੜਦਾ ਕੰਡਿਆਂ ਨੂੰ, ਘੋੜੇ ਜੋੜਿਆਂ ਤਾਈਂ ਵਿਸਾਰ ਕਰਕੇ। ਕਿਥੇ ਛੱਡੇ ਹਨ ਕਿਲ੍ਹੇ ਅਨੰਦ ਗੜ੍ਹ ਦੇ? ਜਿਥੇ ਬੈਠਦਾ ਨਿੱਤ ਦਰਬਾਰ ਕਰਕੇ। ਲਖਤੇ ਜਿਗਰ ਅੱਜ ਕਿਥੇ ਹਨ ਚਾਰ ਤੇਰੇ ? ਕੌਣ ਰੱਖੂਗਾ ਉਨ੍ਹਾਂ ਨੂੰ ਪਿਆਰ ਕਰਕੇ। ਮਾਵਾਂ ਪੰਥ ਦੀਆਂ ਛੱਡੀਆਂ ਦੱਸ ਕਿੱਧਰ ? ਪਾਣੀ ਪੀਂਦਿਆਂ ਨਿੱਤ ਦੀਦਾਰ ਕਰਕੇ। ਵੱਡੇ ਮਾਤ ਜੀ ਹੈਨ ਵੋ ਹਾਲ ਕੇਹੜੇ? ‘ਵਾਜ ਮਾਰਦੇ ‘ਭਾਗ’ ਪੁਕਾਰ ਕਰਕੇ। ਬਾਵਨ ਕਵੀ ਆਹ! ਗਏ ਹਨ ਦੱਸ ਕਿੱਧਰ? ਕਵਿਤਾ ਬੋਲਦੇ ਭੱਟ ਉਚਾਰ ਕਰਕੇ। ਪਿਆ ਅਰਸ਼ ਨੂੰ ਛੱਡ ਕੇ ਫ਼ਰਸ਼ ਉੱਤੇ, ਰਜ਼ਾ ਰੱਬ ਤੇ ਸ਼ੁਕਰ ਗੁਜ਼ਾਰ ਕਰਕੇ। ਸਾਏਬਾਨ ਚੰਦੋਏ ਤੇ ਸ਼ਾਮ ਯਾਨੇ, ਛਾਉਂ ਰੁੱਖਾਂ ਦੀ ਓਟ ਆਧਾਰ ਕਰਕੇ। ਖੰਦਕ ਕੋਟ, ਕਨਾਤ ਹੈ ਝਾੜੀਆਂ ਦੀ, ਪੰਖੀ ਚੁਹਕਦੇ ਰਾਗ ਅਪਾਰ ਕਰਕੇ। ਛੱਡ ਵਸਤੀਆਂ ਜੰਗਲੀਂ ਆ ਗਿਆ ਏ, ਭਾਰਤ ਭੂਮੀ ਦੇ ਭਾਰ ਉਤਾਰ ਕਰਕੇ। ਤੇਰੇ ਚੋਜੀਆ ਚੋਜ ਅਨੰਤ ਹੈਂ ਵੇ, ਕਿਕੂੰ ਲਿਖਣ ਮੈਂ ਲੇਖ ਸ਼ੁਮਾਰ ਕਰਕੇ। ਬਾਜ਼ੀ ਸਿਰਾਂ ਤੇ ਧੜਾਂ ਦੀ ਲਾ ਬੈਠਾ, ਅੱਜ ਆਇਆ ਸਰਬੰਸ ਨੂੰ ਹਾਰ ਕਰਕੇ। ਹਾਲ ਮਿੱਤਰ ਪਿਆਰੇ ਨੂੰ ਦੱਸ ਅਪਣਾ, ਅੱਗੇ ‘ਕੇਸਰੀ’ ਆਪ ਉਚਾਰ ਕਰਕੇ।
ਸਤਿਗੁਰੂ ਦੇ ਵੈਰਾਗ ਪੂਰਤ ਤੇ ਬ੍ਰਿਹੋਂ ਦੀ ਤਸਵੀਰ ਖਿੱਚੇ ਹੋਏ ਸ਼ਬਦ
ਸਾਡਾ ਹਾਲ ਮੁਰੀਦਾਂ ਦਾ ਅੱਜ ਵਾਲਾ, ਸਾਡੇ ਮਿੱਤਰ ਪਿਆਰੇ ਨੂੰ ਦੱਸਣਾ ਜੇ। ਸਾਨੂੰ ਰੋਗ ਰਜ਼ਾਈਆਂ ਦਾ ਓਢਣਾ ਹੈ, ਭੱਸ ਨੱਗਰੀਂ ਖੇੜਿਆਂ ਵੱਸਣਾ ਜੇ। ਤੇਰੇ ਬਾਝ ਪ੍ਰੀਤਮਾ ਖ਼ਾਕ ਸੱਭੋ, ਖਾਣਾ, ਪਹਿਨਣਾ, ਰੋਵਣਾ, ਹੱਸਣਾ ਜੇ। ਸੱਥਰ ਲੇਫ ਤੁਲਾਈਆਂ ਯਾਦ ਅੰਦਰ, ਵਿੱਸਰ ਜਾਇਂ ਤਾਂ ਸਭੋ ਕੁਝ ਖੱਸਣਾ ਜੇ। ਜੇਹੜਾ ਰੰਗ ਪਸੰਦ ਹੈ ਰੱਖ ਉਹੋ, ਓਸੇ ਰੰਗ ਦੇ ਵਿਚ ਮੈਂ ਰੱਸਣਾ ਜੇ। ਰਾਜ਼ੀ ਵਿਚ ਰਜਾਈਆਂ ਸਦਾ ਰਹਿਣਾ, ਸ਼ੁਕਰ ਨਾਲ ਅਵਾਜ਼ੜਾ ਕੱਸਣਾ ਜੇ। ਤੇਰੀ ਯਾਦ ਵਿਚ ਜਿੰਦੜੀ ਸ਼ਾਦ ਮੇਰੀ, ਤੇਰੀ ਭੁੱਲ ਵਿਚ ਨਾਗ ਨੇ ਡੱਸਣਾ ਜੇ । ਜਿਉਂ ਜਿਉਂ ‘ਕੇਸਰੀ’ ਢਾਹ ਮੁਸੀਬਤਾਂ ਨੂੰ, ਅਸੀਂ ਹੋਰ ਵਿਰਾਗ ਵਿਚ ਧੱਸਣਾ ਜੇ।
ਕਵਿ ਦੇ ਹੋਰ ਬਾਕੀ ਅਰਮਾਨ
ਕਲਮ ਥਿੜਕਦੀ ਹੰਝੂਆਂ ਝੜੀ ਲੱਗੀ, ਉੱਛਲ ਉੱਛਲ ਕੇ ਦਿਲ ਪਿਆ ਆਉਂਦਾ ਏ। ਰਹੇ ਪੁੱਛਣੇ ਹੋਰ ਸੁਆਲ ਬਾਕੀ, ਸਬਰ ਨਹੀਂ ਮਨ ਮੂਢ ਨੂੰ ਆਉਂਦਾ ਏ। ਅਰਸ਼ੀ ਪ੍ਰੀਤਮਾ! ਦੱਸ ਕੀ ਚੋਜ ਤੇਰੇ, ਲੱਗੇ ਭੇਦ ਨਾ ਏਵੇਂ ਰੁਆਉਂਦਾ ਏ। ਦਿੱਬ ਦ੍ਰਿਸ਼ਟ ਬਿਨ ਆਇ ਨਾ ਸ਼ਾਂਤ ਮੈਨੂੰ, ਤੇਰਾ ਦੁੱਖ ਤੰਨੂਰ ਤਪਾਉਂਦਾ ਏ। ਚੋਜ ਇਕ ਤੋਂ ਇਕ ਚੜੰਦੜਾ ਹੈ, ਸਮਝੇ ਬਿਨਾਂ ਆਹ! ਬਹੁਤ ਸਤਾਉਂਦਾ ਏ। ਤੈਨੂੰ ਸਮਝਣਾ ਮਾਹੀਆ ਖਰਾ ਔਖਾ, ਡਿੱਠੇ ਬਾਝ ਨਾ ਸਮਝਣਾ ਆਉਂਦਾ ਏ। ਕਠਨ ਦੇਖਣਾ ਚਾਨਣੇ ਤਿੱਖਿਆਂ ਨੂੰ, ਤੱਕੋ ਸੂਰ ਵੱਲ ਕਿਕੂੰ ਚੁੰਧਿਆਉਂਦਾ ਏ। ਦੇਖੇ ਬਾਝ ਨਾ ਸਮਝਿਆ ਜਾਇ ਕੁਝ ਵੀ, ਸਮਝੇ ਬਾਝ ਸੁਆਦ ਨਾ ਆਉਂਦਾ ਏ। ਲਿਆ ਸਮਝ ਯਾ ਭਲਾ ਨਾ ਸਮਝਿਆ ਮੈਂ, ਪੁੱਛੇ ਬਾਝ ਨਾ ਠਹਿਰਿਆ ਜਾਉਂਦਾ ਏ। ਮੋਟੇ ਮੋਟੇ ਸੁਆਲ ਮੈਂ ਕਰਾਂ ਸਾਈਆਂ, ਰਹਿ ਰਹਿ ਖ਼ਿਆਲ ਮੈਨੂੰ ਮੁੜ ਮੁੜ ਆਉਂਦਾ ਏ। ਤੇਰੇ ਦੁੱਖਾਂ ਦਾ ਦੁੱਖ ਨਾ ਭੁੱਲਦਾ ਹੈ, ਰੋਮ ਰੋਮ ਨੂੰ ਪਿਆ ਪੁਲਕਾਉਂਦਾ ਏ। ਕਰ ਕੇ ਪ੍ਰਸ਼ਨ ਮੈਂ ਕੱਢਾਂ ਅਰਮਾਨ ਦਿਲ ਦੇ, ਰਚਨਾ ਮੇਰਾ ਹੀ ਚਿੱਤ ਰਚਾਉਂਦਾ ਏ। ਉਸ਼ਣ ਸੀਤ ਅਰ ਕਾਲ ਨਾ ਕਰਮ ਕੋਈ, ਦੁੱਖ ਸੁੱਖ ਨਾ ਓਸ ਥਾਂ ਜਾਉਂਦਾ ਏ। ਜਿੱਥੇ ਪ੍ਰੀਤਮਾ ਤੇਰਾ ਅਸਥਾਨ ਉੱਚਾ, ਅਗਮ ਪੁਰਾ ਉਹ ਥਾਨ ਕਹਾਉਂਦਾ ਏ। ਕ੍ਰਿਆ ਕਾਲ ਦੀ ਕਿਥੇ ਅਕਾਲ ਨੂੰ ਹੈ ? ਕਹਿਣ ਕਥਨ ਵਿਚ ਕਿਸ ਤਰ੍ਹਾਂ ਆਉਂਦਾ ਏ। ਬੱਸ ‘ਕੇਸਰੀ’ ਛੱਡ ਇਹ ਵਿਸ਼ਾ ਔਖਾ, ਪੁੱਛ ਪੁੱਛ ਜੋ ਪੁੱਛਣਾ ਚਾਹੁੰਦਾ ਏ।
ਸਾਹਿਬਾਂ ਪਰ ਦਰਦਾਂ ਭਰੇ ਸੁਆਲ
ਅਨੰਦ ਪੁਰੀ ਦਿਆ ਵਾਸੀਆ ਸ਼ਹਿਨਸ਼ਾਹਾ! ਸੱਥਰ ਮਾਰ ਬੈਠਾ ਡੇਰੇ ਡਾਲ ਕਿਥੇ। ਅੱਜ ਦੱਸ ਕਿਸ ਹਾਲ ਦੇ ਵਿਚ ਬੈਠਾ ? ਸੋਹਣੇ ਲਾਡਲੇ ਚਾਰੇ ਹਨ ਲਾਲ ਕਿਥੇ।
ਭਾਰਤ ਭੂਮੀ ਦੇ ਭਾਰ ਉਤਾਰ ਆਇਆ, ਅੱਜ ਹੋਰ ਹਨ ਦੱਸ ਖ਼ਿਆਲ ਕਿਥੇ। ਪਿਆਰੇ ਜਿੰਦ ਤੋਂ ਪਿਆਰੜੇ ਸਿੰਘ ਪਿਆਰੇ, ਪਿਆਰੇ ਦੱਸ ਹਨ ਨੌਨਿਹਾਲ ਕਿਥੇ। ਗਏ ਮਹਿਲ ਕਿੱਧਰ ਵੱਡੇ ਮਾਤ ਕਿਥੇ? ਆਨੰਦ ਪੁਰੀ ਦੇ ਜਾਹੋ ਜਲਾਲ ਕਿਥੇ। ਕਿਲ੍ਹੇ ਸੱਖਣੇ ਪਏ ਅਨੰਦ ਪੁਰ ਦੇ, ਤੋਸ਼ੇ ਖ਼ਾਨੇ, ਖ਼ਜ਼ਾਨੇ ਤੇ ਮਾਲ ਕਿਥੇ। ਜਸ਼ਨ ਹੋਲੀਆਂ ਟੋਲੀਆਂ ਖ਼ਾਲਸਾਈ ਜੇਹੜੇ, ਉਡਦੇ ਸਨ ਲਾਲ ਗੁਲਾਲ ਕਿਥੇ। ਜੋੜੇ ਘੋੜਿਆਂ ਨੂੰ ਕਿੱਧਰ ਛੱਡ ਆਇਓਂ ? ਸੱਥਰ ਮਾਰ ਬੈਠਾ ਕੇਹੜੇ ਹਾਲ ਕਿਥੇ। ਹੱਲੇ ਹੋਲੇ ਮਹੱਲੇ ਮਨੋਵਰਾਂ ਦੇ, ਮਾਹੀਆ ਦੱਸ ਓ! ਕਰਤਬ ਕਮਾਲ ਕਿਥੇ। ਕਿਥੇ ਸੈਫ਼ ਸਰੋਹੀਆਂ ਸੈਹਥੀਆਂ ਨੇ, ਸ਼ਸਤ੍ਰ ਅਸਤ੍ਰ ਤਲਵਾਰ ਤੇ ਢਾਲ ਕਿਥੇ। ਬੈਠਾ ਝਾੜੀਆਂ ਵਿਚ ਪ੍ਰੀਤਮਾ ਆ, ਪ੍ਰੇਮੀ ਵੇਖਸਨ ਭਲਾ ਜਮਾਲ ਕਿਥੇ ? ਲਸ਼ਕਰ ਖ਼ਾਲਸੇ ਦੇ ਕਿੱਧਰ ਛੱਡ ਆਇਓਂ, ਪੰਜ ਪਿਆਰੇ ਹਨ ਲਾਮਿਸਾਲ ਕਿਥੇ। ਨਿਪੁੰਨ ਕਾਵਯ ਸਹਿਤ ਦੇ ਕਵੀ ਬਾਵਨ, ਪੰਡਿਤ ਗੁਣੀ ਚਾਤਰ ਬਾਕ ਚਾਲ ਕਿਥੇ। ਕਿਥੇ ਹਾਥੀ ਪਰਸਾਦੀ ਤੇ ਅਸਪ ਨੀਲੇ, ਚੰਦਨ ਚੌਂਕੀਆਂ ਸ਼ਾਲ ਦੁਸ਼ਾਲ ਕਿਥੇ। ਤੰਬੂ ਖੈਮੇ ਕਨਾਤ ਤੇ ਸ਼ਾਮਯਾਨੇ, ਇੰਦ੍ਰ ਪੁਰੀ ਦੇ ਦੰਗ ਦੁਆਲ ਕਿਥੇ। ਸਭ ਕੁਝ ਛੱਡ ਕੇ ਜੰਗਲੀਂ ਆ ਗਿਆ ਏਂ, ਭੌਰੇ ਫੁੱਲ ਦੀ ਕਰਨਗੇ ਭਾਲ ਕਿਥੇ। ਦੱਸ ਬਾਜ਼ ਤੋਂ ਕਿਸ ਤਰ੍ਹਾਂ ਬਾਜ਼ ਆਇਆ ? ਬਾਜ਼ਾਂ ਵਾਲਿਆ ਹੱਥ ਪਰ ਬਾਜ਼ ਹੈਨਾ। ਜੋਗੀ ਰਾਜਿਆ ! ਸਾਜ਼ ਸਾਮਾਨ ਕਿੱਧਰ ? ਕਲਗ਼ੀ ਜਿਗਾ ਆਹ ! ਸੀਸ ਪਰ ਤਾਜ ਹੈਨਾ।
ਸਾਹਿਬਾਂ ਦੀ ਅਨੰਤਤਾ ਦਾ ਵਰਣਨ
ਮੇਰੇ ਚੋਜੀਆ ਜੋਗੀਆ ਪਾਤਸ਼ਾਹਾ! ਰੰਗਾ ਰੰਗ ਦੇ ਰੰਗ ਨਿਤ ਲੁੱਟਦਾ ਤੂੰ। ਕਿਤੇ ਕੋਧਰੇ ਦੀ ਸੁੱਕੀ ਟਾਪ ਖਾਵੇਂ, ਕਿਤੇ ਲੁੱਚੀਆਂ ਪੂਰੀਆਂ ਸੁੱਟਦਾ ਤੂੰ। ਕਦੇ ਪਿਆਰਦਾ ਪਿਆਰਿਆ ਸ੍ਰਿਸ਼ਟ ਸਾਰੀ, ਕਦੇ ਮਾਰ ਕੇ ਕੁੱਤਕੇ ਕੁੱਟਦਾ ਤੂੰ। ਚਾਰ ਚੱਕ ਦੀ ਦਿਗ ਬਿਜੈ ਕਦੇ ਕਰਦਾ, ਕਦੇ ਵਿਚ ਸਮਾਧੀਆਂ ਜੁੱਟਦਾ ਤੂੰ। ਤੇਰੇ ਨਾਮ ਵਿਚ ਦੁੱਖ ਪ੍ਰਪੰਚ ਹੈਨਾ, ਨਾ ਅਨੇਕਤਾ ਪ੍ਰਾਣ ਸਮੀਰ ਦੇਹੀ। ਪਰੀਪੂਰਨ ਪਰਮਾਤਮਾ ਸ਼ੁੱਧ ਚੇਤਨ, ‘ਨਾਨਕ’ ਨਾਮ ਦੀ ਸਹੀ ਤਾਬੀਰ ਏਹੀ। ਕਦੇ ਬਖ਼ਸ਼ਦਾ ਹੈਂ ਬਾਦਸ਼ਾਹੀਆਂ ਨੂੰ, ਕਦੇ ਡੂੰਘੀਆਂ ਜੜ੍ਹਾਂ ਤੋਂ ਪੁੱਟਦਾ ਤੂੰ। ਹੱਥ ਤੱਕੜੀ ਵਿਰਦ ਜ਼ਬਾਨ ਤੇਰਾ, ਬਾਦਸ਼ਾਹੀ ਖ਼ਜ਼ਾਨਿਆਂ ਲੁੱਟਦਾ ਤੂੰ। ਕਦੇ ਬੰਦ ਹੁੰਦਾ ਬੰਦੀ ਖਾਨਿਆਂ ਜਾ, ਬੰਦੀ ਛੋੜ ਸਣ ਰਾਜਿਆਂ ਛੁੱਟਦਾ ਤੂੰ। ਕਦੇ ਸੋਹੰਦਾ ਮਸਨਦਾਂ ਗੱਦੀਆਂ ‘ਤੇ, ‘ਕੱਲਾ ਜੰਗਲੀਂ ਕਦੇ ਨਿਖੁੱਟਦਾ ਤੂੰ। ਰੰਗਾ ਰੰਗ ਦੇ ਬਦਲਦਾ ਰੰਗ ਸ਼ਾਹਾ! ਕਦੇ ਇਕ ਤੇ ਕਦੇ ਅਨੇਕ ਹੁੰਦਾ। ਵਿਲ ਵਿਲਾਂਦੀਆਂ ਸੰਗਤਾਂ ਛੱਡ ਜਾਂਦਾ, ਕਦੇ ਫੇਰ ਮੁੜ ਓਨ੍ਹਾਂ ਦੀ ਟੇਕ ਹੁੰਦਾ।
ਮੁਕਤਿ ਦਾਤਿਆ! ਵੰਡਦਾ ਫਿਰੇਂ ਮੁਕਤੀ, ਤੀਰੰਦਾਜ਼ ਨਿਸ਼ਾਨਿਆਂ ਚੁੱਟਦਾ ਤੂੰ। ਖੇਲ ਖੇਲ ਤੇ ਫੇਰ ਅਖੋਲ ਦਿਸਦਾ, ਮਾਲੀ ਵਾਂਗ ਬੂਟੇ ਲੈਂਦਾ ਪੁੱਟਦਾ ਤੂੰ। ਕਦੇ ਸੋਭਦਾ ਜੋੜਿਆ ਘੋੜਿਆਂ ‘ਤੇ, ਕਦੇ ਛੋਹ ਚਰਨਾਂ ਕੰਡੇ ਘੁੱਟਦਾ ਤੂੰ। ਖ਼ਿਜ਼ਾਂ ਵਿਚ ਪੱਤਾ ਪੱਤਾ ਕਦੇ ਝੜਦਾ, ਕਦੇ ਫੇਰ ਬਹਾਰ ਵਿਚ ਫੁੱਟਦਾ ਤੂੰ । ਕੌਤਕਹਾਰ ਓਇ! ਕੌਤਕਾਂ ਵਿਚ ਰੁੱਝਾ, ਢਾਹ ਭੰਨ ਸੁਆਰਦਾ ਫੇਰ ਆਪੇ। ਪੁਤਲੀ ਕਾਠ ਦੀ ‘ਕੇਸਰੀ’ ਕੀਹ ਬੰਦਾ, ਤੂੰਹੀਓਂ ਕਰਨ ਵਾਲਾ ਹੇਰ ਫੇਰ ਆਪੇ।
ਸਿੱਖਾਂ ਦੀ ਕਰਬਲਾ ਸ੍ਰੀ ਚਮਕੌਰ ਸਾਹਿਬ ਦੇ ਦਰਸ਼ਨ
ਜਿਥੇ ਗੁਰੂ ਤੇ ਗੁਰੂ ਦੁਲਾਰਿਆਂ ਨੇ, ਖੇਡਾਂ ਕੀਤੀਆਂ ਜਾਨ ਪਰ ਖੇਡ ਬਲ ਬਲ। ਆਹੂ ਲਾਹ ਕੇ ਜ਼ਾਲਮਾਂ ਘਾਣ ਕੀਤੇ, ਖ਼ੂਨ ਵੱਗਿਆ ਜਿਵੇਂ ਦਰਯਾ ਗਲ ਗਲ। ਬੇੜਾ ਹਿੰਦ ਦਾ ਸਾਗਰੋਂ ਪਾਰ ਕੀਤਾ, ਫਾਥਾ ਪਿਆ ਸੀ ਵਿਚ ਮਹਾਨ ਦਲ ਦਲ। ਜਿਨ੍ਹਾਂ ਕੀਤਾ ਸਰਬੰਸ ਕੁਰਬਾਨ ਸਾਰਾ, ਭੁਗਤ ਮੁਕਤ ਹੈ ਉਨ੍ਹਾਂ ਦੇ ਚਾਰ ਕਰਤਲ। ਸਿੱਖੋ ! ਸ੍ਰੀ ਚਮਕੌਰ ਦੇ ਕਰੋ ਦਰਸ਼ਨ, ਦੂਰ ਨੇੜਿਉਂ ਦੇਸ ਪਰਦੇਸ ਚੱਲ ਚੱਲ। ਆਓ ਯਾਤਰਾ ਕਰੋ ਚਮਕੌਰ ਸਾਹਿਬ, ਲਾਹੇ ਲਓ ਆ ਸੰਗਤਾਂ ਨਾਲ ਰਲ ਰਲ। ਜੀਵਨ ਸਮਾਂ ਨਜੀਕ ਹੀ ਆ ਰਿਹਾ ਏ, ਨੇੜੇ ਆਂਵਦਾ ਬਿੰਦ ਤੇ ਚੁੱਖ ਪਲ ਪਲ। ਸਫਲ ਕਰੋ ਸਰੀਰ ਤੇ ਮਨਾਂ ਤਾਈਂ, ਕਰੋ ਯਾਤਰਾ ਛੱਡ ਕੇ ਟੇਢ ਵਲ ਛਲ। ਮਾਯਾ, ਉਮਰ ਤੇ ਵਕਤ ਦਾ ਮਾਣ ਕੀ ਹੈ ? ਜਾਸੀ ਉੱਡ ਏਹ ਛਾਂ ਦੇ ਵਾਂਗ ਢਲ ਢਲ। ਦਰਸ਼ਨ ਸ੍ਰੀ ਚਮਕੌਰ ਤੋਂ ਚਾਰ ਮਿਲਦੇ, ਧਰਮ, ਅਰਥ, ਅਰ ਕਾਮਨਾ, ਮੋਖ ਏ ਫਲ।
ਕਬਿੱਤ
ਜਿਦ੍ਹੀ ਖ਼ਾਕ ਪਾਕ ਤਾਈਂ ਨੇਤ੍ਰਾਂ ‘ਚ ਪੌਣ ਲਈ, ਦੂਰੋਂ ਦੂਰੋਂ ਸੰਗਤਾਂ ਪ੍ਰੇਮ ਨਾਲ ਔਂਦੀਆਂ। ਜਿਦ੍ਹੇ ਦਰਸ ਵਾਸਤੇ ਤਰਸ ਰਹੇ ਦੂਰ ਬੈਠੇ, ਸੁੱਖ ਸੁੱਖ ਸੱਖਣਾ ਲਹਿਨ ਮਨ ਭੌਂਦੀਆਂ। ਮਨ ਇੱਛੇ ਫਲ ਤੇ ਮਨੋਰਥਾਂ ਦੇ ਗੱਡੇ ਲੱਦ, ਚਾਰ ਹੀ ਪਦਾਰਥਾਂ ਦੇ ਨਾਲ ਵਿਗਸੌਂਦੀਆਂ। ਪਾਵਨ ਪਵਿੱਤ੍ਰ ਭੂਮੀ ਸ੍ਰੀ ਚਮਕੌਰ ਦੀ ਹੈ, ਜਿਦ੍ਹਾ ਜੱਸ ਦਿਨੇ ਰਾਤ ਸੰਗਤਾਂ ਨੇ ਗੌਂਦੀਆਂ। ਵਾਰੇ ਸੁਤ ਪਿਆਰੇ ਤੇ ਪਿਆਰੇ ਤਿੰਨ ਵਾਰੇ ਏਥੇ, ਵੱਡੇ ਵੱਡੇ ਕਾਰੇ ਕੀਤੇ ਜ਼ੁਲਮ ਦੇ ਵਿਰੁੱਧ ਜੋ। ਚਾਲ੍ਹੀ ਸਿੱਖਾਂ ਨਾਲ ਦਲ ਗਾਲ ਦਿੱਤੇ ਜ਼ਾਲਮਾਂ ਦੇ, ਪੜ੍ਹ ਪੜ੍ਹ ਸਾਕਿਆਂ ਚੱਕ੍ਰਿਤ ਹੁੰਦੀ ਬੁੱਧ ਜੋ। ਪਿਆਰੀ ਠੌਰ ਸ੍ਰੀ ਚਮਕੌਰ ਜਿਹੀ ਕੇੜ੍ਹੀ ਔਰ ? ਧਰਮੀਆਂ ਦੇ ਖੂਨ ਨਾਲ ਹੋਈ ਸ਼ੁੱਧ ਜੋ ।
ਦੱਸੋ ਹੋਰ ਕੇੜੀ ਜਗ੍ਹਾ ਤੁੱਲ ਹੈ ਭਗੋਲ ਉੱਤੇ, ਧਰਮ ਤੇ ਅਧਰਮ ਸੰਦਾ ਹੋਇਆ ਜਿੱਥੇ ਜੁੱਧ ਜੋ।
ਰਾਜਸੀ” ਘਰਾਣਾ ਪਟਿਆਲਾ ਵੱਡਾ ਪੰਥ ਦਾ ਹੈ, ‘ਤੇਰਾ ਘਰ ਮੇਰਾ ਘਰ’ ਗੁਰੂ ਵਰਦਾਨ ਹੈ।
ਧੰਨ ਸ੍ਰੀ ਮਹਾਰਾਜ ਪਟਿਆਲਾ ਦਾ ਹੈ, ਲੰਗਰ ਜਿਨ੍ਹਾਂ ਦੇ ਵੱਲੋਂ ਚੱਲਦਾ ਮਹਾਨ ਹੈ।
ਆਏ ਸਾਲ ਹੁੰਦਾ ਹੈ ਅਖੰਡ ਪਾਠ ਨੇਮ ਨਾਲ, ਦੋਵਾਂ ਗੱਲਾਂ ਲਈ ਪੱਕਾ ਬੰਨ੍ਹਿਆ ਬੰਧਾਨ ਹੈ।
‘ਕੇਸਰੀ’ ਅਟੱਲ ਰਹੇ ਗੱਦੀ ਮਹਾਰਾਜ ਜੀ ਦੀ, ਜਦੋਂ ਤੀਕ ਚੰਦ ਸੂਰ ਜ਼ਿਮੀ ਤੇ ਅਸਮਾਨ ਹੈ।
[ਭਾਗ ਪਹਿਲਾ ਸਮਾਪਤ]
ਤੀਜਾ ਖੰਡ
ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ
(ਭਾਗ ਦੂਜਾ)
ਸ੍ਰੀ ਸਤਿਕਾਰ ਯੋਗ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਕਥਾ
ਸੰਤ ਸਿੰਘ ਤੇ ਬੰਗਸੀ ਸਿੰਘ ਸੰਗਤ, ਦਿੱਤੇ ਜ਼ਾਲਮਾਂ ਗੜ੍ਹੀ ਵਿਚ ਮਾਰ ਦੇਖੋ। ਸਾਹਿਬਜ਼ਾਦੇ ਤੇ ਸਿੰਘ ਸ਼ਹੀਦ ਸਾਰੇ, ‘ਸਰਨ ਕੌਰ’ ਨੇ ਦਿੱਤੇ ਸਸਕਾਰ ਦੇਖੋ। ਲਸ਼ਕਰ ਭੱਜਿਆ ਭਾਲ ਵਿਚ ਦਸਮ ਗੁਰ ਦੇ, ਦੱਸੋ ਦਿਸ਼ਾਵਲ ਗਿਆ ਪਧਾਰ ਦੇਖੋ। ਸੱਪ ਗਿਆ ਚਰੋਕਣਾ ਲੰਘ ਕਿਧਰੇ, ਪਏ ਕੁੱਟਦੇ ਲੀਕ ਗਵਾਰ ਦੇਖੋ। ਮੈਂ ਹੁਣ ਹੋਰ ਪ੍ਰਸੰਗ ਨੂੰ ਛੱਡ ਏਥੇ, ਸਾਕਾ ਲਿਖਾਂ ਸਰਹਿੰਦ ਸੁਆਰ ਦੇਖੋ। ਕਥਾ ਵਲਵਲਾ ਖ਼ੇਜ਼ ਵਿਸਥਾਰ ਪੂਰਬਕ, ਲਿਖਾਂ ਐਨ ਪ੍ਰਸੰਗ ਅਨੁਸਾਰ ਦੇਖੋ। ਛੋਟੇ ਸਾਹਿਬਜ਼ਾਦੇ ਸ੍ਰੀ ਮਾਤ ਗੁਜਰੀ, ਪਿਆਰੇ ਧਰਮ ਪਰ ਹੋਏ ਨਿਸਾਰ ਦੇਖੋ। ਜ਼ਿੰਦਾਂ ਨਿੱਕੀਆਂ ਦੇ ਵੱਡੇ ਸਾਕਿਆਂ ਨੂੰ, ਪੜ੍ਹੋ ‘ਕੇਸਰੀ’ ਪ੍ਰੇਮ ਦੀ ਤਾਰ ਦੇਖੋ।
ਦੋਹਰਾ
ਖੇਰੂ ਖੇਰੂ ਪੰਥ ਜਦ ਹੋਇਆ ਸਰਸੇ ਵਾਰ। ਕਈ ਜਗ੍ਹਾ ਨੂੰ ਖਿੰਡਿਆ, ਵਿਛੁੜਿਆ ਪਰਿਵਾਰ।
ਕੋਰੜਾ ਛੰਦ
ਗੰਗੂ ਨਾਮੇ ਬ੍ਰਾਮਣ ਰਸੋਈ ਵਾਲਾ ਸੀ। ਮਾਤਾ ਜੀ ਅੰਞ ਆਖਦਾ ਕੁਚਾਲਾ ਸੀ।
ਚੱਲੋ ਮਾਈ ਮੇਰਾ ਏਥੋਂ ਪਿੰਡ ਨੇੜ ਹੈ। ਸਿੱਧਾ ਰਾਹ ਤੀਰ, ਨਾ ਰੱਤੀ ਵੀ ਗੇੜ ਹੈ।
ਓਥੇ ਹੈ ਟਿਕਾਣਾ ਚੰਗਾ ਆਪ ਵਾਸਤੇ। ਲੈ ਲਓ ਇਹ ਸੇਵਾ ਜੇੜ੍ਹੀ ਜੋਗ ਦਾਸ ਤੇ।
ਚੱਲ ਕੇ ਤੇ ਖੇੜੀ ਬਿਸਰਾਮ ਕਰੀਏ। ਮਾਤਾ ਚਿੱਤ ਵਿਚ ਨਾ ਸੰਦੇਹ ਧਰੀਏ।
ਮਾਤਾ ਸੱਤ ਮੰਨ ਕੇ ਬਚਨ ਬਿੱਪ ਦਾ। ਚੱਲੇ ਗੰਗੂ ਨਾਲ ਹੈ ਟਪਾਣ ਬਿਪਦਾ।
ਦੋਵੇਂ ਸ਼ਾਹਜ਼ਾਦੇ ਇਕ ਸੇਵਾਦਾਰ ਜੇ । ਗੰਗੂ ਨਾਲ ਚੱਲੇ ਮਾਤਾ ਹੋ ਤਿਆਰ ਜੇ।
ਰੋਪੜ ਤੋਂ ਬਾਰਾਂ ਕੋਹ ਬਾਗਾਂ ਵਾਲਾ ਹੈ। ਏਸੇ ਦਾ ਮੋਰੰਡਾ ਨਾਮ ਆਦਿ ਵਾਲਾ ਹੈ।
ਕੋਲ ਇਦ੍ਹੇ ਖੇੜੀ ਨਾਮ ਪਿੰਡ ਵੱਸਦਾ। ਏਥੋਂ ਦਾ ਹੀ ਗੰਗੂ ਗੁੱਥਲਾ ਸੀ ਵਿੱਸ ਦਾ।
ਏਦ੍ਹੇ ਪਿੰਡ ਆਏ ਮਾਤਾ ਸਣੇ ਬਾਲਕੇ। ਘੇਰੇ ਵਿਚ ਆਏ ਰੱਬਾ! ਵੈਰੀ ਕਾਲ ਕੇ।
ਲੱਦੀ ਹੋਈ ਖੱਚਰ ਸੀ ਧਨ ਮਾਲ ਦੀ। ਫਿੱਟੀ ਨੀਤ ਵੇਖ ਮਾਯਾ ਨੂੰ ਚੰਡਾਲ ਦੀ।
ਕਹਿੰਦਾ ਮਾਈ ਏਸ ਪਿੰਡ ਬਾਹਲੇ ਚੋਰ ਹਨ। ਚੁੱਕ ਲੈਂਦੇ ਮਾਲ ਐਸੇ ਦਾਉ ਖੋਰ ਹਨ।
ਸਾਂਭ ਕੇ ਤੁਸਾਂ ਨੇ ਧਨ ਮਾਲ ਰੱਖਣਾ। ਮਤਾਂ ਮੇਰਾ ਝੁੱਗਾ ਨਾਲ ਹੋਵੇ ਸੱਖਣਾ।
ਮਾਤਾ ਸੋਚ ਵਿਚ ਰਾਤੀਂ ਰਹੀ ਜਾਗਦੀ। ਦੁੱਖਾਂ ਵਿਚ ਦੁਖੀਆ ਸੀ ਰਾਤ ਝਾਗਦੀ।
ਗੰਗੂ ਕਹੇ ਕਦੋਂ ਰੱਬਾ ਸੌਂਵੇ ਮਾਈ ਜੇ। ਫੇਰ ਸਾਰੇ ਮਾਲ ਦੀ ਕਰਾਂ ਸਫ਼ਾਈ ਜੇ।
ਲੱਗਿਆ ਨਾ ਦਾਉ ਪੰਮਾ ਰਿਹਾ ਸੋਚਦਾ। ਦਿਲੀਂ ਮੋਹਰਾਂ ਚੁੱਕਣੇ ਨੂੰ ਪਾਪੀ ਲੋਚਦਾ।
ਛੇਕੜ ਵਿਚਾਰ ਵਿਹੁ ਦੇਣ ਲੱਗਿਆ। ਓਸੇ ਦੀ ਮਾਈ ਬੋਲੀ ਸੁਣ ਢੱਗਿਆ।
ਏਡਾ ਅਪਰਾਧ ਕਿਉਂ ਕਰਨ ਲੱਗਾ ਵੇ ? ਰੱਬ ਕੋਲੋਂ ਡਰ ਗੁਰੂ ਸ਼ੇਰ ਵੱਗਾ ਵੇ।
ਦੂਜੀ ਰਾਤ ਫਿਰ ਵੀ ਮਾਤ ਰਹੀ ਜਾਗਦੀ। ਦੁਖੀਏ ਦੀ ਅੱਖ ਭਲਾ ਕਦੋਂ ਲਾਗਦੀ ?
ਮਾਤਾ ਦੀ ਬਚਾ ਕੇ ਅੱਖ ਨੂੰ ਸਰੀਰ ਨੇ। ਚੁੱਕ ਲਿਆ ਧਨ ਜ਼ਾਤ ਦੇ ਹਕੀਰ ਨੇ।
ਦੋਹਰਾ
ਮਾਤਾ ਕਹਿੰਦੀ ਗੰਗੂਆ! ਕਰਦਾ ਕੋਹੇ ਫ਼ਰੇਬ। ਜੋ ਕੁਝ ਲੈਣਾ ਮੰਗ ਲੈ, ਚੋਰੀ ਬਣੇ ਨਾ ਜੇਬ ।
ਧੋਖਾ ਦੇ ਕੇ ਲੁੱਟਣਾ ਏ ਹੈ ਵੱਡਾ ਪਾਪ। ਪੰਜ ਬਣਾ ਕੇ ਚੋਰ ਦਾ ਚੋਰੀ ਕੀਤੀ ਆਪ।
ਜਵਾਬ ਗੰਗੂ
ਕੋਰੜਾ ਛੰਦ
ਗੰਗੂ ਆਖੇ, ਸੁਣ ਗੱਲ ਮਾਤਾ ਭੋਲੀਏ। ਸੰਭਲ ਕੇ ਗੱਲ ਕੋਈ ਮੂੰਹੋਂ ਬੋਲੀਏ।
ਆਜਜ਼ ਗ਼ਰੀਬਾਂ ‘ਤੇ ਜ਼ੁਲਮ ਕਰਦੀ। ਦੋਸ਼ ਲੌਣ ਲੱਗੀ ਮਾਤਾ ਨਹੀਂ ਡਰਦੀ।
ਚੁੱਕਿਆ ਚੁਰਾਇਆ ਨਹੀਂ ਮੂਲ ਤੇਰਾ ਜੇ। ਕਰੇਂ ਬਦਨਾਮ ਏਵੇਂ ਨਾਮ ਮੇਰਾ ਜੇ।
ਚੋਰ ਕੋਈ ਆਇਆ ਗੁਣ ਗਿਆ ਚੁੱਕ ਕੇ। ਮੇਰੇ ਨਾਉਂ ਲੈਂਦੀ ਮਾਤਾ ਚੋਰੀ ਚੁੱਕ ਕੇ।
ਲੱਗਿਆ ਭੁਲੇਖਾ ਮਾਈ ਮੇਰਾ ਹੋਵੇਗਾ। ਸੱਚ ਝੂਠ ਉੱਘਾ ਹੋਇਕੇ ਖਲੋਵੇਗਾ।
ਬਾਈ ਸਾਲ ਸੇਵਾ ਤੁਸਾਂ ਕਮਾਈ ਹੈ। ਇੱਜ਼ਤ ਬਥੇਰੀ ਮੇਰੀ ਤੈਂ ਵਧਾਈ ਹੈ।
ਚੋਰੀ ਦਾ ਤੁਫ਼ਾਨ ਮਾਤਾ ਚੁੱਕ ਲਾਯਾ ਹੈ। ਜਾਵੇ ਓਹ ਜਹਾਨੋਂ ਜੀਹਨੇ ਹੱਥ ਲਾਯਾ ਹੈ।
ਬ੍ਰਾਮਣਾਂ ਦੀ ਜ਼ਾਤ ਉੱਚੀ ਹੈ ਜਹਾਨ ‘ਤੇ। ਚੋਰੀ ਜਿਹਾ ਕੰਮ ਨਾ ਕਰਨ ਜਾਨਤੇ।
ਰਿਸ਼ੀ ਮੁਨੀ ਬ੍ਰਾਮਣਾਂ ਦੇ ਵਿਚ ਹੋਏ ਨੇ। ਰਾਜੇ ਮਹਾਰਾਜਿਆਂ ਨੇ ਪੈਰ ਧੋਏ ਨੇ।
ਇਹੋ ਜੀ ਨਖਿੱਧ ਗੱਲ ਉੱਤੇ ਮਾਤ ਜੀ । ਬੁੱਕ ਸਿੱਟ ਲੰਘੀਏ ਲਗਾਇ ਲਾਤ ਜੀ।
ਸੁਪਨੇ ਦੀ ਗੱਲ ‘ਤੇ ਯਕੀਨ ਕਰਕੇ। ਮੈਨੂੰ ਕੋਸ ਉੱਠੀ ਮਾਤਾ ਦੀਨ ਕਰਕੇ।
ਸੋਚ ਤੇ ਫ਼ਿਕਰ ਨੇ ਦਮਾਗ਼ ਫੇਰਿਆ। ਬ੍ਰਿਥਾ ਦੋਸ ਮੇਰੇ ਉੱਤੇ ਚੁੱਕ ਗੋਰਿਆ।
ਚੁੱਪ ਕਰ ਮਾਤਾ ਖ਼ਿਆਲ ਨੂੰ ਵਿਸਾਰ ਦੇ। ਕਰੋ ਨਾ ਫਿਕਰ ਰਾਤ ਨੂੰ ਗੁਜਾਰ ਦੇ।
ਹੋਵੇਗੀ ਸਵੇਰ ਬਾਤ ਨੂੰ ਵਿਚਾਰਾਂਗੇ। ਝੂਠ ਅਤੇ ਸੱਚ ਨੂੰ ਸੂਬਾ ਨਿਤਾਰਾਂਗੇ।
ਜਵਾਬ ਸ੍ਰੀ ਮਾਤਾ ਜੀ
ਤੇਰੇ ਘਰ ਪਰਾਹੁਣੇ ਅਸੀਂ ਆਏ, ਦਿਲ ਆਪਣੇ ਸੋਚ ਵਿਚਾਰ ਗੰਗੂ। ਅੱਗੇ ਭਾਰਿਆਂ ਦੁੱਖਾਂ ਦਿਆਂ ਮਾਰਿਆਂ ਨੂੰ, ਬੱਸ ਹੋਰ ਨਾ ਉੱਪਰੋਂ ਮਾਰ ਗੰਗੂ। ਮੇਰੀ ਉਮਰ ਵਲ ਵੇਖ ਕੇ ਤਰਸ ਖਾਵੀਂ, ਅਬਲਾ ਬ੍ਰਿਧ ਹਾਂ ਦੁਖੀ ਲਾਚਾਰ ਗੰਗੂ। ਨਿੱਕੇ ਬਾਲਾਂ ਦਾ ਜ਼ਰਾ ਖ਼ਿਆਲ ਕਰ ਲੈ, ਏ ਮਾਸੂਮ ਬੱਚੇ ਬਰਖੁਰਦਾਰ ਗੰਗੂ। ਬੁੱਢੀ ਬਾਲਾਂ ਦੇ ਨਾਲ ਧਰੋਹ ਕਰਕੇ, ਅਪਣੇ ਪੈਰ ਕੁਹਾੜਾ ਨਾ ਮਾਰ ਗੰਗੂ। ਕੋਈ ਚੀਜ਼ ਨਾ ਨਾਲ ਹੈ ਨਿਭਣ ਵਾਲੀ, ਛੱਡ ਜਾਣਾ ਏ ਸਗਲ ਸੰਸਾਰ ਗੰਗੂ। ਕੇਹੜੀ ਗੱਲ ਪਰ ਗਿਆ ਤੂੰ ਫਿੱਟ ਸੁਣ ਵੇ ! ਕੰਘੀ ਆਪਣੇ ਚਿੱਤ ਵਿਚ ਮਾਰ ਗੰਗੂ। ਮਾਲ ਚੁੱਕ ਪਰਾਇਆਂ ਦੇ ਪਾਪੀਆ ਵੇ! ਬੇੜਾ ਹੋਵਸੀ ਕਦੇ ਨਾ ਪਾਰ ਗੰਗੂ। ਡਾਢੇ ਦੁੱਖਾਂ ਦੇ ਵਿਚ ਮੈਂ ਫਸੀ ਹੋਈ, ਆ ਕੇ ਡਿੱਗੀ ਹਾਂ ਤੇਰੇ ਦੁਆਰ ਗੰਗੂ। ਘਰ ਆਇਆਂ ਦੀ ਰੱਖਣੀ ਲਾਜ ਚਾਹੀਏ, ਹੋਰ ਉਪਰੋਂ ਸਿੱਟ ਨਾ ਭਾਰ ਗੰਗੂ। ਮੇਰਾ ਸ਼ੇਰ ਪੁੱਤ੍ਰ ਕਲਗ਼ੀ ਬਾਜ਼ ਵਾਲਾ, ਖ਼ਬਰੇ ਗਿਆ ਹੈ ਕਿੱਥੇ ਪਧਾਰ ਗੰਗੂ ? ਵੱਡੇ ਲਾਡਲੇ ਪੋਤ੍ਰ ਹੈਨ ਕਿਥੇ ? ਦੋਵੇਂ ਸਿੰਘ ਅਜੀਤ, ਜੁਝਾਰ ਗੰਗੂ। ਘੇਰੇ ਦੁਸ਼ਮਣਾਂ ਵਿਚ ਮੈਂ ਛੱਡ ਆਈ, ਖ਼ਬਰੇ ਕੀ ਗੁਜ਼ਰੀ ਹੋਨਹਾਰ ਗੰਗੂ ? ਨੂੰਹਾਂ ਮੇਰੀਆਂ ਦਾ ਕੋਈ ਪਤਾ ਹੈ ਨਾ, ਕਿਥੇ ਗਿਆ ਹੈ ਮੇਰਾ ਪਰਿਵਾਰ ਗੰਗੂ ? ਕਿਧਰ ਗਈ ਹੈ ਫ਼ੌਜ ਅੱਜ ਖ਼ਾਲਸੇ ਦੀ, ਖ਼ਬਰੇ ਕਿਥੇ ਹਨ ਸਿੰਘ ਸਰਦਾਰ ਗੰਗੂ ? ਭਾਣਾ ਵਰਤਿਆ ਖ਼ਬਰ ਨਹੀਂ ਕੀ ਹੁਣ ਤਕ ? ਮੈਨੂੰ ਤੱਤੀ ਨੂੰ ਕੋਈ ਨਾ ਸਾਰ ਗੰਗੂ। ਮੇਰਾ ਮਾਲ ਮਤਾਅ ਸਭ ਰੁੜ੍ਹ ਗਿਆ ਏ! ਤੈਨੂੰ ਖ਼ਬਰ ਹੈ ਭਲੀ ਪ੍ਰਕਾਰ ਗੰਗੂ। ਜਾਣ ਬੁੱਝ ਕਿਉਂ ਜ਼ੁਲਮ ’ਤੇ ਤੁਲ ਗਿਆ ਏਂ ? ਤੇਰੇ ਲਈ ਏਹ ਭਲੀ ਨਾ ਕਾਰ ਗੰਗੂ। ਛੱਡ ਫੰਧ ਫ਼ਰੇਬ ਤੇ ਦਗ਼ਾਬਾਜ਼ੀ, ਸਾਵਧਾਨ ਹੋ ਜਾ ਖ਼ਬਰਦਾਰ ਗੰਗੂ। ਬਾਈ ਸਾਲ ਤੈਂ ਅਸਾਂ ਦਾ ਲੂਣ ਖਾਧਾ, ਨੌਕਰ ਹੁੰਦੇ ਨੇ ਸ਼ੁਕਰਗੁਜ਼ਾਰ ਗੰਗੂ। ਪਰ ਤੂੰ ਨਮਕ ਹਰਾਮੀਆਂ ਕਰਨ ਲੱਗਾ! ਧੋਖੇਬਾਜ਼ ਓ! ਨੀਚ ਬਦਕਾਰ ਗੰਗੂ। ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗੇ, ਕੌਣ ਓਸ ਨੂੰ ਰਖਣਹਾਰ ਗੰਗੂ। ਭਾਲੇ ਸੁੱਖ ਮਕਾਨ ਦੀ ਕਿਵੇਂ ਕੋਈ? ਸੰਨ੍ਹ ਮਾਰ ਲੇਵੇ ਪਹਿਰੇਦਾਰ ਗੰਗੂ। ਮੇਰੇ ਵੇਂਹਦਿਆਂ ਗੁਣ ਤੈਂ ਆਪ ਚੁੱਕੀ, ਵਾਧੂ ਕਰਨਾ ਐਂ ਫੇਰ ਤਕਰਾਰ ਗੰਗੂ। ਊਚੀ ਜਾਤ ਦਾ ਪਿਆ ਘੁਮੰਡ ਕਰਦਾ, ਹੁੰਦਾ ਮੂਲ ਨਾ ਤੂੰ ਸ਼ਰਮਸਾਰ ਗੰਗੂ। ਤੇਰਾ ਆਸਰਾ ਤੱਕਦੇ ਅਸੀਂ ਆਏ, ਚਾਰੇ ਪਾਸਿਓਂ ਹੋਇ ਲਾਚਾਰ ਗੰਗੂ। ਭਾਂਬੜ ਅੱਗ ਦੇ ਅੱਗੇ ਹੀ ਮੱਚਦੇ ਹਨ, ਉੱਤੋਂ ਪਾ ਨਾ ਤੇਲ ਦੀ ਧਾਰ ਗੰਗੂ। ਡਰ ਮੌਤ ਦਾ ਯਾਦ ਕਰ ਪਾਮਰਾ ਵੇ! ਸਿਰ ‘ਤੇ ਲਟਕਦੀ ਮੌਤ ਤਲਵਾਰ ਗੰਗੂ। ਮੈਨੂੰ ਵਿਚ ਭੁਲੇਖਿਆਂ ਪਾਉਨਾ ਏਂ, ਕਰਤਬ ਦੇਖਦਾ ਤੇਰੇ ਕਰਤਾਰ ਗੰਗੂ। ਥਲਾਂ ਵਿਚ ਉਹ ਜਲਾਂ ਦੇ ਸਿੰਧ ਭਰਦਾ ! ਕਰਦਾ ਪੁਰਖ ਤੋਂ ਪਲਾਂ ਵਿਚ ਨਾਰ ਗੰਗੂ। ਬਾਦਸ਼ਾਹਾਂ ਤੋਂ ਭੀਖ ਮੰਗਾ ਦੇਂਦਾ, ਧਨੀ ਸ਼ਾਹਾਂ ਨੂੰ ਕਰੇ ਨਾਦਾਰ ਗੰਗੂ। ਖ਼ਾਲੀ ਭਰੇ ਤੇ ਭਰੇ ਨੂੰ ਕਰੋ ਖ਼ਾਲੀ, ਉਸ ਦੇ ਰੰਗ ਹੈਂ ਅਪਰ ਅਪਾਰ ਗੰਗੂ ਪਾਜੀ ਕਾਜ਼ੀ ਨੂੰ ਕਾਜੀਓਂ ਕਰੇ ਪਾਜੀ, ਮਾਲਕ ਨੌਕਰਾਂ ਦੇ ਖ਼ਿਦਮਤਗਾਰ ਗੰਗੂ। ਸਮਾਂ ਯਾਦ ਕਰ ਵਾਂਗ ਭਿਖਾਰੀਆਂ ਦੇ, ਕਰੇ ਯਾਚਨਾ ਹੱਥ ਪਸਾਰ ਗੰਗੂ। ਲੱਖ ਲੱਖ ਅੱਜ ਹੁੱਜਤਾਂ ਪਿਆ ਕਰਦਾ, ਕਰਦਾ ਨਵੀਂ ਤੋਂ ਨਵੀਂ ਗੁਫ਼ਤਾਰ ਗੰਗੂ। ਤੋਤੇ ਚਸ਼ਮ ਤੂੰ ਹੋ ਗਿਆ ਫੇਰ ਅੱਖਾਂ, ਤੌਰ ਬਦਲ ਬੈਠਾ ਇੱਕੇ ਵਾਰ ਗੰਗੂ। ਟੁੱਕਰ ਢਿੱਡ ਵਿਚ ਪਏ ਹਨ ਅਜੇ ਸਾਵੇਂ, ਕਰ ਲੈ ਅਸਾਂ ਦੇ ਯਾਦ ਉਪਕਾਰ ਗੰਗੂ। ਬੁਰਾ ਬ੍ਰਾਮਣਾਂ ਦੇ ਹੱਥੋਂ ਹੋਇ ਕਹਿੰਦੇ, ਜ਼ਰਾ ਨਜ਼ਰ ਤਾਰੀਖ਼ ‘ਤੇ ਮਾਰ ਗੰਗੂ। ਮੁੜ ਕੇ ਫੇਰ ਇਤਿਹਾਸ ਦੁਹਰਾਣ ਲੱਗਾ, ਲੱਗਾ ਜੱਗ ਤੋਂ ਲੈਣ ਫਿਟਕਾਰ ਗੰਗੂ। ਕਰਦਾ ‘ਕੇਸਰੀ’ ਚੋਰ ਚਤੁਰਾਈਆਂ ਤੂੰ ਡਾਢਾ ਚੁਸਤ, ਚਾਲਾਕ, ਹੁਸ਼ਯਾਰ ਗੰਗੂ।
ਗੰਗੂ ਵਲੋਂ ਮਾਤਾ ਜੀ ਨੂੰ ਹੋਰ ਉੱਤਰ
ਘਰੋਂ ਕੱਢਿਆਂ ਵੱਢਿਆਂ ਰੁਲਦਿਆਂ ਨੂੰ, ਕਰ ਕੇ ਹੱਥ ਦਾ ਰਹਿਮ ਆਰਾਮ ਦਿੱਤਾ। ਬਾਦਸ਼ਾਹਾਂ ਦੇ ਚੋਰਾਂ ਨੂੰ ਘਰੀਂ ਲਿਆ ਕੇ, ਨਿਡਰ ਹੋਇ ਮੈਂ ਦੇਖੋ ਕਿਆਮ ਦਿੱਤਾ। ਕੋਈ ਇਵਜ਼ ਮੁਆਵਜ਼ਾ ਨਹੀਂ ਲੀਤਾ, ਜੋ ਕੁਝ ਮੰਗਿਆ ਤੁਰਤ ਬੇਦਾਮ ਦਿੱਤਾ। ਲੀੜੇ ਲੱਤੇ ਦੀ ਸੇਵਾ ਸੁਆਰ ਕੀਤੀ, ਸਾਰਿਆਂ ਜਿਸ ਤਰ੍ਹਾਂ ਖਾਣ ਨੂੰ ਤੁਆਮ ਦਿੱਤਾ। ਕੀਤੀ ਕੱਤਰੀ ਮੇਰੀ ਤੈਂ ਖ਼ਾਕ ਪਾਈ, ਮਾਇਆ ਚੁੱਕੀ ਦਾ ਲਾ ਇਲਜ਼ਾਮ ਦਿੱਤਾ। ਬੱਸ ‘ਕੇਸਰੀ’ ਰੱਖਾਂਗਾ ਯਾਦ ਹਰਦਮ, ਬੜਾ ਸੋਹਣਾ ਤੈਂ ਮਾਈ ਇਨਾਮ ਦਿੱਤਾ।
ਸ੍ਰੀ ਮਾਤਾ ਜੀ ਵੱਲੋਂ ਗੰਗੂ ਪ੍ਰਤੀ ਹੋਰ ਉੱਤਰ
ਛੱਡ ਗੰਗੂਆ ! ਵਿਹਲਿਆਂ ਧਤੜਿਆਂ ਨੂੰ, ਕਾਹਨੂੰ ਝੂਠੀਆਂ ਹੁੱਜਤਾਂ ਕਰਨ ਲੱਗਾ। ਕੂੜੀ ਮਾਇਆ ਦੇ ਲਾਲਚਾਂ ਵਿਚ ਫਸਕੇ, ਪਿਆਰਾ ਧਰਮ ਕਿਉਂ ਪਾਪੀਆ ਹਰਨ ਲੱਗਾ। ਇੱਕੋ ਧਰਮ ਨੇ ਅੰਤ ਨੂੰ ਨਾਲ ਨਿਭਣਾ, ਬੇੜਾ ਪਾਪੀਆਂ ਦਾ ਕਦੋਂ ਤਰਨ ਲੱਗਾ। ਸੀਂਹ ਸੱਪ ਵੀ ਓਸ ਨੂੰ ਛੱਡ ਦੇਂਦੇ, ਸੱਚੇ ਦਿਲੋਂ ਜੋ ਉਨ੍ਹਾਂ ਦੀ ਸ਼ਰਨ ਲੱਗਾ। ਡੂੰਘੀ ਧਾਰ ਵਿਚ ਅੰਤ ਨੂੰ ਡੁੱਬ ਜਾਉ, ਪੱਥਰ ਬੇੜੀ ਦੇ ਵਿਚ ਕਿਉਂ ਭਰਨ ਲੱਗਾ। ਉਸ ਨੂੰ ਵੈਦ ਹਕੀਮ ਕੀ ਕਰਨ ਆ ਕੇ ? ਜ਼ਹਿਰ ਖਾਇਕੇ ਆਪ ਜੋ ਮਰਨ ਲੱਗਾ। ਤੋੜ ਪੁੱਜ ਕੇ ਡਿੱਗੇਗਾ ਮਹਿਲ ਤੇਰਾ, ਜਿਸ ਦੀ ਨੀਂਹ ਅਵੱਲੜੀ ਧਰਨ ਲੱਗਾ। ਬੱਸ ‘ਕੇਸਰੀ’ ਮਾਤਾ ਜੀ ਹੋਹੁ ਚੁਪਕੀ, ਗੰਗੂ ਜਿਹਾ ਚੰਡਾਲ ਕਿਉਂ ਡਰਨ ਲੱਗਾ।
ਮਾਤਾ ਜੀ ਦੀ ਸੱਚੀ ਨਿਧੜਕ ਤਾੜਨਾ ਭਰੀ ਗੱਲ ਸੁਣ ਕੇ ਗੰਗੂ ਦਾ ਸਗੋਂ ਹੋਰ ਵਿਗੜ ਜਾਣਾ
ਸਾਦੇ ਸੱਚੜੇ ਤੇ ਸਰਲ ਵਾਕ ਸੁਣ ਕੇ, ਅੱਗ ਵਾਂਗ ਭਖਿਆ ਕਹਿਰਵਾਨ ਹੋਇਆ। ਉੱਚੀ ਬੋਲ ਕੇ ਸ਼ੋਰ ਮਚਾਣ ਲੱਗਾ, ਬਦੀ ਕਰਨ ਖ਼ਾਤਰ ਸਾਵਧਾਨ ਹੋਇਆ। ਰਾਜ ਦੁਹੀਆਂ ਸੱਦ ਪਨਾਹ ਦਿੱਤੀ! ਜਾਣ ਬੁੱਝ ਮੈਂ ਬੜਾ ਅਨਜਾਨ ਹੋਇਆ। ਦਰਜ ਹੋ ਗਿਆ ਬਾਗ਼ੀਆਂ ਵਿਚ ਮੈਂ ਭੀ, ਮੇਰਾ ਹੱਦ ਤੋਂ ਵੱਧ ਨੁਕਸਾਨ ਹੋਇਆ।
ਥਾਣੇ ਦਿਆਂਗਾ ਰਪਟ ਮੈਂ ਹੁਣੇ ਜਾ ਕੇ, ਥਾਣੇਦਾਰ ਅੱਗੇ ਮੁਸਲਮਾਨ ਹੋਇਆ। ਫੜੋ ਗੁਰੂ, ਜਾਂ ਗੁਰੂ ਦੇ ਬੇਟਿਆਂ ਨੂੰ, ਸ਼ਹਿਨਸ਼ਾਹ ਦੇ ਵੱਲੋਂ ਐਲਾਨ ਹੋਇਆ। ਪਤਾ ਚੋਰੀ ਦਾ ਜਾਊਗਾ ਲੱਗ ਮਾਤਾ, ਦੋਸ਼ ਥੱਪਣਾ ਬੜਾ ਆਸਾਨ ਹੋਇਆ। ਮਾਤਾ ਚੁੱਪ ਕਰਵਾਉਂਦੀ ਹਾਰ ਥੱਕੀ, ਗੰਗੂ ਹੋਰ ਸਗੋਂ ਭੂਏ ਆਨ ਹੋਇਆ। ਉਸ ਦੀ ਨੀਤ ਹੁਣ ਹੋਰ ਹੈ ਬਦਲ ਚੁੱਕੀ, ਨਵਾਂ ਹੋਰ ਦਾ ਹੋਰ ਸਾਮਾਨ ਹੋਇਆ। ਮਾਇਆ ਹਜ਼ਮ ਕਰ ਹੋਰ ਇਨਾਮ ਲੇਵਾਂ, ਨੀਯਤ ਫਿੱਟ ਚੁੱਕੀ ਬੇਈਮਾਨ ਹੋਇਆ। ਬੱਝੇ ਬਾਨ੍ਹਣੂ ਹੋਰ ਕੁਰਬਾਨੀਆਂ ਦੇ, ਵੈਰੀ ਪੰਥ ਦਾ ਉੱਤੇ ਅਸਮਾਨ ਹੋਇਆ। ਬੱਸ ‘ਕੇਸਰੀ’ ਕਲਪਣਾ ਛੱਡ ਦੇ ਤੂੰ, ਹੋਣਾ ਸੋਈ ਜੋ ਧੁਰੋਂ, ਪ੍ਰਵਾਨ ਹੋਇਆ।
ਮਾਤਾ ਜੀ ਵੱਲੋਂ ਭੈਭੀਤ ਹੋ ਕੇ ਗੰਗੂ ਨੂੰ ਅਤੀ ਦੀਨਤਾ ਨਾਲ ਸਮਝਾਉਣ ਦਾ ਯਤਨ
ਮਾਤਾ ਆਖਦੀ ਗੰਗੂਆ ਬੱਸ ਕਰ ਵੇ, ਉੱਚੀ ਬੋਲ ਕੇ ਸ਼ੋਰ ਹੁਣ ਪਾ ਨਾਹੀ। ਖੁਰਜੀ ਚੁੱਕ ਤੈਂ ਨੱਪ ਜ਼ਮੀਨ ਦਿੱਤੀ, ਕੋਈ ਲੈ ਗਿਆ ਚੋਰ ਚੁਰਾ ਨਾਹੀ। ਸਾਰੀ ਰਾਤ ਮੈਂ ਜਾਗਦੀ ਰਹੀ ਬੈਠੀ, ਬਾਹਰੋਂ ਆ ਗਈ ਕੋਈ ਬਲਾ ਨਾਹੀ। ਬਿਪਤਾ ਮਾਰਿਆਂ ਦੇ ਉੱਤੇ ਹੋਰ ਬਿਪਤਾ, ਹੈਂਸਯਾਰਿਆ ਗੰਗੂਆ ਪਾ ਨਾਹੀ। ਅਸੀਂ ਮੋੜ ਕੇ ਕਦੇ ਵੀ ਮੰਗੀਏ ਨਾ, ਮਾਇਆ ਸਾਂਭ ਲੈ ਜ਼ਰਾ ਘਬਰਾ ਨਾਹੀ। ਡਾਕੂ, ਚੋਰ ਯਾ ਬਾਗ਼ੀ ਨਾ ਅਸੀਂ ਕੋਈ, ਸੁਆਰਥ ਵਾਸਤੇ ਬਾਤ ਬਣਾ ਨਾਹੀ। ਜੇਹੜੀ ਮਾਇਆ ਪਰ ਐਡ ਮਦਾਰ ਕਰਦਾ, ਸਾਨੂੰ ਏਸ ਦਾ ਜ਼ਰਾ ਵੀ ਚਾ ਨਾਹੀ। ਤੇਰੇ ਫੰਧ ਫ਼ਰੇਬ ‘ਤੇ ਰੰਜ ਸੀਗਾ, ਸੌਹਾਂ ਝੂਠੀਆਂ ਸੱਚੀਆਂ ਖਾ ਨਾਹੀ। ਗੱਲ ਗਈ ਗੁਆਚੀ ਦਾ ਛੱਡ ਖਹਿੜਾ, ਦੁਖੇ ਹੋਇਆਂ ਨੂੰ ਹੋਰ ਦੁਖਾ ਨਾਹੀ। ਰਾਜ਼ੀ ਰਜ਼ਾ ਦੇ ਵਿਚ ਹਾਂ ਅਸੀਂ ਰਹਿੰਦੇ, ਸਾਨੂੰ ਏਸ ਤੋਂ ਵੱਧ ਸਤਾ ਨਾਹੀ। ਨਿੱਕੇ ਬਾਲ ਮਹਿੱਟਰਾਂ ਮੇਰਿਆਂ ਨੂੰ, ਨਾਲ ਜੋਸ਼ ਦੇ ਬੋਲ ਧਮਕਾ ਨਾਹੀ। ਮਾਤਾ ਪਿਤਾ ਨੂੰ ਜਦੋਂ ਇਹ ਫੇਰ ਮਿਲਸਨ ? ਖ਼ਬਰ ਏਸ ਦੀ ਕਿਸੇ ਨੂੰ ਕਾ ਨਾਹੀ। ਮਾਇਆ ਨਾਲ ਪ੍ਰਸੰਨਤਾ ਛੱਡਦੀ ਮੈਂ, ਏਸ ਗੱਲ ਨੂੰ ਹੋਰ ਵਧਾ ਨਾਹੀ। ਜੇਕਰ ਲੋੜ ਹੈ ਹੋਰ ਮੰਗਾ ਦਿਆਂਗੀ, ਗੁਰੂ ਘਰ ਦੇ ਵਿਚ ਪ੍ਰਵਾਹ ਨਾਹੀ। ਪਿੱਛੇ ਕੋਈ ਟਿਕਾਣਾ ਨਾ ਰਿਹਾ ਸਾਡਾ, ਅੱਗੇ ਪੁੱਜਣੇ ਦੀ ਕੋਈ ਜਾ ਨਾਹੀ। ਪਏ ਲਮਕਦੇ ਵਿਚ ਵਿਚਾਲੜੇ ਹਾਂ, ਸਾਨੂੰ ਲੱਭਦਾ ਕੋਈ ਵੀ ਰਾਹ ਨਾਹੀ। ਖ਼ਰਚ ਵਾਸਤੇ ਮਾਇਆ ਦੀ ਲੋੜ ਸੀਗੀ, ਕਿਥੇ ਰਹਾਂਗੇ ਕੋਈ ਪਨਾਹ ਨਾਹੀ ? ਚੁਗ਼ਲੀ ਕਰੂਗਾ ਦੂਸਰਾ ਹੋਰ ਕੋਈ, ਰੌਲਾ ਪਾ ਕੇ ਬੋਲ ਸੁਣਾ ਨਾਹੀ। ਜਿਸ ਰੁੱਖ ਦੀ ਮਾਣੀ ਹੈ ਛਾਂ ਠੰਡੀ, ਟੱਕ ਓਸ ਦੀਆਂ ਜੜ੍ਹਾਂ ’ਤੇ ਲਾ ਨਾਹੀ। ਬਾਹਮਣ ਜਾਨ ਕੇ ਦੱਛਣਾ ਦਾਨ ਦਿੱਤਾ, ਇਸ ਦੀ ਹੋਵੇਗੀ ਮੋੜ ਮੁੜਾ ਨਾਹੀ। ਬੱਸ ਬੱਸ ਹੁਣ ਗੰਗੂਆ ਤਰਸ ਕਰ ਵੇ! ਅਬਲਾ, ਬਾਲਾਂ ਨੂੰ ਹੋਰ ਡਰਾ ਨਾਹੀ। ਮੁਆਫ਼ ਕਰਾਂਗੀ ਕਪਟ ਨਾ ਮੂਲ ਰੱਖਾਂ, ਮੂੰਹੋਂ ਬੋਲ ਕੇ ਮੰਗ ਸ਼ਰਮਾ ਨਾਹੀ।
ਤੁੱਛ ਮਾਇਆ ਪਰ ਜੇ ਤੂੰ ਪਰਸੰਨ ਹੋਵੇਂ, ਧੰਨ ਭਾਗ ਇਹ ਬੜੀ ਮਤਾਅ ਨਾਹੀ। ਬੱਸ ‘ਕੇਸਰੀ’ ਕਰੋ ਹਜ਼ਾਰ ਤਰਲੇ, ਗੰਗੂ ਮੰਨਦਾ ਭੁੱਲ ਕਦਾ ਨਾਹੀ।
ਗੰਗੂ ਦਾ ਮਾਤਾ ਜੀ ਨੂੰ ਆਖ਼ਰੀ ਜਵਾਬ ਤੇ ਥਾਣਾ ਮੋਰੰਡਾ ਵਿਚ ਰਪਟ ਦੇ ਕੇ ਸਾਹਿਬਜ਼ਾਦੇ ਤੇ ਮਾਤਾ ਜੀ ਫੜਾਉਣੇ
ਬੱਸ ਬੱਸ ਕਰ ਮਾਤਾ ਜੀ ਬੱਸ ਕਰ ਜਾ, ਇੱਜ਼ਤ ਖੋ ਦਿੱਤੀ ਮੇਰੀ ਚੋਰ ਕਰਕੇ। ਤੇਰੇ ਚਿੱਤ ਵਿਚ ਵਸੀ ਹੈ ਹੋਰ ਹੋਰੋ, ਉੱਤੋਂ ਦੱਸਦੀ ਹੈਂ ਗੱਲਾਂ ਹੋਰ ਕਰਕੇ। ਅੱਗੇ ਦੂਸ਼ਨਾਂ ਦਾ ਭੰਬੜ ਬਾਲ ਦਿੱਤਾ! ਹੋਰ ਸਾੜਦੀ ਹੈਂ ਸਗੋਂ ਫੋਰ ਕਰਕੇ। ਤਾਹਨੇ ਮੇਹਣਿਆਂ ਨਾਲ ਮੈਂ ਚੂਰ ਕੀਤਾ, ਭੈੜੇ ਬੋਲਦੀ ਬੋਲ ਤੂੰ ਜ਼ੋਰ ਕਰਕੇ। ਜੇ ਮੈਂ ਜਾਣਦਾ ਲੱਗੂ ਇਲਜ਼ਾਮ ਭਾਰਾ, ਕਾਹਨੂੰ ਲਿਆਂਵਦਾ ਤੁਸਾਂ ਨੂੰ ਤੋਰ ਕਰਕੇ। ਨੋਕਰ ਸਮਝ ਕੇ ਦਾਸ ਨੂੰ ਤਾੜਦੇ ਹੋ, ਅਤੇ ਘੂਰਦੇ ਪਏ ਕਮਜ਼ੋਰ ਕਰਕੇ। ਗੰਗੂ ਤਿੜਕਿਆ ਕੜਕਿਆ ਹੋਰ ਸਗਵਾਂ, ਭੱਜ ਨਿਕਲਿਆ ਅੰਦਰੋਂ ਸ਼ੋਰ ਕਰਕੇ। ਬੱਸ ‘ਕੇਸਰੀ’ ਕਹਿਰ ਕਮਾਣ ਲੱਗਾ, ਬੱਦਲ ਬਰਸਦਾ ਸਦਾ ਹੈ ਘੋਰ ਕਰਕੇ।
ਦੁਸ਼ਟ ਗੰਗੂ ਨੇ ਪਿੰਡ ਦਾ ਪੈਂਚ ਨਾਲ ਲੈ ਕੇ ਥਾਣੇ ਮੋਰਿੰਡੇ ਵਿਚ ਮੁਖ਼ਬਰੀ ਲਈ ਜਾਣਾ
ਪੈਂਚ ਪਿੰਡ ਦਾ ਲੈ ਲਿਆ ਨਾਲ ਗੰਗੂ, ਚੱਲ ਥਾਨੇ ਮੋਰਿੰਡੇ ਵਿਚ ਜਾਂਵਦਾ ਈ। ਥਾਣੇਦਾਰ ਨੇ ਸੁਣੀ ਜਦ ਖ਼ਬਰ ਐਸੀ, ਤੁਰਤ ਘੋੜੇ ‘ਤੇ ਕਾਠੜਾ ਪਾਂਵਦਾ ਈ। ਸਾਹਿਬਜ਼ਾਦੇ ਅਰ ਮਾਤਾ ਦੇ ਲਿਆਉਣੇ ਨੂੰ, ਤੁਰਤ ਫੁਰਤ ਉਖੇੜੀ ਨੂੰ ਆਂਵਦਾ ਈ। ਨਿੱਕੇ ਬਾਲਕਾਂ ਤੇ ਮਾਤਾ ਬ੍ਰਿਧ ਜੀ ਨੂੰ, ਦੁਸ਼ਟ ਗੰਗੂ ਆ ਘਰੋਂ ਫੜਾਂਵਦਾ ਈ। ‘ਦੋਵੇਂ ਪੁੱਤ੍ਰ ਤੇ ਮਾਤਾ ਗੋਬਿੰਦ ਸਿੰਘ ਦੇ’ ਮੇਰੇ ਘਰ ਹਨ, ਰਪਟ ਲਿਖਾਂਵਦਾ ਈ। ਜਬਰਨ ਗੱਡੀ ਦੇ ਵਿਚ ਬਹਾਏ ਤਿੰਨੇ, ਲੈ ਕੇ ਤੁਰਤ ਮੋਰੰਡੇ ਨੂੰ ਆਂਵਦਾ ਈ। ਆਲੀਸ਼ਾਨ ਅੱਜ ਜਿਥੇ ਹੈ ਗੁਰੂ ਦੁਆਰਾ-, ਓਸ ਜਗ੍ਹਾ ‘ਤੇ ਆਣ ਬਹਾਂਵਦਾ ਈ। ਓਥੋਂ ਤੁਰਤ ਹੀ ਕੈਦੀਆਂ ਵਾਂਗ ਬੱਚੇ, ਬਾਂਦਾ ਬੰਨ੍ਹ ਸਰਹੰਦ ਪੁਚਾਂਵਦਾ ਈ। ਮੋਹਰੇ ਗੰਗੂ ਅਰ ਪੰਚ ਤੇ ਬਹਿਲ ਪਿੱਛੇ, ਜਾਨੀ ਮਾਨੀ ਖ਼ਾਂ ਨਾਲ ਸਿਧਾਂਵਦਾ ਈ। ਥਾਨੇਦਾਰ ਇਹ ਦੋਵੇਂ ਸਨ ਮੋਰੰਡੇ ਦੇ, ਲਾਹਨਤ ਜਿਨ੍ਹਾਂ ਉੱਤੇ ਜਗਤ ਪਾਂਵਦਾ ਈ। ਦਿੱਤੀ ਖ਼ਬਰ ਜਾਂ ਸੂਬੇ ਵਜ਼ੀਰ ਖ਼ਾਂ ਨੂੰ, ਜਾਮੇ ਵਿਚ ਨਾ ਫੁੱਲਾ ਸਮਾਂਵਦਾ ਈ। ਕਹਿੰਦਾ ਬੁਰਜ ਦੇ ਵਿਚ ਬਹਾਲ ਦੇਵੋ, ਪਹਿਰੇਦਾਰ ਤਈਨਾਤ ਕਰਾਂਵਦਾ ਈ। ਸੂਬੇ ਹਸਬ ਹੈਸੀਤ ਇਨਾਮ ਦਿੱਤੇ, ਅੱਗੇ ਹੋਰ ਹੁਣ ਬਣਤ ਬਣਾਂਵਦਾ ਈ। ਅਹਿਲਕਾਰ ਸਭ ਦੂਰ ਦਰਾਜ਼ ਤੀਕਰ, ਹੁਕਮ ਭੇਜ ਕੇ ਤੁਰਤ ਬੁਲਾਂਵਦਾ ਈ। ਨਾਮੀ ਨਾਮੀ ਸਭ ਮੁਗ਼ਲ ਪਠਾਣ ਆਏ, ਹੋਕਾ ਪਰਗਣੇ ਵਿਚ ਫਿਰਾਂਵਦਾ ਈ। ਕੱਠ ਹੋ ਗਿਆ ਵਿਚ ਸਰਹੰਦ ਭਾਰੀ, ਬੈਠ ਪਰਸਪਰ ਮਤੇ ਮਤਾਂਵਦਾ ਈ। ਸਾਹਿਬਜ਼ਾਦੇ ਅਰ ਮਾਤਾ ਜੀ ਬੰਦ ਬੈਠੇ, ਕਾਦਰ ਕੁਦਰਤਾਂ ਹੋਰ ਰਚਾਂਵਦਾ ਈ। ਰਾਤ ਭੁੱਖਿਆਂ ਭੰਣਿਆਂ ਗੁਜ਼ਰ ਚੁੱਕੀ, ਸੂਰਜ ਦੇਵਤਾ ਮੁੱਖ ਦਿਖਾਂਵਦਾ ਈ। ਕੀ ਕੀ ਹੋਣਗੇ ਜ਼ੁਲਮ ਅਸਮਾਨ ਹੇਠਾਂ, ਨਹੀਂ ਵਿਚ ਕਿਆਸ ਦੇ ਆਂਵਦਾ ਈ। ਬੱਚੇ ਸ਼ੇਰ ਦੇ ‘ਕੇਸਰੀ’ ਪਿੰਜਰੇ ਪਾ, ਡਾਢੇ ਜ਼ੁਲਮ ਸੱਯਾਦ ਕਰਾਂਵਦਾ ਈ।
ਆਮ ਪਬਲਿਕ ਵੱਲੋਂ ਦੁਸ਼ਟ ਗੰਗੂ ਪਰ ਫਿਟਕਾਰਾਂ
ਖ਼ਬਰ ਹੋਈ ਜਦ ਗੰਗੂ ਦੇ ਕਾਰਿਆਂ ਦੀ, ਲੋਕਾਂ ਲਾਹਨਤਾਂ ਪਾ ਫਿਟਕਾਰਦੇ ਨੇ। ਕਹਿੰਦੇ ਪਾਪੀਆ ਪਾਮਰਾ ! ਬੁਰਾ ਕੀਤਾ, ਥੁੱਕਾਂ ਸਿੱਟਦੇ ਪਏ ਧਿਰਕਾਰਦੇ ਨੇ। ਕੋਈ ਨੀਚ ਨੂੰ ਮੂੰਹ ਨਾ ਲਾਉਂਦਾ ਹੈ, ਦੂਰੋਂ ਕੁੱਤਿਆਂ ਵਾਂਗ ਦੁਤਕਾਰਦੇ ਨੇ। ਫਿਰੇ ਭ੍ਰਸ਼ਟਿਆ ਕੋਹੜਿਆਂ ਵਾਂਗ ਭੌਂਦਾ, ਪੌਲੇ ਪਾਜੀ ਦੇ ਸੀਸ ਮਾਰਦੇ ਨੇ। ਥੋੜੇ ਦਿਨਾਂ ਵਿਚ ਬਹੁਤ ਦੁਰਦਸ਼ਾ ਹੋਈ, ਖੋਟੇ ਦਿਵਸ ਆ ਗਏ ਬਦਕਾਰ ਦੇ ਨੇ। ਹੋਵੇ ਕੰਮ ਅਵਲੜਾ ਓਸ ਵੇਲੇ, ਜਦੋਂ ਭਾਗ ਇਨਸਾਨ ਦੇ ਹਾਰਦੇ ਨੇ। ਬਿਨਾਸ਼ ਕਾਲ ਵਿਚ ਬੁਧਿ ਬਿਪ੍ਰੀਤ ਹੁੰਦੀ, ਸ਼ਸਤ੍ ਵੇਦ ਇਹ ਭੇਦ ਉਚਾਰਦੇ ਨੇ। ਖੰਭ ਕੀੜੇ ਨੂੰ ਉੱਗਦੇ ਓਸ ਵੇਲੇ, ਜਦੋਂ ਔਣ ਦਿਨ ਮੌਤ ਬਹਾਰ ਦੇ ਨੇ। ਪੱਥਰ ਪਾਉਂਦਾ ਵਿਚ ਜਹਾਜ਼ ਦੇ ਓਹ, ਡੋਬਣ ਲਈ ਜਿਸ ਹੁਕਮ ਕਰਤਾਰ ਦੇ ਨੇ। ਉੱਗਰ ਪਾਪੀ ਏਹ ਬੜਾ ਵਿਸਾਹਘਾਤੀ, ਮੰਦੇ ਭਾਗ ਇਸ ਧੋਹੀ ਗ਼ਦਾਰ ਦੇ ਨੇ। ਇਸ ਦੇ ਹੱਥੋਂ ਸਰਹਿੰਦ ਦੇ ਸਾਕਿਆਂ ਦਾ, ਮੁੱਢ ਬੱਝਾ ਇਤਿਹਾਸ ਪੁਕਾਰਦੇ ਨੇ। ਮਾਤਾ, ਬੱਚੇ ਬੱਸ ਏਸੇ ਮਰਵਾਏ ਸਾਡੇ, ਸਾਕੇ ‘ਕੇਸਰੀ’ ਕਹਿਰ ਕਹਾਰ ਦੇ ਨੇ।
[ਬੁਰਜ ਵਿਚ ਮਾਤਾ ਅਤੇ ਸਾਹਿਬਜ਼ਾਦੇ ਬੰਦ ਕੀਤੇ ਗਏ।]
ਨਿੱਕੀਆਂ ਜਿੰਦਾਂ ਦੀ ਅਡੋਲ ਦਸ਼ਾ ਦਾ ਵਰਣਨ
ਦੋਹਰਾ
ਬ੍ਰਿਧ ਮਾਤ ਦੋ ਪੋਤਰੇ ਕਰੇ ਬੁਰਜ ਵਿਚ ਬੰਦ। ਭਾਣਾ ਮੰਨ ਅਕਾਲ ਦਾ ਬੈਠੇ ਅਤਿ ਅਨੰਦ।
ਪਦ ਫਿਰਨਾ ਛੰਦ
ਮਾਤਾ ਤੇ ਭੁਜੰਗੀ ਗੁਰ ਬਾਣੀ ਪੱਠ ਦੇ। ਡਰੇ ਨਹੀਂ ਮੂਲ ਨਾਲ ਨਾਮ ਹੱਠ ਦੇ। ਗੁਰੂ ਦੇ ਚਰਨ ਕੌਲ ਦਾ ਭਰੋਸਾ ਹੈ। ਖਾਣੇ ਤਾਈਂ ਬਾਣੀ ਅਤੇ ਨਾਮ ਤੋਸ਼ਾ ਹੈ।
ਬਂਨ੍ਹ ਕੇ ਬਹਾਏ ਜਿਕੂ ਹੁੰਦਾ ਚੋਰ ਹੈ। ਗੁਰੂ ਤੇ ਅਕਾਲ ਬਿਨਾ ਕੌਣ ਹੋਰ ਹੈ ? ਮਾਤਾ ਰਹੀ ਬੈਠੀ ਪੋਤਰੇ ਸੰਬੋਧਦੀ। ਹੱਦ ਟੱਪ ਗਈ ਬਾਲਕਾ ਦੇ ਬੋਧ ਦੀ। ਮਾਤਾ ਨੂੰ ਜਵਾਬ ਦੇਂਦੇ ਅੱਗੋਂ ਬਾਲਕੇ। ਅਸੀਂ ਮਾਤਾ ਪੁੱਤ ਹਾਂ ਗੁਰੂ ਅਕਾਲ ਕੇ। ਜੇਹੜੀ ਵੱਲ ਚਾਹੇ ਸਾਨੂੰ ਦੇਂਦਾ ਤੋਰ ਹੈ। ਗੁਰੂ ਤੇ ਅਕਾਲ ਬਾਝੋਂ ਕੌਣ ਹੋਰ ਹੈ ? ।੨।
ਤੁਸੀਂ ਭੀ ਨਾ ਡੋਲੋ ਨਾ ਅਸੀਂ ਹਾਂ ਡੋਲਦੇ। ਨਿੱਕੇ ਨਿੱਕੇ ਬਾਲ ਕੇਡੇ ਵਾਕ ਬੋਲਦੇ। ਭਾਣਾ ਮੰਨ ਮਾਤਾ ਜੀ ਸ਼ੁਕਰ ਕਰਦੀ। ਹੋ ਗਿਆ ਯਕੀਨ ਨਾ ਰੱਤੀ ਹੈ ਡਰਦੀ।
ਹੋਣੀ ਅੱਗੇ ਕਿਸੇ ਦਾ ਕਹੋ ਕੀ ਜ਼ੋਰ ਹੈ ? ਗੁਰੂ ਤੇ ਅਕਾਲ ਬਾਝੋਂ ਕੌਣ ਹੋਰ ਹੈ ? ।੩।
ਦੋਹਰਾ
ਖ਼ਾਨ ਵਜ਼ੀਰ ਨਵਾਬ ਨੇ ਬੈਠ ਕਚਹਿਰੀ ਲਾਇ। ਸਾਹਿਬਜ਼ਾਦੇ ਬੁਰਜ ਤੋਂ ਦੋਵਾਂ ਲਏ ਬੁਲਾਇ।
ਪਦ ਫਿਰਨਾ ਛੰਦ
ਸੁਣੋ ਓਸ ਦਿਨ ਦਾ ਰਤੀ ਹੁਆਲ ਜੀ। ਪੜ੍ਹੋ ਅਤੇ ਸੋਚੋ ਤੁਸੀਂ, ਲਾ ਮਿਸਾਲ ਜੀ । ਓਸ ਦਿਨ ਆਏ ਜੋ ਮੁਸਲਮਾਨ ਸੇ। ਲੱਖਾਂ ਦੇ ਕੀਬ ਕੱਠੇ ਹੋਏ ਆਨ ਸੇ।
ਹੋਏ ਖੂੰਖ਼ਾਰ ਪਾਪੀ ਦਿਨ ਅੱਜ ਦੇ। ਏਨ੍ਹਾਂ ਵਿਚ ਸ਼ੇਰ ਸਾਡੇ ਕਿਕੂ ਗੱਜਦੇ ।੧।
ਜਿਤਨੇ ਹੀ ਸੂਬੇ ਸੀਗੇ ਸ਼ਾਹੀ ਰਾਜ ਦੇ। ਚੋਣਵੇਂ ਇਕੱਠੇ ਕੀਤੇ ਦਿਨ ਆਜ ਦੇ। ਡਾਢਾ ਭਾਰੀ ‘ਕੱਠ ਸਰਹਿੰਦ ਹੋ ਗਿਆ। ਪਾਪੀ ਗੰਗੂ ਦੇਖੋ ਕਹੇ ਬੀਜ ਬੋ ਗਿਆ।
ਦੇਖੋ ਅੱਗੇ ਕਾਰੇ ਕੀ ਸੂਬਾ ਨਿਲੱਜ ਦੇ। ਟੈਨ੍ਹਾਂ ਵਿਚ ਸ਼ੇਰ ਸਾਡੇ ਕਿਕੂ ਗੱਜਦੇ ।੨। ਹਾਏ। ਹਾਏ। ਲੋਕੇ ਜ਼ਰਾ ਵੇਖੋ ਸੋਚ ਕੇ। ਟੁੱਟੇ ਦਿਲ ਡਿੱਗਦੇ ਨੂੰ ਰੱਖੋ ਬੋਚ ਕੇ। ਏਡੇ ਵੱਡੇ ਭਾਰੀ ਜਮਘੱਟੇ ਵਿਚ ਜੀ। ਸਾਡੇ ਨੋਨਿਹਾਲ ਕੀਤੇ ਜਾਣੇ ਜਿਚ ਜੀ।
ਦਿਲਾਂ ਦੀ ਹਵਾੜ ਪਾਪੀ ਕੱਢ ਰੱਜਦੇ। ਏਨ੍ਹਾਂ ਵਿਚ ਕਿਕੂੰ ਸਾਡੇ ਸ਼ੇਰ ਗੱਜਦੇ।੩।
ਵੱਡੇ ਜਰਵਾਣੇ ਅੱਗੇ ਨਿੱਕਾ ਬਾਲ ਜੇ। ਬੋਲ ਸਕੇ ਓਸ ਦੀ ਹੈ ਕੀ ਮਜਾਲ ਜੇ ? ਬੱਲੇ! ਸਾਡੇ ਨੋਨਿਹਾਲ ਲਾਲ ਗੁਰ ਦੇ! ਲੱਖਾਂ ਵੈਰੀਆਂ ਦੇ ਵਿਚ ਗਏ ਤੁਰਦੇ।
ਗੋਲਾ ਤੋਪ ਜਿਕੂੰ, ਛਾਤੀ ਵਿਚ ਵੱਜਦੇ। ਏਡੇ ‘ਕੱਠ ਵਿਚ ਸ਼ੇਰ ਵਾਂਗੂੰ ਗੱਜਦੇ ।੪।
ਜਿੱਥੇ ਬਲੀ ਖ਼ਾਨ ਸੀ ਪਠਾਨ ਬੁੱਕਦੇ। ਨਾਲ ਅਹੰਕਾਰ ਨਾ ਸੀ ਰੱਤੀ ਝੁੱਕਦੇ। ਓਨ੍ਹਾਂ ਵਿਚ ਜਾਇਕੇ ਫਤੇ ਬੁਲਾਉਂਦੇ। ਨਾਲੇ ਸਤਿ ਸਰੀ ਅਕਾਲ ਭੀ ਗਜਾਉਂਦੇ।
ਦੇਖੋ ਅੱਗੇ ਬਾਨ੍ਹਣੂੰ ਕਿਹੋ ਜੇ ਬੱਝਦੇ। ਏਡੇ ‘ਕੱਠ ਵਿਚ ਸ਼ੇਰੇ ਕਿਕੂੰ ਗੱਜਦੇ ॥੫॥
ਦੋਹਰਾ
ਗ੍ਰੰਥ ਗੁਰ ਪ੍ਤਾਪ ਸੂਰਜ ਵਿਖੇ ਲਿਖਿਆ ਇਸ ਪ੍ਰਕਾਰ। ਸਾਹਿਬਜ਼ਾਦੇ ਇਸ ਤਰ੍ਹਾਂ ਆਏ ਸਭਾ ਪਧਾਰ। ਫਤੇ ਸਿੰਘ ਕੋ ਲੈਕਰ ਸਾਥ। ਚਲੇ ਗੁਰੂ ਸੁਤਿ ਜਿਮ ਨਿਸ ਨਾਥ। ਸੁੰਦਰ ਬਦਨ ਮ੍ਰਿਦਲ ਜਿਨ ਅੰਗ। ਚਪਲ ਬਿਲੋਚਨ ਚਾਰੂ ਰੰਗ। ਸੰਮਤ ਬੈਸ ਅਲਪ ਹੈ ਜਿਨ ਕੀ। ਸੁੰਦਰ ਆਭਾ ਦੋਨਹੁ ਤਨ ਕੀ। ਝਗਲੀ ਝੀਨ ਝਮਕ ਲਗ ਜਰੀ। ਅੰਗ ਬਿਭੂਖਨ ਬਿਨ ਦੁਤ ਖਰੀ। ਗਮਨੇ ਦੋਨਹੁ ਬੀਰ ਅਗਾਰੀ। ਰੰਘਰ ਚਲਯੋ ਤਿਨਹੁ ਪਿਛਾਰੀ।
ਕਬਿੱਤ
ਜੇੜ੍ਹੀ ਆਣ ਕਾਣ ਨਾਲ ਸ਼ੇਰ ਦੇ ਇਹ ਸ਼ੇਰ ਬੱਚੇ, ਆਏ ਸੇ ਕਚਹਿਰੀ ਚੱਲ ਐਸੀ ਤਾਬ ਸੀ।
ਦੇਖ ਕੇ ਨਿਸ਼ੰਗ ਢੰਗ ਅੰਗ ਅੰਗ ਜੋਸ਼ ਵਾਲਾ, ਹੱਕੀ ਬੱਕੀ ਸਭਾ ਵਿਚੇ ਹੋ ਗਿਆ ਨਵਾਬ ਸੀ।
ਸ੍ਵਾਲ ਤੇ ਜਵਾਬ ਕਿਕੂੰ ਹੋਏ ਮਜ਼ੇਦਾਰ ਦੇਖੋ, ਦਿੱਤੇ ਓਹ ਜਵਾਬ, ਸੂਬਾ ਹੋਇਆ ਲਾਜਵਾਬ ਸੀ।
ਜੋਗੀ ਅੱਲਾ ਯਾਰ ਅੰਞ ਬੰਨ੍ਹਦੇ ਨੇ ਸਮਾਂ ਯਾਰੋ, ਪੜ੍ਹੋ ਖਾਂ ਕਚਹਿਰੀ ਕਿਕੂੰ ਛਾਯਾ ਰੋਬ ਦਾਬ ਸੀ :
“ਥੀ ਪਿਆਰੀ ਸੁਰਤੋਂ ਸੇ ਸਜ਼ਾਅਤ ਬਰਸ ਰਹੀ। ਨੰਨ੍ਹੀ ਸੀ ਮੂਰਤੋਂ ਸੇ ਜਰਾਇਤ ਬਰਸ ਰਹੀ। ਰੁਖ਼ ਪਰ ਨਵਾਬ ਕੇ ਥੀ ਸ਼ਕਾਵਤ’ ਬਰਸ ਰਹੀ। ਰਾਜੋ ਕੇ ਮੂੰਹ ਪੈ ਸਾਫ਼ ਲਾਹਨਤ ਬਰਸ ਰਹੀ।
ਬੱਚੋਂ ਕਾ ਰੁਹਬ ਛਾ ਗਿਆ ਹਰ ਇਕ ਮਸ਼ੀਰ ਪਰ। ਲਰਜ਼ਹ ਸਾ ਪੜ ਗਿਆ ਬਾ-ਅਮੀਰ ਵਵਜ਼ੀਰ ਪਰ।”
ਦੋਹਰਾ
ਫਤਿਹ ਬੁਲਾਈ ਗੱਜ ਕੇ ਜਦੋਂ ਕਚਹਿਰੀ ਵਿਚ। ਮਨੋ ਕੜਕੀ ਬਿੱਜਲੀ ਲਏ ਪ੍ਰਾਨ ਹਨ ਖਿੱਚ।
ਪਦ ਫਿਰਨਾ ਛੰਦ
ਸੁਣੀ ਜਦੋਂ ਫਤਿਹ ਸਾਰੇ ਅੱਗ ਲੱਗ ਗਈ। ਸਾਰੀ ਸਭਾ ਵਿਚ ਮਾਨੋ ਤੇਗ਼ ਵੱਗ ਗਈ। ਲਾਲੋ ਲਾਲ ਹੋ ਗਏ ਸਾਰੇ ਤੁਰਕ ਜੋ । ਮਚਗੇ ਜਿਸਮ ਹੋ ਪਈ ਖੁਰਕ ਜੋ। ਚਿਰ ਗਈ ਕਾਲਜੇ ਨੂੰ ਤਿੱਖੀ ਆਰੀ ਹੈ। ‘ਵਾਹਿਗੁਰੂ ਫਤੇ’ ਗਈ ਨਾ ਸਹਾਰੀ ਹੈ।੧। ਵੇਖ ਸੁਣ ਦੰਗ ਹੋਏ ਫਤੇ ਗੱਜਦੀ। ਤਿੱਖੀ ਤੇਗ਼ ਮਾਨੋ ਸੀਨਿਆਂ ‘ਚ ਵੱਜਦੀ। ਆਖਦੇ ਹਰਾਨ ਹੋ ਕੇ ਨਿੱਕੇ ਬਾਲ ਜੋ। ਜੋਸ਼ ਨਾਲ ਬੋਲਦੇ ਸ੍ਰੀ ਅਕਾਲ ਜੋ। ਸ਼ੇਰ ਦੇ ਸਪੁੱਤਾਂ ‘ਚ ਜੋਸ਼ ਭਾਰੀ ਹੈ। ‘ਵਾਹਿਗੁਰੂ ਫਤੇ’ ਗਈ ਨਾ ਸਹਾਰੀ ਹੈ।੨। ਬਾਪ ਵਾਂਗ ਇਹ ਵੀ ਹੋਣ ਕਾਰੇ ਹੱਥੇ ਜੋ। ਸੰਗਦੇ ਨਾ ਰੱਤੀ ਵਿਚ ਭਾਰੀ ਸੱਥੇ ਜੋ। ਸੂਬਾ ਗੁੱਸੇ ਨਾਲ ਲਾਲ ਹੋ ਵਿਸੂਰ ਦਾ। ਮੱਥੇ ਵੱਟ ਚਾੜ੍ਹ, ਬੁੱਲ੍ਹ ਟੁੱਕ ਘੂਰਦਾ। ਛੱਡ ਕੇ ਸਲਾਮ ਫਤੇ ਕਿਉਂ ਉਚਾਰੀ ਹੈ ? ‘ਵਾਹਿਗੁਰੂ ਫਤੇ’ ਗਈ ਨਾ ਸਹਾਰੀ ਹੈ।੩। ਫਤੇ ਕਿਉਂ ਬੁਲਾਈ ਏਥੇ ਆਇਕੇ ? ਖ਼ਾਂ ਸਲਾਮ ਸੀਸ ਨੂੰ ਝੁਕਾਇਕੇ। ਸੁੱਚਾ ਨੰਦ ਬੋਲਦਾ ਇਹੋ ਅਸੂਲ ਹੈ। ਜੰਮਦੀ ਹੀ ਤਿੱਖੀ ਹੋਵੇ ਨਿੱਕੀ ਸੂਲ ਹੈ। ਬਾਪ ਦਾਦੇ ਏਨ੍ਹਾਂ ਢਿੱਲ ਕੀ ਗੁਜ਼ਾਰੀ ਹੈ ? ‘ਵਾਹਿਗੁਰੂ ਫਤੇ’ ਗਈ ਨਾ ਸਹਾਰੀ ਹੈ।੪॥ ਦਸਵੇਂ ਗੁਰੂ ਦੇ ਬੱਚੇ ਏਨੇ ਤਿੱਖੜੇ। ਈਹੋ ਜੇ ਕਠਨ ਸੂਬਾ ਸਾਰੇ ਸਿੱਖੜੇ। ਬਾਪ ਨਾਲੋਂ ਚਾਰ ਚੰਦ ਵੱਧ ਹੋਣਗੇ। ਸੁੱਖ ਦੀ ਨੀਂਦ ਨਾ ਕਦੇ ਵੀ ਸੌਣਗੇ। ਨਿੱਕੇ ਨਿੱਕੇ ਲੱਕਾਂ ਨਾਲ ਵੀ ਕਟਾਰੀ ਹੈ। ‘ਵਾਹਿਗੁਰੂ ਫਤੇ’ ਗਈ ਨਾ ਸਹਾਰੀ ਹੈ।੫॥
ਫੇਰ ਕਹਿੰਦਾ ਸੁਣੋ ਓ! ਗੁਰੂ ਦੇ ਬੇਟਿਓ! ਹੋਸ਼ ਕਰੋ ! ਹੋਸ਼ ਕਰੋ ! ਕਾਲ ਫੇਟਿਓ ! ਫਤੇ ਛੱਡ ਬੋਲੋ ਓਇ ਸਲਾਮ ਨਿੱਕਿਓ ! ਨਹੀਂ ਮਾਰੇ ਜਾਵੋ ਘੜੀ ਪਲ ਇਕ ਓ!
ਦੱਸੋ ਭਲਾ ‘ਫਤੇ’ ਕਾਸ ਤੋਂ ਪਿਆਰੀ ਹੈ ? ਕੌਣ ਸੀ ਭਲਾਈ ਏਸ ਮੇਂ ਤੁਮ੍ਹਾਰੀ ਹੈ।੬॥
ਦੀਵਾਨ ਸੁੱਚਾ ਨੰਦ ਨੂੰ ਸੰਬੋਧਨ ਕਰ ਕੇ ਦੋਵੇਂ ਸਾਹਿਬਜ਼ਾਦੇ ਝਾੜ ਪਾਉਂਦੇ ਹਨ
ਦੋਹਰਾ
ਤੇਰੇ ਵਾਂਗੂੰ ਧਰਮ ਨੂੰ ਵੇਚਿਆ ਨਹੀਂ ਬਜ਼ਾਰ। ਫਤੇ ਪਰਸ ਪਰ ਬੋਲਣੀ, ਧਰਮ ਖ਼ਾਲਸਾ ਸਾਰ।
ਪਦ ਫਿਰਨਾ ਛੰਦ
ਤੇਰਾ ਨਾਉਂ ਸੁੱਚਾ ਨੰਦ ਏਵੇਂ ਰੱਖਿਆ। ਝੂਠਾ ਨੰਦ ਚਾਹੀਦਾ ਸੀ ਅਸਾਂ ਲੱਖਿਆ। ਨਾਮ ਭਾਵੇਂ ਹਿੰਦੂ, ਵਿਚੋਂ ਦੀਨ ਦਾਰ ਹੈਂ। ਝੋਲੀ ਚੁੱਕ, ਟੋਡੀ, ਝੂਠਾ ਤੇ ਮੱਕਾਰ ਹੈਂ। ਝੂਠੀ ਹਾਮੀ ਭਰੀ, ਜਾਊ ਵੰਸ ਮਾਰਿਆ। ਪੇਟ ਪਿੱਛੇ ਪਾਪੀਆ ! ਧਰਮ ਹਾਰਿਆ ॥੧
ਜਿਨ੍ਹਾਂ ਬੇਈਮਾਨਾਂ ਨੇ ਧਰਮ ਹਿੰਦ ਕਾ। ਕੀਤਾ ਬਰਬਾਦ ਬਾਕੀ ਝੱਟ ਬਿੰਦ ਕਾ। ਓਨ੍ਹਾਂ ਦਾ ਵਜ਼ੀਰ ਹੋ ਕੇ ਤੂੰ ਓ ਝੂਟਿਆ। ਸਾਨੂੰ ਭੀ ਡੋਬਦਾ ਹੈਂ ਲੋਭ ਲੁਟਿਆ। ਸ਼ੇਰ ਵਾਂਗੂੰ ਗੱਜ ਕੇ ਦੁਹਾਂ ਪੁਕਾਰਿਆ। ਪੇਟ ਪਿੱਛੇ ਪਾਪੀਆ! ਧਰਮ ਹਾਰਿਆ।੨।
ਤੇਰੇ ਆਖੇ ਲੱਗਣਾ ਕੀ ਬੇਈਮਾਨ ਦੇ। ਜਾਣੇ ਨਾ ਅਰਥ ਜੇੜ੍ਹਾ ਲਾਭ ਹਾਨ ਦੇ। ਸਾਡਾ ਹੈ ਧਰਮ ‘ਫਤੇ’ ਨਿੱਤ ਬੋਲਣਾ। ਤੇਰੇ ਆਖੇ ਦੱਸ ਭਲਾ ਕਿਕੂੰ ਡੋਲਣਾ।
ਸੱਚ ਉੱਤੇ ਸੱਭੋ ਕੁਝ ਅਸਾਂ ਵਾਰਿਆ। ਪੇਟ ਪਿੱਛੇ ਪਾਪੀਆ! ਧਰਮ ਹਾਰਿਆ ।੩।
ਨੱਕ ਜਿੰਦ ਤੋੜੀ ‘ਫਤੇ’ ਹੀ ਬੁਲਾਵਾਂਗੇ। ਫਤੇ, ਫਤੇ ਬੋਲ, ਬੋਲਦੇ ਹੀ ਜਾਵਾਂਗੇ। ਤੇਰਾ ਕੰਮ ਰੱਤੀ ਨਹੀਂ ਸਾਨੂੰ ਘੂਰਨਾ। ਆਪਣੇ ਧਰਮ ਦਾ ਜੀਹਨੂੰ ਸ਼ਾਊਰ ਨਾ।
ਝੂਠੇ ਸੱਚੇ ਨੰਦ ਨੂੰ ਬੜਾ ਧਿਕਾਰਿਆ। ‘ਕੇਸਰੀ’ ਖ਼ਾਮੋਸ਼ ਹੋ, ਝਿੜਕ ਡਾਰਿਆ ।੪।
ਦੋਹਰਾ
ਜੇਹੜੀ ਪਿਆਰੀ ਫਤੇ ਪੁਰ ਹੋਇਆ ਹੈ ਤਕਰਾਰ। ਇਸ ਨੂੰ ਭਾੜੇ ਭੰਗ ਦੇ ਦਿੱਤਾ ਪੰਥ ਵਿਸਾਰ। ਮਿਲੇ ਪਰਸ ਪਰ ਖ਼ਾਲਸਾ ਫਤੇ ਬੁਲਾਵੇ ਗੱਜ। ਸਤ ਸ੍ਰੀ ਅਕਾਲ ਹੈ ਇਸ ਦੇ ਥਾਂ ਪਰ ਅੱਜ।
ਕਬਿੱਤ
ਪ੍ਰਾਚੀਨ ਰੀਤ ਸਾਡੀ ਖ਼ਾਲਸਾ ਦੀ ਖ਼ਾਲਸਾ ਜੀ! ਸਿੰਘ ਨੂੰ ਜੇ ਮਿਲੇ ਸਿੰਘ, ਫਤੇ ਹੀ ਬੁਲਾਂਦੇ ਸਨ। ਪੜ੍ਹੋ ਇਤਿਹਾਸ, ਖ਼ਾਸ ਦੱਸਦੇ ਪ੍ਰਕਾਸ਼ ਇਹੋ, ਸ਼ੁਰੂ ਅਰਦਾਸ’, ਫਤੇ ਲਿੱਖਦੇ ਲਿਖਾਂਦੇ ਸਨ।
ਫੇਰ ਅਰਦਾਸ ਵਿਚ ਵਾਹਿਗੁਰੂ ਫਤੇ ਲਿਖੀ, ਅੰਮ੍ਰਿਤ ਛਕਾਂਦੇ ਸਮੇਂ ਬੋਲਦੇ ਬੁਲਾਂਦੇ ਸਨ।
‘ਸੂਰਜ ਪ੍ਰਕਾਸ਼’ ਵਿਚ ‘ਕੇਸਰੀ’ ਫਤੇ ਦੇ ਉੱਤੇ,
ਮਹਾਂ ਕਵਿ, ਅੱਗੇ ਲਿਖੀ ਰੌਸ਼ਨੀ ਇਉਂ ਪਾਂਦੇ ਹਨ:
“ਵਾਹਿਗੁਰੂ ਜੀ ਕਾ ਭਯੋ ਖ਼ਾਲਸਾ ਸੁ ਨੀਕਾ ਅਤਿ, ਵਾਹਿਗੁਰੂ ਜੀ ਕੀ ਮਿਲ ਫਤੇ ਸੋ ਬੁਲਾਈ ਹੈ। ਪੀਰ ਪਾਤਸ਼ਾਹਿ ਕਰਾਮਾਤੀ ਜੇ ਅਪਰ ਪੰਥ, ਹਿੰਦੂ ਕੇ ਤੁਰਕ ਹੂੰਕੀ ਕਾਨ ਕੋ ਮਿਟਾਈ ਹੈ। ਤੀਸਰਾ ਮਜ਼ਬ ਜਗ ਦੇਖ ਕੈ ਅਜਬ ਮਹਾਂ, ਬੈਰੀ ਕੈ ਗ਼ਜ਼ਬ ਪਰਯੋ ਛੀਨੈ ਠਕੁਰਾਈ ਹੈ।
ਧਰਮ ਸਥਾਪਬੇ ਕੋ ਪਾਪਨ ਕੇ ਖਾਪਬੇ ਕੋ, ਗੁਰੂ ਜਾਪਬੇ ਕੋ ਨਈ ਰੀਤਿ ਯੌ ਚਲਾਈ ਹੈ।”
ਦੋਹਰਾ
ਕਵਿ ਨਿਹਾਲ ਸਿੰਘ ਮਾਨਯਵਰ ਲਿਖਦੇ ਇਸ ਪ੍ਰਕਾਰ। ਫਤੇ ਵਾਹਿਗੁਰੂ ਪੰਥ ਵਿਚ ਫਲ ਦਾਤੀ ਹੈ ਸਾਰ।
ਕਬਿੱਤ
ਭਾਈ ਮਨੀ ਸਿੰਘ ਜੀ ਕੋ ਫਤੇ ਕੋ ਬ੍ਰਿਤਾਂਤ ਬਿੰਦ, ਆਪਨੇ ਮੁਖਾਰਬਿੰਦ ਨਾਥ ਜੂ ਸੁਨਾਯੋ ਹੈ। ਗਾਜਕੈ ਅਗਾਰੀ ਸੇਂ ਮਿਗੇਂਦੁ ਸੋ ਬੁਲਾਯ ਜੋਈ, ਰਾਖਹੋਂ ਸਦੈਵ ਸੋਹੈਂ ਪ੍ਯਾਰੋ ਮੋਹ ਭਾਯੋ ਹੈ। ਮਾਨਤੋਂ ਪ੍ਰਮੋਦ ਹੈ ਬਰਾਬਰੈਂ ਰਸੀਲੋ ਬੋਲ, ਦਾਹਿਨੋ ਬਿਠਾਰੋਂ ਸੋ ਦੀਵਾਨ ਬੀਚ ਆਯੋ ਹੈ। ਨੈਕ ਸੀ ਬੀਮਾਰ ਜਯੋਂ ਕਬੂਲਤੋ ਸੋ ਬਾਵੈਂ ਅੰਗ, ਪਾਤਕੀ ਪਿਛੋਹੈਂ ਮੂੰਡ ਮੂਏ ਸੋ ਲੁਲਾਯੋ ਹੈ। ਕਾਹੂੰ ਤੋ ਨਰਾਯਨ ਜੋ ਚਾਰ ਭੁਜਾਂ ਵਾਰੋ ਦੇਵ, ਵਾਂਕੋ ਵਾਰ ਵਾਰ ਨਮੋ ਲੋਕ ਸੇ ਕਰਾਈ ਹੈ।
ਕਾਹੂੰ ਜੈ ਉਚਾਰੀ ਰਾਮਚੰਦ੍ਰ ਕੀ ਪ੍ਰਤੀਤ ਬਾਂਧ, ਕਾਹੂੰ ਧੇਨੁਚਾਰੀ ਕੀ ਵਿਚਾਰੀ ਜੈ ਸੁਨਾਈ ਹੈ।
ਕਾਹੂੰ ਕਾਠ ਮਾਈ ਧਾਤੁ ਪਾਹਨ ਸਜੀਲੇ ਚਾਰੁ, ਪੋਚ ਪਾਚ ਮੂਰਤੀ ਬਨਾਈ ਜੈ ਗਜਾਈ ਹੈ। ਵਾਹਿਗੁਰੂ ਜੀ ਕੋ ਪੰਥ ਖ਼ਾਲਸਾ ਸਜਾਯੋ ਨਾਥ, ਵਾਹਿਗੁਰੂ ਜੀ ਕੀ ਫਤੇ ਗਾਜ ਕੈ ਬੁਲਾਈ ਹੈ।
‘ਵਾਹਿਗੁਰੂ ਜੀ ਕੀ ਫ਼ਤਹਿ’ ਦੇ ਥਾਂ ‘ਸਤਿ ਸ੍ਰੀ ਅਕਾਲ’ ਦਾ ਹਾਨੀਕਾਰਕ ਰਿਵਾਜ ਪੈ ਗਿਆ ਹੈ
ਪੰਥਾ! ਫਤੇ ਹੀ ਫਤੇ ਦਾ ਸੀ ਕਾਰਨ, ਸੋਈ ਫਤੇ ਹੁਣ ਫਤੇ ਗਜਾ ਚੱਲੀ। ਬੋਲਾ ਪਰਸਪਰ ਫਤੇ ਮਿਲਾਪ ਦਾ ਸੀ, ਨਵੀਂ ਲਹਿਰ ਆ ਏਸਨੂੰ ਖਾ ਚੱਲੀ। ‘ਸਤ ਸ੍ਰੀ ਅਕਾਲ’ ਨੇ ਥਾਂ ਮੱਲੀ, ਡਰਦੀ ਫਤੇ ਆਹ! ਕੰਨੀ ਕਤਰਾ ਚੱਲੀ। ਸ਼ਹਿਰਾਂ ਵਿਚ ਇਹ ਰਸਮ ਸੀ ਔਰਤਾਂ ਦੀ, ਔਂਦੀ ਸਾਰੇ ਹੀ ਪੰਥ ਵਿਚ ਆ ਚੱਲੀ। ਭੁੱਲਾ ਭਟਕਿਆ ਫਤੇ ਬੁਲਾਵੇ ਕੋਈ, ਆਮ ਪੰਥ ‘ਚੋਂ ਭੁੱਲ ਭੁਲਾ ਚੱਲੀ। ਇਕ ਸਿਰੇ ਤੋਂ ਦੂਸਰੇ ਸਿਰੇ ਤੋੜੀ, ਇਕੋ ਰੰਗ ਦੀ ਬੁਰੀ ਹਵਾ ਚੱਲੀ। ਕੋਈ ਮਜ਼ਬ ਨਾ ਰਸਮ ਤਬਦੀਲ ਕਰਦਾ, ਸਾਡੇ ਵਿਚ ਅਗਿਆਨਤਾ ਛਾ ਚੱਲੀ। ਕੇਸਾਂ ਉੱਤੇ ਫਿਲਾਸਫੀ ਘੋਟ ਹੁੰਦੀ, ਕੇਸਾਂ ਬਿਨਾਂ ਸਿੱਖੀ ਕਿਥੇ ਜਾ ਚੱਲੀ। ਕੋਈ ਖ਼ਿਆਲਾਂ ਦਾ ਧਰਮ ਪਸੰਦ ਕਰਦਾ, ਉਸਦੀ ਜ਼ਾਹਰਾ ਸ਼ਕਲ ਪਲਟਾ ਚੱਲੀ। ਦੂਜੇ ਧਰਮ ਦਾ ਅਸਰ ਆ ਤੁਰਤ ਹੁੰਦਾ, ਸਾਡੇ ਵਿਚ ਕਮਜ਼ੋਰੀ ਹੈ ਆ ਚੱਲੀ। ਬਣੇ ਤਰਕਵਾਦੀ ਨੌਜੁਆਨ ਬਹੁਤੇ, ਵਿੱਦਯਾ ਪੱਛਮੀ ਏਨ੍ਹਾਂ ਚੁੰਧਯਾ ਚੱਲੀ। ਢਾਂਚਾ ਸਿੱਖੀ ਦਾ ਏਨ੍ਹਾਂ ਅਸਚਰਜ ਘੜਿਆ, ਨਵੇਂ ਰੰਗ ਤਾਲੀਮ ਹੈ ਲਾ ਚੱਲੀ। ਹਰ ਇਕ ਕੰਮ ਹੁੰਦਾ ਨਵਾਂ ਫ਼ੈਸ਼ਨੇਬਲ, ਕਾਇਆ ਪੰਥ ਦੀ ਪਲਟ ਪਲਟਾ ਚੱਲੀ। ਕੀਰਤਨ ਉੱਡਿਆ ਚਿਮਟਾ ਤੇ ਝਾਂਜ ਖੜਕੀ, ਰੀਸ ਬਣਜ ਦੀ ਰੀਤ ਅਥਾਹ ਚੱਲੀ। ਜਾਂਦੀ ਫਤੇ ਨੂੰ ਖ਼ਾਲਸਾ ਮੋੜ ਲਿਆਵੋ, ਜਾਂਦੀ ਪੰਥ ਵਿਚੋਂ ਵਾਹੋ ਦਾਹ ਚੱਲੀ। ਫਤੇ ਜੇਹੀ ਅਮੋਲ ਸ਼ੈਅ ਛੱਡ ਦਿੱਤੀ, ਫਤੇ ਗਈ ਫਿਰ ਤਾਂ ਹਾਰ ਆ ਚੱਲੀ। ਸਾਹਿਬਜ਼ਾਦਿਆਂ ਕਿਸੇ ਵੀ ਮੁੱਲ ਉੱਤੇ, ਫਤੇ ਛੱਡੀ ਨਾ ਮੌਤ ਸਜ਼ਾ ਝੱਲੀ। ਓਸ ਵਿਸ਼ੇ ਪਰ ‘ਕੇਸਰੀ’ ਆ ਮੁੜ ਕੇ, ਫਤੇ ਗਈ ਕੇਹੜੀ ਆਖ਼ਰ ਆ ਚੱਲੀ। ਨਵਾਬ ਵਜ਼ੀਰ ਖ਼ਾਂ ਸੂਬਾ ਸਰਹਿੰਦ ਵੱਲੋਂ ਸਾਹਿਬਜ਼ਾਦਿਆਂ ਨੂੰ ਤਾੜਨਾ ਅਤੇ ਲਾਲਚ ਦੇਣਾ
ਦੋਹਰਾ
ਘੂਰ ਘੱਪ ਲੋਭ ਵੀ ਦੇ ਕੇ ਕਹੇ ਨਵਾਬ। ਦੀਨ ਕਬੂਲੋ ਲੜਕਿਓ! ਹੋਵੋ ਨਹੀਂ ਖ਼ਰਾਬ।
ਪਦ ਫਿਰਨਾ ਛੰਦ
ਵਿਚ ਚਮਕੌਰ ਥੁਆਡਾ ਪਿਤਾ ਮਾਰਿਆ। ਸ਼ਾਹੀ ਫ਼ੌਜ ਅੱਗੇ ਖ਼ਾਲਸਾ ਹੈ ਹਾਰਿਆ। ਵੱਡੇ ਭਾਈ ਦੋਵੇਂ ਮਾਰ ਦਿੱਤੇ ਜਾਨ ਤੋਂ। ਜ਼ਿੰਦਾ ਕੋਈ ਛੱਡਿਆ ਨਾ ਖ਼ਾਨਦਾਨ ‘ਚੋਂ। ਪੁੱਟ ਦਿੱਤੇ ਖ਼ਾਲਸੇ ਦੇ ਜੜ੍ਹ ਮੂਲ ਜੇ। ਦਿਨ ਇਸਲਾਮ ਨੂੰ ਕਰੋ ਕਬੂਲ ਜੇ॥੧॥
ਭੀ ਜੋ ਸਾਥੀ ਸੀ ਤੁਸਾਡੇ ਨਾਲ ਦੇ। ਹੋਏ ਸਾਰੇ ਦੇ ਹੀ ਸਾਰੇ ਕਾਲ ਦੇ। ਤੁਸੀਂ ਹੁਣ ਬਣ ਜੋ ਮੁਸਲਮੀਨ ਜੇ। ਫ਼ਾਇਦੇ ਬੇਅੰਤ ਹੈਨ ਸਾਡੇ ਦੀਨ ਦੇ।
ਐਸ਼ ਤੇ ਆਰਾਮ ਦੇ ਭਰੇ ਅਸੂਲ ਜੇ। ਦਿਨ ਇਸਲਾਮ ਨੂੰ ਕਰੋ ਕਬੂਲ ਜੇ ।੨।
ਕਾਫ਼ਰਾਂ ਦਾ ਪੰਥ ਹੈ ਤੁਸਾਂ ਦਾ ਸੱਜਿਆ। ਥੋੜੇ ਚਿਰ ਲਈ ਜੱਗ ਉੱਤੇ ਗੱਜਿਆ। ਮਾਰ ਕੇ ਮੁਕਾਇ ਦੇਣੇ ਬਾਕੀ ਸਿੱਖ ਜੇ। ਵਾਸਤੇ ਯਕੀਨ ਦੇ ਮੈਂ ਦੇਵਾਂ ਲਿੱਖ ਜੇ।
ਵੱਢ ਦੇਣੇ ਰੁੱਖ ਜੋ ਲੱਗੇ ਬਬੂਲ ਦੇ। ਦਿਨ ਇਸਲਾਮ ਨੂੰ ਕਰੋ ਕਬੂਲ ਜੇ ।੩।
ਫੇਰ ਦੱਸੋ ਕੌਣ ਭਾਲ ਰਖੂ ਸਾਂਭ ਜੇ। ਹੈਨ ਜੋ ਹਿਮੈਤੀ ਛੱਡ ਹੋਣ ਲਾਂਭ ਜੇ। ਹੋਵੋਗੇ ਖ਼ਰਾਬ ਫਿਰੋ ਖ਼ਾਕ ਛਾਣਦੇ। ਦੀਨ ਵਿਚ ਆ ਕੇ ਕਿਉਂ ਨੀਂ ਮੌਜ ਮਾਣਦੇ।
ਸ਼ਰ੍ਹਾ ਦਾ ਹੁਕਮ, ਨਾ ਕਰੋ ਅਦੂਲ ਜੇ। ਦਿਨ ਇਸਲਾਮ ਨੂੰ ਕਰੋ ਕਬੂਲ ਜੇ ॥੪॥
ਦੋਹਾਂ ਨੂੰ ਬਣਾਊਂਗਾ ਮੈਂ ਸੂਬੇ ਦੇਸ ਦੇ। ਕਾਹਨੂੰ ਫਾਥੇ ਪਏ ਵਿਚ ਹੋ ਕਲੇਸ਼ ਦੇ। ਛੱਡੋ ਸਿੱਖੀ ਕਾਸਨੂੰ ਪੁਆੜਾ ਰੱਖਿਆ। ਅੱਜ ਤਕ ਕਿੰਨਾ ਕੁ ਸੁਆਦ ਚੱਖਿਆ।
ਛੱਡੋ ਹਠ ਕਾਸਨੂੰ ਹੈ ਜਾਨਾਂ ਹੂਲਦੇ। ਦਿਨ ਇਸਲਾਮ ਨੂੰ ਕਰੋ ਕਬੂਲ ਜੇ ।੫।
ਏਵੇਂ ਚਾਣ ਚੱਕ ਤੁਸੀਂ ਮਾਰੇ ਜਾਵੋਗੇ। ਫੇਰ ਕਦੋਂ ਰੰਗਲੇ ਜਹਾਨ ਆਵੋਗੇ ? ਮੰਨੋ ਮੇਰਾ ਆਖਾ ਜੇ ਹੈ ਸੁਖੀ ਥੀਵਣਾ। ਥੋੜੀ ਦੇਰ ਹੋਊ ਨਹੀਂ ਫੇਰ ਜੀਵਣਾ।
ਗੱਲ ਨੂੰ ਮੁਕਾਓ ਨਾ ਵਧਾਓ ਤੁਲ ਜੇ। ਦਿਨ ਇਸਲਾਮ ਨੂੰ ਕਰੋ ਕਬੂਲ ਜੇ।੬।
ਹਾਕਮ ਬਣਾਊਂਗਾ ਮੈਂ ਸਾਰੇ ਦੇਸ਼ ਦੇ। ਛੱਡੋ ਕੰਮ ਕਾਕਿਓ! ਤੁਸੀਂ ਕਲੇਸ਼ ਦੇ। ਆਕਵਤ ਵਿਚ ਵੀ ਸਮਾਨ ਐਸ਼ ਦੇ। ਮਿਲਣਗੇ ਮਕਾਨ ਬੰਗਲੇ ਰਿਹੈਸ਼ ਦੇ।
ਪੈਰੋਕਾਰ ਹੋਜੋ ਨਬੀ ਤੇ ਰਸੂਲ ਦੇ। ਦਿਨ ਇਸਲਾਮ ਨੂੰ ਕਰੋ ਕਬੂਲ ਜੇ ੭
ਅੰਗੂਰਾਂ ਦੀ ਸ਼ਰਾਬ* ਨਾਲੇ ਹੂਰਾਂ ਪਰੀਆਂ। ਹੈਨ ਓ ਬਹਿਸ਼ਤ ਵਿਚ ਠੀਕ ਧਰੀਆਂ। ਮੋਮਨਾਂ ਦੇ ਵਾਸਤੇ ਸਾਰਾ ਸਮਾਨ ਹੈ। ਭੋਗੇ ਭੋਗ ਸਾਰੇ ਲਿਆਵੇ ਜੋ ਈਮਾਨ ਹੈ।
ਛੱਡ ਦੇਵੋ ਗੱਲਾਂ ਊਲ ਤੇ ਜਲੂਲ ਜੇ। ਦਿਨ ਇਸਲਾਮ ਨੂੰ ਕਰੋ ਕਬੂਲ ਜੇ।੮।
ਆਲ੍ਹਾ ਆਲ੍ਹਾ ਚੀਜ਼ਾਂ ਹੈਂ ਬਹਿਸ਼ਤ ਵਿਚ ਜੋ। ਬੰਦਿਆਂ ਨੂੰ ਦੀਨ ਲਈ ਲੈਣ ਖਿੱਚ ਜੋ। ਦੁਨੀ ਵਿਚ ਦਸ, ਸੱਤਰ ਗੁਣਾ ਅੱਗੇ ਜੀ। ਦੀਨ ਵਿਚ ਆ ਕੇ ਐਡਾ ਭਾਗ ਲੱਗੇ ਜੀ।
ਕਾਫ਼ਰ ਸੋ ਬੰਦੇ ਦੀਨ ਨਾ ਕਬੂਲਦੇ। ਦਿਨ ਇਸਲਾਮ ਨੂੰ ਕਰੋ ਕਬੂਲ ਜੇ।੯।
ਦੋਜ਼ਖ਼ਾਂ ਦੇ ਵਿਚ ਸੋਈ ਪਾਏ ਜਾਣਗੇ। ਕਾਉਂ, ਕੁੱਤੇ, ਸੱਪ ਹੱਡ ਮਾਸ ਖਾਣਗੇ। ਤੁਸਾਂ ਦੀ ਭਲਾਈ ਲਈ ਜ਼ੋਰ ਡਾਲਦੇ। ਮੰਨੋ ਇਸਲਾਮ ਕਿਉਂ ਵਕਤ ਟਾਲਦੇ।
ਨੇਅਮਤਾਂ ਦੁਆਣ ਵਾਲੇ ਕੈਂਦੇ ਰੂਲ ਜੇ। ਦਿਨ ਇਸਲਾਮ ਨੂੰ ਕਰੋ ਕਬੂਲ ਜੇ ।੧੦॥
ਮੋਯਾ ਥੁਆਡਾ ਪਿਤਾ ਨਿਤ ਦੁਖ ਭੋਗਦਾ। ਬਿਨਾਂ ਇਸਲਾਮ ਦਾਰੂ ਨਹੀਂ ਰੋਗ ਦਾ।
‘ਕੇਸਰੀ’ ਕਮਾਲ ਭਰੀ ਦਿੱਤੀ ਸਿੱਖਿਆ। ਸਾਰੇ ਇਤਿਹਾਸਾਂ ਵਿਚ ਪਿਆ ਲਿੱਖਿਆ। ਬੋਲਦੇ ਸ਼ਾਹਜ਼ਾਦੇ ਅੱਗੋਂ ਪ੍ਰਤਿਕੂਲ ਜੇ। ਜਿੰਦ ਜਾਵੇ, ਜਾਵੇ ਦੀਨ ਨਾ ਕਬੂਲਦੇ।
ਦੋਹਰਾ
ਸੁਣ ਉਪਦੇਸ਼ ਨਵਾਬ ਦਾ, ਜੋਰਾਵਰ ਸਿੰਘ ਲਾਲ। ਫਤੇ ਸਿੰਘ ਵਲ ਤੱਕ ਕੇ, ਕਹਿੰਦੇ ਕੀ ਹੈ ਖ਼ਿਆਲ ? ਫਤੇ ਸਿੰਘ ਇਉਂ ਖੜਾ ਹੈ, ਜਿਵੇਂ ਅਹਿੱਲ ਚਟਾਨ। ਆਪਣਾ ਨਿਸਚਾ ਵੀਰ ਨੂੰ, ਕਰਦਾ ਅੰਞ ਬਿਆਨ :
ਪਦ ਫਿਰਨਾ ਛੰਦ
ਅਹੋ ਮੇਰੇ ਭ੍ਰਾਤ! ਵੱਡੇ ਬੁਧਿਵਾਨ ਜੀ। ਕਰੋ ਮੇਰੀ ਬੇਨਤੀ ਦੇ ਵੱਲ ਧਿਆਨ ਜੀ। ਗੁਰੂ ਦਸਮੇਸ਼ ਦੇ ਕਹਾ ਕੇ ਪੁੱਤ ਜੇ। ਰੱਖ ਕੇ ਧਰਮ ਚੱਲੋ ਐਨ ਛੁੱਤ ਜੇ।
ਮੌਤ ਦਾ ਫ਼ਿਕਰ ਮਾਸਾ ਨਹੀਂ ਰੱਖਣਾ। ਸਾਡਾ ਹੈ ਧਰਮ ਜੇ ਧਰਮ ਰੱਖਣਾ ॥੧॥
ਜ਼ਰਾ ਵੀ ਨਾ ਖ਼ੌਫ਼ ਰੱਖੋ ਮੇਰੇ ਵੱਲ ਤੋਂ। ਡਰੋ ਨਹੀਂ ਵੀਰ ਮੇਰੇ ਕਿਸੇ ਗੱਲ ਤੋਂ। ਜਿਤਨੇ ਸੁਆਲ ਹੈਂ ਮੀਆਂ ਨਵਾਬ ਦੇ। ਕਰੋ ਲਾਜਵਾਬ, ਨਾਲ ਆਬ ਤਾਬ ਦੇ।
ਦੀਨ ਦੁਨੀ ਖੋ ਕੇ ਸੂਬਾ ਜਾਊ ਸੱਖਣਾ। ਸਾਡਾ ਹੈ ਧਰਮ ਜੇ ਧਰਮ ਰੱਖਣਾ ।੨।
ਦੇਖੋ! ਸਾਡੇ ਦਾਦੇ ਗੁਰੂ ਤੇਗ਼ ਧਣੀ ਜੇ। ਖਿੜੇ ਮੱਥੇ ਝੱਲੀ ਜੇਹੜੀ ਸੀਸ ਬਣੀ ਜੇ। ਪੋਤਰੇ ਉਸੇ ਦੇ ਆਪਾਂ ਕਿਕੂੰ ਹਾਰੀਏ? ਧਰਮ ਦੀ ਸ਼ਮ੍ਹਾਂ ਦੇ ਉੱਤੇ ਜਿੰਦ ਵਾਰੀਏ।
ਤੇਗ਼ ਦਾ ਸੁਆਦ ਸਾਨੂੰ ਚੰਗਾ ਚੱਖਣਾ। ਸਾਡਾ ਉੱਦੇਸ਼, ਜਾਂਦਾ ਦੇਸ਼ ਰੱਖ ਰੱਖਣਾ।੩।
ਸ਼ੈਦ ਹੈ ਕਿ ਤੁਸੀਂ ਡਰੇ ਮੇਰੇ ਵੱਲ ਤੋਂ। ਛੋਟਾ ਬੱਚਾ ਜਾਣ ਕੰਬੇ ਏਸ ਗੱਲ ਤੋਂ। ਛੱਡੇਗਾ ਸਿਦਕ ਸ਼ੈਦ ਛੋਟਾ ਬਾਲਕਾ। ਦਿਲ ਵਿਚ ਖ਼ੌਫ਼ ਖਾਵੇ ਮਤਾਂ ਕਾਲ ਕਾ।
ਭੁੱਲ ਕੇ ਨਾ ਲਾਵੀਂ ਵੀਰਾ ਐਸੀ ਲੱਖਣਾ। ਸਾਡਾ ਹੈ ਧਰਮ ਜੇ ਧਰਮ ਰੱਖਣਾ ॥੪॥
ਛੋਟੇ ਹੈਨ ਭਾਵੇਂ ਜਿੰਦ ਤੇ ਸਰੀਰ ਜੀ। ਵੱਡਾ ਦਿਲ ਵੱਸਦਾ ਹੈ ਵਿਚ ਵੀਰ ਜੀ। ਕਦੇ ਨਹੀਂ ਭ੍ਰਾਤ! ਐਸੀ ਬਾਤ ਹੋਵਣੀ, ਮੇਰੇ ਵੱਲੋਂ ਸ਼ੱਕ ਸ਼ੁਬਾ ਦਿਲੋਂ ਖੋਵਣੀ।
ਹੋ ਗਿਆ ਸ਼ੁਦਾਈ ਸੂਬਾ ਮਾਰੀ ਜੱਖਣਾ। ਸਾਡਾ ਹੈ ਧਰਮ ਜੇ ਧਰਮ ਰੱਖਣਾ ॥੫॥
ਸੂਰਜ ਵੀ ਛੱਡ ਦੇਵੇ ਤੇਜੀ ਭੁੱਲ ਕੇ। ਸੀਤਲ ਸਰਦ ਅੱਗ ਹੋਵੇ ਡੁੱਲ ਕੇ। ਚੰਦ ਹੋਵੇ ਅੱਗ ਤੋਂ ਵਧੀਕ ਤੱਤਾ ਵੇ। ਪ੍ਰਿਥਮੀ ਤਿਆਗੇ ਜੇ ਅਟੱਲ ਸੱਤਾ ਵੇ।
ਲਾਵੇ ਸਾਰਾ ਜ਼ੋਰ ਸੂਬਾ ਆਹ! ਕੁਲੱਖਣਾ। ਸਾਡਾ ਹੈ ਧਰਮ ਜੇ ਧਰਮ ਰੱਖਣਾ ॥੬
ਮਿੱਠਾ ਹੋਵੇ ਸਾਗਰ ਸਦੈਵ ਖਾਰਾ ਜੋ। ਚੰਚਲ ਅਚੱਲ ਹੋਵੇ ਧਾਤੁ ਪਾਰਾ ਜੋ । ਜਿਮੀ ਦਾ ਚੰਦੋਆ ਭਾਵੇਂ ਜਾਏ ਤਾਣਿਆ। ਥੱਲੇ ਅਸਮਾਨ ਕੋਈ ਚਾਹੇ ਆਣਿਆ।
ਭਖ ਜਾਵੇ ਸੂਬਾ ਜਿਕੂੰ ਚਾਹੇ ਭੱਖਣਾ। ਤੱਦੀਆਂ ਸਹਾਰ ਕੇ ਧਰਸ ਰੱਖਣਾ ॥੭॥
ਸੰਭਵ ਤਮਾਮ ਗੱਲਾਂ ਹੋਣ ਤਾਤ ਜੇ। ਮੈਥੋਂ ਹੈ ਅਸੰਭਵ ਨ ਹੋਣੀ ਬਾਤ ਜੇ। ਕੀਤਾ ਬਕਵਾਸ ਜੇਹੜਾ ਹੈ ਨਵਾਬ ਜੇ। ਮੂੰਹ ਤੋੜ ਉੱਤਰ ਦੇਓ ਸ਼ਿਤਾਬ ਜੇ।
ਪੌਣ ਦਾ ਝੁਲਾਰਾ ਸੂਬੇ ਦਾ ਹੈ ਝੱਖਣਾ। ਸੱਭੋ ਕੁਝ ਵਾਰ ਹੈ, ਧਰਮ ਰੱਖਣਾ ॥੮॥
ਦੋਹਰਾ
ਫਤੇ ਸਿੰਘ ਮਤ ਧੀਰ ਦੇ ਜ਼ੋਰਾਵਰ ਮਿਰਗੇਸ਼। ਸੁਣੇ ਬਚਨ ਨਿਸ਼ਚੇ ਭਰੇ, ਟਰੇ ਜੁ ਸਕਲ ਕਲੇਸ਼। ਦੇਖ ਹੌਸਲਾ ਵੀਰ ਦਾ ਜ਼ੋਰਾਵਰ ਸਿੰਘ ਟੇਰ। ਕਹਿੰਦੇ ਸੁਣੋ ਨਵਾਬ ਜੀ ਉੱਤਰ ਹੋਇ ਦਲੇਰ।
ਪਦ ਫਿਰਨਾ ਛੰਦ
ਸਾਡੇ ਗੁਰੂ ਗ੍ਰੰਥ ਵਿਚ ਅੰਞ ਲਿੱਖਿਆ। ਤੇਰੇ ਜੇਹੇ ਪਾਮਰਾਂ ਨੂੰ ਦੇਵੇ ਸਿੱਖਿਆ। ਨਾਂਗੇ ਚੱਲ ਆਏ ਅਤੇ ਨਾਂਗੇ ਜਾਣਾ ਹੈ। ਰਹੇਗਾ ਨਾ ਕੋਈ ਏਥੇ ਰਾਜਾ ਰਾਣਾ ਹੈ।
ਕਾਲ ਦੀ ਚਬੀਣੀ ਕਾਲ ਨੇ ਹੈ ਖਾਵਣਾ। ਤੇਰੇ ਦੀਨ ਵਿਚ ਨਾ ਅਸੀਂ ਹੈ ਆਵਣਾ।੧।
ਇਕ ਲੱਖ ਪੁੱਤ ਸਵਾ ਲੱਖ ਨਾਤੀ ਜੀ। ਰਹੀ ਓਸ ਰੌਣ ਦੇ ਨਾ ਦੀਆ ਬਾਤੀ ਜੀ। ਵੱਡੇ ਵੱਡੇ ਰਾਜੇ ਮਹਾਰਾਜੇ ਹੋਇਕੇ। ਅੰਤ ਚੱਲ ਗਏ ਜੱਗ ਉੱਤੋਂ ਰੋਇਕੇ।
ਤੈਨੂੰ ਕਾਲ ਆਉ ਤੋਂ ਵੀ ਲੱਦ ਜਾਵਣਾ। ਤੇਰੇ ਦੀਨ ਵਿਚ ਨਾ ਕਬੂਲ ਆਵਣਾ।੨।
ਜਾਂਦੀ ਵਾਰੀ ਕੱਖ ਵੀ ਲੈਗੇ ਨਾਲ ਜੀ। ਖ਼ਾਕ ਵਿਚ ਖ਼ਾਕ ਕੀਤੇ ਮਾਰ ਕਾਲ ਜੀ। ਚੰਦ ਰੋਜ਼ਾ ਜ਼ਿੰਦਗੀ ਸਦਾ ਨਾ ਹੋਇਗੀ। ਗੋਰਾਂ ਵਿਚ ਸੋਏ, ਬਾਕੀ ਰਹੀ ਸੋਇਗੀ।
ਛਿੰਨ ਭਿੰਨ ਹੋਊ ਬਾਗ਼ ਜੋ ਸੁਹਾਵਣਾ। ਤੇਰੇ ਦੀਨ ਵਿਚ ਨਾ ਕਬੂਲ ਆਵਣਾ ।੩।
ਹੋਇਕੇ ਤੇ ਸੂਬਾ ਜੋ ਹੈ ਮਰ ਜਾਵਣਾ। ਕਾਸ ਨੂੰ ਕਲੰਕ ਅਸਾਂ ਫਿਰ ਲਾਵਣਾ ? ਹਾਥੀ ਘੋੜੇ ਜੋੜੇ ਜੇ ਹੈਂ ਏਥੇ ਛੱਡਣੇ। ਥੁਆਡੇ ਵੀ ਜਿਸਮ ਜੇ ਜ਼ਿਮੀਨ ਗੱਡਣੇ।
ਫੇਰ ਦੀਨੀ ਹੋ ਕੇ ਅਸਾਂ ਕੀ ਬਣਾਵਣਾ। ਤੇਰੇ ਦੀਨ ਵਿਚ ਨਾ ਕਬੂਲ ਆਵਣਾ ।੪
ਹੋਇਕੇ ਮੁਸਲਮਾਨ ਤੈਂ ਵਜ਼ੀਦਿਆ! ਸਦਾ ਲਈ ਜੀਵਣਾ ਨਹੀਂ ਖ਼ਰੀਦਿਆ! ਲਿੱਖਦੇ ਰਸੀਦ ਸਾਨੂੰ ਏਸ ਗੱਲ ਦੀ। ਹੋਇਕੇ ਮੁਸਲਮਾਨ ਮੌਤ ਟੱਲਦੀ।
ਫੇਰ ਦੀਨ ਵਿਚ ਹੈ ਕਬੂਲ ਆਵਣਾ। ਨਹੀਂ ਵਾਧੂ ਕਾਸਨੂ ਹੈ ਸ਼ੋਰ ਪਾਵਣਾ॥੫॥
ਕੇਤੇ ਜੱਗ ਆਏ ਅਤੇ ਗਏ ਕਿਤਨੇ। ਸਾਡੇ ਨਹੀਂ ਯਾਦ ਲੱਦ ਗਏ ਜਿਤਨੇ। ਝੂਠੀ ਜ਼ਿੰਦਗਾਨੀ ਦਾ ਹੈ ਦੱਸ ਮਾਣ ਕੀ? ਹੋਵੇਗਾ ਸੁਆਹ ਚੰਗਾ ਮੰਦਾ ਖਾਣ ਕੀ ?
ਵਾਰੀ ਆਪੋ ਆਪਣੀ ਹੈ ਟੁਰ ਜਾਵਣਾ। ਤੇਰੇ ਦੀਨ ਵਿਚ ਨਾ ਕਬੂਲ ਆਵਣਾ।੬
ਕੇਤੇ ਲੱਦ ਗਏ ਕੇਤੇ ਲੱਦ ਜਾਣਗੇ। ਮਹਿਲ ਤੇ ਮਕਾਨ ਸੱਭੋ ਛੱਡ ਜਾਣਗੇ। ਕਿਥੇ ਗਏ ਬਾਪ ਦਾਦਾ ਦੋਵੇਂ ਡੇਰੇ ਓ! ਕਾਲੀ ਬਲੀ ਆਨ ਓਸੇ ਆਨ ਘੇਰੇ ਓ!
ਅੰਤ ਕਾਲ ਤੋਂ ਵੀ ਢਾਹਾਂ ਮਾਰ ਜਾਵਣਾ। ਤੇਰੇ ਦੀਨ ਵਿਚ ਨਾ ਕਬੂਲ ਆਵਣਾ ।੭॥
ਕਾਰੂੰ ਬਾਦਸ਼ਾਹ ਚਾਲ੍ਹੀ ਗੰਜ ਜੋੜ ਕੇ। ਰੱਜਿਆ ਨਾ ਫੇਰ ਵੀ ਕਬਰ ਤੋੜ ਕੇ। ਕੱਠੇ ਕਰ ਮਾਲ ਧਨ ਲੱਖ ਲੱਖ ਓ। ਜਾਂਦੀ ਵਾਰ ਲੈ ਗਏ ਨਾ ਨਾਲ ਕੱਖ ਓ।
ਖ਼ਾਲੀ ਹੱਥ ਝਾੜ ਅਤੇ ਪਛੋਤਾਵਣਾ। ਤੇਰੇ ਦੀਨ ਵਿਚ ਨਾ ਕਬੂਲ ਆਵਣਾ ।੮
ਕੋਣ ਸਾਡੇ ਪਿਤਾ ਅੱਗੇ ਬੋਲ ਹੰਗਦਾ। ਦੇਖਿਆ ਅਨੰਦ ਪੁਰ ਸੁਆਦ ਜੰਗ ਦਾ।
ਖ਼ਾਲਸੇ ਨੂੰ ਕੌਣ ਕੋਈ ਮੇਟ ਸਕਦਾ ? ਸੂਰਜ ਨੂੰ ਕੌਣ ਹੈ ਲਪੇਟ ਸਕਦਾ ?
ਥੁਆਡਾ ਖੁਰਾ ਖੋਜ ਖ਼ਾਲਸੇ ਮਿਟਾਵਣਾ। ਤੇਰੇ ਦੀਨ ਵਿਚ ਨਾ ਕਬੂਲ ਆਵਣਾ ।੯।
ਫੰਧ ਤੇ ਫ਼ਰੇਬ ਰੋਬ ਦਾਬ ਡਾਲਕੇ । ਦੀਨ ‘ਚ ਲਿਔਣ ਲੱਗਾ ਨਿੱਕੇ ਬਾਲਕੇ। ਵਾਧੇ ਮਾਰ ਮਾਰ ਦੇਂਦਾ ਹੈਂ ਡਰਾਵੇ ਨੂੰ । ਝੂਠੀਆਂ ਗੱਲਾਂ ਦੇ ਬੰਨ੍ਹਦਾ ਹੈਂ ਦਾਵੇ ਨੂੰ।
‘ਕੇਸਰੀ’ ਹੁਕਮ ਲਾਓ! ਜੋ ਹੈ ਲਾਵਣਾ। ਤੇਰੇ ਦੀਨ ਵਿਚ ਸੂਬਾ ਖ਼ਾਕ ਆਵਣਾ ।੧੦॥
ਨਵਾਬ ਵਜ਼ੀਰ ਖ਼ਾਂ ਸੂਬਾ ਸਰਹਿੰਦ ਵੱਲੋਂ ਸਾਹਿਬਜ਼ਾਦਿਆਂ ਨੂੰ ਲਾਲਚ ਭਰੀ ਦਾਹਵਤ
ਦੋਹਰਾ
ਖ਼ਾਨ ਵਜ਼ੀਦ, ਬੋਲਦਾ ਹੋ ਕੇ ਬੜਾ ਹਰਾਨ। ਇਹ ਲੜਕੇ ਕੀ ਕਰਨਗੇ ? ਹੋਸਨ ਜਦੋਂ ਜੁਆਨ।
ਪਦ ਫਿਰਨਾ ਛੰਦ
ਸੁਣੋ ਤੁਸੀਂ ਕਾਕਿਓ ਹੇ ਕਾਰੇ ਬੰਨ੍ਹਿਓ! ਮੌਤ ਵਿਚ ਫਾਥਿਓ ਤੇ ਕਾਲ ਬੰਨ੍ਹਿਓ! ਮੰਨ ਲਓ ਦੀਨ ਹੈ ਨਬੀ ਰਸੂਲ ਦਾ। ਜਾਵੇਗਾ ਓਹ ਮਾਰਿਆ ਜੋ ਨਾ ਕਬੂਲ ਦਾ।
ਹੋਵੇ ਜੇ ਮੁਸਲਮਾਨ ਦਿਨ ਆਜ ਦੇ। ਡੋਲਾ ਦੇਉਂ ਬੇਟੀ ਦਾ ਮੈਂ ਸਣੇ ਰਾਜ ਦੇ।੧।
ਪੀਨਸਾਂ ਚੜ੍ਹਨ ਅਤੇ ਡੋਲੀ ਡੋਲਿਆਂ। ਸੇਵਾ ਤੇ ਗ਼ੁਲਾਮੀ ਲਈ ਗੋਲੇ ਗੋਲੀਆਂ। ਹਾਥੀ ਘੋੜੇ ਫ਼ੌਜ ਦਾ ਸਾਮਾਨ ਸਾਰੜਾ। ਵੱਸਣੇ ਦੇ ਤਾਈਂ ਵੀ ਮਹਿਲ ਭਾਹੜਾ।
ਬਾਦਸ਼ਾਹੀ ਵਾਲਾ ਵੀ ਜੜਾਊ ਤਾਜ ਦੇ। ਡੋਲਾ ਦੇਊਂ ਬੇਟੀ ਦਾ ਮੈਂ ਸਣੇ ਰਾਜ ਦੇ।੨।
ਕੱਪੜੇ ਅਮੀਰਾਂ ਵਾਲੇ ਤਨ ਪੌਣ ਨੂੰ। ਮਖਮਲੀ ਜੜਾਉ ਸੇਜਾਂ ਰਾਤ ਸੌਣ ਨੂੰ । ਖਾਣੇ ਨੂੰ ਅਨੇਕ ਭਾਂਤ ਦੇ ਵੀ ਖਾਣੇ ਜੋ। ਸ਼ਾਹੀ ਠਾਠ ਬਾਠ ਜਿਕੂੰ ਰਾਜੇ ਰਾਣੇ ਹੋ।
ਹਾਥੀ ਲੱਦ ਦੇਊਂ ਦਾਤ ਵਿਚ ਦਾਜ ਦੇ। ਡੋਲਾ ਦੇਊਂ ਬੇਟੀਆਂ ਦਾ ਸਣੇ ਰਾਜ ਦੇ ।੩।
ਵਾਸਤੇ ਹੁਕਮ ਦੇ ਰਿਆਇਆ ਕੁੱਲ ਹੈ। ਇੱਜ਼ਤ ਅਮੀਰੀ ਦਾ ਨਾ ਕੋਈ ਮੁੱਲ ਹੈ। ਮੋਤੀਆਂ ਦੇ ਹਾਰ ਗਹਿਣੇ ਹੋਰ ਅੰਗ ਨੂੰ। ਰੇਸ਼ਮੀ ਪੁਸ਼ਾਕਾਂ ਜ਼ਰੀਦਾਰ ਸੰਗ ਨੂੰ।
ਬਾਦਸ਼ਾਹ ਬਣਾਉਂਗਾ ਮੈਂ ਸਾਰੇ ਸਾਜ਼ ਦੇ। ਡੋਲਾ ਦੇਊਂ ਬੇਟੀਆਂ ਦਾ ਸਣੇ ਰਾਜ ਦੇ ।੪
ਭੋਗ ਕੇ ਜਹਾਨ ਦੇ ਜੋ ਭੋਗ ਸਾਰੇ ਹਨ। ਫੇਰ ਵੀ ਬਹਿਸ਼ਤ ਦੇ ਖੁੱਲ੍ਹੇ ਦੁਆਰੇ ਹਨ। ਭੋਗੋ ਬਾਕੀ ਭੋਗ ਜਾ ਬਹਿਸ਼ਤ ਵਿਚ ਜੀ। ਏਸੇ ਲਈ ਦੀਨ ਡਾਢੀ ਪਾਵੇ ਖਿੱਚ ਜੀ।
ਕਰੋ ਮਨਜ਼ੂਰ ਤੁਸੀਂ ਦੀਨ ਆਜ ਦੇ। ਡੋਲਾ ਦੇਊਂ ਬੇਟੀਆਂ ਦਾ ਸਣੇ ਰਾਜ ਦੇ।੫।
ਹੁੰਦੇ ਮੁਸਲਮਾਨ ਤਾਹੀਂ ਲੋਕ ਜੇ। ਐਥੇ ਓਥੇ ਲੱਭਦੇ ਅਨੇਕ ਭੋਗ ਜੇ।
ਐਸ਼ ਤੇ ਅਰਾਮ ਵਾਲਾ ਸਾਡਾ ਦੀਨ ਹੈ। ਭੋਗਾਂ ਵਿਚ ਭੋਗ ਭੋਗ ਬੰਦਾ ਲੀਨ ਹੈ।
ਏਥੇ ਭੋਗ, ਭੋਗ ਸੁਰਗ ਜਾ ਵਿਰਾਜਦੇ। ਡੋਲਾ ਦੇਊਂ ਬੇਟੀਆਂ ਦਾ ਸਣੇ ਰਾਜ ਦੇ।੬।
ਸਾਹਿਬਜ਼ਾਦਿਆਂ ਵੱਲੋਂ ਸੂਬਾ ਸਰਹਿੰਦ ਨੂੰ ਮੂੰਹ-ਤੋੜਵਾਂ ਜਵਾਬ
ਦੋਹਰਾ
ਨਿਰਭੈ ਸੁਰੇ ਆਖਦੇ ਸੁਣ ਹੋ ਨਵਾਬ। ਜੋ ਕੁਝ ਆਖਿਆ ਆਪ ਨੇ ਸਿਰ ਤਾ ਪਾ ਖ਼ਰਾਬ।
ਪਦ ਫਿਰਨਾ ਛੰਦ
ਅਹੋ ਖ਼ਾਨ! ਆਪ ਨੇ ਜੋ ਲੋਭ ਦੱਸਿਆ। ਸਾਡਾ ਦਿਲ ਏਸ ਵਿਚ ਕਦੋਂ ਫੱਸਿਆ। ਸਾਡੇ ‘ਗੁਰੂ ਗ੍ਰੰਥ’ ਦਾ ਜੋ ਉਪਦੇਸ਼ ਹੈ। ਕੱਟਦਾ ਅਗਿਆਨ ਦਾ ਬੜਾ ਕਲੇਸ਼ ਹੈ।
ਦੀਨ ਵਿਚ ਆ ਕੇ ਪਾਣੀ ਹੈ ਵਿਰੋਲਣਾ। ਤੀਮੀਆਂ ਦੇ ਪਿੱਛੇ ਪਾਪੀਆਂ ਨੇ ਡੋਲਣਾ ॥੧॥
ਦੋਜ਼ਖ਼ ਬਹਿਸ਼ਤ ਨਾ ਕਿਤੇ ਵੀ ਦਿੱਸਦਾ। ਐਵੇਂ ਘੋਲ ਪੀਓ ਨਾ ਪਿਆਲਾ ਵਿੱਸ ਦਾ। ਲਾਲਚ ਬਹਿਸ਼ਤਾਂ ਲਈ ਪਿੱਛੇ ਲੱਗ ਲੇ। ਦੱਸ ਕੇ ਸਬਜ਼ ਬਾਗ਼ ਬੁੱਧੂ ਠੱਗ ਲੇ।
ਹੋਰ ਅੱਗੇ ਮੰਦ ਚੰਗ ਕਾਹਨੂੰ ਫੌਲਣਾ। ਤੀਮੀਆਂ ਦੇ ਪਿੱਛੇ ਪਾਪੀਆਂ ਨੇ ਡੋਲਣਾ ॥੨॥
ਸੁਰਗ ਤੇ ਬਹਿਸ਼ਤ ਦੀ ਨਾ ਸਾਨੂੰ ਲੋੜ ਹੈ। ਸੁੱਖਾਂ ਨਾਲ ਸਿੱਖੀ ਦਾ ਸਦਾ ਅਜੋੜ ਹੈ। ਪੂਨਾ ਰਾਜ ਭਾਗ ਦੀ ਵੀ ਗੱਲ ਝੂਠੀ ਜੇ। ਐਸ਼ ਤੇ ਅਰਾਮ ਨੇ ਖ਼ਲਕ ਲੂਠੀ ਜੇ।
ਦੀਨ ਵਿਚ ਜਾਊ ਜੀਨ੍ਹੇ ਐਸ਼ ਟੋਲਣਾ। ਤੀਮੀਆਂ ਦੇ ਪਿੱਛੇ ਪਾਪੀਆਂ ਨੇ ਡੋਲਣਾ ।੩।
ਗੁਰੂ ਸਿੱਖ ਨੂੰ ਹੈ ਅੰਞ ਲਿੱਖਦੇ। ਦੋਵੇਂ ਨੇ ਸਮਾਨ ਸਿੱਖ ਦੇ। ਰਾਜ ਦੇਵੇਂ ਕੌਨ ਸੀ ਵਡਾਈ ਹੈ ? ਮੰਗਾਵੇਂ ਤਾਂ ਕੀ ਘੱਟ ਜਾਈ ਹੈ ?
ਧਨ ਮਾਲ ਸਾਡੇ ਭਾਣੇ ਮੁੱਠੀ ਖ਼ਾਕ ਹੈ। ਸਿੱਖ ਦੀ ਜ਼ਮੀਰ ਸੂਬਾ ਹੁੰਦੀ ਪਾਕ ਹੈ।੪
ਆਂ ਦੀ ਲੀਲ੍ਹਾ ਰਾਜ ਕਾਜ ਰਚਨਾ। ਾਂ ਦੇ ਭਾਣੇ ਕੋਈ ਗੱਲ ਸੱਚ ਨਾ। ਨਾਰੀ ਸੇਜ ਸੋਹਨੀ ਚੰਦਨ ਚੋਆ ਜੋ। ਨਰਕ ਦਾ ਸਮਾਨ ਐਸ਼, ਭੋਗ ਢੋਆ ਜੋ।
ਤੀਮੀਆਂ ਦਾ ਲੋਭ ਅਸਾਂ ਨੂੰ ਮਜ਼ਾਕ ਹੈ। ਸਿੱਖ ਦੀ ਜ਼ਮੀਰ ਸੂਬਾ ਹੁੰਦੀ ਪਾਕ ਹੈ।੫॥
ਲੋੜ ਨਾ ਅਸਾਨੂੰ ਤੇਰੇ ਡੋਲ ਛੋਲੇ ਦੀ। ਵਾਧੂ ਗੱਲ ਸੂਬਿਆ ਹੈ ਰਾਜ ਰੋਲੇ ਦੀ। ਰਾਜ ਕਾਜ ਦੇਣ ਫੇਰ ਤੇਰੇ ਹੱਥ ਕੀ? ਰਾਜੇ ਹੋਣ ਲਈ ਅਸਾਂ ਪਾਈ ਸੱਥ ਕੀ?
ਐਸ਼ ਵਾਲੀ ਜ਼ਿੰਦਗੀ ਖ਼ਤਰਨਾਕ ਹੈ। ਸਿੱਖ ਦੀ ਜ਼ਮੀਰ ਸੂਬਾ ਹੁੰਦੀ ਪਾਕ ਹੈ।੬
ਵੱਡੇ ਗੁਰੂ ਨਾਨਕ ਜੀ ਗਏ ਕੱਥ ਹੈਂ। ਰਾਜ ਕਾਜ ਦੇਣਾ ਵਾਹਿਗੁਰੂ ਹੱਥ ਹੈ। ਸ਼ੀਹਾਂ, ਬਾਜ਼ਾਂ, ਕੂਹੀਆਂ ਨੂੰ ਦੇਵੇ ਘਾਹ ਜੀ। ਘਾਹੀਆਂ ਨੂੰ ਮਾਸ, ਏ ਚਲਾਏ ਰਾਹ ਜੀ।
ਕਰੇ ਨਾ ਯਕੀਨ ਜੇਹੜਾ ਬੰਦਾ ਆਕ” ਹੈ। ਸਿੱਖ ਦੀ ਜ਼ਮੀਰ ਸੂਬਾ ਹੁੰਦੀ ਪਾਕ ਹੈ।੭।
ਜਲਾਂ ਵਿਚ ਥਲ ਤੇ ਥਲੋਂ ਸਮੁੰਦ ਜੀ। ਸਾਗਰਾਂ ਨੂੰ ਝੱਟ ਪੱਟ ਦੇਵੇਂ ਮੁੰਦ ਜੀ। ਕੀੜਾ ਥਾਪ ਦੇਵੇ ਦੇਖੋ ਪਾਤਸ਼ਾਹ ਜੇ। ਪਾਤਸ਼ਾਹੋ ਭੀਖ ਵੀ ਦਏ ਮੰਗਾਹ ਜੇ ।
ਮਿੱਟੀ ‘ਚ ਮਿਲਾਂਦਾ ਓਹ ਗ਼ਜ਼ਬਨਾਕ ਹੈ। ਸਿੱਖ ਦੀ ਜ਼ਮੀਰ ਸੂਬਾ ਹੁੰਦੀ ਪਾਕ ਹੈ।੮।
ਆਪ ਸਾਨੂੰ ਕਿਸ ਤਰ੍ਹਾਂ ਬਣਾਓ ਸੂਬੇ ਜੀ ? ਘੋਟਦੇ ਹੋ ਕਾਹਨੂੰ ਏਹੋ ਜੇ ਅਜੂਬੇ ਜੀ।
ਸਭੋ ਗੱਲਾਂ ਹੈਨ ਕਰਤਾਰ ਹੱਥ ਜੇ। ਓਸੇ ਹੀ ਖ਼ਸਮ ਦੀ ਹੈ ਨੱਕ ਨੱਥ ਜੇ। ਡੋਲਿਆਂ रा ਲਾਲਚ ਸ਼ਰਮਨਾਕ ਹੈ। ਸਿੱਖ ਦੀ ਜ਼ਮੀਰ ਸੂਬਾ ਹੁੰਦੀ ਪਾਕ ਹੈ ।੯॥
ਆਪਣਾ ਹੀ ਰਾਜ ਤੁਸੀਂ ਰੱਖੋ ਸਾਂਭ ਜੇ। ਲਾਇਕੇ ਤੇ ਅੱਗ ਨਹੀਂ ਹੋਣਾ ਲਾਂਭ ਜੇ। ਹੋਊ ਜੜ੍ਹ ਖੋਖਲੀ ਤੁਹਾਡੇ ਰਾਜ ਦੀ। ਯਾਦ ਸੂਬਾ ਰੱਖਣੀ ਜੇ ਬਾਤ ਆਜ ਦੀ।
ਗੁਰੂ ਨੇ ਬਣਾਇਆ ਖ਼ਾਲਸਾ ਬੇਬਾਕ ਹੈ। ਸਿੱਖ ਦੀ ਜ਼ਮੀਰ ਸੂਬਾ ਹੁੰਦੀ ਪਾਕ ਹੈ।੧੦।
ਚੰਦ ਰੋਜ਼ ਹੋਰ ਏਥੇ ਮੌਜ ਮਾਣ ਲੌ। ਛਾਨਣੀ ਜੋ ਖ਼ਾਕ ਛੱਜ ਭਰ ਛਾਣ ਲੌ। ਕੀੜਾ ਜਦੋਂ ਜਾਵੇ ਓਹਨੂੰ ਖੰਭ ਉੱਗਦੇ। ਤੇਰੇ ਦਿਨ ਜਾਂਦੇ ਸੂਬਿਆ ਓ! ਪੁੱਗਦੇ। ਡਿੱਗਾ ਤੇਰਾ ਧਰਮ ਅਤੇ ਇਖ਼ਲਾਕ ਹੈ। ਅਸਾਂ ਦੀ ਜ਼ਮੀਰ ਉੱਚੀ, ਸਾਫ਼, ਪਾਕ ਹੈ।੧੧।
ਦੋਹਰਾ
ਦੁਸ਼ਟ ਬਜੀਦੇ ਨਾਲ ਇਉਂ ਝਗੜ ਰਹੇ ਦੋ ਬਾਲ। ਓਧਰ ਮਾਤਾ ਬੁਰਜ ਦਾ ਸੁਣੋ ਮੁਖਤਸਰ ਹਾਲ।
ਕੋਰੜਾ ਛੰਦ
ਮਾਤਾ ਜੀ ਦੇ ਚਿੱਤ ਵਿਚ ਆਇਆ ਖ਼ਿਆਲ ਜੇ। ਅੱਖੀਆਂ ਦਾ ਨੂਰ ਮੇਰੇ ਨਿੱਕੇ ਬਾਲ ਜੇ। ਰੋਬ ਦਾਬ ਵਿਚ ਕੀਤੇ ਦੱਬ ਜਾਣ ਨਾ। ਹਾਕਮਾਂ ਨੂੰ ਦੇਖ ਮਤਾਂ ਘਬਰਾਣ ਨਾ।
ਆਤਮ ਸ਼ਕਤਿ ਨਾਲ ਖ਼ਿਆਲ ਭੇਜਦੇ। ਝੁਕੋ ਨਾ ਜ਼ਰਾ ਵੀ ਅੱਗੇ ਸ਼ਾਹੀ ਤੇਜ ਦੇ।
ਬਾਰ ਬਾਰ ਪੁਨਾ ਪੂਨਾ ਆਸਾ ਮੇਰੀ ਵੇ। ਦੇਂਦੀ ਹੈ ਅਸੀਸ ਦਾਦੀ ਦੁੱਖਾਂ ਘੇਰੀ ਵੇ।
ਉਂਗਲੀ ਧਰਮ ਉੱਤੇ 억 ਰਖਾਉਣੀ। ਜ਼ਾਲਮਾਂ ਦੀ ਪੂਰੀ ਹੋਵੇ ਨਾ ਜੇ ਭਾਉਣੀ। ਮੈਨੂੰ ਨਾ ਮਲਮ ਥੁਆਡਾ ਕੀ ਹਵਾਲ ਹੈ। ਰਾਖਾ ਬੇਟਾ ਤੁਸਾਂ ਦਾ ਗੁਰੂ ਅਕਾਲ ਹੈ।
ਕਿਥੇ ਪਰਿਵਾਰ ਮੇਰਾ ਸਾਰਾ ਅੱਜ ਹੈ ? ਸਾਮਤਾਂ ਦੇ ਵੱਸ ਹੋ ਗਿਆ ਕੁਚੱਜ ਹੈ!
ਕਲਗ਼ੀ ਵਾਲਾ ਕਿਥੇ ਮੇਰਾ ਗਿਆ ਲਾਲ ਹੈ? ਫੇਰ ਨੂੰਹਾਂ ਮੇਰੀਆਂ ਦਾ ਕੀ ਹੁਆਲ ਹੈ ?
ਕਿਥੇ ਹੈਣ ਅੱਜ ਮੇਰੇ ਵੱਡੇ ਪੋਤਰੇ ? ਦੁੱਖਾਂ ਦੇ ਪਹਾੜ ਢਾਏ ਗੰਗੂ ਔਤਰੇ ?
ਖੇਰੂ ਖੇਰੂ ਹੋ ਗਿਆ ਸਾਰਾ ਕੁਟੰਬ ਜੇ। ਬਿਨਾਂ ਕਰਤਾਰ ਕੋਈ ਨਾ ਅਲੰਬ ਜੇ।
ਨਾਜ਼ਕ ਸਮਾਂ ਹੈ ਸਾਡੇ ਸੀਸ ਆ ਗਿਆ! ਚਾਰੇ ਬੰਨੇ ਬੇਟਿਓ! ਅੰਧੇਰ ਛਾ ਗਿਆ!
ਦੇਖੋ ਬੇਟਾ! ਜ਼ਰਾ ਵੀ ਨਾ ਖ਼ੌਫ਼ ਧਾਰਿਓ। ਇਕ ਇੰਚ ਪੈਰ ਨਾ ਪਿਛਾਹਾਂ ਡਾਰਿਓ।
ਸੁੱਖ ਦੁੱਖ ਦੋਵੇਂ ਸਮਕਰ ਜਾਨਣੇ। ਸੜੇ ਸੂਬੇ ਇਕ ਕਰਕੇ ਪਛਾਨਣੇ।
ਮੌਤ ਦਾ ਜੇ ਦੇਣਗੇ ਡਰਾਵਾ ਬੇਟਿਓ! ਗੋਦੀ ਮੌਤ ਰਾਣੀ ਦੀ ਬੇਸ਼ੱਕ ਲੇਟਿਓ।
ਪੰਜਵੇਂ ਗੁਰੂ ਨੇ ਮਰ ਕੇ ਆਪ ਦੱਸਿਆ! ਮੌਤ ਕੋਲੋਂ ਜਾਈਦਾ ਵੀ ਨਹੀਂ ਨੱਸਿਆ।
ਦਾਦੇ ਗੁਰੂ ਤੁਸਾਂ ਦੇ ਸ਼ਹੀਦ ਹੋਏ ਨੇ। ਲੱਖਾਂ ਸਿੱਖ ਧਰਮ ਹੇਤ ਹੱਸ ਮੋਏ ਨੇ।
ਐਸੀ ਮੌਤ ਮਰੇ ਜੋ ‘ਸ਼ਹੀਦ’ ਨਾਉਂ ਹੋ। ਮੌਤ ਕੋਲੋਂ ਪਾਰ ਜੋ ਅਮਰ ਥਾਉਂ ਹੋ।
ਜਦੋਂ ਭੀੜ ਪਵੇ ਯਾਦ ਕਰੋ ਬਾਪ ਨੂੰ। ਹੋਵੇਗਾ ਕਸ਼ਟ ਨਹੀਂ ਫੇਰ ਆਪਨੂੰ।
ਆਤਮ ਪ੍ਰਭਾਉ ਨਾਲ ਹੈ ਸੰਬੋਧ ਦੀ। ਰੱਖਿਆ ਦੇ ਹੇਤ ਅਰਦਾਸਾ ਸੋਧ ਦੀ।
ਸਾਹਿਬਜ਼ਾਦਿਆਂ ਦੇ ਧਰਮ ਸੁਰੱਖਿਅਤ ਕਰਨ ਲਈ ਸ੍ਰੀ ਮਾਤਾ ਜੀ ਅਰਦਾਸ ਕਰਦੇ ਹਨ
ਕੋਰੜਾ ਛੰਦ
ਧੰਨ ਗੁਰੂ ਨਾਨਕ ਜੀ ਅੱਜ ਆਇਕੇ। ਨਿੱਕੇ ਨਿੱਕੇ ਬਾਲਕਾਂ ਜਾਓ ਬਚਾਇਕੇ।
ਧੰਨ ਗੁਰੂ ਅੰਗਦ ਜੀ ਅੰਗ ਸੰਗ ਹੋ। ਤੀਜੇ ਗੁਰੂ ਆਵੀਂ ਨਾ ਧਰਮ ਭੰਗ ਹੋ।
ਗੁਰੂ ਰਾਮਦਾਸ, ਦਾਸ ਦੀਨ ਜਾਣ ਕੇ। ਰੱਖ ਲੋ ਧਰਮ ਵਿਰਦ ਨੂੰ ਪਛਾਣ ਕੇ।
ਪੰਚਮ ਗੁਰੂ ਜੀ ਅੱਜ ਐਸ ਦੁੱਖ ਮੇਂ। ਹਾਜ਼ਰ ਹਜ਼ੂਰ ਹੋਵੋ ਬਿੰਦ ਚੁੱਖ ਮੇਂ।
ਛੇਵੇਂ ਗੁਰੂ ਪਿਤਾ ਮੇਰੇ ਪਤੀ ਗੁਰ ਦੇ। ਵਾਸਤੇ ਧਰਮ ਆਓ ਛੇਤੀ ਟੁਰਦੇ।
ਪੁਨਾ ਗੁਰੂ ਸੱਤਵੇਂ ਹੇ ਹਰਿ ਰਾਇ ਜੀ। ਦੁਖੀਆਂ ਦੀ ਆਣ ਕੇ ਕਰੋ ਸਹਾਇ ਜੀ।
ਅੱਠਵੇਂ ਗੁਰੂ ਜੀ ਬਾਲ ਰੂਪ ਧਾਰ ਕੇ। ਬਾਲਾਂ ਵਿਚ ਭਰ ਦੇਵੋ ਰੂਹ ਸੁਆਰ ਕੇ।
ਅਹੋ! ਮੇਰੇ ਪਤੀ ਨਾਵੇਂ ਗੁਰੂ ਬਾਦਸ਼ਾਹ। ਸਾਡੇ ਉੱਤੇ ਆ ਗਿਆ ਸਖ਼ਤ ਹਾਦਸਾ।
ਤੁਸੀਂ ਆ ਸਹਾਈ ਹੋਵੋ ਐਸ ਵੇਲੇ ਜੇ । ਨਿੱਕੇ ਨਿੱਕੇ ਪੋਤਰੇ ਫਸੇ ਇਕੇਲੇ ਜੇ।
ਤੁਸੀਂ ਭੀੜ ਪਈ ਤੋਂ ਮੱਖਣ ਸ਼ਾਹ ਦਾ। ਬੇੜਾ ਪਾਰ ਕੀਤਾ ਰੂਪ ਲੈ ਮਲਾਹ ਦਾ।
ਕਾਰੂੰ ਦੇਸ ਉੱਤੇ ਦੀਨ ਰਾਜੇ ਨਾਲ ਜੀ। ਤੁਸੀਂ ਹੀ ਸਹਾਈ ਹੋਏ ਸੇ ਦਿਆਲ ਜੀ।
ਅਹੋ! ਮੇਰੇ ਲਾਲ ! ਬਾਜ਼ਾਂ ਵਾਲੇ ਸ਼ੇਰ ਜੀ। ਬਹੁੜੋ ਆ ਛੇਤੀ ਨਾ ਕਰੋ ਜੇ ਦੇਰ ਜੀ।
ਧਰਮ ਦੀ ਕਸੌਟੀ ਉੱਤੇ ਕੱਸੇ ਬਾਲਕੇ। ਰੱਖਿਓ ਅਡੋਲ ਜਾਓ ਖ਼ੌਫ਼ ਟਾਲ ਕੇ।
ਸੀਸ ਦੇਣ, ਦੇਣ ਨਾ ਸਿਦਕ ਬਾਲਕੇ। ਏਹੋ ਹੀ ਸਬਕ ਜਾਣਾ ਏ ਸਿਖਾਲ ਕੇ।
ਬੱਸ ਏਹੋ ਦਾਤ ਦੁਖੀਆ ਮੈਂ ਚਾਹੁੰਦੀ। ‘ਜ਼ਿੰਦੇ ਮੁੜ ਔਣ’ ਐਸੀ ਆਸ ਲਾਹੁੰਦੀ।
ਆਤਮਕ ਅਸੀਸ ਭੇਜੀ ਕੋਲ ਕਾਕਿਆਂ। ਖੜੇ ਸੀ ਤਿਆਰ ਜੇਹੜੇ ਕਾਰ ਸਾਕਿਆਂ।
ਦਿਲਾਂ ਦਾ ਦਿਲਾਂ ਨੂੰ ਹੁੰਦਾ ਸਿੱਧਾ ਰਾਹ ਜੀ। ਪਹੁੰਚੀ ਅਰਦਾਸ ਵਿਚ ਦਰਗਾਹ ਸੀ।
ਮਨੋ ਮਨੀ ਤਾਰ ਮਨਾਂ ਵਿਚ ਖੜਕੀ। ਧਰਮ ਦੀ ਚਿਣਗ ਸਗੋਂ ਹੋਰ ਭੜਕੀ।
ਜੋਸ਼ ਵਿਚ ਆਏ ਸਾਰੇ ਸ਼ੋਕ ਭੁੱਲਗੇ। ਸਾਕਿਆਂ ਦੇ ਉੱਤੇ ਸਗੋਂ ਹੋਰ ਤੁੱਲਗੇ।
ਦੋਹਰਾ
ਗਹਿਮਾ ਗਹਿਮ ਇਕੱਠ ਵਿਚ ਹੁੰਦੀ ਮਾਰੋ ਮਾਰ। ਸਿਰ ਮਾਸੂਮਾਂ ਬੱਚਿਆਂ ਲਟਕ ਰਹੀ ਤਲਵਾਰ।
ਕੋਰੜਾ ਛੰਦ
ਏਸੇ ‘ਕੱਠ ਵਿਚ ਦੋ ਭਲੇ ਪਠਾਨ ਸੀ। ਕੋਟਲਾ ਮਾਲੇਰ ਦੇ ਓਹ ਕੁਲ ਭਾਨ ਸੀ।
ਖ਼ਾਜਾ ਈ ਖ਼ਿਜ਼ਰ ਤੇ ਮੁਹੰਮਦ ਸ਼ੇਰਾ ਸੀ। ਬੋਲੇ ਦੋਵੇਂ ਭਾਈ ਹੋਇਕੇ ਦਲੇਰ ਸੀ।
ਸੁਣੋ ਹੇ ਨਵਾਬ! ਕਿਉਂ ਕਹਿਰ ਕਰਦੇ ? ਕਾਦਰ ਕਰੀਮ ਕੋਲੋਂ ਕਿਉਂ ਨਾ ਡਰਦੇ ?
ਦੱਸੋ ਕੀ ਵਿਗਾੜਿਆ ਮਾਸੂਮ ਬਾਲਕਾਂ ? ਸੁੱਕਦਾ ਕੀ ਰੁੱਖ ਸਿਰ ਤੋੜੇ ਡਾਲ ਦਾ ?
ਮਾਰਨਾ ਜੇ ਚਾਹੋ ਮਾਰੋ ਗੁਰੂ ਫੜ ਕੇ। ਆਵੇਗਾ ਸੁਆਦ ਸਿੱਧੇ ਨਾਲ ਲੜ ਕੇ।
ਨਿੱਕੇ ਨਿੱਕੇ ਬਾਲ, ਹਾਲ ਦੁੱਧ ਪੀਂਵਦੇ। ਦੇਣ ਕੀ ਵਿਗਾੜ ਜੇ ਰਹੇ ਨੇ ਜੀਂਵਦੇ ?
ਕਰੋ ਨਾ ਕਹਿਰ ਓ ਖ਼ੁਦਾ ਦੇ ਵਾਸਤੇ। ਦੋਹਾਂ ਈ ਭਰਾਵਾਂ ਡਾਢੇ ਪਾਏ ਵਾਸਤੇ।
‘ਆਹ ਦਾ ਨਾਹਰਾ’ ਮਾਰਿਆ ਏਨ੍ਹਾਂ ਪਿਆਰਿਆਂ। ਗੁਰੂ ਨੇ ਭੀ ਏਨ੍ਹਾਂ ਨੂੰ ਹੈ ਖ਼ੂਬ ਤਾਰਿਆ।
ਰਾਜ ਭਾਗ ਇਨ੍ਹਾਂ ਦਾ ਅਟੱਲ ਦਿੱਸਦਾ। ਅੱਖਰ ਗ਼ਲਤ ਜਿਉਂ ਬਜ਼ੀਦਾ ਮਿੱਸਦਾ।
ਜ਼ਾਲਮਾਂ ਨੇ ਗੱਲ ਓਨਾਂ ਦੀ ਵਿਚਾਰੀ ਨਾ। ਦਿਲ ਵਿਚ ਕੰਘੀ ਪਾਪੀਆਂ ਨੇ ਮਾਰੀ ਨਾ।
ਤੂਤੀ ਦੀ ਅਵਾਜ਼ ਨੂੰ ਨਗਾਰ ਖ਼ਾਨੇ ਮੇਂ। ਸੁਣੇ ਦੱਸੋ ਕੌਣ ? ਏਸ ਯਾਰਗਾਨੇ ਮੇਂ।
ਆਖ਼ਰ ਨੂੰ ਫੇਰ ਖ਼ਾਂ ਬਜ਼ੀਦਾ ਬੋਲਦਾ। ਦੁੱਧ ਵਿਚ ਕੌਣ ਹੈ ਜੋ ਕਾਂਜੀ ਘੋਲਦਾ ?
ਨਾਹਰ ਖ਼ਾਨ ਤੁਸਾਂ ਦਾ ਭਰਾ ਹੈ ਮਾਰਿਆ। ਫੇਰ ਹੈਫ ਦੇਖੋ ਹਾਅ ਦਾ ਨਾਹਰਾ ਮਾਰਿਆ।
ਰੱਖੀ ਨਾ ਅਣਖ ਨਾ ਸ਼ਰਮ ਆਈ ਹੈ। ਡਾਢੇ ਹੋ ਨਿਲੱਜ ਏਵੇਂ ਰੌਲੀ ਪਾਈ ਹੈ।
ਵੈਰ ਲੈਣਾ ਭਾਈ ਦਾ ਤੁਸਾਨੂੰ ਚਾਹੀਦਾ। ਜੇਹੜੀ ਭਾਂਤ ਫਸੇ ਵੈਰੀ ਠੀਕ ਫਾਹੀਦਾ।
ਅਸੀਂ ਏਨ੍ਹਾਂ ਬੱਚਿਆਂ ਨੂੰ ਦੀਨੀ ਕਰਾਂਗੇ। ਨਹੀਂ ਬਿੰਦ ਚੁੱਖ ਵਿਚ ਮਾਰ ਧਰਾਂਗੇ।
ਫੇਰ ਦਿੱਤਾ ਹੁਕਮ ਸੁਣੋ ਹੇ ਕਾਕਿਓ! ਇਕ ਵਾਰੀ ਫੇਰ ਮੇਰੇ ਵੱਲ ਝਾਕਿਓ। ਮੰਨੋ ਇਸਲਾਮ ਜੇ ਹੈ ਜੀਉਣਾ ਚਾਹੁੰਦੇ। ਨਹੀਂ ਤਲਵਾਰ ਨਾਲ ਸੀਸ ਲਾਹੁੰਦੇ।
ਸ਼ੇਰ ਮੁਹੰਮਦ ਖ਼ਾਂ ਤੇ ਖ਼ਾਜ ਖ਼ਿਜਰ ਖ਼ਾਂ ਮਾਲੇਰ ਵਾਲੇ ਸੂਬੇ ਪ੍ਰਤਿ ਕਹਿੰਦੇ ਹਨ
ਕੋਰੜਾ ਛੰਦ
ਭਾਵੇਂ ਸਾਡਾ ਵੀਰ ਗੁਰੂ ਜੀ ਨੇ ਮਾਰਿਆ। ਏਨ੍ਹਾਂ ਦਾ ਕਸੂਰ ਨਹੀਂ ਰੱਤੀ ਪਿਆਰਿਆ।
ਬ੍ਰਹਮ ਗਿਆਨੀ ਬੱਚੇ ਵੈਰ ਤੇ ਵਿਰੋਧ ਨਾ। ਪੱਖ ਪਾਤ ਊਚ ਨੀਚ ਦਾ ਵੀ ਬੋਧ ਨਾ।
ਸ਼ੀਰ ਖੋਰ ਨੱਨ੍ਹੀਆਂ ਅਜੀਬ ਸੂਰਤਾਂ। ਰੱਬ ਨੇ ਬਣਾਈਆਂ ਹੱਥ ਨਾਲ ਮੂਰਤਾਂ।
ਭੰਨਣਾ ਏਨ੍ਹਾਂ ਨੂੰ ਹੈ ਖ਼ੁਦਾਈ ਤੋੜਨੀ। ਫੁੱਟੀ ਚੀਜ਼ ਸੰਭਵ ਨਾ ਫੇਰ ਜੋੜਨੀ ।
ਸ਼ਾਂਤ ਚਿੱਤ ਅੱਖੀਆਂ ਨੇ ਰਸ ਭਿੰਨੀਆਂ। ਹੈਨ ਲਾ ਮਿਸਾਲ ਦੋਵੇਂ ਜਿੰਦਾਂ ਨੰਨ੍ਹੀਆਂ।
ਏਨ੍ਹਾਂ ਵਿਚ ਜੋਤ ਜਗਦੀ ਅਕਾਲ ਦੀ। ਕਿੱਨ੍ਹ ਸੋਝੀ ਸੂਬਿਆ! ਏਨ੍ਹਾਂ ਦੇ ਨਾਲ ਦੀ।
ਕਰੇਂਗਾ ਤੂੰ ਭੁੱਲ ਹੋਵੇਗੀ ਮੁਆਫ਼ੀ ਨਾ। ਭਾਰੀ ਗੁਨਾਹ ਏਸ ਦੀ ਤਲਾਫ਼ੀ ਨਾ।
ਭਾਈ ਦਾ ਜੋ ਵੈਰ ਬਾਪ ਕੋਲੋਂ ਕੱਢੀਏ। ਨਾ ਕਿ ਏਨ੍ਹਾਂ ਮੂਰਤਾਂ ਦਾ ਸਿਰ ਵੱਢੀਏ।
ਹੋਸ਼ ਕਰ ਹੋਸ਼ ਕਰ ਹੋਸ਼ ਸੂਬਿਆ! ਪੱਖ ਪਾਤ ਸਿੰਧ ਵਿਚ ਜਾਵੇ ਡੂਬਿਆ!
ਸਾਹਿਬਜ਼ਾਦੇ ਕੜਕਵੀਂ ਅਵਾਜ਼ ਨਾਲ ਆਖ਼ਰੀ ਜਵਾਬ ਕਰਦੇ ਹਨ
ਦੋਹਰਾ
ਇਕ ਜ਼ਬਾਨ ਹੋ ਬੋਲਦੇ ਦੋਨੋਂ ਸਿੰਘ ਦਲੇਰ। ਜੋ ਕੁਝ ਕਰਨਾ ਸੋ ਕਰੋ, ਕਰੋ ਨਾ ਮਾਸਾ ਦੇਰ।
ਪਦ ਕੋਰੜਾ ਛੰਦ
ਗ਼ੁੱਸੇ ਹੋਣਾ ਕੰਮ ਨਹੀਂ ਮੂਲ ਆਪ ਦਾ। ਕਰੋ ਸੋਈ ਕੰਮ ਜੇਹੜਾ ਯੋਗ ਜਾਪਦਾ। ਸਾਨੂੰ ਭੀ ਨਾ ਜੀਵਣੇ ਦੀ ਬਾਕੀ ਲੋੜ ਹੈ। ਆਖ਼ਰਾਂ ਨੂੰ ਜੀਵਣੇ ਦੀ ਫੇਰ ਓੜ ਹੈ।
ਵਿਚੋਂ ਕੁਝ ਹੋਰ ਮੂੰਹੋਂ ਹੋਰ ਬੋਲਦੇ। ਝੂਠਿਆਂ ਬਹਾਨਿਆਂ ਨੂੰ ਕਿਉਂ ਹੈਂ ਟੋਲਦੇ।੧।
ਅਸੀਂ ਨਹੀਂ ਮੌਤ ਕੋਲੋਂ ਰੱਤੀ ਡਰਦੇ। ਸਿੱਖ ਸਦਾ ਗੁਰੂ ਉੱਤੇ ਆਸ ਧਰਦੇ। ਕਾਰਨ ਬਣਾਂਗੇ ਅਸੀਂ ਤੇਰੀ ਮੀਚ ਦਾ। ਫਿੱਟਿਆ ਇਰਾਦਾ ਸਾਨੂੰ ਦਿਸੇ ਨੀਚ ਦਾ।
ਪੋਲ ਖੁੱਲ੍ਹ ਜਾਣੇ ਅੱਜ ਤੇਰੇ ਢੋਲ ਦੇ। ਝੂਠਿਆਂ ਬਹਾਨਿਆਂ ਨੂੰ ਕਿਉਂ ਹੈਂ ਟੋਲਦੇ ।੨।
ਫੇਰ ਕਹਿੰਦੇ ਸੂਬਿਆ! ਤੂੰ ਕੀ ਹੈਂ ਸੋਚਦਾ ? ਉਹੋ ਕੰਮ ਕਰ ਜੀਹਦੇ ਲਈ ਲੋਚਦਾ। ਹੋਰ ਫੇਰ ਨਾਲ ਕਿਉਂ ਵਕਤ ਟਾਲਦਾ। ਹੋਣਾ ਹੈ ਅਖ਼ੀਰ ਭਾਣਾ ਜੋ ਅਕਾਲ ਦਾ।
ਲੁੱਕਿਆ ਇਰਾਦਾ ਝੱਟ ਸਾਫ਼ ਖੋਲ੍ਹਦੇ। ਝੂਠਿਆਂ ਬਹਾਨਿਆਂ ਨੂੰ ਕਾਹਨੂੰ ਟੋਲਦੇ ।੩।
ਸਾਡੇ ਖੂਨ ਨਾਲ ਆ ਜਾ! ਹੱਥ ਰੰਗ ਲੈ। ਖੁੱਲ੍ਹੇ ਵਾਕ ਬੋਲ, ਸਾਡੀ ਜਾਨ ਮੰਗ ਲੈ! ਤਲੀ ਉੱਤੇ ਜਿੰਦਾਂ ਰੱਖ ਏਥੇ ਆਏ ਹਾਂ। ਮੌਤ ਨੇ ਹੀ ਤੇਰੇ ਪਿੰਜਰੇ ‘ਚ ਪਾਏ ਹਾਂ।
ਲੈ ਕੇ ਤੇਗ਼ ਹੱਥ, ਸਾਡੇ ਸੀਸ ਗੋਲ ਦੇ। ਦੂਸਰੇ ਜਲਾਦ ਦੱਸ ਕਾਹਨੂੰ ਟੋਲਦੇ 1੪I
ਸਾਡਾ ਜੋ ਇਰਾਦਾ ਓਹ ਅਚੱਲ ਐਨ ਹੈ। ਪੁੱਛਣਾ ਨਾ ਹੋਰ ਕੋਈ ਸਾਕ ਸੈਨ ਹੈ। ਖੜੇ ਹਾਂ ਤਿਆਰ ਅਸੀਂ ਮੌਤ ਵਾਸਤੇ। ਸੀਸ ਸਾਡੇ ਕੱਟਦਾ ਹੈਂ ਨਹੀਂ ਕਾਸਤੇ ?
ਆ ਜਾ ਦੁੱਧ ਵਿਚ ਕਾਂਜੀ ਛੇਤੀ ਘੋਲ ਦੇ। ਆਪ ਹੱਥੀਂ ਤੇਗ਼ ਲੈ ਕੇ ਸੀਸ ਗੋਲ ਦੇ।੫॥
ਸਾਹਿਬਜ਼ਾਦਿਆਂ ਦੇ ਅੰਤਲੇ ਵਾਕ ਸੁਣ ਕੇ ਸੂਬਾ ਸਰਹਿੰਦ ਨੇ ਵਿਚਾਰ ਕਰਨੀ
ਚਿੱਤ ਨਰਮ ਹੋ ਗਿਆ ਵਜ਼ੀਰ ਖ਼ਾਂ ਦਾ, ਦਿਲ ਆਪਣੇ ਕਰਨ ਵਿਚਾਰ ਲੱਗਾ। ਬੱਚੇ ਨਹੀਂ ਇਸਲਾਮ ਕਬੂਲ ਕਰਦੇ, ਭਾਰੀ ਹੋਣ ਏਹ ਕਹਿਰ ਕਹਾਰ ਲੱਗਾ। ਮੇਰਾ ਖ਼ਿਆਲ ਸੀ ਡਰਨਗੇ ਮੌਤ ਕੋਲੋਂ, ਖੇਡ ਹੋਰ ਹੀ ਕਰਨ ਕਰਤਾਰ ਲੱਗਾ। ਛੱਡਾਂ ਜੀਂਵਦੇ ਰਹੇ ਨਾ ਗੱਲ ਮੇਰੀ, ਨਾਲ ਇਨ੍ਹਾਂ ਦੇ ਹਈ ਤਕਰਾਰ ਲੱਗਾ। ਸਮਝ ਆਂਵਦੀ ਨਹੀਂ ਜੋ ਕੀਹ ਕਰੀਏ, ਰਿਹਾ ਵਿਚ, ਨਾ ਵਾਰ ਤੇ ਪਾਰ ਲੱਗਾ। ਦੀਨ ਕਰਨ ਕਬੂਲ ਜੋ ਬਾਲ ਦੋਵੇਂ, ਸਮਝ ਆਪਣਾ ਮੈਂ ਬੇੜਾ ਪਾਰ ਲੱਗਾ। ਮੌਤ ਲਈ ਏਹ ਦੋਵੇਂ ਤਿਆਰ ਬੈਠੇ, ਤੌਬਾ ਤੌਬਾ ਹੁਣ ਕਰਨ ਸੰਸਾਰ ਲੱਗਾ। ਕੇਹੜੇ ਰਾਹ ਮੈਂ ‘ਕੇਸਰੀ’ ਲੰਘ ਜਾਵਾਂ, ਸਿਰ ’ਤੇ ਪੈਣ ਹੁਣ ਜ਼ੁਲਮ ਦਾ ਭਾਰ ਲੱਗਾ।
ਤਸ਼ਵੀਸ਼ ਵਿਚ ਪਏ ਹੋਏ ਸੂਬੇ ਨੂੰ ਝੂਠਾ ਨੰਦ ਨੇ ਫੇਰ ਭੜਕਾਉਣਾ
ਸੂਬਾ ਵਿਚ ਤਸ਼ਵੀਸ਼ ਦੇ ਪਿਆ ਡਿੱਠਾ, ਝੂਠਾ ਨੰਦ ਨੇ ਹੱਕ ਅਦਾ ਕੀਤਾ। ਵੇਲਾ ਪਾਜੀ ਨੇ ਲਿਆ ਹਈ ਸਾਂਭ ਜਲਦੀ, ਗ਼ੁੱਸੇ ਫੇਰ ਬਹੁਤਾ ਜ਼ੋਰ ਲਾ ਕੀਤਾ। ਕਹਿੰਦਾ ਰਹਿਮ ਯਾ ਤਰਸ ਦੀ ਗੱਲ ਕੀ ਹੈ ? ਲਸ਼ਕਰ ਗੁਰੂ ਨੇ ਮਾਰ ਫ਼ਨਾਹ ਕੀਤਾ। ਬੱਚੇ ਨਾਗ ਦੇ ਹੋਣਗੇ ਨਾਗ ਸੂਬਾ, ਕੀਹਨੇ ਰੱਖਣਾ ਯਾਦ ਭਲਾ ਕੀਤਾ। ਰਾਜ ਨੀਤ ਦੀ ਗੱਲ ਨੂੰ ਯਾਦ ਕਰ ਲੈ, ਦੁਸ਼ਮਣ ਛੱਡਿਆ ਜੀਨ੍ਹੇ ਗੁਨਾਹ ਕੀਤਾ। ਸੱਪ ਕਿਸੇ ਨੇ ਪਾਲ ਪਲੋਸਿਆ ਸੀ, ਸ਼ੇਸ਼ਨਾਗ ਸਮ ਦੁੱਧ ਪਿਲਾ ਕੀਤਾ। ਮੌਕਾ ਪਿਆ ਜਦ ਮਾਰਿਆ ਡੰਗ ਸੂਬਾ, ਕੀਹਨੇ ਸੱਪ ਹੈ ਮਿੱਤ ਕਦਾ ਕੀਤਾ। ਏਹੋ ਹਾਲ, ਮਿਸਾਲ ਹਈ ਲੜਕਿਆਂ ਦੀ, ਵਾਧੂ ਆਪ ਨੇ ਪੁੱਛ ਪੁਛਾ ਕੀਤਾ। ਗਰਦਨ ਮਾਰਨੇ ਤੁਰਤ ਹੀ ਯੋਗ ਸੀਗੇ, ਏਨ੍ਹਾਂ ਬੁਰਾ ਅਸਾਡੜੇ ਭਾ ਕੀਤਾ। ਅਜੇ ਕੱਲ੍ਹ ਦੀ ਗੱਲ ਹੈ ਯਾਦ ਕਰ ਲੈ, ਕੀ ਚਮਕੌਰ ਵਿਚ ਗੁਰੂ ਬਲਾ ਕੀਤਾ। ਚਾਲ੍ਹੀ ਸਿੱਖਾਂ ਦੇ ਨਾਲ ਨੁਕਸਾਨ ਸ਼ਾਹੀ, ਨਹੀਂ ਗੇਣਤੀ ਲਾ-ਇਨਤਹਾ ਕੀਤਾ। ਸੂਬਾ ! ਏਨ੍ਹਾਂ ਦਿਆਂ ਵੱਡਿਆਂ ਭਾਈਆਂ ਨੇ, ਤੌਬਾ! ਤੌਬਾ!! ਮੈਦਾਨ ਸਫ਼ਾ ਕੀਤਾ। ਏਹ ਵੀ ਹੋਣ ਵੱਡੇ ਜਦੋਂ ਵੇਖ ਲੈਣਾ, ਧਰਤੀ ਉੱਤੇ ਅਸਮਾਨ ਹਿਠਾਂ ਕੀਤਾ। ਚਸ਼ਮਾ ਉੱਗਦਾ ਮੁੰਦੀਏ ਨਾਲ ਸੂਈ, ਵੱਡਾ ਜੇ ਕਦੇ ਭੁੱਲ ਭੁਲਾ ਕੀਤਾ। ਹਾਥੀ ਗ਼ਰਕ ਹੋ ਜਾਣਗੇ ਵਿਚ ਉਸਦੇ, ਬੰਦ ਹੋਵੇ ਨਾ ਲੱਖ ਉਪਾ ਕੀਤਾ। ਰੁੱਖ ਜੰਮਦਾ ਸੂਤੀਏ ਨਾਲ ਹੱਥਾਂ, ਔਖਾ ਨਹੀਂ ਹੈ ਕਥਨ ਦਨਾ ਕੀਤਾ। ਵੱਡਾ ਹੋਇ ਕੁਹਾੜਿਆਂ ਨਾਲ ਵੱਢੋ, ਕਹਿਨਾ ਸੱਚ ਹੈ ਠੀਕ ਅਜ਼ਮਾ ਕੀਤਾ। ਬਾਕੀ ਛੱਡਣੀ ਚੌਹਾਂ ਦੀ ਭਲੀ ਨਾਹੀ ਕਰਜ਼ਾ, ਰੋਗ, ਰਿਪੁ, ਅੱਗ ਬਿਆਂ ਕੀਤਾ। ਇਕ ਪਾਈ ਤੋਂ ਹੋਵੇ ਹਜ਼ਾਰ ਮੁੜ ਕੇ, ਚਾਹੀਏ ਮੂਲ ਤੋਂ ਕਰਜ਼ ਅਦਾ ਕੀਤਾ। ਰੋਗ ਰਤਾ ਵੀ ਜੇ ਕਦੇ ਰਹੇ ਬਾਕੀ, ਸਮਝੋ ਓਸਨੇ ਜਿਸਮ ਫ਼ਨਾਹ ਕੀਤਾ। ਸ਼ੱਤਰੂ ਜਿੱਤ ਕੇ ਜੀਵੰਦਾ ਛੱਡੀਏ ਜੇ, ਜਾਣੋ ਫੇਰ ਉਸਨੇ ਹਮਲਾ ਆ ਕੀਤਾ। ਭਾਂਬੜ ਸ਼ਾਂਤ ਹੋ ਕੇ ਚਿਣਗ ਰਹੇ ਬਾਕੀ, ਲਓ ਢੇਰਾਂ ਦਾ ਢੇਰ ਸੁਆਹ ਕੀਤਾ। ਨਿੱਕੇ ਸਮਝ ਕੇ ਛੱਡਣਾ ਬਾਲਕਾਂ ਨੂੰ, ਆਖੂ ਬਾਦਸ਼ਾਹ ਕੰਮ ਬੇ ਜਾ ਕੀਤਾ। ਸੂਬਾ ਝਿਜਕਦਾ ਫੇਰ ਉਕਸਾ ਦਿੱਤਾ, ਡਾਢਾ ਜ਼ੁਲਮ ਇਸ ਬੇ-ਹੱਯਾ ਕੀਤਾ। ਹਿੰਦੂ” ਹੋਇਕੇ ਫੇਰ ਨਾ ਸ਼ਰਮ ਕੀਤੀ, ਕੌਮੀ ਪੱਖ ਨਾ ਖ਼ੌਫ਼ ਖ਼ੁਦਾ ਕੀਤਾ। ਜਿਨ੍ਹਾਂ ਹਿੰਦੂਆਂ ਦੀ ਰਖਸ਼ਾ ਹੇਤ ਸਾਈਂ, ਪੂਰਾ ਫ਼ਰਜ਼ ਸਾਰਾ ਸੀਸ ਲਾ ਕੀਤਾ। ਅੱਜ ਉਹੋ ਹੀ ਜਾਨ ਦੇ ਬਣੇ ਵੈਰੀ, ਖ਼ਬਰੇ ਏਨ੍ਹਾਂ ਦਾ ਬੁਰਾ ਕੀ ਚਾ ਕੀਤਾ ? ਭਲਾ ਕਰਦਿਆਂ ‘ਕੇਸਰੀ’ ਬੁਰਾ ਹੋਵੇ, ਕ੍ਰਿਤ ਘਣਾਂ ਪਰ ਪੰਥ ਫ਼ਿਦਾ ਕੀਤਾ।
ਸੂਬੇ ਦੇ ਹੁਕਮ ਦੇਨੇ ਪਰ ਵੀ ਇਸ ਅੱਤਿਆਚਾਰ ਲਈ ਕੋਈ ਵੀ ਤਿਆਰ ਨਾ ਹੋਇਆ
ਉੱਚੀ ਨਾਲ ਅਵਾਜ਼ ਦੇ ਕਿਹਾ ਸੂਬੇ, ਉੱਠੇ ਸ਼ੇਰ ਕੋਈ ਗਰਦਨ ਮਾਰ ਦੇਵੇ। ਪਏ ਹੁੱਜਤਾਂ ਕਰਦੇ ਨੇ ਬਾਲਕੇ ਏ, ਸੀਸ ਏਨ੍ਹਾਂ ਦੇ ਧੜੋਂ ਉਤਾਰ ਦੇਵੇ। ਸੁਣ ਕੇ ਹੁਕਮ ਸੱਨਾਟੜਾ ਛਾ ਗਿਆ ਏ! ਜਣਾ ਖਣਾ ਦਿਲ ਵਿਚ ਧਿਕਾਰ ਦੇਵੇ। ਕੌਣ ਫੁੱਲ ਅਨ ਖਿੜੇ ਨੂੰ ਤੋੜ ਸਿੱਟੇ, ਟੱਕ ਸਰੂ ਦੀਆਂ ਜੜ੍ਹਾਂ ਪਰ ਮਾਰ ਦੇਵੇ। ਗੁੰਚਾ ਕਲੀਆਂ ਦਾ ਤੋੜ ਮਰੋੜ ਕੇ ਤੇ, ਕੇਹੜਾ ਸੱਖਣੀ ਕਰ ਗੁਲਜ਼ਾਰ ਦੇਵੇ। ਕੌਣ ਅਰਸ਼ ਦੇ ਕਿੰਗਰੇ ਢਾਹੁਣੇ ਨੂੰ, ਛੇਤੀ ਨਾਲ ਆਹ! ਹੱਥ ਪਸਾਰ ਦੇਵੇ। ਰੱਬੀ ਸੂਰਤਾਂ ਮੂਰਤਾਂ ਭੰਨ ਕੋਈ, ਕਾਦਰ ਕੁਦਰਤ ਨੂੰ ਕੌਣ ਵੰਗਾਰ ਦੇਵੇ। ਬੱਸ ‘ਕੇਸਰੀ’ ਚਾਰ ਦਿਨ ਜੀਉਣ ਖ਼ਾਤਿਰ, ਐਸਾ ਕੌਣ ਜੋ ਗ਼ਜ਼ਬ ਗੁਜ਼ਾਰ ਦੇਵੇ ?
ਕਤਲ ਅਤੇ ਸ਼ਰਹ ਦੀਨ ਵਿਚ ਲਿਆਉਣ ਦੇ ਫ਼ਤਵੇ ਦੇਣ ਵਾਲਾ ਤੇ ਜਲਾਦਾਂ ਦੀ ਖਾਣ ਸ਼ਹਿਰ ਸਮਾਣਾ
ਇਕ ਸ਼ਹਿਰ ਸਮਾਣਾ ਹੈ ਸ਼ਹਿਰ ਐਸਾ, ਜਿਸਨੂੰ ਕਹੋ ਜਲਾਦਾਂ ਦੀ ਖ਼ਾਨ ਮੀਆਂ। ਜ਼ਾਲਮ ਸੱਯਦ ਵਸਨੀਕ ਜੋ ਏਸ ਥਾਂ ਦੇ, ਪੱਖਪਾਤੀ ਤਅਸਬੀ ਜਾਨ ਮੀਆਂ। ਫਾਰਸ ਮੁਲਕ ਤੋਂ ਆ ਕੇ ‘ਸਮਾਨਿਦਾ’ ਦਾ, ਏਥੇ ਵੱਸਿਆ ਹੈ ਖ਼ਾਨਦਾਨ ਮੀਆਂ। ਇਸੇ ਲਈ ‘ਸਮਾਨਾ’ ਹੈ ਨਾਉਂ ਇਸਦਾ, ਵਜ੍ਹਾ ਤਸਮੀ ਆਈ ਹੋਈ ਜਾਨ ਮੀਆਂ। ਫ਼ਤਵੇ ਕਤਲ ਕਰਨੇ ਅਤੇ ਮਾਰਨੇ ਦੇ, ਦਿੰਦੇ ਰਹੇ ਇਹੋ ਬੇਈਮਾਨ ਮੀਆਂ। ‘ਜਲਾਲੁਦੀਨ’ ਜਲਾਦ ਨੇ ਵਿਚ ਦਿੱਲੀ, ਨੌਵੇਂ ਸਤਿਗੁਰੂ ਦੇ ਹਤੇ ਪ੍ਰਾਨ ਮੀਆਂ। ਫ਼ਤਵਾ ਮਾਰਨੇ ਦਾ ਸਾਹਿਬਜ਼ਾਦਿਆਂ ਨੂੰ, ਦਿੰਦੇ ਏਓਂ ਸੱਯਦ ਅੱਜ ਆਨ ਮੀਆਂ। ਕਹਿੰਦੇ ਕਤਲ ਕਰਨੇ ਜੋਗ ਬਾਲਕੇ ਏ, ਕਿਉਂ ਨਾ ਹੋਏ ਕਾਫ਼ਰ ਮੁਸਲਮਾਨ ਮੀਆਂ। ਏਸ ਜੁਰਮ ਦੀ ਸਜ਼ਾ ਹੈ ਮੌਤ ਇੱਕੋ, ਸ਼ਰ੍ਹਾ ਵਿਚ ਹੈ ਨਬੀ ਫ਼ੁਰਮਾਨ ਮੀਆਂ। ਜਾਨ ਮਾਰੋ ‘ਕੁੱਫਾਰ` ਦੀ ਬਿਨਾਂ ਸੋਚੇ, ਫ਼ਤਵਾ ਲਿੱਖਿਆ ਵਿਚ ਕੁਰਾਨ ਮੀਆਂ। ਜੇਹੜੇ ਹੋਣ ਮੋਮਨ ਮਿਲਸਨ ਹੂਰ ਪਰੀਆਂ, ਸੇਵਾ ਲਈ ਅਮਰਦ ਗਿਲਮਾਨ ਮੀਆਂ“। ਤਰ੍ਹਾਂ ਤਰ੍ਹਾਂ ਦੇ ਐਸ਼ ਅਰਾਮ ਨਾਲੇ, ਨਹਿਰਾਂ, ਬਾਗ਼ ਤੇ ਆਲ੍ਹਾ ਮਕਾਨ ਮੀਆਂ। ਮਿਲੂ ਪਾਕ ਸ਼ਰਾਬ ਅੰਗੂਰ ਦੀ ਜੋ, ਮੋਮਨ ਪੀਣ ਤੇ ਮਜ਼ੇ ਉੜਾਨ ਮੀਆਂ। ਕਲਮਾ ਨਬੀ ਦਾ ਕਰਨ ਕਬੂਲ ਜੇਹੜੇ, ਸੋਈ ਵਿਚ ਬਹਿਸ਼ਤ ਦੇ ਜਾਨ ਮੀਆਂ। ਜੇਹੜੇ ਮਜ਼ਹਬ ਦੇ ਹੈਨ ਏਹ ਢੀਠ ਬੱਚੇ, ਨਿਰਾ ਦੋਜ਼ਖ਼ਾਂ ਦੀ ਉਹ ਤਾਂ ਖ਼ਾਨ ਮੀਆਂ। ਇੱਕੋ ਪ੍ਰੇਮ ਯਾ ਸਾਰ ਸ਼ਹੀਦੀਆਂ ਦੀ, ਨਹੀਂ ਸੁਰਗ ਬਹਿਸ਼ਤ ਪਹਿਚਾਨ ਮੀਆਂ। ਭੋਗ ਮੋਖ ਦੀ ਨਹੀਂ ਪ੍ਰਵਾਹ ਏਹਨਾਂ, ਏਹ ਕੀ ਜਾਣਦੇ ਜੱਨਤਾਂ ਜਾਨ ਮੀਆਂ। ਸਮ, ਦਮ ਸੰਜਮਾਂ ਬਿਰਤ ਨਿਰੋਧ ਅੰਦਰ, ਸਮਾਂ ਗਾਲਦੇ ਧਾਰਨਾ ਧਿਆਨ ਮੀਆਂ। ਵਿਸ਼ੇ ਵਾਸ਼ਨਾ ਤਿਆਗ ਦੀ ਮੂਰਤੀ ਏ, ਫਾਕੇ ਫ਼ਿਕਰ ਦੇ ਵਿਚ ਗ਼ਲਤਾਨ ਮੀਆਂ। ਬਪੁੜੀ ਮੁਕਤ ਵੀ ਇਨ੍ਹਾਂ ਵਗਾਹ ਮਾਰੀ, ਇੱਕੋ ਸਿੱਖਿਆ ਬ੍ਰਹਮ ਦਾ ਗਿਆਨ ਮੀਆਂ। ਸੂਖਮ ਸੁਰਤ ਅਰ ਸੀਲ ਸੰਤੋਖ ਸ਼ਰਧਾ, ਭਗਤੀ ਭਾਵ ਤੇ ਆਤਮ ਇਸ਼ਨਾਨ ਮੀਆਂ। ਕਾਂਟ ਛਾਂਟ ਬਾਰੀਕੀਆਂ ਘੋਟਦੇ ਨੇ, ਨਾਮ, ਦਾਨ ਅਰ ਨਿੱਤ ਇਸ਼ਨਾਨ ਮੀਆਂ। ਏਹ ਕੀ ਜਾਣਦੇ ਸੁਰਗ ਬਹਿਸ਼ਤ ਕੀ ਹੈ ? ਸ਼ਰ੍ਹਾ ਵਿਚ ਹੈ ਜਿਦ੍ਹਾ ਬਿਆਨ ਮੀਆਂ। ਉਸਦੀ ਆਸ ਉਮੈਦ ਹੈ ਮੋਮਨਾਂ ਨੂੰ, ਨਕਸ਼ਾ ਬੱਝਿਆ ਵਿਚ ਅਸਮਾਨ ਮੀਆਂ। ਮੋਮਨ ਪਏ ਉਡੀਕਦੇ ਵਿਚ ਕਬਰਾਂ, ਕਦੋਂ ਕਿਆਮਤ ਦਾ ਹੋਊ ਐਲਾਨ ਮੀਆਂ। ਉਸ ਦਿਨ ਹੋਣਗੇ ਕੈਮ ਤਮਾਮ ਮੁਰਦੇ, ਜ਼ਿੰਦੇ ਹੋ ਖੜ ਜਾਣ ਮਦਾਨ ਮੀਆਂ। ਇਕ ਰੱਬ ਤੇ ਦੂਸਰੇ ਨਬੀ ਹੋਸਨ, ਛਟੀ ਮੋਮਨਾਂ ‘ਤੇ ਧਰਦੇ ਜਾਨ ਮੀਆਂ। ਮੋਮਨ ਸਿੱਧੇ ਬਹਿਸ਼ਤ ਵਿਚ ਹੋਣ ਦਾਖ਼ਲ, ਦੋਜ਼ਖ਼ ਵਿਚ ਕੁੱਫਾਰ ਚਲਾਨ ਮੀਆਂ। ਇਨਾਂ ਗੱਲਾਂ ਦੀ ਸਾਰ ਨਾ ਬਾਲਕਾਂ ਨੂੰ, ਫਸੇ ਪਏ ਹਨ ਵਿਚ ਅਗਿਆਨ ਮੀਆਂ। ਗਰਦਨ ਮਾਰਨਾ ਚਾਹੀਦਾ ਕਾਫ਼ਰਾਂ ਨੂੰ, ਫ਼ਤਵਾ ਸੁਣੋ ਜੇ ਨਾਲ ਧਿਆਨ ਮੀਆਂ। ਮੁਸਲਮਾਨ ਮੱਤਾਂਧ ਤਅਸਬੀ ਏ, ਸ਼ਰ੍ਹਾ ਜ਼ੋਰ ਦੇ ਨਾਲ ਮਨਾਨ ਮੀਆਂ। ਸੁਣਦੇ ਸਾਰ ਸੂਬਾ ਲਾਲੋ ਲਾਲ ਹੋਇਆ, ਅੱਗ ਵਾਂਗ ਭਖਿਆ ਕਹਿਰਵਾਨ ਮੀਆਂ। ਜਦੋਂ ਹੋਰ ਜਲਾਦ ਕੋਈ ਉਠਿਆ ਨਾ, ਏਸ ਜ਼ੁਲਮ ਤੋਂ ਕੰਨੀ ਕਤਰਾਨ ਮੀਆਂ। ਸਾਸ਼ਲ ਬੇਗ ਬਾਸ਼ਲ ਬੇਗ ਦੋਏ ਸੱਯਦ, ਹੋਏ ਕਤਲ ਖ਼ਾਤਿਰ ਸਾਵਧਾਨ ਮੀਆਂ। ਆਏ ਹੋਏ ਏਹ ਸ਼ਾਹੀ ਅਤਾਬ ਅੰਦਰ, ਪਹੁੰਚ ਚੁੱਕਾ ਸੀ ਕਦੇ ਨੁਕਸਾਨ ਮੀਆਂ । ਲਾਲਚ ਜਾਗਿਆ ਕਰੋ ਪ੍ਰਸੰਨ ਸੂਬਾ, ਬੇੜੀ ਵਿਚ ਪੱਥਰ ਲੱਗੇ ਪਾਨ ਮੀਆਂ। ਤੇਗ਼ਾਂ ਹੱਥ ਲੈ ਕੇ ਜ਼ਾਲਮ ਖੜੇ ਹੋਏ, ਨਿੱਕੀਆਂ ਜਿੰਦਾਂ ਪਰ ਢਾਹੁਣ ਅਸਮਾਨ ਮੀਆਂ। ਬਾਲ ਬਿਰਧ ਅਰ ਤੀਸਰੇ ਇਸਤ੍ਰੀ ’ਤੇ, ਚੁੱਕੇ ਹੱਥ ਜੋ ਗੀਦੀ ਮਹਾਨ ਮੀਆਂ। ਸ਼ਰਮ ਧਰਮ ਹੱਯਾ ਨਾ ਰਿਹਾ ਬਾਕੀ, ਸ਼ੀਰ ਖੋਰਾਂ ਪਰ ਤੇਗ਼ ਚਲਾਨ ਮੀਆਂ। ਅੱਗੇ ਦਾਦੇ ਦਾ ਸੀਸ ਉਤਾਰ ਆਏ, ਲੱਗੇ ਪੋਤਿਆਂ ਦੀ ਲੈਣ ਜਾਨ ਮੀਆਂ। ਜ਼ੁਲਮ ਕਰੋ ਬਈ ਜ਼ਾਲਮੋਂ ਕਰੋ ਛੇਤੀ, ਔਣ ਲੱਗਾ ਏ ਸਖ਼ਤ ਤੂਫ਼ਾਨ ਮੀਆਂ। ਮਜਮਾ ਗਿਆ ਹਰਾਨਿਆ, ਸ਼ੋਕ ਛਾਯਾ ! ਹਾਹਾ! ਕਾਰ ਹੋ ਗਿਆ ਜਹਾਨ ਮੀਆਂ। ਤੇਗ਼ ਜ਼ਾਲਮਾਂ ਜ਼ੁਲਮ ਦੀ ਧੂਹ ਲੀਤੀ! ਇਸ ਨੂੰ ਰੱਬ ਹੀ ਕਰੂ ਮਿਆਨ ਮੀਆਂ। ਰੱਜ ਰੱਜ ਮਾਸੂਮਾਂ ਦਾ ਖੂਨ ਪੀਵੋ, ਖੜੇ ਦੇਣ ਖ਼ਾਤਿਰ ਬਲੀਦਾਨ ਮੀਆਂ। ਬਾਕੀ ਰੱਖੋ ਨਾ ਕਰੋ ਜ਼ਮੀਰ ਠੰਢੀ, ਕਰੋ ਚਰੋ ਬਈ ਲਹੂ ਲੁਹਾਨ ਮੀਆਂ। ਤਹੇ ਤੇਗ਼ ਕਰਨੇ ਲਈ ਪਾਲ ਕੇ ਤੇ, ਕੀਤੇ ਹੈਨ ਸਪੁਰਦ ਮਹਿਮਾਨ ਮੀਆਂ। ਦੇਖ ਦੇਖ! ਓਇ ਪਾੜ ਕੇ ਦੇਖ ਅੱਖਾਂ, ਸਾਕਾ ਦੇਖ ਓਇ ਦੇਖ ਅਸਮਾਨ ਮੀਆਂ। ਜਿੰਦਾਂ ਵਾਰਦੇ ਕਿਸ ਤਰ੍ਹਾਂ ਖਿੜੇ ਮੱਥੇ, ਹੱਸ ਹੱਸ ਸ਼ਹੀਦੀਆਂ ਪਾਨ ਮੀਆਂ। ਭੂਤ ਕਾਲ ਦਾ ਰੱਦ ਰੀਕਾਰਡ ਦਿੱਤਾ, ਹੋਇਆ ਇਸ ਤਰ੍ਹਾਂ ਕੌਣ ਕੁਰਬਾਨ ਮੀਆਂ। ਕੈਮ ਕੀਤੀ ਹੈ ਹੱਦ ਭਵਿੱਖਤਾਂ ਦੀ, ਲਾ ਮਿਸਾਲ ਸਾਕਾ ਵਰਤਮਾਨ ਮੀਆਂ। ਐਸੀ ਹੋਈ ਨਾ ਅੱਗੇ ਨੂੰ ਕਰੇ ਕੋਈ, ਸੁਣ ਕੇ ਹੁੰਦਾ ਜਹਾਨ ਹਰਾਨ ਮੀਆਂ। ਚੁੱਪ ਛਾ ਗਈ ਹੋਏ ਨੇ ਫੱਕ ਚਿਹਰੇ, ਘਾਬਰ ਗਏ ਹਿੰਦੂ ਮੁਸਲਮਾਨ ਮੀਆਂ। ਭਾਵੀ ਟਲੇ ਨਾ ਤੁਲ ਗਈ ਸਾਕਿਆਂ ’ਤੇ, ਤੇਗ਼ ਫੜ ਲਈ ਹੱਥ ਸ਼ੈਤਾਨ ਮੀਆਂ। ਜ਼ਾਲਮ ‘ਕੇਸਰੀ’ ਜ਼ੁਲਮ ਕਮਾਉਣ ਲੱਗੇ! ਕਿਕੂੰ ਹੋਵੇਗੀ ਇਨ੍ਹਾਂ ਕਲਿਆਨ ਮੀਆਂ। ਸੂਬਾ ਸਰਹਿੰਦ ਨੇ ਸਾਹਿਬਜ਼ਾਦਿਆਂ ਨੂੰ ਕਤਲ ਕਰਨੇ ਦਾ ਹੁਕਮ ਦੇਣਾ
ਦੋਹਰਾ
ਖ਼ਾਨ ਬਾਜੀਦ ਨਵਾਬ ਨੇ ਦਿੱਤਾ ਹੁਕਮ ਸੁਣਾਇ। ਦੋਵੇਂ ਸਾਹਿਬਜ਼ਾਦਿਆਂ ਮਾਰੋ ਕੰਧ ਚਿਣਾਇ।
ਕੋਰੜਾ ਛੰਦ
ਨੀਂਹ ਪੁੱਟ ਕੰਧ ਦੀ ਤਿਆਰੀ ਕਰਦੇ। ਗਾਰਾ ਮਿੱਟੀ ਇੱਟਾਂ ਨਾਲ ਨੀਂਹ ਧਰਦੇ। ਦੋਵੇਂ ਲਾਲ ਸਾਡੇ ਹਾ! ਉੱਤੇ ਖੜ੍ਹਾਏ ਨੇ। ਗੋਡਿਆਂ ਦੇ ਤੀਕ ਕੰਧਾਂ ‘ਚ ਚਿਣਾਏ ਨੇ। ਪੁੱਛਦਾ ਹੈ ਸੂਬਾ ਦੱਸੋ ਅਜੇ ਵੇਲਾ ਹੈ। ਵਿਛੜੇਗਾ ਅਬੀ ਯੇਹ ਤਮਾਮ ਮੇਲਾ ਹੈ। ਬੋਲਦੇ ਨੇ ਦੋਵੇਂ ਸ਼ੇਰ ਜ਼ਰਾ ਮੁਖ ਤੋਂ। ਰੱਤੀ ਵੀ ਨਾ ਡਰੇ ਮੌਤ ਆਦਿ ਦੁਖ ਤੋਂ।
ਜਪੁਜੀ ਦਾ ਪਾਠ ਮੁਖ ਤੋਂ ਉਚਾਰਦੇ। ਮੀਟ ਦੋਵੇਂ ਨੈਣ ਰਿਦੇ ਗੁਰੂ ਧਾਰਦੇ। ਹੋਈ ਜਾਂ ਚਿਣਾਈ ਜਦੋਂ ਲੱਕ ਤੀਕ ਜੀ। ਪੁੱਛਦਾ ਹੈ ਸੂਬਾ ਗੱਲ ਐਨ ਠੀਕ ਜੀ। ਫੇਰ ਵੀ ਨਾ ਲਾਲ ਮੁੱਖੋਂ ਪਾਠ ਛੱਡਦੇ। ਆਪਣੇ ਧਿਆਨ ਗੁਰੂ ਵਿਚ ਗੱਡਦੇ। ਫੇਰ ਮਹਾਂ ਕਾਲ ਦਾ ਧਿਆਨ ਧਾਰਿਆ। ਮਿਟੇ ਮੁੱਖ ਨੈਣ ਉਫ਼! ਨਾ ਉਚਾਰਿਆ। ਆਖ਼ਰ ਨੂੰ ਧੜਾਂ ਤੀਕ ਚਿਣ ਹੋ ਗਏ। ਜ਼ਾਲਮ ਜਲਾਦ ਤੇਗ਼ਾਂ ਧੂ ਖਲੋ ਗਏ। ਚੁੱਪ ਚਾਪ ਨਾਮ ਵਿਚ ਹੋਏ ਲੀਨ ਜੇ। ਦੇਹਾਂ ਅਧਿਆਸ ਦੋਹਾਂ ਛੱਡ ਦੀਨ ਜੇ। ਆਖਰਾਂ ਨੂੰ ਪੁੱਛਦੇ ਜਲਾਦ ਖਿੱਝ ਕੇ। ਜਾਵਾਂਗੇ ਤੁਸਾਡੇ ਨਾਲ ਅੱਜ ਸਿੱਝ ਕੇ। ਫੇਰ ਵੀ ਨਾ ਬੋਲੇ ਜਦੋਂ ਲਾਲ ਗੁਰ ਦੇ। ਇੱਕੋ ਲਿਵ ਤਾਰ ਲੱਗੀ ਵਿਚ ਉਰ ਦੇ। ਏਸ ਵਾਕੇ ਵਿਚ ਭਿੰਨ ਭਿੰਨ ਰਾਇ ਹੈ।
ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ‘ਚ ਇਸ ਤਰ੍ਹਾਂ ਲਖਾਇ ਹੈ :
“ਸੁਨਿ ਪਾਪੀ ਤਬ ਏਵ ਨਵਾਬ। ਇਤ ਉਤ ਦੇਖਨ ਲਯੋ ਸ਼ਤਾਬ। ਜੇ ਨਰ ਸਨਮੁਖ ਕਿਨਹੁਂ ਨ ਮਾਨੀ। ਹਮ ਤੇ ਬਾਲਕ ਹੋਇਂ ਨ ਹਾਨੀ। ਬਹੁਰ ਦਾਹਿਨੀ ਦਿਸ਼ ਜਬਿ ਹੇਰਾ। ਨੀਵ ਵ ਕਰ ਥਿਰ ਤਿਸ ਬੇਰਾ। ਬਾਮੇ ਦਿਸ਼ ਤਬਿ ਦ੍ਰਿਸ਼ਟਿ ਚਲਾਈ। ਨਹਿਂ ਕਿਨ ਮਾਨੀ ਗਿਰਾ ਅਲਾਈ। ਪਾਛਲ ਦਿਸ਼ਿ ਖਲ ਬਾਂਛਤ ਬੇਗ। ਗਿਲਜਾ ਪਸ਼ਚਮ ਕੋ ਯੁਤਿ ਬੇਗ। ਲਿਹ ਬਾਲਕ ਇਤ ਦਿਸ਼ ਮਹਿਂ ਹੋਇ। ਧਰ ਤੇ ਜੁਦੇ ਕਰਹੁ ਸਿਰ ਦੋਇ। ਰਾਖਨ ਕੀ ਲਾਯਕ ਇਹ ਨਾਂਹੀ। ਪਾਇਂ ਫਤੂਰ ਦੇਸ਼ ਕੇ ਮਾਂਹੀ। ਸੁਨਿ ਗਿਲਜਾ ਤਬਿ ਲੇ ਕਰਿ ਗਯੋ। ਓਟ ਸਭਾ ਕੇ ਹੋਵਤਿ ਭਯੋ। ਪਾਪੀ ਨਿਰਯਾਲੂ ਮਤਿਮੰਦ। ਗਹਿ ਪੈਂਚੀ ਸ਼ਮਸ਼ੇਰ ਬਿਲੰਦ। ਧੀਰਜ ਧਰੇ ਗੁਰੂ ਸੁਤ ਖਰੇ। ਨਹੀਂ ਦੀਨ ਮਨ ਕੈਸਿਹੁਂ ਕਰੇ। ਧਰਮ ਹੇਤ ਸਿਰ ਚਾਹਤਿ ਦੀਯੋ। ਤੁਰਕਨਿ ਜਰਾਂ ਬਿਨਾਸ਼ੀ ਕੀਯੋ। ਸਿਮਰਹਿ ਬਾਤ ਪਿਤਾਮੇ ਕੇਰੀ। ਲਾਜ ਬੰਸ ਕੀ ਚਹੈਂ ਬਡੇਰੀ। ਅਧਮ ਤਬੈ ਤਰਵਾਰ ਚਲਾਈ। ਸਿਰ ਜੁਝਾਰ ਸਿੰਘ ਦਯੋ ਗਿਰਾਈ। ਬਹੁਰ ਦੂਸਰੋ ਵਾਰ ਪ੍ਰਹਾਰਾ। ਫਤੇ ਸਿੰਘ ਕੋ ਸੀਸ ਉਤਾਰਾ। ਹਾਹਾਕਾਰ ਜਹਾਂ ਕਹਿਂ ਭਯੋ। ਜੈ ਜੈ ਸ਼ਬਦ ਸੁਰਨਿ ਮਹਿਂ ਥਿਯੋ। ਧੰਨ ਗੁਰੂ ਸੁਤ ਧੀਰਜਧਾਰੀ। ਧਰਮ ਹੇਤ ਸਿਰ ਦਿਯੋ ਉਤਾਰੀ।”
ਗੁਰ ਪ੍ਰਤਾਪ ਸੂਰਜ ਪ੍ਰਮਾਣੀਕ ਪੁਸਤਕ, ਸਿੱਖਾਂ ਹੈ ਈਹੋ ਇਤਿਹਾਸ ਵੱਡਾ। ਕੰਧਾਂ ਵਿਚ ਚਿਣਵਾਉਣ ਦਾ ਵੱਡਾ ਵਾਕਾ, ਮਸ਼ਹੂਰ ਜਹਾਨ ਜੋ ਖ਼ਾਸ ਵੱਡਾ। ਇਸਦੇ ਲੇਖ ਅਨੁਸਾਰ ਇਹ ਨਹੀਂ ਹੋਇਆ, ਕੀਤਾ ਕੰਮ ਤਲਵਾਰ ਬੇਰਾਸ ਵੱਡਾ। ਤੇਗ਼ ਨਾਲ ਜਲਾਦਾਂ ਨੇ ਸੀਸ ਕੱਟੇ ! ਹੋਇਆ ਤਦੇ ਸਰਹਿੰਦ ਨਿਵਾਸ ਵੱਡਾ। ਟੋਡਰ ਮੱਲਾ” ਪ੍ਰੇਮੀ ਸੀ ਇਕ ਹਿੰਦੂ, ਰੱਖਦਾ ਵਿਚ ਸਰਹਿੰਦ ਨਿਵਾਸ ਵੱਡਾ। ਸ਼ਾਹੂਕਾਰ ਮਸ਼ਹੂਰ ਸੀ ਦਯਾ ਵਾਲਾ, ਸੁਣ ਕੇ ਗੱਲ ਉਨ ਧਾਰਿਆ ਤ੍ਰਾਸ ਵੱਡਾ। ਆਇਆ ਭੱਜ ਕੇ ਕਰਾਂ ਫ਼ਰਯਾਦ ਛੇਤੀ, ਢੇਰ ਮਾਯਾ ਦਾ ਸੀ ਉਸ ਪਾਸ ਵੱਡਾ। ਮੋਹਰਾਂ ਤੋਲ ਸ਼ਾਹਜ਼ਾਦਿਆਂ ਤੁੱਲ ਦੇਵਾਂ, ਜ਼ਿੰਦੇ ਲਵਾਂ ਛੁੜਾਇ, ਸ਼ਾਬਾਸ਼ ਵੱਡਾ। ਵਾਹੋ ਦਾਹ ਕਚਹਿਰੀ ਦੇ ਵਿਚ ਪੁੱਜਾ, ਕਰਨ ਵਾਸਤੇ ਇਉਂ ਇਲਤਮਾਸ ਵੱਡਾ। ਜਦੋਂ ਡਿੱਠਾ ਆਹ ਲਾਲ ਹਨ ਫੁੱਟ ਚੁੱਕੇ ! ਖੋਇ ਬੈਠਿਆ ਹੋਸ਼ ਹਵਾਸ ਵੱਡਾ। ਸੰਘ ਸੁੱਕਿਆ ਅੱਖੀਂ ਅੰਧੇਰ ਛਾਇਆ! ਲੱਕ ਟੁੱਟ ਕੇ ਹੋਇਆ ਨਿਰਾਸ ਵੱਡਾ। ਅਰਸ਼ੀ ਕਿੰਗਰੇ ਜ਼ਾਲਮਾ ਢਾਹ ਦਿੱਤੇ! ਸਰੀਰ ਥਿੜਕ ਕੇ ਹੋਇਆ ਉਦਾਸ ਵੱਡਾ। ਚਮਨ ਪੁੱਟ ਗੁਲਚੀਂ ਬਰਬਾਦ ਕੀਤਾ! ਬਿਸਮੈ ਹੋ ਗਿਆ ਗੁਰੂ ਕਾ ਦਾਸ ਵੱਡਾ। ਲੇਖਕ ਹੋਰ ਹਨ ਕਈ ਪ੍ਰਕਾਰ ਲਿਖਦੇ, ਮਤ ਭੇਦ ਹੈ ਕਰੋ ਨੀਰ ਜਾਸ ਵੱਡਾ। ਟੋਡਰ ਮੱਲ ਦਾ ਪੋਤਰਾ ਕਹਿਣ ਇਸ ਨੂੰ, ਅਕਬਰ ਪਾਸ ਦੀਵਾਨ ਜੋ ਖ਼ਾਸ ਵੱਡਾ। ਨਿਮਨ ਲਿਖਤ ਵਿਚ ‘ਕੇਸਰੀ’ ਪੜ੍ਹੋ ਪਾਠਕ! ਅੰਞ ਲਿੱਖਦਾ ‘ਪੰਥ ਪ੍ਰਕਾਸ਼’ ਵੱਡਾ।
ਸੁੱਚਾ ਨੰਦ ਥਾ ਨਾਮ ਸਖਯਾਤੈ। ਬੋਲਯੋ ਸੋ ਪਾਪੀ ਇਸ ਭਾਂਤੈ। ਸਰਪ ਸੁਤਨ ਕੋ ਸਭੀ ਬਿਦਾਰੈਂ। ਉਨਕਾਂ ਕਹਾਂ ਕਸੂਰ ਨਿਹਾਰੈਂ। ਹੈਂ ਏਹੁ ਉਸੀ ਸਾਂਪ ਕੇ ਬੇਟੇ। ਜਿਨ ਰਣ ਮੈਂ ਬਹੁ ਤੁਰਕ ਸਮੇਟੇ। ਦੋਸ ਬਿਦੋਸ਼ ਨਾ ਜ਼ਰਾ ਨਿਹਾਰੋ। ਕਤਲ ਕਰਾਵੋ ਬਿਨਾਂ ਅਵਾਰੋ। ਜੌ ਮਾਨੇਗੇ ਦੀਨ ਹਮਾਰਾ। ਤੌ ਕਰਹੌ ਇਨਕਾ ਛੁਟਕਾਰਾ। ਹੁਤੋ ਦਰੋਗਾ ਸੱਯਦ ਤਹਾਂ। ਬਸਨੋਹਾਰ ਸਮਾਣੇ ਅਹਾ। ਪਕੜ ਲੇ ਗਯੋ ਜਹਾਂ ਮਿਮਾਰ। ਬੁਰਜ ਰਹੇ ਥੇ ਕਰ ਤੈਯਾਰ। ਇਨ ਦੋਨੋਂ ਕੋ ਬੀਚ ਦਿਵਾਰੈਂ। ਚਿਨਨ ਲਗੇ ਪਾਹਨ ਦਿਲ ਭਾਰੈਂ। ਹੱਥੀਂ ਪੈਰੀਂ ਪਾਏ ਸੰਗਲ। ਠਾਂਢੇ ਦੋਵੇਂ ਬੀਚ ਉਦੰਗਲ। ਗੋਡਿਆਂ ਤੋੜੀ ਕੰਧ ਜੋ ਆਈ। ਚਿਣਦੇ ਜਾਵਨ ਤੁਰਕ ਕਸਾਈ। ਜਾਇ ਬਜੀਦੇ ਫੇਰ ਉਚਾਰਾ। ਹੁਣ ਬੀ ਮੰਨੋ ਹੁਇ ਛੁਟਕਾਰਾ। ਦੀਨ ਕਬੂਲੋ ਮੌਜਾਂ ਮਾਣੋ। ਕਿਉਂ ਖੋਵਤ ਹੈਂ ਜਾਨ ਅਜਾਣੋ।
ਜ਼ੋਰਾਵਰ ਸਿੰਘ ਏਹ ਸੁਣਾਈ। ਦੁਸ਼ਟ ਹਰਾਮੀ ਕਰ ਬੁਰਿਆਈ। ਤੇਰੇ ਕਹੈ ਧਰਮ ਨਹਿ ਤਜ ਹੈਂ। ਧਰਮ ਹਮਾਰਾ ਰਾਖੇ ਲਜ ਹੈਂ। ਦੁਸ਼ਟਾ ਕਰ ਲੈ ਮਨ ਦੇ ਭਾਣੇ। ਵਸ ਤੇਰੇ ਆ ਪਏ ਇਆਣੇ। ਅਗੇ ਸਾਹਿਬ ਲੇਸੀ ਲੇਖਾ। ਓਥੇ ਰਹੇ ਨਾ ਜੱਗ ਭੁਲੇਖਾ।
ਸੁਣ ਕੇ ਨਾਜ਼ਮ ਹੁਇ ਸ਼ਰਮਿੰਦਾ। ਪਿੱਛੇ ਹਟਿਆ ਜਬ ਹੀ ਗੰਦਾ। ਫਟਿਓ ਬੁਰਜ ਜਿਸ ਮੈਂ ਥੇ ਚਿਨਤੇ। ਈਟੈਂ ਇਤ ਉਤ ਚਲੀ ਅਗਿਨਤੇ। ਜ਼ਖ਼ਮੀ ਕਰੋ ਤੁਰਕ ਬਹੁ ਮਾਰੇ। ਰੌਰਾ ਪਰਿਓ ਸ਼ਹਿਰ ਮਝਾਰੇ। ਛੋਡ ਭਗੇ ਸਭ ਹੀ ਇਤ ਉਤੋਂ। ਟੋਡਰ ਮੱਲ ਪੋਤਨ ਸੁਤੈਂ। ਹੁਕਮ ਬਜੀਦੇ ਖ਼ਾਂ ਕੇ ਸਾਥ। ਆਇ ਉਠਾਇ ਹਾਥੋਂ ਹਾਥ। ਦਈ ਮਿੰਮਾਈ ਦੂਧ ਪਿਲਾਏ। ਫਿਰ ਮਾਤਾ ਜੀ ਪਾਸ ਪੁਚਾਏ। ਸੇਵਾ ਸਰਬ ਭਾਂਤ ਕਰਵਾਈ। ਪਾਂਚ ਦਿਵਸ ਤਹਿ ਰਖੇ ਟਿਕਾਈ ।
ਤਬੈ ਬਜੀਦੇ ਫੇਰ ਬੁਲਾਏ। ਭਾਂਤ ਅਨੇਕੇ ਡਰ ਦਿਖਰਾਏ। ਸਾਹਿਬਜ਼ਾਦਿਓਂ ਦਏ ਜਵਾਬ। ਲਿਖੇ ਨ ਜਾਹਿ ਆਤ ਦਿਗਆਬ। ਓੜਕ ਸੂਬੇ ਦੁਸਟ ਸੁਨਾਈ। ਮਾਰੋ ਗਰਦਨ ਇਨੈ ਇਥਾਈਂ। ਸਾਸ਼ਲ ਬੇਗ ਅਰ ਬਾਸ਼ਲ ਬੇਗ। ਉਭੈ ਜਲਾਦਨ ਖਿਚ ਕੈ ਤੇਗ਼। ਤਿਸਹੀ ਠੋਰ ਖਰਿਓਂ ਕੇ ਸੀਸ। ਤੁਰਤ ਉਤਾਰੈਂ ਦੁਸ਼ਟੈਂ ਰੀਸ। ਹਿੰਦੂ ਤੁਰਕ ਕਚਹਿਰੀ ਕਰੇ। ਹਾ ਹਾ! ਦੀਨੇ ਸਭਨ ਬਧੇਰੇ। ਟੋਡਰ ਮੱਲ ਦੇ ਪੋਤਨ ਤਾਈਂ। ਕਹਯੋ ਜਰਾਵੋ ਇਨੈ ਲਜਾਈ।”
ਜਪੁਜੀ ਦੇ ਪਾਠ ਮੁੱਕਣੇ ਤੇ ਆਏ ਸੀ। ਜ਼ਾਲਮਾਂ ਨੇ ਵਾਰ ਤੇਗ਼ ਦੇ ਚਲਾਏ ਸੀ।
ਜਿਨ੍ਹਾਂ ਨੇ ਧਿਆਇਆ ਨਾਮ ਸੋਈ ਜਿੱਤਗੇ। ਵੱਡੇ ਗੁਰੂ ਜੀ ਦੇ ਵਾਕ ਅੱਤ ਹਿੱਤ ਦੇ। ਜੋਤ ਵਿਚ ਜੋਤ ਝੱਟ ਪੱਟ ਰੱਲਗੀ। ਬਿਜਲੀ ਚਮਕ ਅੱਖ ਫੇਰ ਛੱਲਗੀ।
ਧੜਾਂ ਤੋਂ ਅਲੱਗ ਹਾ! ਹਾ! ਸੀਸ ਹੋ ਗਏ। ਸਦਾ ਲਈ ਲਾਲ ਸੁਖ ਨੀਂਦ ਸੌਂ ਗਏ। ਜਿੱਤ ਗਏ ਕਾਲ ਨੂੰ ਅਕਾਲ ਬਾਲਕੇ। ਕੀਤੇ ਨਾ ਮਲੂਮ ਰੱਤੀ ਫੱਟ ਕਾਲਕੇ।
ਨਿਕਲੀਆਂ ਰੂਹਾਂ ਜਦੋਂ ਤਨ ਛੋੜ ਕੇ। ਸੂਰਜ ਅੰਧੇਰਾ ਕੀਤਾ ਮੁਖ ਮੋੜ ਕੇ। ਸ਼ੋਕ ਨਾਲ ਛਾ ਗਿਆ ਅੰਧੇਰਾ ਘੁੱਪ ਸੀ। ਪੀਲੀ ਪੀਲੀ ਹੋਈ ਜੋ ਸਫ਼ੈਦ ਧੁੱਪ ਸੀ।
ਹਾਹਾ ਕਾਰ ਮਚਿਆ ਸਾਰੇ ਜਹਾਨ ’ਤੇ। ਸੁਰ, ਨਰ, ਦੇਵੀ, ਦੇਵ ਪਰੇਸ਼ਾਨ ਸੇ। ਪੱਤਾ ਪੱਤਾ ਜੀ ਭਲਾ ਕਹੇ ਜ਼ਬਾਨ ਤੋਂ। ਬਾਦਸ਼ਾਹੀ ਜੜ੍ਹ ਜਾਊਗੀ ਜਹਾਨ ਤੋਂ।
ਨਿੱਕੀਆਂ ਮਾਸੂਮਾਂ ਨੂੰ ਬਿਨਾਂ ਗੁਨਾਹ ਤੋਂ। ਕੀਤਾ ਹੈ ਮਲੇਛ ਪਾਪੀਆਂ ਫ਼ਨਾਹ ਜੋ।
ਨੂਰ ਵਿਚ ਨੂਰ ਹੋਏ ਦੋਵੇਂ ਸੂਰਮੇ। ਭੌਤਕ ਸਰੀਰ ਭਾਵੇਂ ਜਾਣੇ ਧੂਰਮੇ। ਵੱਡੇ ਵੀਰਾਂ ਪਾਸ ਜਾ ਵਿਰਾਜੇ ਲਾਲ ਜੀ। ਜਿੱਤ ਕਰ ਕਾਲ ਨੂੰ ਹੋਏ ਅਕਾਲ ਜੀ।
ਦੋਹਰਾ
ਭਾਈ ਟੋਡਰ ਮਲ ਆਹ! ਪਿਟਦਾ ਅਪਣੇ ਲੇਖ। ਗਿਆ ਬੁਰਜ ਵਲ ਦੁਖਤ ਹੋ ਅਚਰਜ ਸਾਕਾ ਦੇਖ।
ਕੋਰੜਾ ਛੰਦ
ਸ਼ੋਕ ਨਾਲ ਹੰਝੂ ਨੇਤ੍ਰਾਂ ‘ਚੋਂ ਕੇਰਦਾ। ਮਾਤਾ ਦੇ ਬੁਰਜ ਗਿਆ ਸੀਸ ਫੇਰਦਾ। ਅਹੋ ਮਾਤ ਸ਼ੋਕ ਦੀ ਖ਼ਬਰ ਸੁਣ ਲੌ। ਸ਼ੋਕ! ਸ਼ੋਕ! ਸ਼ੋਕ! ਹਾਏ! ਸੀਸ ਧੁਣ ਲੌ। ਜ਼ਾਲਮਾਂ ਨੇ ਕੀਤਾ ਹੈ ਜ਼ੁਲਮ ਭਾਰੜਾ। ਦੱਸ ਨਹੀਂ ਹੁੰਦਾ ਮਾਤਾ! ਐਡ ਕਾਰੜਾ।
ਮਾਰੇ ਨੇ ਮਾਸੂਮ ਬੱਚੇ ਤੇਰੇ ਲਾਡਲੇ। ਹਾਏ ! ਹਾਏ! ਮਾਏ ! ਨੀਹਾਂ ਵਿਚ ਗਾਡਲੇ।
ਕੀਤੇ ਨੇ ਸ਼ਹੀਦ ਮਾਤਾ ਦੋਨੋਂ ਬਾਲਕੇ। ਹੋਏ ਨੇ ਸ਼ਿਕਾਰ ਹਾ! ਅਕਾਲ! ਕਾਲ ਕੇ।
ਸੁਣਦਿਆਂ ਹੀ ਸਾਰ ਮਾਤਾ ਸੁੱਧ ਭੁੱਲਗੀ। ਗੋਲੀ ਸੀਨੇ ਲੱਗੀ ਹਾਏ ਮਾਤ ਡੁੱਲਗੀ।
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਐਸਾ ਲੇਖ ਹੈ।
ਮਾਤਾ ਜੀ ਦੀ ਰੇਖ ਵਿਚ ਵੱਜੀ ਮੇਖ ਹੈ:
“ਇਤਨੇ ਮਹਿਂ ਟੋਡਰਮਲ ਗਯੋ। ਹਾਥ ਜੋਰਿ ਪਗ ਬੰਦਤਿ ਭਯੋ। ਬਿਹਬਲ ਅੱਸੂਨ ਬਦਨ ਪਖਾਰਾ । ਰੁਕ੍ਯੋਂ ਕੰਠ ਨਹਿਂ ਜਾਇ ਉਚਾਰਾ। ਦੇਖਿ ਦਸ਼ਾ ਤਿਸ ਕੀ ਦੁਖਵਾਰੀ । ਉਯੋ ਹੌਲ ਉਰ ਮਾਤ ਬਿਚਾਰੀ। ਕਹੁ ਭਾਈ ਤੂੰ ਆਯੋਂ ਕੌਨ? ਕ੍ਯੋਂ ਅਤਿ ਦੁਖੀ, ਹੇਤੁ ਕਹੁ ਤੌਨ ?
ਕ੍ਯਾ ਬੁਝਤਿ ਬੈਠੀ ਅਬਿ ਮਾਤ? ਮਰਤਿ ਪਿਖੇ ਮੈਂ ਦੈ ਗੁਰ ਤਾਤ। ਜੀਵਤਿ ਰਯੋ ਫਟੀ ਨਹਿਂ ਛਾਤੀ। ਮੋ ਤੇ ਕੋਮਲ ਪਾਹਨ ਜਾਤੀ। ਮੈਂ ਨਿਰਭਾਗ ਬਤਾਵਨ ਆਯੋ। ਨਹਿਂ ਗੁਰ ਪੁੱਤ੍ਰਨਿ ਸੰਗ ਸਿਧਾਯੋ। ਘਰ ਕੋ ਦਰਬ ਸਰਬ ਮੈਂ ਦੇਤਿ। ਕ੍ਯੋਂ ਕ੍ਯੋਂ ਕਰਿ ਬਚਾਇ ਸੋ ਲੇਤਿ। ਕ੍ਯਾ ਮੈਂ ਕਰਉਂ ਬਤਾਵਨ ਕੋਈ। ਨਹਿਂ ਸਿੱਖੀ ਮਮ ਸਾਬਤ ਹੋਈ। ਸੁਯੋ ਬਾਕ ਖਰ ਬਾਨ ਸਮਾਨ। ਲਯੋ ਕਾਨ ਵਿੰਧ ਰਿਦਾ ਨਿਸ਼ਾਨ। ਊਪਰ ਤਰ ਕੇ ਜੁਟਿ ਗਏ ਰਦਨੰ। ਭਯੋ ਦਰਦ ਤੇ ਜ਼ਰਦ ਸੁ ਬਦਨੰ। ਖੁਸ਼ਕ ਹੋਇ ਮੁਖਿ ਲਾਗ ਸੁ ਲਾਟੀ । ਜਨੁ ਕਦਲੀ ਤਰ ਕੀ ਜੜ ਕਾਟੀ। ਤਰਫਰਾਤਿ ਮੁਰਛਾ ਕੋ ਪਾਈ। ਗਿਰੀ ਬਿਸੁਧ ਹੈ ਸੁਧਿ ਨਹਿਂ ਕਾਈ। ਤਬਿ ਟੋਡਰਮਲ ਦੁਖਿ ਅਤਿਯੰਤਾ। ਕਰਿ ਬੈਠੀ ਗੁਰ ਮਾਤ ਤੁਰੰਤਾ। ਬਾਯੁ ਬਸਤ੍ਰ ਤੇ ਕਰੀ ਝੁਲਾਵਨ। ਤਬਿ ਕੀਨੀ ਤਨ ਕੀ ਸੁਧਿ ਪਾਵਨ। ਚੇਤਨਤਾ ਜੁਤਿ ਪੁਨ ਚਿਤ ਆਏ। ਕਹਾਂ ਪੌਤ੍ਰ ਨਹਿਂ ਦ੍ਰਿਸ਼ਟੀਆਏ। ਪੁੱਤ੍ਰ ਜੁਝਾਰ ਸਿੰਘ ਲਿਹੁ ਨਾਲੇ। ਮੁਝ ਤੇ ਪੂਰਬ ਤੁਮ ਕਿਤ ਚਾਲੇ ? ਕਹਾਂ ਇਕਾਕੀ ਮੈਂ ਰਹਿ ਕਰਿ ਹੋਂ ? ਇਸ ਪ੍ਰਕਾਰ ਮੈਂ ਤੂਰਨ ਮਰਿ ਹੋਂ। ਜੇ ਤੂੰ ਹੈਂ ਗੁਰ ਸਿੱਖ ਅਛੇਰਾ। ਕਰਿ ਉਪਚਾਰ ਮਰਣ ਕੋ ਮੇਰਾ। ਜੁਗ ਪੌਤ੍ਤਿ ਸੰਗ ਜਿਸ ਤੇ ਮਿਲੌਂ। ਅਪਨੇ ਸਾਥ ਲਿਏ ਕਰਿ ਚਲੌਂ। ਇਮ ਕਹਿਤੇ ਦੁਖ ਲਖਿ ਕਰਿ ਭਾਰਾ। ਬੁਰਜ ਸਾਥ ਬਲ ਤੇ ਸਿਰ ਮਾਰਾ। ਸਹਿ ਨ ਸਕ੍ਯੋਂ ਟੋਡਰਮਲ ਹੇਰਿ। ਗਹਿ ਕਰ ਬੈਯੋ ਮਾਤਾ ਫੇਰ। ਮਸਤਕ ਭਗਨ ਰੁਧਰ ਬਹੁ ਬਹਯੋ। ਬ੍ਯਾਕੁਲ ਤੇ ਬ੍ਯਾਕੁਲ ਹੂੰ ਗਯੋ। ਮੋਹਿ ਛਾਪ ਮਹਿਂ ਹੀਰੇ ਕਣੀ। ਜੇ ਮੈਂ ਦੇਉਂ, ਅਵੱਗ੍ਯਾ ਘਣੀ। ਜੇ ਨਹਿਂ ਦੇਉਂ ਮਹਾਂ ਦੁਖ ਸਹਿ ਹੈ। ਚਿਰੰਕਾਲ ਤੇ ਮ੍ਰਿਤੁ ਕੋ ਪੈ ਹੈ। ਕਯੋ ਮਾਤ ਤੁਹਿ ਦੋਸ਼ ਨ ਕੋਈ। ਦਿਹੁ ਹੀਰਾ ਜਿਸ ਤੇ ਮ੍ਰਿਤੁ ਹੋਈ। ਤਬਿ ਟੋਡਰਮਲ ਰਿਦੇ ਬਿਚਾਰਾ। ਹੀਰਾ ਤਤਛਿਨ ਛਾਪ ਨਿਕਾਰਾ। ਦੇ ਮਾਤਾ ਕੋ ਬਦਨ ਪਵਾਯੋ। ਮਹਾਂ ਦੁਖਤਿ ਨੇ ਲੇ ਕਰਿ ਖਾਯੋ। ਕਿਤਿਕ ਕਾਲ ਮਹਿਂ ਪ੍ਰਾਨ ਨਿਕਾਰੇ। ਮਿਲਿ ਪੌਤ੍ਤਿ ਗੁਰਪੁਰੀ ਪਧਾਰੇ।”
ਵੱਲੋਂ ਕਵਿ ਮਾਤਾ ਜੀ ਨੂੰ ਸੰਬੋਧਨ ਕਰਕੇ ਲੈ ਜਾ ‘ਕੇਸਰੀ’ ਨੂੰ ਜਾਂਦੀ ਨਾਲ ਮਾਏ !
ਮਾਤਾ ਵੱਡੀਏ! ਬਹੁਤ ਹੀ ਵੱਡੀਏ ਨੀ, ਮਹਾਂ ਉੱਚੀਏ ਉੱਚ ਵਿਸ਼ਾਲ ਮਾਏ। ਖੜਗ ਧਾਰੀ ਦੀਏ ਨੂਹੇ ਅਸਚਰਜ ਰੂਪੇ! ਦੈਵੀ ਗੁਣਾਂ ਭਰਪੂਰ ਨਿਹਾਲ ਮਾਏ। ਨਾਵੇਂ ਗੁਰੂ ਅਰਧੰਗੀਏ ! ਮਾਣ ਮਹਤੇ! ਕਲਗ਼ੀਧਰ ਦੀਏ! ਮਹਾਂ ਕ੍ਰਿਪਾਲ ਮਾਏ। ਜ਼ੋਰਾਵਰਾਂ ਤੇ ਫਤੇ ਅਰ ਪੰਥ ਦੀਏ, ਅੰਮੀ ਦਾਦੀਏ! ਦੀਨ ਦਿਆਲ ਮਾਏ। ਚੱਟ ਚੁੰਮ ਕੇ ਬੁਰਜ ਤੋਂ ਵਿਦਾ ਕਰਕੇ, ਕਿਥੇ ਖੋ ਚੱਲੀ ਸੋਹਣੇ ਲਾਲ ਮਾਏ। ਗੁੰਚੇ ਕਲੀ ਤੇ ਅਨ ਖਿੜੇ ਫੁੱਲ ਸੁੰਦਰ, ਹਾਏ ਛੱਡ ਚੱਲੀ ਹੱਥੀਂ ਪਾਲ ਮਾਏ।
ਕਿੱਥੇ ਕਿੱਥੇ ਅਜੀਤ ਜੁਝਾਰ ਕੇਹਰ, ਕਦੋਂ ਪੁੱਛੇਗੀ ਉਨ੍ਹਾਂ ਦੇ ਹਾਲ ਮਾਏ ? ਮਾਤਾ ਗੁਜਰੀਏ ਗੁਜ਼ਰੀਏ ਦੁਖਾਂ ਅੰਦਰ, ਗੁਜ਼ਰੇ ਦੁੱਖ ਐਡੇ ਕਿਸ ਦੇ ਨਾਲ ਮਾਏ। ਦੱਸ ਮਾਤ ਗੁਜਰੀ ਗੁਜ਼ਰੀ ਕਿ ਤੈਨੂੰ ? ਨਹੀਂ ਹੋਰ ਗੁਜਰੀ ਤਿੰਨ ਕਾਲ ਮਾਏ। ਕੀ ਕੀ ਹਾਲ ਗੁਜ਼ਰੇ ਗੁਜ਼ਰੇ ਸਮੇਂ ਅੰਦਰ, ਗੁਜ਼ਰੇ ਪੰਥ ਦੇ ਜਾਹੋ ਜਲਾਲ ਮਾਏ। ਸਭ ਕੁਝ ਹਾਰਿਆ ਧਰਮ ਦੇ ਦਾਉ ਉੱਤੇ, ਜਿੱਤ ਹਾਰ ਦਾ ਛੱਡ ਕੇ ਖ਼ਿਆਲ ਮਾਏ। ਸਭ ਕੁਝ ਵਾਰ ਕੇ ਵਾਰਿਆ ਆਪ ਆਪਣਾ, ਸਦਕੇ ਹੋ ਗਈ ਧਾਮ ਧਨ ਮਾਲ ਮਾਏ। ਮਾਵਾਂ ਹੈਨ ਬਥੇਰੀਆਂ ਜੱਗ ਉੱਤੇ, ਆਈਆਂ ਜਣਦੀਆਂ ਪੁੱਤ ਕਮਾਲ ਮਾਏ। ਜਨਮ ਦੇਂਦੀਆਂ ਪੀਰ ਪੈਗ਼ੰਬਰਾਂ ਨੂੰ, ਜਣੇ ਹੈਨ ਅਵਤਾਰ ਭੂਪਾਲ ਮਾਏ। ਸ਼ਾਹ ਬਾਦਸ਼ਾਹ ਸੰਤ ਮਹਾਤਮਾਵਾਂ, ਮਾਵਾਂ ਜਣਦੀਆਂ ਸੂਰਮੇ ਲਾਲ ਮਾਏ। ਤੈਨੂੰ ਮਾਣ ਜਿਸ ਦੀ ‘ਅੰਮਾ’ ਹੋਣ ਦਾ ਹੈ, ਤੇਰਾ ਪੁੱਤ ਹੈ ਲਾ-ਮਿਸਾਲ ਮਾਏ। ਨਾ ਕੋਈ ਹੋਇਆ ਨਾ ਹੋਵਣਾ ਰਿਹਾ ਬਾਕੀ, ਹੈ ਓਹ ਆਪਣੀ ਆਪ ਮਿਸਾਲ ਮਾਏ। ਉਸਦੇ ਗੁਣਾਂ ਦਾ ਹੈ ਨਹੀਂ ਅੰਤ ਕੋਈ, ਕਾਲ ਕਰਮ ਤੋਂ ਪਰ੍ਹੇ ਅਕਾਲ ਮਾਏ। ਖੇਲਾਂ ਵਿਚ ਅਖੇਲ ਓਹ ਖੇਲ ਕਰਕੇ, ਰੱਬੀ ਰੂਪ ਅਨੂਪ ਰਸਾਲ ਮਾਏ। ਸ਼ਰਧਾ ਨਾਲ ਹੈ ਇਕ ਅੰਗ੍ਰੇਜ਼ ਦੱਸਦਾ, ਤੇਰੇ ਪੁੱਤ ਖ਼ਾਤਿਰ ਆਪਣੇ ਖ਼ਿਆਲ ਮਾਏ। ਉਸ ਦੇ ਗੁਣਾਂ ਦਾ ਨਹੀਂ ਹੈ ਅੰਤ ਕੋਈ, ਉਸਨੂੰ ਸਮਝਣਾ ਸਖ਼ਤ ਮੁਹਾਲ ਮਾਏ। ਦਿੱਵਯ ਜੋਤ ਪ੍ਰਕਾਸ਼ ਜਹਾਨ ਉੱਤੇ, ਹੈ ਉਪਕਾਰ ਕੀਤਾ ਅੰਗ-ਪਾਲ ਮਾਏ। “ਕਹਿੰਦਾ ਰੱਬ ਹੀ ਗੁਰੂ ਗੋਬਿੰਦ ਸਿੰਘ ਹੈ, ਉਸ ਦੀਆਂ ਖ਼ੂਬੀਆਂ ਲਾਜ਼ਵਾਲ ਮਾਏ। ਦੁਖ ਦਰਦ ਤੋਂ ਪਾਰ ਅਪਾਰ ਹੈਂ ਤੂੰ, ਹਰਖ ਸੋਗ ਦੀ ਕੀਹ ਮਜਾਲ ਮਾਏ। ਮਹਾਂ ਨੂਰ ਦਾ ਨੂਰ ਪ੍ਰਕਾਸ਼ਿਆ ਤੈਂ, ਕੱਟੇ ਭ੍ਰਮ ਅਗਿਆਨ ਦੇ ਜਾਲ ਮਾਏ। ਐਡਾ ਭਾਗ ਉੱਚਾ ਤੇਰੀ ਕੁੱਖ ਨੂੰ ਆ, ਕਿਥੋਂ ਲੱਗਿਆ ਘਾਲ ਕੀ ਘਾਲ ਮਾਏ। ਤੇਰੇ ਦੁੱਖਾਂ ਦਾ ਦੁੱਖ ਹੈ ਦੁੱਖ ਮੈਨੂੰ, ਮੇਰਾ ਦੁਖੀ ਹੋਇਆ ਵਾਲ ਵਾਲ ਮਾਏ। ਅਪਣੇ ਦੁੱਖਾਂ ਦੇ ਮੈਂ ਦੁਖੀ ਹੋ ਕੇ, ਲਿਖੇ ਹੈਨ ਇਹ ਦੁੱਖ ਦੇ ਖ਼ਿਆਲ ਮਾਏ।” ਬੱਸ ਜਾਹ ਗੁਰ ਪੁਰੀ ਨੂੰ ਜਾਹ ਮਾਤਾ, ਲੈ ਜਾ ਸੰਗ ਅਪਣੇ ਚਾਰੇ ਲਾਲ ਮਾਏ। ਮਾਤਾ! ਵੱਡੇ ਅਜੀਤ ਜੁਝਾਰ ਤੇਰੇ, ਪਿਆਰੇ ਚਾਲ੍ਹੀਆਂ ਸਿੰਘਾਂ ਦੇ ਨਾਲ ਮਾਏ। ਸੱਚ ਖੰਡ ਚਰੋਕਣੇ ਜਾ ਪੁੱਜੇ, ’ਕੱਠੇ ਹੋਏ ਗੁਰ ਲੋਕ ਵਿਚ ਬਾਲ ਮਾਏ। ਪਿੱਛੇ ਰਹੀ ਕਿਉਂ ਜੋਤ ਵਿਚ ਜੋਤ ਰਲ ਜਾ, ਲੈ ਜਾ ‘ਕੇਸਰੀ’ ਨੂੰ ਜਾਂਦੀ ਨਾਲ ਮਾਏ।
ਸਿੱਖਾਂ ਨੇ ਸਸਕਾਰ ਕਰਨ ਲਈ ਸੂਬੇ ਤੋਂ ਜਗ੍ਹਾ ਮੰਗਣੀ
ਦੋਹਰਾ
ਜੋ ਮਾਲਕ ਕਾਇਨਾਤ ਦਾ, ਹਲਤ ਪਲਤ ਦਾ ਨਾਥ। ਕੁਦਰਤ ਕੀ ਕੁਝ ਕਰ ਰਹੀ, ਹਾ! ਅੱਜ ਉਸਦੇ ਸਾਥ। ਪੁੱਤ੍ਰਾਂ, ਮਾਤ ਸ਼ਹੀਦ ਦੇ ਪੰਜ ਭੂਤਕ ਸਰੀਰ। ਦਾਹ ਕਰਨ ਹਿਤ ਜਗ੍ਹਾ ਵੀ! ਦੇਂਦੇ ਨਹੀਂ ਸ਼ਰੀਕ।
ਤਿੰਨ ਦਿਨ ਹੋਏ ਲਾਸ਼ਾਂ ਹੈਨ ਪਈਆਂ, ਪਾਜੀ ਖ਼ੁਸ਼ੀ ਸ਼ਹੀਦਾਂ ਨੂੰ ਰੋਲ ਹਾ ਹਾ। ਟੋਡਰ ਮੱਲ ਤੇ ਸਿੱਖ ਦੁਖਯਾਰੜੇ ਜੋ, ਰਲ ਗਏ ਵਜੀਦੇ ਦੇ ਕੋਲ ਹਾ ਹਾ। ਆਗਿਆ ਮੰਗੀ ਸ਼ਹੀਦ ਸਸਕਾਰਨੇ ਦੀ, ਸਿੱਖ ਘਾਬਰੇ ਤੇ ਗਏ ਡੋਲ ਹਾ ਹਾ। ਮਾਨ ਮੱਤਿਆ ਖ਼ੁਸ਼ੀ ਵਿਚ ਗ਼ਰਕ ਹੋਇਆ, ਅੱਗੋਂ ਕਹੇ ਵਜੀਦੜਾ ਬੋਲ ਹਾ ਹਾ। “ਜਿੱਥੇ ਜਗ੍ਹਾ ਮਲਕੀਅਤੀ ਖ਼ਾਲਸੇ ਦੀ, ਲਏ ਓਸ ਥਾਂ ਨੂੰ ਕਿਧਰੇ ਟੋਲ ਹਾ ਹਾ। ਓਥੇ ਕਰੋ ਸਸਕਾਰ ਜਾ ਮੁਰਦਿਆਂ ਨੂੰ, ਯਾ ਫਿਰ ਦਿਓ ਜ਼ਮੀਨ ਦਾ ਮੋਲ ਹਾ ਹਾ। ਜਿਤਨੀ ਜਗ੍ਹਾ ਦੀ ਲੋੜ ਵਿਛਾਓ ਮੋਹਰਾਂ, ਲੋਥਾਂ ਤੁੱਲ ਜਾਂ ਦੇ ਦਿਓ ਤੋਲ ਹਾ ਹਾ। ਸੌਦਾ ਕਰੋ ਤੇ ਕਰੋ ਸਸਕਾਰ ਜਾ ਕੇ, ਮਾਯਾ ਜਾਨ ਸ਼ਹੀਦਾਂ ‘ਤੇ ਘੋਲ ਹਾ ਹਾ।” ਐਸੀ ਹੋਈ ਨਾ ਕਿਸੇ ਦੇ ਨਾਲ ਹੋਣੀ, ਲਓ ਦੇਖ ਤਾਰੀਖ਼ ਨੂੰ ਫੋਲ ਹਾ ਹਾ। ਚੌਦਾਂ ਤਬਕ ਬ੍ਰਹਿਮੰਡ ਵੀ ਛਾਣ ਮਾਰੋ, ਤਿੰਨਾਂ ਲੋਕਾਂ ਦੀ ਕਰੋ ਪੜਚੋਲ ਹਾ ਹਾ। ਇਨ੍ਹਾਂ ਵਾਕਿਆਂ ਦਾ ਅਤੇ ਸਾਕਿਆਂ ਦਾ, ਸਾਨੀ ਰੱਖਦਾ ਨਹੀਂ ਭੂਗੋਲ ਹਾ ਹਾ। ਹਾਹਾ ਕਾਰ ਦਾ ‘ਕੇਸਰੀ’ ਸ਼ੋਰ ਮਚਿਆ, ਅੱਤਿਆਚਾਰ ਦੇ ਵੱਜ ਗਏ ਢੋਲ ਹਾ ਹਾਂ।
ਦੋਹਰਾ
ਟੋਡਰ ਮਲ ਅਰ ਖ਼ਾਲਸੇ ਪਾਵਨ ਜਗ੍ਹਾ ਖ਼ਰੀਦ”। ਜੋਤ ਸਰੂਪੀ ਜਗ੍ਹਾ ਵਿਚ ਤਿੰਨੇ ਧਰੇ ਸ਼ਹੀਦ। ਚੰਨਣ ਚਿਖਾਂ ਬਣਾਈਆਂ ਵਸਤਾਂ ਖ਼ੁਸ਼ਬੂਦਾਰ। ਹਿੰਦੂ ਰੀਤੀ ਵਰਤ ਕੇ, ਕਰੇ-ਸ਼ੋਕ! ਸਸਕਾਰ।
ਕੋਰੜਾ ਛੰਦ
ਪੰਥ ਦੇ ਸ਼ਹੀਦ ਹਾਏ! ਕੀਤੇ ਦਾਹ ਜੀ । ਧੁਨੀ ਸਾਰੇ ਉੱਠੀ ਓਹੋ ! ਵਾਹ ਵਾਹ ਜੀ । ਵੱਡੇ ਸਾਕੇ ਕੀਤੇ ਨਿੱਕੇ ਨਿੱਕੇ ਬਾਲ ਜੋ । ਗੁਰੂ ਦਸਮੇਸ਼ ਦੇ ਅਦੁੱਤੀ ਲਾਲ ਜੋ। ਸੀਸ ਦਿੱਤੇ, ਦਿੱਤਾ ਨਾ ਸਿਦਕ ਮੂਲ ਜੀ। ਜਾਨਾਂ ਉੱਤੇ ਖੇਡਣਾ ਕੀਤਾ ਕਬੂਲ ਸੀ। ਸਾਰੇ ਦੇਸ਼ ਵਿਚ ਨਾ ਮਿਸਾਲ ਲੱਝਦੀ। ਵੀਰਤਾ ਦੀ ਹੱਦ ਬੱਸ ਏਥੇ ਬੱਝਦੀ। ਕਰ ਕੇ ਅਜੀਬ ਸਾਕੇ ਨਿੱਕੇ ਬਾਲਕੇ। ਰੱਖ’ਗੇ ਧਰਮ ਤੋੜ ਜਾਲ ਕਾਲ ਕੇ। ਭਾਰਤ ਦੇ ਵਿਚ ਮਾਦੇ ਵੀਰ ਰੱਸ ਦੇ। ਭਰ ਪਰਲੋਕ ਨੂੰ ਗਏ ਨੇ ਹੱਸਦੇ।
ਜੋਤ ਵਿਚ ਜੋਤ ਗਈ ਰਲ ਸੁਰਮੇ। ਨੂਰੋ ਨੂਰ ਹੋਏ ਨੂਰੋ ਨੂਰ ਸੂਰਮੇ। ਜਿਥੇ ਸਸਕਾਰ ਕੀਤਾ ਹੈ ਪਿਆਰਿਆ। ਆਲੀਸ਼ਾਨ ਗੁਰੂ ਧਾਮ ਹੈ ਉਸਾਰਿਆ।
ਨਾਮ ਨਾਮੀ ਜਗ੍ਹਾ ਦਾ ਜੋਤੀ ਸਰੂਪ ਹੈ। ਮਹਿਮਾ ਮਹਾਨ ਉਪਮਾ ਅਨੂਪ ਹੈ।
ਜਿਥੇ ਸੀ ਕਚਹਿਰੀ ਪਾਪੀ ਖ਼ਾਂ ਵਜੀਦਾ ਦੀ। ਜਗ੍ਹਾ ਮਸ਼ਹੂਰ ਸਾਡੇ ਹੈ ਸ਼ਹੀਦਾਂ ਦੀ।
ਫਤੇ ਗੜ੍ਹ ਸਾਹਿਬ ਗੁਰੂ ਦੁਆਰਾ ਹੈ। ਸਿੱਖਾਂ ਦਾ ਸ਼ਹੀਦ ਰੌਸ਼ਨੀ ਮੁਨਾਰਾ ਹੈ।
ਆਏ ਸਾਲ ਭਾਰੀ ‘ਜੋੜ ਮੇਲ’ ਸੱਜਦਾ। ਸ਼ਾਨਦਾਰ ‘ਕੱਠ ਹੁੰਦਾ ਸਜ ਧਜ ਦਾ।
ਰਾਜ ਪਟਿਆਲੇ ਵਿਚ ਜਗ੍ਹਾ ਸੋਹਣੀ। ਬਣੀ ਹੈ ਇਮਾਰਤ ਮਨਾਂ ਨੂੰ ਮੋਹਣੀ।
ਕਰਮ ਸਿੰਘ ਮਹਾਰਾਜ ਧਰਮੀ ਵੀਰ ਸੀ। ਚਿੱਤ ਵਿਚ ਪ੍ਰੇਮ ਗੁਰੂ ਬੇ ਨਜ਼ੀਰ ਸੀ।
ਸੇਵਾ ਗੁਰਦੁਆਰੇ ਦੀ ਉਨ੍ਹਾਂ ਕਰਾਈ ਹੈ। ਆਲੀਸ਼ਾਨ ਬਿਲਡਿੰਗ ਉਨ੍ਹਾਂ ਬਣਾਈ ਹੈ।
ਜਾਇਦਾਦ ਵੱਡੀ ਵੀ ਲਗਾਈ ਨਾਲ ਹੈ। ਪ੍ਰੇਮ ਮਹਾਰਾਜਿਆਂ ਦਾ ਲਾ ਮਿਸਾਲ ਹੈ।
ਲੰਗਰ ਸਾਲਾਨਾ ਚੱਲਦਾ ਅਤੁੱਟ ਹੈ। ਮਾਯਾ ਦਾ ਭੰਡਾਰਾ ਬਖ਼ਸ਼ਿਆ ਅਖੁੱਟ ਹੈ।
ਸੇਵਾ ਲਈ ਪਲਟਨਾਂ ਰਸਾਲੇ ਆਂਵਦੇ। ਹੱਥੀਂ ਸੇਵਾ ਦੇ ਕੇ ਸਿੱਖ ਜਸ ਪਾਂਵਦੇ।
ਜਸ ਮਹਾਰਾਜ ਜੀ ਦਾ ਗੌਣ ਸੰਗਤਾਂ। ਲੰਗਰ ਛਕਣ ਲੱਖਾਂ ਬੈਠ ਪੰਗਤਾਂ।
ਮਾਨ ਮਹਾਰਾਜਾ ਨੂੰ ਹੈ ਜਗ੍ਹਾ ਪਾਕ ਦਾ। ਦੂਰੋਂ ਸਿੱਖ ਔਣ ਦੀਦ ਲੈਣ ਖ਼ਾਕ ਦਾ।
ਸਾਕਾ ਜਦੋਂ ਹੋਇਆ ਸੁਣੋ ਓਸ ਕਾਲ ਦੀ। ਹਲਾ ਚਲੀ ਹੋਈ ਧਰਾ ਤੇ ਕਮਾਲ ਦੀ।
ਜ਼ਾਰ” ਜ਼ਾਰ ਰੋਏ ਨੇ ਪ੍ਰਕ੍ਰਿਤੀ ਦੇਵਤੇ। ਹਾ ਹਾ! ਕਾਰ ਹੋਈ ਲੰਮੇ ਸ੍ਵਾਸ ਲੇਵਤੇ।
ਸੂਰਜ ਦਾ ਵਿਰਲਾਪ
ਸੂਰਜ ਨੇ ਹੋ ਕੇ ਸ਼ਰਮਿੰਦਾ ਸੀਸ ਨੂੰ ਜਾ ਲੁਕਾਇਆ ਹੈ। ਰੌਸ਼ਨੀ ਮਿਟੀ ਸਾਰੀ ਅੰਧੇਰਾ ਤੁਰਤ ਛਾਇਆ ਹੈ। ਪਹਿਨਕੇ ਮਾਤਮੀ ਬਾਣਾ, ਬਣ ਗਿਆ ਸਾਫ਼ ਕਾਲਾ ਹੈ। ਰੋਵਦਾ ਮਾਰਕੇ ਢਾਹਾਂ, ਬ੍ਰਿਹੋਂ ਨੇ ਮਾਰ ਡਾਲਾ ਹੈ। ਵਿਛੁੜਗੇ ਲਾਲ ਮੇਰੇ, ਵੰਸ਼ ਦੇ ਲਾਲ ਬੇਟੇ ਜੀ । ਭਾਰਤ ਦੇ ਭਾਗ ਮਾੜੇ ਹੈਂ, ਕਾਲ ਨੇ ਆਣ ਫੇਟੇ ਜੀ। ਹੋ ਗਿਆ ਨਾਲ ਗ਼ਮ ਦੇ, ਕਿ ਪੀਲਾ ਜ਼ਰਦ ਲੋਕੋ ਵੇ! ਲੁਟ ਗਈ ਅੰਸ਼ ਮੇਰੀ, ਤਦੇ ਹੈ ਦਰਦ ਲੋਕੋ ਵੇ ! ਕਿਧਰ ਨੂੰ ਹਾਏ ਜਾਵਾਂ ? ਕੀਤੇ ਨਾ ਮਿਲਦੀ ਢੋਈ ਹੈ। ਕਰਮਾਂ ਦੀ ਮਾਰ ਵੱਗੀ, ਹੋਣੀ ਅੱਜ ਆਨ ਹੋਈ ਹੈ। ਆਹਾ! ਹਾ! ਭਾਗ ਮੇਰੇ ਹਾ! ਗਏ ਹਨ ਭਾਗ ਲੋਕੋ ਵੇ। ਲੁਟ ਗਿਆ ਬਾਗ਼ ਮੇਰਾ ਹੈ, ਮੋਤੀਆ ਬਾਗ਼ ਲੋਕੋ ਵੇ। ਲੁਟ ਗਈ ਨਾਲ ਮੇਰੀ ਵੀ, ਹੁਸਨ ਦੀ ਝਲਕ ਸਾਰੀ ਹੈ। ਹੁਣੇ ਸਾਂ ਜੀਂਵਦਾ ਮੈਂ, ਹੋਈ ਹੀ ਪਲਕ ਸਾਰੀ ਹੈ। ਕੀਤਾ ਏ ਜ਼ੁਲਮ ਜ਼ਾਲਮ ਨੇ, ਤਰਸ ਨਾ ਮੂਲ ਆਯਾ ਹੈ। ਨਿੱਕੇ ਏ ਬਾਲ ਸੋਹਣੇ ਸੇ, ਜਿਨ੍ਹਾਂ ‘ਤੇ ਕਹਿਰ ਚਾਇਆ ਹੈ। ਮਰੋਗੇ ਅੰਤ ਪਾਪੀਹੋ, ਭਲਾ ਨਾ ਮੂਲ ਹੋਣਾ ਹੈ। ਅੱਖਾਂ ਤੋਂ ਨੀਰ ਵਗਦੇ ਹਾ, ਅੰਤ ਨੂੰ ਬੈਠ ਰੌਣਾ ਹੈ ਜਾਵੇਗਾ ਰਾਜ ਸਾਰਾ, ਜੜ੍ਹਾਂ ਤੋਂ ਦੁਸ਼ਟ ਤੇਰਾ ਓ ਹੋਵੇਗਾ ਅੰਤ ਸਫਲਾ, ਅੰਤ ਨੂੰ ਵਾਕ ਮੇਰਾ ਓ ।
(ਨੋਟ: ਪੁਸਤਕ ਦੇ ਪਹਿਲੇ ਸੰਸਕਰਣ ਵਿਚ ਉਪਰੋਕਤ ਕਵਿਤਾ ‘ਸੂਰਜ ਦਾ ਵਿਰਲਾਪ’ ਕੇਸਰੀ ਜੀ ਦੀ ਪਤਨੀ ਹਰਸ਼ਰਨ ਕੌਰ ਅਧ੍ਯਾਪਕਾ ਵੱਲੋਂ ਲਿਖੇ ਹੋਣ ਦੀ ਸੂਚਨਾ ਦਰਜ ਹੈ।-ਸੰਪਾਦਕ)
ਪਉਣ ਦਾ ਵਿਰਲਾਪ
ਠੰਢੀ ਠਾਰ ਵਗਦੀ ਇਕੇ ਵਾਰ ਵਾਯੂ, ਨਾਲ ਗ਼ਮ ਦੇ ਛਮ ਅੰਗਾਰ ਹੋਈ। ਰੁਮਕੇ ਛੱਡ ਹੁਣ ਤੋੜਦੀ ਹੱਡ ਜਾਵੇ, ਜੀਆ ਜੰਤ ਨੂੰ ਮਾਰਨੇ ਹਾਰ ਹੋਈ। ਚੜ੍ਹਿਆ ਪਉਣ ਨੂੰ ਭੂਤ ਅਫਸੂਸ ਵਾਲਾ, ਦੇਖ ਜ਼ੁਲਮ ਨੂੰ ਕਹਿਰ ਕਹਾਰ ਹੋਈ। ਕਹਿੰਦੀ ਛੱਡਣਾ ਰੁਖ ਨਾ ਬਿਰਛ ਕੋਈ, ਮਿੱਟੀ ਚੁੱਕ ਸਿਰ ਅੰਧ ਅੰਧਾਰ ਹੋਈ। ਕਹਿਰ ਵਰਤਿਆ ਹਾਏ ਕੀ ਧਰਾ ਉੱਤੇ, ਮੈਂ ਤਾਂ ਜੀਵਦੀ ਮੁਰਦਿਓਂ ਪਾਰ ਹੋਈ। ਮੇਰਾ ਧਰਮ ਕੀ ਰਿਹਾ ਹੁਣ ਜੀਵਣੇ ਦਾ, ਕੌਤਕ ਵੇਖ ਕੇ ਮਰਨ ਕਿਨਾਰ ਹੋਈ। ਤੁਰਕੋ ਜ਼ੁਲਮ ਕੀਤਾ ਮਾਰੇ ਲਾਲ ਗੁਰ ਦੇ, ਮੈਂ ਸੀ ਲਾਲਾਂ ਨੂੰ ਪਾਲਣੇ ਹਾਰ ਹੋਈ।
ਜੰਮੇ ਜਦੋਂ ਅਦੁੱਤੀ ਏਹ ਲਾਲ ਸੀਗੇ, ਤੱਤੀ ਜੁਗਾਂ ਦੀ ਠੰਢੜੀ ਠਾਰ ਹੋਈ। ਮੁੜ ਕੇ ਫੇਰ ਨਾ ਤੱਤੜੀ ਹੋਈ ਤੱਤੀ, ਤੱਤੀ ਹੋਇ ਨਾ ਸਾੜਨੇ ਹਾਰ ਹੋਈ। ਝੋਲੇ ਠੰਡੜੇ ਦੇਇ ਕੇ ਲਾਲ ਪਾਲੇ, ਹਾਏ। ਅੱਜ ਮੈਂ ਤੱਤੜੀ ਨਾਰ ਹੋਈ। ਮੈਂ ਤਾਂ ਪੌਣ ਹੁਣ ਕੋਈ ਦੀ ਕੌਣ ਹੋਈ, ਮਾਨੋ ਰੌਣ ਨੂੰ ਰਾਮ ਪਰਿਵਾਰ ਹੋਈ। ਢਾਹ ਸੁੱਟਾਂਗੀ ਮਹਿਲ ਮਕਾਨ ਸਾਰੇ, ਜਾਮਾ ਮੌਤ ਦਾ ਪਹਿਨ ਬੁਰਯਾਰ ਹੋਈ। ਬੇੜਾ ਗ਼ਰਕ ਹੋਵੇ ਤੁਰਕੋ ਜ਼ਾਲਮੋਂ ਵੇ। ਅਕਲ ਤੁਸਾਂ ਦੀ ਕਿਤੇ ਫਰਾਰ ਹੋਈ। ਕੀਤਾ ਪਾਪ ਅਨ੍ਯਾਈਓ! ਐਡ ਭਾਰਾ, ਮੈਂ ਤਾਂ ਵੇਖ ਕੇ ਦੰਗ ਅਪਾਰ ਹੋਈ। ਇਤਨਾ ਆਖ ਕੇ ਜ਼ੋਰ ਦੇ ਨਾਲ ਵੱਗੀ, ਢਾਹੁੰਦੀ ਕੁੱਲ ਬਨਾਸਪਤ ਪਾਰ ਹੋਈ।
……..ਪਰ ਧਰਾ ਹੈ ਡੋਲ ਉਠੀ, ਖ਼ਲਕਤ ਬੇਗ ਪਰ ਬੇਗ ਸਵਾਰ ਹੋਈ। ਰੁੱਖ ਸਭ ਤੋੜ ਮਰੋੜ ਸੁੱਟੇ ਪੁੱਟੇ, ਜੜ੍ਹਾਂ ਤੋਂ ਮਾਰ ਹੀ ਮਾਰ ਹੋਈ। .. ਆਪੇ ਵਿਚ ਰਹੀ ਵਾਯੂ, ਪਰਲੈ ਕਾਲ ਦਾ ਰੂਪ ਹੈ ਧਾਰ ਹੋਈ। …….ਪਾਪ, ਭੈ, ਖੌਫ਼ ਦੇਕੇ, ਰੋਂਦੀ ਹਾਹੁਕੇ ਅੱਗੇ ਪਧਾਰ ਹੋਈ। ..ਪੌਣ ਵੈਣ ਪਾਏ, ਹੰਝੂ ਕੇਰਦੀ ਬਹੁਤ ਗ਼ਮਖਾਰ ਹੋਈ।
[ ਨੋਟ : ਅਧਾਰ ਸੰਸਕਰਣ ਵਿਚ ਉੱਪਰ ਦਿੱਤੀਆਂ ਤੁਕਾਂ ਦੇ ਕੁਝ ਸ਼ਬਦ ਮਿਟੇ ਹੋਣ ਕਾਰਨ ਇਹ ਅਧੂਰੀਆਂ ਰਹਿ ਗਈਆਂ ਹਨ। ਇਨ੍ਹਾਂ ਤੁਕਾਂ ਦਾ ਕੁਝ ਅੰਤਰ ਵਾਲਾ ਪਾਠ ਇਸ ਪੁਸਤਕ ਦੇ ਪਹਿਲੇ ਸੰਸਕਰਣ ਵਿਚ ਹੇਠ ਲਿਖੇ ਅਨੁਸਾਰ ਹੈ।
“ਚੁਕ ਸੀਸ ਧਰ ਲਏ ਤਮਾਮ ਜੰਤੂ ਖ਼ਲਕਤ ਬੇਗ ਪਰ ਬੇਗ ਸਵਾਰ ਹੋਈ॥੧੬॥ ਲਖਾਂ ਤੋੜ ਮਚੋੜ ਵਰਾਨ ਕੀਤੇ, ਪੁੱਟੇ ਬਾਗ਼ ਜਦ ਮਾਰ ਹੀ ਮਾਰ ਹੋਈ॥੧੭॥ ਗ਼ੁੱਸੇ ਨਾਲ ਨਾ ਮੇਵੰਦੀ ਵਿਚ ਅਪਨੇ, ਮਾਨੋ ਪੌਣ ਹੀ ਮੌਤ ਪ੍ਰਵਾਰ ਹੋਈ॥੧੮॥ ਦੁਖ ਦੇਇਕੇ ਸ਼ਹਰ ਅਰ ਗਿਰਦ ਤਾਈਂ, ਅੰਤ ਦੇਇ ਸਰਾਫ਼ ਲਚਾਰ ਹੋਈ॥੧੯॥ ਕਹਿੰਦੀ ਪਾਪੀਓ! ਜਾਵੇਗਾ ਰਾਜ ਸਾਰਾ, ਦੁੱਖਾਂ ਭਰੀ ਦੀ ਕੂਕ ਪੁਕਾਰ ਹੋਈ” ॥੨੦॥
[ ਨੋਟ : ਪੁਸਤਕ ਦੇ ਪਹਿਲੇ ਸੰਸਕਰਣ ਵਿਚ ਉਪਰੋਕਤ ਕਵਿਤਾ ‘ਪਉਣ ਦਾ ਵਿਰਲਾਪ’ ਕੇਸਰੀ ਜੀ ਦੀ ਪਤਨੀ ਹਰਸ਼ਰਨ ਕੌਰ ਅਧ੍ਯਾਪਕਾ ਵਲੋਂ ਲਿਖੇ ਹੋਣ ਦੀ ਸੂਚਨਾ ਦਰਜ ਹੈ। -ਸੰਪਾਦਕ]
ਬੇਗਮ ਜ਼ੈਨਾ ਦਾ ਵਿਰਲਾਪ
(ਗੀਆ ਮਾਲਤੀ ਛੰਦ)
ਹੇ ਪਤੀ ਮੇਰੇ ਬਿਨਾਂ ਸੋਚੇ ਕਹਿਰ ਕੀਤਾ ਭਾਰੜਾ। ਏਹ ਦੋਸ਼ ਆਯਾ ਸੀਸ ਤੇਰੇ ਹਾਏ ਕੰਤਾ ਸਾਰੜਾ। ਹਾ ਗ਼ਜ਼ਬ ਕੀਤਾ ਗ਼ਜ਼ਬ ਕੀਤਾ! ਬਾਲ ਕਿਉਂ ਸੀ ਮਾਰਨੇ। ਏਹ ਲੈਣ ਦੇ ਥਾਂ ਦੇਣੇ, ਇਵਜ਼ ਔਖੇ ਤਾਰਨੇ
ਗੁਰ ਪੀਰ ਸੱਚਾ, ਐਨ ਸੱਚਾ, ਪੁੱਤ ਸੱਚੇ ਓਸ ਦੇ। ਹਾ! ਐਨ ਝੂਠੇ, ਐਨ ਝੂਠੇ, ਤੁਸੀਂ ਭਾਗੀ ਦੋਸ਼ ਦੇ। ਕਰ ਬੁਰੀ ਕਰਨੀ, ਪਊ ਭਰਨੀ, ਅੰਤ ਨੂੰ ਪਛਤਾਵਣਾ। ਦੇਹ ਦੋਸ਼ ਜ਼ਾਲਮ ਪਾਪ ਸਾਰਾ, ਪਊ ਸਿਰ ‘ਤੇ ਚਾਵਣਾ। ਮੈਂ ਸੱਚ ਕਹਿੰਦੀ, ਗ਼ਜ਼ਬ ਹੋਯਾ, ਜ਼ੁਲਮ ਡਾਢਾ ਹੋ ਗਿਆ। ਹਾ! ਹੋ ਗਿਆ ਪਰ ਹੋ ਗਿਆ, ਜ਼ੁਲਮ ਕੰਤਾ ਹੋ ਗਿਆ। ਹੁਣ ਸੁੱਖ ਨਾਹੀ, ਸੁੱਖ ਨਾਹੀ, ਦੁੱਖ ਆਏ ਦਿੱਸਦੇ। ਓਹ ਰਹਿਮ ਕੀਕੂੰ ਜੀਂਵਦੇ, ਜੋ ਪੀਣ ਬਾਟੇ ਵਿੱਸ ਦੇ। ਜੋ ਮੀਟ ਅੱਖੀਂ ਡਿਗਣ ਖ਼ਾਤੇ, ਮਰਨਗੇ ਓਹ ਅੰਤ ਨੂੰ। ਹੇ ਪਤੀ ਸੁਖ ਨਾ ਮੂਲ ਹੋਵੇ, ਛੇੜ ਸਤਿਗੁਰ ਸੰਤ ਨੂੰ। ਗੁਰ ਵਲੀ ਪੀਰ ਔਤਾਰ ਸਤਿਗੁਰ, ਰੱਬ ਦਾ ਜੀ ਰੂਪ ਹੈ। ਮੈਂ ਦਿਆਂ ਕਿਸ ਦੇ ਨਾਲ ਉਪਮਾ, ਪਰੇ ਰੂਪ ਅਨੂਪ ਹੈ। ਇਸ ਗੁਰੂ ਦੇ ਮਾਸੂਮ ਬੱਚੇ, ਹੇ ਪਤੀ! ਨਾਦਾਨ ਹੋ। ਕਿਉਂ? ਮਾਰੇ ਕਹੋ ਕਾਹਿਤ? ਜਾਣ ਕੇ ਅਨਜਾਨ ਹੋ। ਮੈਂ ਨਾਲ ਨਿਸਚੇ ਕਹਾਂ ਮੂੰਹੋਂ, ਅੰਤ ਸ਼ਾਹੀ ਰਾਜ ਦਾ। ਹੈ ਹੋਣ ਲੱਗਾ, ਠੀਕ ਹੋਣਾ, ਵਾਕ ਸੱਚਾ ਆਜ ਦਾ। ਹਾ! ਗ਼ਰਕ ਹੋਵੇ ਰਾਜ ਸਾਰਾ, ਸਾਜ਼ ਖੂਹੇ ਪੈਣਗੇ। ਸਿਰ ਦਏ ਜਿਨ੍ਹਾਂ ਸਿਦਕ ਨੂੰ, ਓਹ ਆਪ ਸਿਰ ਹੁਣ ਲੈਣਗੇ। ਏਹ ਖ਼ੁਸ਼ੀ ਹੋਇ ਕਾਫ਼ੂਰ ਜਾਸੀ, ਆਪ ਦੀ ਅਰ ਸਭ ਦੀ। ਮੈਂ ਹਾਏ ਮਰਸਾਂ ਜਾਏ ਕਿਥੇ, ਮੌਤ ਨਾ ਹੈ ਲੱਭ ਦੀ। ਮੈਂ ਲੱਭਦੀ ਹਾਂ ਮੌਤ ਨੂੰ, ਪਰ ਮੌਤ ਮੈਥੋਂ ਦੂਰ ਨੂੰ। ਹੈ ਜਾਂਵਦੀ, ਕਿਉਂ ਜਾਂਵਦੀ ਹੈ, ਛੱਡ ਬੇ ਸ਼ਊਰ ਨੂੰ। ਮੈਂ ਭਾਗ ਹੀਨ ਅਭਾਗ ਲੋਕੋ, ਚਲੀ ਜਾਵਾਂ ਜੱਗ ਤੋਂ। ਕਿਉਂ ਰਹਾਂ ਜ਼ਿੰਦੀ ? ਕਰਾਂ ਕਿ ਹੁਣ, ਬਾਲ ਵਿਛੁੜੇ ਜੱਗ ਤੋਂ। ਇਹ ਆਖਦੀ ਹੀ ਖਾਇ ਧੜਕਾ, ਗਿਰ ਪਈ ਚੌਫਾਲ ਹੈ। ਹਾ! ਗੁਰੂ ਸੇਵਕ ਪ੍ਰਿਯ ਬੇਗਮ, ਹਾਲ ਤੋਂ ਬੇਹਾਲ ਹੈ। ਕਰ ਲਿਆ ਅਨੁਭਵ ਪਾਪ ਐਸਾ, ਕਿਦਾ ਸੀਗਾ ਸ੍ਵਛ ਜੀ। ਇਸ ਲਈ ਕਰ ਵਿਰਲਾਪ ਡਿੱਗੀ, ਨੀਰ ਬਿਨ ਜਿਉਂ ਮੱਛਲੀ।
ਭਿਆਨਕ ਸਮੇਂ ਦਾ ਦ੍ਰਿਸ਼ਯ
ਕਬਿੱਤ
ਕਾਲਾ ਕਾਲਾ ਰੰਗ ਢੰਗ ਹੋਏ ਤਬਦੀਲ ਸਾਰੇ, ਕਾਲੇ ਕਾਲੇ ਬੱਦਲ ਚੁਫੇਰੇ ਘਟਾ ਛਾਈ ਹੈ। ਛਾਈ ਹੈ ਉਦਾਸੀ ਖ਼ਾਕ ਮਲੀ ਹੈ ਉਦਾਸੀ, ਡਾਢੀ ਪ੍ਰਿਥਵੀ ਤਰਾਸੀ ! ਸੂਬੇ ਫਾਸੀ ਗਲ ਪਾਈ ਹੈ।
ਮੱਚਗੀ ਦੁਹਾਈ ਹਾਹਾਕਾਰ ਹੈ ਚੁਫੇਰੇ ਭਾਈ, ਸ਼ੋਕ ! ਸ਼ੋਕ! ਸ਼ੋਕ! ਦੀ ਪੁਕਾਰ ਸਾਰੇ ਆਈ ਹੈ।
ਹੋਯਾ ਐਸਾ ਪਾਪ ਧਰਾ ਕਿਉਂ ਨਾ ਗਰਾਗਾਪ ਹੋਈ ? ਕੰਬਗੇ ਪਹਾੜ, ਕਾਇਨਾਤ ਡਗ ਮਗਾਈ ਹੈ।
ਰੋਏ ਨਰ ਨਾਰ ਬੁੱਢੇ ਬਾਲ ਬੁਰੇ ਹਾਲ ਹੋਏ, ਪੰਖੀ ਭਰ ਨੈਣ ਰੁੰਨੇ ਧਰਾ ਧਾਹੀਂ ਮਾਰ ਮਾਰ।
ਸੁਰ ਗਣ ਗੰਧ੍ਰਬ ਪਿਸ਼ਾਚ ਦੇਵ ਦਾਨੋ ਨਰ, ਰੋਂਦੇ ਨੇ ਬੇਤਾਲ ਨੀਰ ਨੈਣੋਂ ਹੰਝੂ ਤਾਰ ਤਾਰ।
ਗਿੱਧ ਚੀਲ੍ਹ ਭੌਂਦੇ ਨੇ ਅਕਾਸ਼ ‘ਚ ਹੈ ਸ਼ੋਰ ਪਿਆ, ਦੇਵਤੇ ਬਿਮਾਨ ਬੈਠ ਕਰਦੇ ਹੈਨ ਜੈ ਜੈ ਕਾਰ।
ਅੱਜ ਐਸੇ ਚੱਜ ਹੋਏ ‘ਕੇਸਰੀ’ ਕਹਿਰ ਭਰੇ, ਛੋਟੇ ਸਾਹਿਬਜ਼ਾਦੇ ਗਏ ਸੁਰਗ ਸਿਧਾਰ ਪਾਰ।
ਭਾਰਤ ਮਾਤਾ ਦਾ ਵਿਰਲਾਪ !
ਦੋਹਰਾ
ਭਾਰਤ ਮਾਤਾ ਰੋਇਕੇ ਕਰਦੀ ਇਉਂ ਵਿਰਲਾਪ। ਨਿੱਘਰ ਮੈਂ ਹੁਣ ਜਾਵਸਾਂ ਹੋਯਾ ਭਾਰਾ ਪਾਪ।
ਕੋਰੜਾ ਛੰਦ
ਸ਼ੋਕ ਨਾਲ ਭਾਰਤ ਆਹ ਦੀਨ ਹੋਇਕੇ। ਹੋਈ ਫ਼ਰਯਾਦੀ ਗੁਰੂ ਪਾਸ ਰੋਇਕੇ।
ਅਹੋ! ਮੇਰੇ ਗੁਰੂ ਹੇ ਜਗਤ ਗੁਰ ਜੀ। ਲੈ ਕੇ ਫ਼ਰਯਾਦ ਮੈਂ ਹਾਂ ਆਈ ਤੁਰ ਜੀ।
ਅੱਜ ਮੇਰੇ ਲਾਲ ਜੋ ਅਦੁੱਤੀ ਲਾਲ ਸੇ। ਛੱਡ ਦੁਖਿਆਰੀ ਮੈਨੂੰ ਗਏ ਬਾਲ ਜੇ।
ਦੁੱਖਾਂ ਨੇ ਮੈਂ ਫੇੜੀ ਤਨੋ ਮਨੋ ਕੱਸ ਕੇ। ਦੁੱਖਾਂ ਵਿਚ ਰੋਂਦੀ ਦੁਖਿਆਰੀ ਫੱਸ ਕੇ।
ਜ਼ਾਲਮ ਤੁਰਕ ਪਾਪੀ ਪਾਪ ਕਰਦੇ। ਦੁਖਦਾਈ ਬਣੇ ਪਾਪੀ ਨਾਰੀ ਨਰ ਦੇ।
ਆਪ ਦੀ ਹੀ ਅੰਸ਼ ਵੰਸ ਦੋਵੇਂ ਬਾਲਕੇ। ਜ਼ਾਲਮਾਂ ਪੁਜਾਏ ਹੱਥ ਵੈਰੀ ਕਾਲਕੇ।
ਐਪਰ ਮੈਂ ਜਾਣਦੀ ਨਾ ਕਾਲ ਖਾਏ ਹੈਂ। ਆਪਣੀ ਹੀ ਜੋਤ ਵਿਚ ਜਾ ਸਮਾਏ ਹੈਂ।
ਜ਼ਾਲਮਾਂ ਨੇ ਢਿੱਲ ਨਾ ਗੁਜ਼ਾਰੀ ਮੂਲ ਜੇ। ਝੂਠੀ ਗੱਲ ਉੱਤੇ ਕੀਤਾ ਐਡ ਤੁਲ ਜੇ।
ਅਹੋ! ਗੁਰੂ ਨਾਨਕ ਜਗਤੁ ਗੁਰ ਜੀ। ਜ਼ਾਲਮਾਂ ਦਾ ਰਾਜ ਛੇਤੀ ਜਾਵੇ ਟੁਰ ਜੀ।
ਫੇਰ ਮਾਤਾ ਭਾਰਤ ਸ੍ਰੀ ਅਕਾਲ ਨੂੰ। ਜਾਇਕੇ ਸੁਣਾਵੇ ਸਾਰੇ ਏਸ ਹਾਲ ਨੂੰ।
ਤੈਨੂੰ ਭੁੱਲ ਪਾਇਆ ਦੁੱਖ ਹੇ ਅਕਾਲ ਜੀ। ਤਦੇ ਮੈਂ ਗਵਾਯਾ ਹਾਏ! ਜੋੜ ਲਾਲ ਜੀ।
ਇਹੋ ਜੇ ਅਦੁੱਤੀ ਲਾਲ ਕਿਥੋਂ ਲੱਝਣੇ ? ਧਰਮ ਦੇ ਸਰੂਪ ਨਾ ਅਨੂਪ ਬੱਝਣੇ।
ਹੋਰ ਹੁੰਦੀ ਆਯੂ ਤਾਂ ਮੈਂ ਸੁਖੀ ਥੀਵਦੀ। ਮੋਈ ਹੋਈ ਜੁਗਾਂ ਦੀ ਵੀ ਫੇਰ ਜੀਂਵਦੀ।
ਫੈਲ ਜਾਂਦਾ ਨਾਮ ਮੇਰਾ ਸਾਰੀ ਧਰਤੇ। ਭਾਰਤ ਵਡਾਈ ਸਾਰੇ ਦੇਸ਼ ਕਰਤੇ।
ਐਸਾ ਵਡ ਭਾਗੀ ਐਸੇ ਲਾਲ ਜਣ ਕੇ। ਅੱਜ ਦੁਖ ਰੂਪ ਬੈਠੀ ਦੁਖੀ ਬਣ ਕੇ।
ਪਿੱਛੇ ਪਾਪ ਕੀਤਾ ਮੇਰੇ ਅੱਗੇ ਆ ਗਿਆ। ਸੂਰਜ ਅਸਤ ਹੋ ਅੰਧੇਰ ਛਾ ਗਿਆ।
ਹੋਰ ਹੁਣ ਕੋਈ ਨਾ ਉਪਾਉ ਬਣਦਾ। ਫੇਰ ਐਸੇ ਲਾਲ ਵੇਖਾਂ ਕੌਣ ਜਣਦਾ?
ਤੇਰੇ ਕੋਲੋਂ ਦਾਤ ਹੇ ਅਕਾਲ ਮੰਗਦੀ। ਦੇਸ਼ ਦੀ ਭਲਾਈ ਹਿਤ ਨਹੀਂ ਸੰਗਦੀ।
ਜ਼ਾਲਮਾਂ ਦੇ ਰਾਜ ਦੀ ਸਫ਼ਾ ਉਠਾਇਦੇ। ਸਿੱਖੀ ਦਾ ਨਿਸ਼ਾਨ ਜੱਗ ‘ਤੇ ਝੁਲਾਇਦੇ।
ਬੱਸ ਫੇਰ ਦੱਖ ਮੇਰੇ ਮਿਟ ਜਾਣਗੇ। ਦੁਖੇ ਹੋਏ ਲੋਕ ਸਾਰੇ ਸੁਖ ਪਾਣਗੇ।
ਸਿੱਖੀ ਵਿਚ ਭੁਗਤ ਮੁਕਤਿ ਪਾਇ ਕੇ। ਲੈਣਗੇ ਅਨੰਦ ਲੋਕ ਨਾਮ ਧਿਆਇ ਕੇ।
ਲੈ ਕੇ ਮੁਖ ਉੱਜਲੇ ਜਹਾਨੋਂ ਜਾਣਗੇ। ਵਾਹਿਗੁਰੂ ਨਾਮ ਤੇਰਾ ਜੋ ਧਿਆਣਗੇ।

ਅੰਤਿਕਾ -ਓ-
ਇਹ ਪੁਸਤਕ ਦੋ ਭਾਗਾਂ ਵਿਚ ਹੈ। ਪੁਸਤਕ ਦਾ ਪਹਿਲਾ ਸੰਸਕਰਣ ਜੋ ਕਿ 2 ਦਸੰਬਰ, 1901 ਦਾ ਹੈ, ਸਾਨੂੰ ਕੇਸਰੀ ਜੀ ਦੇ ਘਰੋਂ ਪ੍ਰਾਪਤ ਹੋਇਆ ਸੀ। ਇਸ ਪੁਸਤਕ ਦੇ ਟਾਈਟਲ ਉੱਤੇ ਦਿੱਤੇ ਹੋਏ ਸ਼ਬਦ ਹਨ:
“ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਮਹਾਰਾਜ ਜੀ ਦੇ ਜਾਨ ਪਰ ਖੇਡਣ ਵਾਲੇ ਚਵਾਂ ਸਾਹਿਬਜ਼ਾਦਿਆਂ ਦਾ ਬੀਰਤਾ ਦਾ ਪੁੰਜ ਠੇਠ ਪੰਜਾਬੀ ਜ਼ਬਾਨ ਵਿਚ ਦਿਲ ਹਿਲਾ ਦੇਣ ਵਾਲਾ ਸਾਕਾ।”
ਅੱਗੇ ਇਹ ਵੀ ਲਿਖਿਆ ਹੈ ਕਿ
“ਮੇਰੇ ਕਈ ਮਿੱਤ੍ਰਾਂ ਨੇ…ਮੈਨੂੰ ਪ੍ਰੇਰਿਆ ਅਰ ਮਜਬੂਰ ਕੀਤਾ ਕਿ ਮੈਂ ਸ੍ਰੀ ਗੁਰੂ ਕਲਗੀਧਰ ਮਹਾਰਾਜ ਦੇ ਸਾਹਿਬਜ਼ਾਦਿਆਂ ਦਾ ਯੁੱਧ ਵਿਚ ਸ਼ਹੀਦ ਹੋਣਾ ਕੋਰੜੇ ਛੰਦਾਂ ਵਿਚ ਰਚਾਂ।”
ਅੱਗੇ ਲਿਖਿਆ ਹੈ :
ਕ੍ਰਿਤ
ਗੁਰਬਖ਼ਸ਼ ਸਿੰਘ ਮੈਨੇਜਰ, ਦਿਤ ਸਿੰਘ ਕੰਨ੍ਹਾ ਪਾਠਸ਼ਾਲਾ, ਰੋਪੜ ਜਿਸਨੂੰ ਸੂਬੇਦਾਰ ਮੇਜਰ ਬਾਲ ਸਿੰਘ ਜੀ, ਪ੍ਰੈਜੀਡੈਂਟ ਖ਼ਾਲਸਾ ਦੀਵਾਨ, ਮਲਾਯਾ ਨੇ ਧਰਮ ਪ੍ਰਚਾਰ ਹਿਤ ਵਜ਼ੀਰ ਹਿੰਦ ਪ੍ਰੈੱਸ, ਅੰਮ੍ਰਿਤਸਰ ਵਿਚ ਭਾਈ ਬਹਾਦਰ ਸਿੰਘ ਮੈਨੇਜਰ ਦੇ ਯਤਨ ਨਾਲ ਛਪਵਾਇਆ।
ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਇਹ ਰਚਨਾ ਉਦੋਂ ਲਿਖੀ ਗਈ, ਜਦੋਂ ‘ਕੇਸਰੀ ਜੀ’ ਦਿੱਤ ਸਿੰਘ ਕੰਨਯਾ ਪਾਠਸ਼ਾਲਾ, ਰੋਪੜ ਚਲਾ ਰਹੇ ਸਨ। ਇਹ ਸਮਾਂ 1908 ਦੇ ਨੇੜੇ-ਤੇੜੇ ਦਾ ਹੈ।
ਇਸ ਪੁਸਤਕ ਦੀ 2 ਦਸੰਬਰ 1909 ਦੀ ਛਾਪ ਵਿਚ ਦਰਜ ਹੈ ਕਿ ਇਸ ਦੀਆਂ ਪਹਿਲੀ ਵਾਰ ਇਕ ਹਜ਼ਾਰ ਕਾਪੀਆਂ ਛਪੀਆਂ। ਸੰਖਿਆ ਕੋਸ਼ ਦੀ ਉਥਾਨਕਾ ਵਿਚ ਅਜਮੇਰ ਸਿੰਘ ਐਮ.ਏ. ਨੇ ਇਸ ਪੁਸਤਕ ਬਾਰੇ ਲਿਖਿਆ ਹੈ:
“ਇਹ ਪੁਸਤਕ ਕਿੱਸੇ ਦੀ ਸਕਲ ਵਿਚ ਵੱਡੇ ਆਕਾਰ ਦੀ, ਲਗ ਭਗ 300 ਸਫ਼ੇ ਦੀ ਛਪੀ ਸੀ, ਬਹੁਤ ਪ੍ਰਚੱਲਿਤ ਹੋਈ। ਇਸ ਦੀਆਂ ਹੁਣ ਤਕ 6 ਐਡੀਸ਼ਨਾ ਛਪ ਚੁੱਕੀਆਂ ਹਨ।”
ਡਾ. ਤੇਜਵੰਤ ਮਾਨ ਨੇ ਇਸ ਰਚਨਾ ਨੂੰ “ਕਿੱਸਾ-ਕਾਵਿ ਪਰੰਪਰਾ ਅਧੀਨ” ਰਚਿਆ ਦੱਸਿਆ ਹੈ। ਸੱਤ ਸਾਦਿਕ ਪੁਸਤਕ ਦੇ ਅੰਤ ਉੱਤੇ ਲਾਹੌਰ ਤੋਂ ਛਪਦੇ ਉਰਦੂ ਅਖ਼ਬਾਰ ਸ਼ੇਰੇ ਪੰਜਾਬ ਵਿਚ ਛਪੇ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਦੇ ਇਕ ਰੀਵਿਊ ਦੀਆਂ ਇਹ ਸਤਰਾਂ ਦਿੱਤੀਆਂ ਹੋਈਆਂ ਹਨ:
ਰੀਵਿਊ ਉਰਦੂ ਅਖ਼ਬਾਰ ਸ਼ੇਰੇ ਪੰਜਾਬ, ਲਾਹੌਰ
ਪੰਜਾਬੀ ਕੇ ਮਸ਼ਹੂਰ ਸ਼ਾਇਰ ਭਾਈ ਗੁਰਬਖ਼ਸ਼ ਸਿੰਘ ਸਾਹਿਬ ਐਡੀਟਰ ‘ਦਿੱਤ ਸਿੰਘ ਮੈਗੇਜ਼ੀਨ’, ਰੋਪੜ ਨੇ ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇ ਧਰਮ ਰਖਸ਼ਕ ਸਪੂਤੋਂ ਕੀ ਕੁਰਬਾਨੀਓਂ ਕਾ ਤਜ਼ਕਰਾ ਨਿਹਾਇਤ ਦਰਦਨਾਕ ਔਰ ਵਲਵਲਾ ਅੰਗੇਜ਼ ਪੰਜਾਬੀ (ਗੁਰਮੁਖੀ) ਨਜ਼ਮ ਮੇਂ ਲਿਖਾ ਹੈ। ਏਕ ਏਕ ਬੰਦ ਕੇ ਪੜ੍ਹਨੇ ਸੇ ਆਂਖੋਂ ਸੇ ਆਂਸੂਓਂ ਕਾ ਸੈਲਾਬ ਰਵਾਂ ਹੋ ਜਾਤਾ ਹੈ। ਸਾਹਿਬ ਅਜੀਤ ਸਿੰਘ, ਜੁਝਾਰ ਸਿੰਘ, ਫਤੇ ਸਿੰਘ, ਜ਼ੋਰਾਵਰ ਸਿੰਘ ਜੀ ਕੀ ਸ਼ੁਜਾਆਨ ਔਰ ਲਾਮਿਸਾਲ ਕੁਰਬਾਨੀਓਂ ਕੇ ਤਜ਼ਕਰੇ ਕਾ ਭਾਈ ਗੁਰਬਖ਼ਸ਼ ਜੀ ਕੀ ਕਲਮ ਸੇ ਨਿਕਲਨਾ ਸੋਨੇ ਪਰ ਸੋਹਾਗੇ ਸੇ ਬੜ੍ਹ ਕਰ ਖ਼ੁਸ਼ਨੁਮਾ ਮਾਲੂਮ ਹੋਤਾ ਹੈ।….
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਭਾਈ ਕਾਨ੍ਹ ਸਿੰਘ ਲਾਇਬ੍ਰੇਰੀ ਤੋਂ ਇਸ ਪੁਸਤਕ ਦਾ ਇਕ ਹੋਰ ਸੰਸਕਰਣ ਪ੍ਰਾਪਤ ਹੋਇਆ। ਇਸ ਦੇ ਦੋ ਭਾਗ ਹਨ। ਇਸ ਦੇ ਦੋਵੇਂ ਭਾਗਾਂ ਦਾ ਕੁੱਲ ਆਕਾਰ ਪਹਿਲੇ ਸੰਸਕਰਣ ਤੋਂ ਵੱਡਾ ਹੈ। ਇਸ ਦਾ ਪਾਠ ਵੀ ਪਹਿਲੇ ਸੰਸਕਰਣ ਦੇ ਮੁਕਾਬਲੇ ਵਿਸਤ ਹੈ। ਇਸ ਵਿਚ ਕੇਸਰੀ ਜੀ ਨੇ ਅਨੇਕਾਂ ਹਵਾਲੇ ਫੁੱਟਨੋਟਾਂ ਵਿਚ ਪੰਨਿਆਂ ਦੇ ਨਾਲੋ-ਨਾਲ ਦਿੱਤੇ ਹਨ। ਇਹ ਫੁੱਟਨੋਟ ਪੁਸਤਕ ਦੀ ਮੌਜੂਦਾ ਛਾਪ ਵਿਚ ਵੀ ਨਾਲੋ-ਨਾਲ ਦੇ ਦਿੱਤੇ ਗਏ ਹਨ। ਹਥਲੀ ਪੁਸਤਕ ਲਈ, ਪੁਸਤਕ ਦੇ ਵੱਡੇ ਆਕਾਰ ਵਾਲੇ ਸੰਸਕਰਣ ਨੂੰ ਹੀ ਆਧਾਰ ਬਣਾਇਆ ਗਿਆ ਹੈ।
ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਪੁਸਤਕ ਦੇ ਦੂਜੇ ਭਾਗ ਦਾ ਪਾਠ, ਕੇਸਰੀ ਜੀ ਦੇ ਘਰੋਂ ਮਿਲੇ ਪੁਸਤਕ ਦੇ ਪਹਿਲੇ ਸੰਸਕਰਣ ਦੇ ਪਾਠ ਤੋਂ ਕਈ ਥਾਈਂ ਕੁਝ ਅੰਤਰ ਵਾਲਾ ਹੈ। ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਕੇਸਰੀ ਜੀ ਆਪਣੀ ਰਚਨਾ ਨੂੰ ਉਸ ਦੀ ਹਰ ਐਡੀਸ਼ਨ ਤੋਂ ਪਹਿਲਾਂ ਕੁਝ ਨਾ ਕੁਝ ਸੋਧਦੇ ਹੁੰਦੇ ਸਨ।
-ਅ –
ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਦੇ ਵੱਡੇ ਸੰਸਕਰਣ ਦੇ ਟਾਈਟਲ ਉੱਤੇ ਇਬਾਰਤ ਇਸ ਪ੍ਰਕਾਰ ਸੀ:
ੴ ਸਤਿਗੁਰ ਪ੍ਰਸਾਦਿ
ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ
(ਭਾਗ ਪਹਿਲਾ)
ਕ੍ਰਿਤ ਗੁਰਬਖ਼ਸ਼ ਸਿੰਘ ‘ਕੇਸਰੀ’ ਹਸਨਪੁਰ (ਅੰਬਾਲਾ)
ਪ੍ਰਕਾਸ਼ਿਕ
ਸ੍ਰੀ ਮਾਨ ਸਰਦਾਰ ਕਿਸ਼ਨ ਸਿੰਘ ਸਾਹਿਬ ਰਈਸ ਪਖੋ ਰਾਮਗੜ੍ਹ ਸਰਦਾਰਾਂ ਜ਼ਿਲਾ ਲੁਦੇਹਾਣਾ
ਪੁਸਤਕ ਦੇ ਇਸ ਸੰਸਕਰਣ ਦਾ ਸਮਰਪਣ ਮਹਾਰਾਜ ਪਟਿਆਲਾ ਨੂੰ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਗਿਆ :
ਸਮਰਪਣ
ਸ੍ਰੀ ਹਜੂਰ ਅਟੱਲ ਪ੍ਰਤਾਪੀ ਮਹਾਰਾਜਾਏ ਰਾਜਗਾਨ ਅਧਿਰਾਜ ਸ੍ਰੀ ਮਹਾਰਾਜ ਯਾਦਵਇੰਦ੍ਰ ਸਿੰਘ ਸਾਹਿਬ ਮਹਿੰਦ੍ਰ ਬਹਾਦਰ ਪਟਿਆਲਾ ਜੀ ਦੀ ਪਰਮ ਪਵਿੱਤ੍ਰ ਸੇਵਾ ਵਿਚ ਸਨਿੱਮ ਅਰਪਣ ਹੈ।
ਰਾਜ ਮਹਾਰਾਜ, ਅਧਿਰਾਜ ਤਾਜ ਦੇਸ਼ ਕੌਮ, ਸੂਰ ਬੀਰ ਯੋਧਾ ‘ਰਾਜਾ ਜੋਗੀ’ ਧਰਮਾਤਮਾ। ਰੋਸ਼ਨ ਦਮਾਗ ਤੇ ਸੁਹਾਗ ਭਾਗ ਰਾਜਸੀ ਦਾ, ਨਯਾਏ ਦਾ ਸਰੂਪ ਸਾਡਾ ਭੂਪ ਉੱਚ ਆਤਮਾ। ਦਾਨੀ ਮਹਾ ਦਾਨੀ ਲਾਸਾਨੀ ਹੈ ਅਨੂਪ ਰੂਪ, ਮਾਨੋ ਆਪ ਉੱਤੇ ਖੂਬਸੂਰਤੀ ਦਾ ਖਾਤਮਾ। ਸਾਰੀ ਫੁਲਵਾਰੀ ਇੱਕੇ ਵਾਰੀ ਹੀ ਮਹਿਕ ਉੱਠੀ, ਫੂਲ ਵੰਸ਼ ਵਿੱਚ ਫੂਲ ਫੁੱਲਿਆ ਮਹਾਤਮਾ। ਫੌਜ ਵਾਲਾ ਮੌਜ ਵਾਲਾ ਤੇਜ ਤਪ ਚੋਜ ਵਾਲਾ, ਰਾਜ ਸਾਜ਼ ਤਾਜ ਤੇ ਤਖਤ ਵਾਲਾ ਸੋਹਣਾ। ਡਾਢੀ ਡੀਲ ਡੋਲ ਨਯਾਏ ਸ਼ੀਲ ਤੇ ਸ਼ਕੀਲ ਐਸਾ, ਇੰਦੁ ਅਖਾੜੇ ਦੀ ਵੀ ਸ਼ੋਭਾ ਸਾਰੀ ਖੋਹਣਾ। ਭਾਰੀ ਭੁਜਦੰਡ ਵਾਲਾ ਤੇਜ ਪਰਚੰਡ ਆਲ੍ਹਾ, ਵੈਰੀ ਖੰਡ ਖੰਡ ਅਰ ਦਲਾਂ ਨੂੰ ਪਤੋਹਣਾ। ਗੁਣਾਂ ਦਾ ਭੰਡਾਰ ਮਹਾਰਾਜ ਯਾਦਵਇੰਦ੍ਰ ਸਿੰਘ, ‘ਕੇਸਰੀ’ ਕਮਾਲ ਦਾ ਕਮਾਲ ਮਨ ਮੋਹਣਾ । ਦੇਸ਼ ਤੇ ਬਿਦੇਸ਼ ਵਿਚ ਪੈ ਗਈ ਹੈ ਧਾਕ ਜੇਧੀ, ਜੰਗੀ ਕੌਮਾਂ ਵਿੱਚ ਜੋ ਸ਼੍ਰੋਮਣੀ ਸ਼ੁਮਾਰ ਹੈ । ਸਾਰੇ ਦੇਸ਼ ਹਿੰਦ ਸੰਦੀ ਆਣ ਆਣ ਕਾਣ ਰੱਖੀ ਜੀਨ੍ਹੇ, ਬਾਹੂ ਬਲ ਜੀਹਦਾ ਡਾਢਾ ਅਪਰ ਅਪਾਰ ਹੈ ।
Credit – ਗੁਰਬਖ਼ਸ਼ ਸਿੰਘ ਕੇਸਰੀ, ਡਾ. ਕਰਨੈਲ ਸਿੰਘ ਸੋਮਲ