ਬੱਧਣ ਜੱਟਾਂ ਦਾ ਇਕ ਛੋਟਾ ਜਿਹਾ ਕਬੀਲਾ ਹੈ। ਐਚ. ਏ. ਰੋਜ਼ ਅਨੁਸਾਰ ਬੱਧਣ ਸਰੋਆ ਰਾਜਪੂਤਾਂ ਵਿੱਚੋਂ ਹਨ। ਇਨ੍ਹਾਂ ਦਾ ਵਡੇਰਾ ਕਾਲਾ ਸੀ ਜੋ ਜੰਮੂ ਵਿੱਚ ਰਹਿੰਦਾ ਸੀ। ਕੁਝ ਸਮੇਂ ਜੰਮੂ ਰਹਿਕੇ ਇਹ ਸਿਆਲਕੋਟ ਤੇ ਦੁਆਬੇ ਵਿੱਚ ਆਬਾਦ ਹੋ ਗਏ ਸਨ। ਕਿਸੇ ਸਮੇਂ ਸਰੋਆ ਰਾਜਪੂਤਾਂ ਦਾ ਦਿੱਲੀ ਦੇ ਖੇਤਰ ਵਿੱਚ ਰਾਜ ਸੀ । ਜਦੋਂ ਇਨ੍ਹਾਂ ਦਾ ਦਿੱਲੀ ਤੋਂ ਰਾਜ ਖੁਸ ਗਿਆ ਤਾਂ ਇਹ ਰਾਜਸਤਾਨ ਦੇ ਸਰੋਈ ਖੇਤਰ ਤੇ ਕਾਬਜ਼ ਹੋ ਗਏ। ਰਾਜਸਤਾਨ ਵਿੱਚ ਕਈ ਵਾਰ ਭਿਆਨਕ ਕਾਲ ਪੈ ਜਾਂਦਾ ਸੀ ਤਾਂ ਲੋਕ ਮਜ਼ਬੂਰਨ ਰਾਜਸਤਾਨ ਤੋਂ ਉਠਕੇ ਪੰਜਾਬ ਵੱਲ ਆ ਜਾਂਦੇ ਸਨ। ਇਸ ਤਰ੍ਹਾਂ ਸ਼ਾਹ ਸਰੋਆ ਦੀ ਬੰਸ ਦੇ ਲੋਕ ਰਾਜਸਤਾਨ ਤੋਂ ਉਠਕੇ ਪੰਜਾਬ ਦੇ ਫਿਰੋਜ਼ਪੁਰ ਖੇਤਰ ਵਿੱਚ ਆ ਗਏ। ਬੰਦੇ ਬਹਾਦਰ ਦੇ ਸਮੇਂ ਕਈ ਜੱਟ ਕਬੀਲੇ ਜੰਮੂ ਖੇਤਰ ਦੇ ਪਹਾੜੀ ਇਲਾਕੇ ਵਿੱਚ ਆਬਾਦ ਹੋ ਗਏ ਸਨ। ਢਿੱਲੋਂ, ਢੀਂਡਸੇ, ਸੰਘੇ, ਮਲ੍ਹੀ ਤੇ ਦੁਸਾਂਝ ਭਾਈਚਾਰੇ ਦੇ ਲੋਕ ਵੀ ਸ਼ਾਹ ਸਰੋਆ ਦੀ ਬੰਸ ਵਿੱਚੋਂ ਹਨ।
ਬੱਧਣ ਗੋਤ ਦੇ ਲੋਕ ਜੱਟ, ਦਲਿਤ ਤੇ ਹੋਰ ਜਾਤੀਆਂ ਵਿੱਚ ਵੀ ਹਨ। ਜੱਟ ਤੇ ਮੱਜ਼ਬੀ ਸਿੱਖ ਪੰਜਾਬ ਦੇ ਵੱਡੇ ਭਾਈਚਾਰੇ ਹਨ। ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਅਨੁਸਾਰ ਇਹ ਦੋਵੇਂ ਜਾਤੀਆਂ ਆਰੀਆਂ ਵਾਂਗ ਮੱਧ ਏਸ਼ੀਆ ਤੋਂ ਪੰਜਾਬ ਵਿੱਚ ਆ ਵਸੇ ਸਨ। ਜੱਟਾਂ ਤੇ ਬਹੁਤੇ ਗੋਤ ਦਲਿਤਾਂ ਨਾਲ ਰਲਦੇ ਹਨ। ਇਸਦੇ ਕਈ ਕਾਰਨ ਹਨ। ਕਰੇਵੇ ਦੀ ਰਸਮ ਵੀ ਜੱਟਾਂ ਤੇ ਦਲਿਤਾਂ ਵਿੱਚ ਪ੍ਰਚਲਤ ਸੀ। ਰਾਜਪੂਤ ਤੇ ਹੋਰ ਉੱਚ ਜਾਤੀਆਂ ਵਿੱਚ ਕਰੇਵੇ ਦੀ ਰਸਮ ਬਿਲਕੁਲ ਹੀ ਨਹੀਂ ਸੀ।

ਦੁਆਬੇ ਵਿੱਚ ਬੱਧਣ ਉਪਜਾਤੀ ਦੇ ਕਈ ਪਿੰਡ ਹਨ । ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਸੂਹਾ ਪਾਸ ਬੱਧਣ ਗੋਤ ਦੇ ਜੱਟਾਂ ਦਾ ਪੁਰਾਣਾ ਤੇ ਪ੍ਰਸਿੱਧ ਪਿੰਡ ਬੱਧਣ ਹੈ । ਹੁਸ਼ਿਆਰਪੁਰ ਵਿੱਚ ਸੰਧਰਾ ਅਤੇ ਜਲੰਧਰ ਨੇੜੇ ਸਲੇਮਪੁਰ ਮੁਸਲਮਾਨਾਂ ਵਾਲੀ ਵਿੱਚ ਵੀ ਬੱਧਣ ਭਾਈਚਾਰੇ ਦੇ ਕਾਫੀ ਲੋਕ ਵੱਸਦੇ ਹਨ । ਇਸ ਖੇਤਰ ਵਿੱਚ ਇਨ੍ਹਾਂ ਦੇ ਜਠੇਰਿਆਂ ਦਾ ਇੱਕ ਮੇਲਾ ਵੀ ਲੱਗਦਾ ਹੈ । ਬੱਡਨ ਅਤੇ ਬੱਧਣ ਗੋਤ ਵਿੱਚ ਵੀ ਫਰਕ ਹੈ । ਬੱਡਨ ਟਪਰੀਵਾਸ ਕਬੀਲਾ ਹੈ । ਬੱਧਣ ਜੱਟ ਅਤੇ ਗੈਰ ਜੱਟ ਵੀ ਹਨ ਜਿਹੜੇ ਸਰੋਆ ਰਾਜਪੂਤਾਂ ਨੇ ਵਿਧਵਾ ਵਿਆਹ ਕਰ ਲਿਆ, ਉਹ ਜੱਟਾਂ ਅਤੇ ਦਲਿਤਾਂ ਵਿੱਚ ਰਲ ਗਏ। ਇਸ ਕਾਰਨ ਹੀ ਉੱਚੀਆਂ ਜਾਤੀਆਂ ਦੇ ਲੋਕ ਜੱਟਾਂ ਨੂੰ ਨੀਵਾਂ ਸਮਝਦੇ ਸਨ । ਜੱਟਾਂ ਵਿੱਚ ਵੀ ਹਉਮੇ ਹੁੰਦੀ ਸੀ । ਜੱਟ ਵੀ ਅਖੜ ਕੇ ਖਾੜਕੂ ਸਨ । ਜੱਟ ਵੀ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਤੇ ਉੱਚਾ ਸਮਝਦੇ ਸਨ । ਬੱਧਣ ਗਿੱਲਾਂ ਦਾ ਵੀ ਉਪਗੋਤ ਹੈ । ਮੋਗੇ ਦੇ ਇਲਾਕੇ ਵਿੱਚ ਬੱਧਣੀ ਕਲਾਂ ਦੇ ਇਰਦ-ਗਿਰਦ ਬੱਧਣ ਗਿੱਲਾਂ ਦੇ ਕਈ ਪਿੰਡ ਹਨ । ਗਿੱਲ ਪਾਲ ਦੇ ਅੱਠ ਪੁੱਤਰ ਸਨ ਜਿਨ੍ਹਾਂ ਵਿਚੋਂ ਬੱਧਣ, ਵੈਰਸੀ ਤੇ ਸ਼ੇਰ ਗਿੱਲ ਬਹੁਤ ਪ੍ਰਸਿੱਧ ਹੋਏ ਹਨ । ਬੱਧਣ ਗਿੱਲ ਸੋਲ੍ਹਵੀਂ ਸਦੀ ਦੇ ਆਰੰਭ ਵਿੱਚ ਮੋਗੇ ਦੇ ਦੱਖਣ ਪੱਛਮ ਵਿੱਚ ਵਸ ਗਏ । ਇਨ੍ਹਾਂ ਦੇ ਪ੍ਰਮੁੱਖ ਟਿਕਾਣੇ ਰਾਜੇਆਨਾ ਤੇ ਡਾਂਡਾ ਮੀਂਡਾ ਸਨ । ਇਸ ਇਲਾਕੇ ਵਿੱਚ ਸੰਘਰ ਕੇ ਬਰਾੜਾਂ ਨੇ ਹਮਲਾ ਕਰਕੇ ਮੋਗਾ ਗਿੱਲ ਮਾਰ ਦਿੱਤਾ ਸੀ । ਡਾਂਡਾ ਮੀਂਡਾ ਬਰਬਾਦ ਕਰ ਦਿੱਤਾ । ਗਿੱਲਾਂ ਨੂੰ ਚੜਿੱਕ, ਮੋਗਾ ਤੇ ਘੱਲ ਕਲਾਂ ਵੱਲ ਭਜਾ ਦਿੱਤਾ । ਗਿੱਲਾਂ ਤੇ ਬਰਾੜਾਂ ਵਿੱਚ ਕਈ ਲੜਾਈਆਂ ਹੋਈਆਂ ਅੰਤ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ ਦੁਸ਼ਮਣੀ ਤੇ ਲੜਾਈਆਂ ਖ਼ਤਮ ਹੋਈਆਂ । ਪ੍ਰਸਿੱਧ ਕਵੀਸ਼ਰ ਮਾਘੀ ਸਿੰਘ ਗਿੱਲਾਂ ਵਾਲਾ ਵੀ ਬੱਧਣ ਗਿੱਲ ਸੀ । ਸਿਆਲਕੋਟ ਖੇਤਰ ਦੇ ਬਹੁਤੇ ਬੱਧਣ ਮੁਸਲਮਾਨ ਬਣ ਗਏ ਸਨ । ਬੱਧਣ ਅਤੇ ਬੱਧਣ ਗਿੱਲ ਦੋ ਵੱਖ-ਵੱਖ ਗੋਤ ਹਨ । ਇਹ ਇਕੋ ਭਾਈਚਾਰੇ ਵਿੱਚੋਂ ਨਹੀਂ ਹਨ । ਬੱਧਣ ਭਾਈਚਾਰੇ ਦੇ ਲੋਕ ਹਿੰਦੂ, ਮੁਸਲਮਾਨ ਤੇ ਸਿੱਖ ਤਿੰਨਾਂ ਧਰਮਾਂ ਵਿੱਚ ਹੀ ਵੰਡੇ ਹੋਏ ਹਨ । ਬੱਧਣ ਗਿੱਲ ਸਾਰੇ ਸਿੱਖ ਹਨ । ਬੱਧਣ ਸਰੋਆ ਰਾਜਪੂਤਾਂ ਨਾਲ ਸੰਬੰਧਤ ਹਨ ਅਤੇ ਬੱਧਣ ਗਿੱਲ ਬਰਯਾਹ ਰਾਜਪੂਤਾਂ ਨਾਲ ਸੰਬੰਧਤ ਹਨ । ਪੰਜਾਬ ਵਿੱਚ ਬੱਧਣ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ । ਪੰਜਾਬੀ ਗੀਤਕਾਰ ਚਰਨ ਸਿੰਘ ਬੰਬੀਹਾ ਭਾਈ ਵਾਲੇ ਵੀ ਬੱਧਣ ਭਾਈਚਾਰੇ ਵਿੱਚੋਂ ਹਨ । ਇਹ ਮਹਾਨ ਸਮਾਜ ਸੇਵਕ ਵੀ ਹਨ । ਜੱਟਾਂ, ਰਾਜਪੂਤਾਂ, ਖੱਤਰੀਆਂ, ਸੈਣੀਆਂ, ਕੰਬੋਆਂ, ਪਿਛੜੀਆਂ ਸ਼੍ਰੇਣੀਆਂ ਤੇ ਦਲਿਤਾਂ ਦੇ ਕਈ ਗੋਤ ਆਪਸ ਵਿੱਚ ਰਲਦੇ ਹਨ । ਸਭ ਦਾ ਪਿਛੋੜ ਸਾਂਝਾ ਹੈ । ਵਿਦਿਆ ਪ੍ਰਾਪਤ ਕੀਤੇ ਬਿਨਾਂ ਕੋਈ ਜਾਤੀ ਉੱਨਤੀ ਨਹੀਂ ਕਰ ਸਕਦੀ । ਵਿਦਿਆ ਸਰਬੋਤਮ ਹੈ । ਬੱਧਣ ਸਰੋਆ ਰਾਜਪੂਤਾਂ ਦਾ ਉਪਗੋਤ ਹੈ । ਇਹ ਜੱਟ ਤੇ ਦਲਿਤ ਜਾਤੀਆਂ ਵਿੱਚ ਵੀ ਕਾਫੀ ਹਨ । ਇਹ ਗੋਤ ਬਹੁਤਾ ਪ੍ਰਸਿੱਧ ਨਹੀਂ ਹੈ । ਇਹ ਬਹੁਤ ਹੀ ਛੋਟਾ ਗੋਤ ਹੈ । ਵਿਦਿਆ ਤੇ ਗਿਆਨ ਪ੍ਰਾਪਤੀ ਵੀ ਦਲਿਤ ਜਾਤੀਆਂ ਵਿੱਚ ਸਮਾਜਿਕ ਤੇ ਆਰਥਿਕ ਤਬਦੀਲੀ ਲਿਆਉਣ ਵਿੱਚ ਸਹਾਈ ਹੈ ਸਕਦੀ ਹੈ । ਜੱਟਾਂ ਲਈ ਵੀ ਵਿਦਿਆ ਬਹੁਤ ਜ਼ਰੂਰੀ ਹੈ ।
