ਮਾਨ ਬੰਸ ਦਾ ਵਡੇਰਾ ਮਾਨਪਾਲ ਸੀ । ਇਸ ਨੂੰ ਮਾਨਾ ਵੀ ਕਿਹਾ ਜਾਂਦਾ ਸੀ । ਸ਼ੱਕ ਜਾਤੀ ਦੇ ਕੁਝ ਲੋਕ ਈਸਾ ਤੋਂ 160 ਵਰ੍ਹੇ ਪਹਿਲਾਂ ਟੈਕਸਲਾ, ਮਥੁਰਾ ਤੇ ਸੁਰਾਸ਼ਟਰ ਵਿੱਚ ਮੱਧ ਏਸ਼ੀਆ ਦੇ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਆਕੇ ਹੀ ਵਸੇ ਸਨ । ਆਰੀਆ ਲੋਕਾਂ ਦੇ ਵੱਖ-ਵੱਖ ਕਬੀਲੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮ ਫਿਰ ਕੇ ਵੱਖ-ਵੱਖ ਸਮੇਂ ਸਿੰਧ, ਰਾਜਸਤਾਨ ਤੇ ਪੰਜਾਬ ਵਿੱਚ ਪਹੁੰਚੇ ਸਨ । ਮੱਧ ਏਸ਼ੀਆ ਤੋਂ ਮਾਨ ਜਾਤੀ ਦੇ ਕੁਝ ਲੋਕ ਯੂਨਾਨ ਅਤੇ ਯੂਰਪ ਵੱਲ ਵੀ ਚਲੇ ਗਏ ਸਨ । ਜਰਮਨ ਵਿੱਚ ਵੀ ਮਾਨ, ਭੁੱਲਰ ਤੇ ਹੋਰ ਗੋਤਾਂ ਦੇ ਲੋਕ ਵੱਸਦੇ ਹਨ । ਥਾਮਸ ਮਾਨ ਯੂਰਪ ਦਾ ਮਹਾਨ ਸਾਹਿਤਕਾਰ ਸੀ । ਮਾਨ ਜਗਤ ਪ੍ਰਸਿੱਧ ਗੋਤ ਹੈ । ਕਨਿਸ਼ਕ ਦੇ ਸਮੇਂ ਵੀ ਪੰਜਾਬ ਵਿੱਚ ਮਾਨ ਤੇ ਪੰਵਾਰ ਕਬੀਲੇ ਵੱਸਦੇ ਸਨ । ਸ਼ੁਰੂ-ਸ਼ੁਰੂ ਵਿੱਚ ਜੱਟ ਕਬੀਲੇ ਸੂਰਜ, ਚੰਦ ਤੇ ਸ਼ਿਵ ਦੀ ਮਾਨਤਾ ਕਰਦੇ ਸਨ । ਇਸ ਕਾਰਨ ਹੀ ਮਾਨ, ਭੁੱਲਰ ਤੇ ਹੋਰਾਂ ਨੂੰ ਸ਼ਿਵ ਗੋਤਰੀ ਜੱਟ ਕਿਹਾ ਜਾਂਦਾ ਹੈ । ਜੱਟ ਆਪਣੇ ਆਪ ਨੂੰ ਵਿਸ਼ੇਸ਼ ਜਾਤੀ ਸਮਝਦੇ ਹਨ । ਉਨ੍ਹਾਂ ਨੂੰ ਜੱਟ ਹੋਣ ਤੇ ਮਾਣ ਹੁੰਦਾ ਹੈ । ਜੱਟਾਂ ਦੇ ਬਹੁਤੇ ਗੋਤ ਉਨ੍ਹਾਂ ਦੇ ਵਡੇਰਿਆਂ ਦੇ ਨਾਂ ਤੇ ਹੀ ਪ੍ਰਚੱਲਤ ਹੋਏ ਹਨ । ਗੋਤ ਜੱਟ ਦੀ ਪਹਿਚਾਣ ਤੇ ਸ਼ਾਨ ਹੁੰਦਾ ਹੈ । ਯੂਨਾਨੀ ਇਤਿਹਾਸਕਾਰ ਜੱਟਾਂ ਨੂੰ ਬਹਾਦਰ ਤੇ ਮਹਾਨ ਸਮਝਦੇ ਸਨ । ਛੇਵੀਂ, ਸੱਤਵੀਂ ਸਦੀ ਵਿੱਚ ਬ੍ਰਾਹਮਣਵਾਦ ਦਾ ਜ਼ੋਰ ਸੀ । ਬ੍ਰਾਹਮਣ ਜੱਟਾਂ ਨਾਲੋਂ ਖੱਤਰੀਆਂ ਨੂੰ ਉੱਚਾ ਸਮਝਦੇ ਸਨ । ਸਾਕਾ ਤੇ ਬਿਕਰਮ ਸੰਮਤ ਵੀ ਜੱਟਾਂ ਨਾਲ ਹੀ ਸੰਬੰਧਤ ਹਨ । ਮਾਨ ਭਾਈਚਾਰੇ ਦੇ ਲੋਕ ਪਹਿਲਾਂ ਗੁਜਰਾਤ ਤੇ ਮਹਾਂਰਾਸ਼ਟਰ ਵਿੱਚ ਆਬਾਦ ਹੋਏ । ਇਸ ਬੰਸ ਦੇ ਦੋ ਪ੍ਰਸਿੱਧ ਰਾਜੇ ਵਰਨਮਾਨ ਤੇ ਰੁਧਰ ਮਾਨ ਹੋਏ ਹਨ । ਮਹਾਂਰਾਸ਼ਟਰ ਦੇ ਗੋਆ ਅਤੇ ਕੌਂਕਣ ਖੇਤਰਾਂ ਵਿੱਚ ਮਾਨ ਰਾਜਿਆਂ ਦੇ ਸਿੱਕੇ ਮਿਲੇ ਹਨ । ਵਿਸ਼ਨੂੰ ਪੁਰਾਣ ਵਿੱਚ ਇਨ੍ਹਾਂ ਨੂੰ ਗੰਧਰਵ ਖੇਤਰ ਦਾ ਇੱਕ ਬਹਾਦਰ ਕਬੀਲਾ ਦੱਸਿਆ ਗਿਆ ਹੈ । ਗੰਧਰਵ ਖੇਤਰ ਵਿੱਚ ਕਾਬਲ, ਪਿਸ਼ਾਵਰ ਤੇ ਰਾਵਲਪਿੰਡੀ ਆਦਿ ਦੇ ਖੇਤਰ ਸ਼ਾਮਲ ਸਨ। । ਅੱਠਵੀਂ ਸਦੀ ਵਿੱਚ ਮਾਨ ਰਾਜਸਥਾਨ ਤੇ ਕੋਟਾ ਦੇ ਚਤੌੜ ਆਦਿ ਖੇਤਰਾਂ ਵਿੱਚ ਰਾਜ ਕਰਦੇ ਸਨ । ਇਸ ਇਲਾਕੇ ਤੇ ਧਾਵਲ ਮੌੜ ਦਾ ਕਬਜ਼ਾ ਸੀ। ਮੌੜ ਵੀ ਮਾਨਾ ਦਾ ਉਪਗੋਤ ਹੈ। ਕੋਟਾ ਬੂੰਦੀ ਦੇ ਇਲਾਕੇ ਵਿੱਚ ਇਕ ਮਾਨਪੁਰ ਪਿੰਡ ਵੀ ਬਹੁਤ ਪ੍ਰਸਿੱਧ ਹੈ । ਮਾਨ ਜੱਟ ਆਪਣਾ ਕੁਰਸੀਨਾਮਾਂ ਰਾਜਪੂਤਾਂ ਨਾਲ ਵੀ ਜੋੜਦੇ ਹਨ । ਜੈਪੁਰ ਦੇ ਨੇੜੇ ਮਾਨਾ ਗੋਤ ਵਿੱਚ ਠਾਕਰ ਰਾਜਪੂਤ ਵੀ ਹਨ । ਮਾਨਾਂ ਦੇ ਭੱਟਾ ° ਮਾਨ ਗੋਤੀ ਜੱਟਾਂ ਨੂੰ ਰਾਜਪੂਤੀ ਮੂਲ ਦੇ ਸਭ ਤੋਂ ਪੁਰਾਣੇ ਕਸ਼ਤਰੀ ਦੱਸਦੇ ਹਨ । ਇਹ ਰਾਜਸਤਾਨ ਦੇ ਖੇਤਰ ਤੋਂ ਉੱਠ ਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਿੱਧੂ, ਬਰਾੜਾਂ ਤੋਂ ਕਾਫੀ ਸਮਾਂ ਪਹਿਲਾਂ ਆਕੇ ਆਬਾਦ ਹੋਏ । ਮਾਨਾਂ, ਭੁੱਲਰਾਂ ਤੇ ਹੇਰਾਂ ਨੂੰ ਹੀ ਮਾਲਵੇ ਦੇ ਅਸਲੀ ਤੇ ਪੁਰਾਣੇ ਜੱਟ ਮੰਨਿਆ ਜਾਂਦਾ ਹੈ । ਇਨ੍ਹਾਂ ਤਿੰਨ ਜੱਟ ਗੋਤਾਂ ਨੂੰ ਅਸਲ ਵਿੱਚ ਢਾਈ ਗਿਣਿਆ ਜਾਂਦਾ ਹੈ । ਮਾਨ, ਭੁੱਲਰ ਤੇ ਹੇਅਰ ਅੱਧਾ। ਮਾਲਵੇ ਵਿੱਚ ਇਨ੍ਹਾਂ ਦੀਆਂ ਭੱਟੀਆਂ ਤੇ ਸਿੱਧੂ ਬਰਾੜਾਂ ਨਾਲ ਕਈ ਲੜਾਈਆਂ ਹੋਈਆਂ ਸਨ । ਮਾਨ ਕਈ ਪੀੜੀਆਂ ਰਾਜ ਕਰਕੇ ਗੁਜਰਾਤ ਤੇ ਮਹਾਂਰਾਸ਼ਟਰ ਦੇ ਖੇਤਰਾਂ ਵਿੱਚੋਂ ਉੱਠਕੇ ਤੀਜੀ ਸਦੀ ਵਿੱਚ ਮਾਲਵੇ ਵਿੱਚ ਆਏ ਤੇ ਸਾਰੇ ਮਾਲਵੇ ਵਿੱਚ ਫੈਲ ਗਏ । ਸ਼ੁੱਕਸਤਾਨ ਤੋਂ ਆਏ ਹੋਏ ਸ਼ਾਹੀ ਗੋਤ ਦੇ ਸਰਦਾਰ ਮਾਨਸ਼ਾਹ ਨੇ ਮਾਲਵੇ ਵਿੱਚ ਤੀਜੀ ਈਸਵੀਂ ਵਿੱਚ ਬਠਿੰਡੇ ਦੇ ਇਲਾਕੇ ਵਿੱਚ ਆਕੇ ਮਾਨਸਾ ਖੇਤਰ ਨੂੰ ਆਬਾਦ ਕੀਤਾ ਅਤੇ ਮਾਨਸਾ ਸ਼ਹਿਰ ਦੀ ਵੀਹ ਰੱਖੀ । ਸੰਤ ਵਿਸਾਖਾ ਸਿੰਘ ਇਤਿਹਾਸਕਾਰ ਤਾਂ ਮਾਨ ਸ਼ਾਹੀਆਂ ਨੂੰ ਸ਼ੱਕ ਬੰਸ ਵਿੱਚੋਂ ਮੰਨਦਾ ਹੈ । ਇਹ ਗੁਜਰਾਤ, ਮੱਧ ਪ੍ਰਦੇਸ਼, ਰਾਜਸਤਾਨ, ਮਥਰਾ ਆਦਿ ਵਿੱਚ ਹੁੰਦੇ ਹੋਏ ਪੰਜਾਬ ਦੇ ਮਾਲਵਾ ਖੇਤਰ ਵਿੱਚ ਪਹੁੰਚੇ ਸਨ । ਲੈਕਚਰਾਰ ਦੇਸਰਾਜ ਛਾਜਲੀ ਵੀ ਲਿਖਦਾ ਹੈ ਕਿ ਮਾਨ, ਖੇੜੇ ਤੇ ਮੋਂਗੇ ਗੋਤਾਂ ਦੇ ਜੱਟ, ਅੱਜ ਤੋਂ ਕਈ ਸੌ ਸਾਲ ਪਹਿਲਾਂ, ਰਾਜਸਤਾਨ ਤੇ ਮੱਧ ਪ੍ਰਦੇਸ਼ ਦੀ ਹੱਦ ਅਤੇ ਚੰਬਲ ਨਦੀ ਦੇ ਨੇੜਿਉਂ, ਉਜੜ ਕੇ ਆਪਣੀਆਂ ਗੱਡੀਆਂ ਵਿੱਚ ਸਾਮਾਨ ਲੈ ਕੇ ਖੁਡਾਲਾ ਜ਼ਿਲ੍ਹਾ ਮਾਨਸਾ ਵੱਲ ਆ ਗਏ ਅਤੇ ਮਾਨਸਾ ਦੇ ਖੇਤਰ ਵਿੱਚ ਹੀ ਵੱਸ ਗਏ । ਮਾਲਵੇ ਵਿੱਚ ਪਹਿਲਾਂ ਇਹ ਮਾਨਸਾ ਤੇ ਬਠਿੰਡਾ ਖੇਤਰਾਂ ਵਿੱਚ ਹੀ ਆਬਾਦ ਹੋਏ । ਭੁੱਲਰ ਤੇ ਹੇਅਰ ਵੀ ਇਨ੍ਹਾਂ ਨਾਲ ਰਲਮਿਲ ਗਏ । ਸਰ ਇੱਬਟਸਨ ਦੇ ਅਨੁਸਾਰ ਦਲਾਲ ਤੇ ਮਾਨ ਜੱਟ ਰਾਠੌਰ ਰਾਜਪੂਤਾਂ ਵਿਚੋਂ ਹਨ । ਇਨ੍ਹਾਂ ਦੇ ਵਡੇਰੇ ਪਹਿਲਾਂ ਰੋਹਤਕ ਦੇ ਇਲਾਕੇ ਦੇ ਵਿੱਚ ਆਬਾਦ ਹੋਏ । ਇੱਕ ਵੱਡੇਰੇ ਧੰਨਾ ਰਾਉ ਨੇ ਬੜਗੁਜ਼ਰ ਗੋਤ ਦੀ ਜੱਟੀ ਨਾਲ ਵਿਆਹ ਕਰ ਲਿਆ ਸੀ । ਉਸ ਦੇ ਚਾਰ ਪੁੱਤਰ ਹੋਏ । ਜਿਨ੍ਹਾਂ ਦੇ ਨਾਮ ਤੇ ਉਨ੍ਹਾਂ ਦੇ ਚਾਰ ਗੋਤ ਦਲਾਲ, ਮਾਨ, ਦੇਸਵਾਲ ਤੇ ਸੇਵਲ ਪ੍ਰਚੱਲਤ ਹੋਏ । ਇਹ ਚਾਰੇ ਗੋਤਾਂ ਦੇ ਲੋਕ ਆਪਸ ਵਿੱਚ ਰਿਸ਼ਤੇਦਾਰੀ ਹੀ ਨਹੀਂ ਕਰਦੇ ਕਿਉਂਕਿ ਇਨ੍ਹਾਂ ਦਾ ਵੱਡੇਰਾ ਇੱਕ ਸੀ । ਕੁਝ ਮਾਨ ਭਾਈਚਾਰੇ ਦੇ ਹਿੰਦੂ ਜਾਟ ਹਰਿਆਣੇ ਦੇ ਰੋਹਤਕ, ਕਰਨਾਲ, ਹਿਸਾਰ ਆਦਿ ਖੇਤਰਾਂ ਵਿੱਚ ਵੀ ਵੱਸਦੇ ਹਨ ।

ਪਟਿਆਲੇ ਖੇਤਰ ਦੇ ਕੁਝ ਮਾਨ ਕਹਿੰਦੇ ਹਨ ਕਿ ਉਨ੍ਹਾਂ ਦੇ ਵਡੇਰੇ ਬਠਿੰਡੇ ਦੇ ਰਾਜੇ ਬਿਨੇਪਾਲ ਦੇ ਸਮੇਂ ਗੜ੍ਹਗਜ਼ਨੀ ਤੋਂ ਆਏ ਸਨ । ਇਕ ਹੋਰ ਰਵਾਇਤ ਹੈ ਕਿ ਮਾਨ ਜੱਟ ਬਿਨੇਪਾਲ ਦੀ ਬੰਸ ਵਿੱਚੋਂ ਹਨ । ਇਹ ਬਿਨੇਪਾਲ ਵਰੀਆ ਰਾਜਪੂਤ ਸੀ । ਬਿਨੇਪਾਲ ਦੇ ਚਾਰ ਪੁੱਤਰ ਪਰਾਗਾ, ਸੰਧਰ, ਖੇਲਾ ਅਤੇ ਮੋੜ ਸਨ । ਪਰਾਗੈ ਦੀ ਬੰਸ ਨਾਭੇ ਦੇ ਖੇਤਰ ਵਿੱਚ ਆਬਾਦ ਹੋਈ । ਬਿਨੇਪਾਲ ਨੇ ਭੱਟੀਆਂ ਨੂੰ ਬਠਿੰਡੇ ਦੇ ਇਲਾਕੇ ਵਿੱਚੋਂ ਭਜਾ ਦਿੱਤਾ । ਬਿਨੇਪਾਲ ਗਜ਼ਨੀ ਦਾ ਆਖਰੀ ਹਿੰਦੂ ਰਾਜਾ ਸੀ । ਬਿਨੇਪਾਲ ਦੀ ਬੰਸ ਦੇ ਚੌਧਰੀ ਭੂੰਦੜ ਖਾਨ ਤੇ ਮਿਰਜ਼ਾ ਖ਼ਾਨ ਨੂੰ ਬਾਦਸ਼ਾਹ ਵਲੋਂ ਸ਼ਾਹ ਦਾ ਖ਼ਤਾਬ ਮਿਲਿਆ ਸੀ । ਮਾਨਾ ਦੀ ਮਾਨ ਸ਼ਾਹੀ ਮੂੰਹੀ ਇਸ ਬੰਸ ਵਿੱਚੋਂ ਹੈ । ਮਾਨ ਦੇ 12 ਪੁੱਤਰ ਸਨ । ਇਨ੍ਹਾਂ ਦੇ ਨਾਮ ਤੇ ਮਾਨਾਂ ਦੀਆਂ 12 ਮੁੱਖ ਮੂੰਹੀਆਂ ਹਨ । ਅਸਲ ਵਿੱਚ ਮਾਨਾਂ ਦਾ ਘਰ ਉੱਤਰੀ ਮਾਲਵਾ ਹੀ ਹੈ । ਭੁੱਲਰ ਭਾਈਚਾਰੇ ਦੇ ਲੋਕ ਵੀ ਮਾਨਾਂ ਦੇ ਨਜ਼ਦੀਕ ਹੀ ਵੱਸਦੇ ਰਹੇ ਹਨ । ਦੋਵੇਂ ਰਲਕੇ ਸਿੱਧੂ, ਬਰਾੜਾਂ ਨਾਲ ਟਕਰਾਂ ਲੈਂਦੇ ਰਹੇ ਹਨ । ਜਲੰਧਰ ਅਤੇ ਕਰਨਾਲ ਦੇ ਮਾਨ ਆਪਣਾ ਪਿਛੋਕੜ ਬਠਿੰਡਾ ਹੀ ਦਸਦੇ ਹਨ । ਪੁਰਾਣੀ ਜੀਂਦ ਅਤੇ ਸੰਗਰੂਰ ਰਿਆਸਤ ਵਿੱਚ ਇਨ੍ਹਾਂ ਦੇ ਜਠੇਰੇ ਬਾਬੇ ਬੋਲਾ (Bola) ਦਾ ਚਉ ਵਿੱਚ ਸੂਥਾਨ ਹੈ । ਉਸਦੀ ਦਿਵਾਲੀ ਅਤੇ ਵਿਆਹ ਸ਼ਾਦੀ ਸਮੇਂ ਖਾਸ ਮਾਨਤਾ ਕੀਤੀ ਜਾਂਦੀ ਮਾਲਵੇ ਵਿੱਚ ਮਾਨਾ ਦਾ ਮੌੜ ਖਾਨਦਾਨ ਵੀ ਬਹੁਤ ਪ੍ਰਸਿੱਧ ਹੈ । ਮਾਨਸ਼ਾਹੀ ਬਹੁਤੇ ਮਾਨਸਾ ਵਿੱਚ ਹੀ ਹਨ । ਮੁਕਤਸਰ ਦੇ ਇਲਾਕੇ ਗਿੱਦੜਬਾਹਾ ਅਤੇ ਲਾਲ ਬਾਈ ਆਦਿ ਵਿੱਚ ਯਾਤਰੀ ਕੇ ਮਾਨ ਆਬਾਦ ਹਨ ।
ਮਾਨਾ ਦੇ ਪੁਰਾਣੇ ਪਿੰਡ ਬੁਰਜ ਮਾਨਸਾ, ਬੜੀ ਮਾਨਸਾ, ਮੌੜ, ਮਾਨਾ, ਮਾਨਾ ਵਾਲਾ ਤੇ ਸ਼ੇਰ ਕੋਟੀਆ ਆਦਿ ਹਜ ਸਿੱਖ ਰਾਜ ਕਾਇਮ ਕਰਨ ਵੇਲੇ ਮਾਨ ਸਰਦਾਰਾਂ ਨੇ ਰਣਜੀਤ ਸਿੰਘ ਦੀ ਭਾਟ ਹਰ ਸਿੱਖ ਰਾਕੀਤੀ ਸਰਦਾਰ ਫਤਿਹ ਸਿੰਘ ਮਾਨ ਮਹਾਰਾਜ ਰਣਜੀਤ ਸਿੰਘ ਦਾ ਪੱਕਾਸਸਾਇਤਾ ਕੀਤੀ ਤੇਜਵੰਤ ਸਿੰਘ ਮਾਨ ਮਾਲਵੇ ਦਾ ਮਹਾਨ ਲੇਖਕ ਹੈ । ਮਾਨ ਤੇ ਦਲਾਲ ਆਦਿ ਗੋਤਾਂ ਬਾਰੇ ਭਾਟਾਂ ਦੀਆਂ ਵਹੀਆਂ ਭਰੋਸੇਯੋਗ ਤੇ ਠੀਕ ਨਹੀਂ ਹਨ । ਖਾਨਦਾਨ ਮੌੜਾਂ ਵਿੱਚ ਮੌੜ (ਨਾਭਾ) ਪਿੰਡ ਦੇ ਵਸਨੀਕ ਸਰਦਾਰ ਧੰਨਾ ਸਿੰਘ 1 ਮਲਵਈ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਨਿਡਰ ਤੇ ਸੂਰਬੀਰ ਜਰਨੈਲ ਸੀ । ਜਦ ਖਾਲਸੇ ਨੇ ਸੰਮਤ 1875 ਬਿਕਰਮੀ ਵਿੱਚ ਮੁਲਤਾਨ ਨੂੰ ਫਤਿਹ ਕੀਤਾ ਸੀ । ਤਦ ਇਨ੍ਹਾਂ ਨੇ ਹੀ ਅੱਗੇ ਵੱਧ ਕੇ ਮੁਲਤਾਨ ਦੇ ਨਵਾਬ ਮੁਜ਼ੱਫਰ ਖ਼ਾਂ ਦਾ ਸਿਰ ਵੱਢਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਬਾਈ ਮਾਨ ਸਰਦਾਰ ਫੌਜਾਂ ਦੇ ਅਫਸਰ ਸਨ । ਇਨ੍ਹਾਂ ਦਾ ਬਹੁਤ ਪ੍ਰਭਾਵ ਸੀ। ਸਰ ਲੈਪਲ ਗਰੀਫਨ ਨੇ ਆਪਣੀ ਕਿਤਾਬ ‘ਪੰਜਾਬ ਚੀਫਸ’ ਵਿੱਚ ਕੁਝ ਮਾਨ ਸਰਦਾਰਾਂ ਨੂੰ ਬਹਾਦਰ ਤੇ ਸੱਚੇ ਮਰਦ ਮੰਨਿਆ ਹੈ । ਯੂਰਪੀ ਦੇਸ਼ਾਂ ਜਰਮਨ ਅਤੇ ਬਰਤਾਨੀਆਂ ਵਿੱਚ ਵੀ ਮਾਨ ਗੋਤ ਦੇ ਗੋਰੇ ਮਿਲਦੇ ਹਨ । ਇਹ ਮੱਧ ਏਸ਼ੀਆ ਵਿੱਚੋਂ ਹੀ ਉਧਰ ਗਏ ਹਨ। ਯੂਰਪ ਦੇ ਜਿਪਸੀਆਂ ਦੇ ਗੋਤ ਵੀ ਪੰਜਾਬੀਆਂ ਨਾਲ ਰਲਦੇ-ਮਿਲਦੇ ਹਨ।
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਜਰਨੈਲ ਬੁੱਧ ਸਿੰਘ ਮਾਨ ਵੀ ਸੀ । ਉਸ ਦੀ ਬੰਸ ਵਿੱਚੋਂ ਮਹਾਨ ਅਕਾਲੀ ਲੀਡਰ ਸਿਮਰਨਜੀਤ ਸਿੰਘ ਮਾਨ ਹੈ । ਮਾਨ ਗੋਤ ਦੇ ਕੁਝ ਲੋਕ ਮਜ਼੍ਹਬੀ ਸਿੱਖ ਅਤੇ ਛੀਂਬੇ ਵੀ ਹੁੰਦੇ ਹਨ । ਛੀਂਬੇ ਟਾਂਕ ਕਸ਼ਤਰੀ ਹੁੰਦੇ ਹਨ । ਮਾਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ । 1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਨ ਭਾਈਚਾਰੇ ਦੀ ਕੁਲ ਗਿਣਤੀ 53970 ਸੀ । ਪੰਜਾਬ ਵਿੱਚ ਮਾਨ ਨਾਮ ਦੇ ਕਈ ਪਿੰਡ ਹਨ । ਕੁਝ ਮਾਨ ਨਾਮ ਦੇ ਪਿੰਡਾਂ ਵਿੱਚ ਮਾਨ ਵੱਸਦੇ ਹਨ ਅਤੇ ਕੁਝ ਮਾਨ ਨਾਮ ਦੇ ਪਿੰਡਾਂ ਨੂੰ ਮਾਨ, ਸਿੱਧੂਆਂ ਤੋਂ ਹਾਰਕੇ ਛੱਡ ਗਏ ਸਨ । ਬੀਦੋਵਾਲੀ ਦੇ ਪਾਸ ਵੀ ਮਾਨ ਭਾਈਚਾਰੇ ਦਾ ਇਕ ਮਾਨਾਂ ਪਿੰਡ ਸੀ । ਇਸ ਪਿੰਡ ਨੂੰ ਸਿੱਧੂ ਬਰਾੜਾਂ ਨੇ ਮਾਨਾਂ ਤੋਂ ਜਿੱਤ ਲਿਆ । ਅੱਜਕਲ ਇਸ ਪਿੰਡ ਵਿੱਚ ਸਾਰੇ ਸਿੱਧੂ ਬਰਾੜ ਹੀ ਹਨ। ਮੁਕਤਸਰ ਵਿੱਚ ਦੌਲਾ, ਆਧਣੀਆਂ, ਖੁੱਡੀਆਂ ਮਹਾਂਸਿੰਘ, ਅਬੁਲਖੁਰਾਣਾ, ਬਾਮ ਤੇ ਮੌੜਾਂ ਆਦਿ ਵਿੱਚ ਬਹੁਤੇ ਮਾਨ ਭਾਈਚਾਰੇ ਦੇ ਲੋਕ ਹੀ ਵੱਸਦੇ ਹਨ । ਮੋਗੇ ਦੇ ਪੂਰਬ ਉੱਤਰ ਵਲ ਵੀ ਮਾਨਾਂ ਦਾ ਕਾਫੀ ਪਸਾਰ ਹੋਇਆ ਹੈ । ਦੌਧਰ ਤੇ ਕਿਸ਼ਨਪੁਰਾ ਆਦਿ ਵਿੱਚ ਵੀ ਮਾਨ ਵੱਸਦੇ ਹਨ । ਮਾਨਾਂ ਦਾ ਘਰ ਮਾਲਵਾ ਹੈ ਅਤੇ ਇਹ ਭੁੱਲਰ ਗੋਤੀਆਂ ਦੇ ਪੂਰਬ ਵਿੱਚ ਹੀ ਹਨ । ਬਠਿੰਡੇ ਖੇਤਰ ਵਿੱਚ ਵੀ ਮਾਨ ਕਾਫੀ ਹਨ । ਮੌੜ, ਮਾਨਸ਼ਾਹੀਏ ਤੇ ਯਾਤਰੀ ਕੇ ਮਾਨ ਪ੍ਰਸਿੱਧ ਉਪਗੋਤ ਹਨ । ਲੁਧਿਆਣੇ ਵਿੱਚ ਮਾਨ, ਚੌਕੀ ਮਾਨ, ਸ਼ੇਖ ਦੌਲਤ ਤੇ ਕੁਮਕਲਾਂ, ਦੁਰਾਹ ਆਦਿ ਪਿੰਡਾਂ ਵਿੱਚ ਵੀ ਮਾਨ ਗੋਤ ਦੇ ਜੱਟ ਕਾਫੀ ਆਬਾਦ ਹਨ । ਮਾਝੇ ਦੇ ਫੇਰੂਮਾਨ, ਮਾਨਾ ਵਾਲਾ, ਜਲਾਲ ਉਸਮਾਂ ਤੇ ਬਟਾਲਾ ਖੇਤਰ ਵਿੱਚ ਵੀ ਮਾਨ ਭਾਈਚਾਰੇ ਦੇ ਲੋਕ ਕਾਫੀ ਗਿਣਤੀ ਵਿੱਚ ਰਹਿੰਦੇ ਹਨ । ਸੰਗਰੂਰ ਖੇਤਰ ਵਿੱਚ ਮੌੜਾਂ ਤੇ ਸਤੋਜ਼ ਮਾਨਾ ਉੱਘੇ ਪਿੰਡ ਹਨ । ਪਟਿਆਲੇ ਦੇ ਨਾਭੇ ਦੇ ਇਲਾਕੇ ਵਿੱਚ ਵੀ ਮਾਨ ਕਾਫੀ ਹਨ । ਫਹਿਤਗੜ੍ਹ ਸਾਹਿਬ ਦੇ ਖੇਤਰ ਵਿੱਚ ਪਿੰਡ ਕਿਲ੍ਹਾ ਹਰਨਾਮ ਸਿੰਘ ਤਲਾਣੀਆਂ ਵੀ ਮਾਨ ਸਰਦਾਰਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ । ਰੋਪੜ ਖੇਤਰ ਵਿੱਚ ਵੀ ਮਾਨਾਂ ਦੇ ਕਾਫੀ ਪਿੰਡ ਹਨ । ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸੁਹੇਲੇਵਾਲਾ, ਮੋੜ ਨੌਅਬਾਦ, ਮੌੜ ਠਾਹੜਾ ਵੀ ਮਾਨਾਂ ਦੇ ਉੱਘੇ ਪਿੰਡ ਹਨ ।
ਪੱਛਮੀ ਪੰਜਾਬ ਵਿੱਚ ਵੀ ਮਾਨ ਲਾਹੌਰ, ਸਿਆਲਕੋਟ, ਝੰਗ, ਗੁਜਰਾਂਵਾਲਾ, ਗੁਜਰਾਤ ਤੇ ਮੁਲਤਾਨ ਤੱਕ ਕਾਫੀ ਗਿਣਤੀ ਵਿੱਚ ਵੱਸਦੇ ਸਨ । ਪੱਛਮੀ ਪੰਜਾਬ ਵਿੱਚ ਬਹੁਤੇ ਮਾਨ ਜੱਟ ਮੁਸਲਮਾਨ ਸਨ । ਪੂਰਬੀ ਪੰਜਾਬ ਵਿੱਚ ਸਾਰੇ ਮਾਨ ਸਿੱਖ ਹਨ। ਹਰਿਆਣੇ ਵਿੱਚ ਕੁਝ ਮਾਨ ਹਿੰਦੂ ਜਾਟ ਹਨ । ਮਾਨ ਬਹੁਤ ਹੀ ਸਿਆਣੇ ਤੇ ਸੰਜਮੀ ਜੱਟ ਹੁੰਦੇ ਹਨ । ਦੁਆਬੇ ਵਿੱਚੋਂ ਕੁਝ ਮਾਨ ਅਮਰੀਕਾ, ਕੈਨੇਡਾ ਤੇ ਅਸਟਰੇਲੀਆ ਆਦਿ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋ ਗਏ ਹਨ । ਮਾਨ ਇੱਕ ਵੱਡਾ ਤੇ ਪੁਰਾਣਾ ਗੋਤ ਹੈ । ਇਹ ਸਾਰੇ ਪੰਜਾਬ ਵਿੱਚ ਦੂਰ-ਦੂਰ ਤੱਕ ਫੈਲੇ ਹੋਏ ਹੋਏ ਹਨ । ਸਿੱਧੂ, ਬਰਾੜਾਂ, ਵਿਰਕਾਂ, ਸੰਘੇ, ਧਾਲੀਵਾਲਾਂ ਤੇ ਗਰੇਵਾਲਾਂ ਆਦਿ ਦੇ ਇਤਿਹਾਸ ਬਾਰੇ ਖੋਜ ਪੁਸਤਕਾਂ ਛਪੀਆਂ ਹਨ । ਮਾਨ ਗੋਤ ਦਾ ਇਤਿਹਾਸ ਅਜੇ ਤੱਕ ਕਿਸੇ ਮਾਨ ਇਤਿਹਾਸਕਾਰ ਨੇ ਖੋਜ ਕਰਕੇ ਠੀਕ ਤੇ ਪੂਰਾ ਨਹੀਂ ਲਿਖਿਆ ਹੈ। ਹਰਦੁਆਰ ਦੇ ਪਰੋਹਤ ਵੀ ਮਾਨ ਗੋਤ ਬਾਰੇ ਵੱਖ-ਵੱਖ ਵਿਚਾਰ ਰੱਖਦੇ ਹਨ । ਮਾਨ ਗੋਤ ਦੇ ਜੱਟਾਂ ਬਾਰੇ ਅਜੇ ਹੋਰ ਖੋਜ ਹੋਣੀ ਚਾਹੀਦੀ ਹੈ ।
ਮੌੜ ਖਾਨਦਾਨ ਦੇ ਮਾਨ ਮੋਰ ਨੂੰ ਸਤਿਕਾਰ ਨਾਲ ਵੇਖਦੇ ਹਨ ਕਿਉਂਕਿ ਇਸ ਖਾਨਦਾਨ ਦੇ ਵੱਡੇਰੇ ਨੂੰ ਬਚਪਨ ਵਿੱਚ ਮੋਰ ਨੇ ਸੱਪ ਤੋਂ ਬਚਾਇਆ ਸੀ । ਮਾਨ, ਭੁੱਲਰ ਤੇ ਹੇਅਰ ਅੱਕ ਨੂੰ ਵੱਢਣਾ ਪਾਪ ਸਮਝਦੇ ਹਨ ਕਿਉਂਕਿ ਅੱਕ ਦੇ ਪੱਤੇ ਸ਼ਿਵਜੀ ਮਹਾਰਾਜ ਨੂੰ ਸ਼ਿਵ ਮੰਦਿਰ ਵਿੱਚ ਸ਼ਰਧਾ ਨਾਲ ਭੇਂਟ ਕੀਤੇ ਜਾਂਦੇ ਸਨ । ਇਹ ਤਿੰਨੇ ਗੋਤ ਸ਼ਿਵਜੀ ਨੂੰ ਮਹਾਂਦੇਵ ਮੰਨਦੇ ਹਨ । ਮਾਨ, ਮੰਡ, ਦਾਹੀਏ, ਵਿਰਕ ਆਦਿ ਪ੍ਰਾਚੀਨ ਜੱਟ ਉਪ ਜਾਤੀਆਂ ਮੱਧ ਏਸ਼ੀਆ ਦੇ ਵੱਖ-ਵੱਖ ਖੇਤਰਾਂ ਤੋਂ ਚਲਕੇ ਈਸਵੀਂ ਸੰਨ ਤੋਂ ਕਾਫੀ ਸਮਾਂ ਪਹਿਲਾਂ ਹੀ ਭਾਰਤ ਵਿੱਚ ਆ ਗਈਆਂ ਸਨ । ਜੱਟ ਧਾੜਵੀ ਖੁਲ੍ਹ ਦਿੱਲੇ ਤੇ ਖਾੜਕੂ ਕ੍ਰਿਸਾਨ ਕਬੀਲੇ ਸਨ । ਕਹਾਵਤ ਹੈ, “ਮਾਨ, ਪੂੰਨੀਆਂ, ਚੱਠੇ, ਖਾਨ ਪਾਨ ਮੇਂ ਅਲਗ ਅਲਗ, ਲੂਟਨੇ ਮੇਂ ਕੱਠੇ ।”
