ਹਿੰਦੁਸਤਾਨ, ਬਰਤਾਨਵੀਂ ਹਕੂਮਤ ਦੀ ਬਸਤੀ ਬਣ ਜਾਣ ਕਾਰਨ ਲਗਾਤਾਰ ਗਰੀਬੀ ਅਤੇ ਭੁੱਖ ਮਰੀ ਦਾ ਸ਼ਿਕਾਰ ਹੋ ਗਿਆ। ਇਸ ਦਾ ਪ੍ਰਭਾਵ ਖੇਤੀ ਪ੍ਰਧਾਨ ਸੂਬੇ ਪੰਜਾਬ ਤੇ ਵੀ ਬਹੁਤ ਗਹਿਰਾ ਪਿਆ । ਵੀਹਵੀਂ ਸਦੀ ਦੇ ਆਰੰਭ ਵਿਚ ਬਹੁਤ ਸਾਰੇ ਲੋਕ ਰੋਜ਼ੀ ਰੋਟੀ ਦੇ ਮਸਲੇ ਨੂੰ ਹੱਲ ਕਰਨ ਲਈ ਵਿਦੇਸ਼ਾਂ ਨੂੰ ਹੋ ਤੁਰੇ। ਵਿਦੇਸ਼ਾਂ ਵਿਚ ਨਸਲੀ ਵਿਤਕਰਾ, ਘੱਟ ਮਜ਼ਦੂਰੀ, ਹੜਤਾਲੀ ਮਜ਼ਦੂਰਾਂ ਵਲੋਂ ਜ਼ੁਲਮ ਆਦਿ ਕਾਰਨਾਂ ਨੇ ਉਨ੍ਹਾਂ ਵਿਚ ਸਿਆਸੀ ਸੂਝ ਨੂੰ ਜਨਮ ਦਿੱਤਾ। 1912 ਦੇ ਅੰਤ ਵਿਚ ਆਸਟੋਰੀਆ ਮੀਟਿੰਗ ਕਰ ਕੇ ਇਕ ਜਥੇਬੰਦੀ ਬਣਾਈ ਗਈ ਜਿਸ ਦਾ ਨਾਂ ‘ਹਿੰਦੁਸਤਾਨ ਐਸੋਸੀਏਸ਼ਨ’ ਰੱਖਿਆ ਗਿਆ ਅਤੇ ਪਹਿਲੀ ਨਵੰਬਰ 1913 ਨੂੰ ਹਫ਼ਤਾਵਾਰੀ ‘ਗ਼ਦਰ’ ਅਖ਼ਬਾਰ ਦਾ ਪਹਿਲਾ ਅੰਕ ਜਾਰੀ ਕੀਤੀ ਗਿਆ। ਅਖ਼ਬਾਰ ਦਾ ਮੁੱਖ ਦਫ਼ਤਰ ਸਾਨਫਰਾਂਸਿਸਕੋ (ਕੈਲੇਫੋਰਨੀਆ) ਦੀ ਹਿੱਲ ਸਟਰੀਟ ਵਿਚ ਮਕਾਨ ਨੰ:436 ਕਿਰਾਏ ਉਤੇ ਲੈ ਕੇ ਸਥਾਪਿਤ ਕੀਤਾ ਗਿਆ, ਜਿਸ ਦਾ ਨਾਂ ‘ਯੁਗਾਂਤਰ ਆਸ਼ਰਮ’ ਰੱਖਿਆ ਗਿਆ ਹੁਣ ਗ਼ਦਰ ਲਹਿਰ ਦੀਆਂ ਸ਼ਖਾਵਾਂ ਲਗਾਤਾਰ ਵੱਧ ਰਹੀਆਂ ਸਨ ਜਿੰਨ੍ਹਾਂ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਬਾਰੇ ਸਰਗਰਮ ਵਿਚਾਰਾਂ ਹੁੰਦੀਆਂ ਸਨ । ਅਮਰੀਕਾ ਵਿਚ ਗ਼ਦਰ ਸਰਗਰਮੀਆਂ ਦੇ ਤਿੰਨ ਪ੍ਰਮੁੱਖ ਕੇਂਦਰ ਸਥਾਪਿਤ ਹੋ ਚੁੱਕੇ ਸਨ, ਇਕ ਸੀ ਬਾਬਾ ਜਵਾਲਾ ਸਿੰਘ ਦਾ ਹੋਲਟ ਵਿਲ ਫਾਰਮ, ਦੂਜਾ ਸਟਾਕਟਨ ਦਾ ਗੁਰਦੁਆਰਾ ਜਿਥੇ ਧਾਰਮਿਕ ਵਿਚਾਰਾਂ ਦੇ ਨਾਲ ਦੇਸ਼ ਦੀ ਗੁਲਾਮੀ ਬਾਰੇ ਚਰਚਾ ਹੁੰਦੀ ਅਤੇ ਤੀਜਾ ਸੀ ਬਰਕਲੇ ਹੋਸਟਲ ਜਿਥੇ ਲਾਲਾ ਹਰਦਿਆਲ ਵਿਦਿਆਰਥੀਆਂ ਨੂੰ ਸਿਆਸੀ ਸੂਝ ਦੇਣ ਦੀ ਜ਼ਿੰਮੇਵਾਰੀ ਨਿਭਾਅ ਰਹੇ ਸਨ।
ਅਗਸਤ 1914 ਦੇ ਪਹਿਲੇ ਹਫ਼ਤੇ ਸੰਸਾਰ ਜੰਗ ਸ਼ੁਰੂ ਹੋਣ ਪਿੱਛੋਂ ਹਿੰਦੁਸਤਾਨ ਵਿਚ ਗ਼ਦਰ ਕਰਨ ਲਈ ਦੇਸ਼ ਭਗਤਾਂ ਨੇ ਬੜੇ ਜੋਸ਼-ਖਰੋਸ਼ ਨਾਲ ਦੇਸ਼ ਵਾਪਿਸ ਮੁੜਨਾ ਸ਼ੁਰੂ ਕਰ ਦਿੱਤਾ। ਇਸ ਸਮੇਂ ਪੰਜਾਬ ਦੇ ਜ਼ਿਲ੍ਹਾ ਲਾਹੌਰ ਹੁਣ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਸਿੱਧ ਪਿੰਡ ਸੁਰ ਸਿੰਘ ਦੇ ਯੋਧੇ ਵੀ ਜਿਹੜੇ ਰੋਜ਼ਗਾਰ ਲਈ ਵਿਦੇਸ਼ਾਂ ਨੂੰ ਗਏ ਸੀ, ਵੱਖ-ਵੱਖ ਜਹਾਜ਼ਾਂ ਰਾਹੀਂ ਦੇਸ਼ ਨੂੰ ਪਰਤੇ।
ਵੱਖ-ਵੱਖ ਜਹਾਜ਼ ਜਿਨ੍ਹਾਂ ਰਾਹੀਂ ਸੁਰ ਸਿੰਘ ਦੇ ਵਾਸੀ ਪਰਤੇ
- ਐਸ. ਐਸ. ਸੂਈਸਿੰਗ : 11 ਸਤੰਬਰ, 1914 ਨੂੰ ਹਾਂਗਕਾਂਗ ਤੋਂ ਚਲਿਆ ਜਿਸ ਵਿਚ ਬੁੱਢਾ ਸਿੰਘ ਹੰਕਾਉ ਤੋਂ ਅਤੇ ਅਲੀ ਬਖ਼ਸ਼ ਸੰਘਾਈ ਤੋਂ ਵਾਪਿਸ ਵਰਤੇ ਜੋ ਉਥੇ ਚੌਕੀਦਾਰ ਦੇ ਤੌਰ ਤੇ ਕੰਮ ਕਰਦੇ ਸਨ।
- ਐਸ. ਐਸ. ਕਾਮਾਗਾਟਾਮਾਰੂ : 26 ਨਵੰਬਰ, 1914 ਨੂੰ ਚਲਿਆ ਜਿਸ ਵਿਚ, ੳ) ਨੰਦ ਸਿੰਘ ਪੁੱਤਰ ਜਵੰਦ ਸਿੰਘ ਜੋ ਸ਼ੰਘਾਈ 1 ਸਾਲ ਰਹਿਣ ਪਿੱਛੋਂ ਵਾਪਸ ਪਰਤਿਆ ਨੂੰ 4 ਫਰਵਰੀ, 1915 ਦੇ ਹੁਕਮ ਨਾਲ ਜੂਹ-ਬੰਦ ਕੀਤਾ ਗਿਆ।
ਅ) ਨਰੈਣ ਸਿੰਘ ਪੁੱਤਰ ਬਲਾਕਾ ਸਿੰਘ 2 ਸਾਲ ਸ਼ੰਘਾਈ ਰਿਹਾ, ਉਸ ਨੂੰ 29 ਫਰਵਰੀ 1915 ਦੇ ਹੁਕਮ ਨਾਲ ਜੂਹ-ਬੰਦ ਕੀਤਾ ਗਿਆ।
- ਐਸ.ਐਸ. ਨਾਮਸੰਗ : 13 ਅਕਤੂਬਰ, 1914 ਨੂੰ ਹਿੰਦ ਪੁੱਜਣ ਵਾਲੇ ਇਸ ਜਹਾਜ਼ ਵਿਚ ਬੁੱਢਾ ਸਿੰਘ ਪੁੱਤਰ ਈਸ਼ਰ ਸਿੰਘ, ਗੁਰਦਿੱਤ ਸਿੰਘ ਪੁੱਤਰ ਲਹਿਣਾ ਸਿੰਘ ਅਤੇ ਟਹਿਲ ਸਿੰਘ ਪੁੱਤਰ ਭਗਵਾਨ ਸਿੰਘ ਸਵਾਰ ਸਨ ।
- ਐਸ.ਐਸ. ਫੂਸੰਗ (ਪਹਿਲੀ ਯਾਤਰਾ) : 15 ਅਕਤੂਬਰ 1914 ਨੂੰ ਹਿੰਦ ਵਾਪਿਸ ਪਰਤਣ ਵਾਲੇ ਇਸ ਜਹਾਜ਼ ਵਿਚ ਇੰਦਰ ਸਿੰਘ ਪੁੱਤਰ ਫੂਲਾ ਸਿੰਘ 8 ਸਾਲ ਕੈਨੇਡਾ ਰਹਿਣ ਪਿਛੋਂ ਵਾਪਿਸ ਆਇਆ।
- ਐਸ.ਐਸ. ਕਵਾਚੀਮਾਰੂ : 16 ਅਕਤੂਬਰ 1914 ਨੂੰ ਵਾਪਿਸ ਆਉਣ ਵਾਲੇ ਇਸ ਜਹਾਜ਼ ਵਿਚ ਆਸਾ ਸਿੰਘ ਪੁੱਤਰ ਭਗਵਾਨ ਸਿੰਘ ਅਤੇ ਭਗਵਾਨ ਸਿੰਘ ਪੁੱਤਰ ਗੰਡਾ ਸਿੰਘ ਰੰਗੂਨ ਤੋਂ ਆਏ ਜਿਨ੍ਹਾਂ ਨੂੰ ਜੂਹ-ਬੰਦ ਨਹੀਂ ਕੀਤਾ ਗਿਆ ।
- ਐਸ.ਐਸ. ਕਵਾਂਗਸੰਗ : 19 ਅਕਤੂਬਰ 1914 ਨੂੰ ਇਸ ਜਹਾਜ਼ ਰਾਹੀਂ ਹੰਸ ਰਾਜ ਪੁੱਤਰ ਭੋਲਾ ਸਿੰਘ ਵਾਪਿਸ ਆਇਆ। ਇਸ ਨੂੰ ਜੂਹ-ਬੰਦ ਨਹੀਂ ਕੀਤਾ ਗਿਆ।
- ਐਸ.ਐਸ. ਤੋਸ਼ਾਮਾਰੂ (ਪਹਿਲੀ ਯਾਤਰਾ) : 29 ਅਕਤੂਬਰ 1914 ਨੂੰ ਇਸ ਜਹਾਜ਼ ਰਾਹੀਂ ਮਹਿਲ ਸਿੰਘ ਪੁੱਤਰ ਜਵਾਹਰ ਸਿੰਘ, ਸਾਨਫਰਾਂਸਿਸਕੋ ਤੋਂ ਵਾਪਿਸ ਆਇਆ। ਇਸ ਨੂੰ ਜੂਹ-ਬੰਦ ਨਹੀਂ ਕੀਤਾ ਗਿਆ।
- ਐਸ.ਐਸ. ਕੁਟਸੰਗ (ਪਹਿਲੀ ਯਾਤਰਾ) : 7 ਨਵੰਬਰ 1914 ਨੂੰ ਬੂਟਾ ਸਿੰਘ ਪੁੱਤਰ ਭੋਲਾ ਸਿੰਘ, ਪੀਨਾਂਗ ਤੋਂ ਇਸ ਰਾਹੀਂ ਪਰਤਆ। ਜਿਸ ਨੂੰ ਜੂਹ-ਬੰਦ ਨਹੀਂ ਕੀਤਾ। ਗਿਆ।
- ਐਸ.ਐਸ. ਕੁਮਸੰਗ : 11 ਨਵੰਬਰ 1914 ਨੂੰ ਬੰਤਾ ਸਿੰਘ ਪੁੱਤਰ ਨਰੈਣ ਸਿੰਘ, ਹਾਂਗਕਾਂਗ ਤੋਂ ਅਤੇ ਗੰਡਾ ਸਿੰਘ ਪੁੱਤਰ ਜਵਾਲਾ ਸਿੰਘ, ਵੈਨਕੂਵਰ ਤੋਂ ਵਾਪਿਸ ਪਰਤੇ। ਇਨ੍ਹਾਂ ਦੋਹਾਂ ਨੂੰ ਜੂਹ-ਬੰਦ ਨਹੀਂ ਕੀਤਾ ਗਿਆ।
- ਐਸ.ਐਸ. ਯਸਾਕੀਮਾਰੂ : 20 ਨਵੰਬਰ 1914 ਨੂੰ ਚੈਂਚਲ ਸਿੰਘ ਪੁੱਤਰ ਹੀਰਾ ਸਿੰਘ, ਹੰਕਾਓ ਤੋਂ ਅਤੇ ਸੋਹਣ ਸਿੰਘ ਪੁੱਤਰ ਲਹਿਣਾ ਸਿੰਘ ਸ਼ੰਘਾਈ ਤੋਂ ਆਏ ਜਿਨ੍ਹਾਂ ਨੂੰ 17 ਫਰਵਰੀ 1915 ਦੇ ਹੁਕਮ ਨਾਲ ਜੂਹ ਬੰਦ ਕੀਤਾ ਗਿਆ।
- ਐਸ.ਐਸ. ਸਲੇਮੀਆ ਮਾਰੂ : 20 ਨਵੰਬਰ 1914 ਨੂੰ ਗੁਰਦਿੱਤ ਸਿੰਘ ਪੁੱਤਰ ਗੁਰਮੁੱਖ ਸਿੰਘ, ਆਕਲੈਂਡ ਕੈਲੇਫੋਰਨੀਆ 4 ਸਾਲ ਰਹਿਣ ਉਪਰੰਤ ਆਇਆ।
12.ਐਸ.ਐਸ. ਆਸਟਰੇਲੀਅਨ : ਇਸ ਜਹਾਜ਼ ਰਾਹੀਂ ਆਉਣ ਵਾਲੇ ਯਾਤਰੀ 12, 20 ਅਤੇ 21 ਦਸੰਬਰ, 1914 ਨੂੰ ਲੁਧਿਆਣੇ ਪੁੱਜੇ। ਜਿਨ੍ਹਾਂ ਵਿਚ ਆਤਮਾ ਸਿੰਘ ਪੁੱਤਰ ਦਾਰਾ ਸਿੰਘ 6 ਸਾਲ ਕੈਨੇਡਾ, ਚੰਦਾ ਸਿੰਘ ਪੁੱਤਰ ਨਿਹਾਲ ਸਿੰਘ 1 ਸਾਲ ਕੈਨੇਡਾ, ਮਿੱਤ ਸਿੰਘ ਪੁੱਤਰ ਜੀਵਨ ਸਿੰਘ 6 ਸਾਲ ਸ਼ੰਘਾਈ, ਨਰੈਣ ਸਿੰਘ ਪੁੱਤਰ ਬਿਸ਼ਨ ਸਿੰਘ 6 ਸਾਲ ਕੈਨੇਡਾ ਰਹਿਣ ਉਪਰੰਤ ਹਿੰਦ ਪਰਤੇ। ਜਿਨ੍ਹਾਂ ਨੂੰ 11 ਫਰਵਰੀ 1915 ਦੇ ਹੁਕਮ ਅਨੁਸਾਰ ਜੂਹ ਬੰਦ ਕੀਤਾ ਗਿਆ।
- ਐਸ.ਐਸ. ਕੁਮਸੰਗ: 8 ਜਨਵਰੀ, 1915 ਨੂੰ ਉਮਰਾ ਪੁੱਤਰ ਮਿਸ਼ਰੀ ਸ਼ਾਹ ਇਸ ਜਹਾਜ਼ ਰਾਹੀਂ ਹਿੰਦ ਵਾਪਿਸ ਆਇਆ। ਜੂਹ-ਬੰਦ ਨਹੀਂ ਕੀਤਾ ਗਿਆ।
- ਲੋਪੇਜ ਅਤੇ ਕਿਸਟਾਨਾਮਾਰੂ : 8 ਜਨਵਰੀ, 1915 ਨੂੰ ਇਸ ਜਹਾਜ਼ ਰਾਹੀਂ ਮੰਗਲ ਸਿੰਘ ਪੁੱਤਰ ਸ਼ੀਹਾਂ ਸਿੰਘ ਮਨੀਲਾ ਤੋਂ ਵਾਪਿਸ ਪਰਤਿਆ। ਜਿਸ ਨੂੰ 14 ਜਨਵਰੀ 1915 ਦੇ ਹੁਕਮ ਨਾਲ ਪਿੰਡ ਵਿਚ ਜੂਹ-ਬੰਦ ਕੀਤਾ ਗਿਆ।
- ਐਸ.ਐਸ. ਤੋਸ਼ਾਮਾਰੂ (ਦੂਜੀ ਯਾਤਰਾ) : 17 ਜਨਵਰੀ 1915 ਨੂੰ ਇਸ ਜਹਾਜ਼ ਰਾਹੀਂ ਜਵਾਲਾ ਸਿੰਘ ਪੁੱਤਰ ਨੱਥਾ ਸਿੰਘ, ਤਾਰਾ ਸਿੰਘ ਪੁੱਤਰ ਨਿਹਾਲ ਸਿੰਘ ਦੋਵੇਂ 1-1 ਸਾਲ ਸ਼ੰਘਾਈ ਅਤੇ ਕਿਰਪਾ ਸਿੰਘ ਪੁੱਤਰ ਪਾਲ ਸਿੰਘ 2 ਸਾਲ ਸ਼ੰਘਾਈ ਰਹਿਣ ਪਿੱਛੋਂ ਵਾਪਿਸ ਆਏ ਜਿਨ੍ਹਾਂ ਨੂੰ 20 ਜਨਵਰੀ 1915 ਦੇ ਹੁਕਮ ਅਨੁਸਾਰ ਪਿੰਡਾਂ ਵਿਚ ਜੂਹ-ਬੰਦ ਕਰ ਦਿੱਤਾ ਗਿਆ।
- ਐਸ.ਐਸ. ਨਾਮਸੰਗ (ਦੂਜੀ ਯਾਤਰਾ): 23 ਜਨਵਰੀ 1915 ਨੂੰ ਹਿੰਦ ਪੁੱਜਣ ਵਾਲੇ ਇਸ ਜਹਾਜ਼ ਵਿਚ
ੳ) ਚੈਂਚਲ ਸਿੰਘ ਪੁੱਤਰ ਬੂੜ ਸਿੰਘ – ਸ਼ੰਘਾਈ 2 ਸਾਲ, ਕੈਲੇਫੋਰਨੀਆ ਡੇਢ ਸਾਲ, ਕੈਨੇਡਾ 3 ਸਾਲ ਰਹਿਣ ਪਿਛੋਂ ਪਰਤਿਆ। ਜਿਸ ਨੂੰ 23 ਜਨਵਰੀ, 1915 ਦੇ ਹੁਕਮ ਨਾਲ ਜੂਹ-ਬੰਦ ਕੀਤਾ ਗਿਆ।
ਅ) ਅੱਲਾ ਦਿੱਤਾ ਪੁੱਤਰ ਠੂਠਾ – ਹਾਂਗਕਾਂਗ/ਸ਼ੰਘਾਈ ਡੇਢ ਸਾਲ । ੲ) ਊਜਾਗਰ ਸਿੰਘ ਪੁੱਤਰ ਜਵੰਦ ਸਿੰਘ – ਸ਼ੰਘਾਈ 10 ਸਾਲ ।
ਸ) ਬਦਰ ਦੀਨ ਪੁੱਤਰ ਗੁਲਾਮ ਮੁਹੰਮਦ – ਸ਼ੰਘਾਈ 5 ਸਾਲ।
ਹ) ਭਗਤ ਸਿੰਘ ਪੁੱਤਰ ਹੇਮ ਸਿੰਘ- ਹਾਂਗਕਾਂਗ 10 ਮਹੀਨੇ, ਬ੍ਰਿਟਿਸ਼ ਕੋਲੰਬੀਆ ਸਾਢੇ 6 ਸਾਲ।
ਕ) ਜਵੰਦ ਸਿੰਘ ਪੁੱਤਰ ਉਤਮ ਸਿੰਘ – ਹਾਂਗਕਾਂਗ 10 ਮਹੀਨੇ, ਬ੍ਰਿਟਿਸ਼ ਕੋਲੰਬੀਆ ਸਾਢੇ 6 ਸਾਲ।
ਖ) ਕਾਲਾ ਸਿੰਘ ਪੁੱਤਰ ਘਸੀਟਾ ਸਿੰਘ – ਹਾਂਗਕਾਂਗ 4 ਸਾਲ, ਮਨੀਲਾ ਢਾਈ ਸਾਲ, ਅਮਰੀਕਾ ਡੇਢ ਸਾਲ, ਕੈਨੇਡਾ ਸਾਢੇ 4 ਸਾਲ।
ਗ) ਮੂਲਾ ਸਿੰਘ ਪੁੱਤਰ ਕਿਸ਼ਨ ਸਿੰਘ – ਸ਼ੰਘਾਈ 2 ਸਾਲ, ਨਾਨਕਿਨ ਡੇਢ ਸਾਲ ਘ) ਸ਼ਹਾਬੁਦੀਨ ਪੁੱਤਰ ਫੌਜਦਾਰ ਖਾਨ – ਸ਼ੰਘਾਈ 11 ਸਾਲ, ਪਰਤੇ। ਜਿੰਨ੍ਹਾਂ ਨੂੰ
28 ਜਨਵਰੀ 1915 ਦੇ ਹੁਕਮ ਅਨੁਸਾਰ ਪਿੰਡਾਂ ਵਿਚ ਜੂਹ-ਬੰਦ ਕਰ ਦਿੱਤਾ ਗਿਆ।
(ਙ) ਬੂੜ ਸਿੰਘ ਪੁੱਤਰ ਮਿੱਤ ਸਿੰਘ – ਪੀਨਾਂਗ ਤੋਂ ਵਾਪਿਸ ਪਰਤਿਆ, ਜੂਹ-ਬੰਦ ਨਹੀਂ ਕੀਤਾ ਗਿਆ।
- ਐਸ.ਐਸ. ਕੁਟਸੰਗ (ਦੂਜੀ ਯਾਤਰਾ): 28 ਜਨਵਰੀ 1915 ਨੂੰ ਹਿੰਦ ਪਰਤਿਆ।
ਇਸ ਵਿਚ
ੳ) ਅਤਰ ਸਿੰਘ ਪੁੱਤਰ ਦੇਵਾ ਸਿੰਘ – ਸ਼ੰਘਾਈ ਤੋਂ 5 ਫਰਵਰੀ, 1915 ਦੇ ਹੁਕਮ ਨਾਲ ਜੂਹ-ਬੰਦ ਕੀਤਾ ਗਿਆ।
ਅ) ਕੇਹਰ ਸਿੰਘ ਪੁੱਤਰ ਨਿਹਾਲ ਸਿੰਘ – ਸ਼ੰਘਾਈ ਤੋਂ, ਜੂਹ ਬੰਦ ਨਹੀਂ ਕੀਤਾ ਗਿਆ
ੲ) ਸਦਰਦੀਨ ਪੁੱਤਰ ਗੁਲਾਬ – ਸ਼ੰਘਾਈ ਤੋਂ, ਜੂਹ ਬੰਦ ਨਹੀਂ ਕੀਤਾ ਗਿਆ।
- ਐਸ.ਐਸ. ਸਨੂਕੀਮਾਰੂ (ਦੂਜੀ ਯਾਤਰਾ) : 30 ਜਨਵਰੀ 1915 ਨੂੰ ਹਿੰਦ ਪੁੱਜਾ। ਇਸ ਵਿਚ ਈਸ਼ਰ ਪੁੱਤਰ ਅਰੂੜਾ ਪੀਨਾਂਗ ਤੋਂ ਆਇਆ। ਇਸ ਉਪਰ ਸਖ਼ਤ ਨਜ਼ਰ ਰੱਖਣ ਉਪਰੰਤ 16 ਫਰਵਰੀ 1915 ਨੂੰ ਜੂਹ ਬੰਦ ਕਰਨ ਦਾ ਹੁਕਮ ਹੋਇਆ।
ਲਾਹੌਰ ਸਾਜ਼ਿਸ ਮੁਕੱਦਮੇ ਵਿਚ ਸ਼ਾਮਿਲ ਗ਼ਦਰੀ :-
- ਗੁਰਦਿੱਤ ਸਿੰਘ ਪੁੱਤਰ ਗੁਰਮੁਖ ਸਿੰਘ (ਲੜੀ ਨੰ:18): 20 ਨਵੰਬਰ 1914 ਨੂੰ ਵਿਸ਼ਣੂੰ ਗਣੇਸ਼ ਪਿੰਗਲੇ, ਬਲਵੰਤ ਸਿੰਘ ਸਠਿਆਲਾ ਅਤੇ ਵਸਾਵਾ ਸਿੰਘ ਨਾਲ ਸਲੇਮੀਆਂ ਤੇ ਹਿੰਦ ਪੁੱਜਾ। ਇਸ ਨੂੰ ਪਿੰਡ ਵਿਚ ਜੂਹ ਬੰਦ ਕਰ ਦਿੱਤਾ ਗਿਆ ਅਤੇ 19 ਫਰਵਰੀ 1915 ਨੂੰ ਪੁਲਿਸ ਛਾਪੇ ਦੌਰਾਨ ਲਾਹੌਰ, ਘਰ ਨੰ:1 ਵਿਚੋਂ ਗਿ੍ਫ਼ਤਾਰ ਕਰਕੇ ਲਾਹੌਰ ਸਾਜਿਸ਼ ਮੁੱਕਦਮੇ ਵਿਚ ਸ਼ਾਮਿਲ ਕਰ ਦਿੱਤਾ ਗਿਆ।
13 ਸਤੰਬਰ 1915 ਦੇ ਫੈਸਲੇ ਅਨੁਸਾਰ ਤਾਜੀਰਾਤੇ ਹਿੰਦ ਦੀ ਧਾਰਾ 121, 121 ਦੇ ਤਹਿਤ ਜਾਇਦਾਦ ਜ਼ਬਤ ਅਤੇ ਉਮਰ ਕੈਦ ਦੀ ਸਜਾ ਸੁਣਾਈ ਗਈ ਜੋ ਮੁੜ ਵਿਚਾਰਨ ਤੇ 10 ਸਾਲ ਦੀ ਕੈਦ ਤੱਕ ਸੀਮਤ ਕਰ ਦਿੱਤੀ ਗਈ।
- ਇੰਦਰ ਸਿੰਘ ਪੁੱਤਰ ਮੂਲਾ ਸਿੰਘ (ਲੜੀ ਨੰ:30): 10-12 ਸਾਲ ਕੈਨੇਡਾ ਰਹਿਣ ਉਪਰੰਤ ‘ਕੋਰੀਆ’ ਜਹਾਜ਼ ਰਾਹੀਂ ਨਾਗਾਸਾਕੀ ਪੁੱਜਾ । ਨਾਗਾਸਾਕੀ ਤੋਂ ਸ਼ੰਘਾਈ ਅਤੇ ਸ਼ੰਘਾਈ ਤੋਂ ਕਲੱਕਤੇ ਪਹੁੰਚਣ ਲਈ ਵਰਤੇ ਜਹਾਜ਼ ਬਾਰੇ ਕੋਈ ਜਾਣਕਾਰੀ ਨਹੀਂ ਰੱਖਦਾ। ਵਾਅਦਾ ਮੁਆਫ਼ ਗਵਾਹ ਅਨੁਸਾਰ 11 ਜਨਵਰੀ 1915 ਨੂੰ ਨਾਨਕ ਸਿੰਘ ਦੇ ਚੁਬਾਰੇ ਵਿਚ ਹੋਈ ਮੀਟਿੰਗ ਵਿਚ ਸ਼ਾਮਿਲ ਹੋਣ ਤੋਂ ਇਲਾਵਾ ਤਰਨ ਤਾਰਨ ਅਮਾਵਸ ਮੇਲੇ ਅਤੇ ਨਨਕਾਣਾ ਸਾਹਿਬ ਦੇ ਮੇਲੇ ਤੇ ਹਾਜ਼ਰ ਸੀ ਜੋ ਗ਼ਦਰ ਸਰਗਰਮੀਆਂ ਲਈ ਇੱਕਠੇ ਹੋਣ ਦੇ ਸਥਾਨ ਨਿਸ਼ਚਿਤ ਕੀਤੇ ਗਏ ਸਨ 1 ਫੈਸਲੇ ਅਨੁਸਾਰ ਤਾਜੀਰਾਤੇ ਹਿੰਦ ਦੀ ਧਾਰਾ 121, 121 ਏ ਤਹਿਤ ਉਮਰ ਕੈਦ ਅਤੇ ਜਾਇਦਾਦ ਜ਼ਬਤ ਦੀ ਸਜ਼ਾ ਸੁਣਾਈ ਗਈ ਜੋ ਮੁੜ ਵਿਚਾਰਨ ਤੇ 10 ਸਾਲ ਦੀ ਕੈਦ ਤੇ ਸੀਮਤ ਕਰ ਦਿੱਤੀ ਗਈ।
- ਜਗਤ ਸਿੰਘ ਪੁੱਤਰ ਅਰੂੜ ਸਿੰਘ (ਲੜੀ ਨੰ:32) : ਭਾਈ ਜਗਤ ਸਿੰਘ, ਸ. ਅਰੂੜ ਸਿੰਘ ਅਤੇ ਮਾਤਾ ਗੁਲਾਬ ਕੌਰ ਦੀ ਸੰਤਾਨ ਸਨ । 20 ਸਾਲ ਦੀ ਉਮਰ ਤੱਕ ਪਿਤਾ। ਪੁਰਖੀ ਖੇਤੀ ਦਾ ਧੰਦਾ ਕਰਨ ਉਪਰੰਤ ਰਸਾਲਾ ਨੰ: 30 ਵਿਚ ਭਰਤੀ ਹੋ ਗਏ । 2 ਸਾਲ ਪਿਛੋਂ ਨੌਕਰੀ ਤੋਂ ਨਾਂ ਕਟਵਾ ਲਿਆ। ਸਭ ਤੋਂ ਪਹਿਲਾਂ ਚੀਨ ਜਾ ਕੇ ਪਹਿਰੇਦਾਰੀ ਕੀਤੀ ਅਤੇ ਫਿਰ ਕੈਨੇਡਾ ਚਲੇ ਗਏ। ਕੈਨੇਡਾ ਦੀ ਧਰਤੀ ਤੇ ਬਹੁਤ ਸਾਰੇ ਕਿਰਤੀ, ਕਿਰਤ ਦੇ ਨਾਲ ਆਜ਼ਾਦੀ ਦੀ ਸਿੱਖਿਆ ਗ੍ਰਹਿਣ ਕਰ ਰਹੇ ਸਨ। ਆਪ ਨੇ ਵੀ ਇਹ ਸਿੱਖਿਆ ਪ੍ਰਾਪਤ ਕੀਤੀ। ਟਰੇਂਜਰ ਮਿੱਲ ਦੇ ਕਾਰਖਾਨੇ ਵਿਚ 7 ਸਾਲ ਨੌਕਰੀ ਕਰਦੇ ਰਹੇ, 300 ਹਿੰਦੀਆਂ ਨੇ ਮਿਲ ਕੇ ਸ਼ਹਿਰ ਵਿਚ ਗੁਰਦੁਆਰਾ ਬਣਾਇਆ ਜਿਸ ਦੀ 7 ਮੈਂਬਰੀ ਪ੍ਰਬੰਧਕ ਕਮੇਟੀ ਵਿਚ ਆਪ ਵੀ ਸ਼ਾਮਿਲ ਸਨ । 1914-15 ਦੇ ਯੁੱਗ ਸਮੇਂ ਆਜ਼ਾਦੀ ਪਸੰਦ 125 ਸੱਜਣਾਂ ਦੇ ਪਹਿਲੇ ਜਥੇ ਨਾਲ ਹਿੰਦ ਪਰਤੇ। ਕਿਰਪਾਲ ਸਿੰਘ ਦੀ ਗ਼ਦਾਰੀ ਕਾਰਨ ਹੋਈ ਫੜੋ-ਫੜੀ ਵਿਚੋਂ ਆਪ ਬਚ ਨਿਕਲੇ। ਜਿਸ ਵਕਤ ਆਪ ਸਰਗੋਧੇ ਗਏ ਤਾਂ ਉਥੇ ਪਕੜੇ ਗਏ। ਰਿਸਾਲਦਾਰ ਗੰਡਾ ਸਿੰਘ ਦੇ ਬਿਆਨ ਅਨੁਸਾਰ ਰਾਜਿੰਦਰ ਸਿੰਘ ਨੇ 21 ਫਰਵਰੀ 1915 ਨੂੰ ਜਗਤ ਸਿੰਘ, ਹਰਨਾਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੇ ਆਉਣ ਬਾਰੇ ਦੱਸਿਆ ਤਾਂ ਉਸ ਨੇ ਕਮਾਂਡਿੰਗ ਅਫਸਰ ਨੂੰ ਉਸੇ ਦਿਨ ਸੂਚਿਤ ਕੀਤਾ ਅਤੇ ਪੁਲਿਸ ਕਪਤਾਨ ਸਰਗੋਧਾ ਨੂੰ 28 ਫਰਵਰੀ ਨੂੰ ਜਾਣਕਾਰੀ ਦਿੱਤੀ ਗਈ। ਇਨ੍ਹਾਂ ਤਿੰਨਾਂ ਨੂੰ 2 ਮਾਰਚ ਨੂੰ ਚੱਕ ਨੰ:5 ਸਰਗੋਧੇ ਤੋਂ ਗ੍ਰਿਫ਼ਤਾਰ ਕਰ ਕੇ ਲਾਹੌਰ ਸਾਜਿਸ਼ ਮੁਕੱਦਮੇ ਵਿਚ ਸ਼ਾਮਿਲ ਕੀਤਾ ਗਿਆ । ਫੈਸਲੇ ਅਨੁਸਾਰ ਤਾਜੀਰਾਤੇ ਹਿੰਦ ਦੀ ਧਾਰਾ 121, 121टे, 122, 131, 132, 1248, 395, 396, 397, 398, 109 श्रपीठ ਮੌਤ ਅਤੇ ਜਾਇਦਾਦ ਜਬਤ ਦੀ ਸਜ਼ਾ ਸੁਣਾਈ ਗਈ।
- ਜਵੰਦ ਸਿੰਘ ਪੁੱਤਰ ਉਤਮ ਸਿੰਘ (ਲੜੀ ਨੰ:34) : 23 ਜਨਵਰੀ 1915 ‘ਨਾਮਸੰਗ’ ਜਹਾਜ਼ ਰਾਹੀਂ 23 ਜਨਵਰੀ 1915 ਨੂੰ ਹਿੰਦ ਪੁੱਜਾ ਅਤੇ 28 ਜਨਵਰੀ 1915 ਨੂੰ ਜੂਹ-ਬੰਦ ਕਰ ਦਿੱਤਾ ਗਿਆ। 19 ਫਰਵਰੀ 1915 ਨੂੰ ਲਾਹੌਰ ਦੇ ਘਰ ਨੰ:1 ਤੋਂ ਗ੍ਰਿਫ਼ਤਾਰ ਕਰਕੇ ਲਾਹੌਰ ਸਾਜਿਸ਼ ਮੁਕੱਦਮੇ ਵਿਚ ਸ਼ਾਮਿਲ ਕੀਤਾ ਗਿਆ । ਫੈਸਲੇ ਅਨੁਸਾਰ ਤਾਜੀਰਾਤੇ ਹਿੰਦ ਦੀ ਧਾਰਾ 121, 121 ਏ ਉਮਰ ਕੈਦ ਅਤੇ ਜਾਇਦਾਦ ਜਬਤ ਦੀ ਸਜ਼ਾ ਸੁਣਾਈ ਗਈ। ਜੋ ਮੁੜ ਵਿਚਾਰਨ ਤੇ 10 ਸਾਲ ਤੱਕ ਸੀਮਤ ਕਰ ਦਿੱਤੀ ਗਈ।
- ਕਾਲਾ ਸਿੰਘ ਪੁੱਤਰ ਘਸੀਟਾ ਸਿੰਘ (ਲੜੀ ਨੰ:37) : 23 ਜਨਵਰੀ 1915 ਨੂੰ ‘ਨਾਮਸੰਗ’ ਜਹਾਜ਼ ਰਾਹੀਂ ਹਿੰਦ ਪੁੱਜਣ ਤੇ 28 ਜਨਵਰੀ 1915 ਨੂੰ ਉਸ ਨੂੰ ਜੂਹ-ਬੰਦ ਕਰ ਦਿੱਤਾ ਗਿਆ।
19 ਫਰਵਰੀ 1915 ਨੂੰ ਲਾਹੌਰ ਦੇ ਘਰ ਨੰ:1 ਵਿਚੋਂ ਪੁਲਿਸ ਛਾਪੇ ਦੌਰਾਨ ਪਕੜਿਆ ਗਿਆ । ਲਾਹੌਰ ਸਾਜਿਸ਼ ਮੁਕੱਦਮੇ ਦੇ ਫੈਸਲੇ ਅਨੁਸਾਰ ਤਾਜੀਰਾਤੇ ਹਿੰਦ ਦੀ ਧਾਰਾ 121, 121ਏ ਤਹਿਤ ਉਮਰ ਕੈਦ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ। ਜੋ ਮੁੜ ਵਿਚਾਰਨ ਤੇ 10 ਸਾਲ ਦੀ ਕੈਦ ਤੱਕ ਸੀਮਤ ਕਰ ਦਿੱਤੀ ਗਈ।
- ਪਰੇਮ ਸਿੰਘ ਪੁੱਤਰ ਜੀਵਨ ਸਿੰਘ (ਲੜੀ ਨੰ. 61) : ਫਰਾਰ ।
ਸਪਲੀਮੈਂਟਰੀ ਲਾਹੌਰ ਸਾਜਿਸ਼ ਮੁਕੱਦਮਾ
- ਬੁੱਢਾ ਸਿੰਘ ਪੁੱਤਰ ਈਸ਼ਰ ਸਿੰਘ (ਲੜੀ ਨੰ:8) : 13 ਅਕਤੂਬਰ 1914 ਨੂੰ ‘ਨਾਮਸੰਗ’ ਜਹਾਜ਼ ਰਾਹੀਂ ਕਲਕੱਤੇ ਪੁੱਜਾ। 22 ਸਤੰਬਰ 1915 ਨੂੰ ਗ੍ਰਿਫ਼ਤਾਰ ਕਰਕੇ ਸਪਲੀਮੈਂਟਰੀ ਲਾਹੌਰ ਸਾਜਿਸ਼ ਮੁਕੱਦਮੇ ਵਿਚ ਸ਼ਾਮਲ ਕਰ ਲਿਆ ਗਿਆ । ਵਾਅਦਾ ਮੁਆਫ਼ ਗਵਾਹ ਸੁੰਦਰ ਸਿੰਘ ਅਨੁਸਾਰ ਦੋਸ਼ੀ ਸ਼ੰਘਾਈ ਵਿਚ ਚੌਕੀਦਾਰ ਸੀ। ਮੈਂ ਉਸ ਨੂੰ ਹਾਂਗਕਾਂਗ ਗੁਰਦੁਆਰੇ ਵਿਚ ਮਿਲਿਆ ਜਿਥੇ ਉਹ ਗ਼ਦਰ ਪਾਰਟੀ ਵਿਚ ਸ਼ਾਮਿਲ ਹੋ ਗਿਆ। 17 ਅਕਤੂਬਰ 1914 ਨੂੰ ਨਾਨਕ ਸਿੰਘ ਦੇ ਚੁਬਾਰੇ ਅਤੇ 26 ਨਵੰਬਰ ਦੀ ਝਾੜ ਸਾਹਿਬ ਹੋਈ। ਮੀਟਿੰਗ ਵਿਚ ਸ਼ਾਮਲ ਹੋਇਆ।
30 ਮਾਰਚ 1916 ਦੇ ਫੈਸਲੇ ਅਨੁਸਾਰ ਉਸ ਨੂੰ ਤਾਜੀਰਾਤੇ ਹਿੰਦ ਦੀ ਧਾਰਾ 121 ਅਧੀਨ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ ਜੋ ਮੁੜ ਵਿਚਾਰਨ ਤੇ ਉਮਰ ਕੈਦ ਤੱਕ ਸੀਮਤ ਕਰ ਦਿੱਤੀ ਗਈ।
- ਗੰਡਾ ਸਿੰਘ ਉਰਫ਼ ਸੰਗਤ ਸਿੰਘ ਪੁੱਤਰ ਜਵਾਲਾ ਸਿੰਘ (ਲੜੀ ਨੰ:15): 11 ਨਵੰਬਰ 1914 ਨੂੰ ‘ਕੁਮਸੰਗ’ ਜਹਾਜ਼ ਰਾਹੀਂ ਵੈਨਕੂਵਰ ਤੋਂ ਹਿੰਦ ਪੁੱਜਣ ਤੇ ਹਜ਼ੂਰ ਸਾਹਿਬ ਫਰਜੀ ਨਾਂ ਹੇਠ ਰਹਿੰਦਾ ਰਿਹਾ। ਮੁਕੱਦਮੇ ਵਿਚ ਗੰਡਾ ਸਿੰਘ ਨਿਹੰਗ ਦੇ ਤੌਰ ਤੇ ਜਾਣਿਆ ਜਾਂਦਾ ਹੈ। ਵਾਅਦਾ ਮੁਆਫ਼ ਗਵਾਹ ਮੂਲਾ ਸਿੰਘ ਉਸ ਦੇ ਵਰਪਾਲੀ ਧਰਮਸ਼ਾਲਾ ਵਿਚ ਰਹਿਣ ਬਾਰੇ ਜਾਣਕਾਰੀ ਦਿੰਦਾ ਹੈ, ਜਿਥੇ ਕਰਤਾਰ ਸਿੰਘ ਸਰਾਭਾ, ਨਿਧਾਨ ਸਿੰਘ ਚੁੱਘਾ ਅਤੇ ਹੋਰ ਗ਼ਦਰੀਆਂ ਨੇ ਬੰਬ ਬਣਾਉਣ ਅਤੇ ਡਾਕੇ ਮਾਰਨ ਸਬੰਧੀ ਵਿਚਾਰ ਕੀਤੀ।
ਮੁਕੱਦਮੇ ਦੇ ਫੈਸਲੇ ਅਨੁਸਾਰ ਉਸ ਨੂੰ ਤਾਜੀਰਾਤੇ ਹਿੰਦ ਦੀ ਧਾਰਾ 121 ਅਧੀਨ ਉਮਰ ਕੈਦ ਅਤੇ ਜਾਇਦਾਦ ਜਬਤੀ ਦੀ ਸਜ਼ਾ ਸੁਣਾਈ ਗਈ ਜੋ ਬਾਅਦ ਵਿਚ ਉਮਰ ਕੈਦ ਤੱਕ ਸੀਮਤ ਕਰ ਦਿੱਤੀ ਗਈ।
- ਗੰਡਾ ਸਿੰਘ ਪੁੱਤਰ ਲਹਿਣਾ ਸਿੰਘ (ਲੜੀ ਨੰ:27) : ਖੁਦ ਸ਼ੰਘਾਈ ਤੋਂ ਆਉਣ ਬਾਰੇ ਦੱਸਦਾ ਹੈ ਪਰੰਤੂ ਜਹਾਜ਼ ਦੇ ਨਾਂ ਤੋਂ ਅਣਜਾਣ ਹੈ। ਮਿਸਟਰ ਸਲੈਟਰੀ ਅਨੁਸਾਰ ਉਹ ‘ਮਸ਼ੀਮਾਮਾਰੂ’ ਜਹਾਜ਼ ਰਾਹੀਂ 25 ਅਕਤੂਬਰ 1914 ਨੂੰ ਕੋਲੰਬੋ ਪੁੱਜਾ। 24 ਨਵੰਬਰ 1914 ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ 2 ਦਸੰਬਰ 1914 ਨੂੰ ਹਿੰਦ ਅੰਤਰ ਪ੍ਰਵੇਸ਼ ਐਕਟ 1914 ਅਧੀਨ ਕੈਂਬਲਪੁਰ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ ਗਿਆ।
- ਹਰਨਾਮ ਸਿੰਘ ਪੁੱਤਰ ਆਸਾ ਸਿੰਘ (ਲੜੀ ਨੰ:27): ਭਗੌੜਾ, ਗ੍ਰਿਫ਼ਤਾਰੀ ਉਪਰੰਤ ਮੁਕੱਦਮਾ ਵਾਪਸ ਲੈ ਲਿਆ ਗਿਆ ।
- ਕੇਸਰ ਸਿੰਘ ਪੁੱਤਰ ਮੰਗਲ ਸਿੰਘ (ਲੜੀ ਨੰ:45) : 25 ਅਕਤੂਬਰ 1914 ਨੂੰ ਸ਼ੰਘਾਈ ਤੋਂ ‘ਮਸ਼ੀਮਾਮਾਰੂ’ ਜਹਾਜ਼ ਰਾਹੀਂ ਕੋਲੰਬੋ ਪੁੱਜਾ। 14 ਸਤੰਬਰ 1915 ਨੂੰ ਗ੍ਰਿਫ਼ਤਾਰ ਕਰ ਕੇ ਸਪਲੀਮੈਂਟਰੀ ਲਾਹੌਰ ਸਾਜਿਸ਼ ਮੁਕੱਦਮੇ ਵਿਚ ਸ਼ਾਮਿਲ ਕਰ ਲਿਆ ਗਿਆ। ਉਸ ਉਪਰ 26 ਨਵੰਬਰ ਝਾੜ ਸਾਹਿਬ ਮੀਟਿੰਗ ਵਿਚ ਸ਼ਾਮਿਲ ਹੋਣ ਅਤੇ ਗ਼ਦਰ ਬਾਰੇ ਵਿਚਾਰ ਪੇਸ਼ ਕਰਨ ਦਾ ਦੋਸ਼ ਹੈ।
ਫੈਸਲੇ ਅਨੁਸਾਰ ਉਸ ਨੂੰ ਤਾਜੀਰਾਤੇ ਹਿੰਦ ਦੀ ਧਾਰਾ 121 ਅਧੀਨ, 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ।
- ਮੰਗਲ ਸਿੰਘ ਪੁੱਤਰ ਜਵੰਦ ਸਿੰਘ (ਲੜੀ ਨੰ:55) : 12 ਸਤੰਬਰ 1915 ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਕੱਦਮੇ ਦੌਰਾਨ ਵਾਅਦਾ ਮੁਆਫ ਗਵਾਹ ਨੱਥਾ ਸਿੰਘ, ਉਸ ਦੇ 26 ਨਵੰਬਰ ਦੀ ਝਾੜ ਸਾਹਿਬ ਮੀਟਿੰਗ ਵਿਚ ਸ਼ਾਮਿਲ ਹੋਣ ਬਾਰੇ ਜਾਣਕਾਰੀ ਦਿੰਦਾ ਹੈ। ਗਵਾਹ ਕਾਲਾ ਸਿੰਘ ਅਨੁਸਾਰ ਝਾੜ ਸਾਹਿਬ ਮੀਟਿੰਗ ਵਿਚ ਦੋਸ਼ੀ ਨੇ ਗ਼ਦਰ ਗੂੰਜ ਪੜ੍ਹ ਕੇ ਸੁਣਾਈ।
ਮੁਕੱਦਮੇ ਦੇ ਫੈਸਲੇ ਅਨੁਸਾਰ ਸ਼ੱਕ ਦੇ ਆਧਾਰ ਤੇ ਬਰੀ ਕਰ ਦਿੱਤਾ ਗਿਆ।
- ਪ੍ਰੇਮ ਸਿੰਘ ਪੁੱਤਰ ਜੀਵਨ ਸਿੰਘ (ਲੜੀ ਨੰ:67): ਫਰਾਰ।
- ਸਾਧੂ ਸਿੰਘ ਪੁੱਤਰ ਸ਼ੇਰ ਸਿੰਘ (ਲੜੀ ਨੰ. 73) : ਸਾਨਫਰਾਂਸਿਸਕੋ ਤੋਂ ਕੋਰੀਆ ਜਹਾਜ਼ ਰਾਹੀਂ ਹਿੰਦ ਵਾਪਿਸ ਪਰਤਣ ਸਮੇਂ ਰਸਤੇ ਵਿਚ ਨਿਧਾਨ ਸਿੰਘ ਚੁੱਘਾ ਨਾਲ ਸ਼ੰਘਾਈ ਉਤਰ ਗਿਆ ਅਤੇ ਉਥੋਂ ਫਿਰ ਜਾਰਡਨ ਕੰਪਨੀ ਦੀ ਕਿਸ਼ਤੀ ਰਾਹੀਂ ਹਿੰਦ ਪਹੁੰਚਿਆ। ਜਿਥੇ 12 ਸਤੰਬਰ 1915 ਨੂੰ ਗ੍ਰਿਫ਼ਤਾਰ ਕਰ ਕੇ ਸਪਲੀਮੈਂਟਰੀ ਲਾਹੌਰ ਸਾਜਿਸ਼ ਮੁਕੱਦਮੇ ਵਿਚ ਸ਼ਾਮਿਲ ਕਰ ਲਿਆ ਗਿਆ । ਸ਼ੱਕ ਦੇ ਆਧਾਰ ਤੇ ਬਰੀ ਕਰ ਦਿੱਤਾ ਗਿਆ।
ਪੱਧਰੀ ਕਤਲ ਮੁਕੱਦਮਾ
ਇਸ ਕਤਲ ਮੁਕੱਦਮੇ ਵਿੱਚ ਮੁੱਖ ਭੂਮਿਕਾ ਪਰੇਮ ਸਿੰਘ ਸੁਰ ਸਿੰਘ ਦੀ ਸੀ। ਇਸ ਦਾ ਜਨਮ ਸਰਦਾਰ ਸੀਵਨ ਸਿੰਘ ਦੇ ਘਰ ਬੀਬੀ ਕਰਮ ਕੌਰ ਦੀ ਕੁਖੋਂ ਹੋਇਆ। 1903 ਵਿਚ ਆਪ ਮਲਾਇਆ ਚਲੇ ਗਏ ਅਤੇ ਉਥੇ ਫਿਰ ਹਾਂਗਕਾਂਗ ਜਾ ਕੇ ਕੰਮ ਕਰਨ ਲੱਗ ਪਏ। ਪਰੇਮ ਸਿੰਘ ਦੀ ਇਨਕਲਾਬੀ ਲਗਨ ਆਪਣੇ ਆਪ ਵਿਚ ਇਕ ਮਿਸਾਲ ਸੀ। ਇਕ ਵਾਰ ਆਪ ਲੁਧਿਆਣੇ ਤੋਂ ਖੋਤੇ ਗ਼ਦਰੀ ਸਾਹਿਤ ਦੇ ਲੱਦ ਕੇ, ਸਾਹਿਤ ਵੰਡਦੇ-ਵੰਡਦੇ ਘੁਮਿਆਰ ਦੇ ਭੇਸ ਵਿੱਚ ਦਿੱਲੀ ਜਾ ਪਹੁੰਚੇ । 2 ਫਰਵਰੀ 1915 ਨੂੰ ਚੱਬੇ ਪਿੰਡ ਦੇ ਡਾਕੇ, 12 ਜੂਨ 1915 ਨੂੰ ਵੱਲੇ ਨਹਿਰ ਦੇ ਪੁੱਲ ਦੀ ਪੁਲਿਸ ਟੁਕੜੀ ਤੇ ਹਮਲਾ, 19 ਜੂਨ 1915 ਨੂੰ ਸੈਹਿੰਸਰੇ ਦੇ ਜੈਲਦਾਰ ਈਸ਼ਰ ਸਿੰਘ ਤੇ ਹਮਲਾ, ਕਪੂਰ ਸਿੰਘ ਪੱਧਰੀ ਦਾ ਕਤਲ ਅਤੇ 23ਵੇਂ ਰਸਾਲੇ ਦੇ ਸੈਨਿਕਾਂ ਨੂੰ ਗ਼ਦਰ ਲਈ ਉਕਸਾਉਣ ਵਿਚ ਆਪ ਨੇ ਸ਼ਲਾਘਾ ਯੋਗ ਕੰਮ ਕੀਤਾ। ਲਾਹੌਰ ਸਾਜਿਸ਼ ਮੁੱਕਦਮੇ ਅਤੇ ਸਪਲੀਮੈਂਟਰੀ ਲਾਹੌਰ ਸਾਜਿਸ਼ ਮੁਕੱਦਮੇ ਦਾ ਭਗੌੜਾ ਪੱਧਰੀ ਕਤਲ ਮੁਕੱਦਮੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ । ਤਾਜੀਰਾਤੇ ਹਿੰਦ ਦੀ ਧਾਰਾ 302, 398 ਅਧੀਨ ਸਜ਼ਾ-ਏ-ਮੌਤ ਸੁਣਾਈ ਗਈ। ਉਸ ਦੇ ਪਿਤਾ ਵਲੋਂ ਕੀਤੀ ਗਈ ਰਹਿਮ ਦੀ ਅਪੀਲ ਟ੍ਰਿਬਿਊਨਲ ਨੇ ਇਹ ਕਹਿੰਦਿਆਂ ਰੱਦ ਕਰ ਦਿੱਤੀ ਕਿ ਉਹ ਮਾਝਾ ਖੇਤਰ ਦਾ ਖਤਰਨਾਕ ਵਿਅਕਤੀ ਹੋਣ ਕਰਕੇ ਰਹਿਮ ਦਾ ਪਾਤਰ ਨਹੀਂ ਹੈ।
ਪਹਿਲਾ ਬਰਮਾ ਸਾਜਿਸ਼ ਮੁਕੱਦਮਾ
ਇਹ ਮੁਕੱਦਮਾ 17 ਦੋਸ਼ੀਆਂ ਤੇ ਚਲਾਇਆ ਗਿਆ। ਜਿਸ ਵਿਚ 7 ਜੁਲਾਈ, 1916 ਨੂੰ ਫੈਸਲਾ ਸੁਣਾਉਂਦਿਆਂ ਅਦਾਲਤ ਨੇ 6 ਵਿਅਕਤੀਆਂ ਨੂੰ ਮੌਤ ਦੀ ਸਜ਼ਾ, 5 ਨੂੰ ਉਮਰ ਕੈਦ, 2 ਨੂੰ ਉਮਰ ਕੈਦ ਤੋਂ ਘੱਟ ਸਜਾਵਾਂ ਅਤੇ 4 ਦਾ ਮੁੱਕਦਮਾ ਖਾਰਜ ਕਰ ਦਿੱਤਾ ਗਿਆ। ਜਿਨ੍ਹਾਂ ਦਾ ਮੁਕੱਦਮਾ ਖਾਰਜ ਕੀਤਾ ਗਿਆ ਉਨ੍ਹਾਂ ਵਿਚ ਫਜਲ ਦੀਨ ਪੁੱਤਰ ਬੰਨੂ ਪਿੰਡ ਸੁਰ ਸਿੰਘ ਵੀ ਸ਼ਾਮਿਲ ਸੀ ।
ਸੁਰ ਸਿੰਘ ਦੇ ਹੋਰ ਗ਼ਦਰੀ
- ਹਰੀ ਸਿੰਘ ਪੁੱਤਰ ਚੂਹੜ ਸਿੰਘ : 1917-18 ਵਿਚ ਚੀਨ ਚਲੇ ਗਏ, ਸ਼ੰਘਾਈ ਚੌਕੀਦਾਰ ਦੇ ਤੌਰ ਤੇ ਕੰਮ ਕਰਦੇ ਰਹੇ । ਸ਼ੰਘਾਈ ਦੀ ਗ਼ਦਰ ਪਾਰਟੀ ਵਿਚ ਆਗੂ ਰੋਲ ਅਦਾ ਕੀਤਾ । 9 ਅਪ੍ਰੈਲ 1927 ਨੂੰ ਦੁਸੰਧਾ ਸਿੰਘ ਮਾਨ ਦੇ ਘਰ ਹੋਈ ਗ਼ਦਰ ਮੀਟਿੰਗ ਵਿਚ ਭਾਗ ਲਿਆ । ਬੁੱਧ ਸਿੰਘ ਇਸਪੈਕਟਰ ਦੇ ਕਤਲ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਪਰੰਤੂ ਤੱਥਾਂ ਦੀ ਘਾਟ ਕਾਰਨ ਮੁਕੱਦਮਾ ਰੱਦ ਹੋ ਗਿਆ। 1927 ਦੇ ਅੰਤ ਵਿਚ ‘ਸ਼ਮਸ਼ੇਰ-ਏ-ਹਿੰਦ’ ਨਾਂ ਦੇ ਰਸਾਲੇ ਦੀ ਸ਼ੁਰੂਆਤ ਲਈ ਕੀਤੀ ਗਈ ਮੀਟਿੰਗ ਵਿਚ ਆਪ ਨੇ ਹਿੱਸਾ ਲਿਆ।
- ਹਰਨਾਮ ਸਿੰਘ ਪੁੱਤਰ ਊਧਮ ਸਿੰਘ : 1916-17 ਵਿਚ ਚੀਨ ਚਲੇ ਗਏ ਅਤੇ ਉਥੇ ਚੌਕੀਦਾਰ ਦੇ ਤੌਰ ਤੇ ਨੌਕਰੀ ਕਰ ਲਈ। 1927-29 ਦੇ ਦਰਮਿਆਨ ਕੱਪੜਾ ਮਿੱਲ ਸ਼ੰਘਾਈ ਨੌਕਰੀ ਕਰਦੇ ਸਮੇਂ ਕਈ ਬਾਗੀਆਨਾਂ ਮੀਟਿੰਗਾਂ ਵਿਚ ਭਾਗ ਲਿਆ ।
- ਇੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ : ਸ਼ੰਘਾਈ ਵਿਚ ਗ਼ਦਰ ਪਾਰਟੀ ਦਾ ਮੈਂਬਰ ਸੀ । 1922 ਵਿਚ ਅਕਾਲੀ ਲਹਿਰ ਅਤੇ 1930 ‘ਚ ਕਾਂਗਰਸ ਦੀਆਂ ਸਰਗਰਮੀਆਂ ਵਿਚ ਵੀ ਭਾਗ ਲੈਂਦੇ ਰਹੇ।
- ਰੋਡਾ ਸਿੰਘ ਪੁੱਤਰ ਹਰਦਿੱਤ ਸਿੰਘ : 1904 ਵਿਚ ਸ਼ੰਘਾਈ ਗਏ ਅਤੇ 5 ਸਾਲ ਚੌਕੀਦਾਰ ਦੇ ਤੌਰ ਤੇ ਕੰਮ ਕੀਤਾ। 1909-10 ਵਿਚ ਉਥੋਂ ਨਾਨਕਿੰਗ ਚਲੇ ਗਏ। ਅਪ੍ਰੈਲ 1927 ਵਿਚ ਐਮ.ਐਨ. ਰਾਓ ਦੇ ਸਵਾਗਤ ਲਈ ਬਣਾਈ ਕਮੇਟੀ ਵਿਚ ਆਪ ਨੂੰ ਸ਼ਾਮਲ ਕੀਤਾ ਗਿਆ।
- ਸ਼ਮਸ਼ੇਰ ਸਿੰਘ ਪੁੱਤਰ ਭਾਈ ਬਖਸ਼ੀਸ਼ ਸਿੰਘ ਦਾ ਜਨਮ ਕੈਲੇਫੋਰਨੀਆ ਵਿਚ ਹੋਇਆ। ਉਹ ਰਾਜਾ ਮਹਿੰਦਰ ਪ੍ਰਤਾਪ ਦੇ ਉਨ੍ਹਾਂ ਸੱਤ ਸਾਥੀਆਂ ਵਿਚੋਂ ਇਕ ਸਨ, ਜਿਨ੍ਹਾਂ ਦਾ ਮਕਸਦ ਸਾਨਫਰਾਂਸਿਸਕੋ ਤੋਂ ਦੂਰ ਪੂਰਬ ਤੱਕ 1925 ਵਿਚ ਬਰਤਾਨਵੀਂ ਹਕੂਮਤ ਵਿਰੁੱਧ ਪ੍ਰਚਾਰ ਕਰਨਾ ਸੀ। ਅਕਤੂਬਰ 1926 ਵਿਚ ਜਾਪਾਨ ‘ਚ ਉਨ੍ਹਾਂ ਰਾਸ ਬਿਹਾਰੀ ਬੋਸ ਨਾਲ ਮੁਲਾਕਾਤ ਕੀਤੀ। 1927 ਵਿਚ ਉਹ ਵੋਲਕਫ ਦੇ ਨਾਂ ਹੇਠ ਈਸਟਰਨ ਯੂਨੀਵਰਸਿਟੀ ਮਾਸਕੋ ਤੋਂ ਸਿਖਿਆ ਪ੍ਰਾਪਤ ਕਰਨ ਲਈ ਗਏ ਪਰੰਤੂ ਕੁਮਿਟਰਨ ਉਨ੍ਹਾਂ ਦੀ ਵਿਦਿਅਕ ਯੋਗਤਾ ਤੋਂ ਸੰਤੁਸ਼ਟ ਨਾ ਹੋ ਸਕੀ। ਜਿਸ ਕਰਕੇ ਉਨ੍ਹਾਂ ਨੂੰ ਫਰਵਰੀ 1929 ਵਿਚ ਵਾਪਿਸ ਕੈਲੇਫੋਰਨੀਆ ਭੇਜ ਦਿੱਤਾ ਗਿਆ।
ਇਸ ਤਰ੍ਹਾਂ ਹਿੰਦੁਸਤਾਨ ਨੂੰ ਬਰਤਾਨਵੀਂ ਹਕੂਮਤ ਤੋਂ ਮੁਕਤ ਕਰਵਾਉਣ ਲਈ ਪਿੰਡ ਸੁਰ ਸਿੰਘ ਦੇ ਬਹਾਦਰ ਯੋਧਿਆਂ ਨੇ ਫਾਂਸੀ ਅਤੇ ਸਖ਼ਤ ਸਜ਼ਾਵਾਂ ਝੱਲ ਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਪਿੰਡ ਦਾ ਨਾਂ ਲਿਖ ਦਿੱਤਾ। ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲਗਾਤਾਰ ਸੰਘਰਸ਼ ਹੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ।

Credit – ਡਾ: ਅਜਮੇਰ ਸਿੰਘ