ਗੁਰੂ ਅਰਜਨ ਦੇਵ ਜੀ, ਆਪਣੇ ਪਿਤਾ ਗੁਰੂ ਰਾਮ ਦਾਸ ਜੀ ਤੋਂ ਪਿੱਛੋਂ ਸਿੱਖਾਂ ਦੇ ਪੰਜਵੇਂ ਗੁਰੂ ਬਣੇ ਅਤੇ 1606 ਈ. ਤੱਕ ਇਹ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਅਖ਼ੀਰ 25 ਸਾਲਾਂ ਦੀ ਗੁਰਿਆਈ ਪੂਰੀ ਕਰਕੇ ਸੰਨ 1606 ਈ. ਵਿਚ ਸ਼ਹਾਦਤ ਦਾ ਜਾਮ ਪੀ ਗਏ ਸਨ। ਇਨ੍ਹਾਂ ਦੇ ਸਮੇਂ ਸਿੱਖ ਧਰਮ ਨੇ ਬੇਮਿਸਾਲ ਤਰੱਕੀ ਕੀਤੀ। ਇਹ ਪਹਿਲੇ ਗੁਰੂ ਸਨ ਜਿਨ੍ਹਾਂ ਦਾ ਜਨਮ ਪੂਰੇ ਸਿੱਖੀ ਮਾਹੌਲ ਵਿਚ ਹੋਇਆ ਸੀ।
ਗੁਰੂ ਅਰਜਨ ਦੇਵ ਜੀ, ਗੁਰੂ ਰਾਮ ਦਾਸ ਜੀ ਦੇ ਤਿੰਨ ਸਪੁੱਤਰਾਂ ਵਿਚੋਂ ਸਭ ਤੋਂ ਛੋਟੇ ਸਪੁੱਤਰ ਸਨ । ਵੱਡੇ ਦੋ ਸਪੁੱਤਰ ਪਿਰਥੀ ਚੰਦ ਜੀ ਅਤੇ ਮਹਾਂਦੇਵ ਜੀ ਸਨ। ਭਾਵੇਂ ਆਪ ਜੀ ਦੀ ਜਨਮ ਮਿਤੀ ਬਾਰੇ ਮੁੱਢਲੇ ਲੇਖਕਾਂ ਵਿਚ ਦੋ ਰਾਵਾਂ ਹਨ ਕਿਉਂਕਿ ਕੁਝ ਕੁ ਲੇਖਕਾਂ ਨੇ ਆਪ ਦਾ ਜਨਮ 1553 ਈ. ਵਿਚ ਲਿਖਿਆ ਹੈ ਕੁਝ ਕੁ ਨੇ 1563 ਈ. ਵਿਚ । ਪਰ ਆਧੁਨਿਕ ਲੇਖਕਾਂ ਵਿਚੋਂ ਸਭ ਨੇ ਹੀ ਆਪ ਜੀ ਦਾ ਜਨਮ 1563 ਈ. ਦਾ ਹੀ ਮੰਨਿਆ ਹੈ। ਇਸ ਹਿਸਾਬ ਨਾਲ ਆਪ ਗੁਰੂ ਰਾਮ ਦਾਸ ਜੀ ਦੇ ਜੋਤੀ-ਜੋਤ ਸਮਾਉਣ ਸਮੇਂ ਆਪ 18 ਸਾਲ ਦੀ ਉਮਰ ਦੇ ਸਨ।
ਜਿਵੇਂ ਕਿ ਗੁਰਗੱਦੀ ਦੇਣ ਦੇ ਫ਼ੈਸਲੇ ਤੋਂ ਪਤਾ ਲੱਗ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਆਪਣੇ ਸਾਰੇ ਭਰਾਵਾਂ ਵਿਚੋਂ ਸਭ ਤੋਂ ਵੱਧ ਸਮਝਦਾਰ, ਸਿਆਣੇ ਅਤੇ ਗੰਭੀਰ ਸੋਚਣੀ ਵਾਲੇ ਸਨ । ਇਹ ਯੋਗਤਾਵਾਂ ਆਪ ਦੇ ਵੱਡੇ ਭਰਾਵਾਂ ਵਿਚ ਨਹੀਂ ਸਨ । ਪਿਤਾ ਦੀ ਜਾਇਦਾਦ ਵਿਚ ਤਾਂ ਭਾਵੇਂ ਹਿੱਸਾ ਲੈਣ ਲਈ ਵੱਡੇ ਹੋਣ ਦੀ ਗੱਲ ਕੋਈ ਸਹਾਈ ਹੋ ਸਕੇ ਪਰ ਜਿਥੋਂ ਤੱਕ ਸੰਸਥਾਤਮਕ ਜ਼ਿੰਮੇਵਾਰੀ ਸੰਭਾਲਣ ਦੀ ਗੱਲ ਹੈ ਇਹ ਤਾਂ ਨਿਰੋਲ ਯੋਗਤਾ ਅਤੇ ਸਿਆਣਪ ਸਦਕਾ ਹੀ ਮਿਲਦੀ ਹੈ। ਇੱਥੇ ਉਮਰ ਵਿਚ ਵੱਡੇ-ਛੋਟੇ ਹੋਣ ਦੀ ਗੱਲ ਕੋਈ ਮਾਅਣੇ ਨਹੀਂ ਰੱਖਦੀ। ਗੁਰੂ ਰਾਮ ਦਾਸ ਜੀ ਦੇ ਵੱਡੇ ਸਪੁੱਤਰ ਪਿਰਥੀ ਚੰਦ ਅਤੇ ਮਹਾਂਦੇਵ ਗੁਰਗੱਦੀ ਦੇ ਵਾਰਸ ਬਣਨ ਦੀ ਯੋਗਤਾ ਨਹੀਂ ਰੱਖਦੇ ਸਨ ਇਸ ਲਈ ਉਨ੍ਹਾਂ ਦਾ ਉਮਰ ਵਿਚ ਵੱਡਾ ਹੋਣਾ ਕੋਈ ਸਹਾਇਕ ਤੱਥ ਨਹੀਂ ਬਣ ਸਕਿਆ । ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਯੋਗਤਾ ਸਾਹਮਣੇ ਉਨ੍ਹਾਂ ਦਾ ਉਮਰ ਵਿਚ ਛੋਟੇ ਹੋਣ ਦਾ ਤੱਥ ਕੋਈ ਮੁਸ਼ਕਲ ਨਹੀਂ ਬਣ ਸਕਿਆ। ਇਸ ਸੰਬੰਧ ਵਿਚ ਗੁਰੂ ਅਰਜਨ ਦੇਵ ਜੀ ਦੀ ਬਾਲ ਉਮਰ ਨਾਲ ਸੰਬੰਧਤ ਅਜਿਹੀਆਂ ਅਨੇਕਾਂ ਕਥਾਵਾਂ ਜੁੜੀਆਂ ਹੋਈਆਂ ਹਨ ਜਿਹੜੀਆਂ ਉਨ੍ਹਾਂ ਦੀ ਗੰਭੀਰ ਸੋਚਣੀ ਨੂੰ ਅਤੇ ਆਪਣੇ ਪਿਤਾ ਪਰੱਤੀ ਵਫ਼ਾਦਾਰੀ ਨੂੰ ਸਾਬਤ ਕਰਦੀਆਂ ਹਨ । ਇਹ ਕਥਾਵਾਂ ਤਾਂ ਬਾਅਦ ਦੀ ਉਪਜ ਵੀ ਹੋ ਸਕਦੀਆਂ ਹਨ ਜਾਂ ਨਿਰੋਲ ਇਕ ਕਲਪਨਾ ਉਡਾਰੀ । ਪਰ ਇੱਥੇ ਇਹ ਮੰਨ ਕੇ ਚਲਣਾ ਹੀ ਕਾਫ਼ੀ ਹੈ ਕਿ ਕਿਸੇ ਪੁਰਸ਼ ਦੀ ਯੋਗਤਾ ਉਸ ਦੇ ਆਪਣੇ ਬਚਪਨ ਤੋਂ ਹੀ ਪਛਾਣੀ ਜਾ ਸਕਦੀ ਹੈ।
ਭਾਵੇਂ ਗੁਰੂ ਰਾਮ ਦਾਸ ਜੀ ਨੇ ਆਪਣਾ ਮੁੱਖ ਕੇਂਦਰ ਅੰਮ੍ਰਿਤਸਰ ਵਾਲੇ ਅਸਥਾਨ ਨੂੰ ਹੀ ਬਣਾਇਆ ਸੀ ਜਿਸ ਨੂੰ ਉਸ ਸਮੇਂ ਚੱਕ ਗੁਰੂ ਜਾਂ ਚੱਕ ਰਾਮ ਦਾਸ ਪੁਰ ਵੀ ਕਿਹਾ ਜਾਂਦਾ ਸੀ ਪਰ ਪਰਿਵਾਰ ਸਾਰਾ ਗੋਇੰਦਵਾਲ ਸਾਹਿਬ ਵਿਖੇ ਹੀ ਰਹਿੰਦਾ ਸੀ । ਗੋਇੰਦਵਾਲ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਨਾਨਕਾ ਘਰ ਸੀ । ਇਸ ਤਰ੍ਹਾਂ ਇਨ੍ਹਾਂ ਦੇ ਬਚਪਨ ਦੀ ਪਾਲਣਾ-ਪੋਸ਼ਣਾ ਗੋਇੰਦਵਾਲ ਵਿਖੇ ਹੀ ਹੋਈ। ਗੁਰਗੱਦੀ ਧਾਰਨ ਕਰਨ ਤੋਂ ਪਹਿਲਾਂ ਅਰਜਨ ਦੇਵ ਜੀ ਆਪਣੇ ਪਿਤਾ ਗੁਰੂ ਰਾਮ ਦਾਸ ਜੀ ਦੇ ਸਮੇਂ ਇਕ ਜ਼ਿੰਮੇਵਾਰ ਪਰਚਾਰਕ ਦੇ ਤੌਰ ‘ਤੇ ਕੰਮ ਕਰ ਚੁੱਕੇ ਸਨ । ਲਾਹੌਰ ਵਿਖੇ ਆਪ ਵੱਲੋਂ ਕਾਫ਼ੀ ਸਮਾਂ ਰਹਿ ਕੇ ਇੱਥੋਂ ਦੀਆਂ ਸਿੱਖ ਸੰਗਤਾਂ ਦੀ ਅਗਵਾਈ ਕਰਨ ਦੇ ਅਨੇਕਾਂ ਵੇਰਵੇ ਮਿਲਦੇ ਹਨ। ਲਾਹੌਰ ਗੁਰੂ ਰਾਮ ਦਾਸ ਜੀ ਦਾ ਜਨਮ ਅਸਥਾਨ ਸੀ। ਉਹ ਆਪ ਤਾਂ ਇੱਥੇ ਨਾ ਰਹਿ ਸਕੇ ਪਰ ਉਨ੍ਹਾਂ ਨੇ ਅਰਜਨ ਜੀ ਨੂੰ ਇੱਥੇ ਭੇਜ ਕੇ ਇੱਥੋਂ ਦੀ ਸਿੱਖ ਸੰਗਤ ਨੂੰ ਸੰਗਠਿਤ ਕਰਕੇ ਰੱਖਿਆ ਸੀ। ਲਾਹੌਰ ਪੰਜਾਬ ਰਾਜ ਦੀ ਰਾਜਧਾਨੀ ਵੀ ਸੀ ਅਤੇ ਵੈਸੇ ਵੀ ਇਹ ਸ਼ਹਿਰ ਅੰਤਰ-ਰਾਸ਼ਟਰੀ ਪਰਸਿੱਧੀ ਵਾਲਾ ਸੀ ਇਸ ਲਈ ਇੱਥੋਂ ਦੀ ਸਿੱਖ ਸੰਗਤ ਬਹੁਤ ਮਹੱਤਵਪੂਰਨ ਸਥਿਤੀ ਦੀ ਮਾਲਕ ਸੀ । ਅਜਿਹੀ ਮਹੱਤਵਪੂਰਨ ਅਸਥਾਨ ਵਾਲੀ ਸਿੱਖ ਸੰਗਤ ਦੀ ਅਗਵਾਈ ਅਰਜਨ ਦੇਵ ਜੈਸਾ ਹੀ ਕੋਈ ਯੋਗ ਪੁਰਸ਼ ਕਰ ਸਕਦਾ ਸੀ । ਇਹ ਗੱਲ ਤਕਰੀਬਨ ਪੂਰੀ ਤਰ੍ਹਾਂ ਮੰਨੀ ਜਾ ਚੁੱਕੀ ਹੈ ਕਿ ਅਰਜਨ ਦੇਵ ਜੀ ਨੇ ਸ਼ਬਦ ਹਜਾਰਿਆਂ ਵਾਲੇ ਪਹਿਲੇ ਚਾਰ ਸ਼ਬਦ ਲਾਹੌਰ ਤੋਂ ਲਿਖ ਕੇ ਹੀ ਗੁਰੂ ਰਾਮ ਦਾਸ ਜੀ ਨੂੰ ਭੇਜੇ ਸਨ । ਇਹ ਸ਼ਬਦ ਜਿੱਥੇ ਅਰਜਨ ਦੇਵ ਜੀ ਦੀ ਕਾਵਿਕ ਯੋਗਤਾ ਨੂੰ ਅਤੇ ਗੰਭੀਰ ਸੋਚ ਨੂੰ ਦਰਸਾਉਂਦੇ ਸਨ ਉੱਥੇ ਇਨ੍ਹਾਂ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਉਹ ਕਾਫ਼ੀ ਸਮਾਂ ਲਾਹੌਰ ਦੀ ਸੰਗਤ ਦੇ ਮੁਖੀ ਦੇ ਤੌਰ ‘ਤੇ ਰਹੇ ਸਨ । ਸ਼ਬਦ ਹਜਾਰੇ ਦੇ ਇਹ ਚਾਰ ਸ਼ਬਦ ਉਨ੍ਹਾਂ ਦੇ ਉਸ ਸੰਦੇਸ਼ ਨੂੰ ਦਰਸਾਉਂਦੇ ਹਨ ਜਿਹੜਾ ਉਹ ਆਪਣੇ ਪਿਤਾ ਗੁਰੂ ਜੀ ਨੂੰ ਚਿੱਠੀਆਂ ਦੇ ਰੂਪ ਵਿਚ ਭੇਜਿਆ ਕਰਦੇ ਸਨ । ਚਿੱਠੀ-ਪੱਤਰਾਂ ਵਾਲੇ ਜਜ਼ਬਾਤੀ ਸੰਦੇਸ਼ ਗੁਰੂ ਅਰਜਨ ਦੇਵ ਜੀ ਨੇ ਸ਼ਬਦਾਂ ਦੇ ਰੂਪ ਵਿਚ ਕਲਮ ਬੰਦ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਹਮੇਸ਼ਾਂ ਹਮੇਸ਼ਾਂ ਲਈ ਸੁਰੱਖਿਅਤ ਕਰ ਦਿੱਤੇ ਹਨ।
ਵਿਆਹ :
ਗੁਰੂ ਅਰਜਨ ਦੇਵ ਜੀ ਦੇ ਵਿਆਹ ਬਾਰੇ ਸਾਡੇ ਪਾਸ ਕੋਈ ਵੀ ਭਰੋਸੇਯੋਗ ਲਿਖਤ ਨਹੀਂ ਹੈ। ਇਸ ਗੁਰੂ ਜੀ ਦੇ ਵਿਆਹ ਬਾਰੇ ਅਸੀਂ ਇਹ ਗੱਲ ਨਿਸ਼ਚਤ ਤੌਰ ‘ਤੇ ਨਹੀਂ ਕਹਿ ਸਕਦੇ ਕਿ ਉਨ੍ਹਾਂ ਦਾ ਵਿਆਹ ਕਦੋਂ ਹੋਇਆ ਸੀ? ਜਿਹੜੀਆਂ ਲਿਖਤਾਂ ਗੁਰੂ ਜੀ ਦੇ ਵਿਆਹ ਬਾਰੇ ਜਾਣਕਾਰੀ ਦਿੰਦੀਆਂ ਹਨ ਉਹ ਸਮਕਾਲੀ ਨਹੀਂ ਹਨ ਅਤੇ ਨਾ ਹੀ ਪਰਮਾਣੀਕ ਹਨ। ਸਭ ਤੋਂ ਪਹਿਲੀ ਲਿਖਤ ਜੋ ਗੁਰੂ ਜੀ ਦੇ ਵਿਆਹ ਬਾਰੇ ਜਾਣਕਾਰੀ ਦਿੰਦੀ ਹੈ ਉਹ ਕੇਸਰ ਸਿੰਘ ਛਿੱਬਰ ਦੀ ਹੈ। ਇਹ 1769 ਈ. ਦੀ ਲਿਖਤ ਹੈ ਜਿਹੜੀ ਕਿ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ 163 ਸਾਲ ਪਿੱਛੋਂ ਦੀ ਹੈ। ਜ਼ਾਹਿਰ ਹੈ ਕਿ 163 ਸਾਲ ਪਿੱਛੋਂ ਦੀ ਲਿਖਤ ਦੀ ਕੋਈ ਇਤਿਹਾਸਕ ਮਹੱਤਤਾ ਨਹੀਂ ਹੈ। ਵੈਸੇ ਵੀ ਕੇਸਰ ਸਿੰਘ ਛਿੱਬਰ ਸਿੱਖ ਗੁਰੂ ਸਾਹਿਬਾਨ ਦੇ ਸੰਬੰਧ ਵਿਚ ਪਰਮਾਣੀਕ ਲੇਖਕ ਨਹੀਂ ਹੈ। ਦੂਜੀ ਲਿਖਤ ਗਯਾਨੀ ਗਯਾਨ ਸਿੰਘ ਦੀ ਹੈ ਜਿਹੜੀ 1891 ਦੀ ਲਿਖਤ ਹੈ। ਇਹ 285 ਸਾਲ ਪਿੱਛੋਂ ਦੀ ਹੈ। ਸਪਸ਼ਟ ਹੈ ਕਿ ਇਸ ਸੰਬੰਧ ਵਿਚ ਇਸ ਦੀ ਵੀ ਕੋਈ ਇਤਿਹਾਸਕ ਪਰਮਾਣੀਕਤਾ ਨਹੀਂ ਹੈ।
ਇਨ੍ਹਾਂ ਲਿਖਤਾਂ ਵਿਚ ਗੁਰੂ ਜੀ ਦੇ ਵਿਆਹ ਬਾਰੇ ਐਸੀਆਂ ਗੱਲਾਂ ਲਿਖੀਆਂ ਗਈਆਂ ਹਨ ਜਿਹੜੀਆਂ ਸਿੱਖ ਧਰਮ ਦੇ ਸਿਧਾਂਤਾਂ ਦੇ ਵਿਰੁੱਧ ਹਨ ਅਤੇ ਤਰਕਰਹਿਤ ਵੀ ਹਨ । ਇਨ੍ਹਾਂ ਲਿਖਤਾਂ ਅਨੁਸਾਰ ਗੁਰੂ ਜੀ ਦੇ ਦੋ ਵਿਆਹ ਸਨ । ਇਨ੍ਹਾਂ ਦੋ ਵਿਆਹਾਂ ਦਾ ਕਾਰਣ ਬੜਾ ਹਾਸੋਹੀਣਾ ਦਿੱਤਾ ਹੈ । ਇਹ ਲੇਖਕ ਗੁਰੂ ਜੀ ਦਾ ਪਹਿਲਾ ਵਿਆਹ ਸਿਰਫ਼ 12-13 ਸਾਲ ਦੀ ਉਮਰ ਵਿਚ ਹੀ ਕਰਵਾ ਦਿੰਦੇ ਹਨ ਅਤੇ ਦੱਸਦੇ ਹਨ ਕਿ 22-23 ਸਾਲਾਂ ਤੱਕ ਗੁਰੂ ਜੀ ਦੇ ਘਰ ਕੋਈ ਸੰਤਾਨ ਨਹੀਂ ਹੋਈ। ਇਸ ‘ਤੇ ਪਿਰਥੀ ਚੰਦ ਬੜਾ ਖੁਸ਼ ਸੀ । ਗੁਰੂ ਜੀ ਨੇ ਸਿਰਫ਼ ਪਿਰਥੀ ਚੰਦ ਦੀ ਖ਼ੁਸ਼ੀ ਦੂਰ ਕਰਨ ਲਈ ਦੂਜਾ ਵਿਆਹ ਕਰਵਾਇਆ। ਇਹ 1589 ਈ. ਵਿਚ ਹੋਇਆ ਅਤੇ ਇਸ ਵਿਆਹ ਤੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਜਨਮ ਲਿਆ । ਗੁਰੂ ਹਰਿਗੋਬਿੰਦ ਸਾਹਿਬ ਨੇ ਜਨਮ ਕਿਵੇਂ ਲਿਆ ਇਸ ਬਾਰੇ ਵੀ ਇਨ੍ਹਾਂ ਲੇਖਕਾਂ ਨੇ ਤਰਕਰਹਿਤ ਅਤੇ ਸਿੱਖ ਧਰਮ ਵਿਰੋਧੀ ਵਿਚਾਰ ਅਪਣਾਏ ਹਨ। ਅਸਲ ਵਿਚ ਇਹ ਸਾਰੀਆਂ ਗੱਲਾਂ ਹੀ ਗ਼ਲਤ ਹਨ।
ਜਦੋਂ ਸਾਡੇ ਪਾਸ ਕਿਸੇ ਤੱਥ ਬਾਰੇ ਭਰੋਸੇਯੋਗ ਗਵਾਹੀ ਨਾ ਹੋਵੇ ਤਾਂ ਅਸੀਂ ਰਵਾਇਤ ਤੋਂ ਸਹਾਇਤਾ ਲੈਂਦੇ ਹਾਂ। ਰਵਾਇਤ ਕਿਉਂਕਿ ਵਿਸ਼ਵਾਸ ਵਿਚੋਂ ਉਗਮਦੀ ਹੈ ਅਤੇ ਵਿਸ਼ਵਾਸ ਵਿਚੋਂ ਉਗਮੀ ਰਵਾਇਤ ਪੀੜੀ-ਦਰ-ਪੀੜੀ ਇਕ ਵਿਸ਼ੇਸ਼ ਜਾਣਕਾਰੀ ਸਮੋਈ ਸਾਡੇ ਪਾਸ ਪਹੁੰਚਦੀ ਹੈ। ਦੂਜਾ ਸਭ ਤੋਂ ਵੱਧ ਭਰੋਸੇਯੋਗ ਮਾਪਦੰਡ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਹੈ। ਜਿਹੜੀ ਗੱਲ ਗੁਰਬਾਣੀ ਵਿਚ ਵਿਅਕਤ ਕੀਤੇ ਗਏ ਵਿਚਾਰ ਦੇ ਖਿਲਾਫ਼ ਹੁੰਦੀ ਹੈ ਉਸ ਨੂੰ ਅਸੀਂ ਸਿੱਖ ਇਤਿਹਾਸ ਵਿਚ ਕਿਸੇ ਵੀ ਤਰ੍ਹਾਂ ਮੰਨ ਨਹੀਂ ਸਕਦੇ। ਆਓ ਇਸ ਦੇ ਆਧਾਰ ‘ਤੇ ਗੁਰੂ ਜੀ ਦੇ ਵਿਆਹ ਦੇ ਮਸਲੇ ਦਾ ਹੱਲ ਲੱਭੀਏ।
ਸਭ ਤੋਂ ਪਹਿਲੀ ਗੱਲ ਪਰੰਪਰਾ ਦੀ ਹੈ। ਪਰੰਪਰਾ ਅਨੁਸਾਰ ਗੁਰੂ ਅਰਜਨ ਦੇਵ ਜੀ ਦਾ ਸਿਰਫ਼ ਇਕ ਹੀ ਵਿਆਹ ਸੀ ਅਤੇ ਇਹ ਪਤਨੀ ਮਾਤਾ ਗੰਗਾ ਜੀ ਸਨ । ਇਹ ਵਿਆਹ ਜਲੰਧਰ ਜਿਲ੍ਹੇ ਦੀ ਤਹਿਸੀਲ ਫਿਲੌਰ ਦੇ ਇਕ ਪਿੰਡ ਮਉ ਸਾਹਿਬ ਵਿਖੇ ਹੋਇਆ ਸੀ। ਮਉ ਸਾਹਿਬ ਫਿਲੌਰ ਤੋਂ ਦੱਖਣ ਵੱਲ ਅੱਠ ਕੁ ਕਿਲੋਮੀਟਰ ਦੀ ਵਿੱਥ ‘ਤੇ ਹੈ। ਇੱਥੇ ਜੋ ਗੁਰਦੁਆਰਾ ਹੈ। ਉਹ ਗੁਰੂ ਸਾਹਿਬ ਦੇ ਵਿਆਹ ਅਸਥਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਵਿਆਹ ਦੀ ਖੁਸ਼ੀ ਵਿਚ ਇੱਥੇ ਗੁਰੂ ਅਰਜਨ ਦੇਵ ਜੀ ਵੱਲੋਂ ਲਗਵਾਇਆ ਗਿਆ ਖੂਹ ਵੀ ਕਾਇਮ ਹੈ । ਸਾਰੇ ਪੰਜਾਬ ਵਿਚ ਹੋਰ ਕਿਧਰੇ ਵੀ ਗੁਰੂ ਜੀ ਦੇ ਵਿਆਹ ਦੀ ਯਾਦ ਵਿਚ ਕੋਈ ਵੀ ਗੁਰਦੁਆਰਾ ਨਹੀਂ ਹੈ। ਜੇਕਰ ਗੁਰੂ ਜੀ ਦਾ ਇਕ ਹੋਰ ਵਿਆਹ ਹੁੰਦਾ ਤਾਂ ਜਰੂਰ ਹੀ ਉਸ ਅਸਥਾਨ ‘ਤੇ ਵੀ ਮਉ ਸਾਹਿਬ ਗੁਰਦੁਆਰੇ ਦੀ ਤਰ੍ਹਾਂ ਵਿਆਹ ਦੀ ਯਾਦ ਵਿਚ ਗੁਰਦੁਆਰਾ ਹੋਣਾ ਸੀ । ਕਿਉਂਕਿ ਮਉ ਸਾਹਿਬ ਦੇ ਗੁਰਦੁਆਰੇ ਦੀ ਤਰ੍ਹਾਂ ਕੋਈ ਹੋਰ ਐਸੀ ਯਾਦਗਾਰ ਨਹੀਂ ਹੈ। ਇਸ ਲਈ ਗੁਰੂ ਸਾਹਿਬ ਦਾ ਕੋਈ ਹੋਰ ਦੂਜਾ ਸਹੁਰਾ ਘਰ ਵੀ ਨਹੀਂ ਸੀ। ਅੱਜ ਪੰਜਾਬ ਦੇ ਹਰ ਪਿੰਡ ਵਿਚ ਗੁਰਦੁਆਰਾ ਹੈ। ਵਿਆਹ ਜੈਸੀ ਮਹੱਤਵਪੂਰਨ ਘਟਨਾ ਨਾਲ ਸੰਬੰਧਤ ਗੁਰਦੁਆਰਾ ਹਰ ਹਾਲਤ ਵਿਚ ਹੋਣਾ ਸੀ।
ਦੂਸਰੀ ਗੱਲ ਇਹ ਹੈ ਕਿ ਗੁਰਬਾਣੀ ਵਿਚ ਇਸ ਗੱਲ ’ਤੇ ਜਿਆਦਾ ਜ਼ੋਰ ਦਿੱਤਾ ਗਿਆ ਹੈ ਕਿ ਵਿਅਕਤੀ ਨੂੰ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਚੱਲਣਾ ਚਾਹੀਂਦਾ ਹੈ। ਜੋ ਕੁੱਝ ਹੁੰਦਾ ਹੈ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ ਅਤੇ ਜੋ ਕੁਝ ਨਹੀਂ ਹੁੰਦਾ ਵਾਹਿਗੁਰੂ ਦੀ ਰਜਾ ਹੀ ਉਸ ਤਰ੍ਹਾਂ ਹੁੰਦੀ ਹੈ। ਇਸ ਸਿੱਖਿਆ ਦੀ ਰੋਸ਼ਨੀ ਵਿਚ ਜੇਕਰ ਗੁਰੂ ਅਰਜਨ ਦੇਵ ਜੀ ਦੇ ਘਰ ਪਹਿਲੇ ਵਿਆਹ ਤੋਂ ਕੋਈ ਪੁੱਤਰ ਨਹੀਂ ਸੀ ਹੋਇਆ ਤਾਂ ਇਹ ਅਕਾਲ ਪੁਰਖ ਦੀ ਹੀ ਰਜਾ ਸੀ । ਗੁਰੂ ਜੀ ਨੇ ਦੂਜਾ ਵਿਆਹ ਕਰਵਾ ਕੇ ਇਸ ਰਜਾ ਨੂੰ ਕਿਉਂ ਚੁਣੌਤੀ ਦਿੱਤੀ? ਨਾਲੇ ਗੁਰਗੱਦੀ ਤਾਂ ਕੋਈ ਪਿਤਾ-ਪੁਰਖੀ ਵਿਰਾਸਤ ਨਹੀਂ ਸੀ। ਇਹ ਤਾਂ ਗੁਰੂ ਦੀ ਸੰਤਾਨ ਵਿਚੋਂ ਬਾਹਰ ਵੀ ਕਿਸੇ ਨੂੰ ਪਰਾਪਤ ਹੋ ਸਕਦੀ ਸੀ । ਅਸਲ ਵਿਚ ਦੋ ਵਿਆਹਾਂ ਦੀ ਗੱਲ ਵੀ ਗ਼ਲਤ ਹੈ ਅਤੇ ਬੱਚੇ ਦੇ ਵਰ ਪਰਾਪਤ ਕਰਨ ਦੀ ਗੱਲ ਵੀ ਗ਼ਲਤ ਹੈ । ਗੁਰਬਾਣੀ ਵਿਚ ਗੁਰੂ ਅਰਜਨ ਦੇਵ ਜੀ ਦਾ ਆਪਣਾ ਕਥਨ ਹੈ ਕਿ ‘ਏਕਾ ਨਾਰੀ ਸਦਾ ਜਤੀ’ । ਇਕ ਪਾਸੇ ਤਾਂ ਗੁਰੂ ਸਾਹਿਬ ਇਤਨਾ ਉੱਚਾ ਵਿਚਾਰ ਸਿਰਜ ਰਹੇ ਹਨ ਪਰ ਦੂਜੇ ਪਾਸੇ ਸਾਡੇ ਸੌੜੀ ਸੋਚ ਵਾਲੇ ਲੇਖਕ ਸਿਰਫ਼ ਪੁੱਤਰ ਪਰਾਪਤੀ ਵਾਸਤੇ ਗੁਰੂ ਜੀ ਨੂੰ ਦੋ ਵਿਆਹ ਕਰਵਾਉਂਦਾ ਦਰਸਾ ਰਹੇ ਹਨ। ਇਹ ਆਪਾ ਵਿਰੋਧੀ ਵਿਚਾਰ ਇਕੱਠੇ ਨਹੀਂ ਚੱਲ ਸਕਦੇ । ਇਸ ਲਈ ਗੁਰੂ ਜੀ ਦਾ ਸਿਰਫ਼ ਇਕੋ ਵਿਆਹ ਸੀ । ਇਹ ਮਉ ਸਾਹਿਬ ਵਿਖੇ ਹੋਇਆ ਸੀ । ਪਤਨੀ ਮਾਤਾ ਗੰਗਾ ਜੀ ਸਨ । ਇਹ ਵਿਆਹ ਕਿਸ ਸਾਲ ਹੋਇਆ? ਇਸ ਦੀ ਜਾਣਕਾਰੀ ਕਿਸੇ ਪਾਸਿਓਂ ਵੀ ਨਹੀਂ ਮਿਲਦੀ। ਜਿਹੜੇ ਲੇਖਕ ਦੋ ਵਿਆਹਾਂ ਦੀ ਗੱਲ ਕਰਦੇ ਹਨ ਉਨ੍ਹਾਂ ਵੱਲੋਂ ਦਿੱਤੀ ਗਈ ਮਿਤੀ ਵੀ ਉਸੇ ਤਰ੍ਹਾਂ ਗ਼ਲਤ ਹੈ ਜਿਸ ਤਰ੍ਹਾਂ ਉਨ੍ਹਾਂ ਵੱਲੋਂ ਦੋ ਵਿਆਹ ਕਰਵਾਏ ਜਾਣ ਦੀ ਗੱਲ ਗ਼ਲਤ ਸਾਬਤ ਹੋਈ ਹੈ । ਗੁਰੂ ਅਰਜਨ ਦੇਵ ਜੀ ਦਾ ਵਿਆਹ ਗੁਰਗੱਦੀ ਪਰਾਪਤ ਕਰਨ ਤੋਂ ਪਿੱਛੋਂ ਹੀ ਹੋਇਆ ਸੀ।
ਮਸੰਦ ਪ੍ਰਥਾ :
ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਧਾਰਨ ਕਰਨ ਦੇ ਤੁਰੰਤ ਬਾਅਦ ਹੀ ਸਿੱਖ ਸੰਗਤਾਂ ਨੂੰ ਮੁੜ-ਜੱਥੇਬੰਦ ਕਰਨ ਦਾ ਕੰਮ ਕੀਤਾ । ਉਨ੍ਹਾਂ ਦੀ ਗੁਰਿਆਈ ਵਿਰੋਧਰਹਿਤ ਨਹੀਂ ਸੀ । ਸਭ ਤੋਂ ਵੱਧ ਵਿਰੋਧਤਾ ਉਨ੍ਹਾਂ ਦੇ ਵੱਡੇ ਭਰਾ ਪਿਰਥੀ ਚੰਦ ਵੱਲੋਂ ਹੋਈ ਸੀ । ਉਹ ਉਨ੍ਹਾਂ ਦੇ ਮੁਕਾਬਲੇ ‘ਤੇ ਆਪਣੇ ਆਪ ਨੂੰ ਪੰਜਵਾਂ ਗੁਰੂ ਬਣਾ ਕੇ ਬੈਠ ਗਿਆ ਸੀ ਅਤੇ ਇਉਂ ਸਿੱਖ ਸੰਗਤਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਵਿਚ ਸੀ। ਉਸ ਨੇ ਆਪਣੀ ਸਹਾਇਤਾ ਵਿਚ ਹੋਰ ਸਥਾਨਕ ਅਧਿਕਾਰੀਆਂ ਨੂੰ ਵੀ ਨਾਲ ਲੈ ਲਿਆ ਸੀ । ਇਸ ਵਿਰੋਧਤਾ ਨੂੰ ਰੋਕਣ ਲਈ ਅਤੇ ਸਿੱਖ ਸੰਗਤਾਂ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਲਈ ਮੁੜ ਤੋਂ ਜੱਥੇਬੰਦਕ ਪਰਣਾਲੀ ਵਿਚ ਪਰੋਣਾ ਜ਼ਰੂਰੀ ਹੋ ਗਿਆ ਸੀ ।
ਸਿੱਖ ਧਰਮ ਪੰਜਵੀਂ ਪੀੜ੍ਹੀ ਤੱਕ ਪਹੁੰਚ ਗਿਆ ਸੀ ਇਸ ਤਰ੍ਹਾਂ ਇਸ ਸਮੇਂ ਤੱਕ ਸਿੱਖ ਸੰਗਤਾਂ ਦੀ ਤਾਦਾਦ ਬਹੁਤ ਵੱਧ ਗਈ ਸੀ। ਗੁਰੂ ਅਮਰ ਦਾਸ ਜੀ ਦੁਆਰਾ ਸਥਾਪਤ ਕੀਤਾ ਮੰਜੀ ਸਿਸਟਮ ਇਕ ਮੁੱਢਲੀ ਅਤੇ ਸਾਧਾਰਨ ਜਿਹੀ ਜੱਥੇਬੰਦਕ ਪਰਣਾਲੀ ਸੀ । ਗੁਰੂ ਰਾਮ ਦਾਸ ਜੀ ਨੇ ਇਸ ਵਿਚ ਹੋਰ ਸਥਿਰਤਾ ਲਿਆਂਦੀ ਸੀ ਪਰ ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕਰ ਲਿਆ ਸੀ ਕਿ ਸਿੱਖ ਸਮਾਜ ਨੂੰ ਇਕ ਲੜੀ ਵਿਚ ਪਰੋਣ ਲਈ ਹੋਰ ਮਜ਼ਬੂਤ ਪਰਣਾਲੀ ਦੀ ਲੋੜ ਸੀ। ਭਾਵੇਂ ਮਸੰਦ ਸ਼ਬਦ ਇਕ ਐਸੀ ਬਾਕਾਇਦਾ ਪਰਣਾਲੀ ਨੂੰ ਦਰਸਾਉਂਦਾ ਹੈ ਜਿਹੜੀ ਸਰਕਾਰੀ ਜਾਂ ਬਾਦਸ਼ਾਹੀ ਢਾਂਚੇ ਦੇ ਅਨੁਸਾਰ ਚਲਾਈ ਗਈ ਸੀ ਕਿਉਂਕਿ ਮਸਨਦ ਸ਼ਬਦ ਜਿਸ ਤੋਂ ਮਸੰਦ ਸ਼ਬਦ ਪਰਚਲਤ ਹੋਇਆ ਹੈ, ਬਾਦਸ਼ਾਹ ਦੇ ਆਪਣੇ ਨੁਮਾਇੰਦਿਆਂ ਨੂੰ ਦਰਸਾਉਂਦਾ ਹੈ। ਉਹ ਸਿੱਧਾ ਬਾਦਸ਼ਾਹ ਦੇ ਅਧੀਨ ਹੁੰਦੇ ਸਨ ਅਤੇ ਬਾਦਸ਼ਾਹ ਦੇ ਹੁਕਮਾਂ ਜਾਂ ਆਦੇਸ਼ਾਂ ਨੂੰ ਨੀਯਤ ਅਦਾਰੇ ਤੀਕ ਪਹੁੰਚਾਉਂਦੇ ਸਨ। ਮਸਨਦ ਜਾਂ ਮਸਨਦ-ਏ-ਅਲੀ ਤੋਂ ਭਾਵ ਹੈ ਅਲੀ ਦਾ ਨੁਮਾਇੰਦਾ । ਅਲੀ ਸ਼ਬਦ ਹਾਕਮ ਜਾਂ ਬਾਦਸ਼ਾਹ ਦਾ ਪਰਤੀਕ ਹੈ। ਮਸੰਦ ‘ਮਸਨਦ’ ਜਾਂ ‘ਮਸਨਦ-ਏ-ਗੁਰੂ’ ਤੋਂ ਪੰਜਾਬੀ ਵਿਚ ਸੰਖੇਪ ਹੋਇਆ ਰੂਪ ਹੈ। ਇਹ ਵੀ ਹੋ ਸਕਦਾ ਹੈ ਕਿ ਇਹ ਨਾਂ ਗੁਰੂ ਅਰਜਨ ਦੇਵ ਜੀ ਨੇ ਖ਼ੁਦ ਨਾ ਰੱਖਿਆ ਹੋਵੇ ਅਤੇ ਪਿੱਛੋਂ ਇਸ ਪਰਬੰਧ ਨੂੰ ਦੇਖਣ ਵਾਲੇ ਅਧਿਕਾਰੀਆਂ ਨੇ ਇਹ ਨਾਂ ਰੱਖ ਲਿਆ ਹੋਵੇ । ਕਿਉਂਕਿ ਜੋ ਭਾਵ ਇਸ ਸ਼ਬਦ ਜਾਂ ਪਰਣਾਲੀ ਦੇ ਇਕ ਸਮਕਾਲੀ ਲੇਖਕ ਜ਼ੁਲਿਫਕਾਰ ਅਰਧਿਸਤਾਨੀ ਮੌਬੀਦ (ਮੋਹਿਸਿਨ ਫਾਨੀ) ਨੇ ਲਏ ਹਨ ਅਤੇ ਉਸ ਪਿੱਛੋਂ ਕੁਝ ਆਧੁਨਿਕ ਲੇਖਕਾਂ ਨੇ ਇਸੇ ਹੀ ਲਿਖਤ ਦੇ ਸਹੀ ਜਾਂ ਗਲਤ ਤਰਜਮੇ ਤੋਂ ਲਏ ਹਨ ਉਹ ਸਿੱਖ ਧਰਮ ਦੀ ਵਿਚਾਰਧਾਰਾ ਜਾਂ ਗੁਰੂ ਅਰਜਨ ਦੇਵ ਜੀ ਦੇ ਸੁਭਾਅ ਨਾਲ ਮੇਲ ਨਹੀਂ ਖਾਂਦੇ । ਇਨ੍ਹਾਂ ਲੇਖਕਾਂ ਦਾ ਮਤ ਹੈ ਕਿ ਮਸੰਦ ਪਰਣਾਲੀ, ਇਕ ਵੱਡੀ ਸਰਕਾਰ ਦੇ ਵਿਚ ਛੋਟੀ ਸਰਕਾਰ ਦੀ ਤਰ੍ਹਾਂ ਸੀ ਅਤੇ ਬਾਦਸ਼ਾਹੀ ਹਕੂਮਤ ਦਾ ਮੁਆਮਲਾ ਉਤਨੀ ਬਾਕਾਇਦਗੀ ਅਤੇ ਵਫ਼ਾਦਾਰੀ ਨਾਲ ਨਹੀਂ ਸੀ ਉਗਰਾਹਿਆ ਜਾਂਦਾ ਜਿੰਨੀ ਨਾਲ ਮਸੰਦ ਪਰਣਾਲੀ ਰਾਹੀਂ ਸਿੱਖ ਸੰਗਤਾਂ ਤੋਂ ਮੁਆਮਲਾ ਉਗਰਾਹਿਆ ਜਾਂਦਾ ਸੀ । ਇਹ ਵੀ ਕਿ ਗੁਰੂ ਜੀ ਨੇ ਹੁਣ ਹਰ ਸਿੱਖ ਲਈ ਆਪਣੀ ਕਮਾਈ ਵਿਚੋਂ ਦਸਵੰਧ ਕੱਢ ਕੇ ਦੇਣਾ ਜ਼ਰੂਰੀ ਬਣਾ ਦਿੱਤਾ ਸੀ ਜਦੋਂ ਕਿ ਪਹਿਲਾਂ ਇਹ ਸਿੱਖ ਦੀ ਆਪਣੀ ਇੱਛਾ ‘ਤੇ ਨਿਰਭਰ ਕਰਦਾ ਸੀ।
ਸਿੱਖ ਧਰਮ ਵਿਚ ਕਿਸੇ ਵੀ ਗੁਰੂ ਸਮੇਂ ਅਤੇ ਇੱਥੋਂ ਤੱਕ ਕਿ ਅੱਜ ਤੀਕ ਕਿਸੇ ਵੀ ਸਮੇਂ ਇਹ ਗੱਲ ਨਹੀਂ ਹੋਈ ਕਿ ਕਿਸੇ ਸਿੱਖ ਨੂੰ ਪੈਸੇ ਚੜ੍ਹਾਉਣ ਲਈ ਕਦੇ ਕੋਈ ਜਰੂਰੀ ਹੁਕਮ ਕੀਤਾ ਗਿਆ ਹੋਵੇ। ਪੈਸੇ ਦਾ ਚੜ੍ਹਾਵਾ ਹਰ ਸ਼ਰਧਾਲੂ ਦੀ ਆਪਣੀ ਇੱਛਾ ‘ਤੇ ਨਿਰਭਰ ਕਰਦਾ ਹੈ। ਇੱਥੋਂ ਤੱਕ ਕਿ ਉਹ ਬਿਨਾਂ ਕੁਝ ਚੜ੍ਹਾਏ ਦੇ ਵੀ ਗੁਰਦੁਆਰੇ ਵਿਚ ਕਈ ਕਈ ਦਿਨ ਮੁਫ਼ਤ ਰਿਹਾਇਸ਼ ਅਤੇ ਲੰਗਰ ਪਰਾਪਤ ਕਰ ਸਕਦਾ ਹੈ। ਸਿੱਖ ਧਰਮ ਵਿਚ ਇਹ ਗੱਲ ਤਾਂ ਜ਼ਰੂਰੀ ਹੁੰਦੀ ਰਹੀ ਹੈ ਕਿ ਹਰ ਸ਼ਰਧਾਲੂ ਸਿੱਖ ਪਹਿਲਾਂ ਸੰਗਤ ਵਿਚ ਬੈਠ ਕੇ ਲੰਗਰ ਛਕੇ ਜਾਂ ਸਵੇਰੇ-ਸ਼ਾਮ ਇਸ਼ਨਾਨ ਕਰਕੇ ਬਾਣੀ ਦਾ ਪਾਠ ਕਰੇ ਜਾਂ ਪੰਜ ਕਕਾਰਾਂ ਦਾ ਧਾਰਨੀ ਹੋਵੇ ਪਰ ਇਹ ਜ਼ਰੂਰੀ ਹੁਕਮ ਕਦੇ ਨਹੀਂ ਹੋਇਆ ਕਿ ਕੋਈ ਸ਼ਰਧਾਲੂ ਹਰ ਹਾਲਤ ਵਿਚ ਨੀਯਤ ਪੈਸੇ ਦੇਵੇ । ਅਸਲ ਵਿਚ ਜਿਨਾਂ ਲੇਖਕਾਂ ਨੇ ਇਹ ਗੱਲ ਲਿਖੀ ਹੈ ਉਹ ਸਿੱਖ ਧਰਮ ਦੀ ਅਸਲ ਭਾਵਨਾ ਤੋਂ ਜਾਣੂ ਨਹੀਂ ਹਨ। ਆਧੁਨਿਕ ਲੇਖਕਾਂ ਨੇ ਆਪਣਾ ਆਧਾਰ ਮੋਹਿਸਿਨ ਫਾਨੀ ਜੈਸੇ ਲੇਖਕ ਨੂੰ ਬਣਾਇਆ ਹੈ। ਮੋਹਿਸਿਨ ਫਾਨੀ ਦੀਆਂ ਅਨੇਕਾਂ ਗੱਲਾਂ, ਇਕ ਸਮਕਾਲੀ ਲੇਖਕ ਹੋਣ ਦੇ ਬਾਵਜੂਦ ਵੀ, ਗ਼ਲਤ ਹਨ। ਇਹ ਜ਼ਰੂਰੀ ਨਹੀਂ ਕਿ ਕਿਸੇ ਸਮਕਾਲੀ ਲੇਖਕ ਦੀ ਹਰ ਲਿਖੀ ਗੱਲ ਠੀਕ ਹੀ ਹੋਵੇ। ਇਸ ਬਾਰੇ ਤੇਜਾ ਸਿੰਘ, ਗੰਡਾ ਸਿੰਘ ਨੇ ਇਸ ਤਰ੍ਹਾਂ ਲਿਖਿਆ ਹੈ “ਕਿਸੇ ਥਾਂ ਰਤਾ ਜਿਨਾਂ ਵੀ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਸਿੱਖਾਂ ਵੱਲੋਂ ਇਹ ਭੇਟਾ ਆਪਣੀ ਮਨਮਰਜੀ ਤੋਂ ਬਿਨਾਂ ਦਿੱਤੀ ਗਈ ਸੀ। ਮੋਹਸਿਨ ਫਾਨੀ ਨੇ ਆਪਣੀ ਪੁਸਤਕ ਦਬਿਸਤਾਨ ਵਿਚ ਉਸ ਭੇਟਾਂ ਲਈ ਸਹੀ ਸ਼ਬਦ ‘ਭੇਂਟ’ ਅਤੇ ‘ਨਜ਼ਰ’ ਵਰਤੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਨੇ ਇਸ ਲਈ ਇਕ ਗ਼ਲਤ ਸਮਾਨਾਰਥਕ ਸ਼ਬਦ ਬਾਜ (ਕਰ) ਵੀ ਦਿੱਤਾ ਹੈ। ਇਸ ਗ਼ਲਤ ਸ਼ਬਦ ਨੂੰ ਸਿਧਾਂਤਕਾਰਾਂ ਨੇ ਪੱਕੀ ਤਰ੍ਹਾਂ ਫੜ੍ਹ ਲਿਆ ਹੈ ਜਿਹੜੇ ਪਿਛਲੇਰੇ ਗੁਰੂਆਂ ਦੇ ਧਾਰਮਿਕ ਕੰਮਾਂ ਵਿਚ ਵੀ ਰਾਜਸੀ ਮਨੋਰਥਾਂ ਦੀ ਹੋਂਦ ਸਾਬਤ ਕਰਨ ਵਿਚ ਜੁਟੇ ਹੋਏ ਹਨ।”
ਜਿਵੇਂ ਕਿ ਪਹਿਲਾਂ ਲਿਖਿਆ ਜਾ ਚੁੱਕਿਆ ਹੈ ਕਿ ਹੋ ਸਕਦਾ ਹੈ ਕਿ ‘ਮਸੰਦ’ ਸ਼ਬਦ ਵੀ ਉਨ੍ਹਾਂ ਲੋਕਾਂ ਵੱਲੋਂ ਅਪਣਾਇਆ ਗਿਆ ਹੋਵੇ ਜਿਹੜੇ ਸਿੱਖ ਸਮਾਜ ਦੀ ਇਸ ਸਮੇਂ ਦੀ ਜੱਥੇਬੰਦੀ ਨੂੰ ਇਕ ਸਰਕਾਰੀ ਢਾਂਚੇ ਦੀ ਤਰ੍ਹਾਂ ਦੇਖਦੇ ਹੋਣ। ਗੁਰੂ ਅਰਜਨ ਦੇਵ ਜੀ ਦੀ ਸਾਰੀ ਬਾਣੀ ਵਿਚ ਮਸੰਦ ਜਾਂ ਮਸਨਦ ਸ਼ਬਦ ਇਕ ਵਾਰ ਵੀ ਨਹੀਂ ਆਇਆ । ਭਾਈ ਗੁਰਦਾਸ ਜੀ ਦੀ ਰਚਨਾ ਵਿਚ ਵੀ ਇਹ ਸ਼ਬਦ ਨਹੀਂ ਆਇਆ। ਇਸ ਦਾ ਭਾਵ ਇਹ ਵੀ ਨਹੀਂ ਹੈ ਕਿ ਮਸੰਦ ਪਰਣਾਲੀ ਹੈ ਹੀ ਨਹੀਂ ਸੀ। ਮਸੰਦ ਪਰਣਾਲੀ ਤਾਂ ਸੀ ਕਿਉਂਕਿ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਵਿਚ ਅਤੇ ਕਵੀ ਸੈਨਾਪਤਿ ਦੀ ਲਿਖਤ ਸ੍ਰੀ ਗੁਰ ਸੋਭਾ ਵਿਚ ਮਸੰਦਾਂ ਦਾ ਬਹਿਸ਼ਕਾਰ ਕਰਨ ਦੀਆਂ ਸਖ਼ਤ ਹਦਾਇਤਾਂ ਮਿਲਦੀਆਂ ਹਨ।
ਮਸੰਦ ਅਸਲ ਵਿਚ ਉਹ ਵਿਅਕਤੀ ਸਨ ਜਿਹੜੇ ਗੁਰੂ ਅਰਜਨ ਦੇਵ ਜੀ ਵੱਲੋਂ ਵੱਖ ਵੱਖ ਇਲਾਕਿਆਂ ਵਿਚ ਸਿੱਖ ਧਰਮ ਦੇ ਪਰਚਾਰ ਕਰਨ ਲਈ ਪਰਚਾਰਕ ਦੇ ਤੌਰ ‘ਤੇ ਨਿਯੁਕਤ ਕੀਤੇ ਗਏ ਸਨ । ਇਹ ਪਰਚਾਰਕ, ਆਪੋ ਆਪਣੇ ਇਲਾਕੇ ਦੀ ਸੰਗਤ ਦੇ ਮੁਖੀ ਵੀ ਸਨ। ਇਸ ਪਰਣਾਲੀ ਰਾਹੀਂ, ਗੁਰੂ ਜੀ ਦਾ ਸੰਦੇਸ਼ ਪਹਿਲਾਂ ਹਰ ਇਲਾਕੇ ਦੇ ਮੁਖੀ ਪਰਚਾਰਕ (ਮਸੰਦ) ਤੀਕ ਪਹੁੰਚਦਾ ਸੀ। ਅੱਗੋਂ ਇਹ ਪਰਚਾਰਕ, ਇਸ ਸੰਦੇਸ਼ ਨੂੰ, ਆਪਣੇ ਇਲਾਕੇ ਦੀ ਸੰਗਤ ਵਿਚ ਪਰਸਾਰਤ ਕਰ ਦਿੰਦਾ ਸੀ। ਇਲਾਕਾ ਜਿਲ੍ਹੇ ਦੇ ਬਰਾਬਰ ਦਾ ਵੀ ਹੋ ਸਕਦਾ ਸੀ ਅਤੇ ਇਸ ਤੋਂ ਵੱਡਾ ਛੋਟਾ ਵੀ। ਇਹ ਇਲਾਕੇ ਵਿਚਲੀ ਸੰਗਤ ਦੀ ਤਾਦਾਦ ‘ਤੇ ਨਿਰਭਰ ਕਰਦਾ ਸੀ । ਜਿੱਥੇ ਸਿੱਖ ਸੰਗਤਾਂ ਬਹੁਤ ਵੱਡੀ ਤਾਦਾਦ ਵਿਚ ਸਨ ਜਿਵੇਂ ਪੰਜਾਬ ਦਾ ਮਾਝਾ ਅਤੇ ਮਾਲਵਾ ਖੇਤਰ ਵਿਚ, ਅਜਿਹੇ ਖੇਤਰ ਵਿਚ ਇਲਾਕਾ ਵੰਡ ਛੋਟੇ ਖੇਤਰ ਦਾ ਵੀ ਹੋ ਸਕਦਾ ਸੀ । ਜਿਸ ਸੂਬੇ ਵਿਚ ਸਿੱਖ ਸੰਗਤਾਂ ਘੱਟ ਹੁੰਦੀਆਂ ਸਨ ਉੱਥੇ ਸਾਰੇ ਸੂਬੇ ਦਾ ਵੀ ਇਕੋ ਮਸੰਦ ਹੋ ਸਕਦਾ ਸੀ।
ਧਰਮ ਪਰਚਾਰਕ (ਮਸੰਦ) ਕਿਉਂਕਿ ਆਪਣੀ ਆਪਣੀ ਸੰਗਤ ਦੇ ਮੁਖੀ ਵੀ ਹੁੰਦੇ ਸਨ ਇਸ ਲਈ ਹਰ ਸੰਬੰਧਤ ਹਲਕੇ ਦੀ ਸੰਗਤ, ਆਪਣੇ ਮਸੰਦ ਰਾਹੀਂ ਹੀ ਗੁਰੂ ਸਾਹਿਬ ਨਾਲ ਜੁੜੀ ਹੁੰਦੀ ਸੀ । ਆਮ ਤੌਰ ‘ਤੇ ਸਾਲ ਵਿਚ ਦੋ ਵਾਰ ਸਿੱਖ ਸੰਗਤਾਂ ਆਪਣੇ ਗੁਰੂ ਦੇ ਦਰਸ਼ਨਾਂ ਨੂੰ ਆਉਂਦੀਆਂ ਸਨ ਭਾਵੇਂ ਕਿ ਇਸ ਕਿਸਮ ਦੀ ਕੋਈ ਪਾਬੰਦੀ ਨਹੀਂ ਸੀ ਕਿ ਕੋਈ ਸੰਗਤ ਇਨਾਂ ਦੋ ਮੌਕਿਆਂ ਤੋਂ ਬਿਨਾਂ ਗੁਰੂ ਜੀ ਨੂੰ ਮਿਲਣ ਨਹੀਂ ਆ ਸਕਦੀ ਸੀ। ਗੁਰੂ ਦੇ ਦਰਸ਼ਨਾਂ ਲਈ ਹਰ ਦਿਨ ਅਤੇ ਹਰ ਸਮਾਂ ਖੁੱਲਾ ਸੀ। ਸਾਲ ਵਿਚ ਦੋ ਮੌਕੇ ਤਾਂ ਸਿਰਫ਼ ਆਮ ਮੇਲਿਆਂ ਦੇ ਰੂਪ ਵਿਚ ਸਨ। ਇਸ ਤਰ੍ਹਾਂ ਸਿੱਖ ਸੰਗਤਾਂ ਆਪਣੇ ਆਪਣੇ ਕੇਂਦਰ ਵਿਚ ਜੋ ਵੀ ਪੈਸੇ-ਧੇਲੇ ਦੀ ਚੜ੍ਹਤ ਕਰਦੀਆਂ ਸਨ ਉਹ ਸੰਬੰਧਤ ਹਲਕੇ ਦੇ ਮਸੰਦ ਪਾਸ ਇਕੱਤਰ ਹੁੰਦਾ ਸੀ। ਇਹੀ ਇਕੱਤਰਤਾ ਵਿਸਾਖੀ ਅਤੇ ਦੀਵਾਲੀ, ਜਿਹੜੇ ਦੋ ਮੌਕੇ ਗੁਰੂ ਸਾਹਿਬ ਨੇ ਨੀਯਤ ਕੀਤੇ ਸਨ, ਦੇ ਸਮੇਂ ਗੁਰੂ ਜੀ ਪਾਸ ਪਹੁੰਚ ਜਾਂਦੀ ਸੀ। ਇਹ ਕੰਮ ਮਸੰਦ ਕਰਦਾ ਸੀ । ਕੋਈ ਸੰਗਤ ਕਿਨਾਂ ਪੈਸਾ ਭੇਜਦੀ ਸੀ ਇਸ ਦੀ ਕੋਈ ਨਿਰਧਾਰਤ ਸੀਮਾ ਨਹੀਂ ਸੀ। ਕਿਉਂਕਿ ਮਸੰਦ ਗੁਰੂ ਸਾਹਿਬ ਦੇ ਬਹੁਤ ਹੀ ਭਰੋਸੇਯੋਗ ਸ਼ਰਧਾਲੂ ਹੁੰਦੇ ਸਨ ਇਸ ਲਈ ਇਸ ਪਰਣਾਲੀ ਰਾਹੀਂ ਸਾਰਾ ਕੰਮ ਬੜੀ ਸਫ਼ਲਤਾ ਨਾਲ ਚੱਲਦਾ ਸੀ । ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਇਹ ਜੱਥੇਬੰਦਕ ਪਰਣਾਲੀ ਬਹੁਤ ਕਾਮਯਾਬੀ ਨਾਲ ਚਲਦੀ ਰਹੀ। ਚੜ੍ਹਾਵੇ ਦਾ ਪੈਸਾ ਪੂਰੀ ਦਿਆਨਤਦਾਰੀ ਅਤੇ ਬਾਕਾਇਦਗੀ ਨਾਲ ਗੁਰੂ ਜੀ ਪਾਸ ਪਹੁੰਚਦਾ ਰਿਹਾ ਸੀ । ਜਿੱਥੇ ਦਿਆਨਤਦਾਰੀ ਅਤੇ ਵਫ਼ਾਦਾਰੀ ਹੁੰਦੀ ਹੈ ਉੱਥੇ ਹਰ ਕੰਮ ਵਿਚ ਬਰਕਤ ਹੁੰਦੀ ਹੈ। ਇਹੀ ਕਾਰਣ ਸੀ ਕਿ ਗੁਰੂ ਅਰਜਨ ਦੇਵ ਜੀ ਪਾਸ ਧਨ ਦੀ ਕੋਈ ਤੋਟ ਨਹੀਂ ਰਹੀ। ਉਹ ਇਸ ਧਨ ਨਾਲ ਸਿੱਖ ਸੰਗਤਾਂ ਲਈ ਨਵੇਂ ਤੀਰਥ ਅਸਥਾਨ ਵੀ ਸਥਾਪਤ ਕਰਦੇ ਰਹੇ ਸਨ ਅਤੇ ਸਿੱਖ ਸਭਿਆਚਾਰ ਵਾਲੇ ਨਵੇਂ ਨਗਰ ਵੀ ਵਸਾਉਂਦੇ ਰਹੇ ਸਨ । ਧਨ ਤੋਂ ਬਿਨਾਂ ਨਵੇਂ ਅਸਥਾਨ ਕਾਇਮ ਕਰਨੇ ਅਸੰਭਵ ਸਨ। ਇਸ ਦੇ ਨਾਲ ਨਾਲ ਉਹ ਇਸ ਮਜ਼ਬੂਤ ਪਰਣਾਲੀ ਦੇ ਸਿਰ ‘ਤੇ ਆਪਣੇ ਵੱਡੇ ਭਰਾ ਪਿਰਥੀ ਚੰਦ ਦੀ ਵਿਰੋਧਤਾ ‘ਤੇ ਵੀ ਕਾਬੂ ਪਾਉਣ ਵਿਚ ਸਫ਼ਲ ਹੋ ਗਏ ਸਨ । ਇਨ੍ਹਾਂ ਹੀ ਸਫ਼ਲਤਾਵਾਂ ਨੂੰ ਦੇਖ ਕੇ ਸਾਡੇ ਉਨ੍ਹਾਂ ਆਧੁਨਿਕ ਇਤਿਹਾਸਕਾਰਾਂ ਨੇ ਇਸ ਪਰਣਾਲੀ ਨੂੰ ਸਮੇਂ ਦੀ ਸਰਕਾਰ ਦੇ ਬਰਾਬਰ ਦੀ ਹਕੂਮਤ ਕਰਾਰ ਦੇ ਦਿੱਤਾ ਹੈ ਜਿਹੜੇ ਗੁਰੂ ਸਾਹਿਬਾਨ ਦੀ ਹਰ ਕਾਮਯਾਬੀ ਵਿਚ ਰਾਜਨੀਤਕ ਪਹੁੰਚ ਦੇਖਦੇ ਹਨ। ਇਹ ਗ਼ਲਤ ਹੈ। ਸਿੱਖ ਧਰਮ ਵਿਚ ਕੋਈ ਵੀ ਐਸੀ ਸ਼ਬਦਾਵਲੀ ਨਹੀਂ ਹੈ ਜਿਹੜੀ ਇਸ ਦੇ ਢਾਂਚੇ ਨੂੰ ਸਰਕਾਰ ਦੇ ਬਰਾਬਰ ਦਰਸਾ ਸਕੇ। ਗੁਰੂ, ਸਿਰਫ਼ ਗੁਰੂ ਸਨ। ਸਾਰਾ ਸਿੱਖ ਸਮਾਜ ਉਨ੍ਹਾਂ ਦਾ ਕੱਟੜ ਸ਼ਰਧਾਲੂ ਸੀ । ਕਦੇ ਉਨ੍ਹਾਂ ਨੇ ਆਪਣੇ ਗੁਰੂ ਨੂੰ ਸੈਨਾਪਤੀ ਨਹੀਂ ਕਿਹਾ ਤੇ ਨਾ ਹੀ ਉਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦਾ ਸਿਪਾਹੀ ਹੀ ਅਖਵਾਇਆ ਹੈ। ਸਿੱਖ ਆਪਣੇ ਗੁਰੂ ਨੂੰ ਸੱਚਾ ਪਾਤਸ਼ਾਹ ਆਖਣ ਦੇ ਬਾਵਜੂਦ ਵੀ ਕਦੇ ਦੁਨਿਆਵੀ ਬਾਦਸ਼ਾਹ ਦੇ ਖਿਲਾਫ਼ ਨਹੀਂ ਹੋਏ। ਗੁਰੂ ਹਰਿਗੋਬਿੰਦ ਅਤੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਹਥਿਆਰਬੰਦ ਲੜਾਈਆਂ ਵੀ ਹੋਈਆਂ ਪਰ ਕਦੇ ਵੀ ਸਿੱਖਾਂ ਨੇ ਆਪਣੇ ਗੁਰੂ ਨੂੰ ਸੈਨਾਪਤੀ ਦੇ ਤਖੱਲਸ ਨਾਲ ਸੰਬੋਧਨ ਨਹੀਂ ਕੀਤਾ ਨਾ ਹੀ ਜਿੱਤ ਹੋਣ ਦੀ ਸੂਰਤ ਵਿਚ ਕੋਈ ਇਲਾਕਾ ਹੀ ਦੱਬਿਆ ਸੀ । ਇਸ ਕਰਕੇ ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਤ ਕੀਤੀ ਮਸੰਦ ਪਰਣਾਲੀ ਨੂੰ ਨਾ ਹੀ ਤਾਂ ਸਰਕਾਰ ਦੇ ਬਰਾਬਰ ਦੀ ਸਰਕਾਰ ਹੀ ਸਮਝਣਾ ਠੀਕ ਹੈ ਅਤੇ ਨਾ ਹੀ ਇਹ ਗੱਲ ਠੀਕ ਹੈ ਕਿ ਹੁਣ ਹਰ ਸਿੱਖ ਲਈ ਦਸਵੰਧ ਦੇਣਾ ਜ਼ਰੂਰੀ ਕਰ ਦਿੱਤਾ ਗਿਆ ਸੀ । ਮਸੰਦ ਪਰਣਾਲੀ ਨਿਰੋਲ ਧਰਮ ਪਰਚਾਰ ਦਾ ਧਾਰਮਿਕ ਅਤੇ ਸਿੱਖ ਸਮਾਜ ਦੀ ਜੱਥੇਬੰਦੀ ਦਾ ਸਮਾਜਿਕ ਢਾਂਚਾ ਸੀ । ਭਾਵੇਂ ਸਮਾਂ ਪਾ ਕੇ ਇਸ ਵਿਚ ਕਮਜ਼ੋਰੀਆਂ ਆ ਗਈਆਂ ਸਨ ਅਤੇ ਅਖ਼ੀਰ ’ਤੇ ਇਸ ਨੂੰ ਪੂਰੀ ਸਖ਼ਤਾਈ ਨਾਲ ਬੰਦ ਵੀ ਕਰਨਾ ਪਿਆ ਸੀ । ਪਰ ਇਹ ਪਰਬੰਧ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਪੂਰੀ ਸਫ਼ਲਤਾ ਨਾਲ ਚੱਲਦਾ ਰਿਹਾ ਸੀ।
ਸ਼੍ਰੀ ਦਰਬਾਰ ਸਾਹਿਬ ਦੀ ਸਥਾਪਨਾ :
ਸਿੱਖ ਸਮਾਜ ਨੂੰ ਮਜ਼ਬੂਤ ਜੱਥੇਬੰਦਕ ਢਾਂਚੇ ਵਿਚ ਪਰੋ ਕੇ ਗੁਰੂ ਰਾਮ ਦਾਸ ਜੀ ਵੱਲੋਂ ਅਧੂਰੇ ਰਹਿ ਗਏ ਕਾਰਜਾਂ ਨੂੰ ਪੂਰਾ ਕਰਨ ਵੱਲ ਧਿਆਨ ਦਿੱਤਾ ਗਿਆ। ਅੰਮ੍ਰਿਤਸਰ ਅਜੇ ਅਧੂਰਾ ਸੀ। ਇਸ ਦੀ ਖੁਦਵਾਈ ਦੀ ਬੁਨਿਆਦ ਭਾਵੇਂ ਗੁਰੂ ਅਮਰ ਦਾਸ ਜੀ ਦੇ ਸਮੇਂ ਤੋਂ ਹੀ ਰੱਖੀ ਗਈ ਸੀ ਪਰ ਗੁਰੂ ਰਾਮ ਦਾਸ ਜੀ ਨੇ ਇਸ ਨੂੰ ਪੂਰਨ ਕਰਵਾਇਆ ਸੀ । ਇਹ ਸਰੋਵਰ ਅਜੇ ਕੱਚਾ ਸੀ । ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਪੱਕਾ ਸਰੋਵਰ ਬਣਾਉਣ ਦੀ ਵਿਉਂਤ ਬਣਾਈ ਸੀ। ਇਸ ਮਕਸਦ ਲਈ ਇੱਟਾਂ ਪੱਕੀਆਂ ਕਰਨ ਲਈ ਇਕ ਭੱਠਾ ਚਾਲੂ ਕੀਤਾ ਗਿਆ ਅਤੇ ਸਭ ਸਿੱਖ ਸੰਗਤਾਂ ਨੂੰ ਕਾਰ ਸੇਵਾ ਲਈ ਆਉਣ ਦੇ ਹੁਕਮਨਾਮੇ ਭੇਜੇ ਗਏ ।” ਫਲਸਰੂਪ ਸਰੋਵਰ ਨੂੰ ਚਾਰੇ ਪਾਸਿਉਂ ਪੱਕਾ ਕਰ ਕੇ ਪੌੜੀਆਂ ਰੱਖੀਆਂ ਗਈਆਂ।

ਇਸ ਦੇ ਵਿਚਕਾਰ ਸਿਰੀ ਦਰਬਾਰ ਸਾਹਿਬ ਦੀ ਉਸਾਰੀ ਕਰਨ ਦਾ ਪਰਾਜੈਕਟ ਸ਼ੁਰੂ ਕੀਤਾ ਗਿਆ। ਇਕ ਅਤੀ ਖੂਬਸੂਰਤ ਗੁਰਦੁਆਰਾ ਉਸਾਰਨ ਦਾ ਨਕਸ਼ਾ ਉਲੀਕਿਆ ਗਿਆ । ਇਸ ਦੀ ਬੁਨਿਆਦ ਰੱਖਣ ਦੀ ਮਿਤੀ ਬਾਰੇ ਭਾਵੇਂ ਭਰੋਸੇਯੋਗ ਜਾਣਕਾਰੀ ਤਾਂ ਕਿਤੋਂ ਵੀ ਨਹੀਂ ਮਿਲਦੀ ਪਰ ਆਧੁਨਿਕ ਇਤਿਹਾਸਕਾਰਾਂ ਨੇ 1584 ਈ. ਦਾ ਸਾਲ ਅਪਣਾਇਆ ਹੈ। ਸਿੱਖ ਵਿਸ਼ਵਾਸ ਅਨੁਸਾਰ ਇਹ ਬੜੀ ਮਜਬੂਤ ਰਵਾਇਤ ਹੈ ਕਿ ਸਿਰੀ ਦਰਬਾਰ ਸਾਹਿਬ ਦੀ ਨੀਂਹ ਇਕ ਮੁਸਲਿਮ ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਜੀ ਨੇ ਰੱਖੀ ਸੀ । ਸਾਈਂ ਮੀਆਂ ਮੀਰ ਇਸਲਾਮ ਦੇ ਉਸ ਵਿਚਾਰ ਨਾਲ ਸੰਬੰਧਤ ਸੰਤ ਸੀ ਜਿਹੜਾ ਮਨੁੱਖਤਾ ਨੂੰ ਬਿਨਾਂ ਕਿਸੇ ਧਾਰਮਿਕ ਭੇਦ-ਭਾਵ ਦੇ ਦੇਖਦਾ ਸੀ । ਗੁਰੂ ਰਾਮ ਦਾਸ ਜੀ ਤੋਂ ਹੀ ਸਾਈਂ ਜੀ ਦਾ ਗੁਰੂ-ਘਰ ਨਾਲ ਮੇਲ ਮਿਲਾਪ ਸੀ । ਗੁਰੂ ਅਰਜਨ ਦੇਵ ਜੀ ਨੇ ਸਾਈਂ ਜੀ ਦੇ ਪਵਿੱਤਰ ਕਰ-ਕਮਲਾਂ ਨਾਲ ਸਿੱਖ ਕੌਮ ਦੇ ਸਭ ਤੋਂ ਮਹਾਨ ਅਤੇ ਪਹਿਲੇ ਧਾਰਮਿਕ ਅਸਥਾਨ ਦੀ ਨੀਂਹ ਪੱਥਰ ਰਖਵਾ ਕੇ ਦਰਸਾ ਦਿੱਤਾ ਸੀ ਕਿ ਸਿੱਖ ਗੁਰੂ ਸਾਹਿਬਾਨ ਹਰ ਉਸ ਵਿਅਕਤੀ ਨੂੰ ਮਾਣ ਸਤਿਕਾਰ ਦੇਣ ਲਈ ਤਿਆਰ ਸਨ ਜੋ ਮਨੁੱਖਤਾ ਵਿਚ ਭਾਈਚਾਰਕ ਸਾਂਝ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ । ਭਾਵੇਂ ਸਾਡੀਆਂ ਮੁੱਢਲੀਆਂ ਅਤੇ ਪਿਛਲੇਰੀਆਂ ਗੁਰਮੁਖੀ ਲਿਖਤਾਂ ਵਿਚ ਇਸ ਗਵਾਹੀ ਦੀ ਅਣਹੋਂਦ ਹੈ ਪਰ ਕਿਸੇ ਵੀ ਤਰੀਕੇ ਨਾਲ ਉਸ ਰਵਾਇਤ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਜਿਹੜੀ ਚਾਰ ਸਦੀਆਂ ਤੋਂ ਵੀ ਵੱਧ ਸਮੇਂ ਤੋਂ ਸਿੱਖ ਜਜ਼ਬਾਤਾਂ ਵਿਚ ਕਾਇਮ ਚਲੀ ਆ ਰਹੀ ਹੈ। ਲਿਖਤਾਂ ਵਿਚ ਅਜਿਹਾ ਜਿਕਰ ਨਾ ਹੋਣ ਦੇ ਬਾਵਜੂਦ ਵੀ ਇਹ ਰਵਾਇਤ ਕਿਉਂ ਚਾਲੂ ਹੋਈ? ਕਿਉਂ ਨਾ ਸਿੱਖ ਜਜਬਾਤਾਂ ਨੇ ਮੁੱਢਲੀਆਂ ਲਿਖਤਾਂ ਵਿਚ ਦਿੱਤੇ ਗਏ ਵਿਚਾਰ ਨੂੰ ਅਪਣਾਇਆ? ਇਹ ਦੇਖਣ ਵਾਲੀ ਗੱਲ ਹੈ। ਸਿਰੀ ਦਰਬਾਰ ਸਾਹਿਬ ਦੇ ਪਰਬੰਧਕਾਂ ਵੱਲੋਂ, ਗੁਰਦੁਆਰਾ ਐਕਟ ਬਣਨ ਸਮੇਂ ਤੋਂ ਪਿੱਛੋਂ ਜੋ ਰਿਪੋਰਟਾਂ ਅਤੇ ਲਿਖਤਾਂ ਅੰਮ੍ਰਿਤਸਰ ਬਾਰੇ ਲਿਖਵਾਈਆਂ ਗਈਆਂ ਸਨ ਉਨ੍ਹਾਂ ਵਿਚ ਵੀ ਸਿਰੀ ਦਰਬਾਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰਖਵਾਈ ਦੱਸੀ ਗਈ ਹੈ। ਫਲਸਰੂਪ, ਅੰਮ੍ਰਿਤ ਸਰੋਵਰ ਦੇ ਐਨ ਵਿਚਕਾਰ ਜੋ ਗੁਰਦੁਆਰਾ ਸਿਰੀ ਦਰਬਾਰ ਸਾਹਿਬ ਦੇ ਨਾਂ ਨਾਲ ਤਿਆਰ ਹੋਇਆ ਉਸ ਨੇ ਆਪਣੀ ਸੁੰਦਰਤਾ ਸਦਕਾ ਸਿੱਖ ਸਮਾਜ ਲਈ ਇਕ ਅਜੂਬਾ ਤਾਂ ਪੇਸ਼ ਕੀਤਾ ਹੀ ਸੀ ਬਲਕਿ ਉਸ ਲਈ ਇਕ ਕੇਂਦਰ ਵੀ ਸਿਰਜ ਦਿੱਤਾ ਸੀ । ਕੈਸਾ ਸੰਗਮ ਸੀ ਗੁਰਬਾਣੀ ਦੇ ਸੰਗੀਤ ਅਤੇ ਸਰੋਵਰ ਦੇ ਸਾਫ-ਸਵੱਛ ਜਲ ਦਾ। ਠੰਢੇ ਜਲ ਅਤੇ ਸੰਗੀਤ ਦੀਆਂ ਨਿਕਲਦੀਆਂ ਧੁਨੀਆਂ ਨੇ ਇੱਥੇ ਆਉਣ ਵਾਲੇ ਹਰ ਸ਼ਰਧਾਲੂ ਨੂੰ ਮੰਤਰ-ਮੁਗਧ ਕੀਤਾ ਹੈ। ਇਸ ਦੀ ਸੰਪੂਰਨਤਾ ਹੋਣ ‘ਤੇ ਜੋ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਇਸ ਤੋਂ ਮਿਲ ਰਹੀ ਅਗੰਮੀ ਖ਼ੁਸ਼ੀ ਨੂੰ ਜ਼ਾਹਰ ਕਰਨ ਕਾਰਣ ਰਚਿਆ ਹੈ ਉਸ ਨੇ ਇਸ ਪਵਿੱਤਰ ਅਸਥਾਨ ਵੱਲੋਂ ਇਨਸਾਨੀ ਆਤਮਾ ਨੂੰ ਦੇਣ ਵਾਲੀ ਸ਼ਾਂਤੀ ਨੂੰ ਇਉਂ ਪਰਗਟ ਕੀਤਾ ਹੈ: ਸੰਤਾਂ ਵੱਲੋਂ ਸ਼ੁਰੂ ਕੀਤੇ ਗਏ ਕੰਮ ਨੂੰ ਅਕਾਲ ਪੁਰਖ ਨੇ ਆਪ ਵਿਚ ਖਲੋ ਕੇ ਪੂਰਾ ਕਰਵਾਇਆ ਹੈ। ਇਸ ਨਾਲ ਇੱਥੋਂ ਦੀ ਸਾਰੀ ਧਰਤੀ ਸੋਹਣੀ ਲੱਗਣ ਲੱਗ ਪਈ ਹੈ ਅਤੇ ਇਹ ਸਰੋਵਰ ਵੀ ਖੂਬਸੂਰਤ ਹੋ ਗਿਆ ਹੈ। ਇਸ ਵਿਚ ਅੰਮ੍ਰਿਤ ਰੂਪੀ ਜਲ ਭਰਿਆ ਗਿਆ ਹੈ। ਅੰਮ੍ਰਿਤ ਰੂਪੀ ਜਲ ਦੇ ਭਰੇ ਜਾਣ ਨਾਲ ਸਭ ਕੰਮ ਅਤੇ ਮਨੋਰਥ ਪੂਰੇ ਹੋ ਗਏ ਹਨ। ਸਾਰੇ ਜਗ ਵਿਚ ਇਸ ਦੀ ਜੈ ਜੈ ਕਾਰ ਹੋ ਰਹੀ ਹੈ ਅਤੇ ਸਭ ਚਿੰਤਾਵਾਂ ਲੱਥ ਗਈਆਂ ਹਨ। ਜਿਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਬੇਦਾਂ-ਪੁਰਾਣਾਂ ਵਿਚ ਵੀ ਗਾਇਆ ਗਿਆ ਹੈ ਉਸ ਨੇ ਇਸ ਕਾਰਜ ਨੂੰ ਸੰਪੂਰਣ ਕਰਵਾ ਕੇ ਆਪਣੇ ਨਾਮ ਦੀ ਲਾਜ ਰੱਖ ਲਈ ਹੈ।
ਹੇ ਸੰਤਹੁ ਇਹ ਗੁਰੂ ਰਾਮ ਦਾਸ ਜੀ ਦਾ ਸ਼ੁਰੂ ਕੀਤਾ ਹੋਇਆ ਪਵਿੱਤਰ ਸਰੋਵਰ ਹੈ। ਜੇ ਇਸ ਵਿਚ ਇਸ਼ਨਾਨ ਕਰੇਗਾ ਉਸ ਦੀ ਆਪਣੀ ਅੰਤਰ ਆਤਮਾ ਦਾ ਅਤੇ ਉਸ ਦੇ ਖ਼ਾਨਦਾਨ ਦਾ ਕਲਿਆਣਾ ਹੋਵੇਗਾ। ਸੰਤ ਜਨ ਇਸ ਸਰੋਵਰ ਵਿਚ ਇਸ਼ਨਾਨ ਕਰਕੇ ਹੀ ਪਰਮਗਤੀ ਨੂੰ ਪਰਾਪਤ ਕਰਦੇ ਹਨ। ਇੱਥੇ ਵਾਹਿਗੁਰੂ ਦਾ ਨਾਮ ਧਿਆਉਣ ਨਾਲ ਜਨਮ-ਮਰਨ ਦੇ ਭੈਅ ਤੋਂ ਮੁਕਤੀ ਪਰਾਪਤ ਹੁੰਦੀ ਹੈ।”
ਸ਼੍ਰੀ ਦਰਬਾਰ ਸਾਹਿਬ, ਸਿੱਖ ਸਮਾਜ ਦਾ ਪਹਿਲਾ ਗੁਰਦੁਆਰਾ ਸੀ ਜੋ ਕਿਸੇ ਗੁਰੂ ਸਾਹਿਬ ਦੀ ਆਪਣੀ ਦੇਖ-ਰੇਖ ਹੇਠ ਉਸਾਰਿਆ ਗਿਆ ਸੀ। ਇਸ ਦੀ ਭਵਨ ਨਿਰਮਾਣ ਕਲਾ ਬਿਲਕੁੱਲ ਸਿੱਖ ਸਭਿਆਚਾਰ ਨੂੰ ਦਰਸਾਉਣ ਵਾਲੀ ਅਤੇ ਪੰਜਾਬ ਦੇ ਵਾਤਾਵਰਣ ਦੇ ਅਨੁਕੂਲ ਹੋਣ ਵਾਲੀ ਸੀ। ਇਸ ਵਿਚ ਨਾ ਇਸਲਾਮੀ ਰੰਗਤ ਸੀ ਅਤੇ ਨਾ ਹੀ ਹਿੰਦੂ ਸਭਿਆਚਾਰ ਦਾ ਕੋਈ ਰਲੇਵਾਂ ਸੀ। ਚਾਰੇ ਪਾਸੇ ਚਾਰ ਦਰਵਾਜੇ, ਸਰੋਵਰ ਵਿਚੋਂ ਜਲ ਨਾਲ ਮਿਲ ਕੇ ਸੀਤਲ ਹੋਈ ਹਵਾ ਦੇ ਆਉਣ ਵਾਸਤੇ ਸਨ। ਹਵਾ ਕਿਸੇ ਵੀ ਦਿਸ਼ਾ ਤੋਂ ਵੱਗਦੀ ਉਹ ਠੰਢੀ-ਠਾਰ ਹੋ ਕੇ ਸਿਰੀ ਦਰਬਾਰ ਸਾਹਿਬ ਵਿਚ ਪਹੁੰਚਣੀ ਸੀ । ਸਿਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਵਿਚਕਾਰੋਂ ਇਕ ਮੰਜ਼ਲਾਂ ਪਰ ਚਾਰੇ ਪਾਸਿਆਂ ਤੋਂ ਦੋ ਮੰਜ਼ਿਲਾਂ ਰੱਖਿਆ ਗਿਆ । ਇਮਾਰਤ ਦੇ ਇਸ ਨਮੂਨੇ ਨੇ ਇਸ ਮਹਾਨ ਅਸਥਾਨ ਨੂੰ ਗਰਮੀ ਅਤੇ ਸਰਦੀ ਦੇ ਅਨੁਕੂਲ ਬਣਾ ਕੇ ਰੱਖਿਆ। ਆਲੇ ਦੁਆਲੇ ਖੁਲ੍ਹੀ ਪਰਕਰਮਾ ਰੱਖੀ ਗਈ। ਦਰਬਾਰ ਸਾਹਿਬ ਦੇ ਪਿਛਲੇ ਪਾਸੇ, ਸ਼ਰਧਾਲੂਆਂ ਲਈ ਸਰੋਵਰ ਵਿਚੋਂ ਜਲ ਪਰਾਪਤ ਕਰਨ ਲਈ ਵਿਸ਼ੇਸ਼ ਥਾਂ ਰੱਖੀ ਗਈ। ਉਪਰਲੀ ਮੰਜ਼ਿਲ ਤੱਕ ਪਹੁੰਚਣ ਲਈ ਇਸੇ ਅਸਥਾਨ ’ਤੇ ਪੌੜੀਆਂ ਰੱਖੀਆਂ ਗਈਆਂ। ਸਰਵੋਰ ਵਿਚੋਂ ਕੰਢੇ ਨਾਲ ਜੋੜਨ ਲਈ ਪੱਛਮੀ ਦਿਸ਼ਾ ਵਿਚ ਇਕ ਡਾਟਾਂਦਾਰ ਲੰਮਾ ਪੁਲ ਬਣਾਇਆ ਗਿਆ ਅਤੇ ਬਾਹਰਲੀ ਪਰਿਕਰਮਾ ਵਿਚੋਂ ਅੰਦਰ ਪਰਵੇਸ਼ ਕਰਨ ਲਈ ਇਕ ਆਲੀਸ਼ਾਨ ਡਿਊਢੀ ਉਸਾਰੀ ਗਈ। ਇਹ ਡਿਊਢੀ ਆਪਣੇ ਆਪ ਵਿਚ ਹੀ ਇਕ ਖੂਬਸੂਰਤ ਮਾਡਲ ਸੀ । ਇਸੇ ਕਰਕੇ ਇਸ ਦਾ ਨਾਂ ਦਰਸ਼ਨੀ ਡਿਊਢੀ ਰੱਖਿਆ ਗਿਆ । ਜਦੋਂ ਸ਼ਰਧਾਲੂ ਪੂਰੀ ਸ਼ਰਧਾ ਨਾਲ ਦਰਸ਼ਨੀ ਡਿਊਢੀ ਰਾਹੀਂ ਪਰਵੇਸ਼ ਕਰਕੇ ਸਰੋਵਰ ਉੱਪਰ ਬਣੇ ਲੰਮੇ ਪੁਲ ਰਾਹੀਂ ਗੁਜਰਦਾ ਹੋਇਆ ਸਿਰੀ ਦਰਬਾਰ ਸਾਹਿਬ ਵੱਲ ਪਹੁੰਚਦਾ ਹੈਂ ਤਾਂ ਉਸ ਦਾ ਮਨ ਆਪਣੇ ਆਪ ਹੀ ਸਾਰੇ ਸੰਸਾਰਕ ਝਮੇਲਿਆਂ ਤੋਂ ਮੁਕਤ ਹੋ ਕੇ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਅਜਿਹਾ ਮਾਹੌਲ ਹੀ ਗੁਰੂ ਅਰਜਨ ਦੇਵ ਜੀ ਇੱਥੇ ਸਿਰਜਣਾ ਚਾਹੁੰਦੇ ਸਨ ਤਾਂ ਕਿ ਵਿਅਕਤੀ ਆਪਣੀਆਂ ਦਿਨ ਭਰ ਦੀਆਂ ਸੰਸਾਰਕ ਚਿੰਤਾਵਾਂ ਤੋਂ ਰਹਿਤ ਹੋ ਕੇ ਇੱਥੇ ਕੁਝ ਪਲ ਪਰਮਆਨੰਦ ਦੀ ਅਵਸਥਾ ਵਿਚ ਬਤੀਤ ਕਰ ਸਕੇ । ਅਜੋਕੀ ਡਾਕਟਰੀ ਸਲਾਹ ਅਨੁਸਾਰ ਮਨੁੱਖ ਜਿਨਾਂ ਸਮਾਂ ਆਪਣੀ ਸੋਚ, ਸੁੱਖ ਅਤੇ ਸ਼ਾਂਤੀ ਵਿਚ ਗੁਜ਼ਾਰਦਾ ਹੈ ਉਸ ਦੀ ਉਤਨੀ ਹੀ ਲੰਮੀ ਉਮਰ ਹੋ ਜਾਂਦੀ ਹੈ। ਇਸ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਸਿਰਜ ਕੇ, ਦਰਬਾਰ ਸਾਹਿਬ ਦੀ ਉਸਾਰੀ ਕਰਵਾ ਕੇ ਅਤੇ ਇਸ ਵਿਚ ਮਧੁਰ ਸੰਗੀਤ ਨਾਲ ਵਾਹਿਗੁਰੂ ਦਾ ਸ਼ਬਦ ਗਾਇਨ ਕਰਕੇ ਮਨੁੱਖਤਾ ਉੱਪਰ ਕਿਨਾ ਉਪਕਾਰ ਕੀਤਾ ਹੈ । ਗੁਰੂ ਸਾਹਿਬ ਦੇ ਅਨੇਕਾਂ ਸ਼ਬਦ ਹਨ ਜੋ ਇਸ ਪਰਮਆਨੰਦ ਦੇ ਅਹਿਸਾਸ ਨੂੰ ਪਰਗਟ ਕਰਦੇ ਹਨ । ਇਸੇ ਪਰਮਆਨੰਦ ਦੇ ਅਹਿਸਾਸ ਵਿਚ ਸਮੋ ਕੇ ਹੀ ਗੁਰੂ ਸਾਹਿਬ ਨੇ ਇਸ ਅਸਥਾਨ ਬਾਰੇ ਇਹ ਸ਼ਬਦ ਕਹੇ ਹਨ : “ਡਿਠੇ ਸਵੈ ਥਾਵ ਨਹੀਂ ਤੁਧ ਜੇਹਿਆ ।”

ਇਸ ਪਵਿੱਤਰ ਕੰਪਲੈਕਸ ਦੇ ਦੁਆਲੇ ਗੁਰੂ ਅਰਜਨ ਦੇਵ ਜੀ ਦੀ ਆਪਣੀ ਰਿਹਾਇਸ਼ ਸੀ । ਨਾਲ ਹੋਰ ਵੀ ਮਕਾਨ ਬਣਨੇ ਸ਼ੁਰੂ ਹੋ ਗਏ ਸਨ । ਕੁਝ ਬਜ਼ਾਰ ਗੁਰੂ ਰਾਮ ਦਾਸ ਜੀ ਦੇ ਸਮੇਂ ਤੋਂ ਹੀ ਵੱਸਣੇ ਸ਼ੁਰੂ ਹੋ ਗਏ ਸਨ। ਸਿਰੀ ਦਰਬਾਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਨੇ ਸਿੱਖ ਸੰਗਤਾਂ ਅਤੇ ਹੋਰ ਸ਼ਰਧਾਲੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਫਲਸਰੂਪ ਕੁਝ ਹੀ ਸਮਿਆਂ ਵਿਚ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਸੰਘਣੀ ਆਬਾਦੀ ਵਾਲੀ ਖੂਬਸੂਰਤ ਥਾਂ ਬਣ ਗਈ ਸੀ । ਗੁਰੂ ਅਰਜਨ ਦੇਵ ਜੀ ਦਾ ਇਹ ਸਲੋਕ ਇਸ ਦੀ ਗਵਾਹੀ ਭਰਦਾ ਹੈ :
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ । (ਪੰਨਾ 1362)
ਇੱਥੇ ਕੁਝ ਗੱਲਾਂ ਸਿਰੀ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਸ਼ਹਿਰ ਦੇ ਨਾਵਾਂ ਦੇ ਸੰਬੰਧ ਵਿਚ ਧਿਆਨ ਦੇਣ ਯੋਗ ਹਨ। ਪਹਿਲੀ ਗੱਲ ਇਸ ਸ਼ਹਿਰ ਦੇ ਨਾਂ ਦੀ ਹੈ। ਇਹ ਨਾਮਕਰਣ ਗੁਰੂ ਅਮਰ ਦਾਸ ਜੀ ਨੇ ਹੀ ਕਰ ਦਿੱਤਾ ਸੀ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੪੧੨ ਉੱਪਰ ਗੁਰੂ ਜੀ ਦੇ ਇਸ ਵਾਕ ਤੋਂ ਸਥਿਰ ਹੁੰਦਾ ਹੈ : “ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ।” ਇਹ ਗੁਰੂ ਅਮਰ ਦਾਸ ਜੀ ਦਾ ਵਾਕ ਹੈ । ਪਰ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਆਪਣੇ ਇਕ ਵਾਕ ਵਿਚ ਇਸ ਨੂੰ ਰਾਮ ਦਾਸ ਪੁਰ ਵੀ ਕਿਹਾ ਹੈ ਅਤੇ ਕੁਝ ਪੁਰਾਣੇ ਰਿਕਾਰਡਾਂ ਵਿਚ ਇਸ ਦਾ ਨਾਂ ਚੱਕ ਗੁਰੂ ਵੀ ਮਿਲਦਾ ਹੈ। ਇਸ ਲਈ ਇਸ ਦੇ ਨਾਮਕਰਣ ਬਾਰੇ ਕੁਝ ਸਪਸ਼ਟੀਕਰਣ ਜਰੂਰੀ ਹੈ । ਅੰਮ੍ਰਿਤਸਰੂ ਪਵਿੱਤਰ ਸਰੋਵਰ ਦਾ ਨਾਂ ਸੀ ਅਤੇ ਰਾਮ ਦਾਸ ਪੁਰ ਜਾਂ ਚੱਕ ਰਾਮ ਦਾਸ ਪੁਰ ਬਾਕੀ ਸਾਰੇ ਜ਼ਮੀਨੀ ਮੁਰੱਬੇ ਦਾ ਅਤੇ ਇਸ ਵਿਚ ਵਸੇ ਨਗਰ ਦਾ ਨਾਂ ਸੀ । ਪਰ ਕਿਉਂਕਿ ਇਸ ਅਸਥਾਨ ਦੀ ਮੁੱਖ ਵਿਸ਼ੇਸ਼ਤਾ ਸਿਰਫ਼ ਅੰਮ੍ਰਿਤ ਸਰੋਵਰ ਅਤੇ ਇਸ ਵਿਚ ਉਸਰਿਆ ਦਰਬਾਰ ਸਾਹਿਬ ਹੀ ਸੀ ਇਸ ਲਈ ਇਹੀ ਨਾਂ ਹਰ ਸ਼ਰਧਾਲੂ ਦੀ ਜਬਾਨ ਉੱਪਰ ਚੜ੍ਹ ਗਿਆ ਸੀ । ਫਲਸਰੂਪ ਲੋਕ ਚੱਕ ਗੁਰੂ ਜਾਂ ਚੱਕ ਰਾਮ ਦਾਸ ਪੁਰ ਦੇ ਨਾਂ ਨੂੰ ਛੱਡ ਕੇ ਸਿਰਫ਼ ਅੰਮ੍ਰਿਤਸਰ ਦੇ ਨਾਂ ਨੂੰ ਹੀ ਅਪਣਾਉਣ ਲੱਗ ਪਏ ।
ਦੂਸਰਾ ਸਿਰੀ ਦਰਬਾਰ ਸਾਹਿਬ ਦੇ ਨਾਂ ਬਾਰੇ ਹੈ। ਇਸ ਦਾ ਅਸਲ ਨਾਂ ਸਿਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੀ ਹੈ ਪਰ ਕਿਉਂਕਿ ਗੁਰਬਾਣੀ ਵਿਚ ਕਈ ਵਾਕਾਂ ਵਿਚ, ਹਰਿਮੰਦਰ ਸ਼ਬਦ ਵੀ ਆਉਂਦਾ ਹੈ। ਹਰਿਮੰਦਰ ਤੋਂ ਵੀ ਭਾਵ ਇਹੀ ਹੈ ਕਿ ਪਰਮਾਤਮਾ ਦਾ ਘਰ । ਸਿਰੀ ਦਰਬਾਰ ਸਾਹਿਬ ਨੂੰ ਵੀ ਪਰਮਾਤਮਾ ਦਾ ਘਰ ਮੰਨਿਆ ਜਾਂਦਾ ਹੈ। ਇਸ ਲਈ ਸਿਰੀ ਦਰਬਾਰ ਸਾਹਿਬ ਦੇ ਨਾਲ ਨਾਲ ਸਿਰੀ ਹਰਿਮੰਦਰ ਸਾਹਿਬ ਨਾਂ ਵੀ ਪਰਚੱਲਤ ਹੋ ਗਿਆ ਹੈ । ਸਿੱਖ ਰਾਜ ਸਮੇਂ ਕਿਉਂਕਿ ਇਸ ਉੱਪਰ ਸੋਨਾ ਲਗਾ ਦਿੱਤਾ ਗਿਆ ਸੀ ਅਤੇ ਸੋਨੇ ਦੇ ਰੰਗ ਨਾਲ ਮਿਲਦੀ ਜੁਲਦੀ ਸੁਨਹਿਰੀ ਪਾਲਿਸ਼ ਕਰ ਦਿੱਤੀ ਗਈ ਸੀ ਇਸ ਲਈ ਇਸ ਨੂੰ ਕੁਝ ਸ਼ਰਧਾਲੂ ਸੁਨਹਿਰੀ ਮੰਦਰ ਵੀ ਕਹਿ ਦਿੰਦੇ ਸਨ । ਅੰਗਰੇਜ਼ਾਂ ਦੇ ਆਉਣ ਨਾਲ ਇਸ ਨੂੰ ਅੰਗਰੇਜੀ ਵਿਚ ‘ਗੋਲਡਨ ਟੈਂਪਲ’ ਕਿਹਾ ਜਾਣ ਲੱਗ ਪਿਆ। ਪਰ ਅਸਲ ਨਾਂ ਸਿਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੀ ਹੈ।
ਤਰਨ ਤਾਰਨ :
ਅੰਮ੍ਰਿਤ ਸਰੋਵਰ ਵਿਚ ਸਿਰੀ ਦਰਬਾਰ ਸਾਹਿਬ ਦੀ ਉਸਾਰੀ ਕਰਕੇ ਅਕਾਲ ਪੁਰਖ ਦੇ ਨਾਮ ਜਪਣ ਲਈ ਜਿਸ ਮਾਹੌਲ ਦੀ ਸਿਰਜਣਾ ਕੀਤੀ ਜਾ ਚੁੱਕੀ ਸੀ ਇਸ ਨੇ ਸਿੱਖ ਸਮਾਜ ਦੀ ਧਾਰਮਿਕ ਸੋਚ ਉੱਪਰ ਕਰਾਂਤੀਕਾਰੀ ਅਸਰ ਕੀਤਾ ਸੀ । ਗੁਰੂ ਅਰਜਨ ਦੇਵ ਜੀ ਇਸ ਵਾਤਾਵਰਣ ਤੋਂ ਇਤਨਾ ਆਨੰਦਮਈ ਸਨ ਕਿ ਉਹ ਹੋਰ ਵੀ ਕਈ ਥਾਵਾਂ ‘ਤੇ ਅਜਿਹਾ ਹੀ ਮਾਹੌਲ ਸਿਰਜਣਾ ਚਾਹੁੰਦੇ ਸਨ ਤਾਂ ਕਿ ਸਿੱਖ ਸੰਗਤਾਂ ਆਪਣੇ ਨਵੇਂ ਸਭਿਆਚਾਰ ਅਤੇ ਨਵੇਂ ਧਾਰਮਿਕ ਅਕੀਦਿਆਂ ਅਨੁਸਾਰ ਵਿਕਾਸ ਕਰ ਸਕਣ। ਉਨ੍ਹਾਂ ਨੇ ਇਸ ਦੀ ਪੂਰਤੀ ਲਈ ਅੰਮ੍ਰਿਤਸਰ ਤੋਂ ਦੱਖਣ ਵੱਲ 25 ਕਿਲੋਮੀਟਰ ਦੀ ਦੂਰੀ ‘ਤੇ ਇਕ ਹੋਰ ਸਰੋਵਰ ਅਤੇ ਗੁਰਦੁਆਰਾ ਤਾਮੀਰ ਕਰਵਾਇਆ। ਇਸ ਦਾ ਨਾਂ ਤਰਨ-ਤਾਰਨ ਰੱਖਿਆ ਗਿਆ। ਇਸ ਨੂੰ 1590 ਈ. ਵਿਚ ਤਾਮੀਰ ਕਰਵਾਇਆ ਗਿਆ ਸੀ। ਜ਼ਾਹਿਰ ਹੈ ਕਿ ਇਤਨੀ ਵੱਡੀ ਪਰਯੋਜਨਾ ਲਈ ਅਥਾਹ ਮਾਇਆ ਦੀ ਲੋੜ ਪੈਂਦੀ ਹੈ। ਇਹ ਲੋੜੀਂਦੀ ਮਾਇਆ ਗੁਰੂ ਜੀ ਪਾਸ ਸੀ ਜਿਸ ਤੋਂ ਇਹ ਗੱਲ ਵੀ ਸਾਬਤ ਹੁੰਦੀ ਹੈ ਕਿ ਸਿੱਖ ਸਮਾਜ ਦੀ ਜੱਥੇਬੰਦਕ ਪਰਣਾਲੀ ਬਹੁਤ ਮਜ਼ਬੂਤ ਸੀ । ਪਰ ਤਰਨ ਤਾਰਨ ਦੇ ਭਵਨ ਸਮੂਹ ਦੀ ਬਣਾਵਟ ਅੰਮ੍ਰਿਤਸਰ ਦੇ ਭਵਨ ਸਮੂਹ ਤੋਂ ਵੱਖਰੀ ਹੈ। ਇੱਥੇ ਗੁਰਦੁਆਰਾ, ਸਰੋਵਰ ਦੇ ਵਿਚਕਾਰ ਨਹੀਂ ਉਸਾਰਿਆ ਗਿਆ ਸਗੋਂ ਇਹ ਸਰੋਵਰ ਦੇ ਇਕ ਕੰਢੇ ਉੱਪਰ ਉਸਾਰਿਆ ਗਿਆ ਹੈ। ਹੋ ਸਕਦਾ ਹੈ ਕਿ ਗੁਰੂ ਜੀ ਨੇ ਇਹ ਗੱਲ ਸੋਚੀ ਹੋਵੇ ਕਿ ਸਿਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸਥਿਤੀ ਵਿਸ਼ੇਸ਼ ਅਤੇ ਬੇਮਿਸਾਲ ਹੀ ਹੋਣੀ ਚਾਹੀਦੀ ਹੈ ਬਾਕੀ ਅਸਥਾਨਾਂ ਦੇ ਬਰਾਬਰ ਦੀ ਨਹੀਂ ਹੋਣੀ ਚਾਹੀਦੀ। ਇੱਥੇ ਵੀ ਨਗਰ ਦੀ ਸਥਾਪਨਾ ਕੀਤੀ ਗਈ ਅਤੇ ਸਰੀਰਿਕ ਤੌਰ ‘ਤੇ ਨਕਾਰਾ ਹੋ ਚੁੱਕੇ ਲੋਕਾਂ ਦੀ ਭਲਾਈ ਲਈ ਇਕ ਧਰਮਸ਼ਾਲਾ ਵੀ ਸਥਾਪਤ ਕੀਤੀ ਗਈ ਸੀ ਜਿੱਥੇ ਕਿ ਬਿਮਾਰਾਂ ਦਾ ਇਲਾਜ ਵੀ ਕੀਤਾ ਜਾਂਦਾ ਸੀ ।
ਕਰਤਾਰਪੁਰ ਦੀ ਸਥਾਪਨਾ :
ਕਿਉਂਕਿ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਇਲਾਕਿਆਂ ਦੀਆਂ ਸਿੱਖ ਸੰਗਤਾਂ ਨਾਲ ਸਿੱਧਾ ਸੰਪਰਕ ਕਰਨ ਲਈ ਮਾਝੇ ਤੇ ਦੁਆਬੇ ਦਾ ਰਟਨ ਕਰ ਰਹੇ ਸਨ । ਇਸ ਲਈ ਉਹ ਐਸਾ ਅਸਥਾਨ ਵੀ ਲੱਭਦੇ ਰਹਿੰਦੇ ਸਨ ਜਿਹੜਾ ਆਪਣੇ ਸਥਾਨਕ ਖੇਤਰ ਦਾ ਕੇਂਦਰ ਬਣ ਸਕੇ । ਤਰਨ ਤਾਰਨ ਦੇ ਆਲੇ ਦੁਆਲੇ ਦਾ ਖੇਤਰ ਸਿੱਖ ਸੰਗਤਾਂ ਦੀ ਤਾਦਾਦ ਨਾਲ ਵਰੋਸਾਇਆ ਹੋਇਆ ਸੀ । ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਬਿਆਸ ਦਰਿਆ ਪਾਰ ਕਰਕੇ ਦੁਆਬੇ ਵਿਚ ਗਏ ਤਾਂ ਉੱਥੇ ਵਰਤਮਾਨ ਕਰਤਾਰਪੁਰ ਸਾਹਿਬ ਵਾਲੀ ਥਾਂ ਨੂੰ ਇਕ ਨਵਾਂ ਸਥਾਨਕ ਕੇਂਦਰ ਬਣਾਉਣ ਦਾ ਫੁਰਨਾ ਫੁਰਿਆ। ਫਲਸਰੂਪ ਗੁਰੂ ਸਾਹਿਬ ਨੇ, ਅੰਦਾਜਨ 1594 ਈ. ਵਿਚ ਕਰਤਾਰਪੁਰ ਨਾਂ ਦਾ ਨਵਾ ਕੇਂਦਰ ਸਥਾਪਤ ਕੀਤਾ। ਇੱਥੇ ਗੁਰਦੁਆਰਾ ਉਸਾਰਿਆ ਗਿਆ । ਗੁਰਦੁਆਰੇ ਦੀ ਹਾਲ ਦੀ ਛੱਤ ਇਕ ਪੱਕੇ ਥੰਮ ਦੀ ਜਗਾਹ, ਭਾਰੀ ਤੇ ਮੋਟੀ ਲੱਕੜ ਦੇ ਥੰਮ ਉੱਪਰ ਪਾਈ ਗਈ । ਇਸ ਲਈ ਇਸ ਗੁਰਦੁਆਰੇ ਦਾ ਨਾਂ ਥੰਮ ਸਾਹਿਬ ਪਰਚੱਲਤ ਹੋ ਗਿਆ। ਸਥਾਨਕ ਸਿੱਖ ਸੰਗਤਾਂ ਇੱਥੇ ਇਕੱਠੀਆਂ ਹੁੰਦੀਆਂ ਸਨ। ਇਉਂ ਇਸ ਥਾਂ ਉੱਪਰ ਵੀ ਹੌਲੀ ਹੌਲੀ ਆਬਾਦੀ ਵੱਸਣੀ ਸ਼ੁਰੂ ਹੋ ਗਈ ਸੀ। ਸਿੱਟੇ ਵੱਜੋਂ ਇੱਥੇ ਕਰਤਾਰਪੁਰ ਸਾਹਿਬ ਦੇ ਨਾਂ ਦਾ ਨਗਰ ਸਥਾਪਤ ਹੋ ਗਿਆ।
ਪਿਰਥੀ ਚੰਦ ਦੀ ਵਿਰੋਧਤਾ:
ਗੁਰੂ ਜੀ ਦੀ ਵੱਧਦੀ ਮਹਿਮਾ ਨੇ ਪਿਰਥੀ ਚੰਦ ਦੀ ਈਰਖਾ ਵਿਚ ਵਾਧਾ ਕਰ ਦਿੱਤਾ ਸੀ । ਉਹ ਸਿੱਖ ਸੰਗਤਾਂ ਨੂੰ ਤਾਂ ਆਪਣੇ ਵੱਲ ਪਰੇਰਿਤ ਨਾ ਕਰ ਸਕਿਆ ਪਰ ਉਹ ਲਾਹੌਰ ਦੇ ਸਥਾਨਕ ਅਧਿਕਾਰੀਆਂ ਨੂੰ ਆਪਣੇ ਨਾਲ ਜੋੜਨ ਵਿਚ ਜ਼ਰੂਰ ਕਾਮਯਾਬ ਹੋ ਗਿਆ ਸੀ । ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਸਾਨੂੰ ਅਜਿਹੇ ਦੋ ਅਧਿਕਾਰੀਆਂ ਦੇ ਨਾਂ ਮਿਲਦੇ ਹਨ ਜਿਹੜੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਰਦੇ ਸਨ । ਇਹ ਸਨ ਇਕ ਸੁਲਹੀ ਖ਼ਾਨ ਅਤੇ ਦੂਜਾ ਬੀਰਬਲ । ਸੁਲਹੀ ਖ਼ਾਨ ਕੋਈ ਲਾਹੌਰ ਦਾ ਅਧਿਕਾਰੀ ਸੀ ਅਤੇ ਬੀਰਬਲ ਅਕਬਰ ਦੇ ਦਰਬਾਰ ਦਾ ਵਜੀਰ ਸੀ। ਹੋ ਸਕਦਾ ਹੈ ਕਿ ਇਨ੍ਹਾਂ ਨੂੰ ਪਿਰਥੀ ਚੰਦ ਨੇ ਚੁੱਕਿਆ ਹੋਵੇ। ਗੁਰੂ ਜੀ ਦੇ ਸ਼ਬਦ ਦੀ ਵਿਆਖਿਆ ਤੋਂ ਇਉਂ ਜਾਪਦਾ ਹੈ ਕਿ ਸੁਲਹੀ ਖ਼ਾਨ ਗੁਰੂ ਜੀ ਉੱਪਰ ਚੜ੍ਹਾਈ ਕਰਕੇ ਆਇਆ ਸੀ। ਪਰ ਉਹ ਰਸਤੇ ਵਿਚ ਹੀ ਕਿਸੇ ਹੋਰ ਮੁਸ਼ਕਲ ਵਿਚ ਫਸ ਜਾਣ ਕਰਕੇ ਮਾਰਿਆ ਗਿਆ ਸੀ । ਗੁਰੂ ਸਾਹਿਬ ਨੇ ਦੱਸਿਆ ਹੈ: “ਉਨ੍ਹਾਂ ਨੂੰ ਸੁਲਹੀ ਖ਼ਾਨ ਦੇ ਕਰੋਧ ਤੋਂ ਵਾਹਿਗੁਰੂ ਨੇ ਹੀ ਰੱਖਿਆ ਹੈ। ਉਸ ਦੀ ਕੋਈ ਕੋਸ਼ਿਸ਼ ਪੂਰੀ ਨਹੀਂ ਹੋ ਸਕੀ ਅਖ਼ੀਰ ਉਹ ਆਪ ਹੀ ਮਾਰਿਆ ਗਿਆ । ਉਹ ਉਨ੍ਹਾਂ ਬਾਰੇ ਮੰਦਾ ਚਿਤਵਦਾ ਸੀ। ਜਿਸ ਅਕਾਲ ਪੁਰਖ ਨੇ ਉਸ ਨੂੰ ਜਨਮ ਦਿੱਤਾ ਸੀ ਉਸੇ ਨੇ ਹੀ ਉਸ ਨੂੰ ਮਾਰ ਮੁਕਾਇਆ ਹੈ। ਆਪਣੇ ਪੁੱਤਰ ਧੀ ਅਤੇ ਸੰਬੰਧੀ ਸਭ ਨੂੰ ਛੱਡ ਗਿਆ ਹੈ। ਉਹ ਅਕਾਲ ਪੁਰਖ ਦਾ ਸ਼ੁਕਰ ਕਰਦੇ ਹਨ ਜਿਸ ਨੇ ਉਨ੍ਹਾਂ ਦੀ ਰੱਖਿਆ ਕੀਤੀ ਹੈ।”12
ਗੁਰੂ ਸਾਹਿਬ ਦੇ ਇਕ ਹੋਰ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਵਿਰੋਧੀਆਂ ਨੇ ਇਹ ਝੂਠੀ ਸ਼ਕਾਇਤ ਤਿਆਰ ਕੀਤੀ ਸੀ ਜਿਹੜੀ ਅਖ਼ੀਰ ਨੂੰ ਝੂਠੀ ਹੀ ਸਾਬਤ ਹੋਈ ਸੀ। ਇਹ ਲੋਕ ਸੱਚੀ ਦਰਗਾਹ ਵਿਚ ਵੀ ਝੂਠ ਬੋਲਦੇ ਹਨ । ਸ਼ਕਾਇਤ ਕਰਨ ਸਮੇਂ ਆਪਣਾ ਸਿਰ ਪਿੱਟਦੇ ਹਨ ਅਤੇ ਹੱਥ ਪੈਰ ਮਾਰਦੇ ਹਨ । ਪਰ ਅਕਾਲ ਪੁਰਖ ਪੂਰਾ ਇਨਸਾਫ਼ ਕਰਨ ਵਾਲਾ ਹੈ । ਉਸ ਨੇ ਉਨ੍ਹਾਂ ਦੀ ਇੱਜਤ ਰੱਖ ਲਈ ਹੈ। ਜੋ ਅਧਿਕਾਰੀ ਜਾਂ ਵਿਰੋਧੀ ਉਨ੍ਹਾਂ ਵਰਗੇ ਗਰੀਬ (ਸ਼ਾਂਤੀ ਦੇ ਪੁੰਜ) ਉੱਪਰ ਚੜ੍ਹ ਕੇ ਆਉਂਦਾ ਹੈ ਉਸ ਨੂੰ ਅਕਾਲ ਪੁਰਖ ਆਪ ਹੀ ਸਾੜ ਦਿੰਦਾ ਹੈ।
ਜਦ ਗੁਰੂ ਸਾਹਿਬ ਨੇ ਸਾਰੀਆਂ ਵਿਰੋਧਤਾਈਆਂ ਉੱਪਰ ਕਾਬੂ ਪਾ ਲਿਆ ਤਾਂ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਕਹਿੰਦੇ ਹਨ : “ਨਿੰਦਕ ਇਸ ਤਰ੍ਹਾਂ ਝੜ ਜਾਂਦਾ ਹੈ ਜਿਵੇਂ ਕਿ ਮਾਰੂਥਲ ਵਿਚ ਰੇਤ ਦੀ ਉਸਰੀ ਕੰਧ ਗਿਰ ਜਾਂਦੀ ਹੈ। ਨਿੰਦਕ ਅੱਠੇ ਪਹਿਰ ਹੀ ਨਿੰਦਿਆ ਚਿਤਵਦਾ ਰਹਿੰਦਾ ਹੈ ਅਤੇ ਨਿੰਦਿਆ ਚਿਤਵਦਾ ਹੋਇਆ ਹੀ ਉਹ ਮਰ ਜਾਂਦਾ ਹੈ। ਨਿੰਦਕ ਨੇ ਅਕਾਲ ਪੁਰਖ ਨੂੰ ਭੁਲਾਇਆ ਹੁੰਦਾ ਹੈ। ਉਹ ਹਰ ਇਕ ਨਾਲ ਝਗੜਾ ਕਰਨ ’ਤੇ ਉਤਰ ਆਉਂਦਾ ਹੈ। ਪਰ ਸੱਚੇ ਲੋਕਾਂ ਦਾ ਰਾਖਾ ਅਕਾਲ ਪੁਰਖ ਆਪ ਹੈ। ਇਹ ਵਿਰੋਧੀ ਕੀ ਕਰ ਸਕਦੇ ਹਨ।”
ਕੁਝ ਲੇਖਕਾਂ ਦਾ ਮਤ ਹੈ ਕਿ ਗੁਰੂ ਅਰਜਨ ਦੇਵ ਜੀ ਵਿਰੋਧੀਆਂ ਦੀ ਵਿਰੋਧਤਾ ਨੂੰ ਠੰਢਾ ਕਰਨ ਲਈ ਕੁਝ ਸਮੇਂ ਲਈ ਅੰਮ੍ਰਿਤਸਰ ਨੂੰ ਛੱਡ ਕੇ ਵਡਾਲੀ ਪਿੰਡ ਵਿਚ ਚਲੇ ਗਏ ਸਨ । ਜਿਹੜਾ ਉੱਥੋਂ 8 ਕੁ ਕਿਲੋਮੀਟਰ ਦੀ ਵਿੱਥ ‘ਤੇ ਹੈ। ਪਰ ਇਹ ਗੱਲ ਠੀਕ ਨਹੀਂ ਜਾਪਦੀ । ਅੰਮ੍ਰਿਤਸਰ ਸਿੱਖ ਸੰਗਤਾਂ ਦਾ ਪੂਰਾ ਕੇਂਦਰ ਬਣ ਗਿਆ ਸੀ । ਸਗੋਂ ਸਿੱਖ ਸੰਗਤਾਂ ਦੇ ਇਕੱਠ ਵਿਚ ਗੁਰੂ ਸਾਹਿਬ ਆਪਣੇ ਵਿਰੋਧੀਆਂ ਵੱਲੋਂ ਸੁਰੱਖਿਅਤ ਸਨ। ਵਡਾਲੀ ਕਿਹੜੀ ਸੁਰੱਖਿਅਤ ਥਾਂ ਸੀ? ਬਈ ਉੱਥੇ ਵਿਰੋਧੀ ਕੁਝ ਨਹੀਂ ਕਰ ਸਕਦੇ ਸਨ ? ਗੱਲ ਅਸਲ ਵਿਚ ਇਹ ਜਾਪਦੀ ਹੈ ਕਿ ਗੁਰੂ ਜੀ ਵੱਖ ਵੱਖ ਥਾਵਾਂ ਉੱਪਰ ਨਗਰ ਵਸਾ ਰਹੇ ਹਨ ਅਤੇ ਗੁਰ-ਅਸਥਾਨ ਸਥਾਪਤ ਕਰ ਰਹੇ ਸਨ । ਜਿਵੇਂ ਤਰਨ ਤਾਰਨ ਅਤੇ ਕਰਤਾਰਪੁਰ ਵਸਾਇਆ ਸੀ ਉਸੇ ਤਰ੍ਹਾਂ ਹੀ ਵਡਾਲੀ ਪਿੰਡ ਵਿਚ ਵੀ ਗੁਰੂ ਜੀ ਨੇ ਕੁਝ ਜ਼ਮੀਨ ਮੁੱਲ ਲੈ ਲਈ ਸੀ। ਇਸ ਜ਼ਮੀਨ ਵਿਚ ਉਹ ਖੇਤੀ ਕਰਵਾਉਂਦੇ ਸਨ। ਇਸ ਤਰ੍ਹਾਂ ਖੇਤੀਬਾੜੀ ਕਰਵਾਉਣ ਦੇ ਕੰਮ ਵਿਚ ਹੀ ਇੱਥੇ ਵੀ ਸਾਰਾ ਪਰਿਵਾਰ ਰਹਿ ਪੈਂਦਾ ਸੀ । ਇੱਥੇ ਹੀ ਰਹਿੰਦਿਆਂ 1595 ਈ. ਵਿਚ ਗੁਰੂ ਹਰਿਗੋਬਿੰਦ ਜੀ ਦਾ ਜਨਮ ਹੋਇਆ। ਬਾਲ ਹਰਿਗੋਬਿੰਦ ਦੇ ਜਨਮ ਦੀ ਖ਼ੁਸ਼ੀ ਗੁਰੂ ਸਾਹਿਬ ਨੇ ਆਪਣੇ ਇਕ ਸ਼ਬਦ ਵਿਚ ਇਸ ਤਰ੍ਹਾਂ ਪਰਗਟ ਕੀਤੀ ਹੈ : “ਸਤਿਗੁਰੂ ਨੇ ਬੱਚੇ ਦੀ ਦਾਤ ਬਖ਼ਸ਼ੀ ਹੈ। ਸੰਜੋਗਾਂ ਨਾਲ ਚਿਰੰਜੀਵੀ ਬਾਲਕ ਪੈਦਾ ਹੋਇਆ ਹੈ। ਜਦੋਂ ਇਸ ਬਾਲਕ ਨੇ ਆਪਣੀ ਮਾਤਾ ਦੇ ਪੇਟ ਵਿਚ ਪਰਕਾਸ਼ ਧਾਰਿਆ ਸੀ ਤਾਂ ਇਸ ਦੀ ਮਾਂ ਨੂੰ ਬਹੁਤ ਖੁਸ਼ੀ ਹੋਈ ਸੀ। ਵਾਹਿਗੁਰੂ ਦਾ ਭਗਤ ਪੁੱਤਰ ਜੰਮਿਆ ਹੈ। ਅਕਾਲ ਪੁਰਖ ਦਾ ਲਿਖਿਆ ਹੋਇਆ ਸਾਰੇ ਜੱਗ ਵਿਚ ਪਰਗਟ ਹੋ ਗਿਆ ਹੈ। ਉਸ ਦੇ ਹੁਕਮ ਅਨੁਸਾਰ ਹੀ ਬਾਲਕ ਨੇ ਦਸ ਮਹੀਨਿਆਂ ਬਾਅਦ ਜਨਮ ਲਿਆ ਹੈ। ਇਸ ਬਾਰੇ ਸਾਰੇ ਸੋਗ ਦੂਰ ਹੋ ਕੇ ਮਹਾਂ ਆਨੰਦ ਪਰਾਪਤ ਹੋਇਆ ਹੈ। ਸਭ ਸਖੀਆਂ ਆਨੰਦ ਨਾਲ ਗੁਰਬਾਣੀ ਦਾ ਜਾਪ ਕਰ ਰਹੀਆਂ ਹਨ। ਬੱਚੇ ਦੇ ਜਨਮ ਨਾਲ ਪਰਿਵਾਰ ਦੀ ਵੇਲ ਵਧੀ ਹੈ ਅਤੇ ਅਗਲੀ ਪੀੜੀ ਚਲ ਪਈ ਹੈ। ਇਸ ਵਿਚਾਰ ਨੇ ਹੀ ਸਾਰੀ ਦੁਨੀਆਂ ਦੀ ਹੋਂਦ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ। ਜਿਵੇਂ ਬਾਲਕ ਆਪਣੇ ਪਿਤਾ ਉੱਪਰ ਮਾਣ ਕਰਦਾ ਹੈ ਉਸੇ ਤਰ੍ਹਾਂ ਉਹ ਵੀ ਵਾਹਿਗੁਰੂ ਉੱਪਰ ਮਾਣ ਕਰਕੇ ਉਸੇ ਦੇ ਹੁਕਮ ਅਨੁਸਾਰ ਇਹ ਸਭ ਕੁਝ ਬੋਲ ਰਹੇ ਹਨ। ਇਹ ਗੱਲ ਕਿਸੇ ਤੋਂ ਗੁੱਝੀ-ਛੁਪੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੀ ਅਪਾਰ ਖੁਸ਼ੀ ਨਾਲ ਹੀ ਇਹ ਦਾਤ ਪਰਾਪਤ ਹੋਈ ਹੈ।”
ਛੇਹਰਟਾ ਖੂਹ ਲਗਵਾਉਣਾ :
ਹਰਿਗੋਬਿੰਦ ਦੇ ਜਨਮ ਦੀ ਖੁਸ਼ੀ ਵਿਚ, ਗੁਰੂ ਅਰਜਨ ਦੇਵ ਜੀ ਨੇ ਵਡਾਲੀ ਦੇ ਨੇੜੇ ਹੀ ਆਪਣੀ ਜਮੀਨ ਵਿਚ ਛੇ ਹਰਟਾਂ ਵਾਲਾ ਖੂਹ ਲਗਵਾਇਆ। ਇਹ ਇਕ ਬਿਲਕੁੱਲ ਨਵੀਂ ਅਤੇ ਵੱਡੀ ਪਰਯੋਜਨਾ ਸੀ। ਇਸ ਤੋਂ ਪਹਿਲਾਂ ਪੰਜਾਬ ਵਿਚ ਹਰਟਾਂ ਵਾਲਾ ਅਰਥਾਤ ਟਿੰਡਾਂ ਨਾਲ ਗੇੜ ਕੇ ਪਾਣੀ ਕੱਢਣ ਵਾਲਾ ਖੂਹ ਸਿੰਜਾਈ ਲਈ, ਬਾਦਸ਼ਾਹੀ ਅਧਿਕਾਰੀਆਂ ਤੋਂ ਬਗ਼ੈਰ ਕਿਸੇ ਨੇ ਨਹੀਂ ਲਗਵਾਇਆ ਸੀ। ਸਿੱਖ ਸਮਾਜ ਵਿਚ ਇਹ ਪਹਿਲਾ ਖੂਹ ਸੀ । ਆਮ ਤੌਰ ‘ਤੇ ਖੂਹ ਇਕ ਹਰਟ ਵਾਲੇ ਜਾਂ ਵੱਧ ਤੋਂ ਵੱਧ ਦੋ ਹਰਟਾਂ ਵਾਲੇ ਹੁੰਦੇ ਸਨ ਪਰ ਗੁਰੂ ਅਰਜਨ ਜੀ ਨੇ ਛੇ ਹਰਟਾਂ ਵਾਲਾ ਖੂਹ ਲਗਵਾਇਆ। ਹਰਟ ਟਿੰਡਾਂ ਨਾਲ, ਗੇੜ ਕੇ ਪਾਣੀ ਕੱਢਣ ਦੇ ਢੰਗ ਨੂੰ ਕਹਿੰਦੇ ਹਨ। ਅਰਥਾਤ ਇਕ ਹਰਟ ਨੂੰ ਗੇੜਨ ਲਈ ਇਕ ਬਲਦਾਂ ਦੀ ਜੋੜੀ ਜਾਂ ਇਕ ਊਠ ਵਰਤੋਂ ਵਿਚ ਲਿਆਂਦਾ ਜਾਂਦਾ ਸੀ । ਛੇ ਹਰਟਾਂ ਨੂੰ ਚਲਾਉਣ ਲਈ ਟਿੰਡਾਂ ਦੀ ਮਾਲ ਦੇ ਛੇ ਸੈੱਟ ਲੋੜੀਂਦੇ ਸਨ । ਇਹ ਛੇ ਸੈੱਟ ਬੜੀ ਤਕਨੀਕ ਨਾਲ ਫਿੱਟ ਕੀਤੇ ਗਏ ਸਨ। ਛੇ ਸੈੱਟਾਂ ਨੂੰ ਅਲੱਗ ਅਲੱਗ ਰੱਖ ਕੇ ਚਲਾਉਣ ਦੀ ਥਾਂ ਇਕੋ ਹੀ ਬਹਿੰਗੀ ਉਪਰ ਫਿੱਟ ਕੀਤਾ ਗਿਆ ਸੀ । ਇਹ ਛੇ ਦੇ ਛੇ ਸੈੱਟ ਇਕੋ ਬਹਿੰਗੀ ਰਾਹੀਂ ਇਕੱਠੇ ਹੀ ਚਲਦੇ ਸਨ। ਟਿੰਡਾਂ ਮਿੱਟੀ ਦੇ ਵੱਡੇ ਕੁੱਜਿਆਂ ਦੇ ਮਾਡਲ ਦੀਆਂ ਸਨ। ਇਨ੍ਹਾਂ ਮਿੱਟੀ ਦੀਆਂ ਟਿੰਡਾਂ ਨੂੰ ਆਵੇ ਵਿਚ ਪਕਾਇਆ ਜਾਂਦਾ ਸੀ । ਇਸ ਤਰ੍ਹਾਂ ਦੀ ਇਕ ਮਿੱਟੀ ਦੀ ਟਿੰਡ ਇਥੋਂ ਦੇ ਗੁਰਦੁਆਰਾ ਸਾਹਿਬ ਵਿਚ ਸੁਰੱਖਿਅਤ ਰੱਖੀ ਹੋਈ ਹੈ। ਛੇ ਹਰਟਾਂ ਵਾਸਤੇ ਬਹੁਤ ਚੌੜੇ ਅਤੇ ਬਹੁਤ ਡੂੰਘੇ ਖੂਹ ਦੀ ਲੋੜ ਪੈਂਦੀ ਸੀ ਤਾਂ ਕਿ ਸਾਰਾ ਦਿਨ ਖੂਹ ਵਿਚੋਂ ਪਾਣੀ ਨਾ ਮੁੱਕ ਸਕੇ। ਰਾਤ ਨੂੰ ਖੂਹ ਬੰਦ ਕਰਨ ਨਾਲ ਖੂਹ ਫਿਰ ਤੋਂ ਪਾਣੀ ਨਾਲ ਭਰ ਜਾਂਦਾ ਸੀ । ਇਹ ਇਕ ਅਦਭੁੱਤ ਖੂਹ ਸੀ ਜਿੱਥੇ ਇਕੋ ਸਮੇਂ ਛੇ ਹਰਟ ਚਲਦੇ ਸਨ । ਇਸ ਨਾਲ ਖੇਤੀਬਾੜੀ ਵਿਚ ਕਰਾਂਤੀਕਾਰੀ ਵਿਕਾਸ ਹੋਇਆ। ਇਸ ਦੀ ਦੇਖਾ ਰੇਖੀ ਪੰਜਾਬ ਵਿਚ ਹੋਰ ਵੀ ਅਨੇਕਾਂ ਖੂਹ ਲੱਗੇ ਜਿਸ ਨਾਲ ਖੇਤੀ ਦੀ ਉਪਜ ਵਿਚ ਵਾਧਾ ਹੋਇਆ। ਇਸ ਛੇ ਹਰਟੇ ਖੂਹ ਦੇ ਦੁਆਲੇ ਹੌਲੀ ਹੌਲੀ ਰਿਹਾਇਸ਼ੀ ਘਰ ਬਣਨੇ ਸ਼ੁਰੂ ਹੋ ਗਏ ਸਨ। ਕੁਝ ਸਮੇਂ ਬਾਅਦ ਇੱਥੇ ਇਕ ਪੂਰਾ ਨਗਰ ਆਬਾਦ ਹੋ ਗਿਆ ਜਿਸ ਦਾ ਨਾਂ ਛੇਹਰਟਾ ਸਾਹਿਬ ਪਰਚੱਲਤ ਹੋਇਆ। ਅੱਜ ਕਲ੍ਹ ਇਹ ਅੰਮ੍ਰਿਤਸਰ ਦੀ ਮਿਉਂਸਪਲ ਕਾਰਪੋਰੇਸ਼ਨ ਦਾ ਹੀ ਇਕ ਹਿੱਸਾ ਹੈ।
ਸ਼੍ਰੀ ਹਰਿਗੋਬਿੰਦਪੁਰ ਦੀ ਸਥਾਪਨਾ :
ਸਪੁੱਤਰ ਹਰਿਗੋਬਿੰਦ ਦੇ ਜਨਮ ਦੀ ਖ਼ੁਸ਼ੀ ਵਿਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਪੁੱਤਰ ਦੇ ਨਾਂ ਉੱਪਰ ਹੀ ਬਿਆਸ ਦਰਿਆ ਦੇ ਇਕ ਕੰਢੇ ਉੱਪਰ, ਜਿਲ੍ਹਾ ਗੁਰਦਾਸਪੁਰ ਦੀ ਬਟਾਲਾ ਤਹਿਸੀਲ ਵਿਚ ਇਕ ਨਗਰ ਸਿਰੀ ਹਰਿਗੋਬਿੰਦਪੁਰ ਵਸਾਇਆ।” ਇੱਥੇ ਗੁਰੂ ਸਾਹਿਬ ਨੇ ਜਮੀਨ ਦਾ ਇਕ ਪੂਰਾ ਮੁਰੱਬਾ ਖਰੀਦਿਆ ਸੀ । ਇਸ ਮੁਰੱਬੇ ਵਿਚ ਸਿੱਖ ਸਭਿਆਚਾਰ ਵਾਲਾ ਨਗਰ ਸਥਾਪਤ ਕੀਤਾ।”
ਲਾਹੌਰ ਵਿਚ ਬਾਉਲੀ ਲਗਵਾਉਣਾ :
ਗੁਰੂ ਅਰਜਨ ਦੇਵ ਜੀ ਗੁਰੂ ਬਣਨ ਤੋਂ ਪਹਿਲਾਂ ਕਾਫ਼ੀ ਚਿਰ ਲਾਹੌਰ ਦੀ ਸਿੱਖ ਸੰਗਤ ਵਿਚ ਰਹੇ ਸਨ ਲਾਹੌਰ ਉਨ੍ਹਾਂ ਦਾ ਦਾਦਕਾ ਘਰ ਵੀ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਅਤੇ ਚੌਥੇ ਪਾਤਸ਼ਾਹ ਗੁਰੂ ਰਾਮ ਦਾਸ ਜੀ ਲਾਹੌਰ ਦੇ ਹੀ ਜੰਮਪਲ ਸਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਜੀ ਦੇ ਜਨਮ ਅਸਥਾਨ ਉੱਪਰ ਇਕ ਗੁਰਦੁਆਰਾ ਉਸਾਰਨ ਦਾ ਇਰਾਦਾ ਕੀਤਾ ਅਤੇ ਇਕ ਬਾਉਲੀ ਲਗਵਾਈ ਗਈ ਬਾਉਲੀ ਪਾਣੀ ਦੀ ਸਹੂਲਤ ਲਈ ਸੀ । ਇਹ ਅਸਥਾਨ ਲਾਹੌਰ ਦੇ ਡੱਬੀ ਬਾਜ਼ਾਰ ਵਿਚ ਸਥਿਤ ਹੈ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਇਕ ਮਹਾਨ ਨਗਰ ਉੱਸਰੀਏ ਦੇ ਤੌਰ ‘ਤੇ ਸਾਹਮਣੇ ਆਉਂਦੇ ਹਨ। ਉਨ੍ਹਾਂ ਨੇ ਪਹਿਲੋਂ ਹੀ ਸਥਾਪਤ ਨਗਰਾਂ ਵਿਚ ਆਪਣੇ ਧਾਰਮਿਕ ਅਸਥਾਨ ਬਣਾਉਣ ਦੀ ਬਜਾਏ, ਆਪਣੇ ਹੀ ਨਵੇਂ ਨਗਰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਿਰਫ਼ ਇਕ ਲਾਹੌਰ ਵਿਚ ਬਾਉਲੀ ਬਣਵਾਉਣ ਦਾ ਕੰਮ ਪਹਿਲੋਂ ਹੀ ਸਥਾਪਤ ਸ਼ਹਿਰ ਵਿਚ ਕੀਤਾ ਸੀ ਇਹ ਵੀ ਸਿਰਫ਼ ਗੁਰੂ ਰਾਮ ਦਾਸ ਜੀ ਦੇ ਜਨਮ ਅਸਥਾਨ ਨੂੰ ਸੰਭਾਲਣ ਲਈ ਕੀਤਾ ਸੀ। ਨਹੀਂ ਤਾਂ ਉਨ੍ਹਾਂ ਨੇ ਹਰ ਨਗਰ ਨਵੇਂ ਤੌਰ ‘ਤੇ ਸਥਾਪਤ ਕੀਤਾ ਤਾਂ ਕਿ ਇਨ੍ਹਾਂ ਨਵ-ਸਥਾਪਤ ਨਗਰਾਂ ਵਿਚ ਸਿੱਖ ਧਰਮ ਦੇ ਵਿਕਾਸ ਉੱਪਰ ਕਿਸੇ ਹੋਰ ਤਾਕਤ ਦੀ ਮਾੜੀ ਛਾਇਆ ਨਾ ਪੈ ਸਕੇ । ਇੱਥੇ ਸਿੱਖ ਸੰਗਤਾਂ ਪੂਰੀ ਸੁਤੰਤਰਤਾ ਨਾਲ ਵਿਚਰਦੀਆਂ ਸਨ । ਪੰਜਾਬ ਦੇ ਬਾਕੀ ਦੇ ਫਿਰਕਿਆਂ ਦੇ ਮੁਕਾਬਲੇ ਸਿੱਖ ਬਹੁਤ ਹੀ ਘੱਟ ਗਿਣਤੀ ਵਿਚ ਸਨ । ਇਸ ਘੱਟ ਗਿਣਤੀ ਦਾ ਅਹਿਸਾਸ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਹੋਣਾ ਸੀ ਜੇਕਰ ਉਨ੍ਹਾਂ ਦੇ ਧਾਰਮਿਕ ਕੇਂਦਰ ਕਿਸੇ ਬਹੁਗਿਣਤੀ ਵਾਲੇ ਫ਼ਿਰਕੇ ਦੇ ਨਗਰਾਂ ਜਾਂ ਸ਼ਹਿਰਾਂ ਵਿਚ ਹੁੰਦੇ । ਹੁਣ ਆਪਣੇ ਹੀ ਸਥਾਪਤ ਕੀਤੇ ਨਗਰਾਂ ਵਿਚ ਜਦੋਂ ਸਿੱਖ ਸੰਗਤਾਂ ਵਿਚਰਦੀਆਂ ਸਨ ਤਾਂ ਉਨ੍ਹਾਂ ਨੂੰ ਇਉਂ ਲੱਗਦਾ ਸੀ ਜਿਵੇਂ ਕਿ ਉਹ ਪੂਰਨ ਤੌਰ ‘ਤੇ ਸੁਤੰਤਰ ਹੁੰਦੀਆਂ ਹੋਣ। ਇਸ ਸੋਚ ਨੇ ਸਿੱਖਾਂ ਵਿਚ ਆਤਮ ਵਿਸ਼ਵਾਸ ਭਰਨ ਵਿਚ ਬਹੁਤ ਸਹਾਇਤਾ ਕੀਤੀ ਸੀ।
ਸਿੱਖਾਂ ਨੂੰ ਘੋੜਿਆਂ ਦੇ ਵਪਾਰ ਵਿਚ ਪਾਉਣਾ:
ਗੁਰੂ ਅਰਜਨ ਦੇਵ ਜੀ ਨੇ ਚੜ੍ਹਾਵੇ ਦੇ ਰੂਪ ਵਿਚ ਇਕੱਠੇ ਹੋਏ ਧਨ ਦੀ ਬਹੁਲਤਾ ਨੂੰ ਸਿੱਖ ਸਮਾਜ ਦੀ ਇਕ ਹੋਰ ਪੱਖੋਂ ਉਨੱਤੀ ਲਈ ਵਰਤਿਆ। ਉਨ੍ਹਾਂ ਦਾ ਮਨੋਰਥ ਆਪਣੇ ਨਵ-ਸਿਰਜੇ ਸਮਾਜ ਨੂੰ ਹਰ ਪੱਖੋਂ ਵਿਕਸਤ ਕਰਨ ਦਾ ਸੀ। ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਸੀ ਅਤੇ ਜਾਂ ਫਿਰ ਦੁਕਾਨਦਾਰੀ । ਵਪਾਰੀ ਲੋਕ ਜਾਂ ਤਾਂ ਮੁਸਲਮਾਨ ਸਨ ਤੇ ਜਾਂ ਫਿਰ ਬਣਜਾਰਿਆਂ ਦੇ ਉਹ ਕਬੀਲੇ ਜਿਨ੍ਹਾਂ ਦਾ ਹਿੰਦੂ ਸਮਾਜ ਨਾਲ ਕੋਈ ਜ਼ਿਆਦਾ ਲਗਾਓ ਨਹੀਂ ਸੀ। ਭਾਰਤ ਦਾ ਮੁੱਖ ਵਪਾਰ ਪੰਜਾਬ ਦੇ ਰਾਹੀਂ ਅਰਬ ਮੁਲਕਾਂ ਨਾਲ ਸੀ । ਅਰਬ ਮੁਲਕ ਇਸਲਾਮੀ ਮਰਯਾਦਾ ਵਾਲੇ ਸਨ। ਇਕ ਸੱਚਾ ਹਿੰਦੂ ਅਰਬ ਮੁਲਕਾਂ ਇਸ ਇਸ ਕਰਕੇ ਜਾਣਾ ਨਹੀਂ ਚਾਹੁੰਦਾ ਸੀ ਕਿ ਉੱਥੇ ਜਾ ਕੇ ਮੁਸਲਮਾਨਾਂ ਦੇ ਹੱਥੋਂ ਖਾਣਾ-ਪੀਣਾ ਲੈਣਾ ਪੈਂਦਾ ਸੀ । ਮੁਸਲਮਾਨ ਦੇ ਹੱਥ ਦਾ ਖਾਣਾ-ਪੀਣਾ ਆਮ ਹਿੰਦੂ ਲੈਣਾ ਨਹੀਂ ਚਾਹੁੰਦਾ ਸੀ। ਸਿੱਟੇ ਵੱਜੋਂ ਹਿੰਦੂ ਲੋਕ ਇਸ ਵਪਾਰ ਵਿਚ ਪਛੜੇ ਹੋਏ ਸਨ। ਗੁਰੂ ਅਰਜਨ ਦੇਵ ਜੀ ਆਪਣੇ ਸਿੱਖਾਂ ਲਈ ਇਹ ਬੰਦਸ਼ ਤੋੜਨੀ ਚਾਹੁੰਦੇ ਸਨ। ਉਨ੍ਹਾਂ ਨੇ ਸਿੱਖਾਂ ਨੂੰ ਅਰਬ ਮੁਲਕਾਂ ਵਿਚ ਘੋੜੇ ਖ਼ਰੀਦਣ ਲਈ ਭੇਜਿਆ। ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਅਰਬ ਮੁਲਕਾਂ ਦੀ ਯਾਤਰਾ ਕਰ ਚੁੱਕੇ ਸਨ। ਜ਼ਾਹਰ ਹੈ ਕਿ ਜਿਹੜੀ ਗੱਲ ਇਕ ਹਿੰਦੂ ਨੂੰ ਅਰਬ ਮੁਲਕਾਂ ਵਿਚ ਜਾਣ ਤੋਂ ਰੋਕਦੀ ਸੀ ਉਹ ਸਿੱਖਾਂ ਲਈ ਅੜਿੱਕਾ ਨਹੀਂ ਬਣ ਸਕੀ । ਘੋੜਿਆਂ ਦਾ ਵਪਾਰ ਭਾਵੇਂ ਵੱਡੇ ਪੱਧਰ ‘ਤੇ ਸੀ ਤੇ ਭਾਵੇਂ ਛੋਟੇ ਪੱਧਰ ‘ਤੇ ਇਸ ਗੱਲ ਦੀ ਜ਼ਿਆਦਾ ਮਹੱਤਤਾ ਨਹੀਂ ਹੈ। ਮਹੱਤਤਾ ਇਸ ਗੱਲ ਦੀ ਹੈ ਕਿ ਸਿੱਖਾਂ ਲਈ ਜਾਤੀ ਜਾਂ ਧਾਰਮਿਕ ਕੋਈ ਬੰਦਸ਼ ਨਹੀਂ ਸੀ। ਇਸ ਨਾਲ ਉਹ ਨਵੇਂ ਮੁਲਕਾਂ ਦੇ ਵੀ ਸੰਪਰਕ ਵਿਚ ਆਏ ਅਤੇ ਵਪਾਰਕ ਤੌਰ ‘ਤੇ ਵੀ ਮੁਹਾਰਤ ਹਾਸਲ ਕਰਨ ਲੱਗੇ। ਕਨਿੰਘਮ ਲਿਖਦਾ ਹੈ “ਧਨ ਅਤੇ ਪਰਤਿਸ਼ਠਤਾ ਦੀ ਪਰਾਪਤੀ ਦੇ ਦੂਸਰੇ ਸਾਧਨਾਂ ਵੱਲੋਂ ਅਰਜਨ ਜੀ ਬੇਧਿਆਨੇ ਨਹੀਂ ਸਨ। ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਬਦੇਸ਼ਾਂ ਵਿਚ ਵਪਾਰ ਦੇ ਕੰਮਾਂ ਵਿਚ ਵੀ ਉਤਨੇ ਪਰਬੀਣ ਹੋਣ ਲਈ ਭੇਜਿਆ ਜਿੰਨਾਂ ਕਿ ਉਹ ਧਰਮ ਵਿਚ ਉਤਸ਼ਾਹੀ ਸਨ । ਇਹ ਸੰਭਵ ਹੈ ਕਿ ਇਕ ਵਪਾਰੀ ਦੇ ਰੂਪ ਵਿਚ ਉਨ੍ਹਾਂ ਦੇ ਸੌਦੇ ਬਹੁਸੰਖਿਆ ਵਿਚ ਸਨ ਭਾਵੇਂ ਇਹ ਤੁਰਕਸਿਤਾਨ ਵਿਚ ਘੋੜਿਆਂ ਦੇ ਵਪਾਰ ਤੱਕ ਹੀ ਸੀਮਤ ਸਨ।” ਟਰੰਪ ਅਤੇ ਇਰਵਿਨ ਵੀ ਇਸੇ ਮੱਤ ਦੇ ਹਨ ਕਿ ਗੁਰੂ ਜੀ ਘੋੜਿਆਂ ਦਾ ਅੱਛਾ ਵਪਾਰ ਕਰਦੇ ਸਨ । ” ਪਰ ਇੰਦੂ ਭੂਸ਼ਣ ਬੈਨਰਜੀ ਇਸ ਵਿਚਾਰ ਨਾਲ ਸਹਿਮਤ ਨਾ ਹੋ ਕੇ ਲਿਖਦਾ ਹੈ ਕਿ ਗੁਰੂ ਜੀ ਨੇ ਜਿਨਾਂ ਵੀ ਸਿੱਖਾਂ ਨੂੰ ਅਰਬ ਮੁਲਕਾਂ ਵਿਚ ਘੋੜੇ ਖਰੀਦਣ ਲਈ ਭੇਜਿਆ ਸੀ ਉਹ ਵਪਾਰ ਲਈ ਨਹੀਂ ਸੀ ਸਗੋਂ ਆਪਣੀਆਂ ਜ਼ਾਤੀ ਲੋੜਾਂ ਦੀ ਪੂਰਤੀ ਲਈ ਲੋੜ ਅਨੁਸਾਰ ਘੋੜੇ ਖਰੀਦਣ ਲਈ ਭੇਜਿਆ ਸੀ ।20 ਉਹ ਇਹ ਵੀ ਲਿਖਦਾ ਹੈ ਕਿ ਗੁਰੂ ਅਰਜਨ ਜੀ ਵੇਲੇ ਸਿੱਖਾਂ ਲਈ ਘੋੜਿਆਂ ਦੀ ਖ਼ਰੀਦੋ-ਫਰੋਖ਼ਤ ਕੋਈ ਨਵੀਂ ਗੱਲ ਨਹੀਂ ਸੀ ਸਗੋਂ ਇਹ ਤਾਂ ਗੁਰੂ ਨਾਨਕ ਦੇਵ ਜੀ ਵੇਲੇ ਵੀ ਸੀ। ਉਦਾਹਰਣ ਦੇ ਤੌਰ ’ਤੇ ਉਹ ਇਕ ਜਨਮਸਾਖੀ ਦੀ ਉਸ ਸਾਖੀ ਦਾ ਹਵਾਲਾ ਦਿੰਦਾ ਹੈ ਜਿਸ ਵਿਚ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੇ ਪਿਤਾ ਨੇ ਘੋੜਿਆਂ ਦੀ ਸੌਦਾਗਰੀ ਕਰਨ ਲਈ ਕਿਹਾ ਸੀ ।
ਇੱਥੇ ਸਾਡਾ ਮਤ ਇਹ ਹੈ ਕਿ ਪਿਤਾ ਕਾਲੂ ਵੱਲੋਂ ਬਾਲ ਨਾਨਕ ਨੂੰ ਘੋੜਿਆਂ ਦੀ ਸੋਦਾਗਰੀ ਕਰਨ ਦੀ ਗੱਲ ਅਤੇ ਗੁਰੂ ਅਰਜਨ ਦੇਵ ਜੀ ਵੱਲੋਂ ਆਪਣੇ ਸਿੱਖਾਂ ਨੂੰ ਅਰਬ ਮੁਲਕਾਂ ਵਿਚ ਘੋੜੇ ਖਰੀਦਣ ਲਈ ਭੇਜਣ ਦੀ ਗੱਲ ਇਕ ਦੂਜੀ ਨਾਲੋਂ ਜ਼ਮੀਨ ਅਸਮਾਨ ਜਿੰਨਾ ਫ਼ਰਕ ਰੱਖਦੀ ਹੈ। ਪਹਿਲੀ ਗੱਲ ਵਿਅਕਤੀਗਤ ਵਪਾਰ ਦੀ ਪਰਤੀਕ ਹੈ ਜਦੋਂ ਕਿ ਦੂਸਰੀ ਸੰਸਥਾਤਮਕ ਤੌਰ ‘ਤੇ ਇਕ ਵਿਸ਼ੇਸ਼ ਵਿਚਾਰ ਨੂੰ ਰੱਦ ਕਰਨ ਵਾਲੀ ਗੱਲ ਹੈ । ਅਰਬ ਮੁਲਕਾਂ ਵਿਚ ਹਿੰਦੂਆਂ ਦਾ ਜਾਣਾ, ਬਰਾਹਮਣ ਜਮਾਤ ਵੱਲੋਂ ਮਨਜ਼ੂਰ ਨਹੀਂ ਹੁੰਦਾ ਸੀ । ਇੱਥੇ ਗੁਰੂ ਜੀ ਵੱਲੋਂ ਇਹ ਵਿਚਾਰ ਰੱਦ ਕੀਤਾ ਗਿਆ ਸੀ। ਸਿੱਖਾਂ ਲਈ ਧਰਤੀ ਦਾ ਕੋਈ ਵੀ ਕੋਨਾ ਅਪਵਿੱਤਰ ਨਹੀਂ ਸੀ। ਗੁਰੂ ਜੀ ਵੱਲੋਂ ਘੋੜੇ ਖਰੀਦਣ ਦੀ ਗੱਲ ਨੂੰ ਇਸ ਰੌਸ਼ਨੀ ਵਿਚ ਰੱਖ ਕੇ ਲੈਣਾ ਚਾਹੀਂਦਾ ਹੈ ਨਾ ਕਿ ਵਪਾਰ ਦੇ ਵੱਡੇ ਜਾਂ ਛੋਟੇ ਪੱਧਰ ਵੱਲ ਦੇਖ ਕੇ।
ਅਕਬਰ ਅਤੇ ਗੁਰੂ ਜੀ ਦੀ ਮੁਲਾਕਾਤ 1598 ਈ. :
ਗੁਰਮੁੱਖੀ ਦੀਆਂ ਕੁਝ ਮੁੱਢਲੀਆਂ ਲਿਖਤਾਂ ਵਿਚ ਗੁਰੂ ਜੀ ਅਤੇ ਅਕਬਰ ਬਾਦਸ਼ਾਹ ਦੀ ਮੁਲਾਕਾਤ ਦਾ ਜਿਕਰ ਆਉਂਦਾ ਹੈ। ਕਿਸੇ ਵਿਕਸਤ ਹੋ ਰਹੇ ਸਮਾਜ ਦੇ ਨੇਤਾ ਨਾਲ ਸਮੇਂ ਦੇ ਬਾਦਸ਼ਾਹ ਦੀ ਮੁਲਾਕਾਤ ਨਿਸ਼ਚੇ ਹੀ ਉਸ ਦੇ ਉਚੇਰੇਪਣ ਅਤੇ ਉਸ ਦੀ ਲੀਡਰਸ਼ਿਪ ਦੀ ਯੋਗਤਾ ਦੀ ਪਰਤੀਕ ਮੰਨੀ ਜਾਂਦੀ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਹੇਠ ਸਿੱਖ ਧਰਮ ਬੜੀ ਤੇਜ਼ੀ ਨਾਲ ਫੈਲਦਾ ਜਾ ਰਿਹਾ ਸੀ ਅਜਿਹੇ ਵਿਕਾਸ ਨੂੰ ਸਮੇਂ ਦਾ ਬਾਦਸ਼ਾਹ ਅੱਖੋਂ-ਓਹਲੇ ਵੀ ਨਹੀਂ ਕਰ ਸਕਦਾ ਸੀ । ਸਮਕਾਲੀ ਲੇਖਕ ਸੁਜਾਨ ਰਾਏ ਭੰਡਾਰੀ ਨੇ ਇਸ ਮੁਲਾਕਾਤ ਨੂੰ ਕੁੱਝ ਵਧੇਰੇ ਵਿਸਥਾਰ ਨਾਲ ਇਸ ਤਰ੍ਹਾਂ ਵਰਨਣ ਕੀਤਾ ਹੈ :
“ਜਦ ਅਕਬਰ ਲਾਹੌਰ ਤੋਂ ਦੱਖਣ ਨੂੰ ਤੁਰਿਆ ਤਾਂ ਨਗਰ ਬਟਾਲੇ ਕੋਲ ਪਤਾ ਲੱਗਾ ਕਿ ਅਚੱਲ ਪਿੰਡ ਵਿਚ ਮੁਸਲਮਾਨ ਫ਼ਕੀਰ ਅਤੇ ਹਿੰਦੂ ਸੰਨਿਆਸੀ ਆਪਸ ਵਿਚ ਲੜ ਪਏ। ਫ਼ਕੀਰ ਸੰਨਿਆਸੀਆਂ ਉੱਤੇ ਛਾ ਗਏ ਅਤੇ ਉਨ੍ਹਾਂ ਸਭ ‘ਤੇ ਬੜਾ ਅਤਿਆਚਾਰ ਇਹ ਕੀਤਾ ਕਿ ਉਨ੍ਹਾਂ ਦਾ ਮੰਦਰ ਢਾਹ ਦਿੱਤਾ । ਖਾਨਿਖਾਨਾਂ ਨੂੰ ਫ਼ਕੀਰਾਂ ਦੀ ਵਧੀਕੀ ਦੀ ਖ਼ਬਰ ਮਿਲੀ ਤਾਂ ਇਨਸਾਫ਼ ਨੂੰ ਮੁੱਖ ਰੱਖ ਕੇ ਉਨ੍ਹਾਂ ਵਿਚੋਂ ਬਹੁਤ ਸਾਰਿਆਂ ਨੂੰ ਕੈਦ ਕਰ ਦਿੱਤਾ । ਹੁਕਮ ਦਿੱਤਾ ਕਿ ਢਾਹਿਆ ਹੋਇਆ ਮੰਦਰ ਫਿਰ ਬਣਵਾਇਆ ਜਾਵੇ। ਇੱਥੋਂ ਚਲ ਕੇ ਦਰਿਆ ਬਿਆਸ ਲੰਘ ਕੇ ਬਾਬਾ ਨਾਨਕ ਦੇ ਉੱਤਰਅਧਿਕਾਰੀ ਗੁਰੂ ਅਰਜਨ ਦੇ ਸਥਾਨ ‘ਤੇ ਪਹੁੰਚੇ ਅਤੇ ਬਾਬਾ ਨਾਨਕ ਦੀ ਅਧਿਆਤਮਿਕ ਕਵਿਤਾ ਸੁਣ ਕੇ ਬਹੁਤ ਆਨੰਦਤ ਹੋਏ।
“ਗੁਰੂ ਅਰਜਨ ਦੇਵ ਜੀ ਨੇ ਸਤਿਕਾਰ ਤੇ ਧੰਨਵਾਦ ਦੇ ਤੌਰ ‘ਤੇ ਢੁਕਵੀਂ ਸੁਗਾਤ ਪੇਸ਼ ਕਰਕੇ ਇਹ ਬੇਨਤੀ ਕੀਤੀ ਕਿ ਸ਼ਾਹੀ ਫ਼ੌਜ ਦੇ ਠਹਿਰਾਉ ਦੇ ਕਾਰਣ ਪੰਜਾਬ ਵਿਚ ਅਨਾਜ ਦਾ ਭਾਅ ਮਹਿੰਗਾ ਹੋ ਗਿਆ ਸੀ । ਇਸ ਲਈ ਪਰਗਣਿਆਂ ਦਾ ਲਗਾਨ ਵੱਧ ਗਿਆ ਸੀ । ਹੁਣ ਫ਼ੌਜ ਦੇ ਚਲੇ ਜਾਣ ਦੇ ਕਾਰਣ ਅਨਾਜ ਦਾ ਭਾਅ ਸਸਤਾ ਹੋ ਗਿਆ ਸੀ । ਪਰਜਾ ਇਨਾਂ ਲਗਾਨ ਨਹੀਂ ਦੇ ਸਕੇਗੀ। ਅਕਬਰ ਨੇ ਬੇਨਤੀ ਅਨੁਸਾਰ ਮਾਲ ਦੇ ਅਫ਼ਸਰਾਂ ਨੂੰ ਹੁਕਮ ਦਿੱਤਾ ਕਿ ਲਗਾਨ ਦਾ ਛੇਵਾਂ ਭਾਗ ਮੁਆਫ਼ ਕਰ ਦਿੱਤਾ ਜਾਵੇ ਅਤੇ ਅਹਿਲਕਾਰਾਂ ਨੂੰ ਤਾੜਨਾ ਕਰ ਦਿੱਤੀ ਜਾਵੇ ਕਿ ਪਰਜਾ ਤੋਂ ਲਗਾਨ ਦੇ ਕੇਵਲ 5/6 ਭਾਗ ਲੈਣ ਅਤੇ ਕਿਸਾਨਾਂ ਨਾਲ ਨਰਮੀ ਨਾਲ ਵਰਤਾਉ ਕਰਨ ਕਿਉਂਕਿ ਉਹ ਦੇਸ਼ ਨੂੰ ਸਥਾਪਤੀ ਅਤੇ ਪਕਿਆਈ ਦੇਣ ਦੇ ਜ਼ਿੰਮੇਦਾਰ ਹਨ।”¤
ਮੈਕਾਲਿਫ਼ ਵੀ ਬਦਾਉਨੀ ਦੀ ਲਿਖਤ ਦੇ ਆਧਾਰ ‘ਤੇ ਤਕਰੀਬਨ ਤਕਰੀਬਨ ਇਸੇ ਗੱਲ ਦੀ ਪੁਸ਼ਟੀ ਕਰਦਾ ਹੋਇਆ ਇਸ ਤਰ੍ਹਾਂ ਲਿਖਦਾ ਹੈ : “ਅਜੂਰ ਮਹੀਨੇ ਦੀ ਤੇਰਾਂ ਤਾਰੀਖ਼ ਨੂੰ ਅਕਬਰ ਨੇ ਸ਼ਾਹੀ ਸੈਨਾ ਦੇ ਅਸਲੇ ਸਮੇਤ ਬਿਆਸ ਦਰਿਆ ਪਾਰ ਕੀਤਾ ਅਤੇ ਗੁਰੂ ਅਰਜਨ ਨੂੰ ਮਿਲਣ ਲਈ ਗੋਇੰਦਵਾਲ ਚਲਾ ਗਿਆ, ਜਿੰਨਾਂ ਦੀ ਸਿੱਖਿਆ ਅਤੇ ਚਰਿੱਤਰ ਦਾ ਉਹ ਪਰਸੰਸਕ ਸੀ।”
ਨਿਸ਼ਚੇ ਹੀ ਅਜਿਹੇ ਤੱਥਾਂ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਕਿਸ ਕਦਰ ਆਪਣੇ ਲੋਕਾਂ ਨਾਲ ਜੁੜੇ ਹੋਏ ਸਨ। ਜ਼ਮੀਨ ਦਾ ਲਗਾਨ ਮੁਆਫ਼ ਕਰਵਾਉਣ ਨਾਲ ਗੁਰੂ ਸਾਹਿਬ ਇਕ ਲੋਕ ਨੇਤਾ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੇ ਹਨ । ਪੰਜਾਬ ਦਾ ਮਾਝਾ ਅਤੇ ਮਾਲਵਾ ਖੇਤਰ ਪੂਰੀ ਤਰ੍ਹਾਂ ਉਨ੍ਹਾਂ ਦੇ ਹੁਕਮ ਹੇਠ ਸੀ।
ਗੁਰੂ ਅਰਜਨ ਦੇਵ ਜੀ ਇਕ ਮਹਾਨ ਕਵੀ ਵੀ ਹੋਏ ਹਨ। ਉਨ੍ਹਾਂ ਨੇ ਅਨੇਕਾਂ ਐਸੀਆ ਰਚਨਾਵਾਂ ਰਚੀਆਂ ਹਨ ਜਿਹੜੀਆਂ ਅਧਿਆਤਮਿਕ ਤਾਂ ਹੈਣ ਹੀ ਪਰ ਉਹ ਮਹਾਨ ਅਤੇ ਉੱਚਤਮ ਕਾਵਿਕ ਸ਼ੈਲੀ ਵਾਲੀਆਂ ਵੀ ਹਨ। ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦੀ ਬਾਣੀ ਬਾਕੀ ਗੁਰੂ ਸਾਹਿਬਾਨ ਨਾਲੋਂ ਸਭ ਤੋਂ ਜ਼ਿਆਦਾ ਹੈ। ਉਨ੍ਹਾਂ ਦੀ ਬਾਣੀ 30 ਰਾਗਾਂ ਵਿਚ ਹੈ ਅਤੇ ਵੱਖ ਵੱਖ ਰਚਨਾਵਾਂ ਵਿਚ ਹੈ। ਇਸ ਦਾ ਸੰਖੇਪ ਵੇਰਵਾ ਇਸ ਪਰਕਾਰ ਹੈ: ਕੁਲ ਪਦ-1349, ਅਸਟਪਦੀਆਂ-92, ਸੋਲਹੇ-14, ਛੰਤ-62, ਸਲੋਕ-545, ਪਉੜੀਆਂ-225, ਸਵਯੈ-20 । ਕੁਝ ਰਚਨਾਵਾਂ ਲੰਮੀਆਂ ਹਨ ਅਤੇ ਵਿਸ਼ੇਸ਼ ਨਾਵਾਂ ਦੇ ਹੇਠ ਦਿੱਤੀਆਂ ਗਈਆਂ ਹਨ ਜਿਵੇਂ ਕਿ ਸੁਖਮਨੀ ਸਾਹਿਬ, ਬਾਵਨ ਅੱਖਰੀ, ਬਾਰਹਮਾਹ, ਥਿਤੀ, ਪਹਰੇ, ਦਿਨ-ਰੈਣ, ਬਿਰਹੜੇ, ਗੁਣਵੰਤੀ, ਰੁਤੀ ਅਤੇ ਅੰਜੁਲੀਆਂ। ਵੱਖ ਵੱਖ ਰਾਗਾਂ ਵਿਚ 6 ਵਾਰਾਂ ਹਨ ।
ਇਨ੍ਹਾਂ ਵਿਚੋਂ ਜੋ ਰਚਨਾਵਾਂ ਲੰਮੇ ਆਕਾਰ ਵਾਲੀਆਂ ਹਨ ਉਨ੍ਹਾਂ ਵਿਚ ਮੁੱਖ ਤੌਰ ’ਤੇ ਸੁਖਮਨੀ ਸਾਹਿਬ, ਬਾਵਨ ਅੱਖਰੀ ਅਤੇ ਬਾਰਹਮਾਹ ਹਨ। ਇਨ੍ਹਾਂ ਦਾ ਸੰਖੇਪ ਵੇਰਵਾ ਇਸ ਪਰਕਾਰ ਹੈ : ਵਿਚ ਦਿੱਤੀ ਹੋਈ ਇਹ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਪਰਮੁੱਖ ਰਚਨਾ ਹੈ।
ਸੁਖਮਨੀ ਸਾਹਿਬ :
ਗਉੜੀ ਰਾਗ ਇਹ ਸਾਰੀ ਦੀ ਸਾਰੀ ਹੀ ਅਧਿਆਤਮਕ ਹੈ। ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ ਇਸ ਦੇ ਭਾਵਅਰਥ ਮਨ ਨੂੰ ਸ਼ਾਂਤੀ ਦੇਣ ਵਾਲੇ, ਮਨੁੱਖ ਨੂੰ ਉਸ ਦੇ ਆਪੇ ਦੀ ਸੋਝੀ ਕਰਵਾਉਣ ਵਾਲੇ ਅਤੇ ਮਨੁੱਖ ਦੀਆਂ ਗਿਆਨ ਇੰਦਰੀਆਂ ਨੂੰ ਸੰਸਾਰਿਕ ਲਾਲਸਾਵਾਂ ਤੋਂ ਨਿਰਲੇਪ ਰਹਿਣ ਦੀ ਸਿੱਖਿਆ ਦੇਣ ਵਾਲੇ ਹਨ। ਇਸ ਦੀਆਂ ਕੁਲ 24 ਅਸਟਪਦੀਆਂ ਹਨ। ਹਰ ਇਕ ਅਸਟਪਦੀ ਇਕ ਵੱਖਰੇ ਸੰਕਲਪ ਦੀ ਵਿਆਖਿਆ ਕਰਨ ਵਾਲੀ ਹੈ। ਹਰ ਅਸਟਪਦੀ ਦੇ ਮੁੱਢ ਵਿਚ ਇਕ ਸਲੋਕ ਦਿੱਤਾ ਗਿਆ ਹੈ ਜਿਹੜਾ ਉਸ ਅਸਟਪਦੀ ਦੇ ਸਮੁੱਚੇ ਭਾਵ ਨੂੰ ਦਰਸਾਉਂਦਾ ਹੈ। ਕੁਝ ਇਕ ਅਸਟਪਪਦੀਆਂ ਅੱਗੇ ਇਕ ਤੋਂ ਵੱਧ ਸਲੋਕ ਵੀ ਦਿੱਤੇ ਗਏ ਹਨ। ਹਰ ਅਸਟਪਦੀ ਵਿਚ ਅੱਠ ਅੱਠ ਪਾਉੜੀਆਂ (ਬੰਦ) ਹਨ ਅਤੇ ਹਰ ਪਾਉੜੀ (ਬੰਦ) ਦਸ ਦਸ ਤੁਕਾਂ ਦੀ ਹੈ। ਗੁਰੂ ਜੀ ਦੀਆਂ ਰਚਨਾਵਾਂ ਦਾ ਬਿਰਤਾਂਤ ਦੇਣ ਸਮੇਂ ਭਾਵੇਂ ਸੁਖਮਨੀ ਸਾਹਿਬ ਦਾ ਵਰਨਣ ਸਭ ਤੋਂ ਪਹਿਲਾਂ ਦਿੱਤਾ ਜਾਂਦਾ ਹੈ। ਪਰ ਇਸ ਦੀ ਰਚਨਾ ਆਮ ਤੌਰ ‘ਤੇ ਗੁਰੂ ਜੀ ਦੀ ਉਮਰ ਦੇ ਅਖ਼ੀਰਲੇ ਸਾਲਾਂ ਵਿਚ ਹੋਈ ਮੰਨੀ ਗਈ ਹੈ। ਕਿਉਂਕਿ ਇਸ ਵਿਚ ਅਧਿਆਤਮਿਕ ਗੁਣਾਂ ਨੂੰ ਐਸੀ ਸੰਖੇਪਤਾ ਨਾਲ ਅਤੇ ਉੱਚ-ਕੋਟੀ ਦੀ ਸੰਕੋਚਵੀਂ ਬੌਧਿਕਤਾ ਨਾਲ ਵਿਆਖਿਆ ਗਿਆ ਹੈ ਕਿ ਇਹ ਬਾਣੀ ਗੁਰੂ ਜੀ ਦੀ ਬੌਧਿਕਤਾ ਦੀ ਸਿਖਰ ਮੰਨੀ ਗਈ ਹੈ। ਇਸ ਦੀ ਭਾਸ਼ਾ ਬਹੁਤ ਹੀ ਸਰਲ ਪੰਜਾਬੀ ਹੈ। ਇਸ ਦੀ ਰਵਾਨਗੀ ਇਕਸੁਰਤਾ ਅਤੇ ਇਕਸਾਰਤਾ ਵਾਲੀ ਹੈ। ਸਰਲ ਇਤਨੀ ਹੈ ਕਿ ਜੇਕਰ ਇਸ ਨੂੰ ਪੰਜ-ਛੇ ਵਾਰ ਚੰਗੀ ਤਰ੍ਹਾਂ ਸਮਝ ਕੇ ਅਤੇ ਧਿਆਨ ਨਾਲ ਪੜ੍ਹ ਲਿਆ ਜਾਵੇ ਤਾਂ ਇਹ ਜ਼ਬਾਨੀ ਹੀ ਯਾਦ ਹੋ ਜਾਂਦੀ ਹੈ । ਸਾਧਾਰਨ ਤੋਂ ਸਾਧਾਰਨ ਬੁੱਧੀ ਵਾਲਾ ਪਾਠਕ ਵੀ ਇਸ ਦੇ ਭਾਵ ਨੂੰ ਸਮਝ ਸਕਦਾ ਹੈ। ਇਹੀ ਬੌਧਿਕਤਾ ਵਾਲਾ ਗੁਣ ਹੈ ਜੋ ਗੁਰੂ ਜੀ ਨੇ ਇਸ ਰਚਨਾ ਰਾਹੀਂ ਪਰਗਟ ਕੀਤਾ ਹੈ। ਇਹ ਗੁਰੂ ਗ੍ਰੰਥ ਸਾਹਿਬ ਵਿਚ ਪੰਨਾ ੨੬੨ ਤੋਂ ਲੈ ਕੇ ੨੯੬ ਤੱਕ ਹੈ।
ਬਾਵਨ ਅੱਖਰੀ :
ਗੁਰੂ ਅਰਜਨ ਦੇਵ ਜੀ ਦੀ ਦੂਜੀ ਲੰਮੀ ਰਚਨਾ ਬਾਵਨ ਅੱਖਰੀ ਹੈ। ਇਸ ਵਿਚ ਕੁਲ 55 ਸਲੋਕ ਅਤੇ ਪਉੜੀਆਂ ਹਨ । ਇਕ ਸਲੋਕ, ਇਸ ਬਾਣੀ ਦੇ ਮੁੱਢ ਵਿਚ ਅਤੇ ਅਖ਼ੀਰ ਵਿਚ ਦੋ ਵਾਰ ਦਿੱਤਾ ਗਿਆ ਹੈ ਅਤੇ ਦੋਵੇਂ ਵਾਰ ਹੀ ਇਸ ਨੂੰ ਪੜ੍ਹਨ ਦੀ ਹਦਾਇਤ ਹੈ। ਜਿਵੇਂ ਕਿ ਨਾਂ ਤੋਂ ਸਪਸ਼ਟ ਹੈ ਕਿ ਇਹ ਰਚਨਾ ਗੁਰਮੁੱਖੀ ਦੇ 52 ਅੱਖਰਾਂ ਵਾਲੀ ਹੈ। 52 ਦੀ ਗਿਣਤੀ ਧੁਨੀਆਂ ਜਾਂ ਆਵਾਜ਼ਾਂ ਸ਼ਾਮਲ ਕਰਕੇ ਤਾਂ ਭਾਵੇਂ ਪੂਰੀ ਹੋ ਜਾਂਦੀ ਹੋਵੇ ਪਰ ਜਿਥੋਂ ਤੱਕ ਅੱਖਰਾਂ ਦੀ ਗਿਣਤੀ ਦਾ ਸਵਾਲ ਹੈ ਇਹ 35 ਹੀ ਹਨ । ਭਾਵੇਂ ਗੁਰਮੁਖੀ ਦੀ ਪੈਂਤੀ ਅਨੁਸਾਰ, ਇਸ ਰਚਨਾ ਵਿਚਲੇ ਅੱਖਰਾਂ ਦੀ ਤਰਤੀਬ ਨਹੀਂ ਹੈ। ਕਿਉਂਕਿ ਧਧਾ, ਙੰਙਾ ਅਤੇ ਲੱਲਾ ਅੱਖਰ ਰਚਨਾ ਦੇ ਮੁੱਢ ਵਿਚ ਦਿੱਤੇ ਗਏ ਹਨ ਅਤੇ ਲੱਲਾ, ਅ, ਹ ਆਦਿ ਅੱਖਰ ਅਖ਼ੀਰ ਵਿਚ ਦਿੱਤੇ ਗਏ ਹਨ। ਕਈ ਅੱਖਰ ਇਕ ਤੋਂ ਵੱਧ ਵਾਰ ਦਿੱਤੇ ਗਏ ਹਨ ਜਿਵੇਂ ਯਯਾ, ਧਧਾ, ਖਖਾ, ਲਲਾ ਆਦਿ। ਇਸ ਰਚਨਾ ਦੀ ਖੂਬਸੂਰਤੀ ਇਕ ਇਹ ਵੀ ਹੈ ਕਿ ਗੁਰਮੁਖੀ ਦੇ ਪੈਂਤੀ ਅੱਖਰਾਂ ਵਿਚੋਂ ਅਜਿਹੇ ਅੱਖਰਾਂ ਨੂੰ ਵੀ ਇਤਨੀ ਬਾਖੂਬੀ ਨਾਲ ਵਰਤਿਆ ਗਿਆ ਹੈ ਜਿਨ੍ਹਾਂ ਦੀ ਆਮ ਪੰਜਾਬੀ ਬੋਲ-ਚਾਲ ਵਿਚ ਵਰਤੋਂ ਨਹੀਂ ਹੁੰਦੀ ਜਿਵੇਂ ਕਿ ਙੰਙਾ ਅਤੇ ਵੰਞਾ ਅੱਖਰ ਹਨ। ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਅੱਖਰਾਂ ਨੂੰ ਸ਼ਬਦ ਬਣਤਰ ਵਿਚ ਸ਼ਾਮਲ ਕਰਕੇ ਇਕ ਕਰਿਸ਼ਮਾ ਕਰ ਵਿਖਾਇਆ ਹੈ। ਜਿਵੇਂ ਙਣਿ, ਙਿਆਨੀ, ਬ੍ਰਾਸੈ, ਙਣਤੀ, ਙਣੀ, ਞਾਣਹੁ, ਞਤਨ ਆਦਿ । ਇਥੋਂ ਤੱਕ ਕਿ ੜਾੜਾ ਅੱਖਰ ਤੋਂ ਵੀ ਅਜਿਹੇ ਸ਼ਬਦ ਬਣਾਏ ਹਨ ਜਿਹੜੇ ਸਿਰਫ਼ ਪਹਿਲੀ ਵਾਰ ਹੀ ਵਰਤੋਂ ਵਿਚ ਆਏ ਹਨ ਜਿਵੇਂ ਕਿ ੜਾੜਿ ਆਦਿ । ਇਸ ਤਰ੍ਹਾਂ ਬਾਵਨ ਅੱਖਰੀ ਵੀ ਗੁਰੂ ਨਾਨਕ ਦੇਵ ਜੀ ਦੀ ‘ਪਟੀ’ ਵਾਂਗ ਪੰਜਾਬੀ ਬੋਲੀ ਦੀਆਂ ਆਵਾਜਾਂ ਨੂੰ ਗੁਰਮੁਖੀ ਲਿਪੀ ਵਿਚ ਲਿਖ ਕੇ ਦਰਸਾਉਣ ਵਾਲੀ ਰਚਨਾ ਹੈ । ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦੇ ਪੰਨਾ 250 ਤੋਂ ਲੈ ਕੇ 262 ਤੱਕ ਹੈ ।
ਬਾਰਹਮਾਹਾ :
ਰਾਗ ਮਾਝ ਵਿਚ, ਤੀਸਰੀ ਲੰਮੀ ਬਾਣੀ, ਗੁਰੂ ਅਰਜਨ ਦੇਵ ਜੀ ਦੀ ਬਾਰਹ ਮਾਹਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੩ ਤੋਂ ਲੈ ਕੇ ਪੰਨਾ ੧੩੬ ਤੱਕ ਹੈ। ਇਸ ਦੇ ਕੁੱਲ 14 ਬੰਦ ਹਨ । ਪਹਿਲਾ ਅਤੇ ਅਖੀਰਲਾ ਬੰਦ ਆਮ ਵਿਚਾਰ ਵਾਲਾ ਹੈ ਜਦੋਂ ਕਿ ਦੂਜੇ ਤੋਂ ਲੈ ਕੇ ਤੇਰਵੇਂ ਬੰਦ ਵਿਚ ਸਾਲ ਦੇ ਬਾਰਾਂ ਮਹੀਨਿਆਂ ਬਾਰੇ ਸਿੱਖ ਵਿਚਾਰ ਪੇਸ਼ ਕੀਤਾ ਗਿਆ ਹੈ। ਗੁਰੂ ਸਾਹਬ ਨੇ ਹਰ ਮਹੀਨੇ ਦੇ ਭਾਵ ਨੂੰ, ਉਸ ਪਰਭਾਵ ਅਨੁਸਾਰ ਪਰਭਾਵਤ ਹੋਈ ਇਨਸਾਨੀ ਸੋਚ ਨੂੰ ਬੜੇ ਹੀ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ। ਮੁੱਖ ਤੌਰ ‘ਤੇ ਜੋਰ ਇਸ ਗੱਲ ‘ਤੇ ਦਿੱਤਾ ਗਿਆ ਹੈ ਕਿ ਮੌਸਮ ਜਾਂ ਰੁੱਤ ਭਾਵੇਂ ਕਿਹੋ ਜਿਹੀ ਵੀ ਹੋਵੇ ਪਰ ਇਨਸਾਨੀ ਮਨ ਨੂੰ ਹਮੇਸ਼ਾਂ ਵਾਹਿਗੁਰੂ ਦੇ ਹੁਕਮ ਵਿਚ ਰਹਿਣਾ ਚਾਹੀਂਦਾ ਹੈ ਅਤੇ ਉਸ ਦੇ ਸਿਮਰਨ ਵਿਚ ਲੀਨ ਹੋਇਆ ਰਹਿਣਾ ਚਾਹੀਂਦਾ ਹੈ। ਅਜਿਹੇ ਵਿਅਕਤੀ ਲਈ ਹਰ ਮਹੀਨਾ ਹੀ ਖੁਸ਼ੀਆਂ ਭਰਿਆ ਹੈ ਅਤੇ ਹਰ ਰੁੱਤ ਸੁਹਾਵਣੀ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ :
ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਸੰਪਾਦਨਾ ਕਰਕੇ ਗੁਰੂ ਅਰਜਨ ਦੇਵ ਜੀ ਨੇ ਸਿੱਖ ਸਮਾਜ ਨੂੰ ਇਕ ਐਸੀ ਦੇਣ ਦਿੱਤੀ ਜਿਸ ਨੇ ਇਸ ਦੀ ਵੱਖਰੀ ਅਤੇ ਵਿਸ਼ੇਸ਼ ਹੋਂਦ ਬਣਾ ਦਿੱਤੀ ਸੀ । ਇਹ ਕੰਮ ਗੁਰੂ ਜੀ ਨੇ ਆਪਣੀ ਉਮਰ ਦੇ ਅਖੀਰਲੇ ਸਾਲਾਂ ਵਿਚ ਕੀਤਾ। ਭਾਵੇਂ ਪਹਿਲੇ ਗੁਰੂ ਸਾਹਿਬਾਨ ਵੱਲੋਂ ਵੀ ਆਪਣੇ ਆਪਣੇ ਸਮੇਂ ਉਨ੍ਹਾਂ ਨੂੰ ਵਿਰਸੇ ਵਿਚ ਮਿਲੀ ਬਾਣੀ ਨੂੰ ਇਕ ਪੋਥੀ ਦਾ ਰੂਪ ਦੇ ਕੇ ਸੰਭਾਲ ਕੇ ਰੱਖਿਆ ਸੀ । ਜਿਵੇਂ ਕਿ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨੂੰ ਸੰਭਾਲ ਕੇ ਰੱਖਿਆ ਸੀ । ਫਿਰ ਇਹੀ ਪੋਥੀ ਗੁਰੂ ਅਮਰ ਦਾਸ ਜੀ ਨੂੰ ਵਿਰਸੇ ਦੇ ਤੌਰ ‘ਤੇ ਪਰਾਪਤ ਹੋਈ ਅਤੇ ਉਨ੍ਹਾਂ ਨੇ ਆਪਣੇ ਤੋਰ ‘ਤੇ ਕੱਚੀ ਅਤੇ ਪੱਕੀ ਬਾਣੀ ਦਾ ਨਿਤਾਰਾ ਕਰਕੇ ਪੋਥੀ ਦੀ ਰਚਨਾ ਕੀਤੀ। ਗੁਰੂ ਅਮਰ ਦਾਸ ਜੀ ਵੱਲੋਂ ਸੱਚੀ ਬਾਣੀ ਦੀ ਸੰਭਾਲ ਗੁਰੂ ਰਾਮ ਦਾਸ ਜੀ ਨੂੰ ਪਰਾਪਤ ਹੋਈ। ਉਨ੍ਹਾਂ ਨੇ ਆਪਣੀ ਬਾਣੀ ਵਿਚ ਗੁਰੂ ਅਮਰ ਦਾਸ ਜੀ ਦੀਆਂ ਜੀਵਨ ਘਟਨਾਵਾਂ ਨੂੰ ਦਰਜ ਕੀਤਾ ਅਤੇ ਇਹ ਸਮੁੱਚੀ ਬਾਣੀ ਗੁਰੂ ਅਰਜਨ ਦੇਵ ਜੀ ਨੂੰ ਪਰਾਪਤ ਹੋਈ ।

ਬਾਣੀ ਜਾਂ ਪੋਥੀ ਪਿਤਾ-ਪੁਰਖੀ ਜਾਇਦਾਦ ਨਹੀਂ ਸੀ ਜਿਹੜੀ ਕਿ ਗੁਰੂ ਜੀ ਦੇ ਪੁੱਤਰਾਂ ਵਿਚ ਵੰਡੀ ਜਾ ਸਕਦੀ ਹੋਵੇ। ਇਹ ਤਾਂ ਸਮੁੱਚੀ ਸੰਗਤ ਦੀ ਅਮਾਨਤ ਸੀ ਇਸ ਲਈ ਜਦੋਂ ਪਹਿਲੇ ਗੁਰੂ ਵੱਲੋਂ ਅਗਲੇ ਉੱਤਰਅਧਿਕਾਰੀ ਨੂੰ ਗੁਰਗੱਦੀ ਦਿੱਤੀ ਜਾਂਦੀ ਸੀ ਤਾਂ ਇਹ ਬਾਣੀ ਜਾਂ ਲਿਖਤੀ ਪੋਥੀ ਵੀ ਉਸੇ ਨੂੰ ਸੌਂਪੀ ਜਾਂਦੀ ਸੀ । ਗੁਰੂ ਅਰਜਨ ਦੇਵ ਜੀ ਨੇ ਵਿਸ਼ੇਸ਼ਤਾ ਵਾਲਾ ਕੰਮ ਇਹ ਕੀਤਾ ਸੀ ਕਿ ਇਕ ਤਾਂ ਉਨ੍ਹਾਂ ਨੇ ਅਧਿਆਤਮਕ ਖੇਤਰ ਦੇ ਹਰ ਪੱਖ ਬਾਰੇ ਆਪਣੀ ਵਿਸ਼ਾਲ ਰਚਨਾ ਰਚੀ ਅਤੇ ਦੂਜਾ, ਸਾਰੀ ਬਾਣੀ ਨੂੰ, ਪਹਿਲੇ ਗੁਰੂ ਸਾਹਿਬਾਨ ਦੀ ਅਤੇ ਆਪਣੀ ਵੀ, ਰਾਗਾਂ ਵਿਚ ਅਤੇ ਸਿਲਸਿਲੇਵਾਰ ਦਰਜ ਕੀਤਾ । ਵਰਤਮਾਨ ਗੁਰੂ ਗ੍ਰੰਥ ਸਾਹਿਬ ਵਿਚਲੀ ਦਰਜ ਬਾਣੀ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਕੁਲ 976 ਸ਼ਬਦ ਹਨ, ਗੁਰੂ ਅੰਗਦ ਦੇਵ ਜੀ ਦੇ 61, ਗੁਰੂ ਅਮਰਦਾਸ ਜੀ ਦੇ 907 ਅਤੇ ਗੁਰੂ ਰਾਮ ਦਾਸ ਜੀ ਦੇ 679 ਹਨ। ਗੁਰੂ ਅਰਜਨ ਦੇਵ ਜੀ ਦੇ ਇਕੱਲਿਆਂ ਦੇ 2216 ਸ਼ਬਦ ਅਤੇ 116 ਸਲੋਕ ਹਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪਹਿਲੇ ਚਾਰੇ ਗੁਰੂ ਸਾਹਿਬਾਨ ਦੀ ਸਮੁੱਚੀ ਬਾਣੀ ਨਾਲੋਂ ਵੀ ਜਿਆਦਾ ਬਾਣੀ ਇਕੱਲੇ ਗੁਰੂ ਅਰਜਨ ਦੇਵ ਜੀ ਦੀ ਹੈ। ਪਹਿਲੇ ਚਾਰ ਗੁਰੂ ਸਾਹਿਬਾਨ ਦੀ ਸਮੁੱਚੀ ਪੋਥੀ ਦਾ ਆਕਾਰ ਜਿਆਦਾ ਵੱਡਾ ਨਹੀਂ ਸੀ ਪਰ ਗੁਰੂ ਅਰਜਨ ਦੇਵ ਜੀ ਦੀ ਵਿਸ਼ਾਲ ਬਾਣੀ ਨਾਲ ਅਤੇ ਹੋਰ ਭਗਤਾਂ, ਭੱਟਾਂ ਅਤੇ ਸਤਾ ਬਲਵੰਡ ਦੀਆਂ ਰਚਨਾਵਾਂ ਨਾਲ ਇਸ ਦਾ ਆਕਾਰ ਬਹੁਤ ਵੱਡਾ ਹੋ ਗਿਆ ਸੀ । ਇਸ ਲਈ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਇਕ ਪੂਰੇ ਗਰੰਥ ਦਾ ਰੂਪ ਦੇ ਕੇ ਸਿੱਖ ਸਮਾਜ ਲਈ ਇਕ ਬਾਕਾਇਦਾ ਪੜੀ ਜਾਣ ਵਾਲੀ ਪਵਿੱਤਰ ਪੁਸਤਕ ਬਣਾ ਦਿੱਤੀ । ਕਿਉਂਕਿ ਇਹ ਸਾਰੀ ਬਾਣੀ ਗੁਰੂ ਸਾਹਿਬਾਨ ਦੀ ਉਸੇ ਸਿੱਖਿਆ ਦਾ ਲਿਖਤੀ ਰੂਪ ਸੀ ਜਿਹੜੀ ਉਨ੍ਹਾਂ ਨੇ ਵੱਖ ਵੱਖ ਥਾਵਾਂ ‘ਤੇ ਲੋਕਾਂ ਵਿਚ ਪਰਚਾਰਨ ਦੀ ਕੋਸ਼ਿਸ਼ ਕੀਤੀ ਸੀ ਇਸ ਲਈ ਹਰ ਸਿੱਖ ਲਈ ਇਹ ਸਿੱਖਿਆ ਇਕ ਰੱਬੀ ਹੁਕਮ ਦੇ ਬਰਾਬਰ ਸੀ। ਇਸ ਰੱਬੀ ਹੁਕਮ ਦੀ ਭਾਵਨਾ ਹੇਠ ਹਰ ਸਿੱਖ ਇਸ ਨੂੰ ਆਪਣੇ ਗੁਰੂ ਦੇ ਹੁਕਮ ਮੰਨਣ ਲੱਗ ਪਿਆ ਸੀ । ਇਸ ਤਰ੍ਹਾਂ ਇਹ ਗ੍ਰੰਥ ਸਿੱਖਾਂ ਲਈ ਇਕ ਗੁਰੂ ਦੇ ਦਰਜੇ ਵਾਂਗ ਉਭਰ ਕੇ ਸਾਹਮਣੇ ਆਇਆ।

ਹੀ ਇਹ ਕੰਮ ਬਹੁਤ ਵਿਸ਼ਾਲ ਸੀ । ਇਸ ਕਰਕੇ ਇਹ ਕਠਨ ਵੀ ਸੀ ਅਤੇ ਲੰਮੇਂ ਸਮੇਂ ਵਾਲਾ ਵੀ ਸੀ । ਇਸ ਨੂੰ ਮੁੱਢਲੇ ਤੌਰ ‘ਤੇ ਆਦਿ ਗ੍ਰੰਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜਿਸ ਦਾ ਭਾਵ ਸੀ ਕਿ ਇਹ ਗ੍ਰੰਥ ਸਿੱਖਾਂ ਲਈ ਸਭ ਤੋਂ ਪਹਿਲਾ ਗ੍ਰੰਥ ਹੈ। ਸਿੱਖਾਂ ਪਾਸ ਇਸ ਤੋਂ ਪਹਿਲਾਂ ਹੋਰ ਕੋਈ ਗ੍ਰੰਥ ਨਹੀਂ ਸੀ ਜਿਸ ਨੂੰ ਉਹ ਆਪਣੀ ਧਾਰਮਿਕ ਵਿਚਾਰਧਾਰਾ ਦੇ ਤੌਰ ‘ਤੇ ਮੰਨਦੇ ਹੋਣ। ਇਸ ਦੀ ਸੰਪੂਰਨਤਾ ਜੁਲਾਈ, 1604 ਈ. ਵਿਚ ਹੋਈ। ਗ੍ਰੰਥ ਦੀ ਵਿਸ਼ਾਲਤਾ ਵੱਲ ਦੇਖ ਕੇ ਅਤੇ ਇਸ ਦੀ ਅਤੀ ਬਰੀਕੀ ਵਾਲੇ ਕੰਮਾਂ ਨੂੰ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਇਹ ਕੰਮ ਕਾਫ਼ੀ ਲੰਮੇ ਸਮੇਂ ਤੋਂ ਸ਼ੁਰੂ ਕੀਤਾ ਹੋਇਆ ਸੀ । ਛਾਣਬੀਣ ਕਰਨ ਦਾ ਅਤੇ ਸੋਧਣ ਦਾ ਕੰਮ ਗੁਰੂ ਅਰਜਨ ਦੇਵ ਜੀ ਨੇ ਆਪ ਕੀਤਾ ਅਤੇ ਲਿਖਣ ਦਾ ਕੰਮ ਭਾਈ ਗੁਰਦਾਸ ਜੀ ਨੇ ਕੀਤਾ।

ਸੰਪਾਦਨਾ ਸੰਪੂਰਣ ਹੋਣ ਉਪਰੰਤ ਇਸ ਆਦਿ ਗ੍ਰੰਥ ਵਿਚ ਜਿਸ ਬਾਣੀ ਨੂੰ ਸ਼ਾਮਲ ਕੀਤਾ ਗਿਆ ਹੈ ਉਸ ਦੀ ਤਰਤੀਬ ਇਸ ਤਰ੍ਹਾਂ ਹੈ। ਸਭ ਤੋਂ ਪਹਿਲਾਂ ਸਾਰੀ ਬਾਣੀ ਦੀ ਰਾਗਾਂ ਵਿਚ ਵੰਡ ਕੀਤੀ ਗਈ । ਕੁਲ 30 ਰਾਗ ਇਸ ਵਿਚ ਦਿੱਤੇ ਗਏ ਸਨ । ਇਹ 30 ਰਾਗ ਹਨ: 1. ਸਿਰੀ ਰਾਗ 2. ਮਾਝ ਰਾਗ 3. ਗਉੜੀ 4. ਆਸਾ 5. ਗੁਜਰੀ 6. ਦੇਵ-ਗੰਧਾਰੀ 7. ਬਿਹਾਗੜਾ 8. ਵਡਹੰਸ 9. ਸੋਰਠਿ 10. ਧਨਾਸਰੀ 11. ਜੈਤਸਰੀ 12. ਟੋਡੀ 13. ਬੈਰਾੜੀ 14. ਤਿਲੰਗ 15. ਸੂਹੀ 16. ਬਿਲਾਵਲ 17. ਗੌਂਡ 18. ਰਾਮਕਲੀ 19. ਨਟ ਨਾਰਾਇਣ 20. ਮਾਲੀ ਗਉੜਾ 21. ਮਾਰੂ 22. ਤੁਖਾਰੀ 23. ਕੇਦਾਰਾ 24. ਭੈਰਉ 25. ਬਸੰਤ 26. ਸਾਰੰਗ 27. ਮਲਾਰ 28. ਕਾਨੜਾ 29. ਕਲਿਆਣ 30. ਪ੍ਰਭਾਤੀ। ਜਿਹੜੀ ਬਾਣੀ ਰਾਗਾਂ ਦੇ ਜਾਬਤੇ ਵਿਚ ਨਹੀਂ ਆ ਸਕੀ ਉਸ ਨੂੰ ਪਹਿਲਾਂ ਅਤੇ ਕੁਝ ਅਖ਼ੀਰ ‘ਤੇ ਦਿੱਤਾ ਗਿਆ ਹੈ । ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਰਚਨਾ ਜਪੁਜੀ ਸਾਹਿਬ ਦਿੱਤਾ ਗਿਆ ਹੈ। ਇਹ ਬਾਣੀ ਸਾਰੇ ਆਦਿ ਗ੍ਰੰਥ ਦਾ ਇਕ ਕਿਸਮ ਦਾ ਸੰਖੇਪ ਸਾਰ ਹੈ ਜਿਸ ਨੂੰ ਸਮੁੱਚੀ ਗੁਰਬਾਣੀ ਦੀ ਭੂਮਿਕਾ ਵੀ ਕਿਹਾ ਜਾ ਸਕਦਾ ਹੈ।
ਹਰ ਰਾਗ ਵਿਚ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ, ਫਿਰ ਗੁਰੂ ਅੰਗਦ ਦੇਵ ਜੀ ਦੀ, ਫਿਰ ਗੁਰੂ ਅਮਰਦਾਸ ਜੀ ਦੀ, ਫਿਰ ਗੁਰੂ ਰਾਮ ਦਾਸ ਜੀ ਦੀ ਅਤੇ ਫਿਰ ਗੁਰੂ ਅਰਜਨ ਦੇਵ ਜੀ ਦੀ ਹੈ । ਇਨ੍ਹਾਂ ਨੂੰ ਕਰਮਵਾਰ ਮਹਲਾ 1, ਮਹਲਾ 2, ਮਹਲਾ 3, ਮਹਲਾ 4 ਅਤੇ ਮਹਲਾ 5 ਦੇ ਪਰਤੀਕਾਤਮਕ ਸ਼ਬਦਾਂ ਨਾਲ ਦਰਸਾਇਆ ਗਿਆ ਹੈ । ਫਿਰ ਭਗਤਾਂ ਦੀ ਬਾਣੀ ਉਨ੍ਹਾਂ ਦੇ ਆਪਣੇ ਸਮੇਂ ਅਨੁਸਾਰ ਦਿੱਤੀ ਗਈ ਹੈ ਜਿਨ੍ਹਾਂ ਭਗਤਾਂ ਦੀ ਬਾਣੀ ਆਦਿ ਗ੍ਰੰਥ ਵਿਚ ਸ਼ਾਮਲ ਕੀਤੀ ਗਈ ਹੈ ਉਨ੍ਹਾਂ ਦੇ ਕਰਮਵਾਰ ਨਾਂ ਇਸ ਤਰ੍ਹਾਂ ਹਨ : ਕਬੀਰ, ਨਾਮਦੇਵ, ਰਵਿਦਾਸ, ਰਾਮਾਨੰਦ, ਜੈਦੇਵ, ਤ੍ਰਿਲੋਚਨ, ਧੰਨਾ, ਸੈਣ, ਪੀਪਾ, ਭੀਖਣ, ਸਧਨਾ, ਪਰਮਾਨੰਦ, ਸੂਰਦਾਸ, ਬੈਣੀ, ਫਰੀਦ। ਕੁਝ ਭੱਟਾਂ ਦੀਆਂ ਰਚਨਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਸਤਾ ਅਤੇ ਬਲਵੰਡ ਡੂਮ ਵੀ ਸ਼ਾਮਲ ਹਨ। ਤਿੰਨ ਕੁ ਸਲੋਕ ਭਾਈ ਮਰਦਾਨਾ ਜੀ ਦੇ ਵੀ ਦਿੱਤੇ ਗਏ ਹਨ । ਜਿਹੜੀਆਂ ਵਾਰਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਵਿਚੋਂ ਕੁਝ ਦੀਆਂ ਧੁਨੀਆਂ ਵੀ ਦਰਜ ਕੀਤੀਆਂ ਗਈਆਂ ਹਨ। ਬਿਲਕੁੱਲ ਅਖ਼ੀਰ ‘ਤੇ ਮੁੰਦਾਵਣੀ ਸ਼ਬਦ ਨਾਲ ਸਮੁੱਚੀ ਬਾਣੀ ਦੀ ਸੰਪੂਰਣਤਾ ਦੀ ਸਮਾਪਤੀ ਕੀਤੀ ਗਈ ਹੈ। ਮੁੰਦਾਵਣੀ ਸ਼ਬਦ ਤੋਂ ਪਿੱਛੋਂ ਰਾਗਮਾਲਾ ਦਿੱਤੀ ਗਈ ਹੈ। ਇਸ ਬਾਰੇ ਸਿੱਖ ਵਿਦਵਾਨਾਂ ਵਿਚ ਇਕ ਮੱਤ ਨਹੀਂ ਹੈ ਪਰ ਜਾਪਦਾ ਹੈ ਕਿ ਇਹ ਰਚਨਾ ਗੁਰੂ ਗ੍ਰੰਥ ਸਾਹਿਬ ਵਿਚ ਦਿੱਤੇ ਗਏ ਰਾਗਾਂ ਦੀ ਜਾਣਕਾਰੀ ਦੇਣ ਵਾਲੀ ਹੈ । ਇਸ ਨੂੰ ਆਦਿ ਗ੍ਰੰਥ ਦਾ ਅਟੁੱਟ ਹਿੱਸਾ ਹੀ ਮੰਨਣਾ ਚਾਹੀਂਦਾ ਹੈ ।
ਇੱਥੇ ਇਹ ਗੱਲ ਚੇਤੇ ਰਹਿਣੀ ਚਾਹੀਦੀ ਹੈ ਕਿ ਇਹ ਸੰਪਾਦਨਾ ਪਹਿਲੀ ਸੰਪਾਦਨਾ ਸੀ । ਇਸ ਵਿਚ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਸ਼ਾਮਲ ਨਹੀਂ ਸੀ । ਇਨ੍ਹਾਂ ਦੀ ਬਾਣੀ ਦੂਜੀ ਸੰਪਾਦਨਾ ਵੇਲੇ ਸ਼ਾਮਲ ਕੀਤੀ ਗਈ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੁਆਰਾ ਲਿਖਵਾ ਕੇ 1706 ਈ. ਵਿਚ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਖੇ ਕੀਤੀ ਸੀ । ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਇਕ ਪਰਮਾਣੀਕ ਗ੍ਰੰਥ ਤਿਆਰ ਕਰਵਾ ਕੇ, ਇਸ ਦੇ ਪਾਠ ਲਈ, ਇਸ ਨੂੰ ਸਿਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਪਰਕਾਸ਼ ਕੀਤਾ । ਬਾਬਾ ਬੁੱਢਾ ਜੀ ਨੂੰ ਮੁੱਖ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ । ਗੁਰੂ ਜੀ ਵੱਲੋਂ ਭਾਈ ਗੁਰਦਾਸ ਜੀ ਦੁਆਰਾ ਤਿਆਰ ਕਰਵਾਏ ਗਏ ਗ੍ਰੰਥ ਤੋਂ ਬਿਨਾਂ ਹੋਰ ਸਭ ਗ੍ਰੰਥ ਅਤੇ ਬੀੜਾਂ ਮੰਨਣ ਯੋਗ ਨਹੀਂ ਹਨ। ਬਾਅਦ ਵਿਚ ਕਈ ਐਸੀਆਂ ਬੀੜਾਂ ਵੀ ਪਰਚਲਤ ਹੋ ਗਈਆਂ ਸਨ ਜਿਹੜੀਆਂ ਪਰਮਾਣੀਕ ਨਹੀਂ ਸਨ ਸਗੋਂ ਇਸ ਆਦਿ ਗ੍ਰੰਥ ਦੀ ਧੋਖੇ ਨਾਲ ਕੀਤੀ ਗਈ ਨਕਲ ਸਨ । ਇਹ ਨਕਲਾਂ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਵੀ ਕੀਤੀਆਂ ਗਈਆਂ ਸਨ ਅਤੇ ਗੁਰੂ ਘਰ ਵਿਚ ਰਹਿਣ ਵਾਲੇ ਵਿਅਕਤੀਆਂ ਵੱਲੋਂ ਵੀ ਕੀਤੀਆਂ ਗਈਆਂ ਸਨ।
ਮਹੱਤਤਾ:
ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਨਾਲ ਇਸ ਗੱਲ ਦਾ ਨਿਸਤਾਰਾ ਹੋ ਗਿਆ ਕਿ ਸਿੱਖਾਂ ਦੇ ਪੜ੍ਹਨ ਲਈ ਸੱਚੀ ਬਾਣੀ ਕਿਹੜੀ ਹੈ। ਗੁਰੂ ਅਰਜਨ ਦੇਵ ਜੀ ਦੇ ਸਮੇਂ ਉਨ੍ਹਾਂ ਦੇ ਮੁੱਖ ਵਿਰੋਧੀ ਪਿਰਥੀ ਚੰਦ ਦਾ ਸਪੁੱਤਰ ਮਿਹਰਬਾਨ ਆਪਣੀ ਵੱਖਰੀ ਬਾਣੀ ਰਚ ਕੇ ਸਿੱਖ ਸੰਗਤਾਂ ਵਿਚ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ । ਉਸ ਨੇ ਕਈ ਰਚਨਾਵਾਂ ਗੁਰੂ ਅਰਜਨ ਦੇਵ ਜੀ ਦੀਆਂ ਰਚਨਾਵਾਂ ਦੇ ਬਰਾਬਰ ਉਹੀ ਨਾਂ ਦੇ ਕੇ ਰਚ ਲਈਆਂ ਸਨ । ਹੁਣ ਆਦਿ ਗ੍ਰੰਥ ਦੀ ਸੰਪਾਦਨਾ ਨਾਲ ਅਜਿਹੀ ਕੱਚੀ ਬਾਣੀ ਦਾ ਸਿੱਖ ਜਗਤ ਵਿਚ ਆਪਣੇ ਆਪ ਹੀ ਖਾਤਮਾ ਹੋ ਗਿਆ ਸੀ।
ਆਦਿ ਗ੍ਰੰਥ ਦੇ ਰੂਪ ਵਿਚ ਸਿੱਖਾਂ ਲਈ ਇਕ ਐਸਾ ਗ੍ਰੰਥ ਪਰਾਪਤ ਹੋ ਗਿਆ ਜਿਸ ਨੂੰ ਉਹ ਆਪਣੀ ਕੋਮੀ ਧਾਰਮਿਕ ਵਿਚਾਰਧਾਰਾ ਵਾਲੀ ਪੁਸਤਕ ਕਹਿ ਸਕਦੇ ਸਨ । ਇਸ ਨਾਲ ਵਿਚਾਰਧਾਰਕ ਪੱਖ ਤੋਂ ਇਕ ਐਸਾ ਫਲਸਫਾ ਸਾਹਮਣੇ ਆ ਗਿਆ ਜਿਸ ਦੇ ਦੁਆਲੇ ਸਿੱਖ ਸਮਾਜ ਮਨੁੱਖੀ ਜੀਵਨ ਦੇ ਵੱਖ ਵੱਖ ਪਹਿਲੂਆਂ ਤੇ ਆਪਣੇ ਵਿਚਾਰ ਬਹਿਸ-ਮੁਬਾਹਸੇ ਵਿਚ ਰੱਖ ਸਕਦਾ ਸੀ । ਕੋਈ ਵੀ ਲਹਿਰ ਉਸ ਸਮੇਂ ਤੱਕ ਪੂਰੀ ਨਹੀਂ ਸਮਝੀ ਜਾਂਦੀ ਹੁੰਦੀ ਜਦੋਂ ਤੱਕ ਉਸ ਕੋਲ ਆਪਣੀ ਵਿਚਾਰਧਾਰਾ ਨਾ ਹੋਵੇ। ਆਦਿ ਗ੍ਰੰਥ ਦੀ ਸੰਪਾਦਨਾ ਨਾਲ ਸਿੱਖ ਸਮਾਜ ਦੀ ਇਕ ਬਹੁਤ ਵੱਡੀ ਲੋੜ ਪੂਰੀ ਹੋ ਗਈ ਸੀ ।
ਭਾਵੇਂ ਸਿੱਖ ਧਰਮ ਵਿਚ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸ਼ਬਦ ਗੁਰੂ ਦਾ ਸਿਧਾਂਤ ਕਾਇਮ ਸੀ ਪਰ ਆਦਿ ਗ੍ਰੰਥ ਦੀ ਸੰਪਾਦਨਾ ਨਾਲ ਸ਼ਬਦ ਗੁਰੂ ਦਾ ਸਿਧਾਂਤ ਹੋਰ ਪਰਪੱਕ ਹੋ ਗਿਆ ਸੀ। ਭਾਵੇਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਆਦਿ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਦਿੱਤਾ ਗਿਆ ਅਤੇ ਇਹ ਦਰਜਾ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਮ ਸਮੇਂ ਹੀ ਮਿਲਿਆ ਸੀ । ਨਿਸ਼ਚੇ ਹੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਨਾਲ ਇਹ ਵਿਚਾਰ ਬੁਨਿਆਦੀ ਰੂਪ ਵਿਚ ਸਥਾਪਤ ਕਰ ਦਿੱਤਾ ਸੀ ।
ਆਦਿ ਗ੍ਰੰਥ ਸਿੱਖਾਂ ਲਈ ਸੋਲਵੀਂ ਸਦੀ ਦੇ ਪੰਜਾਬ ਦੀ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਸਥਿਤੀ ਦੀ ਜਾਣਕਾਰੀ ਦੇਣ ਵਾਲਾ ਇਕ ਅਤੀ ਭਰੋਸੇਯੋਗ ਸਰੋਤ ਬਣ ਗਿਆ । ਇਸ ਪੱਖ ਤੋਂ ਅਸੀਂ ਇਸ ਨੂੰ ਮੁੱਢਲੀ ਸਿੱਖ ਇਤਿਹਾਸਕਾਰੀ ਦਾ ਸਭ ਤੋਂ ਪਹਿਲਾ ਰੂਪ ਵੀ ਕਹਿ ਸਕਦੇ ਹਾਂ । ਇਸ ਵਿਚ ਅਨੇਕਾਂ ਵੇਰਵੇ ਇਤਿਹਾਸਕ ਤੌਰ ‘ਤੇ ਮੌਲਿਕ ਸਰੋਤ ਹੋ ਨਿਬੜੇ ਹਨ। ਇਨ੍ਹਾਂ ਵੇਰਵਿਆਂ ਤੋਂ ਬਿਨਾਂ ਸਿੱਖ ਇਤਿਹਾਸ ਕਦੇ ਵੀ ਸੰਪੂਰਣ ਨਹੀਂ ਹੋ ਸਕਦਾ। ਅੱਜ ਸਿੱਖ ਇਤਿਹਾਸ ਨੂੰ ਲਿਖਣ ਲੱਗਿਆਂ ਗੁਰੂ ਗ੍ਰੰਥ ਸਾਹਿਬ ਨੂੰ ਅੱਖੋਂ ਓਹਲੇ ਕੀਤਾ ਹੀ ਨਹੀਂ ਜਾ ਸਕਦਾ । ਇਸ ਲਈ ਆਦਿ ਗ੍ਰੰਥ ਮੁੱਢਲੀ ਸਿੱਖ ਇਤਿਹਾਸਕਾਰੀ ਦੀ ਇਕ ਬੁਨਿਆਦੀ ਲਿਖਤ ਬਣ ਗਈ ਹੈ ਅਤੇ ਇਹ ਸਿੱਖ ਇਤਿਹਾਸ ਦਾ ਅਹਿਮ ਸਰੋਤ ਹੈ।
ਆਦਿ ਗ੍ਰੰਥ ਪੰਜਾਬੀ ਸਾਹਿਤ ਦਾ ਮੁੱਢਲਾ ਰੂਪ ਹੋ ਨਿਬੜਿਆ ਹੈ । ਇਹ ਗੁਰਮੁੱਖੀ ਲਿਪੀ ਵਿਚ ਲਿਖੀ ਪੰਜਾਬੀ ਸਾਹਿਤ ਦੀ ਸਭ ਤੋਂ ਪਹਿਲੀ ਪੁਸਤਕ ਹੈ ਜੋ ਸਾਨੂੰ ਹੁਣ ਤੱਕ ਮਿਲੀ ਹੈ । ਇਸ ਤੋਂ ਪਹਿਲਾਂ ਦੀ ਗੁਰਮੁਖੀ ਦੀ ਲਿਖਤ ਹੋਰ ਕੋਈ ਨਹੀਂ ਹੈ। ਇਸ ਤਰ੍ਹਾਂ ਇਹ ਗੁਰਮੁਖੀ ਲਿਪੀ ਵਿਚ ਲਿਖੀ ਗਈ ਪਹਿਲੀ ਪੁਸਤਕ ਹੈ। ਇਸ ਨਾਲ ਇਕ ਨਵੀਂ ਲਿਪੀ ਦਾ ਸੰਚਾਰ ਹੋਇਆ ਜਿਸ ਨੇ ਪੰਜਾਬੀ ਬੋਲੀ ਨੂੰ ਇਕ ਸੁਤੰਤਰ ਅਤੇ ਢੁੱਕਵੀਂ ਲਿਪੀ ਪਰਦਾਨ ਕੀਤੀ ਸੀ ।
ਸ਼ਹਾਦਤ :
ਗੁਰੂ ਅਰਜਨ ਦੇਵ ਜੀ ਨੂੰ ਜਿਸ ਤਰ੍ਹਾਂ ਆਪਣਾ ਅੰਤ ਦੇਖਣਾ ਪਿਆ ਸੀ ਉਹ ਅਤੀ ਦਰਦਮਈ ਸੀ । ਗੁਰੂ ਅਰਜਨ ਦੇਵ ਜੀ ਸਾਰੀ ਉਮਰ ਸ਼ਾਂਤੀ ਦੇ ਪਰਤੀਕ, ਹਲੀਮੀ ਦਾ ਰੂਪ ਅਤੇ ਅਤਿ ਦੇ ਸਬਰ-ਸੰਤੋਖ ਵਾਲੇ ਨੇਤਾ ਸਨ । ਐਸੇ ਨਿਮਰਤਾ ਦੇ ਪੁੰਜ ਨੇਤਾ ਨੂੰ ਸਮੇਂ ਦੀ ਹਕੂਮਤ ਨੇ ਅਤੀ ਦਰਦਨਾਕ ਤਸੀਹੇ ਦੇ ਕੇ ਸ਼ਹੀਦ ਕੀਤਾ । ਇਹ ਇਤਿਹਾਸ ਨੂੰ ਇਕ ਨਵਾਂ ਮੋੜ ਦੇਣ ਵਾਲੀ ਘਟਨਾ ਸੀ । ਇਸ ਦਾ ਵੇਰਵਾ ਇਸ ਤਰ੍ਹਾਂ ਹੈ :

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸੰਬੰਧਤ ਸਾਡੇ ਪਾਸ ਦੋ ਸਮਕਾਲੀ ਗਵਾਹੀਆਂ ਹਨ। ਇਨ੍ਹਾਂ ਦੋਵੇਂ ਸਮਕਾਲੀ ਗਵਾਹੀਆਂ ਨਾਲ ਗੁਰੂ ਜੀ ਨੂੰ ਸ਼ਹੀਦ ਕੀਤੇ ਜਾਣ ਦੀ ਗੱਲ ਪੂਰੀ ਤਰ੍ਹਾ ਸਪਸ਼ਟ ਹੋ ਜਾਂਦੀ ਹੈ। ਪਹਿਲੀ ਗਵਾਹੀ ਬਾਦਸ਼ਾਹ ਜਹਾਂਗੀਰ ਦੀ ਆਪਣੀ ਲਿਖਤ ਹੈ ਜੋ ਤੁਜਕੇ ਜਹਾਂਗੀਰੀ ਵਿਚ ਦਰਜ ਹੈ। ਇਹ ਭਾਵੇਂ ਜਹਾਂਗੀਰ ਦੀ ਆਪਣੀ ਲਿਖਤ ਹੈ ਤੇ ਭਾਵੇਂ ਉਸ ਦੇ ਕਿਸੇ ਦਰਬਾਰੀ ਦੀ ਪਰ ਇਹ ਜੋ ਕੁਝ ਵੀ ਹੈ ਸਾਡੇ ਲਈ ਇਕ ਸਮਕਾਲੀ ਗਵਾਹੀ ਦਾ ਦਰਜਾ ਰੱਖਦੀ ਹੈ। ਦੂਜੀ ਲਿਖਤ ਫਾਦਰ ਜੈਰੋਮ ਜੇਵੀਅਰ (Father Jerome Xavier) ਦਾ 25 ਸਤੰਬਰ, 1606 ਈ. ਦਾ ਲਿਖਿਆ ਹੋਇਆ ਉਹ ਖ਼ਤ ਹੈ ਜਿਹੜਾ ਉਸ ਨੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿਚੋਂ ਗੋਆ ਦੇ ਕਿਸੇ ਅਧਿਕਾਰੀ ਨੂੰ ਲਿਖਿਆ ਸੀ। ਇਸ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਅੱਖੀਂ ਦੇਖੇ ਅਤੇ ਕੰਨੀਂ ਸੁਣੇ ਹਾਲਾਤ ਹਨ। ਇਨ੍ਹਾਂ ਦੋਵਾਂ ਸਮਕਾਲੀ ਦਸਤਾਵੇਜਾਂ ਤੋਂ ਇਲਾਵਾ ਇਕ ਹੋਰ ਲਿਖਤ ਜੁਲਿਫਕਾਰ ਅਰਧਿਸਤਾਨੀ ਮੌਬੀਦ (ਮਹਿਸਿਨ ਫਾਨੀ) ਦੀ ਹੈ ਜਿਸ ਵਿਚ ਭਾਵੇਂ ਵੇਰਵਾ ਬਹੁਤ ਸੰਖੇਪ ਹੈ ਪਰ ਹੈ ਇਹ ਵੀ ਬਹੁਤ ਸਹਾਇਕ । ਇਹ ਲੇਖਕ ਗੁਰੂ ਹਰਿਗੋਬਿੰਦ ਸਾਹਿਬ ਦਾ ਸਮਕਾਲੀ ਸੀ । ਇਸ ਗਵਾਹੀ ਤੋਂ ਉਪਰਲੀਆਂ ਦੋਵੇਂ ਗਵਾਹੀਆਂ ਦੀ ਪਰੋੜਤਾ ਕੀਤੇ ਜਾਣ ਦੀ ਸਹਾਇਤਾ ਲਈ ਜਾ ਸਕਦੀ ਹੈ। ਪਰੋੜਤਾ ਕਰਨ ਲਈ ਹੀ ਗੁਰਮੁਖੀ ਦੀਆਂ ਕੁਝ ਮੁੱਢਲੀਆਂ ਲਿਖਤਾਂ ਹਨ ਜਿਨ੍ਹਾਂ ਤੋਂ ਕੁਝ ਸਾਵਧਾਨੀ ਨਾਲ ਇਸ ਵਿਸ਼ੇ ਸੰਬੰਧੀ ਮਦਦ ਲਈ ਜਾ ਸਕਦੀ ਹੈ।
ਜਹਾਂਗੀਰ ਦੀ ਲਿਖਤ ਇਸ ਪਰਕਾਰ ਹੈ : “ਗੋਇੰਦਵਾਲ ਵਿਖੇ, ਜਿਹੜਾ ਕਿ ਦਰਿਆ ਬਿਆਸ ਦੇ ਕਿਨਾਰੇ ਉੱਪਰ ਸਥਿਤ ਹੈ, ਪੀਰ ਅਤੇ ਸ਼ੇਖ਼ ਦੇ ਬੁਰਕੇ ਵਿਚ ਇਕ ਅਰਜਨ ਨਾਂ ਦਾ ਹਿੰਦੂ ਰਹਿੰਦਾ ਹੈ। ਉਸ ਨੇ ਆਪਣੇ ਤੌਰ ਤਰੀਕਿਆਂ ਰਾਹੀਂ ਆਪਣੇ ਬਾਰੇ ਧਾਰਮਿਕ ਅਤੇ ਸੰਸਾਰਕ ਨੇਤਾ ਦਾ ਐਸਾ ਰੌਲਾ ਪੁਆ ਰੱਖਿਆ ਹੈ ਕਿ ਕਈ ਸਿੱਧੇ-ਸਾਧੇ ਦਿਲ ਵਾਲੇ ਹਿੰਦੂ, ਇੱਥੋਂ ਤੱਕ ਕਿ ਮੂਰਖ ਅਤੇ ਬੁੱਧੂ ਕਿਸਮ ਦੇ ਮੁਸਲਮਾਨਾਂ ਨੂੰ ਵੀ ਆਪਣੀ ਵੱਲ ਖਿੱਚ ਰੱਖਿਆ ਹੈ । ਉਹ ਉਸ ਨੂੰ ਗੁਰੂ ਕਹਿੰਦੇ ਹਨ। ਸਾਰੀਆ ਦਿਸ਼ਾਵਾਂ ਤੋਂ ਮੂਰਖ ਅਤੇ ਮੂਰਖਾਂ ਦੀ ਪੂਜਾ ਕਰਨ ਵਾਲੇ ਲੋਕ ਉਸ ਵੱਲ ਖਿੱਚੇ ਆਉਂਦੇ ਹਨ ਅਤੇ ਉਸ ਵਿਚ ਪੂਰਾ ਵਿਸ਼ਵਾਸ ਪਰਗਟ ਕਰਦੇ ਹਨ । ਤਿੰਨ ਜਾਂ ਚਾਰ ਪੀੜੀਆਂ ਤੋਂ ਇਹ ਦੁਕਾਨ ਗਰਮ ਚੱਲੀ ਆ ਰਹੀ ਹੈ । ਕੁਝ ਸਾਲਾਂ ਤੋਂ ਇਹ ਵਿਚਾਰ ਮੇਰੇ ਮਨ ਵਿਚ ਚਲਦਾ ਆ ਰਿਹਾ ਹੈ ਕਿ ਜਾਂ ਤਾਂ ਮੈਨੂੰ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਂਦਾ ਹੈ ਜਾਂ ਫਿਰ ਉਸ ਨੂੰ ਇਸਲਾਮ ਦੇ ਦਾਇਰੇ ਵਿਚ ਲੈ ਆਉਣਾ ਚਾਹੀਂਦਾ ਹੈ।
“ਆਖ਼ਰਕਾਰ ਜਦੋਂ ਖੁਸਰੋ ਇਸ ਰਸਤੇ ਰਾਹੀਂ ਲੰਘਿਆ ਸੀ ਤਾਂ ਇਸ ਨਾਚੀਜ਼ ਨੇ ਉਸ ਨੂੰ ਮਿਲਣ ਲਈ ਆਪਣਾ ਮਨ ਬਣਾਇਆ। ਜਿੱਥੇ ਇਹ ਰਹਿੰਦਾ ਸੀ ਉੱਥੇ ਖੁਸਰੋ ਠਹਿਰਿਆ ਸੀ । ਇਹ ਉੱਥੇ ਪਹੁੰਚਿਆ, ਉਸ ਨੂੰ ਮਿਲਿਆ ਅਤੇ ਆਪਣੇ ਮਨ ਵਿਚ ਪਹਿਲੋਂ ਹੀ ਸੋਚੀਆਂ ਕੁਝ ਗੱਲਾਂ ਉਸ ਨੂੰ ਦੱਸੀਆਂ, ਉਸ ਦੇ ਮੱਥੇ ’ਤੇ ਉਂਗਲੀਆਂ ਦੇ ਨਿਸ਼ਾਨ ਵਾਲਾ ਕੇਸਰ ਲਗਾਇਆ । ਇਸ ਨੂੰ ਹਿੰਦੂ ਸ਼ਬਦਾਵਲੀ ਵਿਚ ਕਸ਼ਕਾ ਕਿਹਾ ਜਾਂਦਾ ਹੈ ਅਤੇ ਬਹੁਤ ਅੱਛਾ ਸ਼ਗਨ ਮੰਨਿਆ ਜਾਂਦਾ ਹੈ। ਜਦੋਂ ਇਹ ਸਭ ਕੁਝ ਮੇਰੇ ਕੰਨਾਂ ਤੱਕ ਪਹੁੰਚਿਆ ਅਤੇ ਮੈਂ ਪਹਿਲੋਂ ਹੀ ਇਸ ਦੇ ਫਰੇਬ ਨੂੰ ਪੂਰੀ ਤਰ੍ਹਾਂ ਜਾਣਦਾ ਸੀ ਤਾਂ ਮੈਂ ਇਸ ਨੂੰ ਮੇਰੇ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ ਅਤੇ ਉਸ ਦੇ ਘਰ, ਰਿਹਾਇਸ਼ੀ ਥਾਵਾਂ ਅਤੇ ਬੱਚਿਆਂ ਨੂੰ ਮੁਰਤਜਾ ਖ਼ਾਨ ਦੇ ਹਵਾਲੇ ਕਰਕੇ ਉਸ ਦੇ ਧਨ ਮਾਲ ਨੂੰ ਜ਼ਬਤ ਕਰ ਲਿਆ। ਮੈਂ ਹੁਕਮ ਕੀਤਾ ਸੀ ਕਿ ਉਸ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਣਾ ਚਾਹੀਦਾ ਹੈ
ਇਨ੍ਹਾਂ ਲਾਈਨਾਂ ਤੋਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਲਈ ਜਹਾਂਗੀਰ ਦਾ ਮਨੋਰਥ ਕੀ ਸੀ । ਖੁਸਰੋ ਨਾਲ ਮੁਲਾਕਾਤ ਜਾਂ ਉਸ ਦੇ ਮੱਥੇ ‘ਤੇ ਟਿੱਕਾ ਲਗਾਉਣਾ ਤਾਂ ਇਕ ਸਿਰਫ਼ ਬਹਾਨਾ ਹੀ ਬਣਾਇਆ ਗਿਆ ਸੀ । ਅਸਲੀ ਮਕਸਦ ਤਾਂ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਹੇਠ ਚਲ ਰਹੀ ਸਿੱਖ ਲਹਿਰ ਨੂੰ ਰੋਕਣ ਦਾ ਜਾਂ ਬੰਦ ਕਰਨ ਦਾ ਸੀ। ਇਸ ਦੇ ਨਾਲ ਹੀ ਇਕ ਗੱਲ ਹੋਰ ਇਸ ਲਿਖਤ ਬਾਰੇ ਮੰਨ ਕੇ ਚੱਲਣਾ ਚਾਹੀਦਾ ਹੈ। ਕਿ ਇਸ ਲਿਖਤ ਵਿਚ ਲਿਖਿਆ ਗਿਆ ਇਕ ਇਕ ਲਫ਼ਜ਼ ਕਿਸੇ ਵੀ ਤਰ੍ਹਾਂ ਮੁਕੰਮਲ ਅਰਥ ਭਰਪੂਰ ਨਹੀਂ ਸਮਝ ਲੈਣਾ ਚਾਹੀਂਦਾ ਕਿਉਂਕਿ ਇਸ ਵਿਚ ਆਈਆਂ ਕਈ ਗੱਲਾਂ ਵੀ ਗ਼ਲਤ ਸਾਬਤ ਹੋ ਗਈਆਂ ਹਨ। ਗੁਰੂ ਜੀ ਦੇ ਬਾਲ-ਬੱਚੇ ਨੂੰ ਮੁਰਤਜ਼ਾ ਖ਼ਾਨ ਦੇ ਹਵਾਲੇ ਕਰਨ ਦੀ ਗੱਲ ਗ਼ਲਤ ਹੈ। ਭਾਵੇਂ ਤਾਂ ਹੁਕਮ ਕਰਕੇ ਵਾਪਸ ਲੈ ਲਏ ਗਏ ਹੋਣ ਤੇ ਭਾਵੇਂ ਹੁਕਮ ਦੀ ਤਾਮੀਲ ਹੀ ਨਾ ਹੋਈ ਹੋਵੇ ਤੇ ਭਾਵੇਂ ਇਹ ਗੱਲ ਐਵੇਂ ਹੀ ਲਿਖ ਦਿੱਤੀ ਗਈ ਹੋਵੇ । ਨਾ ਹੀ ਗੁਰੂ ਸਾਹਿਬ ਦੀ ਸੁਪਤਨੀ ਨੂੰ ਗਰਿਫਤਾਰ ਕੀਤਾ ਗਿਆ ਸੀ ਅਤੇ ਨਾ ਹੀ ਉਨ੍ਹਾਂ ਦੇ ਸਪੁੱਤਰ ਨੂੰ।” ਇਸ ਕਰਕੇ ਇਸ ਲਿਖਤ ਬਾਰੇ ਵੀ ਇਉਂ ਲੱਗਦਾ ਹੈ ਜਿਵੇਂ ਕਿ ਇਹ ਬਿਲਕੁੱਲ ਬੇਪਰਵਾਹੀ ਨਾਲ ਲਿਖੀ ਗਈ ਹੋਵੇ ਤੇ ਜਾਂ ਫਿਰ ਸ਼ਰਾਬ ਦੇ ਨਸ਼ੇ ਵਿਚ ਲਿਖੀ ਗਈ ਹੋਵੇ । ਸ਼ਰਾਬੀ ਤਾਂ ਜਹਾਂਗੀਰ ਹੈ ਹੀ ਸੀ। ਇਸ ਲਈ ਇਸ ਲਿਖਤ ਦੇ ਸਿਰਫ਼ ਭਾਵ-ਅਰਥ (ਕੇਂਦਰੀ ਨੁਕਤੇ) ਨੂੰ ਹੀ ਲੈਣਾ ਚਾਹੀਂਦਾ ਹੈ। ਇਸ ਦੇ ਅੱਖਰੀ ਅਰਥਾਂ ਨੂੰ ਨਹੀਂ। ਤੀਜਾ, ਇਸ ਬਿਆਨ ਵਿਚ ਸਿਰਫ਼ ਮੌਤ ਦੀ ਸਜ਼ਾ ਬਾਰੇ ਕੀਤਾ ਗਿਆ ਫ਼ੈਸਲਾ ਹੀ ਹੈ ਅਤੇ ਸ਼ਹੀਦ ਕੀਤੇ ਜਾ ਚੁੱਕੇ ਦਾ ਜਾਂ ਗੁਰੂ ਜੀ ਨੂੰ ਚੰਦੂ ਦੇ ਹਵਾਲੇ ਕੀਤੇ ਜਾਣ ਦਾ ਕੋਈ ਵੇਰਵਾ ਨਹੀਂ ਹੈ। ਇਸ ਲਈ ਇਹ ਬਿਆਨ ਸਿਰਫ਼ ਇਨੀ ਕੁ ਗੱਲ ਹੀ ਸਪਸ਼ਟ ਕਰਦਾ ਹੈ ਕਿ ਜਹਾਂਗੀਰ ਦਾ ਅਸਲ ਮਕਸਦ ਧਾਰਮਿਕ ਸੀ ਅਤੇ ਇਸੇ ਧਾਰਮਿਕ ਸਾੜੇ ਕਾਰਣ ਹੀ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਸੀ।
ਦੂਜੀ ਗਵਾਹੀ ਫਾਦਰ ਜੈਰੋਮ ਜ਼ੈਵੀਅਰ ਦੇ ਪੱਤਰ ਦੀ ਹੈ ਜੋ ਇਸ ਤਰ੍ਹਾਂ ਹੈ : “ਸ਼ਾਹਜਾਦਾ ਖੁਸਰੋ ਆਗਰੇ ਤੋਂ ਭੱਜਿਆ ਆ ਰਿਹਾ ਸੀ ਉਸੇ ਰਸਤੇ ਉੱਪਰ ਇਕ ਹਿੰਦੂ ਰਹਿੰਦਾ ਸੀ ਜਿਸ ਨੂੰ ਗੁਰੂ ਕਿਹਾ ਜਾਂਦਾ ਸੀ । ਇਸ ਨੂੰ ਸਾਰੇ ਹਿੰਦੂਆਂ ਵਿਚ, ਸਾਡੇ ਪੋਪ ਵਾਂਗ ਸਤਿਕਾਰਿਆ ਜਾਂਦਾ ਸੀ । ਉਸ ਨੂੰ ਧਾਰਮਿਕ ਵਿਅਕਤੀ ਮੰਨਿਆ ਜਾਂਦਾ ਸੀ ਅਤੇ ਇਸੇ ਤਰ੍ਹਾਂ ਦਾ ਮਾਣ ਦਿੱਤਾ ਜਾਂਦਾ ਸੀ । ਉਸ ਦੀ ਪਰਸਿੱਧੀ ਅਤੇ ਪਰਤਿਸ਼ਠਤਾ ਨੂੰ ਵੇਖ ਕੇ, ਸ਼ਾਹਜਾਦਾ ਉਸ ਤੋਂ ਚੰਗੇ ਭਵਿੱਖ ਦੀ ਆਸ਼ੀਰਵਾਦ ਲੈਣ ਲਈ ਉਸ ਕੋਲ ਪਹੁੰਚਿਆ। ਗੁਰੂ ਨੇ ਉਸ ਨੂੰ ਸੁਤੰਤਰਤਾ ਪਰਾਪਤ ਕਰਨ ਦੀ ਮੁਬਾਰਕਬਾਦ ਦਿੱਤੀ ਅਤੇ ਉਸ ਦੇ ਮੱਥੇ ’ਤੇ ਤਿੰਨ ਨਿਸ਼ਾਨ ਲਗਾਏ । ਭਾਵੇਂ ਗੁਰੂ ਇਕ ਕਾਫ਼ਰ ਸੀ ਅਤੇ ਸ਼ਾਹਜ਼ਾਦਾ ਇਕ ਮੁਸਲਮਾਨ ਫਿਰ ਵੀ ਉਹ ਸ਼ਾਹਜ਼ਾਦੇ ਦੇ ਮੱਥੇ ਉੱਤੇ ਟਿੱਕਾ ਲਗਾ ਕੇ ਖੁਸ਼ ਸੀ । ਇਹ ਹਿੰਦੂ ਨਿਸ਼ਾਨ ਸ਼ਹਿਜ਼ਾਦੇ ਦੀ ਸ਼ੁਰੂ ਕੀਤੀ ਜੱਦੋ-ਜਹਿਦ ਦੀ ਸਫ਼ਲਤਾ ਲਈ ਚੰਗਾ ਸਮਝਿਆ ਜਾਂਦਾ ਸੀ । ਕਿਉਂਕਿ ਸ਼ਾਹਜਾਦਾ ਹਿੰਦੂ ਮਾਂ ਦਾ ਪੁੱਤਰ ਸੀ । ਸ਼ਾਹਜਾਦੇ ਨੇ, ਗੁਰੂ ਦੀ ਪਵਿੱਤਰਤਾ ਦੀ ਪਰਸਿੱਧੀ ਹੋਣ ਕਰਕੇ ਹੀ ਇਹ ਟਿੱਕਾ ਲਗਵਾਇਆ ਸੀ । ਬਾਦਸ਼ਾਹ ਨੂੰ ਇਸ ਦਾ ਪਤਾ ਲੱਗ ਗਿਆ। ਸ਼ਾਹਜਾਦੇ ਨੂੰ ਬੰਦੀ ਬਣਾ ਕੇ ਰੱਖਣ ਦੇ ਨਾਲ, ਬਾਦਸ਼ਾਹ ਨੇ ਗੁਰੂ ਨੂੰ ਆਪਣੇ ਸਾਹਮਣੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਅਤੇ ਉਸ ਨੂੰ ਗਰਿਫ਼ਤਾਰ ਕਰ लिभा।
“ਕੁਝ ਹਿੰਦੂਆਂ ਨੇ ਬਾਦਸ਼ਾਹ ਅੱਗੇ ਉਸ ਨੂੰ ਛੱਡ ਦੇਣ ਦੀ ਬੇਨਤੀ ਕੀਤੀ ਕਿਉਂਕਿ ਉਹ ਉਨ੍ਹਾਂ ਦਾ ਧਾਰਮਕ ਸੰਤ ਸੀ। ਅਖ਼ੀਰ ‘ਤੇ ਇਹ ਤਹਿ ਹੋ ਗਿਆ ਕਿ ਉਸ ਨੂੰ ਇਕ ਲੱਖ ਰੁਪਿਆ (ਪੁਰਤਗਾਲੀ) ਜੁਰਮਾਨੇ ਦੇ ਤੌਰ ‘ਤੇ ਅਦਾ ਕਰਨਾ ਚਾਹੀਂਦਾ ਹੈ। ਇਹ ਕੰਮ ਇਕ ਅਮੀਰ ਹਿੰਦੂ ਵੱਲੋਂ ਜਮਾਨਤ ਦੇਣ ਪਿੱਛੋਂ ਕੀਤਾ ਗਿਆ। ਉਸ (ਅਮੀਰ ਹਿੰਦੂ) ਨੇ ਸੋਚਿਆ ਸੀ। ਕਿ ਇਹ ਜੁਰਮਾਨਾਂ ਜਾਂ ਤਾਂ ਬਾਦਸ਼ਾਹ ਮੁਆਫ਼ ਹੀ ਕਰ ਦੇਵੇਗਾ, ਜਾਂ ਇਹ ਗੁਰੂ ਅਦਾ ਕਰ ਦੇਵੇਗਾ ਜਾਂ ਇਤਨੀ ਰਕਮ ਉਹ ਉਧਾਰੀ ਕਰ ਲਵੇਗਾ ਪਰ ਇਸ ਵਿਚ ਉਹ ਅਮੀਰ ਹਿੰਦੂ ਨਿਰਾਸ਼ ਹੀ ਹੋਇਆ। ਉਸ ਨੇ ਗੁਰੂ ਦੇ ਘਰ ਦਾ ਸਾਰਾ ਸਾਮਾਨ ਮੰਗਵਾ ਲਿਆ, ਜਿਸ ਵਿਚ ਘਰ ਦਾ ਸਾਜੋ-ਸਾਮਾਨ, ਗੁਰੂ ਦੀ ਪਤਨੀ ਅਤੇ ਬੱਚਿਆਂ ਦੇ ਕੱਪੜੇ ਸ਼ਾਮਲ ਸਨ। ਪਰ ਇਸ ਸਾਰੇ ਸਾਮਾਨ ਨਾਲ ਵੀ ਉਸ ਦੀ ਰਕਮ ਪੂਰੀ ਨਹੀਂ ਹੁੰਦੀ ਸੀ । ਹਿੰਦੂ ਲੋਕਾਂ ਵਿਚ ਉਸ ਦਾ ਜਾਂ ਉਸ ਦੇ ਪਿਤਾ ਦਾ ਬਹੁਤਾ ਸਤਿਕਾਰ ਨਹੀਂ ਸੀ । ਉਸ (ਅਮੀਰ ਹਿੰਦੂ) ਨੇ ਉਸ ਦੇ ਸਾਰੇ ਧਨ ਮਾਲ ਨੂੰ ਹੜੱਪਣ ਦੇ ਨਾਲ ਨਾਲ ਉਸ ਨੇ ਗੁਰੂ ਨੂੰ ਹਰ ਰੋਜ ਨਵੀਂ ਤੋਂ ਨਵੀਂ ਬੇਇੱਜਤੀ ਨਾਲ ਦੁਖੀ ਕਰਨਾ ਸ਼ੁਰੂ ਕਰ ਦਿੱਤਾ । ਉਸ ਨਿਰਬਲ ਸੰਤ ਦੇ ਚੇਹਰੇ ਉੱਪਰ ਵੀ ਕਈ ਵਾਰ ਲੱਤਾਂ ਮਾਰੀਆਂ ਗਈਆਂ ਅਤੇ ਉਸ ਨੂੰ ਉਸ ਸਮੇਂ ਤੱਕ ਖਾਣ ਤੋਂ ਵੀ ਰੋਕਿਆ ਗਿਆ ਜਦੋਂ ਤੱਕ ਕਿ ਉਹ ਹੋਰ ਧਨ ਨਹੀਂ ਅਦਾ ਕਰਦਾ ਸੀ । ”
“ਉਸ (ਅਮੀਰ ਹਿੰਦੂ) ਨੂੰ ਇਹ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਉਸ (ਗੁਰੂ) ਕੋਲ ਕੋਈ ਧਨ ਨਹੀਂ ਸੀ ਭਾਵੇਂ ਕਿ ਉਸ ਕੋਲ ਬਿਲਕੁਲ ਕੁਝ ਵੀ ਨਹੀਂ ਸੀ ਅਤੇ ਕੋਈ ਹੋਰ ਵੀ ਉਸ ਨੂੰ ਦੇਣ ਲਈ ਤਿਆਰ ਨਹੀਂ ਸੀ । ਇਸ ਤਰ੍ਹਾਂ ਉਸ (ਅਮੀਰ ਹਿੰਦੂ) ਰਾਹੀਂ ਦਿੱਤੇ ਗਏ ਜਖ਼ਮਾਂ, ਦੁੱਖਾਂ ਅਤੇ ਬੇਇੱਜ਼ਤੀ ਕਰਨ ਵਾਲੇ ਵਿਵਹਾਰ ਸਦਕਾ ਉਹ ਨਿਰਬਲ ਗੁਰੂ ਮਰ (ਸ਼ਹੀਦ ਹੋ) ਗਿਆ ।
“ਇਹ ਜਮਾਨਤ ਦੇਣ ਵਾਲਾ (ਅਮੀਰ ਹਿੰਦੂ) ਭੱਜ ਕੇ ਬਚਣਾ ਚਾਹੁੰਦਾ ਸੀ ਪਰ ਆਖ਼ਰਕਾਰ ਇਸ ਨੂੰ ਪਕੜ ਲਿਆ ਗਿਆ ਅਤੇ ਉਸ ਦੀ ਸਾਰੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ ।”
ਇਸ ਪੱਤਰ ਵਿਚ ਕੁਝ ਗੱਲਾਂ ਖ਼ਾਸ ਧਿਆਨ ਮੰਗਦੀਆਂ ਹਨ । ਇਕ ਤਾਂ ਇਹ ਕਿ ਗੁਰੂ ਜੀ ਨੂੰ ਇਕ ਅਮੀਰ ਹਿੰਦੂ ਨੇ ਜੁਰਮਾਨੇ ਦੀ ਰਕਮ ਅਦਾ ਕਰਨ ਦੀ ਜ਼ਾਮਨੀ ਦੇ ਕੇ ਆਪਣੀ ਹਿਰਾਸਤ ਵਿਚ ਲੈ ਲਿਆ ਸੀ । ਭਾਵੇਂ ਇਸ ਅਮੀਰ ਹਿੰਦੂ ਦਾ ਨਾਂ ਨਹੀਂ ਦਿੱਤਾ ਗਿਆ । ਪਰ ਮੁੱਢਲੀਆਂ ਸਿੱਖ ਲਿਖਤਾਂ ਵਿਚ ਗੁਰੂ ਜੀ ਦੀ ਸ਼ਹਾਦਤ ਦਾ ਮੁੱਖ ਜ਼ਿੰਮੇਵਾਰ ਇਕ ਅਮੀਰ ਹਿੰਦੂ ਚੰਦੂ ਸ਼ਾਹ ਨੂੰ ਦੱਸਿਆ ਗਿਆ ਹੈ। ਇਹ ਲਾਹੌਰ ਦਾ ਦੀਵਾਨ ਸੀ ਜਿਸ ਦੀ ਸਰਕਾਰੇ ਦਰਬਾਰੇ ਚੰਗੀ ਚੱਲਦੀ ਸੀ । ਇਹ ਅਮੀਰ ਹਿੰਦੂ ਇਸੇ ਚੰਦੂ ਸ਼ਾਹ ਨੂੰ ਮੰਨਿਆ ਜਾਣਾ ਚਾਹੀਂਦਾ ਹੈ।
ਮਹਿਮਾ ਪ੍ਰਕਾਸ਼ ਜੋ 1870ਵਿਆਂ ਦੀ ਲਿਖਤ ਹੈ, ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ, ਇਸ ਅਨੁਸਾਰ :
ਸਤਿਗੁਰ ਮਹਿਮਾ ਦੇਖਿ ਕਰ ਚੰਦੂ ਹਿਰਦਾ ਜਰਾਇ।
ਕਰਮ ਕਾਲ ਕੇ ਬਸ ਭਯਾ ਪੁਨ ਚੁਗਲੀ ਕੀਨੀ ਜਾਇ।
ਤਬੀ ਦੁਸ਼ਟ ਇਕ ਮਕਰ ਬਨਾਇਆ।
ਜਹਾਂਗੀਰ ਕੋ ਲੋਭ ਦਿੜਾਇਆ।
ਜੋ ਸਪੁਰਦ ਹਮਰੀ ਕਰ ਦੀਜੈ।
ਦੁਇ ਲਾਖ ਰੁਪਯਾ ਹਮ ਸੋ ਲੀਜੈ।
ਜਬ ਬਾਦਸ਼ਾਹ ਲੋਭ ਮਨ ਕਰੇ।
ਧਰਮ ਅਦਾਲਤ ਸਭ ਪਰਹਰੇ।
ਤਬ ਲਿਖਾਏ ਚੰਦੂ ਸੋ ਲੀਨਾ।
ਸਪੁਰਦ ਮਾਮਲਾ ਤਾ ਕੋ ਕੀਨਾ।
1870 ਵਿਆਂ ਦੀ ਹੀ ਇਕ ਹੋਰ ਕਨੱਈਆ ਲਾਲ ਦੀ ਲਿਖਤ ਤਾਰੀਖ-ਇ-ਪੰਜਾਬ ਵੀ ਇਸ ਗੱਲ ਦੀ ਇੰਨ-ਬਿੰਨ ਪਰੋੜਤਾ ਕਰਦੀ ਹੈ। ਇਸ ਅਨੁਸਾਰ ਬਾਦਸ਼ਾਹ ਬਿਗੜ ਗਿਆ ਤੇ ਲਾਹੌਰ ਵਿਚ ਗੁਰੂ ਜੀ ਨੂੰ ਤਲਬ ਕੀਤਾ ਗਿਆ। ਉਨ੍ਹਾਂ ਨੂੰ ਚੰਦੂ ਦੀ ਸਪੁਰਦਗੀ ਵਿਚ ਰੱਖਿਆ ਗਿਆ । ਚੰਦੂ ਨੇ ਗੁਰੂ ਜੀ ਦਾ ਡੇਰਾ ਆਪਣੇ ਮਕਾਨ ਵਿਚ ਕਰਵਾਇਆ…….ਬਾਦਸ਼ਾਹ ਉਨ੍ਹਾਂ ਦਿਨਾਂ ਵਿਚ ਕਸ਼ਮੀਰ ਚਲਾ ਗਿਆ ਸੀ ਤੇ ਗੁਰੂ ਜੀ ਉਸੇ ਤਰ੍ਹਾਂ ਚੰਦੂ ਦੇ ਹਵਾਲੇ ਰਹੇ: “ਇਸ ਲਈ ਚੰਦੂ ਨੇ ਗੁਰੂ ਜੀ ਨੂੰ ਲਗਾਤਾਰ ਤਸੀਹੇ ਦੇਣੇ ਸ਼ੁਰੂ ਕੀਤੇ ਤੇ ਅਜਿਹੇ ਅਤਿਆਚਾਰ ਕੀਤੇ ਜਿਨਾਂ ਨੂੰ ਕਲਮ ਬਿਆਨ ਨਹੀਂ ਕਰ ਸਕਦੀ ਤੇ ਜ਼ਬਾਨ ਦੱਸ ਨਹੀਂ ਸਕਦੀ।” ਗਯਾਨੀ ਗਯਾਨ ਸਿੰਘ ਵੀ ਇਸੇ ਤਰ੍ਹਾਂ ਲਿਖਦਾ ਹੈ: “ਚੰਦੂ ਦੁਸ਼ਟ ਮੌਕਾ ਪਾਕਰ ਸੇਵਾ ਕਰਨ ਦੇ ਬਹਾਨੇ ਜ਼ਮਾਨਤ ਪਰ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ।”
ਇਸ ਤਰ੍ਹਾਂ ਇਸ ਗੱਲ ਦੀ ਬੜੀ ਸਪਸ਼ਟਤਾ ਨਾਲ ਪੁਸ਼ਟੀ ਹੋ ਜਾਂਦੀ ਹੈ ਕਿ ਬਾਦਸ਼ਾਹ ਨੇ ਗੁਰੂ ਜੀ ਨੂੰ ਇਕ ਹਿੰਦੂ ਅਹਿਲਕਾਰ ਚੰਦੂ ਦੇ ਹਵਾਲੇ ਕਰ ਦਿੱਤਾ ਸੀ ਅਤੇ ਇਸ ਨੇ ਹੀ ਗੁਰੂ ਜੀ ਨੂੰ ਤਸੀਹੇ ਦਿੱਤੇ ਸਨ।
ਦੂਜੀ ਗੱਲ ਹੈ, ਸ਼ਾਹਜ਼ਾਦਾ ਖੁਸਰੋ ਨੂੰ ਗੁਰੂ ਜੀ ਵੱਲੋਂ ਆਸ਼ੀਰਵਾਦ ਦੇਣ ਦੀ । ਇਸ ਦੀ ਪੁਸ਼ਟੀ ਬਾਦਸ਼ਾਹ ਦੀ ਆਪਣੀ ਲਿਖਤ ਤੋਂ ਵੀ ਹੋ ਜਾਂਦੀ ਹੈ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਦੇ ਸਮਕਾਲੀ ਲੇਖਕ ਮੁਹਸਿਨ ਫਾਨੀ ਦੀ ਲਿਖਤ ਤੋਂ ਵੀ । ਮੁੱਢਲੀਆਂ ਸਿੱਖ ਲਿਖਤਾਂ ਵੀ ਇਸ ਗੱਲ ਦੀ ਪਰੋੜਤਾ ਕਰਦੀਆਂ ਹਨ।
ਤੀਜੀ ਗੱਲ ਹੈ ਕਿ ਗੁਰੂ ਜੀ ਨੂੰ ਭਾਰੀ ਜੁਰਮਾਨਾ ਕਰਨ ਦੀ। ਇਸ ਗੱਲ ਦੀ ਪੁਸ਼ਟੀ ਮੋਹਸਿਨਫਾਨੀ ਦੀ ਲਿਖਤ ਤੋਂ ਹੈ ਜਾਂਦੀ ਹੈ “ਜੁਰਮਾਨੇ ਦੀ ਇਕ ਭਾਰੀ ਰਕਮ ਗੁਰੂ ਉੱਤੇ ਥੋਪੀ ਗਈ ਅਤੇ ਗੁਰੂ ਇਸ ਨੂੰ ਅਦਾ ਕਰਨ ਤੋਂ ਅਸਮਰੱਥ ਸੀ। ਚੌਥੀ ਗੱਲ ਹੈ ਕਿ ਇਹ ਅਮੀਰ ਹਿੰਦੂ (ਚੰਦੂ) ਗੁਰੂ ਜੀ ਦੀ ਸ਼ਹਾਦਤ ਪਿੱਛੋਂ ਭੱਜ ਕੇ ਬੱਚਣਾ ਚਾਹੁੰਦਾ ਸੀ। ਭੱਜਣ ਦੇ ਕਈ ਕਾਰਣ ਹੋ ਸਕਦੇ ਸਨ । ਇਕ ਤਾਂ ਇਹ ਹੋ ਸਕਦਾ ਸੀ ਕਿ ਜਿਹੜਾ ਜੁਰਮਾਨਾ ਤਾਰਨ ਦੀ ਜਾਮਨੀ ਅਮੀਰ ਹਿੰਦੂ ਨੇ ਬਾਦਸ਼ਾਹ ਨੂੰ ਦਿੱਤੀ ਸੀ ਉਹ ਗੁਰੂ ਜੀ ਦੇ ਸ਼ਹੀਦ ਹੋ ਜਾਣ ਕਰਕੇ ਉਸ ਨੂੰ ਆਪ ਤਾਰਨੀ ਪੈਣੀ ਸੀ। ਇਹ ਵੀ ਹੋ ਸਕਦਾ ਸੀ ਕਿ ਉਹ ਗੁਰੂ ਜੀ ਨੂੰ ਸ਼ਹੀਦ ਕਰਨ ਕਰਕੇ ਬਾਦਸ਼ਾਹ ਤੋਂ ਡਰ ਗਿਆ ਹੋਵੇ ਜਾਂ ਉਹ ਸਿੱਖਾਂ ਕੋਲੋਂ ਹੀ ਡਰ ਗਿਆ ਹੋਵੇ। ਇਸ ਤਰ੍ਹਾਂ ਅਸੀਂ ਇਸ ਪੱਤਰ ਨੂੰ ਮੁੱਢਲੀ ਜਾਣਕਾਰੀ ਦੇਣ ਵਾਲਾ ਇਕ ਅਤੀ ਅਹਿਮ ਦਸਤਾਵੇਜ ਜਾਂ ਗਵਾਹੀ ਕਹਿ ਸਕਦੇ ਹਾਂ। ਜਹਾਂਗੀਰ ਦੇ ਬਿਆਨ ਨਾਲੋਂ ਇਸ ਪੱਤਰ ਵਿਚ ਦਿੱਤੀ ਗਈ ਜਾਣਕਾਰੀ ਦਾ ਇਹ ਫਰਕ ਹੈ ਕਿ ਇਸ ਵਿਚ ਦੱਸਿਆ ਗਿਆ ਹੈ ਕਿ ਗੁਰੂ ਜੀ ਨੂੰ ਬਾਦਸ਼ਾਹ ਨੇ ਕਿਸੇ ਅਮੀਰ ਹਿੰਦੂ ਦੇ ਹਵਾਲੇ ਕਰ ਦਿੱਤਾ ਸੀ ਅਤੇ ਦੂਜਾ ਇਹ ਕਿ ਗੁਰੂ ਸਾਹਿਬ ਅਨੇਕਾਂ ਤਸੀਹੇ ਸਹਿੰਦੇ ਹੋਏ ਸ਼ਹੀਦ ਹੋ ਗਏ ਸਨ। ਕੁਝ ਇਤਿਹਾਸਕਾਰ ਜਿਵੇਂ ਕਿ ਡਾ. ਗੰਡਾ ਸਿੰਘ, ਇਸ ਪੱਤਰ ਦੀ ਇਹ ਗੱਲ ਰੱਦ ਕਰਦੇ ਹਨ ਕਿ ਗੁਰੂ ਜੀ ਨੂੰ ਬਾਦਸ਼ਾਹ ਨੇ ਕੋਈ ਜੁਰਮਾਨਾ ਨਹੀਂ ਕੀਤਾ ਸੀ । ਇਸ ਨੂੰ ਰੱਦ ਕਰਨ ਦਾ ਆਧਾਰ ਉਨ੍ਹਾਂ ਦਾ ਇਹ ਹੀ ਹੈ ਕਿ ਜੁਰਮਾਨਾ ਕਰਨ ਦੀ ਗੱਲ ਕਿਉਂਕਿ ਬਾਦਸ਼ਾਹ ਦੀ ਆਪਣੀ ਲਿਖਤ ਵਿਚ ਨਹੀਂ ਹੈ । ਪਰ ਡਾ. ਸਾਹਿਬ ਖ਼ੁਦ ਹੀ ਇਹ ਲਿਖੀ ਹੋਈ ਗੱਲ ਨੂੰ ਰੱਦ ਕਰ ਚੁੱਕੇ ਹਨ ਕਿ ਗੁਰੂ ਜੀ ਨੇ ਖੁਸਰੋ ਨੂੰ ਆਸ਼ੀਰਵਾਦ ਦਿੱਤਾ ਸੀ । ਇਸੇ ਹੀ ਲਿਖਤ ਦੀ ਦੂਜੀ ਗੱਲ ਮੁਰਤਜ਼ਾ ਖ਼ਾਨ ਦੇ ਹਵਾਲੇ ਕਰਨ ਵਾਲੀ ਗਲਤ ਸਾਬਤ ਹੋ ਗਈ ਹੈ ਫਿਰ ਜੇ ਬਾਦਸ਼ਾਹ ਨੇ ਜੁਰਮਾਨਾ ਕਰਨ ਵਾਲੀ ਗੱਲ ਆਪਣੇ ਬਿਆਨ ਵਿਚ ਸ਼ਾਮਲ ਨਹੀਂ ਕੀਤੀ ਕੀ ਇਸ ਨਾਲ ਇਹ ਸਾਬਤ ਹੋ ਜਾਵੇਗਾ ਕਿ ਗੁਰੂ ਜੀ ਨੂੰ ਜੁਰਮਾਨਾ ਕੀਤਾ ਹੀ ਨਹੀਂ ਗਿਆ ਸੀ? ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ ਕਿ ਜਹਾਂਗੀਰ ਦੀ ਲਿਖਤ ਕੋਈ ਰੱਬ ਤੋਂ ਉਤਰੀ ਹੋਈ ਲਿਖਤ ਨਹੀਂ ਜਿਸ ਦਾ ਅੱਖਰ ਅੱਖਰ ਸੱਚ ਹੋਵੇ। ਇਹ ਲਿਖਤ ਪੂਰੀ ਬੇਪਰਵਾਹੀ ਨਾਲ ਲਿਖੀ ਹੋਈ ਹੈ । ਫਾਦਰ ਜ਼ੇਵੀਅਰ ਨੇ ਜਿੰਨੇ ਸਪਸ਼ਟ ਤਰੀਕੇ ਨਾਲ ਇਸ ਗੱਲ ਬਾਰੇ ਲਿਖਿਆ ਹੈ ਉਨੀ ਸਪਸ਼ਟਤਾ ਜਹਾਂਗੀਰ ਦੀ ਆਪਣੀ ਲਿਖਤ ਦੀ ਵੀ ਨਹੀਂ ਹੈ।
ਇਸ ਕਰਕੇ ਸਿੱਟੇ ਦੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਇਕ ਧਾਰਮਿਕ ਸਾੜੇ ਦੇ ਕਾਰਣ ਪਕੜਿਆ ਗਿਆ ਸੀ । ਬਹਾਨਾ ਭਾਵੇਂ ਸ਼ਾਹਜਾਦਾ ਖੁਸਰੋ ਨੂੰ ਆਸ਼ੀਰਵਾਦ ਦੇਣ ਦਾ ਬਣਾਇਆ ਗਿਆ ਸੀ। ਇਹ ਬਹਾਨਾ ਸੌਖਾ ਹੀ ਬਣ ਸਕਦਾ ਸੀ ਕਿਉਂਕਿ ਸ਼ਾਹਜਾਦਾ ਖੁਸਰੋ ਦੀਆਂ ਫ਼ੌਜਾਂ ਦੀ ਬਾਦਸ਼ਾਹ ਦੀਆਂ ਫ਼ੌਜਾਂ ਨਾਲ ਲੜਾਈ, ਗੋਇੰਦਵਾਲ ਸਾਹਿਬ ਦੇ ਨੇੜਲੇ ਖੇਤਰ ਵਿਚ ਹੀ ਹੋਈ ਸੀ । ਬਾਦਸ਼ਾਹ ਦੀਆਂ ਫ਼ੌਜਾਂ ਦੀ ਅਗਵਾਈ ਮੁਰਤਜ਼ਾ ਖ਼ਾਨ ਕਰ ਰਿਹਾ ਸੀ। ਇਸ ਦਾ ਪੂਰਾ ਨਾਂ ਸ਼ੇਖ ਫਰੀਦ ਬੁਖਾਰੀ ਸੀ ।” ਇਹ ਸਰਹਿੰਦ ਦੇ ਮੁਜ਼ੱਦਦ ਅਲਫ ਸਾਨੀ ਦਾ ਮੁਰੀਦ ਸੀ । ਗੁਰੂ ਅਰਜਨ ਦੇਵ ਜੀ ਦਾ ਡੇਰਾ ਗੋਇੰਦਵਾਲ ਵਿਖੇ ਹੀ ਸੀ। ਇਸ ਕਰਕੇ ਗੁਰੂ ਸਾਹਿਬ ਦੇ ਵਿਰੋਧੀ ਅਜਿਹਾ ਬਹਾਨਾ ਸੌਖਿਆਂ ਹੀ ਬਣਾ ਸਕਦੇ ਸਨ । ਨਹੀਂ ਤਾਂ ਜੇਕਰ ਦੇਖਿਆ ਜਾਵੇ ਤਾਂ ਖੁਸਰੋ ਦਾ ਮਸਲਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੱਕ ਨਿਬੜ ਚੁੱਕਿਆ ਸੀ। ਖੁਸਰੋ ਨੂੰ 26 ਅਪਰੈਲ, 1606 ਨੂੰ ਫੜ੍ਹ ਕੇ ਕਾਫ਼ੀ ਹੱਦ ਤੱਕ ਅੰਨ੍ਹਾ ਕੀਤਾ ਜਾ ਚੁੱਕਿਆ ਸੀ ਅਤੇ ਉਸ ਦੇ ਮਦਦਗਾਰਾਂ ਅਤੇ ਹਮਾਇਤੀਆਂ ਨੂੰ ਤੁਰੰਤ ਹੀ ਸਜਾਵਾਂ ਦਿੱਤੀਆਂ ਜਾ ਚੁੱਕੀਆਂ ਸਨ। ਇਹ ਸਭ ਝੱਟ-ਪੱਟ ਹੀ ਬਾਦਸ਼ਾਹ ਨੇ ਆਪਣੀ ਹਾਜ਼ਰੀ ਵਿਚ ਕੀਤਾ ਸੀ ਅਤੇ ਖੁਸਰੋ ਦੀਆਂ ਅੱਖਾਂ ਸਾਹਮਣੇ ਕੀਤਾ ਗਿਆ ਸੀ । ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 30 ਮਈ ਨੂੰ ਹੋਈ ਸੀ। ਇਸ ਸਮੇਂ ਜਹਾਂਗੀਰ ਲਾਹੌਰ ਤੋਂ ਕਸ਼ਮੀਰ ਵੱਲ ਜਾ ਚੁੱਕਿਆ ਸੀ । ਜਹਾਂਗੀਰ, ਗੁਰੂ ਜੀ ਨੂੰ ਖ਼ਤਮ ਕਰਨਾ ਚਾਹੁੰਦਾ ਸੀ ਪਰ ਜੋ ਦਿਲਚਸਪੀ ਉਸ ਨੇ ਖੁਸਰੋ ਦੇ ਹਮਾਇਤੀਆਂ ਨੂੰ ਸਜਾਵਾਂ ਦੇਣ ਵਿਚ ਲਈ ਸੀ ਉਸ ਤਰ੍ਹਾਂ ਦੀ ਦਿਲਚਸਪੀ ਉਸ ਨੇ ਗੁਰੂ ਅਰਜਨ ਦੇਵ ਜੀ ਦੇ ਮਾਮਲੇ ਵਿਚ ਨਹੀਂ ਲਈ ਸੀ । ਗੁਰੂ ਅਰਜਨ ਦੇਵ ਜੀ ਨੂੰ ਉਹ ਚੰਦੂ ਦੇ ਹਵਾਲੇ ਕਰਕੇ ਆਪ ਕਸ਼ਮੀਰ ਨੂੰ ਚਲਾ ਗਿਆ ਸੀ । ਗੁਰੂ ਸਾਹਿਬ ਦੇ ਮਾਮਲੇ ਵਿਚ ਉਸ ਦੀ ਮੁੱਖ ਦਿਲਚਸਪੀ ਪੈਸਾ ਹੜੱਪਣ ਦੀ ਸੀ ਜਿਹੜਾ ਉਸ ਨੇ ਚੰਦੂ ਦੀ ਜਾਮਨੀ ਦੇ ਰੂਪ ਵਿਚ ਲੈ ਲਿਆ ਸੀ । ਇਸ ਲਈ ਖੁਸਰੋ ਦਾ ਬਹਾਨਾ ਤਾਂ ਸਿਰਫ਼ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਰਾਜਸੀ ਬਗ਼ਾਵਤ ਦੀ ਰੰਗਤ ਦੇਣ ਤੱਕ ਹੀ ਸੀਮਤ ਸੀ । ਨਾ ਗੁਰੂ ਜੀ ਪਾਸ ਕੋਈ ਸੈਨਾ ਸੀ, ਨਾ ਹੀ ਗੁਰੂ ਜੀ ਕੋਈ ਲੜਾਕੂ ਰੁਚੀਆਂ ਰੱਖਣ ਵਾਲੇ ਨੇਤਾ ਸਨ ਅਤੇ ਨਾ ਹੀ ਗੁਰੂ ਜੀ ਦਾ ਕੋਈ ਰਾਜਸੀ ਨਿਸ਼ਾਨਾ ਹੀ ਸੀ। ਜੇ ਖੁਸਰੋ ਗੁਰੂ ਜੀ ਨੂੰ ਮਿਲਿਆ ਹੋਵੇਗਾ ਤਾਂ ਸਿਰਫ਼ ਆਮ ਯਾਤਰੀਆਂ ਦੀ ਤਰ੍ਹਾਂ । ਆਮ ਯਾਤਰੀਆਂ ਦੀ ਤਰ੍ਹਾਂ ਹੀ ਗੁਰੂ ਜੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਹੋਵੇਗਾ । ਇਹ ਵੀ ਧਿਆਨ ਰੱਖਣ ਯੋਗ ਗੱਲ ਹੈ ਕਿ ਖੁਸਰੋ ਪੰਜਾਬ ਵਿਚ ਆਉਣ ਤੋਂ ਪਹਿਲਾਂ ਆਪਣੀ ਲੜਾਈ ਹਾਰ ਚੁੱਕਿਆ ਸੀ । ਪੰਜਾਬ ਵਿਚ ਸਿਰਫ਼ ਉਹ ਕਾਬਲ ਵੱਲ ਨੂੰ ਭੱਜਿਆ ਜਾਂਦਾ ਹੀ ਆਇਆ ਸੀ । ਲੜਾਈ ਵਿਚੋਂ ਹਾਰੇ ਹੋਏ ਨੂੰ ਅਤੇ ਬਾਦਸ਼ਾਹੀ ਫ਼ੌਜਾਂ ਮੂਹਰੇ ਭੱਜੇ ਜਾਂਦੇ ਹੋਏ ਵਿਅਕਤੀ ਨੂੰ ਕੋਈ ਹੰਡਿਆ ਵਰਤਿਆ ਨੇਤਾ ਕਦੇ ਵੀ ਤਖਤ ਪਰਾਪਤ ਕਰਨ ਦੀ ਜਾਂ ਸੁਤੰਤਰਤਾ ਪਰਾਪਤ ਕਰਨ ਦੀ ਆਸ਼ੀਰਵਾਦ ਕਿਵੇਂ ਦੇ ਸਕਦਾ ਹੈ? ਗੁਰੂ ਸਾਹਿਬ ਇਕ ਲਹਿਰ ਦੇ ਨੇਤਾ ਸਨ ਅਤੇ ਇਕ ਨਵੀਂ-ਸਿਰਜੀ ਜਾਣ ਵਾਲੀ ਕੌਮ ਦੇ ਰਹਿਬਰ ਸਨ। ਉਹ ਸਿੱਧਾ ਬਾਦਸ਼ਾਹ ਨਾਲ ਵਿਰੋਧ ਵਿਚ ਆ ਕੇ ਕਦੇ ਵੀ ਆਪਣੀ ਨਵ-ਸਿਰਜੀ ਜਾ ਰਹੀ ਕੌਮ ਨੂੰ ਖਤਰੇ ਵਿਚ ਨਹੀਂ ਪਾ ਸਕਦੇ ਸਨ । 8 ਅਮੀਰ ਹਿੰਦੂ (ਚੰਦੂ) ਨੇ ਗੁਰੂ ਸਾਹਿਬ ਤੋਂ ਜੁਰਮਾਨੇ ਦੀ ਰਕਮ ਵਸੂਲਣ ਲਈ ਤਰ੍ਹਾਂ ਤਰ੍ਹਾਂ ਦੇ ਦਰਦਨਾਕ ਤਸੀਹੇ ਦਿੱਤੇ ਪਰ ਗੁਰੂ ਜੀ ਜੁਰਮਾਨਾ ਦੇਣਾ ਨਾ ਮੰਨੇ। ਇਨ੍ਹਾਂ ਤਸੀਹਿਆਂ ਵਿਚ ਇਕ ਢੰਗ ਇਹ ਵੀ ਸੀ ਕਿ ਗੁਰੂ ਸਾਹਿਬ ਨੂੰ ਕੜਕਦੀ ਧੁੱਪ ਵਿਚ ਕਿਲ੍ਹੇ ਦੇ ਇਕ ਬੁਰਜ਼ ਦੀ ਛੱਤ ਉੱਤੇ ਬਿਠਾਇਆ ਗਿਆ । ਉਨ੍ਹਾਂ ਦੇ ਹੇਠਾਂ ਅੱਗ ਵਾਂਗ ਤਪਦੀ ਤੱਤੀ ਰੇਤ ਰੱਖੀ ਗਈ। ਇਹ ਉਨ੍ਹਾਂ ਦੇ ਸਰੀਰ ਉੱਪਰ ਵੀ ਪਾਈ ਗਈ ।° ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਸਰੀਰ ਛਾਲਿਆਂ ਨਾਲ ਭਰ ਗਿਆ ਸੀ । ਇਨ੍ਹਾਂ ਛਾਲਿਆਂ ਨਾਲ ਭਰੇ ਸਰੀਰ ਨੂੰ ਹੋਰ ਤੜਪਾਉਣ ਲਈ ਉਨ੍ਹਾਂ ਨੂੰ ਦਰਿਆ ਦੇ ਪਾਣੀ ਵਿਚ ਲਮਕਾਇਆ ਜਾਂਦਾ ਸੀ । ਰਾਵੀ ਦਰਿਆ ਉਸ ਸਮੇਂ ਲਾਹੌਰ ਦੇ ਕਿਲੇ ਦੀ ਕੰਧ ਦੇ ਨਾਲ ਲੱਗਵਾਂ ਹੀ ਵੱਗਦਾ ਸੀ । ਇਸ ਕਿਰਿਆ ਵਿਚ ਗੁਰੂ ਜੀ ਸ਼ਹੀਦ ਹੋ ਗਏ ।
ਗੁਰੂ ਜੀ ਦੇ ਅੰਤਮ ਸਮੇਂ ਨਾਲ ਸੰਬੰਧਤ ਇਕ ਗੱਲ ਦਾ ਖ਼ਾਸ ਜ਼ਿਕਰ ਆਉਂਦਾ ਹੈ ਇਸ ਬਾਰੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਜਿਕਰ ਹੈ ਕਿ ਗੁਰੂ ਜੀ ਅੰਤਮ ਸਮੇਂ ਦਰਿਆ ਵਿਚ ਰੁੜ ਗਏ ਸਨ । ਦਰਿਆ ਵਿਚ ਰੁੜਨ ਦੇ ਜਾਂ ਡੁੱਬਣ ਦੇ ਕਈ ਕਾਰਣ ਵੀ ਦਿੱਤੇ ਗਏ ਹਨ । ਇਸ ਬਾਰੇ ਮੁੱਖ ਵਿਚਾਰ ਇਹ ਦਿੱਤਾ ਜਾਂਦਾ ਹੈ ਕਿ ਗੁਰੂ ਜੀ ਨੇ ਗਊ ਦੀ ਕੱਚੀ ਖੱਲ ਵਿਚ ਮੜੇ ਜਾਣ ਤੋਂ ਬਚਣ ਲਈ ਜਾਂ ਹੋਰ ਤਸੀਹਿਆਂ ਤੋਂ ਬਚਣ ਲਈ ਦਰਿਆ ਵਿਚ ਡੁੱਬ ਕੇ ਆਤਮ ਹੱਤਿਆ ਕਰ ਲਈ ।2 ਇਹ ਗੱਲ ਗਲਤ ਹੈ। ਫਾਦਰ ਜੈਰੋਮ ਜੇਵੀਅਰ ਦੇ ਖ਼ਤ ਦੇ ਅਖ਼ੀਰ ਵਿਚ ਲਿਖਿਆ ਹੋਇਆ ਹੈ ਕਿ ਗੁਰੂ ਜੀ ਦੀ ਮੌਤ ਹੋ ਜਾਣ ਪਿੱਛੋਂ ਉਸ ਅਮੀਰ ਹਿੰਦੂ ਨੇ, ਜਿਸ ਨੇ ਗੁਰੂ ਜੀ ਨੂੰ ਤਸੀਹੇ ਦਿੱਤੇ ਸਨ, ਭੱਜ ਕੇ ਆਪਣੇ ਆਪ ਨੂੰ ਬਚਾਉਣਾ ਚਾਹਿਆ ਪਰ ਉਹ ਅਖ਼ੀਰ ਨੂੰ ਪਕੜਿਆ ਗਿਆ ਅਤੇ ਮਾਰ ਦਿੱਤਾ ਗਿਆ । ਇਸ ਦੀ ਰੋਸ਼ਨੀ ਵਿਚ ਹੀ ਗੁਰੂ ਜੀ ਦੀ ਸ਼ਹੀਦੀ ਨੂੰ ਦੇਖਿਆ ਜਾਣਾ ਚਾਹੀਂਦਾ ਹੈ। ਜਿਸ ਬੰਦੇ ਦੇ ਹਵਾਲੇ ਗੁਰੂ ਜੀ ਨੂੰ ਬਾਦਸ਼ਾਹ ਨੇ ਆਪ ਕੀਤਾ ਹੋਵੇ ਉਸ ਨੂੰ ਭੱਜਣ ਦੀ ਕੀ ਜ਼ਰੂਰਤ ਹੋ ਸਕਦੀ ਸੀ? ਇਸ ਵਿਚ ਅਸਲ ਗੱਲ ਇਹ ਹੀ ਹੋ ਸਕਦੀ ਹੈ ਕਿ ਚੰਦੂ (ਅਮੀਰ ਹਿੰਦੂ) ਨੇ ਗੁਰੂ ਜੀ ਨੂੰ ਆਪਣੀ ਜ਼ਾਮਨੀ ਦੇ ਕੇ ਆਪਣੀ ਸਪੁਰਦਗੀ ਵਿਚ ਲਿਆ ਸੀ। ਉਸ ਨੂੰ ਉਮੀਦ ਸੀ ਕਿ ਉਹ ਗੁਰੂ ਜੀ ਕੋਲੋਂ ਜੁਰਮਾਨਾ ਵਸੂਲ ਪਾ ਲਵੇਗਾ। ਪਰ ਜਦੋਂ ਗੁਰੂ ਜੀ ’ਤੇ ਉਸ ਦੇ ਦਬਾਅ ਦਾ ਕੋਈ ਅਸਰ ਨਾ ਹੋਇਆ ਤਾਂ ਉਸ ਨੇ ਗੁਰੂ ਜੀ ਨੂੰ ਭਾਂਤ ਭਾਂਤ ਦੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ । ਅੱਗ ਨਾਲ ਸਾੜੇ ਹੋਏ ਸਰੀਰ ਉੱਪਰ ਪਾਣੀ ਪਾਉਣਾ ਜਾਂ ਕਿਲ੍ਹੇ ਦੇ ਬੁਰਜ ਉੱਪਰੋਂ ਹੀ ਗੁਰੂ ਜੀ ਨੂੰ ਦਰਿਆ ਵਿਚ ਲਮਕਾਉਣਾ, ਇਨ੍ਹਾਂ ਤਸੀਹਿਆਂ ਦਾ ਇਕ ਹੋਰ ਢੰਗ ਸੀ । ਜਦੋਂ ਅਜਿਹੀ ਕਾਰਵਾਈ ਕਰਦੇ ਹੋਏ ਗੁਰੂ ਜੀ ਸ਼ਹੀਦ ਹੋ ਗਏ ਤਾਂ ਉਸ ਚੰਦੂ ਨੇ ਬਾਦਸ਼ਾਹ ਤੋਂ ਜਾਂ ਮੁਰਤਜ਼ਾ ਖ਼ਾਨ ਤੋਂ ਡਰਦੇ ਹੋਏ ਨੇ ਗੁਰੂ ਜੀ ਨੂੰ ਦਰਿਆ ਵਿਚ ਹੀ ਰੋੜ ਦਿੱਤਾ ਤਾਂ ਕਿ ਇਕ ਤਾਂ ਉਸ ਵੱਲੋਂ ਦਿੱਤੇ ਗਏ ਤਸੀਹਿਆਂ ਦਾ ਪਤਾ ਨਾ ਲੱਗ ਸਕੇ ਅਤੇ ਦੂਸਰਾ ਉਹ ਇਹ ਬਹਾਨਾ ਬਣਾ ਸਕੇ ਕਿ ਉਸ ਨੇ ਤਾਂ ਗੁਰੂ ਨੂੰ ਸ਼ਹੀਦ ਨਹੀਂ ਕੀਤਾ ਸਗੋਂ ਗੁਰੂ ਜੀ ਖ਼ੁਦ ਹੀ ਦਰਿਆ ਵਿਚ ਰੁੜ ਕੇ ਜਾਂ ਡੁੱਬ ਕੇ ਖੁਦਕੁਸ਼ੀ ਕਰ ਗਏ। ਭਾਵ ਕਿ ਗੁਰੂ ਜੀ ਨਾਲ ਆਤਮਹੱਤਿਆ ਦੀ ਗੱਲ ਜੋੜ ਕੇ ਚੰਦੂ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਸੀ। ਗੁਰੂ ਜੀ ਤਾਂ ਸ਼ਹੀਦ ਹੋ ਗਏ ਸਨ । ਇਉਂ ਗੁਰੂ ਜੀ ਦਾ ਜੁਰਮਾਨਾ, ਜਿਸ ਦੀ ਕਿ ਚੰਦੂ ਨੇ ਜ਼ਾਮਨੀ ਦਿੱਤੀ ਸੀ, ਉਸ ਨੂੰ ਖ਼ੁਦ ਨੂੰ ਹੀ ਅਦਾ ਕਰਨਾ ਪੈਣਾ ਸੀ । ਉਹ ਆਪ ਜ਼ਾਮਨੀ ਦੇਣ ਕਰਕੇ ਹੁਣ ਝੂਠਾ ਪੈ ਰਿਹਾ ਸੀ । ਇਸ ਲਈ ਇਕ ਤਾਂ ਗੁਰੂ ਜੀ ਦੀ ਮੌਤ ਦੀ ਜਿੰਮੇਵਾਰੀ ਤੋਂ ਡਰਦਾ ਅਤੇ ਦੂਜਾ ਦੋ ਲੱਖ ਰੁਪਏ ਦੇ ਜੁਰਮਾਨੇ ਦੀ ਅਦਾਇਗੀ ਤੋਂ ਡਰਦਾ ਉਹ ਭੱਜ ਕੇ ਬਚਣਾ ਚਾਹੁੰਦਾ ਸੀ। ਪਰ ਉਹ ਭੱਜ ਨਾ ਸਕਿਆ ਅਤੇ ਮਾਰਿਆ ਗਿਆ।
ਮੁੱਢਲੀਆਂ ਸਿੱਖ ਲਿਖਤਾਂ ਵਿਚ ਇਸ ਗੱਲ ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਕਿ ਬਾਦਸ਼ਾਹ ਨੇ ਚੰਦੂ ਨੂੰ ਗੁਰੂ ਹਰਿਗੋਬਿੰਦ ਜੀ ਦੇ ਹਵਾਲੇ ਕਰ ਦਿੱਤਾ ਸੀ ਅਤੇ ਗੁਰੂ ਹਰਿਗੋਬਿੰਦ ਜੀ ਨੇ ਉਸ ਨੂੰ ਪੂਰੀ ਤਰ੍ਹਾਂ ਬੇਇੱਜਤ ਕਰਕੇ ਮਾਰਿਆ ਸੀ। ਇਨ੍ਹਾਂ ਲਿਖਤਾਂ ਦੀ ਇਸ ਗੱਲ ਨੂੰ ਜੇ ਪੂਰੀ ਤਰ੍ਹਾਂ ਨਾਂ ਵੀ ਮੰਨਿਆ ਜਾਵੇ ਤਾਂ ਵੀ ਇਸ ਗੱਲ ਵਿਚ ਇਹ ਤਾਂ ਸੱਚਾਈ ਹੈ ਕਿ ਚੰਦੂ ਨੂੰ ਜਾਂ ਉਹ ਅਮੀਰ ਹਿੰਦੂ ਨੂੰ ਪਿੱਛੋਂ ਮਾਰ ਦਿੱਤਾ ਗਿਆ ਸੀ। ਫਾਦਰ ਜ਼ੇਵੀਅਰ ਦੀ ਗਵਾਹੀ ਇਸ ਵਿਚ ਪਰਤੱਖ ਪਰਮਾਣ ਮੁਹਈਆ ਕਰਦੀ ਹੈ। ਇਸ ਤੋਂ ਮੁੱਢਲੀਆਂ ਸਿੱਖ ਲਿਖਤਾਂ ਵਿਚ ਕਹੀ ਗਈ ਗੱਲ ਨੂੰ ਕਾਫ਼ੀ ਬਲ ਮਿਲਦਾ ਹੈ।
ਮੁੱਲਅੰਕਣ :
ਗੁਰੂ ਅਰਜਨ ਦੇਵ ਜੀ ਨੇ 1581 ਈ. ਤੋਂ ਲੈ ਕੇ 1606 ਈ. ਤੱਕ ਗੁਰਿਆਈ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ । ਉਨ੍ਹਾਂ ਦੀ ਕੁੱਲ ਆਯੂ ਤਕਰੀਬਨ 42 ਸਾਲਾਂ ਦੀ ਸੀ। ਇਸ ਵਿਚੋਂ ਸਿਰਫ਼ 25 ਸਾਲ ਉਨ੍ਹਾਂ ਨੇ ਗੁਰਿਆਈ ਕੀਤੀ ਅਤੇ 18 ਸਾਲ ਦੀ ਜਿੰਦਗੀ ਇਕ ਜਿੰਮੇਵਾਰ ਗੁਰੂ-ਸਪੁੱਤਰ ਵਜੋਂ ਬਤੀਤ ਕੀਤੀ। ਉਹ ਪਹਿਲੇ ਗੁਰੂ ਸਨ ਜਿਨ੍ਹਾਂ ਦਾ ਜਨਮ ਅਤੇ ਪਾਲਣਾ-ਪੋਸ਼ਣਾ ਸਿੱਖ ਧਰਮ ਦੇ ਮਾਹੌਲ ਵਿਚ ਹੀ ਹੋਈ ਸੀ। ਆਪ ਤਿੰਨ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ । ਸਭ ਤੋਂ ਛੋਟੇ ਭਰਾ ਹੋਣ ਦੇ ਬਾਵਜੂਦ ਵੀ ਆਪ ਪੰਜਵੇਂ ਗੁਰੂ ਹੋਣ ਦੇ ਰੁਤਬੇ ਤੱਕ ਜਾ ਪਹੁੰਚੇ ਇਹੀ ਗੱਲ ਆਪ ਦੀ ਯੋਗਤਾ ਨੂੰ ਦਰਸਾਉਂਦੀ ਹੈ। ਦੋ ਵੱਡੇ ਭਰਾਵਾਂ ਨੂੰ ਛੱਡ ਕੇ ਗੁਰਿਆਈ ਗੱਦੀ ਸੰਭਾਲਣ ਦੇ ਬਾਵਜੂਦ ਵੀ ਅਤੇ ਵੱਡੇ ਭਰਾ ਪਿਰਥੀ ਚੰਦ ਵੱਲੋਂ ਜ਼ਬਰਦਾਸਤ ਵਿਰੋਧਤਾ ਕਰਨ ਦੇ ਬਾਵਜੂਦ ਵੀ ਆਪ ਉਨ੍ਹਾਂ ਪਰਤੀ ਛੋਟੇ ਭਰਾ ਵਾਂਗ ਹੀ ਪੇਸ਼ ਆਉਂਦੇ ਰਹੇ। ਇਹ ਆਪ ਦੀ ਹਲੀਮੀ ਅਤੇ ਨਿਮਰਤਾ ਦੀ ਹੱਦ ਸੀ। ਆਪ ਨੇ ਕਦੇ ਵੀ ਆਪਣੇ ਪਿਤਾ ਗੁਰੂ ਵੱਲੋਂ ਵਿਰਸੇ ਵਿਚ ਪਰਾਪਤ ਹੋਈ ਜਾਇਦਾਦ ਵਿਚੋਂ ਆਪਣੇ ਵੱਡੇ ਭਰਾਵਾਂ ਦਾ ਅਧਿਕਾਰ ਛੁਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪਿਤਾ ਗੁਰੂ ਦੇ ਹੁੰਦਿਆਂ ਆਪ ਆਗਿਆਕਾਰ ਸਪੁੱਤਰ ਵਾਂਗ ਵਿਚਰਦੇ ਰਹੇ ਅਤੇ ਪਿਤਾ ਗੁਰੂ ਤੋਂ ਪਿੱਛੋਂ ਗੁਰੂ ਬਣਨ ਦੇ ਬਾਅਦ ਵੀ ਆਪਣੇ ਵੱਡੇ ਭਰਾਵਾਂ ਨਾਲ ਇਕ ਛੋਟੇ ਭਰਾ ਦੇ ਤੌਰ ‘ਤੇ ਹੀ ਪੇਸ਼ ਆਉਂਦੇ ਰਹੇ। ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਧਰਮ ਨੇ ਮਹਾਨ ਵਿਕਾਸ ਕੀਤਾ। ਇਹ ਆਪ ਦੀ ਜੱਥੇਬੰਦਕ ਯੋਗਤਾ ਦਾ ਹੀ ਪਰਤੀਕ ਸੀ ਕਿ ਸਿੱਖ ਸਮਾਜ ਨੂੰ ਮਸੰਦ ਪਰਣਾਲੀ ਵਿਚ ਪਰੋ ਕੇ ਇਕ ਐਸਾ ਮਜ਼ਬੂਤ ਪਰਬੰਧ ਸਥਾਪਤ ਕੀਤਾ ਕਿ ਕਈ ਆਧੁਨਿਕ ਇਤਿਹਾਸਕਾਰ ਇਸ ਨੂੰ ਵੱਡੇ ਰਾਜ ਦੇ ਵਿਚ ਛੋਟੇ ਰਾਜ ਦਾ ਰੂਪ ਕਹਿ ਦੇਣ ਦੀ ਹੱਦ ਤੱਕ ਚਲੇ ਗਏ ਹਨ। ਭਾਵੇਂ ਇਸ ਨੂੰ ਸਿਰਫ਼ ਇਕ ਪਰਤੀਕਾਤਮਕ ਕਥਨ ਦੇ ਤੌਰ ‘ਤੇ ਹੀ ਲਿਆ ਜਾਣਾ ਚਾਹੀਂਦਾ ਹੈ ਕਿਉਂਕਿ ਰਾਜਨੀਤਕ ਰੁਚੀਆਂ ਰੱਖਣਾ ਗੁਰੂ ਅਰਜਨ ਦੇਵ ਜੀ ਦੀ ਵਿਚਾਰਧਾਰਾ ਵਿਚ ਸ਼ਾਮਲ ਨਹੀਂ ਸੀ। ਇਸ ਮਜ਼ਬੂਤ ਸੰਗਠਨ ਦਾ ਹੀ ਨਤੀਜਾ ਸੀ ਕਿ ਸਿੱਖ ਸਮਾਜ ਦੀ ਨਵ-ਸਿਰਜਣਾ ਲਈ ਅਨੇਕਾਂ ਧਾਰਮਕ ਅਸਥਾਨ ਸਥਾਪਤ ਕਰ ਦਿੱਤੇ ਗਏ ਸਨ ਅਤੇ ਅਨੇਕਾਂ ਨਗਰ ਸਥਾਪਤ ਕਰ ਦਿੱਤੇ ਗਏ ਸਨ । ਅੱਜ ਇਹ ਧਾਰਮਕ ਅਸਥਾਨ ਅਤੇ ਨਗਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪਰਸਿੱਧੀ ਹਾਸਲ ਕਰ ਚੁੱਕੇ ਹਨ। ਇਸ ਤੋਂ ਗੁਰੂ ਅਰਜਨ ਦੇਵ ਜੀ ਇਕ ਮਹਾਨ ਯੋਜਨਾਕਾਰ ਅਤੇ ਉਸਰਈਏ ਬਣਕੇ ਸਾਹਮਣੇ ਆਉਂਦੇ ਹਨ।
ਗੁਰੂ ਸਾਹਿਬ ਨੇ ਵਿਸ਼ਾਲ ਬਾਣੀ ਰਚੀ ਹੈ। ਇਹ ਸਾਰੀ ਬਾਣੀ ਅਧਿਆਤਮਿਕ ਰੰਗਤ ਵਿਚ ਰੰਗੀ ਹੋਈ ਹੈ। ਹੋਰ ਤਾਂ ਹੋਰ ਕਈ ਸਮਕਾਲੀ ਘਟਨਾਵਾਂ ਨੂੰ, ਜਿਹੜੀਆਂ ਗੁਰੂ ਜੀ ਦੇ ਵਿਰੋਧੀਆਂ ਵੱਲੋਂ ਕੀਤੀਆਂ ਗਈਆਂ ਸਨ, ਐਸੇ ਅਧਿਆਤਮਿਕ ਰੰਗ ਵਿਚ ਰੱਖ ਕੇ ਬਿਆਨ ਕੀਤਾ ਗਿਆ ਹੈ ਜਿਸ ਤੋਂ ਆਪ ਜੀ ਦੇ ਮਨ ਦੀ ਮਹਾਨ ਸੋਚ ਦਾ ਪਰਗਟਾਵਾ ਹੁੰਦਾ ਹੈ। ਆਪਣੇ ਪੁੱਤਰ ਹਰਿਗੋਬਿੰਦ ਸਾਹਿਬ ਦੇ ਜਨਮ ਦੀ ਖ਼ੁਸ਼ੀ ਵਿਚ ਜੋ ਸ਼ਬਦ ਰਚੇ ਹਨ ਉਹ ਸਿੱਖਾਂ ਲਈ ਪਾਠ ਕਰਨ ਵਾਲੇ ਸ਼ਬਦ ਹੀ ਬਣ ਗਏ ਹਨ। ਭਾਵ ਕਿ ਆਪ ਦੀ ਵਿਦਵਤਾ ਆਪ ਦੀ ਇਸ ਕਲਾ ਵਿਚੋਂ ਪਰਗਟ ਹੁੰਦੀ ਹੈ। ਆਪ ਦੀਆਂ ਰਚਨਾਵਾਂ ਵਿਚੋਂ ਕਿਸੇ ਦਾ ਵਿਰੋਧੀ ਪੱਖ ਨਹੀਂ ਲੱਭਿਆ ਜਾ ਸਕਦਾ। ਸਮਕਾਲੀ ਘਟਨਾਵਾਂ ਦਾ ਵਰਨਣ ਕਰਕੇ, ਗੁਰੂ ਜੀ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਉਹ ਇਤਿਹਾਸ ਨੂੰ ਸਾਂਭਣ ਵਾਲੇ ਵੀ ਸਨ। ਅੱਜ ਉਨ੍ਹਾਂ ਦੀ ਲਿਖਤ ਇਤਿਹਾਸ ਦਾ ਇਕ ਮਹਾਨ ਸਰੋਤ ਹੋ ਨਿਬੜੀ ਹੈ। ਆਦਿ ਗ੍ਰੰਥ ਦੀ ਸੰਪਾਦਨਾ ਨੇ ਆਪ ਨੂੰ ਇਕ ਮਹਾਨ ਫਿਲਾਸਫਰ, ਵਿਦਵਾਨ ਅਤੇ ਲੇਖਕ ਸਾਬਤ ਕਰ ਦਿੱਤਾ ਹੈ। ਇਹ ਗੁਰੂ ਜੀ ਦੀ ਸੋਚ ਦਾ ਕਰਿਸ਼ਮਾ ਹੀ ਸੀ ਕਿ ਆਪ ਵੱਲੋਂ ਸਥਾਪਤ ਸਿਰੀ ਦਰਬਾਰ ਸਾਹਿਬ ਅਤੇ ਆਪ ਵੱਲੋਂ ਸੰਪਾਦਿਤ ਆਦਿ ਗ੍ਰੰਥ ਅੱਜ ਸਾਰੀ ਦੁਨੀਆਂ ਵਿਚ ਵਿਸ਼ੇਸ਼ ਸਥਾਨ ਅਖ਼ਤਿਆਰ ਕਰ ਚੁੱਕੇ ਹਨ।
ਆਪ ਦੀ ਗੁਰਿਆਈ ਸਮੇਂ ਸਿੱਖ ਧਰਮ ਨੇ ਵਿਸ਼ਾਲ ਤਰੱਕੀ ਕੀਤੀ। ਪੰਜਾਬ ਦੇ ਮਾਲਵੇ ਖੇਤਰ ਵਿਚ ਆਪ ਨੇ ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਪਹਿਲੀ ਵਾਰ ਸਿੱਖ ਧਰਮ ਦਾ ਪਰਚਾਰ ਕਰਵਾ ਕੇ ਇਥੋਂ ਦੇ ਜੰਗਜੂ ਜੱਟ ਕਬੀਲਿਆਂ ਨੂੰ ਸਿੱਖ ਧਰਮ ਦੀ ਮੁੱਖ ਧਾਰਾ ਵਿਚ ਲਿਆਂਦਾ। ਆਪ ਨੇ ਸਿੱਖਾਂ ਨੂੰ ਸਰਬਪੱਖੀ ਵਿਕਾਸ ਦੇ ਰਸਤੇ ‘ਤੇ ਤੋਰਿਆ । ਉਨ੍ਹਾਂ ਦੀਆਂ ਰੁਚੀਆਂ ਸਿਰਫ਼ ਅਧਿਆਤਮਕ ਕੰਮਾਂ ਵੱਲ ਹੀ ਨਹੀਂ ਲਗਾਈਆਂ ਸਗੋਂ ਉਨ੍ਹਾਂ ਨੂੰ ਹੋਰ ਵਪਾਰਕ ਕੰਮਾਂ ਵੱਲ ਵੀ ਪਰੇਰਿਆ। ਉਨ੍ਹਾਂ ਨੇ ਗੁਰੂ ਹੋਣ ਦੀ ਹਰ ਜ਼ਿੰਮੇਵਾਰੀ ਨਿਭਾਈ ਸੀ। ਜੇ ਪੰਜਾਬ ਦੇ ਲੋਕਾਂ ਨੂੰ ਆਰਥਿਕ ਤੌਰ ‘ਤੇ ਤੰਗੀ ਦੇ ਦਿਨ ਵੀ ਦੇਖਣੇ ਪਏ ਤਾਂ ਉਹ ਲੋਕਾਂ ਦੀ ਅਗਵਾਈ ਕਰਕੇ ਬਾਦਸ਼ਾਹ ਅਕਬਰ ਤੱਕ ਵੀ ਗਏ ਅਤੇ ਕਿਸਾਨਾਂ ਦਾ ਕੁਝ ਮੁਆਮਲਾ ਮੁਆਫ਼ ਕਰਵਾਉਣ ਦਾ ਫ਼ੈਸਲਾ ਕਰਵਾਇਆ। ਲੋਕਾਂ ਦੀ ਸਹੂਲਤ ਲਈ ਕਈ ਥਾਵਾਂ ’ਤੇ ਖੂਹ ਲਗਵਾਏ। ਵਡਾਲੀ ਵਿਖੇ ਇਕ ਖੂਹ ਅਤੇ ਛੇਹਰਟਾ ਸਾਹਿਬ ਵਿਖੇ ਛੇ ਹਰਟਾਂ ਵਾਲਾ ਖੂਹ ਲਗਵਾਉਣਾ ਇਕ ਕਮਾਲ ਦਾ ਕੰਮ ਸੀ। ਇਹ ਪੰਜਾਬ ਵਿਚ ਆਪਣੀ ਕਿਸਮ ਦਾ ਪਹਿਲਾ ਖੂਹ ਸੀ। ਆਮ ਖੂਹ ਇਕ ਜਾਂ ਦੋ ਹਰਟਾਂ ਵਾਲੇ ਹੁੰਦੇ ਸਨ ਪਰ ਆਪ ਨੇ ਛੇ ਹਰਟਾਂ ਵਾਲਾ ਖੂਹ ਲਗਵਾ ਕੇ ਇਸ ਨੂੰ ਇਕ ਅਜੂਬਾ ਬਣਾ ਦਿੱਤਾ । ਕਨਿੰਘਮ ਨੇ ਗੁਰੂ ਅਰਜਨ ਦੇਵ ਜੀ ਦੀਆ ਪਰਾਪਤੀਆਂ ਨੂੰ ਇਉਂ ਕਲਮਬੰਦ ਕੀਤਾ ਹੈ : “ਗੁਰੂ ਅਰਜਨ ਦੇਵ ਜੀ ਦੇ ਸਮੇਂ ਗੁਰੂ ਨਾਨਕ ਰਾਹੀਂ ਸਥਾਪਤ ਕੀਤੇ ਗਏ ਸਿਧਾਂਤ ਉਨ੍ਹਾਂ ਦੇ ਸਿੱਖਾਂ ਦੇ ਦਿਲਾਂ ਵਿਚ ਪੱਕੀ ਤਰ੍ਹਾਂ ਬੈਠ ਗਏ ਸਨ ।……..ਉਨ੍ਹਾਂ ਨੇ ਹਰ ਵਿਅਕਤੀ ਨੂੰ ਬੁਰਿਆਈ ਤਿਆਗ ਕੇ ਸ਼ਾਂਤੀ ਨਾਲ ਅੱਛਾ ਜੀਵਨ ਜੀਣ ਦੀ ਅਤੇ ਗੁਰੂ ਨਾਨਕ ਰਾਹੀਂ ਦਰਸਾਏ ਗਏ ਇਕ ਅਕਾਲ ਪੁਰਖ ਦਾ ਨਾਮ ਜਪਣ ਦੀ ਪਰੇਰਨਾ ਦਿੱਤੀ ।” “During the ministry of Arjan the principles of Nanak took a firm hold on the minds of his followers…. ..He urges all men to abandon their evil ways, to live peacefully and virtuously, and to call upon the name of the one true God to whom Nanak had borne witness.”
ਗਯਾਨੀ ਗਯਾਨ ਸਿੰਘ ਨੇ ਲਿਖਿਆ ਹੈ : “ਗੁਰੂ ਅਰਜਨ ਸਾਹਿਬ ਬਹੁਤ ਧੀਰਜੀ, ਕਾਯਮ ਮਜਾਜ, ਅਚਲ ਭਰੋਸੇ ਵਾਲੇ, ਅਤੀ ਉੱਤਮ, ਉੱਦਮੀ, ਅਕਲਮੰਦ, ਦੁਰਅੰਦੇਸ਼, ਸਮਦਰਸ਼ੀ, ਕੋਮਲ ਸਭਾਵ ਅਤੇ ਮਹਾਨ ਵਿਦਵਾਨ ਸਨ।”
ਪਰ ਇਸ ਸ਼ਾਂਤੀ ਦੇ ਪੁੰਜ, ਨਿਮਰਤਾ ਦੀ ਮੂਰਤ ਅਤੇ ਅਤੀ ਕੋਮਲ ਕਲਾਵਾਂ ਦੇ ਮਾਲਕ ਦਾ ਅੰਤ ਅਤੀ ਦਰਦਨਾਕ ਤਸੀਹਿਆਂ ਭਰੀ ਕਾਰਵਾਈ ਨਾਲ ਹੋਇਆ। ਇਹ ਕੁਦਰਤ ਦੀ ਹੀ ਖੇਡ ਸਮਝੀ ਜਾਣੀ ਚਾਹੀਂਦੀ ਹੈ ਕਿ ਜਿਹੜਾ ਗੁਰੂ ਆਪਣੇ ਵਿਰੋਧੀਆਂ ਦੀਆਂ ਕਾਰਵਾਈਆਂ ਨੂੰ ਨਜ਼ਰਅੰਦਾਜ਼ ਕਰਕੇ ਆਪਣਾ ਘਰ ਘਾਟ ਤਿਆਗ ਕੇ ਦੂਰ ਚਲਾ ਜਾਂਦਾ ਸੀ ਉਸੇ ਗੁਰੂ ਨੂੰ ਝੂਠੀਆਂ ਰਾਜਨੀਤਕ ਲਾਲਸਾਵਾਂ ਦੇ ਦੋਸ਼ ਲਾ ਕੇ ਅਤੇ ਧਾਰਮਕ ਸਾੜੇ ਅਧੀਨ ਸ਼ਹੀਦ ਕਰਨ ਦਾ ਹੁਕਮ ਕਰ ਦਿੱਤਾ ਸੀ। ਗੁਰੂ ਜੀ ਇੱਥੇ ਵੀ ਜਾਲਮਾਂ ਦੇ ਜ਼ੁਲਮਾਂ ਨੂੰ “ਤੇਰਾ ਕੀਆ ਮੀਠਾ ਲਾਗੇ” ਦੇ ਵਾਕ ਅਲਾਪਦੇ ਹੋਏ ਸ਼ਹੀਦੀ ਪਾ ਗਏ ਸਨ। ਆਪ ਸ਼ਹੀਦੀ ਪਰਾਪਤ ਕਰਕੇ ਵੀ ਆਪਣੇ ਸਿਧਾਂਤ ਦਾ, ਆਪਣੇ ਫਲਸਫੇ ਦਾ ਅਤੇ ਆਪਣੇ ਸਮਾਜ ਦਾ ਨਾਂ ਉੱਚਾ ਕਰ ਗਏ ।