ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਸੀ । ਭਾਈ ਲਹਿਣਾ ਜੀ ਦਾ ਜਨਮ ਭਾਈ ਫੇਰੂ ਦੇ ਘਰ, ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਮੱਤੇ ਦੇ ਸਰਾਏ ਜਿਸ ਨੂੰ ਸਰਾਏ ਨਾਗਾ ਵੀ ਕਿਹਾ ਜਾਂਦਾ ਹੈ ਵਿਖੇ 31 ਮਾਰਚ, 1504 ਈ. ਨੂੰ ਹੋਇਆਭਾਈ ਲਹਿਣਾ ਜੀ ਦੇ ਮਾਤਾ-ਪਿਤਾ ਦੀ ਆਰਥਿਕ ਹਾਲਤ ਗਰੀਬੀ ਵਾਲੀ ਹੀ ਸੀ । ਇਸ ਲਈ ਇਹ ਗਰੀਬ ਪਰਿਵਾਰ ਸਰਾਏ ਨਾਗਾ ਤੋਂ ਹਰੀ ਕੇ, ਅਤੇ ਹਰੀ ਕੇ ਤੋਂ ਖਡੂਰ ਆਦਿ ਥਾਵਾਂ ‘ਤੇ ਘੁੰਮਦਾ ਰਿਹਾ ਸੀ ।ਭਾਈ ਲਹਿਣਾ ਜੀ ਦੀ ਸਪੁਤਨੀ ਦਾ ਨਾਂ ਬੀਬੀ ਖੀਵੀ ਸੀ। ਉਹ ਵੀ ਇਕ ਗਰੀਬ ਪਰਿਵਾਰ ਵਿਚੋਂ ਹੀ ਸੀ। ਇਸ ਗੱਲ ਦਾ ਤਾਂ ਨਿਸ਼ਚਤ ਤੌਰ ‘ਤੇ ਪਤਾ ਨਹੀਂ ਲੱਗਦਾ ਕਿ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿਚ ਕਿਹੜੇ ਸਾਲ ਵਿਚ ਆਏ ਸਨ ਪਰ ਇਤਨੀ ਗੱਲ ਪੂਰੀ ਨਿਸ਼ਚਤਾ ਨਾਲ ਕਹੀ ਜਾ ਸਕਦੀ ਹੈ ਕਿ ਭਾਈ ਲਹਿਣਾ ਜੀ ਦਾ ਗੁਰੂ ਜੀ ਨਾਲ ਸੰਪਰਕ ਉਸ ਸਮੇਂ ਹੋਇਆ ਸੀ ਜਦੋਂ ਉਹ ਆਪਣੀ ਸਾਰੀਆਂ ਯਾਤਰਾਵਾਂ ਤੋਂ ਵਿਹਲੇ ਹੋ ਕੇ ਕਰਤਾਰਪੁਰ ਸਾਹਿਬ ਵਿਖੇ (ਰਾਵੀ ਕਿਨਾਰੇ) ਰਹਿਣ ਲੱਗ ਪਏ ਸਨ । ਭਾਈ ਲਹਿਣਾ ਜੀ ਜਿਉਂ ਹੀ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿਚ ਆਏ ਤਾਂ ਉਹ ਉਨ੍ਹਾਂ ਦੀ ਸ਼ਖ਼ਸੀਅਤ ਤੋਂ, ਬੋਲਚਾਲ ਅਤੇ ਵਰਤਾਓ ਤੋਂ ਇਤਨਾ ਪਰਭਾਵਤ ਹੋਏ ਕਿ ਭਾਈ ਲਹਿਣਾ ਜੀ ਉਨ੍ਹਾਂ ਦੇ ਹੀ ਬਣ ਕੇ ਰਹਿ ਗਏ ਸਨ।
ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਇਤਨੀ ਲਗਨ, ਸ਼ਰਧਾ ਅਤੇ ਮਿਹਨਤ ਨਾਲ ਸੇਵਾ ਕੀਤੀ ਅਤੇ ਉਨ੍ਹਾਂ ਦੇ ਮਿਸ਼ਨ ਨੂੰ ਪਰਚਾਰਿਆ ਕਿ ਗੁਰੂ ਜੀ ਨੇ ਆਪਣੇ ਅੰਤਮ ਸਮੇਂ ਸਾਰੀ ਸਿੱਖ ਸੰਗਤ ਅਤੇ ਆਪਣੇ ਦੋ ਪੁੱਤਰਾਂ ਵਿਚੋਂ ਸਿਰਫ ਭਾਈ ਲਹਿਣਾ ਜੀ ਨੂੰ ਹੀ ਆਪਣਾ ਉਤਰਅਧਿਕਾਰੀ ਬਣਾਉਣ ਦੇ ਕਾਬਲ ਸਮਝਿਆ । ਇਸ ਗੱਲ ਦੀ ਗਵਾਹੀ ਸਾਨੂੰ ਗੁਰੂ ਅੰਗਦ ਦੇਵ ਜੀ ਦੇ ਹੀ ਸਮਕਾਲੀ ਭੱਟ ਸੱਤਾ ਅਤੇ ਬਲਵੰਡ ਨੇ ਆਪਣੀ ਰਚੀ ‘ਵਾਰ ਰਾਮਕਲੀ’ ਵਿਚ ਇਨ੍ਹਾਂ ਤੁਕਾਂ ਰਾਹੀਂ ਦਿੱਤੀ ਹੈ :
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿਕਿਓਨੁ ॥
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ॥
ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਦਾ ਰੂਪ ਦੇ ਕੇ 22 ਸਤੰਬਰ, 1539 ਈ. ਨੂੰ ਜੋਤੀ-ਜੋਤ ਸਮਾ ਗਏ ਸਨ । ਗੁਰੂ ਅੰਗਦ ਦੇਵ ਜੀ 35 ਸਾਲਾਂ ਦੀ ਜੁਆਨ ਉਮਰ ਵਿਚ ਸਿੱਖ ਜਗਤ ਦੇ ਦੂਸਰੇ ਗੁਰੂ ਬਣੇ। ਗੁਰਗੱਦੀ ਧਾਰਨ ਕਰਨ ਦੇ ਸਮੇਂ ਤੋਂ ਪਿੱਛੋਂ ਪਹਿਲਾਂ ਪਹਿਲਾਂ ਆਪ ਜੀ ਨੂੰ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਸੀ । ਸਭ ਤੋਂ ਪਹਿਲੀ ਵਿਰੋਧਤਾ ਬਾਬਾ ਸਿਰੀ ਚੰਦ ਜੀ ਅਤੇ ਲੱਖਮੀ ਚੰਦ ਵੱਲੋਂ ਹੋਈ। ਇਸ ਵਿਰੋਧਤਾ ਤੋਂ ਟਲਣ ਲਈ ਗੁਰੂ ਜੀ ਕਰਤਾਰਪੁਰ ਸਾਹਿਬ ਨੂੰ ਛੱਡ ਕੇ ਖਡੂਰ ਸਾਹਿਬ ਦੇ ਅਸਥਾਨ ‘ਤੇ ਆ ਗਏ ਜਿੱਥੇ ਕਿ ਆਪ ਜੀ ਦਾ ਪਰਿਵਾਰ ਰਹਿੰਦਾ ਸੀ। ਕਰਤਾਰਪੁਰ ਸਾਹਿਬ ਦਾ ਅਸਥਾਨ ਮਹਾਨ ਗੁਰੂ ਨਾਨਕ ਦੇਵ ਜੀ ਦੇ ਦੋ ਸਪੁੱਤਰਾਂ, ਜਿਹੜੇ ਕਿ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋਏ ਬੈਠੇ ਸਨ ਲਈ ਛੱਡ ਦਿੱਤਾ ਸੀ । ਹੁਣ ਖਡੂਰ ਸਾਹਿਬ ਸਿੱਖ ਸੰਗਤਾਂ ਦਾ ਕੇਂਦਰ ਬਣ ਗਿਆ ਸੀ।

ਗੁਰਮੁਖੀ ਲਿਪੀ ਤਿਆਰ ਕਰਨਾ :
ਗੁਰੂ ਅੰਗਦ ਦੇਵ ਜੀ ਦਾ ਸਭ ਤੋਂ ਪਹਿਲਾ ਕੰਮ ਪੰਜਾਬੀ ਬੋਲੀ ਵਿਚ ਢੁੱਕਵੀਂ ਲਿਪੀ ਤਿਆਰ ਕਰਨਾ ਸੀ । ਇਸ ਤੋਂ ਪਹਿਲਾਂ ਪੰਜਾਬੀ ਬੋਲੀ ਦੀ ਕੋਈ ਵੀ ਇਕ ਪਰਵਾਣਤ ਲਿਪੀ ਨਹੀਂ ਸੀ । ਮੁਸਲਮਾਨ ਇਸ ਨੂੰ ਪਰਸ਼ੀਅਨ ਲਿਪੀ ਵਿਚ ਲਿਖਦੇ ਸਨ ਅਤੇ ਹਿੰਦੂ ਦੇਵਨਾਗਰੀ, ਟਾਕਰੀ ਜਾਂ ਸ਼ਾਰਦਾ ਲਿਪੀਆਂ ਵਿਚ ਲਿਖਦੇ ਸਨ। ਇਹ ਲਿਪੀਆਂ ਅਸਲ ਸ਼ਬਦਾਂ ਵਿਚ ਪੰਜਾਬੀ ਬੋਲੀ ਦੀਆਂ ਲਿਪੀਆਂ ਨਹੀਂ ਸਨ । ਪਰਸ਼ੀਅਨ ਅਰਬੀ ਬੋਲੀ ਦੀ ਲਿਪੀ ਸੀ। ਜਿਹੜੀ ਭਾਰਤ ਵਿਚ ਪਹਿਲਾਂ ਸੁਲਤਾਨਾਂ ਅਤੇ ਫਿਰ ਮੁਗ਼ਲ ਬਾਦਸ਼ਾਹਾਂ ਦੇ ਨਾਲ ਆਈ ਸੀ। ਇਹੀ ਉਸ ਸਮੇਂ ਦੀ ਸਰਕਾਰੀ ਲਿਪੀ ਸੀ । ਇਸ ਕਰਕੇ ਸਰਕਾਰੀ ਦਫ਼ਤਰਾਂ ਵਿਚ ਅਤੇ ਆਮ ਮੁਸਲਿਮ ਵਰਗ ਵਿਚ ਫ਼ਾਰਸੀ (ਪਰਸ਼ੀਅਨ) ਲਿਪੀ ਹੀ ਪਰਚੱਲਤ ਸੀ। ਹਿੰਦੁਸਤਾਨ ਦੀ ਹਰ ਇਕ ਬੋਲੀ ਨੂੰ ਇਸੇ ਹੀ ਲਿਪੀ ਵਿਚ ਲਿਖਿਆ ਜਾਂਦਾ ਸੀ । ਸ਼ਾਰਦਾ ਕਸ਼ਮੀਰ ਅਤੇ ਉਸ ਦੇ ਪੰਜਾਬ ਨਾਲ ਲੱਗਦੇ ਪਹਾੜੀ ਇਲਾਕੇ ਦੀ ਲਿਪੀ ਸੀ। ਟਾਕਰੀ ਹਿਮਾਚਲ ਪਰਦੇਸ਼ ਦੇ ਕਬਾਇਲੀ ਇਲਾਕੇ ਦੀ ਅਤੇ ਪੰਜਾਬ ਨਾਲ ਲੱਗਦੇ ਨੀਮ-ਪਹਾੜੀ ਇਲਾਕੇ ਦੀ ਲਿਪੀ ਸੀ । ਪੰਜਾਬ (ਪੰਜਾਂ ਦਰਿਆਵਾਂ ਦੇ ਵਿਚਕਾਰਲਾ ਮੈਦਾਨੀ ਇਲਾਕਾ) ਦੇ ਹਿੰਦੂ ਪੰਜਾਬੀ ਬੋਲੀ ਨੂੰ ਦੇਵਨਾਗਰੀ ਅੱਖਰਾਂ ਵਿਚ ਲਿਖਦੇ ਸਨ । ਦੇਵ ਨਾਗਰੀ ਅੱਖਰ ਮੱਧ ਪਰਦੇਸ਼ ਦੇ ਉਜੈਨ ਸ਼ਹਿਰ, ਜਿਸ ਨੂੰ ਦੇਵਤਿਆਂ ਦਾ ਨਗਰ ਕਹਿਣ ਕਰਕੇ ਦੇਵ ਨਗਰ ਵੀ ਕਿਹਾ ਜਾਂਦਾ ਸੀ, ਦੇ ਬਰਾਹਮਣਾਂ ਵੱਲੋਂ ਤਿਆਰ ਕੀਤੇ ਗਏ ਅੱਖਰਾਂ ਕਰਕੇ ਦੇਵਨਾਗਰੀ ਅੱਖਰ ਕਿਹਾ ਜਾਂਦਾ ਸੀ । ਇਸ ਤਰ੍ਹਾਂ ਦੇਵਨਾਗਰੀ ਲਿਪੀ ਵੀ ਪੰਜਾਬੀ ਵਿਚ ਬਾਹਰੋਂ ਲਿਆਂਦੀ ਗਈ ਸੀ। ਇਸ ਤਰ੍ਹਾਂ ਪੰਜਾਬੀ ਬੋਲੀ ਭਾਵੇਂ ਹਰ ਵਰਗ ਵੱਲੋਂ ਬੋਲੀ ਜਾਂਦੀ ਸੀ ਪਰ ਇਸ ਦੀ ਕੋਈ ਇਕ ਪਰਵਾਣਿਤ ਲਿਪੀ ਨਹੀਂ ਸੀ।
ਕੁਝ ਲੇਖਕ ਅਤੇ ਇਤਿਹਾਸਕਾਰ ਲੰਡੇ-ਮਹਾਜਨੀ ਅੱਖਰਾਂ ਨੂੰ ਵੀ ਪੰਜਾਬੀ ਬੋਲੀ ਦੀ ਪਹਿਲੀ ਲਿਪੀ ਸਵੀਕਾਰ ਕਰਦੇ ਹਨ । ਪਰ ਇਹ ਮੱਤ ਗਲਤ ਹੈ ਕਿਉਂਕਿ ਲੰਡੇ-ਮਹਾਜਨੀ ਕਿਸੇ ਲਿਪੀ ਦਾ ਨਾਂ ਨਹੀਂ ਸੀ ਸਗੋਂ ਇਹ ਵੱਖ ਵੱਖ ਲਿਪੀਆਂ ਦਾ ਬਿਗੜਿਆ ਹੋਇਆ ਰੂਪ ਸੀ । ਲੰਡੇ-ਮਹਾਜਨੀ ਅੱਖਰ ਜਾਂ ਲਿਪੀ ਨਹੀਂ ਸੀ ਸਗੋਂ ਇਹ ਇਕ ਤਰੀਕਾ ਸੀ ਜੋ ਹਿੰਦੂ-ਵਪਾਰੀਆਂ ਜਾਂ ਦੁਕਾਨਦਾਰਾਂ ਵਿਚ ਪਰਚੱਲਤ ਸੀ । ਪੰਜਾਬ ਦੇ ਬਾਣੀਏ ਇਸ ਨੂੰ ਅੱਜ-ਕਲ੍ਹ ਵੀ ਵਰਤਦੇ ਹਨ ਭਾਵੇਂ ਕਿ ਬਾਣੀਆਂ ਦੀ ਨਵੀਂ ਨਸਲ ਆਧੁਨਿਕ ਲਿਪੀਆਂ ਦੀ ਜਾਣਕਾਰੀ ਰੱਖਣ ਕਰਕੇ ਇਸ ਢੰਗ ਨੂੰ ਨਹੀਂ ਅਪਣਾ ਰਹੀ। ਲੰਡੇ ਦਾ ਮਤਲਬ ਹੈ ਕਿ ਬਿਨਾਂ ਲਗਾਂ-ਮਾਤਰਾਂ ਦੇ ਅਤੇ ਅਧੂਰੀ ਸ਼ਕਲ ਵਿਚ ਲਿਖੇ ਗਏ ਅੱਖਰ । ਜਿਵੇਂ ਜੇ ਕਿਸੇ ਜਾਨਵਰ ਦੇ ਪੂਛ ਨਾ ਹੋਵੇ ਜਾਂ ਕੱਟੀ ਹੋਈ ਪੂਛ ਵਾਲਾ ਜਾਨਵਰ ਹੋਵੇ ਤਾਂ ਉਸ ਨੂੰ ਲੰਡਾ ਕਹਿ ਦਿੱਤਾ ਜਾਂਦਾ ਹੈ । ਇਸੇ ਤਰ੍ਹਾਂ ਬਿਨਾਂ ਲਗਾਂ-ਮਾਤਰਾਂ ਵਾਲੇ ਅੱਖਰਾਂ ਨੂੰ ਲੰਡੇ ਅੱਖਰ ਕਹਿ ਦਿੱਤਾ ਜਾਂਦਾ ਸੀ । ਕਿਉਂਕਿ ਇਨ੍ਹਾਂ ਅੱਖਰਾਂ ਨੂੰ ਮਹਾਜਨਾਂ (ਸ਼ਾਹੂਕਾਰਾਂ ਤੇ ਵਪਾਰੀਆਂ) ਵੱਲੋਂ ਵਰਤਿਆ ਜਾਂਦਾ ਸੀ ਇਸ ਲਈ ਇਸ ਨੂੰ ਮਹਾਜਨੀ ਵੀ ਕਹਿ ਦਿੱਤਾ ਜਾਂਦਾ ਸੀ । ਪੰਜਾਬ ਦੇ ਵਿਚ ਇਸ ਦਾ ਇਕ ਹੋਰ ਨਾਂ ‘ਕੱਚੀ’ ਵੀ ਪਰਚੱਲਤ ਸੀ ਕਿਉਂਕਿ ਇਸ ਦਾ ਕੋਈ ਵੀ ਪੱਕਾ (ਨਿਸ਼ਚਤ) ਰੂਪ ਨਹੀਂ ਸੀ। ਲੰਡੇ ਅੱਖਰ ਲਿਖਣ ਵਿਚ ਵਪਾਰੀ ਅਤੇ ਬਾਣੀਆਂ ਦੀ ਇਕ ਚਲਾਕੀ ਵੀ ਹੁੰਦੀ ਸੀ ਜਿਸ ਦਾ ਸ਼ਿਕਾਰ ਅਕਸਰ ਗਾਹਕ ਲੋਕ ਹੁੰਦੇ ਸਨ । ਕਿਉਂਕਿ ਹਰ ਅੱਖਰ ਲਗਾਂ-ਮਾਤਰਾਂ ਤੋਂ ਬਿਨਾਂ ਹੁੰਦਾ ਸੀ ਇਸ ਲਈ ਗਾਹਕ ਦਾ ਉਧਾਰ ਲਿਆ ਗਿਆ ਸੌਦਾ ਜਦੋਂ ਲਿਖਿਆ ਜਾਂਦਾ ਸੀ ਤਾਂ ਭੁਗਤਾਨ ਕਰਨ ਵੇਲੇ ਦੁਕਾਨਦਾਰ ਜਾਂ ਵਪਾਰੀ ਇਸ ਲਿਖੀ ਹੋਈ ਲਿਖਤ ਦੀ ਆਪਣੀ ਮਰਜ਼ੀ ਅਨੁਸਾਰ ਹੀ ਵਿਆਖਿਆ ਕਰਦਾ ਸੀ । ਮਿਸਾਲ ਦੇ ਤੌਰ ‘ਤੇ ਇਕ ਗਾਹਕ ਨੇ ਸੱਤ ਰੁਪਏ ਦਾ ਸੌਦਾ ਉਧਾਰ ਦੁਕਾਨਦਾਰ ਤੋਂ ਲਿਆ ਹੈ। ਦੁਕਾਨਦਾਰ ਇਨ੍ਹਾਂ ਸੱਤ ਰੁਪਈਆਂ ਨੂੰ ‘ਸਤ’ ਹੀ ਲਿਖੇਗਾ । ਜੇ ਸੈਂਤੀ ਰੁਪਏ ਦਾ ਉਧਾਰ ਲਿਆ ਹੈ ਤਾਂ ਵੀ ਸਤ ਹੀ ਲਿਖੇਗਾ । ਹੁਣ ਭੁਗਤਾਨ ਦੇ ਮੌਕੇ ‘ਤੇ ਦੁਕਾਨਦਾਰ ਦੀ ਮਰਜੀ ਹੈ ਕਿ ਉਹ ਸਤ ਲਿਖੇ ਹੋਏ ਸ਼ਬਦ ਨੂੰ ਸੱਤ ਰੁਪਏ ਦੱਸਦਾ ਹੈ ਜਾਂ ਸੈਂਤੀ, ਕਿਉਂਕਿ ਲਗ-ਮਾਤਰ ਕੋਈ ਲਾਈ ਨਹੀਂ ਸੀ ਜਾਂਦੀ । ਇਸ ਤਰ੍ਹਾਂ ਗਾਹਕ ਦਾ ਨਾਂ ਭਾਵੇਂ ਮਿਹਰ ਸਿੰਘ ਹੈ ਤੇ ਜਾਂ ਮੋਹਰ ਸਿੰਘ ਜਾਂ ਮਹਰਾ ਸਿੰਘ ਵਹੀ ਵਿਚ ਸਿਰਫ ਮਹਰ ਹੀ ਲਿਖਿਆ ਜਾਵੇਗਾ । ਇਹ ਢੰਗ ਗਾਹਕਾਂ ਦੇ ਖਿਲਾਫ਼ ਹੀ ਹੁੰਦਾ ਸੀ ਅਤੇ ਦੁਕਾਨਦਾਰਾਂ ਦੇ ਹੱਕ ਵਿਚ ਜਾਂਦਾ ਸੀ । ਦੂਜਾ, ਇਸ ਢੰਗ ਦਾ ਇਕ ਹੋਰ ਨਕਾਰਾਤਮਕ ਪੱਖ ਇਹ ਸੀ ਕਿ ਇਸ ਨੂੰ ਸਿਰਫ ਉਹ ਵਿਅਕਤੀ ਹੀ ਪੜ੍ਹ ਸਕਦਾ ਸੀ ਜਿਹੜਾ ਇਸ ਨੂੰ ਲਿਖਦਾ ਸੀ । ਦੂਸਰਾ ਵਿਅਕਤੀ ਇਸ ਨੂੰ ਪੜ੍ਹ ਹੀ ਨਹੀਂ ਸਕਦਾ ਸੀ। ਇਸ ਕਰਕੇ ਲੰਡੇ-ਮਹਾਜਨੀ ਕੋਈ ਲੋਕ-ਲਿਪੀ ਨਹੀਂ ਸੀ ਸਗੋਂ ਇਹ ਤਾਂ ਲੋਕਾਂ ਦੇ ਖਿਲਾਫ਼ ਵਰਤੀ ਜਾਣ ਵਾਲੀ ਲਿਪੀ ਸੀ ਜਿਸ ਨੂੰ ਬਾਣੀਏ, ਦੁਕਾਨਦਾਰ ਅਤੇ ਵਪਾਰੀ ਵਰਤਦੇ ਸਨ ਅਤੇ ਇਹ ਲੋਕ ਇਸ ਨੂੰ ਆਪਣੀ ਮਰਜੀ ਅਤੇ ਚਲਾਕੀ ਅਨੁਸਾਰ ਵਰਤਦੇ ਸਨ। ਹਿੰਦੂ ਵਪਾਰੀ ਦੇਵ-ਨਾਗਰੀ ਅੱਖਰਾਂ ਨੂੰ ਲੰਡੇ ਬਣਾ ਕੇ ਲਿਖਦੇ ਸਨ ਅਤੇ ਮੁਸਲਮਾਨ ਵਪਾਰੀ ਅਰਬੀ-ਫ਼ਾਰਸੀ ਅੱਖਰਾਂ ਨੂੰ ।
ਉਪਰੋਕਤ ਗੱਲਾਂ ਦੀ ਰੌਸ਼ਨੀ ਵਿਚ ਇਹ ਮੱਤ ਵੀ ਆਪਣੇ ਆਪ ਖ਼ਤਮ ਹੋ ਜਾਂਦਾ ਹੈ ਜਿਸ ਰਾਹੀਂ ਇਹ ਕਿਹਾ ਜਾਂਦਾ ਸੀ ਕਿ ਗੁਰੂ ਅੰਗਦ ਦੇਵ ਜੀ ਨੇ ਲੰਡੇ-ਮਹਾਜਨੀ ਅੱਖਰਾਂ ਨੂੰ ਹੀ ਸੁਧਾਰ ਕੇ ਗੁਰਮੁਖੀ ਲਿਪੀ ਤਿਆਰ ਕੀਤੀ ਸੀ। ਜਿਵੇਂ ਕਿ ਉਪਰ ਵੀ ਲਿਖਿਆ ਜਾ ਚੁੱਕਿਆ ਹੈ ਕਿ ਲੰਡੇ-ਮਹਾਜਨੀ ਅੱਖਰ ਕੋਈ ਲਿਪੀ ਨਹੀਂ ਸੀ ਅਤੇ ਨਾ ਹੀ ਇਹ ਲੋਕ-ਹਿਤੈਸ਼ੀ ਢੰਗ ਹੀ ਸੀ। ਇਹ ਤਾਂ ਸਿਰਫ ਬਾਣੀਆਂ ਅਤੇ ਵਪਾਰੀ ਲੋਕਾਂ ਦੀ ਗਾਹਕ ਵਿਰੋਧੀ ਪਹੁੰਚ ਨੂੰ ਛੁਪਾਉਣ ਵਾਲਾ ਇਕ ਬਿਗਾੜਿਆ ਹੋਇਆ ਢੰਗ ਸੀ। ਇਹ ਢੰਗ ਸਿਰਫ ਵਪਾਰੀ ਲੋਕਾਂ ਦੇ ਵਹੀ-ਖਾਤਿਆਂ ਵਿਚ ਹੀ ਸੀ। ਇਹ ਕਿਸੇ ਮਦਰਸੇ (ਸਕੂਲ) ਜਾਂ ਪੁਸਤਕਾਂ ਵਿਚ ਪੜ੍ਹਾਈ ਜਾਣ ਵਾਲੀ ਜਾਂ ਸਿਖਾਈ ਜਾਣ ਵਾਲੀ ਵਿਸ਼ਾ-ਪਰਣਾਲੀ ਨਹੀਂ ਸੀ । ਇਸ ਕਰਕੇ ਨਾ ਹੀ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਲੰਡਿਆਂ ਵਿਚ ਲਿਖੀ ਸੀ ਅਤੇ ਨਾ ਹੀ ਗੁਰੂ ਅੰਗਦ ਦੇਵ ਜੀ ਨੇ ਲੰਡਿਆਂ ਨੂੰ ਸੁਧਾਰਿਆ ਹੀ ਸੀ ।
ਗੁਰੂ ਨਾਨਕ ਦੇਵ ਜੀ ਬਹੁਤ ਹੀ ਪੜ੍ਹੇ ਲਿਖੇ ਅਤੇ ਅਮੀਰ ਪਰਿਵਾਰ ਨਾਲ ਸਬੰਧਤ ਸਨ । ਅਜਿਹੇ ਪਰਿਵਾਰ ਵਿਚ ਸਰਕਾਰੀ ਬੋਲੀ ਤੋਂ ਜਾਣੂ ਹੋਣਾ ਜਰੂਰੀ ਸਮਝਿਆ ਜਾਂਦਾ ਸੀ । ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਪਟਵਾਰੀ ਸਨ । ਪਟਵਾਰੀ ਦਾ ਅਹੁਦਾ ਉਨ੍ਹਾਂ ਸਮਿਆਂ ਵਿਚ ਇਕ ਅਤੀ-ਉਤਮ ਅਹੁਦਾ ਹੁੰਦਾ ਸੀ। ਇਕ ਪਟਵਾਰੀ ਦਾ ਫਾਰਸੀ ਬੋਲੀ ਅਤੇ ਲਿਪੀ ਦਾ ਅੱਛਾ ਜਾਣੂ ਹੋਣਾ ਕੁਦਰਤੀ ਗੱਲ ਸੀ ਕਿਉਂਕਿ ਮਾਲ-ਵਿਭਾਗ ਦਾ ਸਾਰਾ ਕੰਮ ਕਾਜ ਫਾਰਸੀ ਵਿਚ ਹੁੰਦਾ ਸੀ । ਸੁਭਾਵਕ ਸੀ ਕਿ ਗੁਰੂ ਨਾਨਕ ਦੇਵ ਜੀ ਵੀ ਫਾਰਸੀ ਦੇ ਨਾਲ ਨਾਲ ਹੋਰ ਵੀ ਕਈ ਬੋਲੀਆਂ ਅਤੇ ਲਿਪੀਆਂ ਦੇ ਜਾਣੂ ਹੋਣਗੇ । ਉਨ੍ਹਾਂ ਦੀ ਬਾਣੀ ਇਸ ਗੱਲ ਦਾ ਸਬੂਤ ਹੈ ਅਤੇ ਉਨ੍ਹਾਂ ਦੇ ਸੰਸਾਰ-ਵਿਆਪੀ ਦੌਰੇ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਜੋ ਆਪਣੀ ਬਾਣੀ ਉਚਾਰੀ ਸੀ ਹੋ ਸਕਦਾ ਹੈ ਕਿ ਉਸ ਨੂੰ ਫਾਰਸੀ ਅਤੇ ਦੇਵਨਾਗਰੀ ਵਿਚ ਲਿਖਿਆ ਵੀ ਹੋਵੇ । ਵੈਸੇ ਭਾਈ ਗੁਰਦਾਸ ਦੀਆਂ ਵਾਰਾਂ ਵਿਚੋਂ ਗੱਲ ਸਾਬਤ ਹੁੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਉਦਾਸੀਆਂ (ਯਾਤਰਾਵਾਂ) ਸੰਪੂਰਨ ਕਰਕੇ ਕਰਤਾਰਪੁਰ ਸਾਹਿਬ ਵਿਖੇ ਆਪਣਾ ਧਰਮ-ਕੇਂਦਰ ਖੋਲ੍ਹ ਕੇ ਉੱਥੇ ਹੀ ਬਾਣੀ ਉਚਾਰਣ ਦਾ ਅਤੇ ਲਿਖਣ ਦਾ ਕੰਮ ਪੂਰਾ ਕੀਤਾ ਸੀ ।
ਫਿਰਿ ਬਾਬਾ ਆਇਆ ਕਰਤਾਰ ਪੁਰਿ ਭੇਖੁ ਉਦਾਸੀ ਸਗਲ ਉਤਾਰਾ !….
ਬਾਣੀ ਮੁਖਹੁ ਉਚਾਰੀਐ ਹੁਇ ਰੁਸ਼ਨਾਈ ਮਿਟੈ ਅੰਧਾਰਾ।
ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ ।
ਇਸ ਗੱਲ ਨੂੰ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਗੁਰੂ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਠਹਿਰਾਅ ਕਰਨ ਪਿੱਛੋਂ ਹੀ ਆਪਣੀ ਬਾਣੀ ਲਿਖਵਾਈ ਸੀ। ਇਸ ਸਮੇਂ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿਚ ਹਾਜ਼ਰ ਹੋ ਚੁੱਕੇ ਸਨ। ਇਹ ਕੰਮ ਮੁੱਖ ਤੌਰ ’ਤੇ ਗੁਰੂ ਅੰਗਦ ਦੇਵ ਜੀ ਨੇ ਹੀ ਕੀਤਾ ਸੀ। ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣ ਬਾਅਦ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰਾਂ ਨੂੰ ਇਕ ਬਾਕਾਇਦਾ ਰੂਪ ਵਿਚ ਪਰਚੱਲਤ ਕੀਤਾ ਸੀ।
ਕੁਝ ਲੇਖਕਾਂ ਅਤੇ ਇਤਿਹਾਸਕਾਰਾਂ ਦਾ ਮੱਤ ਹੈ ਕਿ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਪੱਟੀ ਵਾਲੀ ਬਾਣੀ ਖੁਦ ਰਚੀ ਸੀ ਅਤੇ ਇਸ ਵਿਚ ‘ੜ’ ਅੱਖਰ ਵੀ ਹੈ ਅਤੇ ਇਸ ਦੇ ਅੱਖਰਾਂ ਦੀ ਤਰਤੀਬ ਵੀ ਗੁਰਮੁਖੀ ਦੀ ਵਰਤਮਾਨ ਰੂਪ-ਰੇਖਾ ਨਾਲ ਥੋੜੇ-ਮੋਟੇ ਫਰਕਾਂ ਨੂੰ ਛੱਡ ਕੇ ਮਿਲਦੀ-ਜੁਲਦੀ ਹੈ ਇਸ ਕਰਕੇ ਉਹ ਇਸ ਮੱਤ ਦੇ ਧਾਰਨੀ ਹਨ ਕਿ ਗੁਰਮੁਖੀ ਦੇ ਅੱਖਰ ਗੁਰੂ ਨਾਨਕ ਦੇਵ ਜੀ ਵੇਲੇ ਪਰਚੱਲਤ ਸਨ । ਓਪਰੀ ਨਜਰੋਂ ਇਹ ਗੱਲ ਠੀਕ ਪਰਤੀਤ ਹੁੰਦੀ ਹੈ। ਪਰ ਗੌਰ ਨਾਲ ਘੋਖ ਕਰਨ ਤੋਂ ਇਹ ਮੱਤ ਵੀ ਆਪਣੇ ਆਪ ਰੱਦ ਹੋ ਜਾਂਦਾ ਹੈ। ਪਹਿਲੀ ਗੱਲ ਇਹ ਕਿ ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਪਟੀ” ਇਸ ਗੱਲ ਦੀ ਪਰਤੀਕ ਨਹੀਂ ਹੈ ਕਿ ਉਨ੍ਹਾਂ ਸਮੇਂ ਗੁਰਮੁਖੀ ਦੇ ਪੈਂਤੀ ਅੱਖਰ ਪਰਚੱਲਤ ਸਨ। ਇਹ ਸਿਰਫ ਇਸ ਗੱਲ ਦੀ ਪਰਤੀਕ ਹੈ ਕਿ ਪੰਜਾਬੀ ਬੋਲੀ ਵਿਚ ਇਨ੍ਹਾਂ ਅੱਖਰਾਂ ਦੀ ਆਵਾਜ਼ ਬੋਲੀ ਜਾਂਦੀ ਸੀ । ‘ੜ’ ਅੱਖਰ ਦੀ ਆਵਾਜ਼ ਪੰਜਾਬੀ ਬੋਲੀ ਵਿਚ ਆਮ ਵਰਤੀ ਜਾਂਦੀ ਹੈ ਜਿਵੇਂ ਕਿ ਪੜਨਾ, ਚੜਨਾ, ਖੜਨਾ, ਲੜਨਾ, ਗੜਬੜ, ਸੜ, ਕੜ ਆਦਿ। ਪੰਜਾਬੀ ਬੋਲੀ ਵਿਚ ਵਰਤਮਾਨ ਗੁਰਮੁਖੀ ਦੇ ਪੈਂਤੀ ਅੱਖਰਾਂ ਦੀਆਂ ਹੀ ਆਵਾਜਾਂ ਹਨ। ਸਗੋਂ ਫਾਰਸੀ ਅਤੇ ਦੇਵਨਾਗਰੀ ਸਹੀ ਰੂਪ ਵਿਚ ਪੰਜਾਬੀ ਬੋਲੀ ਦੀਆਂ ਆਵਾਜਾਂ ਨੂੰ ਇੰਨ-ਬਿੰਨ ਨਹੀਂ ਲਿਖ ਸਕਦੀਆਂ। ਇਨ੍ਹਾਂ ਆਵਾਜਾਂ ਨੂੰ ਲਿਪੀ-ਰੂਪ ਸਿਰਫ ਗੁਰਮੁਖੀ ਹੀ ਦੇ ਸਕਦੀ ਹੈ ਇਸੇ ਕਰਕੇ ਹੀ ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਬੋਲੀ ਨੂੰ ਲਿਖਤੀ ਰੂਪ ਵਿਚ ਢੁੱਕਵਾਂ ਸਥਾਨ ਦੇਣ ਲਈ ਹੀ ਗੁਰਮੁਖੀ ਅੱਖਰ ਬਣਾਏ ਹਨ। ‘ੜ’ ਅੱਖਰ ਹੋਰ ਕਿਸੇ ਬੋਲੀ ਵਿਚ ਨਹੀਂ ਹੈ । ਇਹ ਫਾਰਸੀ ਅਤੇ ਦੇਵ ਨਾਗਰੀ ਵਿਚ ਵੀ ਨਹੀਂ ਹੈ ਪਰ ਇਸ ਦੀ ਆਵਾਜ਼ ਪੰਜਾਬੀ ਬੋਲੀ ਵਿਚ ਹੈ। ਪੰਜਾਬੀ ਬੋਲੀ ਦੇ ‘ੜ’ ਅੱਖਰ ਦੀ ਆਵਾਜ਼ ਨੂੰ ਦਰਸਾਉਣ ਲਈ ਹੀ ਗੁਰਮੁਖੀ ਵਿਚ ‘ੜ’ ਅੱਖਰ ਬਣਾਇਆ ਗਿਆ ਸੀ। ਦੂਜਾ ਇਹ ਕਿ ਜੋ ਤਰਤੀਬ ਅੱਖਰਾਂ ਦੀ ਆਸਾ ਪਟੀ ਵਿਚ ਹੈ ਉਹ ਗੁਰਮੁਖੀ ਅੱਖਰਾਂ ਦੀ ਵਰਤਮਾਨ ਤਰਤੀਬ ਨਾਲ ਮੇਲ ਨਹੀਂ ਖਾਂਦੀ। ਆਸਾ ਪਟੀ ਵਿਚ ਪਹਿਲਾ ਅੱਖਰ ‘ਸ’ ਹੈ ਅਤੇ ਅਖੀਰਲਾ ‘ਅ’ ਹੈ। ਇਸ ਕਰਕੇ ਇਹ ਗੱਲ ਮੰਨੀ ਨਹੀਂ ਜਾ ਸਕਦੀ ਕਿ ਆਸਾ ਪਟੀ ਗੁਰਮੁਖੀ ਅੱਖਰਾਂ ਦੇ ਹੋਂਦ ਦੀ ਪਰਤੀਕ ਹੈ। ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਪੱਟੀ ਵਾਲੀ ਰਚਨਾ ਨੇ ਗੁਰੂ ਅੰਗਦ ਦੇਵ ਜੀ ਲਈ ਗੁਰਮੁਖੀ ਅੱਖਰਾਂ ਦੀ ਤਰਤੀਬ (ਪੈਂਤੀ) ਨਿਰਧਾਰਤ ਕਰਨ ਲਈ ਮਾਰਗ-ਦਰਸ਼ਨ ਕੀਤਾ ਹੋਵੇ । ‘ਪਟੀ’ ਰਚਨਾ ਮੁੱਖ ਰੂਪ ਵਿਚ ਪੰਜਾਬੀ ਬੋਲੀ ਵਿਚ ਵਰਤੇ ਜਾਣ ਵਾਲੇ ਅੱਖਰਾਂ ਦੀ ਆਵਾਜ ਨੂੰ ਨਿਰਧਾਰਤ ਕਰਦੀ ਹੈ।
ਦੂਜੀ ਗੱਲ ਪਰਚੱਲਤ ਰਵਾਇਤ ਅਤੇ ਲਿਖਤੀ ਗਵਾਹੀਆਂ ਦੀ ਹੈ। ਸਿੱਖ ਵਿਸ਼ਵਾਸ ਵਿਚ ਇਹ ਰਵਾਇਤ ਇਤਨੀ ਪਕੇਰੇ ਰੂਪ ਵਿਚ ਪਰਚੱਲਤ ਹੈ ਜਿਸ ਤੋਂ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਇਸ ਵਿਸ਼ਵਾਸ ਪਿੱਛੇ ਕੋਈ ਨਾ ਕੋਈ ਆਧਾਰ ਜਰੂਰ ਹੈ। ਕੀ ਕਾਰਣ ਹੈ ਕਿ ਸਿੱਖਾਂ ਵਿਚ ਇਹ ਰਵਾਇਤ ਪਰਚੱਲਤ ਹੋ ਗਈ ਕਿ ਗੁਰਮੁਖੀ ਅੱਖਰ ਗੁਰੂ ਅੰਗਦ ਦੇਵ ਜੀ ਨੇ ਬਣਾਏ ਸਨ । ਗੁਰੂ ਨਾਨਕ ਦੇਵ ਜੀ ਦੇ ਨਾਲ ਇਹ ਰਵਾਇਤ ਕਿਉਂ ਨਹੀਂ ਜੁੜੀ? ਇਹ ਤਾਂ ਹੋ ਨਹੀਂ ਸਕਦਾ ਕਿ ਸਿੱਖਾਂ ਵਿਚ ਗੁਰੂ ਸਾਹਿਬਾਨ ਦੇ ਸਤਿਕਾਰ ਦਾ ਦਰਜਾ ਇਕ ਦੂਜੇ ਨਾਲੋਂ ਵੱਖਰਾ ਵੱਖਰਾ ਹੋਵੇ? ਸਿੱਖਾਂ ਲਈ ਦਸੇ ਗੁਰੂ ਸਾਹਿਬਾਨ ਹੀ ਗੁਰੂ ਨਾਨਕ ਦਾ ਸਰੂਪ ਹਨ । ਆਖਰ ਰਵਾਇਤ ਨਿਰਆਧਾਰ ਤਾਂ ਹੁੰਦੀ ਨਹੀਂ ਅਤੇ ਨਾ ਹੀ ਇਕ ਦਮ ਪਰਚੱਲਤ ਹੁੰਦੀ ਹੈ। ਇਸ ਦੇ ਪਿੱਛੇ ਇਕ ਵਿਸ਼ਵਾਸ ਅਤੇ ਠੋਸ ਆਧਾਰ ਹੁੰਦਾ ਹੈ । ਇਸ ਦੇ ਵਿਚ ਵੀ ਕੀ ਫ਼ਰਕ ਪੈਣਾ ਸੀ ਕਿ ਜੇ ਗੁਰਮੁਖੀ ਅੱਖਰ ਗੁਰੂ ਨਾਨਕ ਦੇਵ ਜੀ ਵੇਲੇ ਪਰਚੱਲਤ ਹੁੰਦੇ ਅਤੇ ਉਨ੍ਹਾਂ ਦੇ ਨਾਂ ਨਾਲ ਹੀ ਇਹ ਰਵਾਇਤ ਜੁੜ ਜਾਂਦੀ? ਪਰ ਇਹ ਗੱਲ ਹੋਈ ਨਹੀਂ। ਇੰਦੂ ਭੂਸ਼ਣ ਬੈਨਰਜੀ ਲਿਖਦਾ ਹੈ ਕਿ “ਪਰੰਪਰਾ ਪਰੰਪਰਾ ਹੋਣ ਦੇ ਨਾਤੇ ਹੀ ਨਹੀਂ ਤਿਆਗੀ ਜਾ ਸਕਦੀ ਜਦ ਤੱਕ ਕਿ ਇਸ ਦੇ ਵਿਰੁੱਧ ਕੋਈ ਠੋਸ ਸਬੂਤ ਨਾ ਹੋਵੇ । ਪੱਟੀ ਦੀ ਇਕੋ ਇਕ ਔਕੜ ਦੀ ਵਿਆਖਿਆ ਇਸ ਤਰਕ-ਸੰਗਤ ਆਧਾਰ ‘ਤੇ ਕੀਤੀ ਜਾ ਸਕਦੀ ਹੈ ਕਿ ਮੌਲਿਕ ਰੂਪ ਵਿਚ ਇਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਲੰਡਿਆਂ ਵਿਚ ਕੀਤੀ ਅਤੇ ਪਿੱਛੋਂ ਇਸ ਵਿਚ ਲੋੜੀਂਦੀ ਸੁਧਾਈ ਕਰਕੇ ਇਸ ਨੂੰ ਗੁਰਮੁਖੀ ਵਿਚ ਲਿਪੀਆਂਤ੍ਰਿਤ ਕਰ ਦਿੱਤਾ ਗਿਆ ਸੀ ।” ਇਸ ਤਰ੍ਹਾਂ ਭਾਵੇਂ ਬੈਨਰਜੀ ਦੀ ਲੰਡਿਆਂ ਵਿਚ ਲਿਖਣ ਵਾਲੀ ਗੱਲ ਤਾਂ ਨਹੀਂ ਮੰਨੀ ਜਾ ਸਕਦੀ ਪਰ ਬੈਨਰਜੀ ਦਾ ਇਹ ਮੱਤ ‘ਪਟੀ’ ਵਾਲੀ ਰਚਨਾ ਬਾਰੇ ਸਾਡੇ ਮੱਤ ਦੀ ਪੁਸ਼ਟੀ ਜਰੂਰ ਕਰਦਾ ਹੈ ।
ਇਸ ਰਵਾਇਤ ਨੂੰ ਲੋੜੀਂਦੀ ਮਦਦ ਗੁਰਮੁੱਖੀ ਦੀਆਂ ਉਹ ਮੁੱਢਲੀਆਂ ਲਿਖਤਾਂ ਵੀ ਕਰਦੀਆਂ ਹਨ ਜਿਹੜੀਆਂ ਸਪਸ਼ਟ ਸ਼ਬਦਾਂ ਵਿਚ ਇਸ ਗੱਲ ਦੀ ਹਾਮੀ ਭਰਦੀਆਂ ਹਨ ਕਿ ਗੁਰਮੁਖੀ ਅੱਖਰ ਗੁਰੂ ਅੰਗਦ ਦੇਵ ਜੀ ਨੇ ਹੀ ਬਣਾਏ ਸਨ। ਇਸ ਤਰ੍ਹਾਂ ਦੀ ਹਾਮੀ ਭਰਨ ਵਾਲੀ ਸਭ ਤੋਂ ਪਹਿਲੀ ਲਿਖਤ ਕੇਸਰ ਸਿੰਘ ਛਿੱਬਰ ਦੀ ਹੈ। ਇਹ 1769 ਈ. ਦੀ ਲਿਖਤ ਹੈ। ਕੇਸਰ ਸਿੰਘ ਛਿੱਬਰ ਬਰਾਹਮਣ ਸਿੱਖ ਸੀ ਅਤੇ ਉਸ ਦਾ ਪਿਤਾ ਅਤੇ ਪੜਦਾਦਾ ਵੀ ਸਿੱਖ ਸਨ । ਉਹ ਲਿਖਦਾ ਹੈ :
ਗੁਰੂ ਅੰਗਦ ਜੀ ‘ਬਾਲੇ’ ਪਾਸੋਂ ਸਾਰੀ ਹਕੀਕਤ ਬਾਬੇ ਦੀ ਲਈ।
ਜਨਮ ਪਤ੍ਰੀ ਦੀ ਖੋਜਨਾ ਕਈ।
…………………………………………….
ਪੱਤ੍ਰੀ ਹਥ ਨ ਲਗੀ ਬਾਲਾ ਮੁੜ ਆਇਆ।
ਇਕ ਟੇਵਾ ਜਿਹਾ ਉਸ ਹਥਿ ਆਇਆ।
ਉਸ ਉਪਰੋ ਸਭ ਉਤਾਰਾ ਕੀਤਾ।
ਜਨਮ ਸਾਖੀ ਦਾ ਪੁਸਤਕ ਬਣਾਇ ਲੀਤਾ ।
ਇਸ ਵਿਚੋਂ ਸਿਰਫ ਇਹ ਪਤਾ ਲੱਗਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਜਨਮਸਾਖੀ ਲਿਖਵਾਈ। ਇਹ ਗੱਲ ਸਿਰਫ ਲਿਖਵਾਉਣ ਦੀ ਤਾਕੀਦ ਕਰਦੀ ਹੈ।
ਦੂਸਰੀ ਲਿਖਤ ਸਰੂਪ ਦਾਸ ਭੱਲਾ ਦੀ ਹੈ ਜੋ 1776 ਈ. ਦੀ ਲਿਖਤ ਹੈ। ਸਰੂਪ ਦਾਸ ਭੱਲਾ ਗੁਰੂ ਅਮਰ ਦਾਸ ਜੀ ਦੀ ਵੰਸ਼ ਵਿਚੋਂ ਸੀ। ਇਸ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਇਆਂ ਨੇ ਗੁਰਮੁਖੀ ਦੇ ਅੱਖਰ ਬਣਾਏ ਅਤੇ ਇਸ ਵਿਚ ਇਕ ਪੋਥੀ ਲਿਖੀ ।
ਸਤਿਗੁਰ ਨਾਨਕ ਜੀ ਕਹਿਓ ਸੁਨ ਸਤ ਪੁਰਖ ਮਤ-ਸਾਰ।
ਗੁਰਮੁਖ ਪੰਥ ਹਰ ਕੋ ਰਚੋ ਗੁਰਮਤ ਮੰਤ੍ਰ ਉਚਾਰ।
ਸਤ ਬਚਨ ਸਤਗੁਰ ਮਨ ਧਾਰ। ਤਬ ਗੁਰਮੁਖ ਅਛਰ ਲਿਖੇ ਸੁਚਾਰ।
ਗੁਰਮੁਖ ਵਚਨ ਲਿਖ ਪੋਥੀ ਕਰਾ । ਜੈ ਜੈ ਗੁਰਮੁਖ ਪੰਥ ਜਗਧਰਾ।
ਗਯਾਨੀ ਗਯਾਨ ਸਿੰਘ ਨੇ ਲਿਖਿਆ ਹੈ: “ਸੰ. 1598 (1541) ਬਿ. ਵਿਚ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰ ਨਵੇਂ ਰਚ ਕੇ ਬਾਬੇ ਨਾਨਕ ਦੇ ਜੀਵਨ ਚਰਿਤ੍ਰ ਭਾਈ ਬਾਲੇ ਦੀ ਜ਼ਬਾਨੀ ਸੁਣ ਕੇ ਭਾਈ ਪੇੜੇ ਮੋਖੇ ਤੇ ਸੰ. 1600 ਬਿ. ਨੂੰ ਲਿਖਵਾ ਕੇ ਬਾਬੇ ਦੀ ਜਨਮਸਾਖੀ ਨਾਮ ਰੱਖਯਾ ।”” ਮੁੱਢਲਾ ਅੰਗਰੇਜ ਲਿਖਾਰੀ ਮੈਲਕਮ ਵੀ ਇਸ ਗੱਲ ਦੀ ਹਾਮੀ ਇਹ ਲਿਖ ਕੇ उतरा वै “He taught the same doctrine as Nanak and wrote some chapters that now form part of the Granth, ”
ਇਨ੍ਹਾਂ ਤੋਂ ਇਲਾਵਾ ਕਈ ਆਧੁਨਿਕ ਇਤਿਹਾਸਕਾਰ ਵੀ ਇਹ ਗੱਲ ਮੰਨਦੇ ਹਨ ਕਿ ਗੁਰਮੁਖੀ ਲਿਪੀ ਗੁਰੂ ਅੰਗਦ ਦੇਵ ਜੀ ਨੇ ਹੀ ਪਰਚੱਲਤ ਕੀਤੀ ਸੀ । ਤੇਜਾ ਸਿੰਘ ਗੰਡਾ ਸਿੰਘ ਲਿਖਦੇ ਹਨ : “ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਕੱਠੀ ਕਰਕੇ ਇਕ ਵਿਸ਼ੇਸ ਲਿਪੀ ਗੁਰਮੁੱਖੀ ਵਿਚ ਲਿਖਵਾਈ । ਇਸ ਤਰ੍ਹਾਂ ਸਿੱਖ ਧਰਮ ਦੀ ਪੁਸਤਕ ਦਾ ਮੁੱਢ ਬੱਝਣਾ ਸ਼ੁਰੂ ਹੋ ਗਿਆ ।”
ਇਨ੍ਹਾਂ ਲਿਖਤਾਂ ਅਤੇ ਰਵਾਇਤਾਂ ਦੀ ਰੌਸ਼ਨੀ ਵਿਚ ਇਸ ਗੱਲ ਵਿਚ ਭੋਰਾ ਵੀ ਇਹ ਸ਼ੱਕ ਨਹੀਂ ਰਹਿ ਜਾਂਦਾ ਕਿ ਗੁਰਮੁੱਖੀ ਲਿਪੀ ਨੂੰ ਕੇਵਲ ਤੇ ਕੇਵਲ ਗੁਰੂ ਅੰਗਦ ਦੇਵ ਜੀ ਨੇ ਹੀ ਪਰਚੱਲਤ ਕੀਤਾ ਸੀ । ਇਸ ਲਿਪੀ ਦਾ ਗੁਰਮੁੱਖੀ ਨਾਂ ਹੀ ਆਪਣੇ ਆਪ ਵਿਚ ਇਸ ਗੱਲ ਦਾ ਸੂਚਕ ਹੈ ਕਿ ਇਸ ਲਿਪੀ ਨੂੰ ਸਿਰਫ ਸਿੱਖ ਗੁਰੂ ਸਾਹਿਬਾਨ ਨੇ ਹੀ ਪਰਚੱਲਤ ਕੀਤਾ ਸੀ। ਸਿੱਖ ਧਰਮ ਨੇ ਜਿਸ ਆਦਰਸ਼ ਵਿਅਕਤੀ ਨੂੰ ਸਿਰਜਣ ਦਾ ਬੀੜਾ ਚੁੱਕਿਆ ਸੀ ਉਸ ਦਾ ਨਾਂ ਸਿੱਖ ਸ਼ਬਦਾਵਲੀ ਅਤੇ ਪਰੀਭਾਸ਼ਾ ਅਨੁਸਾਰ ਗੁਰਮੁੱਖ ਸੀ । ਜਿਹੜੀ ਲਿਪੀ ਦੀ ਵਰਤੋਂ ਗੁਰਮੁੱਖਾਂ ਦੁਆਰਾ ਕੀਤੀ ਜਾਂਦੀ ਸੀ ਉਸ ਨੂੰ ਗੁਰਮੁੱਖੀ ਕਿਹਾ ਜਾਂਦਾ ਸੀ । ਜੇ ਗੁਰਮੁੱਖੀ ਦੇ ਅੱਖਰ ਗੁਰੂ ਅੰਗਦ ਦੇਵ ਜੀ ਤੋਂ ਢੇਰ ਸਮਾਂ ਪਹਿਲੋਂ ਹੀ ਪਰਚੱਲਤ ਸਨ ਤਾਂ ਉਸ ਦਾ ਨਾਂ ਖ਼ਤਮ ਹੋ ਕੇ ਗੁਰਮੁੱਖੀ ਕਿਉਂ ਪਿਆ? ਜੇ ਇਹ ਲਿਪੀ ਪਹਿਲੋਂ ਹੀ ਪਰਚੱਲਤ ਸੀ ਅਤੇ ਪੰਜਾਬ ਦੇ ਲੋਕਾਂ ਦੁਆਰਾ ਵਰਤੀ ਜਾਂਦੀ ਸੀ ਤਾਂ ਉਹ ਨਾਂ ਕਿਉਂ ਨਹੀਂ ਪਰਚੱਲਤ ਹੋਇਆ ਅਤੇ ਕਿਉਂ ਇਹ ਲਿਪੀ ਪੰਜਾਬ ਦੇ ਬਹੁ-ਗਿਣਤੀ ਲੋਕਾਂ ਵਿਚੋਂ ਨਿਕਲ ਕੇ ਸਿੱਖਾਂ ਜੈਸੀ ਘੱਟ-ਗਿਣਤੀ ਦੀ ਕੌਮ ਵਿਚ ਆ ਕੇ ਸੀਮਤ ਹੋ ਗਈ ਸੀ?

ਅੱਜ ਕਲ੍ਹ ਪੰਜਾਬੀ ਦੇ ਕਈ ਆਧੁਨਿਕ ਸਾਹਿਤਕਾਰ ਇਸ ਗੱਲ ਤੋਂ ਇਨਕਾਰੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਮੁੱਖੀ ਲਿਪੀ ਨੂੰ ਗੁਰੂ ਅੰਗਦ ਦੇਵ ਜੀ ਨੇ ਬਿਲਕੁਲ ਹੀ ਬਣਾਇਆ ਸੰਭਾਰਿਆ ਨਹੀਂ ਸੀ। ਇਨ੍ਹਾਂ ਲੇਖਕਾਂ ਦਾ ਮੋਢੀ ਮਿਸਟਰ ਜੀ. ਬੀ. ਸਿੰਘ ਹੈ। ਇਨ੍ਹਾਂ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਕਿਉਂਕਿ ਹਨੂਰ (ਲੁਧਿਆਣੇ) ਤੋਂ ਇਕ ਪੁਰਾਤਨ ‘ਖੂਹ ਵਿਚੋਂ ਮਿਲੇ ਸ਼ਿਲਾਲੇਖ ਉਪਰ ਗੁਰਮੁੱਖੀ ਦੇ ਕੁਝ ਅੱਖਰ ਮਿਲਦੇ ਹਨ । ਦੂਸਰਾ ਇਹ ਕਿ ਗੁਰਮੁੱਖੀ ਦੇ ਕੁਝ ਅੱਖਰ ਲੰਡੇ-ਮਹਾਜਨੀ, ਟਾਕਰੀ ਅਤੇ ਸ਼ਾਰਦਾ ਵਿਚ ਮਿਲਦੇ ਹਨ। ਇਹ ਦੋਵੇਂ ਗੱਲਾਂ ਹੀ ਵਜ਼ਨ ਦੇ ਪੱਖੋਂ ਬਿਲਕੁਲ ਹੌਲੀਆਂ ਹਨ। ਹਠੂਰ ਦਾ ਪੁਰਾਤਨ ਖੂਹ ਚੌਧਵੀਂ ਸਦੀ ਦਾ ਨਹੀਂ ਹੈ। ਉਹ 1630 ਈ. ਵਿਚ ਬਾਦਸ਼ਾਹ ਸ਼ਾਹ ਜਹਾਨ ਦੇ ਵੇਲੇ ਦਾ ਲੱਗਿਆ ਹੋਇਆ ਹੈ। ਇਹ ਕਈ ਵਾਰ ਢਹਿ ਚੁੱਕਿਆ ਹੈ। ਇਸ ਕਰਕੇ ਇਸ ਦਾ ਸ਼ਿਲਾਲੇਖ ਪੁਰਾਤਨਤਾ ਦਾ ਕੋਈ ਸਬੂਤ ਨਹੀਂ ਹੈ। ਇਸ ਵਿਚ ਇਸ ਸਮੇਂ ਕੋਈ ਸ਼ਿਲਾਲੇਖ ਨਹੀਂ ਹੈ। ਜਿਸ ਸ਼ਿਲਾਲੇਖ ਦੀ ਤਸਵੀਰ ਜੀ. ਬੀ. ਸਿੰਘ ਨੇ ਦਿੱਤੀ ਹੈ ਉਹ ਉਸ ਦੇ ਆਪਣੇ ਹੱਥ ਨਾਲ ਤਿਆਰ ਕੀਤੀ ਹੋਈ ਹੈ । ਇਸ ਉਪਰ ਜਿਨ੍ਹਾਂ ਗੁਰਮੁੱਖੀ ਦੇ ਅੱਖਰਾਂ ਦੀ ਫੋਟੋ ਹੈ ਉਹ ਹੱਥ ਨਾਲ ਬਣਾਏ। ਹੋਏ ਹਨ। ਜਿਹੜੇ ਅੱਖਰ ਸ਼ਿਲਾਲੇਖ ਉਪਰ ਹਨ ਉਨ੍ਹਾਂ ਦਾ ਗੁਰਮੁੱਖੀ ਦੇ ਵਰਤਮਾਨ ਰੂਪ ਨਾਲੋਂ ਬਹੁਤ ਜ਼ਿਆਦਾ ਫ਼ਰਕ ਹੈ। ਇਹ ਅੱਖਰ ਕਿਸੇ ਆਧੁਨਿਕ ਸਮੇਂ ਵਿਚ ਲਗਾਏ ਹੋਏ ਸ਼ਿਲਾਲੇਖ ਦੇ ਹਨ। ਹੋ ਸਕਦਾ ਹੈ ਕਿ ਹਠੂਰ ਦੇ ਖੂਹ ਨੂੰ ਆਧੁਨਿਕ ਸਮੇਂ ਵਿਚ ਕਿਸੇ ਨੇ ਮੁਰੰਮਤ ਕਰਵਾਇਆ ਹੋਵੇ ਅਤੇ ਸ਼ਿਲਾਲੇਖ ਉਪਰ ਗੁਰਮੁੱਖੀ ਅੱਖਰਾਂ ਵਿਚ ਪੁਰਾਣਾ ਸੰਮਤ ਲਿਖ ਦਿੱਤਾ ਹੋਵੇ । ਦੂਜੀ ਗੱਲ ਸੁਲਤਾਨਾਂ ਸਮੇਂ ਜੇ ਕੋਈ ਮੁਸਲਮਾਨ ਹਾਕਮ ਆਪਣੇ ਵੱਲੋਂ ਬਣਵਾਏ ਗਏ ਕਿਸੇ ਖੂਹ ਵਿਚ ਸ਼ਿਲਾਲੇਖ ਲਿਖਵਾ ਕੇ ਲਗਵਾਏਗਾ ਤਾਂ ਉਹ ਫਾਰਸੀ ਵਿਚ ਲਿਖਵਾਏਗਾ। ਇਹ ਗੱਲ ਅਜੇ ਤੱਕ ਨਹੀਂ ਦੇਖੀ ਗਈ ਕਿ ਮੁਸਲਮਾਨ ਸ਼ਾਸਕ ਵੱਲੋਂ ਗੁਰਮੁੱਖੀ ਵਿਚ ਜਾਂ ਹਿੰਦੀ ਵਿਚ, ਉਹ ਵੀ ਚੌਧਵੀਂ ਸਦੀ ਦੌਰਾਨ, ਸ਼ਿਲਾਲੇਖ ਲਿਖਵਾਇਆ ਗਿਆ ਹੋਵੇ। ਤੀਜਾ, ਅਕਸਰ ਕੁਝ ਅੱਖਰ ਦੂਜੀਆਂ ਲਿਪੀਆਂ ਨਾਲ ਮਿਲ ਜਾਇਆ ਕਰਦੇ ਹਨ। ‘ਟ’ ‘ਠ’ ਹਿੰਦੀ ਵਿਚ ਵੀ ਇਸੇ ਤਰ੍ਹਾਂ ਹਨ। ਕੁਝ ਅਖਰ ਟਾਕਰੀ ਅਤੇ ਸ਼ਾਰਦਾ ਨਾਲ ਵੀ ਮਿਲਦੇ ਹਨ। ਇਹ ਕੁਦਰਤੀ ਗੱਲ ਹੈ। ਟਾਕਰੀ, ਸ਼ਾਰਧਾ, ਦੇਵਨਾਗਰੀ ਆਦਿ ਲਿਪੀਆਂ ਪੰਜਾਬ ਦੀਆਂ ਗੁਆਂਢੀ ਇਲਾਕੇ ਦੀਆਂ ਲਿਪੀਆਂ ਹਨ। ਇਨ੍ਹਾਂ ਨਾਲ ਗੁਰਮੁੱਖੀ ਦੇ ਕੁਝ ਅੱਖਰਾਂ ਦੀਆਂ ਸ਼ਕਲਾਂ ਮਿਲ ਜਾਣੀਆਂ ਸੁਭਾਵਿਕ ਹਨ।
ਸਭ ਤੋਂ ਜ਼ਿਆਦਾ ਹਾਸੋ ਹੀਣੀ ਗੱਲ ਮਿ. ਜੀ. ਬੀ. ਸਿੰਘ ਨੇ ਇਹ ਲਿਖੀ ਹੈ ਕਿ ਗੁਰਮੁੱਖੀ ਨਾਮ ਤਾਂ ਸਿਰਫ ਇਕ ਲੇਖਕ ਦੀ ਸਾਧਾਰਨ ਜਿਹੇ ਤੌਰ ‘ਤੇ ਲਿਖੀ ਹੋਈ ਇਕ ‘ਬਾਣੀ ਬਿਹੰਗ’ ਨਾਂ ਦੀ ਲਿਖਤ ਵਿਚ ਲਿਖੇ ਗਏ ਗੁਰਮੁੱਖੀ ਸ਼ਬਦ ਤੋਂ ਪਰਚੱਲਤ ਹੋ ਗਿਆ ਹੈ। ਅਜੇ ਤੱਕ ਸਾਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ‘ਬਾਣੀ ਬਿਹੰਗ’ ਨਾਂ ਦੀ ਕੋਈ ਲਿਖਤ ਹੈ? ਜੇ ਹੈ ਤਾਂ ਇਸ ਦੀ ਅਹਿਮੀਅਤ ਕੀ ਹੈ? ਸਿੱਖਾਂ ਦੀਆਂ ਮੁੱਢਲੀਆਂ ਲਿਖਤਾਂ ਵਿਚ ਤਾਂ ਇਸ ਦਾ ਜ਼ਿਕਰ ਕਦੇ ਸੁਣਿਆ ਨਹੀਂ ਹੈ। ਨਾਂ ਤਾਂ ਇਹ ਲਿਖਤ ਕਿਸੇ ਗੁਰੂ ਦੀ ਜੀਵਨੀ ਹੈ ਅਤੇ ਨਾ ਹੀ ਵਿਚਾਰਧਾਰਾ ਨੂੰ ਦਰਸਾਉਣ ਵਾਲੀ ਹੈ। ਇਸ ਦੇ ਲੇਖਕ ਦਾ ਨਾਂ ਵੀ ਪਤਾ ਨਹੀਂ ਹੈ ਅਤੇ ਨਾ ਹੀ ਇਸ ਦੇ ਰਚਨਾਕਾਲ ਦਾ ਪਤਾ ਹੈ । ਫਿਰ ਇਸ ਲਿਖਤ ਤੋਂ ਖਾਹਮੁਖਾਹ ਹੀ ਗੁਰਮੁੱਖੀ ਸ਼ਬਦ ਪਰਚੱਲਤ ਹੋ ਗਿਆ?
ਅਸਲ ਵਿਚ 1947 ਵਿਚ ਭਾਰਤ ਦੀ ਵੰਡ ਹੋਣ ਪਿੱਛੋਂ ਹੋਏ ਸੱਤਾ ਦੇ ਤਬਾਦਲੇ ਨਾਲ ਭਾਰਤ ਦੀ ਹਿੰਦੂ ਬਹੁ-ਗਿਣਤੀ ਫਿਰਕੇ ਦੀ ਸੋਚ ਵਿਚ ਵੀ ਤਬਦੀਲੀ ਆ ਜਾਣ ਕਰਕੇ ਇੱਥੋਂ ਦੀ ਹਕੂਮਤ ਦੀ ਵੀ ਘੱਟ-ਗਿਣਤੀਆਂ ਪੱਰਤੀ ਸੋਚ ਬਦਲ ਗਈ ਸੀ । ਗੁਰਮੁੱਖੀ ਲਿਪੀ ਬਾਰੇ ਇਸ ਗੱਲ ਨੂੰ ਪਰਚੱਲਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇਹ ਇਕੱਲੇ ਸਿੱਖਾਂ ਦੀ ਲਿਪੀ ਨਹੀਂ ਹੈ। ਪੰਜਾਬੀ ਬੋਲੀ ਦੇ ਆਧਾਰ ‘ਤੇ ਚਲੇ ਪੰਜਾਬੀ ਸੂਬੇ ਦੇ ਅੰਦੋਲਨ ਕਾਰਣ ਇਹ ਬਹਿਸ ਹੋਰ ਵੀ ਜ਼ੋਰ ਫੜ ਗਈ ਸੀ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਹਿੰਦੂ ਸੋਚ ਦੀ ਧਾਰਨੀ ਸੰਸਥਾ ਹੈ। ਇਸ ਨੇ ਇਸ ਗੱਲ ਨੂੰ ਪਰਚਾਰਨ ਵਿਚ ਜ਼ੋਰ ਲਗਾਇਆ ਸੀ ਕਿ ਗੁਰਮੁੱਖੀ ਲਿਪੀ ਨੂੰ ਕਿਸੇ ਵੀ ਤਰੀਕੇ ਨਾਲ ਸਿੱਖ ਗੁਰੂ ਸਾਹਿਬਾਨ ਨਾਲੋਂ ਤੋੜ ਕੇ ਗੈਰ-ਸਿੱਖ ਨੇਤਾਵਾਂ ਦੁਆਰਾ ਪਰਚੱਲਤ ਕੀਤੀ ਲਿਪੀ ਦਰਸਾਇਆ ਜਾਵੇ। ਇਸ ਮਕਸਦ ਲਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਮਿ. ਜੀ. ਬੀ. ਸਿੰਘ ਤੋਂ ਗੁਰਮੁੱਖੀ ਲਿਪੀ ਦਾ ਜਨਮ ਤੇ ਵਿਕਾਸ ਨਾਂ ਦੀ ਇਕ ਪੁਸਤਕ ਲਿਖਵਾਈ। ਇਸ ਵਿਚ ਮਿ. ਜੀ. ਬੀ. ਸਿੰਘ ਨੇ ਸਾਧਾਰਨ ਜਿਹੇ ਸਬੂਤਾਂ ਨੂੰ ਪੇਸ਼ ਕਰਕੇ ਆਪਾ ਵਿਰੋਧੀ ਦਲੀਲਾਂ ਦੁਆਰਾ ਗੁਰਮੁੱਖੀ ਨੂੰ ਬਰਾਹਮਣਾਂ, ਬਾਣੀਆਂ ਅਤੇ ਵਪਾਰੀ ਲੋਕਾਂ ਦੁਆਰਾ ਪਰਚੱਲਤ ਕੀਤੀ ਗਈ ਦਰਸਾਇਆ ਹੈ। ਇਸ ਕਿਤਾਬ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਕਈ ਵਾਰ ਛਪਵਾਇਆ ਹੈ। ਇਸ ਲਈ ਮਿ. ਜੀ. ਬੀ. ਸਿੰਘ ਦੀ ਲਿਖਤ ਵਿਗਿਆਨਕ ਖੋਜ ਨਹੀਂ ਹੈ ਅਤੇ ਨਾ ਹੀ ਤੱਥ-ਆਧਾਰਤ ਪੁਸਤਕ ਹੈ ਬਲਕਿ ਇਹ ਇਕ ਵਿਸ਼ੇਸ ਸੋਚ ਨੂੰ ਸਾਹਮਣੇ ਰੱਖ ਕੇ ਅਤੇ ਇਕ ਵਿਸ਼ੇਸ ਸਾਜਿਸ਼ ਰਾਹੀਂ ਲਿਖਵਾਈ ਗਈ मी।
ਅਸਲ ਵਿਚ ਗੁਰਮੁੱਖੀ ਲਿਪੀ ਪੰਜਾਬੀ ਬੋਲੀ ਦੀ ਇਕੋ ਇਕ ਢੁੱਕਵੀਂ ਲਿਪੀ ਹੈ ਅਤੇ ਇਸ ਨੂੰ ਗੁਰੂ ਅੰਗਦ ਦੇਵ ਜੀ ਨੇ ਆਪਣੇ ਗੁਰਿਆਈ ਕਾਲ ਸਮੇਂ ਪਹਿਲਾਂ ਗੁਰਮੁੱਖਾਂ ਵਿਚ ਪਰਚੱਲਤ ਕੀਤਾ ਅਤੇ ਫਿਰ ਸਮੁੱਚੇ ਪੰਜਾਬੀਆਂ ਲਈ ਪ੍ਰਚੱਲਤ ਹੋ ਗਈ ਸੀ । ਇਸ ਦੇ ‘ਙ’, ‘ਞ’, ‘ੜ’ ਅੱਖਰ ਵਿਸ਼ੇਸ ਸਥਾਨ ਰੱਖਦੇ ਹਨ। ਇਹ ਅੱਖਰ ਨਾ ਹੀ ਹੋਰਨਾਂ ਬੋਲੀਆਂ ਵਿਚ ਬੋਲੇ ਜਾਂਦੇ ਹਨ ਅਤੇ ਨਾ ਹੀ ਹੋਰਨਾਂ ਲਿਪੀਆਂ ਵਿਚ ਲਿਖੇ ਜਾ ਸਕਦੇ ਹਨ। ਗੁਰਮੁਖੀ ਅੱਖਰ ਨਿਰਧਾਰਤ ਕਰਕੇ ਗੁਰੂ ਅੰਗਦ ਦੇਵ ਜੀ ਨੇ ਇਸ ਦੇ ਕਾਇਦੇ ਤਿਆਰ ਕੀਤੇ ਅਤੇ ਇਨ੍ਹਾਂ ਕਾਇਦਿਆਂ ਰਾਹੀਂ ਪਹਿਲਾਂ ਪਹਿਲ ਗੁਰਮੁੱਖਾਂ ਨੂੰ ਪੜ੍ਹਾਈ ਕਰਵਾਈ ਜਾਂਦੀ ਸੀ । ਗੁਰਮੁੱਖਾਂ ਦੁਆਰਾ ਵਰਤੋਂ ਵਿਚ ਲਿਆਂਦੀ ਜਾਣ ਕਰਕੇ ਇਸ ਲਿਪੀ ਦਾ ਨਾਂ ਗੁਰਮੁੱਖੀ ਪਰਚੱਲਤ ਹੋ ਗਿਆ।
ਲੰਗਰ ਦੀ ਪਰੰਪਰਾ ਸਥਾਪਤ ਕੀਤੀ: ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸੱਤਾ ਅਤੇ ਬਲਵੰਡ ਦੁਆਰਾ ਲਿਖੀ ‘ਵਾਰ ਰਾਮਕਲੀ ਦੀ’ ਵਿਚ ਦੱਸਿਆ ਗਿਆ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਆਉਣ ਵਾਲੇ ਸ਼ਰਧਾਲੂਆਂ ਅਤੇ ਲੋੜਵੰਦਾਂ ਲਈ, ਖਡੂਰ ਸਾਹਿਬ ਵਿਖੇ ਲੰਗਰ ਚਾਲੂ ਕੀਤਾ ਹੋਇਆ ਸੀ ਅਤੇ ਇਸ ਵਿਚ ਗੁਰੂ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਖ਼ੁਦ ਭੋਜਨ ਵਰਤਾਇਆ ਕਰਦੀ ਸੀ । ਦੁੱਧ ਵਿਚ ਬਣੀ ਖੀਰ ਅਤੇ ਉਸ ਵਿਚ ਦੇਸੀ ਘਿਉ ਪਾ ਕੇ ਲੰਗਰ ਵਿਚ ਵਰਤਾਈ ਜਾਂਦੀ ਸੀ।
ਇਤਨਾ ਸੁਆਦਲਾ ਖਾਣਾ ਅਤੇ ਪਿਆਰ ਸਹਿਤ ਗਰੀਬਾਂ ਅਤੇ ਲੋੜਵੰਦਾਂ ਲਈ ਮੁਫਤ ਅਤੇ ਬਿਨਾਂ ਕਿਸੇ ਭੇਦ-ਭਾਵ ਦੇ ਮੁਹੱਈਆ ਕੀਤਾ ਜਾਂਦਾ ਸੀ । ਇਸ ਗੱਲ ਨੇ ਪਹਿਲੀ ਵਾਰ ਇਕ ਨਵੀਂ ਮਿਸਾਲ ਕਾਇਮ ਕੀਤੀ ਸੀ । ਇਹ ਪਰੰਪਰਾ ਇਤਨੀ ਦਰਿੜਤਾ ਨਾਲ ਚਲਾਈ ਗਈ ਸੀ ਕਿ ਅੱਗੇ ਤੋਂ ਲੰਗਰ ਸਿੱਖ ਧਰਮ ਦਾ ਇਕ ਅਨਿੱਖੜਵਾਂ ਅੰਗ ਹੀ ਬਣ ਗਿਆ। ਇਹ ਸੰਸਥਾ (ਲੰਗਰ) ਪਰਚਾਰ ਕਾਰਜਾਂ ਵਿਚ ਅਤਿਅੰਤ ਸਹਾਈ ਸਿੱਧ ਹੋਈ। ਇਸ ਨੇ ਗਰੀਬਾਂ ਲਈ ਜਿੱਥੇ ਇਕ ਸ਼ਰਨ ਦੇਣ ਵਾਲੇ ਅਸਥਾਨ ਦਾ ਕੰਮ ਕੀਤਾ ਉੱਥੇ ਇਹ ਸੰਸਥਾ ਪਰਚਾਰ ਅਤੇ ਲੋਕ-ਪਰੀਅਤਾ ਦਾ ਸਾਧਨ ਵੀ ਬਣ ਗਈ ਸੀ । ਇਸ ਨੇ ਗੁਰੂ ਘਰ ਵਿਚ ਚੜਾਏ ਗਏ ਦਾਨ ਨੂੰ ਵੀ ਇਕ ਨਿਸ਼ਚਤ ਦਿਸ਼ਾ ਦੇ ਦਿੱਤੀ ਸੀ। ਸਿੱਖਾਂ ਵਿਚ ਇਸ ਨੇ ਇਕ ਮਹਾਨ ਸੰਗਠਨਕਾਰੀ ਸ਼ਕਤੀ ਦਾ ਕੰਮ ਕੀਤਾ ਅਤੇ ਸਿੱਖ ਸੰਗਤਾਂ ਵਿਚ ਜਾਤਪਾਤ ਦੇ ਭੇਦ-ਭਾਵ ਨੂੰ ਬਿਲਕੁਲ ਖਤਮ ਕਰ ਦਿੱਤਾ ਸੀ। ਜਿਹੜੇ ਸ਼ਰਧਾਲੂ ਲੰਗਰ ਵਿਚ ਬੈਠ ਕੇ ਭੋਜਨ ਛੱਕਦੇ ਸਨ ਉਹ ਜਾਤ-ਪਾਤ ਦੇ ਭੇਦ ਮਿਟਾ ਕੇ ਸਿਰਫ ਇਕ ਗੁਰੂ ਦੇ ਪੈਰੋਕਾਰ ਦੇ ਤੌਰ ‘ਤੇ ਬੈਠ ਕੇ ਲੰਗਰ ਛੱਕਦੇ ਸਨ।”
ਸਿੱਖਾਂ ਨੂੰ ਉਦਾਸੀਆਂ ਨਾਲੋਂ ਵੱਖ ਕਰਨਾ :
ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸਿਰੀ ਚੰਦ ਜੀ ਨੇ ਗੁਰੂ ਪਿਤਾ ਜੀ ਦੀ ਸਿੱਖਿਆ ਦੇ ਉਲਟ ਉਦਾਸੀ ਮੱਤ ਵਾਲੀ ਪਰੰਪਰਾ ਅਪਣਾਈ ਹੋਈ ਸੀ । ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲਣ ਉਪਰੰਤ ਉਹ ਖੁੱਲ ਕੇ ਗੁਰੂ ਜੀ ਦੇ ਵਿਰੁੱਧ ਬੋਲਦਾ ਸੀ ਅਤੇ ਸਿੱਖਾਂ ਨੂੰ ਗਰਿਹਸਤੀ ਜੀਵਨ ਵਿਚ ਪੈਣ ਤੋਂ ਰੋਕਦਾ ਸੀ। ਉਸ ਦਾ ਕਹਿਣਾ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਅਸਲ ਉਤਰਅਧਿਕਾਰੀ ਉਹ ਆਪ ਹੈ ਗੁਰੂ ਅੰਗਦ ਨਹੀਂ। ਇਸ ਨਾਲ ਪਹਿਲਾਂ ਪਹਿਲ ਸਿੱਖ ਸੰਗਤਾਂ ਵਿਚ ਕਾਫੀ ਭੰਬਲਭੂਸਾ ਪੈਦਾ ਹੋ ਗਿਆ ਸੀ ਪਰ ਗੁਰੂ ਅੰਗਦ ਦੇਵ ਜੀ ਨੇ ਛੇਤੀ ਹੀ ਪੂਰੀ ਦਰਿੜਤਾ ਨਾਲ ਇਸ ਵਿਰੋਧੀ ਪਰਚਾਰ ਦਾ ਮੁਕਾਬਲਾ ਕੀਤਾ। ਗੁਰੂ ਜੀ ਨੇ ਐਲਾਨ ਕੀਤਾ ਕਿ ਅਸਲੀ ਸਿੱਖ ਉਹ ਹੀ ਹੈ ਜੋ ਗਰਿਹਸਤੀ ਜੀਵਨ ਨੂੰ ਅਪਣਾਉਂਦਾ ਹੈ। ਉਨ੍ਹਾਂ ਨੇ ਉਦਾਸੀ ਮੱਤ ਵਾਲੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦਾ ਵਿਰੋਧੀ ਕਰਾਰ ਦਿੱਤਾ। ਹਰੀ ਰਾਮ ਗੁਪਤਾ ਲਿਖਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਇਸ ਤਰ੍ਹਾਂ ਦਾ ਕਦਮ ਚੁੱਕ ਕੇ ਸਿੱਖ ਧਰਮ ਦੀ ਪਵਿੱਤਰਤਾ ਅਤੇ ਮੌਲਿਕਤਾ ਨੂੰ ਕਾਇਮ ਰੱਖਿਆ ਸੀ।
ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅੱਗੇ ਪਰਚਾਰਨਾ:
ਗੁਰੂ ਅੰਗਦ ਦੇਵ ਜੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਅੱਗੇ ਪੂਰੀ ਤਰ੍ਹਾਂ ਸਮਰਪਣ ਕੀਤਾ ਹੋਇਆ ਸੀ। ਗੁਰਿਆਈ ਧਾਰਨ ਕਰਨ ਉਪਰੰਤ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਰਾਹੀਂ ਪਰਚਾਰੇ ਗਏ ਸਿਧਾਂਤਾਂ ਨੂੰ ਹੋਰ ਵਿਸਥਾਰਤ ਰੂਪ ਦਿੱਤਾ । ਆਪ ਜੀ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਆਪ ਜੀ ਦੇ ਕੁਝ ਸ਼ਬਦ ਗੁਰੂ ਨਾਨਕ ਦੇਵ ਜੀ ਰਾਹੀਂ ਲਿਖੇ ਗਏ ਸ਼ਬਦਾਂ ਨੂੰ ਹੋਰ ਸਪਸ਼ਟ ਕਰਨ ਲਈ ਜਾਂ ਹੋਰ ਦਰਿੜ੍ਹ ਕਰਨ ਲਈ ਲਿਖੇ ਗਏ ਸਨ । ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦਾ ਸਲੋਕ ਹੈ :
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ।
ਇਸ ਵਿਚ ਗੁਰੂ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ । ਗੁਰੂ ਅੰਗਦ ਦੇਵ ਜੀ ਨੇ ਆਪਣੇ ਸਲੋਕ ਰਾਹੀਂ ਜਿਹੜਾ ਕਿ ਉਕਤ ਸਲੋਕ ਦੇ ਨਾਲ ਹੀ ਦਿੱਤਾ ਹੋਇਆ ਹੈ ਵਿਚ ਗੁਰੂ ਦੀ ਮਹੱਤਤਾ ਨੂੰ ਹੋਰ ਵੀ ਜਿਆਦਾ ਇਸ ਤਰ੍ਹਾਂ ਸਪਸ਼ਟ ਕੀਤਾ ਹੈ :
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥
ਏਤੇ ਚਾਨਣ ਹੋਇਆ ਗੁਰ ਬਿਨ ਘੋਰ ਅੰਧਾਰ ॥
ਭਾਵ ਕਿ ਜੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਦੀ ਮਹੱਤਤਾ ਨੂੰ ਦੱਸਦਿਆਂ ਉਸ ਵਿਚ ਮਾਣਸ ਤੋਂ ਦੇਵਤਿਆਂ ਦੇ ਵਿਚ ਤਬਦੀਲ ਕਰਨ ਵਾਲੀ ਸ਼ਕਤੀ ਦੀ ਹੋਂਦ ਬਾਰੇ ਲਿਖਿਆ ਸੀ ਤਾਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਦੀ ਇਸ ਸ਼ਕਤੀ ਨੂੰ ਸੈਂਕੜੇ ਚੰਦਰਮਾ ਨਾਲ ਅਤੇ ਹਜਾਰਾਂ ਸੂਰਜਾਂ ਨਾਲ ਤੁਲਨਾ ਕਰਕੇ ਉਨ੍ਹਾਂ ਤੋਂ ਵੀ ਉਪਰ ਦੀ ਸ਼ਕਤੀ ਦਰਸਾਇਆ ਹੈ। ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਪਰਚਾਰੇ ਗਏ ਸਿਧਾਂਤਾਂ ਨੂੰ ਹੋਰ ਸਪਸ਼ਟਤਾ ਪਰਦਾਨ ਕੀਤੀ ।
ਗੁਰੂ ਅੰਗਦ ਦੇਵ ਜੀ ਦੀ ਵਿਚਾਰਧਾਰਾ :
ਗੁਰੂ ਅੰਗਦ ਦੇਵ ਜੀ ਸ਼ਾਂਤੀ ਅਤੇ ਹਲੀਮੀ ਦੇ ਪੁੰਜ ਸਨ । ਇਹ ਸ਼ਾਂਤੀ ਅਤੇ ਹਲੀਮੀ ਹੀ ਆਪ ਜੀ ਵੱਲੋਂ ਰਚੀ ਗਈ ਬਾਣੀ ਦਾ ਕੇਂਦਰੀ ਨੁਕਤਾ ਹੈ। ਗੁਰੂ ਜੀ ਸੇਵਾ ਕਰਨ ਦੇ ਸੰਕਲਪ ਨੂੰ ਸਪਸ਼ਟ ਕਰਦੇ ਹੋਏ ਲਿਖਦੇ ਹਨ ਕਿ ਗੁਰੂ ਦੀ ਸੇਵਾ ਸਿਰਫ ਨਿਰਲਾਲਚ ਹੋ ਕੇ ਹੀ ਕੀਤੀ ਜਾ ਸਕਦੀ ਹੈ। ਇਸ ਵਿਚ ਆਪਣੇ ਆਪ ਨੂੰ ਬਿਲਕੁਲ ਖਤਮ ਕਰ ਦੇਈਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਆਪਣੇ ਮਾਲਕ ਦੇ ਬਰਾਬਰ ਨਹੀਂ ਸਮਝਣਾ ਚਾਹੀਂਦਾ। ਜੇਕਰ ਅਜਿਹੀ ਬਰਾਬਰੀ ਦੀ ਸੋਚ ਸੇਵਾ ਕਰਨ ਵਾਲਾ ਵਿਅਕਤੀ ਆਪਣੇ ਮਨ ਵਿਚ ਰੱਖੇਗਾ ਤਾਂ ਉਸ ਦੀ ਸੇਵਾ ਪਰਵਾਨ ਨਹੀਂ ਹੋਵੇਗੀ। ਸੇਵਾ ਓਹੀ ਹੈ ਜੋ ਬਿਨਾਂ ਕਿਸੇ ਮਜ਼ਬੂਰੀ ਦੇ ਕੀਤੀ ਜਾਂਦੀ ਹੈ। ਮਜ਼ਬੂਰੀ ਵੱਸ ਕੀਤੀ ਗਈ ਸੇਵਾ ਪਰਵਾਨ ਨਹੀਂ ਹੁੰਦੀ।° ਆਪਣਾ ਆਪ ਗਵਾ ਕੇ ਹੀ ਕੁਝ ਮਾਣ ਪਰਾਪਤ ਹੁੰਦਾ ਹੈ। ਗੁਰੂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਆਪ ਇਸ ਹੱਦ ਤੱਕ ਕਹਿੰਦੇ ਹਨ ਕਿ ਆਪਣੇ ਮਾਲਕ ਦੇ ਚਲਾਣੇ ਤੋਂ ਪਹਿਲਾਂ ਹੀ ਸੇਵਕ ਨੂੰ ਸੰਸਾਰ ਤੋਂ ਚਲਾਣਾ ਕਰ ਲੈਣਾ ਚਾਹੀਂਦਾ ਹੈ। ਕਿਉਂਕਿ ਆਪਣੇ ਮਾਲਕ ਦੇ ਚਲਾਣੇ ਬਾਅਦ ਸੇਵਕ ਦਾ ਸੰਸਾਰ ਦੇ ਵਿਚ ਜੀਣਾ ਧਿਰਕਾਰ ਹੈ। ” ਜਿਹੜਾ ਸਿਰ ਆਪਣੇ ਮਾਲਕ ਦੇ ਅੱਗੇ ਝੁਕਦਾ ਨਹੀਂ ਉਸ ਸੀਸ ਨੂੰ ਜਿਉਂਦਾ ਰੱਖਣ ਨਾਲੋਂ ਕੱਟ ਦੇਣਾ ਜ਼ਿਆਦਾ ਬਿਹਤਰ ਹੈ। ਜਿਸ ਦਿਲ ਵਿਚ ਵਿਛੋੜੇ ਦਾ ਦਰਦ ਨਹੀਂ ਹੈ ਉਸ ਦਿਲ ਵਾਲੇ ਸਰੀਰ ਨੂੰ ਸਾੜ ਦੇਣਾ ਚਾਹੀਂਦਾ ਹੈ।
ਅਸਲ ਵਿਚ ਗੁਰੂ ਜੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਵਿਚ ਇਤਨਾ ਲੀਨ ਕਰ ਲਿਆ ਸੀ ਕਿ ਉਨ੍ਹਾਂ ਨੂੰ ਗੁਰੂ ਨਾਨਕ ਜੀ ਦਾ ਫਲਸਫਾ ਹੀ ਉਨ੍ਹਾਂ ਲਈ ਅੰਤਮ ਸੱਚ ਸੀ; ਗੁਰੂ ਨਾਨਕ ਦੇਵ ਜੀ ਦਾ ਹੁਕਮ ਹੀ ਉਨ੍ਹਾਂ ਲਈ ਅੰਤਮ ਹੁਕਮ ਸੀ; ਗੁਰੂ ਨਾਨਕ ਦੇਵ ਜੀ ਦੀ ਖੁਸ਼ੀ ਹੀ ਉਨ੍ਹਾਂ ਲਈ ਅਪਾਰ ਮਿਹਰ ਸੀ। ਇਸ ਕਰਕੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿਚੋਂ ਜੋ ਵੀ ਵਿਚਾਰ ਉਗਮਦਾ ਹੈ ਉਹ ਗੁਰੂ ਨਾਨਕ ਦੇਵ ਜੀ ਲਈ ਵੀ ਵਰਤਿਆ ਜਾ ਸਕਦਾ ਹੈ ਅਤੇ ਅਕਾਲ ਪੁਰਖ ਦੀ ਉਸਤਤ ਲਈ ਵੀ। ਗੁਰੂ ਨਾਨਕ ਦੇਵ ਜੀ ਦੇ ਵਿਛੋੜੇ ਨਾਲ ਉਹ ਇਤਨੇ ਬਿਹਬਲ ਹੋ ਗਏ ਸਨ ਕਿ ਦਿਨ ਰਾਤ ਉਨ੍ਹਾਂ ਦੀ ਸੋਚ ਵਿਚ ਗੁਰੂ ਨਾਨਕ ਦੇਵ ਜੀ ਦਾ ਸਰੂਪ ਹੀ ਰਹਿਣ ਲੱਗ ਪਿਆ ਸੀ । ਇਸੇ ਦਰਦ ਭਰੇ ਵਿਛੋੜੇ ਵਿਚੋਂ ਆਪ ਨੇ ਆਪਣੀ ਬਾਣੀ ਦੀ ਰਚਨਾ ਕੀਤੀ। ਇਹੀ ਕਾਰਣ ਸੀ ਕਿ ਉਨ੍ਹਾਂ ਨੇ ਉਨ੍ਹਾਂ ਹੀ ਵਿਸ਼ਿਆਂ ਨੂੰ ਹੋਰ ਸਰਲਤਾ ਨਾਲ ਸਪਸ਼ਟ ਕੀਤਾ ਜਿਨ੍ਹਾਂ ਵਿਸ਼ਿਆਂ ਬਾਰੇ ਗੁਰੂ ਨਾਨਕ ਜੀ ਦੇ ਸਲੋਕ ਸਨ। ਅਜਿਹੀ ਸੋਚ ਵਿਚ ਲੀਨ ਹੋਏ ਗੁਰੂ ਅੰਗਦ ਦੇਵ ਜੀ ਦਾ ਵਿਚਾਰ ਸੀ ਕਿ ਮਾਲਕ ਦੇ ਹੁਕਮ ਵਿਚ ਮਨੁੱਖ, ਬਿਨਾਂ ਸੰਸਾਰਕ ਜੀਵਨ ਦੇ ਹੀ ਰਹਿੰਦਾ ਹੈ । ਮਾਲਕ ਦੇ ਹੁਕਮ ਨੂੰ ਜਾਣਨ ਲਈ ਜਾਂ ਦੇਖਣ ਲਈ ਜਾਂ ਉਸ ਦੇ ਹੁਕਮ ਵਿਚ ਚੱਲਣ ਲਈ ਮਨੁੱਖੀ ਹੱਥਾਂ, ਪੈਰਾਂ, ਅੱਖਾਂ ਜਾਂ ਕੰਨਾਂ ਦੀ ਲੋੜ ਨਹੀਂ ਪੈਂਦੀ ਸਗੋਂ ਇਹ ਸਭ ਕੁਝ ਆਪਣੇ ਅੰਤਰ ਧਿਆਨ ਵਿਚ ਮਾਲਕ ਨੂੰ ਸਿਮਰ ਕੇ ਹੀ ਹੋ ਸਕਦਾ ਹੈ।
ਗੁਰੂ ਅੰਗਦ ਦੇਵ ਜੀ ਦੀ ਮੁੱਖ ਵਿਰੋਧਤਾ ਬਾਬਾ ਸਿਰੀ ਚੰਦ ਜੀ ਨੇ ਕੀਤੀ ਸੀ । ਉਹ ਆਪਣੇ ਪਿਤਾ ਗੁਰੂ ਦੇ ਹੁਕਮ ਨੂੰ ਭੁੱਲ ਕੇ ਆਪ ਵੀ ਗੁਮਰਾਹ ਹੋ ਰਿਹਾ ਸੀ ਅਤੇ ਸਿੱਖ ਸੰਗਤਾਂ ਨੂੰ ਵੀ ਗੁਮਰਾਹ ਕਰ ਰਿਹਾ ਸੀ । ਇਸ ਵਿਰੋਧਤਾ ਦਾ ਮੁਕਾਬਲਾ ਕਰਦਿਆਂ ਆਪ ਨੇ ਕਿਤਨੀ ਹਲੀਮੀ ਨਾਲ ਜਵਾਬ ਦਿੱਤਾ ਉਹ ਆਪ ਦੇ ਇਸ ਸਲੋਕ ਵਿਚੋਂ ਆਪਣੇ ਆਪ ਸਪਸ਼ਟ ਹੋ ਜਾਂਦਾ ਹੈ ਕਿ ਅੰਨੇ ਮਨੁੱਖ ਉਹ ਨਹੀਂ ਹਨ ਜਿਨ੍ਹਾਂ ਦੇ ਨੇਤਰਾਂ ਦੀ ਰੋਸ਼ਨੀ ਨਹੀਂ ਹੁੰਦੀ ਅਤੇ ਨੇਤਰਾਂ ਦੀ ਰੋਸ਼ਨੀ ਨਾ ਹੋਣ ਵਾਲੇ ਮਨੁੱਖ ਨੂੰ ਅੰਨਾ ਕਹਿਣਾ ਵੀ ਨਹੀਂ ਚਾਹੀਂਦਾ। ਅਸਲ ਵਿਚ ਅੰਨ੍ਹੇ ਮਨੁੱਖ ਉਹ ਹਨ ਜੋ ਅਸਲੀਅਤ ਨੂੰ ਨਹੀਂ ਦੇਖਦੇ, ਜੋ ਸਭ ਕੁਝ ਦੇਖਦੇ ਹੋਏ ਵੀ ਉਸ ਤੋਂ ਅਣਜਾਣ ਰਹਿੰਦੇ ਹਨ। ਅਜਿਹੇ ਅੰਨੇ ਮਨੁੱਖ ਨੂੰ ਰਸਤਾ ਦੱਸਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਅਜਿਹੇ ਲੋਕ ਜਾਣ-ਬੁੱਝ ਕੇ ਅੰਨੇ ਹੋਏ ਹੁੰਦੇ ਹਨ। ਇਨ੍ਹਾਂ ਲੋਕਾਂ ਦੀ ਅਕਾਲ ਪੁਰਖ ਤੋਂ ਬੇਮੁਖੀ ਜਾਂ ਆਪਣੇ ਗੁਰੂ ਦੇ ਹੁਕਮ ਦੀ ਉਲੰਘਣਾ ਹੀ ਇਨ੍ਹਾਂ ਦਾ ਅੰਨਾਪਣ ਹੁੰਦਾ ਹੈ।” ਇਸ ਦਾ ਦੂਜਾ ਭਾਵ ਬਾਬਾ ਸਿਰੀ ਚੰਦ ਜੀ ਦੀ ਵਿਰੋਧਤਾ ਤੋਂ ਸੀ। ਉਸ ਨੇ ਆਪਣੇ ਪਿਤਾ-ਗੁਰੂ ਦਾ ਹੁਕਮ ਨਹੀਂ ਮੰਨਿਆ; ਉਸ ਨੇ ਸਿੱਖ ਸੰਗਤਾਂ ਦੇ ਵਿਸ਼ਵਾਸ ਨੂੰ ਨਹੀਂ ਸਮਝਿਆ ਇਸ ਲਈ ਅਸਲ ਅੰਨਾ ਉਹ ਸੀ ।
ਗੁਰੂ ਅੰਗਦ ਦੇਵ ਜੀ ਨੇ ਮਨੁੱਖ ਨੂੰ ਸਵੈ-ਸੁਤੰਤਰਤਾ ਵਾਲਾ ਅਤੇ ਸਵੈ-ਸੰਤੁਸ਼ਟੀ ਵਾਲਾ ਜੀਵਨ ਜੀਣ ਦਾ ਸੱਦਾ ਦਿੱਤਾ। ਇਸ ਦੀ ਪੂਰਤੀ ਲਈ ਉਨ੍ਹਾਂ ਦਾ ਵਿਚਾਰ ਸੀ ਕਿ ਮਨੁੱਖ ਤਦ ਹੀ ਇਸ ਤਰ੍ਹਾਂ ਦਾ ਜੀਵਨ ਜੀ ਸਕਦਾ ਹੈ ਜੇ ਉਸ ਨੂੰ ਸਿੱਖਿਆ ਦੇਣ ਵਾਲਾ ਗੁਰੂ ਵੀ ਆਪਣੇ ਆਪ ਵਿਚ ਸਵੈ-ਸੁਤੰਤਰ, ਸਵੈ-ਸੰਤੁਸ਼ਟ ਅਤੇ ਸੰਪੂਰਨ ਹੋਵੇ । ਇਸ ਤਰ੍ਹਾਂ ਦੇ ਗੁਰੂ ਦੇ ਬਚਨ ਵੀ ਪੂਰੇ ਹੁੰਦੇ ਹਨ ਅਤੇ ਕਰਮ ਵੀ ।” ਅਜਿਹੇ ਪੂਰੇ ਬਚਨਾਂ ਅਤੇ ਕਰਮਾਂ ਵਾਲੇ ਗੁਰੂ ਦੇ ਸੇਵਕ ਵੀ ਅਜਿਹੇ ਹੀ ਹੁੰਦੇ ਹਨ। ਇਸ ਦੀ ਪੂਰਤੀ ਲਈ ਮਨੁੱਖ ਨੂੰ ਸੰਸਾਰਿਕ ਲਾਲਚਾਂ ਤੋਂ ਉਪਰ ਉਠ ਕੇ ਰਹਿਣਾ ਚਾਹੀਂਦਾ ਹੈ। ਜਿਹੜੇ ਮਨੁੱਖ ਸੰਸਾਰਿਕ ਪਦਾਰਥਾਂ ਤੋਂ ਪਰੇ ਰਹਿੰਦੇ ਹਨ ਅਸਲੀ ਭਾਵ ਵਿਚ ਉਹ ਹੀ ਪੂਰੇ ਪਾਤਸ਼ਾਹ ਹਨ। ਲਾਲਚਾਂ ਵਿਚ ਗਰੱਸਿਆ ਮਨੁੱਖ ਮਾਇਆਵਾਨ ਹੋਣ ‘ਤੇ ਵੀ ਡਰਪੋਕ ਕਿਸਮ ਦਾ ਹੁੰਦਾ ਹੈ ਪਰ ਲਾਲਚਾਂ ਤੋਂ ਮੁਕਤ ਵਿਅਕਤੀ ਨਿਡਰ ਹੁੰਦਾ ਹੈ। ਇਸ ਲਈ ਨਿਡਰ ਮਨੁੱਖ ਬੇਪਰਵਾਹ ਹੁੰਦਾ ਹੈ ਅਤੇ ਇਕੋ ਹੀ ਰੰਗ ਵਿਚ ਰੰਗਿਆ ਹੁੰਦਾ ਹੈ।26 ਮਨੁੱਖ ਨੂੰ ਸਵੈ-ਪੜਚੋਲ ਕਰਨੀ ਚਾਹੀਂਦੀ ਹੈ। ਸਵੈ-ਪੜਚੋਲ ਨਾਲ ਹੀ ਉਹ ਗੁਣੀ-ਗਿਆਨੀ ਹੋ ਸਕਦਾ ਹੈ।27
ਭਾਵੇਂ ਗੁਰੂ ਸਾਹਿਬ ਨਿਰੋਲ ਨਾਮ ਦੇ ਧਾਰਨੀ ਸਨ ਅਤੇ ਸਿਵਾਏ ਅਕਾਲ ਪੁਰਖ ਦਾ ਨਾਮ ਜਪਣ ਅਤੇ ਜਪਾਉਣ ਤੋਂ ਆਪ ਦਾ ਕੋਈ ਹੋਰ ਨਿਸ਼ਾਨਾ ਨਹੀਂ ਸੀ ਫਿਰ ਵੀ ਉਹ ਇਕ ਪੂਰੇ ਗੁਰੂ ਵਾਂਗ ਸੰਸਾਰ ਵਿਚ ਵਿਚਰ ਰਹੇ ਹੋਰ ਪੱਖਾਂ ਤੋਂ ਕਿਨਾਰਾਕਸ਼ੀ ਕਰਕੇ ਨਹੀਂ ਬੈਠੇ ਸਨ । ਆਪਣੇ ਸਮਕਾਲੀ ਸਮਾਜ ਬਾਰੇ ਜਾਂ ਸਮਾਜੀ ਬਣਤਰ ਬਾਰੇ ਵੀ ਆਪ ਨੇ ਕੁਝ ਨਾ ਕੁਝ ਵੇਰਵੇ ਜ਼ਰੂਰ ਦਿੱਤੇ ਹਨ। ਸਮਾਜੀ ਬਣਤਰ ਵੀ ਆਪ ਜੀ ਦੇ ਸਮੇਂ ਉਹੀ ਸੀ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ‘ਕਾਜ਼ੀਆ ਬਾਹਮਣਾਂ ਦੀ ਗੱਲ ਥਕੀ ਅਗਦ ਪੜੈ ਸੈਤਾਨ ਵੇ ਲਾਲੋ’ ਦੇ ਵਾਕ ਨਾਲ ਸੰਬੋਧਨ ਕੀਤਾ ਸੀ । ਗੁਰੂ ਅੰਗਦ ਦੇਵ ਜੀ ਨੇ ਵੀ ਇਸ ਬਾਰੇ ਲਿਖਦਿਆਂ ਕਿਹਾ ਹੈ ਕਿ ਸਮਾਜ ਅਤੇ ਹਕੂਮਤ ਇਤਨੇ ਭਟਕੇ ਹੋਏ ਹਨ ਕਿ ਇਕ ਕੰਗਾਲ ਕਿਸਮ ਦੇ ਹਾਕਮ ਦੇਸ਼ ਦੇ ਮਾਲਕ ਬਣੇ ਫਿਰਦੇ ਹਨ; ਮੂਰਖ ਆਗੂ ਆਪਣੇ ਆਪ ਨੂੰ ਪੰਡਤ ਅਖਵਾ ਰਹੇ ਹਨ। ਅਕਲਹੀਣ ਨੇਤਾ ਬੜੇ ਬੜੇ ਪਾਰਖੂ ਹੋਣ ਦਾ ਪਖੰਡ ਰਚ ਰਹੇ ਹਨ। ਸ਼ਰਾਰਤੀ ਜਾਂ ਭੈੜੀ ਬਿਰਤੀ ਵਾਲੇ ਲੋਕ ਚੌਧਰੀ ਬਣੇ ਫਿਰਦੇ ਹਨ ਉਹ ਝੂਠ ਬੋਲਦੇ ਹਨ ਅਤੇ ਝੂਠਾ ਹੀ ਜੀਵਨ ਜੀ ਰਹੇ ਹਨ। ਸਿਰਫ ਇਕ ਅਕਾਲ ਪੁਰਖ ਦਾ ਨਾਮ ਜਪਣ ਵਾਲਾ ਮਨੁੱਖ ਹੀ ਅਜਿਹੇ ਵਰਤਾਰੇ ਤੋਂ ਉਪਰ ਉਠ ਕੇ ਜੀ ਰਿਹਾ ਹੈ।
ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥
ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥
ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਆਪਣੇ ਪੂਰੇ ਗੁਰੂ ਵਾਂਗ ਪੂਰਾ ਗੁਰੂ ਬਣ ਕੇ ਹੀ ਜੀਵਨ ਜੀਵਿਆ ਅਤੇ ਮਨੁੱਖਤਾ ਨੂੰ ਸੇਧ ਦਿੱਤੀ । ਜਿਸ ਜ਼ਿੰਮੇਵਾਰੀ ਦਾ ਬੋਝ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਦੇ ਮੋਢਿਆਂ ‘ਤੇ ਰੱਖਿਆ ਸੀ ਗੁਰੂ ਅੰਗਦ ਦੇਵ ਜੀ ਨੇ ਉਸ ਨੂੰ ਪੂਰੀ ਤਰ੍ਹਾਂ ਚੁੱਕ ਕੇ ਰੱਖਿਆ। ਗੁਰੂ ਨਾਨਕ ਦੇਵ ਜੀ ਰਾਹੀਂ ਸਿਰਜੀ ਸਿੱਖ ਸੰਗਤ ਨੂੰ ਉਨ੍ਹਾਂ ਜੈਸਾ ਕਹਿਣੀ ਅਤੇ ਕਰਣੀ ਦਾ ਪੂਰਾ ਗੁਰੂ ਹੀ ਸੰਭਾਲ ਸਕਦਾ ਸੀ । ਇਹ ਕਹਿਣੀ ਅਤੇ ਕਰਨੀ ਦੀ ਸੁਮੇਲਤਾ ਗੁਰੂ ਅੰਗਦ ਦੇਵ ਜੀ ਨੇ ਦਰਸਾ ਕੇ ਸਾਬਤ ਕਰ ਦਿੱਤਾ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਚੋਣ ਕਿੰਨੀ ਦਰੁਸਤ ਅਤੇ ਕਰਾਂਤੀਕਾਰੀ ਸੀ।
ਅਖ਼ੀਰ ਗੁਰੂ ਅੰਗਦ ਦੇਵ ਜੀ ਤਕਰੀਬਨ 13 ਸਾਲ ਗੁਰਗੱਦੀ ‘ਤੇ ਬਿਰਾਜਮਾਨ ਰਹਿ ਕੇ 48 ਸਾਲਾਂ ਦੀ ਉਮਰ ਵਿਚ 29 ਮਾਰਚ, 1552 ਨੂੰ ਜੋਤੀ-ਜੋਤ ਸਮਾ ਗਏ ਸਨ । ਅੰਤਮ ਸਮੇਂ ਆਪਣੇ ਅਨਿੰਨ ਸੇਵਕ ਅਮਰ ਦਾਸ ਜੀ ਨੂੰ ਤੀਸਰਾ ਗੁਰੂ ਥਾਪ ਗਏ ਸਨ। ਆਪ ਦੇ ਦੋ ਪੁੱਤਰ ਸਨ : ਦਾਤੂ ਅਤੇ ਦਾਸੂ । ਪਰ ਆਪ ਨੇ ਆਪਣੇ ਪੁੱਤਰਾਂ ਵਿਚੋਂ ਕਿਸੇ ਨੂੰ ਵੀ ਆਪਣਾ ਉਤਰਅਧਿਕਾਰੀ ਬਣਨ ਦੇ ਕਾਬਲ ਨਹੀਂ ਸਮਝਿਆ। ਆਪਣੇ ਪੁੱਤਰਾਂ ਨੂੰ ਨਜ਼ਰ-ਅੰਦਾਜ਼ ਕਰਕੇ ਆਪਣੇ ਇਕ ਅਤੀ ਯੋਗ ਸੇਵਕ ਨੂੰ ਉਤਰਅਧਿਕਾਰੀ ਚੁਣਨਾ ਸਿੱਖ ਧਰਮ ਦੇ ਵਿਕਾਸ ਵਿਚ ਇਕ ਅਹਿਮ ਅਤੇ ਕਰਾਂਤੀਕਾਰੀ ਕਦਮ ਸੀ।