ਪੰਜਾਬੀ ਸਾਹਿਤ ਦਾ ਸੰਪੂਰਨ ਅਧਿਐਨ

ਪੰਜਾਬੀ ਸਾਹਿਤ ਦਾ ਸੰਪੂਰਨ ਅਧਿਐਨ

Contents hide
1 ਪੰਜਾਬੀ ਸਾਹਿਤ ਦਾ ਸੰਪੂਰਨ ਅਧਿਐਨ

ਪੰਜਾਬੀ ਸਾਹਿਤ ਦਾ ਇਤਿਹਾਸ ਬਿਆਨ ਕਰਨ ਤੋਂ ਪਹਿਲਾਂ ਇਸ ਦਾ ਖੇਤਰ ਮਿਥ ਲੈਣਾ ਜ਼ਰੂਰੀ ਹੈ। ਭਾਰਤ ਦਾ ਬੂਹਾ ਹੋਣ ਦੇ ਕਾਰਨ ਪੰਜਾਬ ਦੀਆਂ ਰਾਜਸੀ ਹੱਦਾਂ ਮੁੱਢ ਕਦੀਮ ਤੋਂ ਹੀ ਬਦਲਦੀਆਂ ਚਲੀਆਂ ਆਈਆਂ ਹਨ। ਰਿਗ ਵੇਦ ਦੇ ਜ਼ਮਾਨੇ ਵਿਚ ਪੰਜਾਬ ਵਿਚ ਉਹ ਸਾਰਾ ਇਲਾਕਾ ਸ਼ਾਮਲ ਸੀ ਜਿਸ ਨੂੰ ਸੱਤ ਨਦੀਆਂ-ਸਿੰਧੂ, ਵਿਤਸਤਾ (ਜਿਹਲਮ), ਅਸਕਨੀ ਜਾਂ ਚੰਦਰਭਾਗਾ (ਝੋਨਾਂ), ਪਰੂਸ਼ਨੀ (ਰਾਵੀ), ਵਿਪਾਸਾ (ਬਿਆਸਾ), ਸ਼ਤਦ (ਸਤਲੁਜ) ਅਤੇ ਸਰਸੁਤੀ (ਜੋ ਹੁਣ ਸੁੱਕ ਚੁੱਕੀ ਹੈ) ਸਿੰਜਦੀਆਂ ਸਨ । ਉਸ ਸਮੇਂ ਇਸ ਨੂੰ ‘ਸਪਤ ਸਿੰਧੂ’ ਜਾਂ ਬ੍ਰਹਮਾਵਰਤ ਆਖਦੇ ਸਨ ਅਤੇ ਇਸ ਵਿਚ ਪੰਜ ਵੱਡੇ ਕਬੀਲੇ ਜਾਂ ਪੰਚ-ਜਨ-ਆਣੂ, ਪੁਰੂ, ਭਰਤ, ਯਾਦਵ ਅਤੇ ਤੁਰਵਾਸੂ ਆਬਾਦ ਸਨ ( ਜਦ ਪੰਜਾਬ ਯੂਨਾਨੀਆਂ ਦੇ ਅਧਿਕਾਰ ਥੱਲੇ ਆਇਆ ਤਾਂ ਉਨ੍ਹਾਂ ਨੇ ਇਸ ਦੇਸ ਦਾ ਨਾਂ ਪੈਂਟਾਪੋਟੇਮੀਆ ਭਾਵ ‘ਪੰਜ ਨਦੀਆਂ ਦਾ ਦੇਸ਼ ਰੱਖਿਆ । ਕਨਿੰਘਮ ਨੇ ਆਪਣੀ ਪ੍ਰਸਿੱਧ ਪੁਸਤਕ ‘ਐਨੀਸ਼ਿਐਂਟ ਜੁਗਰਾਫੀ ਆਫ ਇੰਡੀਆ ਵਿਚ ਲਿਖਿਆ ਹੈ ਕਿ ਕਈ ਸਦੀਆਂ ਤੀਕ ਪੰਜਾਬ ਦਾ ਨਾਂ ‘ਟੱਕੀ ਵੱਜਦਾ ਰਿਹਾ ਹੈ ਕਿਉਂਕਿ ਟੱਕ ਨਾਂ ਦਾ ਇਕ ਬਲਵਾਨ ਕਬੀਲਾ ਇਸ ਉਤੇ ਰਾਜ ਕਰਦਾ ਰਿਹਾ ਸੀ। ਦਿੱਲੀ ਦੀ ਸੁਲਤਾਨਸ਼ਾਹੀ ਦੇ ਸਮੇਂ ਪੰਜਾਬ ਦੀ ਸੀਮਾ ਪਿਸੌਰ ਤੀਕ ਪਹੁੰਚ ਗਈ ਸੀ । ਮੁਗ਼ਲਾਂ ਦੇ ਸਮੇਂ, ਸਾਧਾਰਨ ਤੌਰ ਤੇ, ਪੰਜਾਬ ਵਿਚ ਸਿੰਧ ਅਤੇ ਸਤਲੁਜ ਦੇ ਵਿਚਾਲੇ ਦੀ ਭੂਮੀ ਹੀ ਗਿਣੀ ਜਾਂਦੀ ਸੀ । ਜਦ ਸਿੱਖਾ ਦੀ ਰਾਜਸੀ ਸ਼ਕਤੀ ਸਿਖਰ ਤੇ ਪੁੱਜੀ ਤਾਂ ਪੰਜਾਬ ਦੀਆਂ ਹੱਦਾਂ ਵਿਚ ਫਿਰ ਅਦਲਾ-ਬਦਲੀ ਹੋਈ ਅਤੇ ਇਸ ਦਾ ਪਸਾਰਾ ਸਤਲੁਜ ਨਦੀ ਤੋਂ ਲੈ ਕੇ ਦੱਰਾ ਖੈਬਰ ਤੀਕ ਹੋ ਗਿਆ । 1849 ਵਿਚ ਲਾਰਡ ਡਲਹੌਜ਼ੀ ਨੇ ਇਸ ਨੂੰ ਬਰਤਾਨਵੀ ਰਾਜ ਵਿਚ ਸ਼ਾਮਲ ਕਰ ਲਿਆ ਪਰ 1857 ਦੇ ਮਹਾਂ ਵਿਦਰੋਹ ਦੇ ਮਗਰੋਂ, ਅੰਗਰੇਜ਼ਾਂ ਨੇ ਪੰਜਾਂ ਦਰਿਆਵਾਂ ਦੇ ਦੇਸ਼ ਦੇ ਨਾਲ ਹਰਿਆਣਾ ਤੇ ਦਿੱਲੀ ਦੇ ਇਲਾਕੇ ਟਾਂਕ ਕੇ ਇਸ ਦੀਆ ਹੱਦਾਂ ਨੂੰ ਇਕ ਨਵੀਂ ਸ਼ਕਲ ਦੇ ਕੇ ਪੰਜਾਬ ਦਾ ਨਵਾਂ ਪ੍ਰਾਂਤ ਕਾਇਮ ਕੀਤਾ । 1901 ਵਿਚ ਲਾਰਡ ਕਰਜ਼ਨ ਨੇ ਸੂਬਾ ਸਰਹੱਦ ਦਾ ਨਿਰਮਾਣ ਕਰਕੇ ਪੰਜਾਬ ਵਿਚੋਂ ਲਗਭਗ ਚਾਲੀ ਹਜ਼ਾਰ ਵਰਗ ਮੀਲ ਦਾ ਇਲਾਕਾ ਕੱਟ ਦਿੱਤਾ । ਦਸ ਸਾਲਾਂ ਮਗਰੋਂ ਦਿੱਲੀ ਨੂੰ ਵੀ ਪੰਜਾਬ ਨਾਲੋਂ ਨਿਖੇੜ ਲਿਆ ਗਿਆ

ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇਸ਼ ਦੀਆਂ ਉਪਰੋਕਤ ਨਿੱਤ ਬਦਲਦੀਆਂ ਰਾਜਸੀ ਹੱਦਬੰਦੀਆਂ ਨੇ, ਇਸ ਨੂੰ ਉਹ ਟਿਕਾਉ ਨਸੀਬ ਨਹੀਂ ਹੋਣ ਦਿੱਤਾ ਜੋ ਟਿਕਾਉ ਕਿ ਇਸ ਨੂੰ ਵੈਦਿਕ ਸਮਿਆਂ ਵਿਚ ਕਾਫ਼ੀ ਲੰਮੇ ਸਮੇਂ ਲਈ ਪ੍ਰਾਪਤ ਹੋਇਆ ਸੀ । ਸ਼ਾਇਦ ਇਹੋ ਕਾਰਨ ਹੈ ਕਿ ਵੇਦ-ਰਚਨਾ ਦੇ ਸਮੇਂ ਤੋਂ ਲੈ ਕੇ ਬਾਰ੍ਹਵੀਂ ਸਦੀ ਦੇ ਪੰਜਾਬੀ ਲੋਕਾਂ ਦੀ ਪ੍ਰਤਿਭਾ ਸਾਹਿਤ ਦੇ ਖੇਤਰ ਵਿਚ ਕੋਈ ਉਘੀ ਤੇ ਜੀਣਜੋਗੀ ਰਚਨਾ ਪੇਸ਼ ਨਹੀਂ ਕਰ ਸਕੀ, ਇਸ ਦੇ ਬਾਵਜੂਦ ਪੰਜਾਬ ਦੀਆਂ ਉਪਰੋਕਤ ਰਾਜਸੀ ਹੱਦਬੰਦੀਆਂ ਵਿਚ ਇਕ ਗੱਲ ਸਾਂਝੀ ਰਹੀ ਹੈ ਕਿ ਤਬਦੀਲੀਆਂ ਦੇ ਕਾਰਨ ਪੰਜਾਬ ਦੀਆਂ ਪੰਜ ਨਦੀਆਂ ਦੇ ਦੇਸ ਦੀ ਇਲਾਕਾਈ ਇਕਾਈ ਬਹੁਤ ਕਰਕੇ ਕਾਇਮ ਰਹੀ ਹੈ। ਪਰ 1947 ਵਿਚ ਜਦ ਬਰਤਾਨਵੀ ਸਾਮਰਾਜ ਨੇ ਪੰਜਾਬ ਦੇ ਐਨ ਵਿਚਾਲਿਓਂ ਲੀਕ ਵਾਹ ਕੇ ਇਸ ਨੂੰ ਦੋ ਟੋਟਿਆਂ ਵਿਚ ਵੰਡ ਦਿੱਤਾ, ਤਾਂ ਇਸ ਦੀ ਇਲਾਕਾਈ ਤੇ ਭਾਸ਼ਾਈ ਇਕਾਈ ਉੱਤੇ ਇਤਿਹਾਸ ਵਿਚ ਪਹਿਲੀ ਵਾਰ ਇਕ ਬਹੁਤ ਕਰੜੀ ਤੇ ਜ਼ਾਲਮ ਸੱਟ ਵੱਜੀ, ਜਿਸ ਨੇ ਇਸ ਸਾਂਝੀ ਬੋਲੀ ਬੋਲਦੇ, ਸਾਂਝੇ ਰਸਮਾਂ ਰਿਵਾਜਾਂ. ਤਿਉਹਾਰਾਂ ਅਤੇ ਸਾਂਝੀ ਕਲਾਂ ਤੇ ਸਾਹਿਤ ਉੱਤੇ ਮਾਣ ਕਰਨ ਵਾਲੇ ਪੰਜਾਬੀਆਂ ਦੀ ਸਭਿਅਤਾ ਨੂੰ ਐਨ ਵਿਚਕਾਲਿਉਂ ਕੱਟ ਕੇ ਸੁੱਟ ਦਿੱਤਾ ।

ਭਾਵੇਂ ਪੰਜਾਬ ਦੇ ਉਪਰੋਕਤ ਸੀਮਾ-ਪਰਿਵਰਤਨ ਨੇ ਪੰਜਾਬੀ ਸਾਹਿਤ ਨੂੰ ਇਕ ਹੋਰ ਦ੍ਰਿਸ਼ਟੀ ਤੋਂ ਪ੍ਰਭਾਵਿਤ ਕੀਤਾ ਹੈ ਪਰ ਇਨ੍ਹਾਂ ਤਬਦੀਲੀਆਂ ਨਾਲ ਪੰਜਾਬੀ ਸਾਹਿਤ ਦੇ ਖੇਤਰ ਵਿਚ ਕੋਈ ਬਹੁਤਾ ਫਰਕ ਨਹੀ ਪਿਆ) ਕਿਉਂਕਿ ਪੰਜਾਬ ਦੇ ਰਾਜਸੀ ਖੇਤਰ ਨਾਲੋਂ, ਪੰਜਾਬੀ ਸਾਹਿਤ ਦਾ ਸਬੰਧ ਪੰਜਾਬੀ ਬੋਲੀ ਦੇ ਖੇਤਰ ਨਾਲ ਵਧੇਰੇ ਰਿਹਾ ਹੈ। ਸੋ ਪੰਜਾਬੀ ਸਾਹਿਤ ਦਾ ਸੰਖੇਪ ਇਤਿਹਾਸ ਵਰਣਨ ਕਰਨ ਲਗਿਆਂ ਅਸਾਂ ਪੰਜਾਬੀ ਬੋਲੀ ਵਿਚ ਰਚੇ ਗਏ ਉਸ ਸਾਰੇ ਸਾਹਿਤ ਨੂੰ ਲੈਣਾ ਹੈ ਜੋ ਦਸਵੀਂ ਸਦੀ ਤੋਂ ਪੰਜਾਬੀ ਬੋਲੀ ਵਿਚ ਰਚਿਆ ਜਾਂਦਾ ਰਿਹਾ ਏ ਅਤੇ ਇਸ ਗੱਲ ਦਾ ਵਿਤਕਰਾ ਨਹੀਂ ਕਰਨਾ ਕਿ ਇਸ ਨੂੰ ਰਚਨ ਵਾਲੇ ਕਿਹੜੀ ਲਿਪੀ ਵਰਤਦੇ ਰਹੇ ਹਨ ਅਤੇ ਅੱਜ ਦੋਹਾਂ ਪੰਜਾਬਾਂ ਵਿਚੋਂ ਕਿਹੜੇ ਪੰਜਾਬ ਵਿਚ ਵਸ ਰਹੇ ਹਨ ।

  1. ਉਦੈ ਕਾਲ (850-1520 : )

ਪੰਜਾਬੀ ਸਾਹਿਤ ਦੇ ਉਦੈ-ਕਾਲ ਸਮੇਂ ਪੰਜਾਬ ਦੀ ਰਾਜਸੀ ਹਾਲਤ ਬਹੁਤ ਉਘੜੀ-ਦੁਘੜੀ ਸੀ। ਅਸਲ ਵਿਚ ਤਾਂ 648 ਈਸਵੀ ਵਿਚ ਹਰਸ਼ ਦੀ ਮੌਤ ਨਾਲ ਹੀ ਪੰਜਾਬ ਦਾ ਅਮਨ ਖਰਾਬ ਹੋਣਾ ਸ਼ੁਰੂ ਹੋ ਗਿਆ ਸੀ ਕੇਂਦਰੀ ਸੱਤਾ ਦੇ ਖ਼ਤਮ ਹੋ ਜਾਣ ਦੇ ਕਾਰਨ ਭਾਰਤ ਦਾ ਉੱਤਰ-ਪੱਛਮੀ ਹਿੱਸਾ ਛੋਟੀਆਂ ਛੋਟੀਆਂ ਸਰਦਾਰੀਆਂ ਤੇ ਰਜਵਾੜਾ ਸ਼ਾਹੀਆਂ ਵਿਚ ਵੰਡੀਜਣਾ ਸ਼ੁਰੂ ਹੋ ਗਿਆ ਸੀ। 800 ਈਸਵੀ ਤੋਂ ਲੈ ਕੇ 1206 ਈਸਵੀ ਤੱਕ, ਜਿਨ੍ਹਾਂ ਵਰ੍ਹਿਆਂ ਵਿਚ ਕਿ ਪੰਜਾਬੀ ਸਾਹਿਤ ਦੇ ਨਖ-ਸ਼ਿਖ ਦੀ ਘਾੜਤ ਸ਼ੁਰੂ ਸੀ, ਭਾਰਤ ਦੀ ਹਰ ਰਿਆਸਤ ਉੱਤੇ ਕੋਈ ਨਾ ਕੋਈ ਰਾਜਪੂਤ ਘਰਾਣਾ ਹੀ ਰਾਜ ਕਰ ਰਿਹਾ ਸੀ, ਜਿਥੋਂ ਤੀਕ ਉੱਤਰ ਪੱਛਮੀ ਭਾਰਤ ਦਾ ਸਬੰਧ ਹੈ ਚੌਹਾਨਾਂ ਦਾ ਅਜਮੇਰ ਉੱਤੇ, ਤੋਮਾਰਾਂ ਦਾ ਦਿੱਲੀ ਤੇ ਹਿਸਾਰ ਉੱਤੇ ਅਤੇ ਹਿੰਦੂ ਸ਼ਾਹੀਆਂ ਦਾ ਕਾਬਲ ਤੇ ਪੰਜਾਬ ਉੱਤੇ ਰਾਜ ਸੀ । ਦਸਵੀਂ ਸਦੀ ਵਿਚ ਪੰਜਾਬ ਉੱਤੇ ਜੈਪਾਲ ਦਾ ਰਾਜ ਸੀ ਜਿਸ ਦੀ ਰਾਜਧਾਨੀ ਬਠਿੰਡਾ ਸੀ । ਉਸ ਦਾ ਰਾਜ ਸਰਹੰਦ ਤੋਂ ਲਮਗਾਨ ਤੇ ਕਸ਼ਮੀਰ ਤੋਂ ਮੁਲਤਾਨ ਤੀਕ ਫੈਲਿਆ ਹੋਇਆ ਸੀ । 986 ਈ: ਵਿਚ ਸਬੁਕਤਗੀਨ ਨੇ ਉਸ ਤੋਂ ਸਿੰਧ ਤੋਂ ਪਾਰਲਾ ਸਭ ਇਲਾਕਾ ਖੋਹ ਲਿਆ ਸੀ । ਫਿਰ ਮਹਿਮੂਦ ਗ਼ਜ਼ਨਵੀ ਨੇ 1000 ਈਸਵੀ ਤੋਂ ਲੈ ਕੇ 1026 ਈਸਵੀ ਤੱਕ ਭਾਰਤ ਉੱਤੇ ਸਤਾਰਾਂ ਹਮਲੇ ਕੀਤੇ। 1001 ਵਿਚ ਜੈਪਾਲ ਹਾਰ ਗਿਆ ਅਤੇ ਅਣਖ ਦਾ ਮਾਰਿਆ ਬਲਦੀ ਚਿਤਾ ਵਿਚ ਸੜ ਕੇ ਮਰ ਗਿਆ । ਉਸ ਦੇ ਮਗਰੋਂ ਉਸ ਦਾ ਪੁੱਤਰ ਅਨੰਦਪਾਲ 20 ਸਾਲ ਲਗਾਤਾਰ ਮੁਸਲਮਾਨ ਹਮਲਾਵਰਾਂ ਦੇ ਵਿਰੁੱਧ ਲੜ ਕੇ ਹਾਰ ਖਾ ਗਿਆ ਅਤੇ ਅੰਤ ਗੌਰੀ, ਖਿਲਜੀ, ਤੁਗਲਕ, ਸੱਯਦ ਤੇ ਲੋਧੀ ਬੰਸਾਂ ਨੇ ਵਾਰੋ ਵਾਰੀ ਪੰਜਾਬ ਉੱਤੇ ਆਪਣਾ ਰਾਜ ਕੀਤਾ । ਪਰ 1519 ਤੋਂ ਜਦ ਬਾਬਰ ਦੇ ਭਾਰਤ ਉੱਤੇ ਲਗਾਤਾਰ ਹੱਲੇ ਸ਼ੁਰੂ ਹੋ ਗਏ ਤਾਂ ਆਖ਼ਰ 1526 ਵਿਚ ਇਬਰਾਹੀਮ ਲੋਧੀ ਨੂੰ ਮੁਗ਼ਲਾਂ ਦੀ ਸ਼ਕਤੀ ਅੱਗੇ ਹਥਿਆਰ ਸੁੱਟਣੇ ਪਏ ਅਤੇ ਭਾਰਤ ਉੱਤੇ ਮੁਗ਼ਲ ਰਾਜ ਸਥਾਪਤ ਹੋ ਗਿਆ।

ਇਸ ਰਾਜਸੀ ਪਿਛੋਕੜ ਦਾ ਪੰਜਾਬੀ ਦੇ ਮੁੱਢਲੇ ਸਾਹਿਤ ਨਾਲ ਬੜਾ ਡੂੰਘਾ ਸਬੰਧ ਹੈ ਕਿਉਂਕਿ ਇਸ ਨੇ ਸਿੱਧੇ ਜਾਂ ਵਿੰਗੇ ਤਰੀਕੇ ਨਾਲ ਉਸ ਸਮੇਂ ਦੇ ਪੰਜਾਬੀ ਸਾਹਿਤ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।

ਇਨ੍ਹਾਂ ਪੰਜ ਸੌ ਸਾਲਾਂ ਵਿਚ ਜੋ ਰਾਜਸੀ ਪਰਿਵਰਤਨ ਆਏ, ਉਨ੍ਹਾਂ ਦਾ ਸਪਸ਼ਟ ਨਤੀਜਾ ਇਹ ਨਿਕਲਿਆ ਕਿ ਹਿੰਦੂਆਂ ਦੀ ਰਾਜਸੀ ਸੱਤਾ ਖੁੱਸ ਗਈ ਅਤੇ ਅਰਬੀ, ਫਾਰਸੀ ਤੇ ਤੁਰਕੀ ਬੋਲੀਆਂ ਬੋਲਣ ਵਾਲੇ, ਵਖਰੇ ਰਸਮਾਂ ਰਿਵਾਜਾਂ, ਰਹਿਣੀ ਬਹਿਣੀ, ਖਾਣੀ ਪੀਣੀ ਤੇ ਪਹਿਨਣੀ ਅਤੇ ਸਭ ਤੋਂ ਵੱਧ ਕੇ ਵੱਖਰੇ ਸਭਿਆਚਾਰ ਤੇ ਧਰਮ ਦੇ ਧਾਰਨੀ ਲੋਕ, ਪੰਜਾਬ ਦੇ ਮੈਦਾਨਾਂ ਉੱਤੇ ਇਕ ਹੜ੍ਹ ਵਾਂਗ ਛਾ ਗਏ । ਇਸ ਹੜ੍ਹ ਨੇ ਜਿਵੇਂ ਕਿ ਹਰ ਹੜ੍ਹ ਦਾ ਖ਼ਾਸਾ ਹੈ, ਪਹਿਲਾਂ ਤਾਂ ਪੰਜਾਬ ਦੇ ਸਮਾਜਕ ਤੇ ਸਭਿਆਚਾਰਕ ਜੀਵਨ ਵਿਚ ਕਾਫੀ ਤਬਾਹੀ ਲਿਆਂਦੀ ਪਰ ਪਿੱਛੋਂ ਜਦ ਇਹ ਹੌਲੀ ਹੌਲੀ ਇਥੋਂ ਦੀ ਧਰਤੀ ਵਿਚ ਸਿੰਜਰ ਗਿਆ, ਤਾਂ ਇਸ ਨੇ ਪੰਜਾਬ ਦੇ ਜੀਵਨ ਵਿਚ ਇਕ ਨਵੀਂ ਉਪਜਾਊ ਸ਼ਕਤੀ ਪੈਦਾ ਕਰ ਦਿੱਤੀ, ਮੁਸਲਮਾਨਾਂ ਦਾ ਪੰਜਾਬ ਵਿਚ ਪੱਕੇ ਤੋਰ ਤੇ ਵਸ ਜਾਣਾ ਅਤੇ ਇਥੋਂ ਦੀ ਬੋਲੀ ਨੂੰ ਅਪਣਾ ਕੇ ਇਸ ਵਿਚ ਸਾਹਿਤ ਰਚਨਾ, ਇਸ ਕਾਲ ਦੇ ਰਾਜਸੀ-ਪਰਿਵਰਤਨ ਦਾ ਇਤਨਾ ਮਹੱਤਵਪੂਰਣ ਕਾਰਨਾਮਾ ਹੈ ਜੋ ਅੱਜ ਤੀਕ ਪੰਜਾਬੀ ਸਾਹਿਤ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਮੁੱਢਲਾ ਸਾਹਿਤ

ਇਸ ਕਾਲ ਦੀ ਕੋਈ ਵਾਰਤਕ ਰਚਨਾ ਨਹੀਂ ਮਿਲਦੀ, ਬਹੁਤਾ ਸਾਹਿਤ ਕਵਿਤਾ ਵਿਚ ਹੀ ਹੈ। ਭਾਵੇਂ ਡਾਕਟਰ ਮੋਹਨ ਸਿੰਘ ਨੇ ਅਮੀਰ ਖੁਸਰੋ ਦੀਆਂ ਬੁਝਾਰਤਾਂ ਤੇ ‘ਤੁਗ਼ਲਕ ਸ਼ਾਹ ਤੇ ਖੁਸਰੋਂ ਖਾਨ ਦੀ ਵਾਰ, ਮਾਸਊਦ ਦੇ ਦੀਵਾਨ ਅਤੇ ਚੰਦ ਬਰਦਾਈ ਦੇ ‘ਪ੍ਰਿਥਵੀ ਰਾਜ ਰਾਸੋ’ ਨੂੰ ਵੀ ਇਸ ਸਮੇਂ ਦੇ ਪੰਜਾਬੀ ਸਾਹਿਤ ਵਿਚ ਸ਼ਾਮਲ ਕੀਤਾ ਹੈ ਪਰ ਇਸ ਰਾਏ ਨੂੰ ਪ੍ਰਮਾਣਿਕ ਨਹੀਂ ਮੰਨਿਆ ਗਿਆ, ਡਾਕਟਰ ਸਾਹਿਬ ਨੇ ਕਬੀਰ ਤੇ ਜਮਾਲ ਦੀਆਂ ਕੁਝ ਰਚਨਾਵਾਂ ਨੂੰ ਵੀ ਪੰਜਾਬੀ ਕਿਰਤਾਂ ਆਖਿਆ ਹੈ ਪਰ ਇਸ ਰਾਏ ਨੂੰ ਵੀ ਕਿਸੇ ਪ੍ਰਵਾਨ ਨਹੀਂ ਕੀਤਾ । ਕਾਰਨ ਇਹ ਹੈ ਕਿ ਅਮੀਰ ਖੁਸਰੋ ਦੀ ਵਾਰ ਤੇ ਮਾਸਉਦ ਦਾ ਪੰਜਾਬੀ ਦੀਵਾਨ ਤਾਂ ਮਿਲਦੇ ਹੀ ਨਹੀਂ ਅਤੇ ਕਬੀਰ ਤੇ ਚੰਦ ਬਰਦਾਈ ਦੀ ਬੋਲੀ ਨੂੰ ਕਿਸੇ ਹਾਲਤ ਵਿਚ ਪੰਜਾਬੀ ਨਹੀਂ ਆਖਿਆ ਜਾ ਸਕਦਾ ।

ਕਾਫੀ ਦੇਰ ਤਕ ਪੰਜਾਬੀ ਸਾਹਿਤ ਦੇ ਖੋਜੀਆਂ ਦੀ ਰਾਏ ਰਹੀ ਹੈ ਕਿ ਫਰੀਦ ਸ਼ਕਰਗੰਜ (1173-1265) ਹੀ ਪੰਜਾਬੀ ਸਾਹਿਤ ਦਾ ਮੋਢੀ ਹੈ ਪਰ ਵਧੇਰੇ ਖੋਜ ਤੇ ਅਧਿਐਨ ਦੇ ਆਧਾਰ ਤੇ ਹੁਣ ਹੌਲੀ ਹੌਲੀ ਇਹ ਰਾਏ ਬਣਦੀ ਜਾ ਰਹੀ ਹੈ ਕਿ ਫਰੀਦ ਤੋਂ ਦੋ ਸਦੀਆਂ ਪਹਿਲੇ ਹੀ ਚਰਪਟ ਤੇ ਗੋਰਖਨਾਥ ਨੇ ਪੰਜਾਬੀ ਸਾਹਿਤ ਦੀ ਰਚਨਾ ਸ਼ੁਰੂ ਕਰ ਦਿੱਤੀ ਸੀ ਭਾਵੇਂ ਇਨ੍ਹਾਂ ਦੀ ਬੋਲੀ ਉਤੇ ਸਾਧ-ਭਾਖਾ ਦੀ ਗੂੜ੍ਹੀ ਰੰਗਣ ਚੜ੍ਹੀ ਹੋਈ ਹੈ।

ਗੋਰਖ ਨਾਥ

ਗੋਰਖਨਾਥ ਦਾ ਜਨਮ ਦਸਵੀਂ ਸਦੀ ਦੇ ਮੁੱਢ ਵਿਚ, ਪਿੰਡ ਗੋਰਖਪੁਰਾ, ਜ਼ਿਲ੍ਹਾ ਰਾਵਲਪਿੰਡੀ ਵਿਖੇ ਹੋਇਆ ) ਭਾਵੇਂ ਜੋਗ ਮਤ ਦੀ ਜੁਗਤੀ ਬੜੀ ਪੁਰਾਣੀ ਹੈ ਅਤੇ ਇਸ ਦੀ ਚਰਚਾ ਉਪਨਿਸ਼ਦਾਂ ਤੇ ਗੀਤਾ ਵਿਚ ਮਿਲਦੀ ਹੈ ਪਰ ਗੋਰਖਨਾਥ ਨੂੰ ਦਸਵੀਂ ਸਦੀ ਵਿਚ ਇਸ ਮੱਤ ਦਾ ਸਭ ਤੋਂ ਵਡਾ ਵਿਆਖਿਆਕਾਰ ਤੇ ਪ੍ਰਚਾਰਕ ਕਿਹਾ ਜਾ ਸਕਦਾ ਹੈ।

ਗੋਰਖਨਾਥ ਨੇ ਜੋਗ ਪੰਥ ਝ ਦੇ ਬੂਹੇ ਸਭ ਜਾਤੀਆਂ ਲਈ ਖੋਲ੍ਹੇ ਅਤੇ ਹਿੰਦੂਆਂ ਦੇ ਇਲਾਵਾ ਮੁਸਲਮਾਨਾਂ ਨੂੰ ਵੀ ਆਪਣੇ ਪੰਥ ਵਿਚ ਸ਼ਾਮਲ ਕੀਤਾ । ਉਸ ਨੇ ਵਰਣ-ਭੇਦ ਨੂੰ ਮਿਟਾਉਣ ਲਈ ਪੂਰੀ ਵਾਹ ਲਾਈ, ਇਥੋਂ ਤੀਕ ਕਿ ਆਪਣੇ ਭੰਡਾਰੇ ਵਿਚ ਉਹ ਹਰ ਜਾਤੀ ਦੇ ਲੋਕਾਂ ਦੀ ਹੱਥੀਂ ਸੇਵਾ ਕਰਦਾ ਹੁੰਦਾ ਸੀ । ਉਸ ਨੇ ਨਿੱਜੀ ਸੰਜਮ, ਜਤ ਸਤ, ਤੇ ਅਲਪ ਅਹਾਰ ਉਤੇ ਬਹੁਤਾ ਜ਼ੋਰ ਦਿੱਤਾ ਹੈ ਕਿਉਂਕਿ ਉਹ ਇਨ੍ਹਾਂ ਨੂੰ ਜੋਗ-ਸਾਧਨਾ ਦਾ ਮੂਲ ਆਧਾਰ ਸਮਝਦਾ ਸੀ । ਗੋਰਖ ਨਾਥ ਇਸਤਰੀ ਨੂੰ ਆਤਮਕ ਉੱਨਤੀ ਦੇ ਰਾਹ ਵਿਚ ਇਕ ਵੱਡੀ ਰੋਕ ਸਮਝਦਾ ਸੀ, ਇਸੇ ਲਈ ਉਸ ਨੇ ਇਸਤਰੀ ਨੂੰ ਥਾਂ ਥਾਂ ਭੰਡਿਆ ਹੈ ਅਤੇ ‘ਬਾਘਨ’ ਤੀਕ ਕਹਿ ਗਿਆ ਹੈ।

ਗੋਰਖ ਦੀ ਦੂਜੀ ਦੇਣ ਇਹ ਹੈ ਕਿ ਉਸ ਨੇ ਆਪਣੇ ਵਿਚਾਰਾਂ ਦੇ ਪ੍ਰਗਟਾਅ ਲਈ ਇਕ ਨਵੇਂ ਪ੍ਰਕਾਰ ਦੀ ਸ਼ਬਦਾਵਲੀ ਤੇ ਬਿੰਬਾਵਲੀ ਨੂੰ ਵਰਤਿਆ ਹੈ ਜਿਵੇਂ ਅਲਖ, ਨਿਰੰਜਨ, ਅਗਮ, ਪਰਾ, ਅਮੂਰਤ, ਸੁੰਨ, ਨਿਰੰਕਾਰ, ਨਾਦ, ਬਿੰਦ, ਜੋਤੀ, ਨਿਰਵਾਨ ਪਦ, ਧਿਆਨ, ਸਤਿਗੁਰੂ, ਜੀਵਨ-ਮੁਕਤ ਆਦਿ । ਲਗਭਗ ਇਹ ਸਾਰੇ ਸ਼ਬਦ ਹੀ ਪਿਛੋਂ ਗੁਰੂ ਸਾਹਿਬਾਂ ਤੇ ਭਗਤੀ ਕਾਲ ਦੇ ਸੰਤਾਂ ਨੇ ਵੀ ਅਪਣਾਏ ਤੇ ਵਰਤੇ ਹਨ।

ਚਰਪਟ ਨਾਥ

ਡਾਕਟਰ ਮੋਹਣ ਸਿੰਘ ਨੇ ਚਰਪਟ ਦਾ ਸਮਾਂ 890 ਈ: ਤੋਂ 990 ਈਸਵੀ ਤੱਕ ਦਸਿਆ ਹੈ। ਕਈ ਇਸ

ਨੂੰ ਗੋਰਖ ਦਾ ਚੇਲਾ ਤੇ ਕਈ ਗੁਰਭਾਈ ਮੰਨਦੇ ਹਨ । ਚਰਪਟਨਾਥ ਚੰਬੇ ਰਿਆਸਤ ਦੇ ਰਾਜੇ ਦਾ ਗੁਰੂ ਬਣਿਆ । ਇਸ ਰਿਆਸਤ ਦੇ ਸਿੱਕੇ ਉਤੇ ਮੁੰਦਰਾਂ ਦੇ ਨਿਸ਼ਾਨ ਮਿਲਦੇ ਹਨ। ਪਿਛਲੀਆਂ ਕੁਝ ਸਦੀਆਂ ਵਿਚ ਜੋਗੀਆਂ ਦੇ ਆਚਰਨ ਵਿਚ ਜੋ ਗਿਰਾਵਟ ਆ ਚੁੱਕੀ ਸੀ ਅਤੇ ਜਿਸ ਕਾਰਨ ਉਹ ਨਿਰੇ ‘ਭੇਖ’ ਨੂੰ ਹੀ ਜੋਗ ਸਮਝਣ ਲਗ ਗਏ ਸਨ, ਚਰਪਟ ਨੇ ਉਸ ਨੂੰ ਖੂਬ ਨਿੰਦਿਆ ਹੈ, ਉਹ ਸਾਫ ਕਹਿੰਦਾ ਹੈ :-

ਬਾਹਿਰ ਉਲਟਿ ਉਨਿ ਨਹੀਂ ਜਾਉਂ, ਕਾਹੇ ਕਾਰਨ ਕਾਨਿ ਕਾ ਚੀਰਾ ਖਾਉਂ ।

ਬਿਭੂਤਿ ਨਾ ਲਗਾਉਂ, ਜਿਉਂ ਤਾਰਿ ਉਤਰਿ ਜਾਇ, ਖਰ ਜਿਉਂ ਧੂੜ ਲੇਟੇ ਮੇਰੀ ਬਲਾਇ।

ਸੇਲੀ ਨਾ ਬਾਂਧੋ, ਲੇਵੇਂ ਨਾ ਮਿਰਗਾਨੀ, ਓਢੋਂ ਨਾ ਖਿੰਥਾ ਜਿ ਹੋਇ ਪੁਰਾਨੀ ।

ਪਤ੍ਰ ਨਾ ਪੂਜੋਂ, ਡੰਡ ਨਾ ਉਠਾਵਉ, ਕੁੱਤੇ ਕੀ ਨਿਆਈਂ ਮਾਂਗਨੇ ਨਾ ਜਾਉਂ ।

ਭੇਖਿ ਕਾ ਜੋਗੀ ਮੈਂ ਨਾ ਕਹਾਉਂ, ਆਤਮਾ ਕਾ ਜੋਗੀ ਚਰਪਟ ਨਾਉਂ ।

ਲੋਕ-ਵਾਰਾਂ

ਇਸ ਕਾਲ ਦੀ ਰਾਜਸੀ ਸਥਿਤੀ ਨੇ ਕੁਝ ਬੀਰ ਰਸੀ ਵਾਰਾਂ ਨੂੰ ਜਨਮ ਦਿੱਤਾ ਹੈ । ਜਿਨ੍ਹਾਂ ਲੋਕ-ਵਾਰਾਂ ਦੀਆਂ ਧੁਨੀਆਂ ਉਤੇ ਗੁਰੂ ਸਾਹਿਬਾਂ ਦੀਆਂ ਰਚਿਤ ਵਾਰਾਂ ਗਾਉਣ ਦੀ ਸੂਚਨਾ ਗੁਰੂ ਅਰਜਨ ਦੇਵ ਜੀ ਨੇ ਦਿੱਤੀ ਹੈ, ਉਹ ਇਸੇ ਕਾਲ ਵਿਚ ਹੀ ਲਿਖੀਆਂ ਗਈਆਂ ਸਨ। ਇਨ੍ਹਾਂ ਵਿਚੋਂ ਕੁਝ ਤਾਂ ਸਪਸ਼ਟ ਤੌਰ ਤੇ ਜਹਾਂਗੀਰ ਤੇ ਅਕਬਰ ਦੇ ਸਮੇਂ ਨਾਲ ਸਬੰਧ ਰੱਖਦੀਆਂ ਹਨ, ਕੁਝ ਮੁਗਲ ਕਾਲ ਤੋਂ ਪਹਿਲੇ ਸਮੇਂ ਦੀਆਂ ਮੰਨਣੀਆਂ ਪੈਂਦੀਆਂ ਹਨ ਜਿਵੇਂ ਕਿ ਰਾਏ ਕਮਾਲ ਦੀ ਮੋਜਦੀ ਕੀ ਵਾਰ, ਟੁੰਡੇ ਅਸਰਾਜੇ ਕੀ ਵਾਰ, ਲਲਾ ਬਹਿਲੀਮਾ ਕੀ ਵਾਰ ਆਦਿ। ਇਨ੍ਹਾਂ ਵਾਰਾਂ ਦੀ ਬੋਲੀ ਉਤੇ ਸਾਧ-ਭਾਖਾ ਦਾ ਕੋਈ ਪ੍ਰਭਾਵ ਨਹੀਂ ਅਤੇ ਅਸੀਂ ਇਨ੍ਹਾਂ ਨੂੰ ਠੇਠ ਪੰਜਾਬੀ ਵਿਚ ਰਚੇ ਗਏ ਇਸ ਸਮੇਂ ਦੇ ਮੁੱਢਲੇ ਨਮੂਨੇ ਆਖ ਸਕਦੇ ਹਾਂ । ਇਹ ਵਾਰਾਂ ਪੂਰੀਆਂ ਨਹੀਂ ਮਿਲਦੀਆਂ ਪਰ ਇਨ੍ਹਾਂ ਵਿਚਲੀਆਂ ਕਹਾਣੀਆਂ ਤੇ ਛੰਦਾਂ ਦੇ ਨਮੂਨੇ ਮਾਤਰ ਟੋਟੇ ‘ਬਾਣੀ ਬਿਉਰਾ’ ਪੁਸਤਕ ਵਿਚ ਦਿੱਤੇ ਹੋਏ ਹਨ ।

ਬਾਬਾ ਫ਼ਰੀਦ  (1176-1265)

ਫਰੀਦ ਦਾ ਜਨਮ ਮੁਲਤਾਨ ਦੇ ਇਕ ਪਿੰਡ ਖੋਤਵਾਲ ਵਿਖੇ ਹੋਇਆ, ਉਹ ਭਾਰਤ ਤੋਂ ਬਾਹਰ ਜਾ ਕੇ ਅਰਬ ਦੇ ਫਕੀਰਾਂ ਤੇ ਸੂਫੀਆਂ ਨੂੰ ਮਿਲਿਆ ਅਤੇ ਹਾਂਸੀ ਤੇ ਦਿੱਲੀ ਵਿਚ ਵੀ ਰਿਹਾ (ਦਿੱਲੀ ਵਿਖੇ ਉਹ ਪ੍ਰਸਿੱਧ ਪਠਾਣ ਰਹੱਸਵਾਦੀ ਕੁਤਬੁਦੀਨ ਬਖ਼ਤਿਆਰ ਕਾਕੀ ਦਾ ਮੁਰੀਦ ਬਣਿਆ । ਫਰੀਦ ਨੇ ਪਾਕਪਟਨ ਵਿਖੇ ਆਪਣਾ ਡੇਰਾ ਕਾਇਮ ਕੀਤਾ ਜਿਥੋਂ ਉਸ ਨੇ ਆਪਣੇ ਵਿਚਾਰਾਂ ਦਾ ਪ੍ਰਚਾਰ ਸ਼ੁਰੂ ਕੀਤਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਫਰੀਦ ਬਹੁਤ ਵੱਡਾ ਮਿਸ਼ਨਰੀ ਸੀ । ਉਸ ਦੇ ਪ੍ਰਚਾਰ ਦਾ ਰਸਤਾ ਪ੍ਰੇਮ, ਨਿਮਰਤਾ ਤੇ ਮਿੱਠਤ ਵਾਲਾ ਸੀ। ਇਸ ਮਿੱਠਤ ਦੇ ਕਾਰਨ ਹੀ ਉਸ ਨੂੰ ‘ਸ਼ੱਕਰਗੰਜ’ ਭਾਵ ਸ਼ੱਕਰ ਦਾ ਖ਼ਜ਼ਾਨਾ ਕਿਹਾ ਗਿਆ ਹੈ । ਭਾਵੇਂ ਬਾਬਾ ਫਰੀਦ ਨੇ ਆਪਣੀ ਮਿੱਠਤ ਤੇ ਉੱਚੀ ਸ਼ਖ਼ਸੀਅਤ ਦੇ ਪ੍ਰਭਾਵ ਨਾਲ ਲੱਖਾਂ ਹਿੰਦੂਆਂ ਨੂੰ ਇਸਲਾਮ ਦੇ ਘੇਰੇ ਵਿਚ ਲੈ ਆਂਦਾ ਸੀ, ਪੰਜਾਬੀ ਸਾਹਿਤ ਵਿਚ ਉਨ੍ਹਾਂ ਦੀ ਮਹਾਨਤਾ ਦੇ ਕਾਰਨ ਅਸਲੋਂ ਤਿੰਨ ਹਨ :-

(1) ਫਰੀਦ ਦੀ ਪਹਿਲੀ ਮਹੱਤਤਾ ਇਹ ਹੈ ਕਿ ਉਸ ਨੇ ਸਭ ਤੋਂ ਪਹਿਲਾਂ ਪੰਜਾਬੀ ਬੋਲੀ ਵਿਚ ਠੇਠ, ਗੁੱਟ, ਭਾਵਪੂਰਤ ਤੇ ਸੁਲਝੀ ਹੋਈ ਕਵਿਤਾ ਦੀ ਰਚਨਾ ਕੀਤੀ।

(2) ਜਿਥੇ ਉਰਦੂ ਕਵੀਆਂ ਨੇ ਫ਼ਾਰਸੀ ਤੇ ਅਰਬੀ ਦੇ ਪ੍ਰਭਾਵ ਥੱਲੇ ਆਪਣੇ ਵਿਚਾਰਾਂ ਦੇ ਪ੍ਰਗਟਾਅ ਲਈ ਨਾ ਕੇਵਲ ਫਾਰਸੀ ਤੇ ਅਰਬੀ ਬਹਿਰਾਂ ਨੂੰ ਹੀ ਅਪਣਾ ਲਿਆ ਸੀ, ਸਗੋਂ ਆਪਣੀਆਂ ਰਚਨਾਵਾਂ ਦੇ ਪੇਟ ਬਦੇਸ਼ੀ ਸ਼ਬਦਾਵਲੀ ਤੇ ਬਿੰਬਾਵਲੀ ਨਾਲ ਤੂੜ ਦਿਤੇ ਸਨ, ਉਥੇ ਬਾਬਾ ਫਰੀਦ ਦੀ ਸਿਆਣੀ ਤੇ ਪ੍ਰੌਢ ਬੁੱਧੀ ਨੇ ਫੋਰਨ ਹੀ ਭਾਂਪ ਲਿਆ ਸੀ ਕਿ ਫ਼ਾਰਸੀ ਤੇ ਅਰਬੀ ਬਹਿਰਾਂ ਪੰਜਾਬੀ ਦੇ ਸੁਭਾਅ ਨੂੰ ਰਾਸ ਨਹੀਂ ਆ ਸਕਦੀਆਂ, ਸੋ ਉਨ੍ਹਾਂ ਨੇ ਪ੍ਰਾਚੀਨ ਭਾਰਤੀ ਛੰਦਾਂ ਦਾ ਅਧਿਐਨ ਕਰ ਕੇ ਦੋਹਰੇ ਆਦਿ ਦੇਸੀ ਤੇ ਪ੍ਰਚੱਲਿਤ ਛੰਦਾਂ ਨੂੰ ਆਪਣੇ ਵਿਚਾਰਾਂ ਲਈ ਚੁਣਿਆ। ਇਸ ਤੋਂ ਬਿਨਾਂ ਬਿਦੇਸੀ ਸ਼ਬਦਾਵਲੀ ਤੇ ਬਿੰਬਾਵਲੀ ਦੀ ਥਾਂ ਜਿਥੋਂ ਤੀਕ ਹੋ ਸਕਿਆ, ਪੰਜਾਬੀ ਜੀਵਨ ਦੀਆਂ ਆਮ ਤੇ ਜਾਣੀਆਂ-ਪਛਾਣੀਆਂ ਵਸਤਾਂ, ਤਿਲ, ਕਮਾਦ, ਘੜੀ, ਲੱਜ, ਹਿੰਗ, ਕਥੂਰੀ, ਬਾਲਣ, ਤੰਦੂਰ, ਸਰਵਰ, ਹੰਸ, ਕਾਗ, ਬਗਲਾ, ਕੱਤਕ ਕੂੰਜਾਂ, ਚੇਤ ਡਉਂ ਆਦਿ ਉਪਮਾਵਾਂ ਤੇ ਰੂਪਕ ਚੁਣੇ ਹਨ, ਫ਼ਰੀਦ ਦੀ ਪਾਈ ਇਹ ਲੀਹ ਬੜੀ ਮਹੱਤਤਾ ਵਾਲੀ ਹੈ ਕਿਉਂਕਿ ਪਿਛੋਂ ਆਉਣ ਵਾਲੇ ਸਭ ਕਵੀਆਂ ਨੇ ਇਸੇ ਲੀਹ ਉਤੇ ਚੱਲ ਕੇ ਪੰਜਾਬੀ ਕਵਿਤਾ ਨੂੰ ਇਕ ਓਪਰੀ ਤੇ ਮਸਨੂਈ ਜਿਹੀ ਬਣਾਉਣ ਦੀ ਥਾਂ ਸਾਦਾ, ਸੁਭਾਵਕ ਤੇ ਜੀਉਂਦੀ-ਜਾਗਦੀ ਵਸਤੂ ਬਣਾ ਦਿੱਤਾ ਹੈ। ਇਸੇ ‘ ਪ੍ਰਥਾ ਦੇ ਅਧੀਨ ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ ਨੇ ਗ਼ਜ਼ਲ ਦੀ ਥਾਂ ਕਾਫੀ ਨੂੰ ਅਤੇ ਸੁਲਤਾਨ ਬਾਹੂ ਤੇ ਹਾਸ਼ਮ ਨੇ ਰੁਬਾਈ ਦੀ ਥਾਂ ਦੋਹੜੇ ਨੂੰ ਵਰਤਿਆ ਹੈ। ਬਿਆਨੀਆ ਕਵਿਤਾ ਲਈ ਵੀ ਮੁਕਬਲ, ਵਾਰਿਸ, ਪੀਲੂ ਆਦਿ ਨੇ ਮਸਨਵੀ ਦੀਆਂ ਫ਼ਾਰਸੀ ਬਹਿਰਾਂ ਨੂੰ ਨਹੀਂ ਵਰਤਿਆ ਸਗੋਂ ਪੰਜਾਬ ਵਿਚ ਪ੍ਰਚੱਲਿਤ ਦੇਸੀ ਛੰਦਾਂ ਨੂੰ ਹੀ ਅਪਣਾਇਆ ਹੈ।

(3) ਫਰੀਦ ਦੀ ਤੀਜੀ ਮਹੱਤਤਾ ਇਸ ਗੱਲ ਵਿਚ ਹੈ ਕਿ ਉਹ ਪੰਜਾਬੀ ਸਾਹਿਤ ਵਿਚ ਸੂਫ਼ੀ ਵਿਚਾਰਧਾਰਾ ਦਾ ਪਹਿਲਾ ਪ੍ਰਚਾਰਕ ਕਿਹਾ ਜਾ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਸ਼ਾਹ ਹੁਸੈਨ ਤੇ ਬੁੱਲ੍ਹੇ ਵਾਂਗ ਸ਼ਰੀਅਤ ਤੋਂ ਨਾਬਰ ਨਹੀਂ ਹੈ ਤੇ ਕੇਵਲ ਇਸ਼ਕ ਰਾਹੀਂ ਪਰਮਾਤਮਾ ਤੀਕ ਪਹੁੰਚਣ ਦਾ ਰਸਤਾ ਨਹੀਂ ਫੜਦਾ ਪਰ ਉਹ ਸੂਫ਼ੀ ਮਤ ਦੇ ਪਹਿਲੇ ਦੌਰ ਦੇ ਅਸੂਲਾਂ ਤੋਬਾ, ਪਰਹੇਜ਼ਗਾਰੀ, ਤਪ, ਜੁਹਦ, ਸੇਵਾ, ਨਿਮਰਤਾ, ਹਲੀਮੀ ਆਦਿ ਉਤੇ ਜ਼ੋਰ ਦੇਂਦਾ ਹੈ। ਭਾਵੇਂ ਉਹ ਆਮ ਤੋਰ ਤੇ ਰੱਬ ਨੂੰ ਡਾਢਾ ਬੇਪਰਵਾਹ, ਪਾਪਾਂ ਦੀ ਕਰੜੀ ਸਜ਼ਾ ਦੇਣ ਵਾਲਾ ਵੀ ਮੰਨਦਾ ਹੈ ਪਰ ਕਦੀ ਕਦੀ ਰੱਬ ਉਸ ਨੂੰ ‘ਸ਼ੱਕਰ, ਖੰਡ, ਨਬਾਤ, ਗੁੜ, ਮਾਖਿਉਂ, ਮਾਝਾ ਦੁੱਧ ਵਰਗਾ ਮਿੱਠਾ ਲੱਗਦਾ ਹੈ, ਸਗੋਂ ਇਨ੍ਹਾਂ ਤੋਂ ਵੀ ਵੱਧ ਮਿੱਠਾ ।

ਫਰੀਦ ਦੇ 112 ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਜੋ ਫਰੀਦ ਦੀ ਮਹਾਨਤਾ ਪ੍ਰਗਟ ਕਰਦੇ ग्ठ ।

  1. ਚੜ੍ਹਦਾ ਮੁਗਲ ਕਾਲ (1520-1708 ਈ:)

ਇਸ ਕਾਲ ਦੇ ਮੁੱਢ ਵਿਚ ਰਾਜਸੀ ਅਕੇਂਦਰੀਕਰਨ ਦਾ ਝੁਕਾਅ ਜ਼ੋਰਾਂ ਤੇ ਸੀ । ਪੰਜਾਬ ਵਿਚ ਤਿੰਨ ਰਾਜਸੀ ਤਾਕਤਾਂ ਦੀ ਤਿਕੋਨੀ ਜੰਗ ਜਾਰੀ ਸੀ, ਇਹ ਤਾਕਤਾਂ ਸਨ, ਦਿੱਲੀ ਦਾ ਸ਼ਹਿਨਸ਼ਾਹ ਇਬਰਾਹੀਮ ਲੋਧੀ, ਪੰਜਾਬ ਦੇ ਪਠਾਣ ਸਰਦਾਰ ਅਤੇ ਮੁਗ਼ਲ ਸਮਰਾਟ ਬਾਬਰ, ਜਿਸ ਨੂੰ ਆਖਰ ਜਿੱਤ ਪ੍ਰਾਪਤ ਹੋਈ ਅਤੇ 1526 ਤੋਂ ਪੰਜਾਬ ਜਿਸ ਦੇ ਅਧੀਨ ਹੋ ਗਿਆ) ਭਾਵੇਂ ਇਸ ਕਾਲ ਦੇ ਸੁਰੂ ਵਿਚ ਪੰਜਾਬੀਆਂ ਨੂੰ ਬੇਅੰਤ ਤਸੀਹੇ ਸਹਿਣੇ ਪਏ, ਜਿਵੇਂ ਕਿ ਗੁਰ ਨਾਨਕ ਦੇਵ ਜੀ ਨੇ ਆਪਣੇ ‘ਬਾਬਰਵਾਣੀ’ ਦੇ ਸ਼ਬਦਾਂ ਵਿਚ ਦੱਸਿਆ ਹੈ । ਸੋਲ੍ਹਵੀਂ ਸਦੀ ਦੀ ਪਹਿਲੀ ਚੌਥਾਈ ਵਿਚ ਪੰਜਾਬ ਵਿਚ ਬੜੀ ਹਫੜਾ-ਦਫੜੀ ਫੈਲੀ ਹੋਈ ਸੀ, ਕਿਸੇ ਦਾ ਜਾਨ ਮਾਲ ਮਹਿਫੂਜ਼ ਨਹੀਂ ਸੀ। ਪਰਜਾ ਦੀ ਕਤਲੇਆਮ ਤੇ ਸ਼ਹਿਰਾਂ ਦੀ ਸਾੜ ਫੂਕ ਮਾਮੂਲੀ ਗੱਲ ਸਮਝੀ ਜਾਂਦੀ ਸੀ । ਭਾਈ ਗੁਰਦਾਸ ਦੇ ਕਥਨ ਅਨੁਸਾਰ, ‘ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕੋ ਖਾਈਂ । ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ’ ਵਾਲੇ ਹਾਲਾਤ ਸਨ । ਹਿੰਦੂਆਂ ਦੀ ਹਾਲਤ ਬਹੁਤ ਤਰਸ-ਯੋਗ ਸੀ। ਉਨ੍ਹਾਂ ਉਤੇ ਜਜ਼ੀਏ ਦੇ ਇਲਾਵਾ ਯਾਤਰਾ-ਟੈਕਸ ਵੀ ਲਾਇਆ ਜਾਂਦਾ ਸੀ । ਜ਼ਬਰਦਸਤੀ ਮੁਸਲਮਾਨ ਬਣਾਉਣ ਦੀ ਨੀਤੀ ਆਮ ਸੀ ‘ਤਾਰੀਖੇ ਦਾਊਦੀ’ ਦਾ ਕਰਤਾ ਅਬਦੁੱਲਾ ਕਹਿੰਦਾ ਹੈ ‘ਸਿਕੰਦਰ ਲੋਧੀ ਦੇਵੀ ਦੇਵਤਿਆਂ ਦੇ ਬੁੱਤ ਤੋੜ ਦੇਂਦਾ ਸੀ ਤੇ ਉਨ੍ਹਾਂ ਦੇ ਵੱਟੇ ਬਣਾਉਣ ਲਈ ਕਸਾਈਆਂ ਨੂੰ ਦੇ ਦੇਂਦਾ ਸੀ।

(ਇਸ ਰਾਜਸੀ ਤੇ ਸਮਾਜਕ ਪਿਛੋਕੜ ਦਾ ਪ੍ਰਤਿਕਰਮ ਕੁਦਰਤੀ ਸੀ । ਇਸ ਦੇ ਫਲਸਰੂਪ ਭਾਰਤ ਵਿਚ ਇਕ ਅਧਿਆਤਮਕ ਤੇ ਸਮਾਜਕ ਚੇਤਨਤਾ ਦੀ ਲਹਿਰ ਉਤਪੰਨ ਹੋ ਗਈ ਜਿਸ ਨੇ ਇਸ ਕਾਲ ਦੇ ਲੇਖਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ । ਭਗਤੀ ਲਹਿਰ ਦੇ ਨਾਲ ਨਾਲ ਹੀ ਸੂਫ਼ੀ ਮਤ ਦੀ ਲਹਿਰ ਨੇ ਵੀ ਵਿਕਾਸ ਕੀਤਾ ਅਤੇ ਸਹਿਜੇ ਸਹਿਜੇ ਦੋਹਾਂ ਲਹਿਰਾਂ ਦੀਆਂ ਧੁਨੀਆਂ ਤੇ ਪ੍ਰਤਿਧੁਨੀਆ ਇਕ ਦੂਜੀ ਵਿਚ ਸੁਣਨੀਆਂ ਸ਼ੁਰੂ ਹੋ ਗਈਆਂ। ਜਿਥੇ ਭਗਤੀ ਲਹਿਰ ਨੇ ਸੂਫ਼ੀ ਮਤ ਉਤੋਂ ਸਰੀਅਤ ਦੀ ਪਕੜ ਨੂੰ ਢਿੱਲਿਆਂ ਕਰ ਕੇ ਇਸ ਦੇ ਘੇਰੇ ਨੂੰ ਵਿਸਾਲ ਕੀਤਾ, ਉਥੇ ਸੂਫ਼ੀ ਲਹਿਰ ਦੇ ਪ੍ਰਭਾਵ ਵੀ ਭਗਤੀ ਲਹਿਰ ਉਤੇ ਪਏ। ਸੋ ਇਸ ਕਾਲ ਦੇ ਸਾਹਿਤ ਨੂੰ ਸਮਝਣ ਲਈ ਇਨ੍ਹਾਂ ਦੋਹਾਂ ਲਹਿਰਾਂ ਦੇ ਵਿਕਾਸ ਤੇ ਆਸਿਆਂ ਨੂੰ ਸਮਝ ਲੈਣਾ ਲਾਭਕਾਰੀ ਹੋਵੇਗਾ।

ਸੂਫੀ ਮਤ

ਸੂਫੀ ਮਤ ਰਹੱਸਵਾਦ ਦਾ ਇਕ ਰੂਪ ਹੈ, ਇਸ ਲਈ ਰਹੱਸਵਾਦ ਦੇ ਸਰੂਪ ਨੂੰ ਸਮਝਣਾ ਜ਼ਰੂਰੀ ਹੈ ਅੰਤਮ ਸੱਚ ਨੂੰ ਸਮਝਣ ਲਈ ਜਾਂ ਅਲਖ ਨੂੰ ਲਖਣ ਲਈ ਦੋ ਰਸਤੇ ਮੰਨੇ ਗਏ ਹਨ – ਇਕ ਹੈ ਤਰਕ ਤੇ ਬੁੱਧੀ ਦਾ ਰਸਤਾ, ਦੂਜਾ ਹੈ ਸੂਝ ਤੇ ਅੰਦਰ ਦੇ ਚਾਨਣ ਦਾ ਰਸਤਾ, ਇਸ ਦੂਜੇ ਰਸਤੇ ਨੂੰ ‘ਰਹੱਸਵਾਦ ਕਿਹਾ ਗਿਆ ਹੈ। ਸ਼ੰਕਰ ਨੇ ਪਹਿਲੇ ਰਸਤੇ ਨੂੰ ‘ਅਪਰਾ ਵਿਦਿਆ’ ਭਾਵ ਨੀਵਾਂ ਗਿਆਨ ਅਤੇ ਦੂਜੇ ਰਸਤੇ ਨੂੰ ‘ਪਰਾ ਵਿਦਿਆ ਭਾਵ ਉੱਚਾ ਗਿਆਨ ਆਖਿਆ ਹੈ । ਵਿਗਿਆਨੀ ਹੌਲੀ ਹੌਲੀ ਇਕ ਇਕ ਅੰਗ ਨੂੰ ਨਿਖੇੜ ਕੇ ਅਤੇ ਉਸ ਦੇ ਸਾਰੇ ਪੱਖਾਂ ਨੂੰ ਘੋਖ ਕੇ, ਇਕ ਪੀੜ੍ਹੀ ਵਿਚ ਹੀ ਨਹੀਂ, ਸਗੋਂ ਕਈ ਪੀੜ੍ਹੀਆਂ ਵਿਚ ਕਿਸੇ ਤੱਥ ਨੂੰ ਲੱਭਦਾ ਹੈ । ਉਸ ਦੇ ਮੁਕਾਬਲੇ ਵਿਚ ਰਹੱਸਵਾਦੀ ਅੰਦਰਲੀ ਸੂਝ ਦੀ ਸਹਾਇਤਾ ਨਾਲ ਇਕ ਨਿਮਖ ਵਿਚ ਬਿਜਲੀ ਦੀ ਤੇਜ਼ੀ ਨਾਲ ਸ੍ਰਿਸ਼ਟੀ ਤੇ ਉਸ ਦੇ ਪਿਛੇ ਲੁਕੇ ਅੰਤਮ ਸੱਚ ਦੇ ਦਰਸ਼ਨ ਕਰ ਲੈਂਦਾ ਹੈ।

ਰਹੱਸਵਾਦ ਦੀ ਈਰਾਨੀ ਸ਼ਕਲ ਨੂੰ ਸੂਫ਼ੀ ਮਤ ਕਹਿੰਦੇ ਹਨ। ਇਸ ਦੇ ਨਿਕਾਸ ਬਾਰੇ ਕਈ ਰਾਵਾਂ ਹਨ। ਇਸ ਵਿਚ ਸ਼ੱਕ ਨਹੀਂ ਕਿ ਸੂਫ਼ੀਆਂ ਦੇ ਵਿਚਾਰਾਂ ਵਿਚ ਇਸਲਾਮੀ, ਈਸਾਈ, ਯੂਨਾਨੀ ਜਾਂ ਨਵਅਫਲਾਤੂਨੀ, ਵੇਦਾਂਤੀ ਤੇ ਬੋਧੀ ਪ੍ਰਭਾਵਾਂ ਦੇ ਕਈ ਤੱਤ ਰਲੇ ਮਿਲੇ ਨਜਰ ਆਉਂਦੇ ਹਨ ਪਰ ਇਹ ਮੰਨਣਾ ਪਵੇਗਾ ਕਿ ਸੂਫ਼ੀ ਮਤ ਦਾ ਜਨਮ ਇਸਲਾਮ ਦੇ ਨਾਲ ਹੀ ਹੋਇਆ। ਮੁਹੰਮਦ ਸਾਹਿਬ ਦੇ ਨਿਕਟ-ਵਰਤੀ ਮੁਸਲਮਾਨ ਹੀ ਜੋ ਘਰਬਾਰ ਛੱਡ ਕੇ ਮਸੀਤ ਵਿਚ ਹੀ ਸੌਂਦੇ ਸਨ, ਮੁੱਢਲੇ ਸੂਫ਼ੀ ਆਖੇ ਜਾ ਸਕਦੇ ਸਨ । ਨਿਕਲਸਨ ਦੇ ਵਿਚਾਰ ਵਿਚ ਸੂਫੀ ਮਤ ਹਜ਼ਰਤ ਮੁਹੰਮਦ ਦੀ ਮੌਤ ਪਿੱਛੋਂ ਛੇਤੀ ਹੀ ਹੋਂਦ ਵਿਚ ਆ ਗਿਆ ( ਮੁੱਢਲੇ ਸੂਫ਼ੀ ਬੜੇ ਸੰਜਮ, ਪਰਹੇਜੁਗਾਰ ਤੇ ਕੁਰਾਨ ਦੇ ਅੱਖਰ ਅੱਖਰ ਨੂੰ ਮੰਨਣ ਵਾਲੇ ਸਨ । ਸੋ ਸੂਫ਼ੀ ਮਤ ਦੀ ਅਸਲੀ ਜਨਮਭੂਮੀ ਅਰਬ ਦੇਸ ਹੈ, ਭਾਵੇਂ ਇਸ ਦਾ ਫੈਲਾਉ ਤੇ ਵਿਕਾਸ ਈਰਾਨ, ਇਰਾਕ ਤੇ ਮਿਸਰ ਵਿਚ ਹੋਇਆ । ਮੁੱਢਲੇ ਸੂਫ਼ੀ ਮਤ ਦੇ ਵੱਡੇ ਲੱਛਣ ਦੋ ਸਨ – ਗੁਨਾਹ ਦੀ ਤੀਬਰ ਚੇਤਨਤਾ ਅਤੇ ਮੌਤ ਦੇ ਰੱਬੀ ਦੰਡ ਦਾ ਭੈਅ । ਪਹਿਲੇ ਸੂਫ਼ੀ ਰੱਬ ਕੋਲੋਂ ਡਰਦੇ ਸਨ, ਉਸ ਨੂੰ ਪਿਆਰ ਨਹੀਂ ਸਨ ਕਰਦੇ ।

ਸੂਫ਼ੀ ਮਤ ਉਤੇ ਸਭ ਤੋਂ ਪਹਿਲਾਂ ਪ੍ਰਭਾਵ ਈਸਾਈ ਰਹੱਸਵਾਦ ਦਾ ਪਿਆ। ਨਿਮਰਤਾ, ਹਲੀਮੀ, ਤਿਆਗ, ਦੁੱਖ ਵਿਚ ਸੁੱਖ ਮਨਾਉਣ, ਜਪ ਤਪ ਤੇ ਬ੍ਰਹਮਚਰਜ ਦੇ ਪ੍ਰਭਾਵ ਈਸਾਈ ਰਹੱਸਵਾਦ ਤੋਂ ਹੀ ਆਏ ਹਨ। ਦੂਜਾ ਪ੍ਰਭਾਵ ਬੋਧੀਆਂ ਦਾ ਹੈ। ਦਾਇਰਿਆਂ ਤੇ ਤਕੀਆਂ ਦੀ ਪ੍ਰਥਾ ਬੋਧੀ ਮਠਾਂ ਦੀ ਨਕਲ ਹੀ ਜਾਪਦੀ ਹੈ। ਮਾਲਾ ਫੇਰਨ ਦਾ ਰਿਵਾਜ ਵੀ ਬੋਧੀ ਅਸਰ ਹੀ ਹੈ, ਸੂਫ਼ੀਆਂ ਦੇ ਮੁਕਾਮ ਭਾਵ ਆਤਮਕ ਉੱਨਤੀ ਦੇ ਪੜਾਅ ਵੀ ਬੋਧੀਆਂ ਦੀਆ ਪੰਜ ਭੂਮੀਆ ਜਾਂ ਪੰਜ ਅਵਸਥਾਵਾਂ ਦੇ ਸੂਚਕ ਹੀ ਹਨ । ਨਵ-ਅਫ਼ਲਾਤੂਨੀਆਂ ਤੋਂ ਸੂਫ਼ੀ ਮਤ ਨੇ ਸੰਸਾਰ ਤੋਂ ਉਪਰਾਮਤਾ, ਸਵੈ-ਪ੍ਰਕਾਸ, ਤੇ ਸੌਂਦਰਯ ਦੇ ਸਿਧਾਂਤਾਂ ਨੂੰ ਅਪਣਾਇਆ, ਸੂਫ਼ੀਆਂ ਵਿਚ ਹੁਸਨ ਪ੍ਰਸਤੀ ਦਾ ਵਿਕਾਸ ਵੀ ਇਸੇ ਪ੍ਰਭਾਵ ਦਾ ਸਿੱਟਾ ਹੈ, ਪੰਜਾਬੀ ਸੂਫ਼ੀਆਂ ਵਿਚ ਹੁਸੈਨ ਮਾਧੋ ਲਾਲ ਦੇ ਇਸ਼ਕ ਦੀ ਮਿਸਾਲ ਪ੍ਰਤੱਖ ਹੈ। ਪਰ ਇਨ੍ਹਾਂ ਸਾਰੇ ਪ੍ਰਭਾਵਾਂ ਨਾਲੋਂ ਡੂੰਘਾ ਤੇ ਵੱਡਾ ਪ੍ਰਭਾਵ ਸੂਫੀ ਮੱਤ ਉਤੇ ਹਿੰਦੂ ਵਿਚਾਰਧਾਰਾ ਦਾ ਪਿਆ, ਸੂਵੀਆਂ ਦੇ ‘ਹਮਾ ਅਜ਼ੋਸਤ’ ਅਤੇ ‘ਹਮਾ ਓਸਤ’ ਦੇ ਸਿਧਾਂਤ ਵੇਦਾਂਤ ਦੇ ਪ੍ਰਭਾਵ ਦਾ ਨਤੀਜਾ ਹੀ ਹਨ। ਨੌਸ਼ੇਰਵਾਂ ਬਾਦਸ਼ਾਹ ਦੇ ਜ਼ਮਾਨੇ ਵਿਚ ਹੀ ਹਿੰਦ ਵੀ ਤੇ ਈਰਾਨੀ ਵਿਚਾਰਾਂ ਦਾ ਵਟਾਂਦਰਾ ਸ਼ੁਰੂ ਹੋ ਗਿਆ ਸੀ । ਸੂਫੀਆਂ ਵਿਚ ਗੁਰੂ ਜਾਂ ਮੁਰਸਦ ਉਤੇ ਜ਼ੋਰ ਦੇਣਾ ਹਿੰਦੂ ਪ੍ਰਭਾਵਾਂ ਦਾ ਨਤੀਜਾ ਹੈ । ਇਸੇ ਤਰ੍ਹਾ ਸੰਗੀਤ ਤੋਂ ਨਾਚ ਨਾਲ ਪ੍ਰੇਮ ਵੀ ਹਿੰਦੀ ਪ੍ਰਭਾਵ ਹੈ । ਰੱਬ ਦੀ ਇੱਜ਼ਤ ਤੇ ਭੈਅ ਨੂੰ ਛੱਡ ਕੇ ਰੱਬ ਦੀ ਭਗਤੀ ਤੇ ਇਸ਼ਕ ਉਤੇ ਜ਼ੋਰ ਦੇਣਾ ਵੀ ਭਾਰਤੀਆਂ ਦੇ ਪ੍ਰੇਮ-ਮਾਰਗ ਦਾ ਹੀ ਅਸਰ ਹੈ । ਪ੍ਰਾਣਾਯਾਮ, ਜਿਸ ਨੂੰ ਸੂਫ਼ੀ ਲੋਕ ‘ਹਬਸੇ ਦਮ’ ਕਹਿੰਦੇ ਹਨ, ਵੀ ਭਾਰਤੀ ਜੋਗੀਆਂ ਤੋਂ ਲਿਆ ਗਿਆ ਹੈ। ਪਿਛਲੇਰੇ ਸੂਫ਼ੀਆਂ ਦੇ ਵਿਚਾਰ ਸ਼ੰਕਰ ਦੇ ਅਦਵੈਤਵਾਦ ਨਾਲ ਬਹੁਤ ਰਲਦੇ ਹਨ ( ਨ( ਸ਼ੰਕਰ ਦੇ ਵਿਚਾਰ ਵਿਚ ਆਤਮਾ ਤੀਕ ਪੁੱਜਣ ਲਈ ਪਹਿਲੀ ਰੁਕਾਵਟ ਸਰੀਰ ਹੈ, ਜਿਸ ਨੂੰ ਉਹ ‘ਦੇਹ-ਅਭਿਮਾਨ’ ਕਹਿੰਦਾ ਹੈ । ਸ਼ੰਕਰ ਦੇ ਵਿਚਾਰ ਵਿਚ ਆਤਮਾ, ਇੰਦਰੀਆਂ, ਮਨ ਤੇ ਬੁੱਧੀ ਤੋਂ ਕਿਤੇ ਡੂੰਘੇਰੇ ਤਲ ਉਤੇ ਨਿਵਾਸ ਕਰਦੀ ਹੈ। ਆਤਮਾ ਦੇ ਧੁਰ ਅੰਦਰਲੇ ਵਿਚ ਬ੍ਰਹਮ ਦਾ ਨਿਵਾਸ ਹੈ ਪਰ ਅਹੰਕਾਰ ਆਤਮਾ ਤੀਕ ਪਹੁੰਚਣ ਨਹੀਂ ਦੇਂਦਾ। ਸੋ ਹਉਮੈ ਜਾਂ ਖੁਦੀ ਦਾ ਤਿਆਗ ਕਰਕੇ ਹੀ ਆਤਮਾ ਜਾਂ ਨਫਸ ਤਕ ਪਹੁੰਚਿਆ ਜਾ ਸਕਦਾ ਹੈ । ਸੂਫੀਆਂ ਦੇ ਪ੍ਰਸਿੱਧ ਸਿਧਾਂਤ ‘ਮਨ ਅਰਫ਼ਾ ਨਫਸਾ ਹੀ ਅਰਵਾ ਰੱਬਹੀਂ ਦਾ ਇਹੋ ਭਾਵ ਹੈ। ਸ਼ੰਕਰ ਦੇ ਵਿਚਾਰ ਵਿਚ ਆਤਮਾ ਨੂੰ ਬੌਧਿਕ ਵਿਚਾਰਾਂ ਤੇ ਇੰਦਰੀਆਂ ਤੋਂ ਇਕ ਪਾਸੇ ਕਰ ਲੈਣਾ ਚਾਹੀਦਾ ਹੈ ਭਾਵ ਬਾਹਰਲੀ ਦੁਨੀਆ ਤੋਂ ਅੰਦਰਲੀ ਦੁਨੀਆ ਵਲ ਲੈ ਜਾਣਾ ਚਾਹੀਦਾ ਹੈ ਤਾਂ ਹੀ ਆਤਮਾ ਚਮਕ ਸਕਦੀ ਹੈ ਅਤੇ ਤੇਹਤੇ ਵਿਰੋਧ ਅਰਥਾਤ-ਗਿਆਤਾ, ‘ਗਿਆਨ ਤੇ ਗਯੇਯ’ ਤੋਂ ਮੁਕਤ ਹੋ ਸਕਦਾ ਹੈ । ਇਥੇ ਪਹੁੰਚ ਕੇ ਆਤਮਾ ਨਿਰਾ ਨੂਰ ਹੋ ਜਾਂਦੀ ਹੈ, ਅਚਰਜ ਰੂਪ ਹੋ ਜਾਂਦੀ ਹੈ । ਆਤਮਾ ਤੇ ਬ੍ਰਹਮ ਦੀ ਇਸੇ ਇਕ-ਸੁਰਤਾ ਨੂੰ ਉਹ ਫ਼ਨਾਫਿੱਲਾ ਕੇ ਬਕਾ ਬਿਲਾ ਦੇ ਨਾਂ ਦਿੰਦੇ ਹਨ । ਸੂਫ਼ੀ ਲੋਕਾਂ ਦਾ ਇਹ ਵਿਚਾਰ ਵੀ ਕਿ ਦੁਨੀਆ ਅਤੇ ਇਸ ਵਿਚਲੀਆਂ ਸਭ ਚੀਜ਼ਾਂ ਫਾਨੀ ਹਨ, ਮਾਇਆ ਦੇ ਸਿਧਾਂਤ ਦੀ ਇਕ ਪ੍ਰਤਿਧੁਨੀ ਹੈ । ਸ਼ੰਕਰ ਦੇ ਵਿਚਾਰ ਅਨੁਸਾਰ ਦੁਨੀਆ ਦੀਆਂ ਵਸਤਾਂ ਤੇ ਭਿੰਨਤਾ ਦਾ ਕਾਰਨ ਅਵਿਦਿਆ ਹੈ। ਉਹ ਦਿਸਦੇ ਸੰਸਾਰ ਨੂੰ ‘ਪਰਪੰਚ’ ਕਹਿੰਦੇ ਹਨ । ਇਸੇ ਵਿਚਾਰ ਦੇ ਅਧੀਨ ਹੀ ਗੁਰੂਆਂ ਨੇ ਵੀ ਕਿਹਾ ਹੈ ‘ਜਿਉਂ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਨ’ ਸ਼ੰਕਰ ਦਾ ਮਾਇਆ ਸਬੰਧੀ ਪ੍ਰਸਿੱਧ ਸੂਤਰ ਇਹ ਹੈ, ਸ੍ਰਿਸ਼ਟੀ ਦੀ ਸਮੂੰਹ ਭਿੰਨਤਾ, ਜੋ ਨਾਮ ਰੂਪ ਥੱਲੇ ਵਿੱਦਮਾਨ ਹੈ, ਸਤਿ ਹੈ ਪਰ ਆਪਣੇ ਆਪ ਵਿਚ ਇਹ ਅਸੱਤ ਹੈ।

ਸੋ ਨੌਵੀਂ, ਦਸਵੀਂ ਸਦੀ ਵਿਚ ਆ ਕੇ ਸੂਫ਼ੀ ਮਤ ਜੁਹਦ, ਤਪੱਸਿਆ, ਗੁਨਾਹ ਦੀ ਚੇਤਨਤਾ ਤੇ ਰੱਬ ਦੇ ਭੈਅ ਦੀ ਮੁੱਢਲੀ ਅਵਸਥਾ ਵਿਚੋਂ ਨਿਕਲ ਕੇ, ਈਰਾਨੀ, ਬੋਧੀ ਤੇ ਵੇਦਾਂਤੀ ਪ੍ਰਭਾਵਾਂ ਦੇ ਅਧੀਨ ਫਨ੍ਹਾ ਤੇ ਇਸ਼ਕ ਦੀਆਂ ਬੁਲੰਦੀਆਂ ਤੇ ਪਹੁੰਚ ਗਿਆ । ਬਾਯਜ਼ੀਦ ਨੇ ਸਭ ਤੋਂ ਪਹਿਲਾਂ ਵਨਾ-ਫਿੱਲਾ ਦੇ ਸਿਧਾਂਤ ਨੂੰ ਅਪਣਾਇਆ, ‘ਉਸ ਨੇ ਸਭ ਤੋਂ ਪਹਿਲਾਂ ਸ਼ਰੀਅਤ ਤੋਂ ਬਗਾਵਤ ਕਰ ਕੇ ਕਿਹਾ “ਮੇਰੀ ਸ਼ਾਨ ਕਿਤਨੀ ਵੱਡੀ ਹੈ ।” ਇਸੇ ਪ੍ਰਥਾ ਉਤੇ ਚਲਦਿਆਂ ਹੋਇਆਂ ਮਨਸੂਰ ਨੇ ਅਨਲਹੱਕ ਦਾ ਨਾਅਰਾ ਲਾਇਆ। ਇਹੋ ਕਾਰਨ ਹੈ ਕਿ ਬਾਯਜ਼ੀਦ ਨੂੰ ਦੇਸ਼-ਨਿਕਾਲਾ ਦਿੱਤਾ ਗਿਆ ਅਤੇ ਮਨਸੂਰ ਨੂੰ ਸੂਲੀ ਉਤੇ ਟੰਗਿਆ ਗਿਆ। ਬਾਯਜ਼ੀਦ ਨੇ ਖੁਲ੍ਹਮ-ਖੁਲ੍ਹਾ ਮੁਹੰਮਦ ਸਾਹਿਬ ਦੇ ਬਰਾਬਰ ਹੋਣ ਦਾ ਦਾਅਵਾ ਕੀਤਾ ਸੀ ਅਤੇ ਕਿਆਮਤ ਤੇ ਬਹਿਸ਼ਤ ਦੇ ਖ਼ਿਆਲਾਂ ਦਾ ਹਾਸਾ ਉਡਾਇਆ ਸੀ।

ਮਜ਼ਹਬ ਤੇਸੂਫੀ ਮਤ ਵਿਚਲੀ ਦਿਸ ਰਹੀ ਇਸ ਦੁਸ਼ਮਣੀ ਤੇ ਕਸ਼ਮਕਸ਼ ਨੂੰ ਦੇਖ ਕੇ ਅੱਮਾਮ ਗ਼ਜ਼ਾਲੀ ਨੇ ਗਿਆਰ੍ਹਵੀਂ ਸਦੀ ਵਿਚ ਆਪਣੀ ਵਿਦਵਤਾ ਦੇ ਬਲ ਨਾਲ ਇਸਲਾਮ ਤੇ ਸੂਫ਼ੀ ਮਤ ਦੇ ਵਿਚਾਲੇ ਇਕ ਸੁਮੇਲ ਪੈਦਾ ਕਰ ਦਿੱਤਾ । ਉਸ ਨੇ ਕੁਰਾਨ ਸ਼ਰੀਫ ਦੀਆਂ ਆਇਤਾਂ ਵਿਚ ਸੂਫ਼ੀਆਂ ਲਈ ਗੋਝ ਭਾਵ ਕੱਢੇ ਅਤੇ ਉਸੇ ਦੇ ਯਤਨਾਂ ਨਾਲ ਬਹੁਤੇ ਸੂਫ਼ੀਆਂ ਨੇ ਮੁਹੰਮਦ ਨੂੰ ਆਪਣਾ ਆਦਰਸ਼ ਮੰਨਣਾ ਸ਼ੁਰੂ ਕਰ ਦਿੱਤਾ ।

ਪੰਜਾਬ ਵਿਚ ਸੂਫ਼ੀ ਮਤ ਹਮਲਾਵਰਾਂ ਦੇ ਨਾਲ ਹੀ ਆਇਆ। ਦਾਤਾ ਗੰਜ ਬਖ਼ਸ, ਮਹਿਮੂਦ ਦੇ ਪੁੱਤਰ ਮਸਊਦ ਦੀਆਂ ਫੌਜਾਂ ਦੇ ਨਾਲ ਹੀ ਲਾਹੌਰ ਵਿਚ ਆ ਕੇ ਟਿਕ ਗਏ ਸਨ । ਦੂਜੇ ਪ੍ਰਸਿੱਧ ਸੂਫ਼ੀ ਬਾਬਾ ਫਰੀਦ ਸਨ । ਇਨ੍ਹਾਂ ਦੋਹਾਂ ਨੇ ਪੰਜਾਬ ਦੇ ਜੀਵਨ ਉੱਤੇ ਬੇਹੱਦ ਪ੍ਰਭਾਵ ਪਾਇਆ ਹੈ । ਪਰ ਇਨ੍ਹਾਂ ਵੇਦਾਂਤ ਦੇ ਪ੍ਰਭਾਵ ਨੂੰ ਕਬੂਲ ਨਹੀਂ ਕੀਤਾ, ਇਸੇ ਲਈ ਅਸੀਂ ਫਰੀਦ ਨੂੰ ਮੁੱਢਲੇ ਸੂਫ਼ੀ ਮਤ ਦਾ ਅਨੁਸਾਰੀ ਹੀ ਮੰਨਦੇ ਹਾਂ। ਉਸ ਨੇ ਆਪਣੇ ਆਪ ਨੂੰ ਸ਼ਰੀਅਤ ਤਕ ਹੀ ਸੀਮਤ ਰੱਖਿਆ ਹੈ । ਸ਼ਾਹ ਹੁਸੈਨ ਦਾ ਦ੍ਰਿਸ਼ਟੀਕੋਣ ਫਰੀਦ ਨਾਲੋਂ ਬਹੁਤ ਮੋਕਲਾ ਤੇ ਵਿਸ਼ਾਲ ਸੀ ਸਤਾਰਵੀਂ ਸਦੀ ਵਿਚ ਸੁਲਤਾਨ ਬਾਹੂ ਨੇ ਸੂਫੀ ਵਿਚਾਰਾਂ ਦਾ ਪ੍ਰਚਾਰ ਕੀਤਾ ਤੇ ਸ਼ਰੀਅਤ ਨਾਲੋਂ ਇਸ਼ਕ ਦੇ ਦਰਜੇ ਨੂੰ ਉਚੇਰਾ ਮੰਨਿਆ ਪਰ ਜਿਵੇਂ ਕਿ ਅਸੀਂ ਅੱਗੇ ਚਲ ਕੇ ਪੜ੍ਹਾਂਗੇ, ਪੰਜਾਬ ਵਿਚ ਸੂਫ਼ੀ ਮਤ ਦੀ ਸਿਖਰ ਸੱਯਦ ਬੁੱਲ੍ਹੇ ਸ਼ਾਹ ਨਾਲ ਅਠਾਰ੍ਹਵੀਂ ਸਦੀ ਵਿਚ ਕਾਇਮ ਹੋਈ ।

ਭਗਤੀ ਲਹਿਰ

(ਜਿਵੇਂ ਕਿ ਅਸੀਂ ਦੱਸ ਚੁੱਕੇ ਹਾਂ ਮੱਧ ਕਾਲ ਵਿਚ ਹਿੰਦੂਆਂ ਦੀ ਸਮਾਜਕ ਤੇ ਧਾਰਮਕ ਸਥਿਤੀ ਬੜੀ ਤਰਸਯੋਗ ਸੀ । ਸਰ ਗੋਕਲ ਚੰਦ ਨਾਰੰਗ ਦੇ ਕਥਨ ਅਨੁਸਾਰ ‘ਧਰਮ ਦਾ ਸੋਮਾ ਭੈੜੀਆ ਰੀਤਾਂ, ਅੰਧ-ਵਿਸ਼ਵਾਸਾਂ, ਪ੍ਰੋਹਤਾਂ ਦੇ ਸੁਆਰਥ ਅਤੇ ਲੋਕਾਂ ਦੀ ਉਦਾਸੀਨਤਾ ਦੇ ਮਲਬੇ ਥੱਲੇ ਦਬ ਗਿਆ ਸੀ । ਗੀਤਾ ਤੇ ਉਪਨਿਸ਼ਦਾਂ ਦੇ ਉੱਚੇ ਆਦਰਸ ਤੋਂ ਡਿੱਗ ਕੇ ਧਰਮ ਨਿਰਾ ਢੋਂਗ ਤੇ ਪਾਖੰਡ ਬਣ ਕੇ ਰਹਿ ਗਿਆ ਸੀ। ਅਜਿਹੇ ਭਾਰਤ ਵਿਚ ਇਸਲਾਮ ਦੇ ਪ੍ਰਵੇਸ਼ ਨਾਲ ਹਿੰਦੂ ਧਰਮ ਲਈ ਇਕ ਨਵਾਂ ਖਤਰਾ ਪੈਦਾ ਹੋ ਗਿਆ ਸੀ। ਮੁਸਲਮ ਸਾਮਰਾਜ ਵਿਚ ਉਹ ਸਾਰੇ ਔਗੁਣ ਮੌਜੂਦ ਸਨ ਜੋ ਹਰ ਸਾਮਰਾਜ ਦਾ ਖ਼ਾਸਾ ਹੁੰਦੇ ਹਨ । ਪਰ ਮੁਸਲਮਾਨ ਵਿਜਈ ਆਪਣੇ ਨਾਲ ਕੁਝ ਗੁਣ ਵੀ ਲਿਆਏ । ਇਕ ਤਾਂ ਉਹ ਸਮਾਜਕ ਬਰਾਬਰੀ ਵਿਚ ਵਿਸ਼ਵਾਸ਼ ਰੱਖਦੇ ਸਨ ਅਤੇ ਵਰਣਵੰਡ ਦੇ ਸਖ਼ਤ ਖਿਲਾਫ ਸਨ। ਦੁਜੇ ਮੁਸਲਮਾਨ ਭਾਰਤ ਵਿਚ ਪਹਿਲੇ ਲੋਕ ਸਨ ਜਿਨ੍ਹਾਂ ਨੇ ਆਪਣੀਆਂ ਮਸੀਤਾਂ ਤੇ ਦਰਗਾਹਾਂ ਦੇ ਬੂਹੇ ਸਭ ਸ਼੍ਰੇਣੀਆਂ ਨੂੰ ਵਿਦਿਆ ਦੇਣ ਲਈ ਖੁਲ੍ਹੇ ਛੱਡ ਦਿੱਤੇ ਸਨ । ਇਨ੍ਹਾਂ ਦੋਹਾਂ ਗੁਣਾਂ ਨੇ ਭਾਰਤ ਦੀਆਂ ਦਲਿਤ ਤੇ ਪਤਿਤ ਸ਼੍ਰੇਣੀਆਂ ਦੇ ਲੱਖਾਂ ਲੋਕਾਂ ਨੂੰ ਆਪਣੇ ਵੱਲ ਖਿੱਚ ਲਿਆ। ਇਨ੍ਹਾਂ ਹਾਲਾਤ ਦਾ ਪ੍ਰਤਿਕਰਮ ਕੁਦਰਤੀ ਸੀ ! ਸਾਰੇ ਭਾਰਤ ਵਿਚ ਹੀ ਉਸ ਸਮੇਂ ਦੇ ਭਾਵੁਕ ਤੇ ਚੇਤੰਨ ਬੁੱਧੀਮਾਨਾਂ ਅਨੁਭਵ ਕੀਤਾ ਕਿ ਨਿਕੰਮੀਆ ਰੀਤਾਂ ਤੇ ਅੰਧ ਵਿਸ਼ਵਾਸ਼ਾਂ ਦੇ ਜਾਲ ਵਿਚ ਜਕੜੇ ਹੋਏ ਹਿੰਦੂ ਸਮਾਜ ਦੇ ਬੰਧਨ ਕੱਟ ਕੇ ਉਨ੍ਹਾਂ ਵਿਚ ਇਕ ਨਵੀਂ ਚੇਤਨਤਾ ਤੇ ਜਾਗ੍ਰਤੀ ਪੈਦਾ ਕਰਨ ਦੀ ਲੋੜ ਹੈ। ਪੁਰਾਤਨ ਗ੍ਰੰਥਾਂ ਵਿਚੋਂ ਉਨ੍ਹਾਂ ਨੂੰ ਸੁਧਾਰ ਦੇ ਤਿੰਨ ਢੰਗ ਲੱਭੇ, ਗਿਆਨ ਮਾਰਗ, ਕਰਮ ਮਾਰਗ ਤੇ ਭਗਤੀ ਮਾਰਗ । ਕਿਉਂਕਿ ਇਨ੍ਹਾਂ ਤਿੰਨਾਂ ਮਾਰਗਾਂ ਵਿਚੋਂ ਕੇਵਲ ਭਗਤੀ ਮਾਰਗ ਹੀ ਇਸਲਾਮ ਦੇ ਵਧਦੇ ਪ੍ਰਭਾਵ ਨਾਲ ਵਾਰੇ ਆ ਸਕਦਾ ਸੀ, ਉਸ ਵੇਲੇ ਦੇ ਹਿੰਦ ਸੁਧਾਰਕਾਂ ਨੇ ਇਸੇ ਮਾਰਗ ਨੂੰ ਅਪਣਾਇਆ। ਭਗਤੀ ਲਹਿਰ ਦੇ ਵਿਕਾਸ ਦੀ ਕਥਾ ਇਸ ਦੋਹੇ ਵਿਚ ਬੰਦ ਹੈ :-

ਭਗਤੀ ਦ੍ਰਾਵੜ ਉਪਜੀ, ਉਤਰ ਰਾਮਾਨੰਦ,

ਪਰਗਟ ਕੀਉ ਕਬੀਰ ਨੇ, ਸਪਤ ਦੀਪ ਨਵ ਖੰਡ ।

(ਭਾਵ ਭਗਤੀ ਲਹਿਰ ਦਰਾਵੜ (ਦੱਖਣ) ਵਿਚ ਪੈਦਾ ਹੋਈ, ਰਾਮਾਨੰਦ ਉਸ ਨੂੰ ਉੱਤਰ ਵੱਲ ਲਿਆਇਆ ਅਤੇ ਕਬੀਰ ਨੇ ਇਸ ਨੂੰ ਨਵਾਂ ਖੰਡਾਂ ਭਾਵ ਸਾਰੇ ਸੰਸਾਰ ਵਿਚ ਫੈਲਾ ਦਿੱਤਾ । ਇਸ ਭਗਤੀ ਮਾਰਗ ਦੇ ਮੁੱਖ ਸਿਧਾਂਤ ਇਹ ਸਨ :-

(1) ਪ੍ਰਭੂ ਭਗਤੀ

(2) ਗੁਰੂ ਭਗਤੀ

((3) ਆਤਮ-ਸਮਰਪਣ

(4) ਮਨੁੱਖੀ ਭਾਈਚਾਰੇ ਦੀ ਬਰਾਬਰੀ, ਜਾਤ ਪਾਤ ਤੇ ਊਚ ਨੀਚ ਦੇ ਵਤੀਰੇ ਦਾ ਖੰਡਨ ।

(5) ਮੂਰਤੀ-ਪੂਜਾ ਦੀ ਨਿਖੇਧੀ

(6) ਫੋਕੇ ਕਰਮ ਕਾਂਡ ਤੇ ਰਹੁ ਰੀਤਾਂ ਦਾ ਤਿਆਗ ।

(7) ਸਿਮਰਨ ਉਤੇ ਜ਼ੋਰ ।

(8) ਕੋਈ ਭਾਸ਼ਾ ਦੇਵਬਾਣੀ ਨਹੀਂ, ਸਭ ਬੋਲੀਆਂ ਪਵਿੱਤਰ ਹਨ।

(ੳ) ਗੁਰੂ-ਸਾਹਿਤ

ਗੁਰੂ ਨਾਨਕ ਦੇਵ ਜੀ  (1469-1539)

ਗੁਰੂ ਸਾਹਿਤ ਤੋਂ ਸਾਡਾ ਭਾਵ ਉਹ ਸਾਹਿਤ ਹੈ ਜੋ ਦਸਾਂ ਵਿਚੋਂ ਸੱਤਾਂ ਗੁਰੂਆਂ ਨੇ ਰਚਿਆ । ਇਸ ਸਾਹਿਤ ਦੀ ਵਿਚਾਰਧਾਰਾ ਸਹਿਜ-ਮਾਰਗ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੀਆ ਪ੍ਰਚੱਲਿਤ ਵਿਚਾਰ-ਧਾਰਾਵਾਂ ਜੋਗ-ਮਾਰਗ, ਭਗਤੀ ਮਾਰਗ, ਕਰਮ ਮਾਰਗ ਅਤੇ ਪੱਛਮ ਵੱਲੋਂ ਆਏ ਇਸਲਾਮ ਤੇ ਸੂਫ਼ੀਮਤ ਨੂੰ ਆਪਣੇ ਅਨੁਭਵ ਦੀ ਕੁਠਾਲੀ ਵਿਚ ਢਾਲ ਕੇ ਇਨ੍ਹਾਂ ਵਿਚ ਸਦੀਆਂ ਤੋਂ ਰਲੀ ਮੈਲ ਨੂੰ ਵਖਰਿਆ ਕੇ, ਗ੍ਰਹਿਣ ਤਿਆਗ ਦੀ ਬਰੀਕ ਸੂਝ ਦੀ ਸਹਾਇਤਾ ਨਾਲ, ਨਿਖੇੜੀ, ਵਿਕਾਸੀ ਤੇ ਅਪਣਾਈ । ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਭਗਵਾਨ ਕ੍ਰਿਸ਼ਨ ਨੇ ਗੀਤਾ ਵਿਚ ਗਿਆਨ, ਕਰਮ ਤੇ ਪ੍ਰੇਮ ਮਾਰਗਾਂ ਵਿਚ ਸੁਮੇਲ ਕਰਕੇ ਸਹਿਜ ਮਾਰਗ ਦਾ ਬੀ ਪਾਇਆ ਸੀ ਪਰ ਗੁਰੂ ਜੀ ਨੇ ਸਹਿਜ ਮਾਰਗ ਨੂੰ ਇਕ ਸਪਸ਼ਟ ਤੇ ਨਿਖੜਵੀਂ ਸ਼ਕਲ ਦਿੱਤੀ ਅਤੇ ਫਿਰ ਉਨ੍ਹਾਂ ਤੇ ਉਨ੍ਹਾਂ ਦੇ ਪਿੱਛੋਂ ਹੋਣ ਵਾਲੇ ਗੁਰੂਆਂ ਨੇ ਅਨੂਪਮ ਛੰਦ-ਪ੍ਰਬੰਧਾਂ ਤੇ ਵਿਚਿੱਤਰ ਕਾਵਿ-ਰੂਪਾਂ ਵਿਚ ਗੁੰਦ ਕੇ ਇਸ ਨੂੰ ਸਾਧਾਰਨ ਜਨਤਾ ਤੀਕ ਪਹੁੰਚਾਇਆ।

ਗੁਰੂ ਨਾਨਕ ਦੇਵ ਆਪਣੇ ਸਮੇਂ ਦੇ ਇਕ ਪ੍ਰੋਢ ਬੁੱਧੀਮਾਨ ਹੋਏ ਹਨ, ਜਿਨ੍ਹਾਂ ਨੇ ਆਪਣੇ ਸਮੇਂ ਦਿਆਂ ਪ੍ਰਚੱਲਿਤ ਮਤਾਂ ਵਿਚੋਂ ਸਾਰੇ ਉਲਾਰ ਕੱਢ ਕੇ ਇਕ ਸਾਵਾਂ-ਪੱਧਰਾ ਤੇ ਸੰਤੁਲਤ ਜੀਵਨ-ਦਰਸ਼ਨ ਸਾਨੂੰ ਦਿੱਤਾ, ਭਾਵ ਹਸੰਦਿਆਂ, ਖਿਡੰਦਿਆਂ, ਪਹਿਨੰਦਿਆਂ, ਖਾਵੰਦਿਆਂ, ਵਿਚੇ ਹੋਵੈ ਮੁਕਤਿ’।

ਇਹ ਪ੍ਰੋਢਤਾ ਉਨ੍ਹਾਂ ਨੇ ਪੁਰਾਣੇ ਗ੍ਰੰਥਾਂ ਦੇ ਅਧਿਐਨ ਤੋਂ ਹੀ ਹਾਸਲ ਨਹੀਂ ਕੀਤੀ, ਸਗੋਂ ਆਪਣੀਆਂ ਉਦਾਸੀਆਂ ਵਿਚ ਦੇਸ ਦੇਸ਼ਾਂਤਰਾਂ ਦਾ ਰਟਨ ਕਰ ਕੇ ਅਤੇ ਹਰ ਤਰ੍ਹਾਂ ਦੇ ਸੰਤਾਂ, ਸਾਧੂਆਂ, ਸਿੱਧਾਂ ਜੋਗੀਆਂ, ਸੂਫੀਆਂ-ਬੈਰਾਗੀਆਂ, ਪੰਡਤਾਂ, ਮੁਲਾਣਿਆਂ, ਬੋਧੀਆਂ, ਜੈਨੀਆਂ, ਜਾਦੂਗਰਾਂ, ਬਾਦਸ਼ਾਹਾਂ-ਸ਼ਹਿਜ਼ਾਦਿਆਂ ਅਤੇ ਕਿਰਤੀਆਂ ਕਿਸਾਨਾਂ ਦੇ ਵਿਚ ਵਿਚਰ ਕੇ ਅਤੇ ਸਮਾਜ ਦੇ ਉਚੇ ਨੀਵੇਂ ਸਾਰੇ ਤਬਕਿਆਂ ਦੇ ਜੀਵਨ ਨੂੰ ਘੋਖ ਕੇ ਪ੍ਰਾਪਤ ਕੀਤੀ ਸੀ ।

ਉਦਾਸੀਆਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਕਰਤਾਰਪੁਰ ਵਿਖੇ ਆਣ ਟਿਕੇ। ਉਨ੍ਹਾਂ ਨੇ ਸਾਧ ਬਾਣਾ ਲਾਹ ਦਿੱਤਾ ਅਤੇ ‘ਅੰਜਨ ਮਾਹਿ ਨਿਰੰਜਨ’ ਜਾਂ ‘ਗ੍ਰਿਹਸਤ ਵਿਚ ਉਦਾਸ’ ਰਹਿਣ ਦੇ ਅਸੂਲ ਉਤੇ ਆਪ ਅਮਲ ਕਰ ਕੇ ਦਿਖਾਇਆ :

ਗੁਰੂ ਨਾਨਕ ਦੇਵ ਜੀ ਨੇ ਲਗਭਗ 19 ਰਾਗਾਂ ਵਿਚ ਕਵਿਤਾ ਰਚੀ ਜੋ 40,000 ਤੁਕਾਂ, ਵਿਕਤਰ – ਛੰਦ-ਪ੍ਰਬੰਧਾਂ ਤੇ ਲੋਕ-ਪ੍ਰਬੰਧਾਂ ਵਿਚ ਉਚਾਰੀ ਗਈ ਹੈ। ਸਿੱਧ-ਗੋਸ਼ਟ ਤੇ ਜਪੁਜੀ ਨੂੰ ਆਪ ਦੀ ਪ੍ਰਤੀਨਿਧ ਬਾਣੀ ਕਿਹਾ ਜਾ ਸਕਦਾ ਹੈ। ਆਪ ਦੀ ਕਵਿਤਾ ਵਿਚ ਜਮਾਲੀ ਤੇ ਜਲਾਲੀ ਦੋਵੇਂ ਰੰਗ ਮੌਜੂਦ ਹਨ। ਇਸ ਵਿਚ ਕੇਵਲ ਅਧਿਆਤਮਕ ਉਚਾਈਆਂ ਦਾ ਵਰਣਨ ਹੀ ਨਹੀਂ ਸਗੋਂ ਬੜੀ ਬਲਵਾਨ, ਦਲੇਰ ਤੇ ਡੂੰਘੀ ਸਮਾਜਕ ਚੇਤਨਾ ਵੀ ਹੈ, ਆਸਾ ਦੀ ਵਾਰ ਵਿਚ ਨਿੰਦਨੀ ਰਸਮਾਂ ਰੀਤਾਂ ਤੇ ਵਹਿਮਾਂ ਭਰਮਾਂ ਦਾ ਖੰਡਨ ਅਤੇ ਬਾਬਰਵਾਣੀ ਦੇ ਸ਼ਬਦਾਂ ਵਿਚ ਮੁਗ਼ਲ ਜਰਵਾਣੇ ਦੇ ਜਬਰ ਵਿਰੁਧ ਖੁੱਲ੍ਹਾ ਵਿਦਰੋਹ ਆਪ ਨੂੰ ਨਿਰੇ ਭਗਤਾਂ ਦੀ ਪੱਧਰ ਤੋਂ ਉੱਚਾ ਚੁੱਕ ਕੇ ਇਕ ਕ੍ਰਾਂਤੀਕਾਰੀ ਨੇਤਾ ਦੇ ਤਲ ਤੇ ਪੁਚਾ ਦੇਂਦਾ ਹੈ । ਆਪ ਦੀ ਸਿੱਖਿਆ ਦਾ ਤੱਤ ਹੈ, ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ।

ਗੁਰੂ ਅਰਜਨ ਦੇਵ ਜੀ  (1565-1606)

ਗੁਰੂ ਸਾਹਿਤ ਵਿਚ ਆਪ ਦਾ ਹਿੱਸਾ ਸਭ ਤੋਂ ਵਧ ਹੈ। ਆਪ ਨੇ ਲਗਭਗ 60,000 ਤੁਕਾਂ ਸਾਨੂੰ ਦਿੱਤੀਆਂ ਹਨ। ਫੁਟਕਲ ਸ਼ਬਦਾਂ ਤੋਂ ਇਲਾਵਾ ਆਪ ਨੇ ਕੁਝ ਲੰਮੇਰੀਆਂ ਕਵਿਤਾਵਾਂ ਵੀ ਲਿਖੀਆਂ ਹਨ ਜਿਨ੍ਹਾਂ ਵਿਚ ਸੁਖਮਨੀ ਬਹੁਤ ਪ੍ਰਸਿੱਧ ਤੇ ਮਹੱਤਤਾ-ਪੂਰਣ ਰਚਨਾ ਹੈ । ਆਪ ਦੀ ਸਭ ਤੋਂ ਵੱਡੀ ਦੇਣ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਹੈ, ਜੋ ਉਨ੍ਹਾਂ ਨੇ ਰਾਮਸਰ ਕੰਢੇ ਕੀਤੀ। ਇਹ ਗ੍ਰੰਥ 1604 ਵਿਚ ਤਿਆਰ ਹੋਇਆ । ਭਾਈ ਗੁਰਦਾਸ ਇਸ ਦੇ ਪਹਿਲੇ ਲਿਖਾਰੀ ਸਨ । ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਧ ਕਾਲ ਦਾ ਸਭ ਤੋਂ ਮਹਾਨ ਤੇ ਧਾਰਮਕ, ਸਭਿਆਚਾਰਕ ਕਾਵਿਕ ਤੇ ਭਾਸ਼ਾਈ ਦ੍ਰਿਸ਼ਟੀਕੋਣ ਤੋਂ ਬੇਹਦ ਲਾਭਦਾਇਕ ਤੇ ਮਹੱਤਤਾ-ਪੂਰਣ ਰਚਨਾ ਆਖ ਸਕਦੇ ਹਾਂ । ਇਸ ਵਿਚ ਗੁਰੂ ਸਾਹਿਬਾਂ ਦੀ ਬਾਣੀ ਤੋਂ ਇਲਾਵਾ 12ਵੀਂ ਸਦੀ ਤੋਂ ਲੈ ਕੇ ਸਤਾਰ੍ਹਵੀ ਸਦੀ ਤੱਕ ਦੇ ਅੱਡ ਅੱਡ ਪ੍ਰਾਂਤਾਂ ਦੇ ਭਗਤਾਂ ਦੀ ਬਾਣੀ ਬਿਨਾਂ ਮਜ੍ਹਬ, ਜਾਤ ਪਾਤ ਤੇ ਬੋਲੀ ਦੇ ਵਿਤਕਰੇ ਦੇ ਦਰਜ ਕੀਤੀ ਗਈ ਹੈ। ਕੇਵਲ ਇਕੋ ਗੱਲ ਦੇਖੀ ਗਈ ਹੈ ਕਿ ਕੋਈ ਬਾਣੀ ਸਤ-ਪਰਾਇਣ ਹੈ ਤੇ ਲੋਕ-ਹਿਤੈਸ਼ੀ ਹੈ।

ਗੁਰੂ ਗੋਬਿੰਦ ਸਿੰਘ ਜੀ  (1666-1708)

ਆਪ ਸਤਾਰ੍ਹਵੀਂ ਸਦੀ ਦੇ ਇਕ ਬੜੇ ਸਰਬ-ਪੱਖੀ ਵਿਅਕਤੀ ਹੋਏ ਹਨ ਜਿਨ੍ਹਾਂ ਨੇ ਆਪਣੀ ਤੀਖਣ-ਬੁੱਧੀ, ਦੂਰਦਰਸ਼ਤਾ, ਉਚੀ ਸੁਚੀ ਕਥਨੀ ਤੇ ਕਰਣੀ ਦੁਆਰਾ ਸਾਹਿਤਕ, ਰਾਜਨੀਤਕ, ਧਾਰਮਕ ਤੇ ਸਮਾਜਕ ਚੌਹਾਂ ਤਲਾਂ ਉਤੇ ਕ੍ਰਾਂਤੀਕਾਰੀ ਕੰਮ ਕਰ ਕੇ ਪੰਜਾਬੀ ਜੀਵਨ ਵਿਚ ਇਕ ਨਵੀਂ ਉਸਾਰੂ ਇਨਕਲਾਬੀ ਸ਼ਕਤੀ ਦਾ ਸੰਚਾਰ ਕੀਤਾ ਆਪ ਨੇ ਮੁਗ਼ਲਾਂ ਦੇ ਰਾਜਨੀਤਕ ਸਾਮਰਾਜ ਦੇ ਪ੍ਰੋਹਤਾਂ ਦੇ ਅਧਿਆਤਮਕ ਸਾਮਰਾਜ ਦੇ ਵਿਰੁਧ ਟੱਕਰ ਲੈ ਕੇ ਦੋਹਾਂ ਨੂੰ ਪੈਰਾਂ ਤੋਂ ਉਖੇੜ ਦਿੱਤਾ। 1699 ਈ: ਵਿਚ ਖਾਲਸਾ ਪੰਥ ਦੀ ਸਿਰਜਣਾ ਕਰਕੇ ਪੰਜਾਬ ਦੇ ਦਲਿਤ ਤੇ ਨੀਵੇਂ ਤਬਕੇ ਦੇ ਲੋਕਾਂ ਵਿਚ ਸਦੀਆਂ ਤੋਂ ਗਵਾਚੇ ਹੋਏ ਸਵੈਮਾਨ ਨੂੰ ਜਗਾਇਆ। ਭਾਵੇਂ ਆਪ ਦਾ ਸਾਰਾ ਜੀਵਨ ਜ਼ੋਰ ਜਬਰ ਦੇ ਵਿਰੁਧ ਯੁੱਧ ਕਰਨ ਵਿਚ ਹੀ ਬਤੀਤ ਹੋਇਆ ਪਰ ਇਤਨੇ ਰਾਜਸੀ ਝਮੇਲਿਆਂ ਦੇ ਬਾਵਜੂਦ ਵੀ ਗੁਰੂ ਸਾਹਿਬ ਨੇ ਪੰਜਾਬ ਵਿਚ ਅਨੰਦਪੁਰ ਵਿਚ ਇਕ ਬੜਾ ਵੱਡਾ ਸਾਹਿਤਕ ਤੇ ਸਭਿਆਚਾਰਕ ਕੇਂਦਰ ਕਾਇਮ ਕੀਤਾ ਅਤੇ ਆਪਣੇ ਦਰਬਾਰ ਵਿਚ 52 ਕਵੀਆਂ ਨੂੰ ਰੱਖ ਕੇ ਉਨ੍ਹਾਂ ਕੋਲੋਂ ਸਾਹਿਤ-ਰਚਨਾ ਕਰਵਾਈ। ਆਪ ਨੇ ਪੰਜਾਬੀ, ਬ੍ਰਿਜੀ ਤੇ ਫਾਰਸੀ ਆਦਿ ਕਈ ਭਾਸ਼ਾਵਾਂ ਵਿਚ ਕਵਿਤਾ ਰਚ ਕੇ ਭਾਸ਼ਾਵਾਂ ਸਬੰਧੀ ਵਿਸ਼ਾਲ ਦ੍ਰਿਸ਼ਟੀਕੋਣ ਰੱਖਣ ਦੇ ਪੂਰਨੇ ਪਾਏ। ਆਪ ਦੀਆਂ ਰਚਨਾਵਾਂ ਵਿਚੋਂ ਜਾਪ ਸਾਹਿਬ, ਅਕਾਲ ਉਸਤਤਿ, ਬਚਿੱਤਰ ਨਾਟਕ, ਚੰਡੀ ਚਰਿੱਤ੍ਰ ਅਤੇ ਚੰਡੀ ਦੀ ਵਾਰ ਪ੍ਰਸਿੱਧ ਹਨ।

ਚੰਡੀ ਦੀ ਵਾਰ ਪੰਜਾਬੀ ਵਿਚ ਹੈ। ਇਹ ਇਕ ਚਿੰਨ੍ਹਾਤਮਕ ਕਵਿਤਾ ਹੈ ਜਿਸ ਵਿਚ ਭਗਤੀ ਤੇ ਮਹਿਖਾਸੁਰ ਨੂੰ ਨੇਕੀ ਤੇ ਬਦੀ ਦੇ ਪ੍ਰਤੀਕ ਮਿੱਥ ਕੇ ਦੋਹਾਂ ਦਾ ਯੁੱਧ ਕਰਵਾ ਕੇ ਦੈਂਤੀ ਸ਼ਕਤੀਆਂ ਦੀ ਖੈ ਅਤੇ ਦੈਵੀ ਸ਼ਕਤੀਆਂ ਦੀ ਜੈ ਕਰਵਾਈ ਹੈ, ਇਸ ਕਵਿਤਾ ਤੋਂ ਇਹ ਪ੍ਰੇਰਣਾ ਮਿਲਦੀ ਹੈ ਕਿ ਸੰਸਾਰ ਵਿਚ ਜੋ ਨੇਕੀ ਤੇ ਬਦੀ ਦੀਆਂ ਸ਼ਕਤੀਆਂ ਦਾ ਸੰਗਰਾਮ ਸਦੀਵ ਕਾਲ ਤੋਂ ਜਾਰੀ ਹੈ, ਉਸ ਵਿਚ ਅੰਤ ਜੈ ਨੇਕੀ ਦੀਆਂ ਸ਼ਕਤੀਆਂ ਦੀ ਹੀ ਹੋਵੇਗੀ।

ਭਾਈ ਗੁਰਦਾਸ (1551-1629)

ਆਪ ਚੌਥੇ ਤੇ ਪੰਜਵੇਂ ਛੇਵੇਂ ਗੁਰੂਆਂ ਦੇ ਸਬੰਧੀ ਤੇ ਨਿਕਟਵਰਤੀ ਸਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਤੇ ਗੁਰਬਾਣੀ ਦੇ ਸਭ ਤੋਂ ਚੰਗੇ ਵਿਆਖਿਆਕਾਰ ਦੇ ਤੌਰ ਤੇ ਪ੍ਰਸਿੱਧ ਹਨ । ਆਪ ਫ਼ਾਰਸੀ ਤੇ ਬ੍ਰਿਜੀ ਦੇ ਵਿਦਵਾਨ ਸਨ। ਆਪ ਨੇ ਕਾਬਲ ਤੇ ਬਨਾਰਸ ਤੀਕ ਸਫਰ ਕੀਤੇ। ਆਪ ਦੀ ਬਾਣੀ ਨੂੰ ‘ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ।

ਆਪ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਆਪ ਨੇ ਸਭ ਤੋਂ ਪਹਿਲਾਂ ਸ਼ੁੱਧ, ਭਾਵਪੂਰਤ ਗੁਟ ਕੇਂਦਰੀ ਪੰਜਾਬੀ ਵਿਚ ਕਵਿਤਾ ਰਚੀ। ਆਪ ਦੀਆਂ ਵਾਰਾਂ ਬੋਲੀ ਦੇ ਸੰਘਣੇਪਣ ਅਤੇ ਛੰਦਾਬੰਦੀ ਦੀ ਨਿਪੁੰਨਤਾ ਵਿਚ ਆਪਣਾ ਜੋੜ ਨਹੀਂ ਰੱਖਦੀਆਂ । ਆਪ ਦੀ ਰਚਨਾ ਦਾ ਵੱਡਾ ਗੁਣ ਇਹ ਹੈ ਕਿ ਆਪ ਨੇ ਪੰਜਾਬ ਦੇ ਸਾਧਾਰਨ ਜੀਵਨ ਵਿਚ ਗੁੜ, ਬ੍ਰਿਛ, ਗੰਨੇ ਆਦਿ ਵਰਗੀਆਂ ਜਾਣੀਆਂ-ਪਛਾਣੀਆਂ ਵਸਤਾਂ ਨੂੰ ਪ੍ਰਤੀਕ ਦੇ ਤੌਰ ਤੇ ਵਰਤ ਕੇ ਗੁਰਬਾਣੀ ਦੇ ਡੂੰਘੇ ਤੋਂ ਡੂੰਘੇ ਸਿਧਾਂਤਾਂ ਨੂੰ ਸਪਸ਼ਟ ਕਰ ਦਿੱਤਾ ਹੈ। ਇਸ ਕਾਲ ਵਿਚ ਸੱਤੇ ਬਲਵੰਡ ਆਦਿ ਭੱਟਾਂ, ਛੱਜੂ, ਪੀਲੂ, ਕਾਨ੍ਹਾ ਆਦਿ ਭਗਤਾਂ, ਕੁਝ ਉਦਾਸੀ ਸਾਧੂਆਂ ਅਤੇ ਜੱਲ੍ਹਣ ਜੱਟ ਦੀ ਰਚਨਾ ਵੀ ਨਜ਼ਰੋਂ ਉਹਲੇ ਨਹੀਂ ਕੀਤੀ ਜਾ ਸਕਦੀ ।

(ਅ) ਸੂਫ਼ੀ ਸਾਹਿਤ

ਸ਼ਾਹ ਹੁਸੈਨ (1539-1593)

(ਇਸ ਕਾਲ ਦਾ ਸਭ ਤੋਂ ਵਡਾ ਸੂਫੀ ਕਵੀ ਸ਼ਾਹ ਹੁਸੈਨ ਹੋਇਆ ਹੈ। ਉਹ ਲਾਹੌਰ ਦਾ ਵਸਨੀਕ ਤੇ ਜਾਤ ਦਾ ਜੁਲਾਹਿਆ ਸੀ । ਹੁਸੈਨ ਨੇ ਆਪਣੇ ਸੂਫ਼ੀ ਵਿਚਾਰਾਂ ਦੇ ਪ੍ਰਗਟਾਅ ਲਈ ‘ਕਾਫ਼ੀ’ ਨੂੰ ਚੁਣਿਆ ਅਤੇ ਈਰਾਨੀ ਸੂਫ਼ੀਆਂ ਦੇ ਸ਼ਰਾਬ ਦੇ ਚਿੰਨ੍ਹ ਦਾ ਤਿਆਗ ਕਰ ਕੇ ਭੰਗ ਦੇ ਚਿੰਨ੍ਹ ਨੂੰ ਵਰਤਿਆ । ਫਿਰ ਚਰਖੇ ਤੇ ਖੱਡੀ ਦੇ ਚਿੰਨ੍ਹਾਂ ਦੀ ਵਰਤੋਂ ਕੀਤੀ। ਉਸ ਦੀ ਵੱਡੀ ਦੇਣ, ਸੂਫ਼ੀ ਅਨੁਭਵਾਂ ਨੂੰ ਨਿਰੋਲ ਪੰਜਾਬੀ ਰੰਗਣ ਵਿਚ ਪੇਸ਼ ਕਰਨ ਵਿਚ ਹੈ, ਉਹ ਵਿਸ਼ੇਸ਼ ਕਰਕੇ ਵਿਛੋੜੇ ਦਾ ਕਵੀ ਹੈ ਅਤੇ ਸੋਜ਼ ਵਿਚ ਹੋਰ ਕੋਈ ਕਵੀ ਉਸ ਦੇ ਨਾਲ ਵਾਰਾ ਨਹੀ ਖਾ ਸਕਦਾ।

ਸੁਲਤਾਨ ਬਾਹੂ (1631-1691)

ਬਾਹੂ ਨੂੰ ਭਾਰਤ ਦੇ ਮਹਾਨ ਰਹੱਸਵਾਦੀਆਂ ਵਿਚ ਗਿਣਿਆ ਜਾਂਦਾ ਹੈ, ਉਹ ਬੜੀ ਵੱਡੀ ਸ਼ਾਨ ਸ਼ੌਕਤ ਵਾਲਾ ਸੂਫੀ ਸੀ। ‘ ਸੀ । ਉਸ ਦੀਆਂ ਚਾਰ ਵਹੁਟੀਆਂ ਤੇ ਸਤਾਰਾਂ ਰਖੇਲੀਆਂ ਸਨ। ਤਾਰੀਖੇ ਸੁਲਤਾਨ ਬਾਹੂ ਵਿਚ ਲਿਖਿਆ ਹੈ ਕਿ ਬਾਹੂ ਨੇ ਅਰਬੀ ਤੇ ਫ਼ਾਰਸੀ ਵਿਚ 140 ਪੁਸਤਕਾਂ ਲਿਖੀਆਂ, ਪੰਜਾਬੀ ਵਿਚ ਤਾਟੰਕ ਛੰਦ ਵਿਚ ਲਿਖੇ ਹੋਏ ਉਸ ਦੇ ਕੁਝ ਦੋਹੜੇ ਵੀ ਮਿਲਦੇ ਹਨ ਜਿਨ੍ਹਾ ਦੀ ਬੋਲੀ ਲਹਿੰਦੀ ਹੈ । ਇਸ ਸਮੇਂ ਦਾ ਇਕ ਹੋਰ ਪ੍ਰਸਿੱਧ ਸੂਫ਼ੀ ਸ਼ਾਹ ਸ਼ਰਫ਼ ਸੀ ।

(ੲ) ਕਿੱਸਾ-ਕਾਵਿ

ਪੰਜਾਬੀ ਵਿਚ ਕਿੱਸਾ-ਕਾਵਿ ਦੀ ਪ੍ਰਥਾ ਈਰਾਨੀ ਕਵੀਆਂ ਤੋਂ ਲਈ ਗਈ ਹੈ। ਈਰਾਨ ਵਿਚ ਹਰ ਵੱਡੇ ਕਵੀ ਦਾ ਯਤਨ ਹੁੰਦਾ ਸੀ ਕਿ ਉਹ ਪੰਜ ਲੰਬੇ ਕਿੱਸੇ ਲਿਖੇ ਜਿਨ੍ਹਾਂ ਨੂੰ ‘ਖ਼ਮਸਾ’ ਕਿਹਾ ਜਾਂਦਾ ਸੀ । ਈਰਾਨ ਵਿਚ ਨਜ਼ਾਮੀ ਅਤੇ ਭਾਰਤ ਵਿਚ ਅਮੀਰ ਖੁਸਰੋ ਦੇ ਖ਼ਮਸੇ ਪ੍ਰਸਿੱਧ ਹਨ । ਇਹ ਕਿੱਸੇ ਕੇਵਲ ਇਸ਼ਕੀਆ ਹੀ ਨਹੀ ਸਨ ਹੁੰਦੇ, ਸਗੋਂ ਦਾਰਸ਼ਨਿਕ ਵੀ ਹੋਇਆ ਕਰਦੇ ਸਨ, ਪੰਜਾਬੀ ਵਿਚ ਵੀ ਜਦ ਮੁਕਬਲ, ਅਹਿਮਦ, ਵਾਰਸ ਆਦਿ ਨੇ ਕਿੱਸੇ ਲਿਖੇ ਤਾਂ ਉਨ੍ਹਾਂ ਨੇ ਕਿੱਸਿਆਂ ਦੇ ਆਦਿ, ਮੱਧ ਤੇ ਅੰਤ ਨੂੰ ਈਰਾਨੀ ਪ੍ਰਥਾ ਅਨੁਸਾਰ ਹੀ ਢਾਲਿਆ ਪਰ ਹੈਰਾਨੀ ਦੀ ਗੱਲ ਹੈ ਕਿ ਜਿਥੇ, ਦੋਹਰੇ ਜਾਂ ਦੋਹੜੇ, ਕਾਫ਼ੀ ਆਦਿ ਬਾਕੀ ਸਭ ਰੂਪਾਂ ਦਾ ਮੁੱਢ ਬੰਨ੍ਹਣ ਵਾਲੇ ਮੁਸਲਮਾਨ ਕਵੀ ਹੀ ਹੋਏ ਹਨ, ਉਥੇ ਕਿੱਸਾਕਾਰੀ ਦਾ ਮੁੱਢ ਝੰਗ ਦੇ ਵਸਨੀਕ ਦਮੋਦਰ ਨੇ ਬੰਨ੍ਹਿਆ ਜੋ ਹਿੰਦੂ ਸੀ ਅਤੇ ਉਸ ਦੇ ਹੀਰ ਦੇ ਕਿੱਸੇ ਦਾ ਪਾਠ ਕਰ ਕੇ ਇਹ ਮੰਨਣਾ ਪਵੇਗਾ ਕਿ ਸਿਵਾਏ ਵਾਰਸ ਦੇ, ਉਹ ਵੀ ਠੇਠ ਕੇਂਦਰੀ ਪੰਜਾਬੀ ਵਿਚ ਹੀਰ ਦਾ ਕਿੱਸਾ ਲਿਖਣ ਕਰਕੇ, ਹੋਰ ਕੋਈ ਕਿੱਸਾਕਾਰ ਅੱਜ ਤੀਕ ਦਮੋਦਰ ਦੇ ਵਾਰੇ ਨਹੀਂ ਆ ਸਕਿਆ। ਉਸ ਨੇ ਹੀਰ ਦਾ ਕਿੱਸਾ ਦਵਈਏ ਛੰਦ ਵਿਚ ਅਤੇ ਲਹਿੰਦੀ ਬੋਲੀ ਵਿਚ ਲਿਖਿਆ ਹੈ। ਬਿਆਨ ਦੀ ਸਾਦਗੀ, ਵੇਰਵੇ ਦੀ ਬਰੀਕੀ, ਆਪਣੇ ਵੇਲੇ ਦੇ ਸਮਾਜ ਦੀ ਯਥਾਰਥਕ ਪ੍ਰਿਸ਼ਟ-ਭੂਮੀ ਪੇਸ਼ ਕਰਨ ਅਤੇ ਇਸ਼ਕ ਦੀਆ ਹਰ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਬਿਆਨ ਕਰਨ ਵਿਚ, ਦਮੋਦਰ ਦੀ ਕਲਾ-ਪ੍ਰਬੀਨਤਾ ਨੂੰ ਮੰਨਣਾ ਪੈਂਦਾ ਹੈ । ਚੂੰਕਿ ਹਿੰਦੂ ਸਮਾਜ ਵਿਚ ਦੁਖਾਂਤ ਦੇ ਖ਼ਿਆਲ ਦਾ ਸਦਾ ਹੀ ਅਭਾਵ ਰਿਹਾ ਹੈ, ਇਸ ਲਈ ਪ੍ਰਾਚੀਨ ਭਾਰਤੀ ਪ੍ਰਥਾ ਅਨੁਸਾਰ ਉਸ ਨੇ ਵੀ ਹੀਰ ਦੇ ਕਿੱਸੇ ਨੂੰ ਸੁਖਾਂਤ ਹੀ ਬਣਾਇਆ।

ਇਸ ਨਾਲ ਦਾ ਦੂਜਾ ਪ੍ਰਸਿੱਧ ਕਿੱਸਾਕਾਰ ਪੀਲੂ ਹੋਇਆ ਹੈ ਜਿਸ ਨੇ ਪੰਜਾਬੀ ਵਿਚ ਸਭ ਤੋਂ ਪਹਿਲਾਂ ਮਿਰਜ਼ੇ ਸਾਹਿਬਾਂ ਦਾ ਕਿੱਸਾ ਲਿਖਿਆ ਹੈ) ਪੀਲੂ ਨੇ ਸਾਹਿਬਾਂ ਦੇ ਦਿਲ ਵਿਚ ਭਰਾ ਤੇ ਪ੍ਰੇਮੀ ਦੇ ਦੁਵੱਲੀ ਪਿਆਰ ਦੀ ਟੱਕਰ ਨੂੰ ਬੜੀ ਸੁਚੱਜਤਾ ਨਾਲ ਚਿਤਰਿਆ ਹੈ । ਪੰਜਾਬ ਦੇ ਪਿੰਡਾਂ ਵਿਚ ਇਹ ਕਿੱਸਾ ਬਹੁਤ ਮਕਬੂਲ ਹੈ। ਪੀਲੂ ਦੇ ਮਗਰੋਂ ਹਾਫਜ ਬਰਖੁਰਦਾਰ ਨੇ ਮਿਰਜ਼ਾ ਸਾਹਿਬਾਂ ਦਾ ਕਿੱਸਾ ਇਸੇ ਚਾਲ ਵਿਚ ਲਿਖਿਆ। ਹਾਫ਼ਜ਼ ਬਰਖੁਰਦਾਰ ਜਹਾਂਗੀਰ ਤੇ ਸ਼ਾਹਜਹਾਂ ਦਾ ਸਮਕਾਲੀ ਸੀ ਅਤੇ ਤਖ਼ਤ ਹਜ਼ਾਰੇ ਦਾ ਵਸਨੀਕ ਸੀ, ਇਸ ਲਈ ਉਸ ਦੀ ਬੋਲੀ ਉਤੇ ਲਹਿੰਦੀ ਦਾ ਪ੍ਰਭਾਵ ਹੋਣਾ ਕੁਦਰਤੀ ਸੀ । ਮਿਰਜ਼ਾ ਸਾਹਿਬਾਂ ਦੇ ਇਲਾਵਾ ਉਸ ਨੇ ਯੂਸਫ ਜੁਲੈਖਾਂ ਤੇ ਸੱਸੀ ਪੁੰਨੂੰ ਦੇ ਕਿੱਸੇ ਵੀ ਲਿਖੇ ਹਨ।

ਇਸੇ ਕਾਲ ਵਿਚ ਅਹਿਮਦ ਕਵੀ ਨੇ, ਜੋ ਔਰੰਗਜ਼ੇਬ ਦਾ ਸਮਕਾਲੀ ਸੀ, ਹੀਰ ਦਾ ਕਿੱਸਾ ਬੈਂਤਾਂ ਵਿਚ ਲਿਖਿਆ, ਅਹਿਮਦ ਦੀ ਬੋਲੀ ਠੇਠ ਕੇਂਦਰੀ ਪੰਜਾਬੀ ਹੈ, ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਅਹਿਮਦ ਤੋਂ ਪਹਿਲਾਂ, ਪੰਜਾਬੀ ਦੇ ਹਰਮਨ ਪਿਆਰੇ ਛੰਦ ਬੈਂਤ ਦਾ ਕੋਈ ਨਮੂਨਾ ਸਾਨੂੰ ਨਹੀਂ ਮਿਲਦਾ ਅਤੇ ਇਸ ਦੇ ਬੈਂਤਾਂ ਦਾ ਛੰਦ ਵਰਣਿਕ ਸਵੱਈਏ ਦਾ ਹੀ ਬਦਲਿਆ ਹੋਇਆ ਰੂਪ ਹੈ। ਕਿੱਸਾਕਾਰੀ ਦੇ ਇਲਾਵਾ ਇਸ ਕਾਲ ਵਿਚ ਕੁਝ ਵਾਰਾਂ ਵੀ ਲਿਖੀਆਂ ਗਈਆਂ।

(ਸ) ਵਾਰਤਕ

ਇਸ ਕਾਲ ਦੀ ਵਾਰਤਕ ਵਿਚ ਅਸੀਂ, ਬਚਨਾਂ, ਸਾਖੀਆਂ, ਟੀਕਿਆਂ, ਪਰਮਾਰਥਾਂ, ਗੋਸ਼ਟਾਂ ਅਤੇ ਪੁਰਾਤਨ ਰਚਨਾਵਾਂ ਦੇ ਅਨੁਵਾਦਾਂ ਨੂੰ ਗਿਣ ਸਕਦੇ ਹਾਂ । ਸਭ ਤੋਂ ਮਹੱਤਾਪੂਰਣ ਵਾਰਤਕ ਰਚਨਾ ਪੁਰਾਤਨ ਜਨਮ ਸਾਖੀ ਹੈ। ਜੋ ਲਹਿੰਦੀ ਬੋਲੀ ਵਿਚ ਲਿਖੀ ਹੋਈ ਹੈ। ਮੈਕਾਲਫ ਸਾਹਿਬ ਅਨੁਸਾਰ ਇਹ 1588 ਦੀ ਰਚਨਾ ਹੈ ਅਤੇ ਇਸ ਦੇ ਲੰਡਨ ਆਫਿਸ ਵਾਲੇ ਖਰੜੇ ਦੀ ਮਿਤੀ ਡਾਕਟਰ ਮੋਹਨ ਸਿੰਘ ਅਨੁਸਾਰ 1623 ਹੈ । ਚੂੰਕਿ ਪ੍ਰੋ: ਸਾਹਿਬ ਸਿੰਘ ਜੀ ਨੇ ਜਨਮ ਸਾਖੀਆਂ ਦਾ ਵਿਸ਼ੇਸ਼ ਅਧਿਐਨ ਕੀਤਾ ਹੈ, ਇਸ ਲਈ ਉਨ੍ਹਾਂ ਦੀ ਸਿੱਧ ਕੀਤੀ ਤਾਰੀਖ 1635 ਈ: ਨੂੰ ਹੀ ਪ੍ਰਮਾਣਿਕ ਮੰਨਣਾ ਠੀਕ ਹੈ ।

ਦੂਜੀ ਮਹੱਤਵਪੂਰਣ ਵਾਰਤਕ ਰਚਨਾ ਭਾਈ ਬਿਧੀ ਚੰਦ ਵਾਲੀ ਸਾਖੀ ਹੈ, ਜੋ 1640 ਦੀ ਕਿਰਤ ਹੈ। ਡਾਕਟਰ ਮੋਹਨ ਸਿੰਘ ਜੀ ਦਾ ਖਿਆਲ ਹੈ ਕਿ ਭਾਈ ਬਾਲੇ ਵਾਲੀ ਸਾਖੀ ਇਸੇ ਦੇ ਆਧਾਰ ਉਤੇ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਲਿਖੀ ਗਈ, ਭਾਵੇਂ ਆਮ ਰਵਾਇਤ ਇਹੋ ਰਹੀ ਹੈ ਕਿ ਭਾਈ ਬਾਲੇ ਵਾਲੀ ਸਾਖੀ ਗੁਰੂ ਅੰਗਦ ਦੇਵ ਜੀ ਦੀ ਹਜੂਰੀ ਵਿਚ ਲਿਖੀ ਗਈ ਸੀ ।

ਇਨ੍ਹਾਂ ਦੇ ਇਲਾਵਾ ਤੀਹ ‘ਆਦਿ ਸਾਖੀਆਂ’ ਵੀ ਹਨ ਜਿਨ੍ਹਾਂ ਵਿਚੋਂ ਇਕ ਸਾਖੀ ਅਕਬਰ ਨੂੰ ਵੀ ਸੁਣਾਈ ਗਈ ਦੱਸੀ ਗਈ ਹੈ।

  1. ਢਲਦਾ ਮੁਗ਼ਲ ਕਾਲ (1708-1800 ਈ:)

ਇਸ ਵਿਚ ਕੋਈ ਸ਼ੱਕ ਨਹੀਂ ਕਿ 18ਵੀਂ ਸਦੀ ਰਾਜਸੀ ਦ੍ਰਿਸ਼ਟੀ ਤੋਂ ਮੁਗ਼ਲ ਰਾਜ ਦੀ ਢਹਿੰਦੀ ਕਲਾ ਦੀ ਸਦੀ ਸੀ । ਸਗੋਂ ਆਰਥਕ ਤੇ ਸਦਾਚਾਰਕ ਨੁਕਤੇ ਤੋਂ ਵੀ ਇਹ ਸੌ ਸਾਲ ਅਧੋਗਤੀ ਤੇ ਪਤਨ ਦੇ ਸਾਲ ਹੀ ਸਨ । ਪਰ ਕਈ ਆਲੋਚਕਾਂ ਦੀ ਰਾਏ ਹੈ ਕਿ ਢਹਿੰਦੇ ਤੇ ਅਧੋਗਤੀ ਦੇ ਸਮੇਂ ਦਾ ਸਾਹਿਤ ਵੀ ਨੀਵਾਂ ਤੇ ਨਿਘਰਿਆ ਹੋਇਆ ਹੀ ਹੁੰਦਾ ਹੈ । ਇਹ ਗੱਲ ਠੀਕ ਨਹੀਂ ਕਿਉਂਕਿ ਇਸ ਕਾਲ ਵਿਚ ਬੁੱਲ੍ਹੇ ਤੇ ਵਾਰਿਸ ਵਰਗੇ ਮਹਾਨ ਕਵੀਆਂ ਦੀਆਂ ਰਚਨਾਵਾਂ ਤੋਂ ਇਲਾਵਾ ਕਈ ਹੋਰ ਸਾਹਿਤਕ ਕੰਮ ਵੀ ਹੋਏ । ਇਸੇ ਕਾਲ ਵਿਚ ਨਜਾਬਤ ਨੇ ਨਾਦਰਸ਼ਾਹ ਦੀ ਵਾਰ ਲਿਖੀ ਜੋ ਚੰਡੀ ਦੀ ਵਾਰ ਨੂੰ ਛੱਡ ਕੇ ਪੰਜਾਬੀ ਬੀਰ ਰਸੀ ਕਾਵਿ ਵਿਚ ਆਪਣਾ ਜੋੜ ਨਹੀਂ ਰੱਖਦੀ।

(ੳ) ਸੂਫੀ ਸਾਹਿਤ

ਇਸ ਕਾਲ ਵਿਚ ਫ਼ਰੀਦ ਦਾ ਮੁੱਢਲਾ ਜਪ ਤਪ ਸੰਜਮ ਵਾਲਾ ਸੂਫ਼ੀ ਮਤ ਅਤੇ ਸ਼ਾਹ ਹੁਸੈਨ ਦਾ ‘ਕੋਠੀ ਚਾਹੀਏ ਭੰਗ ਦੀ, ਬੇਮਿਣਤੀ ਚਾਹੀਏ ਰੰਗ ਦੀ’ ਵਾਲਾ ਰਿਦਾਨਾ ਸੂਫ਼ੀ ਮਤ, ਬੁੱਲ੍ਹੇਸ਼ਾਹ ਦਾ ਅਦਵੈਤਵਾਦੀ ਸੂਫ਼ੀ ਮੱਤ ਵਿਚ ਇਕ ਨਵੀਂ ਸਿਖਰ ਨੂੰ ਛੂੰਹਦਾ ਨਜ਼ਰ ਆਉਂਦਾ ਹੈ।

ਬੁੱਲ੍ਹੇ ਸ਼ਾਹ (1680-1752)

ਬੁੱਲ੍ਹੇ ਸ਼ਾਹ ਦਾ ਜਨਮ ਕਸੂਰ ਦੇ ਲਾਗੇ ਪੰਡੋਕੀ ਨਾਂ ਦੇ ਇਕ ਪਿੰਡ ਵਿਚ ਹੋਇਆ। ਮੁੱਢਲੀ ਵਿਦਿਆ ਪ੍ਰਾਪਤ ਕਰਨ ਪਿਛੋ ਉਹ ਲਾਹੌਰ ਦੇ ਫ਼ਕੀਰ ਇਨਾਇਤਸ਼ਾਹ ਦਾ ਮੁਰੀਦ ਬਣ ਗਿਆ । ਸ਼ਾਹ ਇਨਾਇਤ ਫਾਰਸੀ ਤੇ ਅਰਬੀ ਦਾ ਵਿਦਵਾਨ ਸੀ ਅਤੇ ਕਾਦਰੀ ਫਿਰਕੇ ਦਾ ਖ਼ਲੀਫ਼ਾ ਮੰਨਿਆ ਜਾਂਦਾ ਸੀ । ਆਪਣੀ ਪੁਸਤਕ ‘ਦਸਤੂਰ-ਉਲ ਅਮਲ’ ਵਿਚ ਸ਼ਾਹ ਇਨਾਇਤ ਨੇ ਉਨ੍ਹਾਂ ਸੱਤ ਰਸਤਿਆਂ ਦਾ ਵਰਣਨ ਕੀਤਾ ਹੈ ਜੋ ਪੁਰਾਤਨ ਹਿੰਦੂ ਰੀਤ ਅਨੁਸਾਰ ‘ਪਰਮ ਹੰਸ’ ਦੀ ਉਚੀ ਪਦਵੀ ਤੇ ਪੁੱਜਣ ਲਈ ਵਰਤੇ ਜਾਂਦੇ ਸਨ । ਸ਼ਾਹ ਇਨਾਇਤ ਦੇ ਵਿਚਾਰ ਵਿਚ ਸਿਕੰਦਰ ਦੇ ਸੈਨਿਕ ਇਸ ਗਿਆਨ ਨੂੰ ਯੂਨਾਨ ਲੈ ਗਏ, ਜਿਥੋਂ ਈਰਾਨ ਦੇ ਮੁਸਲਮਾਨ ਸੂਫੀਆਂ ਨੇ ਇਨ੍ਹਾਂ ਨੂੰ ਗ੍ਰਹਿਣ ਕੀਤਾ, ਸੋ ਬੁੱਲ੍ਹੇਸ਼ਾਹ ਦੇ ਵਿਚਾਰਾਂ ਉਤੇ ਪ੍ਰਾਚੀਨ ਹਿੰਦੂ ਰਹੱਸਵਾਦ ਦਾ ਪ੍ਰਭਾਵ ਕੁਦਰਤੀ ਸੀ। ਇਸ ਪ੍ਰਭਾਵ ਦਾ ਸਿੱਟਾ ਹੈ ਕਿ ਉਸ ਨੇ ਈਰਾਨੀ ਸੂਫੀਆਂ ਦੇ ਬੁਲਬੁਲ, ਚਮਨ, ਸ਼ਰਾਬ, ਪਿਆਲੇ ਦੇ ਪ੍ਰਤੀਕਾਂ ਨੂੰ ਛੱਡ ਕੇ ਨਿਰੋਲ ਦੇਸੀ ਪ੍ਰਤੀਕਾਂ ਨੂੰ ਵਰਤਿਆ ਅਤੇ ਕ੍ਰਿਸ਼ਨ, ਮੁਰਲੀ, ਬਿੰਦਰਾਬਨ, ਗਊਆਂ ਆਦਿ ਦਾ ਜ਼ਿਕਰ ਕੀਤਾ । ਵੈਸ਼ਨਵ ਭਗਤਾਂ ਦੀ ਰੀਸੇ ਉਸ ਨੇ ਆਪਣੇ ਆਪ ਨੂੰ ਪਤਨੀ ਤੇ ਰੱਬ ਨੂੰ ਪਤੀ ਦੇ ਰੂਪ ਵਿਚ ਦੇਖਿਆ ਜਾਂ ਫਿਰ ਨਿਰੋਲ ਪੰਜਾਬੀ ਬਿੰਬਾਵਲੀ ਨੂੰ ਵਰਤਦਿਆਂ ਆਪਣੇ ਆਪ ਨੂੰ ਹੀਰ ਤੇ ਰੱਬ ਨੂੰ ਰਾਂਝਾ ਕਰ ਕੇ ਉਸ ਲਈ ਤੜਪ ਪ੍ਰਗਟ ਕੀਤੀ । ਇਥੇ ਬਸ ਨਹੀਂ, ਉਸ ਨੇ ਪੰਜਾਬੀ ਜੀਵਨ ਵਿਚੋਂ ਤ੍ਰਿੰਜਣ, ਚਰਖੇ, ਪੱਤਣ, ਖੂਹ, ਲੱਜ, ਘੜਾ ਘੜੋਲੀ ਆਦਿ ਜਾਣੀਆਂ-ਪਛਾਣੀਆਂ ਵਸਤਾਂ ਨੂੰ ਚਿੰਨ੍ਹ ਬਣਾ ਕੇ ਸੂਫ਼ੀ ਮਤ ਨੂੰ ਨਿਰੋਲ ਪੰਜਾਬੀ ਰੰਗਣ ਵਿਚ ਰੰਗ ਦਿੱਤਾ ।

ਅਲੀ ਹੈਦਰ (1690-1785)

ਅਲੀ ਹੈਦਰ ਦਾ ਜਨਮ ਮੁਲਤਾਨ ਦੇ ਇਕ ਪਿੰਡ ਕਾਜ਼ੀਆਂ ਵਿਚ ਹੋਇਆ । ਬੁੱਲ੍ਹੇ ਸ਼ਾਹ ਵਾਂਗ ਉਸ ਦਾ ਸਬੰਧ ਵੀ ਕਾਦਰੀ ਫਿਰਕੇ ਨਾਲ ਸੀ । ਉਸ ਦਾ ਕਲਾਮ ਲਹਿੰਦੀ ਬੋਲੀ ਵਿਚ ਹੈ ਅਤੇ ਉਸ ਦੀਆਂ ਸੀਹਰਫ਼ੀਆਂ ਵਿਚ ਕਹਿਰਾਂ ਦੀ ਰਵਾਨੀ ਹੈ । ਆਮ ਤੌਰ ਤੇ ਸੂਫ਼ੀਆਂ ਦੀਆਂ ਮਜਲਸਾਂ ਵਿਚ ਨਾਚ ਨਾਲ ਢੋਲ ਵਜਾ ਕੇ ਘੁੰਮਰ ਪਾਉਂਦੇ ਸੂਫ਼ੀ ਲੋਕ ਉਸ ਦੇ ਕਲਾਮ ਨੂੰ ਗਾਉਂਦੇ ਹਨ। ਫਰਦ ਫ਼ਕੀਰ ਇਸ ਸਮੇਂ ਦਾ ਇਕ ਹੋਰ ਸੂਫ਼ੀ ਫ਼ਕੀਰ ਹੈ ਪਰ ਉਸ ਦੀ ਰਚਨਾ ਬੁੱਲ੍ਹੇ ਤੇ ਅਲੀ ਹੈਦਰ ਦੇ ਹੁਨਰ ਨੂੰ ਨਹੀਂ ਪਹੁੰਚਦੀ, ਉਸ ਦੀ ਪੁਸਤਕ ‘ਕਸਬ-ਨਾਮਾ ਬਾਫਿੰਦਗਾਂ’ ਹੈ ਜਿਸ ਵਿਚ ਉਸ ਨੇ ਜੁਲਾਹਿਆਂ ਦਾ ਪ੍ਰਤੀਕ ਵਰਤ ਕੇ ਜੁਲਾਹਿਆਂ ਦੀ ਉਪਮਾ ਤੇ ਉਨ੍ਹਾਂ ਉਤੇ ਜੁਲਮ ਕਰਨ ਵਾਲੇ ਹਾਕਮਾਂ ਦੀ ਨਿਖੇਧੀ ਕੀਤੀ ਹੈ । ਇਸ ਕਾਲ ਦਾ ਇਕ ਹੋਰ ਸੂਫ਼ੀ ਕਵੀ ਵਜੀਦ ਹੋਇਆ ਹੈ ਜਿਸ ਨੇ ਆਪਣੇ ਛੰਦਾਂ ਵਿਚ ਉਸ ਸਮੇਂ ਦੇ ਰਾਜਸੀ ਤੇ ਸਦਾਚਾਰਕ ਹਾਲਤ ਉਤੇ ਖੂਬ ਕਟਾਕਸ਼ ਕੀਤੇ ਹਨ।

(ਅ) ਕਿੱਸਾ ਸਾਹਿਤ

ਸੂਫ਼ੀ ਸਾਹਿਤ ਵਾਂਗ ਇਸ ਕਾਲ ਦਾ ਕਿੱਸਾ ਸਾਹਿਤ ਵੀ ਸਿਖਰਾਂ ਛੂੰਹਦਾ ਨਜ਼ਰ ਆਉਂਦਾ ਹੈ । ਇਸ ਕਾਲ ਦਾ ਪਹਿਲਾ ਕਿੱਸਾਕਾਰ ਮੁਕਬਲ ਹੈ ਜਿਸ ਨੇ ਵਾਰਸ ਤੋਂ ਪਹਿਲੇ ਹੀਰ ਦਾ ਕਿੱਸਾ ਚਾਰ ਚਾਰ ਜੁੱਟਾਂ ਵਾਲੇ ਬੈਂਤਾਂ ਵਿਚ ਲਿਖਿਆ। ਵਾਰਸ ਸ਼ਾਹ ਦੀ ਹੀਰ ਨੂੰ ਧਿਆਨ ਨਾਲ ਪੜ੍ਹਿਆਂ ਪਤਾ ਲਗਦਾ ਹੈ ਕਿ ਵਾਰਸ ਨੇ ਮੁਕਬਲ ਦੀ ਹੀਰ ਪੜ੍ਹੀ ਹੋਈ ਸੀ ਕਿਉਂਕਿ ਉਸ ਨੇ ਮੁਕਬਲ ਦੀਆਂ ਕਈ ਤੁਕਾਂ, ਤਰਕੀਬਾਂ ਤੇ ਜ਼ਮੀਨਾਂ ਆਪਣੀ ‘ਹੀਰ’ ਵਿਚ ਵਰਤੀਆਂ ਹਨ। ਹੀਰ ਤੋਂ ਇਲਾਵਾ ਮੁਕਬਲ ਨੇ ਇਕ ਜੰਗਨਾਮਾ ਵੀ ਲਿਖਿਆ, ਜੋ ਸੰਨ 1747 ਈ: ਵਿਚ ਪੂਰਾ ਹੋਇਆ । ਮੁਕਬਲ ਦਾ ਪੂਰਾ ਨਾਂ ਸ਼ਾਹ ਜਹਾਨ ਸੀ ਅਤੇ ਉਹ ਅੱਖਾਂ ਤੋਂ ਅੰਨ੍ਹਾ ਸੀ।

ਵਾਰਿਸ ਸ਼ਾਹ  (1735-1790)

ਵਾਰਸ ਸ਼ਾਹ ਦਾ ਜਨਮ ਜੰਡਿਆਲਾ ਸੇਰ ਖਾਂ, ਜ਼ਿਲ੍ਹਾ ਸੇਖੂਪੁਰੇ ਵਿਚ ਹੋਇਆ । ਉਸ ਨੇ ਆਪਣੀ ਵਿਦਿਆ ਪਹਿਲੋਂ ਕਸੂਰ ਤੇ ਪਾਕਪਟਨ ਦੀਆਂ ਦਰਗਾਹਾਂ ਵਿਚ ਪ੍ਰਾਪਤ ਕੀਤੀ । ਇਕ ਰਵਾਇਤ ਅਨੁਸਾਰ ਉਹ ਠੱਟੇ ਜ਼ਾਹਦ ਦੀ ਇਕ ਸੁੰਦਰੀ ਭਾਗਭਰੀ ਉਤੇ ਆਸ਼ਕ ਹੋ ਗਿਆ ਸੀ ਪਰ ਅੱਤ ਉਪਰਾਮ ਹੋ ਕੇ ਉਹ ਲੰਮੇ ਦੇ ਇਲਾਕੇ ਵਿਚ ਮਲਕ ਹਾਂਸ ਨਾਂ ਦੇ ਪਿੰਡ ਵਿਚ ਜਾ ਟਿਕਿਆ ਜਿਥੇ ਮਸੀਤ ਵਿਚ ਬੈਠ ਕੇ ਉਸ ਨੇ ‘ਹੀਰ’ ਦੇ ਕਿੱਸੇ ਨੂੰ ਪੂਰਨ ਕੀਤਾ, ਇਹ ਉਹ ਜ਼ਮਾਨਾ ਸੀ ਜਦ ਅਹਿਮਦ ਸ਼ਾਹ ਅਬਦਾਲੀ, ਦਿੱਲੀ ਦੇ ਮੁਗਲਾਂ ਤੇ ਸਿੱਖਾਂ ਨੇ ਪੰਜਾਬ ਨੂੰ ਇਕ ਤਿਕੋਨੀ ਜੰਗ ਦਾ ਅਖਾੜਾ ਬਣਾਇਆ ਹੋਇਆ ਸੀ । ਵਾਰਸ ਦੀ ‘ਹੀਰ’ ਉਤੇ ਥਾਂ ਥਾਂ ਇਨ੍ਹਾਂ ਰਾਜਸੀ ਹਾਲਾਤ ਦਾ ਪਰਛਾਵਾਂ ਪਿਆ ਨਜ਼ਰ ਆਉਂਦਾ ਹੈ।

ਵਾਰਸ ਤੋਂ ਪਹਿਲਾਂ ਦਮੋਦਰ, ਅਹਿਮਦ ਤੇ ਮੁਕਬਲ ਤਿੰਨ ਪ੍ਰਸਿੱਧ ਕਵੀ ਹੀਰ ਦੇ ਕਿੱਸੇ ਉਤੇ ਹੱਥ ਅਜ਼ਮਾ ਚੁੱਕੇ ਸਨ ਅਤੇ 1760 ਵਿਚ ਗੁਰਦਾਸ ਪੁੱਤਰੀ ਨੇ ਵੀ ਹਿੰਦੀ ਕਵਿਤਾ ਵਿਚ ਹੀਰ ਦੀ ਕਹਾਣੀ ਨੂੰ ਕਾਨੀਬੰਦ ਕੀਤਾ ਸੀ ਪਰ ਜੋ ਸਫਲਤਾ ਵਾਰਸ ਨੂੰ ਪ੍ਰਾਪਤ ਹੋਈ ਹੈ, ਉਹ ਹੋਰ ਕਿਸੇ ਨੂੰ ਨਸੀਬ ਨਹੀਂ ਹੋਈ। ਅਹਿਮਦ ਤੇ ਮੁਕਬਲ ਉਂਞ ਵਾਰਸ ਨਾਲੋਂ ਛੁਟੇਰੇ ਕਵੀ ਸਨ । ਦਮੋਦਰ ਜਰੂਰ ਵਾਰਸ ਦੀ ਟੱਕਰ ਦਾ ਸੀ ਪਰ ਉਸ ਦਾ ਕਿੱਸਾ ਢੇਰ ਲਹਿੰਦੀ ਵਿਚ ਹੋਣ ਕਰ ਕੇ ਤੇ ਲਹਿੰਦੇ ਮੁਹਾਵਰੇ ਦੇ ਦਿਨੋ ਦਿਨ ਘਟਦੇ ਜਾਣ ਦੇ ਕਾਰਨ, ਇਤਨਾ ਲੋਕ-ਪ੍ਰਿਯ ਨਾ ਰਹਿ ਸਕਿਆ। ਵਾਰਸ ਸਾਹ ਦੀ ਵਡਿਆਈ ਦਾ ਕੇਵਲ ਇਹੀ ਕਾਰਨ ਨਹੀਂ, ਉਂਜ ਵੀ ਪੰਜਾਬੀ ਵਾਤਾਵਰਣ, ਪੰਜਾਬੀ ਰਹਿਣੀ ਬਹਿਣੀ ਅਤੇ ਸਭ ਤੋਂ ਵੱਧ ਕੇ ਪੰਜਾਬੀ ਬੋਲੀ ਦਾ ਗਿਆਤਾ ਹੋਣ ਕਰਕੇ ਉਸ ਦਾ ਕਿੱਸਾ, ਪੰਜਾਬੀ ਕਿੱਸਿਆਂ ਵਿਚ ਸ਼ਿਰੋਮਣੀ ਮੰਨਿਆ ਗਿਆ ਹੈ, ਵਾਰਿਸ ਸ਼ਾਹ ਦੀ ਹੀਰ ਉਸ ਵੇਲੇ ਦੇ ਪੰਜਾਬ ਦਾ ਸ਼ੀਸ਼ਾ ਹੈ, ਜਿਸ ਵਿਚ ਵੇਲੇ ਦੇ ਰਾਜਸੀ, ਸਮਾਜਕ ਤੇ ਸਭਿਆਚਾਰਕ ਹਾਲਾਤ ਸਪਸ਼ਟ ਨਜ਼ਰ ਆਉਂਦੇ ਹਨ । ਵਾਰਿਸ ਦੀ ਦੂਜੀ ਖੂਬੀ ਸੁਚੱਜੀ ਪਾਤਰ-ਉਸਾਰੀ ਹੈ, ਉਸ ਦੇ ਹੱਥਾਂ ਵਿਚੋਂ ਲੰਘ ਕੇ ਹੀਰ, ਰਾਂਝਾ, ਸਹਿਤੀ ਤੇ ਕੈਦੋ ਆਦਿ ਪਾਤਰ ਸਦਾ ਲਈ ਅਮਰ ਹੋ ਗਏ ਹਨ। ਇਸੇ ਕਾਲ ਵਿਚ ਹਾਮਦ ਸ਼ਾਹ ਅੱਬਾਸੀ ਨੇ ਵੀ ਹੀਰ ਦਾ ਕਿੱਸਾ ਲਿਖਿਆ ਜੋ ਉਸ ਨੇ 1783 ਈ: ਤੋਂ ਸ਼ੁਰੂ ਕਰਕੇ 1805 ਵਿਚ ਸੰਪੂਰਨ ਕੀਤਾ।

(ੲ) ਵਾਰ-ਸਾਹਿਤ

(ਇਸ ਸਮੇਂ ਪੰਜਾਬ ਵਿਚ ਕਈ ਜੁਗਗਰਦੀਆਂ ਹੋਈਆਂ, ਇਸ ਲਈ ਕਿਸੇ ਨਾ ਕਿਸੇ ਬੀਰ-ਰਸੀ ਕਵੀ ਦਾ ਪੈਦਾ ਹੋਣਾ ਕੁਦਰਤੀ ਸੀ । ਇਸ ਕਾਲ ਵਿਚ ਸਭ ਤੋਂ ਪਹਿਲੇ ਮੁਕਬਲ ਨੇ ‘ਜੰਗਨਾਮਾ’ ਲਿਖ ਕੇ ਬੀਰ-ਰਸੀ ਕਾਵਿ ਦਾ ਮੁੱਢ ਬੰਨ੍ਹਿਆ ਪਰ ਇਸ ਜੰਗਨਾਮੇ ਦਾ ਪੰਜਾਬ ਦੇ ਇਸ ਕਾਲ ਤੇ ਰਾਜਸੀ ਹਾਲਾਤ ਦਾ ਕੋਈ ਸਬੰਧ ਨਹੀਂ, ਇਸ ਵਿਚ ਹਸਨ ਹੁਸੈਨ ਦੀ ਬਹਾਦਰੀ ਤੇ ਸ਼ਹਾਦਤ ਦਾ ਵਰਣਨ ਹੈ ।

ਇਸ ਸਮੇਂ ਦੀ ਅਗਲੀ ਪ੍ਰਤੀਨਿਧ ਬੀਰ ਰਸੀ ਕਵਿਤਾ ਨਜਾਬਤ ਦੀ ਲਿਖੀ ਨਾਦਰਸ਼ਾਹ ਦੀ ਵਾਰ ਹੈ। ਇਸ ਵਿਚ 1738-39 ਵਿਚ ਹੋਏ ਨਾਦਰਸ਼ਾਹ ਦੇ ਹੱਲੇ ਦਾ ਵਰਣਨ ਹੈ, ਇਸ ਵਾਰ ਵਿਚ ਨਜਾਬਤ ਨੇ ਈਰਾਨੀਆਂ ਤੇ ਅਫਗਾਨਾਂ ਦੀ ਥਾਂ, ਜੋ ਬਿਦੇਸ਼ੀ ਜਰਵਾਣੇ ਸਨ, ਦਿੱਲੀ ਦੀ ਮੁਗ਼ਲ ਤਾਕਤਾਂ ਨਾਲ ਆਪਣੀ ਹਮਦਰਦੀ ਦਿਖਾਈ ਹੈ ਪਰ ਨਾਲ ਹੀ ਉਨ੍ਹਾਂ ਦੀ ਦੁਫੇੜ ਤੇ ਕੁਟਲਨੀਤੀ ਦੀ ਨਿਖੇਧੀ ਕੀਤੀ ਹੈ। ਇਸ ਵਾਰ ਵਿਚ ਦਿੱਲੀ ਦੇ ਕਤਲੇਆਮ ਦਾ ਉੱਕਾ ਜ਼ਿਕਰ ਨਹੀਂ, ਕੇਵਲ ਕਰਨਾਲ ਦੀ ਲੜਾਈ ਨੂੰ ਹੀ ਬਿਆਨ ਕੀਤਾ ਗਿਆ ਹੈ। ਇਹ ਵਾਰ ਪ੍ਰਾਚੀਨ ਭਾਰਤੀ-ਵਾਰ-ਪ੍ਰਥਾ ਅਨੁਸਾਰ ਕਲ ਤੇ ਨਾਰਦ ਦੇ ਝਗੜੇ ਨਾਲ ਸ਼ੁਰੂ ਹੁੰਦੀ ਹੈ । ਇਤਿਹਾਸਕ ਮਹਾਨਤਾ ਨਾਲੋਂ ਵੀ ਇਸ ਵਾਰ ਦੀ ਕਾਵਿਕ ( ਮਹਾਨਤਾ ਵਧੇਰੇ ਹੈ । ਸ਼ਬਦਾਂ ਦੀ ਚੋਣ, ਗੋਂਦ ਤੇ ਉਸਾਰੀ ਵਿਚ ਇਹ ਵਾਰ ਆਪਣਾ ਸਾਨੀ ਨਹੀਂ ਰੱਖਦੀ । ਬੋਲੀ ਵੀ ਬੜੀ ਸਾਦੀ ਸੰਘਣੀ ਤੇ ਤਾਕਤਵਰ ਵਰਤੀ ਹੈ। ਬੋਲੀ ਕੇਵਲ ਬਿਰਤਾਂਤੀ ਹੀ ਨਹੀਂ, ਸਗੋਂ ਨਾਟਕੀ ਗੁਣ ਵੀ ਰੱਖਦੀ ਹੈ। ਕਈ ਵਾਰੀ ਇਕ ਫਿੱਕੀ ਜਿਹੀਂ ਤੁਕ ਵਿਚ ਨਜਾਬਤ ਇਕ ਲੰਬੇ ਕਰਮ ਨੂੰ ਦਿਖਾ ਜਾਂਦਾ ਹੈ ਜਿਵੇਂ :-

ਉਸ ਹੰਨੇ ਹਥ, ਰਕਾਬ ਪੈਰ, ਮੂੰਹ ਦੁਆ ਬਖਾਨੇ ।

1734 ਈ: ਵਿਚ ਹਕੀਕਤ ਰਾਏ ਦੀ ਦਰਦਨਾਕ ਸ਼ਹੀਦੀ ਹੋਈ। ਇਸ ਸਾਕੇ ਨੇ ਅਗਰੇ ਕਵੀ ਨੂੰ ਵਾਰ ਲਿਖਣ ਦੀ ਪ੍ਰੇਰਨਾ ਦਿੱਤੀ । ਇਹ ਵਾਰ ਦਵੱਈਏ ਛੰਦ ਵਿਚ ਹੈ ਅਤੇ ਇਸ ਦੇ ਕੁਲ 212 ਬੰਦ ਹਨ। ਪੀਰ ਮੁਹੰਮਦ ਦੀ ‘ਚੱਠਿਆਂ ਦੀ ਵਾਰ` ਵੀ ਇਸੇ ਕਾਲ ਵਿਚ ਲਿਖੀ ਗਈ, ਇਸ ਵਿਚ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਦੀ ਗੁਲਾਮ ਮੁਹੰਮਦ ਚੱਠੇ ਦੇ ਵਿਰੁੱਧ ਜੰਗ ਦਾ ਵਰਣਨ ਹੈ, ਇਹ ਵਾਰ ਪਉੜੀਆਂ ਵਿਚ ਲਿਖੀ ਗਈ ਹੈ, ਬੋਲੀ ਬੜੀ ਠੇਠ ਤੇ ਜ਼ੋਰਦਾਰ ਹੈ।

ਜਸੋਧਾਂ ਨੰਦਨ ਦੀ ਲਵਕੁਸ਼ ਦੀ ਵਾਰ ਵੀ ਅਠਾਰ੍ਹਵੀਂ ਸਦੀ ਵਿਚ ਲਿਖੀ ਗਈ, ਇਸੇ ਤਰ੍ਹਾਂ ਦੇਵੀਦਾਸ ਨੇ ਵੀ ਇਕ ‘ਲਵ ਕੁਸ਼ ਦੀ ਵਾਰ’ ਲਿਖੀ ਹੈ, ਇਹ ਦੋਵੇਂ ਵਾਰਾਂ ਪ੍ਰੋ: ਪਿਆਰਾ ਸਿੰਘ ਪਦਮ ਸੰਪਾਦਿਤ ‘ਪੰਜਾਬੀ ਵਾਰਾਂ ਵਿਚ ਪ੍ਰਾਪਤ ਹਨ।

(ਸ) ਗੱਦ ਸਾਹਿਤ

ਇਸ ਕਾਲ ਵਿਚ ਗੱਦ-ਰਚਨਾ ਵੀ ਢੇਰ ਲਿਖੀ ਗਈ। ਪਿਛਲੇ ਕਾਲ ਨਾਲੋਂ ਸ਼ੈਲੀ ਵਿਚ ਵੀ ਵਧੇਰੇ ਨਿਖਾਰ ਆਇਆ ਜਾਪਦਾ ਹੈ । ਇਸ ਕਾਲ ਵਿਚ ਹਿੰਦੂਆ, ਸਿੱਖਾਂ ਤੇ ਮੁਸਲਮਾਨਾਂ ਤਿੰਨਾਂ ਨੇ ਹੀ ਗੱਦ ਰਚਨਾ ਵੱਲ ਧਿਆਨ ਦਿੱਤਾ । ਭਾਈ ਮਨੀ ਸਿੰਘ ਜੀ (ਮ੍ਰਿਤੂ 1737) ਨੂੰ ਇਸ ਸਮੇਂ ਦੇ ਸ਼ਿਰੋਮਣੀ ਵਾਰਤਕ ਲੇਖਕ ਕਿਹਾ ਜਾ ਸਕਦਾ ਹੈ । ਆਪ ਆਪਣੇ ਸਮੇਂ ਦੇ ਬਹੁਤ ਉੱਘੇ ਵਿਦਵਾਨ ਸਨ । ਆਪ ਨੇ ਹੀ ਦਸਮ ਗ੍ਰੰਥ ਦੀ ਬੀੜ ਤਿਆਰ ਕੀਤੀ ਸੀ । ਬ੍ਰਿਜਭਾਸ਼ਾ, ਫਾਰਸੀ ਤੇ ਸੰਸਕ੍ਰਿਤ ਦੇ ਵਿਦਵਾਨ ਹੋਣ ਦੇ ਕਾਰਨ ਆਪ ਦੀ ਬੋਲੀ ਉਤੇ ਇਨ੍ਹਾਂ ਭਾਸ਼ਾਵਾਂ ਦਾ ਪ੍ਰਭਾਵ ਪ੍ਰਤੱਖ ਹੈ । ਫਿਰ ਵੀ ਆਪ ਦੀ ਸ਼ੈਲੀ ਬੜੀ ਮਿੱਠੀ, ਕਾਵਿਮਈ ਤੇ ਸਪੱਸ਼ਟ ਹੈ, ‘ਗਿਆਨ ਰਤਨਾਵਲੀ’ ਤੇ ‘ਭਗਤ ਰਤਨਾਵਲੀ’ ਆਪ ਦੀਆਂ ਪ੍ਰਸਿੱਧ ਵਾਰਤਕ ਪੁਸਤਕਾਂ ਹਨ।

ਇਸ ਕਾਲ ਦੀ ਇਕ ਹੋਰ ਮਹੱਤਵਪੂਰਨ ਪੁਸਤਕ ‘ਪ੍ਰੇਮ-ਸੁਮਾਰਗ’ ਹੈ । ਇਹ ਪੁਸਤਕ ਇਕ ਸਦਾਚਾਰਕ ਨੇਮਾਵਲੀ ਦੀ ਸ਼ਕਲ ਵਿਚ ਲਿਖੀ ਗਈ ਹੈ ਜਿਸ ਵਿਚ ਘੱਟ ਖਾਓ, ਘੱਟ ਗੱਲਾਂ ਕਰੋ, ਘੱਟ ਸਗੋਂ, ਜੇ ਦੁਸ਼ਮਣ ਅਤਿਆਚਾਰ ਕਰੇ ਤਾਂ ਯੁੱਧ ਵਿਚ ਜੂਝ ਮਰੋ ਆਦਿ ਹਦਾਇਤਾਂ ਅੰਕਿਤ ਹਨ।

ਇਸ ਕਾਲ ਵਿਚ ਅੱਡਣਸ਼ਾਹ ਦੀ ਵਾਰਤਕ ਵਿਸ਼ੇਸ਼ ਮਹੱਤਤਾ ਰਖਦੀ ਹੈ ਆਪ ਅਠਾਰ੍ਹਵੀਂ ਸਦੀ ਦੇ ਇਕ ਪ੍ਰਸਿੱਧ ਸੇਵਾਪੰਥੀ ਸਾਧੂ ਹੋਏ ਹਨ । ਆਪ ਦੇ ਜੀਵਨ ਤੇ ਰਚਨਾ ਬਾਰੇ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ ਖੋਜ ਕੀਤੀ ਹੈ, ‘ਉਨ੍ਹਾ ਦੇ ਕੱਢੇ ਸਿੱਟਿਆਂ ਅਨੁਸਾਰ ਆਪ ਦਾ ਜਨਮ ਪਿੰਡ ਲਉ, ਜ਼ਿਲ੍ਹਾ ਝੰਗ ਵਿਚ ਹੋਇਆ, ਭਾਈ ਸੇਵਾਰਾਮ ਜੀ ਨੇ ਆਪ ਨੂੰ ਆਪਣਾ ਸ਼ਾਗਿਰਦ ਬਣਾਇਆ ਅਤੇ ਸੇਵਾ-ਪੰਥੀਆਂ ਦੀ ਸੰਪ੍ਰਦਾ ਵਿਚ ਦਾਖ਼ਲ ਕੀਤਾ । ਇਸ ਸੰਪ੍ਰਦਾ ਦਾ ਪਿੱਛਾ ਭਾਈ ਕਨ੍ਹਈਏ ਜੀ ਨਾਲ ਜਾ ਮਿਲਦਾ ਹੈ, ਅੱਡਣ ਸ਼ਾਹ ਦੀ ਮ੍ਰਿਤੂ 1757 ਈ: ਵਿਚ ਹੋਈ। ਆਪ ਦੇ ਨਾਂ ਨਾਲ ਦੋ ਪੁਸਤਕਾਂ, ਪਾਰਸ ਭਾਗ ਤੇ ਸਾਖੀਆਂ ਨੂੰ ਜੋੜਿਆ ਜਾਂਦਾ ਹੈ, ਪ੍ਰੋ: ਪ੍ਰੀਤਮ ਸਿੰਘ ਜੀ ਦੀ ਖੋਜ ਅਨੁਸਾਰ ‘ਸਾਖੀਆਂ’ ਅੱਡਣ ਸ਼ਾਹ ਦੀ ਰਚਨਾ ਨਹੀਂ ਸਗੋਂ ਉਨ੍ਹਾਂ ਬਾਰੇ ਲਿਖੀਆਂ ਗਈਆਂ ਹਨ। ਉਨ੍ਹਾਂ ਦੀ ਆਪਣੀ ਰਚਨਾ ‘ਪਾਰਸ ਭਾਗ’ ਹੀ ਹੈ। ਇਹ ਪੁਸਤਕ ਫ਼ਾਰਸੀ ਦੇ ਪ੍ਰਸਿੱਧ ਲੇਖਕ ਅਮਾਮ ਗੱਜ਼ਾਲੀ ਦੀ ਪੁਸਤਕ ‘ਕੀਮੀਆਏ ਸਆਦਤ’ ਦਾ ਅਨੁਵਾਦ ਹੈ । ਬੋਲੀ ਬੜੀ ਮਿੱਠੀ, ਨਾਟਕੀ ਤੇ ਭਾਵ-ਪੂਰਤ ਹੈ।

  1. ਰਣਜੀਤ ਸਿੰਘ ਕਾਲ(1800-1860 ਤੱਕ)

ਭਾਵੇਂ ਰਣਜੀਤ ਸਿੰਘ ਕਾਲ ਵਿਚ ਪੰਜਾਬ ਨਿਵਾਸੀਆਂ ਨੂੰ ਲਗਭਗ ਤੀਹ ਚਾਲੀ ਸਾਲ ਸ਼ਾਂਤੀ ਦੇ ਨਸੀਬ ਹੋਏ, ਫਿਰ ਵੀ ਪੰਜਾਬੀ ਸਾਹਿਤ ਨੂੰ ਕੋਈ ਖ਼ਾਸ ਉਤਸ਼ਾਹ ਨਹੀਂ ਮਿਲਿਆ। ਸਿਵਾਏ ਹਾਸ਼ਮ ਨੂੰ ਥੋੜ੍ਹੀ ਬਹੁਤੀ ਜਾਗੀਰ ਤੋ ਕਾਦਰਯਾਰ ਨੂੰ ਇਕ ਅੱਧਾ ਖੂਹ ਇਨਾਮ ਮਿਲਣ ਦੇ ਪੰਜਾਬੀਆਂ ਦੀ ਆਪਣੀ ਸਰਕਾਰ ਨੇ ਪੰਜਾਬੀ ਬੋਲੀ ਤੇ ਸਾਹਿਤ ਨੂੰ ਅੱਗੇ ਲਿਜਾਣ ਲਈ ਕੋਈ ਉਚੇਚਾ ਕਦਮ ਨਹੀਂ ਚੁਕਿਆ, ਇਸ ਸਮੇਂ ਵਿਚ ਵੀ ਰਾਜਸੀ ਤੇ ਸਮਾਜਕ ਹਾਲਤ ਜਾਗੀਰਦਾਰੀ ਪ੍ਰਥਾ ਵਾਲੇ ਹੀ ਰਹੇ ਅਤੇ ਰਾਜ-ਕਾਜ ਦੀ ਬੋਲੀ ਵੀ ਫਾਰਸੀ ਹੀ ਰਹੀ। ਇਸ ਕਾਲ ਦੇ ਪ੍ਰਮੁੱਖ ਲੇਖਕ ਕਿੱਸਾਕਾਰ ਹੀ ਹੋਏ ਹਨ ਅਤੇ ਉਨ੍ਹਾਂ ਦੇ ਉਦਮ ਨਾਲ ਪੰਜਾਬੀ ਵਿਚ ਕੁਝ ਨਵਿਆਂ ਕਿੱਸਿਆਂ ਦਾ ਪ੍ਰਵੇਸ਼’ ‘ਵੀ ਹੋਇਆ ।

(ੳ) ਕਿੱਸਾ ਸਾਹਿਤ

ਹਾਸ਼ਮ ਸ਼ਾਹ

ਇਸ ਕਾਲ ਦਾ ਪਹਿਲਾ ਕਿੱਸਾਕਾਰ ਹਾਸ਼ਮ ਸ਼ਾਹ ਸੀ । ਉਸ ਨੇ ਸੱਸੀ ਪੁੰਨੂੰ, ਸੋਹਣੀ ਮਹੀਂਵਾਲ ਤੇ ਸ਼ੀਰੀਂ ਫਰਿਹਾਦ ਦੇ ਕਿੱਸੇ ਲਿਖੇ, ਉਸ ਦੇ ਕਿੱਸਿਆਂ ਦਾ ਵੱਡਾ ਗੁਣ ਸੰਖੇਪਤਾ ਹੈ, ਉਸ ਵਿਚ ਵਾਰਸ ਵਰਗੇ ਬੇਲੋੜੇ ਵੇਰਵੇ ਨਹੀਂ, ਦਵੱਈਆਂ ਛੰਦ ਉਸ ਨੂੰ ਬਹੁਤ ਪਿਆਰਾ ਹੈ। ਇਹੋ ਕਾਰਨ ਹੈ ਕਿ ਕਿੱਸਿਆਂ ਦੇ ਇਲਾਵਾ ਉਸ ਨੇ ਆਪਣੇ ਦੋਹੜਿਆਂ ਲਈ ਵੀ ਏਸੇ ਛੰਦ ਨੂੰ ਵਰਤਿਆ ਹੈ । ਭਾਵੇਂ ਉਸ ਦੇ ਸਾਰੇ ਕਿੱਸੇ ਚੰਗੀ ਪੱਧਰ ਦੇ ਹਨ ਪਰ ਸੱਸੀ ਪੁੰਨੂੰ ਦਾ ਕਿੱਸਾ ਸਭ ਤੋਂ ਚੰਗਾ ਮੰਨਿਆ ਹੈ। ਕਿੱਸਿਆਂ ਦੇ ਇਲਾਵਾ ਹਾਸ਼ਮ ਨੇ ਦੋਹੜੇ ਤੇ ਡਿਉਢਾਂ ਵੀ ਲਿਖੀਆਂ ਹਨ। ਹਾਸ਼ਮ ਰਚਨਾਵਲੀ’ ਸੰਪਾਦਿਤ ਸ: ਪਿਆਰਾ ਸਿੰਘ ‘ਪਦਮ’ ਵਿਚ ਇਹ ਸਮੂਹ ਰਚਨਾਵਾਂ ਇਕੱਠੀਆਂ ਪ੍ਰਕਾਸ਼ਿਤ ਕੀਤੀਆਂ ਮਿਲਦੀਆਂ ਹਨ। ਸਾਡੀ ਰਾਏ ਵਿਚ ਹਾਸ਼ਮ ਦੇ ਦੋਹੜੇ ਉਸ ਦੇ ਸਾਰੇ ਕਿੱਸਿਆਂ ਨਾਲੋਂ ਵਡੇਰੀ ਸਾਹਿਤਕ ਮਹਾਨਤਾ ਰੱਖਦੇ ਹਨ । ਦੋਹੜਿਆਂ ਦੀ ਪ੍ਰਥਾ ਪੰਜਾਬੀ ਵਿਚ ਕੁਝ ਮੁਲਤਾਨੀ ਕਵੀਆਂ ਤੇ ¸ ਸੁਲਤਾਨ ਬਾਹੂ ਨੇ ਸ਼ੁਰੂ ਕੀਤੀ ਸੀ ਜਿਸ ਨੂੰ ਹਾਸ਼ਮ ਨੇ ਸੰਪੂਰਨਤਾ ਦੀ ਸਿਖਰ ਤੇ ਪਹੁੰਚਾਇਆ।

ਕਾਦਰ ਯਾਰ

ਕਾਦਰਯਾਰ ਜਾਤ ਦਾ ਸੰਧੂ ਜੱਟ ਸੀ । ਉਹ ਪਿੰਡ ਮਾਛੀ ਕੇ, ਜ਼ਿਲ੍ਹਾ ਸ਼ੇਖੂਪੁਰੇ ਦਾ ਵਸਨੀਕ ਸੀ ਉਹ ਰਣਜੀਤ ਸਿੰਘ ਦੇ ਰਾਜ ਦੇ ਅੰਤਲੇ ਦਿਨਾਂ ਵਿਚ ਹੋਇਆ ਹੈ, ਉਸ ਨੂੰ ਸਿੱਖ ਸਰਦਾਰਾਂ ਦੀ ਸਰਪ੍ਰਸਤੀ ਹਾਸਲ ਸੀ । ਸੋਹਣੀ ਮਹੀਂਵਾਲ ਦੇ ਪੁਰਾਣੇ ਕਿੱਸੇ ਤੋਂ ਇਲਾਵਾ, ਕਾਦਰਯਾਰ ਨੇ ਰਾਜਾ ਰਸਾਲੂ ਤੇ ਪੂਰਨ ਭਗਤ ਦੇ ਦੋ ਨਵੇਂ ਕਿੱਸੇ ਵੀ ਸਾਨੂੰ ਦਿੱਤੇ । ਕਾਦਰਯਾਰ ਦੀ ਬੋਲੀ ਵਿਚ ਬਹੁਤੀ ਅੜਕ ਮੜਕ ਨਹੀਂ । ਕਿੱਸਿਆਂ ਦੇ ਇਲਾਵਾ ਉਸ ਨੇ ‘ਹਰੀ ਸਿੰਘ ਨਲਵੇ ਦੀ ਵਾਰ’ ਵੀ ਬੈਂਤਾਂ ਵਿਚ ਲਿਖੀ ਹੈ। ਕਾਦਰਯਾਰ ਦੀ ਹਰਮਨ-ਪਿਆਰਤਾ ਦੇ ਦੋ ਕਾਰਨ ਹਨ, ਬੋਲੀ ਦੀ ਸਾਦਗੀ ਅਤੇ ਪੂਰਨ, ਰਸਾਲੂ, ਨਲਵਾ ਆਦਿ ਦੇਸੀ ਵਰਿਆਮਾਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਉਣਾ। ਅਹਿਮਦ ਸ਼ਾਹ

ਜੇ ਗਿਣਤੀ ਹੀ ਕਿਸੇ ਚੀਜ਼ ਦਾ ਮਾਪ ਹੋਵੇ ਤਾਂ ਅਹਿਮਦ-ਸਾਹ ਨੂੰ ‘ਕਿੱਸਿਆਂ ਦਾ ਬਾਦਸ਼ਾਹ’ ਕਹਿ ਸਕਦੇ ਹਾਂ, ਉਸ ਨੇ ਲਗਭਗ ਪੈਂਤੀ ਕਿੱਸੇ ਲਿਖੇ ਹਨ ਜਿਨ੍ਹਾਂ ਵਿਚੋਂ ਹਾਤਮਤਾਈ, ਯੂਸਫ਼ ਜੁਲੈਖਾਂ, ਲੈਲਾ ਮਜਨੂੰ, ਸੈਫੁਲਮਲੂਕ, ਕਾਮ ਰੂਪ, ਰਾਜ ਬੀਬੀ, ਸੱਸੀ ਪੁੰਨੂੰ, ਚੰਦਰ ਬਦਨ ਤੇ ਸੋਹਣੀ ਮਹੀਂਵਾਲ ਆਦਿ ਪ੍ਰਸਿੱਧ ਹਨ। ਅਹਿਮਦਯਾਰ ਪੰਜਾਬੀ ਦਾ ਪਹਿਲਾ ਆਲੋਚਕ ਹੋਣ ਕਰ ਕੇ ਵੀ ਪ੍ਰਸਿੱਧ ਹੈ ਕਿਉਂਕਿ ਉਸ ਨੇ ਸਭ ਤੋਂ ਪਹਿਲਾਂ ਹੋ ਗੁਜ਼ਰੇ ਕਵੀਆਂ, ਹਾਫ਼ਜ਼ ਬਰਖੁਰਦਾਰ, ਪੀਲੂ, ਮੁਕਬਲ, ਹਾਮਦ, ਵਾਰਸ, ਹਾਸ਼ਮ ਆਦਿ ਦੇ ਕਾਵਿ-ਗੁਣਾਂ ਨੂੰ ਹਾੜਿਆ ਤੋਲਿਆ ਹੈ । ਇਸੇ ਕਾਲ ਵਿਚ ਅਮਾਮ ਬਖਸ਼ ਨੇ ਲੈਲਾ ਮਜਨੂੰ, ਚੰਦਰ ਬਦਨ, ਗੁਲ ਬਦਲ ਗੁਲ ਸਨੋਬਰ, ਸ਼ਾਹ ਬਹਿਰਾਮ ਆਦਿ ਕਿੱਸੇ ਲਿਖੇ । ਮੁਹੰਮਦ ਬਖਸ਼ ਦਾ ਪ੍ਰਸਿੱਧ ਤੇ ਸੁੰਦਰ ਕਿੱਸਾ ‘ਸੈਫੁਲ ਮਲੂਕ’ ਵੀ ਇਸੇ ਨਾਲ ਦੀ ਕਿਰਤ ਹੈ।

(ਅ) ਦੇਸ ਭਗਤੀ ਦਾ ਸਾਹਿਤ

– ਕਿੱਸਾਕਾਰਾਂ ਦੇ ਇਲਾਵਾ ਇਸ ਕਾਲ ਵਿਚ ਸ਼ਾਹ ਮੁਹੰਮਦ, ਮਟਕ ਆਦਿ ਨੇ ਦੇਸ਼ ਭਗਤੀ ਦੀ ਕਵਿਤਾ ਰਚੀ ਹੈ। ਮਟਕ ਨੇ ਕੁਝ ਸਿੱਖ ਆਗੂਆਂ ਦੀ ਗਦਾਰੀ ਨੂੰ ਭੰਡਿਆ ਹੈ । ਸ਼ਾਹ ਮੁਹੰਮਦ (1782-1862) ਇਸ ਰਸ ਦਾ ਪ੍ਰਮੁੱਖ ਕਵੀ ਮੰਨਿਆ ਜਾਂਦਾ ਹੈ, ਉਹ ਵਡਾਲਾ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਉਸ ਦੀ ਰਚਨਾ ‘ਜੰਗ ਸਿੰਘਾਂ ਤੇ ਫਰੰਗੀਆਂ ਨੂੰ ਕਾਵਿਕ ਤੇ ਇਤਿਹਾਸਕ ਦੋਹਾਂ ਦ੍ਰਿਸ਼ਟੀਕੋਣਾਂ ਤੋਂ ਬੜੀ ਮਹਾਨਤਾ ਦਿੱਤੀ ਗਈ ਹੈ । ਇਹੋ ਕਾਰਨ ਹੈ ਕਿ ਪਹਿਲਾਂ ਡਾਕਟਰ ਗੰਡਾ ਸਿੰਘ ਜੀ ਨੇ ਤੇ ਫਿਰ ਪ੍ਰੋ: ਸੀਤਾ ਰਾਮ ਕੋਹਲੀ ਨੇ ਉਸ ਦੀ ਰਚਨਾ ਨੂੰ ਬੜੇ ਵਿਸਥਾਰ ਪੂਰਵਕ ਤਾਰੀਖੀ ਹਵਾਲਿਆਂ ਤੇ ਟਿੱਪਣੀਆਂ ਸਹਿਤ ਸੰਪਾਦਤ ਕੀਤਾ ਹੈ। ਸ਼ਾਹ ਮੁਹੰਮਦ ਦੀ ਕਵਿਤਾ ਦਾ ਵੱਡਾ ਗੁਣ ਪੰਜਾਬੀਆਂ ਵਿਚ ਵਤਨ-ਪ੍ਰਸਤੀ ਤੇ ਸਾਂਝ ਦੇ ਜਜ਼ਬੇ ਨੂੰ ਪੈਦਾ ਕਰਨਾ ਹੈ । ਉਹ ਹਿੰਦੂਆਂ ਮੁਸਲਮਾਨਾਂ ਨੂੰ ਭਰਾ ਤੇ ਅੰਗਰੇਜ਼ ਸਾਮਰਾਜੀਆਂ ਨੂੰ ‘ਤੀਸਰੀ ਜ਼ਾਤ’ ਕਹਿੰਦਾ ਹੈ । ਸ਼ਾਹ ਮੁਹੰਮਦ ਦੇ ਕਿੱਸੇ ਵਿਚ ਇਤਿਹਾਸਕ ਪੱਖ ਤੋਂ ਕਈ ਕਮਜ਼ੋਰੀਆਂ ਹਨ ਕਿਉਂਕਿ ਉਹ ਰਾਣੀ ਜਿੰਦਾਂ ਨੂੰ ਲੜਾਈ ਦਾ ਮੂਲ ਕਾਰਨ ਦਸਦਾ ਹੈ।

(ੲ) ਵਾਰਤਕ ਸਾਹਿਤ

(ਇਸ ਕਾਲ ਵਿਚ ਕੋਈ ਵਿਸ਼ੇਸ਼ ਵਾਰਤਕ ਰਚਨਾ ਨਹੀਂ ਹੋਈ । ਮਹਾਰਾਜਾ ਰਣਜੀਤ ਸਿੰਘ ਸਮੇਂ ਦੀ ਪੰਜਾਬੀ ਵਿਚ ਲਿਖੀ ਇਕ ਡਾਇਰੀ ਨੂੰ ਹੀ ਇਸ ਕਾਲ ਦੀ ਵਾਰਤਕ ਦਾ ਨਮੂਨਾ ਸਮਝ ਸਕਦੇ ਹਾਂ। ਇਸ ਦੇ ਇਲਾਵਾ 1815 ਵਿਚ, ਈਸਾਈ ਪਾਦਰੀਆਂ ਦੇ ਯਤਨ ਨਾਲ ਬਾਈਬਲ ਦਾ ਅਨੁਵਾਦ ਪੰਜਾਬੀ ਵਿਚ ਹੋਇਆ। ਫਿਰ 1854 ਵਿਚ ਲੁਧਿਆਣਾ ਮਿਸ਼ਨ ਵਾਲਿਆਂ ਨੇ ਪੰਜਾਬੀ ਦਾ ਕੋਸ਼ ਵੀ ਤਿਆਰ ਕੀਤਾ । ਇਸ ਸਮੇਂ ਹੀ ਭਾਈ ਮਹਿਤਾਬ ਸਿੰਘ ਸ਼ੇਰੂਵਾਲੀਏ ਨੇ ‘ਅਦਲੇ ਅਕਬਰੀ’ ਨਾਂ ਦੀ ਵੱਡੀ ਪੁਸਤਕ ਦਾ ਅਨੁਵਾਦ ਪੰਜਾਬੀ ਵਿਚ ਕੀਤਾ।

  1. ਪਰਿਵਰਤਨ ਕਾਲ (1860-1900 : )

ਪਿਛੋਕੜ

ਜਿਵੇਂ ਅਸੀਂ ਪਿੱਛੇ ਦਸ ਆਏ ਹਾਂ 1849 ਵਿਚ ਹੀ ਪੰਜਾਬ ਬਰਤਾਨਵੀ ਸਾਮਰਾਜ ਦਾ ਭਾਗ ਬਣ ਚੁੱਕਾ ਸੀ। ਖੁੱਲ੍ਹੇ ਤੌਰ ਤੇ ਸੋਚੀਏ ਤਾਂ 1849 ਤੋਂ ਹੀ ਆਧੁਨਿਕ ਕਾਲ ਦਾ ਆਰੰਭ ਮਿੱਥ ਸਕਦੇ ਹਾਂ ਕਿਉਂਕਿ ਪੰਜਾਬ ਵਿਚ ਅੰਗਰੇਜ਼ ਦੇ ਪੈਰ ਜੰਮਣ ਨਾਲ ਹੀ ਪੰਜਾਬ ਦੇ ਰਾਜਸੀ, ਸਮਾਜਕ ਤੇ ਸਾਹਿਤਕ ਖੇਤਰਾਂ ਉਤੇ ਆਧੁਨਿਕਤਾ ਦੇ ਪ੍ਰਭਾਵ ਪੈਣੇ ਸ਼ੁਰੂ ਹੋ ਗਏ ਸਨ ਪਰ ਬਾਰੀਕ ਦ੍ਰਿਸ਼ਟੀ ਨਾਲ ਦੇਖਿਆਂ ਉਨ੍ਹੀਵੀਂ ਸਦੀ ਦੇ ਦੂਜੇ ਪੰਜਾਹੇ ਨੂੰ ਆਧੁਨਿਕ ਕਾਲ ਦਾ ਨਾਂ ਨਹੀਂ ਦਿੱਤਾ ਜਾ ਸਕਦਾ । ਇਸ ਕਾਲ ਵਿਚ ਆਧੁਨਿਕਤਾ ਦਾ ਬੀਜ ਜ਼ਰੂਰ ਪਿਆ ਪਰ ਇਹ ਸਾਰਾ ਪੰਜਾਹਾ ਹੀ ਇਸ ਬੀਜ ਦੇ ਫੁੱਟਣ, ਉਗਣ ਤੇ ਨਿਸਰਨ ਉਤੇ ਹੀ ਲੱਗ ਗਿਆ । ਆਧੁਨਿਕਤਾ ਦੇ ਬ੍ਰਿਛ ਨੂੰ ਫੁੱਲ ਤੇ ਫਲ ਵੀਹਵੀਂ ਸਦੀ ਦੇ ਮੁੱਢ ਤੋਂ ਹੀ ਲਗਣੇ ਸ਼ੁਰੂ ਹੋਏ ।

ਇਸ ਸਮੇਂ ਨੂੰ ਪਰਿਵਰਤਨ ਕਾਲ ਕਹਿਣਾ ਵਧੇਰੇ ਯੋਗ ਹੈ। ਕਿਉਂਕਿ ਇਨ੍ਹਾਂ ਪੰਜਾਹ ਸਾਲਾਂ ਵਿਚ ਦੋ ਸਭਿਅਤਾਵਾਂ ਦਾ ਪਹਿਲੋਂ ਟਕਰਾਉ ਤੇ ਫਿਰ ਮਿਸ਼ਰਣ ਹੋਇਆ। ਭਾਵੇਂ 1857 ਦੇ ਗ਼ਦਰ ਦੇ ਬਾਅਦ ਅੰਗਰੇਜ਼ਾਂ ਦਾ ਜਗ੍ਹਾ ਮੁਕੰਮਲ ਤੌਰ ਤੇ ਕਾਇਮ ਹੋ ਗਿਆ ਸੀ, ਫਿਰ ਵੀ ਉਨ੍ਹਾਂ ਨੂੰ ਪੰਜਾਬੀਆਂ ਦੇ ਬਾਹੂਬਲ ਤੇ ਦੇਸ਼ ਭਗਤੀ ਦਾ ਪਤਾ ਸੀ । ਉਨ੍ਹਾਂ ਨੂੰ ਤੌਖਲਾ ਸੀ ਕਿ ਇਹ ਅੱਗ ਕਿਤੇ ਫੇਰ ਨਾ ਭੜਕ ਉਠੇ ਜਿਵੇਂ ਕਿ 1872 ਵਿਚ ਬਾਬਾ ਰਾਮ ਸਿੰਘ ਨਾਮਧਾਰੀ ਨੇ ਭੜਕਾਈ ਸੀ ਅਤੇ ਅੰਗਰੇਜ਼ੀ ਵਸਤਾਂ, ਅੰਗਰੇਜ਼ੀ ਅਦਾਲਤਾਂ ਤੇ ਅੰਗਰੇਜ਼ੀ ਬੋਲੀ ਦੇ ਬਾਈਕਾਟ ਦਾ ਨਾਹਰਾ ਲਾਇਆ ਸੀ । ਸੋ ਚਤਰ ਅੰਗਰੇਜ਼ਾਂ ਨੇ ਪੰਜਾਬੀਆਂ ਦਾ ਧਿਆਨ ਰਾਜਸੀ ਪਾਸੇ ਵਲੋਂ ਹਟਾ ਕੇ ਧਾਰਮਕ, ਵਿਦਿਅਕ ਤੇ ਸਭਿਆਚਾਰਕ ਪਾਸੇ ਵੱਲ ਲਾਉਣ ਦੀ ਸਕੀਮ ਬਣਾਈ । ਉਨ੍ਹਾਂ ਨੇ ਹਿੰਦੂ, ਮੁਸਲਮਾਨ ਤੇ ਸਿੱਖ ਲੀਡਰਾਂ ਨੂੰ ਉਤਸ਼ਾਹ ਦੇ ਕੇ ਵਿਦਿਅਕ ਮਾਮਲਿਆਂ ਵਿਚ ਦਿਲਚਸਪੀ ਲੈਣ ਦੀ ਪ੍ਰੇਰਨਾ ਦਿੱਤੀ । ਕਈ ਹਾਲਤਾਂ ਵਿਚ ਅੰਗਰੇਜ਼ਾਂ ਨੇ ਮਾਇਕ ਸਹਾਇਤਾ ਦੇ ਕੇ ਜਾਂ ਵੱਡੇ ਜਾਗੀਰਦਾਰਾਂ ਤੇ ਮਹਾਰਾਜਿਆਂ ਕੋਲੋਂ ਸਹਾਇਤਾ ਦਿਵਾ ਕੇ ਵਿਦਿਅਕ ਸੰਸਥਾਵਾਂ ਕਾਇਮ ਕਰਵਾਈਆਂ, ਖ਼ਾਲਸਾ ਕਾਲਜ ਅੰਮ੍ਰਿਤਸਰ ਤੇ ਅਲੀਗੜ੍ਹ ਕਾਲਜ ਇਸ ਗੱਲ ਦੀਆ ਪ੍ਰਤੱਖ ਮਿਸਾਲਾਂ ਹਨ।

ਭਾਵੇਂ ਹਿੰਦੂ, ਸਿੱਖ ਤੇ ਮੁਸਲਮਾਨ ਇਸ ਪਾਸੇ ਵੱਲ ਲੱਗ ਗਏ ਪਰ ਗੁਲਾਮੀ ਦੇ ਜ਼ਖ਼ਮ ਤਾਜ਼ਾ ਹੋਣ ਕਰ ਕੇ ਉਨ੍ਹਾਂ ਦੀ ਆਤਮਾ ਅਜੇ ਪਰੇਸ਼ਾਨ ਸੀ । ਸੈਨਿਕ ਬਲ ਖ਼ਤਮ ਹੋ ਜਾਣ ਦੇ ਕਾਰਨ ਉਹ ਅੰਗਰੇਜ਼ੀ ਰਾਜ ਨੂੰ ਮੁਕਾ ਨਹੀਂ ਸਨ ਸਕਦੇ । ਅੰਗਰੇਜ਼ੀ ਰਾਜ ਇਕ ਹਕੀਕਤ ਬਣ ਚੁੱਕਾ ਸੀ । ਸੋ ਕੁਦਰਤੀ ਤੌਰ ਤੇ ਉਨ੍ਹਾਂ ਨੇ ਆਪਣੀ ਪੁਰਾਤਨ ਸੂਰਬੀਰਤਾ ਤੇ ਸੰਸਕ੍ਰਿਤੀ ਵਿਚ ਪਨਾਹ ਭਾਲੀ ਅਤੇ ਆਪਣੇ ਪੁਰਾਣੇ ਧਰਮ, ਸਮਾਜ, ਕਲਾ, ਸਾਹਿਤ ਤੇ ਸੰਸਕ੍ਰਿਤੀ ਨੂੰ ਸੁਰਜੀਤ ਕਰਨ ਦੇ ਉਪਰਾਲੇ ਆਰੰਭ ਦਿੱਤੇ । ਭੂਤ ਕਾਲ ਨੂੰ ਉਚਿਆਣ ਤੇ ਆਦਰਸਿਆਣ ਦੀ ਇਹ ਰੁਚੀ ਉਨ੍ਹਾਂ ਦਿਨਾਂ ਵਿਚ ਸਾਰੇ ਭਾਰਤ ਵਰਸ਼ ਵਿਚ ਹੀ ਕੰਮ ਕਰ ਰਹੀ ਸੀ । ਬੰਗਾਲ ਵਿਚ ਇਸਨੇ ਬ੍ਰਹਮੇ ਇਸ ਦੀ ਸ਼ਕਲ ਧਾਰਨ ਕੀਤੀ ਅਤੇ ਮੁਸਲਮਾਨਾਂ ਵਿਚ ਇਹ ਅਲੀਗੜ੍ਹ ਲਹਿਰ ਦੇ ਰੂਪ ਵਿਚ ਪ੍ਰਗਟ ਹੋਈ। ਇਸੇ ਤਰ੍ਹਾਂ ਪੰਜਾਬ ਦੇ ਹਿੰਦੂਆਂ ਵਿਚ ਆਰੀਆ ਸਮਾਜ ਲਹਿਰ ਤੇਆ ਵਿਚ ਸਿੰਘ ਸਭਾ ਲਹਿਰ ਦੀ ਸ਼ਕਲ ਵਿਚ ਇਹ ਰੁਚੀ ਪ੍ਰਤੱਖ ਹੋਈ ।

ਪੰਜਾਬ ਦੇ ਆਰੀਆ ਸਮਾਜੀ ਅੰਗਰੇਜ਼ ਵਿਰੋਧੀ ਸਨ । ਨਾਮਧਾਰੀਆਂ ਵਾਂਗ ਉਨ੍ਹਾਂ ਵੀ ਅੰਗਰੇਜ਼ੀ ਵਿਦਿਆ ਦੇ ਵਿਰੁੱਧ ਪ੍ਰਚਾਰ ਕੀਤਾ । ਪਰ ਬੰਗਾਲ ਵਿਚੋਂ ਅੰਗਰੇਜ਼ ਕਈ ਬਾਬੂਆਂ ਨੂੰ ਨੌਕਰ ਬਣਾ ਕੇ ਪੰਜਾਬ ਵਿਚ ਲੈ ਆਏ ਸਨ । ਉਹ ਬ੍ਰਹਮੋ ਸਮਾਜ ਦੇ ਪ੍ਰਭਾਵ ਆਪਣੇ ਨਾਲ ਲੈ ਆਏ। ਬ੍ਰਹਮੋ ਸਮਾਜੀਆਂ ਦਾ ਉਦੇਸ਼ ਪੁਰਾਣੀ ਸਭਿਅਤਾ ਨੂੰ ਆਦਰਸ਼ਿਆਉਣ ਦੇ ਨਾਲ ਨਾਲ ਅੰਗਰੇਜ਼ੀ ਵਿਦਿਆ ਪ੍ਰਾਪਤ ਕਰਨਾ ਵੀ ਸੀ। ਉੱਧਰ ਅਲੀਗੜ੍ਹ ਲਹਿਰ ਦੇ ਪ੍ਰਭਾਵ ਥੱਲੇ ਪੰਜਾਬ ਦੇ ਮੁਸਲਮਾਨ ਵੀ ਅੰਗਰੇਜ਼ੀ ਵਿਦਿਆ ਦੇ ਹੱਕ ਵਿਚ ਹੋ ਗਏ ਸਨ। ਸੋ ਆਰੀਆ ਸਮਾਜ ਦੇ ਬਾਨੀ, ਸਵਾਮੀ ਦਯਾਨੰਦ ਦੀ ਮ੍ਰਿਤੂ ਪਿਛੋਂ, ਆਰੀਆ ਸਮਾਜ ਦੇ ਇਕ ਧੜੇ ਨੇ, ਜਿਸਨੂੰ “ਕਾਲਜ-ਵਿਭਾਗ” ਕਿਹਾ ਜਾਂਦਾ ਹੈ, ਅੰਗਰੇਜ਼ੀ ਵਿਦਿਆ ਫੈਲਾਉਣ ਨੂੰ ਆਪਣੇ ਮਨੋਰਥਾਂ ਵਿਚ ਸ਼ਾਮਲ ਕਰ ਲਿਆ।

ਇਨ੍ਹਾਂ ਲਹਿਰਾਂ ਦਾ ਵੱਡਾ ਪ੍ਰਭਾਵ ਇਹ ਹੋਇਆ ਕਿ ਕੁਝ ਸਾਲਾਂ ਵਿਚ ਹੀ ਪੰਜਾਬ ਵਿਚ ਸੰਪਰਦਾਇਕ ਸਕੂਲਾਂ ਕਾਲਜਾਂ ਦਾ ਜਾਲ ਵਿਛ ਗਿਆ । ਹਿੰਦੂ ਹਿੰਦੀ ਤੇ ਸੰਸਕ੍ਰਿਤ, ਮੁਸਲਮਾਨ ਉਰਦੂ ਤੇ ਫ਼ਾਰਸੀ ਅਤੇ ਸਿੱਖ ਪੰਜਾਬੀ ਉਤੇ ਜ਼ੋਰ ਦੇਣ ਲੱਗ ਪਏ । ਅੰਗਰੇਜ਼ਾਂ ਨੇ ਇਸ ਵਖੇਵੇਂ ਨੂੰ ਹੋਰ ਹਵਾ ਦਿੱਤੀ ਕਿਉਂਕਿ ਬੋਲੀਆਂ ਤੇ ਧਰਮਾਂ ਦੇ ਵਖੇਵੇਂ ਜਿਉਂ ਜਿਉਂ ਵਧਦੇ ਸਨ ਉਨ੍ਹਾਂ ਦੇ ਰਾਜ ਦੀਆਂ ਜੜਾਂ ਤਿਉਂ ਤਿਉਂ ਪੱਕੀਆਂ ਹੁੰਦੀਆ ਸਨ ।

ਇਸ ਕਾਲ ਵਿਚ ਜੋ ਉੱਨ੍ਹੀਵੀਂ ਸਦੀ ਦੇ ਅੰਤ ਤੀਕ ਚਲਦਾ ਹੈ, “ਪੰਜਾਬ ਦੀ ਰਾਜਸੀ, ਸਮਾਜਕ, ਵਿਦਿਅਕ ਤੇ ਸਭਿਆਚਾਰਕ ਪ੍ਰਥਾ ਵਿਚ ਹੋਰ ਤਬਦੀਲੀਆਂ ਹੋਈਆਂ। 1860 ਵਿਚ ਮਹਿਕਮਾ ਤਾਲੀਮ ਦਾ ਦਫਤਰ ਪੰਜਾਬ ਵਿਚ ਖੁਲ੍ਹ ਗਿਆ, ਜਿਸਨੇ ਉਰਦੂ ਨੂੰ ਵਿਦਿਆ ਦਾ ਮਾਧਿਅਮ ਕਰਾਰ ਦਿੱਤਾ । 1864 ਵਿਚ ਓਰੀਐਂਟਲ ਕਾਲਜ ਲਾਹੌਰ ਖੋਲ੍ਹਿਆ ਗਿਆ ਜਿਥੇ ਡਾਕਟਰ ਲਾਈਟਨਰ ਦੇ ਉੱਦਮ ਨਾਲ ਪੰਜਾਬੀ ਦੀਆਂ ਪਹਿਲੀਆਂ ਜਮਾਤਾਂ 1877 ਵਿਚ ਚਾਲੂ ਕੀਤੀਆਂ ਗਈਆਂ । ਈਸਾਈ ਪਾਦਰੀਆਂ ਦੇ ਉੱਦਮ ਨਾਲ ਗੁਰਮੁਖੀ ਟਾਈਪ ਬਣਿਆ ਅਤੇ ਛਾਪੇਖਾਨਿਆਂ ਦਾ ਰਿਵਾਜ ਸਰੂ ਹੋਇਆ। 1894 ਵਿਚ ਭਾਈ ਮਈਆ ਸਿੰਘ ਜੀ ਤੋਂ ਪੰਜਾਬੀ ਅੰਗਰੇਜ਼ੀ ਕੋਸ਼ ਤਿਆਰ ਕਰਵਾਇਆ ਗਿਆ। ਪਹਿਲੋਂ 1873 ਵਿਚ ਅੰਮ੍ਰਿਤਸਰ ਵਿਖੇ ਸਿੰਘ ਸਭਾ ਕਾਇਮ ਹੋਈ, ਫਿਰ 1879 ਵਿਚ ਲਾਹੌਰ ਵਿਖੇ ਇਕ ਹੋਰ ਸਿੰਘ ਸਭਾ ਸਥਾਪਤ ਹੋਈ ਭਾਵੇਂ ਪਿਛੋ ਜਾ ਕੇ ਇਹ ਦੋਵੇਂ ਸਿੰਘ ਸਭਾਵਾਂ ਰਲ ਕੇ ਇਕ ਬਣ ਗਈਆਂ। 1880 ਵਿਚ ‘ਗੁਰਮੁਖੀ’ ਨਾਂ ਦਾ ਸਭ ਤੋਂ ਪਹਿਲਾ ਅਖ਼ਬਾਰ ਨਿਕਲਿਆ ਅਤੇ ਫਿਰ 1899 ਵਿਚ ਭਾਈ ਵੀਰ ਸਿੰਘ ਜੀ ਨੇ ‘ਖ਼ਾਲਸਾ ਸਾਮਜ਼ਾਰ` ਨਾਂ ਦਾ ਸਪਤਾਹਿਕ ਜਾਰੀ ਕੀਤਾ ਜੋ ਅੱਜ ਤੀਕ ਚਲ ਰਿਹਾ ਹੈ । 1892 ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਨੀਂਹ ਰੱਖੀ ਗਈ ।”

ਇਨ੍ਹਾਂ ਤੇਜੀ ਨਾਲ ਵਾਪਰ ਰਹੀਆਂ ਤਬਦੀਲੀਆਂ ਦੇ ਕਾਰਨ ਹੀ ਅਸਾਂ ਉੱਨੀਵੀਂ ਸਦੀ ਦੇ ਦੂਜੇ ਪੰਜਾਹੇ ਨੂੰ ਪਰਿਵਰਤਨ ਕਾਲ ਦਾ ਨਾਂ ਦੇਣਾ ਮੁਨਾਸਬ ਸਮਝਿਆ ਹੈ ਕਿਉਂਕਿ ਇਸ ਸਮੇਂ ਵਿਚ ਸਾਡੇ ਸਾਹਿਤ ਤੋਂ ਪਿਛਲੀ ਕੁੰਜ ਲੱਥੀ ਤੇ ਪੱਛਮੀ ਰੰਗ ਵਾਲੀ ਨਵੀਂ ਕੁੰਜ ਚੜ੍ਹੀ । ਇਹ ਸਮਾਂ ਬੁਰਜ਼ਵਾ ਨਜ਼ਾਮ ਦੇ ਉਥਾਨ ਤੇ ਸਾਮੰਤੀ ਨਜਾਮ ਦੇ ਪਤਨ ਅਤੇ ਪੇਂਡੂ ਸਭਿਅਤਾ ਦੇ ਖੇਰੂੰ ਖੇਰੂੰ ਹੋਣ ਅਤੇ ਸ਼ਹਿਰੀ ਸਭਿਅਤਾ ਦੇ ਵਿਕਾਸ ਦਾ ਹੈ। ਇਹੋ ਕਾਰਨ ਹੈ ਕਿ ਇਨ੍ਹਾਂ ਪੰਜਾਹ ਸਾਲਾਂ ਵਿਚ ਬੰਬਈ, ਮਦਰਾਸ ਤੇ ਕਲਕੱਤੇ ਵਰਗੇ ਸ਼ਹਿਰ ਜੇ ਪਹਿਲੋਂ ਭਾਰਤ ਦੇ ਪਿੰਡੇ ਉਤੇ ਨੁਕਤਿਆਂ ਤੋਂ ਵੱਧ ਹੈਸੀਅਤ ਨਹੀਂ ਸਨ ਰੱਖਦੇ, ਬੁਰਜ਼ਵਾ ਸਭਿਅਤਾ ਦੇ ਵਿਕਾਸ ਨਾਲ ਵੱਧ ਕੇ ਅਤੇ ਵੱਡੇ ਸ਼ਹਿਰਾਂ ਦਾ ਰੂਪ ਧਾਰਨ ਕਰ ਗਏ ਪਰ ਅੰਗਰੇਜ਼ੀ ਨੇ ਸਾਮੰਤਸ਼ਾਹੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਮੁਨਾਸਬ ਨਾ ਸਮਝਿਆ ਅਤੇ ਸੈਕੜੇ ਨਿੱਕੀਆਂ ਵੱਡੀਆਂ ਰਿਆਸਤਾਂ ਤੇ ਰਜਵਾੜਾਸ਼ਾਹੀਆਂ ਨੂੰ ਆਪਣੇ ਲਾਭ ਹਿੱਤ, ਕਾਇਮ ਰਹਿਣ ਦਿੱਤਾ । ਇਹੋ ਕਾਰਨ ਹੈ ਕਿ ਇਸ ਪੰਜਾਹੇ ਵਿਚ ਪੰਜਾਬੀ ਵਾਰਤਕ ਤੇ ਕਵਿਤਾ ਨੇ ਭਾਵੇਂ ਸਾਹਿਤ ਦੇ ਆਧੁਨਿਕ ਰੂਪਾਂ ਨੂੰ ਧਾਰਨ ਕਰ ਲਿਆ, ਪਰ ਵਸਤੂ ਉਤੇ ਸਾਮੰਤੀ ਪ੍ਰਭਾਵਾਂ ਦੀ ਛਾਪ ਉਸੇ ਤਰ੍ਹਾਂ ਕਾਇਮ ਰਹੀ।

(ੳ) ਕਾਵਿ-ਸਾਹਿਤ

ਇਸ ਵੇਲੇ ਤਕ ਪੰਜਾਬੀ ਕਵਿਤਾ ਦੇ ਕਰਤੱਵ ਦਾ ਪਾਲਨ, ਬਹੁਤ ਕਰ ਕੇ, ਮੁਸਲਮਾਨ ਕਵੀ ਹੀ ਕਰਦੇ ਰਹੇ ਸਨ । ਸਿੱਖ ਦੇ ਤਿੰਨ ਸਦੀਆਂ ਤੋਂ ਰਾਜਸੀ ਘੋਲਾਂ ਵਿਚ ਰੁੱਝੇ ਰਹੇ ਸਨ। ਸੋ, ਉਹ ਕਵਿਤਾ ਆਦਿ ਵੱਲ ਬਹੁਤਾ ਧਿਆਨ ਨਹੀਂ ਸਨ ਦੇ ਸਕੇ, ਹਿੰਦੂਆਂ ਨੇ ਵੀ ਇਸ ਪਾਸੇ ਵੱਲ ਘੱਟ ਹੀ ਧਿਆਨ ਕੀਤਾ ਸੀ । ਇਸ ਸਮੇਂ ਵਿਚ ਚਲੀਆਂ ਅੱਧੀਆਂ ਧਾਰਮਿਕ ਤੇ ਅੱਧੀਆਂ ਸਭਿਆਚਾਰਕ ਲਹਿਰਾਂ ਨੇ “ਪਿਉਦਾਦੇ ਦੇ ਖ਼ਜ਼ਾਨੇ ਨੂੰ ਫੋਲਣ” ਦੀ ਜੋ ਪ੍ਰਥਾ ਚਲਾਈ ਉਸਨੇ ਹਿੰਦੂਆਂ ਤੇ ਸਿੱਖਾਂ ਨੂੰ ਮੁੜ ਕੇ ਸਾਹਿਤ-ਰਚਨਾ ਵੱਲ ਪ੍ਰੇਰਿਆ । ਇਹੋ ਕਾਰਨ ਹੈ ਕਿ ਇਸ ਪੰਜਾਹੇ ਵਿਚ ਕਈ ਹਿੰਦੂ ਤੇ ਸਿੱਖ ਕਵੀ ਪੈਦਾ ਹੋ ਗਏ ਜਿਵੇਂ ਕਿ ਸਾਧੂ ਸਦਾ ਰਾਮ, ਸਾਧੂ ਦਯਾ ਸਿੰਘ, ਸਾਧੂ ਈਸ਼ਰ ਦਾਸ, ਭਗਵਾਨ ਸਿੰਘ, ਲਾਹੌਰਾ ਸਿੰਘ, ਦੌਲਤ ਰਾਮ, ਕਿਸ਼ਨ ਸਿੰਘ ਆਰਿਫ, ਸੰਤਰੇਣ, ਗਿਆਨੀ ਦਿੱਤ ਸਿੰਘ, ਗੰਗਾ ਰਾਮ ਤੇ ਕਾਲੀਦਾਸ ਗੁਜਰਾਂਵਾਲੀਆ ਆਦਿ। ਇਨ੍ਹਾਂ ਵਿਚੋਂ ਕੁਝ ਕਵੀਆਂ ਨੇ ਪ੍ਰੀਤ-ਕਿੱਸੇ ਵੀ ਲਿਖੇ ਹਨ ਪਰ ਬਹੁਤਿਆਂ ਨੇ ਪੁਨਰ ਜੀਵਨ (Revivalism) ਦੀ ਲਹਿਰ ਦੇ ਅਧੀਨ ਪੁਰਾਤਨ ਹਿੰਦੂ ਮਹਾਂਪੁਰਸ਼ਾਂ, ਸੂਰਬੀਰਾਂ ਤੇ ਨਾਇਕਾਂ ਬਾਰੇ ਕਿੱਸੇ ਲਿਖੇ ਜਿਵੇਂ ਕਿ ਗੋਪੀ ਚੰਦ, ਭਰਥਰੀ ਹਰੀ, ਰਾਜਾ ਰਸਾਲੂ, ਪੂਰਨ ਭਗਤ, ਧੂ ਭਗਤ, ਹਕੀਕਤ ਰਾਏ ਆਦਿ। ਕਿੱਸਿਆਂ ਦੇ ਇਲਾਵਾ ਇਨ੍ਹਾਂ ਸਾਧੂ-ਕਵੀਆ ਨੇ ਸੂਫ਼ੀ ਪ੍ਰਥਾ ਦੇ ਮੁਕਾਬਲੇ ਵਿਚ, ਵੇਦਾਂਤੀ ਵਿਚਾਰਾਂ ਦਾ ਪ੍ਰਚਾਰ ਕਾਫ਼ੀਆਂ, ਸੀਹਰਫ਼ੀਆਂ, ਪੈਂਤੀਸ ਅੱਖਰੀਆਂ, ਪੱਤਲਾਂ, ਜੰਝਾਂ, ਚਰਖਿਆਂ, ਕੁੰਡਲੀਆਂ, ਦੋਹੜਿਆਂ, ਸਤਵਾਰਿਆਂ, ਅਠਵਾਰਿਆਂ ਅਤੇ ਮਾਝਾਂ ਆਦਿ ਦੇਸੀ ਕਾਵਿ-ਰੂਪਾਂ ਰਾਹੀਂ ਕੀਤਾ।

ਇਸ ਸਮੇਂ ਪੰਜਾਬੀ ਕਵਿਤਾ ਵਿਚ ਇਕ ਹੋਰ ਪ੍ਰਥਾ ਦਾ ਪ੍ਰਵੇਸ਼ ਵੀ ਹੋਇਆ, ਮੌਲਾਨਾ ਮੁਹੰਮਦ ਹੁਸੈਨ ਆਜ਼ਾਦ, ਮਹਿਕਮਾ ਤਾਲੀਮ, ਪੰਜਾਬ ਦੇ ਦਫਤਰ ਵਿਚ ਮੁਲਾਜ਼ਮ ਆਣ ਹੋਏ, ਉਨ੍ਹਾਂ ਨੇ ਪੰਜਾਬ ਵਿਚ ਉਰਦੂ ਨੂੰ ਹਰਦਿਲ ਅਜ਼ੀਜ਼ ਬਣਾਉਣ ਲਈ, ਮੁਸ਼ਾਇਰਿਆਂ ਦਾ ਰਿਵਾਜ ਸ਼ੁਰੂ ਕੀਤਾ। ਇਸ ਦਾ ਅਸਰ ਪੰਜਾਬੀ ਕਵਿਤਾ ਉਤੇ ਵੀ ਪਿਆ ਅਤੇ ਉਨ੍ਹਾਂ ਨੇ ਨਿਰੋਲ ਪੰਜਾਬੀ ਦੇ ਮੁਸ਼ਾਇਰੇ ਵੀ ਸ਼ੁਰੂ ਕਰ ਦਿੱਤੇ। ਇਉਂ ਪੰਜਾਬ ਵਿਚ ਉਸਤਾਦੀ-ਸ਼ਾਗਿਰਦੀ ਦੇ ਕਈ ਸਿਲਸਿਲੇ ਕਾਇਮ ਹੋ ਗਏ ਜਿਨ੍ਹਾਂ ਵਿਚੋਂ ਪਿਆਰੇ ਸਾਹਿਬ, ਮੌਲਵੀ ਫਰੀਦੁਦੀਨ ਮੁਜੰਗੀ ਤੇ ਬਾਬਾ ਸਾਦਕ ਦੇ ਸਕੂਲ ਪ੍ਰਸਿੱਧ ਹਨ। ਇਸ ਦੇ ਦੋ ਲਾਭ ਹੋਏ : ਇਕ ਤਾਂ ਪੰਜਾਬੀ ਕਵਿਤਾ ਆਮ ਲੋਕਾਂ ਵਿਚ ਮਕਬੂਲ ਹੋਣ ਲਗ ਪਈ, ਦੂਜੇ ਕਵਿਤਾ ਦੇ ਰੂਪ ਵਲ ਵਧੇਰੇ ਧਿਆਨ ਦਿੱਤਾ ਜਾਣ ਲੱਗ ਪਿਆ।

ਸੱਯਦ ਫਜ਼ਲ ਸ਼ਾਹ (1827-1890)

ਇਲ ਸ਼ਾਹ ਦਾ ਜਨਮ ਨਵਾਂ ਕੋਟ (ਲਾਹੌਰ) ਵਿਚ ਹੋਇਆ । ਉਸ ਦੇ ਪਿਤਾ ਦਾ ਨਾਂ ਸੱਯਦ ਕੁਤਬ ਸ਼ਾਹ ਸੀਈ ਇਕ ਮੁਟਿਆਰ ਨਾਲ ਇਸ਼ਕ ਹੋ ਜਾਣ ਦੇ ਕਾਰਨ ਮਾਇਆ। ਉਸਾਰੇ ਖੇਤ ਕੇ ਘਰੋਂ ਕੱਢ ਦਿੱਤਾ। ਉਹ ਕਾਈ ਨੇ ਨਸਲ ਕਮਿਸ਼ਨਰ ਲਾਹੌਰ ਦੇ ਮਹਿਕਮੇ ਵਿਚ ਦਲ ਮਪਿਆਂ ਨੇ ਮਾਰ ਕੁੱਟ ਕੇ ਘਅਤੇ ਅੰਤ 11 ਫਰਵਰੀ 1890 ਨੂੰ ਰਾਮ ਨੂੰ ਪਿਆਰਾ ਹੋ ਗਿਆ।

ਉਸ ਦੀ ਸਭ ਤੋਂ ਪਹਿਲੀ ਪੁਸਤਕ ਦਾ ਨਾਂ ‘ਤੁਹਵਾਏ ਫਜ਼ਲ’ ਹੈ । ਫਜ਼ਲ ਸ਼ਾਹ ਨੇ ਭਾਵੇਂ ਹੀਰ ਰਾਂਝਾ, ਸੱਸੀ ਪੁੰਨੂੰ, ਲੈਲਾ ਮਜਨੂੰ ਤੇ ਯੂਸਫ਼ ਜੁਲੇਖਾਂ ਆਦਿ ਕਿੱਸੇ ਵੀ ਲਿਖੇ ਪਰ ਉਸ ਦਾ ਸੋਹਣੀ ਮਹੀਂਵਾਲ ਦਾ ਕਿੱਸਾ ਹੀ ਸਭ ਤੋਂ ਵੱਧ ਕੇ ਮਕਬੂਲ ਹੋਇਆ । ਫ਼ਾਰਸੀ ਤੇ ਅਰਬੀ ਦਾ ਵਿਦਵਾਨ ਹੋਣ ਦੇ ਕਾਰਨ ਉਸ ਦੀ ਕਵਿਤਾ ਵਿਚ ਔਖੇ ਸ਼ਬਦਾਂ ਦੀ ਭਰਮਾਰ ਹੈ, ਹਰਨਾਮ ਸਿੰਘ ਸ਼ਾਨ ਦੇ ਸ਼ਬਦਾਂ ਵਿਚ ਫਜ਼ਲ ਸ਼ਾਹ ਸਭ ਤੋਂ ਵੱਡਾ ‘ਸ਼ਬਦ-ਕਲੋਲੀ’ ਹੈ, ਉਹ ਸ਼ਬਦ ਅਲੰਕਾਰਾਂ ਦੀ ਬਹੁਤ ਵਰਤੋਂ ਕਰਦਾ ਹੈ ਜਿਸ ਨੇ ਉਸ ਦੀ ਕਵਿਤਾ ਨੂੰ ਰੁੱਖਾ ਤੇ ਬੋਝਲ ਬਣਾ ਦਿੱਤਾ ਹੈ।

ਮੀਆਂ ਮੁਹੰਮਦ ਬਖ਼ਸ਼ (1829-1906)

ਮੀਆਂ ਸਾਹਿਬ ਦਾ ਜਨਮ ਜਿਹਲਮ ਦੇ ਇਕ ਪਿੰਡ ‘ਠਾਕਰ’ ਵਿਚ ਹੋਇਆ। ਆਪ ਦਾ ਸਿਲਸਿਲਾ ਹਜ਼ਰਤ ਉਮਰ ਨਾਲ ਜਾ ਮਿਲਦਾ ਹੈ। ਆਪ ਦੇ ਪਿਤਾ ਪੀਰ ਦਮੜੀ ਵਾਲਾ ਦੇ ਗੱਦੀਦਾਰ ਸਨ । ਇਸੇ ਕਾਰਨ ਮੀਆਂ ਸਾਹਿਬ ਨੇ ਸਾਰੀ ਉਮਰ ਇਕ ਫੱਕਰ ਵਾਂਗ ਗੁਜ਼ਾਰ ਦਿੱਤੀ। ਆਪ ਨੇ ਸੋਹਣੀ ਮਹੀਂਵਾਲ, ਸ਼ੀਰੀਂ ਫਰਹਾਦ, ਮਿਰਜ਼ਾ ਸਾਹਿਬਾਂ ਆਦਿ ਕਈ ਕਿੱਸੇ ਲਿਖੇ ਪਰ ਉਨ੍ਹਾਂ ਦੇ ਨਾਂ ਨੂੰ ਜੀਉਂਦਿਆਂ ਰੱਖਣ ਵਾਲੀ ਰਚਨਾ ‘ਸੈਫੁਲ ਮਲੂਕ’ ਦਾ ਕਿੱਸਾ ਹੈ। ਇਹ ਕਿੱਸਾ ਆਪ ਨੇ ਦਵਈਆ ਛੰਦ ਵਿਚ ਰਚਿਆ ਹੈ ਜਿਸ ਵਿਚ ਇਕ ਸ਼ਾਹਜ਼ਾਦੇ ਤੇ ਪਰੀ ਦੀ ਕਹਾਣੀ ਨੂੰ ਕਲਮਬੰਦ ਕੀਤਾ ਹੈ । ਬੋਲੀ ਦੀ ਠੇਠਤਾ’ਤੇ ਰਵਾਨੀ ਵਿਚ ਪੰਜਾਬੀ ਦਾ ਕੋਈ ਵਿਰਲਾ ਕਿੱਸਾ ਹੀ ਸੈਫੁਲ ਮਲੂਕ ਨੂੰ ਅਪੜਦਾ ਹੈ ।

ਭਾਈ ਭਗਵਾਨ ਸਿੰਘ

ਭਾਈ ਭਗਵਾਨ ਸਿੰਘ ਵੀਰੋਜ਼ਪੁਰ ਦੇ ਪਿੰਡ ਮਰ੍ਹਾਜ ਦਾ ਵਸਨੀਕ ਸੀ । ਉਸ ਨੇ ਕਿੱਸਿਆਂ ਨੂੰ ਬੈਂਤ ਤੇ ਦਵਈਆ ਆਦਿ ਛੰਦਾਂ ਦੀ ਪ੍ਰਥਾ ਵਿਚੋਂ ਕੱਢ ਕੇ ਮਾਲਵੇ ਦੇ ਪੁਰਾਤਨ ਕਵੀਸ਼ਰਾਂ ਵਾਂਗ ਦੋਹਰਿਆਂ ਤੇ ਕਬਿੱਤਾਂ ਆਦਿ ਛੰਦ ਰੂਪਾਂ ਵਿਚ ਬੰਨ੍ਹਿਆ । ਭਗਵਾਨ ਸਿੰਘ ਨੇ ਹੀਰ ਰਾਂਝਾ, ਸੋਹਣੀ ਮਹੀਂਵਾਲ ਦੇ ਕਿੱਸੇ ਵੀ ਲਿਖੇ ਹਨ ਪਰ ਇਹ ਉਸ ਦੇ ਕਿੱਸਾ ਹੀਰ ਤੇ ਚਿੱਠਾ ਜੀਉਣਾ ਮੌੜ ਜਿਤਨੇ ਲੋਕ-ਪ੍ਰਿਯ ਨਹੀਂ ਹੋ ਸਕੇ ।

ਹਦਾਇਤੁੱਲਾ

ਹਦਾਇਤੁਲਾ, ਗਲੀ ਚਾਬਕ ਸਵਾਰਾਂ, ਲਾਹੌਰ ਦਾ ਰਹਿਣਾ ਵਾਲਾ ਸੀ । ਕੰਮ ਦਰਜ਼ੀਆਂ ਦਾ ਕਰਦਾ ਸੀ। ਉਹ ਆਪਣੀ ਸੀਹਰਫੀ ਵਿਚ ਲਿਖਦਾ ਹੈ ‘ਕੰਮ ਦਰਜ਼ੀ ਦਾ ਕਰੇ ਹਦਾਇਤੁੱਲਾ, ਗਲੀ ਚਾਬਕ ਸਵਾਰਾਂ ਦੀ ਵਸਦਾ ਜੇ।’ ਉਹ ਲਾਹੌਰ ਦੇ ਪ੍ਰਸਿੱਧ ਉਸਤਾਦ ਪਿਆਰੇ ਸਾਹਿਬ ਦੇ ਪੁੱਤਰ ਵਲੀ ਅੱਲਾ ਸੱਜਨ ਦਾ ਸ਼ਾਗਿਰਦ ਸੀ । ਉਸ ਨੇ ਹੋਰ ਕਵੀਆਂ ਵਾਂਗ ਕੋਈ ਲੰਬਾ ਕਿੱਸਾ ਨਹੀਂ ਲਿਖਿਆ। ਹਾਂ, ਵਾਰਸ ਸ਼ਾਹ ਦੀ ਹੀਰ ਵਿਚ ਦੋ ਢਾਈ ਸੌ ਸ਼ਿਅਰ ਆਪਣੇ ਕੋਲੋਂ ਲਿਖ ਕੇ ਜ਼ਰੂਰ ਵਧਾਏ ਹਨ । ਉਸ ਦੇ ਆਪਣੇ ਨਾਂ ਥੱਲੇ ਛਪੇ ਹੋਏ ਕਲਾਮ ਵਿਚ ਗਿਆਰਾਂ ਸੀਹਰਫੀਆਂ ਤੇ ਇਕ ਬਾਰਾਂਮਾਹ ਮਿਲਦਾ ਹੈ, ਕਵੀ ਨੇ ਆਪਣੀ ਰਚਨਾ 1866 ਦੇ ਲਾਗੇ ਚਾਗੇ ਕੀਤੀ ਹੈ।

ਹਦਾਇਤੁੱਲਾ ਦਾ ਮੁੱਖ ਵਿਸ਼ਾ ਇਸ਼ਕ ਹੈ : ਉਸ ਨੇ ਇਸ਼ਕ ਦੇ ਹੋਰ ਮੁਕਾਮਾਂ ਦਾ ਬਿਆਨ ਵੀ ਕੀਤਾ ਹੈ ਪਰ ਬਿਰਹੋਂ ਦੀਆ ਕਸਕਾਂ ਤੇ ਪੀੜਾਂ ਦਾ ਵਰਣਨ ਬਹੁਤ ਉੱਤਮ ਹੈ :

ਜੈਠ ਮਹੀਨੇ ਹੇਠ ਗਮਾਂ ਦੇ ਸੱਥਰ ਵਾਂਗ ਵਿਛਾਈਆਂ ਮੈਂ ।

ਬਿਰਹੋ ਜਦ ਲਗਾ ਲੜ ਮੇਰੇ ਵਾਂਗ ਕਣਕ ਦੇ ਗਾਹੀਆਂ ਮੈਂ ।

ਸਿਰ ਤੇ ਜੋਗ ਗਮਾਂ ਦੀ ਫਿਰਦੀ ਜੁਦਾ ਜੁਦਾ ਕਰਵਾਈਆਂ ਮੈਂ ।

ਆਖ ਹਦਾਇਤ ਇਸ਼ਕ ਤੇਰੇ ਨੇ ਛੱਜੀਂ ਪਾ ਉਡਾਈਆਂ ਮੈਂ ।

ਮੁਹੰਮਦ ਬੂਟਾ

ਮੁਹੰਮਦ ਬੂਟਾ ਗੁਜਰਾਤ ਦਾ ਰਹਿਣਾ ਵਾਲਾ ਸੀ, ਉਸਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਤਿੰਨ ਸਾਲ ਪਹਿਲਾਂ ਹੋਇਆ। ਭਾਵੇਂ ਮੁਹੰਮਦ ਬੂਟੇ ਨੇ ਸ਼ੀਰੀਂ ਫਰਿਹਾਦ ਦਾ ਕਿੱਸਾ ਵੀ ਲਿਖਿਆ ਹੈ ਪਰ ਉਸ ਦੀ ਵੱਡੀ ਪ੍ਰਸਿੱਧਤਾ ‘ਪੰਜ ਗੰਜ’ ਨਾਲ ਹੋਈ। ਇਸ ਵਿਚ ਕਵੀ ਦੀਆਂ ਪੰਜ ਸੀਹਰਫ਼ੀਆਂ ਹਨ ਜਿਨ੍ਹਾਂ ਦਾ ਮੁੱਖ-ਵਿਸ਼ਾ ਮਾਰਫਤ ਹੈ। ਬੂਟੇ ਦੇ ਵਿਚਾਰ ਵਿਚ ਅਕਲ ਨਾਲੋਂ ਇਸ਼ਕ ਦਾ ਰਾਹ ਚੰਗੇਰਾ ਹੈ, ਭਾਵੇਂ ਅਤਿ ਬਿਖੜਾ ਤੇ ਦੁਰਗਮ ਹੈ। ਹੋਰ ਸੂਫ਼ੀ ਕਵੀਆਂ ਤੋਂ ਉਲਟ ਬੂਟੇ ਨੇ ਆਪਣੇ ਸੂਫ਼ੀ ਵਿਚਾਰਾਂ ਦੇ ਪ੍ਰਗਟਾਅ ਲਈ ਬੈਂਤ ਨੂੰ ਚੁਣਿਆ ਹੈ ।

ਕਿਸ਼ਨ ਸਿੰਘ ਆਰਿਫ

ਆਰਿਫ਼ ਪਰਿਵਰਤਨ ਕਾਲ ਦਾ ਇਕ ਹੋਰ ਪ੍ਰਸਿੱਧ ਕਵੀ ਹੈ । ਉਹਦੇ ਪਿਤਾ ਦਾ ਨਾਂ ਨਾਰਾਇਣ ਸਿੰਘ ਸੀ । ਉਹ ਅੰਮ੍ਰਿਤਸਰ ਵਿਚ ਚਿੱਟੇ ਅਖਾੜੇ ਲਾਗੇ ਰਹਿੰਦਾ ਤੇ ਕਿਤਾਬਾਂ ਵੇਚਣ ਦਾ ਕੰਮ ਕਰਦਾ ਸੀ । ਉਹ ਗੁਲਾਬ ਦਾਸੀ ਸੰਪਰਦਾ ਦੇ ਸੰਚਾਲਕ ਸੰਤ ਗੁਲਾਬ ਸਿੰਘ ਦਾ ਚੇਲਾ ਸੀ।

ਕਿਸ਼ਨ ਸਿੰਘ ਆਰਿਫ ਨੇ ਬਹੁਤ ਲਿਖਿਆ ਹੈ, ਹੀਰ ਰਾਂਝਾ, ਸੀਰੀਂ ਫਰਿਹਾਦ, ਪੂਰਨ ਭਗਤ, ਭਰਤਰੀ ਹਰੀ, ਰਾਜਾ ਰਸਾਲੂ, ਦੁੱਲਾ ਭੱਟੀ ਨਾਮਕ ਕਿੱਸਿਆਂ ਦੇ ਇਲਾਵਾ ਉਸ ਨੇ ਅਨੇਕ ਕੋਰੜੇ, ਕੁੰਡਲੀਏ, ਖਟਪਦੇ, ਬਾਰਾਮਾਂਹ, ਸਤਵਾਰੇ, ਹੋਲੀਆਂ, ਸੀਹਰਫੀਆਂ ਤੇ ਕਾਫੀਆਂ ਵੀ ਲਿਖੀਆਂ ਹਨ। ਸੋ ਉਸ ਦੀ ਕਵਿਤਾ ਕੇਵਲ ਅਕਾਰ ਵਿਚ ਹੀ ਬਹੁਤੀ ਨਹੀਂ, ਉਸ ਵਿਚ ਰੂਪਕ ਭਿੰਨਤਾ ਵੀ ਬਹੁਤ ਹੈ।

ਕਿਸ਼ਨ ਸਿੰਘ ਦੇ ਵਿਚਾਰ ਗੁਰਮਤਿ, ਤਸਵਫ ਤੇ ਵੇਦਾਂਤ ਦਾ ਮਿਲਗੋਭਾ ਹਨ। ਭਾਵੇਂ ਆਪਣੇ ਕਿੱਸਿਆਂ ਵਿਚ ਉਸ ਨੇ ਹੁਸਨ ਇਸ਼ਕ ਦਾ ਵਰਣਨ ਵੀ ਕੀਤਾ ਹੈ ਪਰ ਬਹੁਤ ਜ਼ੋਰ ਉਸ ਨੇ ਗਿਆਨ ਉਤੇ ਹੀ ਦਿੱਤਾ ਹੈ। ਉਹ ਜਜ਼ਬੇ ਦੀ ਘਾਟ ਨੂੰ ਗਿਆਨ ਦੀ ਚਾਟ ਨਾਲ ਪੂਰਾ ਕਰਦਾ ਹੈ, ਇਉਂ ਉਸ ਦੀ ਰਚਨਾ ਗਿਆਨ, ਅਖੌਤਾਂ, ਸਚਿਆਈਆਂ ਤੇ ਤੱਤਾਂ ਦੀ ਪੋਟਲੀ ਬਣ ਕੇ ਹੀ ਰਹਿ ਜਾਂਦੀ ਹੈ । ਆਰਿਫ ਦਾ ਗਿਆਨ ਪ੍ਰਮਾਰਥਕ ਛਾਪ ਵਾਲਾ ਹੀ ਸੀ । ਸਮਾਜਕ ਤੇ ਰਾਜਸੀ ਤੌਰ ਤੇ ਉਹ ਬੜਾ ਘੱਟ ਚੇਤੰਨ ਸੀ । ਇਹੋ ਕਾਰਨ ਹੈ ਕਿ ਉਸ ਨੇ ਆਪਣੇ ਹੀਰ ਦੇ ਕਿੱਸੇ ਵਿਚ ਰਾਣੀ ਜਿੰਦਾਂ ਨੂੰ ਨਿੰਦਿਆ ਹੈ ਅਤੇ ਅੰਗਰੇਜ਼ੀ ਰਾਜ ਦੇ ਤਪ ਤੇਜ ਦੀ ਮਹਿਮਾ ਕੀਤੀ ਹੈ। ਆਰਿਫ ਨੇ ਹੀਰ ਦਾ ਕਿੱਸਾ 1889 ਈ: ਵਿਚ ਸਮਾਪਤ ਕੀਤਾ।

ਗੁਲਾਮ ਰਸੂਲ

ਗੁਲਾਮ ਰਸੂਲ ਹੁਸ਼ਿਆਰਪੁਰ ਦੀ ਗੁੱਠ ਦਸੂਹੇ ਦਾ ਰਹਿਣ ਵਾਲਾ ਸੀ । ਉਹ ਫ਼ਾਰਸੀ ਅਰਬੀ ਦਾ ਚੰਗਾ ਵਿਦਵਾਨ ਸੀ । ਸੀਹਰਫੀਆਂ, ਯੂਸਫ ਜੁਲੈਖਾਂ ਤੇ ਚਿੱਠੀਆਂ ਉਸਦੀਆਂ ਪ੍ਰਸਿੱਧ ਰਚਨਾਵਾਂ ਹਨ। ਚਿੱਠੀਆਂ ਦੀ ਬੋਲੀ ਬੜੀ ਮਿੱਠੀ ਤੇ ਰਸਦਾਰ ਹੈ । ਕਿੱਸਾ ਯੂਸਫ਼ ਜੁਲੈਖਾਂ ਵਿਚ ਵਿਸ਼ੇਸ਼ ਕਰ ਕੇ ਉਪਮਾ ਤੇ ਰੂਪਕ ਅਲੰਕਾਰਾਂ ਦੀ ਭਰਮਾਰ ਹੈ ।

ਸਾਧੂ ਦਯਾ ਸਿੰਘ

ਉੱਨ੍ਹੀਵੀਂ ਸਦੀ ਦੇ ਦੂਜੇ ਅੱਧ ਵਿਚ ਸੂਫ਼ੀ ਵਿਚਾਰਾਂ ਦੇ ਮੁਕਾਬਲੇ ਵਿਚ ਵੇਦਾਂਤੀ ਵਿਚਾਰਾਂ ਦਾ ਜ਼ੋਰ ਵਧਣਾ ਸ਼ੁਰੂ ਹੋ ਗਿਆ ਸੀ। ਇਸ ਸਮੇਂ ਦੇ ਤਿੰਨ ਸਾਧ-ਕਵੀ ਪ੍ਰਸਿੱਧ ਹਨ : ਸੰਤ ਰੇਣ ਜੀ, ਈਸ਼ਰ ਦਾਸ ਜੀ ਤੇ ਸਾਧੂ ਦਯਾ ਸਿੰਘ ਜੀ । ਸਾਧੂ ਦਯਾ ਸਿੰਘ ਦੀਆਂ ਰਚਨਾਵਾਂ ਵਿਚੋਂ ‘ਫਨਾਹ ਦਾ ਮੁਕਾਮ’ ਪ੍ਰਸਿੱਧ ਹੈ। ਦਯਾ ਸਿੰਘ ਦੁਨੀਆ ਨੂੰ ਮਿਥਿਆ ਤੇ ਫ਼ਨਾਹ ਦਾ ਮੁਕਾਮ ਹੀ ਸਮਝਦਾ ਹੈ ਅਤੇ ਹੰਕਾਰ ਨੂੰ ਤਿਆਗ ਕੇ ਨਿਮਰਤਾ ਨੂੰ ਧਾਰਨ ਕਰਨ ਦਾ ਉਪਦੇਸ਼ ਦੇਂਦਾ ਹੈ । ਉਸ ਨੇ ਮੁਸਲਮਾਨ ਕਵੀਆਂ ਵਾਂਗ ਆਪਣੀਆਂ ਸੀਹਰਫ਼ੀਆਂ ਨੂੰ ਕੇਵਲ ਬੈਂਤਾਂ ਵਿਚ ਹੀ ਨਹੀਂ ਲਿਖਿਆ, ਸਗੋਂ ਤਾਟੰਕ ਛੰਦ ਦੀ ਵਰਤੋਂ ਵੀ ਕੀਤੀ ਹੈ। ਦਯਾ ਸਿੰਘ ਦੀ ਬੋਲੀ ਵਿਚ ਮੁਸਲਮਾਨ ਸੂਫ਼ੀਆਂ ਤੇ ਹਿੰਦੂ ਸਾਧਾਂ ਦੋਹਾਂ ਦੀ ਮਿਲਵੀਂ ਰੰਗਣ ਹੈ ।

ਪੰਡਤ ਮਾਲ ਸਿੰਘ ਕਾਲੀਦਾਸ(1865-1944)

ਆਪ ਦਾ ਜਨਮ 1922 ਬਿਕਰਮੀ ਵਿਚ ਗੁਜਰਾਂ ਵਾਲੇ ਵਿਖੇ ਹੋਇਆ। ਆਪ ਦੇ ਪਿਤਾ ਪੰਡਤ ਜੈ ਦਿਆਲ ਜੀ ਮਹਾਰਾਜਾ ਸ਼ੇਰ ਸਿੰਘ ਦੇ ਅਹਿਲਕਾਰ ਸਨ । ਸਤਾਰਾਂ ਸਾਲ ਦੀ ਉਮਰ ਵਿਚ ਆਪ ਦਾ ਗੁਰੂ ਘਰ ਨਾਲ ਪ੍ਰੇਮ ਹੋ ਗਿਆ ਅਤੇ ਆਪ ਅੰਮ੍ਰਿਤ ਪਾਨ ਕਰ ਕੇ ਮਾਨ ਸਿੰਘ ਬਣ ਗਏ ।

ਆਪ ਨੇ ਅਨੇਕ ਕਿੱਸੇ ਰਚੇ ਜਿਵੇਂ ਕਿ ਰੂਪ ਬਸੰਤ, ਰਾਜਾ ਹਰੀਚੰਦ, ਪੂਰਨ ਭਗਤ, ਗੋਪੀ ਚੰਦ, ਰਾਜਾ ਰਸਾਲੂ, ਹਕੀਕਤ ਰਾਏ, ਭੌਰ ਕਲੀ, ਪ੍ਰਹਿਲਾਦ ਭਗਤ ਆਦਿ । ਆਪ ਨੇ ਕਿੱਸਾਕਾਰੀ ਦੀ ਪ੍ਰਥਾ ਵਿਚ ਇਕ ਨਵਾਂ ਮੋੜ ਲਿਆਂਦਾ, ਉਨ੍ਹਾਂ ਤੋਂ ਪਹਿਲੇ ਕਿੱਸਿਆਂ ਦਾ ਮੁੱਖ ਵਿਸ਼ਾ ‘ਇਸ਼ਕ’ ਹੀ ਹੋਇਆ ਕਰਦਾ ਸੀ ਪਰ ਕਵੀ ਕਾਲੀ ਦਾਸ ਜੀ ਨੇ ਕਿੱਸਿਆਂ ਨੂੰ ਧਾਰਮਕ ਤੇ ਸਦਾਚਾਰਕ ਵਿਸ਼ਿਆਂ ਦਾ ਵਾਹਨ ਬਣਾਇਆ ।

ਦੌਲਤ ਰਾਮ

ਕਾਲੀਦਾਸ ਗੁਜਰਾਂਵਾਲੀਏ ਵਾਂਗ, ਦੌਲਤ ਰਾਮ ਨੇ ਵੀ ਇਸ਼ਕ ਹੁਸਨ ਦੇ ਕਿੱਸਿਆਂ ਨੂੰ ਛੱਡ ਕੇ ਧਾਰਮਕ ਤੇ ਪਰਮਾਰਥਕ ਕਥਾਵਾਂ ਨੂੰ ਹੀ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ । ਕਵੀ ਨੇ ਰਵਾਇਤੀ ਕਹਾਣੀਆਂ ਨੂੰ ਭਗਤੀ ਮਾਰਗ ਤੇ ਵੇਦਾਂਤੀ ਵਿਚਾਰਾਂ ਨੂੰ ਪ੍ਰਗਟਾਣ ਲਈ ਵਰਤਿਆ ਹੈ। ਦੋਲਤ ਰਾਮ ਦੇ ਪ੍ਰਸਿੱਧ ਕਿੱਸੇ ਪੂਰਨ ਭਗਤ ਰਾਜਾ ਰਸਾਲੂ, ਰੂਪ ਬਸੰਤ, ਰਾਜਾ ਸਰਪਾਲ, ਰਾਜਾ ਹਰੀ ਚੰਦ ਆਦਿ ਹਨ । ਕਵੀ ਨੇ ਰਾਜਾ ਰਸਾਲੂ ਦਾ ਕਿੱਸਾ ਬੈਂਤਾਂ ਵਿਚ ਲਿਖਿਆ ਹੈ। ਬੋਲੀ ਉਤੇ ਸਾਧ-ਭਾਖਾ ਦੀ ਰੰਗਣ ਪ੍ਰਤੱਖ ਹੈ । ਇਸ ਕਾਲ ਦੇ ਕੁਝ ਹੋਰ ਨਾਂ ਲੈਣ-ਜੋਗੇ ਕਵੀ ਬਰਦਾ, ਜੋਗ ਸਿੰਘ, ਲਾਹੌਰਾ ਸਿੰਘ ਤੇ ਸਾਧੂ ਈਸ਼ਰਦਾਸ ਹਨ।

(ਅ) ਵਾਰਤਿਕ ਸਾਹਿਤ

ਪਰਿਵਰਤਨ ਕਾਲ ਤੋਂ ਪਹਿਲੇ ਬਹੁਤੀ ਵਾਰਤਕ ਸਾਖੀਆਂ, ਗੋਸ਼ਟਾਂ, ਟੀਕਿਆਂ, ਹੁਕਮਨਾਮਿਆਂ, ਰਹਿਤਨਾਮਿਆਂ ਆਦਿ ਦੀ ਸ਼ਕਲ ਵਿਚ ਹੀ ਹੁੰਦੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਰਤਾ ਪੁਰਾਤਨ ਜਨਮ ਸਾਖੀ, ਅੱਡਣ ਸ਼ਾਹ ਤੇ ਭਾਈ ਮਨੀ ਸਿੰਘ ਆਦਿ ਨੇ ਪੰਜਾਬੀ ਵਾਰਤਕ ਦੀ ਸ਼ੈਲੀ ਨੂੰ ਕਾਫੀ ਸੁਲਝਾਇਆ ਪਰ ਅਜੇ ਤੀਕ ਸਪਸ਼ਟ, ਸੰਜਮ ਭਰੀ, ਵਿਗਿਆਨਕ ਗੇਂਦ ਹੋਂਦ ਵਿਚ ਨਹੀਂ ਸੀ ਆਈ ਪਰ ਪਰਿਵਰਤਨ ਕਾਲ ਦੇ ਗੇਂਦ ਲੇਖਕਾਂ ਦੇ ਉੱਦਮ ਨਾਲ ਵਾਰਤਕ ਦੀ ਸ਼ੈਲੀ ਵਿਚ ਢੇਰ ਉੱਨਤੀ ਹੋਈ ਅਤੇ ਇਸ ਵਿਚ ਆਧੁਨਿਕ ਵਾਰਤਕ ਦੇ ਲੱਛਣ ਪ੍ਰਗਟ ਹੋਣੇ ਸ਼ੁਰੂ ਹੋ ਗਏ।

ਸ਼ਰਧਾ ਰਾਮ ਫਿਲੌਰੀ

ਸਰਧਾ ਰਾਮ ਫਿਲੌਰੀ ਨੂੰ ਅਸੀਂ ਆਧੁਨਿਕ ਪੰਜਾਬੀ ਵਾਰਤਕ ਦਾ ਮੋਢੀ ਕਹਿ ਸਕਦੇ ਹਾਂ, ਉਨ੍ਹਾਂ ਦਿਨਾਂ ਵਿਚ ਅੰਗ੍ਰੇਜ ਪੰਜਾਬੀ ਭਾਸ਼ਾ ਨੂੰ ਸਿਖਣ ਦੀ ਤੀਬਰ ਲੋੜ ਅਨੁਭਵ ਕਰ ਰਹੇ ਸਨ, ਸੋ ਸੁਰਧਾ ਰਾਮ ਨੇ ਅੰਗ੍ਰੇਜ ਕਰਮਚਾਰੀਆਂ ਦੇ ਕਹਿਣ ਤੇ ਦੋ ਪੁਸਤਕਾਂ ਲਿਖੀਆਂ – ਸਿਖਾਂ ਦੇ ਰਾਜ ਦੀ ਵਿਥਿਆ ਤੇ ਪੰਜਾਬੀ ਬਾਤ ਚੀਤ। ਪਹਿਲੀ ਪੁਸਤਕ ਵਿਚ ਉਹਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਤ ਤੀਕ ਦਾ ਹਾਲ ਅੰਕਿਤ ਕੀਤਾ ਹੈ। ਦੂਜੀ ਪੁਸਤਕ ਵਿਚ ਉਸ ਨੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੀਆਂ ਉਪ ਭਾਖਾਵਾਂ ਵਿਚ ਲੋਕ-ਕਥਾਵਾਂ ਤੇ ਰਸਮ ਰੀਤਾਂ ਨੂੰ ਬਿਆਨ ਕੀਤਾ ਹੈ । ਦੁਆਬੇ ਦਾ ਵਸਨੀਕ ਹੋਣ ਕਰਕੇ ਉਸ ਦੀ ਵਾਰਤਕ ਵਿਚ ਦੁਆਬੀ ਦੀ ਮਿੱਸ ਪ੍ਰਤਖ ਨਜ਼ਰ ਆਉਂਦੀ ਹੈ।

ਗਿਆਨੀ ਗਿਆਨ ਸਿੰਘ

ਗਿਆਨੀ ਗਿਆਨ ਸਿੰਘ ਇਸ ਕਾਲ ਦਾ ਦੂਜਾ ਪ੍ਰਸਿੱਧ ਗੱਦਕਾਰ ਹੈ। ਉਸ ਦੀ ਵਾਰਤਕ ਸ਼ਰਧਾ ਰਾਮ ਨਾਲੋਂ ਵੱਧ ਸੁਲਝੀ ਹੋਈ ਤੇ ਆਧੁਨਿਕ ਹੈ। ਤਵਾਰੀਖ ਗੁਰੂ ਖਾਲਸਾ ਤੇ ਸ਼ਮਸ਼ੇਰ ਖ਼ਾਲਸਾ ਉਹਦੀਆਂ ਪ੍ਰਸਿੱਧ ਰਚਨਾਵਾਂ ਹਨ ਜਿਨ੍ਹਾਂ ਵਿਚ ਉਸਨੇ ਸਿੱਖ ਇਤਿਹਾਸ ਨੂੰ ਬੜੇ ਸਾਦਾ ਤੇ ਲੋਕ-ਪ੍ਰਿਯ ਢੰਗ ਨਾਲ ਅੰਕਿਤ ਕੀਤਾ ਹੈ।

ਬਿਹਾਰੀ ਲਾਲ ਪੁਰੀ

ਆਪ ਨੇ ਵਿਦਿਆ ਰਤਨਾਕਰ, ਚਰਿਤਾਵਲੀ ਤੇ ਅਨੇਕ ਦਰਸ਼ਨ ਆਦਿ ਪੁਸਤਕਾਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਲਿਖੀਆਂ, ਇਨ੍ਹਾਂ ਨੇ ਇਕ ਵਿਆਕਰਣ ਤੇ ਪਿੰਗਲ ਦੀ ਰਚਨਾ ਵੀ ਕੀਤੀ, ਆਪ ਦੀ ਬੋਲੀ ਬੜੀ ਸਰਲ ਤੇ ਵਿਆਕਰਣ-ਬੱਧ ਹੈ।

ਭਾਈ ਦਿੱਤ ਸਿੰਘ

ਆਪ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਸਨ, ਇਸ ਲਈ ਉਨ੍ਹਾਂ ਦੀਆਂ ਰਚਨਾਵਾਂ ਉਤੇ ਇਸ ਲਹਿਰ ਦਾ ਪ੍ਰਭਾਵ ਪੈਣਾ ਕੁਦਰਤੀ ਸੀ । ਆਪ ਓਰੀਐਂਟਲ ਕਾਲਜ, ਲਾਹੌਰ ਵਿਚ ਪੰਜਾਬੀ ਦੇ ਪ੍ਰੋਫੈਸਰ ਸਨ । ਕੁਝ ਚਿਰ ਖਾਲਸਾ ਅਖਬਾਰ ਦੇ ਸੰਪਾਦਕ ਵੀ ਰਹੇ । ਨੀਤੀ ਪ੍ਰਕਾਸ਼, ਧਰਮ ਦਰਪਨ, ਸ੍ਰੀ ਗੁਰੂ ਨਾਨਕ ਪ੍ਰਬੋਧ, ਆਰਤੀ ਪ੍ਰਬੋਧ, ਗੁਰੂ ਅਰਜਨ ਪ੍ਰਬੋਧ, ਗੁਰਬਾਣੀ ਪ੍ਰਬੋਧ, ਮੇਰਾ ਤੇ ਸਾਧੂ ਦਯਾ ਨੰਦ ਦਾ ਸੰਬਾਦ, ਦੁਰਗਾ ਪ੍ਰਬੋਧ, ਗੁਗਾ ਗਪੌੜਾ ਆਦਿ ਆਪ ਦੀਆਂ ਪ੍ਰਸਿੱਧ ਵਾਰਤਕ ਰਚਨਾਵਾਂ ਹਨ।.

ਡਾਕਟਰ ਚਰਨ ਸਿੰਘ

ਭਾਈ ਵੀਰ ਸਿੰਘ ਜੀ ਦੇ ਪਿਤਾ ਹੋਣ ਦੇ ਇਲਾਵਾ ਆਪ ਆਧੁਨਿਕ ਵਾਰਤਕ ਦੇ ਇਕ ਉੱਘੇ ਮੋਢੀ ਹੋਏ ਹਨ। ਮਹਾਰਾਣੀ ਸ਼ਰਾਬ ਕੌਰ, ਜੰਗ ਮੜੌਲੀ, ਬਾਣੀ ਬਿਉਰਾ ਤੇ ਹੀਰ ਭਾਈ ਗੁਰਦਾਸ ਨਾਮ ਦੀਆਂ ਪ੍ਰਸਿੱਧ ਰਚਨਾਵਾਂ ਹਨ। ਆਪ ਨੇ ਪੰਜਾਬੀ ਵਾਰਤਕ ਦਾ ਮੂੰਹ ਮੱਥਾ ਡੋਲਣ ਅਤੇ ਉਸਨੂੰ ਮਾਂਜ ਲਿਸ਼ਕਾ ਕੇ ਆਧੁਨਿਕ ਸ਼ਕਲ ਦੇਣ ਵਿਚ ਬਹੁਤ ਵੱਡਾ ਹਿੱਸਾ ਪਾਇਆ ਹੈ। ਆਪ ਦੀ ਵਾਰਤਕ ਰੋਮਾਂਚਕ ਤੇ ਫੈਲਰਵੀਂ ਨਹੀਂ, ਸਗੋਂ ਗੁੱਟ, ਸੰਘਣੀ ਤੇ ਰਸ-ਭਰੀ ਹੈ ।

ਬਾਬਾ ਰਾਮ ਸਿੰਘ

ਭਾਵੇਂ ਆਪ ਨੇ ਵਾਰਤਕ ਦੀ ਕੋਈ ਬਾਕਾਇਦਾ ਪੁਸਤਕ ਨਹੀਂ ਲਿਖੀ ਪਰ ਰੰਗੂਨ ਜੇਲ੍ਹ ਵਿਚੋਂ ਆਪ ਜੀ ਨੇ ਜੋ ਅਰਦਾਸਾਂ ਜਾਂ ਚਿੱਠੀਆਂ ਆਪਣੇ ਸਿੱਖਾਂ ਨੂੰ ਲਿਖੀਆਂ ਹਨ ਉਨ੍ਹਾਂ ਦੀ ਸ਼ੈਲੀ ਬੜੀ ਪ੍ਰਭਾਵ ਪਾਉਣ ਵਾਲੀ ਹੈ। ਇਹ ਚਿੱਠੀਆਂ ਗਿਣਤੀ ਵਿਚ 60 ਹਨ। ਕਰਨਲ ਭੋਲਾ ਨਾਥ ਕਰਤਾ ਲਾਹੌਰ ਦਾ ਇਤਿਹਾਸ, ਗਿਆਨੀ ਹਜ਼ਾਰਾ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਜੀ ਦੇ ਕੁਝ ਹੋਰ ਉੱਘੇ ਗੱਦ ਲੇਖਕ ਹੋਏ ਹਨ।

Leave a Comment

error: Content is protected !!