ਵਿਸਰ ਰਿਹਾ ਵਿਰਾਸਤੀ ਵਿਰਸਾ ਜਤਿੰਦਰ ਕੌਰ ਬੁਆਲ | Viarsti Visra

ਭਾਗ ਪਹਿਲਾ

Contents hide
10 ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਕੁਝ ਅਹਿਮ-ਚੀਜ਼ਾਂ

ਸਾਡੇ ਅਹਿਮ ਤਿਉਹਾਰ ਅਤੇ ਰਸਮੋ-ਰਿਵਾਜ

ਤੀਆਂ ਦਾ ਤਿਉਹਾਰ ਇਹਦਾ ਪਿਛੋਕੜ

ਤੀਆਂ ਦਾ ਤਿਉਹਾਰ ਇਹਦੇ ਪਿਛੋਕੜ ਬਾਰੇ ਕਿਹਾ ਜਾਂਦਾ ਹੈ ਕਿ ਰਾਜੇ ਮਹਾਰਾਜੇ ਸੋਹਣੀਆਂ ਕੁੜੀਆਂ ਦੀ ਅਕਸਰ ਭਾਲ ‘ਚ ਹੁੰਦੇ ਸੀ। ਉਹ ਵਜੀਰਾਂ ਨੂੰ ਹੁਕਮ ਦਿੰਦੇ ਸੀ ਕੁੜੀਆਂ ਇਕੱਠੀਆਂ ਕਰਨ ਦਾ, ਫੇਰ ਉਹਨਾਂ ਨੂੰ ਏਸ ਬਹਾਨੇ ਨਾਲ ਨਚਾਇਆ ਜਾਂਦਾ ਸੀ ਤੇ ਉਥੋਂ ਉਹ ਚੁਣ ਕੇ ਲੈ ਜਾਂਦੇ ਸੀ । ਸਾਡੀ ਤਰਾਸਦੀ ਹੈ ਹੋਲੀ ਹੋਲੀ ਇਸ ਪਰੰਪਰਾ ਨੇ ਤੀਆਂ ਦਾ ਰੂਪ ਧਾਰਨ ਕਰ ਲਿਆ।

ਪਹਿਲੇ ਸਮਿਆਂ ‘ਚ ਇਹ ਸਾਉਣ ਦਾ ਮਹੀਨਾ ਵਿਆਹੀਆਂ-ਵਰੀਆਂ ਨੂੰ ਮਸਾਂ ਆਉਂਦਾ ਸੀ ਕਿਉਂਕਿ ਉਦੋਂ ਮਨੋਰੰਜਨ ਦੇ ਸਾਧਨ ਬਹੁਤ ਘੱਟ ਸਨ । ਵਿਆਹੀਆਂ ਨੂੰ ਪੇਕੇ ਜਾਣ ਦਾ ਚਾਅ ਹੁੰਦਾ ਸੀ। ਉਹ ਸਾਉਣ ਚੜ੍ਹੇ ਤੋਂ ਨਿੱਤ ਭਰਾਵਾਂ ਨੂੰ ਉਡੀਕਦੀਆਂ ਸਨ।

“ਬੋਤਾ ਵੀਰ ਦਾ ਨਜ਼ਰ ਨਾ ਆਵੇ, ਉੱਡਦੀ ਧੂੜ ਦਿਸੇ।”

ਇਹ ਵੀ ਇਕ ਧਾਰਨਾ ਬਣੀ ਹੋਈ ਆ ਜਾਂ ਬਣਾਈ ਹੋਈ ਆ ਕਿ ਵਿਆਹ ਤੋਂ ਬਾਅਦ ਪਹਿਲੇ ਸਾਉਣ ਸੱਸ ਨੂੰਹ ਇਕੱਠੀਆਂ ਨਹੀਂ ਹੁੰਦੀਆਂ, ਜੋ ਵਹਿਮ ਈ ਸੀ ਇਕ ਬਾਹਰਲੇ ਦੇਸ਼ਾਂ ਨੇ ਇਹ ਵਹਿਮ ਕਦੋਂ ਦਾ ਚੱਕ ਦਿੱਤਾ। ਗੱਲ ਕਰੀਏ ਤੀਆਂ ਦੀ, ਸਾਉਣ ਦੇ ਮਹੀਨੇ ਦੀ। ਇਸ ਮਹੀਨੇ ‘ਚ ਵਿਆਹੀਆਂ ਜ਼ਿਆਦਾਤਰ ਆਪਣੇ ਪੇਕੇ ਪਹੁੰਚ ਸਖੀਆਂ ਸਹੇਲੀਆਂ ਨੂੰ ਮਿਲਦੀਆਂ, ਹੱਥਾਂ ‘ਤੇ ਮਹਿੰਦੀ ਲਾਉਂਦੀਆਂ, ਉਦੋਂ ਮਹਿੰਦੀ ਵੀ ਘਰ ਹੀ ਰਗੜ ਕੇ ਤਿਆਰ ਕੀਤੀ ਜਾਂਦੀ ਸੀ । ਵਣਜਾਰਾ ਆਉਂਦਾ ਸੀ।

ਉਹਦੇ ਤੋਂ ਵੰਗਾਂ (ਚੂੜੀਆਂ) ਚੜਾਉਣੀਆਂ ਤੇ ਕਹਿਣਾ:

“ਆ ਵਣਜਾਰਿਆ, ਬਹਿ ਵਣਜਾਰਿਆ, ਕਿੱਥੇ ਨੇ ਤੇਰੇ ਘਰ ਵੇ । 

ਪਿੰਡ ਦੀਆਂ ਕੁੜੀਆਂ ਵਿੱਚ ਤੀਆਂ ਦੇ, ਕਿਉਂ ਫਿਰਦੈਂ ਦਰ ਦਰ ਵੇ। 

ਭੀੜੀ ਵੰਗ ਬਚਾ ਕੇ ਚਾੜ੍ਹੀ, ਮੈਂ ਜਾਉਗੀ ਮਰ ਵੇ ।

ਚਾੜ੍ਹ ਬਲੌਰੀ ਵੰਗਾਂ ਮੇਰੇ, ਤੇਰੀ ਝੋਲੀ ਪਾਵਾਂ ਜਰ ਵੇ।

ਮੇਰਾ ਉੱਡੇ ਡੋਰੀਆ, ਮਹਿਲਾਂ ਵਾਲੇ ਘਰ ਵੇ ।”

ਜੇ ਵੰਗਾਂ ਚੜ੍ਹਾਉਣ ਵੇਲੇ ਕੋਈ ਵੰਗ, ਚੂੜੀ ਟੁੱਟ ਜਾਣੀ ਫੇਰ ਪਿਆਰ ਕੱਢ ਕੱਢ ਵੇਖੀ ਜਾਣਾ। ਹਰ ਰੋਜ਼ ਸੋਹਣੇ ਸੂਟ ਪਾ ਕੇ ਤਿਆਰ-ਬਿਆਰ ਹੋ ਕੇ ਪਿੱਪਲਾਂ, ਬੋਹੜਾਂ ਥੱਲੇ ਤੀਆਂ ਲਾਉਂਦੀਆਂ, ਗਿੱਧਾ ਪਾਉਂਦੀਆਂ, ਪੀਂਘਾ ਝੂਟਦੀਆਂ। ਗਿੱਧੇ ‘ਚ ਪੂਰਾ ਹਾਸਾ-ਠੱਠਾ ਕਰਦੀਆਂ

“ਸ਼ੋਕ ਨਾਲ ਮੈਂ ਗਿੱਧੇ ‘ਚ ਆਵਾਂ, ਬੋਲੀ ਪਾਵਾਂ ਸ਼ਗਨ ਮਨਾਵਾਂ । ਸਾਉਣ ਦਿਆਂ ਬੱਦਲਾਂ ਵੇ, ਮੈਂ ਤੇਰਾ ਜੱਸ ਗਾਵਾਂ।” “ਸਾਉਣ ਮਹੀਨੇ ਘਾਹ ਹੋ ਚੱਲਿਆ, ਰੱਜਣ ਮੱਝੀਆਂ, ਗਾਈ, ਗਿੱਧਿਆ ਪਿੰਡ ਵੜ ਵੇ, ਲਾਭ ਲਾਭ ਨਾ ਜਾਈਂ।”

ਇਸ ਮਹੀਨੇ ਮੀਂਹ ਦੀਆਂ ਝੜੀਆਂ ਲੱਗ ਜਾਂਦੀਆਂ ਸੀ ਪਰ ਜਵਾਨ ਕੁੜੀਆਂ ਕਿੱਥੇ ਪ੍ਰਵਾਹ ਕਰਦੀਆਂ ਸੀ ਉਹ ਆਖਦੀਆਂ

 

“ਆਇਆ ਸਾਵਣ ਦਿਲ ਪ੍ਰਚਾਵਣ, ਝੜੀ ਲੱਗ ਗਈ ਭਾਰੀ, ਝੂਟੇ ਲੈਂਦੀ ਮਰੀਆ ਭਿੱਜ ਗਈ, ਨਾਲ਼ੇ ਰਾਮ ਪਿਆਰੀ ।

 

ਸਾਉਣ ਦਿਆ ਬੱਦਲਾਂ ਵੇ, ਹੀਰ ਭਿੱਜ ਗਈ ਸਿਆਲਾਂ ਵਾਲੀ।”

 

ਗਿੱਧੇ ‘ਚ ਉਹਨਾਂ ਨੂੰ ਪੂਰੀ ਅਜ਼ਾਦੀ ਹੁੰਦੀ ਕੋਈ ਵਿੱਚੋਂ ਆਖਦੀ

 

“ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਟਾ ਚੜ੍ਹ ਆਈਆਂ।”

 

ਕਈ ਵਾਰ ਪਰਦੇਸ ਗਏ ਮਾਹੀਏ ਬਾਰੇ ਕਹਿ ਉੱਠਦੀਆਂ:

 

“ਜਾਂਦਾ ਹੋਇਆ ਦੱਸ ਨਾ ਗਿਉਂ, ਮੈਂ ਚਿੱਠੀਆਂ ਕਿਧਰ ਨੂੰ ਪਾਵਾਂ । ਚੁੰਝ ਤੇਰੀ ਵੇ ਕਾਲਿਆ ਕਾਵਾਂ, ਸੋਨੇ ਨਾਲ ਮੜਾਵਾਂ ।” ਜਾ ਆਖੀਂ ਮੇਰੇ ਢੋਲ ਨੂੰ,

 

ਨਿੱਤ ਮੈਂ ਔਸੀਆਂ ਪਾਵਾਂ ।”

 

“ਨੌਕਰ ਨੂੰ ਨਾ ਦੇਈਂ ਵੇ ਬਾਬਲਾ ਹਾਲ਼ੀ ਪੁੱਤ ਬਥੇਰੇ, ਨੌਕਰ ਪੁੱਤ ਤਾਂ ਘਰ ਨਹੀਂ ਰਹਿੰਦੇ ਵਿੱਚ ਪਰਦੇਸਾਂ ਡੇਰੇ,

 

ਮੈਂ ਤੈਨੂੰ ਵਰਜ ਰਹੀ ਦੇਈਂ ਨਾ ਬਾਬਲਾ ਫੇਰੇ ।”

 

ਗਿੱਧੇ ਦੇ ਵਿੱਚ ਤਮਾਸ਼ੇ ਕਰੀ ਜਾਂਦੀਆਂ, ਕੋਈ ਸਿਰ ‘ਤੇ ਚੁੰਨੀ ਦਾ ਮੰਡਾਸਾ ਬੰਨ੍ਹ ਕੇ ਬੰਦਾ ਬਣ ਜਾਂਦੀ, ਫੇਰ ਅਖੀਰਲੇ ਦਿਨ ਆਪਣੇ ਪਿੰਡ ਨੂੰ ਵਸਦੇ ਰਹਿਣ ਦੀ ਸੁੱਖ ਮੰਗਦੀਆਂ, ਗੀਤ ਗਾਉਂਦੀਆਂ, ਘਰਾਂ ਨੂੰ ਤੁਰ ਪੈਂਦੀਆਂ:

 

“ਸੁਖੀ ਵਸਦੀ ਵੇ ਮਾਪਿਓਂ ਥੋਡੀ ਨਗਰੀ ਜੀ, ਸੁਖੀ ਵਸਦੀ।”

 

ਕੋਈ ਆਖਦੀ:

 

“ਮਾਪਿਓ, ਵੀਰੋ ਥੋਡੇ ਰਾਜ ਦੇ ਵਿੱਚੋਂ, ਅਸੀਂ ਖੇਡ ਕੇ ਘਰਾਂ ਨੂੰ ਆਈਆਂ।”

 

ਤੇ ਨਾਲੇ ਉਦਾਸ ਵੀ ਹੋ ਜਾਂਦੀਆਂ, ਇਕ ਦੂਜੇ ਨੂੰ ਗਲੇ ਮਿਲਦੀਆਂ ਹਉਕੇ ਲੈਂਦੀਆਂ

 

ਆਖਦੀਆਂ:

 

“ਸੌਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ।”

 

ਅਗਲੇ ਦਿਨ ਮਾਪਿਆਂ ਤੋਂ ਜੋ ਸਰਦਾ ਬਣਦਾ ਉਹ ਤੀਆਂ ਦੇ ਸੰਧਾਰੇ ਦੇ ਕੇ ਸਹੁਰਿਆਂ

 

ਨੂੰ ਤੋਰ ਦਿੰਦੇ, ਕਈ ਆਖਦੀਆਂ:

 

“ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ ।”

 

ਇਸ ਤਿਉਹਾਰ ਦਾ ਸੰਬੰਧ ਤੀਜ ਨਾਲ ਵੀ ਹੈ। ਅੱਜ ਕੱਲ੍ਹ ਦੀਆਂ ਤੀਆਂ ਸਟੇਜੀ ਤੀਆਂ ਬਣ ਕੇ ਰਹਿ ਗਈਆਂ ਹਨ, ਕਲਾਕਾਰ ਬੁਲਾਏ ਜਾਂਦੇ ਨੇ, ਬਹੁਤ ਫ਼ਰਕ ਪੈ ਗਿਆ ਹੁਣ ਮਾਡਰਨ ਤੀਆਂ ਲਗਦੀਆਂ ਨੇ। ਗਿੱਧੇ ਭੰਗੜੇ ਵਾਲ਼ੇ ਤੇ ਮਹਿੰਦੀ ਵਾਲ਼ੇ ਬੁਲਾਏ ਜਾਂਦੇ। ਨੇ ਇਹ ਸਭ ਕੁਝ ਵਿਖਾਵਾ ਬਣ ਕੇ ਰਹਿ ਗਿਆ, ਰਹਿੰਦਾ ਖੂੰਹਦਾ ਮੋਬਾਈਲ ਤੇ ਇੰਟਰਨੈੱਟ ਨੇ ਖੋਹ ਲਿਆ ਸਭ ਕੁਝ। ਹੁਣ ਤਾਂ ਉਹ ਗੱਲ ਆ:

 

“ਨਾ ਮੰਜੇ ਦੀ ਦੌਣ ਕੁੜੇ, ਤੂੰ ਕਿੱਥੋਂ ਲੱਭਦੀ ਸੌਣ ਕੁੜੇ ।”

 

ਘਰੇ ਈ ਖੀਰ ਪੂੜੇ ਖਾਹ ਕੇ ਮਨਾਓ ਬੀਬੀਓ, ਭੈਣੋ, ਧੀਓ ! ਜੇ ਧੀਆਂ ਨੇ ਤਾਹੀਓਂ ਤੀਆਂ ਨੇ ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂੰ ਪਿਆਰ ਕਰੋ ।

 

ਬਰੋਟਾ, ਸਾਂਝੀ ਲਾਉਣਾ

 

ਸਰਾਧਾਂ ਤੋਂ ਬਾਅਦ ਜਿਹੜੀ ਮੱਸਿਆ ਆਉਂਦੀ ਹੈ, ਉਸ ਦਿਨ ਸਾਂਝੀ, ਬਰੋਟਾ ਲਾਇਆ ਜਾਂਦਾ ਹੈ। ਸਰਾਧਾਂ ਤੋਂ ਪਹਿਲਾਂ ਸਾਂਝੀ ਦੀ ਤਿਆਰੀ ਸ਼ੁਰੂ ਕੀਤੀ ਜਾਂਦੀ ਹੈ । ਕਾਲੀ ਮਿੱਟੀ ਲਿਆ ਕੇ ਭਿਉਂ ਦਿੱਤੀ ਜਾਂਦੀ ਹੈ, ਉਸ ਮਿੱਟੀ ਨੂੰ ਹੱਥਾਂ ਨਾਲ ਗੁੰਨ ਗੁੰਨ ਕੇ ਇਕ ਜਾਨ ਕਰ ਲਿਆ ਜਾਂਦਾ, ਗਿੱਲੀ ਮਿੱਟੀ ਪੂਰੀ ਮੁਲਾਇਮ ਹੋ ਜਾਂਦੀ ਹੈ ਤਾਂ ਕੁੜੀਆਂ ਇਕੱਠੀਆਂ ਹੋ ਕੇ ਸਾਂਝੀ, ਬਰੋਟੇ ਲਈ ਚਿੜੀਆਂ, ਪੱਤੇ, ਗੋਲਾਂ, ਭੇਡੂ, ਤਾਰੇ ਆਦਿ ਬਣਾਉਣੇ ਸ਼ੁਰੂ ਕਰ ਦਿੰਦੀਆਂ ਹਨ, ਸ਼ੁਰੂਆਤ ਸਰਾਧਾਂ ਤੋਂ ਪਹਿਲਾਂ ਕਰ ਲੈਂਦੀਆਂ ਹਨ ਫੇਰ ਸਾਰਾ ਸਮਾਨ ਸਰਾਧਾਂ ਵਿਚ ਤਿਆਰ ਕਰ ਲੈਂਦੀਆਂ ਹਨ। ਮਿੱਟੀ ਦੇ ਇਸ ਸਮਾਨ ਨੂੰ ਧੁੱਪੇ ਸੁਕਾ ਲੈਂਦੀਆਂ ਹਨ। ਸਰਾਧਾਂ ਤੋਂ ਬਾਅਦ ਜਿਹੜੀ ਮੱਸਿਆ ਆਉਂਦੀ ਹੈ ਉਹ ਤੋਂ ਦੋ ਕੁ ਦਿਨ ਪਹਿਲਾਂ ਮਿੱਟੀ ਦੇ ਬਣਾਏ ਸਮਾਨ ਨੂੰ ਕੁੜੀਆਂ ਚਿੱਟੀ ਕਲੀ ਨਾਲ ਘਰ ਹੀ ਰੰਗਦੀਆਂ ਹਨ, ਵਿੱਚ ਨਾਭੀ ਜਿਹੇ ਰੰਗ ਨਾਲ ਟਿੱਕੇ ਜਿਹੇ ਲਾ ਦਿੰਦੀਆਂ ਹਨ । ਸਾਰਾ ਤਿਆਰ ਕੀਤਾ ਸਾਂਝੀ ਬਰੋਟੇ ਦਾ ਸਮਾਨ ਬਹੁਤ ਸੋਹਣਾ ਲਗਦਾ ਹੈ। ਮੱਸਿਆ ਵਾਲ਼ੇ ਦਿਨ ਘਰ ਦੀ ਕਿਸੇ ਕੰਧ ’ਤੇ ਗੋਹੇ ਨਾਲ ਬਰੋਟੇ, ਸਾਂਝੀ ਦੀ ਪਿੱਠ ਭੂਮੀ ਤਿਆਰ ਕਰਕੇ ਉਹਦੇ ਵਿੱਚ ਬਹੁਤ ਰੀਝ ਨਾਲ ਚਿੜੀਆਂ, ਪੱਤੇ, ਸਿਤਾਰੇ, ਗੋਲਾਂ, ਮੂੰਹ ਆਦਿ ਲਾ ਦਿੱਤੇ ਜਾਂਦੇ ਹਨ, ਕੰਧ ਬਹੁਤ ਸੋਹਣੀ ਲੱਗਣ ਲਗਦੀ ਹੈ। ਬਰੋਟੇ, ਸਾਂਝੀ ਦੇ ਸੱਜੇ ਪਾਸੇ ਚਿਰਾਗ਼ ਲਾਉਣ ਨੂੰ ਜਗਾ ਵੀ ਬਣਾਈ ਜਾਂਦੀ ਹੈ। ਕੁੜੀਆਂ ਇਕ ਦੂਜੇ ਦੇ ਘਰਾਂ ਵਿੱਚ ਸਾਂਝੀ, ਬਰੋਟਾ ਵੇਖਣ ਜਾਂਦੀਆਂ ਹਨ। ਸਾਂਝੀ ਬਰੋਟੇ ਦੇ ਹੇਠਾਂ ਜੇ ਕੱਚੀ ਥਾਂ ਹੋਵੇ ਤਾਂ ਉੱਥੇ ਜੌਂ ਵੀ ਬੀਜ ਦਿੱਤੇ ਜਾਂਦੇ ਹਨ। ਮੱਸਿਆ ਵਾਲੇ ਦਿਨ ਹੀ ਪੰਜ ਭਾਂਡਿਆਂ ਵਿੱਚ ਜੌਂ ਵੀ ਬੀਜੇ ਜਾਂਦੇ ਹਨ। ਜਿਨ੍ਹਾਂ ਨੂੰ ਅੱਕ ਦੇ ਪੱਤਿਆਂ ਨਾਲ ਢੱਕ ਕੇ ਅੰਦਰ ਰੱਖਿਆ ਜਾਂਦਾ ਹੈ।

 

ਮੱਸਿਆ ਵਾਲੇ ਦਿਨ ਸਾਂਝੀ, ਬਰੋਟੇ ਨੂੰ ਅਰਘ ਨਹੀਂ ਦਿੱਤਾ ਜਾਂਦਾ, ਕਿਹਾ ਜਾਂਦਾ ਕਿ ਅੱਜ ਸਾਂਝੀ, ਬਰੋਟੇ ਦਾ ਵਰਤ ਹੈ। ਪਹਿਲੇ ਨਰਾਤੇ ਵਾਲ਼ੇ ਦਿਨ ਪੰਜੀਰੀ ਬਣਾਈ ਜਾਂਦੀ ਹੈ ਤੇ ਇਕ ਚਿਰਾਗ਼ ਤਿਆਰ ਕੀਤਾ ਜਾਂਦਾ ਹੈ ਦਿਨ ਦੇ ਛਪਾ ਨਾਲ ਕੁੜੀਆਂ ਇਕੱਠੀਆਂ ਹੋ ਕੇ ਸਾਂਝੀ, ਬਰੋਟੇ ਨੂੰ ਅਰਘ ਦਿੰਦੀਆਂ ਹਨ। ਚਿਰਾਗ਼ ਜਗਾ ਕੇ ਸਾਂਝੀ ਕੋਲ ਰੱਖ ਕੇ ਉਹ ਗੀਤ ਗਾਉਂਦੀਆਂ ਹਨ:

 

“ਜਾਗ ਬਰੋਟਿਆ ਜਾਗ, ਤੇਰੇ ਮੱਥੇ ਲਾਵਾਂ ਭਾਗ।

 ਜਾਗਾਂ ਤੇ ਜਗਾਵਾਂ, ਆਪਣੇ ਵੀਰ ਨੂੰ ਖਿਲਾਵਾਂ । 

ਵੀਰ ਦੀਏ ਪੱਗੇ, ਤੈਨੂੰ ਸੌ ਸੋ ਮੋਤੀ ਲੱਗੇ ।”

 

“ਨੀ ਤੂੰ ਜਾਗ ਸਾਂਝੀ ਜਾਗ, ਸਾਡੇ ਜਾਗ ਪੈਣੇ ਭਾਗ। 

ਮੈਂ ਆਈ ਤੇਰੇ ਦੁਆਰ, ਮੈਨੂੰ ਤਾਰ ਮਾਈ ਤਾਰ ।”

 

ਫੇਰ ਆਰਤੀ ਕਰਦੀਆਂ, ਨਾਲ਼ੇ ਚਿਰਾਗ਼ ਆਲੇ-ਦੁਆਲੇ ਘੁਮਾਉਂਦੀਆਂ, 

“ਪਹਿਲੀ ਆਰਤੀ ਕਰਾਂ ਵਿਚਾਰ, ਜੀਵੇ ਮੇਰਾ ਵੀਰ ਪਿਆਰ । 

ਵੀਰ ਪਿਆਰ ਦੀਆਂ ਅੜੀਆਂ, ਜੋ ਸ਼ਿਵਦੁਆਲੇ ਖੜ੍ਹੀਆਂ।

 

ਮੈਂ ਹਰਿ ਦਾ ਦਰਸ਼ਨ ਪਾਇਆ।”

 

ਫੇਰ ਸਾਂਝੀ ਵਿੱਚ ਜੋ ਮੂੰਹ ਬਣਾ ਕੇ ਲਾਇਆ ਹੁੰਦਾ, ਉਸ ਮੂੰਹ ਵਿੱਚ ਪੰਜੀਰੀ ਪਾਉਂਦੀਆਂ ਤੇ ਸਾਰਿਆਂ ਨੂੰ ਪ੍ਰਸ਼ਾਦ ਵਾਂਗੂ ਪੰਜੀਰੀ ਵੰਡਦੀਆਂ, ਆਲ਼ੇ-ਦੁਆਲੇ ਦੇ ਘਰਾਂ ਵਿੱਚ ਜਾ ਕੇ ਵੀ ਸਾਂਝੀ ਪੂਜਦੀਆਂ।

 

ਇਸੇ ਤਰ੍ਹਾਂ ਅੱਠ ਦਿਨ ਪੂਜਾ ਕੀਤੀ ਜਾਂਦੀ । ਓਧਰ ਜੌਆਂ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਵੇਲ਼ੇ ਸਿਰ ਪਾਣੀ ਦਿੱਤਾ ਜਾਂਦਾ । ਜੇ ਜੌਂ ਵਧੀਆ ਉੱਗ ਪੈਂਦੇ ਤਾਂ ਬੀਬੀਆਂ ਨੇ ਖੁਸ਼ ਹੋਣਾ ਕਿ ਆਉਣ ਵਾਲ਼ਾ ਸਮਾਂ ਵਧੀਆ ਹੋਵੇਗਾ। ਨੌਵੇਂ ਨਰਾਤੇ ਸਾਂਝੀ, ਬਰੋਟੇ ਦਾ ਫੇਰ ਵਰਤ ਰਖਾਇਆ ਜਾਂਦਾ । ਰਾਤ ਨੂੰ ਚੌਲ ਭਿਉਂ ਦਿੱਤੇ ਜਾਂਦੇ, ਸਵੇਰੇ ਉਹਨਾਂ ਵਿੱਚ ਖੰਡ ਰਲਾ ਲਈ ਜਾਂਦੀ।

 

ਰਾਤ ਨੂੰ ਜੌਆਂ ਨੂੰ ਪਾਣੀ ਦਿੱਤਾ ਜਾਂਦਾ। ਦੁਸਹਿਰੇ ਵਾਲ਼ੇ ਦਿਨ ਸਾਂਝੀ ਤੇ ਜੌਂਆਂ ਦੀ ਵਿਦਾਈ ਹੁੰਦੀ। ਸਾਂਝੀ, ਬਰੋਟਾ ਅਰਘ ਦੇ ਕੇ ਕੰਧ ਨਾਲ਼ੋਂ ਲਾਹ ਲਈ ਜਾਂਦੀ, ਜੌਂਆਂ ਨੂੰ ਭਾਂਡਿਆਂ ਵਿੱਚੋਂ ਕੱਢ ਲਿਆ ਜਾਂਦਾ, ਇਕ ਭਾਂਡੇ ਦੇ ਜੌਂ ਮੱਥਾ ਟੇਕਣ ਲਈ ਘਰ ਰੱਖ ਲਏ ਜਾਂਦੇ। ਸਵੇਰੇ ਸਾਜਰੇ ਪਿੰਡ ਦੇ ਨੇੜੇ ਸੂਏ, ਕੱਸੀ ਜਾਂ ਨਹਿਰ ਵਿੱਚ ਸਾਂਝੀ ਤੇ ਜੌਂ ਤਾਰ ਦਿੱਤੇ ਜਾਂਦੇ। ਚਿਰਾਗ਼ ਉੱਚੀ ਥਾਂ ‘ਤੇ ਰੱਖ ਦਿੱਤਾ ਜਾਂਦਾ। ਫੇਰ ਗੀਤ ਗਾਉਂਦੀਆਂ:

 

“ਨਾ ਰੋ ਸਾਂਝੀਏ, ਵਰ੍ਹੇ ਦਿਨਾਂ ਨੂੰ ਫੇਰ ਲਾਵਾਂਗੇ ਨਾਈ ਸਾਂਝੀਏ।”

 

ਸਾਂਝੀ, ਬਰੋਟਾ ਤੇ ਜੌਂਅ ਜਲਪ੍ਰਵਾਹ ਕਰਕੇ, ਕੀੜਿਆਂ ਦਾ ਭੌਣ ਲੱਭਿਆ ਜਾਂਦਾ । ਕੀੜਿਆਂ ਦੇ ਭੌਣ ਦੁਆਲੇ ਖੜ੍ਹ ਕੇ, ਜੋ ਚੌਲ ਖੰਡ ਪਾ ਕੇ ਨਾਲ ਲਿਆਂਦੇ ਗਏ ਉਹਨਾਂ ਨੂੰ ਸਾਰੀਆਂ ਭੋਰਾ, ਭੋਰਾ ਆਪਣੇ, ਹੱਥਾਂ ਵਿੱਚ ਲੈਂਦੀਆਂ ਤੇ ਭੌਣ ‘ਤੇ ਪਾਉਂਦੀਆਂ ਗਾਉਂਦੀਆਂ:

 

“ਕੀੜਿਓ ਮਕੌੜਿਓ, ਅੰਨ ਦਿਓ, ਧੰਨ ਦਿਓ,

ਭਾਈ ਦਿਓ, ਭਤੀਜਾ ਦਿਓ, ਹੋਰ ਕੀ ਲੋੜੀਏ।”

 

ਐਦਾਂ ਸੱਤ ਵਾਰ ਕਰਦੀਆਂ ਵਿੱਚ ਨੂੰ ਕੋਈ ਮਜ਼ਾਕ ਵੀ ਕਰ ਦਿੰਦੀ, ‘ਭਾਈ ਦਿਓ ਭਤੀਜਾ ਦਿਓ, ਸੋਹਣਾ ਜਿਹਾ ਜੀਜਾ ਦਿਓ।’ ਕੀੜਿਆਂ ਦੇ ਭੌਣ ਦੀ ਰਸਮ ਤੋਂ ਬਾਅਦ, ਸਾਰੀਆਂ ਵਿੱਚ ਉਹ ਖੰਡ ਵਾਲੇ ਚੌਲਾਂ ਦਾ ਪ੍ਰਸ਼ਾਦ ਵੰਡਿਆ ਜਾਂਦਾ। ਹੱਸਦੀਆਂ, ਗਾਉਂਦੀਆਂ ਘਰਾਂ ਨੂੰ ਆ ਜਾਂਦੀਆਂ। ਘਰ ਆ ਕੇ ਗਿੱਲੇ ਗੋਹੇ ਦੀਆਂ ਦਸ ਠੂਲੀਆਂ ਬਣਾਉਂਦੀਆਂ ਤੇ ਉਹਨਾਂ ਵਿੱਚ ਦੋ ਦੋ, ਤਿੰਨ ਤਿੰਨ ਜੀਆਂ ਦੇ ਡਾਲ ਤੇ ਦਹੀਂ ‘ਚ ਮਿੱਠੇ ਚੌਲ ਰਲਾ ਕੇ ਮੱਥਾ ਟੇਕਦੀਆਂ। ਜਿਸ ਕੰਧ ਤੋਂ ਸਾਂਝੀ, ਬਰੋਟਾ ਲਾਹਿਆ ਹੁੰਦਾ, ਉੱਥੇ ਇਕ ਦੋ ਤਾਰੇ ਗੋਹੇ ਨਾਲ ਫੇਰ ਲਾ ਦਿੱਤੇ ਜਾਂਦੇ।

 

ਭੈਣਾਂ ਵੀਰਾਂ ਦੇ ਜੌਂ ਟੰਗਦੀਆਂ, ਵੀਰ ਸ਼ਗਨ ਦਿੰਦੇ ਭੈਣਾਂ ਨੂੰ । ਸਾਂਝੀ, ਬਰੋਟਾ ਤੇ ਜੌਂ ਬੀਜਣ ਦੀ ਰਸਮ ਵੀ ਵੀਰਾਂ ਦੀ ਸੁੱਖ ਮਨਾਉਣ ਲਈ ਹੀ ਕੀਤੀ ਜਾਂਦੀ ਹੈ। ਜਿਸ ਘਰ ਮੁੰਡਾ ਨਾ ਹੁੰਦਾ ਉਹ ਸੁੱਖ ਸੁਖ ਲੈਂਦੇ, ਅਸੀਂ ਪੰਜ ਬਰੋਟੇ ਲਾਵਾਂਗੇ ਸਾਨੂੰ ਰੱਬ ਪੁੱਤ ਦੇ ਦੇਵੇ। ਬਰੋਟੇ ਦਾ ਮਤਲਬ ਜੜ੍ਹ ਲੱਗਣੀ।

 

“ਨੀ ਮੈਂ ਨਿੱਤ ਬ੍ਰਹਮੇ ਜਲ ਪਾਵਾਂ, ਵੀਰਾ ਤੇਰੀ ਜੜ੍ਹ ਲੱਗ ਜੇ।”

 

ਹੁਣ ਇਹ ਸਾਂਝੀ, ਬਰੋਟੇ ਲਾਉਣ ਤੇ ਜੌਂ ਬੀਜਣ ਦਾ ਰਿਵਾਜ ਕਾਫ਼ੀ ਘੱਟ ਗਿਆ, ਨਵੀਂ ਪੀੜ੍ਹੀ ਇਹਨਾਂ ਰਿਵਾਜਾਂ ਨੂੰ ਨਹੀਂ ਮੰਨਦੀ। ਦੂਜਾ ਹੁਣ ਘਰਾਂ ਤੋਂ ਆਲੀਸ਼ਾਨ ਕੋਠੀਆਂ ਬਣ ਗਈਆਂ, ਕੰਧ ਕੌਣ ਖਰਾਬ ਕਰੇ। ਕੁੜੀਆਂ ਕੱਤਰੀਆਂ ਕੋਲ ਸਾਂਝੀ ਵਾਲਾ ਸਮਾਨ ਬਣਾਉਣ ਦੀ ਵਿਹਲ ਨਹੀਂ। ਜੇ ਦੇਖਿਆ ਜਾਵੇ ਸਾਂਝੀ, ਬਰੋਟੇ ਲਈ ਮਿੱਟੀ ਦੀਆਂ ਚੀਜ਼ਾਂ ਬਣਾਉਣੀਆਂ ਵੀ ਕਲਾਕਾਰੀ ਦਾ ਇਕ ਨਮੂਨਾ ਹੈ। ਹੁਣ ਸਾਂਝੀ ਬਰੋਟੇ ਦਾ ਸਮਾਨ ਬਜ਼ਾਰ ਵਿੱਚ ਬਣਿਆ ਬਣਾਇਆ ਮਿਲਦਾ ਹੈ। ਇਹ ਸਮਾਨ ਤੇ ਲੈ ਲਵੋਗੇ ਬਜ਼ਾਰੋਂ, ਜੌਂ ਬੀਜੇ ਹੋਏ ਕਿੱਥੋਂ ਲਿਆਵੋਗੇ। ਸੋ ਇਹ ਪੁਰਾਤਨ ਰੀਤਾਂ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਹਨ ਇਹਨਾਂ ਨੂੰ ਵਿਸਾਰਨਾ ਸਾਡੀ ਤ੍ਰਾਸਦੀ ਹੈ।

 

ਗੁੱਡੀ ਫੂਕਣੀ

 

ਗਰਮੀਆਂ ਵਿੱਚ ਜਦੋਂ ਹਾੜ, ਸਾਉਣ ਦੇ ਮਹੀਨੇ ਮੀਂਹ ਘੱਟ ਪੈਣੇ ਜਾਂ ਔੜ ਲੱਗ ਜਾਣੀ ਤਾਂ ਪਿੰਡਾਂ ਵਿੱਚ ਗੁੱਡੀ ਫੂਕਣ ਦੀ ਰਸਮ ਕੀਤੀ ਜਾਂਦੀ ਸੀ। ਘਰਾਂ ਵਿੱਚੋਂ ਆਟਾ, ਗੁੜ, ਘਿਓ ਤੇ ਬਾਲਣ ਆਦਿ ਇਕੱਠਾ ਕਰਨਾ ਤੇ ਨਾਲ ਹੀ ਕਿਸੇ ਇਕ ਦੇ ਘਰ ਬੈਠ ਕੇ ਕੁੜੀਆਂ ਨੇ ਦੋ ਕੁ ਫੁੱਟ ਦੀ ਗੁੱਡੀ ਬਣਾ ਲੈਣੀ। ਗੁੱਡੀ ਲੀਰਾਂ ਦੀ ਬਣਾਈ ਜਾਂਦੀ ਸੀ, ਗੁੱਡੀ ਨੂੰ ਪੂਰਾ ਸਜਾਇਆ ਜਾਂਦਾ ਸੀ। ਇਕ ਪੌੜੀ ਬਣਾ ਕੇ ਗੁੱਡੀ ਨੂੰ ਉਹਦੇ ਉੱਤੇ ਪਾ ਦਿੱਤਾ ਜਾਂਦਾ। ਓਧਰ ਕਿਸੇ ਹੋਰ ਘਰ ਮਿੱਠੀਆਂ ਰੋਟੀਆਂ, ਗੁਲਗਲੇ ਬਣਾਏ ਜਾਂਦੇ। ਗੁੱਡੀ ਨੂੰ ਚਾਰ ਜਾਣੀਆਂ ਚੁੱਕ ਕੇ ਤੁਰ ਪੈਂਦੀਆਂ ਪਿੰਡੋਂ ਬਾਹਰ ਖੁੱਲ੍ਹੀ ਥਾਂ ‘ਤੇ ਗੁੱਡੀ ਫੂਕ ਦਿੱਤੀ ਜਾਂਦੀ। ਨਕਲੀ ਜਿਹਾ ਰੋਣਾ ਵੀ ਰੋਂਦੀਆਂ ਸੀ ਬੀਬੀਆਂ:

 

“ਸਾਡੀ ਗੁੱਡੀ ਮਰ ਗਈ ਅੱਜ ਕੁੜੇ, ਸਿਰਹਾਣੇ ਧਰ ਕੇ ਛੱਜ ਕੁੜੇ। ਗੁੱਡੀ ਮਰ ਗਈ ਜਾਣ ਕੇ, ਹਰਾ ਦੁਪੱਟਾ ਤਾਣ ਕੇ।” “ਅੱਡੀਆਂ ਗੋਡੇ ਘੁਮਾਵਾਂਗੇ, ਮੀਂਹ ਪਏ ਤੋਂ ਜਾਂਵਾਗੇ।”

 

ਸਾਰਿਆਂ ਵਿੱਚ ਗੁਲਗਲੇ, ਮਿੱਠੀਆਂ ਰੋਟੀਆਂ ਵਰਤਾ ਦਿੱਤੇ ਜਾਂਦੇ । ਜੇ ਉਦੋਂ ਈ ਮੀਂਹ ਪੈਣ ਲੱਗ ਜਾਂਦਾ ਤਾਂ ਗਿੱਧਾ ਪਾਇਆ ਜਾਂਦਾ ਸੀ ।

 

ਗੁੱਡੀ ਫੂਕਣ ਦਾ ਮਤਲਬ ਸੀ ਰੱਬ ਅੱਗੇ ਬੇਨਤੀ ਕਰਨੀ ਕਿ ਵੇਖ ਰੱਬਾ ਕਿੰਨੀ ਗਰਮੀ ਪੈਂਦੀ ਆ, ਜੁਆਕ ਆਪਣੀਆਂ ਦੂਜੀਆਂ ਖੇਡਾਂ ਖੇਡਣੀਆਂ ਛੱਡ ਕੇ ਆਹ ਕੁਝ ਕਰਨ ਲੱਗ ਪਏ ਨੇ ਤਰਸ ਕਰ ਜੁਆਕਾਂ ‘ਤੇ ਨਿਆਣਿਆਂ ਦੀ ਓ ਸੁਣ ਲੈ । ਹੁਣ ਇਹ ਰਸਮ ਇੰਟਰਨੈੱਟ ਨੇ ਪਿੱਛੇ ਕਰ ਦਿੱਤੀ ਹੈ ਕਿਉਂਕਿ ਗੂਗਲ ਬਾਬਾ ਪਹਿਲਾਂ ਈ ਦੱਸ ਦਿੰਦਾ ਬਈ ਐਤਕੀਂ ਕਿੰਨੇ ਮੀਂਹ ਪੈਣੇ ਨੇ ਤੇ ਕਦੋਂ ਪੈਣੇ ਨੇ। 

 

ਭਾਗ ਦੂਜਾ

ਬੱਚੇ ਦੇ ਜਨਮ ਅਤੇ ਵਿਆਹ ਸਮੇਂ ਦੀਆਂ ਕੁਝ ਅਹਿਮ-ਰਸਮਾਂ

 

ਬਾਂਦਰ-ਵਾਲ ਬੰਨ੍ਹਣਾ

 

ਬਾਂਦਰ-ਵਾਲ ਬੰਨ੍ਹਣਾ ਵੀ ਬੱਚੇ ਦੇ ਜਨਮ ਸਮੇਂ ਦੀ ਇਕ ਰੀਤ ਆ। ਪਹਿਲਾਂ ਜਦੋਂ ਘਰ ‘ਚ ਮੁੰਡੇ ਦਾ ਜਨਮ ਹੁੰਦਾ ਤਾਂ ਪੰਜਾਂ, ਸੱਤਾਂ ਦਿਨਾਂ ‘ਤੇ ਬਾਂਦਰ-ਵਾਲ ਬੰਨ੍ਹਣ ਦੀ ਰਸਮ ਕੀਤੀ ਜਾਂਦੀ ਸੀ । ਅੱਗੇ ਜ਼ਿਆਦਾਤਰ ਬੱਚਿਆਂ ਦਾ ਜਨਮ ਘਰ ਈ ਹੋ ਜਾਂਦਾ ਸੀ, ਜਿਸ ਕਮਰੇ ‘ਚ ਬੱਚੇ ਦਾ ਜਨਮ ਹੁੰਦਾ ਉਸ ਕਮਰੇ ਦੇ ਅੱਗੇ ਬਾਂਦਰ-ਵਾਲ ਬੰਨ੍ਹਦੇ ਸੀ, ਜੋ ਪਿੰਡ ਦੀ ਰਾਣੀ (ਨਾਇਣ) ਬਣਾਕੇ ਲਿਆਉਂਦੀ ਸੀ। ਜਿਸ ਵਿੱਚ ਸ਼ਰੀਹ ਦੀਆਂ ਫਲੀਆਂ, ਅੰਬ ਦੇ ਪੱਤੇ ਤੇ ਨਿੰਮ ਦੀਆਂ ਛੋਟੀਆਂ ਟਾਹਣੀਆਂ ਹੁੰਦੀਆਂ, ਉਹ ਟਾਹਣੀਆਂ ਦਾ ਬਾਂਦਰ-ਵਾਲ ਬਣਾਇਆ ਜਾਂਦਾ ਜਿਨਾਂ ਦੇ ਪੱਤੇ ਹਰੇ ਕਚੂਰ ਹੁੰਦੇ।

 

ਇਹ ਉਸ ਕਮਰੇ ਦੀ ਸ਼ੁੱਧੀ ਤੇ ਚੰਗੇ ਵਾਤਾਵਰਣ ਲਈ ਬੰਨ੍ਹਿਆ ਜਾਂਦਾ ਸੀ ਬਈ ਬਾਹਰੋਂ ਹਵਾ ਇਹਨਾਂ ਹਰੇ ਪੱਤਿਆਂ ਨਾਲ ਟਕਰਾ ਕੇ ਅੰਦਰ ਕਮਰੇ ‘ਚ ਜਾਵੇਗੀ ਤਾਂ ਕਮਰੇ ਦਾ ਵਾਤਾਵਰਣ ਸ਼ੁੱਧ ਰਹੇਗਾ। ਵਿੱਚ ਨਿੰਮ ਦੀਆਂ ਟਾਹਣੀਆਂ ਤੇ ਪੱਤੇ ਵੀ ਹੁੰਦੇ, ਨਿੰਮ ਕੌੜੀ ਹੁੰਦੀ ਆ ਉਹ ਮੱਖੀ, ਮੱਛਰ ਤੋਂ ਬਚਾ ਕਰਦੀ ਸੀ । ਉਦੋਂ ਕਿਹੜਾ ਡਟੌਲ, ਫਰਨੈਲ ਹੁੰਦੇ ਸੀ ਕਿ ਪਾਣੀ ‘ਚ ਪਾ ਕੇ ਪੋਚਾ ਲਾ ਦਿਉ। ਕੱਚੇ ਘਰ ਹੁੰਦੇ ਸੀ। ਅੰਬ ਤੇ ਸ਼ਰੀਂਹ ਔਰਤ ਤੇ ਬੱਚੇ ਦੀ ਖ਼ੁਸ਼ਹਾਲੀ ਲਈ ਵੀ ਬੰਨ੍ਹੇ ਜਾਂਦੇ ਸਨ ।

 

ਇਹ ਬਾਂਦਰ-ਵਾਲ ਘਰ ਵਿੱਚ ਇਕ ਚਿੰਨ ਹੁੰਦਾ ਸੀ ਕਿ ਏਸ ਕਮਰੇ ਵਿੱਚ ਬੱਚੇ ਦਾ ਜਨਮ ਹੋਇਆ, ਹਰ ਬੰਦਾ ਇਸ ਕਮਰੇ ‘ਚ ਸਿੱਧਾ ਈ ਨਾ ਜਾ ਵੜੇ, ਕਿਉਂਕਿ ਸਾਡੀਆਂ ਬੀਬੀਆਂ ਕਹਿੰਦੀਆਂ ਸੀ ਨਵ-ਜਨਮ ਬੱਚੇ ਤੇ ਉਹਦੀ ਮਾਂ ਕੋਲ ਬਾਹਰੋਂ ਆ

 

ਕੇ ਇਕਦਮ ਨਹੀਂ ਜਾਣਾ ਚਾਹੀਦਾ, ਸਗੋਂ ਹੱਥ ਮੂੰਹ ਧੋ ਕੇ ਜਾਣਾ ਚਾਹੀਦਾ। ਬਚਾਅ ਤਾਂ ਇਨਫ਼ੈਕਸ਼ਨ ਤੋਂ ਈ ਕਰਦੇ ਸੀ, ਮੇਰੇ ਹਿਸਾਬ ਨਾਲ ਕਿਉਂਕਿ ਜ਼ਿਆਦਾਤਰ ਤੁਰ ਕੇ, ਸਾਈਕਲ ’ਤੇ ਜਾਂ ਬੱਸਾਂ ’ਚ ਆਉਂਦੇ ਜਾਂਦੇ ਸਨ ਤੇ ਆਉਣ ਵਾਲੇ ਨੂੰ ਮਿੱਟੀ ਘੱਟਾ ਵੀ ਲੱਗਿਆ ਹੁੰਦਾ ਸੀ, ਬੀਬੀਆਂ ਤਾਂ ਖੇਤੋਂ ਆਏ ਜਾਂ ਜੇ ਕੋਈ ਗੁਆਂਢ ‘ਚੋਂ

 

ਆਉਂਦਾ ਉਹਨੂੰ ਵੀ ਨਵ-ਜਨਮੇ ਬੱਚੇ ਕੋਲ ਇਕਦਮ ਨਹੀਂ ਸੀ ਜਾਣ ਦਿੰਦੀਆਂ। ਕਮਰੇ ਦੇ ਬਾਹਰ ਕਣਕ ਰੱਖੀ ਹੁੰਦੀ ਸੀ ਹੱਥ ਧੋ ਸੰਵਾਰ ਕੇ ਕਣਕ ਨੂੰ ਹੱਥ ਲਵਾ ਕੇ ਅੰਦਰ ਜਾਣ ਦਿੰਦੀਆਂ ਸੀ। ਇਹ ਬਾਂਦਰ-ਵਾਲ ਨਜ਼ਰ-ਫਜ਼ਰ ਤੋਂ ਵੀ ਬੰਨ੍ਹਦੇ ਸੀ।

 

ਰਾਣੀ ਸਾਰੀਆਂ ਟਾਹਣੀਆਂ ਨੂੰ ਇਕ ਡੋਰ ਬੱਟ ਕੇ ਉਸ ਡੋਰ ਚ ਪਰੋ ਕੇ ਬਾਂਦਰ-ਵਾਲ ਬਣਾ ਕੇ ਲਿਆਉਂਦੀ ਤੇ ਸ਼ਰੀਕੇ ਦੀਆਂ ਬੀਬੀਆਂ ਆਉਂਦੀਆਂ ਕੋਈ ਮਿੱਠਾ ਪਦਾਰਥ ਬਣਾਇਆ ਜਾਂਦਾ, ਲਾਗਣ ਨੂੰ ਬਣਦਾ ਲਾਗ ਦਿੱਤਾ ਜਾਂਦਾ।

 

ਬਾਂਦਰਵਾਲ ਇਕ ਨਿਸ਼ਾਨੀ ਵੀ ਸੀ ਕਿ ਇਸ ਘਰ ‘ਚ ਮੁੰਡਾ ਹੋਇਆ ਪਰ ਹੁਣ ਸਮਾਂ ਬਦਲ ਗਿਆ ਬਹੁਤ ਚੰਗੀ ਗੱਲ ਆ ਪੜ੍ਹੇ ਲਿਖੇ ਧੀ ਜੰਮਣ ‘ਤੇ ਵੀ ਇਹ ਰਸਮ ਕਰਦੇ ਹਨ ਪਰ ਪਹਿਲਾਂ ਦੇ ਬਾਂਦਰ-ਵਾਲ ਤੇ ਹੁਣ ਦੇ ਬਾਂਦਰਵਾਲ ਵਿੱਚ ਬਹੁਤ ਫ਼ਰਕ ਆ। ਹੁਣ ਵਿੱਚ ਖਿਡੌਣੇ ਵੀ ਪਰੋਏ ਹੁੰਦੇ ਹਨ ਪਰ ਚਲੇ ਬਹੁਤ ਵਧੀਆ ਲੱਗਦਾ ਜਿਸ ਘਰ ਵਿਚ ਧੀ-ਪੁੱਤ ਦੇ ਜਨਮ ‘ਤੇ ਇਹ ਰਸਮ ਕੀਤੀ ਜਾਂਦੀ ਹੈ। 

 

ਤੜਾਗੀ

 

ਬੱਚੇ ਦੇ ਜਨਮ ਤੋਂ ਹੀ ਰੀਤੀ ਰਿਵਾਜ ਸ਼ੁਰੂ ਹੋ ਜਾਂਦੇ ਹਨ ਜਿਹਨਾਂ ਵਿੱਚ ਤੜਾਗੀ ਬੰਨ੍ਹਣ ਦਾ ਵੀ ਰਿਵਾਜ ਆਉਂਦਾ ਹੈ। ਤੜਾਗੀ ਮੁੰਡੇ ਦੇ ਲੱਕ ਦੁਆਲੇ ਬੰਨ੍ਹੀ ਜਾਂਦੀ ਸੀ । ਇਕ ਸੂਤੀ ਕਾਲ਼ੇ ਧਾਗੇ ਜਾਂ ਰੇਸ਼ਮ ਦੇ ਧਾਗੇ ਦੀ ਡੋਰ ਵੱਟੀ ਜਾਂਦੀ ਸੀ, ਡੋਰ ਵੱਟ ਕੇ ਉਹਦੇ ‘ਚ ਕੌਡੀਆਂ, ਚਾਂਦੀ ਦੇ ਘੁੰਗਰੂ ਪਰੋਏ ਜਾਂਦੇ ਸੀ ਤੇ ਅਖੀਰ ਤੇ ਇਕ ਫੁੰਮਣ ਬਣਾ ਦਿੱਤਾ ਜਾਂਦਾ ਸੀ। ਤੜਾਗੀ ਬੱਚੇ ਦਾ ਸ਼ਿੰਗਾਰ ਮੰਨਿਆ ਜਾਂਦਾ ਸੀ । ਕੌਡੀਆਂ ਘੁੰਗਰੂਆਂ ਦੀ ਗਿਣਤੀ 7, 9 ਹੁੰਦੀ ਸੀ। ਪਹਿਲਾਂ ਤਾਂ ਤੜਾਗੀ ਪਿੰਡ ਦੀ ਲਾਗਣ ਬਣਾ ਕੇ ਲਿਆਉਂਦੀ, ਉਸ ਨੂੰ ਉਹਦਾ ਬਣਦਾ ਲਾਗ, ਸੂਟ, ਪੈਸੇ ਦਿੱਤੇ ਜਾਂਦੇ ਸਨ । ਪਰ ਅੱਬਲ ਤਾਂ ਹੁਣ ਕੋਈ ਤੜਾਗੀ ਬੰਨ੍ਹਦਾ ਹੀ ਨਹੀਂ ਪਰ ਜੇ ਕਿਤੇ ਕਿਸੇ ਪਰਿਵਾਰ ਵਿੱਚ ਇਹ ਰਸਮ ਕੀਤੀ ਜਾਂਦੀ ਆ ਤਾਂ ਹੁਣ ਤੜਾਗੀ ਮੁੰਡੇ ਦੀ ਭੂਆ ਲੈ ਕੇ ਆਉਂਦੀ ਹੈ ਤੇ ਹੁਣ ਵਾਲ਼ੀ ਤੜਾਗੀ ਮਹਿੰਗੇ ਭਾਅ ਦੀ ਹੁੰਦੀ ਆ, ਉਹਦੇ ‘ਚ ਘੁੰਗਰੂ ਸੋਨੇ ਦੇ ਪਰੋਏ ਜਾਂਦੇ ਹਨ । ਫੇਰ ਤੜਾਗੀ ਲਿਆਉਣ ਵਾਲੀ ਭੂਆ ਸ਼ਗਨ ਵੀ ਤਕੜਾ ਈ ਲੈਂਦੀ ਆ।

ਤੜਾਗੀ ਪਾਉਣ ਦਾ ਕੋਈ ਮਤਲਬ ਸੀ, ਬਈ ਜੇ ਤੜਾਗੀ ਢਿੱਲੀ ਹੋ ਗਈ ਤਾਂ ਬੱਚਾ ਕਮਜ਼ੋਰ ਹੋ ਰਿਹਾ ਜੇ ਤੜਾਗੀ ਤੰਗ ਹੋ ਗਈ ਤਾਂ ਬੱਚਾ ਤਕੜਾ ਹੋ ਰਿਹਾ। ਤੜਾਗੀ ਤੋਂ ਬੱਚੇ ਦੇ ਵਿਕਾਸ ਦਾ ਪਤਾ ਲਾਇਆ ਜਾਂਦਾ ਸੀ ਪਰ ਅੱਜ ਕੱਲ੍ਹ ਬੱਚੇ ਦੇ ਵਿਕਾਸ ਦਾ ਪਤਾ ਕਰਨ ਲਈ ਡਾਕਟਰਾਂ ਕੋਲ ਜਾਇਆ ਜਾਂਦਾ । ਕੁਝ ਲੋਕਾਂ ਦਾ ਕਹਿਣਾ ਸੀ ਕਿ ਤੜਾਗੀ ਪਾਉਣ ਨਾਲ ਬੱਚੇ ਨੂੰ ਨਜ਼ਰ ਨਹੀਂ ਲਗਦੀ।

ਤੜਾਗੀ ਨੂੰ ਬੰਨ੍ਹਣ ਦੇ ਹੋਰ ਵੀ ਕਾਰਨ ਸਨ ਜਦੋਂ ਮਾਂ ਕੰਮ ਕਰਦੀ ਸੀ ਘੁੰਗਰੂ ਛਣਕਣ ਤੋਂ ਪਤਾ ਲੱਗ ਜਾਂਦਾ ਸੀ ਉਹ ਜਾਗ ਪਿਆ ਜਾਂ ਲਾਗੇ ਈ ਖੇਡਦਾ, ਜਦੋਂ ਬੱਚਾ ਰੁੜਦਾ ਤਾਂ ਘੁੰਗਰੂਆਂ ਦੀ ਛਣਕਾਰ ਸੁਣ ਕੇ ਖ਼ੁਸ਼ ਵੀ ਹੁੰਦਾ ਸੀ ਪਰ ਹੁਣ ਡਾਕਟਰਾਂ ਵੱਲੋਂ ਵੀ ਤੜਾਗੀ ਪਾਉਣ ਨੂੰ ਮਨ੍ਹਾ ਕੀਤਾ ਜਾਂਦਾ ਪਰ ਤੜਾਗੀ ਦੇ ਸਾਈਡ ਇਫੈਕਟ ਬਾਰੇ ਪਤਾ ਨਹੀਂ ਲੱਗਿਆ । ਤੜਾਗੀ ਵੀ ਸਾਡਾ ਸੱਭਿਆਚਾਰ, ਸਾਡੇ ਰੀਤੀ ਰਿਵਾਜ ਦਾ ਹਿੱਸਾ ਸੀ। ਤੇ ਰਹਿਣੀ ਚਾਹੀਦੀ ਆ, ਆਓ ਆਪਣੇ ਵਿਰਸੇ ਨੂੰ ਨਾ ਵਿਸਾਰੀਏ।

ਬਾਹਰ ਵਧਾਉਣਾ ਜਾਂ ਤੇਰਵਾਂ ਕਰਨਾ

ਬਾਹਰ ਵਧਾਉਣਾ ਬੱਚੇ ਦੇ ਜਨਮ ਸਮੇਂ ਦੀ ਰਸਮ ਹੈ। ਇਹ ਬੱਚੇ ਦੇ ਜਨਮ ਤੋਂ 7, 9, 11 ਜਾਂ 13 ਦਿਨਾਂ ‘ਤੇ ਕੀਤੀ ਜਾਂਦੀ ਹੈ । ਪਹਿਲੇ ਸਮਿਆਂ ‘ਚ ਜਿਸ ਕਮਰੇ ‘ਚ ਬੱਚੇ ਦਾ ਜਨਮ ਹੋਇਆ ਹੁੰਦਾ ਸੀ ਇਸ ਰਸਮ ਤੋਂ ਪਹਿਲਾਂ ਬੱਚਾ ਤੇ ਬੱਚੇ ਦੀ ਮਾਂ ਬਾਹਰ ਨਹੀਂ ਸੀ ਆ ਸਕਦੇ। ਮੁੰਡੇ ਦੇ ਜਨਮ ਵੇਲੇ ਇਹ ਰਸਮ ਬਹੁਤ ਖ਼ਾਸ ਢੰਗ ਨਾਲ ਕੀਤੀ ਜਾਂਦੀ ਹੈ, ਪਰ ਹੁਣ ਲੋਕਾਂ ਵਿਚ ਬਹੁਤ ਜਾਗ੍ਰਤੀ ਆ ਗਈ ਹੈ ਉਹ ਧੀ ਦੇ ਜਨਮ ਵੇਲ਼ੇ ਵੀ ਇਹ ਰਸਮ ਕਰਦੇ ਹਨ । ਖਾਸ ਕਰ ਬੱਚੇ ਦੀ ਭੂਆ ਨੂੰ ਵੀ ਇਸ ਰਸਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਘਰ ਵਿੱਚ ਲਾਗੀ ਬੁਲਾਏ ਜਾਂਦੇ ਹਨ, ਕਈ ਪਕਵਾਨ ਬਣਾਏ ਜਾਂਦੇ ਹਨ। ਬੱਚੇ ਤੇ ਉਹਦੀ ਮਾਂ ਨੂੰ ਨਹਾ ਕੇ ਨਵੇਂ ਕੱਪੜੇ ਪਹਿਨਾਏ ਜਾਂਦੇ ਹਨ, ਬੱਚੇ ਦੀ ਮਾਤਾ ਨੂੰ ਮਰਦਾਵੀਂ ਜੁੱਤੀ ਪਹਿਨਾਈ ਜਾਂਦੀ ਹੈ ਤੇ ਉਸ ਦੀ ਗੁੱਤ ਨੂੰ ਖੰਮ੍ਹਣੀ ਬੰਨ੍ਹੀ ਜਾਂਦੀ ਹੈ। ਤੇਲ ਚੋਅ ਕੇ ਬਾਹਰ ਵਿਹੜੇ ਵਿੱਚ ਬੱਚੇ ਤੇ ਬੱਚੇ ਦੀ ਮਾਂ ਨੂੰ ਪੀੜ੍ਹੀ ‘ਤੇ ਬਿਠਾ ਕੇ ਇਕ ਚੌਂਕ ਪੂਰਿਆ ਜਾਂਦਾ ਤੇ ਸ਼ਗਨ ਦਿੱਤਾ ਜਾਂਦਾ ਹੈ । ਸ਼ਰੀਕੇ ਭਾਈਚਾਰੇ ਦੀਆਂ ਔਰਤਾਂ ਵੀ ਸ਼ਗਨ ਦਿੰਦੀਆਂ ਹਨ। ਸ਼ਰੀਕੇ ਵਿੱਚ ਪਰੋਸੇ ਵੰਡੇ ਜਾਂਦੇ ਹਨ, ਪਰੋਸੇ ਵਿੱਚ ਚਾਰ ਕਣਕ ਦੇ ਆਟੇ ਦੇ ਫੁੱਲਕੇ ਤੇ ਫੁੱਲਕਿਆਂ ਵਿੱਚ ਕੜਾਹ ਪ੍ਰਸ਼ਾਦ ਪਾ ਦਿੱਤਾ। ਜਾਂਦਾ ਹੈ। ਬਾਹਰ ਵਧਾਉਣ ਜਾਂ ਤੇਰਵੇਂ ਦੀ ਰਸਮ ਤੋਂ ਬਾਅਦ ਬੱਚੇ ਦੀ ਮਾਂ ਤੋਂ ਉਹ ਪਾਬੰਦੀ ਹਟ ਜਾਂਦੀ ਹੈ ਕਿ ਉਸ ਨੇ ਤੇ ਬੱਚੇ ਨੇ ਉਸੇ ਕਮਰੇ ਵਿੱਚ ਰਹਿਣਾ, ਜਿੱਥੇ ਬੱਚੇ ਦਾ ਜਨਮ ਹੋਇਆ। ਉਹ ਘਰ ਤੋਂ ਬਾਹਰ ਵੀ ਜਾ ਸਕਦੀ ਹੈ। ਬੱਚੇ ਨੂੰ ਵੀ ਵਿਹੜੇ ਵਿੱਚ ਚੁੱਕ ਕੇ ਬੈਠ ਸਕਦੇ ਹਾਂ । ਲਾਗੀ ਵਧਾਈਆਂ ਦਿੰਦੇ ਹਨ ਤੇ ਉਹਨਾਂ ਨੂੰ ਬਣਦਾ ਲਾਗ ਜਿਵੇਂ ਕਣਕ, ਗੁੜ ਪੈਸੇ ਤੇ ਕੱਪੜੇ ਦਿੱਤੇ ਜਾਂਦੇ ਹਨ।

ਹੁਣ ਜ਼ਿਆਦਾਤਰ ਬੱਚੇ ਜੰਮਦੇ ਈ ਹਸਪਤਾਲਾਂ ‘ਚ ਹਨ ਸੋ ਉਹ ਤਾਂ ਪਹਿਲਾਂ ਈ ਬਾਹਰੋਂ ਵਧ ਕੇ ਆਉਂਦੇ ਹਨ। ਪਰ ਫੇਰ ਵੀ ਕਈ ਪਰਿਵਾਰ ਇਹ ਰੀਤ ਕਰਦੇ ਹਨ ਜੋ ਕਿ ਬਹੁਤ ਵਧੀਆ ਗੱਲ ਹੈ ਆਓ ਆਪਣੇ ਵਿਰਸੇ ਨੂੰ ਯਾਦ ਰੱਖੀਏ।

 

ਭੇਲੀ ਦੇਣ ਦੀ ਰਸਮ

 

ਜਦੋਂ ਬੱਚੇ ਦਾ ਜਨਮ ਹੁੰਦਾ ਤਾਂ ਬਹੁਤ ਰਸਮਾਂ ਕੀਤੀਆਂ ਜਾਂਦੀਆਂ ਨੇ ਖ਼ਾਸ ਕਰ ਜਦੋਂ ਘਰ ਵਿੱਚ ਮੁੰਡੇ ਦਾ ਜਨਮ ਹੁੰਦਾ ਤਾਂ ਇਕ ਭੇਲੀ ਦੇਣ ਦੀ ਰਸਮ ਕੀਤੀ ਜਾਂਦੀ ਹੈ। ਜੇ ਮੁੰਡੇ ਦਾ ਜਨਮ ਦਾਦਕੇ ਘਰ ਹੋਇਆ ਹੋਵੇ ਤਾਂ ਜਦੋਂ ਮੁੰਡਾ 9, 11, 13, 15 ਦਿਨਾਂ ਦਾ ਹੋ ਜਾਵੇ ਤਾਂ ਦਾਦਿਆਂ ਵੱਲੋਂ ਲਾਗੀ ਦੇ ਹੱਥ ਨਾਨਕਿਆਂ ਨੂੰ ਭੇਲੀ ਭੇਜੀ ਜਾਂਦੀ ਹੈ ਪਰ ਜੇ ਮੁੰਡੇ ਦਾ ਜਨਮ ਨਾਨਕੇ ਘਰ ਹੋਇਆ ਹੋਵੇ ਤਾਂ ਨਾਨਕੇ ਦਾਦਿਆਂ ਨੂੰ ਲਾਗੀ ਦੇ ਹੱਥ ਭੇਲੀ ਭੇਜਦੇ ਹਨ ਜਿਸ ਵਿੱਚ ਪਹਿਲੇ ਸਮਿਆਂ ‘ਚ ਤਾਂ ਹਰਾ ਘਾਹ (ਖੱਬਲ) ਥੋੜ੍ਹੇ ਜਿਹੇ ਚੌਲ, ਹਲਦੀ, ਖੰਮਣੀ, ਇਕ ਕਾਗਜ਼ ‘ਚ ਜਾਂ ਕੱਪੜੇ ਵਿੱਚ ਲਪੇਟ ਕੇ ਡੇਲੀ ਦੇ ਨਾਲ ਰੱਖੇ ਜਾਂਦੇ ਸਨ । ਡੇਲੀ ਵਿੱਚ ਗੁੜ ਦੇ ਨਾਲ ਪਤਾਸੇ ਪੀਪੇ ਵਿੱਚ ਪਾ ਕੇ ਭੇਜੇ ਜਾਂਦੇ ਸਨ। ਤੇਲ ਚੋਅ ਕੇ ਡੇਲੀ ਫੜ੍ਹੀ ਜਾਂਦੀ ਹੈ। ਜੋ ਲਾਗੀ ਭੇਲੀ ਲੈ ਕੇ ਜਾਂਦਾ ਉਹਨੂੰ ਬਣਦਾ ਲਾਗ ਦਿੱਤਾ ਜਾਂਦਾ ਸੀ ਤੇ ਉਹ ਡੇਲੀ ਸ਼ਰੀਕੇ ਵਿੱਚ ਵੰਡੀ ਜਾਂਦੀ ਸੀ । ਭੇਲੀ ਵੰਡਣ ਵਾਲੀ ਰਾਣੀ (ਨਾਇਣ) ਹਰ ਘਰ ਦੱਸਦੀ ਸੀ ਕਿ ਫਲਾਣਿਆਂ ਦੀ ਨੂੰਹ, ਧੀ ਦੇ ਮੁੰਡਾ ਹੋਇਆ। ਜਿਸ ਘਰ ਭੇਲੀ ਦਿੰਦੀ ਉਹ ਘਰ ਵਾਲ਼ੇ ਰਾਣੀ ਨੂੰ ਦਾਣੇ ਪਾਉਂਦੇ ਸਨ। ਇਹ ਭੇਲੀ ਖ਼ਾਸ ਕਰ ਨਵੇਂ ਜਨਮੇ ਮੁੰਡੇ ਦੀਆਂ, ਭੂਆ, ਮਾਸੀਆਂ ਨੂੰ ਵੀ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਇਹ ਰੀਤ ਵੀ ਪਿੱਛੇ ਰਹਿ ਰਹੀ ਹੈ।

 

‘ਵਿਆਹ ਦੀ ਭੇਲੀ’ ਜਦੋਂ ਘਰ ਵਿੱਚ ਧੀ, ਪੁੱਤ ਦਾ ਵਿਆਹ ਰੱਖ ਲਿਆ ਜਾਂਦਾ ਤਾਂ ਵਿਆਹ ਦੀ ਚਿੱਠੀ ਭੇਜਣ ਜਾਂ ਆਉਣ (ਕਿਉਂਕ ਮੁੰਡੇ ਦੇ ਵਿਆਹ ਦੀ ਚਿੱਠੀ ਆਉਂਦੀ ਹੁੰਦੀ ਆ ਤੇ ਧੀ ਦੇ ਵਿਆਹ ਦੀ ਚਿੱਠੀ ਭੇਜੀ ਜਾਂਦੀ ਹੈ) ਤੋਂ ਬਾਅਦ ਮੁੰਡੇ, ਧੀ ਦੀ ਮਾਂ ਆਪਣੇ ਪੇਕੇ ਆਪਣੇ ਧੀ, ਪੁੱਤ ਦੇ ਵਿਆਹ ਦੀ ਭੇਲੀ ਦੇਣ ਜਾਂਦੀ ਹੈ, ਇਹ ਭੇਲੀ ਨਾਨਕਿਆਂ ਨੂੰ ਵਿਆਹ ਦਾ ਇਕ ਖਾਸ ਸੱਦਾ ਵੀ ਹੁੰਦਾ। ਇਸ ਭੇਲੀ ਵਿੱਚ ਵੀ ਪਹਿਲਾਂ ਤਾਂ ਗੁੜ ਤੇ ਪਤਾਸੇ ਈ ਹੁੰਦੇ ਸਨ ਕਿਉਂਕਿ ‘ਭੇਲੀ’ ਗੁੜ ਦੀ ਪੇਸੀ ਨੂੰ ਕਿਹਾ ਜਾਂਦਾ ਹੈ ਪਰ ਹੁਣ ਜ਼ਮਾਨਾ ਨਵਾਂ ਆ ਭੇਲੀ ਵੀ ਅਮੀਰ ਹੋ ਗਈ। ਹੁਣ ਭੇਲੀ ਵਿੱਚ ਭਾਂਤ ਸੁਭਾਂਤੀ ਮਠਿਆਈ ਭੇਜੀ ਜਾਂਦੀ ਹੈ ਤੇ ਨਾਲ਼ ਹਰਾ ਘਾਹ, ਚੌਲ, ਹਲਦੀ ਤੇ ਮੌਲੀ (ਖੱਮ੍ਹਣੀ) ਰੱਖੀ ਜਾਂਦੀ ਹੈ। ਜਿੱਥੇ ਭੇਲੀ ਜਾਂਦੀ ਹੈ ਉਹ ਭੇਲੀ ਲੈ ਕੇ ਆਉਣ ਵਾਲਿਆਂ ਨੂੰ ਤੇਲ ਚੋਅ ਕੇ ਅੰਦਰ ਵਾੜਦੇ ਹਨ ਤੇ ਭੇਲੀ ਫੜ੍ਹਦੇ ਹਨ, ਲਾਗੀ ਨੂੰ ਬਣਦਾ ਲਾਗ ਦਿੱਤਾ ਜਾਂਦਾ ਹੈ। ਇਹ ਭੇਲੀ ਵੀ ਰਾਣੀ (ਨਾਇਣ) ਪਰਾਤ ਵਿੱਚ, ਲੱਡੂ ਮਠਿਆਈ ਪਾ ਕੇ ਸਿਰ ਤੇ ਰੱਖ ਕੇ ਸ਼ਰੀਕੇ ਵਿੱਚ ਵੰਡਦੀ ਹੈ ਤੇ ਨਾਲ ਨਾਲ ਦੱਸਦੀ ਹੈ ਕਿ ਫਲਾਣਿਆ ਦੇ ਦੋਹਤੀ ਦਾ ਵਿਆਹ ਉਹਨਾਂ ਵੱਲੋਂ ਵਿਆਹ ਦੀ ਭੇਲੀ ਭੇਜੀ ਆ, ਉਸੇ ਤਰ੍ਹਾਂ ਭੇਲੀ ਵੰਡਣ ਵਾਲੀ ਲਾਗਣ ਨੂੰ ਦਾਣੇ, ਪੈਸੇ ਦਿੱਤੇ ਜਾਂਦੇ ਹਨ। ਵਿਆਹ ਹੋਣ ਤੋਂ ਬਾਅਦ ਫੇਰ ਭਾਜੀ ਵੀ ਇਸੇ ਤਰ੍ਹਾਂ ਸ਼ਰੀਕੇ ਵਿੱਚ ਵੰਡੀ ਜਾਂਦੀ ਸੀ ਪਰ ਹੁਣ ਇਹ ਰੀਤਾਂ ਪਿੱਛੇ ਪੈਂਦੀਆਂ ਜਾਂਦੀਆਂ ਨੇ ਪਤਾ ਨਹੀਂ ਕਿਉਂ ਅਸੀਂ ਆਪਣੀਆਂ ਇਹ ਭਾਈਚਾਰਕ ਸਾਂਝਾ ਨੂੰ ਭੁੱਲਦੇ ਜਾ ਰਹੇ ਹਾਂ। ਆਓ ਆਪਣੇ ਅਮੀਰ ਵਿਰਸੇ ਨੂੰ ਨਾ ਵਿਸਾਰੀਏ।

ਦਾਬੜਾ ਜਾਂ ਪੰਜੀਰੀ ਦੇਣਾ

ਜਿਸ ਘਰ ਬੱਚੇ ਦਾ ਜਨਮ ਹੋਇਆ ਹੋਵੇ ਤਾਂ ਦੂਜੀ ਧਿਰ ਵੱਲੋਂ ਪੰਜੀਰੀ, ਦਾਬੜਾ ਦਿੱਤਾ ਜਾਂਦਾ ਹੈ। ਜੇ ਬੱਚੇ ਦਾ ਜਨਮ ਨਾਨਕੇ ਘਰ ਹੋਇਆ ਤਾਂ ਦਾਦਕਾ ਪਰਿਵਾਰ ਵੱਲੋਂ ਪੰਜੀਰੀ ਭੇਜੀ ਜਾਂਦੀ ਹੈ ਜੇ ਬੱਚੇ ਦਾ ਜਨਮ ਦਾਦਕੇ ਘਰ ਵਿਚ ਹੋਇਆ ਤਾਂ ਨਾਨਕਾ ਪਰਿਵਾਰ ਦਾਬੜਾ ਲੈ ਕੇ ਜਾਂਦਾ ਹੈ। ਦੇਸੀ, ਘਿਉ, ਚੀਨੀ ਤੇ ਦੇਸੀ ਚੀਜ਼ਾਂ ਤਾਕਤ ਵਾਲੀਆਂ ਪਾ ਕੇ ਜਿਵੇ, ਬਦਾਮ, ਕਾਜੂ, ਪਿਸਤਾ, ਕਮਰਕਸ, ਫੁੱਲ ਪਤਾਸੇ ਆਦਿ ਪੰਜੀਰੀ ਵਿੱਚ ਪਾਏ ਜਾਂਦੇ ਹਨ ਕਿਉਂਕਿ ਕਿਹਾ ਜਾਂਦਾ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਮਾਂ ਦਾ ਵੀ ਨਵਾਂ ਜਨਮ ਹੁੰਦਾ ਹੈ ਉਸ ਦੇ ਸਰੀਰ ਨੂੰ ਚੰਗੀ ਖ਼ੁਰਾਕ ਦੀ ਲੋੜ ਹੁੰਦੀ ਹੈ। ਬੱਚੇ ਤੇ ਮਾਂ ਲਈ ਤੇ ਜਿਹੜੇ ਪਰਿਵਾਰ ਵਿੱਚ ਦਾਬੜਾ ਲੈ ਕੇ ਜਾਣਾ ਹੁੰਦਾ ਉਹਨਾਂ ਲਈ ਨਵੇਂ ਕੱਪੜੇ ਖਰੀਦੇ ਜਾਂਦੇ ਹਨ। ਬਹੁਤੇ ਆਪਣੀ ਹੈਸੀਅਤ ਮੁਤਾਬਕ ਸੋਨੇ ਦੇ ਗਹਿਣੇ ਵੀ ਪਾਉਂਦੇ ਹਨ। ਬੱਚੇ ਲਈ ਝੂਲਾ, ਸਾਈਕਲੀ ਵੀ ਖਰੀਦੀ ਜਾਂਦੀ ਹੈ। ਲਾਗੀਆਂ ਨੂੰ ਲਾਗ ਦਿੱਤਾ ਜਾਂਦਾ ਹੈ। ਦਾਬੜੇ ਵਿੱਚ ਆਇਆ ਸਮਾਨ ਸ਼ਰੀਕੇ ਭਾਈਚਾਰੇ ਦੀਆਂ ਬੀਬੀਆਂ ਨੂੰ ਸੱਦ ਕੇ ਵਿਖਾਇਆ ਜਾਂਦਾ ਹੈ ਕਿਉਂਕਿ ਪਾਸ ਤਾਂ ਉਹਨਾਂ ਨੇ ਈ ਕਰਨਾ ਹੁੰਦਾ। ਜੋ ਪਰਿਵਾਰ ਦਾਬੜਾ ਲੈ ਕੇ ਆਉਂਦਾ ਹੈ ਉਹਨਾਂ ਦਾ ਵੀ ਮਾਣ ਤਾਣ ਕੀਤਾ ਜਾਂਦਾ ਹੈ।

ਕਈ ਬੀਬੀਆਂ ਪੰਜੀਰੀ ਦਾ ਸੁਆਦ ਵੇਖਦੀਆਂ ਹਨ ਜੇ ਪੰਜੀਰੀ ਦਾਦਕਿਆਂ ਵੱਲੋਂ ਆਈ ਹੋਵੇ ਤਾਂ ਮਖੌਲ ਵੀ ਕਰਦੀਆਂ ਹਨ ਕਿ ਸੱਸ ਘਿਉ ਪਾਉਣ ਵੇਲ਼ੇ ਕੰਜੂਸੀ ਕਰ ਗਈ। ਲਾਗੀਆਂ ਨੂੰ ਲਾਗ ਦੇ ਕੇ ਵਿਦਾ ਕੀਤਾ ਜਾਂਦਾ ਹੈ। ਇਹ ਰਸਮ ਅਜੇ ਪੂਰੀ ਤਰਾਂ ਕਾਇਮ ਹੈ ਪਰ ਇਹ ਰਸਮ ਹੁਣ ਬਹੁਤ ਅਮੀਰ ਹੋ ਗਈ ਹੈ । ਸਾਨੂੰ ਐਨੇ ਵੀ ਖਰਚੇ ਵਧਾਉਣੇ ਨਹੀਂ ਚਾਹੀਦੇ ਕਿ ਬਾਕੀ ਮੱਧ-ਵਰਗ ਵੀ ਸਾਡੀ ਰੀਸ ਕਰਕੇ ਖਰਚੇ ਦੇ ਬੋਝ ਥੱਲੇ ਆਵੇ । ਹਰ ਰਸਮ ਸੰਜਮ ਨਾਲ ਕਰਨੀ ਚਾਹੀਦੀ ਹੈ।

ਛੂਛਕ 

ਜਦੋਂ ਪਹਿਲਾ ਬੱਚਾ ਜਨਮ ਲੈਂਦਾ ਹੈ, ਖ਼ਾਸਕਰ ਇਹ ਰਸਮ ਉਦੋਂ ਕੀਤੀ ਜਾਂਦੀ ਹੈ। ਛੂਛਕ ਬੱਚੇ ਦੇ ਨਾਨਕਿਆਂ ਵੱਲੋਂ ਦਿੱਤਾ ਜਾਂਦਾ ਹੈ। ਪਹਿਲੇ ਸਮੇਂ ‘ਚ ਜ਼ਿਆਦਾਤਰ ਬੱਚੇ ਦਾ ਜਨਮ ਨਾਨਕੇ ਘਰ ਈ ਹੁੰਦਾ ਸੀ। ਕਿਉਂਕਿ ਇਕ ਧਾਰਨਾ ਸੀ ਕਿ ਧੀ ਦੀ ਮਾਂ ਜ਼ਿਆਦਾ ਦੇਖਭਾਲ ਕਰੇਗੀ, ਆਪਣੀ ਧੀ ਨੂੰ ਕੰਮ ਨਹੀਂ ਕਰਨ ਦੇਵੇਗੀ ਭਾਵੇਂ ਸਹੁਰੇ ਕਿੰਨੇ ਵੀ ਚੰਗੇ ਹੋਣ ਪਰ ਅਜਿਹੀ ਹਾਲਤ ਵਿੱਚ ਵੀ ਥੋੜ੍ਹਾ ਬਹੁਤਾ ਕੰਮ ਕਰਨਾ ਈ ਪੈਂਦਾ ਪਰ ਪੇਕੇ ਘਰ ਮੁਕੰਮਲ ਅਰਾਮ ਮਿਲਦਾ ਹੈ।

ਬੱਚੇ ਦੇ ਜਨਮ ਤੋਂ ਬਾਅਦ ਜਦੋਂ ਬੱਚਾ ਦੋ ਢਾਈ ਮਹੀਨੇ ਦਾ ਹੋ ਜਾਂਦਾ ਤਾਂ ਧੀ ਨੇ ਆਪਣਾ ਬੱਚਾ ਸਹੁਰੇ ਘਰ ਪਹਿਲੀ ਵਾਰ ਲੈ ਕੇ ਜਾਣਾ ਹੁੰਦਾ ਤਾਂ ਜਿਹੜੇ ਸਰਦੇ ਪੁੱਜਦੇ ਪਰਿਵਾਰ ਹੁੰਦੇ ਉਹ ਛੂਛਕ ਦੇ ਕੇ ਈ ਤੋਰਦੇ। ਛੂਛਕ ਵਿੱਚ ਇਕ, ਦੋ ਬਿਸਤਰੇ, ਭਾਂਡੇ, ਬੱਚੇ ਤੇ ਬੱਚੇ ਦੀ ਮਾਂ ਨੂੰ ਕੱਪੜੇ, ਸਹੁਰਾ ਪਰਿਵਾਰ ਦੇ ਮੈਂਬਰ ਨੂੰ ਵੀ ਕੱਪੜੇ ਦਿੱਤੇ ਜਾਂਦੇ। ਲਾਗੀਆਂ ਨੂੰ ਵੀ ਸੂਟ ਦਿੱਤੇ ਜਾਂਦੇ । ਆਪਣੀ ਹੈਸੀਅਤ ਮੁਤਾਬਕ ਬੱਚੇ ਤੇ ਉਹਦੀ ਮਾਂ ਨੂੰ ਸੋਨੇ ਦਾ ਗਹਿਣਾ ਪਾਇਆ ਜਾਂਦਾ । ਬੱਚੇ ਨੂੰ ਖਿਡੌਣੇ ਦਿੱਤੇ ਜਾਂਦੇ । ਕੋਈ ਅਲਮਾਰੀ ਵਗੈਰਾ ਵੀ ਦੇ ਦਿੱਤੀ ਜਾਂਦੀ । ਬੱਚੇ ਦਾ ਪਿਓ ਆ ਕੇ ਆਪਣੀ ਘਰਵਾਲੀ ਤੇ ਬੱਚੇ ਨੂੰ ਆਪਣੇ ਘਰ ਲੈ ਜਾਂਦਾ ਜਿੱਥੇ ਬੱਚੇ ਦਾ ਤੇ ਉਹਦੀ ਮਾਂ ਦਾ ਸਵਾਗਤ ਕੀਤਾ ਜਾਂਦਾ।

ਜੇ ਬੱਚਾ ਦਾਦਕੇ ਘਰ ਜੰਮਦਾ ਤਾਂ ਵੀ ਜਦੋਂ ਬੱਚਾ ਢਾਈ-ਤਿੰਨ ਮਹੀਨੇ ਦਾ ਹੋ ਜਾਂਦਾ ਤਾਂ ਉਹਦੇ ਨਾਨਕੇ ਆਪਣੀ ਧੀ ਤੇ ਬੱਚੇ ਨੂੰ ਲੈ ਕੇ ਆਉਂਦੇ, ਜਿੰਨੀ ਦੇਰ ਪੇਕੇ ਰਹਿਣ ਦੀ ਸਹੁਰਿਆਂ ਵੱਲੋਂ ਇਜਾਜ਼ਤ ਮਿਲਦੀ ਉਹ ਰੱਖਦੇ ਤੇ ਛੂਛਕ ਦੇ ਕੇ ਤੋਰਦੇ। ਛੂਛਕ ਦਾ ਸਾਰਾ ਸਮਾਨ ਮੰਜਿਆਂ ਤੇ ਰੱਖ ਕੇ ਸ਼ਰੀਕੇ ਭਾਈਚਾਰੇ ਦੀਆਂ ਬੀਬੀਆਂ ਨੂੰ ਵਿਖਾਇਆ ਜਾਂਦਾ ਸੀ, ਜੀਹਦਾ ਛੂਛਕ ਵਧੀਆ ਹੁੰਦਾ ਉਹਦੀਆਂ ਘਰ ਘਰ ਗੱਲਾਂ ਹੁੰਦੀਆਂ ਸੀ। ਪਹਿਲੇ ਸਮਿਆਂ ‘ਚ ਭਾਵੇਂ ਦਾਜ ਸੀ ਜਾਂ ਛੂਛਕ ਉਹ ਵਿੱਤ ਅਨੁਸਾਰ ਦਿੱਤਾ ਜਾਂਦਾ ਪਰ ਹੁਣ ਤਾਂ ਸਾਰਾ ਸਾਲ ਈ ਇਹ ਸਿਲਸਿਲਾ ਚੱਲਦਾ ਰਹਿੰਦਾ ਲੋਹੜੀ, ਰੱਖੜੀ, ਦੁਸਹਿਰਾ, ਦੀਵਾਲੀ, ਕਰਵਾ ਚੌਥ, ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਆਦਿ ਇਹ ਖਰਚੇ ਅਸੀਂ ਜ਼ਿਆਦਾ ਵਧਾ ਲਏ, ਉਦੋਂ ਇਹ ਸਭ ਨਹੀਂ ਸੀ ਹੁੰਦਾ ਬਸ ਸਾਲ ਦੇ ਦੋ ਸੰਧਾਰੇ, ਇਕ ਤੀਆਂ ਦਾ ਤੇ ਇਕ ਲੋਹੜੀ ਦਾ। ਇਹ ਵੀ ਧੀ ਭੈਣ ਦਾ ਪਤਾ ਲੈਣ ਦਾ ਇਕ ਜਰੀਆ ਸਨ, ਕਿਉਂਕਿ ਉਦੋਂ ਆਵਾਜਾਈ ਦੇ ਸਾਧਨ ਐਨੇ ਨਹੀਂ ਸੀ। ਹੁਣ ਅਸੀਂ ਦਿਖਾਵਿਆਂ ਵਿੱਚ ਪੈ ਗਏ, ਅਸੀਂ ਤੋਹਫ਼ੇ ਵੰਡਦੇ ਈ ਤਿਉਹਾਰ ਲੰਘਾ ਦਿੰਦੇ ਹਾਂ। ਇਹ ਖਰਚੇ ਸਾਨੂੰ ਘਟਾਉਣੇ ਚਾਹੀਦੇ ਹਨ ਇਹਨਾਂ ਖਰਚਿਆਂ ਵਿੱਚ ਮੱਧ-ਵਰਗ ਪਰਿਵਾਰ ਪਿਸਦੇ ਹਨ। ਸੋ ਹਰ ਰੀਤੀ ਰਿਵਾਜ ਆਪਣੀ ਹੈਸੀਅਤ ਤੇ ਸੰਜਮ ਵਿੱਚ ਰਹਿ ਕੇ ਮਨਾਓ।

ਛਟੀ ਦੀ ਰਸਮ

ਜਦੋਂ ਘਰ ਵਿੱਚ ਲੜਕਾ ਪੈਦਾ ਹੁੰਦਾ ਤਾਂ ਕਈ ਵਾਰ ਲੜਕੇ ਦੇ ਜਨਮ ਤੋਂ ਛੇਵੇਂ ਦਿਨ ਛਟੀ ਦੀ ਰਸਮ ਕੀਤੀ ਜਾਂਦੀ ਸੀ। ਇਸ ਦਿਨ ਸਾਰੇ ਰਿਸ਼ਤੇਦਾਰ ਬੁਲਾਏ ਜਾਂਦੇ, ਲੜਕੇ ਦੇ ਨਾਨਕੇ ਆਪਣੀ ਧੀ, ਜਵਾਈ ਦੋਹਤੇ ਨੂੰ ਲੀੜਾ-ਲੱਤਾ, ਕੋਈ ਸੋਨੇ ਦਾ ਗਹਿਣਾ ਵੀ ਲੈ ਕੇ ਆਉਂਦੇ । ਬਾਕੀ ਪਰਿਵਾਰ ਦੀ ਵੀ ਕੱਪੜਿਆਂ ਨਾਲ ਮੰਨੌਤ ਕੀਤੀ ਜਾਂਦੀ। ਪਰ ਹੌਲ਼ੀ ਹੌਲ਼ੀ ਇਹ ਰਸਮ ਲੜਕੇ ਦੇ ਜਨਮ ਤੋਂ ਸਾਲ, ਦੋ ਸਾਲ ਬਾਅਦ ਕੀਤੀ ਜਾਣ ਲੱਗੀ। ਕਈ ਵਾਰ ਸਿੱਖ ਪਰਿਵਾਰਾਂ ਦੇ ਘਰ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਸਾਹਿਬ ਕਰਵਾਏ ਜਾਂਦੇ। ਸ਼ਰੀਕੇ ਡ੍ਰਾਈਚਾਰੇ ਨੂੰ ਚੁੱਲ੍ਹੇ-ਨਿਉਂਦਾ ਦਿੱਤਾ ਜਾਂਦਾ। ਘਰੇ ਹਲਵਾਈ ਬਿਠਾਇਆ ਜਾਂਦਾ। ਆਏ ਰਿਸ਼ਤੇਦਾਰ ਬੱਚੇ ਨੂੰ ਕੱਪੜੇ, ਤੋਹਫੇ ਵਗੈਰਾ ਲੈ ਕੇ ਆਉਂਦੇ ਜਾਂ ਮੁੰਡੇ ਨੂੰ ਸ਼ਗਨ ਦਿੰਦੇ। ਕਈ ਵਾਰ ਮੁੰਡੇ ਦੀ ਭੂਆ ਵੀ ਭਤੀਜੇ ਨੂੰ ਗਹਿਣਾ ਗੱਟਾ ਲਿਆਉਂਦੀ ਤੇ ਭੂਆ ਦੀ ਫੇਰ ਖ਼ਾਸ ਮੰਨ- ਮਨੌਤੀ ਕੀਤੀ ਜਾਂਦੀ । ਜੋ ਪਰਿਵਾਰ ਮੁੰਡੇ ਦੀ ਛਟੀ ਕਰਦਾ ਉਹ ਵੀ ਆਏ ਰਿਸ਼ਤੇਦਾਰਾਂ ਨੂੰ ਸੂਟ ਕੰਬਲ ਦੇ ਕੇ ਤੋਰਦੇ ਨਾਲ ਘਰ ਦੀ ਮਠਿਆਈ ਵੀ ਦਿੱਤੀ ਜਾਂਦੀ। ਹਿੰਦ ਪਰਿਵਾਰਾਂ ਚ ਇਹ ਰੀਤ ਪੂਜਾ ਕਰਕੇ ਕੀਤੀ ਜਾਂਦੀ ਸੀ ।

ਉਦੋਂ ਸਾਂਝੇ ਪਰਿਵਾਰ ਸਨ, ਸਾਰੇ ਰਲਕੇ ਇਹੋ ਜਿਹੇ ਸਮਾਗਮ ਕਰਦੇ । ਸਾਰਿਆਂ ਵਿਚ ਭਾਈਚਾਰਕ ਸਾਂਝਾਂ ਹੁੰਦੀਆਂ ਸਨ ਸਾਰੇ ਇਕ ਦੂਜੇ ਨਾਲ ਚਾਅ ਨਾਲ ਕੰਮ ਕਰਾਉਂਦੇ . ਜਿਵੇਂ ਬੀਬੀਆਂ ਇਕੱਠੀਆਂ ਹੋ ਕੇ ਵੱਡੀ ਤਵੀ ‘ਤੇ ਰੋਟੀਆਂ ਪਕਾਉਂਦੀਆਂ, ਨਾਲ ਗੀਤ ਗਾਉਂਦੀਆਂ। ਭਾਈ ਸਬਜ਼ੀਆਂ ਵਗੈਰਾ ਕੱਟਦੇ, ਮੰਜੇ ਬਿਸਤਰੇ ਇਕੱਠੇ ਕਰਦੇ। ਹੁਣ ਛਟੀ ਦੀ ਰਸਮ ਲਗਭਗ ਖ਼ਤਮ ਹੋ ਗਈ ਹੈ। ਹੁਣ ਜਨਮ ਦਿਨ, ਲੋਹੜੀ ਤੇ ਦਸਤਾਰ ਬੰਦੀ ਨੇ ਛਟੀ ਦੀ ਰਸਮ ਦੀ ਥਾਂ ਲੈ ਲਈ ਹੈ। ਉਹ ਪਿਛਲੀਆਂ ਭਾਈਚਾਰਕ ਸਾਂਝਾਂ ਖ਼ਤਮ ਹੋ ਗਈਆਂ ਹਨ, ਨਵੇਂ ਜ਼ਮਾਨੇ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਅਸੀਂ ਆਪਣਾ ਸੱਭਿਆਚਾਰ ਛੱਡ ਕੇ ਪੱਛਮੀ ਸੱਭਿਆਚਾਰ ਅਪਣਾ ਰਹੇ ਹਾਂ ਤੇ ਖਰਚੇ ਵੀ ਵਧਾ ਰਹੇ ਹਾਂ ਪਰ ਸਾਨੂੰ ਆਪਣਾ ਵਿਰਸਾ ਭੁਲਾਉਣਾ ਨਹੀਂ ਚਾਹੀਦਾ।

ਵਿਚੋਲਾ

ਜਦੋਂ ਪੁੱਤ, ਧੀ ਵਿਆਹੁਣ ਯੋਗ ਹੁੰਦਾ ਤਾਂ ਆਲੇ-ਦੁਆਲਿਉਂ, ਰਿਸ਼ਤੇਦਾਰ ਤੇ ਹੋਰ ਮਿੱਤਰ ਸਨੇਹੀ ਰਿਸ਼ਤਿਆਂ ਦੀ ਦੱਸ ਪਾਉਂਦੇ ਹਨ ਤੇ ਜਿਹੜਾ ਇਹਨਾਂ ਵਿੱਚੋਂ ਆਪਣਾ ਪੂਰਾ ਜ਼ੋਰ ਲਾ ਕੇ ਦੋਹਾਂ ਧਿਰਾਂ ਦਾ ਰਿਸ਼ਤਾ ਜੋੜਨ ਵਿੱਚ ਸਫ਼ਲ ਹੋ ਜਾਵੇ, ਉਹ ਵਿਚੋਲਾ ਹੁੰਦਾ। ਵਿਚੋਲਾ ਮਤਲਬ ਵਿਚ ਓਹਲਾ । ਵਿਚੋਲਾ ਰਿਸ਼ਤਾ ਕਰਾਉਣ ਲਈ ਮੁੰਡੇ ਵਾਲੇ ਤੇ ਕੁੜੀ ਵਾਲ਼ੇ ਦੋਹਾਂ ਧਿਰਾਂ ਵਿਚਕਾਰ ਰਿਸ਼ਤੇ ਦੀ ਗੱਲਬਾਤ ਤੋਰਦਾ, ਤੇ ਵਿੱਚ ਕਈ ਓਹਲੇ ਵੀ ਰੱਖ ਜਾਂਦਾ । ਜਿਸਦਾ ਬਾਅਦ ਵਿਚ ਕਈ ਵਾਰ ਬਹੁਤ ਨੁਕਸਾਨ ਵੀ ਹੁੰਦਾ।

ਵਿਚੋਲੇ ਦਾ ਕੰਮ ਹੁੰਦਾ, ਕੁੜੀ ਵਾਲਿਆਂ ਕੋਲ ਮੁੰਡੇ ਵਾਲਿਆਂ ਦੀਆਂ ਤਾਰੀਫ਼ਾਂ, ਜ਼ਮੀਨ, ਜਾਇਦਾਦ ਘਰ, ਨੌਕਰੀ ਆਦਿ ਬਾਰੇ ਤੇ ਓਧਰ ਮੁੰਡੇ ਵਾਲਿਆਂ ਕੋਲ ਕੁੜੀ ਵਾਲਿਆਂ ਦੇ ਗੋਗੇ, ‘ਕੁੜੀ ਬਹੁਤ ਸਾਊ ਆ, ਘਰ ਦੇ ਸਾਰੇ ਕੰਮ ਜਾਣਦੀ ਆ, ਚੰਗੀ ਪੜ੍ਹੀ ਲਿਖੀ ਆ, ਕੁੜੀ ਵਾਲ਼ੇ ਓਦਾਂ ਵੀ ਜਮੀਨ, ਪੈਸੇ, ਟਕੇ ‘ਚ ਅਮੀਰ ਨੇ ਵਿਆਹ ‘ਤੇ ਚਾਰ ਪੈਸੇ ਵੱਧ ਈ ਲਾਉਣਗੇ।’ ਗੱਲ ਕੀ ਵਿਚੋਲੇ ਦਾ ਕੰਮ ਭਰਮਾਉਣਾ ਹੁੰਦਾ ਦੋਹਾਂ ਧਿਰਾਂ ਨੂੰ ਪਰ ਵਿਚੋਲੇ ਨੂੰ ਓਹਲਾ ਨਹੀਂ ਰੱਖਣਾ ਚਾਹੀਦਾ। ਦੋਹਾਂ ਧਿਰਾਂ ਬਾਰੇ ਇਕ ਦੂਜੇ ਨੂੰ ਸਚਾਈ ਦੱਸਣੀ ਚਾਹੀਦੀ ਹੈ, ਜਦੋਂ ਵਿਆਹ ਤੋਂ ਬਾਅਦ ਕੋਈ ਫ਼ਰਕ ਪੈ ਜਾਵੇ ਜਾਂ ਮੁੰਡੇ ਕੁੜੀ ਦੀ ਨਾ ਬਣੇ ਤਾਂ ਗਾਲਾਂ ਵੀ ਵਿਚੋਲੇ ਨੂੰ ਕੱਢੀਆਂ ਜਾਂਦੀਆਂ ਨੇ ਮਰ ਜੇ ਵਿਚੋਲਾ ਚੰਦਰਾ ਜੀਹਨੇ ਇਹੋ ਜਿਹੇ ਸਾਕ ਦੀ ਦੱਸ ਪਾਈ।

“ਪਿਛਲੇ ਜਨਮ ਦਾ ਬਦਲਾ ਲੈ ਲਿਆ ਭੈਣ ਵਿਚੋਲਣ ਨੇ ।”

ਸੋ ਵਿਚੋਲੇ ਦੀ ਅਹਿਮ ਭੂਮਿਕਾ ਹੁੰਦੀ ਆ ਵਿਆਹ ਹੋਣ ਤੱਕ, ਪਹਿਲੇ ਸਮਿਆਂ ਵਿਚ ਤਾਂ ਜਦੋਂ ਦੋਹੇ ਧਿਰਾਂ ਵਿਆਹ ਦੀ ਖਰੀਦਾਰੀ ਕਰਦੀਆਂ ਤਾਂ ਵੀ ਵਿਚੋਲਾ ਨਾਲ ਹੁੰਦਾ, ਪੂਰੀ ਸਰਦਾਰੀ ਹੁੰਦੀ ਸੀ ਵਿਚੋਲੇ ਦੀ । ਮੁੰਡੇ ਵਾਲਿਆਂ ਦੀ ਜੋ ਮੰਗ, ਦਾਜ, ਛਾਪਾਂ ਛੱਲਿਆਂ ਦੀ ਲਿਸਟ, ਮਿਲਣੀ ਦੇ ਕੰਬਲ, ਸੂਟਾਂ ਦੀ ਮਨ ਮਨੌਤੀ ਕੀਹਦੀ ਕੀਹਦੀ ਕਰਾਉਣੀ ਆਂ, ਮੁੰਡੇ ਨੂੰ ਕੀ ਪਾਉਣਾ, ਇਹ ਸਭ ਸੁਨੇਹੇ ਕੁੜੀ ਵਾਲਿਆਂ ਤੱਕ ਵਿਚੋਲਾ ਹੀ ਪਹੁੰਚਾਉਂਦਾ ਸੀ। ਕੁੜੀ ਵਾਲਿਆਂ ਨੇ ਕੀਹਨੂੰ 2 ਮਨਾਉਣਾ ਵਿਚੋਲਾ ਮੁੰਡੇ ਵਾਲਿਆਂ ਨੂੰ ਦੱਸਦਾ। ਇਕ ਗੱਲ ਆ ਵਿਚੋਲੇ ਨੂੰ ਦੋਹੇ ਧਿਰਾਂ ਦਿਸਦੀਆਂ ਹੁੰਦੀਆਂ ਨੇ ਉਹਨੂੰ ਸਭ ਤੋਂ ਪਹਿਲਾਂ ਵੇਖਣਾ ਚਾਹੀਦਾ ਕਿ ਮੁੰਡੇ ਕੁੜੀ ਦਾ ਜੋੜ ਰਲਦਾ, ਪੜ੍ਹਾਈ ਵੇਖੇ ਦੋਹਾਂ ਦੀ ਤੇ ਪਰਿਵਾਰਾਂ ਦਾ ਮੇਲ ਵੀ ਵੇਖੇ। ਵਿਚੋਲੇ ਨੂੰ ਦੋਹਾਂ ਧਿਰਾਂ ਵੱਲੋਂ ਕੱਪੜੇ ਲੀੜੇ ਨਾਲ ਮੰਨਿਆ ਜਾਂਦਾ ਤੇ ਕਈ ਵਾਰ ਟੂਮ, ਛੱਲਾ ਵੀ ਪਾਇਆ ਜਾਂਦਾ ।

ਅੱਜ ਕੱਲ੍ਹ ਮੈਰਿਜ ਬਿਊਰੋ ਵਿਚੋਲੇ ਬਣਦੇ ਨੇ ਹੁਣ ਤਾਂ ਬੱਚੇ ਆਪ ਈ ਆਪਣੀ ਮਰਜ਼ੀ ਮਾਂ ਬਾਪ ਨੂੰ ਦੱਸ ਕੇ ਵਿਆਹ ਕਰਾ ਲੈਂਦੇ ਹਨ। ਜਿੱਥੇ ਮਾਂ, ਬਾਪ ਨਹੀਂ ਮੰਨਦੇ ਕਈ ਬੱਚੇ ਆਰਜੀ ਵਿਚੋਲੇ ਬਣਾ ਲੈਂਦੇ ਨੇ ਜਾਂ ਕੋਈ ਹੋਰ ਢੰਗ ਵਰਤ ਕੇ ਆਪਣਾ ਵਿਆਹ ਸਿਰੇ ਚਾੜ੍ਹ ਲੈਂਦੇ ਹਨ। ਪਰ ਵਿਚੋਲਾ ਸਾਡੇ ਵਿਆਹਾਂ ਦਾ ਅਟੁੱਟ ਅੰਗ ਹੈ, ਵਿਚੋਲੇ ਨੂੰ ਆਪਣੀ ਭੂਮਿਕਾ ਪਾਰਦਰਸ਼ੀ ਨਿਭਾਉਣੀ ਚਾਹੀਦੀ ਹੈ, ਨਹੀਂ ਤਾਂ ਫੇਰ ਬੀਬੀਆਂ ਕਹਿ ਦਿੰਦੀਆਂ ਨੇ:

“ਮੱਕੀ ਦਾ ਦਾਣਾ ਟਿੰਡ ਵਿੱਚ ਵੇ, ਵਿਚੋਲਾ ਨਹੀਂ ਰੱਖਣਾ ਪਿੰਡ ਵਿੱਚ ਵੇ, ਮੱਕੀ ਦਾ ਦਾਣਾ ਖੂਹ ਵਿੱਚ ਵੇ, ਵਿਚੋਲਾ ਨਹੀਂ ਰੱਖਦਾ ਜੂਹ ਵਿੱਚ ਵੇ।”

ਜੇ ਕਿਤੇ ਮੁੰਡੇ ਕੁੜੀ ਦੀ ਆਪਸ ਵਿੱਚ ਨਹੀਂ ਬਣਦੀ, ਕਿਸੇ ਗੱਲੋਂ ਤਕਰਾਰ ਹੁੰਦਾ ਰਹਿੰਦਾ ਤਾਂ ਵੀ ਦੋਸ਼ ਵਿਚੋਲੇ ਨੂੰ ਦਿੱਤਾ ਜਾਂਦਾ ਕਿ ਉਹਨੇ ਚੰਗੇ ਰਿਸ਼ਤੇਦਾਰ ਨਹੀਂ ਟਕਰਾਏ, ਉਹਨੂੰ ਸਭ ਪਤਾ ਸੀ, ਓਹਲਾ ਰੱਖ ਗਿਆ। ਸੋ ਵਿਚੋਲੇ ਨੂੰ ਓਹਲਾ ਨਹੀਂ ਰੱਖਣਾ ਚਾਹੀਦਾ, ਦੋਹਾ ਧਿਰਾਂ ਨੂੰ ਸਾਹਮਣੇ ਬਿਠਾ ਕੇ ਪੱਕੀ ਗੱਲ ਕਰਨੀ ਚਾਹੀਦੀ ਆ ਇਸੇ ਵਿੱਚ ਸਿਆਣਪ ਆ ।

ਰੋਪਨਾ ਦੀ ਰਸਮ

ਪਹਿਲੇ ਸਮੇਂ ਵਿੱਚ ਧੀ, ਪੁੱਤ ਦਾ ਰਿਸ਼ਤਾ ਵੀ ਬਹੁਤ ਠੋਕ ਵਜਾ ਕੇ ਕੀਤਾ ਜਾਂਦਾ ਸੀ, ਗੱਲ ਤੁਰਦੀ ਸੀ ਰਿਸ਼ਤੇ ਦੀ ਪਰ ਸਿਰੇ ਚੜ੍ਹਨ ਨੂੰ ਛੇ ਛੇ ਮਹੀਨੇ ਲੱਗ ਜਾਂਦੇ ਸੀ। ਓਧਰੋ ਓਧਰੀ ਪੁੱਛਗਿੱਛ ਕਰਨ ਲਈ ਸਕੀਰੀਆਂ ਲੱਭੀਆਂ ਜਾਂਦੀਆਂ। ਜਦੋਂ ਦੋਹਾਂ ਧਿਰਾਂ ਦਾ (ਮੁੰਡੇ ਤੇ ਕੁੜੀ) ਵਾਲਿਆਂ ਦਾ ਵਿਸ਼ਵਾਸ ਇਕ ਦੂਜੇ ਉੱਪਰ ਬਣ ਜਾਂਦਾ, ਮਨ ਟਿਕ ਜਾਂਦੇ, ਪੂਰੀ ਤਸੱਲੀ ਹੋ ਜਾਂਦੀ ਤਾਂ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ । ਬਹੁਤੀ ਵੇਖ ਵਿਖਾਈ ਦਾ ਕੰਮ ਨਹੀਂ ਸੀ ਹੁੰਦਾ ਉਦੋਂ ਅੱਜ ਕੱਲ੍ਹ ਵਾਂਗ । ਕੁੜੀ ਵਾਲੇ ਲਾਗੀ ਹੱਥ ਰੁਪਈਆ ਘੱਲ ਛੱਡਦੇ ਤੇ ਸਮਝੋ ਮੁੰਡਾ ਰੋਕ ਦਿੱਤਾ (ਬੁੱਕ ਕਰ ਦਿੱਤਾ) ਪਰ ਕਈ ਪਰਿਵਾਰ ਰੋਪਨਾ ਦੀ ਰਸਮ ਕਰਦੇ, ਜਿਸ ਨੂੰ ਬਾਅਦ ਵਿੱਚ ਮੰਗਣਾ, ਸ਼ਗਨ ਦਾ ਨਾਮ ਦਿੱਤਾ ਗਿਆ ਤੇ ਹੁਣ ‘ਰਿੰਗ-ਸੈਰੇਮਨੀ’ ਕਿਹਾ ਜਾਂਦਾ ਹੈ।

ਨਿਘਦੇ ਇਕ ਦੋ ਰਿਸ਼ਤੇਦਾਰ ਜਿਵੇਂ ਮੁੰਡੇ ਦੇ ਨਾਨਕੇ, ਭੂਆ, ਭੈਣ ਨੂੰ ਲਾਗੀ ਹੱਥ ਰੋਪਨਾ ਪੈਣ ਦਾ ਸੁਨੇਹਾ ਭੇਜਿਆ ਜਾਂਦਾ ਸੀ।

ਸ਼ਰੀਕੇ ਵਿੱਚ ਸੱਦਾ ਦਿੱਤਾ ਜਾਂਦਾ ਕਿ ਫਲਾਣਾ ਸਿੰਹੁ ਦੇ ਮੁੰਡੇ ਨੂੰ ਅੱਜ ਰੋਪਨਾ ਪੈਣੀ ਹੈ। ਇਹ ਰਸਮ ਮੁੰਡੇ ਦੇ ਘਰ ਤਕਰੀਬਨ ਢਾਈ ਕੁ ਵਜੇ ਕੀਤੀ ਜਾਂਦੀ ਸੀ । ਦੋ ਮੰਜੇ ਜੋੜ ਕੇ ਸਪੀਕਰ ਲਾ ਕੇ ਇਕ ਦੋ ਧਾਰਮਿਕ ਰਕਾਟ ਲਾ ਕੇ ਫੇਰ ਚੱਲ ਸੋ ਚੱਲ ਗਰਮ ਮਸਾਲਾ ਵੱਜਦਾ।

ਵਿਹੜੇ ਵਿੱਚ ਚਾਨਣੀ ਲਾ ਕੇ ਗੁਰਦੁਆਰੇ ਤੋਂ ਲਿਆ ਕੇ ਦਰੀਆਂ ਵਿਛਾਈਆਂ ਜਾਂਦੀਆਂ। ਕੁੜੀ ਵਾਲੇ ਪੰਜ, ਸੱਤ ਜਣੇ ਮੁੰਡੇ ਦੇ ਪਿੰਡ ਅੱਪੜਦੇ। ਉਹਨਾਂ ਨੂੰ ਗੁਆਂਢੀਆਂ ਦੀ ਬੈਠਕ ਵਿੱਚ ਬਿਠਾ ਕੇ ਸਰਦਾ ਬਣਦਾ ਚਾਹ ਪਾਣੀ ਪਿਲਾਇਆ ਜਾਂਦਾ ।

ਜਿਹਨਾਂ ਘਰਾਂ ਵਿੱਚ ਰੋਪਨਾ ਦਾ ਸੱਦਾ ਦਿੱਤਾ ਹੁੰਦਾ ਉਹ ਮੁੰਡੇ ਵਾਲਿਆਂ ਦੇ ਘਰ ਪਹੁੰਚ ਜਾਂਦੇ । ਵਿਛੀ ਹੋਈ ਦਰੀ ਤੇ ਭੈਣਾਂ, ਭਰਜਾਈਆਂ ਇਕ ਕੱਢੀ ਹੋਈ ਚਾਦਰ ਨੂੰ ਚੌਹਰੀ ਕਰਕੇ ਮੁੰਡੇ ਦੇ ਬੈਠਣ ਲਈ ਰੱਖ ਦਿੰਦੀਆਂ ਤੇ ਚੜ੍ਹਦੀ ਵੱਲ ਨੂੰ ਮੂੰਹ ਕਰਕੇ ਮੁੰਡੇ ਨੂੰ ਬਿਠਾ ਦਿੱਤਾ ਜਾਂਦਾ । ਸ਼ਗਨ ਪਵਾਉਣ ਲਈ ਮੁੰਡੇ ਨੂੰ ਇੱਕ ਨਵਾਂ ਤੌਲੀਆ ਦਿੱਤਾ ਜਾਂਦਾ। ਮੁੰਡੇ ਦੇ ਇੱਕ ਪਾਸੇ ਬੰਦੇ ਬੈਠ ਜਾਂਦੇ ਤੇ ਦੂਜੇ ਪਾਸੇ ਬੀਬੀਆਂ ਬੈਠ ਜਾਂਦੀਆਂ । ਕੁੜੀ ਵਾਲਿਆਂ ਦੇ ਹੱਥਾਂ ਵਿੱਚ ਬਹੁਤ ਸੋਹਣੇ ਕੱਢੇ ਹੋਏ ਰੁਮਾਲਾਂ ਨਾਲ ਢਕੇ ਪੰਜ ਸੱਤ ਥਾਲ ਹੁੰਦੇ ਜਿਹਨਾਂ ਵਿੱਚ ਪਤਾਸੇ, ਲੱਡੂ, ਫ਼ਲ ਜਾਂ ਸੁੱਕੇ ਮੇਵੇ ਹੁੰਦੇ ਸਨ । ਰੋਪਨਾ ਦੀ ਰਸਮ ਵੇਲੇ ਵੱਜਦਾ ਸਪੀਕਰ ਬੰਦ ਕਰ ਦਿੱਤਾ। ਜਾਂਦਾ। ਪਿੰਡ ਵਿੱਚ ਸਭ ਨੂੰ ਕੰਨ ਹੋ ਜਾਂਦੇ ਕਿ ਹੁਣ ਰੋਪਨਾ ਪੈਂਦੀ ਹੋਣੀ ਆ ਜੋ ਸਪੀਕਰ ਬੰਦ ਹੋ ਗਿਆ। ਕੁੜੀ ਦਾ ਪਿਓ ਸਭ ਤੋਂ ਪਹਿਲਾਂ ਸ਼ਗਨ ਕਰਦਾ । ਆਪਣੀ ਹੈਸੀਅਤ ਮੁਤਾਬਕ ਮੋਹਰਾਂ, ਨਕਦੀ ਮੁੰਡੇ ਦੀ ਝੋਲੀ ਵਿੱਚ ਪਾਉਂਦਾ, ਜੇ ਛਾਪ ਹੁੰਦੀ ਤਾਂ ਉਂਗਲ ਵਿੱਚ ਪਾ ਦਿੱਤੀ ਜਾਂਦੀ । ਮੁੰਡੇ ਦੇ ਮੂੰਹ ਨੂੰ ਛੁਹਾਰਾ ਲਾਇਆ ਜਾਂਦਾ । ਕੁੜੀ ਦੇ ਪਿਓ ਤੋਂ ਬਾਅਦ ਉਹਦੇ ਨਾਲ ਆਏ ਮੁੰਡੇ ਨੂੰ ਸ਼ਗਨ ਪਾਉਂਦੇ । ਉਹਨਾਂ ਤੋਂ ਬਾਅਦ ਮੁੰਡੇ ਵਾਲੇ, ਪਿੰਡ ਵਾਲ਼ੇ ਸ਼ਗਨ ਪਾਉਂਦੇ।

ਬੀਬੀਆਂ ਗੀਤ ਗਾਉਂਦੀਆਂ:

“ਮੇਰੇ ਵੀਰ ਨੂੰ ਰੋਪਨਾ ਪੈਂਦੀ, ਟਾਹਲੀ ਉੱਤੋਂ ਬੋਲ ਤੋਤਿਆ ।”

“ਜਦ ਵੀਰਾ ਤੂੰ ਜਨਮਿਆ, ਤੇਰੀ ਮਾਂ ਨੇ ਰੋਨੀ ਵੇ ਖੀਰ।

ਵਿਹੜੇ ਹੋਈ ਰੋਸ਼ਨੀ ਤੇ ਜੱਗ ਵਿੱਚ ਹੋਇਆ ਵੀਰਨ ਮੇਰਿਆ ਵੇ ਸੀਰ ।”

“ਪੱਗ ਬੰਨ੍ਹੀ ਵੀਰਾ ਪੱਗ ਬੰਨ੍ਹੀ ਵੇ ਪੱਗ ਬੰਨ੍ਹੀ ਗਜ਼ ਤੀਸ।

ਵੇ ਐਡਾ ਕਿਹੜਾ ਸੂਰਮਾ ਜਿਹੜਾ ਕਰੂ ਮੇਰੇ ਵੀਰ ਦੀ ਵੇ ਰੀਸ।

ਜਿੱਦਣ ਵੀਰਾ ਤੂੰ ਜੰਮਿਆ ਤੇਰੀ ਮਾਂ ਨੇ ਰਿੰਨੀ ਵੇ ਦਾਲ਼।

ਤੂੰ ਕਦੇ ਨਾ ਮੰਦਾ ਬੋਲਿਆ ਵੇ ਕਦੇ ਨਾ ਕੱਢੀ ਗਾਲ ।”

ਲਾਗੀਆਂ ਨੂੰ ਦੇਣ ਲਈ ਖ਼ਾਸ ਕਰਕੇ ਦਰਵਾਜ਼ੇ ਕੋਲ ਖਾਖੀ ਲਿਫ਼ਾਫ਼ਿਆਂ ਵਾਲਾ ਟੋਕਰਾ ਰੱਖਿਆ ਹੁੰਦਾ ਉਹਨਾਂ ਲਿਫ਼ਾਫ਼ਿਆਂ ਵਿੱਚ ਪਤਾਸੇ ਜਾਂ ਚਾਰ ਚਾਰ ਲੱਡੂ ਪਾਏ ਹੁੰਦੇ ਸੀ।

ਕੁੜੀ ਵਾਲਿਆਂ ਨੂੰ ਕੁੜੀ ਦਾ ਸ਼ਗਨ ਫੜ੍ਹਾ ਦਿੱਤਾ ਜਾਂਦਾ ਜੀਹਦੇ ਵਿੱਚ ਡੋਰੀ, ਮਹਿੰਦੀ ਚੂੜੀਆਂ, ਲਾਲ ਚੁੰਨੀ ਤੇ ਹੋਰ ਹਾਰ-ਸ਼ਿੰਗਾਰ ਦਾ ਨਿੱਕ-ਸੁੱਕ ਹੁੰਦਾ ਤੇ ਨਾਲ ਸੁੱਕੇ ਮੇਵੇ, ਪਤਾਸੇ ਲੱਡੂ ਆਦਿ ਦੇ ਦਿੱਤੇ ਜਾਂਦੇ ਸੀ। ਇਹ ਸ਼ਗਨ ਕੁੜੀ ਦੀਆਂ ਤਾਈਆਂ ਚਾਚੀਆਂ, ਮਾਂ ਇਕੱਠੀਆਂ ਹੋ ਕੇ ਦਿਨ ਵਿਚਾਰ ਕੇ ਕਰ ਦਿੰਦੀਆਂ ਸੀ।

ਹੁਣ ਸਮਾਂ ਬਹੁਤ ਬਦਲ ਗਿਆ ਹੈ ਸਮੇਂ ਦੀ ਤਬਦੀਲੀ ਨੇ ਇਸ ਖ਼ਾਸ ਰਸਮ ਦਾ ਰੂਪ ਹੀ ਬਦਲ ਦਿੱਤਾ ਹੈ। ਇਸ ਦੀ ਥਾਂ ਪਹਿਲਾਂ ਸ਼ਗਨ, ਚੁੰਨੀ ਚੜਾਉਣ ਤੇ ਹੁਣ ਰਿੰਗ-ਸੈਰੇਮਨੀ ਨੇ ਲੈ ਲਈ ਹੈ। ਹੁਣ ਮੁੰਡੇ ਵਾਲੇ ਪੂਰੇ ਲਾਮਲਸ਼ਕਰ ਨਾਲ ਕੁੜੀ ਵਾਲਿਆਂ ਵੱਲੋਂ ਬੁੱਕ ਕੀਤੇ ਕਿਸੇ ਰੈਸਟੋਰੈਂਟ ਜਾਂ ਪੈਲਿਸ ਵਿੱਚ ਜਾਂਦੇ ਹਨ। ਰੀਬਨ ਕਟਾਈ ਗੱਲ ਕੀ ਪੂਰਾ ਵਿਆਹ ਵਾਲ਼ਾ ਮਹੌਲ ਹੁੰਦਾ ਹੈ। ਮੁੰਡੇ ਦੇ ਮਾਂ ਬਾਪ ਪਹਿਲਾਂ ਸ਼ਗਨ ਕਰਦੇ ਹਨ। ਮੁੰਡੇ ਦੀ ਮਾਂ, ਭੈਣਾਂ, ਭਾਬੀਆਂ, ਕੁੜੀ ਦੇ ਸਿਰ ‘ਤੇ ਫੁਲਕਾਰੀ ਦਿੰਦੀਆਂ ਹਨ। ਫੇਰ ਮੁੰਡਾ, ਕੁੜੀ ਇਕ ਦੂਜੇ ਨੂੰ ਮੁੰਦਰੀ ਪਹਿਨਾਉਂਦੇ ਹਨ। ਕੁੜੀ ਵਿਆਹ ਵਾਂਗ ਹੀ ਪਾਰਲਰ ਤੋਂ ਤਿਆਰ ਹੁੰਦੀ ਆ।

ਡੀ.ਜੇ. ‘ਤੇ ਨੱਚਿਆ ਜਾਦਾਂ, ਖ਼ਾਸ ਕਰ ਮੁੰਡੇ ਕੁੜੀ ਨੂੰ ਨਚਾਇਆ ਜਾਂਦਾ ਹੈ । ਕੋਈ ਭੈਣ ਭਰਜਾਈ ਗੀਤ ਨਹੀਂ ਗਾਉਂਦੀ ਬਸ ਉਸ ਦਿਨ ਤੋਂ ਮੁੰਡੇ ਕੁੜੀ ਦੇ ਮਿਲਣ ਦਾ ਰਾਬਤਾ ਪੱਕਾ ਤੇ ਸਿੱਧਾ ਹੋ ਜਾਂਦਾ ਹੈ । ਪ੍ਰੀ-ਵੈਡਿੰਗ ਇਕੱਠੇ, ਖ਼ਰੀਦਦਾਰੀ ਜੋਰਾਂ ਸ਼ੋਰਾਂ ‘ਤੇ ਕਰਦੇ ਹਨ।

ਪਹਿਲਾਂ ਜਦੋਂ ਰੋਪਨਾ ਦੀ ਰਸਮ ਹੋ ਜਾਂਦੀ ਸੀ ਤਾਂ ਰਿਸ਼ਤਾ ਨਿਭਾਉਣ ਦੀ ਜਿੰਮੇਵਾਰੀ ਬਹੁਤ ਵੱਧ ਜਾਂਦੀ ਸੀ ਕਿਉਂਕਿ ਮੁੰਡਾ ਕੁੜੀ ਦੋ, ਤਿੰਨ ਸਾਲ ਮੰਗੇ ਰਹਿੰਦੇ ਸਨ ਕੋਈ ਮੇਲ ਮਿਲਾਪ ਨਹੀਂ ਸੀ ਹੁੰਦਾ ਤੇ ਰਿਸ਼ਤੇ ਮਜ਼ਬੂਤ ਹੁੰਦੇ ਸੀ । ਰਿਸ਼ਤਿਆਂ ਵਿੱਚ ਮੋਹ, ਪਿਆਰ ਸੀ ਤੇ ਮੁੰਡੇ ਕੁੜੀ ਨੂੰ ਇਕ ਦੂਜੇ ਨੂੰ ਵੇਖਣ ਦੀ ਖਿੱਚ ਹੁੰਦੀ ਸੀ। ਉਹ ਰਿਸ਼ਤੇ ਨਿਭਾਏ ਵੀ ਪਿਆਰ ਨਾਲ ਜਾਂਦੇ ਸੀ। ਹੁਣ ਜਿੰਨੀ ਜ਼ਿਆਦਾ ਖੁੱਲ੍ਹ ਆ ਏਸ ਖੁੱਲ੍ਹ ਦੇ ਨੁਕਸਾਨ ਵੀ ਬਹੁਤ ਨੇ, ਵਿਆਹ ਨਹੀਂ ਸੌਦੇ ਹੁੰਦੇ ਨੇ ਤਾਂ ਹੀ ਤਾਂ ਫੇਰ ਛੇਤੀ ਕਾਟੋ-ਕਲੇਸ ਹੋ ਕੇ ਤਲਾਕ ਹੋ ਰਹੇ ਹਨ। ਸਮੇਂ ਨਾਲ ਤਬਦੀਲੀ ਜ਼ਰੂਰੀ ਆ ਪਰ ਉਹ ਤਬਦੀਲੀ, ਅਜ਼ਾਦੀ ਕੀ ਕਰਨੀ, ਜੋ ਰਿਸ਼ਤਿਆਂ ਨੂੰ ਨਿਘਾਰ ਵੱਲ ਲੈ ਕੇ ਜਾਵੇ। ਹਰ ਰਿਸ਼ਤੇ ਦੀ ਇਕ ਮਰਿਆਦਾ ਹੁੰਦੀ ਆ ਸਾਨੂੰ ਉਹ ਨਹੀਂ ਭੁੱਲਣੀ ਚਾਹੀਦੀ। 

ਸਾਹਿ-ਚਿੱਠੀ

ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ। ਬਹੁਤ ਕੁਝ ਸੰਭਾਲੀ ਬੈਠਾ। ਅੱਜ-ਕੱਲ੍ਹ ਅਣਗਿਣਤ ਖ਼ੁਸ਼ੀਆਂ, ਰਸਮਾਂ ਹਨ ਜੋ ਵਿਆਹਾਂ ਨਾਲ ਜੁੜੀਆਂ ਹੋਈਆਂ ਹਨ, ਉਹਨਾਂ ‘ਚੋਂ ਇਕ ਹੈ ‘ਸਾਹਿ-ਚਿੱਠੀ’ ਇਹਨੂੰ ਵਿਆਹ ਦੀ ਚਿੱਠੀ ਵੀ ਆਖਦੇ ਹਨ। ਇਹ ਚਿੱਠੀ ਪਹਿਲੇ ਸਮਿਆਂ ‘ਚ ਦੋ ਮਹੀਨੇ ਪਹਿਲਾਂ ਭੇਜ ਦਿੰਦੇ ਸੀ । ਉਦੋਂ ਇਸ ਚਿੱਠੀ ਦੀ ਰਸਮ ਤੋਂ ਬਾਅਦ ਵਿਆਹ ਵਾਲੀ ਕੁੜੀ ਤੇ ਮੁੰਡੇ ਦੇ ਘਰਾਂ ‘ਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ । ਪਰ ਹੁਣ ਇਹ ਜਾਬਤਾ ਜਿਹਾ ਪੂਰਾ ਕਰਨ ਲਈ ਪੰਜ-ਸੱਤ ਦਿਨ ਪਹਿਲਾਂ ਵੀ ਭੇਜ ਦਿੱਤੀ ਜਾਂਦੀ ਹੈ।

ਇਹ ਚਿੱਠੀ ਧੀ ਵਾਲਿਆਂ ਵੱਲੋਂ ਸਤਿਕਾਰ ਨਾਲ ਮੁੰਡੇ ਵਾਲਿਆਂ ਦੇ ਘਰ ਭੇਜੀ ਜਾਂਦੀ ਹੈ। ਸਿਆਣੇ ਬੰਦੇ ਸਲਾਹ ਕਰਦੇ ਸਨ ਕਿ ਕਿਸ ਦਿਨ ਚਿੱਠੀ ਭੇਜਣੀ ਹੈ। ਉਸ ਤੋਂ ਇਕ ਦਿਨ ਪਹਿਲਾਂ ਸ਼ਰੀਕੇ ਭਾਈਚਾਰੇ ਵਿੱਚ ਲਾਗੀ ਰਾਹੀਂ ਸੱਦਾ ਭੇਜਿਆ ਜਾਂਦਾ ਸੀ । ਜਦੋਂ ਘਰ ਦੀ ਬੈਠਕ ‘ਚ ਸ਼ਰੀਕੇ ਦੇ ਮੋਹਤਬਰ ਇਕੱਠੇ ਹੋ ਜਾਂਦੇ ਤਾਂ ਪੜ੍ਹਿਆ ਲਿਖਿਆ ਵਿਅਕਤੀ ਚਿੱਠੀ ਲਿਖਦਾ, ਇਕ ਓਅੰਕਾਰ ਲਿਖ ਕੇ ਲਿਖਤੁ ਫਲਾਣਾ ਸਿੰਘ ਕਰਕੇ ਲਿਖੀ ਜਾਂਦੀ ਕਿ ਸਾਡੀ ਧੀ ਦਾ ਵਿਆਹ ਤੁਹਾਡੇ ਪੁੱਤਰ ਫਲਾਣਾ ਸਿੰਘ ਨਾਲ ਇਸ ਤਾਰੀਖ ਨੂੰ ਹੋਣਾ ਤੈਅ ਹੋਇਆ ਸੋ ਤੁਸੀਂ ਉਸ ਤਾਰੀਖ ਨੂੰ ਜੰਞ ਲੈ ਕੇ ਸਾਡੇ ਪਿੰਡ/ਸ਼ਹਿਰ ਪਧਾਰੋ, ਨਾਲ ਬੇਨਤੀ ਵੀ ਕਰ ਦਿੰਦੇ ਸੀ, ਸਮੇਂ ਸਿਰ ਪਹੁੰਚ ਜਾਣਾ ਜੀ ਤਾਂ ਜੋ ਅਨੰਦ ਕਾਰਜ ਦੀ ਰਸਮ 12 ਵਜੇ ਤੋਂ ਪਹਿਲਾਂ ਹੋ ਜਾਵੇ । ਥੱਲੇ ਨਾਮ ਲਿਖ ਦਿੱਤੇ ਜਾਂਦੇ ਸਨ । ਚਿੱਠੀ ਨੂੰ ਹਲਦੀ ਲਾਈ ਜਾਂਦੀ, ਵਿੱਚ ਹਰੀ ਖੱਬਲ (ਹਰਾ ਘਾਹ), ਚੋਲ, ਚੀਨੀ ਤੇ ਬਾਹਰ ਮੌਲੀ ਬੰਨ੍ਹੀ ਜਾਂਦੀ । ਚਿੱਠੀ ਲਿਖਣ ਵਾਲੇ ਨੂੰ ਸ਼ਗਨ ਦਿੱਤਾ ਜਾਂਦਾ ਸੀ ਤੇ ਚਿੱਠੀ ਵਿੱਚ ਵੀ ਸ਼ਗਨ ਵਜੋਂ ਪੈਸੇ ਪਾਏ ਜਾਂਦੇ ਸਨ । ਇਕ ਤਰ੍ਹਾਂ ਨਾਲ ਇਹ ਪਰੂਫ ਹੁੰਦਾ ਸੀ ਬਈ ਸਾਡੀ ਧੀ ਦਾ ਵਿਆਹ ਤੁਹਾਡੇ ਪੁੱਤਰ ਨਾਲ ਹੋ ਰਿਹਾ ਹੈ ਤੇ ਮੋਹਤਬਰ ਬੰਦੇ ਗਵਾਹ ਹੁੰਦੇ ਸਨ । ਚਿੱਠੀ ਦੇ ਨਾਲ ਗੁੜ, ਪਤਾਸੇ ਭੇਜੇ ਜਾਂਦੇ ਸਨ ।

ਅੱਜ ਕੱਲ੍ਹ ਦਿਖਾਵਾ ਜ਼ਿਆਦਾ, ਚਿੱਠੀ ਵੀ ਬਣੀ ਬਣਾਈ ਮਿਲਦੀ ਆ ਬਸ ਵਿੱਚ ਤਾਰੀਖ ਤੇ ਨਾਮ ਭਰਨੇ ਹੁੰਦੇ ਹਨ। ਗੁੜ, ਪਤਾਸਿਆਂ ਦੀ ਥਾਂ ਭਾਂਤ ਭਾਂਤ ਦੀ ਮਠਿਆਈ ਦੇ ਡੱਬੇ ਭੇਜੇ ਜਾਂਦੇ ਹਨ। ਚਿੱਠੀ ਲਿਖ ਕੇ ਵਿਚੋਲੇ ਨੂੰ ਦੇ ਦਿੱਤੀ ਜਾਂਦੀ ਹੈ ਤੇ ਉਹ ਲਾਗੀ ਨੂੰ ਨਾਲ ਲੈ ਕੇ ਮੁੰਡੇ ਵਾਲਿਆਂ ਦੇ ਘਰ ਪਹੁੰਚਦਾ ਹੈ। ਤੇਲ ਚੋ ਕੇ ਅੰਦਰ ਬਿਠਾਇਆ ਜਾਂਦਾ ਜਿਵੇਂ ਚਿੱਠੀ ਲਿਖਣ ਵੇਲੇ ਸ਼ਰੀਕੇ ਭਾਈਚਾਰੇ ਦੇ ਮੋਹਤਬਰ ਬੰਦੇ ਹੁੰਦੇ ਨੇ ਇਵੇਂ ਮੁੰਡੇ ਵਾਲਿਆਂ ਨੇ ਵੀ ਇਕ ਦਿਨ ਪਹਿਲਾਂ ਸ਼ਰੀਕੇ ਭਾਈਚਾਰੇ ਵਿੱਚ ਸੱਦਾ ਦਿੱਤਾ ਹੁੰਦਾ ਕਿ ਸਾਡੇ ਅੱਜ ਵਿਆਹ ਦੀ ਚਿੱਠੀ ਆਉਣੀ ਹੈ। ਚਿੱਠੀ ਬਹੁਤ ਸਤਿਕਾਰ ਨਾਲ ਮੁੰਡੇ ਦੇ ਘਰ ਦੇ ਫੜ੍ਹਦੇ ਹਨ। ਚਿੱਠੀ ਦੇ ਦੁਆਲਿਓਂ ਮੌਲੀ ਖੋਲ੍ਹ ਕੇ ਇਕ ਜਾਣਾ ਚਿੱਠੀ ਪੜ੍ਹਦਾ ਬਾਕੀ ਸਭ ਸੁਣਦੇ ਹਨ। ਚਿੱਠੀ ਪੜ੍ਹਨੂ ਵਾਲੇ ਨੂੰ ਉਹ ਪੈਸੇ ਵੀ ਮਿਲਦੇ ਹਨ ਜੋ ਚਿੱਠੀ ਵਿੱਚ ਹੁੰਦੇ ਹਨ ਤੇ ਘਰ ਵਾਲਿਆਂ ਵੱਲੋਂ ਵੀ ਸ਼ਗਨ ਦਿੱਤਾ ਜਾਂਦਾ । ਚਿੱਠੀ ਪੜ੍ਹਨ ਵਾਲਿਆਂ ਨੂੰ ਚਾਹ ਪਾਣੀ ਪਿਆਇਆ ਜਾਂਦਾ ਉਹਨਾਂ ਤੋਂ ਅਗਾਂਹ ਖ਼ਬਰ ਪਹੁੰਚ ਜਾਂਦੀ ਹੈ ਪਿੰਡ ਵਿੱਚ ਕਿ ਫਲਾਣਾ ਸਿਉਂ ਦੇ ਮੁੰਡੇ ਦਾ ਵਿਆਹ ਐਸ ਤਾਰੀਖ ਨੂੰ ਆਂ। ਜੋ ਲਾਗੀ ਚਿੱਠੀ ਲੈ ਕੇ ਆਉਂਦਾ ਉਸ ਨੂੰ ਬਣਦਾ ਲਾਗ ਦੇ ਕੇ ਵਿਦਾ ਕੀਤਾ ਜਾਂਦਾ । ਇਹੋ ਜਿਹੀਆਂ ਰਸਮਾਂ ਖ਼ੁਸ਼ੀ ਦਿੰਦੀਆਂ ਸਨ ਪਰ ਹੁਣ ਨਵਾਂ ਜ਼ਮਾਨਾ ਭਾਈ ਨਵੀਆਂ ਗੱਲਾਂ, ਨਵੀਆਂ ਸਾਹਿ-ਚਿੱਠੀਆਂ।

ਸੱਦਾ 

ਸੱਦਾ ਇਕ ਤਰ੍ਹਾਂ ਦਾ ਸੁਨੇਹਾ ਈ ਹੁੰਦਾ ਪਹਿਲਾਂ ਜਦੋਂ ਵਿਆਹਾਂ ਸ਼ਾਦੀਆਂ, ਮੰਗਣਿਆਂ ਆਦਿ ਦੇ ਕਾਰਡ ਨਹੀਂ ਸੀ ਛਪਵਾਏ ਜਾਂਦੇ ਉਦੋਂ ਸੱਦਾ ਈ ਦਿੱਤਾ ਜਾਂਦਾ ਸੀ । ਜਦੋਂ ਵਿਆਹ ਰੱਖਿਆ ਜਾਂਦਾ ਉਦੋਂ ਤੋਂ ਈ ਸੱਦੇ ਸ਼ੁਰੂ ਹੋ ਜਾਂਦੇ ਸੀ, ਜਿਵੇਂ ਚਿੱਠੀ ਤੋਰਨੀ, ਚਿੱਠੀ ਆਉਣੀ, ਮਾਂਹ ਹੱਥ ਕਰਨੇ, ਆਟਾ ਛਾਣਨਾ, ਦਾਲ਼ਾਂ ਚੁਗਣੀਆਂ । ਇਹ ਕੰਮ ਸਾਡੇ ਸ਼ਰੀਕੇ ਭਾਈਚਾਰੇ ਦੀ ਬਹੁਤ ਵੱਡੀ ਸਾਂਝ ਸੀ । ਸਭ ਰਲ ਕੇ ਖ਼ੁਸ਼ੀ ਖ਼ੁਸ਼ੀ ਕਰਦੇ।

ਸੱਦਾ ਲਾਗੀ ਦੇ ਕੇ ਆਉਂਦਾ ਜਾਂ ਲਾਗਣ ਜਿਸ ਨੂੰ ਸਤਿਕਾਰ ਨਾਲ ਰਾਜਾ, ਰਾਣੀ ਕਿਹਾ ਜਾਂਦਾ ਸੀ, ਉਹਨਾਂ ਨੂੰ ਘਰ ਦੱਸੇ ਜਾਂਦੇ ਬਈ ਕੀਹਦੇ ਕੀਹਦੇ ਘਰ ਸੱਦਾ ਦੇਣਾ, ਤਕਰੀਬਨ ਵਿਆਹ ‘ਚ ਹਰ ਰਸਮ ਦਾ ਈ ਸੱਦਾ ਹੁੰਦਾ, ਜੰਝ ਚੜ੍ਹਨ ਦਾ ਸੱਦਾ ਦੋ ਵਾਰੀ ਦਿੱਤਾ ਜਾਂਦਾ ਸੀ, ਇਹ ਸੱਦਾ ਜੰਝ ਚੜ੍ਹਨ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਵੀ ਦੇਣਾ ਜ਼ਰੂਰੀ ਸਮਝਿਆ ਜਾਂਦਾ ਸੀ। ਅਨੰਦ ਕਾਰਜ ਦਾ ਸੱਦਾ ਕੁੜੀ ਦੇ ਵਿਆਹ ਵੇਲੇ ਦਿੱਤਾ ਜਾਂਦਾ, ਇਹਨਾਂ ਸੱਦਿਆਂ ‘ਚੋਂ ਇਕ ਸੱਦਾ ਲੱਡੂ ਵੱਟਣ ਦਾ ਵੀ ਜ਼ਰੂਰ ਦਿੱਤਾ ਜਾਂਦਾ ਵਿਆਹ ਭਾਵੇਂ ਮੁੰਡੇ ਦਾ ਹੋਵੇ ਚਾਹੇ ਕੁੜੀ ਦਾ । ਜਦੋਂ ਹਲਵਾਈ ਲੱਡੂਆਂ ਦੀ ਬੂੰਦੀ ਤਿਆਰ ਕਰ ਲੈਂਦਾ ਤਾਂ ਲਾਗਲੇ ਘਰਾਂ ‘ਚ ਲੱਡੂ ਵੱਟਣ ਦਾ ਸੱਦਾ ਦਿੱਤਾ ਜਾਂਦਾ ਤੇ ਸਾਰੇ ਕੜਾਹੇ ਦੇ ਦੁਆਲ਼ੇ ਬੈਠ ਕੇ ਲੱਡੂ ਵੱਟਦੇ, ਇਕ ਦੂਜੇ ਦੇ ਵੱਟੇ ਲੱਡੂਆਂ ‘ਚ ਨਗੋਚਾਂ ਵੀ ਕੱਢਦੇ ਕਈ ਵਾਰ ਕਿਹਾ ਜਾਂਦਾ, ਬਈ ਹੱਥ ਜਰਾ ਘੁੱਟ ਕੇ, ਤੇ ਬਹੁਤੀ ਵਾਰ ਹਲਵਾਈ ਹੀ ਸਾਈਜ ਦੱਸ ਦਿੰਦਾ ਕਿ ਐਦੋਂ ਵੱਡਾ ਛੋਟਾ ਨਾ ਕਰਿਓ | ਇਹ ਰਲਮਿਲ ਕੇ ਵਿਆਹ ਵਾਲੇ ਘਰ ਕੰਮ ਕਰਾਉਣੇ ਭਾਈਚਾਰਕ ਸਾਝਾਂ ਹੁੰਦੀਆਂ ਸੀ, ਆਪਸੀ ਪਿਆਰ ਹੁੰਦਾ ਸੀ, ਲੱਡੂ ਵੱਟ ਕੇ ਫੇਰ ਸਾਰਿਆਂ ਨੇ ਹਲਵਾਈ ਦੀ ਬਣਾਈ ਗਾੜ੍ਹੀ ਚਾਹ ਨਾਲ ਇਕ, ਦੋ ਲੱਡੂ ਖਾ ਕੇ ਘਰ ਨੂੰ ਜਾਣਾ। ਹੁਣ ਇਹ ਸਾਂਝਾਂ ਖ਼ਤਮ ਹੋ ਗਈਆਂ ਨੇ, ਸੱਦਿਆਂ ਨੇ ਕਾਰਡ ਦਾ ਰੂਪ ਲੈ ਲਿਆ, ਹੁਣ ਸਾਰੇ ਸੱਦੇ ਉਹਦੇ ‘ਤੇ ਈ ਹੁੰਦੇ ਨੇ, ਲੱਡੂ ਵੱਟੇ ਵਟਾਏ ਡੱਬਿਆਂ ‘ਚ ਪੈਕ ਹੋ ਕੇ ਆਉਂਦੇ ਨੇ ।

ਭਾਵੇਂ ਲੱਖ ਅਸੀਂ ਮਾਡਰਨ ਹੋ ਗਏ ਹਾਂ ਪਰ ਇਸ ‘ਮਾਡਰਨ ਪੁਣੇ’ ਨੇ ਸਾਡਾ ਬਹੁਤ ਕੁਝ ਖੋਹ ਲਿਆ। ਜੋ ਸਾਨੂੰ ਕਦੇ ਵਾਪਸ ਨਹੀਂ ਮਿਲਣਾ। 

ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ

ਲੰਘੇ ਵੇਲਿਆਂ ‘ਚ, ਮੰਗਣੇ, ਵਿਆਹ ਤੇ ਪਾਠ ਦੇ ਭੋਗ ‘ਤੇ ਸਪੀਕਰ ਦਾ ਬਹੁਤ ਵੱਡਾ ਰੋਲ ਸੀ। ਇਹ ਮਨੋਰੰਜਨ ਦਾ ਮੁੱਖ ਸਾਧਨ ਸੀ । ਸਪੀਕਰ ਵਾਲੇ ਨੂੰ ਵੀ ਪਹਿਲਾਂ ਬੁੱਕ ਕੀਤਾ ਜਾਂਦਾ ਸੀ ਤੇ ਉਹ ਪਰਿਵਾਰ ਵਾਲਿਆਂ ਵੱਲੋਂ ਦੱਸੇ ਦਿਨ ਉਸ ਪਿੰਡ ਜਾ ਪਹੁੰਚਦਾ ਸਇਕਲ ਤੇ ਆਪਣਾ ਸਮਾਨ ਲੱਦ ਕੇ। ਪਿੱਛੇ ਕੈਰੀਅਰ ‘ਤੇ ਇਕ ਬਕਸਾ ਹੁੰਦਾ ਜੀਹਦੇ ‘ਚ ਉਹਦਾ ਸਾਰਾ ਸਮਾਨ ਤੇ ਨਾਲ ਬੈਟਰੀ ਵੀ ਹੁੰਦੀ ਸੀ। ਪਹਿਲਾਂ ਪਹਿਲਾਂ ਚਾਬੀ ਨਾਲ ਚੱਲਣ ਵਾਲੀਆਂ ਤਵਿਆਂ ਵਾਲੀਆਂ ਮਸ਼ੀਨਾਂ ਹੁੰਦੀਆਂ ਸੀ ਪਰ ਮਗਰੋਂ ਬਿਜਲੀ ਆ ਗਈ ਤਾਂ ਐੱਮਪਲੀਫਾਇਰ, ਟੇਪਾਂ ਆ ਗਈਆਂ ਜਿਨ੍ਹਾਂ ਵਿੱਚ ਰੀਲ੍ਹਾਂ ਚੱਲਦੀਆਂ ਸੀ। ਕੋਠੇ ‘ਤੇ ਦੋ ਮੰਜੇ ਜ਼ਿਆਦਾਤਰ ਵਾਣ ਦੇ ਪੁੱਠੇ ਕਰਕੇ ਸਪੀਕਰ ਪਿੰਡ ਵੱਲ ਮੂੰਹ ਕਰਕੇ ਫਿੱਟ ਕਰ ਦਿੱਤਾ ਜਾਂਦਾ ਤੇ ਵਿਹੜੇ ‘ਚ ਘਰ ਦੇ ਇਕ ਪਾਸੇ ਉਹ ਆਪਣਾ ਬਾਕੀ ਸਮਾਨ ਰੱਖਦਾ। ਜਦੋਂ ਉਹ ਸਪੀਕਰ ਫਿੱਟ ਕਰ ਰਿਹਾ ਹੁੰਦਾ ਤਾਂ ਜੁਆਕਾਂ ਦੀ ਭੀੜ ਉਹਦੇ ਦੁਆਲੇ ਜੁੜ ਜਾਂਦੀ ਕਿਉਂਕਿ ਉਦੋਂ ਉਹੀ ਡੀ.ਜੇ. ਵਾਲਾ ਹੁੰਦਾ ਸੀ। ਜਦੋਂਪਹਿਲਾ ਗੀਤ ਯਮਲਾ ਜੀ ਦਾ ਲਗਦਾ:

“ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਆ 

ਨੀਝਾਂ ਲਾ ਲਾ ਵੇਹਦੀ ਦੁਨੀਆਂ ਸਾਰੀ ਆ।”

ਤੇ ਪਿੰਡ ‘ਚ ਸਭ ਕੰਨ ਭੰਨ੍ਹਦੇ ਬਈ ਆਹ ਕੀਹਦੇ ਲੱਗਿਆ। ਕੀਹਦੇ, ਮੰਗਣਾ, ਵਿਆਹ। ਤਕਰੀਬਨ ਦੂਜਾ ਗੀਤ:

“ਸਤਿਗੁਰ ਨਾਨਕ ਆ ਜਾ, 

ਦੁਨੀਆਂ ਨੂੰ ਦੀਦ ਦਿਖਾ ਜਾ,

ਸੰਗਤ ਪਈ ਪੁਕਾਰਦੀ, 

ਤੇਰੇ ਹੱਥ ਵਿੱਚ ਚਾਬੀ, 

ਦਾਤਾ ਸਾਰੇ ਸੰਸਾਰ ਦੀ।”

ਦੋ ਚਾਰ ਧਾਰਮਿਕ ਗੀਤ ਲਾ ਕੇ ਫੇਰ ਚੱਲ ਸੋ ਚੱਲ, ਕਰਨੈਲ ਗਿੱਲ, ਕਰਮਜੀਤ ਧੂਰੀ, ਮੁਹੰਮਦ ਸਦੀਕ-ਰਣਜੀਤ ਕੌਰ, ਕੁਲਦੀਪ ਮਾਣਕ, ਸੁਰਿੰਦਰ ਕੌਰ, ਸੁਰਿੰਦਰ ਛਿੰਦਾ, ਦੀਦਾਰ ਸੰਧੂ, ਜਗਮੋਹਨ ਕੌਰ ਤੇ ਕੇ ਦੀਪ ਦੇ ਰਕਾਟ ਵੱਜਦੇ। ਮੇਲੀਆਂ ਵੱਲੋਂ ਸਪੀਕਰ ਵਾਲੇ ਨੂੰ ਫਰਮਾਇਸ਼ ਵੀ ਕੀਤੀ ਜਾਂਦੀ ਤੇ ਦੇਰ ਰਾਤ ਤੱਕ ਸਪੀਕਰ ਵੱਜਦਾ।

ਸਵੇਰੇ ਸਾਜਰੇ ਫੇਰ ਲੱਗ ਜਾਂਦਾ । ਸਪੀਕਰ ਵਾਲਾ ਦੋ ਤਿੰਨ ਦਿਨ ਉਹਨਾਂ ਦੇ ਈ ਘਰ ਰਹਿੰਦਾ ਜਿਨਾਂ ਨੇ ਸਾਈ ਦੇ ਕੇ ਸੱਦਿਆ ਹੁੰਦਾ, ਖੂਬ ਖਾਤਰਦਾਰੀ ਹੁੰਦੀ ਸਪੀਕਰ ਵਾਲੇ ਭਾਈ ਦੀ। ਜੇ ਮੁੰਡੇ ਦਾ ਵਿਆਹ ਹੁੰਦਾ ਤਾਂ ਸਪੀਕਰ ਵਾਲਾ ਆਪਣਾ ਸਪੀਕਰ ਨਾਲ ਲੈ ਕੇ ਜੰਞ ਵੀ ਜਾਂਦਾ । ਜਾਂਦੀ ਸਾਰ ਜਿੱਥੇ ਧੀ ਵਾਲਿਆਂ ਵੱਲੋਂ ਪੰਚਾਇਤ ਘਰ, ਧਰਮਸ਼ਾਲਾ ਆਦਿ ਵਿੱਚ ਜੀਵ ਦਾ ਉਤਾਰਾ ਕੀਤਾ ਜਾਂਦਾ। ਉਥੋਂ ਛੱਤ ‘ਤੇ ਮੰਜੇ ਜੋੜ ਕੇ ਸਭ ਤੋਂ ਪਹਿਲਾਂ ਸਪੀਕਰ ਲਾਇਆ ਜਾਂਦਾ, ਸਪੀਕਰ ਲੱਗਣ ਤੋਂ ਇਹ ਵੀ ਪਤਾ ਲੱਗ ਜਾਂਦਾ ਸੀ ਕਿ ਬਰਾਤ ਆਪਣੇ ਡੇਰੇ ਪਹੁੰਚ ਚੁੱਕੀ ਹੈ । ਸਪੀਕਰ ਵਾਲਾ ਆਪਣੇ ਸਮਾਨ ਦਾ ਵਿਸਾਹ ਨਾ ਖਾਂਦਾ ਜੇ ਉਰਾਂ ਪਰਾਂ ਜਾਣਾ ਹੁੰਦਾ ਤਾਂ ਕਿਸੇ ਜਿੰਮੇਵਾਰ ਬੰਦੇ ਨੂੰ ਆਪਣੇ ਤਵੇ ਦੀ ਰਾਖੀ ਬਿਠਾ ਕੇ ਜਾਂਦਾ । ਹੁਣ ਸਪੀਕਰ ਸਿਰਫ ਪਾਠ ਦੇ ਭੋਗਾਂ ਲਈ ਵਰਤਿਆ ਜਾਂਦਾ । ਹੁਣ ਇਸ ਦੀ ਥਾਂ ਡੀ.ਜੇ., ਭੰਗੜਾ ਗਰੁੱਪਾਂ ਨੇ ਲੈ ਲਈ ਹੈ । ਸਪੀਕਰ ਵਾਲਿਆਂ ਨੂੰ ਪਹਿਲੀਆਂ ‘ਚ ਮੰਗਣੇ, ਵਿਆਹ ਤੇ ਪਾਠ ਲਈ 50, 100 ‘ਚ ਬੁੱਕ ਕਰ ਲਿਆ ਜਾਂਦਾ ਸੀ । ਹੁਣ ਸਪੀਕਰ ਵੱਜਦੇ ਹੀ ਨਹੀਂ। ਸਾਡਾ ਪੰਜਾਬੀ ਵਿਰਸਾ ਪੰਜਾਬੀ ਸੱਭਿਆਚਾਰ ਤੋਂ ਦੂਰ ਹੁੰਦਾ ਜਾ ਰਿਹਾ, ਪਰ ਨਹੀਂ ਸਾਡੀ ਇਹ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਯਤਨ ਕਰਨਾ ਪਵੇਗਾ। ਨਹੀਂ ਤਾਂ ਗੁਰਦਾਸ ਮਾਨ ਦੇ ਕਹਿਣ ਵਾਂਗੂ ਉਹੀ ਗੱਲ ਹੋਈ:

“ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ। ਜਿਹੜੇ ਵਾਜੇ ਵੱਜ ਗਏ ਮੁੜਕੇ ਵੱਜਣੇ ਨਹੀਂ। ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ। ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ।”

ਨਾਨਕ ਛੱਕ

ਜਦੋਂ ਘਰ ਵਿੱਚ ਧੀ ਪੁੱਤ ਦਾ ਵਿਆਹ ਰੱਖ ਲਿਆ ਜਾਂਦਾ ਤਾਂ ਵਿਆਹ ਵਾਲੇ ਪੁੱਤ, ਧੀ ਦੀ ਮਾਂ ਆਪਣੇ ਪੇਕੀਂ ਵਿਆਹ ਦੀ ਭੇਲੀ ਦੇ ਕੇ ਆਉਂਦੀ ਹੈ ਜੋ ਕਿ ਨਾਨਕਾ ਪਰਿਵਾਰ ਨੂੰ ਵਿਆਹ ਦਾ ਇਕ ਖ਼ਾਸ ਸੱਦਾ ਹੁੰਦਾ ਹੈ ਤੇ ਨਾਨਕਿਆਂ ਨੂੰ ਇਸ਼ਾਰਾ ਵੀ ਹੁੰਦਾ ਕਿ ਤਕੜੇ ਹੋ ਜੋ ਨਾਨਕ ਛੱਕ ਲਾਉਣ ਲਈ।

ਪਹਿਲੇ ਸਮਿਆਂ ਵਿੱਚ ਇਹ ਰੀਤ ਘਰ ‘ਚ ਪਹਿਲੇ ਵਿਆਹ ‘ਤੇ ਲਾਈ ਜਾਂਦੀ ਸੀ। ਇਹ ਇਕ ਤਰਾਂ ਨਾਲ ਮੱਦਦ ਹੁੰਦੀ ਸੀ ਧੀ ਨੂੰ ਹੰਦਾ ਲੱਗ ਜਾਂਦਾ ਸੀ। ਨਾਨਕੇ ਤਿਆਰੀ ਕਰਦੇ ਜੇ ਤਾਂ ਲੜਕੀ ਦਾ ਵਿਆਹ ਹੁੰਦਾ ਤਾਂ ਉਹ ਆਪਣੀ ਹੈਸੀਅਤ ਮੁਤਾਬਕ ਵਿਆਹ ਵਾਲੀ ਲੜਕੀ ਨੂੰ ਦੋ-ਚਾਰ ਚੰਗੇ ਸੂਟ ਬਣਾਉਂਦੇ, ਗਹਿਣਾ ਗੱਟਾ ਵੀ ਪਾਉਂਦੇ । ਚੂੜਾ ਵੀ ਨਾਨਕਿਆਂ ਵੱਲੋਂ ਹੀ ਪਾਇਆ ਜਾਂਦਾ । ਬਿਸਤਰੇ, ਭਾਂਡੇ, ਪੇਟੀ, (ਹੁਣ ਅਲਮਾਰੀ, ਬੈਂਡ) ਆਦਿ ਵੀ ਦਿੰਦੇ। ਜੇ ਮੁੰਡੇ ਦਾ ਵਿਆਹ ਹੁੰਦਾ ਤਾਂ ਵਿਆਹ ਵਾਲੇ ਮੁੰਡੇ ਨੂੰ ਜੋੜਾ ਜਾਮਾ ਬਣਾਉਂਦੇ, ਜੀਹਦੇ ‘ਚ ਪੰਜ ਸੱਤ ਕੱਪੜੇ ਹੁੰਦੇ। ਨਾਨਕ ਛੱਕ ਵਿੱਚ ਨਾਨਕੇ ਆਪਣੀ ਧੀ, ਜਵਾਈ ਨੂੰ ਕੱਪੜੇ ਤੇ ਬਾਕੀ ਪਰਿਵਾਰ ਨੂੰ ਵੀ ਕੱਪੜੇ ਦਿੰਦੇ। ਲਾਗੀਆਂ ਦੇ ਸੂਟ, ਸਰਪੰਚ, ਨੰਬਰਦਾਰ ਦਾ ਕੰਬਲ ਵੀ ਹੁੰਦਾ। ਜੇ ਕੋਈ ਪਿੰਡ ਦੀ ਧੀ ਉੱਥੇ ਵਿਆਹੀ ਹੁੰਦੀ ਜਾਂ ਬੰਨੇ-ਚੰਨੇ ਤੋਂ ਵਿਆਹੀ ਹੁੰਦੀ ਉਹਦੀ ਵੀ ਮੰਨ-ਮੰਨੌਤ ਕਰਦੇ। ਇਹ ਸਾਰੀ ਤਿਆਰੀ ਕਰਕੇ ਨਾਨਕੇ ਵਿਆਹ ਤੋਂ ਇਕ ਦਿਨ ਪਹਿਲਾਂ ਗੱਡੇ ਆਦਿ ‘ਤੇ ਸਮਾਨ ਲੱਦ ਕੇ (ਟਰੈਕਟਰ, ਟਰਾਲੀ ਤੇ ਹੁਣ ਕਾਰਾਂ ਪਰ ਹੁਣ ਫੇਰ ਟਰੈਕਟਰ ਟਰਾਲੀ ‘ਤੇ ਜਾਣ ਦਾ ਰਿਵਾਜ਼ ਆ ਗਿਆ) ਆਪਣੀ ਧੀ ਦੇ ਘਰ ਪਹੁੰਚਦੇ। ਨਾਨਕੀਆਂ (ਮਾਮੀਆਂ, ਮਾਸੀਆਂ, ਉਹਨਾਂ ਦੀਆਂ ਨੂੰਹਾਂ, ਧੀਆਂ) ਗੀਤ ਗਾਉਂਦੀਆਂ ਅੰਦਰ ਵੜਦੀਆਂ ਵਿਆਹ ਵਾਲ਼ੇ ਧੀ, ਪੁੱਤ ਦਾ ਨਾਮ ਲੈ ਕੇ ਆਖਦੀਆਂ

“ਹੁਣ ਕਿੱਧਰ ਗਈਆਂ ਨੀ ਮੇਲੋ ਤੇਰੀਆਂ ਦਾਦਕੀਆਂ।”

ਭੂਆ, ਚਾਚੀਆਂ, ਤਾਈਆਂ ਜਵਾਬ ਦਿੰਦਆਂ:

“ਅਸੀਂ ਹਾਜ਼ਰ ਨਾਜਰ ਫੁੱਲਾਂ ਬਰਾਬਰ ਖੜ੍ਹੀਆਂ ਨੀ ਮੇਲੋ ਤੇਰੀਆਂ ਦਾਦਕੀਆਂ।”

ਨਾਨਕੀਆਂ:

“ਪੀਲੀ ਮਿੱਟੀ ਦਾ ਫੇਰ ਦਿਓ ਪੋਚਾ, ਦਾਦਕੀਆਂ ਦਾ ਕੁੱਪ ਬੰਨ੍ਹ ਦਿਓ।”

ਦਾਦਕੀਆਂ:

“ਇਹਨਾਂ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ।”

ਬਸ ਐਦਾਂ ਨੋਕ ਝੋਕ ਹੋਈ ਜਾਂਦੀ, ਤਾਂ ਵਿਆਹ ਵਾਲ਼ੇ ਪੁੱਤ, ਧੀ ਦੀ ਮਾਂ ਪਰਾਤ ‘ਚ ਲੱਡੂ ਪਾ ਕੇ ਲਾਗਣ ਨੂੰ ਨਾਲ ਲੈ ਕੇ, ਲਾਗਣ ਤੇਲ ਚੋਂਦੀ ਤੇ ਵਿਆਹ ਵਾਲੇ ਲੜਕੇ ਜਾਂ ਲੜਕੀ ਦੀ ਮਾਂ ਦੋ ਦੋ ਲੱਡੂ ਇਕ ਖੰਮ੍ਹਣੀ ਨਾਲ ਪੈਸੇ ਸਾਰੀਆਂ ਨਾਨਕੀਆਂ ਦੇ ਪੱਲੇ ਵਿੱਚ ਪਾਉਂਦੀ, ਉਹਨਾਂ ਦਾ ਸਵਾਗਤ ਕਰਦੀ।

ਨਾਨਕਿਆਂ ਨੂੰ ਅਦਬ ਨਾਲ ਬਿਠਾ ਕੇ ਲੱਡੂ, ਜਲੇਬੀਆਂ ਨਾਲ ਚਾਹ ਪਿਲਾਈ ਜਾਂਦੀ। ਚਾਹ ਪੀ ਕੇ ਵਿਹੜੇ ਵਿੱਚ ਮੰਜੇ ਡਹਾਏ ਜਾਂਦੇ, ਉਹਨਾਂ ’ਤੇ ਨਾਨਕ ਛੱਕ ਦਾ ਸਾਰਾ ਸਮਾਨ ਰੱਖ ਕੇ ਸ਼ਰੀਕੇ ਭਾਈਚਾਰੇ ਤੇ ਰਿਸ਼ਤੇਦਾਰਾਂ ਨੂੰ ਵਿਖਾਇਆ ਜਾਂਦਾ । ਟੂਮਾਂ ਇਕ ਥਾਲੀ ਵਿੱਚ ਰੱਖ ਕੇ ਵਿਖਾਉਣ ਲਈ ਕਿਸੇ ਜਿੰਮੇਵਾਰ ਔਰਤ ਨੂੰ ਉਹ ਥਾਲੀ ਫੜ੍ਹਾਈ ਜਾਂਦੀ। ਇਹ ਸਭ ਵਿਖਾ ਕੇ ਨਾਨਕੀਆਂ ਥਾਲ ‘ਚ ਲੱਡੂ, ਜਲੇਬੀਆਂ ਪੁਆ ਕੇ ਨੰਬਰਦਾਰ, ਸਰਪੰਚ ਦਾ ਕੰਬਲ ਦੇਣ ਜਾਂਦੀਆਂ, ਨਾਲ਼ੇ ਗੀਤ ਗਾਉਂਦੀਆਂ:

“ਫਲਾਣੀ ਕੁੜੀਏ ਭਰ ਲਿਆ ਟੋਕਰਾ, 

ਨੜਿਆਂ ਦਾ ਕਿੱਥੇ ਲਾਹੇਂਗੀ, 

ਕਿੱਥੇ ਲਾਹੇਂਗੀ ਨੀ ਸਾਰਾ ਪਿੰਡ ਛੜਿਆਂ ਦਾ ।”

ਕਦੇ ਕਹਿੰਦੀਆਂ:

“ਮੀਤੋ ਕੁੜੀ ਦੇ ਗਿੱਲੀ ਲੱਕੜ ਦੇ ਤਖ਼ਤੇ 

ਬਈ ਧੱਕਾ ਮਾਰੇ ਨਾ ਖੁੱਲ੍ਹਦੇ, 

ਇਹ ਤਾਂ ਖੁੱਲ੍ਹਦੇ ਪਹਿਰ ਦੇ ਤੜਕੇ ।”

ਜੇ ਕੋਈ ਪਿੰਡ ਦੀ ਧੀ ਰਿਸ਼ਤਦਾਰੀ ‘ਚੋਂ ਜਾਂ ਬੰਨੇ-ਚੰਨੇ ਤੋਂ ਵਿਆਹੀ ਹੁੰਦੀ। ਉਹਦੇ ਘਰ ਵੀ ਉਹਦਾ ਸੂਟ ਦੇਣ ਜਾਂਦੀਆਂ ।

ਰਾਤ ਨੂੰ ਜੇ ਕੁੜੀ ਦਾ ਵਿਆਹ ਹੁੰਦਾ ਤਾਂ ਉਹਦੇ ਚੂੜਾ ਪਾਉਣ ਦੀ ਰਸਮ ਕੀਤੀ ਜਾਂਦੀ, ਚੂੜੇ ਨੂੰ ਕੱਚੇ ਦੁੱਧ ‘ਚ ਭਿਉਂਤਾ ਜਾਂਦਾ ਤੇ ਮਾਮਾ ਚੂੜਾ ਪਾਉਂਦਾ । ਗਾਉਣ ਵਜਾਉਣ ਕੀਤਾ ਜਾਂਦਾ, ਸਿੱਠਣੀਆਂ ਦਿੱਤੀਆਂ ਜਾਂਦੀਆਂ, ਗਿੱਧਾ ਪਾਇਆ ਜਾਂਦਾ। ਸਵੇਰੇ ਨਹਾਈ- ਧੋਈ ਹੁੰਦੀ ਉਸ ਵੇਲੇ ਵੀ ਮਾਮੇ ਦੀ ਹਾਜ਼ਰੀ ਜ਼ਰੂਰੀ ਹੁੰਦੀ ਆ ਤਾਂ ਹੀ ਤਾਂ ਗੀਤ ਗਾਇਆ ਜਾਂਦਾ । ‘ਐਸ ਵੇਲੇ ਜ਼ਰੂਰ ਮਾਮਾ ਲੋੜੀਂਦਾ । ਭਾਣਜੇ, ਭਾਣਜੀ ਦੇ ਵਿਆਹ ਵਿੱਚ ਨਾਨਕਿਆਂ ਦੀ ਅਹਿਮ ਭੂਮਿਕਾ ਹੁੰਦੀ ਸੀ। ਵਿਆਹ ਤੋਂ ਬਾਅਦ ਨਾਨਕਿਆਂ ਨੂੰ ਭਾਜੀ ਦੇ ਕੇ ਵਿਦਾ ਕੀਤਾ ਜਾਂਦਾ । ਹੁਣ ਸਮਾਂ ਬਹੁਤ ਬਦਲ ਗਿਆ, ਨਾਨਕ ਛੱਕ ਅੱਜ ਵਾਂਗ ਮੂੰਹੋਂ ਨਹੀਂ ਮੰਗੀ ਜਾਂਦੀ ਸੀ । ਨਾਨਕੇ ਆਪਣਾ ਫਰਜ਼ ਸਮਝ ਕੇ ਜੋ ਕਰ ਦਿੰਦੇ ਸੀ, ਧੀ ਜਵਾਈ ਸਵੀਕਾਰ ਕਰ ਲੈਂਦੇ ਸੀ, ਕਿਉਂਕਿ ਉਹਨਾਂ ਨੂੰ ਵੀ ਭਾਣਜੇ, ਭਾਣਜੀਆਂ ਪਿਆਰੇ ਹੁੰਦੇ ਹਨ। ਹੁਣ ਤਾਂ ਮੁਕਾਬਲਾ ਹੁੰਦਾ ਜਿੰਨਾ ਨਾਨਕੇ ਕਰਕੇ ਜਾਂਦੇ ਨੇ ਭੂਆ ਨੂੰ ਵੀ ਭਤੀਜੇ, ਭਤੀਜੀ ਦੇ ਵਿਆਹ ਮੋੜਨਾ ਪੈਂਦਾ। ਹੁਣ ਨਾਨਕ ਛੱਕਾਂ ਬਹੁਤ ਮਹਿੰਗੀਆਂ ਹੋ ਗਈਆਂ। ਸਾਡੀਆਂ ਵਿਆਹ ਵਾਲੀਆਂ ਬੀਬੀਆਂ ਦੇ ਲਹਿੰਗੇ ਈ ਲੱਖਾਂ ‘ਚ ਬਣਦੇ ਨੇ, ਸੋਨੇ ਦਾ ਭਾਅ ਵੇਖ ਲਵੋ ਸੋ ਸਾਨੂੰ ਆਪਣੇ ਭੈਣ ਭਰਾ ਦੀ ਹੈਸੀਅਤ ਮੁਤਾਬਕ ਉਹਦੇ ‘ਤੇ ਵਜ਼ਨ ਪਾਉਣਾ ਚਾਹੀਦਾ। ਤੰਗ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਰਿਸ਼ਤਿਆਂ ਵਿੱਚ ਕੁੜੱਤਣ ਆ ਜਾਂਦੀ ਹੈ । ਸੋ ਆਓ ਰਸਮਾਂ ਰੀਤਾਂ ਨਿਭਾਈਏ ਪਰ ਦਾਇਰੇ ਵਿੱਚ ਰਹਿ ਕੇ।

ਪਰੋਸਾ

ਵਿਆਹ ਨਾਲ ਸੰਬੰਧਿਤ ਪਰੋਸਾ ਫੇਰਨ ਦੀ ਰਸਮ ਕਿਸੇ ਸਮੇਂ ਪਿੰਡਾਂ ਵਿੱਚ ਅਹਿਮ ਰਸਮ ਹੁੰਦੀ ਸੀ। ਵਿਆਹ ਦੀਆਂ ਖ਼ੁਸ਼ੀਆਂ ਨੂੰ ਆਪਣੇ ਭਾਈਚਾਰੇ ਵਿੱਚ ਸਾਂਝਾ ਕਰਨ ਲਈ ਵਿਆਹ ਵਾਲੇ ਘਰ ਵੱਲੋਂ ਜੰਞ ਦੇ ਢੁਕਾਅ ਤੋਂ ਇਕ ਦਿਨ ਪਹਿਲਾਂ ਜਾਂ ਜੰਞ ਚੜ੍ਹਨ ਤੋਂ ਇਕ ਦਿਨ ਪਹਿਲਾਂ, ਜਿਸ ਨੂੰ ਪਿੰਡਾਂ ਵਿੱਚ ‘ਰੋਟੀ’ ਵੀ ਕਿਹਾ ਜਾਂਦਾ ਸੀ ਇਹ ਰਸਮ ਕੀਤੀ ਜਾਂਦੀ ਸੀ । ਬੀਬੀਆਂ ਨੇ ਕਹਿਣਾ ਨਿਗਦੇ ਘਰਾਂ ਦੇ ਚੁੱਲ੍ਹਾ-ਨਿਉਂਦਾ ਦੇਣਾ, ਬਾਕੀਆਂ ਦੇ ਪਰੋਸਾ ਦੇਵਾਂਗੇ, ਪਰੋਸੇ ‘ਚ ਪੂਰੀਆਂ ਤੇ ਨਾਲ ਕੜਾਹ ਪ੍ਰਸ਼ਾਦ ਜਾਂ ਫੇਰ ਕਣਕ ਦੇ ਫੁੱਲਕੇ ਹੋਣੇ ਚਾਰ ਤੇ ਵਿੱਚ ਕੜਾਹ ਪ੍ਰਸ਼ਾਦ । ਲਾਗੀ ਜਾਂ ਲਾਗਣ ਪਿੰਡ ‘ਚ ਪਰੋਸਾ ਫੇਰ ਕੇ ਆਉਂਦਾ ਸੀ, ਇਹ ਵੀ ਇੱਕ ਭਾਈਚਾਰਕ ਸਾਂਝ ਸੀ । ਪਰ ਹੁਣ ਪਰੋਸੇ ਹੋਰੀਂ ਵੀ ਵਿਸਰ ਗਏ, ਜਿਹੜਾ ਆ ਗਿਆ ਬਸ ਖਾ ਗਿਆ।

ਕਈ ਵਾਰ ਜੇ ਲੜਾਈ ਹੋ ਜਾਵੇ ਤਾਂ ਵੀ ਕਹਿ ਦਿੰਦੇ-ਮਿਲ ਗਿਆ ਪਰੋਸਾ, ਹੁਣ ਲੋਟ ਐਂ ਜਾਂ ਦੇਊ ਤੈਨੂੰ ਪਰੋਸਾ। 

ਵਟਣਾ

ਵਟਣਾ ਮਲਣਾ ਵੀ ਵਿਆਹ ਦੀ ਅਹਿਮ ਰਸਮ ਹੈ। ਪਹਿਲਾਂ ਇਹ ਰਸਮ ਧੀ, ਪੁੱਤ ਦੇ ਵਿਆਹ ਤੋਂ 3, 4 ਦਿਨ ਪਹਿਲਾਂ ਸ਼ੁਰੂ ਕਰ ਲਈ ਜਾਂਦੀ ਸੀ । ਇਹਨੂੰ ਮਾਂਈਆਂ ਵੀ ਕਿਹਾ ਜਾਂਦਾ ਸੀ। ਇਸ ਰਸਮ ਨੂੰ ਚਾਚੇ, ਤਾਏ ਆਪਣੇ ਘਰ ਮਾਣ ਨਾਲ ਕਰਾਉਂਦੇ ਸਨ । ਸੱਦਾ ਦਿੱਤਾ ਜਾਂਦਾ ਸੀ ਕਿ ਅੱਜ ਮੁੰਡੇ ਨੂੰ ਚਾਚੇ ਘਰ ਵਟਣਾ ਲਾਇਆ ਜਾਣਾ ਹੈ। ਹਲਦੀ, ਵੇਸਣ, ਸਰੋਂ ਦਾ ਤੇਲ ਕਈ ਵਿਚ ਕੇਸਰ ਪਾ ਲੈਂਦੇ ਸਨ । ਇਹ ਚੀਜ਼ਾਂ ਰਲਾ ਕੇ ਵੱਟਣਾ ਤਿਆਰ ਕੀਤਾ ਜਾਂਦਾ । ਚੜਦੀ ਵੱਲ ਨੂੰ ਮੂੰਹ ਰੱਖ ਕੇ ਲਾਗਣ ਚੌਂਕ ਪੂਰਦੀ ਜਿਸ ਉੱਪਰ ਚੌਂਕੀ ਰੱਖੀ ਜਾਂਦੀ ਤੇ ਵਿਆਹ ਵਾਲੇ ਮੁੰਡੇ ਕੁੜੀ ਨੂੰ ਬਿਠਾ ਕੇ ਉੱਪਰ ਲਾਲ ਚੁੰਨੀ ਜਾਂ ਫੁਲਕਾਰੀ ਤਾਣੀ ਜਾਂਦੀ, ਉਸ ਫੁਲਕਾਰੀ ਜਾਂ ਲਾਲ ਚੁੰਨੀ ਦੇ ਚੌਹਾਂ ਲੜਾਂ ਵਿਚ ਚੌਲ, ਹਲਦੀ, ਸਿੱਕਾ, ਕੌਡੀ ਜਾਂ ਹਰਾ ਘਾਹ ਬੰਨ੍ਹਿਆ ਜਾਂਦਾ ਸੀ ।

ਵਿਆਹ ਵਾਲੇ ਮੁੰਡੇ ਕੁੜੀ ਦੇ ਪੈਰਾਂ ਹੇਠਾਂ ਸਿੱਕੇ ਰੱਖੇ ਜਾਂਦੇ ਸੀ ਫੇਰ ਵਟਣਾ ਮਲਿਆ ਜਾਂਦਾ। ਵਟਣਾ ਮਲਣ ਦਾ ਕੰਮ ਸੁਹਾਗਣਾਂ ਕਰਦੀਆਂ ਸਨ। ਵਟਣਾ ਸਾਬਣ ਦਾ ਕੰਮ ਕਰਦਾ ਸੀ, ਇਹ ਮੁੰਡੇ ਕੁੜੀ ਦੇ ਰੂਪ ਨੂੰ ਨਿਖਾਰਨ ਲਈ ਮਲਿਆ ਜਾਂਦਾ ਸੀ, ਉਦੋਂ ਬਿਊਟੀ-ਪਾਰਲਰ ਨਹੀਂ ਸਨ ਹੁੰਦੇ। ਗੀਤ ਗਾਏ ਜਾਂਦੇ:

“ਮੈਂ ਵਾਰੀ ਪਹਿਲਾ ਵਟਣਾ ਕਿੰਨ ਲਾਇਆ ਮਾਤਾ ਇਹਦੀ ਸੁਹਾਗਣ ਪਹਿਲਾ ਵਟਣਾ ਉਹਨੇ ਲਾਇਆ।”

ਵਟਣਾ ਵਿਆਹ ਵਾਲੇ ਮੁੰਡੇ ਕੁੜੀ ਦੇ ਬਾਹਾਂ, ਮੂੰਹ, ਹੱਥਾਂ ਪੈਰਾਂ ‘ਤੇ ਲਾਇਆ ਜਾਂਦਾ । ਸ਼ਗਨ ਦਿੱਤਾ ਜਾਂਦਾ। ਵਟਣਾ ਲਾਉਣ ਪਿੱਛੋਂ ਵਟਣਾ ਲਾਉਣ ਵਾਲੀਆਂ ਬੀਬੀਆਂ ਨੂੰ ਮਿੱਠੇ ਚੌਲ ਖਾਣ ਲਈ ਤੇ ਘਰ ਲਿਜਾਣ ਲਈ ਦਿੱਤੇ ਜਾਂਦੇ ਸੀ। ਜਿਹੜਾ ਵਟਣਾ ਵਿਆਹ ਤੋਂ ਇਕ ਦਿਨ ਪਹਿਲਾਂ ਲੱਗਦਾ ਸੀ ਉਹ ਵਿਆਹ ਵਾਲ਼ੇ ਘਰ ਲਾਇਆ ਜਾਂਦਾ ਸੀ। ਖ਼ਾਸ ਕਰਕੇ ਉਹ ਨਾਨਕਿਆਂ ਵੱਲੋਂ ਹੁੰਦਾ ਸੀ। ਵਟਣੇ ਦੇ ਨਾਲ ਥੋੜ੍ਹਾ ਬਹੁਤ ਗੀਤ, ਸੰਗੀਤ ਵੀ ਬੀਬੀਆਂ ਕਰ ਲੈਂਦੀਆਂ ਸਨ।

ਹੌਲ਼ੀ ਹੌਲ਼ੀ ਇਹ ਰਸਮ ਨਾਈ ਧੋਈ ਤੱਕ ਰਹਿ ਗਈ ਸੀ । ਨਾਈ ਧੋਈ ਵੇਲ਼ੇ ਹੀ ਵਟਣਾ ਮਲ ਦਿੰਦੇ ਸਨ ਤੇ ਮੁੰਡਾ ਕੁੜੀ ਨਹਾ ਲੈਂਦੇ ਸਨ ਤੇ ਮਾਮਾ ਸ਼ਗਨ ਦੇ ਦਿੰਦਾ ਸੀ ਪਰ ਅੱਜ ਦੇ ਸਮੇਂ ਵਿੱਚ ਇਹ ਬਹੁਤ ਖ਼ਾਸ ਰਸਮ ਹੈ ਇਸ ਨੂੰ ਹਲਦੀ ਵੀ ਕਿਹਾ ਜਾਂਦਾ ਹੈ, ਹਲਦੀ ਵਰਗੇ ਈ ਕੱਪੜੇ ਪਾਏ ਜਾਂਦੇ ਹਨ।

ਮਾਝੇ ਵੱਲ ਏਦਾਂ ਦੀ ਰਸਮ ਨੂੰ ਮੁੰਡੇ, ਕੁੜੀ ਨੂੰ ਤੇਲ ਚੜਾਉਣਾ ਆਖਦੇ ਹਨ। ਉਹ ਮੁੰਡੇ ਕੁੜੀ ਨੂੰ ਚੌਂਕੀ ‘ਤੇ ਬਿਠਾ ਕੇ ਹਰੇ ਘਾਹ ਨਾਲ ਸਿਰ ਵਿੱਚ ਤੇਲ ਲਾਉਂਦੇ ਹਨ।

ਵਟਣੇ ਵਾਲੇ ਦਿਨ ਹੀ ਜਾਗੋ, ਲੇਡੀਜ਼ ਸੰਗੀਤ ਰੱਖ ਲਿਆ ਜਾਂਦਾ ਹੈ। ਹੁਣ ਵਟਣਾ ਹੱਥੀਂ ਨਹੀਂ ਬਣਾਇਆ ਜਾਂਦਾ ਸਗੋਂ ਬਜਾਰੋਂ ਬਣਿਆ ਬਣਾਇਆ ਮਿਲ ਜਾਂਦਾ ਹੈ। ਜਾਗੋ, ਲੇਡੀਜ਼ ਸੰਗੀਤ ਤੋਂ ਘੰਟਾ ਕੁ ਪਹਿਲਾਂ ਇਹ ਰਸਮ ਕੀਤੀ ਜਾਂਦੀ ਹੈ। ਬਹੁਤੇ ਤਾਂ ਬਸ ਇਕ ਉਂਗਲ ਜਿਹੀ ਲਬੇੜ ਕੇ ਫ਼ੋਟੋ ਖਿਚਾ ਕੇ ਪਾਸੇ ਹੁੰਦੇ ਹਨ। ਹੁਣ ਵਟਣਾ ਇਕ ਦਿਖਾਵਾ ਜਿਹਾ ਈ ਆ ਕਿਉਂਕਿ ਰੂਪ ਨਿਖਾਰਨ ਲਈ ਬਹੁਤ ਬਿਊਟੀ-ਪਾਰਲਰ ਹਨ ਜਿੱਥੇ ਵਿਆਹ ਵਾਲੇ ਮੁੰਡੇ, ਕੁੜੀਆਂ ਵਿਆਹ ਦੀ ਤਾਰੀਖ ਮਿੱਥਣ ਤੋਂ ਬਾਅਦ ਜਾਣਾ ਸ਼ੁਰੂ ਕਰ ਦਿੰਦੇ ਹਨ। ਉਹ ਬਥੇਰਾ ਰੂਪ ਨੂੰ ਚਮਕਾ ਦਿੰਦੇ ਹਨ। ਪਹਿਲਾਂ ਇਹਨਾਂ ਰਸਮਾਂ ਵਿਚ ਜਿਵੇਂ ਵਟਣਾ, ਮਾਂਈਆਂ ਤੇ ਜਾਗੋ ਤੇ ਲੇਡੀਜ਼ ਸੰਗੀਤ ਸਿਰਫ਼ ਪਰਿਵਾਰ ਤੇ ਰਿਸ਼ਤੇਦਾਰ ਸ਼ਾਮਲ ਹੁੰਦੇ ਸਨ ਪਰ ਹੁਣ ਅਸੀਂ ਕੰਮ ਬਹੁਤ ਵਧਾ ਲਿਆ ਹੈ ਜਿਸ ਦੇ ਨਤੀਜੇ ਅਸੀਂ ਭੁਗਤਦੇ ਹਾਂ, ਜਦੋਂ ਬੋਤਲਾਂ ਖੁੱਲ੍ਹ ਜਾਂਦੀਆਂ ਨੇ, ਹਾਤ-ਹੂਤ ਹੋਣ ਲੱਗ ਜਾਂਦੀ ਆ ਤੇ ਡੀ.ਜੇ. ‘ਤੇ ਗਾਣਾ ਲਵਾਉਣ ਪਿੱਛੇ ਲੜਾਈਆਂ ਹੁੰਦੀਆਂ ਹਨ, ਗੋਲੀਆਂ ਚੱਲਦੀਆਂ ਹਨ ਤੇ ਕਈ ਵਾਰ ਏਦਾਂ ਦੀ ਘਟਨਾ ਵਿੱਚ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ।

ਪਰ, ਵਾਹ ਵਾਹ ਵਟਣਾ ਕਟੋਰੇ ਦਾ ਜਿੰਦ ਨੀ।

ਇਹਨਾਂ ਰਸਮਾਂ ਨੂੰ ਰਸਮਾਂ ਹੀ ਰਹਿਣ ਦੇਈਏ ਇਹਨਾਂ ਵਿਚ ਬਨਾਉਟੀਪਣ ਨਾ ਲਿਆਈਏ।

ਜਾਗੋ

ਜਾਗੋ ਜਿਸ ਦਾ ਸ਼ਾਬਦਿਕ ਅਰਥ ਹੈ ਜਾਗਣਾ। ਅੱਜ ਦੇ ਸਮੇਂ ਵਿੱਚ ਧੀ, ਪੁੱਤ ਦੇ ਵਿਆਹ ਵੇਲ਼ੇ ਇੱਕ ਵੱਡੀ ਰਸਮ ਬਣਾ ਲਈ ਗਈ ਹੈ ਤੇ ਬਹੁਤ ਮਹਿੰਗੀ ਬਣ ਗਈ ਹੈ ਪਰ ਜੇ ਵੇਖਿਆ ਜਾਵੇ ਪਹਿਲੇ ਸਮੇਂ ਵਿੱਚ ਜੰਨਾਂ (ਬਰਾਤਾਂ) ਇਕ, ਦੋ ਰਾਤਾਂ ਰਹਿੰਦੀਆਂ ਸਨ ਕਿਉਂਕਿ ਆਵਾਜਾਈ ਦੇ ਸਾਧਨ ਵੀ ਘੱਟ ਸੀ ਤੇ ਅੱਜ ਕੱਲ੍ਹ ਵਾਂਗ ਉਹਨਾਂ ਸਾਡੇ ਵਡੇਰਿਆਂ ਵਿੱਚ ਕਾਹਲ ਨਹੀਂ ਸੀ ਸਹਿਜ ਦੀ ਭਾਵਨਾ ਬਹੁਤ ਸੀ। ਜਦੋਂ ਬਰਾਤਾਂ ਰਾਤ ਰਹਿੰਦੀਆਂ ਤਾਂ ਸਾਡੀਆਂ ਬੀਬੀਆਂ ਤਾਂ ਘਰ ਹੁੰਦੀਆਂ ਸੀ ਤਾਂ ਉਹ ਰਾਤਾਂ ਨੂੰ ਜਾਗ ਕੇ ਨੱਚ ਟੱਪ ਕੇ ਉਹ ਸਮਾਂ ਲੰਘਾਉਂਦੀਆਂ ਸੀ। ਜਾਗੋ ਨਾਲ ਮਿੱਥਾਂ ਵੀ ਜੁੜੀਆਂ ਹੋਈਆਂ ਹਨ ਕਿ ਜਾਗੋ ਦੇ ਦੀਵਿਆਂ ਦੀ ਰੋਸ਼ਨੀ ਕਾਰਨ ਬਦਰੂਹਾਂ ਪਿੰਡ ਦੀ ਜੂਹ ਨਹੀਂ ਵੜਦੀਆਂ ਤੇ ਵਿਆਹ ਦੇ ਸਾਰੇ ਸ਼ਗਨ ਨਿਰਵਿਘਨ ਸਮਾਪਤ ਹੋ ਜਾਂਦੇ ਹਨ। ਇਸੇ ਲਈ ਜਾਗੋ ਨੂੰ ਸਾਰੇ ਪਿੰਡ ਦੇ ਦੁਆਲੇ ਤੇ ਪਿੰਡ ਵਿੱਚ ਫੇਰਨ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ।

ਪਹਿਲਾਂ ਜਾਗੋ ਸਿਰਫ਼ ਘਰ ਵਿੱਚ ਪਹਿਲੇ ਵਿਆਹ ਤੇ ਜਾਂ ਖ਼ਾਸਕਰ ਮੁੰਡੇ ਦੇ ਵਿਆਹ ‘ਤੇ ਕੱਢੀ ਜਾਂਦੀ ਸੀ। ਆਵਾਜਾਈ ਦੇ ਸਾਧਨ ਘੱਟ ਹੋਣ ਕਾਰਨ ਵਿਆਹ ਦਾ ਮੇਲ (ਸਾਕ- ਸਬੰਧੀ) ਰਾਤ ਰਹਿੰਦਾ ਸੀ । ਸਾਰਾ ਮੇਲ-ਗੇਲ ਵਿਆਹ ਤੋਂ ਇੱਕ ਦਿਨ ਪਹਿਲਾਂ ਵਿਆਹ ਵਾਲੇ ਘਰ ਜ਼ਰੂਰ ਪਹੁੰਚਦਾ ਸੀ । ਸ਼ਾਮ ਦਾ ਰੋਟੀ ਪਾਣੀ ਖਾ ਕੇ ਬੀਬੀਆਂ ਆਪਸ ਵਿੱਚ ਨਾਨਕੀਆਂ ਦਾਦਕੀਆਂ ਸਿੱਠਣੀਆਂ ਦਿੰਦੀਆਂ ਸੀ, ਗਿੱਧਾ ਪਾ ਲੈਂਦੀਆਂ ਸਨ । ਹੌਲ਼ੀ ਹੌਲ਼ੀ ਏਸੇ ਗੌਣ ਵਜਾਉਣ ਨੇ ਜਾਗੋ ਦਾ ਰੂਪ ਧਾਰ ਲਿਆ ।

ਜਾਗੋ ਦੇ ਕੰਮ ਦਾ ਕਰਤਾ-ਧਰਤਾ ਨਾਨਕਾ ਪਰਿਵਾਰ ਹੁੰਦਾ ਸੀ। ਸ਼ਰੀਕੇ ਦੇ ਘਰਾਂ ਵਿੱਚ ਜਾਗੋ ਦਾ ਸੱਦਾ ਦਿੱਤਾ ਜਾਂਦਾ ਸੀ। ਪਿੱਤਲ ਦੀ ਵੱਡੀ ਵਲਟੋਹੀ ਚੰਗੀ ਤਰ੍ਹਾਂ ਮਾਂਜ ਸੰਵਾਰ ਕੇ ਉਸ ਵਿਚ ਚੌਲ ਜਾਂ ਕਣਕ ਪਾਈ ਜਾਂਦੀ। ਵਲਟੋਹੀ ਦੇ ਦੁਆਲੇ ਕਣਕ ਦਾ ਆਟਾ ਗੁੰਨ ਕੇ ਵੱਟ ਬਣਾ ਕੇ ਆਟੇ ਦੇ ਦੀਵਿਆਂ ਵਿੱਚ ਤੇਲ ਪਾ ਕੇ ਜਾਗੋ ਸਜਾਈ ਜਾਂਦੀ। ਦਿਨ ਦੇ ਛਪਾ ਨਾਲ ਦੀਵੇ ਜਗਾ ਕੇ ਵੱਡੀ ਮਾਮੀ ਦੇ ਸਿਰ ‘ਤੇ ਰੱਖੀ ਜਾਂਦੀ ਸੀ। ਮਾਮੀ ਵੀ ਘੱਗਰਾ ਪਾ, ਸੱਗੀ ਫੁੱਲ ਲਾ ਕੇ ਸਿਰ ਢਕ ਕੇ ਜਾਗੋ ਚੁੱਕਦੀ। ਜਿਸ ਬੀਬੀ ਦੇ ਪੁੱਤ, ਧੀ ਦਾ ਵਿਆਹ ਹੁੰਦਾ ਉਹ ਮਾਮੀ (ਆਪਣੀ ਭਰਜਾਈ) ਨੂੰ ਸ਼ਗਨ ਦਿੰਦੀ। ਬਾਕੀ ਮੇਲਣਾ ਨਾਲ ਗਾਉਂਦੀਆਂ ਜਾਂਦੀਆਂ:

“ਜਾਗੋ ਲਟ ਲਟ ਬਲਦੀ ਨੀ ਸਾਡੀ ਬੀਬੀ ਦਾ ਬਾਰ।”

“ਜਾਗੋ ਕੱਢਣੀ ਮੜਕ ਨਾਲ ਤੁਰਨਾ ਬਈ ਵਿਆਹ ਕਰਤਾਰੇ ਦਾ।”

ਕੋਈ ਆਖਦੀ:

“ਕਿੱਕਰ ਸਿੰਹਾਂ, ਜੋਰੂ ਜਗਾ ਲੈ ਜਾਗੋ ਆਈ ਆ।”

ਦੂਜੀ ਆਖਦੀ:

“ਚੁੱਪ ਕਰ ਬੀਬੀ ਮਸਾਂ ਸਲਾਈ ਆ, ਲੋਰੀ ਦੇ ਕੇ ਪਾਈ ਆ।”

ਇਸ ਤਰ੍ਹਾਂ ਗਾਉਂਦੀਆਂ ਜਾਂਦੀਆਂ ਜ਼ਿਆਦਾਤਰ ਸ਼ਰੀਕੇ ਦੇ ਘਰਾਂ ਵਿਚ, ਰਾਹ ਵਿੱਚ ਪੰਨਤਾਲੇ ਭੰਨ੍ਹ ਦਿੰਦੀਆਂ। ਜੇ ਕੋਈ ਹੱਟੀ ਹੁੰਦੀ ਉਹਦੀਆਂ ਖਿੱਲਾਂ, ਪਕੌੜੀਆਂ ਚੁੱਕ ਲੈਂਦੀਆਂ। ਉਦੋਂ ਕੋਈ ਗੁੱਸਾ ਨਹੀਂ ਸੀ ਕਰਦਾ ਸਗੋਂ ਆਖਦੇ ਸੀ ਨਾਨਕਿਆਂ ਦਾ ਹੱਕ ਆ ਭਾਈ। ਜੇ ਕੋਈ ਬਾਹਰ ਸੁੱਤਾ ਹੁੰਦਾ ਉਹਦਾ ਮੰਜਾ ਮੂਧਾ ਮਾਰ ਦਿੰਦੀਆਂ, ਚੁੱਲ੍ਹੇ ਓਟੇ ਢਾਹ ਦਿੰਦੀਆਂ ਤੇ ਵਿੱਚੋਂ ਈ ਕੋਈ ਆਖ ਦਿੰਦੀ:

“ਜਾਗੋ ਵਿੱਚੋਂ ਤੇਲ ਮੁੱਕਿਆ, ਕੋਈ ਪਾਊਗਾ ਨਸੀਬਾਂ ਵਾਲਾ। ”

‘ਜਾਗੋ ਨਾਨਕਿਆਂ ਦੀ ਆਈ ਬੀਬੀ ਦੀਵਾ ਜਗਾ।”

“ਏਸ ਪਿੰਡ ਦੇ ਪੰਚੋ ਵੇ ਸਰਪੰਚੋ ਵੇ, ਮੇਲ ਆਇਆ ਨੰਦ ਸਿਉਂ ਦੇ। ਜ਼ਰਾ ਬਚ ਕੇ ਪਰੇ ਦੀ ਲੰਘ ਜਾਇਓ, ਬਈ ਵੱਡੀ ਮਾਮੀ ਜੈਲਦਾਰਨੀ, ਕਿਤੇ ਮਾਮੀ ਦੇ ਨਾ ਹੱਥ ਲੱਗ ਜਾਇਓ।”

ਬਸ ਕੋਈ ਤੇਲ ਪਾਉਂਦਾ, ਸ਼ਗਨ ਦਿੰਦਾ ਹਾਸਾ-ਤਮਾਸ਼ਾ ਕਰਦੀਆਂ, ਨੱਚ ਟੱਪ ਕੇ ਵਿਆਹ ਵਾਲੇ ਘਰ ਜਿੱਥੋਂ ਜਾਗੋ ਤੁਰੀ ਸੀ ਵਾਪਸ ਆ ਜਾਂਦੀਆਂ । ਮਾਮੀ ਨੂੰ ਸ਼ਗਨ ਦੇ ਕੇ ਜਾਗੋ ਸਿਰ ਤੋਂ ਲਾਹ ਲਈ ਜਾਂਦੀ ਤੇ ਛੱਜ ਭੰਨ ਲਿਆ ਜਾਂਦਾ । ਪੈਸਾ ਧੇਲਾ ਮਾਮੀਆਂ, ਮਾਸੀਆਂ ਆਪਸ ਵਿੱਚ ਵੰਡ ਲੈਂਦੀਆਂ।

ਅੱਜ ਕੱਲ੍ਹ ਦੀ ਜਾਗੋ ਬਹੁਤ ਅਮੀਰ ਬਣਾ ਲਈ ਅਸੀਂ । ਜਾਗੋ ਹਰ ਵਿਆਹ ਦਾ ਇਕ ਅਹਿਮ ਹਿੱਸਾ ਬਣ ਗਿਆ ਇਹਦੇ ਬਿਨਾਂ ਵਿਆਹ ਅਧੂਰਾ ਹੈ। ਜਾਗੋ ਨਕਲੀ ਬੈਟਰੀ ਵਾਲ਼ੀ ਪਰ ਹੋਰ ਖਰਚੇ ਵਾਧੂ ਜਿਵੇਂ ਜਾਗੋ ਲਈ ਕੱਪੜੇ ਖ਼ਾਸ ਬਣਨ ਲੱਗ ਪਏ। ਹਨ। ਜਾਗੋ ਦਾ ਪਿੰਡ ਵਾਲਾ ਫੇਰਾ ਸੁੰਗੜ ਗਿਆ। ਬਸ ਘਰ ਦੇ ਦੁਆਲੇ ਚੱਕਰ, ਜੇ ਪੈਲਿਸ ‘ਚ ਹੈ ਤਾਂ ਸਟੇਜ ਦੁਆਲੇ ‘ਜਾਗੋ ਆਈ ਆ, ਜਾਗੋ ਆਈ ਆ।’ ਦੋ ਚਾਰ ਵਾਰ ਕਰ ਲਿਆ ਜਾਂਦਾ। ਜਿਵੇਂ ਕਿਸੇ ਨੇ ਸੱਚ ਕਿਹਾ:

“ਤੇਲ ਪਾਉਣ ਦੀ ਲੋੜ ਨਹੀਂ, ਜਾਗੋ ਹੋ ਗਈ ਸੈੱਲਾਂ ‘ਤੇ।”

ਉੱਪਰੋਂ ਡੀ.ਜੇ. ਦੀ ਕੰਨ ਪਾੜਵੀਂ ਅਵਾਜ਼ ਵਿੱਚ ਪੁਰਾਤਨ ਨੋਕ-ਝੋਕ ਖ਼ਤਮ ਹੋ ਗਈ ਹੈ। ਜਾਗੋ ਚੱਕਣ ਤੇ ਚੁਕਾਉਣ ਵਾਲੀ ਬੀਬੀ ਦਾ ਸਿਰ ਨੰਗਾ, ਵਾਲ ਖੁੱਲ੍ਹੇ। ਡੀ.ਜੇ. ‘ਤੇ ਮਰਜ਼ੀ ਦਾ ਗਾਣਾ ਚਲਾਉਣ ਲਈ ਗੋਲੀਆਂ ਚੱਲਦੀਆਂ ਨੇ, ਲੜਾਈਆਂ ਹੋਣ ਲੱਗ ਪਈਆਂ ਹਨ ਪਰ ਇਹ ਸਭ ਪੈਲਿਸ ਕਲਚਰ ਦੀ ਦੇਣ ਆਂ। ਪੈਲਿਸ ਕਲਚਰ ਨਾਲ ਸਮਾਜਿਕ ਕਦਰਾਂ-ਕੀਮਤਾਂ ਵਿੱਚ ਬਹੁਤ ਗਿਰਾਵਟ ਆਈ ਹੈ, ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ । ਜਾਗੋ ਨੂੰ ਫੇਰ ਪਰਿਵਾਰਕ ਤੇ ਕਦਰਾਂ ਕੀਮਤਾਂ ਵਾਲੀ ਬਣਾਈਏ। ਨਹੀਂ ਤਾਂ ਇਹ ਸੱਚ ਆ:

“ਨਾ ਉਹ ਹਾਸੇ, ਨਾ ਉਹ ਖ਼ੁਸ਼ੀਆਂ, ਨਾ ਉਹ ਜਾਗੋ ਰਹਿ ਗਈ। ਅੱਜ ਕੱਲ੍ਹ ਜਾਗੋ ਨਵੇਂ ਸਮੇਂ ਦੇ ਵਹਿਣਾਂ ਦੇ ਵਿੱਚ ਵਹਿ ਗਈ। ਜਾਗੋ ਬਦਲ ਗਈ, ਹੁਣ ਉਹ ਨਾ ਜਾਗੋ ਰਹਿ ਗਈ।”

ਸਰਬਾਲਾ

ਵਿਆਹ ਵਾਲਾ ਮੁੰਡਾ ਬਰਾਤ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੁੰਦਾ।

ਉਹਦੀ ਪੁਸ਼ਾਕ, ਸਿਹਰਾ, ਹੱਥ ਵਿੱਚ ਸ਼੍ਰੀ ਸਾਹਿਬ ਸਭ ਦੇਖਣ ਲਾਇਕ ਹੁੰਦੀ ਹੈ ਪਰ ਵਿਆਹ ਵਾਲੇ ਮੁੰਡੇ ਨੂੰ ਜਦੋਂ ਜੰਞ ਚੜ੍ਹਨ ਵੇਲੇ ਸ਼ਗਨ ਕਰਨ ਲਈ ਬਿਠਾਇਆ ਜਾਂਦਾ ਤਾਂ ਉਹਦੇ ਬਰਾਬਰ ਸਰਬਾਲੇ ਨੂੰ ਬਿਠਾਇਆ ਜਾਂਦਾ । ਜਿਵੇਂ ਸਾਰੇ ਸ਼ਗਨ ਵਿਆਹ ਵਾਲੇ ਮੁੰਡੇ ਦੇ ਕੀਤੇ ਜਾਂਦੇ ਨਾਲੋ ਨਾਲ ਸਰਬਾਲੇ ਦੇ ਵੀ ਕੀਤੇ ਜਾਂਦੇ ਹਨ। ਸ਼ਗਨ ਪਾਉਣਾ, ਸੁਰਮਾ ਪਾਉਣਾ ਸਰਬਾਲਾ ਲਾੜੇ ਤੋਂ ਛੋਟਾ ਉਹਦਾ ਭਰਾ ਜਾਂ ਫੇਰ ਰਿਸ਼ਤੇਦਾਰੀ ‘ਚੋਂ ਕਿਸੇ ਬੱਚੇ ਨੂੰ ਇਹ ਸਤਿਕਾਰ ਦਿੱਤਾ ਜਾਂਦਾ । ਸਰਬਾਲੇ ਦੀ ਪੁਸ਼ਾਕ ਦਾ ਵੀ ਖ਼ਾਸ ਧਿਆਨ ਰੱਖਿਆ ਜਾਂਦਾ। ਹੁਣ ਤਾਂ ਸਰਬਾਲੇ ਦੀ ਪੁਸ਼ਾਕ ਵੀ ਵਿਆਹ ਵਾਲੇ ਮੁੰਡੇ ਦੇ ਨਾਲ ਦੀ ਬਣਾਈ ਜਾਂਦੀ ਹੈ। ਗੀਤ ਵੀ ਗਾਏ ਜਾਂਦੇ ਹਨ 

“ਸਰਬਾਲੇ ਦੇ ਹੱਥ ਸੋਟੀ, ਵੀਰਾ ਤੇਰੀ ਜੰਞ ਚੜ੍ਹਨ ਤੇਰੇ ਜੋਟੀ । 

ਸਰਬਾਲੇ ਦੇ ਹੱਥ ਕਾਨਾ, ਵੀਰਾ ਤੇਰੀ ਜੰਞ ਚੜ੍ਹੇ ਤੇਰਾ ਮਾਮਾ ।”

ਗੱਲ ਕੀ ਬਰਾਤ ‘ਚ ਲਾੜੇ ਦੇ ਨਾਲ ਸਰਬਾਲੇ ਦੀ ਵੀ ਪੂਰੀ ਸ਼ਾਨ ਹੁੰਦੀ ਹੈ। ਉਸ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਲਾੜੇ ਦੇ ਨਾਲ ਨਾਲ ਈ ਰਹਿਣਾ। ਉਹ ਲਾੜੇ ਦੀ ਕਾਰ ਵਿੱਚ ਈ ਬੈਠ ਕੇ ਬਰਾਤ ਜਾਂਦਾ ਹੈ । ਸਰਬਾਲਾ ਕਿਉਂ ਬਣਾਇਆ ਜਾਂਦਾ। ਇਕ ਵਿਸ਼ਵਾਸ ਹੈ ਕਿ ਪੁਰਾਤਨ ਸਮੇਂ ਵਿੱਚ ਆਵਾਜਾਈ ਦੇ ਸਾਧਨ ਘੱਟ ਸਨ ਬਰਾਤ ਦੇ ਪਹੁੰਚਣ ਨੂੰ ਕਈ ਕਈ ਦਿਨ ਲੱਗ ਜਾਂਦੇ ਸਨ ਤੇ ਕਈ ਵਾਰ ਕੋਈ ਅਣਹੋਣੀ ਵੀ ਵਾਪਰ ਜਾਂਦੀ ਸੀ ਤਾਂ ਫੇਰ ਉਸ ਲੜਕੀ ਦਾ ਵਿਆਹ ਸਰਬਾਲੇ ਨਾਲ ਕੀਤਾ ਜਾਂਦੀ ਸੀ ਕਿਉਂਕ ਘਰੋਂ ਤੁਰਨ ਵੇਲ਼ੇ ਲਾੜੇ ਦੇ ਬਰਾਬਰ ਸਰਬਾਲੇ ਦੇ ਵੀ ਸਾਰੇ ਸ਼ਗਨ ਕੀਤੇ ਹੁੰਦੇ ਸਨ ਪਰ ਹੁਣ ਤਾਂ ਸਰਬਾਲੇ ਦੀ ਉਮਰ ਨਹੀਂ ਵੇਖੀ ਜਾਂਦੀ ਕਈ ਵਾਰ ਵੇਖਿਆ ਸੱਤ-ਅੱਠ ਮਹੀਨਿਆਂ ਦੇ ਬੱਚੇ ਦੇ ਕਲਗੀ ਲਾ ਕੇ ਮਾਂ ਗੋਦੀ ‘ਚ ਲੈ ਕੇ ਲਾੜੇ ਦੇ ਬਰਾਬਰ ਬੈਠ ਜਾਂਦੀ ਆ। ਪੰਜ-ਸੱਤ ਸਾਲ ਦੇ ਬੱਚੇ ਨੂੰ ਸਰਬਾਲਾ ਬਣਾ ਦਿੱਤਾ ਜਾਂਦਾ ਪਰ ਉਹ ਉਸ ਪਹਿਰਾਵੇ ਵਿੱਚ ਉਕਤਾ ਜਾਂਦਾ। ਕਿਤੇ ਕਿਤੇ ਤਾਂ ਪੰਜ ਪੰਜ ਛੋਟੇ ਮੁੰਡਿਆਂ ਦੇ ਵੀ ਕਲਗੀਆਂ ਲੱਗੀਆਂ ਵੇਖੀਆਂ ਨੇ ਤੇ ਕਈ ਵਾਰ ਗੁਰੂ ਘਰ ਅਨੰਦ ਕਾਰਜ ਹੋ ਰਹੇ ਹੁੰਦੇ ਨੇ ਤੇ ਸਰਬਾਲਾ ਪੈਲਸ ‘ਚ ਈ ਹੁੰਦਾ । ਹੁਣ ਤਾਂ ਬਰਾਤ ਦੇ ਪੈਲਸ ‘ਚ ਪਹੁੰਚਣ ਤੱਕ ਸਰਬਾਲਾ ਨਜ਼ਰ ਆਉਂਦਾ ਉਸ ਤੋਂ ਬਾਅਦ ਉਹਦੀ ਕਦਰ ਘੱਟ ਜਾਂਦੀ ਆ। ਹੁਣ ਸਰਬਾਲੇ ਦੇ ਅਰਥ ਬਦਲ ਗਏ ਹਨ ਨਵੇਂ ਜ਼ਮਾਨੇ ਨੇ ਸਭ ਕੁਝ ਬਦਲ ਦੇਣਾ ਪਰ ਸਾਨੂੰ ਸਾਡੇ ਸੰਸਕਾਰਾਂ ਨੂੰ ਤੇ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ।

ਪੱਲਾ ਫੜਾਉਣ ਦੀ ਰਸਮ

ਜਦੋਂ ਕੁੜੀ ਦਾ ਵਿਆਹ ਹੁੰਦਾ ਤਾਂ ਸਿੱਖ ਧਰਮ ਵਿੱਚ ਅਨੰਦ ਕਾਰਜ ਕੀਤੇ ਜਾਂਦੇ ਹਨ । ਲੜਕਾ, ਲੜਕੀ ਗੁਰੂ ਦੀ ਹਜ਼ੂਰੀ ਵਿੱਚ ਆ ਬੈਠਦੇ ਹਨ। ਇਕ ਦੋ ਸ਼ਬਦ ਪੜ੍ਹਨ ਤੋਂ ਬਾਅਦ ਗ੍ਰੰਥੀ ਸਿੰਘ ਜਾਂ ਰਾਗੀ ਸਿੰਘਾਂ ਵੱਲੋਂ ਕੁੜੀ ਦੇ ਪਿਤਾ ਨੂੰ ਬੇਨਤੀ ਕੀਤੀ ਜਾਂਦੀ ਹੈ। ਕਿ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਭਾਵ ਕਿ ਲੜਕੇ ਦਾ ਪੱਲਾ, ਲੜਕੀ ਦਾ ਪਿਤਾ ਲੜਕੀ ਦੇ ਹੱਥ ਵਿੱਚ ਦੇ ਦਿੰਦਾ ਹੈ। ਇਹ ਸਮਾਂ ਬਹੁਤ ਭਾਵੁਕਤਾ ਵਾਲਾ ਹੁੰਦਾ, ਪੱਲਾ ਫੜਾਉਣ ਦਾ ਮਤਲਬ ਕਿ ਅੱਜ ਮੈਂ ਆਪਣੀ ਧੀ ਤੇਰੇ ਲੜ ਲਾ ਦਿੱਤੀ। ਅੱਜ ਤੋਂ ਬਾਅਦ ਤੁਸੀਂ ਇਕ ਦੂਜੇ ਦੇ ਦੁੱਖ-ਸੁੱਖ ਦੇ ਭਾਗੀਦਾਰ ਓ । ਤੁਸੀਂ ਇਕੱਠਿਆਂ ਜੀਵਨ ਬਤੀਤ ਕਰਨਾ । ਬਹੁਤ ਅੱਖਾ ਇਕ ਪਿਤਾ ਲਈ ਆਪਣੀ ਧੀ ਦਾ ਪੱਲਾ ਫੜਾਉਣਾ । ਕਈ ਪਿਤਾ ਪੱਲਾ ਫੜਾਉਣ ਵੇਲ਼ੇ ਰੋਣ ਵੀ ਲੱਗ ਜਾਂਦੇ ਹਨ, ਪਰ ਹੁਣ ਅਜਿਹਾ ਸਮਾਂ ਚੱਲ ਰਿਹਾ ਕਿ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਸ਼ੂਟ ਕੀਤਾ ਜਾਂਦਾ, ਇਹਦੇ ਵਿਚ ਪੂਰੀ ਅਮੀਰੀ ਵਿਖਾਈ ਜਾਂਦੀ ਆ, ਛੋਟੇ ਮੋਟੇ ਕੱਪੜੇ ਪਾ ਕੇ ਐਧਰ ਨੂੰ ਬਸ ਓਧਰ ਨੂੰ ਭੱਜੇ ਫਿਰਦੇ ਨੇ ਜਿਵੇਂ ਫ਼ੋਟੋਗ੍ਰਾਫ਼ਰ ਭਜਾਉਂਦਾ ਭੱਜੀ ਜਾਂਦੇ ਹਨ। ਮੁਆਫ਼ ਕਰਨਾ ਜਦੋਂ ਸਾਰੀ ਦਿਹਾੜੀ ਆਹ ਫ਼ਿਲਮਾਂ ਵਾਲਾ ਕੰਮ ਕਰਨਾ-ਫੇਰ ਪੱਲੇ ਦੀ ਕੀ ਕਸਰ ਰਹਿ ਗਈ ?

ਓਹ ਸਾਰਾ ਕੁਝ ਫੇਰ ਵਿਆਹ ਵਾਲੇ ਦਿਨ ਜਦੋਂ ਮੇਲਾ ਪੂਰਾ ਭਰਿਆ ਹੁੰਦਾ ਸਾਰਿਆਂ ਨੂੰ ਜ਼ਰੂਰ ਵਿਖਉਣਾ ਹੁੰਦਾ। ਓ ਭਾਈ ਕੁਝ ਤਾਂ ਸਮਝ ਤੋਂ ਕੰਮ ਲਵੋ ਪਰ ਨਹੀਂ ਜੀ ਹੁਣ ਰਿਵਾਜ ਆ ਪੈਸੇ ਲਾਏ ਨੇ।

ਇੱਕ ਗੱਲ ਹੋਰ ਜਿਹੜੇ ਸਾਡੇ ਕਾਕੇ, ਕਾਕੀਆਂ ਖ਼ਾਸ ਕਰਕੇ ਪੜ੍ਹਨ ਲਈ ਗਏ ਨੇ ਵਿਦੇਸ਼ਾਂ ਵਿੱਚ ਮੁਆਫ਼ ਕਰਿਓ ਸਭ ਜਾਣਦੇ ਹਨ ਕਿ ਉੱਥੇ ਇਕੱਠੇ ਰਹਿੰਦੇ ਆਉਂਦੇ ਨੇ, ਇੱਕ ਘਰ ਵਿੱਚ ਕਿਉਂਕਿ ਉਥੋਂ ਦੇ ਹਾਲਾਤ ਈ ਐਦਾਂ ਦੇ ਨੇ, ਬੱਚਿਆਂ ਦੀ ਮਜ਼ਬੂਰੀ ਆ ਪਰ ਉਹ ਵਿਆਹ ਦੀ ਮੋਹਰ ਇੱਥੇ ਲਵਾਉਣ ਆਉਂਦੇ ਨੇ । ਉਹਨਾਂ ਲਈ ਵੀ ਪੱਲੇ ਦਾ ਮਤਲਬ ਕੁਝ ਨਹੀਂ ਰਿਹਾ। ਅਸੀਂ ਗੁਰੂ ਅੱਗੇ ਝੂਠ ਬੋਲਦੇ ਹਾਂ ।

ਹੁੰਦੀ ਆ। ‘ਪੱਲੇ ਤੈਂਡੇ ਲਾਗੀ’ ਓ ਭਾਈ ਪੱਲਾ ਤਾਂ ਚਿਰ ਦਾ ਫੜਿਆ ਬਸ ਮਾਨਤਾ ਈ ਲੈਣੀ ਇਹ ਸਭ ਕੁਝ ਸਾਰੇ ਨਹੀਂ ਕਰਦੇ ਪਰ ਬਹੁਤਿਆਂ ਦਾ ਏਹੀ ਹਾਲ ਆ । ਬਹੁਤ ਦੁੱਖ ਹੁੰਦਾ ਇਹ ਸਭ ਸੁਣ ਵੇਖ ਕੇ ਕਿ ਸਾਡੇ ਬੱਚੇ ਕਿੱਧਰ ਨੂੰ ਤੁਰ ਪਏ ਹਨ?

ਉਹਨਾਂ ਨੂੰ ਤੋਰਨ ਵਾਲਾ ਕੌਣ ਆ ? ਅਸੀਂ| ਹੋਰ ਕੌਣ ?

ਕਿਉਂਕਿ ਕੁਝ ਤਾਂ ਅਸੀਂ ਬੇਰੁਜ਼ਗਾਰੀ ਨੇ ਮਾਰ ਲਏ ਬਾਕੀ ਰਹਿੰਦੀ ਕਸਰ ਵੈਸਟਰਨ ਕਲਚਰ ਨੇ ਸਾਡਾ ਬੇੜਾ ਗਰਕ ਕਰ ਦਿੱਤਾ।

ਅੱਗੇ ਸੁਣਦੇ ਸੀ ਕਿ ਗੋਰੀਆਂ ਕੱਪੜਿਆਂ ਵਾਂਗੂ ਘਰਵਾਲ਼ਾ ਬਦਲ ਦਿੰਦੀਆਂ ਨੇ, ਹੁਣ ਸਾਡੇ ਬੱਚਿਆਂ, ਬੱਚੀਆਂ ‘ਤੇ ਇਹਨਾਂ ਗੱਲਾਂ ਦਾ ਬਹੁਤ ਅਸਰ ਪੈ ਗਿਆ ਜੋ ਕਿ ਬਹੁਤ ਮਾੜੀ ਗੱਲ ਆ।

ਗੁਰੂ ਜੀ ਸੁਮੱਤ ਬਖਸ਼ਿਓ। ਸਾਡੇ ਬੱਚੇ ਵਡੇਰਿਆਂ ਦੇ ਸੰਸਕਾਰ ਨਾ ਭੁੱਲਣ।

ਸਿਹਰਾ ਜੋ ਮੁੰਡੇ ਵਾਲਿਆਂ ਵੱਲੋਂ ਲਾਵਾਂ-ਫੇਰਿਆਂ ਤੋਂ ਬਾਅਦ ਗਾਇਆ ਜਾਂਦਾ ਸੀ

ਸਿਹਰਾ ਵਿਆਹ ਵਾਲੇ ਦੀ ਸ਼ਾਨ ਵਧਾਉਣ ਲਈ ਤੇ ਅਨੰਦ ਕਾਰਜ ਤੱਕ ਚਿਹਰਾ ਢੱਕਣ ਲਈ ਉਹਦੇ ਮੱਥੇ ‘ਤੇ ਸਜਾਇਆ ਜਾਂਦਾ, ਪਰ ਇਕ ਸਿਹਰਾ ਜੋ ਲੜਕੇ ਵਾਲਿਆਂ ਵੱਲੋਂ ਜਦੋਂ ਅਨੰਦ ਕਾਰਜ, ਲਾਵਾਂ-ਫੇਰਿਆ ਦੀ ਰਸਮ ਤੋਂ ਬਾਅਦ ਗਾਇਆ ਜਾਂਦਾ। ਪਹਿਲੇ ਸਮਿਆਂ ‘ਚ ਸਿਹਰਾ ਗਾਉਣ ਵਾਲੇ ਨੂੰ ਬਰਾਤ ‘ਚ ਲੈ ਕੇ ਜਾਂਦੇ ਸੀ । ਸਿਹਰਾ ਇਕ ਕੈਲੰਡਰ ਵਾਂਗ ਛਪਵਾਇਆ ਜਾਂਦਾ ਸੀ, ਉਹ ਸਿਹਰੇ ਦਾ ਕਾਵਿ-ਰੂਪ ਹੁੰਦਾ ਸੀ । ਉਹਦੇ ‘ਚ ਮੁੰਡੇ ਦਾ ਨਾਮ ਉਹਦੀ ਵਹੁਟੀ ਤੇ ਉਹਨਾਂ ਦੇ ਮਾਂ, ਬਾਪ, ਭੈਣ, ਭਰਾਵਾਂ, ਜੀਜੇ, ਮਾਮੇ, ਮਾਸੜ ਤੇ ਚਾਚੇ ਦੇ ਨਾਮ ਹੁੰਦੇ ਸਨ। ਲਿਖਿਆ ਜਾਂਦਾ ਸੀ ਇਹ ਸਿਹਰਾ ਕਾਕਾ ਬਲਵੀਰ ਸਿੰਘ ਬੁਆਲ, ਸਪੁੱਤਰ ਸਰਦਾਰ ਅਜਮੇਰ ਸਿੰਘ ਬੁਆਲ, ਮਾਤਾ ਭਗਵੰਤ ਕੌਰ ਬੁਆਲ । ਬੀਬੀ ਹਰਜੀਤ ਕੌਰ ਸਪੁੱਤਰੀ ਸਰਦਾਰ ਅਮਰੀਕ ਸਿੰਘ ਨਾਗਰਾ, ਮਾਤਾ ਭਜਨ ਕੌਰ ਉਹਨਾਂ ਦੇ ਸ਼ੁੱਭ ਅਨੰਦ ਕਾਰਜ ਸਮੇਂ 12 ਮਾਰਚ 1988 ਨੂੰ ਪਿੰਡ ਪਵਾਤ ਵਿਖੇ ਭੇਟਾ ਕੀਤਾ ਗਿਆ। ਸਿਹਰਾ ਪੜ੍ਹਨ ਜਾਂ ਗਾਉਣ ਵਾਲਾ ਪਹਿਲਾਂ ਲੜਕੇ ਪਰਿਵਾਰ ਦੀ ਜਾਣ ਪਛਾਣ ਕਰਾਉਂਦਾ ਤੇ ਫੇਰ ਸਿਹਰੇ ਨੂੰ ਪੜ੍ਹਦਾ ਆਖਦਾ:

“ਜੱਗ ਤੋਂ ਵੱਖਰਾ ਸਿਹਰਾ ਬਣਾਉਣ ਖ਼ਾਤਰ, 

ਉਹਫੇ ਲੱਭ ਕੇ ਮੈਂ ਅਨਮੋਲ ਲਿਆਂਦੇ।”

ਫੇਰ ਵਿਆਹ ਵਾਲੇ ਮੁੰਡੇ ਦੀ ਤਾਰੀਫ ਕਰਦਾ ਆਖਦਾ:

“ਹੱਥ ਸੋਹਣੀ ਤਲਵਾਰ, ਮੱਥੇ ਕਲਗੀ, 

ਵੇ ਤੂੰ ਕਿੰਨਾ ਸੋਹਣਾ ਸਰਦਾਰ ਜਾਪੇ।

ਰੀਝਾਂ ਨਾਲ ਭੈਣਾਂ ਲਾਇਆ ਸਿਹਰਾ,

 ਮਾਤਾ ਤੇਰੀ ਸ਼ਗਨ ਮਨਾਉਂਦੀ ਵੇ ।

ਚਾਵਾਂ ਨਾਲ ਭਾਬੀਆਂ ਪਾਇਆ ਸੁਰਮਾ, 

ਦਿਉਰ ਕੱਢ ਕੇ ਨੋਟ ਫੜਾਉਂਦਾ ਵੇ।

ਪਿਉ ਤੇਰਾ ਤੇਰੇ ਉੱਤੋਂ ਨੋਟ ਵਾਰੇ, ਚਾਚੇ, 

ਤਾਏ ਸਭ ਸ਼ਗਨ ਮਨਾਉਂਦੇ ਨੇ।

ਮਾਮਾ ਤੇ ਜੀਜਾ ਵੀ ਜੇਬ ਨੋਟਾਂ ਨਾਲ ਭਰੀ ਫਿਰਦੇ,

 ਉਹ ਨੋਟ ਵਾਰਨ ਦਾ ਮੌਕਾ ਤਕਾਉਂਦੇ ਨੇ ।

ਫੁੱਫੜ ਤੇਰੇ ਦੀ ਟੌਹਰ ਅੱਜ ਵੱਖਰੀ ਏ, 

ਪਿਆ ਜਾਮੇ ‘ਚ ਉਹ ਆਂਵਦਾ ਨਹੀਂ।”

ਮਤਲਬ ਸਿਹਰਾ ਗਾਉਣ ਵਾਲਾ ਵਿਆਹ ਵਾਲੇ ਮੁੰਡੇ ਨੂੰ ਆਖਦਾ ਕਿ ਤੇਰੇ ਬਰਾਬਰ ਅੱਜ ਕੋਈ ਨਹੀਂ।

ਨਾਲ ਨਾਲ ਉਹ ਵਿਆਂਦੜ ਮੁੰਡੇ ਨੂੰ ਆਖਦਾ ਕਿ ਅੱਜ ਤੋਂ ਤੁਸੀਂ ਗ੍ਰਹਿਸਥ ਜੀਵਨ ਧਾਰਨ ਕਰਨਾ, ਆਪਸ ਵਿੱਚ ਇਤਫ਼ਾਕ ਰੱਖਣਾ, ਤੇਰੇ ਸਿਰ ਹੁਣ ਜਿੰਮੇਵਾਰੀ ਪੈ ਗਈ ਐ। ਉਸ ਜਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣਾ, ਇਕ ਦੂਜੇ ਦਾ ਸਤਿਕਾਰ ਤੇ ਇਕ ਦੂਜੇ ਦੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਤੇ ਉਹ ਆਖਦਾ:

“ਸਿਹਰੇ ਵਾਲਿਆ ਜਰਾ ਕਰ ਸਿਰ ਉੱਚਾ, 

ਤੇਰੇ ਨਾਲ ਵੀ ਗੱਲ ਵਿਚਾਰਨੀ ਏਂ।

ਇਕ ਦੂਜੇ ਦਾ ਦੋਹਾਂ ਸਤਿਕਾਰ ਕਰਨਾ, 

ਮਿਲ-ਜੁਲ ਕੇ ਜ਼ਿੰਦਗੀ ਗੁਜਾਰਨੀ ਏਂ।

ਇਕ ਦੂਜੇ ਨੂੰ ਪਵੇਗੀ ਲੋੜ ਜੇਕਰ 

ਇਕ ਦੂਜੇ ‘ਤੇ ਜ਼ਿੰਦਗੀ ਵਾਰਨੀ ਏਂ।”

“ਲਿਖਾਵਣ ਲੱਗਿਆ ਆਪ ਕਰਤਾਰ ਸਿਹਰਾ, 

ਦੋਵੇਂ ਮੂਰਤਾਂ ਇਕ ਜੋਤ ਹੋਈਆਂ, 

ਕੀਤਾ ਕਵੀ ਨੇ ਜਦੋਂ ਤਿਆਰ ਸਿਹਰਾ।”

ਸਿਹਰੇ ਵਿੱਚ ਗ੍ਰਹਿਸਤ ਜੀਵਨ ਦੀ ਸਾਰੀਆਂ ਜਿੰਮੇਵਾਰੀਆਂ ਸਮਝਾਈਆਂ ਜਾਂਦੀਆਂ ਹਨ ਕਿਤੇ ਵਿਅੰਗ ਵੀ ਕਰ ਦਿੱਤਾ ਜਾਂਦਾ।

ਹਰ ਘਰ ਭਾਂਡੇ ਖੜਕਦੇ ਨੇ ਪਰ ਭਾਂਡੇ ਵਿਹੜੇ ਤੱਕ ਨਹੀਂ ਆਉਣੇ ਚਾਹੀਦੇ।

ਸਿਹਰਾ ਗਾਉਣ ਵਾਲ਼ੇ ਨੂੰ ਬਰਾਤੀ ਸੱਜਣ ਤੇ ਲੜਕੀ ਵਾਲੇ ਪੰਜ, ਦਸ ਰੁਪਏ ਦਿੰਦੇ ਸਨ ਤੇ ਛਪਵਾਇਆ ਸਿਹਰਾ ਸਾਰਿਆਂ ‘ਚ ਵੰਡ ਦਿੱਤਾ ਜਾਂਦਾ ਸੀ। ਵਿਆਹ ਵਾਲੀ ਕੁੜੀ ਮੁੰਡੇ ਵਾਲੇ ਕਈ ਵਾਰ ਇਸ ਸਿਹਰੇ ਨੂੰ ਸ਼ੀਸ਼ੇ ‘ਚ ਜੜ ਲੈਂਦੇ ਸਨ।

ਅਖ਼ੀਰ ‘ਚ ਅਸੀਸ ਦਿੱਤੀ ਜਾਂਦੀ ਸੀ:

“ਵਧੋ ਫੁੱਲੋ ਤੁਸੀਂ ਚਮਕੋ ਚੰਦ ਵਾਂਗੂ, 

ਆਪ ਸਤਿਗੁਰ ਸਦਾ ਸਹਾਈ ਹੋਵੇ। 

ਭਾਗਾਂ ਭਰੀ ਸੁਲੱਖਣੀ ਘੜੀ ਉੱਤੇ, 

‘ਸੈਣੀ’ ਵੱਲੋਂ ਲੱਖ ਲੱਖ ਵਧਾਈ ਹੋਵੇ।”

ਸਾਡੇ ਗੁਆਂਢੀ ਪਿੰਡ ਕਕਰਾਲਾ ਖੁਰਦ ਦੇ ਸਾਧੂ ਸਿੰਘ ‘ਦਰਦ’ ਬਹੁਤ ਹੀ ਵਧੀਆ ਸਿਹਰੇ ਅਤੇ ਸਿੱਖਿਆ ਲਿਖਦੇ ਸਨ । ਉਹ ਦੂਰ ਦੂਰ ਤੱਕ ਵਿਆਹਾਂ ਉੱਤੇ ਜਾ ਕੇ ਆਪਣੀ ਸੁਰੀਲੀ ਆਵਾਜ਼ ਵਿੱਚ ਸਿਹਰੇ-ਸਿੱਖਿਆ ਗਾਉਂਦੇ ਸਨ । ਪਰ ਹੁਣ ਸਾਡੇ ਅਮੀਰ ਸੱਭਿਆਚਾਰ ਦੀ ਇਹ ਵੰਨਗੀ ਅਲੋਪ ਈ ਹੋ ਗਈ ਸਮਝੋ, ਹੁਣ ਕਲਾਕਾਰ ਵੀਰ ਆ ਗਏ ਜੋ ਅਖਾੜਾ ਲਾਉਂਦੇ ਨੇ ਤੇ ਮਨੋਰੰਜਨ ਕਰਦੇ ਨੇ।

ਲੜਕੀ ਦੇ ਵਿਆਹ ਵਿੱਚੋਂ ਅਲੋਪ ਹੋ ਗਈ ਕਾਵਿ-ਰੂਪੀ ਸਿੱਖਿਆ

ਸਿੱਖਿਆ ਦੇ ਅਰਥ ਹਨ ਕਿਸੇ ਨੂੰ ਉਪਦੇਸ਼ ਦੇਣਾ, ਚੰਗੀ ਮੱਤ ਦੇਣੀ ਜਿਸ ਨਾਲ ਜੀਵਨ ਢੰਗ ਉੱਚਾ ਹੋ ਸਕੇ ਸਲੀਕੇ ਨਾਲ ਜੀਵਨ ਬਤੀਤ ਹੋਵੇ। ਸਾਹਿਤ ਦੇ ਖੇਤਰ ਵਿੱਚ ਵੀ ਸਿੱਖਿਆ ਦਾ ਇਕ ਕਾਵਿ-ਰੂਪ ਹੈ ਜੋ ਵਿਆਹ ਵਾਲੀ ਲੜਕੀ ਲਈ ਵਿਸ਼ੇਸ਼ ਤੌਰ ‘ਤੇ ਲਿਖੀ ਜਾਂਦੀ ਸੀ । ਅੱਜ ਕੱਲ੍ਹ ਇਹ ਕਾਵਿ-ਰੂਪ ਅਲੋਪ ਹੀ ਹੋ ਗਿਆ। ਇਹ ਕਾਵਿ-ਰੂਪ ਰਚਨਾ ਲੜਕੀ ਦੇ ਵਿਆਹ ਮੌਕੇ ਲਾਵਾਂ ਫੇਰਿਆਂ ਤੋਂ ਬਾਅਦ ਪੜ੍ਹਿਆ (ਗਾਇਨ ਕੀਤਾ) ਜਾਂਦਾ ਸੀ। ਦੋਵੇਂ ਧਿਰਾਂ ਲੜਕੇ ਤੇ ਲੜਕੀ ਵਾਲੇ ਬਹੁਤ ਧਿਆਨ ਤੇ ਸ਼ਰਧਾ ਨਾਲ ਇਸ ਨੂੰ ਸੁਣਦੇ ਸਨ । ਇਹ ਕਾਵਿ ਰਚਨਾ ਪੂਰਨ ਤੌਰ ‘ਤੇ ਵਿਆਹ ਵਾਲੀ ਲੜਕੀ ਨੂੰ ਸੰਬੋਧਿਤ ਹੁੰਦੀ ਸੀ । ਜਦੋਂ ਪਾਠੀ ਸਿੰਘ ਲਾਵਾਂ ਦਾ ਪਾਠ ਸੰਪੂਰਨ ਕਰ ਲੈਂਦਾ ਤਾਂ ਇਹ ਕਾਵਿ-ਰੂਪੀ ਸਿੱਖਿਆ ਪੜ੍ਹੀ ਜਾਂਦੀ ਸੀ । ਇਹ ਸਿੱਖਿਆ ਕਈ ਵਾਰ ਲੜਕੀ ਦਾ ਭਰਾ, ਭੈਣ ਜਾਂ ਪਾਠੀ ਸਿੰਘ ਵੀ ਪੜ੍ਹ ਦਿੰਦਾ ਸੀ । ਇਸ ਕਾਵਿ-ਰੂਪੀ ਸਿੱਖਿਆ ਰਾਹੀਂ ਧੀ ਦੇ ਮਾਪਿਆ ਵੱਲੋਂ ਇਹ ਬੇਨਤੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਉਹਨਾਂ ਕੋਲ ਆਪਣੀ ਲਾਡੋ ਨੂੰ ਦੇਣ ਲਈ ਸ਼ੁਭ ਵਿਚਾਰ ਅਸੀਸਾ ਤੇ ਪਿਆਰ ਤੋਂ ਸਿਵਾਏ ਹੋਰ ਕੁਝ ਨਹੀਂ ਹੈ। ਉਹ ਇਸ ਸਿੱਖਿਆ ਰਾਹੀਂ ਆਖਦੇ ਕਿ ਭਾਵੇਂ ਉਹਨਾਂ ਨੇ ਆਪਣੀ ਧੀ ਪੁੱਤਾਂ ਤੋਂ ਵਧ ਕੇ ਪਾਲੀ ਹੈ ਪਰ ਫੇਰ ਵੀ ਉਹਨਾਂ ਦੀ ਧੀ ਕਿਸੇ ਹੋਰ ਦੀ ਅਮਾਨਤ ਹੈ। ਸਿੱਖਿਆ ਵਿੱਚ ਧੀ ਨੂੰ ਆਖਿਆ ਜਾਂਦਾ, ਸਮਝਾਇਆ ਜਾਂਦਾ ਕਿ ਅੱਜ ਤੋਂ ਤੇਰਾ ਅਸਲ ਘਰ ਤੇਰੇ ਪਤੀ ਦਾ ਘਰ ਹੈ। ਸੱਸ-ਸਹੁਰਾ ਤੇਰੇ ਮਾਂ-ਪਿਓ, ਜੇਠ ਵੱਡਾ ਭਰਾ, ਦਿਓਰ ਛੋਟਾ ਭਰਾ, ਨਣਦਾਂ ਤੇਰੀਆਂ ਭੈਣਾਂ ਹਨ। ਤੇਰਾ ਪਤੀ ਤੇਰਾ ਭਗਵਾਨ ਹੈ। ਜਦੋਂ ਇਹ ਸਿੱਖਿਆ, ਭੈਣੇ, ਭੈਣੇ ਕਰਕੇ ਪੜ੍ਹੀ/ਗਾਈ ਜਾਂਦੀ ਤਾਂ ਉੱਥੇ ਬੈਠਿਆਂ ਵਿੱਚੋਂ ਬਹੁਤਿਆਂ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਤੇ ਕਈ ਗੋਡਿਆਂ ‘ਚ ਮੂੰਹ ਦੇ ਕੇ ਚੁੰਬਕੀਂ ਚੁੰਬਕੀਂ ਰੋਣ ਵੀ ਲੱਗ ਜਾਂਦੇ:

“ਸੱਸ-ਸਹੁਰੇ ਦੀ ਸੇਵਾ ਦਾ ਧਿਆਨ ਰੱਖੀਂ,

 ਸਿਆਣੀ ਉਮਰ ਇਕ ਨਿਆਣੀ ਭੈਣੇ।

ਪਤੀ ਆਪਣੇ ਨਾਲ ਨਰਮੀ ਦਾ ਸਲੂਕ ਕਰਨਾ, 

ਗੁੱਸੇ ਗਿਲੇ ਹੁੰਦੇ ਨੇ ਘਰਾਂ ‘ਚ ਲੱਖ ਭੈਣੇ।

ਜਠਾਣੀ ਆਪਣੀ ਨਾਲ ਵੀ ਬਣਾ ਕੇ ਰੱਖੀਂ, 

ਜਿਵੇਂ ਹੁੰਦੀ ਆ ਤੇਰੀ ਵੱਡੀ ਭੈਣ-ਭੈਣੇ।”

ਤੇ ਬਾਬਲ ਦੀ ਹੂਕ ਹੁੰਦੀ:

“ਮੇਰੀ ਲਾਡਲੀਏ ਮੇਰੀ ਨਾ ਪੇਸ਼ ਜਾਂਦੀ, 

ਤੈਨੂੰ ਭੁੱਲ ਕੇ ਵੀ ਕਦੇ ਤੋਰਦਾ ਨਾ।

ਇਹ ਵਿਹਾਰ ਸੰਸਾਰ ਤੋਂ ਨਾ ਹੁੰਦਾ,

ਤੈਨੂੰ ਕਦੇ ਵੀ ਅੱਜ ਵਿਛੋੜਦਾ ਨਾ।

ਮੇਰੀ ਲਾਡਲੀਏ ਸਹੁਰੇ ਜਾ ਕੇ ਖਿਆਲ ਰੱਖੀਂ, 

ਵੱਡੀ ਚੀਜ਼ ਸਭ ਤੋਂ ਇੱਜ਼ਤ ਧੀਏ।”

ਗੱਲ ਕੀ ਸਿੱਖਿਆ ਰਾਹੀਂ ਕੁੜੀ ਨਾਲ ਹਰ ਰਿਸ਼ਤਾ ਜਿੱਥੇ ਆਪਣੇ ਭਾਵਾਂ ਨੂੰ ਪਰਗਟ ਕਰਦਾ ਸੀ। ਉੱਥੇ ਉਸ ਤੋਂ ਦੂਰ ਹੋਣ ਦਾ ਦੁੱਖ ਵੀ ਦਰਸਾਇਆ ਜਾਂਦਾ ਸੀ।

ਜਿਸ ਨੂੰ ਸੁਣ ਕੇ ਦਿਲ ਵਿੱਚ ਹੌਲ ਪੈਂਦੇ ਤੇ ਸਾਰੇ ਉੱਥੇ ਬੈਠੇ ਭਾਵੁਕ ਹੋ ਜਾਂਦੇ । ਮਾਂ ਦੀ ਮਮਤਾ:

“ਮਾਂ ਤੇਰੀ ਦੀਆਂ ਦੋ ਅੱਖੀਆਂ,

ਇਕ ਖ਼ੁਸ਼ਕ ਤੇ ਇਕ ਘਬਰਾਈ ਹੋਈ ਆ। 

ਇਕ ਅੱਖ ਆਖੇ ਸਿਰ ਤੋਂ ਬੋਝ ਲੱਥਾ 

ਦੂਜੀ ਆਖਦੀ ਧੀ ਪਰਾਈ ਹੋਈ ਆ।”

ਸਿੱਖਿਆ ਵਿੱਚ ਲੜਕੀ ਨੂੰ ਪ੍ਰੇਰਨਾ ਵੀ ਦਿੱਤੀ ਜਾਂਦੀ ਕਿ ਆਹ ਵੇਲਾ ਪਰਿਵਾਰ ਤੋਂ ਵਿਛੜਨ ਦਾ ਹੈ, ਤੂੰ ਆਪਣਾ ਜੇਰਾ ਵੱਡਾ ਕਰਕੇ ਇਹ ਵਿਛੋੜਾ ਝੱਲ।

ਚੰਗੇ ਗੁਣ ਅਪਣਾ ਕੇ, ਸਹੁਰੇ ਘਰ ਜਾ ਕੇ ਸਾਰੇ ਪਰਿਵਾਰ ਦਾ ਸਤਿਕਾਰ ਕਰਕੇ ਇਕ ਨਵੇਂ ਪਰਿਵਾਰ ਦੀ ਸਿਰਜਣਾ ਕਰ। ਮਾਂ ਵੱਲੋਂ ਇਹ ਦੁਆ ਹੁੰਦੀ ਆ ਕਿ ਧੀ ਦੇ ਘਰੋਂ ਹਮੇਸ਼ਾ ਠੰਢੀ ਹਵਾ ਦਾ ਬੁੱਲਾ ਆਵੇ। ਉਹ ਆਪਣੇ ਮੋਹ ਦੀਆਂ ਤੰਦਾਂ ਰੋ ਰੋ ਕੇ ਇਸ ਤਰ੍ਹਾਂ ਬਿਆਨ ਕਰਦੀ ਹੈ:

“ਮਾਂ ਵੇਖ ਡੋਲੀ ਡੋਲ ਗਈ,

 ਤੇਰਾ ਬਾਬਲ ਕਿਵੇਂ ਝੱਲੂ ਜੁਦਾਈਆਂ ਧੀਏ।

ਤੁਸੀਂ ਧੀਆਂ ਘਰਾਂ ਦੀਆਂ ਰੌਣਕਾਂ ਧੀਏ, 

ਪਰ ਹੋ ਜਾਂਦੀਆਂ ਅੰਤ ਪਰਾਈਆਂ ਧੀਏ। 

ਹਾਏ ਰਸਮ ਦੀਆਂ ਬੱਧੀਆਂ ਤੁਰ ਜਾਂਦੀਆਂ, 

ਹੁਣ ਕਿਹੜਾ ਮੋੜ ਲਿਆਵੇ।”

ਵੀਰ ਦੇ ਕਾਲਜੇ ਨੂੰ ਵੀ ਹੌਲ ਪੈਂਦੇ, ਭੈਣ ਦੇ ਵਿਛੜਨ ਦਾ ਦੁੱਖ ਹੁੰਦਾ ਤੇ

ਵੀਰ ਆਖਦਾ:

“ਜਾਹ ਮੇਰੀਏ ਭੈਣੇ ਲਾਡਲੀਏ, 

ਤੈਨੂੰ ਮੇਰੀ ਵੀ ਉਮਰ ਲੱਗ ਜਾਵੇ। 

ਜਿਸ ਘਰ ਵਿੱਚ ਤੇਰਾ ਪੈਰ ਪਵੇ, 

ਉੱਥੇ ਦੁੱਖ ਕਦੇ ਨਾ ਆਵੇ।

ਤੈਨੂੰ ਸਹੁਰੇ ਘਰ ਐਨਾ ਪਿਆਰ ਮਿਲੇ,

 ਤੂੰ ਭੁੱਲ ਜਾਵੇਂ ਪਿਆਰ ਭਰਾਵਾਂ ਦਾ।”

ਸਹੇਲੀਆਂ ਦੇ ਹਾਵ-ਭਾਵ ਵੀ ਦਰਸਾਏ ਜਾਂਦੇ ਕਿ ਕੂੰਜਾਂ ਦੀ ਡਾਰ ਵਿੱਚੋਂ ਇਕ ਕੂੰਜ ਵਿਛੜਨ ਲੱਗੀ ਆ ਤ੍ਰਿੰਝਣਾਂ ਵਿੱਚ ਤੇਰੀ ਯਾਦ ਸਤਾਵੇਗੀ। ਸਿੱਖਿਆ ਦੇ ਅੰਤ ਵਿੱਚ ਸਿੱਖਿਆਕਾਰ ਆਪਣਾ ਨਾਮ, ਤਖ਼ੱਲਸ ਦੱਸਦਾ ਹੋਇਆ ਪੰਡਾਲ ਵਿੱਚ ਹਾਜ਼ਰ ਸਭ ਵਿਅਕਤੀਆਂ ਵੱਲੋਂ ਲੜਕੀ ਨੂੰ ਅਸੀਸਾਂ ਦਿੰਦਾ ਆਖਦਾ ਹੈ:

“ਜੁੱਗ ਜੁੱਗ ਜੀਵੇਂ ਜਵਾਨੀਆਂ ਮਾਣੇ, 

ਸਹੁਰੇ ਘਰ ਰੱਜਵਾਂ ਮਿਲੇ ਪਿਆਰ ਤੈਨੂੰ ।

ਅੰਤ ਵਿੱਚ ਏਹੋ ਅਸੀਸ ਸਾਡੀ,

ਰੱਖੇ ਸਦਾ ਸੁਖੀ ਕਰਤਾਰ ਤੈਨੂੰ। ਫਰਜ਼ ਆਪਣੇ ਨਾ ਧੀਏ ਮੂਲ ਭੁੱਲੀਂ, ‘ਦਰਦ’ ਸ਼ੋਭਾ ਦਿੰਦਾ ਰਹੇ ਸੰਸਾਰ ਤੈਨੂੰ।”

ਤੇ ਸਿੱਖਿਆ ਪੜ੍ਹਨ ਤੇ ਗਾਉਣ ਵਾਲੇ ਦਾ 5, 5 ਜਾਂ 10, 10 ਰੁਪਏ ਦੇ ਕੇ ਮਾਣ ਕੀਤਾ ਜਾਂਦਾ ਸੀ। ਪਰ ਅੱਜ ਕੱਲ੍ਹ ਇਹ ਕਾਵਿ-ਰੂਪੀ ਸਿੱਖਿਆ ਇਕ ਤਰ੍ਹਾਂ ਨਾਲ ਅਲੋਪ ਹੀ ਹੋ ਗਈ, ਕਿਉਂਕਿ ਬੱਚੇ ਵੀ ਪੜ੍ਹੇ ਲਿਖੇ ਹਨ ਹੁਣ ਸ਼ਾਇਦ ਇਸ ਸਿੱਖਿਆ ਦੀ ਲੋੜ ਕਦੇ ਵੀ ਨਹੀਂ ਪੈਣੀ।

ਵਰੀ ਤੇ ਵਰੀ ਵਾਲਾ ਟਰੰਕ

ਮੁੰਡੇ ਦੇ ਵਿਆਹ ‘ਚ ਜੋ ਸ਼ਗਨਾਂ ਦੇ ਸੂਟ, ਵਿਆਹ ਕੇ ਲਿਆਉਣ ਵਾਲ਼ੀ ਨੂੰਹ, ਧੀ ਨੂੰ ਦੇਣੇ ਹੁੰਦੇ ਨੇ ਉਹਨੂੰ ਵਰੀ ਆਖਦੇ ਹਨ ਬੜੇ ਚਾਅ ਨਾਲ ਬਣਾਏ ਜਾਂਦੇ ਸੀ ਇਹ ਨੂੰਹ ਦੇ ਸੂਟ। ਇਹਨਾਂ ਦੀ ਖਰੀਦ ਤੋਂ ਪਹਿਲਾਂ ਜਦੋਂ ਘਰ ‘ਚ ਮੁੰਡੇ ਦੇ ਵਿਆਹ ਦੀਆਂ ਹੋਰ ਤਿਆਰੀਆਂ ਕੀਤੀਆਂ ਜਾਂਦੀਆਂ ਤਾਂ ਅਕਸਰ ਕਿਹਾ ਜਾਂਦਾ ਅਜੇ ਤਾਂ ਵਰੀ ਵੀ ਵਿਹਾਜਣੀ ਆਂ। ਪਹਿਲੇ ਸਮਿਆਂ ‘ਚ ਜਦੋਂ ਵਰੀ ਖਰੀਦਣੀ ਹੁੰਦੀ ਤਾਂ ਵਿਸ਼ੇਸ਼ ਸੁਨੇਹਾ ਵਿਚੋਲਣ ਨੂੰ ਦਿੱਤਾ ਜਾਂਦਾ ਸੀ ਤੇ ਨਾਲ ਮੁੰਡੇ ਦੀਆਂ ਭੂਆ, ਚਾਚੀਆਂ, ਤਾਈਆਂ ਤੇ ਨਾਨਕਿਆਂ ‘ਚੋਂ ਮਾਮੀ ਵੀ ਜਾਂਦੀ ਸੀ। ਇਕ ਕੱਪੜੇ ਦੀ ਦੁਕਾਨ ਜਿੱਥੋਂ ਵਰੀ ਖਰੀਦਣੀ ਹੁੰਦੀ ਸੀ ਸਭ ਨੂੰ ਦੱਸ ਦਿੱਤੀ। ਜਾਂਦੀ ਤੇ ਸਾਰੇ ਜਣੇ ਉੱਥੇ ਪਹੁੰਚ ਜਾਂਦੇ । ਸੂਟ ਭਾਵੇਂ ਪੰਜ, ਸੱਤ ਈ ਲੈਣੇ ਹੁੰਦੇ ਸਨ ਪਰ ਵਰੀ ਖਰੀਦਣ ਵੇਲੇ ਨਾਲ ਲਿਜਾਣਾ ਰਿਸ਼ਤਿਆਂ ਦਾ ਮਾਣ ਕਰਨਾ ਹੁੰਦਾ ਸੀ ਇਕ ਪਿਆਰ ਵਾਲੀ ਸਾਂਝ ਹੁੰਦੀ ਸੀ ਸਲਾਹ ਹੁੰਦੀ ਸੀ ਪਰ ਅੱਜ ਕੱਲ੍ਹ ਇਹ ਵੀ ਤਕਰੀਬਨ ਖ਼ਤਮ ਈ ਹੋ ਰਹੀ ਆ। ਹੁਣ ਤਾਂ ਘਰ ‘ਚ ਉਹਲਾ ਰੱਖਿਆ ਜਾਂਦਾ। ਵਰੀ ਖਰੀਦਣੀ, ਚੁੰਨੀਆਂ ਰੰਗਾਉਣੀਆਂ, ਗੋਟਾ ਉਦੋਂ ਦੋ ਤਰ੍ਹਾਂ ਦਾ ਈ ਹੁੰਦਾ ਸੀ ਸੁਨਹਿਰੀ ਤੇ ਚਾਂਦੀ ਰੰਗਾ ਉਹ ਆਪਸ ਵਿੱਚ ਵੰਡ ਲੈਣਾ ਤੇ ਚੁੰਨੀ ਨੂੰ ਮੈਂ ਲਾ ਦੂੰ, ਦੋ ਕੁ ਨੂੰ ਭੈਣੇ ਤੂੰ ਲਾ ਦੇਵੀ, ਬੜੇ ਚਾਅ ਨਾਲ ਆਪਸ ਵਿੱਚ ਬੀਬੀਆਂ ਇਹ ਕੰਮ ਕਰਦੀਆਂ ਸੀ। ਵਰੀ ਖਰੀਦ ਕੇ ਫੇਰ ਵਰੀ ਵਾਲਾ ਟਰੰਕ ਵੀ ਖਰੀਦਣਾ। ਟਰੈਕ ਨੂੰ ਘਰ ਲਿਆ ਕੇ ਉਹਦੇ ਜਿੱਥੇ ਕੁੰਡਾ ਹੁੰਦਾ ਉਹਨੂੰ ਖੰਮਣੀ ਬੰਨ੍ਹੀ ਜਾਂਦੀ। ਜਦੋਂ ਸਾਰੀ ਵਰੀ ਤਿਆਰ ਹੋ ਜਾਂਦੀ ਇਕ ਦੋ ਸੂਟ ਵਿਆਦੜ ਦੇ ਸਵਾ ਦਿੱਤੇ ਜਾਂਦੇ। ਚੁੰਨੀਆਂ ਤਿਆਰ ਹੋ ਜਾਂਦੀਆਂ ਤਾਂ ਵਰੀ ਵਾਲੇ ਟਰੈਕ ਵਿੱਚ ਇਕ ਖੂੰਜੇ ਕਿਸੇ ਛੋਟੇ ਕੱਪੜੇ ‘ਚ ਗੁੜ, ਚੌਲ, ਖੰਮਣੀ, ਭੋਰਾ ਹਲਦੀ ਤੇ ਦੋ ਕੁ ਹਰੇ ਖੱਬਲ (ਘਾਹ) ਦੀਆਂ ਤਿੜਾਂ ਰੱਖ ਦਿੱਤੀਆਂ ਜਾਂਦੀਆਂ, ਸ਼ਰੀਕੇ ਭਾਈਚਾਰੇ ਨੂੰ ਵਰੀ ਵਿਖਾਈ ਜਾਂਦੀ ਤੇ ਉਹਦੇ ਵਿੱਚ ਸੂਟਾਂ ਨੂੰ ਖੰਮਣੀਆਂ ਬੰਨ ਕੇ ਚਿੱਟੇ ਲਿਫ਼ਾਫਿਆਂ ‘ਚ ਪਾ ਕੇ ਟਰੰਕ ਵਿੱਚ ਸਲੀਕੇ ਨਾਲ ਟਿਕਾ ਦਿੱਤਾ ਜਾਂਦਾ ਤੇ ਨਾਲ਼ ਹੀ ਥੋੜ੍ਹਾ ਬਹੁਤ ਹਾਰ ਸ਼ਿੰਗਾਰ ਦਾ ਸਮਾਨ ਜਿਵੇਂ ਸੁਰਖੀ, ਬਿੰਦੀ, ਪਾਊਡਰ, ਕਰੀਮ, ਨਹੁੰ-ਪਾਲਸ਼, ਸੰਧੂਰ ਦੀ ਡੱਬੀ, ਲਾਲ, ਗੁਲਾਬੀ ਰੀਬਨ, ਮਹਿੰਦੀ, ਕੱਚ ਦੀਆਂ ਚੂੜੀਆਂ ਆਦਿ ਇਕ ਡੱਬੇ ਵਿੱਚ ਪਾ ਕੇ ਰੱਖ ਦਿੱਤਾ ਜਾਂਦਾ ।

ਜੋ ਕੋਈ ਬਹੁਤਾ ਈ ਸਰਦਾ-ਪੁੱਜਦਾ ਹੁੰਦਾ ਉਹ ਇਕ ਅੱਧਾ ਸ਼ਾਲ, ਕੋਟੀ, ਜੁੱਤੀ ਵੀ ਵਰੀ ਵਾਲ਼ੇ ਟਰੰਕ ‘ਚ ਰੱਖਦਾ। ਟਰੰਕ ‘ਚ ਸੁੱਕੇ ਮੇਵਿਆਂ ਵਾਲ਼ੀ ਲਾਲ ਗੁੱਥਲੀ ਜਿਸ ਨੂੰ ਮਿੱਠੀ ਗੁੱਥਲੀ ਕਿਹਾ ਜਾਂਦਾ ਉਹ ਵੀ ਸਜਾਈ ਜਾਂਦੀ । ਜੋ ਟੂਮਾਂ ਨੂੰਹ ਨੂੰ ਪਾਉਣੀਆਂ ਹੁੰਦੀਆਂ ਉਹ ਟੀਮਾਂ ਵਾਲ਼ਾ ਡੱਬਾ ਵੀ ਟਰੰਕ ਵਿੱਚ ਟਿਕਾ ਦਿੱਤਾ ਜਾਂਦਾ ਤਾਂ ਜਾ ਕੇ ਕਿਤੇ ਵਰੀ ਵਾਲ਼ਾ ਟਰੰਕ ਤਿਆਰ ਹੁੰਦਾ ਤੇ ਟਰੰਕ ਨੂੰ ਨਵਾਂ ਜਿੰਦਾ ਲਾਇਆ ਜਾਂਦਾ ਜਿਸ ਦੀ ਚਾਬੀ ਖ਼ਾਸ ਕਰਕੇ ਮਾਮੇ ਜਾਂ ਤਾਏ ਚਾਚੇ ਕੋਲ ਹੁੰਦੀ ਸੀ। ਇਹ ਟਰੰਕ ਬਰਾਤ ਦੇ ਨਾਲ਼ ਜਾਣਾ ਜ਼ਰੂਰੀ ਹੁੰਦਾ ਸੀ ਇਸ ਟਰੰਕ ਨੂੰ ਚੁੱਕਣ ਤੇ ਸਾਂਭ ਸੰਭਾਲ ਦੀ ਜ਼ਿੰਮੇਵਰੀ ਰਾਜਾ ਜੀ (ਨਾਈ ਵੀਰ) ਦੀ ਹੁੰਦੀ। ਟਰੰਕ ਦੀ ਪੂਰੀ ਰਾਖੀ ਰੱਖੀ ਜਾਂਦੀ। ਬਰਾਤ ਸ਼ਗਨ ਕਰਕੇ ਕੁੜੀ ਵਾਲਿਆਂ ਦੇ ਘਰ ਪਹੁੰਚਦੀ, ਚਾਹ ਪਾਣੀ ਤੋਂ ਬਾਅਦ ਅਨੰਦ ਕਾਰਾਜ ਦੀ ਰਸਮ ਹੁੰਦੀ ਇਸ ਰਸਮ ਤੋਂ ਬਾਅਦ ਜੋ ਧੀ ਵਾਲ਼ਿਆਂ ਨੇ ਧੀ ਨੂੰ ਦੇਣਾ ਹੁੰਦਾ ਉਹ ਵਿਖਾਇਆ ਜਾਂਦਾ ਤੇ ਮੁੰਡੇ ਵਾਲਿਆਂ ਵੱਲੋਂ ਇਹ ਟਰੰਕ ਉਦੋਂ ਖੋਹਲਿਆ ਜਾਂਦਾ ਤੇ ਵਰੀ ਵਿਖਾਈ ਜਾਂਦੀ ਵਰੀ ਦੇ ਸੂਟਾਂ ਨੂੰ, ਗਹਿਣਿਆਂ ਨੂੰ ਥਾਲਾਂ ‘ਚ ਸਜ਼ਾ ਕੇ ਅੰਦਰ ਜਿੱਥੇ ਵਿਆਦੜ ਬੈਠੀ ਹੁੰਦੀ ਉਥੇ ਭੇਜਿਆ ਜਾਂਦਾ। ਉਥੇ ਫੇਰ ਨਿਗੋਚਾਂ ਵੀ ਹੁੰਦੀਆਂ ਕਿਆਫ਼ੇ ਵੀ ਲਾਏ ਜਾਂਦੇ ਕਿਤੇ ਸੱਸ ਨੇ ਪੁਰਾਣੇ ਸੂਟ ਤਾਂ ਨੀ ਦੇ ਦਿੱਤੇ ਵਰੀ ਵਿੱਚ। ਟੀਮਾਂ ਹੌਲ਼ੀਆਂ, ਭਾਰੀਆਂ ਪਰਖੀਆਂ ਜਾਂਦੀਆਂ। ਗੁੱਥਲੀ ‘ਚ ਛੁਆਰੇ ਆਦਿ ਕੱਢ ਕੇ ਸ਼ਗਨ ਕੀਤਾ ਜਾਂਦਾ । ਇਹ ਸੂਟ ਨਾਲੋਂ ਖ਼ਾਸ ਕਰਕੇ ਲਾਲ ਜਾਂ ਗੁਲਾਬੀ ਦੁਪੱਟਾ ਕੱਢ ਕੇ ਵਿਆਦੜ ਦੀ ਚੁੰਨੀ ਨਾਲ ਹੇਠਾਂ ਜੋੜਿਆਂ ਜਾਂਦਾ ਤੇ ਉਹ ਦੋਸੜਾ ਲੈ ਕੇ ਸਹੁਰੇ ਘਰ ਪਹੁੰਚਦੀ। ਵਰੀ ਵਾਲ਼ੇ ਟਰੰਕ ਨੂੰ ਉਮਰ ਭਰ ਬੀਬੀਆਂ ਸਾਂਭ ਸਾਂਭ ਰੱਖਦੀਆਂ। ਕੱਪੜਾ ਦੇ ਕੇ ਢੱਕ ਕੇ ਰੱਖਦੀਆਂ ਕਿਉਂਕਿ ਵਰੀ ਵਾਲ਼ੇ ਟਰੰਕ ਨਾਲ ਵੀ ਉਹਨਾਂ ਦੀਆਂ ਬਹੁਤ ਪਿਆਰੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਪਰ ਇਹ ਸਭ ਕੁਝ ਬਹੁਤ ਪਿੱਛੇ ਰਹਿ ਗਿਆ। ਸਮਾਂ ਬਦਲ ਗਿਆ, ਹੁਣ ਵਿਆਹ ਵਾਲੀ ਬੀਬੀ ਨੂੰ ਕਹਿ ਦਿੱਤਾ ਜਾਂਦਾ ਬੀਬਾ ਜਿਹੋ ਜੇ ਸੂਟ, ਲਹਿੰਗੇ ਪਾਉਣੇ ਨੇ ਖਰੀਦ ਕੇ ਸਵਾ ਲੈ ਤੇ ਬਿੱਲ ਮਾਨੂੰ ਦੇ ਦੇਵੀਂ। ਜ਼ਮਾਨੇ ਨੇ ਤਰੱਕੀ ਬਹੁਤ ਕਰ ਲਈ, ਅਸੀਂ ਅਮੀਰ ਵੀ ਬਹੁਤ ਹੋ ਗਏ, ਵਿਆਹਾਂ ਦੇ ਖਰਚੇ, ਪ੍ਰੋਗਰਾਮ ਵਧਾ ਲਏ ਪਰ ਆਪਸੀ ਪਿਆਰ ਤੇ ਭਾਈਚਾਰਕ ਸਾਂਝਾਂ ਖ਼ਤਮ ਕਰ ਲਈਆਂ । ਨਵਾਂ ਜ਼ਮਾਨਾ ਨਵੀਆਂ ਗੱਲਾਂ ਭਾਈ ਤੁਰੋ ਨਵੇਂ ਜ਼ਮਾਨੇ ਦੇ ਨਾਲ਼ ਜ਼ਰੂਰ ਪਰ ਦਿਖਾਵੇ ਤੋਂ ਬਚੋ ਤੇ ਭਾਈਚਾਰਕ ਸਾਂਝਾਂ ਕਾਇਮ ਰੱਖੋ। 

ਕੋਠੀ ਝਾੜ 

ਕੋਠੀ ਝਾੜ ਦਾ ਇਹ ਮਤਲਬ ਨਹੀਂ ਕਿ ਕੋਠਾ ਝਾੜਨਾ, ਜਾਲੇ ਲਾਹੁਣਾ ਇਹ ਇਕ ਰਸਮ ਹੈ ਜੋ ਪੁੱਤ, ਧੀ ਦੇ ਵਿਆਹ ਤੋਂ ਬਾਅਦ ਧੀ, ਭੈਣ ਆਪਣੇ ਪੇਕੇ ਦੇ ਕੇ ਆਉਂਦੀ ਹੈ। ਬਹੁਤੇ ਕੋਠੀ ਝਾੜ ਦੀ ਪਰਿਭਾਸ਼ਾ ਲਿਖਦੇ ਹਨ: ‘ਵਿਆਂਦੜ ਦੀ ਮਾਂ ਵੱਲੋਂ ਪੇਕਿਆਂ ਨੂੰ ਬਚੀ-ਖੁਚੀ ਮਠਿਆਈ ਦੇ ਕੇ ਆਉਣ ਨੂੰ ਕੋਠੀ ਝਾੜ ਕਿਹਾ ਜਾਂਦਾ ਹੈ। ਭਲਾਂ ਸੋਚੋ ਅਗਲੀ ਦੀਆਂ ਭਰਜਾਈਆਂ ਬਚੀ, ਖੁਚੀ ਮਠਿਆਈ ਸਵੀਕਾਰ ਕਰ ਲੈਣਗੀਆਂ, ਕਦੇ ਵੀ ਨਹੀਂ ਮਿਹਣੇ ਨਾ ਦੇਣਗੀਆਂ ਕਿ ਆਹ ਸਾਡੇ ਲਈ ਕੀ ਲੈ ਕੇ ਆ ਗਈ ? ਸਹੀ ਮਾਅਨਿਆਂ ਵਿੱਚ ਕੋਠੀ-ਝਾੜ ਵਿੱਚ ਦੇਣੀ ਤਾਂ ਪੇਕੀਂ ਮਠਿਆਈ ਈ ਹੁੰਦੀ ਆ, ਵਿਆਂਦੜ ਦੀ ਮਾਂ ਨੇ, ਪਰ ਉਹਦਾ ਮਤਲਬ ਇਹ ਹੁੰਦਾ। ਵਿਆਂਦੜ ਦੇ ਨਾਨਕੇ ਨਾਨਕ ਛੱਕ ਲਾ ਕੇ ਗਏ ਹੁੰਦੇ ਨੇ, ਨਾਨਕ ਛੱਕ ‘ਤੇ ਖਰਚਾ ਸੁੱਖ ਨਾਲ ਵਾਹਵਾ ਹੋ ਜਾਂਦਾ। ਹੁਣ ਤਾਂ ਕੁਝ ਜਿਆਦਾ ਈ ਹੋ ਜਾਂਦਾ ਜੋ ਠੀਕ ਨਹੀਂ ਹੈ। ਪੇਕਿਆਂ ਤੋਂ ਉਹਨਾਂ ਦੀ ਹੈਸੀਅਤ ਮੁਤਾਬਕ ਹੀ ਮੰਗੋ।

ਵਿਆਹ ਤੋਂ ਮਗਰੋਂ ਸਾਰੇ ਰਿਸ਼ਤੇਦਾਰ ਵਿਦਾ ਹੋ ਜਾਂਦੇ ਨੇ। ਨਾਨਕਿਆਂ ਦਾ ਵਿਆਹ ਵਿੱਚ ਜਿਆਦਾ ਰੋਲ ਹੁੰਦਾ ਹੈ। ਪਹਿਲੇ ਸਮਿਆਂ ਵਿੱਚ ਮਾਪੇ ਆਪਣੀ ਧੀ ਨੂੰ ਆਖਦੇ ਸੀ ਕਿ ਵਿਆਹ ਤੋਂ ਬਾਅਦ ਆਪਣੇ ਘਰ ਵਾਲ਼ੇ ਨੂੰ ਨਾਲ ਲੈ ਕੇ ਪੇਕੇ ਇਕ ਰਾਤ ਕੱਟ ਜਾਵੀਂ ਤਾਂ ਜੋ ਸਾਡੇ ਸ਼ਰੀਕੇ ਵਾਲ਼ੇ ਸੋਚਣ ਕਿ ਤੁਸੀਂ ਸਾਡੇ ਨਾਨਕ ਛੱਕ ‘ਤੇ ਕੀਤੇ ਖਰਚੇ ਤੋਂ ਖੁਸ਼ ਓ। ਵਿਆਹ ਵਿੱਚ ਨਾਨਕਿਆਂ ਨਾਲ ਕੋਈ ਮਨ-ਮੁਟਾਵ ਨਹੀਂ ਹੋਇਆ। ਜਦੋਂ ਧੀ, ਭੈਣ ਆਪਣੇ ਘਰ ਵਾਲ਼ੇ ਨਾਲ ਆਪਣੇ ਧੀ, ਪੁੱਤ ਦਾ ਵਿਆਹ ਕਰਕੇ ਪੇਕੇ ਜਾਂਦੀ ਤਾਂ ਉਹ ਆਪਣੇ ਨਾਲ ਕੁਝ ਮਠਿਆਈ ਵੀ ਲੈ ਕੇ ਜਾਂਦੀ ਸੀ ਕਿਉਂਕਿ ਘਰ ਵਿੱਚ ਵਿਆਹ ਹੋ ਕੇ ਹਟਿਆ ਤੇ ਉਹ ਖ਼ਾਲੀ ਜਾਵੇ । ਇਸ ਮਠਿਆਈ ਨੂੰ ਕੋਠੀ ਝਾੜ ਕਿਹਾ ਜਾਂਦਾ ਹੈ । ਪੇਕੇ ਪਿੰਡ ਵਿੱਚ ਸ਼ਰੀਕੇ ਨੂੰ ਪਤਾ ਲੱਗ ਜਾਂਦਾ ਸੀ ਕਿ ਅੱਜ ਉਹਨਾਂ ਦੇ ਧੀ ਜਵਾਈ ਆਏ ਹੋਏ ਨੇ, ਕੋਠੀ ਝਾੜ ਲੈ ਕੇ ਆਏ ਹੋਣਗੇ। ਵਧੀਆ ਨਾਨਕ ਛੱਕ ਲਾਈ ਆ, ਵਿਆਹ ਸਫ਼ਲਤਾਪੂਰਵਕ੍ਰ ਸਿਰੇ ਚੜ੍ਹ ਗਿਆ। ਉਹ ਕੋਠੀ ਝਾੜ ਵਾਲ਼ੀ ਮਠਿਆਈ ਵੀ ਸ਼ਰੀਕੇ ਵਿੱਚ ਵੰਡੀ ਜਾਂਦੀ ਸੀ ਤਾਂ ਜੋ ਸ਼ਰੀਕੇ ਨੂੰ ਪਤਾ ਲੱਗ ਜਾਵੇ ਸਾਡੇ ਧੀ ਜਵਾਈ ਸਾਡੇ ਕੀਤੇ ਖਰਚੇ ਤੋਂ ਖ਼ੁਸ਼ ਹਨ ਤੇ ਵਿਆਹ ਵਿੱਚ ਨਾਨਕਿਆਂ ਨਾਲ ਕੋਈ ਲੜਾਈ, ਝਗੜਾ ਨਹੀਂ ਹੋਇਆ। ਧੀ, ਭੈਣ ਕੋਠੀ ਝਾੜ ਦੇ ਬਹਾਨੇ ਆਪਣੇ ਪੇਕਿਆਂ ਨੂੰ ਮਿਲ ਆਉਂਦੀ ਸੀ ਤੇ ਵੇਖ ਆਉਂਦੀ ਸੀ ਕਿ ਮੇਰੇ ਪੇਕੇ ਵਿਆਹ ਵਿੱਚ ਮੇਰੇ ਵੱਲੋਂ ਕੀਤੇ ਵਰਤਾਓ ਨਾਲ ਖ਼ੁਸ਼ ਹਨ ਕਿ ਨਹੀਂ, ਅਸਲ ਮਤਲਬ ਇਹ ਸੀ ਕੋਠੀ ਝਾੜ ਦਾ। =

ਪਿੰਡ ਵਿੱਚ ਭੇਲੀ, ਭਾਜੀ ਫੇਰਨਾ ਤੇ ਲੋਹੜੀ ਵੰਡਣਾ

ਜਦੋਂ ਪਿੰਡ ਵਿੱਚ ਕਿਸੇ ਘਰ ਨੂੰ ਨਾਨਕ ਛੱਕ, ਮਤਲਬ ਭਾਣਜੇ, ਭਾਣਜੀ ਜਾਂ ਦੋਹਤੇ, ਦੋਹਤੀ ਦਾ ਵਿਆਹ ਆ ਜਾਵੇ ਉਸ ਵਿਆਹ ਨੂੰ ਨਾਨਕ ਛੱਕ ਆਖਦੇ ਹਨ। ਪਿੰਡ ਦੀ ਜਿਸ ਧੀ, ਭੈਣ ਦੇ ਪੁੱਤ, ਧੀ ਦਾ ਵਿਆਹ ਹੋਣਾ ਹੋਵੇ ਉਹ ਆਪਣੇ ਪੇਕੇ ਪਿੰਡ ਆਪਣੇ ਭਾਈਆਂ, ਭਤੀਜਿਆਂ ਨੂੰ ਵਿਆਹ ਦੀ ਭੇਲੀ ਦੇ ਕੇ ਜਾਂਦੀ ਹੈ। ਭੇਲੀ ਦੇਣਾ ਹੁੰਦਾ ਤਾਂ ਵਿਆਹ ਦਾ ਸੁਨੇਹਾ ਈ ਆ ਪਰ ਨਾਨਕਿਆਂ ਨੂੰ ਵਿਆਹ ਦਾ ਇਹ ਖ਼ਾਸ ਸੁਨੇਹਾ, ਭੇਲੀ ਦੇ ਰੂਪ ਵਿੱਚ ਆਪ ਆ ਕੇ ਦਿੱਤਾ ਜਾਂਦਾ ਹੈ । ਨਾਨਕਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਤਕੜੇ ਹੋ ਜੋ ਨਾਨਕ ਛੱਕ ਆ ਗਈ। ਵਿਆਹ ਦੀ ਭੇਲੀ ਵਿੱਚ ਪਹਿਲਾਂ ਤਾਂ ਗੁੜ ਤੇ ਪਤਾਸੇ ਹੁੰਦੇ ਸੀ ਪਰ ਹੁਣ ਭਾਂਤ-ਸੁਭਾਂਤੀ ਮਠਿਆਈ ਹੁੰਦੀ ਹੈ। ਧੀ, ਭੈਣ ਆਪਣੇ ਪੇਕੇ ਘਰ ਸ਼ਗਨਾਂ ਨਾਲ਼ ਆਉਂਦੀ ਹੈ, ਪੇਕੇ ਘਰ ਵੱਲੋਂ ਤੇਲ ਚੋਅ ਕੇ ਅੰਦਰ ਲੰਘਾਇਆ ਜਾਂਦਾ ਜੋ ਸੁਗਾਤ ਧੀ, ਭੈਣ ਭੇਲੀ ਦੇ ਰੂਪ ਵਿੱਚ ਲੈ ਕੇ ਆਉਂਦੀ ਹੈ, ਉਸ ਨੂੰ ਭਰਜਾਈਆਂ ਮੱਥੇ ਨਾਲ ਲਾ ਕੇ ਫੜ੍ਹਦੀਆਂ ਹਨ, ਇਕ ਦੂਜੇ ਨੂੰ ਵਧਾਈਆਂ ਦਿੰਦੇ ਹਨ। ਧੀ, ਭੈਣ ਦੀ ਚੰਗੀ ਖਾਤਰਦਾਰੀ ਕੀਤੀ ਜਾਂਦੀ ਹੈ, ਸ਼ਗਨ ਵਿੱਚ ਸੂਟ ਪੈਸੇ ਆਦਿ ਦਿੱਤੇ ਜਾਂਦੇ ਹਨ ਜੇ ਨਾਲ ਕੋਈ ਲਾਗੀ ਜਾਂ ਲਾਗਣ ਹੋਵੇ ਉਸ ਦਾ ਬਣਦਾ ਸਤਿਕਾਰ ਕੀਤਾ ਜਾਂਦਾ ਹੈ । ਜੋ ਭੇਲੀ, ਧੀ ਭੈਣ ਪੇਕੇ ਦੇ ਕੇ ਜਾਂਦੀ ਹੈ ਉਸ ਨੂੰ ਸ਼ਰੀਕੇ ਦੀਆਂ ਬਹੂਆਂ, ਧੀਆਂ ਨਾਲ਼ ਲਾਗਣ ਨੂੰ ਲੈ ਕੇ ਪਿੰਡ ਵਿੱਚ ਭੇਲੀ ਫੇਰਦੀਆਂ ਹਨ। ਬਹੂਆਂ, ਧੀਆਂ ਐਨ ਤਿਆਰ ਹੋ ਕੇ ਪਰਾਤਾਂ ਸਿਰ ‘ਤੇ ਰੱਖ ਕੇ ਘਰਾਂ ਵਿੱਚ ਵੰਡਣ ਜਾਂਦੀਆਂ ਹਨ। ਜਿਸ ਘਰ ਜਾਂਦੀਆਂ ਹਨ ਉੱਥੇ ਦੱਸਦੀਆਂ ਹਨ ਕਿ ਸਾਡੀ ਫਲਾਣੀ ਬੀਬੀ, ਦੇ ਪੁੱਤ ਧੀ ਦਾ ਵਿਆਹ ਆ, ਇਹ ਉਹਦੀ ਭੇਲੀ ਹੈ। ਜਿਸ ਘਰ ਜਾਂਦੀਆਂ ਹਨ ਉਹ ਪਤਾਸੇ, ਗੁੜ ਫੜ੍ਹ ਕੇ, ਦਾਣੇ ਪਾਉਂਦੀਆਂ ਹਨ, ਕਈ ਲਾਗਣ ਨੂੰ ਪੈਸੇ ਵੀ ਦੇ ਦਿੰਦੇ ਹਨ। ਕਈ ਨੇੜੇ ਦੇ ਰਿਸ਼ਤੇ ਵਾਲ਼ੇ ਚਾਹ ਪਾਣੀ ਵੀ ਪਿਲਾਉਂਦੇ ਹਨ । ਜੋ ਵੀ ਦਾਣੇ ਪਿੰਡ ‘ਚੋਂ ਇਕੱਠੇ ਹੁੰਦੇ ਹਨ ਉਹ ਸਾਰੇ ਲਾਗਣ ਨੂੰ ਦਿੱਤੇ ਜਾਂਦੇ ਹਨ । ਜਦੋਂ ਉਹ ਪਰਿਵਾਰ ਨਾਨਕ ਛੱਕ ਲਾ ਕੇ ਆਉਂਦਾ ਹੈ ਤਾਂ ਵਿਆਹ ਤੋਂ ਮਿਲੀ ਭਾਜੀ (ਲੱਡੂ, ਪਕੌੜੀਆਂ, ਖੁਰਮੇ) ਨੂੰ ਫੇਰ ਘਰਾਂ ਵਿੱਚ ਵੰਡਿਆ ਜਾਂਦਾ।

ਇਸੇ ਤਰ੍ਹਾਂ ਹੀ ਮੁੰਡਾ ਜੰਮੇ ਤੋਂ ਭੇਲੀ ਫੇਰੀ ਜਾਂਦੀ ਹੈ ਜੇ ਮੁੰਡਾ ਦਾਦਕੇ ਹੋਇਆ ਹੋਵੇ ਤਾਂ ਦਾਦਿਕਆਂ ਵੱਲੋਂ ਨਾਨਕੇ ਭੇਲੀ ਭੇਜੀ ਜਾਂਦੀ ਹੈ। ਜੇ ਨਾਨਕੇ ਘਰ ਜੰਮਿਆ ਹੋਵੇ ਤਾਂ ਨਾਨਕਿਆਂ ਵੱਲੋਂ ਦਾਦਕੇ ਘਰ ਭੇਲੀ ਭੇਜੀ ਜਾਂਦੀ ਹੈ, ਜਿਸ ਨੂੰ ਨੂੰਹਾਂ, ਧੀਆਂ ਨਾਲ ਲਾਗਣ ਲੈ ਕੇ ਸਜ ਸੰਵਰ ਕੇ ਪਿੰਡ ਵਿੱਚ ਫੇਰਦੀਆਂ ਹਨ।

ਜਦੋਂ ਲੋਹੜੀ ਦਾ ਤਿਉਹਾਰ ਆਉਂਦਾ ਹੈ ਫੇਰ ਜਿਸ ਘਰ ਮੁੰਡਾ ਜੰਮਿਆ ਹੋਵੇ ਉਹ ਸਾਰੇ ਪਿੰਡ ਵਿੱਚ ਲੋਹੜੀ ਫੇਰਦੇ ਹਨ ਜਿਸ ਵਿੱਚ ਭੁੱਜੀ ਮੂੰਗਫ਼ਲੀ ਤੇ ਰਿਉੜੀਆਂ ਹੁੰਦੀਆਂ ਹਨ। ਸਾਰੇ ਘਰਾਂ ਵਿੱਚ ਲੋਹੜੀ ਵੰਡੀ ਜਾਂਦੀ ਹੈ, ਇਸ ਤਰਾਂ ਚੀਜ਼ ਵੰਡਣਾ ਵੀ ਇਕ ਭਾਈਚਾਰਕ ਸਾਂਝ ਸੀ ਜੋ ਹੁਣ ਬਹੁਤ ਪਿੱਛੇ ਪੈਂਦੀ ਜਾ ਰਹੀ ਹੈ ਕਿਉਂਕ ਲੋਕਾਂ ਦਾ ਇਕ ਦੂਜੇ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ। ਪਹਿਲੇ ਸਮਿਆਂ ਵਿੱਚ ਤਾਂ ਨੂੰਹ ਦਾ ਸੰਧਾਰਾ ਵੀ ਆਂਢ-ਗੁਆਂਢ ਵਿੱਚ ਵੰਡਿਆ ਜਾਂਦਾ ਸੀ ਪਰ ਹੁਣ ਇਹ ਰਿਵਾਜ਼ ਬਹੁਤ ਘੱਟ ਗਿਆ ਹੈ।

ਪਹਿਲੀਆਂ ਭਾਈਚਾਰਕ ਸਾਂਝਾ ਖ਼ਤਮ ਹੋ ਰਹੀਆਂ ਹਨ।

ਮੇਰਾ ਵੀਰ ਸੰਧਾਰਾ ਲਿਆਇਆ

ਸੰਧਾਰਾ ਵੀ ਸਾਡੇ ਪੰਜਾਬੀ ਸੱਭਿਆਚਾਰ ਦਾ ਹਿੱਸਾ। ਵਿਆਹੀ ਵਰ੍ਹੀ ਧੀ ਨੂੰ ਸੰਧਾਰਾ ਦਿੱਤਾ ਜਾਂਦਾ। ਸੰਧਾਰੇ ਦੋ ਹੁੰਦੇ ਨੇ-ਇਕ ਤੀਆਂ ਦਾ ਜੋ ਸਾਉਣ ਵੇਲ਼ੇ ਤੈ ਦੂਜਾ ਲੋਹੜੀ ਦਾ ਦਿੱਤਾ ਜਾਂਦਾ।

ਪਹਿਲੇ ਸਮਿਆਂ ਵਿੱਚ ਵਿਆਹੀ ਦੀ ਧੀ ਦੇ ਘਰ ਬਹੁਤਾ ਆਉਣ ਜਾਣ ਦਾ ਰਿਵਾਜ ਨਹੀਂ ਸੀ। ਮਾਂ ਪਿਉ ਤਾਂ ਜਾਂਦੇ ਈ ਬਹੁਤ ਘੱਟ ਸੀ । ਇਹ ਸੰਧਾਰਾ ਸੀ ਕਿ ਨਾਲ਼ੇ ਧੀ ਨੂੰ ਦੋ ਸੇਰ ਚੀਜ਼ ਦੇ ਆਓ, ਨਾਲ਼ੇ ਮਿਲ ਕੇ ਉਹਦੀ ਸੁੱਖ-ਸਾਂਦ ਦਾ ਪਤਾ ਲੈ ਆਓ। ਸੰਧਾਰਾ ਜ਼ਿਆਦਾ ਬੀਬੀਆਂ ਵੀਰ ਦੇ ਹੱਥ ਈ ਘੱਲਦੀਆਂ ਸੀ । ਤੀਆਂ ਦੇ ਸੰਧਾਰੇ ਲਈ ਆਟੇ ਦੇ ਬਿਸਕੁਟ ਬਣਾਏ ਜਾਂਦੇ, ਪਹਿਲਾਂ ਹੱਥੀਂ ਬਣਾਏ ਜਾਂਦੇ ਸੀ ਹੁਣ ਤਾਂ ਮਸ਼ੀਨਾਂ ‘ਤੇ ਬਣਦੇ ਹਨ। ਬਿਸਕੁਟਾਂ ਦੇ ਨਾਲ ਸੂਟ, ਚੂੜੀਆਂ ਆਦਿ ਭੇਜੀਆਂ ਜਾਂਦੀਆਂ ਸੀ । ਟੀਨ ਦੇ ਪੀਪੇ ਵਿੱਚ ਬਿਸਕੁਟ ਪਾ ਦਿੱਤੇ ਜਾਂਦੇ ਤੇ ਫੁੱਲਾਂ ਵਾਲ਼ੇ ਝੋਲੇ ਵਿੱਚ ਧੀ, ਜਵਾਈ ਦਾ ਤਿਉਰ ਤੇ ਹੋਰ ਨਿੱਕ ਸੁੱਕ ਆਦਿ।

ਲੋਹੜੀ ਦੇ ਸੰਧਾਰੇ ਵੇਲ਼ੇ ਜ਼ਿਆਦਾਤਰ ਚੌਲਾਂ ਦੀਆਂ ਪਿੰਨੀਆਂ, ਖੋਏ ਦੀਆਂ ਪਿੰਨੀਆਂ ਜਾਂ ਫੇਰ ਬਿਸਕੁਟ, ਮੂੰਗਫ਼ਲੀ ਆਦਿ ਭੇਜੀ ਜਾਂਦੀ ਸੀ । ਧੀ, ਭੈਣ ਨੂੰ ਬੜਾ ਚਾਅ ਹੁੰਦਾ ਕਿ ਮੇਰਾ ਵੀਰ ਸੰਧਾਰਾ ਲੈ ਕੇ ਆਉਣ ਵਾਲਾ ਹੈ ।

ਉਹ ਚਾਅ ‘ਚ ਮਨੋ ਮਨੀ ਗਾਉਂਦੀ:

“ਹੱਥ ਛੱਤਰੀ, ਨਹਿਰ ਦੀ ਪੱਟੜੀ, ਉਹ ਵੀਰ ਮੇਰਾ ਕੁੜੀਓ।

ਹੱਥ ਛੱਤਰੀ ਰੁਮਾਲ ਪੱਲੇ ਸੇਵੀਆਂ ਉਹ ਵੀਰ ਮੇਰਾ ਕੁੜੀਓ।

ਤੈਨੂੰ ਵੀਰਾ ਦੁੱਧ ਦਾ ਛੰਨਾਂ, ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲ਼ੀਆਂ।”

ਜਦੋਂ ਵੀਰ ਸੰਧਾਰਾ ਲੈ ਕੇ ਆਪਣੀ ਮਾਂ ਜਾਈ ਭੈਣ ਦੇ ਪਿੰਡ ਪਹੁੰਚਦਾ ਤਾਂ ਭੈਣ ਦਾ ਚਾਅ ਨਾ ਚੁੱਕਿਆ ਜਾਂਦਾ, ਉਹ ਭੱਜੀ ਫਿਰਦੀ ਬਈ ਵੀਰ ਨੂੰ ਕਿੱਥੇ ਬਿਠਾਵਾਂ ਸੱਸ ‘ਤੇ ਵੀ ਗਿਲਾ ਕਰਦੀ:

“ਮੇਰੇ ਵੀਰ ਨੂੰ ਸੁੱਕੀ ਖੰਡ ਪਾਈ, ਸੱਸੇ ਤੇਰੀ ਮਹਿੰ ਮਰ ਜੇ।”

ਉਹ ਸੰਧਾਰੇ ਦੇ ਬਿਸਕੁਟ ਗਲੀ-ਗੁਆਂਢ ਸ਼ਰੀਕੇ ਭਾਈਚਾਰੇ ਵਿੱਚ ਫੇਰੇ

(ਵੰਡੇ) ਜਾਂਦੇ ਸੀ ਤੇ ਭੈਣ ਚਾਅ ਵਿੱਚ ਆਖਦੀ ਆ:

“ਮੇਰਾ ਵੀਰ ਸੰਧਾਰਾ ਲਿਆਇਆ, ਨੀ ਲੰਮੇ ਚੀਰ ਕੇ ਪੈਂਡੇ ਆਇਆ। 

ਮੈਥੋਂ ਖ਼ੁਸ਼ੀ ਨਾ ਸਾਂਭੀ ਜਾਂਦੀ, ਅੱਜ ਘਰ ਆਇਆ ਅੰਮੜੀ ਜਾਇਆ। 

ਅੰਮੜੀ ਦਿਆ ਜਾਇਆ ਵੇ, ਗਲ ਲਗ ਮਿਲੀਏ, ਆ ਦੋਵੇਂ ਭੈਣ ਭਰਾ। 

ਵੱਸਦਾ ਰਹੇ ਮੇਰੇ ਬਾਬਲ ਦਾ ਵਿਹੜਾ ਧੀਆਂ ਦੀ ਏਹੋ ਦਆ।”

ਇਹ ਗੀਤ ਵੀਰ ਹਰਭਜਨ ਮਾਨ ਦਾ ਗਾਇਆ ਹੋਇਆ ਹੈ । ਧੀਆਂ ਹਮੇਸ਼ਾਂ ਆਪਣੇ ਵੀਰ ਦੀ ਆਪਣੇ ਬਾਬਲ ਦੇ ਵਿਹੜੇ ਦੀ ਸੁੱਖ ਮੰਗਦੀਆਂ ਨੇ ਪਰ ਹੁਣ ਬਹੁਤ ਬਦਲਾਅ ਆ ਗਿਆ, ਸੰਧਾਰੇ ਮਹਿੰਗੇ ਹੋ ਗਏ, ਸੰਧਾਰਿਆਂ ਦੀ ਥਾਂ ਮਹਿੰਗੇ ਤੋਹਫਿਆਂ ਨੇ ਲੈ ਲਈ ਤੇ ਬਿਸਕੁਟਾਂ, ਪਿੰਨੀਆਂ ਦੀ ਥਾਂ ਮਹਿੰਗੀ ਮਠਿਆਈ ਨੇ, ਪਰ ਉਹ ਚਾਅ ਨਹੀਂ ਰਿਹਾ। ਅਸੀਂ ਵੀ ਸਵਾਰਥੀ ਹੁੰਦੇ ਜਾ ਰਹੇ ਹਾਂ, ਇਹ ਸਾਡੀ ਤ੍ਰਾਸਦੀ ਆ। ਐਦਾਂ ਨਹੀਂ ਹੋਣਾ ਚਾਹੀਦਾ ਸੋ ਆਓ ਸੰਧਾਰਿਆਂ ਨੂੰ ਮਹਿੰਗੇ ਨਾ ਬਣਾਈਏ ਤਾਂ ਕਿ ਹਰੇਕ ਭਰਾ ਆਪਣੀ ਭੈਣ ਦਾ ਚਾਅ ਪੂਰਾ ਕਰ ਸਕੇ । ਭੈਣਾਂ ਨੂੰ ਵੀ ਸਵਾਰਥੀ ਨਹੀਂ ਹੋਣਾ ਚਾਹੀਦਾ।

ਭਾਗ ਤੀਜਾ

ਪੰਜਾਬੀ ਲੋਕ ਵਿਰਸੇ ਦਾ ਵਰਤੋਂ ਵਿੱਚ ਆਉਣ ਵਾਲ਼ਾ ਅਹਿਮ-ਸਮਾਨ

ਸੰਦੂਕ 

ਸੰਦੂਕ ਦੀ ਥਾਂ ਪਹਿਲਾਂ ਲੱਕੜ ਦੀਆਂ ਪੇਟੀਆਂ ਨੇ ਲੈ ਲਈ ਸੀ ਤੇ ਹੁਣ ਲੋਹੇ। ਦੀਆਂ ਪੇਟੀਆਂ ਨੇ ਸੰਦੂਕ, ਪਿੱਛੇ ਕਰ ਦਿੱਤਾ। ਸੰਦੂਕ ਧੀ ਦੇ ਵਿਆਹ ਵੇਲੇ ਦਾਜ ਵਿੱਚ ਦਿੱਤਾ ਜਾਂਦਾ ਸੀ। ਧੀ ਦੇ ਦਾਜ ਦੇ ਕੱਪੜੇ ਬਿਸਤਰੇ ਤੇ ਭਾਂਡੇ ਸਭ ਸੰਦੂਕ ਵਿੱਚ ਪਾ ਕੇ ਦਿੱਤੇ ਜਾਂਦੇ ਸਨ। ਬਹੁਤ ਸਮਾਨ ਸਾਂਭਦਾ ਸੀ ਸੰਦੂਕ। ਅਫਸੋਸ ਆ ਕਿ ਹੁਣ ਸਾਡੇ ਮਾਡਰਨ ਪੁਣੇ ਨੇ ਇਹਨੂੰ ਵੀ ਪਿੱਛੇ ਧੱਕ ਦਿੱਤਾ।

ਸੰਦੂਕ ਲੱਕੜੀ ਦਾ ਵਰਗਾ-ਆਕਾਰ ਇਕ ਬਕਸਾ ਦੀ ਹੁੰਦਾ ਜਿਸ ਨੂੰ ਥੱਲੇ ਪਾਵੇ ਲੱਗੇ ਹੁੰਦੇ ਨੇ । ਸੰਦੂਕ ਮਜ਼ਬੂਤ ਲੱਕੜੀ, ਕਾਲੀ ਟਾਹਲੀ, ਨਿੰਮ ਜਾਂ ਫੇਰ ਕਿੱਕਰ ਦੀ ਲੱਕੜੀ ਦੇ ਕਿਸੇ ਮਾਹਿਰ ਕਾਰੀਗਰ ਕੋਲੋਂ ਬਣਵਾਇਆ ਜਾਂਦਾ ਸੀ। ਸੰਦੂਕ ਦੀ ਪਾਵਿਆਂ ਸਮੇਤ ਉਚਾਈ ਤਕਰੀਬਨ 6 ਕੁ ਫੁੱਟ ਹੁੰਦੀ ਹੈ ਤੇ ਲੰਬਾਈ, ਚੌੜਾਈ ਕ੍ਰਮਵਾਰ 5/6, 3/4 ਫੁੱਟ ਹੁੰਦੀ ਸੀ। ਸੰਦੂਕ ਦੇ ਸਾਹਮਣੇ ਵਾਲੇ ਹਿੱਸੇ ਵਿੱਚ ਰਖਨੇ ਬਣੇ ਹੁੰਦੇ ਸੀ ਜਿਸ ਵਿੱਚ ਨਿੱਕੜ, ਸੁਕੜ ਰੱਖਿਆ ਜਾਂਦਾ। ਸੰਦੂਕ ਦੇ ਵਿਚਕਾਰ ਇਕ ਫੱਟਾ ਲਗਾ ਕੇ ਇਸ ਨੂੰ ਦੋ ਛੱਤਾ ਬਣਾ ਦਿੱਤਾ ਜਾਂਦਾ ਸੀ ਇਕ ਪਾਸੇ ਦਰੀਆਂ ਗਦੈਲੇ ਤੇ ਦੂਜੇ ਹਿੱਸੇ ਵਿੱਚ ਹੋਰ ਵਰਤੋਂ ਵਾਲਾ ਸਮਾਨ ਭਾਂਡੇ ਵਗੈਰਾ ਰੱਖ ਦਿੱਤੇ ਜਾਂਦੇ ਸੀ।

ਸੰਦੂਕ ਦੇ ਵਿਚਕਾਰ ਇਕ ਟਾਕੀ ਲਾਈ ਜਾਂਦੀ, ਜਿੱਥੋਂ ਸੰਦੂਕ ਨੂੰ ਖੋਲ੍ਹਿਆ ਤੇ ਬੰਦ ਕੀਤਾ ਜਾਂਦਾ ਸੀ । ਸੰਦੂਕ ਵਿੱਚ ਇਕ ਸੁਹਾਗ ਪਟਾਰੀ ਵੀ ਬਣਾਈ ਜਾਂਦੀ ਸੀ ਜਿੱਥੇ ਵਿਆਂਦੜ ਆਪਣੇ ਹਾਰ-ਸ਼ਿੰਗਾਰ ਦਾ ਸਮਾਨ ਰੱਖ ਲੈਂਦੀ ਸੀ। ਸੰਦੂਕ ਨੂੰ ਬਾਹਰੋਂ ਵੀ ਬਹੁਤ ਸਜਾਇਆ ਜਾਂਦਾ ਸੀ, ਸੰਦੂਕ ਦੇ ਮੂਹਰਲੇ ਪਾਸੇ ਇਕ ਸ਼ੀਸ਼ਾ ਵੀ ਲੱਗਿਆ ਹੁੰਦਾ। ਸੀ, ਜੋ ਪੁਰਾਣੇ ਸਮੇਂ ਵਿੱਚ ਡੈਸਿੰਗ ਟੇਬਲ ਦਾ ਕੰਮ ਦਿੰਦਾ ਸੀ। ਗੁਰੂਆਂ ਦੀਆਂ ਫੋਟੋਆਂ ਵੀ ਲਗਾ ਦਿੱਤੀਆਂ ਜਾਂਦੀਆ ਸਨ ਤੇ ਬਾਹਰਲੇ ਪਾਸੇ ਸੋਹਣੇ ਫੁੱਲ ਬੂਟਿਆਂ ਨਾਲ ਸ਼ਿੰਗਾਰ ਦਿੱਤਾ ਜਾਂਦਾ ਸੀ । ਸੰਦੂਕ ਦੇ ਤਿੰਨ ਪਾਸੇ ਪਿੱਤਲ ਦੇ ਕੁੰਡੇ ਵੀ ਲਗਾ ਦਿੱਤੇ ਜਾਂਦੇ ਸਨ ਜੋ ਸੰਦੂਕ ਦੀ ਸੁੰਦਰਤਾ ਦੀ ਸ਼ਾਨ ਵਧਾਉਂਦੇ ਸਨ। ਧੀ ਦੇ ਵਿਆਹ ‘ਚ ਮਾਪਿਆਂ ਵੱਲੋਂ ਬਹੁਤ ਹੀ ਰੀਝ ਨਾਲ ਘਰ ਕਾਰੀਗਰ ਬੁਲਾ ਕੇ ਸੰਦੂਕ ਬਣਵਾਇਆ ਜਾਂਦਾ ਸੀ । ਸੰਦੂਕ ਬੋਲੀਆਂ ਵਿੱਚ ਵੀ ਕਾਫ਼ੀ ਮਸ਼ਹੂਰ ਹੈ ਬੀਬੀਆਂ ਸੱਸ ‘ਤੇ ਤਵਾ ਲਾ ਕੇ ਆਖਦੀਆਂ ਹਨ:

“ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਹਲੇ।”

ਕਈ ਵਾਰ ਪਤਨੀ ਪਤੀ ਨੂੰ ਆਖਦੀ, ਹੁਣ ਲੜਦਾਂ ਮੇਰੇ ਨਾਲ ਫੇਰ ਜਦੋਂ ਮੈਂ ਮਰ ਗਈ ਤਾਂ:

“ਕਾਲਾ ਘੱਗਰਾ ਸੰਦੂਕ ਵਿੱਚ ਮੇਰਾ, ਵੇਖ ਵੇਖ ਰੋਏਂਗਾ ਜੱਟਾ।”

ਤੇ ਭੈਣ ਭਰਾ ਨੂੰ ਨਿਹੋਰਾ ਜਿਹਾ ਮਾਰਦੀ ਆਖਦੀ:-

“ਵੀਰਾ ਵੇ ਮੁਰੱਬੇ ਵਾਲਿਆਂ, ਭੈਣ ਤੁਰਗੀ ਸੰਦੂਕੋਂ ਸੱਖਣੀ।”

ਸਹੁਰੇ ਆਈ ਭਾਬੀ ਨੂੰ ਨਣਦਾਂ ਬੋਲੀ ਰਾਹੀਂ ਤਾਅਨਾ ਮਾਰ ਦਿੰਦੀਆਂ ਸਨ:

“ਬਹੁਤਿਆਂ ਭਰਾਵਾਂ ਵਾਲੀਏ, 

ਗੱਡਾ ਆਇਆ ਨੀ ਸੰਦੂਕੋਂ ਖ਼ਾਲੀ।”

ਬੜੇ ਈ ਅਫ਼ਸੋਸ ਨਾਲ ਕਹਿਣਾ ਪੈਂਦਾ ਕਿ ਸੰਦੂਕ ਵੀ ਵਿਸਰ ਗਿਆ, ਹੁਣ ਸੰਦੂਕ ਦੀ ਪਹਿਲਾਂ ਵਾਲ਼ੀ ਸਰਦਾਰੀ ਨਹੀਂ ਰਹੀ। ਅਲਮਾਰੀਆਂ ਤੇ ਪੇਟੀਆਂ ਨੇ ਸੰਦੂਕ ਦੀ ਕਦਰ ਘਟਾ ਦਿੱਤੀ ਹੈ ਬਹੁਤ ਹੀ ਵਿਰਲੇ ਘਰ ਨੇ ਜਿੱਥੇ ਬਜੁਰਗਾਂ ਦੀ ਇਸ ਕੀਮਤੀ ਨਿਸ਼ਾਨੀ ਨੂੰ ਸਾਂਭਿਆ ਹੋਇਆ ਹੈ ਨਹੀਂ ਤਾਂ ਬਹੁਤੇ ਘਰਾਂ ‘ਚ ਵੇਖੀਦਾ ਜਿੱਥੇ ਕਿਤੇ ਖੇਤੀ ਦਾ ਸੰਦ-ਸੰਦੇੜਾ ਪਿਆ ਉੱਥੇ ਇਕ ਪਾਸੇ ਸੰਦੂਕ ਪਿਆ ਤੇ ਸੰਦੂਕ ਵਿੱਚ ਅੱਲਮ- ਗੱਲਮ, ਪੱਲੀਆਂ ਤੇ ਵਾਧੂ ਸਮਾਨ ਰੱਖਿਆ ਪਿਆ ਹੈ। ਜਿਨ੍ਹਾਂ ਘਰਾਂ ਵਿੱਚ ਸੰਦੂਕ ਹੈਗੇ ਉਹ ਝਾੜ ਪੂੰਝ ਕੇ ਸ਼ਿੰਗਾਰ, ਸਜਾ ਕੇ ਰੱਖੋ ਤੇ ਨਵੀਂ ਪੀੜ੍ਹੀ ਨੂੰ ਇਸ ਦੀ ਮਹੱਤਤਾ ਤੋਂ ਜਾਣੂੰ ਕਰਵਾਓ, ਕਿਉਂਕਿ ਕਿਸੇ ਸਮੇਂ ਇਹ ਸੰਦੂਕ ਸਾਡੇ ਸੱਭਿਆਚਾਰ ਦੀ ਜਿੰਦ ਜਾਨ ਰਹੇ ਹਨ। ਵੀਰ ਹਰਭਜਨ ਮਾਨ ਦੀ ਚਿਰਾਂ ਤੋਂ ਸਾਂਭੀ ਸੰਦੂਕ ਵਾਲ਼ੀ ਫੋਟੋ ਨੇ ਸੰਦੂਕ ਬਾਰੇ ਲਿਖਣ ਲਈ ਮੈਨੂੰ ਮਜ਼ਬੂਰ ਕਰ ਦਿੱਤਾ।

ਚਰਖਾ

ਪਹਿਲੇ ਸਮਿਆਂ ਵਿੱਚ ਚਰਖਾ ਤ੍ਰਿੰਝਣਾਂ ਦੀ ਸ਼ਾਨ ਰਿਹਾ ਪਰ ਹੁਣ ਇਹ ਸੱਭਿਆਚਾਰਕ ਮੇਲਿਆਂ, ਜਾਗੋਆਂ ਜਾਂ ਕਿਤੇ ਜਦੋਂ ਪੁਰਾਣੀਆਂ ਵਸਤੂਆਂ ਦੀ ਨੁਮਾਇਸ਼ ਲਾਈ ਜਾਂਦੀ ਹੈ ਉਦੋਂ ਵੇਖਣ ਨੂੰ ਮਿਲਦਾ। ਸਾਡੀਆਂ ਬੀਬੀਆਂ ਜਦੋਂ ਘਰ ਦੇ ਕੰਮਕਾਜ ਨਿਪਟਾ ਲੈਂਦੀਆਂ ਤਾਂ ਚਰਖਾ ਡਾਹ ਲੈਂਦੀਆਂ । ਚਰਖੇ ‘ਤੇ ਈ ਉਹ ਮੰਜੇ, ਦਰੀਆਂ, ਦੋਲਿਆਂ ਤੇ ਖੇਸਾਂ, ਖੇਸੀਆਂ ਦਾ ਸੂਤ ਕੱਤਦੀਆਂ ਸਨ। ਉਹ ਸਿਆਲ ਦੀਆਂ ਰਾਤਾਂ ਨੂੰ ਇਕ ਘਰ ਇਕੱਠੀਆਂ ਹੋ ਕੇ ਚਰਖਾ ਕੱਤਦੀਆਂ। ਉਹ ਤ੍ਰਿੰਝਣਾਂ ਵਿੱਚ ਵੀ ਚਰਖਾ ਕੱਤਦੀਆਂ ਅਤੇ ਉਹ ਜਿਦ ਜਿਦ ਕੇ ਕੱਤਦੀਆਂ ਸਨ। ਆਪਸ ਵਿੱਚ ਸਲਾਹ ਕਰਨੀ ਕਿ ਅੱਜ ਪੂਣੀਆਂ ਦੀਆਂ ਕਿੰਨੀਆਂ ਗੇਬੀਆਂ ਕੱਤਣੀਆਂ ਹਨ ਜੇ ਕੋਈ ਪਿੱਛੇ ਰਹਿ ਜਾਂਦੀ ਉਹਨੂੰ ਟਿੱਚਰਾਂ ਵੀ ਕਰਦੀਆਂ, “ਛੱਡ ਪਰੇ ਤੂੰ ਤਾਂ ਜਿੱਲ੍ਹੀ ਏਂ ।” ਪਰ ਹੁਣ ਚਰਖਾ ਕੱਤਣਾ ਬਹੁਤ ਪਿੱਛੇ ਰਹਿ ਗਿਆ, ਵਿਸਰ ਗਿਆ। ਅੱਜ ਕੱਲ੍ਹ ਚਰਖਾ ਬਹੁਤੇ ਘਰਾਂ ‘ਚੋਂ ਤਾਂ ਗਾਇਬ ਈ ਹੋ ਗਿਆ ਪਰ ਜੋ ਸੱਭਿਆਚਾਰ ਨੂੰ ਪਿਆਰ ਕਰਦੇ ਹਨ ਉਹਨਾਂ ਨੇ ਚਰਖਾ ਘਰ ਦਾ ਸ਼ਿੰਗਾਰ ਵੀ ਬਣਾਇਆ ਹੋਇਆ ਹੈ।

ਪਹਿਲਾਂ ਚਰਖਾ ਕੁੜੀਆਂ ਨੂੰ ਦਾਜ ਵਿੱਚ ਵੀ ਦਿੱਤਾ ਜਾਂਦੀ ਸੀ। ਸਹੁਰੇ ਘਰ ਜਦੋਂ ਪੇਕਿਆਂ ਦੀ

ਯਾਦ ਆਉਂਦੀ ਤਾਂ ਉਹ ਆਖਦੀ:

“ਚਰਖਾ ਮੇਰਾ ਰੰਗਲਾ, ਵਿੱਚ ਸੋਨੇ ਦੀਆਂ ਮੇਖਾਂ, 

ਮਾਏ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ।” 

ਲੋਕ ਗੀਤਾਂ ਵਿੱਚ ਵੀ ਚਰਖੇ ਦਾ ਬਹੁਤ ਜ਼ਿਕਰ ਹੋਇਆ:

ਜੋਗੀ ਉਤਰ ਪਹਾੜੋਂ ਆਏ ਚਰਖੇ ਦੀ ਘੂਕ ਸੁਣ ਕੇ।”

“ਵੀਰ ਮੇਰੇ ਨੇ ਚਰਖਾ ਦਿੱਤਾ, ਭਾਬੋ ਨੇ ਫੁਲਕਾਰੀ, 

ਜੁੱਗ ਜੁੱਗ ਜੀਅ ਭਾਬੋ, ਲੱਗੇ ਜਾਨ ਤੋਂ ਪਿਆਰੀ।”

“ਕੱਤਣੀ ਕਬਿੱਤ ਬੋਲਦੀ ਤੇਰਾ ਚਰਖਾ ਬੋਲੀਆਂ ਪਾਵੇ ।”

“ਨੀ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ।”

“ਚਰਖੇ ਦੇ ਹਰ ਹਰ ਗੇੜੇ, ਮਾਹੀ ਮੈਂ ਤੈਨੂੰ ਯਾਦ ਕਰਾਂ।”

“ਸੁਣ ਚਰਖੇ ਦੀ ਮਿੱਠੀ ਮਿੱਠੀ ਘੁਕ, 

ਮਾਹੀਆਂ ਮੈਨੂੰ ਯਾਦ ਆਮਦਾ ।”

“ਇਕ ਚਰਖਾ ਗਲੀ ਦੇ ਵਿੱਚ ਡਾਹ ਲਿਆ।”

“ਤੇਰੇ ਮਹਿਲਾਂ ਵਿੱਚ ਵੇ ਬਾਬਲ ਚਰਖਾ ਕੌਣ ਕੱਤੂ।”

ਬੁੱਲੇ ਸ਼ਾਹ ਲਿਖਦੇ ਹਨ:

“ਕਰ ਕੱਤਣ ਵੱਲ ਧਿਆਨ ਕੁੜੇ।”

ਬਾਬਲ ਆਖਦਾ:

“ਮੇਰੀਆਂ ਕੱਤਣ ਪੋਤਰੀਆਂ, ਧੀਏ ਘਰ ਜਾ ਆਪਣੇ।”

ਚਰਖਾ ਕਾਰੀਗਰ ਦੀ ਕਲਾ ਦਾ ਇਕ ਬਿਹਤਰੀਨ ਨਮੂਨਾ ਹੈ। ਚਰਖਾ ਆਮ ਕਰਕੇ ਟਾਹਲੀ ਦੀ ਕਾਲ਼ੀ ਲੱਕੜ ਨੂੰ ਤਰਾਸ਼ ਕੇ ਬਣਾਇਆ ਜਾਂਦਾ ਸੀ ਇਹਦਾ ਹੇਠਲਾ ਹਿੱਸਾ ਕਾਫ਼ੀ ਭਾਰਾ ਬਣਾਇਆ ਜਾਂਦਾ ਸੀ ਜੀਹਦੇ ‘ਤੇ ਚਰਖਾ ਖੜ੍ਹਾ ਕੀਤਾ ਜਾਂਦਾ ।

ਦੋਹੀਂ ਪਾਸੀਂ ਦੋ ਪਾਵੇ ਜਿੰਨਾਂ ਨੂੰ ਮੁੰਨੇ (ਮੁੰਡੇ) ਕਿਹਾ ਜਾਂਦਾ ਹੈ ਜੀਹਦੇ ‘ਤੇ ਚਰਖੜੀ ਘੁੰਮਦੀ ਹੈ। ਚਰਖੜੀ ਵਿੱਚੋਂ ਖ਼ਾਲੀ ਹੁੰਦੀ ਹੈ ਪਰ ਇਹਦੇ ਉੱਪਰ ਸੂਤ ਦੀ ਅੱਟੀ ਦੇ ਵਲੇਵੇਂ ਦੀ ਕਸਣ ਪਾਈ ਹੁੰਦੀ ਆ ਜੀਹਦੇ ਤੇ ਤੰਦ ਚੱਲਦੀ ਹੈ। ਚਰਖੇ ਦੀਆਂ ਮੁੰਨੀਆਂ (ਗੁੱਡੀਆਂ) ਵੀ ਹੁੰਦੀਆਂ ਨੇ ਜਿੱਥੇ ਤੱਕਲਾ ਪਾਇਆ ਹੁੰਦਾ, ਜੇ ਤੱਕਲੇ ‘ਚ ਵਲ ਪੈ ਜਾਵੇ ਚਰਖਾ ਫੇਰ ਭਾਰਾ ਚੱਲਦਾ, ਸਾਡੀਆਂ ਬੀਬੀਆਂ ਤੱਕਲੇ ‘ਤੇ ਹੱਥ ਜਿਹਾ। ਮਾਰ ਕੇ ਵਲ ਕੱਢ ਲੈਂਦੀਆਂ ਸੀ । ਚਰਖੇ ਦੇ ਹੇਠਲੇ ਹਿੱਸੇ ਨੂੰ ਕਾਢ ਕਿਹਾ ਜਾਂਦਾ । ਕਾਢ ਦੇ ਦੂਜੇ ਸਿਰੇ ‘ਤੇ ਚੌੜੀ ਫੱਟੀ ਹੁੰਦੀ ਹੈ, ਜਿਸ ਨੂੰ ਫੱਲੜ ਆਖਦੇ ਹਨ, ਦੋਵੇਂ ਮੁੰਨਿਆ ਦੇ ਵਿਚਾਲੇ ਮਝੇਰੂ ਵਿੱਚ ਸਰੀਆ ਹੁੰਦਾ ਜਿਸ ਨੂੰ ਗੁੱਜ ਆਖਦੇ ਹਨ, ਗੁੱਜ ਦੇ ਇਕ ਪਾਸੇ ਹੱਥਾ ਲੱਗਿਆ ਹੁੰਦਾ ਜਿਸ ਨੂੰ ਘੁਮਾ ਕੇ ਚਰਖਾ ਕੱਤਿਆ ਜਾਦਾ। ਗੁੱਡੀਆਂ ਵਿੱਚ ਛੋਟੇ ਡੱਕੇ ਗੁੰਦ ਕੇ ਪਾਏ ਹੁੰਦੇ ਹਨ ਜਿਹਨਾਂ ਨੂੰ ਚਰਮਖਾਂ ਕਿਹਾ ਜਾਂਦਾ ਹੈ। ਚਰਮਖਾਂ ਵਿੱਚ ਲੋਹੇ ਦਾ ਤੱਕਲਾ ਫਿੱਟ ਹੁੰਦਾ ਇਹ ਮੂਹਰਿਓਂ ਪਤਲਾ ਤੇ ਪਿਛਿਓਂ ਮੋਟਾ ਹੁੰਦਾ ਹੈ। ਮੂਹਰਲੇ ਹਿੱਸੇ ‘ਤੇ ਗਲੋਟਾ ਬਣਦਾ ਹੈ ਗਲੋਟੇ ਦੇ ਪਿਛਲੇ ਪਾਸੇ ਇਕ ਵਾਫਲ ਜਿਹੀ ਹੁੰਦੀ ਹੈ ਜਿਸ ਨੂੰ ਦਮਕੜਾ ਆਖਦੇ ਹਨ। ਹੱਥ ਘੁਮਾਉਣ ਨਾਲ ਮਾਲ੍ਹ ਘੁੰਮਦੀ ਹੈ ਉਸ ਨੂੰ ਘੁਮਾਉਣ ਲਈ ਜੋ ਸੂਤ ਵਲੇਟਿਆ ਜਾਂਦਾ ਉਹਨੂੰ ਬੀੜੀ ਆਖਦੇ ਹਨ। ਜਦੋਂ ਕਈ ਵਾਰ ਕਿਸੇ ਕੁੜੀ ਦਾ ਕੱਤਣ ਦਾ ਮਨ ਨਾ ਹੁੰਦਾ ਤਾਂ ਉਹ ਮਾਲ੍ਹ ਤੋੜ ਆਖਦੀ

“ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ, ਵੇ ਚੰਨ ਕੱਤਾਂ ਕਿ ਨਾ।”

ਤੱਕਲੇ ਨਾਲ ਪੂਣੀ ਦਾ ਸਿਰਾ ਜੋੜ ਕੇ ਕੱਤਿਆ ਜਾਂਦਾ, ਪੂਣੀਆਂ ਕੱਤ ਕੇ ਗਲੋਟੇ ਬਣਦੇ ਜਿਨਾਂ ਨੂੰ ਰੱਖਣ ਲਈ ਕੱਤਣੀ ਬਣਾਈ ਜਾਂਦੀ । ਕੱਤਣੀ ਤੀਲਾਂ ਦੀ ਬਣਾਈ ਜਾਂਦੀ ਇਹਨੂੰ ਸਜਾਉਣ ਲਈ ਲੋਗੜੀ ਦੇ ਫੁੱਲ ਤੇ ਸ਼ੀਸ਼ੇ ਆਦਿ ਲਾਏ ਜਾਂਦੇ । ਗਲੋਟੇ ਰੱਖਣ ਲਈ ਗੋਹਲੇ ਤੇ ਬੋਈਏ ਵੀ ਵਰਤੇ ਜਾਂਦੇ ਸੀ।

ਗੱਲ ਕੀ ਚਰਖਾ ਪੰਜਾਬ ਦੇ ਲੋਕਾਂ ਦੀ ਘਰੇਲੂ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਸੀ। ਪੋਤੜਿਆਂ ਤੋਂ ਲੈ ਕੇ ਕੱਫਣ ਤੱਕ ਦੇ ਕੱਪੜੇ ਲਈ ਧਾਗਾ ਚਰਖੇ ਦੀ ਨੋਕ ਤੋਂ ਆਉਂਦਾ ਰਿਹਾ ਹੈ। ਧਾਗਾ ਤੇ ਕੱਪੜਾ ਉਦਯੋਗ ਦੇ ਵੱਡੇ ਸਾਧਨ ਆ ਜਾਣ ਕਰਕੇ ਵੀ ਦਰੀਆਂ, ਖੇਸਾਂ, ਦੋਲਿਆਂ ਤੇ ਸੂਤ ਦੇ ਮੰਜੇ ਆਦਿ ਦਾ ਸੂਤ ਚਰਖੇ ‘ਤੇ ਹੀ ਤਿਆਰ ਕੀਤਾ ਜਾਂਦਾ ਰਿਹਾ ਇਸ ਲਈ ਚਰਖੇ ਦੀ ਪੰਜਾਬ ਦੇ ਸੱਭਿਆਚਾਰ ‘ਤੇ ਸਮਾਜਿਕ ਜੀਵਨ ‘ਤੇ ਡੂੰਘੀ ਛਾਪ ਹੈ।

ਪਰ ਚਰਖੇ ਦੀ ਹੂਕ ਨੂੰ ਵੀਰ ਪਾਲੀ ਨੇ ਐਦਾਂ ਬਿਆਨਿਆਂ: 

“ਮੈਨੂੰ ਡਾਹ ਕੇ ਵਿੱਚ ਦਰਵਾਜ਼ੇ ਦੇ ਨਾ ਕੱਤੇ ਕੋਈ ਸੁਆਣੀ। 

ਲੋਕੀ ਚੱਕੀ ਫਿਰਨ ਸਟੇਜਾਂ ‘ਤੇ ਮੇਰੀ ਉਲਝੀ ਪਈ ਏ ਤਾਣੀ। 

ਘੁਣ ਲੱਗ ਗਿਆ ਮੈਨੂੰ, ਮੈਨੂੰ ਰੱਖਿਆ ਸਟੋਰ ਦੇ ਖੂੰਝੇ, 

‘ਪਾਲੀ’ ਮੈਂ ਚਰਖਾ ਹਾਂ, ਮੇਰੇ ਅੱਥਰੂ ਕੋਈ ਨਾ ਪੂੰਝੇ।” 

ਵੀਰ ਦੀਪ ਦਿਲਬਰ ਆਪਣੇ ਇਕ ਗੀਤ ਵਿੱਚ ਲਿਖਦਾ: 

“ਇਕ ਪਾਸੇ ਰੰਗ ਕਰਕੇ ਚਰਖਾ ਰੱਖਿਆ ਹੁੰਦਾ ਮੂਹਰੇ, 

ਦੂਜੇ ਪਾਸੇ ਖੂਹ ਲੱਕੜ ਦਾ ਪਿਆ ਸਭਨਾਂ ਨੂੰ ਘਰੇ । 

ਵਿਚਕਾਰ ਦੋਹਾਂ ਦੇ ਨੱਚੀ ਜਾਂਦੀ ਗੰਦੇ ਗੀਤਾਂ ‘ਤੇ ਮੁਟਿਆਰ,

 ਵਿਰਸੇ ਦੇ ਗਲ ਲੱਗ ਕੇ ਰੋਂਦਾ ਸੱਭਿਆਚਾਰ।”

ਅਟੇਰਨਾ

ਗਲੋਟਿਆਂ ਦੇ ਸੂਤ ਨੂੰ ਅਟੇਰ ਕੇ ਗੋਲੇ ਬਣਾਉਣ ਵਾਲੇ ਸੰਦ ਨੂੰ ਅਟੇਰਨਾ ਆਖਦੇ ਹਨ। ਇਸ ਦੀ ਸ਼ਕਲ ਡਮਰੂ ਵਰਗੀ ਹੁੰਦੀ ਹੈ। ਇਹ ਲੱਕੜ ਦਾ ਬਣਿਆ ਹੁੰਦਾ। ਹੈ। ਅਟੇਰਨ ਨੂੰ ਖੱਬੇ ਹੱਥ ਵਿੱਚ ਫੜ੍ਹ ਕੇ ਗਲੇਟੇ ਦਾ ਧਾਗਾ (ਤੰਦ) ਕੱਢ ਕੇ ਇਕ ਸਿਰੇ ਉੱਤੇ ਚਿਪਕਾ ਲਿਆ ਜਾਂਦਾ। ਸੂਤ ਦੇ ਦੋ ਜਾਂ ਤਿੰਨ ਧਾਗੇ ਜੋੜ ਕੇ ਅਟੇਰਿਆ ਜਾਂਦਾ ਹੈ। ਇਹ ਦੇ ਨਾਲ ਹੀ ਸੂਤ ਦੋ ਲੜਾ, ਤਿੰਨ ਲੜਾ ਜਿੰਨੇ ਦੀ ਲੋੜ ਆ ਆਠੇ ਦੀ ਸ਼ਕਲ ਵਿੱਚ ਵਲਿਆ ਜਾਂਦਾ ਹੈ। ਅਟੇਰਨ ਤੋਂ ਜਿਹੜਾ ਲੱਛਾ ਲਾਹਿਆ ਜਾਂਦਾ ਉਸ ਨੂੰ ਅੱਟੀ ਕਿਹਾ ਜਾਦਾ ਹੈ। ਅਟੇਰਨ ਦਾ ਕੰਮ ਔਰਤਾਂ ਹੀ ਕਰਦੀਆਂ ਸਨ। ਚਰਖੇ ਨਾਲ ਕੁੱਤੇ ਸੂਤ ਦੇ ਗਲੋਟਿਆਂ ਦੇ ਲੱਛੇ ਅਟੇਰਨ ਨਾਲ ਹੀ ਬਣਾਏ ਜਾਂਦੇ ਸੀ । ਉਹ ਲੱਛੇ ਫੇਰ ਮੇਲ ਕੇ ਘਰ ਹੀ ਰੰਗੇ ਜਾਂਦੇ ਸੀ । ਖੇਸ, ਖੇਸੀਆਂ ਬਣਾਉਣ ਵਿੱਚ ਅਟੇਰਨ ਦੀ ਅਹਿਮ ਭੂਮਿਕਾ ਸੀ। ਚਰਖੇ ਵਾਂਗ ਅਟੇਰਨਾ ਵੀ ਕੁੜੀਆਂ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ । ਪਰ ਦੁੱਖ ਦੀ ਗੱਲ ਇਹ ਹੈ ਕਿ ਹੁਣ ਅਟੇਰਨਾ ਘਰਾਂ ਵਿੱਚੋਂ ਗਾਇਬ ਹੋ ਗਿਆ।

ਡੱਬੀਆਂ ਵਾਲ਼ੇ ਖੇਸ ਨਾਲ ਗੱਲਾਂ

ਖੇਸ ਘਰ ਵੀ ਕੁੰਬਲ ਪੁੱਟ ਕੇ ਬੁਣੇ ਜਾਂਦੇ ਸੀ, ਮੈਂ ਆਪਣੇ ਨਾਨਕੇ ਪਿੰਡ ਬਰਮਾਲੀਪੁਰ ਵੇਖੇ ਸੀ ਬੁਣਦੇ, ਕਾਫ਼ੀ ਜੁਗਾੜ ਕਰਨਾ ਪੈਂਦਾ ਸੀ । ਸਾਡੇ ਬੀਜੀ (ਮਾਂ) ਜ਼ਿਆਦਾਤਰ ਉੱਥੇ ਮਾਮੀ ਜੀ ਹੋਰਾਂ ਨੂੰ ਸੂਤ ਆਦਿ ਦੇ ਕੇ ਖੇਸ ਬਣਵਾ ਲੈਂਦੇ ਸੀ। ਮੌਸਮ ਨੇ ਕਰਵਟ ਲਈ ਆ, ਸੋਚਿਆ ਮੋਟਾ ਕੱਪੜਾ ਲਿਆ ਜਾਵੇ ਤਾਂ ਇਹ ਖੇਸ ਵੇਖ ਕੇ ਬਹੁਤ ਪਿੱਛੇ ਚਲੀ ਗਈ ਕਿ ਕਿਵੇਂ ਬੀਜੀ ਤੇ ਬੇਜੀ (ਦਾਦੀ) ਇਹ ਕੁਝ ਕਰ ਲੈਂਦੇ ਸੀ। ਖੇਤੀ ਦਾ ਕੰਮ ਵੀ ਸਾਡਾ ਵੱਡਾ ਸੀ, ਡੰਗਰ ਪਸ਼ੂ ਵੀ ਸੁੱਖ ਨਾਲ ਬਥੇਰੇ ਹੁੰਦੇ ਸੀ ਤੇ ਸਾਰਾ ਕੰਮ ਹੱਥੀਂ ਕਰਦੇ ਸੀ। ਉਹਨਾਂ ਵੇਲਿਆਂ ‘ਚ ਅੱਜ ਵਾਂਗੂ ਸਤਿਕਾਰਤ (ਕੰਮ ਵਾਲੀ) ਬੀਬੀਆਂ ਲਾਉਣ ਦਾ ਰਿਵਾਜ ਜ਼ਿਆਦਾ ਨਹੀਂ ਸੀ। ਪਿੰਡਾਂ ਵਿੱਚ ਹੋਊ ਕਿਸੇ ਬਹੁਤੇ ਅਮੀਰ ਦੇ। ਜਿਉਂ ਸਵੇਰੇ-ਸੁਵੱਖਤੇ ਉੱਠ ਕੇ ਆਪੋ ਆਪਣੇ ਕੰਮ ਲੱਗ ਜਾਂਦੀਆਂ ਤੇ ਸਾਰਾ ਦਿਨ ਉਹਨਾਂ ਦਾ ਕੰਮ ਨਿਬੇੜਦੀਆਂ ਦਾ ਲੰਘ ਜਾਂਦਾ ਸੀ ਪਰ ਫੇਰ ਵੀ ਉਹ ਸਹਿਜੇ ਹਰ ਸਾਲ ਦੇ ਸੂਤ ਦੇ ਮੰਜੇ, ਪੰਜ ਸੱਤ ਦਰੀਆਂ, ਚਿੱਟਾ ਖੱਦਰ (ਪੋਣੇ ਤੇ ਦੁਪੱਟਿਆਂ ਲਈ) ਜੋ ਪਾਪਾ ਤੇ ਬਾਪੂ ਜੀ (ਦਾਦਾ ਜੀ) ਵਰਤਦੇ ਸੀ । ਸੂਤ ਤਿਆਰ ਕਰ ਲੈਂਦੇ ਸੀ।

ਬੀਜੀ ਨੇ ਕਹਿਣਾ ਬੇਜੀ ਐਂਤਕੀ ਡੱਬੀਆਂ ਵਾਲੇ ਖੇਸ ਬਣਾਉਣੇ ਨੇ। ਇਹ ਖਾਖ਼ੀ ਡੱਬੀਆਂ ਵਾਲਾ ਤੇ ਏਦਾਂ ਈ ਨੀਲੇ, ਚਿੱਟੇ ਤੇ ਧਾਰੀਆਂ ਵਾਲੇ ਵੀ ਖੇਸ ਬੁਣੇ ਜਾਂਦੇ ਸੀ । ਜਦੋਂ ਖੇਸ ਬਣ ਕੇ ਆਉਂਦੇ ਤਾਂ ਦੋ ਲੰਮੀਆਂ ਪੱਟੀਆਂ ਵਾਂਗੂੰ ਹੁੰਦੇ ਸੀ। ਬੰਬਲ ਵੱਟੇ ਜਾਂਦੇ, ਬੰਬਲਾਂ ਤੋਂ ਬਾਅਦ ਸੂਈ ਨਾਲ ਦੋਵੇਂ ਪੱਟੀਆਂ ਆਪਸ ਵਿੱਚ ਜੋੜੀਆਂ ਜਾਂਦੀਆਂ ਸੀ। ਸਿਉਣ ਦਾ ਕੰਮ ਵੀ ਬਹੁਤ ਧਿਆਨ ਮੰਗਦਾ ਸੀ ਬਹੁਤ ਹਿਸਾਬ ਨਾਲ ਬੀਜੀ ਹੋਰਾਂ ਨੂੰ ਖੇਸ ਦੀ ਸਿਉਣ ਪਾਉਂਦੇ ਮੈਂ ਦੇਖਿਆ ਕਿ ਕਿਤੇ ਇਕ ਪਾਸੇ ਵੱਧ ਲਮਕਦਾ ਨਾ ਰਹਿ ਜਾਵੇ । ਇਹ ਡੱਬੀਆਂ ਵਾਲਾ ਖੇਸ ਕੱਢਿਆ ਇਹਦੇ ‘ਚੋਂ ਜਿਹੜੀ ਮਹਿਕ ਆਈ ਬੇਜੀ ਤੇ ਬੀਜੀ ਦੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਬੇਜੀ ਨੇ ਇਸਦੇ ਬੰਬਲ ਵੱਟੇ ਹੋਣਗੇ । ਸਾਡੇ ਬੇਜੀ ਪਾਠ ਬਹੁਤ ਕਰਦੇ ਸੀ ਮੈਂ ਪਰਸੋਂ ਦੀ ਜਦੋਂ ਰਾਤ ਨੂੰ ਖੇਸ ਦੀ ਤਹਿ ਖੋਲਦੀ ਹਾਂ ਤਾਂ ਖੇਸ ਨਾਲ ਗੱਲਾਂ ਕਰਨ ਲੱਗ ਜਾਂਦੀ ਹਾਂ, ਬੇਜੀ, ਬਾਪੂ ਜੀ ਤੋਂ ਬੀਜੀ ਦੀਆਂ । ਬੰਬਲਾਂ ਨੂੰ ਛੋਹ ਕੇ ਵੇਖਦੀ ਹਾਂ ਇਕ ਇਕ ਬੰਬਲ ਵੱਟਦੇ ਬੇਜੀ ਨੇ ਕਿੰਨੇ ‘ਜਪੁਜੀ ਸਾਹਿਬ’ ਦੇ ਪਾਠ ਕੀਤੇ ਹੋਣਗੇ ਕਿਉਂਕਿ ਪਹਿਲਾਂ ਬੰਬਲ ਕੱਚੇ ਕਰਦੇ ਸੀ ਫੇਰ ਪੱਕੇ ( ਜਦੋਂ ਬੰਬਲ ਵੱਟਦੇ ਹੁੰਦੇ ਸੀ ਬੇਜੀ ਤਾਂ ਖੇਸ ਨੂੰ ਮੈਲਾ ਹੋਣ ਦੇ ਡਰੋਂ ਕਿਸੇ ਹੋਰ ਕੱਪੜੇ ‘ਚ ਲਪੇਟ ਕੇ ਰੱਖਦੇ ਸੀ। ਇਹ ਖੇਸ ਮੈਨੂੰ ਰੋਜ਼, ਬਹੁਤ ਪਿੱਛੇ ਲੈ ਜਾਂਦਾ ਤੇ ਮੈਂ ਤੁਰ ਗਿਆਂ ਦੀਆਂ ਯਾਦਾਂ ਵਿੱਚ ਖੋ ਜਾਂਦੀ ਹਾਂ ਉਦਾਸ ਹੋ ਜਾਂਦੀ ਹਾਂ । ਧੰਨ ਸਾਡੀਆਂ ਬੀਬੀਆਂ।

ਬੂਟੀਆਂ ਵਾਲਾ ਝੋਲਾ

ਬੂਟੀਆਂ ਵਾਲਾ ਝੋਲਾ ਪੰਜਾਬੀ ਸੱਭਿਆਚਾਰ ਦੀ ਅਹਿਮ ਵੰਨਗੀ ਰਿਹਾ ਹੈ ਪਰ ਸਮੇਂ . ਦੇ ਬਦਲਾਅ ਤੇ ‘ਮਾਡਰਨਪੁਣੇ’ ਨਾਲ ਸਾਡੇ ਪੰਜਾਬੀ ਦੇ ਵਿਰਸੇ ਵਿੱਚੋਂ ਇਹ ਲੁਪਤ ਹੀ ਹੋ ਗਿਆ ਸਮਝੋ। ਪਹਿਲੇ ਸਮਿਆਂ ‘ਚ ਖੱਦਰ, ਕੇਸਮੈਂਟ, ਦਸੂਤੀ ਦੇ ਬੂਟੀਆਂ ਵਾਲੇ ਝੋਲੇ ਦਾ ਬਹੁਤ ਰਿਵਾਜ ਸੀ। ਕੁੜੀਆਂ, ਚਿੜੀਆਂ ਜਦੋਂ ਆਪਣਾ ਦਾਜ ਤਿਆਰ ਕਰਦੀਆਂ ਤਾਂ ਉਹ ਦਾਜ ਲਈ ਝੋਲੇ ਵੀ ਕੱਢਦੀਆਂ ਸਨ । ਝੋਲੇ ਰੰਗਦਾਰ ਕੱਪੜੇ ਦੇ ਵੀ ਬਣਾਏ ਜਾਂਦੇ ਸਨ ਪਰ ਜ਼ਿਆਦਾਤਰ ਝੋਲੇ ਚਿੱਟੀ ਦਸੂਤੀ ‘ਤੇ ਕੱਢੇ ਜਾਂਦੇ । ਇਹਦੇ ਦੋਵੇਂ ਪਾਸੇ ਫੁੱਲ ਬੂਟੇ ਜਾਂ ਮੇਰ-ਤੋਤੇ ਦਸੂਤੀ ਦੇ ਟਾਂਕੇ ਵਿੱਚ ਕੱਢੇ ਜਾਂਦੇ। ਕੱਪੜੇ ‘ਤੇ ਕਢਾਈ ਕਰਕੇ ਝੋਲਾ ਸਿਉਂਤਾ ਜਾਂਦਾ, ਇਹਦੇ ਵਿੱਚ ਮਜ਼ਬੂਤੀ ਲਈ ਕੱਪੜਾ ਲਾਇਆ ਜਾਂਦਾ ਤੇ ਆਲ਼ੇ-ਦੁਆਲੇ ਸਜਾਵਟ ਲਈ ਲੈਸ ਵੀ ਲਾਈ ਜਾਂਦੀ, ਜੋ ਝੋਲ਼ੇ ਦੀ ਸਜਾਵਟ ਵਿੱਚ ਹੋਰ ਵਾਧਾ ਕਰਦੀ । ਉੱਪਰੋਂ ਫੜ੍ਹਨ ਲਈ ਝੋਲੇ ਨੂੰ ਤਣੀਆਂ ਲਾਈਆਂ ਜਾਂਦੀਆਂ ਤੇ ਕਈ ਵਾਰ ਤਣੀਆਂ ‘ਤੇ ਵੀ ਕਢਾਈ ਕਰ ਦਿੱਤੀ ਜਾਂਦੀ ।

ਉਦੋਂ ਇਹ ਝੋਲ਼ੇ ਰੰਗ-ਬਰੰਗੇ ਧਾਗਿਆਂ ਦੇ ਗੋਲ਼ੇ ਜਾਂ ਗੁੱਛੀਆਂ ਦੇ ਧਾਗਿਆਂ ਨਾਲ ਕੱਢੇ ਜਾਂਦੇ ਸਨ। ਜਿਨ੍ਹਾਂ ਨੂੰ ਲੰਗਰ ਦੇ ਗੋਲੇ ਜਾਂ ਗੁੱਛੀਆਂ ਕਿਹਾ ਜਾਂਦਾ ਸੀ ।

ਸਾਡੀ ਤ੍ਰਾਸਦੀ ਹੈ ਕਿ ਅਸੀਂ ਇਸ ਆਪਣੇ ਅਮੀਰ ਸੱਭਿਆਚਾਰ ਦੀ ਇਸ ਵੰਨਗੀ ਨੂੰ ਭੁਲਾ ਹੀ ਦਿੱਤਾ । ਇਹ ਝੋਲੇ ਬੀਬੀਆਂ ਦਰੀ ਵਾਂਗ ਅੱਡਾ ਲਾ ਕੇ ਵੀ ਬੁਣ ਲੈਂਦੀਆਂ ਸਨ।

ਦਾਜ ਵਾਸਤੇ ਇਹ ਝੋਲੇ ਪੂਰੀ ਰੀਝ ਨਾਲ ਤਿਆਰ ਕੀਤੇ ਜਾਂਦੇ, ਜਦੋਂ ਇਹੋ ਜਿਹਾ ਸਮਾਨ ਦਾਜ ਵਿੱਚ ਹੁੰਦਾ ਤਾਂ ਬੀਬੀਆਂ ਦਾਜ ਤੋਂ ਈ ਅੰਦਾਜ਼ਾ ਲਾ ਲੈਂਦੀਆਂ ਸਨ ਕਿ ਜਿਹੜੀ ਕੁੜੀ ਵਿਆਹੀ ਆਈ ਆ ਉਹ ਕਿੰਨੀ ਕੁ ਸਚਿਆਰੀ ਤੇ ਹੁਨਰਮੰਦ ਆ।

ਪਿੰਡੋਂ ਸ਼ਹਿਰ ਜਾਣ ਵੇਲੇ ਵੀ ਝੋਲਾ ਸਾਈਕਲ ਨਾਲ ਟੰਗਿਆ ਜਾਂਦਾ ਸੀ। ਜਦੋਂ ਘਰ ਦਾ ਲਾਣੇਦਾਰ ਬਜ਼ੁਰਗ ਸ਼ਹਿਰੋਂ ਆਉਂਦਾ ਤਾਂ ਘਰ ਦੇ ਜੁਆਕਾਂ ਦੀ ਅੱਖ ਝੋਲੇ ‘ਤੇ ਹੁੰਦੀ ਕਿ ਹੁਣ ਝੋਲੇ ਵਿੱਚੋਂ ਖਾਣ ਨੂੰ ਵੀ ਕੁਝ ਨਿਕਲੇਗਾ । ਵੀਰ ਜਦੋਂ ਆਪਣੀ ਭੈਣ ਨੂੰ ਉਹਦੇ ਸਹੁਰੇ ਪਿੰਡ ਸੰਧਾਰਾ ਦੇਣ ਜਾਂਦਾ ਤਾਂ ਇਕ ਹੱਥ ਵਿੱਚ ਜੇ ਪੀਪਾ ਹੁੰਦਾ ਤਾਂ ਇਕ ਹੱਥ ਵਿੱਚ ਬੂਟੀਆਂ ਵਾਲਾ ਝੋਲਾ ਹੁੰਦਾ। ਪਿੰਡੋਂ ਜੇ ਖੇਤਾਂ ਦੀ ਵਾਟ ਦੂਰ ਹੁੰਦੀ ਤਾਂ ਝੋਲਾ ਖੇਤ ਰੋਟੀ ਦੇਣ ਦੇ ਵੀ ਕੰਮ ਆਉਂਦਾ। ਬੱਚੇ ਉਦੋਂ ਤਾਂ ਇਨ੍ਹਾਂ ਝੋਲਿਆਂ ‘ਚ ਕਿਤਾਬਾਂ ਪਾ ਕੇ ਪੜ੍ਹਨ ਜਾਂਦੇ ਸਨ । ਆਹ ਹੁਣ ਤਰ੍ਹਾਂ ਤਰ੍ਹਾਂ ਦੇ ਬੈਗ ਚੱਲ ਪਏ ਨੇ ਪਹਿਲੇ ਸਮਿਆਂ ਵਿੱਚ ਨਵੀਂ ਵਿਆਹੀ ਜੋੜੀ ਵੀ ਆਉਣ ਜਾਣ ਵੇਲ਼ੇ ਝੋਲੇ ਦੀ ਵਰਤੋਂ ਕਰਦੀ, ਉਨ੍ਹਾਂ ਦੇ ਸਾਈਕਲ ਨਾਲ ਵੀ ਸੋਹਣਾ ਬੂਟੀਆ ਵਾਲਾ ਝੋਲਾ ਲਮਕਦਾ ਹੁੰਦਾ ਸੀ। ਇਹ ਬੂਟੀਆਂ ਵਾਲਾ ਝੋਲਾ ਹਰ ਦੁੱਖ-ਸੁੱਖ ਦਾ ਹਿੱਸਾ ਹੁੰਦਾ।

ਨੂੰ ਦੁੱਖ ਇਸ ਗੱਲ ਦਾ ਹੈ ਕਿ ਅੱਜ ਨਵੇਂ ਜ਼ਮਾਨੇ ਨੇ, ਨਵੀਂ ਪੀੜ੍ਹੀ ਨੇ, ਇਸ ਵਿਰਸੇ ਨੂੰ ਪਿਛਾਂਹ ਕਰ ਦਿੱਤਾ ਹੈ। ਵਿਸਾਰ ਦਿੱਤਾ ਹੈ। ਬਹੁਤਿਆਂ ਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ । ਇਸ ਝੋਲੇ ਦੀ ਥਾਂ ਹੁਣ ਪਲਾਸਟਿਕ ਦੇ ਲਿਫ਼ਾਫਿਆਂ ਨੇ ਲੈ ਲਈ ਹੈ, ਜਿਸ ਦੇ ਬਹੁਤ ਜਿਆਦਾ ਨੁਕਸਾਨ ਹਨ ਤੇ ਨਤੀਜੇ ਅਸੀਂ ਭੁਗਤ ਰਹੇ ਹਾਂ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆ ਵੀ ਭੁਗਤਣਗੀਆਂ। ਇਹ ਬੂਟੀਆਂ ਵਾਲੇ ਝੋਲੇ ਤਾਂ ਹੁਣ ਸਿਰਫ਼ ਸੱਭਿਆਚਾਰਕ ਮੇਲਿਆਂ. ਤੀਆਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ ਪਰ ਸਾਨੂੰ ਇਨ੍ਹਾਂ ਰੋਗਾਂ ਨੂੰ ਵੰਨਗੀਆਂ ਨੂੰ ਮੁੜ ਤੋਂ ਸੁਰਜੀਤ ਕਰਨਾ ਚਾਹੀਦਾ ਹੈ, ਇਸੇ ਲਈ ਮੈਂ ਆਪਣੇ ਵੀਰੇ ਹਰਭਜਨ ਮਾਨ ਨੂੰ ਅਤੇ ਹੋਰ ਕਈ ਮਿਲਣ ਵਾਲੇ ਨਜ਼ਦੀਕੀਆਂ ਨੂੰ ਹੱਥੀ ਝੋਲੇ ਬਣਾ ਕੇ ਦਿੱਤੇ ਹਨ। ਆਓ, ਵਿਰਸੇ ਨੂੰ ਨਾ ठीटे।

ਪੱਖੀ 

ਪੱਖੀ ਸ਼ਬਦ ਪੱਖ ਤੇ ਪੱਖ ਦਾ ਰੂਪ ਆ ਪੱਖ, ਪਾਸਾ, ਵਡੇਰੇ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਸੀ, ਅੱਜ ਕਿਹੜੇ ਪੱਖ ਦੀ ਹਵਾ ਵੱਗ ਰਹੀ ਆ ਜਾਂ ਕਿਹੜਾ ਪੱਖ ਵਗਦਾ ਅੱਜ। ਪੱਖ ਤੋਂ ਪੱਖਾ, ਵੱਡੇ ਵੱਡੇ ਪੱਖੇ ਵੀ ਹੁੰਦੇ ਸਨ ਜੋ ਛੱਤ ਨਾਲ ਬੰਨ੍ਹੇ ਹੁੰਦੇ ਸਨ ਉਹਨਾ ਨੂੰ ਹੱਥਾਂ ਨਾਲ ਖਿੱਚਣਾ ਪੈਂਦਾ ਸੀ। ਪੱਖੇ ਹੱਥ ਨਾਲ ਝੱਲਣ ਵਾਲ਼ੇ ਵੀ ਹੁੰਦੇ ਸਨ ਫੇਰ ਬਿਜਲੀ ਦੇ ਪੱਖੇ ਆ ਗਏ। ਪੱਖੇ ਦਾ ਛੋਟਾ ਰੂਪ ਪੱਖੀ ਬਣ ਗਿਆ।

ਬੀਬੀਆਂ ਭੈਣਾਂ ਬੜੀਆਂ ਰੀਝਾਂ ਨਾਲ ਪੱਖੀਆਂ ਬਣਾਉਂਦੀਆਂ ਸੀ ਘਰਾਂ ‘ਚ, ਉਦੋਂ ਪੱਖੀਆਂ ਦਾਜ ਵਿੱਚ ਦਿੱਤੀਆਂ ਜਾਂਦੀਆਂ ਸੀ। ਉਹਨਾਂ ਨੇ ਕਿਸੇ ਕੱਪੜੇ ‘ਤੇ ਕਢਾਈ ਕਰਨੀ, ਉਸ ਕਢਾਈ ਕੀਤੇ ਕੱਪੜੇ ਨੂੰ ਪੱਖੀ ਦੇ ਫਰੇਮ ‘ਚ ਫਿੱਟ ਕਰਨਾ, ਫੇਰ ਵਲ ਪਾ ਕੇ ਪੱਖੀ ਦੀ ਝਾਲਰ ਬਣਾਉਣੀ, ਹਵਾ ਵੱਧ ਲੈਣ ਲਈ ਝਾਲਰ ‘ਚ ਵੱਧ ਵਲ ਪਾਏ ਜਾਂਦੇ ਸਨ । ਬੀਬੀਆਂ ਪੱਖੀਆਂ ਬਣਾਉਣ ਲੱਗੀਆਂ ਪੂਰੀ ਰੀਝ ਲਾ ਦਿੰਦੀਆਂ ਸਨ । ਕਈ ਉਨ ਨਾਲ ਦਰੀ ਵਾਂਗ ਤਣ ਕੇ ਬਣਾਉਂਦੀਆਂ, ਸ਼ੀਸ਼ੇ ਲਾ ਕੇ ਤੇ ਰੀਬਨਾਂ ਦੇ ਫੁੱਲ ਬਣਾ ਕੇ ਵੀ ਪੱਖੀ ਦੀ ਸ਼ੋਭਾ ਵਧਾਈ ਜਾਂਦੀ। ਬਾਬੂ ਸਿੰਘ ਮਾਨ ਪੱਖੀ ਬਾਰੇ ਇਉਂ ਕਹਿੰਦੇ ਹਨ:

“ਕਲਕੱਤਿਓਂ ਪੱਖੀ ਲਿਆ ਦੇ ਵੇ ਝੱਲੂਗੀ ਸਾਰੀ ਰਾਤ”

ਕਲਕੱਤੇ ਦੀਆਂ ਪੱਖੀਆਂ ਮਸ਼ਹੂਰ ਹੋਣਗੀਆਂ ਜਾਂ ਫੇਰ ਮਾਨ ਸਾਬ ਨੂੰ ਪੁੱਛਣਾ ਪਵੇਗਾ। ਹੁਣ ਸਮਾਂ ਹੋਰ ਆ ਇਹਨਾਂ ਚੀਜ਼ਾਂ ਦੀ ਕਦਰ ਘੱਟ ਗਈ, ਪਹਿਲੇ ਸਮਿਆਂ ‘ਚ ਜੇ ਕਿਸੇ ਦੇ ਕੋਈ ਪ੍ਰਾਹੁਣਾ ਆਉਣਾ ਤਾਂ ਮੰਜੇ ‘ਤੇ ਨਵੀਂ ਦਰੀ ਉੱਪਰ ਹੱਥ ਦੀ ਕੱਢੀ ਚਾਦਰ ਵਿਛਾਉਣੀ ਜੇ ਗਰਮੀਆਂ ਦਾ ਮੌਸਮ ਆਂ ਤਾਂ ਪੱਖੀ ਵੀ ਦੇਣੀ ਝੱਲਣ ਨੂੰ। ਪੱਖੀ ਦੀ ਗਰਮੀ ਦੇ ਮੌਸਮ ਵਿੱਚ ਪੂਰੀ ਪੁੱਛ ਹੁੰਦੀ। ਹਰ ਘਰ ‘ਚ ਪੰਜ-ਸੱਤ ਪੱਖੀਆਂ ਦਾ ਹੋਣਾ ਉਸ ਘਰ ਦੀ ਔਰਤ ਨੂੰ ਸਚਿਆਰੀ ਦਾ ਸਰਟੀਫਿਕੇਟ ਦਿਵਾ ਦਿੰਦਾ ਸੀ। ਨਹੀਂ ਤਾਂ ਫੇਰ ਤੁਹਾਨੂੰ ਬੀਬੀਆਂ ਦਾ ਪਤਾ ਈ ਆ ਕੀ ਕਹਿੰਦੀਆਂ ਨੇ, ‘ਨੀ ਛੱਡ ਪਰੇ ਕੀ ਗੱਲ ਕਰਨੀ ਆਂ ਉਸਦੀ, ਨੀ ਚਾਰ ਪ੍ਰਾਹਣੇ ਆਇਆਂ ਤੋਂ ਪੱਖੀਆਂ ਤਾਂ ਗਵਾਢੋਂ ਮੰਗਦੀ ਫਿਰਦੀ ਸੀ। ਪੱਖੀਆਂ ਦੇ ਨਾਲ ਨਾਰ ਘਰਾਂ ‘ਚ ਮੁੰਜ ਦੇ ਪੱਖੇ ਵੀ ਵਰਤੇ ਜਾਂਦੇ ਸੀ ਬੀਬੀਆਂ ਉਹਨੂੰ ਵੀ ਬੜਾ ਸੋਹਣਾ ਝਾਲਰ ਵਾਗੂੰ ਕੱਪੜਾ ਲਾ ਕੇ ਰੱਖਦੀਆਂ ਸਨ। ਪਰ ਹੁਣ ਇਹ ਪੱਖੀਆਂ ਡਰਾਇੰਗ ਰੂਮਾਂ ਦਾ ਸ਼ਿੰਗਾਰ ਹਨ, ਡਰਾਇੰਗ ਰੂਮ ਦੀ ਸ਼ੋਭਾ ਵਧਾਉਂਦੀਆਂ ਹਨ। ਮੈਂ ਵੀ ਆਪਣੇ ਪਿਆਰੇ ਵੀਰ ਹਰਭਜਨ ਮਾਨ ਨੂੰ ਪਿਛਲੇ ਸਾਲ ਇਕ ਪੱਖੀ ਬਣਾ ਕੇ ਦਿੱਤੀ, ਜਿਸ ਤੇ ਮੈਂ ਵੀਰੇ ਦੇ ਗੀਤ ਦੀਆਂ ਲਾਈਨਾਂ ਕਢਾਈ ‘ਚ ਲਿਖੀਆਂ:

“ਤੇਰੇ ਪਿੰਡ ਗਈ ਸੀ ਵੀਰਾ ਵੇ ਫਿਰਨੀ ਤੋਂ ਰੋ ਕੇ ਮੁੜ ਆਈ ਹਾਂ।”

ਉਹ ਪਲ ਬਹੁਤ ਭਾਵੁਕਤਾ ਵਾਲ਼ੇ ਸੀ ਜਦੋਂ ਮੈਂ ਆਪਣੇ ਵੀਰ ਨੂੰ ਆਪਣੇ ਹੱਥਾਂ ਨਾਲ ਬਣਾਈ ਪੱਖੀ ਫੜਾਈ, ਵੀਰ ਨੇ ਸਟੇਜ ‘ਤੇ ਸਭ ਨੂੰ ਵਿਖਾਈ।

ਇਹ ਸੋਹਣੀਆਂ ਪੁਰਾਤਨ ਨਿਸ਼ਾਨੀਆਂ ਸਾਡੇ ਘਰਾਂ ‘ਚੋਂ ਖ਼ਤਮ ਹੁੰਦੀਆਂ ਜਾ ਰਹੀਆਂ ਨੇ ਜਿਸ ਦਾ ਮੈਨੂੰ ਬਹੁਤ ਦੁੱਖ ਆ, ਆਓ ਇਹਨਾਂ ਨੂੰ ਘਰਾਂ ਵਿੱਚ ਸਾਂਭ ਕੇ ਰੱਖੀਏ ਤੇ ਘਰਾਂ ਦਾ ਸ਼ਿੰਗਾਰ ਬਣਾਈਏ।

ਰੁਮਾਲ

ਰੁਮਾਲ ਇਕ ਚੌਰਸ ਕੱਪੜੇ ਦਾ ਟੁਕੜਾ ਹੁੰਦਾ ਹੈ। ਇਹ ਇਨਸਾਨ ਦੀ ਮੂੰਹ, ਹੱਥ ਪੂੰਝਣ ਦੀ ਲੋੜ ਪੂਰੀ ਕਰਦਾ ਹੈ। ਰੁਮਾਲ ਹੱਥ, ਜੇਬ ਵਿੱਚ ਰੱਖਣ ਤੋਂ ਇਲਾਵਾ ਮੁੰਡੇ ਜੂੜੇ ‘ਤੇ ਵੀ ਬੰਨ੍ਹਦੇ ਹਨ। ਰੁਮਾਲ ਪਿਆਰ ਦੀ ਨਿਸ਼ਾਨੀ ਵੀ ਹੈ, ਬਹੁਤ ਸਾਰੇ ਕਲਾਕਾਰਾਂ ਨੇ ਰੁਮਾਲ ‘ਤੇ ਗੀਤ ਗਾਏ ਹਨ:

“ਕੱਢਣਾ ਰੁਮਾਲ ਦੇ ਗਿਓਂ, 

ਆਪ ਬਹਿ ਗਿਓਂ ਵਲੈਤ ਵਿੱਚ ਜਾ ਕੇ,

 ਕੀ ਲੱਭਾ ਬੇਦਰਦਾ ਵੇ,

 ਸਾਡੀ ਅੱਲੜ੍ਹਾਂ ਦੀ ਨੀਂਦ ਗਵਾ ਕੇ।”

ਗੁਲਸ਼ਨ ਕੋਮਲ ਜੀ ਦਾ ਬਹੁਤ ਹੀ ਪ੍ਰਸਿੱਧ ਗੀਤ ਹੈ। ਵੀਰ ਹਰਭਜਨ ਮਾਨ ਦਾ ਗਾਇਆ ਅਤੇ ਦਵਿੰਦਰ ਖੰਨੇ ਵਾਲ਼ੇ ਦਾ ਲਿਖਿਆ ਇਕ ਗੀਤ ਹੈ:

“ਮੈਨੂੰ ਇਕ ਕੁੜੀ ਨੇ ਰੁਮਾਲ ਭੇਜਿਆ, 

ਉੱਤੇ ਲਿਖ ਦਿਲ ਵਾਲ਼ਾ ਹਾਲ ਭੇਜਿਆ, 

ਤੇਰੇ ਬਿਨ ਕਹਿੰਦੀ ਮੇਰਾ ਚਿੱਤ ਨਾ ਲੱਗੇ, 

ਨਿੱਕਾ ਜਿਹਾ ਸੋਹਣਿਆਂ ਸਵਾਲ ਭੇਜਿਆ।”

ਇਨ੍ਹਾਂ ਤੋਂ ਇਲਾਵਾ ਰੁਮਾਲ ਉੱਤੇ ਪੰਜਾਬੀ ਗਾਇਕਾਂ ਦੇ ਗਾਏ ਹੇਠ ਲਿਖੇ ਗੀਤ ਬਹੁਤ ਮਸ਼ਹੂਰ ਹੋਏ ਹਨ:

“ਚਿੱਤ ਕਰੇ ਬਣ ਜਾਂ ਰੁਮਾਲ ਬੱਲੀਏ, 

ਤੇਰੀਆਂ ਹਥੇਲੀਆਂ ਨੂੰ ਚੁੰਮਦਾ ਰਹਾਂ।” 

“ਸੱਜਣ ਰੁਮਾਲ ਦੇ ਗਿਆ,

 ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ।”

“ਹੁਣ ਕਿਉਂ ਨਹੀਂ ਦਿੰਦਾ ਮੈਨੂੰ ਆਪਣਾ ਰੁਮਾਲ ਬਈ ਬਈ।”

“ਜਾਂਦੀ ਜਾਂਦੀ ਜਾਣ ਕੇ ਰੁਮਾਲ ਭੁੱਲ ਗਈ।”

ਬਹੁਤ ਗੀਤ ਨੇ ਰੁਮਾਲ ‘ਤੇ ਹੋਰ ਵੀ। ਕੁੜੀਆਂ ਆਪਣੇ ਦਾਜ ਵਿੱਚ ਤਰ੍ਹਾਂ ਤਰ੍ਹਾਂ ਦੇ ਰੁਮਾਲ ਬਣਾਉਂਦੀਆਂ ਸਨ ਬਹੁਤ ਸੋਹਣੀ ਕਢਾਈ ਕੀਤੀ ਜਾਂਦੀ ਸੀ ਕਈ ਵਾਰ ਘਰਵਾਲ਼ੇ ਦਾ ਨਾਮ ਵੀ ਰੁਮਾਲ ‘ਤੇ ਕੱਢਾਈ ਵਿੱਚ ਕੱਢ ਦਿੰਦੀਆਂ ਸੀ। ਆਲ਼ੇ-ਦੁਆਲੇ ਬਰੀਕ ਲੈਸ ਜਾਂ ਬੀਡਿੰਗ ਕਰਕੇ ਛੋਟੇ ਛੋਟੇ ਬੰਬਲ ਲਮਕਦੇ ਰੱਖੇ ਜਾਂਦੇ ਸਨ । ਜੇ ਕਿਸੇ ਦਾ ਘਰਵਾਲਾ ਦੂਰ ਨੌਕਰੀ ਕਰਦਾ ਹੁੰਦਾ ਤਾਂ ਉਹ ਆਪਣੀ ਘਰਵਾਲ਼ੀ ਦਾ ਕੱਢਿਆ ਰੁਮਾਲ ਨਾਲ ਲੈ ਜਾਂਦਾ ਤੇ ਜਦੋਂ ਉਹਦੀ ਯਾਦ ਸਤਾਉਂਦੀ ਤਾਂ ਕੱਢ ਕੇ ਵੇਖ ਲੈਂਦਾ। ਇਹ ਪਿਆਰ ਦਾ ਤੋਹਫਾ ਸਮਝਿਆ ਜਾਂਦਾ ਸੀ ਤੇ ਜਿਸ ਨੂੰ ਦਿੱਤਾ ਜਾਂਦਾ ਉਹ ਵੀ ਸਾਂਭ ਸਾਂਭ ਰੱਖਦਾ । ਹੁਣ ਪਿਆਰ ਵੀ ਅਮੀਰ ਤੇ ਤੋਹਫ਼ੇ ਵੀ ਅਮੀਰ। ਨਵੇਂ ਜ਼ਮਾਨੇ ਨੇ ਬਹੁਤ ਕੁਝ ਬਦਲ ਦਿੱਤਾ । ਮਰਦ ਇਸ ਨੂੰ ਕੋਟ, ਪੈਂਟ ਦੀ ਜੇਬ ‘ਚ ਤੇ ਕੁੜਤੇ ਦੇ ਖੀਸੇ ਵਿੱਚ ਪਾਉਂਦੇ ਤੇ ਆਪਣੀ ਲੋੜ ਪੂਰੀ ਕਰਦੇ । ਇਸਤਰੀਆਂ ਦੇ ਆਮ ਤੌਰ ‘ਤੇ ਹੱਥ ਵਿੱਚ ਈ ਹੁੰਦਾ, ਜੇ ਕੋਈ ਵਾਰ ਵਾਰ ਰੁਮਾਲ ਦੀ ਵਰਤੋਂ ਕਰਦੀ ਤਾਂ ਆਖਦੀਆਂ:

“ਮਾਰੀ ਸ਼ੋਕ ਦੀ ਹੱਥ ‘ਚ ਰੁਮਾਲ ਰੱਖਦੀ।”

ਗਿੱਧੇ ‘ਚ ਬੋਲੀ ਵੀ ਪਾਈ ਜਾਂਦੀ:

“ਦੱਸ ਕੀਹਦਾ ਕੱਢਾਂ ਰੁਮਾਲ ਮਾਏ ਮੇਰੀਏ ।”

ਵੀਰ ਦਾ ਸੰਬੰਧ ਵੀ ਹੈ ਰੁਮਾਲ ਨਾਲ:

“ਅੱਗੇ ਕਿੱਕਰਾਂ ਨੂੰ ਪੀਲ਼ੇ ਫੁੱਲ ਲਗਦੇ, ਹੁਣ ਕਿਉਂ ਲਗਦੇ ਲਾਲ।

ਵੀਰ ਮੇਰਾ ਸੁੱਤਾ ਪਿਆ ਮੂੰਹ ‘ਤੇ ਹਰਾ ਰੁਮਾਲ ।”

ਵੀਰ ਨੂੰ ਗਰਮੀ ‘ਚ ਆਇਆ ਵੇਖ ਭੈਣ ਕਹਿੰਦੀ ਆ:

“ਰੇਸ਼ਮੀ ਰੁਮਾਲ ਕੱਢ ਕੇ ਮੁੱਖ ਪੂੰਝਦੀ ਵੀਰਨਾ ਤੇਰਾ।”

ਜਿਨ੍ਹਾਂ ਦੇ ਸਿਰ ‘ਤੇ ਵਾਲ ਨਹੀਂ ਹਨ ਉਹ ਧਾਰਮਿਕ ਸਥਾਨ ‘ਤੇ ਥੋੜ੍ਹੇ ਵੱਡੇ ਰੁਮਾਲ ਨਾਲ ਆਪਣਾ ਸਿਰ ਢਕਦੇ ਹਨ। ਪਹਿਲੇ ਸਮਿਆਂ ‘ਚ ਜੋ ਕੁੜੀ ਦੇ ਸ਼ਗਨ ਵੇਲ਼ੇ ਨਿੱਕ ਸੁੱਕ ਮੁੰਡੇ ਵਾਲਿਆਂ ਨੂੰ ਭੇਜਿਆ ਜਾਂਦਾ ਸੀ ਉਹ ਥਾਲਾਂ ਵਿੱਚ ਪਾ ਕੇ ਤੇ ਉਹਨਾਂ ਥਾਲਾਂ ਨੂੰ ਵੰਨ- ਸੁਵੰਨੇ ਰੇਸ਼ਮੀ ਰੁਮਾਲਾਂ ਨਾਲ ਢਕਿਆ ਜਾਂਦਾ ਸੀ। ਘਰ ਦੀ ਬੈਠਕ ਵਿੱਚ ਕੰਸ ‘ਤੇ ਵੀ ਕੱਢਵੇਂ ਰੁਮਾਲ ਵਿਛਾਉਣ ਦਾ ਰਿਵਾਜ ਸੀ । ਹੁਣ ਰੁਮਾਲ ਕਰੋਸ਼ੀਏ ਨਾਲ ਵੀ ਬੁਣੇ ਜਾਂਦੇ ਨੇ ਵੱਡੇ ਵੱਡੇ।

ਜਦੋਂ ਪਿੰਡਾਂ ‘ਚ ਲੋਹੜੀ ਜਾਂ ਵਿਆਹ ਦੀ ਭਾਜੀ ਵੰਡੀ ਜਾਂਦੀ ਤਾਂ ਵੱਡੀਆਂ ਪਰਾਤਾਂ ਤੇ ਜ਼ਿਆਦਾਤਰ ਕਰੋਸ਼ੀਏ ਨਾਲ ਬੁਣੇ ਰੁਮਾਲ ਦਿੱਤੇ ਜਾਂਦੇ ਸੀ। ਧਰਤੀ ‘ਤੇ ਮੇਖਾਂ ਗੱਡ ਕੇ, ਤਾਣ ਕੇ ਬਹੁਤ ਸੋਹਣੇ ਰੁਮਾਲ ਬੁਣੇ ਜਾਂਦੇ ਸੀ । ਬਾਹਰਲੇ ਦੇਸ਼ਾਂ ਵਿੱਚ ਰੁਮਾਲਾਂ ਦੀ ਲੋੜ ਪੈਂਦੀ ਆ, ਜਦੋਂ ਵਿਆਹ ਹੁੰਦਾ, ਜਿਨਾਂ ਦੇ ਵਾਲ ਕੱਟੇ ਹੁੰਦੇ ਨੇ ਅਨੰਦ ਕਾਰਜ ਵੇਲ਼ੇ ਗੁਰੂ ਘਰ ਜਾਣ ਵੇਲ਼ੇ ਸਿਰ ਢੱਕਣਾ ਹੁੰਦਾ ਤਾਂ ਮੁੰਡੇ ਤੇ ਕੁੜੀ ਵਾਲ਼ੇ ਦੋ ਰੰਗ ਚੁਣ ਕੇ ਰੁਮਾਲ ਬਣਵਾਉਂਦੇ ਹਨ, ਨਹੀਂ ਤਾਂ ਉੱਥੇ ਰੁਮਾਲ ਦੀ ਵਰਤੋਂ ਘੱਟ ਈ ਹੁੰਦੀ ਆ। ਜੇ ਕੋਈ ਏਧਰੋਂ ਗਿਆ ਬਜ਼ੁਰਗ ਜਾਂ ਬੀਬੀ ਆਪਣੇ ਕੋਲ ਰੁਮਾਲ ਰੱਖਦੇ ਨੇ ਉਹਨਾਂ ਨੂੰ ਦੇਸੀ ਕਹਿ ਦਿੱਤਾ ਜਾਂਦਾ। ਰੁਮਾਲ ਸਾਡੇ ਅਮੀਰ ਪੰਜਾਬੀ ਸੱਭਿਆਚਾਰ ਦੀ ਇਕ ਸੋਹਣੀ ਵੰਨਗੀ ਆ ਪਰ ਦੁੱਖ ਦੀ ਗੱਲ ਆ ਸਾਡਾ ਵਿਰਸਾ ਸਾਥੋਂ ਵਿਸਰਦਾ ਜਾਂਦਾ। ਆਓ ਹੰਭਲਾ ਮਾਰੀਏ ਤੇ ਅਮੀਰ ਵਿਰਸੇ ਨੂੰ ਬਚਾਈਏ।

ਮੰਜੀ 

ਮੰਜੇ, ਮੰਜੀਆਂ ਕਈ ਘਰਾਂ ਵਿੱਚ ਤਾਂ ਅਜੇ ਵੀ ਹੋਣਗੇ ਪਰ ਬਹੁਤੇ ‘ਮੋਡਰਨ’ ਬਣ ਗਿਆ ਨੇ ਕਦੋਂ ਦੇ ਚੱਕ ਮਾਰੇ ਘਰਾਂ ‘ਚੋਂ। ਹਾਏ ਤ੍ਰਾਸਦੀ ਸਾਡੀ, ਸਾਡਾ ਸੱਭਿਅਚਾਰ ਵੀ ਮੌਡਰਨ ਬਣ ਗਿਆ ਪਰ ਕਿਉਂ ? ਬਹੁਤ ਹੌਲ ਪੈਂਦਾ ਸੋਚ ਕੇ ਅਸੀਂ ਕਿੱਧਰ ਨੂੰ ਤੁਰ ਪਏ, ਹੁਣ ਨਹੀਂ ਪਿੱਛੇ ਮੁੜਦੇ, ਮਾਡਰਨ ਪੁਣਾ ਜਿਹੜਾ ਸਾਡੇ ਸੱਭਿਅਚਾਰ ਨੂੰ ਢਾਹ ਲਾ ਰਿਹਾ। ਜਿਹੜੇ ਮੰਜੇ, ਮੰਜੀਆਂ ਅਸੀਂ ਘਰਾਂ ‘ਚੋਂ ਚਲਾ ਮਾਰੇ, ਹਵੇਲੀਆਂ ਵਿੱਚ ਜਾ ਕੇ ਉਹਨਾਂ ‘ਤੇ ਬੈਠ, ਬੈਠ ਫੋਟੋਆਂ ਖਿਚਵਾਉਂਦੇ ਹਾਂ, ਸਟੇਟਸ ਪਾਉਂਦੇ ਹਾਂ । ਬੇਨਤੀ ਆ ਉਹਨਾਂ ਵੱਡਿਆਂ-ਛੋਟਿਆਂ ਨੂੰ ਵਿਸਥਾਰਪੂਰਵਕ ਦੱਸਿਆ ਕਰੋ ਆਪਣੀਆਂ ਉਲਾਦਾਂ ਨੂੰ ਕਿ ਇਹ ਮੰਜੇ, ਮੰਜੀਆਂ, ਪੀੜ੍ਹੀਆਂ ਕਦੇ ਆਪਣੇ ਘਰਾਂ ਦਾ ਸ਼ਿੰਗਾਰ ਹੁੰਦੇ ਸੀ।

ਸਾਡੇ ਘਰ ਇਕ ਨਿੱਕੀ ਮੰਜੀ ਹੁੰਦੀ ਸੀ ਅਸੀਂ ਇਹਦੇ ‘ਤੇ ਸੌਣ ਪਿੱਛੇ ਲੜ ਪੈਂਦੇ ਸੀ। ਬੇਜੀ (ਦਾਦੀ ਜੀ) ਤੇ ਬੀਜੀ (ਮਾਤਾ) ਨੇ ਦੋ ਸਾਲ ਮਗਰੋਂ ਉਦੇੜ ਕੇ ਸੂਤ ਰੰਗ ਕੇ ਫੁੱਲ ਬੂਟੀਆਂ ਪਾ ਕੇ ਨਵੀਂ ਬੁਣ ਦੇਣੀ। ਸੱਚੀਂ ਚਾਅ ਨਹੀਂ ਸੀ ਚੁੱਕਿਆ ਜਾਂਦਾ ਜਦੋਂ ਮੰਜੀ ਬੁਣ ਹੋ ਰਹੀ ਹੁੰਦੀ। ਬੇਜੀ ਨੇ ਮੰਜੀ ਉੱਪਰ ਪੈਣ ਦੀ ਸਾਡੀ ਤਿੰਨਾਂ ਭਰਾ- ਭੈਣਾਂ ਦੀ ਵਾਰੀ ਬੰਨ੍ਹ ਦੇਣੀ। ਬੇਜੀ ਦੇ ਜਾਣ ਤੋਂ ਬਾਅਦ ਬੀਜੀ ਬੁਣਦੇ ਸੀ ਪਰ ਹੁਣ ਕੀਹਨੇ ਬੁਣਨੀ ਆਂ? ਆਪਣੇ ਵੱਲੋਂ ਮੈਂ ਮੰਜੀ ਨੂੰ ਸਾਂਭ ਸਾਂਭ ਰੱਖਦੀ ਹਾਂ, ਧੁੱਪ, ਮੀਂਹ ਕਣੀ ਤੋਂ ਬਚਾ ਕੇ ਰੱਖਦੀ ਹਾਂ।

ਸਵੇਰੇ ਸ਼ਾਮ ਮੰਜੀ ‘ਤੇ ਬਹਿ ਕੇ ਚਾਹ ਪੀਦੀਂ ਹਾਂ ਤੇ ਯਾਦਾਂ ਨੂੰ ਤਾਜ਼ਾ ਕਰ ਲੈਂਦੀ ਹਾਂ ਇੰਝ ਲੱਗਦਾ ਜਿਵੇਂ ਸਾਡੇ ਤਿੰਨਾਂ ਭੈਣ ਭਰਾਵਾਂ ਤੇ ਅੱਗੋਂ ਭਤੀਜਾ, ਭਤੀਜੀ ਦੇ ਪਾਲਣ ਪੋਸ਼ਣ ਵਿੱਚ ਇਹ ਮੰਜੀ ਦਾ ਵੀ ਯੋਗਦਾਨ ਆਂ।

ਇਕ ਲੋਕ ਗੀਤ, ਜੋ ਅਸੀਂ ਦੋਵੇਂ ਭੈਣਾਂ ਨਿੱਕੀਆ ਹੁੰਦੀਆਂ ਮੰਜੀ ‘ਤੇ ਪੈ ਕੇ ਅਕਸਰ ਗਾਉਂਦੀਆਂ ਸੀ:

“ਨੀ ਇਹ ਰੋਡਾ-ਭੋਡਾ ਕੌਣ, ਭਾਬੀ ਦੀਵਾ ਜਗਾ। 

ਮੇਰੀ ਮੰਜੀ ਥੱਲੇ ਕੌਣ, ਭਾਬੀ ਦੀਵਾ ਜਗਾ।”

ਸੂਤ ਦਾ ਮੰਜਾ

ਸੂਤ ਦਾ ਮੰਜਾ ਬੁਣਨਾ ਵੀ ਕਮਾਲ ਦੀ ਕਲਾਕਾਰੀ ਆ, ਕਦੇ ਭਲੇ ਵੇਲਿਆਂ ‘ਚ ਸੂਤ ਦੇ ਮੰਜੇ ਦੀ ਘਰ ‘ਚ ਬਹੁਤ ਕਦਰ ਸੀ। ਜਿਹੜੇ ਆ ਡਬਲ ਬੈਂਡ ਆ ਗਏ ਇਹਨਾਂ ਨੇ ਸੂਤ ਦੇ ਮੰਜਿਆਂ ਦੀ ਕਦਰ ਮਾਰ ਦਿੱਤੀ, ਇਕ ਵਾਰ ਤਾਂ ਜਾਣੀ ਸਭ ਨੇ ਘਰੋਂ ਕੱਢ ਕੇ ਸਾਹ ਲਿਆ ਪਰ ਇਹ ਘਰ ਦਾ ਸ਼ਿੰਗਾਰ ਨੇ, ਰੰਗ-ਬਰੰਗੇ ਸੋਹਣੇ ਫੁੱਲ ਬੂਟਿਆਂ ਨਾਲ ਭਰੇ ਪਏ ਖੜ੍ਹੇ ਈ ਬਹੁਤ ਸੋਹਣੇ ਲਗਦੇ ਨੇ।

ਮੈਨੂੰ ਯਾਦ ਆ ਸਾਡੀ ਮਾਂ ਨੇ ਕਹਿਣਾ ਐਂਤਕੀ ਫੁੱਲ ਬੱਲੀ ਦਾ ਮੰਜਾ ਬੁਣਨਾ ਰੂਤ ਦਾ । ਬਾਪੂ ਨਾਲ ਬਹਿਸ ਕਰਕੇ ਉਹਨੇ ਖਾਸੀ ਕਪਾਹ ਰਖਵਾ ਲੈਣੀ, ਸੂਤ ਤਿਆਰ ਕਰਨਾ, ਕੱਤਣਾ ਦੋ, ਤਿੰਨ ਲੜਿਆਂ ਤੋਂ ਇਕ ਕਰਨਾ । ਫੇਰ ਘਰੇ ਈ ਰੰਗਣਾ, ਰੰਗ ਕੇ ਸੁਕਾਉਣਾ, ਗੋਲ਼ੇ ਕਰਨੇ, ਮੇਲਣਾ ਫੇਰ ਕਿਤੇ ਜਾ ਕੇ ਮੰਜੇ ਦਾ ਸੂਤ ਤਿਆਰ ਹੋਣਾ, ਪਾਪਾ ਹੋਨਾਂ ਨੇ ਵੀ ਵਿੱਚ ਮੱਦਦ ਕਰਨੀ ਜਿਵੇਂ ਮੱਲ ਪਾਉਣਾ। ਮੰਜੇ ਦਾ ਤਾਣਾ ਤਣਨਾ ਸਾਨੂੰ ਵੀ ਕਦੇ ਤਣਨ ਵੇਲ਼ੇ ਨਾਲ ਲਾ ਲੈਣਾ । ਜੇ ਸਹੀ ਨਾ ਕਰਨਾ ਤਾਂ ਮਾਂ ਨੇ ਗੁੱਸੇ ‘ਚ ਕਹਿਣਾ ਜਾਓ ਮੈਂ ਆਪੇ ਕਰ ਲੂੰ, ਮੈਨੂੰ ਈ ਇਕੱਲੀ ਨੂੰ ਚਾਹੀਦੇ ਨੇ । ਸਾਡੀ ਮਾਂ ਇਹੋ ਜਿਹੇ ਕੰਮ ਜ਼ਿਆਦਾ ਗਰਮੀ ‘ਚ ਕਰਦੇ ਸੀ, ਦਿਨ ਵੱਡੇ ਹੁੰਦੇ ਨੇ, ਘਰ ਦਾ ਕੰਮ, ਕਈ ਵਾਰ ਖੇਤ ਰੋਟੀ ਵੀ ਦੇਣ ਜਾਣਾ ਪਰ ਮੰਜਾ ਬੁਣਨ ਦੀ ਝੁਟੀ ਵੀ ਲਾ ਦੇਣੀ। ਸੂਤ ਦਾ ਮੰਜਾ ਬੁਣਨ ਨੂੰ ਕੁੰਡੀਆਂ, ਪੰਜੇ ਦੀ ਲੋੜ ਪੈਂਦੀ, ਇਹ ਸਭ ਚੀਜ਼ਾਂ ਮਾਂ ਨੇ ਸਾਂਭ ਸਾਂਭ ਰੱਖਣੀਆਂ। ਮੰਜੇ ਤੇ ਫੱਟਾ ਰੱਖਣਾ ਫੱਟੇ ਉੱਤੇ ਬਹਿ ਕੇ ਬੁਣਨਾ ਕਿੰਨਾ ਔਖਾ ਸੀ, ਹੁਣ ਤਾਂ ਕਮਰਾ ਉਈਂ ਨੀ ਸਿੱਧੀਆਂ ਰਹਿੰਦੀਆਂ, ਨੀਵੀਂ ਪਾ ਕੇ ਬੁਣਨਾ ਹੁਣ ਸਰਵਾਈਕਲ ਮੂਹਰੇ ਆ ਖੜ੍ਹਦਾ, ਬੁਣਲਾਂਗੇ ਅਸੀਂ ਮੰਜੇ ! ਜਦੋਂ ਮੰਜਾ ਬੁਣਨ ਤੋਂ ਥੋੜ੍ਹਾ ਜਿਹਾ ਰਹਿ ਜਾਂਦਾ ਸੀ ਉਦੋਂ ਬਹੁਤ ਔਖਾ ਸੀ ਧਾਗਾ ਲੰਘਾਉਣਾ, ਸੱਚੀਂ ਮਾਂ ਨੇ ਕਹਿਣਾ ਹੱਥ ਉਦੜਗੇ ਪਰ ਉਹ ਕਿੱਥੇ ਇਹਨਾਂ ਗੱਲਾਂ ਦੀ ਪਰਵਾਹ ਕਰਦੀਆਂ ਸੀ। ਮੰਜਾ ਬੁਣਿਆ ਜਾਣਾ ਚਾਅ ਨਾ ਚੁੱਕਿਆ ਜਾਣਾ, ਬਾਪੂ ਨਾਲ ਫੇਰ ਬਹਿਸ, ਛੇਤੀ ਦੌਣ ਪਾਓ ਮੰਜਾ ਮੈਲਾ ਹੁੰਦਾ ਮੈਂ ਕੱਪੜਾ ਲਾਵਾਂ । ਰੀਝ ਨਾਲ ਕੱਪੜਾ ਲਾਉਣਾ। ਮੇਰੇ ਵਰਗੇ ਨੇ ਕਈ ਵਾਰ ਕੱਪੜੇ ਤੋਪੇ, ਨਗੰਦੇ ਉਂਗਲ ਪਾ ਕੇ ਤੋੜ ਦੇਣੇ, ਛਿੱਤਰ ਵੀ ਖਾ ਲੈਣੇ । ਹਰ ਸਾਲ ਮਾਂ ਨੇ ਜ਼ਰੂਰ ਇਕ ਮੰਜਾ ਨਵੇਂ ਸੂਤ ਦਾ ਤੇ ਕਈ ਵਾਰ ਪਹਿਲੇ ਬੁਣਿਆ ‘ਚੋਂ ਦੁਬਾਰਾ ਸੂਤ ਰੰਗ ਕੇ ਜਾਣੀ, ਰਿਪੇਅਰ ਕਰਨੀ।

ਧੰਨ ਸੀ ਸਾਡੀਆਂ ਮਾਂਵਾਂ । ਬਹੁਤ ਕਦਰ ਸੀ ਸੂਤ ਦੇ ਮੰਜੇ ਦੀ ਸੱਚੀਂ ਘਰਾਂ ‘ਚ ਜੇ ਕਿਤੇ ਪਾਣੀ ਡੁੱਲ ਜਾਣਾ ਮਾਂ ਨੇ ਕਹਿਣਾ ਥੋਨੂੰ ਪਤਾ ਕਿੰਨੇ ਔਖੇ ਬਣਦੇ ਨੇ, ਸੂਤ ਬਚ ਜਾਣਾ ਪੀੜ੍ਹੀ ਬੁਣ ਦੇਣੀ, ਨਵੀਂ ਪੀੜ੍ਹੀ ਪਿੱਛੇ ਰੌਲ਼ਾ ਪੈਣਾ, ਇਹ ਮੈਂ ਲੈਣੀ ਆਂ, , ਸਾਡੀ ਮਾਂ ਨੇ ਸਾਡੇ ਤਿੰਨਾਂ ਲਈ ਪੀੜ੍ਹੀਆਂ ਬਣਾਈਆਂ ਹੋਈਆਂ ਸੀ। ਵੀਰੇ ਦੀ ਵੱਡੀ, ਮੇਰੀ ਪੀੜ੍ਹੀ ਵੀਰੇ ਦੀ ਪੀੜ੍ਹੀ ਤੋਂ ਥੋੜ੍ਹੀ ਛੋਟੀ, ਸਾਡੇ ਛੋਟੇ ਲਾਣੇਦਾਰ (ਛੋਟੀ ਭੈਣ) ਦੀ ਪੀੜ੍ਹੀ ਮੇਰੀ ਵਾਲ਼ੀ ਨਾਲ਼ੋਂ ਥੋੜ੍ਹੀ ਛੋਟੀ, ਸੋਹਣਾ ਹਿਸਾਬ ਕਿਤਾਬ ਸੀ। ਤਰਾਸਦੀ ਤਾਂ ਇਹ ਆ ਕਿ ਘਰਾਂ ‘ਚੋਂ ਇਕ ਵਾਰੀ ਤਾਂ ਮੰਜੇ ਕੱਢ ਮਾਰੇ ਪਰ ਹਵੇਲੀਆਂ ‘ਚ ਜਾ ਕੇ ਉਸੇ ਮੰਜਿਆਂ ‘ਤੇ ਨਿਆਣਿਆਂ ਨੂੰ ਬਿਠਾ ਬਿਠਾ ਆਪ ਬੈਠ ਫੋਟੋਆਂ ਖਿੱਚਦੇ ਹਾਂ, ਨਾਲ ਦੱਸ ਵੀ ਦਿਆ ਕਰੋ ਕਿ ਇਹ ਆਪਣੇ ਘਰਾਂ ‘ਚ ਵੀ ਹੁੰਦੇ ਸੀ। ਹੁਣ ਤਾਂ ਫੇਰ ਕੁਝ ਫਰਕ ਪੈਂਦਾ ਜਾਂਦਾ, ਖ਼ੁਸ਼ੀ ਹੁੰਦੀ ਆ ਮੈਨੂੰ ਜਦੋਂ ਮੈਂ ਕਿਸੇ ਰਿਸ਼ਤੇਦਾਰ ਦੇ ਘਰ ਸੂਤ ਦਾ ਮੰਜਾ ਵੇਖਦੀ ਹਾਂ ਪਰ ਉਹ ਵਿਚਾਰਾ ਖੜ੍ਹਾ ਈ ਹੁੰਦਾ ਕਦੇ ਕਦਾਈਂ ਡਾਹ ਲਿਆ ਕਰੋ।

ਆਓ ਆਪਾਂ ਵੀ ਇਹਨਾਂ ਕਲਾ ਕਿਰਤਾਂ ਨੂੰ ਨਾ ਵਿਸਾਰੀਏ, ਸਾਂਭ ਕੇ ਰੱਖੀਏ, ਮੁੜ ਘਰਾਂ ਦਾ ਸ਼ਿੰਗਾਰ ਬਣਾਈਏ। 

ਨਲਕਾ

ਜਦੋਂ ਵੀ ਮੈਂ ਘਰ ਦਾ ਮੋੜ ਮੁੜਦੀ, ਤਾਂ ਮੈਨੂੰ ਇੰਝ ਲਗਦਾ ਜਿਵੇਂ ਨਲਕਾ ਕੁਝ ਕਹਿ ਰਿਹਾ ਹੋਵੇ ਪਰ ਮੈਂ ਨਲਕੇ ਵੱਲ ਝਾਕ ਕੇ ਲੰਘ ਜਾਣਾ । ਘਰ ਜਾਂਦੀ ਤੱਕ ਕਾਫ਼ੀ ਚਿਰ ਤੱਕ ਸੋਚਣਾ। ਜਦੋਂ ਘਰ ਘਰ ਨਲਕੇ ਹੁੰਦੇ ਸੀ, ਕਿੰਨੀ ਕਦਰ ਸੀ ਨਲਕੇ ਦੀ। ਕਈ ਦਾਨੀ, ਭਲੇ ਲੋਕ ਰਸਤਿਆਂ ‘ਚ ਕਿਸੇ ਵੱਡੇ ਦਰੱਖਤ ਹੇਠ ਨਲਕਾ ਲਵਾ ਦਿੰਦੇ, ਉਹਦਾ ਵੱਡਾ ਫਾਇਦਾ ਆਉਂਦੇ ਜਾਂਦੇ ਰਾਹੀਆਂ ਨੂੰ ਹੁੰਦਾ, ਗਰਮੀਆਂ ‘ਚ ਨਾਲ਼ੇ ਰਾਹੀ ਪਾਣੀ ਪੀ ਲੈਂਦਾ ਤੇ ਨਾਲ਼ੇ ਅਰਾਮ ਕਰ ਲੈਂਦਾ। ਕਈਆਂ ਨੇ ਹਲਟੀ ਵੀ ਲਵਾ ਦੇਣੀ। ਸਾਰਾ ਪਿੰਡ ਉਸ ਹਲਟੀ ’ਤੇ ਪਸ਼ੂਆਂ ਨੂੰ ਪਾਣੀ ਪਿਲਾਉਂਦਾ, ਨਲਾਉਂਦਾ, ਬੀਬੀਆਂ ਕੱਪੜੇ ਧੋ ਲਿਆਉਂਦੀਆਂ, ਉਦੋਂ ਸਮੇਂ ਚੰਗੇ ਸੀ ਭਾਈ, ਧੀਆਂ, ਨੂੰਹਾਂ ਨੂੰ ਸਾਰੇ ਅਪਣੱਤ ਨਾਲ ਵੇਖਦੇ ਸਨ। ਅੱਜ ਵਾਂਗੂੰ ਮੇਰ-ਤੇਰ ਭੋਰਾ ਨਹੀਂ ਸੀ। ਗੱਲ ਨਲਕੇ ਦੀ ਕਰੀਏ, ਨਲਕੇ ਦੀ ਪੂਰੀ ਪ੍ਰਧਾਨਤਾ ਹੁੰਦੀ ਸੀ ਘਰ ਵਿੱਚ, ਖਵਾਜਾ ਮੰਨਿਆ ਜਾਂਦਾ ਸੀ। ਜੇ ਕਿਤੇ ਨਲਕੇ ਦੀ ਬੋਕੀ ਖਰਾਬ ਹੋ ਜਾਣੀ, ਨ੍ਹੇਰੀ ਆ ਜਾਂਦੀ ਸੀ ਬਈ ਪਾਣੀ ਕਿੱਥੋਂ ਆਉ ? ਜ਼ਿਆਦਾਤਰ ਨਲਕੇ ਦੀ ਬੋਕੀ ਜਾਂ ਬਾਲ ਈ ਖ਼ਰਾਬ ਹੁੰਦਾ ਸੀ। ਜਦੋਂ ਪੰਜਾਬ ‘ਚ ਨਸ਼ਿਆਂ ਦਾ ਦੌਰ ਆਇਆ ਤਾਂ ਨਸ਼ੇੜੀ ਅਤੇ ਚੋਰ ਨਲਕੇ ਦੀ ਡੰਡੀ (ਹੱਥੀ) ਤੱਕ ਲਾਹਕੇ ਲਿਜਾਣ ਲੱਗ ਪਏ ।

ਫੇਰ ਨਲਕਿਆਂ ‘ਤੇ ਮੋਟਰਾਂ ਲੱਗ ਗਈਆਂ, ਜੀਹਦੇ ਘਰ ਨਲਕੇ ‘ਤੇ ਮੋਟਰ ਹੁੰਦੀ ਸੀ ਉਹ ਆਪਣੇ ਆਪ ਨੂੰ ਬਿਰਲਾ, ਟਾਟਾ ਹੀ ਸਮਝਦਾ ਸੀ। ਇਸ ਬਾਰੇ ਇਕ ਗੀਤ ਵੀ ਬਹੁਤ ਮਸ਼ਹੂਰ ਹੋਇਆ ਸੀ:

“ਹੁਣ ਮੇਰੇ ਬਾਪੂ ਨੇ ਘਰ ਨਲਕੇ ‘ਤੇ ਮੋਟਰ ਲਾ ਲਈ।”

ਸਮੇਂ ਦੇ ਬਦਲਾਅ ਨਾਲ ਹੁਣ ਸਬਮਰਸੀਬਲ ਆ ਗਏ। ਨਲਕਿਆਂ ਦੀ ਜਗ੍ਹਾ ਰਸਤਿਆਂ ‘ਚ ਧਾਰਮਿਕ ਸਥਾਨਾਂ ‘ਤੇ ਵਾਟਰ ਕੂਲਰ ਰੱਖ ਦਿੱਤੇ ਪਰ ਤਰਾਸਦੀ ਆ ਗਲਾਸ ਨੂੰ ਚੋਰੀ ਹੋਣ ਤੋਂ ਰੋਕਣ ਲਈ ਸੰਗਲੀ ਪਵਾ ਦਿੱਤੀ। ਸ਼ਾਬਾਸ਼ੇ ਦੇ ਹੱਕਦਾਰ ਹਾਂ! ਨਹੀਂ ਰੀਸਾਂ! ਠੀਕ ਆ ਤਰੱਕੀ ਕਰੀਏ ਪਰ ਏਨੀ ਵੀ ਨਹੀਂ ਕਿ ਪੁਰਖਿਆਂ ਨੂੰ ਹੀ ਭੁੱਲ ਜਾਈਏ, ਨਲਕਾ ਵੀ ਪੁਰਖਿਆਂ ’ਚ ਈ ਆਉਂਦਾ, ਆਪਣੇ ਵੱਡੇ, ਨਲਕੇ, ਖੂਹਾਂ ਨੂੰ ਖਵਾਜਾ ਕਹਿੰਦੇ ਸੀ ਬੋਰ ਭਾਵੇਂ ਖੂਹ ਦਾ, ਨਲਕੇ ਦਾ ਤੇ ਭਾਵੇਂ ਮੋਟਰ ਦਾ ਕੀਤਾ ਜਾਂਦਾ ਸੀ ਤਾਂ ਚਲਾਉਣ ਵੇਲ਼ੇ ਚੌਲਾਂ ਦੀ ਕੜਾਹੀ ਕੀਤੀ ਜਾਂਦੀ ਸੀ। ਸਾਰਿਆ ਨੂੰ ਮੱਥਾ ਟੇਕ ਕੇ ਉਹ ਮਿੱਠੇ ਚੌਲ ਪ੍ਰਸ਼ਾਦ ਸਮਝ ਕੇ ਛਕਣੇ। ਆਂਢ-ਗੁਆਂਢ ਵੀ ਵੰਡਣੇ। ਭਾਈ ਨਲਕਿਆ, ਖਵਾਜਿਆ ਹੁਣ ਤਾਂ ਅੱਗਾ ਦੌੜ ਪਿੱਛਾ ਚੌੜ ਆ। ਹਉਕਾ ਨਾ ਕਰ ਸਭ ਦੇ ਦਿਨ ਫਿਰਦੇ ਨੇ। ਕੀ ਪਤਾ… ? ਪਾਣੀ ਦਿਨੋਂ ਦਿਨ ਖ਼ਤਮ ਹੋ ਰਿਹਾ। ਮਹਿੰਗਾਈ ਵੱਧ ਰਹੀ ਹੈ, ਲਗਦਾ ਉਹ ਦਿਨ ਦੂਰ ਨਹੀਂ ਤੇਰੀ ਕਦਰ ਫੇਰ ਪਵੇਗੀ। ਸੋ, ਬੇਨਤੀ ਆ ਜਿਨ੍ਹਾਂ ਦੇ ਘਰ ਅਜੇ ਵੀ ਨਲਕੇ ਹੈਗੇ ਆ ਉਹਨੂੰ ਗੇੜ ਲਿਆ ਕਰੋ ਉਹ ਚਲਦਾ ਰਹੇਗਾ, ਨਲਕਾ ਗੇੜਨਾ ਬਾਹਾਂ ਮੋਢਿਆਂ ਦੀ ਚੰਗੀ ਕਸਰਤ ਵੀ ਆ। ਆਓ ਪੁਰਖਿਆਂ ਦੇ ਪੂਰਨਿਆਂ ‘ਤੇ ਚੱਲਣ ਦੀ ਕੋਸ਼ਿਸ਼ ਕਰੀਏ।

ਟੋਕਰੇ, ਟੋਕਰੀਆਂ, ਛਾਬੇ

ਪੰਜਾਬ ਵਿੱਚ ਤੂਤ ਦਾ ਦਰੱਖ਼ਤ ਕਾਫ਼ੀ ਘਟ ਗਿਆ ਹੈ। ਬਹੁਤਿਆਂ ਨੂੰ ਯਾਦ ਹੋਵੇਗਾ ਕਿ ਤੂਤਾਂ ਨੂੰ ਛਾਂਗ ਕੇ ਉਹਨਾਂ ਦੀਆਂ ਛਿਟੀਆਂ ਸਾਫ਼ ਕਰਕੇ ਟੋਕਰੇ, ਟੋਕਰੀਆਂ ਤੇ ਛਾਬੇ ਬਣਾਏ ਜਾਂਦੇ ਸੀ । ਮੈਨੂੰ ਯਾਦ ਹੈ ਮੇਰੇ ਦਾਦਾ ਜੀ ਟੋਕਰੇ ਬਣਾਉਣ ਵਾਲ਼ੇ (ਬੌਰੀਏ) ਨੂੰ ਘਰ ਬੁਲਾ ਕੇ ਟੋਕਰੇ ਬਣਵਾਉਂਦੇ ਸਨ। ਸਾਡੇ ਤੂਤ ਵੀ ਬਹੁਤ ਜ਼ਿਆਦਾ ਹੁੰਦੇ ਸੀ। ਟੋਕਰੇ ਸਿਰਫ਼ ਤੂਤ ਦੇ ਹੀ ਬਣਾਏ ਜਾਂਦੇ ਨੇ ਕਿਉਂਕਿ ਤੂਤ ਦਾ ਦਰੱਖ਼ਤ ਲਚਕਦਾਰ ਹੈ।

ਇਹ ਟੋਕਰੇ ਸਾਡੀ ਪੇਂਡੂ ਵਿਰਾਸਤ ਦਾ ਸ਼ੁਰੂ ਤੋਂ ਹੀ ਹਿੱਸਾ ਹਨ। ਸਾਡੇ ਘਰਾਂ ਵਿੱਚ ਪਸ਼ੂਆਂ ਨੂੰ ਪੱਠੇ ਪਾਉਣਾ, ਰੂੜੀ ਵਾਲ਼ੀ ਖਾਦ ਢੋਹਣੀ, ਪਾਥੀਆਂ ਢੋਹਣਾ ਤੇ ਘਰ ਵਿਚ ਵਾਧੂ ਲੱਸਣ, ਪਿਆਜ ਤੇ ਆਲੂ ਰੱਖਣ ਲਈ ਵੀ ਇਹ ਟੋਕਰੇ ਟੋਕਰੀਆਂ ਵਰਤੇ ਜਾਂਦੇ ਸੀ। ਟੋਕਰੇ ਦਾ ਸਭ ਤੋਂ ਛੋਟਾ ਰੂਪ ‘ਛਾਬਾ’ ਹੈ। ਛਾਬੇ ਨੂੰ ਪੇਂਡੂ ਸੁਆਣੀਆਂ ਰੋਟੀ-ਟੁੱਕ ਸਾਂਭਣ ਲਈ ਵਰਤਦੀਆਂ ਸਨ । ਟੋਕਰੇ ਦੇ ਇਕ ਹੋਰ ਛੋਟੇ ਆਕਾਰ ਨੂੰ ‘ਟੋਕਰ’ ਵੀ ਕਿਹਾ ਜਾਂਦਾ ਹੈ ਜੋ ਨਿੱਕੇ-ਮੋਟੇ ਸਮਾਨ ਅਤੇ ਭਾਂਡੇ ਆਦਿ ਸੰਭਾਲਣ ਦੇ ਕੰਮ ਆਉਂਦਾ ਹੈ। ਕੁਝ ਬੋਲੀਆਂ ਅਤੇ ਗੀਤਾਂ ਵਿੱਚ ਵੀ ਟੋਕਰੇ ਦਾ ਵਰਨਣ ਹੈ:

“ਆ ਵੇ ਨਾਜਰਾ, ਬਹਿ ਵੇ ਨਾਜਰਾ, ਕਿੱਥੇ ਨੇ ਤੇਰੇ ਘਰ ਵੇ।

 ਬੋਤੇ ਤੇਰੇ ਨੂੰ ਘਾਹ ਦਾ ਟੋਕਰਾ, ਤੈਨੂੰ ਦੋ ਪ੍ਰਸ਼ਾਦੇ ।

 ਗਿੱਧੇ ਵਿੱਚ ਨੱਚਦੀ ਦੀ, ਧਮਕ ਪਵੇ ਦਰਵਾਜ਼ੇ।”

“ਰਾਹ ਦੇ ਵਿੱਚ ਬੈਠੀ ‘ਹੋਣੀ’ ਬੋਲੀ ਜਾਣਕੇ, 

ਦੁੱਲਿਆ ਵੇ ਟੋਕਰਾ ਚਕਾਈਂ ਆਣਕੇ। 

ਟੋਕਰੇ ‘ਚ ਭਾਰ ਨਹੀਓਂ ਹੈਗਾ ਸੱਖਣਾ, 

ਚੱਕ ਨਹੀਓਂ ਹੁੰਦਾ ਵੇ ਚੁਕਾਦੇ ਮੱਖਣਾ। 

ਜੱਗ ਉੱਤੋਂ ਜਾਵੇਗਾ ਜਵਾਨੀ ਮਾਣਕੇ, 

ਦੁੱਲਿਆ ਵੇ ਟੋਕਰਾ ਚਕਾਈਂ ਆਣਕੇ।”

ਮੈਂ ਵੇਖਿਆ ਬਹੁਤ ਘਰਾਂ ‘ਚ ਰੱਸੀਆਂ ਪਾ ਕੇ ਵਰਾਂਡੇ ‘ਚ ਟੋਕਰਾ ਲਮਕਾ ਕੇ ਉਸ ਵਿੱਚ ਵਰਤੋਂ ਵਾਲੀਆਂ ਵਸਤੂਆਂ ਰੱਖੀਆਂ ਜਾਂਦੀਆਂ ਸੀ। ਅੱਗੇ ਵਿਆਹਾਂ ਵਿੱਚ ਜਦੋਂ ਹਲਵਾਈ ਲਗਦਾ ਤਾਂ ਉਹ ਆਉਣ ਸਾਰ ਟੋਕਰਿਆਂ ਦੀ ਮੰਗ ਕਰਦਾ, ਖੁਰਮੇ-ਪਕੌੜੀਆਂ, ਮੱਠੀਆਂ, ਪਕੌੜੇ ਤੇ ਹੋਰ ਮਠਿਆਈ ਪਾਉਣ ਲਈ ਵਿੱਚ ਅਖ਼ਬਾਰ ਵਿਛਾ ਲਏ ਜਾਂਦੇ ਸੀ।

ਅੱਜ ਕੱਲ੍ਹ ਸਮਾਂ ਬਦਲਣ ਨਾਲ ਇਹ ਜਗ੍ਹਾ ਕਰੇਟਾਂ ਨੇ ਲੈ ਲਈ ਹੈ ਤੇ ਤੂਤ ਦੇ ਟੋਕਰਿਆਂ ਦੀ ਕਦਰ ਘੱਟ ਗਈ ਹੈ। ਪਿੰਡਾਂ ਵਿੱਚ ਤਾਂ ਸਾਗ ਧੋ ਸੰਵਾਰ ਕੇ ਟੋਕਰੀ ਵਿੱਚ ਈ ਰੱਖਿਆ ਜਾਂਦਾ ਸੀ। ਭਾਂਡੇ ਮਾਂਜ ਕੇ ਧੋ ਕੇ ਟੋਕਰੀ ਵਿੱਚ ਰੱਖਦੇ ਸਾਂ ਪਰ ਹੁਣ ਘਰ ਘਰ ਵਿੱਚ ਪਲਾਸਟਿਕ ਦੀਆਂ ਵੰਨ-ਸੁਵੰਨੀਆਂ ਟੋਕਰੀਆਂ ਤੇ ਕਰੇਟ ਆ ਗਏ। ਖ਼ਾਲੀ ਟੋਕਰੇ ਨੂੰ ਬਦਸ਼ਗਨੀ ਵੀ ਸਮਝਿਆ ਜਾਂਦਾ, ਜੇ ਕੋਈ ਔਰਤ ਰਸਤੇ ‘ਚ ਕਿਸੇ ਨੂੰ ਖ਼ਾਲੀ ਟੋਕਰਾ ਲਈ ਆਉਂਦੀ ਮਿਲ ਪਵੇ ਤਾਂ ਖ਼ਾਲੀ ਟੋਕਰੇ ਨੂੰ ਅਸ਼ੁੱਭ-ਸ਼ਗਨ ਮੰਨਿਆ ਜਾਂਦਾ ਹੈ ਜੇ ਭਰੇ ਟੋਕਰੇ ਵਾਲ਼ੀ ਟੱਕਰੇ ਫੇਰ ਸ਼ੁੱਭ-ਸ਼ਗਨ।

ਹੱਥੀਂ ਟੋਕਰੇ ਬਣਾਉਣੇ ਸੌਖੇ ਨਹੀਂ, ਪਹਿਲਾਂ ਤੂਤ ਦੀਆਂ ਛਟੀਆਂ ਨੂੰ ਦਾਤ ਨਾਲ ਦੋਫਾੜ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਹੇਠਾਂ ‘ਬੇਸ’ ਬਣਾਇਆ ਜਾਂਦਾ ਹੈ, ਫੇਰ ਵਿੱਚ ਲਚਕਦਾਰ, ਨਰਮ ਅਤੇ ਪਤਲੀਆਂ ਛਟੀਆਂ ਪਰੋਈਆਂ ਜਾਂਦੀਆਂ ਹਨ ਤੇ ਬਣਾਉਣ ਵਾਲ਼ਾ ਵੀ ਨਾਲ਼ੋਂ ਨਾਲ ਘੁੰਮਦਾ ਰਹਿੰਦਾ ਹੈ ਅਤੇ ਗੋਲ਼ਾਈ ਦਿੰਦੇ ਹੋਏ ਉੱਪਰ ਜਾ ਕੇ ਮੋਟੀਆਂ ਛਟੀਆਂ ਦੀ ਵਾਂਡ ਬਣਾਈ ਜਾਂਦੀ ਹੈ ਤਾਂ ਜੋ ਟੋਕਰੀ, ਟੋਕਰਾ ਮਜ਼ਬੂਤ ਅਤੇ ਹੰਢਣਸਾਰ ਬਣੇ। ਹੱਥਾਂ ‘ਤੇ ਜ਼ਖ਼ਮ ਵੀ ਹੋ ਜਾਂਦੇ ਨੇ ਬਹੁਤ ਮਿਹਨਤ ਆਉਂਦੀ ਹੈ ਤੂਤ ਦੇ ਟੋਕਰੇ ਬਣਾਉਣ ‘ਤੇ। ਮੇਰੇ ਇਲਾਕੇ ‘ਚ ਪਿੰਡ ਹੇਡੋਂ ਤੋਂ ਸੋਹਣਾ ਤੇ ਜਸਵੀਰ ਸਿੰਘ ਅਤੇ ਦਿਆਲਪੁਰੇ ਪਿੰਡ ‘ਚੋਂ ਲਾਡੀ ਤੇ ਬੱਬੂ ਅਜੇ ਵੀ ਟੋਕਰੇ ਬਣਾਉਣ ਦਾ ਕੰਮ ਕਰਦੇ ਹਨ ਉਹਨਾਂ ਦਾ ਹੱਥ ਬਹੁਤ ਸਾਫ਼ ਹੈ। ਕੁਝ ਦਿਨ ਪਹਿਲਾਂ ਮੈਂ ਕਿਤੇ ਜਾ ਰਹੀ ਸੀ ਤਾਂ ਉਹ ਨਵੇਂ ਬਣੇ ਹਾਈਵੇ ਦੇ ਪੁਲ ਹੇਠਾਂ ਟੋਕਰੇ ਬਣਾ ਰਹੇ ਸੀ ਉਹਨਾਂ ਕੋਲ਼ ਰੁਕ ਕੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਬਹੁਤ ਮਿਹਨਤ ਵਾਲਾ ਕੰਮ ਆਂ ਅਤੇ ਇਹ ਇਕ ਕਲਾ ਵੀ ਹੈ। ਇਸ ਕਲਾ ਦੀ ਕੀਮਤ ਸਿਰਫ਼ ਸੌ, ਡੇਢ ਸੌ ਰੁਪਏ ਹੀ ਹੈ । ਸੋ ਆਓ ਸਾਰੇ ਬਾਕੀ ਰੁੱਖਾਂ ਵਾਂਗ ਤੂਤ ਵੀ ਉਗਾਈਏ ਤੇ ਇਸ ਕਲਾ ਨੂੰ ਖ਼ਤਮ ਹੋਣ ਤੋਂ ਬਚਾਈਏ।

ਕਣਕ ਵਾਲ਼ਾ ਢੋਲ

ਕਣਕ ਵਾਲ਼ਾ ਢੋਲ ਸਾਰਾ ਸਾਲ ਆਪਣੇ ਇਕ ਟਿਕਾਣੇ ‘ਤੇ ਈ ਰਹਿੰਦਾ ਜਿਮੀਂਦਾਰਾਂ ਦੇ ਤਕਰੀਬਨ ਹਰ ਘਰ ਇਹਦੀ ਲੋੜ ਹੁੰਦੀ ਸੀ ਕਿਉਂਕਿ ਇਹਦੇ ਵਿੱਚ ਸਾਲ ਭਰ ਖਾਣ ਵਾਲ਼ੀ ਕਣਕ ਸਾਫ਼ ਕਰਕੇ ਸਾਂਭੀ ਜਾਂਦੀ ਸੀ। ਜਦੋਂ ਆਟਾ ਪਿਹਾਉਣਾ ਹੁੰਦਾ ਪਹਿਲਾਂ ਢੋਲ ਵਿੱਚੋਂ ਕਣਕ ਕੱਢ ਕੇ ਧੋਤੀ ਜਾਂਦੀ, ਸੁਕਾ ਕੇ ਕੋਈ ਰੋੜੀ ਆਦਿ ਚੁਗੀ ਜਾਂਦੀ। ਬਹੁਤੇ ਜਿਮੀਂਦਾਰ ਬੀਜ ਵਾਲੀ ਕਣਕ ਵੀ ਦਵਾਈ ਵਗੈਰਾ ਪਾ ਕੇ ਢੋਲ ਵਿੱਚ ਈ ਸਾਂਭਦੇ, ਜਿਸ ਢੋਲ ਵਿੱਚ ਬੀਜ ਵਾਸਤੇ ਕਣਕ ਪਾਈ ਜਾਂਦੀ ਉਹਦਾ ਮੂੰਹ ਐਨ੍ਹ ਕੱਪੜਾ ਆਦਿ ਬੰਨ੍ਹ ਕੇ ਬੰਦ ਕੀਤਾ ਜਾਂਦਾ ਸੀ।

ਕਣਕ ਵਾਲ਼ਾ ਢੋਲ ਬਹੁਤ ਥੋੜ੍ਹੇ ਦਿਨ ਬਾਹਰ ਵੱਧਦਾ। ਜਦੋਂ ਹਾੜੀ ਦੀ ਫ਼ਸਲ ਚੱਕਦੇ ਹਾਂ ਤਾਂ ਇਹਦੇ ਵਿੱਚੋਂ ਪਹਿਲੀ ਕਣਕ ਕੱਢ ਕੇ ਤੇ ਢੋਲ ਨੂੰ ਵਿਹੜੇ ਵਿੱਚ ਪਹਿਲਾਂ ਖੜ੍ਹੇ ਕਰਦੇ ਹਾਂ ਫੇਰ ਇਕ ਦੋ ਦਿਨ ਬਾਅਦ ਲੰਮਾ ਪਾ ਦਿੰਦੇ ਹਾਂ । ਜਦੋਂ ਕਣਕ ਖੇਤੋਂ ਘਰੇ ਆ ਜਾਂਦੀ ਤਾਂ ਕਣਕ ਵਾਲ਼ੇ ਢੋਲ ਨੂੰ ਵਿੱਚੋਂ ਚੰਗੀ ਤਰ੍ਹਾਂ ਸਾਫ਼ ਕਰਕੇ, ਬਾਹਰੋਂ ਸਾਫ਼ ਕਰਕੇ ਇਹਦੇ ਪੱਕੇ ਟਿਕਾਣੇ ‘ਤੇ ਫੇਰ ਖੜ੍ਹਾ ਕਰ ਦਿੱਤਾ ਜਾਂਦਾ। ਇਕ ਜਾਣਾ ਉੱਪਰ ਬੈਠਦਾ ਤੇ ਇਕ ਦੋ ਘਰ ਦੇ ਮੈਂਬਰ ਬਾਲਟੀਆਂ ਭਰ ਭਰ ਉਹਨੂੰ ਫੜਾਈ ਜਾਂਦੇ ਨੇ ਤੇ ਢੋਲ ਕਣਕ ਨਾਲ ਭਰ ਦਿੱਤਾ ਜਾਂਦਾ।

ਪਹਿਲੇ ਸਮਿਆਂ ਵਿੱਚ ਜਦੋਂ ਕਣਕ ਕੱਚੇ ਭੜੋਲਿਆਂ ਵਿੱਚ ਸਾਂਭੀ ਜਾਂਦੀ ਸੀ ਜੇ ਉਦੋਂ ਕੋਈ ਜਿਮੀਂਦਾਰ ਇਹ ਢੋਲ ਖਰੀਦ ਕੇ ਲਿਆਉਂਦਾ ਤਾਂ ਇਹ ਅਮੀਰੀ ਦੀ ਨਿਸ਼ਾਨੀ ਸੀ, ਗੱਲਾਂ ਹੁੰਦੀਆਂ ਸੀ ‘ਫਲਾਣਾ ਸਿੰਹੁ ਕਣਕ ਪਾਉਣ ਨੂੰ ਢੋਲ ਲਿਆਇਆ। ਪਤਾ ਤਿੰਨ ਤਾਂ ਜੱਟ ਦੇ ਕਣਕ ਵਾਲ਼ੇ ਢੋਲ ਖੜ੍ਹੇ ਸੀ, ਤਕੜਾ ਕੰਮ ਆ।

ਕਈ ਛੋਟੇ ਪਰਿਵਾਰਾਂ ਵੱਲੋਂ ਤੇਲ ਵਾਲ਼ੇ ਢੋਲ ਨੂੰ ਢੱਕਣ ਲਵਾਕੇ ਕਣਕ, ਦੈੜ, ਖਲ ਫੀਡ ਆਦਿ ਸਾਂਭਣ ਲਈ ਵਰਤ ਲਿਆ ਜਾਂਦਾ ਸੀ। ਅੱਜ-ਕੱਲ੍ਹ ਦਸ ਕੁਇੰਟਲ ਵਾਲ਼ੇ ਢੋਲ ਦੇ ਨਾਲ ਨਾਲ ਪੰਜ, ਤਿੰਨ ਕੁਇੰਟਲ ਵਾਲ਼ੇ ਚੌਰਸ ਅਤੇ ਅਲਮਾਰੀਆਂ ਵਰਗੇ ਚਪਟੇ ਢੋਲ ਵੀ ਘਰਾਂ ਵਿੱਚ ਆ ਗਏ ਹਨ।

ਪਰ ਹੁਣ ਸਾਡਾ ਆਟਾ ਥੈਲਿਆਂ ਤੋਂ ਥੈਲੀਆਂ ‘ਤੇ ਆ ਗਿਆ, ਕਣਕ ਬੀਜਣ ਵੇਲ਼ੇ ਬੀਜ ਵੀ ਸਮੇਂ ‘ਤੇ ਈ ਖਰੀਦ ਲਿਆ ਜਾਂਦਾ ਤਾਂ ਹੀ ਇਹਨਾਂ ਢੋਲਾਂ ਦੀ ਕਦਰ ਘੱਟ ਗਈ। ਮੈਂ ਕਈ ਰਿਸ਼ਤੇਦਾਰੀਆਂ ਵਿੱਚ ਇਹਨਾਂ ਢੋਲਾਂ ਦੀ ਨਕੱਦਰੀ ਵੇਖੀ ਆ, ਐਵੇਂ ਖੂੰਜਿਆਂ ’ਚ ਵਾੜੇ ਪਏ ਨੇ, ਆਲ਼ੇ-ਦੁਆਲ਼ੇ ਫਾਲਤੂ ਨਿੱਕੜ, ਸੁੱਕੜ ਪਿਆ, ਜਾਣੀ ਉਹ ਰੋਂਦੇ ਆ ਆਪਣੀ ਨਕੱਦਰੀ ਤੇ । ਸਾਨੂੰ ਐਦਾਂ ਨਹੀਂ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦੀ ਵੀ ਸਾਂਭ ਸੰਭਾਲ ਕਰਨੀ ਚਾਹੀਦੀ ਆ। ਬਾਹਰੋਂ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ। ਹਾਂ ਜੇ ਨਹੀਂ ਲੋੜ ਤਾਂ ਕਿਸੇ ਲੋੜਵੰਦ ਨੂੰ ਦੇ ਦਿਓ।

ਤੂੜੀ ਦਾ ਕੁੱਪ

ਕਣਕ ਦੀ ਫ਼ਸਲ ਸਾਂਭ ਕੇ ਮਤਲਬ ਮੰਡੀ ਵੇਚ ਕੇ, ਖਾਣ ਜੋਗੀ ਤੇ ਬੀਜ ਜੋਗੀ ਰੱਖ ਕੇ, ਜਿਮੀਂਦਾਰਾਂ ਨੇ ਸਾਲ ਭਰ ਪਸ਼ੂਆਂ ਲਈ ਤੂੜੀ ਵੀ ਸਾਂਭਣੀ ਹੁੰਦੀ ਆ, ਇਹ ਵੀ ਇਕ ਵੱਡਾ ਕੰਮ ਹੁੰਦਾ। ਕੰਬਾਈਨ ਨਾਲ ਵੱਢੀ ਕਣਕ ਦੀ ਤੂੜੀ ਅਲੱਗ ਇਕ ਮਸ਼ੀਨ ਬਣਾਉਂਦੀ ਹੈ ਜਦੋਂ ਕਿ ਥਰੈਸ਼ਰ ਦੀ ਨਾਲ ਨਾਲ ਬਣਦੀ ਹੈ । ਹਰ ਘਰ ਵਿੱਚ ਇਕ ਤੂੜੀ ਵਾਲ਼ਾ ਕੋਠਾ ਹੁੰਦਾ, ਉਹਨੂੰ ਨੀਰੇ ਵਾਲ਼ਾ ਅੰਦਰ ਵੀ ਆਖਿਆ ਜਾਂਦਾ। ਦੋਲਿਆਂ, ਪੱਲੀਆਂ ਦੀਆਂ ਪੰਡਾਂ ਬੰਨ੍ਹ ਕੇ ਘਰ ਤੂੜੀ ਢੋਈ ਜਾਂਦੀ ਹੈ ਤੇ ਤੂੜੀ ਵਾਲ਼ੇ ਕੋਠੇ ਵਿੱਚ ਸਾਂਭ ਦਿੱਤੀ ਜਾਂਦੀ ਹੈ ਪਰ ਕਈਆਂ ਦੇ ਵੱਡੇ ਕੋਠੇ ਨਹੀਂ ਹੁੰਦੇ ਉਹ ਬਾਹਰ ਖੇਤ ਵਿੱਚ ਤੂੜੀ ਦਾ ਕੁੱਪ ਬੰਨ੍ਹ ਦਿੰਦੇ ਹਨ ਤੇ ਕਈ ਤੂੜੀ ਦਾ ਵਪਾਰ ਵੀ ਕਰਦੇ ਹਨ ਉਹ ਕਿਸਾਨ ਆਪਣੇ ਖੇਤ ਵਿੱਚ ਦੋ ਤਿੰਨ ਤੂੜੀ ਦੇ ਕੁੱਪ ਬੰਨ੍ਹ ਲੈਂਦੇ ਹਨ ਫੇਰ ਮਹਿੰਗੇ ਭਾਅ ਵੇਚਦੇ ਹਨ । ਤੂੜੀ ਦਾ ਕੁੱਪ ਬਹੁਤ ਰੀਝ ਤੇ ਸਿਆਣਪ ਨਾਲ ਬੰਨ੍ਹ ਹੁੰਦਾ। ਪਹਿਲਾਂ ਤਾਂ ਕਿਸਾਨ ਆਪ ਈ ਬੰਨ ਲੈਂਦੇ ਸੀ ਕੁੱਪ, ਪਰ ਹੁਣ ਬੰਨ੍ਹਣ ਵਾਲ਼ੇ ਮਿਲ ਜਾਂਦੇ ਹਨ। ਜਿੱਥੇ ਤੂੜੀ ਦਾ ਕੁੱਪ ਬੰਨਣਾ ਹੋਵੇ ਉਹ ਥਾਂ ਵੇਖੀ ਜਾਂਦੀ ਕਿ ਨੀਵੀਂ ਨਾ ਹੋਵੇ, ਅੜਿੱਕੇ ਚ ਨਾ ਹੋਵੇ। ਨੀਵੀਂ ਥਾਂ ਨੂੰ ਮਿੱਟੀ ਪਾ ਕੇ ਥੋੜ੍ਹਾ ਉੱਚਾ ਕਰ ਲਿਆ ਜਾਂਦਾ ਹੈ ਤੇ ਗੋਲ ਚੱਕਰ ਵਿੱਚ ਸਭ ਤੋਂ ਪਹਿਲਾਂ ਕਪਾਹ ਦੀਆਂ ਛਿਟੀਆਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ, ਪੂਰੀ ਗੋਲਾਈ ‘ਚ ਛਿਟੀਆਂ ਗੱਡ ਦਿੱਤੀਆਂ ਜਾਂਦੀਆਂ ਸਨ, ਪਹਿਲਾਂ ਰੱਸੀ ਹੁੰਦੀ ਸੀ ਜੋ ਛਿਟੀਆਂ ਦੁਆਲ਼ੇ ਵਲੀ ਜਾਂਦੀ ਸੀ ਪਰ ਅੱਜ ਕੱਲ੍ਹ ਇਕ ਤਾਰ ਆ ਗਈ ਹੈ। ਪਹਿਲਾਂ ਸਰਕੜਾ ਆਮ ਮਿਲ ਜਾਂਦਾ ਸੀ ਕੁੱਪ ਬੰਨ੍ਹਣ ਲਈ ਪਰ ਹੁਣ ਸਰਕੜੇ ਦੀ ਜਗਾ ਪਰਾਲੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਛਿਟੀਆਂ ਦੇ ਨਾਲ ਨਾਲ ਸਰਕੜਾ ਜਾਂ ਪਰਾਲੀ ਲਾਈ ਜਾਂਦੀ ਹੈ ਤੇ ਪੰਡਾਂ ਨਾਲ ਤੂੜੀ ਕੁੱਪ ਵਿੱਚ ਪਾਈ ਜਾਂਦੀ ਹੈ, ਤੰਗਲੀ ਤੇ ਸਲੰਘ ਨਾਲ ਤੂੜੀ ਆਲ਼ੇ-ਦੁਆਲ਼ੇ ਸੰਵਾਰੀ ਜਾਂਦੀ ਹੈ ਕਿ ਬਾਹਰ ਖਿਲਰੇ ਨਾ । ਜਦੋਂ ਕਾਫ਼ੀ ਸਾਰੀ ਤੂੜੀ ਪਾ ਦਿੱਤੀ ਜਾਂਦੀ ਹੈ ਫੇਰ ਲੱਤਾਂ ਨਾਲ ਥੱਲੇ ਨੂੰ ਤੂੜੀ, ਤੋਈ ਜਾਂਦੀ, ਜਾਣੀ ਕਿ ਥੱਲੇ ਬਿਠਾਈ ਜਾਂਦੀ ਹੈ। ਜਿਵੇਂ ਜਿਵੇਂ ਕੁੱਪ ਸਰਕੜੇ ਜਾਂ ਪਰਾਲੀ ਨਾਲ਼ ਉੱਪਰ ਨੂੰ ਵਧਾਇਆ ਜਾਂਦਾ ਤੇ ਨਾਲ ਦੀ ਨਾਲ, ਰੱਸੀ ਜਾਂ ਤਾਰ ਵੀ ਲਪੇਟੀ ਜਾਂਦੀ ਹੈ। ਕੁੱਪ ਬੰਨ੍ਹਣ ਵੇਲ਼ੇ ਕੁੱਪ ਦੇ ਸਿਰੇ ਤੱਕ ਖ਼ਾਸ ਖਿਆਲ ਰੱਖਿਆ ਜਾਂਦਾ ਹੈ ਕਿ ਕੁੱਪ ਵਿੱਚ ਕਿਸੇ ਪਾਸੇ ਤੋਂ ਮੀਂਹ ਦਾ ਪਾਣੀ ਨਾ ਪੈ ਜਾਵੇ । ਇਕ ਕੁੱਪ 35 ਤੋਂ 40 ਕੁਇੰਟਲ ਤੂੜੀ ਸਾਂਭ ਲੈਂਦਾ ਹੈ। ਜਦੋਂ ਐਨ੍ਹ ਸਿਰੇ ‘ਤੇ ਕੁੱਪ ਚਲਿਆ ਜਾਂਦਾ ਹੈ ਤਾਂ ਡੰਡਿਆਂ ਵਾਲ਼ੀ ਪੌੜੀ ਲਾ ਕੇ ਵਿੱਚ ਤੂੜੀ ਪਾਈ ਜਾਂਦੀ ਹੈ। ਉੱਪਰ ਕੁੱਪ ਦੇ ਸਿਰੇ ’ਤੇ ਬਾਬੂ ਜਿਹਾ ਕੱਢ ਦਿੱਤਾ ਜਾਂਦਾ ਜਿਸ ਨੂੰ ਜੁੰਡੀ ਵੀ ਆਖਦੇ ਹਨ । ਹੁਣ ਕੁੱਪ ਬੰਨਣ ਵਾਲ਼ੇ ਐਨ੍ਹ ਕੁੱਪ ਦੇ ਸਿਰੇ ਉਪਰ ਇਕ ਵੱਡਾ ਪਲਾਸਟਿਕ ਦਾ ਕਾਗ਼ਜ਼ ਪਾ ਦਿੰਦੇ ਹਨ ਜਿਸ ਨਾਲ ਉੱਪਰੋਂ ਮੀਂਹ, ਕਣੀ ਤੋਂ ਬਚਾਅ ਹੋ ਜਾਂਦਾ ਹੈ। ਕਈ ਕੁੱਪ ਬੰਨ੍ਹ ਕੇ ਉੱਪਰੋਂ ਤੂੜੀ ਮਿੱਟੀ ਨਾਲ ਲਿੱਪ ਵੀ ਦਿੰਦੇ ਹਨ ਜੋ ਕਿ ਵਧੀਆ ਗੱਲ ਹੈ।

ਹੁਣ ਪਿੰਡਾਂ ਵਿੱਚ ਵੀ ਪਸ਼ੂ ਰੱਖਣ ਦੀ ਰੁਚੀ ਘੱਟ ਗਈ ਹੈ। ਇਸ ਕਰਕੇ ਜਿੰਨੇ ਕੁ ਪਸ਼ੂ ਹੁੰਦੇ ਹਨ ਤੂੜੀ ਵਾਲ਼ੇ ਕੋਠੇ ਨਾਲ ਈ ਸਰ ਜਾਂਦਾ । ਹੁਣ ਤੂੜੀ ਦੇ ਕੁੱਪ ਬੰਨ੍ਹੇ ਤਾਂ ਜਾਂਦੇ ਹਨ ਪਰ ਪਹਿਲਾਂ ਜਿੰਨੇ ਨਹੀਂ। ਕਈ ਇਲਾਕਿਆਂ ਵਿੱਚ ਤੂੜੀ ਸਾਂਭਣ ਲਈ ਗਿੱਲੀ ਮਿੱਟੀ ਕਰਕੇ ਧੜ ਲਿੱਪਣ ਦਾ ਰਿਵਾਜ਼ ਵੀ ਹੈ। ਹੁਣ ਤਾਂ ਦੁਕਾਨਾਂ ਤੋਂ ਮੋਮਜਾਮੇ ਦੇ ਕੁੱਪ ਜਿੱਡੇ ਰੰਗ-ਬਰੰਗੇ ਕਾਗ਼ਜ਼ ਵੀ ਮਿਲਣ ਲੱਗ ਗਏ ਹਨ ਜਿਨ੍ਹਾਂ ਵਿੱਚ ਥੈਲੇ ਵਾਂਗੂੰ ਤੂੜੀ ਭਰਕੇ ਉੱਪਰੋਂ ਮੂੰਹ ਬੰਨ੍ਹ ਦਿੱਤਾ ਜਾਂਦਾ ਹੈ। ਸ਼ਾਇਦ ਸਾਡੀ ਆਉਣ ਵਾਲ਼ੀ ਪੀੜ੍ਹੀ ਸਲਵਾੜ ਵਾਲ਼ੇ ਤੂੜੀ ਦੇ ਕੁੱਪਾਂ ਤੋਂ ਅਨਜਾਣ ਹੋ ਜਾਵੇਗੀ।

ਬੈਲ-ਗੱਡੀ, ਠੋਕਰ

ਬੈਲ-ਗੱਡੀ ਦੇ ਨਾਂ ਤੋਂ ਈ ਜਾਣ ਜਾਂਦੇ ਹਾਂ ਕਿ ਬਲਦਾਂ ਵਾਲੀ ਗੱਡੀ। ਇਕ ਰੇਹੜੀ ਵੀ ਹੁੰਦੀ ਆ, ਉਹ ਵੱਡੀ ਹੁੰਦੀ ਆ ਪਰ ਹੁਣ ਰੇਹੜੀਆਂ ਵੀ ਘੱਟ ਗਈਆਂ ਪਿੰਡਾਂ ‘ਚ, ਬਹੁਤਿਆਂ ਨੇ ਛੋਟੇ ਇਕ ਬਲਦ ਜੁੜਨ ਵਾਲ਼ੇ ਰੇਹੜੇ ਬਣਾ ਲਏ, ਤਰੱਕੀ ’ਤੇ ਹਾਂ ਅਸੀਂ ! ਪਰ ਅੱਗੇ ਨਾਲੋਂ ਪਿੱਛਾ ਭਲਾ ਬੈਲ-ਗੱਡੀ ਛੋਟੀ ਹੁੰਦੀ ਆ ਇਹਨੂੰ ਬਲਦ ਦੋ ਈ ਜੁੜਦੇ ਆ ਪਰ ਬੈਠਣ ਲਈ ਜਗ੍ਹਾ ਸਿਰਫ਼ ਇਕ ਬੰਦੇ ਦੀ ਹੁੰਦੀ ਆ। ਕਿਸੇ ਵੇਲ਼ੇ ਇਹ ਗੱਡੀ ਪਿੰਡਾਂ ਦਿਆਂ ਟੂਰਨਾਮੈਂਟਾਂ ਦੀ ਸ਼ਾਨ ਤੇ ਖਿੱਚ ਦਾ ਕੇਂਦਰ ਹੁੰਦੀ ਸੀ। ਕਈ ਇਲਾਕਿਆਂ ‘ਚ ਇਹਨੂੰ ‘ਠੋਕਰ’ ਵੀ ਕਿਹਾ ਜਾਂਦਾ। ਟੂਰਨਾਮੈਂਟ ‘ਤੇ ਇਕ ਦਿਨ ਬੈਲ-ਗੱਡੀਆਂ ਦੀਆਂ ਦੌੜਾਂ ਲਈ ਰੱਖਿਆ ਜਾਂਦਾ ਸੀ। ਜਦੋਂ ਬੈਲ-ਗੱਡੀਆਂ ਦੇ ਸ਼ੌਕੀਆਂ ਨੂੰ ਬੰਨੇ-ਚੰਨੇ ਟੂਰਨਾਮੈਂਟ ਤੇ ਖੇਡ ਮੇਲਿਆਂ ਦਾ ਪਤਾ ਲੱਗਣਾ, ਉਹਨਾਂ ਨੇ ਬਲਦਾਂ, ਵੱਛਿਆਂ ਦੀ ਖੂਬ ਸੇਵਾ ਕਰਨੀ ਬਲਦਾਂ ਨੂੰ ਪਿੰਡ ਵਿੱਚ ਇਕ ਦੂਜੇ ਦੇ ਬਲਦਾਂ ਨਾਲ ਭਜਾ ਭਜਾ ਕੇ ਪ੍ਰੈਕਟਿਸ ਵੀ ਕਰਵਾਉਣੀ। ਬਲਦਾਂ, ਵਹਿੜਿਆਂ ਦੇ ਪਿਆਰ ਨਾਲ ਨਾਮ ਵੀ ਰੱਖੇ ਹੁੰਦੇ ਸੀ, ਖੀਰਾ, ਦੁਗਾ, ਗੋਰਾ ਤੇ ਲਾਖਾ ਆਦਿ। ਪੂਰੀ ਤਿਆਰੀ ਨਾਲ ਮੁਕਾਬਲੇ ਵਾਲ਼ੀ ਥਾਂ ਜਾ ਕੇ ਐਂਟਰੀ ਪਾਉਣੀ । ਬਹੁਤੇ ਤੁਰ ਕੇ ਈ ਇਕ ਦਿਨ ਪਹਿਲਾਂ ਪਹੁੰਚ ਜਾਂਦੇ ਜਾਂ ਫੇਰ ਸਾਂਝ ਪਾ ਕੇ ਟਰੈਕਟਰ ਟਰਾਲੀ ‘ਚ ਗੱਡੀ ਬਲਦ ਲੈ ਕੇ ਮੁਕਾਬਲੇ ‘ਚ ਹਿੱਸਾ ਲੈਂਦੇ।

ਮੈਨੂੰ ਯਾਦ ਆ ਜਦੋਂ ਕਦੇ ਮੇਰੇ ਨਾਨਕੇ ਬਰਵਾਲੀ ਤੇ ਭੁਮੱਦੀ ਮੇਰੀ ਮਾਸੀ ਦੇ ਪਿੰਡ ਦੇ ਆਲ਼ੇ-ਦੁਆਲ਼ੇ ਬੈਲ ਗੱਡੀਆਂ ਦਾ ਮੁਕਾਬਲਾ ਹੁੰਦਾ ਤਾਂ ਮੇਰੇ ਨਾਨਕੇ, ਮਾਸੀ ਦੇ ਘਰ ਵਿਆਹ ਵਰਗਾ ਮਹੌਲ ਹੁੰਦਾ । ਦੇਗਿਆਂ ‘ਚ ਸਬਜ਼ੀਆਂ, ਦਾਲਾਂ ਤੇ ਵੱਡੀ ਲੋਹੇ ਦੀ ਕੜਾਹੀ ‘ਚ ਸੂਜੀ ਦਾ ਕੜਾਹ ਬਣਾਇਆ ਜਾਂਦਾ ਕਿਉਂਕਿ ਮੇਰੇ ਮਾਮਾ ਜੀ ਸਰਦਾਰ ਮੇਜਰ ਸਿੰਘ ਹੇਅਰ, ਸਵਰਗਵਾਸੀ ਮਾਸੜ ਜੀ ਜਰਨੈਲ ਸਿੰਘ ਭੁਮੱਦੀ ਵਧੀਆ ਬਲਦ ਰੱਖਣ ਤੇ ਗੱਡੀਆਂ ਭਜਾਉਣ ਦਾ ਸ਼ੌਕ ਰੱਖਦੇ ਸਨ । ਮੈਂ ਸੁਣਿਆ ਹੋਇਆ ਕਿ ਮਾਸੜ ਜੀ ਤੇ ਮਾਮਾ ਜੀ ਘਰ ਦਾ ਖਾਲਸ ਘਿਓ ਵਹਿੜਿਆਂ ਨੂੰ ਚਾਰ ਦਿੰਦੇ ਸੀ ਹੋਰ ਖ਼ੁਰਾਕ ਵੱਖਰੀ, ਜਿਵੇਂ ਜੌਅ ਦੇ ਆਟੇ ਦੀਆਂ ਪੇੜੀਆਂ ਤੇ ਗੁੜ । ਮਾਮੇ ਤੇ ਮਾਸੜ ਦਾ ਪੂਰਾ ਜੁੱਟ ਸੀ, ਸਾਈਕਲ ‘ਤੇ ਈ ਤੁਰੇ ਰਹਿੰਦੇ ਦੂਰ ਦੁਰਾਡੇ ਵੀ ਗੱਡੀਆਂ ਦੀਆਂ ਦੌੜਾਂ ਵੇਖਣ। ਪਿੱਛੇ ਤਾਂ ਮੇਰਾ ਬਾਪੂ ਵੀ ਨਾ ਰਹਿੰਦਾ ਉਹਨਾਂ ਨਾਲੋਂ, ਪਰ ਸਾਡੇ ਘਰ ਦਾ ਮਹੌਲ ਕੁਝ ਵੱਖਰਾ ਸੀ। ਮੇਰੇ ਦਾਦਾ ਜੀ ਦਾ ਸੁਭਾਅ ਕਾਫ਼ੀ ਸਖ਼ਤ ਸੀ। ਜਦੋਂ ਗੱਡੀ ਮੁਕਾਬਲੇ ਵਾਲੀ ਥਾਂ ਪਹੁੰਚਦੀ ਬਲਦਾਂ ਤੇ ਗੱਡੀ ਨੂੰ ਸ਼ਿੰਗਾਰਿਆ ਜਾਂਦਾ ਸੀ, ਫੁੰਮਣ ਬੰਨ੍ਹੇ ਜਾਂਦੇ ਗੱਡੀ ਨੂੰ, ਬਲਦਾਂ ਦੇ ਟੱਲੀਆਂ ਪਾਈਆਂ ਜਾਂਦੀਆਂ, ਬਲਦਾਂ ਦੀਆਂ ਟੱਲੀਆਂ ਜਦੋਂ ਖਹਿ ਕੇ ਵੱਜਦੀਆਂ ਤਾਂ ਸੋਹਣਾ ਸੰਗੀਤ ਪੈਦਾ ਹੁੰਦਾ। ਸਿਆਲਾਂ ‘ਚ ਬਲਦਾਂ ‘ਤੇ ਝੁੱਲ ਦਿੱਤੇ ਜਾਂਦੇ ਜੋ ਸਾਡੀਆਂ ਬੀਬੀਆਂ ਦੁਆਰਾ ਦਰੀ ਵਾਂਗ ਬੁਣੇ ਜਾਂਦੇ ਸੀ ਗੱਲ ਕੀ ਪੂਰਾ ਸ਼ਿੰਗਾਰ ਕਰਕੇ ਗੱਡੀ ਮੁਕਾਬਲੇ ‘ਚ ਭੱਜਦੀ ਸੀ । ਗੱਡੀਆਂ ਕੱਚੇ ਪਹੇ ‘ਤੇ ਭਜਾਈਆਂ ਜਾਂਦੀਆਂ ਸੀ। ਜਦੋਂ ਸਾਡੇ ਪਿੰਡ ਟੂਰਨਾਮੈਂਟ ’ਤੇ ਗੱਡੀਆਂ ਭਜਾਉਣ ਦੇ ਮੁਕਾਬਲੇ ਹੁੰਦੇ ਤਾਂ ਮਾਮੇ, ਮਾਸੜ ਤੇ ਉਹਨਾਂ ਦੇ ਬੇਲੀ ਸਾਡੇ ਘਰ ਦੋ ਦਿਨ ਚੰਗੀ ਰੌਣਕ ਲਾਈ ਰੱਖਦੇ ਸੀ । ਮੈਨੂੰ ਅੱਜ ਵੀ ਯਾਦ ਆ ਪਿੰਡ ਗੱਡੀਆਂ ਸੂਏ ਬੰਨੀ ਭਜਾਈਆਂ ਜਾਂਦੀਆਂ ਤੇ ਜੋ ਗੱਡੀ ਹੱਕਦੇ ਸਨ ਜਿਨਾਂ ਨੂੰ ਚਾਬਕ ਆਖਦੇ ਸਨ । ਉਹਨਾਂ ਦੇ ਲਲਕਾਰੇ ਘਰ ਤੱਕ ਸੁਣਦੇ ਸੀ ‘ਓ ਚੱਲ ਬਈ ਨਗੌਰੀਆ’ ਨਗੌਰ ਦੀ ਮੰਡੀ ਦੇ ਬਲਦ ਬਹੁਤ ਮਸ਼ਹੂਰ ਸਮਝੇ ਜਾਂਦੇ ਸੀ। ਚਾਬਕ ਕੋਲ ਬਲਦਾਂ ਨੂੰ ਹੱਕਣ ਲਈ ਪਰਾਣੀ ਹੁੰਦੀ ਜਿਸ ਦੇ ਇਕ ਸਿਰੇ ‘ਤੇ ਆਰ ਲਵਾਈ ਹੁੰਦੀ ਸੀ । ਉਹ ਤੇਜ਼ ਭਜਾਉਣ ਲਈ ਬਲਦਾਂ ਦੇ ਆਰ ਖੁਭੋ ਦਿੰਦਾ। ਹਰੇਕ ਨਹੀਂ ਬਹਿ ਸਕਦਾ ਗੱਡੀ ‘ਤੇ । ਬਲਦਾਂ ਨੂੰ ਹੱਲਾਸ਼ੇਰੀ ਦੇਣ ਵਾਲਾ ਤੇ ਦਿਲੋਂ ਤਕੜਾ, ਮਾੜੇ-ਧੀੜੇ ਦਾ ਕੰਮ ਨਹੀਂ ਸੀ ਗੱਡੀਆਂ ਭਜਾਉਣਾ। ਇਕ ਇਕ ਗੱਡੀ ਭਜਾਈ ਜਾਂਦੀ ਅਤੇ ਹਰੇਕ ਗੱਡੀ ਦਾ ਸਮਾਂ ਨੋਟ ਕੀਤਾ ਜਾਂਦਾ। ਦਰਸ਼ਕ ਆਲ਼ੇ- ਦੁਆਲੇ ਖੜ੍ਹ ਕੇ ਵੇਖਦੇ । ਚਾਰ ਪੰਜ ਕਿੱਲਿਆਂ ਦੀ ਵਾਟ ਅਤੇ ਇਹਨਾਂ ਦੇ ਮੁਕਾਬਲੇ ਦਾ ਸਮਾਂ ਵੀ ਕੁਝ ਸੈਕਿੰਡਾਂ ਦਾ ਈ ਹੁੰਦਾ । ਨਿਰਪੱਖ ਬੈਲ-ਗੱਡੀਆਂ ਭਜਾਉਣ ਵਿੱਚ ਅਤੇ ਸਹੀ ‘ਟਾਈਮ ਕੀਪਰ’ ਦੇ ਤੌਰ ‘ਤੇ ਮਾਸਟਰ ਗੁਰਮੇਲ ਸਿੰਘ ਝੱਲੀਆਂ ਦਾ ਨਾਮ ਪੂਰੇ ਪੰਜਾਬ ਵਿੱਚ ਪ੍ਰਸਿੱਧ ਹੈ।

ਪੰਜਾਬ ‘ਚ ਪੇਂਡੂ ਮਿੰਨੀ ਉਲੰਪਿਕ ਖੇਡਾਂ ਕਿਲਾ ਰਾਏਪੁਰ ’ਚ ਗੱਡੀਆਂ ਦਾ ਮੁਕਾਬਲਾ ਪੰਜ ਪੰਜ, ਛੇ ਛੇ ਬੈਲ-ਗੱਡੀਆਂ ਇਕੱਠੀਆਂ ਭਜਾਕੇ ਕਰਵਾਇਆ ਜਾਂਦਾ ਹੈ। ਜਰਖੜ ਦੇ ਖੇਡ ਮੇਲੇ ਵਿੱਚ ਵੀ ਗੱਡੀਆਂ ਦੀ ਦੌੜ ਵੇਖਣ ਵਾਲੀ ਹੁੰਦੀ ਸੀ । ਮਾਮਾ ਜੀ ਹੋਰੀਂ ਮੰਨਣਹਾਣਾ ਖੇਡ ਮੇਲੇ ਦੀਆਂ ਬਹੁਤ ਗੱਲਾਂ ਸੁਣਾਉਂਦੇ ਸਾਨੂੰ ।

ਸਰਕਾਰ ਵੱਲੋਂ ਕੁਝ ਕਾਰਨਾਂ ਕਰਕੇ ਸਾਉਥ ਵਿੱਚ ‘ਜੱਲ੍ਹਕੱਟੂ’ ਦੀ ਤਰਜ਼ ‘ਤੇ ਇਸ ਮੁਕਾਬਲੇ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ, ਕਿਹਾ ਜਾਂਦਾ ਕਿ ਬਲਦਾਂ, ਵੱਛਿਆ ‘ਤੇ ਤਸ਼ੱਦਦ ਕੀਤਾ ਜਾਂਦਾ ਤੇ ਕਈ ਬਲਦਾਂ ਨੂੰ ਤਾਕਤ ਵਾਲੇ ਟੀਕੇ ਲਾ ਕੇ ਤੇ ਸ਼ਰਾਬ ਪਿਲਾ ਕੇ ਭਜਾਉਣ ਲੱਗ ਪਏ ਜੋ ਕਿ ਬਹੁਤ ਹੀ ਗ਼ਲਤ ਹੈ ਬੇਜ਼ੁਬਾਨਿਆਂ ਨਾਲ ਏਦਾਂ ਨਹੀਂ ਕਰਨਾ ਚਾਹੀਦਾ। ਆਓ ਨਸ਼ਿਆਂ ਦਾ ਤਿਆਗ ਕਰੀਏ ਤੇ ਆਪਣੇ ਅਮੀਰ ਵਿਰਸੇ ਨੂੰ ਸੰਭਾਲੀਏ।

ਲੱਕੜੀ ਦਾ ਫੌੜ੍ਹਾ

ਫੌੜ੍ਹੇ ਦੀ ਵਰਤੋਂ ਵੀ ਸਾਡੇ ਘਰਾਂ ‘ਚ ਆਮ ਹੁੰਦੀ ਸੀ, ਲੱਕੜ ਦਾ ਬਣਿਆ ਹੁੰਦਾ ਸੀ ਪਹਿਲਾਂ ਤਾਂ, ਇਹਦੀ ਬਣਤਰ ਕਹੀ ਵਰਗੀ ਈ ਹੁੰਦੀ ਆ, ਲੰਮੀ ਡੰਡੀ ਹੁੰਦੀ ਤੇ ਡੰਡੀ ਦਾ ਇਕ ਸਿਰਾ ਚੌਕਸ ਚੌਖਟੇ ਨਾਲ ਕਿੱਲ, ਮੇਖਾਂ ਲਾ ਕੇ ਵਿੱਚ ਫਿੱਟ ਕੀਤਾ ਹੁੰਦਾ।

ਪਸ਼ੂ ਕੀਲੇ ਨਾਲ਼ ਖੁਰਲੀ ’ਤੇ ਬੰਨ੍ਹੇ ਜਾਂਦੇ ਤੇ ਉਹਨਾਂ ਦਾ ਕੀਤਾ ਗੋਹਾ ਇਸ ਫੌੜ੍ਹੇ ਨਾਲ ਪਿੱਛੇ ਹਟਾਇਆ ਜਾਂਦਾ। ਜਦੋਂ ਪਿੰਡ ਰਹਿੰਦੇ ਸੀ ਬਲਦ, ਮੱਝਾਂ ਤੇ ਗਾਵਾਂ ਰੱਖਦੇ ਸੀ, ਮੇਰੇ ਦਾਦਾ ਜੀ ਸਰਦਾਰ ਗੁਰਬਚਨ ਸਿੰਘ ਜੀ ਦੋ ਫੌੜ੍ਹੇ ਬਣਾ ਕੇ ਰੱਖਦੇ ਸਨ। ਉਹ ਪਸ਼ੂਆਂ ਨੂੰ ਗੋਹਾ ਮਿੱਧਣ ਨਹੀਂ ਸੀ ਦਿੰਦੇ, ਜੇ ਉਹ ਕਿਤੇ ਸ਼ਹਿਰ ਜਾਂ ਖੇਤ ਗਏ ਹੁੰਦੇ ਜੇ ਉਹਨਾਂ ਦੇ ਆਉਂਦਿਆਂ ਨੂੰ ਪਸ਼ੂਆਂ ਨੇ ਗੋਹਾ ਮਿੱਧਿਆ ਪਿਆ ਹੁੰਦਾ, ਬਸ ਸਾਡੀ ਸ਼ਾਮਤ ਆ ਜਾਂਦੀ; ਗੁੱਸੇ ਵੀ ਹੁੰਦੇ ਤੇ ਪਿਆਰ ਨਾਲ ਵੀ ਆਖਦੇ ਹੱਥ ਨਾਲ਼ ਤਾਂ ਨਹੀਂ ਸੀ ਚੁੱਕਣਾ ਗੋਹਾ, ਫੌੜ੍ਹੇ ਨਾਲ਼ ਈ ਹਟਾਉਣਾ ਸੀ ਭਾਈ, ਧਿਆਨ ਰੱਖਿਆ ਕਰੋ ਗੋਹਾ ਮਿੱਧਿਆ ਚੰਗਾ ਵੀ ਨਹੀਂ ਲਗਦਾ ਤੇ ਦੂਜਾ ਜਦੋਂ ਪਸ਼ੂ ਬੈਠ ਜਾਂਦੇ ਨੇ ਉਹਨਾਂ ਦਾ ਪਿੰਡਾ ਵੀ ਲਿੱਬੜ ਜਾਂਦਾ। ਜੇ ਇਕ ਫੌੜ੍ਹੇ ਦਾ ਡੰਡਾ ਢਿੱਲਾ ਪੈ ਜਾਣਾ, ਉਹਨਾਂ ਦੂਜਾ ਕੱਢ ਲੈਣਾ ਤੇ ਨੁਕਸ ਵਾਲੇ ਨੂੰ ਕਾਰਖ਼ਾਨੇ ਮਿਸਤਰੀ ਤੋਂ ਜਦੇ ਠੀਕ ਕਰਾਉਣਾ ਤੇ ਨਾਲੇ ਕਹਿਣਾ ਫੌੜ੍ਹੇ ਬਿਨ੍ਹਾਂ ਤਾਂ ਝੱਟ ਨੀ ਸਰਦਾ।

ਫੌੜ੍ਹਾ ਹੋਰ ਵੀ ਕਈ ਕੰਮ ਆਉਂਦਾ ਜਦੋਂ ਮੱਕੀ ਛੱਲੀਆਂ ਵਿੱਚੋਂ ਕੱਢ ਲਈ ਜਾਂਦੀ ਤੇ ਜਦੋਂ ਵਿਹੜੇ ‘ਚ ਸੁਕਾਈ ਜਾਂਦੀ ਤਾਂ ਫੌੜ੍ਹਾ ਚੰਗੀ ਤਰ੍ਹਾਂ ਧੋ ਸੰਵਾਰ ਕੇ ਉਹਦੇ ਨਾਲ ਦੂਰ ਤੱਕ ਸੁਕਣ ਲਈ ਖਿੰਡਾ, ਵਿਛਾ ਦਿੱਤੀ ਜਾਂਦੀ।

ਜੇ ਕਿਸੇ ਦੇ ਲੜਾਈ ਹੋਣੀ ਤਾਂ ਗੁੱਸੇ ਵਿੱਚ ਇਹ ਵੀ ਕਿਹਾ ਜਾਂਦਾ, ਪਰਾਂ ਹੋ ਜਾ, ਫੌੜ੍ਹਾ ਮਾਰੂੰ ਸਿਰ ‘ਚ।

ਵੀਰ ਦੇ ਵਿਆਹ ‘ਚ ਬੋਲੀ ਵੀ ਪਾਈ ਜਾਂਦੀ:

“ਫੌੜ੍ਹਾ ਫੌੜ੍ਹਾ ਨੀ ਅੱਜ ਮੇਰੇ ਵੀਰ ਦਾ ਭੱਜਿਆ ਫਿਰੂਗਾ ਸਹੁਰਾ।”

ਥਾਪੀ ਜਾਂ ਮੋਗਰੀ

ਥਾਪੀ ਦੋ ਤਰ੍ਹਾਂ ਦੀ ਹੁੰਦੀ ਆ, ਪਹਿਲੀ ਪੱਟ ‘ਤੇ ਮਾਰਦੇ ਨੇ ਖਿਡਾਰੀ ਪੱਟ ਵਾਲੀ ਥਾਪੀ ਜਿੱਤ ਦਾ ਨਿਸ਼ਾਨ ਆਂ, ਜ਼ਿਆਦਾਤਰ ਕਬੱਡੀ ਖਿਡਾਰੀ ਜਾਂ ਭਲਵਾਨ ਅਕਸਰ ਥਾਪੀਆਂ ਮਾਰਦੇ ਦੇਖੇ ਜਾਂਦੇ ਹਨ ਪਰ ਅੱਜ ਕੱਲ੍ਹ ਤਾਂ ਕਈ ਗਾਉਣ ਵਾਲ਼ੇ ਵੀ ਥਾਪੀਆਂ ਮਾਰਨ ਲੱਗ ਗਏ।

ਦੂਜੀ ਥਾਪੀ ਹੋਰ ਆ ਜਿਸ ਦੇ ਨਾਲ ਕੱਪੜੇ ਧੋਤੇ ਜਾਂਦੇ ਹਨ, ਕਈ ਇਲਾਕਿਆਂ ਵਿੱਚ ਇਹਨੂੰ ਮੋਗਰੀ ਵੀ ਆਖਦੇ ਨੇ । ਕੱਪੜੇ ਧੋਣ ਵਾਲ਼ੀ ਥਾਪੀ ਸਾਡੇ ਵੇਲਿਆਂ ਦੀ ਵਾਸ਼ਿੰਗ ਮਸ਼ੀਨ ਆ। ਸਾਡੀਆਂ ਬੀਬੀਆਂ ਕਰਕੇ ਗਰਮ ਪਾਣੀ ਪਾ ਕੇ ਦੋ ਤਿੰਨ ਮੁੱਠੀਆਂ ਸੋਢੇ ਦੀਆਂ, ਪਹਿਲਾਂ ਕੱਪੜੇ ਡੋਬ (ਭਿਉਂ) ਕੇ ਰੱਖ ਦਿੰਦੀਆਂ। ਕੁਝ ਚਿਰ ਕੱਪੜੇ ਡੁੱਬੇ ਰਹਿੰਦੇ ਫੇਰ ਪੈਰਾਂ ਭਾਰ ਈ ਬਹਿ ਕੇ ਕੱਪੜਿਆਂ ‘ਤੇ ਚੰਗੀ ਥਾਪੀ ਚਲਾਉਂਦੀਆ, ਬਸ ਚਿੱਟਿਆਂ ਦੀ ਤਾਂ ਸ਼ਾਮਤ ਆ ਜਾਂਦੀ ਸੀ । ਪਾਣੀ ਪਾ ਪਾ ਕੁੱਟਦੀਆਂ ਮੋਗਰੀ ਨਾਲ ਕਿਉਂਕਿ ਉਹਨਾਂ ਵੇਲਿਆਂ ਵਿੱਚ ਅੱਜ ਕੱਲ੍ਹ ਵਰਗੇ ਕੱਪੜੇ ਨਹੀਂ ਸੀ ਹੁੰਦੇ, ਖੱਦਰ, ਪਾਪਲੀਨ ਦੇ ਸੂਟ ਅਤੇ ਦਰੀਆਂ, ਖੇਸ ਆਦਿ ਭਾਰੇ ਕੱਪੜੇ ਹੁੰਦੇ ਸੀ।

ਇਹ ਥਾਪੀ ਤਰਖਾਣ ਕੋਲੋਂ ਬਣਵਾਈ ਜਾਂਦੀ ਸੀ, ਲੱਕੜ ਦੇ ਕੇ ਪਰ ਅੱਜ ਕੱਲ੍ਹ ਥਾਪੀ ਦੀ ਵਰਤੋਂ ਘੱਟ ਹੁੰਦੀ ਆ ਕਿਉਂਕਿ ਕੱਪੜੇ ਵੀ ਸੋਹਲ ਤੇ ਬੀਬੀਆਂ ਵੀ ਸੋਹਲ । ਕਈ ਵਾਰ ਮਾਤਾਵਾਂ ਗੁੱਸੇ ‘ਚ ਐਦਾਂ ਵੀ ਆਖ ਦਿੰਦੀਆਂ ਸੀ ‘ਜਾਹ, ਜਾਹ ਤੂੰ ਮੈਥੋਂ ਥਾਪੀਆਂ ਨਾ ਖਾ ਲੀਂ।’ ਇਹਦੇ ਨਾਲ ਬਾਹਾਂ ਦੀ ਵਰਜਿਸ਼ ਹੁੰਦੀ ਸੀ। ਚਲੋ ਖੈਰ ਨਵੇਂ ਜ਼ਮਾਨੇ ਦੀਆਂ ਨਵੀਆਂ ਗੱਲਾਂ, ਹੁਣ ਤਾਂ ਮਸ਼ੀਨ ਧੋਵੇ ਸੁਕਾਵੇ ਨਾਲੋਂ ਨਾਲ਼ ।

ਅਲੋਪ ਹੋ ਰਹੇ ਲਾਲਟੈਣ ਤੇ ਲੈਂਪ

ਜਦੋਂ ਬਿਜਲੀ ਨਹੀਂ ਸੀ ਆਈ ਤਾਂ ਸਾਡੇ ਬਜ਼ੁਰਗ ਰੌਸ਼ਨੀ ਲਈ ਲਾਲਟੈਣ ਤੇ ਲੈਂਪ ਵਰਤਦੇ ਸਨ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਹਰੇਕ ਚੀਜ਼ ਦੀ ਆਪਣੀ ਥਾਂ ਹੈ। ਕੁਝ ਦਹਾਕੇ ਪਹਿਲਾਂ ਜਿਹੜੀਆਂ ਚੀਜ਼ਾਂ ਦੀ ਬੜੀ ਮਹੱਤਤਾ ਹੁੰਦੀ ਸੀ ਉਨ੍ਹਾਂ ਵਿੱਚੋਂ ਕੁਝ ਅੱਜ ਦੇ ਨਵੇਂ ਜ਼ਮਾਨੇ ਦੇ ਦੌਰ ਵਿੱਚੋਂ ਹੌਲੀ ਹੌਲੀ ਅਲੋਪ ਹੁੰਦੀਆਂ ਜਾ ਰਹੀਆਂ ਹਨ। ਉਹਨਾਂ ਵਿੱਚੋਂ ਈ ਹਨ ਲਾਲਟੈਣ ਤੇ ਲੈਂਪ ।

ਪੁਰਾਣੇ ਸਮੇਂ ਵਿੱਚ ਲਾਲਟੈਣ ਹਰ ਵਿਅਕਤੀ ਲਈ ਰਾਹ-ਦਸੇਰਾ ਸੀ। ਇਹ ਲੋਹੇ ਦੀਆਂ ਪੱਤੀਆਂ ਤੋਂ ਤਿਆਰ ਕੀਤੀ ਜਾਂਦੀ ਸੀ। ਹੇਠਾਂ ਗੋਲ-ਅਕਾਰ ਦੀ ਤੇਲ ਵਾਲੀ ਟੈਂਕੀ ਹੁੰਦੀ। ਇਸ ਵਿੱਚੋਂ ਰੂੰ ਦੀ ਬੱਤੀ ਉੱਪਰ ਨੂੰ ਕੱਢੀ ਹੁੰਦੀ ਤੇ ਉੱਪਰ ਕੱਚ ਦੀ ਗੋਲ ਅਕਾਰ ਦੀ ਚਿਮਨੀ ਹੁੰਦੀ ਜਿਸ ਦੇ ਦੁਆਲੇ ਪਤਲੀਆਂ ਤਾਰਾਂ ਪਾਈਆਂ ਹੁੰਦੀਆਂ । ਉੱਪਰ ਇਕ ਤਾਰ ਨੂੰ ਗੋਲਾਈ ਵਿੱਚ ਮੋੜਕੇ ਹੈਂਡਲ ਬਣਿਆ ਹੁੰਦਾ ਜਿਸ ਤੋਂ ਫੜ੍ਹ ਕੇ ਲਾਲਟੈਣ ਨੂੰ ਇਕ ਥਾਂ ਤੋਂ ਦੂਜੀ ਥਾਂ ‘ਤੇ ਲਿਜਾਇਆ ਜਾਂਦਾ । ਇਹਦੇ ਇਕ ਪਾਸੇ ਗੋਲ-ਅਕਾਰ ਦੀ ਟੈਂਕੀ ਉੱਪਰ ਦੀ ਇਕ ਚਾਬੀ ਲੱਗੀ ਹੁੰਦੀ ਜਿਸ ਨਾਲ ਬੱਤੀ ਨੂੰ ਉੱਪਰ ਥੱਲੇ ਕਰਕੇ ਚਾਨਣ ਵਧਾਇਆ, ਘਟਾਇਆ ਜਾ ਸਕਦਾ। ਸ਼ੀਸ਼ੇ ਦੀ ਚਿਮਨੀ ਨੂੰ ਉੱਪਰ ਚੁੱਕ ਕੇ ਲਾਲਟੈਣ ਜਗਾ ਕੇ ਚਿਮਨੀ ਫੇਰ ਹੇਠਾਂ ਕਰ ਦਿੱਤੀ ਜਾਂਦੀ । ਸ਼ਾਮ ਹੁੰਦੀ ਸਾਰ ਸਵਾਣੀਆਂ ਲਾਲਟੈਣ ਦੀ ਚਿਮਨੀ ਸਾਫ਼ ਕਰਦੀਆਂ ਉਸ ਵਿੱਚ ਤੇਲ ਵੇਖਦੀਆਂ, ਜਗਾਕੇ ਕੰਧ ਵਿੱਚ ਗੱਡੇ ਕੀਲੇ ਨਾਲ ਟੰਗ ਦਿੰਦੀਆਂ ਸਨ । ਜਦੋਂ ਸੂਰਜ ਡੁੱਬਦਾ ਤਾਂ ਹਰੇਕ ਘਰ ਲਾਲਟੈਣ ਜਗ ਪੈਂਦੀ ਸੀ । ਲਾਲਟੈਣ ਦਾ ਚਾਨਣ ਵੀ ਪੂਰਾ ਹੁੰਦਾ। ਸੀ। ਰੋਟੀ ਟੁੱਕ ਤੇ ਹੋਰ ਕੰਮ ਵੀ ਇਹਦੇ ਚਾਨਣ ‘ਚ ਈ ਕੀਤੇ ਜਾਂਦੇ ਸਨ । ਜੇ ਰੇਹੜੀ, ਗੱਡੇ ‘ਤੇ ਤੜਕਿਓਂ ਫ਼ਸਲ ਮੰਡੀ ਲੈ ਕੇ ਜਾਣੀ ਤਾਂ ਵੀ ਲਾਲਟੈਣ ਜਗਾ ਕੇ ਨਾਲ ਟੰਗ ਲਈ ਜਾਂਦੀ ਸੀ ।

ਉਸ ਸਮੇਂ ਪੜ੍ਹਾਈ ਵੀ ਲਾਲਟੈਣ ਤੇ ਲੈੱਪ ਦੇ ਚਾਨਣੇ ਵਿੱਚ ਹੀ ਕੀਤੀ ਜਾਂਦੀ ਸੀ । ਲੈੱਪ ਬਹੁਤੇ ਘਰਾਂ ਵਿੱਚ ਨਹੀਂ ਸੀ ਹੁੰਦਾ। ਜਿਸ ਘਰ ਲੈਂਪ ਹੁੰਦਾ ਸੀ ਉਹ ਘਰ ਅਮੀਰਾਂ ‘ਚ ਗਿਣਿਆ ਜਾਂਦਾ ਸੀ । ਲੈਂਪ ਦੀ ਥਾਂ ਜ਼ਿਆਦਾਤਰ ਬੈਠਕ ‘ਚ ਹੁੰਦੀ ਸੀ । ਲੈਂਪ ਦੋ ਤਰ੍ਹਾਂ ਦਾ ਹੁੰਦਾ। ਇਕ ਲੈਂਪ ਸਾਰਾ ਕੱਚ ਦਾ ਈ ਬਣਿਆ ਹੁੰਦਾ ਸੀ, ਉਹਦੀ ਤੇਲ ਵਾਲੀ ਟੈਂਕੀ ਵੀ ਕੱਚ ਦੀ ਈ ਹੁੰਦੀ ਸੀ ਤੇ ਉੱਪਰ ਗਲਾਸ, ਸੁਰਾਹੀ ਵਾਂਗ ਥੋੜ੍ਹੀ ਜਿਹੀ ਘੁਟਵੀਂ ਚਿਮਨੀ, ਜਿਸ ਵਿੱਚ ਬੱਤੀ ਜਗਦੀ ਸੀ ਤੇ ਕਈ ਲੈੱਪਾਂ ਦੀ ਤੇਲ ਵਾਲੀ ਟੈਂਕੀ ਲੋਹੇ ਦੀ ਹੁੰਦੀ ਸੀ। ਤੇਲ ਵਾਲੀ ਟੈਂਕੀ ਦੇ ਉੱਪਰ ਲਾਲਟੈਣ ਵਾਂਗ ਈ ਇਕ ਚਾਬੀ ਲੱਗੀ ਹੁੰਦੀ ਸੀ ਜਿੱਥੋਂ ਬੱਤੀ ਉੱਪਰ ਹੇਠਾਂ ਹੁੰਦੀ ਸੀ। ਚਿਮਨੀ ਦਾ ਮੂੰਹ ਉੱਪਰੋਂ ਖੁੱਲ੍ਹਾ ਹੁੰਦਾ ਤੇ ਕਈ ਵਾਰ ਹਵਾ ਪੈ ਜਾਂਦੀ ਤਾਂ ਲਿੱਪ ਬੁਝ ਜਾਂਦਾ। ਲੈਂਪ ਦੀ ਬਣਤਰ ਵੀ ਬਹੁਤ ਸੋਹਣੀ ਲਗਦੀ ਸੀ । ਖ਼ਾਸ ਕਰਕੇ ਘਰ ‘ਚ ਆਏ ਗਏ ਲਈ ਜੋ ਬੈਠਕ ਹੁੰਦੀ ਸੀ ਲੈਂਪ ਉੱਥੇ ਕੰਸ ‘ਤੇ ਰੱਖਿਆ ਜਾਂਦਾ ਸੀ । ਜਦੋਂ ਘਰਾਂ ‘ਚ ਬਿਜਲੀ ਵੀ ਆ ਗਈ ਸੀ ਤਾਂ ਵੀ ਘਰ ਦੀਆਂ ਸਵਾਣੀਆਂ ਦਿਨੇ ਦਿਨ ਲਾਲਟੈਣ ਤੇ ਲੈਂਪ ਦੀਆਂ ਚਿਮਨੀਆਂ ਸਾਫ ਕਰਦੀਆਂ, ਤੇਲ ਚੈੱਕ ਕਰਕੇ ਤਿਆਰ ਰੱਖਦੀਆਂ, ਨਾਲੇ ਆਖਦੀਆਂ-‘ਜੈ ਖਾਣੀ ਬਿਜਲੀ ਦਾ ਕੀ ਵਸਾਹ ਕਦੋਂ ਭੱਜ ਜਾਵੇ ?’ 

ਭਾਵੇਂ ਇਹ ਵਸਤਾਂ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਹਨ ਪਰ ਫੇਰ ਵੀ ਅਜੇ ਮਿੱਤਰ ਪਿਆਰੇ ਹੈਗੇ ਜੋ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੇ ਨੇ। ਉਹ ਆਪਣੇ ਘਰਾਂ ਵਿੱਚ ਇਹਨਾਂ ਨੂੰ ਅੱਜ ਵੀ ਸੰਭਾਲੀ ਬੈਠੇ ਨੇ। ਇਹ ਵਸਤਾਂ ਸਾਨੂੰ ਵਿਰਾਸਤੀ ਮੇਲਿਆਂ ਵਿੱਚ ਵੀ ਵੇਖਣ ਨੂੰ ਮਿਲਦੀਆਂ ਹਨ। ਜੇ ਅਜੇ ਵੀ ਤੁਹਾਡੇ ਘਰਾਂ ‘ਚ ਇਹੋ ਜਿਹੀਆਂ ਪੁਰਾਤਨ ਵਸਤੂਆਂ ਹੈਗੀਆਂ ਤਾਂ ਉਹਨਾਂ ਨੂੰ ਜ਼ਰੂਰ ਸੰਭਾਲੋ।

ਸਾਡੇ ਸਮਿਆਂ ਦੀ ਫਰਿੱਜ ਸੀ ‘ਡੋਲੀ’

ਜਦੋਂ ਸੁਰਤ ਸੰਭਲੀ ਤਾਂ ਸਾਡੇ ਘਰ ਇਹ ਜਾਲੀ-ਡੋਲੀ ਵੇਖੀ। ਮਾਂ ਬੜਾ ਸਾਂਭ ਕੇ ਰੱਖਦੀ ਡੋਲੀ ਨੂੰ, ਨਾਲੇ ਦੱਸਦੀ ਇਹ ਮੈਂ ਬੱਬੀ ਦੇ ਸ਼ੂਸ਼ਕ ‘ਚ ਲੈ ਕੇ ਆਈ ਸੀ। ਜਿਆਦਾਤਰ ਜਾਲੀ ਜਾਂ ਡੋਲੀ ਲੱਕੜ ਦੀ ਬਣੀ ਹੁੰਦੀ ਹੈ। ਪਿਛਲਾ ਪਾਸਾ ਬੰਦ, ਆਲੇ-ਦੁਆਲੇ ਜਾਲੀ ਤੇ ਦਰਵਾਜ਼ਾ ਵੀ ਜਾਲੀ ਦਾ ਹੁੰਦਾ। ਦਰਵਾਜ਼ੇ ਨੂੰ ਕੁੰਡੀ ਲੱਗੀ ਹੁੰਦੀ ਤੇ ਉਹਦੇ ਵਿੱਚ ਕਿੱਲੀ ਅੜਾ ਦਿੱਤੀ ਜਾਂਦੀ।

ਇਹਦੇ ਵਿੱਚ ਚਾਹ ਲਈ ਦੁੱਧ, ਦਹੀਂ, ਮੱਖਣ, ਘਿਓ, ਬਚਿਆ ਹੋਇਆ ਸਾਗ, ਦਾਲ, ਸਬਜ਼ੀ ਤੇ ਆਟਾ ਆਦਿ ਰੱਖਿਆ ਜਾਂਦਾ ਸੀ ਤੇ ਇਕ ਤਰ੍ਹਾਂ ਨਾਲ ਇਹ ਉਦੋਂ ਫਰਿੱਜ ਦਾ ਕੰਮ ਦਿੰਦੀ ਸੀ । ਬਿੱਲੀ, ਚੂਹੇ ਆਦਿ ਤੋਂ ਵੀ ਚੀਜ਼ ਸੁਰੱਖਿਅਤ ਪਈ ਰਹਿੰਦੀ ਸੀ। ਮੱਛਰ, ਮੱਖੀ ਤੋਂ ਵੀ ਚੀਜ਼ਾਂ ਨੂੰ ਬਚਾਉਂਦੀ ਸੀ ਜਾਲੀ।

ਕਿਸੇ ਸਮੇਂ ਡੋਲੀ ਵੀ ਘਰ ਦਾ ਸ਼ਿੰਗਾਰ ਸਮਝੀ ਜਾਂਦੀ ਸੀ । ਇਹਦੇ ਵਿੱਚ ਇਕ ਦਰਾਜ ਹੁੰਦਾ ਸੀ ਉਹਦੇ ਵਿੱਚ ਬਹੁਤ ਚੀਜ਼ਾਂ ਸਾਂਭ ਦਿੱਤੀਆਂ ਜਾਂਦੀਆਂ, ਉਦੋਂ ਕਿਹੜਾ ਘਰਾਂ ਚ ਅਲਮਾਰੀਆਂ ਹੁੰਦੀਆਂ ਸੀ । ਦਰਾਜ ਵੀ ਇਕ ਤਰ੍ਹਾਂ ਨਾਲ ਖਜਾਨਾ ਹੁੰਦਾ ਸੀ । ਜੇ ਕਿਸੇ ਦੇ ਘਰ ਡੋਲੀ ਨਾ ਹੋਣੀ ਤਾਂ ਕਈ ਬੀਬੀਆਂ ਨੇ ਕਹਿਣਾ, ਲੈ ਕੁੜੇ ਥੋਡੇ ਡੋਲੀ ਵੀ ਨੀ, ਨਾ ਭੈਣੇ ਡੇਲੀ ਬਿਨਾਂ ਤਾਂ ਅੱਖਾ। ਕਿਵੇਂ ਸਰਦਾ ? ਮਤਲਬ ਕਿੰਨੀ ਅਹਿਮੀਅਤ ਸੀ ਡੋਲੀ ਦੀ, ਪਰ ਫਰਿੱਜ ਦੇ ਘਰਾਂ ‘ਚ ਆਉਣ ਕਰਕੇ ਇਹਦੀ ਕਦਰ ਕਾਫ਼ੀ ਘਟ ਗਈ। ਕਈ ਘਰਾਂ ‘ਚ ਵਾਧੂ ਲੱਕੜ-ਤਿੱਬੜ ‘ਚ ਸੁੱਟੀਆਂ ਦਿਸਦੀਆਂ, ਬਹੁਤਿਆਂ ਨੇ ਘਰੋਂ ਕੱਢ ਮਾਰੀਆਂ ਮੇਰੇ ਘਰ ‘ਚ ਮੈਂ ਅਜ ਵੀ ਆਪਣੀ ਇਹ ਪਹਿਲੀ ਫਰਿੱਜ ਸਾਂਭ ਕੇ ਰੱਖੀ ਆ। ਜਦੋਂ ਵੀ ਘਰ ਦੇ ਦਰਵਾਜੇ ਖਿੜਕੀਆਂ ਨੂੰ ਰੰਗ ਕਰਵਾਈਦਾ ਡੋਲੀ ਦੀ ਟੌਹਰ ਪੂਰੀ ਕਢਵਾ ਦੇਈ ਦੀ ਆ ਤੇ ਅੱਜ ਵੀ ਮੈਂ ਡੋਲੀ ਦੀ ਵਰਤੋਂ ਕਰ ਰਹੀ ਹਾਂ। ਜ਼ਮਾਨੇ ਨਾਲ ਚੱਲਣਾ ਮਾੜੀ ਗੱਲ ਨਹੀਂ ਪਰ ਇਹ ਪੁਰਾਤਨ ਨਿਸ਼ਾਨੀਆਂ ਵੀ ਘਰਾਂ ‘ਚੋਂ ਨਾ ਕੱਢੋ, ਆਪਣਾ ਵਿਰਸਾ ਸਾਂਭ ਕੇ ਰੱਖੋ। 

ਭਾਨ 

ਪੰਜਾਬੀ ਸੱਭਿਆਚਾਰ ਦਾ ਹਿੱਸਾ ਭਾਨ । ਪੰਜੀਆਂ, ਦਸੀਆਂ, ਪੱਚੀ ਪੈਸੇ, ਪੰਜਾਹ ਪੈਸੇ, ਰੁਪਿਆ ਜਾਣੀ ਕਿ ਟੁੱਟੇ ਪੈਸਿਆਂ ਨੂੰ ਭਾਨ ਆਖਦੇ ਹਨ। ਵਿਆਹ ਵਾਲੇ ਮੁੰਡੇ, ਕੁੜੀ ਦੀ ਨਹਾਈ-ਧੋਈ ਵੇਲ਼ੇ ਉਹਨਾਂ ਦੇ ਨਹਾਉਣ ਵਾਲ਼ੇ ਪਾਣੀ ਵਿੱਚ ਬੀਬੀਆਂ ਸਿੱਕੇ ਪਾਉਂਦੀਆਂ ਸਨ । ਇਹਦੀ ਜ਼ਿਆਦਾਤਰ ਵਰਤੋਂ ਮੁੰਡੇ ਦੇ ਵਿਆਹ ਵਿੱਚ ਕੀਤੀ ਜਾਂਦੀ ਸੀ। ਜੰਞ ਚੜ੍ਹਨ ਵੇਲ਼ੇ ਲਾੜੇ ਦੀ ਮਾਂ, ਭੈਣ, ਦਾਦੀ, ਨਾਨੀ, ਚਾਚੀਆਂ, ਤਾਈਆਂ, ਮਾਮੀਆਂ, ਮਾਸੀਆਂ ਜਦੋਂ ਉਹ ਆਪਣੇ ਘਰੋਂ ਆਪਣੇ ਸਹੁਰਿਆਂ ਨੂੰ ਵਿਆਹੁਣ ਤੁਰਦਾ ਤਾਂ ਓਹਦੀ ਕਾਰ (ਪਹਿਲਾਂ ਗੱਡੇ) ਉਤੋਂ ਦੀ ਬੀਬੀਆਂ ਭਾਨ ਦੀਆਂ ਮੁੱਠੀਆਂ ਭਰ ਭਰ ਸੁੱਟਦੀਆਂ ਤੇ ਛੋਟੇ ਬੱਚੇ ਦੁਗਦੇ ਸਨ। ਭਾਨ ਲਈ ਸ਼ਪੈਸ਼ਲ ਲਾਲ ਗੁੱਥਲੀ ਬਣਾਈ ਜਾਂਦੀ ਸੀ । ਜਦੋਂ ਲਾੜੀ ਨੂੰ ਲੈ ਕੇ ਜੰਝ ਵਾਪਸ ਆਉਂਦੀ ਤਾਂ ਮੁੰਡੇ ਦਾ ਪਿਤਾ, ਚਾਚੇ, ਤਾਏ, ਮਾਮੇ ਭਾਨ ਦੀਆਂ ਮੁੱਠੀਆਂ ਜੋੜੀ ਦੀ ਕਾਰ ਤੋਂ ਸਿੱਟਦੇ । ਕਈ ਵਾਰ ਜੇ ਅਗਲਾ ਦੋ ਕੁ ਮੁੱਠੀਆਂ ਸੁੱਟ ਕੇ ਹੱਟ ਜਾਂਦਾ ਤਾਂ ਨਾਲ਼ ਦੇ ਆਖਦੇ ਹੱਥ ਖੁੱਲ੍ਹਾ ਰੱਖ ਪੁੱਤ ਵਿਆਹ ਕੇ ਚੱਲਿਆਂ। ਇਹ ਉਦੋਂ ਵੀ ਵਰਤੀ ਜਾਂਦੀ ਸੀ ਜਦੋਂ ਛੋਟਾ ਬੱਚਾ ਖ਼ਾਸ ਕਰਕੇ ਮੁੰਡਾ ਕਿਸੇ ਆਪਣੇ, ਚਾਚੇ ਜਾਂ ਮਾਮੇ ਦੀ ਬਰਾਤ ਚੜ੍ਹਦਾ, ਉਦੋਂ ਵੀ ਭਾਨ ਦੀ ਸੋਟ ਉਸ ਬੱਚੇ ਤੋਂ ਕੀਤੀ ਜਾਂਦੀ। ਹੁਣ ਭਾਨ ਬਹੁਤ ਪਿੱਛੇ ਰਹਿ ਗਈ, ਦਸ, ਵੀਹਾਂ, ਪੰਜਾਹਾਂ, ਸੌ ਸੌ ਦੇ ਨੋਟ ਸੁੱਟੇ ਜਾਂਦੇ ਹਨ ਕਿਉਂਕ ਅੱਜ ਕੱਲ੍ਹ ਲਾੜੇ ਲਗਜ਼ਰੀ ਗੱਡੀਆਂ ‘ਚ ਵਿਆਹੁਣ ਜਾਂਦੇ ਨੇ ਤੇ ਗੱਡੀਆਂ ਦੇ ਹਿਸਾਬ ਨਾਲ ਨੋਟ ਵੀ ਵੱਡੇ ਈ ਹੋਣੇ ਚਾਹੀਦੇ ਨੇ ਜੇ ਕੋਈ ਬੀਬੀ ਭਾਨ ਲਿਆਉਂਦੀ ਵੀ ਆ ਤਾਂ ਗੱਡੀ ਵਾਲ਼ਾ ਰੌਲਾ ਪਾਉਂਦਾ, ਬਚਾ ਕੇ ਜੀ ਸਕਰੈਚ ਪੈ ਜਾਣਗੇ । ਸੋ ਹੁਣ ਭਾਨ ਵੀ ਵਿਸਰਦੀ ਜਾਂਦੀ ਆ ਜੀ ।

ਬਕਸੂਆ

ਬਕਸੂਏ ਦਾ ਜਨਮ 1849 ਵਿੱਚ ਹੋਇਆ ਸੀ। ਬਕਸੂਆ ਲੋਹੇ ਆਦਿ ਧਾਤ ਤੋਂ ਬਣੀ ਹੋਈ ਦੋਹਰੀ ਸੂਈ ਜਿਸ ਨੂੰ ਦੂਜੇ ਪਾਸੇ ਬਣੀ ਘੰਡੀ ਵਿੱਚ ਫਸਾਇਆ ਜਾਂਦਾ ਹੈ। ਕੱਪੜੇ ਨੂੰ ਦੋਹਾਂ ਪਾਸਿਆਂ ਤੋਂ ਜੋੜਨ ਵਾਲ਼ੀ ਹੁੱਕ ਵਿੱਚ ਅੜਾਉਣ ਵਾਲ਼ੀ ਤਾਰ ਦੇ ਬਣੇ ਕਲਿੱਪ ਨੂੰ ਬਕਸੂਆ ਆਖਦੇ ਹਨ।

ਹੁਣ ਬਕਸੂਏ ਦਾ ਨਾਮ ਬਦਲ ਦਿੱਤਾ ਹੈ, ਨਵਾਂ ਜ਼ਮਾਨਾ ਇਸ ਨੂੰ ਸੇਫਟੀ ਪਿੰਨ ਆਖਦਾ ਹੈ। ਅੱਜ ਕੱਲ੍ਹ ਸੇਫਟੀ ਪਿੰਨ ਬਹੁਤ ਤਰ੍ਹਾਂ ਦੇ ਮਿਲਦੇ ਹਨ। ਇਹ ਕਈ ਅਕਾਰਾਂ ਵਿੱਚ ਮਿਲਦਾ ਹੈ। ਪਹਿਲੇ ਸਮਿਆਂ ‘ਚ ਜੇ ਬਟਨ ਟੁੱਟ ਜਾਣਾ, ਬਕਸੂਆ ਲਾ ਕੇ ਕੰਮ ਚਲਾ ਲੈਣਾ ਹਰ ਘਰ ਵਿੱਚ ਬਕਸੂਏ ਦਾ ਅਹਿਮ ਸਥਾਨ ਸੀ। ਕੋਈ ਝੱਗਾ, ਪੰਜਾਮਾ ਉੱਧੜ ਜਾਣਾ ਤਾਂ ਬਕਸੂਏ ਦੀ ਵਰਤੋਂ, ਕਿਉਂਕ ਹਰ ਘਰ ਵਿੱਚ ਪਹਿਲਾਂ ਸਿਲਾਈ ਮਸ਼ੀਨ ਨਹੀਂ ਸੀ ਹੁੰਦੀ। ਅੱਜ ਕੱਲ੍ਹ ਬਕਸੂਏ ਦੀ ਵਰਤੋਂ ਜ਼ਿਆਦਾਤਰ ਵਿਆਹਾਂ ਸ਼ਾਦੀਆਂ ਵਿੱਚ ਹੁੰਦੀ ਹੈ ਜਦੋਂ ਸਾਡੀਆਂ ਬੀਬੀਆਂ ਭੈਣਾਂ ਨੇ ਭਾਰੇ ਕਢਾਈ ਵਾਲ਼ੇ ਦੁਪੱਟੇ ਲੈਣੇ ਹੁੰਦੇ ਹਨ। ਵਿਆਹ ਵਾਲ਼ੇ ਮੁੰਡੇ ਦਾ ਸਿਹਰਾ ਵੀ ਬਕਸੂਏ ਦੀ ਮੱਦਦ ਨਾਲ ਹੀ ਲਾਇਆ ਜਾਂਦਾ वै।

ਇਕ ਹਾਸੇ ਵਾਲੀ ਗੱਲ ਸਾਂਝੀ ਕਰ ਰਹੀ ਹਾਂ, ਕੋਈ ਨੂੰਹ, ਧੀ ਨਵਾਂ ਨਵਾਂ ਵਿਆਹ ਹੋਇਆ ਸੀ ਰਿਸ਼ਤੇਦਾਰੀ ‘ਚ ਨਾਨਕ ਛੱਕ ਆ ਗਈ ਤਾਂ ਉੱਥੇ ਇਕ ਬੀਬੀ ਬਰਾਤ ਚੜਨ ਵੇਲ਼ੇ ਕਹਿੰਦੀ, ਉਰੇ ਆ ਕੁੜੇ ਤੇਰੇ ਕੋਲ ਬਕਸੂਆ ਹੈਗਾ, ਉਹ ਪੈ ਗਈ ਚੱਕਰਾਂ ‘ਚ ਕਹਿੰਦੀ ਨਾ ਬੀਬੀ ਜੀ, ਉਹ ਕਹਿੰਦੀ ਕਿਉ ਕੁੜੇ ਨਵਾਂ ਨਵਾਂ ਵਿਆਹ ਹੋਇਆ, ਤੈਨੂੰ ਤਾਂ ਲੋੜ ਪਈ ਹੋਵੇਗੀ ਜ਼ਰੂਰ। ਐਡਾ ਪਰਸ ਚੱਕਿਆ। ਉਹ ਭੱਜੀ ਭੱਜੀ ਆਪਣੇ ਘਰਵਾਲ਼ੇ ਕੋਲ ਗਈ ਕਹਿੰਦੀ ਆਪਣੇ ਬੀਬੀ ਜੀ ਬਕਸੂਆ ਮੰਗਦੇ ਨੇ ਉਹ ਕੀ ਹੁੰਦਾ ? ਉਹ ਕਹਿੰਦਾ ਬਸ ਉਥੋਂ ਪਾਸੇ ਹੋ ਜਾਹ, ਪਤਾ ਮੈਨੂੰ ਵੀ ਨਹੀਂ। ਐਨੇ ਨੂੰ ਵਿਆਹ ਵਾਲ਼ੇ ਮੁੰਡੇ ਦੇ, ਕਲਗੀ, ਸਿਹਰਾ ਭੈਣਾਂ ਲਾਉਣ, ਕਹਿੰਦੀਆਂ, ਸੇਫਟੀ ਪਿੰਨ ਦਿਓ, ਦੋ ਚਾਰ ਸੇਫਟੀ ਪਿੰਨ, ਉਹ ਬੀਬੀ ਜੀਹਨੂੰ ਬਕਸੂਏ ਦਾ ਨਹੀਂ ਸੀ ਪਤਾ ਉਹ ਪਰਸ ‘ਚੋਂ ਗੁੱਛਾ ਕੱਢ ਕੇ ਕਹਿੰਦੀ ਆਹ ਲਵੋ| ਬਕਸੂਏ ਵਾਲੀ ਬੀਬੀ ਨੂੰ ਚੜ੍ਹ ਗਿਆ ਤਾਅ ਕਹਿੰਦੀ ਉਰੇ ਆ ਨੀ ਜਦੋਂ ਮੈਂ ਬਕਸੂਆ ਮੰਗਿਆ, ਉਦੋਂ ਤਾਂ ਤੂੰ ਢੋਲ ਜਿੱਡਾ ਸਿਰ ਮਾਰ ਕੇ ਪਰਾਂ ਭੱਜ ਗਈ ਹੁਣ ਬਥੇਰੇ ਕੱਢ ਕੇ ਫੜ੍ਹਾ ਦਿੱਤੇ । ਤਾਂ ਉਹ ਕਹਿੰਦੀ ਇਹਨੂੰ ਬਕਸੂਆ ਕਹਿੰਦੇ ਨੇ ਮੈਂ ਤਾਂ ਕੁਝ ਹੋਰ ਈ ਸਮਝ ਲਿਆ, ਅਸੀਂ ਤਾਂ ਸੇਫਟੀ ਪਿੰਨ ਆਖਦੇ ਹਾਂ, ਸਾਰੇ ਹੱਸ ਪਏ ਪਰ ਵਿਚਾਰਾ ਬਕਸੂਆ ਉਦਾਸ ਹੋ ਗਿਆ, ਬਈ ਮੇਰੀ ਪਛਾਣ ਈ ਰੁਲ ਗਈ, ਮੈਂ ਬਕਸੂਏ ਤੋਂ ਸੇਫਟੀ ਪਿੰਨ ਬਣਾ ਦਿੱਤਾ ਗਿਆ ਪਰ ਆਓ ਆਪਾਂ ਬਕਸੂਏ ਦੇ ਅਸਲੀ ਨਾਮ ਨੂੰ ਯਾਦ ਰੱਖੀਏ।

ਨਾਲਾ ਪਾਉਣੀ

ਸਾਡੀਆਂ ਬੀਬੀਆਂ ਬਹੁਤ ਸਚਿਆਰੀਆਂ ਸੀ ਉਹਨਾਂ ਦੀਆਂ ਦਾਦੀਆਂ ਤੇ · ਨਾਨੀਆਂ ਨੇ ਉਹਨਾਂ ਨੂੰ ਸੂਈ ਦੇ ਨੱਕੇ ‘ਚੋਂ ਕੱਢਿਆ ਹੋਇਆ ਸੀ ਮਤਲਬ ਕਿ ਹਰ ਕੰਮ ਉਹਨਾਂ ਨੂੰ ਬਹੁਤ ਸੁਚੱਜੇ ਢੰਗ ਨਾਲ ਸਿਖਾਇਆ ਗਿਆ ਸੀ। ਨਾਲ਼ੇ ਪਹਿਲਾਂ ਅੱਡੇ ‘ਤੇ ਬੁਣੇ ਜਾਂਦੇ ਸੀ, ਰੰਗ-ਬਰੰਗੇ ਧਾਗਿਆਂ ‘ਤੇ ਫੇਰ ਹੈੜਾਂ ਬੰਨ੍ਹੀਆਂ ਜਾਂਦੀਆਂ ਸੀ। ਨਾਲ਼ਾ ਤਾਂ ਬਣ ਕੇ ਤਿਆਰ ਹੋ ਗਿਆ ਪਰ ਇਹ ਸਲਵਾਰ ਵਿੱਚ ਪਾਉਣਾ ਵੀ ਉਹਨਾਂ ਨੂੰ ਸੁਚੱਜੇ ਢੰਗ ਨਾਲ ਸਿਖਾਇਆ ਜਾਂਦਾ ਸੀ । ਨਾਲ਼ੇ ਨੂੰ ਸਲਵਾਰ, ਘੱਗਰੇ ਵਿੱਚ ਪਾਉਣ ਲਈ ‘ਨਾਲਾ ਪਾਉਣੀ’ ਵਰਤੀ ਜਾਂਦੀ ਸੀ, ਜਿਸ ਨੂੰ ਅਸੀਂ ਸੌਖਿਆਂ ਨਾਲ਼ਾ ਪੋਣੀ ਕਹਿ ਦਿੰਦੇ ਹਾਂ, ਅਸਲ ਵਿੱਚ ਇਹ ‘ਨਾਲਾ ਪਾਉਣੀ’ ਹੈ, ਨਾਲ਼ਾ ਪਾਉਣ ਵਾਲੀ। ‘ਨਾਲਾ ਪਾਉਣੀ’ ਵੀ ਸਾਡੀਆਂ ਬੀਬੀਆਂ ਹੱਥੀਂ ਬਣਾਉਂਦੀਆਂ ਸੀ। ਲੱਕੜ ਦੀਆਂ ਫਾਕਾਂ ਤਰਖਾਣ ਤੋਂ ਘੜਾ ਲੈਂਦੀਆਂ, ਉਹਦਾ ਹੇਠਲਾ ਸਿਰਾ ਪਤਲਾ ਹੁੰਦਾ ਸੀ ਉਪਰਲਾ ਥੋੜ੍ਹਾ ਮੋਟਾ ਉਹਦੇ ਵਿੱਚ ਗਲ਼ੀ (ਸੁਰਾਖ) ਕਢਾ ਲੈਂਦੀਆਂ ਸੀ । ਲੱਕੜੀ ਦੀ ਉਸ ਛੋਟੀ ਡੰਡੀ ਦੇ ਆਲ਼ੇ-ਦੁਆਲ਼ੇ ਅੱਟੀ ਦੇ ਰੰਗ-ਬਰੰਗੇ ਧਾਗੇ ਲਪੇਟ ਉਸ ਨੂੰ ਪੂਰਾ ਢਕ ਦਿੰਦੀਆਂ ਸੀ। ਵਿੱਚ ਵਿੱਚ ਸਜਾਵਟ ਲਈ ਜਰੀ ਦੇ ਧਾਗੇ ਨਾਲ ਡਿਜ਼ਾਈਨ ਬਣਾ ਦਿੰਦੀਆਂ। ਸੁਰਾਖ ਵਿੱਚ ਥੋੜ੍ਹਾ ਮੋਟਾ ਧਾਗਾ ਡੋਰ ਵਾਗੂੰ ਵੱਟ ਕੇ ਪਾਉਂਦੀਆਂ ਤੇ ਗੰਢ ਮਾਰ ਦਿੰਦੀਆਂ । ਨਾਲ਼ਾ ਪਾਉਣ ਵੇਲ਼ੇ ਸੁਰਾਖ ਵਾਲ਼ੇ ਧਾਗੇ ਵਿੱਚ ਨਾਲ਼ਾ ਪਾ ਕੇ ਤੇ ਨਾਲ਼ਾ ਦੋਨੋਂ ਪਾਸੇ ਗਿੱਠ ਕੁ ਜਿੰਨਾ ਪਾ ਕੇ ਫੇਰ ਘੱਗਰੇ ਤੇ ਸਲਵਾਰ ਦੇ ਨੇਫ਼ੇ ਵਿੱਚ ਪਾਉਂਦੀਆਂ ਸੀ । ਥੋੜ੍ਹੀ ਥੋੜ੍ਹੀ ਨਾਲ਼ਾ ਪਾਉਣੀ ਅੱਗੇ ਕਰੀ ਜਾਣੀ ਨਾਲ਼ੇ ਨਾਲ ਦੀ ਨਾਲ ਨੇਫ਼ੇ ਦੇ ਵਲ ਕੱਢੀ ਜਾਣੇ। ਹੁਣ ਦੀ ਨਾਲ਼ਾ ਪਾਉਣੀ ਤੇ ਪਹਿਲੀਆਂ ਨਾਲਾ ਪਾਉਣੀਆਂ ਵਿੱਚ ਬਹੁਤ ਫ਼ਰਕ ਆ, ਹੁਣ ਬਜ਼ਾਰੋਂ ਮਿਲਦੀਆਂ ਨੇ ਬਸ ਮਾੜੀ ਜਿਹੀ ਕਾਨਾ ਜਿਹੀ ਤੇ ਪਤਲਾ ਜਿਹਾ ਵਿੱਚ ਧਾਗਾ ਪਾਇਆ ਹੁੰਦਾ।

ਕਈ ਘਰਾਂ ਵਿੱਚ ਤਾਂ ਪੁਰਾਣੇ ਦੰਦਾਂ ਵਾਲ਼ੇ ਬਰੱਸ ਦੀ ਟੁੱਟੀ ਹੋਈ ਡੰਡੀ ਨੂੰ ਹੀ ਗਲ਼ੀ ਵਿੱਚ ਧਾਗਾ ਪਾ ਕੇ ਨਾਲ਼ਾ ਪਾਉਣੀ ਦੇ ਤੌਰ ‘ਤੇ ਵਰਤਿਆ ਲਿਆ ਜਾਂਦਾ।

ਨਾਲ਼ਾ ਤੇ ਨਾਲ਼ਾ ਪਾਉਣੀ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਹਨ। ਮਾਡਰਨ ਜ਼ਮਾਨੇ ਵਿੱਚ ਨਾਲ਼ੇ ਵੀ ਬਜ਼ਾਰੂ ਤੇ ਨਾਲਾ ਪਾਉਣੀਆਂ ਵੀ ਬਜ਼ਾਰੂ ਕਿਉਂਕ ਅਸੀਂ ਹੁਣ ਹੱਥੀਂ ਇਹੋ ਜਿਹੇ ਕੰਮ ਘੱਟ ਕਰਦੇ ਹਾਂ ਤੇ ਆਖਦੇ ਹਾਂ ਕਿਹੜਾ ਮੱਥਾ ਮਾਰੇ ਸਭ ਕੁਝ ਮਿਲ ਜਾਂਦਾ ਬਜ਼ਾਰ ਤੋਂ, ਮਿਲ ਤਾਂ ਜਾਂਦਾ ਪਰ ਉਹਦੇ ਵਿੱਚ ਤੇ ਆਪ ਹੱਥੀਂ ਰੀਝ ਨਾਲ ਕੀਤੇ ਕੰਮ ਵਿੱਚ ਬਹੁਤ ਫਰਕ ਆ। ਆਏਂ ਲਗਦਾ ਜਿਵੇਂ ਅੱਗੇ ਨਾਲ਼ਾ ਪਾਉਣੀ ਦੀ ਲੋੜ ਨਹੀਂ ਪੈਣੀ ਕਿਉਂਕਿ ਪਲਾਜੋ, ਸ਼ਰਾਰਿਆਂ ਦਾ ਰਿਵਾਜ ਆ ਗਿਆ ਤੇ ਉਹਨਾਂ ਵਿੱਚ ਦਰਜੀ ਇਲਾਸਟਿਕ ਪਾ ਕੇ ਪੱਕਾ ਤੇ ਸੌਖਾ ਕੰਮ ਕਰ ਦਿੰਦੇ ਹਨ। ਇਸ ਨਵੇਂ ਜ਼ਮਾਨੇ ਬਹੁਤ ਕੁਝ ਪਿੱਛੇ ਪਾ ਦਿੱਤਾ, ਸਾਡੀ ਨਾਲਾ ਪਾਉਣੀ ਵੀ ਹੌਲ਼ੀ ਹੌਲ਼ੀ ਪਿੱਛੇ ਈ ਪੈ ਜਾਣੀ ਆ।

ਝਾਂਵਾਂ 

ਝਾਂਵਾਂ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਇਹ ਸਾਡੀਆਂ ਬੀਬੀਆਂ ਦਾ ‘ਮੈਨੀਕਿਊਰ’, ‘ਪੈਡੀਕਿਉਰ’ ਆ। ਪਹਿਲਾਂ ਤਕਰੀਬਨ ਇਹ ਹਰ ਘਰ ‘ਚ ਹੁੰਦਾ ਸੀ।

ਜਦੋਂ ਕਿਸੇ ਸਕੀਰੀ ‘ਚ ਜਾਣਾ ਤਾਂ ਬੀਬੀਆਂ ਨੇ ਇਹਦੇ ਨਾਲ ਅੱਡੀਆਂ ਸਾਫ਼ ਕਰਨੀਆਂ, ਕਿਉਂਕਿ ਪਹਿਲਾਂ ਘਰ ਕੱਚੇ, ਵਿਹੜੇ ਕੱਚੇ ਤੇ ਫੇਰ ਡੰਗਰ ਵੱਛਾ ਵੀ ਆਪ ਈ ਸਾਂਭਦੀਆਂ ਸੀ। ਮਿੱਟੀ ਨਾਲ ਪੈਰ ਖਰਾਬ ਹੋ ਜਾਂਦੇ ਤੇ ਬਿਆਈਆਂ ਫਟ ਜਾਂਦੀਆਂ ਸਨ।

ਅੱਜ ਕੱਲ੍ਹ ਵਾਂਗ ਨਹੀਂ ਸੀ ਉਦੋਂ ਬੀਬੀਆਂ ਨੂੰ ਕੰਮ ਪਿਆਰਾ ਸੀ ਨਾ ਕਿ ਚੰਮ ਪਿਆਰਾ। ਝਾਂਵੇ ਨਾਲ ਅੱਡੀਆਂ ਕੂਚ ਲੈਂਦੀਆਂ ਤੇ ਬਸ ਦੰਦਾਂ ‘ਤੇ ਦੰਦਾਸਾ ਮਲ ਲੈਂਦੀਆਂ। ਫੇਰ ਵੀ ਹਾਰ ਕੇ ਆਖ਼ਰ ਨੂੰ ਇਹ ਕਹਿਣਾ ਪੈਂਦਾ:

“ਮੈਂ ਅੱਡੀਆਂ ਕੂਚ ਦੀ ਮਰਗੀ, 

ਹੋਈਆਂ ਨਾ ਨਸੀਬ ਝਾਂਜਰਾਂ ।”

ਇਹ ਦੇਸੀ ਝਾਂਵਾਂ (ਹੁਣ ਵਿਦੇਸ਼ੀ ਵੀ ਬਹੁਤ ਆ ਗਏ ਮਾਰਕੀਟ ਵਿਚ) ਜੋ ਪੈਰਾਂ ਦੀ ਸਫ਼ਾਈ ਇਹ ਝਾਂਵਾਂ ਕਰਦਾ ਉਹ ਦੂਜਾ ਨਹੀਂ ਕਰ ਸਕਦਾ।

 

ਪਿੱਤਲ ਦਾ ਜੱਗ

ਜੱਗ ਦਾ ਮਤਲਬ-ਜਗਤ, ਸੰਸਾਰ ਤੇ ਦੁਨੀਆ ਲਿਆ ਜਾਂਦਾ ਹੈ । ਇਸ ਜੱਗ ਦੇ ਨਾਮ ਤੋਂ ਇਕ ਭਾਂਡੇ ਦਾ ਨਾਮ ਵੀ ਜੱਗ ਹੈ। ਇਹ ਪਿੱਤਲ ਦਾ ਜੱਗ ਧੀ, ਭੈਣ ਨੂੰ ਦਾਜ ਵਿੱਚ ਦੇਣਾ ਬਹੁਤ ਚੰਗਾ ਸਮਝਿਆ ਜਾਂਦਾ ਸੀ । ਬਈ ਜੇ ਕੁੜੀ ਨੂੰ ਦਾਜ ਵਿੱਚ ਪਿੱਤਲ ਦਾ ਜੱਗ ਦੇ ਦਿੱਤਾ ਤਾਂ ਬਹੁਤ ਕੁਝ ਦੇ ਦਿੱਤਾ। ਇਸ ਜੱਗ ਦਾ ਅਕਾਰ ਬੜਾ ਈ ਸੋਹਣਾ ਮਨ ਨੂੰ ਟੁੰਬਣ ਵਾਲਾ, ਥੱਲਾ ਬਹੁਤ ਸੋਹਣਾ ਗੋਲ ਅਕਾਰ, ਮੋਟੀ ਸਾਰੀ ਕੰਗਣੀ ਤੇ ਵਿਚਕਾਰੋਂ ਬੀਨ ਵਾਗੂੰ ਤੇ ਉੱਪਰ ਪਾੜਛੇ ਜਿਹੇ ਵਾਗੂੰ ਮੂੰਹ । ਇਕ ਪਾਸੇ ਬੜਾ ਸੋਹਣਾ ਮੁੜਵਾਂ ਹੱਥਾ ਜਿੱਥੋਂ ਜੱਗ ਹੱਥ ਵਿੱਚ ਫੜ੍ਹਿਆ ਜਾਂਦਾ ਹੈ। ਜੱਗ ਵਿੱਚ ਵੀ ਵਾਹਵਾ ਚਾਰ, ਪੰਜ ਜਣਿਆਂ ਦਾ ਚਾਹ ਪਾਣੀ ਖੇਤ ਜਾਂ ਬਾਹਰਲੇ ਘਰ ਭੇਜਿਆ ਜਾਂਦਾ ਸੀ। ਕਈ ਬੀਬੀਆਂ ਇਕ ਇੰਨੂਆ ਜਿਹਾ ਬਣਾ ਕੇ ਸਿਰ ਧਰ ਕੇ ਖੇਤ ਰੋਟੀ ਨਾਲ ਲੱਸੀ ਵੀ ਜੱਗ ਵਿੱਚ ਲਿਜਾਦੀਆਂ ਸਨ । ਘਰੇ ਚਾਰ ਪੰਜ ਪ੍ਰਾਹੁਣੇ ਆ ਜਾਣੇ ਤਾਂ ਪਾਣੀ ਲਈ ਵਰਤਿਆ ਜਾਂਦਾ ਸੀ । ਬੀਬੀਆਂ ਚਾਹ ਆਦਿ ਲਈ ਕੱਚਾ ਦੁੱਧ ਜੱਗ ਵਿੱਚ ਰੱਖ ਲੈਂਦੀਆਂ ਸੀ। ਜਦੋਂ ਕਿਸੇ ਨੇ ਘਰ ਮਹਾਰਾਜ ਦਾ ਪ੍ਰਕਾਸ਼ ਕਰਾਉਣਾ ਹੁੰਦਾ ਤਾਂ ਮੂਹਰੇ ਜੋ ਜਲ ਛਿੜਕਦੇ ਆਉਂਦੇ ਹਨ ਉਹ ਜਲ ਵੀ ਖ਼ਾਸ ਕਰਕੇ ਜੱਗ ਵਿੱਚ ਪਾਇਆ ਜਾਂਦਾ ਸੀ ।

ਕਈ ਪਿੱਤਲ ਦੇ ਜੱਗ ਮੀਨਾਕਾਰੀ ਨਾਲ ਸਜਾਏ ਬਹੁਤੇ ਈ ਸੋਹਣੇ ਲਗਦੇ । ਜੱਗ ਨੂੰ ਵੀ ਕਲੀ ਕਰਾਈ ਜਾਂਦੀ। ਜਦੋਂ ਕਈ ਵਾਰ ਸਾਰਾ ਪਰਿਵਾਰ ਵੀ ਰੋਟੀ ਖਾਣ ਬਹਿੰਦਾ ਤਾਂ ਪੀਣ ਲਈ ਪਾਣੀ ਜੱਗ ਵਿੱਚ ਪਾ ਲਿਆ ਜਾਂਦਾ ਕਿਉਂਕਿ ਜੱਗ ਵਿੱਚੋਂ ਗਲਾਸ ਵਿੱਚ ਪਾਣੀ ਪਾਉਣ ਵੇਲ਼ੇ, ਪਾਣੀ ਡੁੱਲਦਾ ਨਹੀਂ। ਡੋਲੂ ਆਦਿ ਵਿੱਚੋਂ ਡੁੱਲ ਜਾਂਦਾ ਹੈ। ਆਮ ਤੌਰ ‘ਤੇ ਜੇ ਘਰਾਂ ਵਿੱਚ ਪੀਣ ਖਾਣ ਵਾਲੇ ਪ੍ਰਾਹੁਣੇ ਆ ਜਾਂਦੇ ਤਾਂ ਵੀ ਜੱਗ ਵਿੱਚ ਈ ਪਾਣੀ ਦਿੱਤਾ ਜਾਂਦਾ । ਘਰ ਦੀਆਂ ਸੁਆਣੀਆਂ ਨੇ ਜਦੋਂ ਨਵਾਂ ਜੱਗ ਲਿਆਉਣਾ ਤਾਂ ਉਹਦੇ ਵਿੱਚ ਪਹਿਲਾਂ ਦੁੱਧ ਪਾਉਣਾ ਉਹਨਾਂ ਨੇ ਕਹਿਣਾ ਜੱਗ ਵਿੱਚ ਪਾਈ ਚੀਜ਼ ਵਿੱਚ ਬਰਕਤ ਹੁੰਦੀ ਹੈ, ਉਹ ਚੀਜ਼ ਥੁੜਦੀ ਨਹੀ। ਜੱਗ ਦੀ ਪੂਰੀ ਸਰਦਾਰੀ ਹੁੰਦੀ ਭਾਂਡਿਆਂ ਵਿੱਚ ਪਰ ਅੱਜ ਕੱਲ੍ਹ ਜ਼ਿਆਦਾਤਰ ਜੱਗ ਸਟੀਲ ਦੇ ਵਰਤੇ ਜਾਂਦੇ ਹਨ।

ਇਕ ਸਮਾਂ ਐਸਾ ਆਇਆ ਜਦੋਂ ਸਟੀਲ ਨੇ ਪਿੱਤਲ ਦੀ ਕਦਰ ਘਟਾ ਦਿੱਤੀ ਤੇ ਪਿੰਡਾਂ, ਸ਼ਹਿਰਾਂ ਵਿੱਚ ਸਭ ਸਟੀਲ ਦੇ ਭਾਂਡੇ ਵਰਤਣ ਲੱਗੇ ਤੇ ਜੱਗ ਸਿਉਂ ਵੀ ਸਟੀਲ ਦੇ ਆ ਗਏ। ਅੱਜ ਜ਼ਿਆਦਾਤਰ ਸਟੀਲ ਦਾ ਜੱਗ ਈ ਘਰਾਂ ਵਿੱਚ ਵਰਤਿਆ ਜਾਂਦਾ ਜਾਂ ਫੇਰ ਮਾਡਰਨ ਲੋਕ ਕੱਚ ਜਾਂ ਪਲਾਸਟਿਕ ਦਾ ਜੱਗ ਵਰਤਦੇ ਹਨ। ਆਓ ਜਿਹਨਾਂ ਘਰਾਂ ਵਿੱਚ ਅਜੇ ਪਿੱਤਲ ਦੇ ਕਾਂਸੀ ਦੇ ਭਾਂਡੇ ਹੈਗੇ ਉਹਨਾਂ ਦੀ ਸੰਭਾਲ ਕਰੀਏ।

ਕੰਗਣੀ ਵਾਲ਼ਾ ਗਲਾਸ

ਕੰਗਣੀ ਵਾਲ਼ਾ ਗਲਾਸ ਅਕਾਰ ਵਿੱਚ ਵੱਡਾ ਹੁੰਦਾ ਸੀ ਤੇ ਇਹ ਥੱਲਿਓਂ ਘੁੱਟਵਾਂ ਤੇ ਉੱਪਰੋਂ ਖੁੱਲ੍ਹਾ ਹੁੰਦਾ ਸੀ। ਇਹਦੇ ਥੱਲੇ ਜਿੱਥੋਂ ਇਸਦਾ ਘੁੱਟਵਾਂ ਹਿੱਸਾ ਸ਼ੂਰੂ ਹੁੰਦਾ ਉੱਥੇ ਗੋਲਾਈ ਵਿੱਚ ਕੰਗਣੀ ਬਣੀ ਹੁੰਦੀ ਸੀ । ਕੰਗਣੀ ਸ਼ਬਦ ਕੰਗਣ ਤੋਂ ਆਇਆ ਹੈ ਜੋ ਸੋਨੇ ਚਾਂਦੀ ਦਾ ਗਹਿਣਾ ਗੋਲਾਈ ਅਕਾਰ ਦਾ ਬਾਂਹ ਵਿੱਚ ਪਾਇਆ ਜਾਂਦਾ । ਕਈ ਗਲਾਸਾਂ ਉੱਪਰ ਵੇਲ-ਬੂਟੀਆਂ ਵੀ ਪਾਈਆਂ ਹੁੰਦੀਆਂ ਸੀ ਅਤੇ ਕੁਝ ਬਿਲਕੁਲ ਸਾਫ਼ ਵੀ ਹੁੰਦੇ ਸੀ। ਇਹਨਾਂ ਕੰਗਣੀ ਵਾਲ਼ੇ ਗਲਾਸਾਂ ਵਿੱਚ ਸਾਡੇ ਵਡੇਰੇ, ਪਾਣੀ, ਲੱਸੀ, ਦੁੱਧ ਚਾਹ ਆਦਿ ਪੀਂਦੇ ਸਨ । ਮੇਰੇ ਖਿਆਲ ਅਨੁਸਾਰ ਜਿਨਾਂ ਉਹ ਹੱਥੀਂ ਕੰਮ ਕਰਦੇ ਸੀ ਐਨਾ ਕੁ ਹਾਂ ਬਣਦਾ ਵੀ ਸੀ। ਗਰਮੀਆਂ ਦੀ ਰੁੱਤੇ ਇਹਦੇ ਵਿੱਚ ਪਾਣੀ ਲੱਸੀ ਪੀਣ ਨਾਲ ਇਕ ਵਾਰ ਪੀ ਕੇ ਈ ਤਸੱਲੀ ਹੋ ਜਾਂਦੀ, ਦੁਬਾਰਾ ਮੰਗਣ ਦੀ ਲੋੜ ਨਹੀਂ ਪੈਂਦੀ ਸੀ । ਉਦੋਂ ਰਾਤ ਦੀ ਰੋਟੀ ਤੋਂ ਬਾਅਦ ਦੁੱਧ ਵੀ ਪੀਤਾ ਜਾਂਦਾ ਸੀ ਤੇ ਦੁੱਧ ਵੀ ਘਰ ਦਾ ਉਹ ਵੀ ਇਹਨਾਂ ਕੰਗਣੀ ਵਾਲ਼ੇ ਗਲਾਸਾਂ ਵਿੱਚ ਦਿੱਤਾ ਜਾਂਦਾ । ਕਈ ਵਾਰ ਜੇ ਬੰਦਿਆਂ ਨੇ ਜ਼ਿਆਦਾ ਥਕਾਵਟ ਮਹਿਸੂਸ ਕਰਨੀ ਤਾਂ ਕੰਗਣੀ ਵਾਲ਼ੇ ਦੁੱਧ ਦੇ ਗਲਾਸ ਵਿੱਚ ਦੇਸੀ ਘਿਓ ਦਾ ਚਮਚਾ ਪਾ ਦਿੱਤਾ ਜਾਂਦਾ । ਇਹਨਾਂ ਕੰਗਣੀ ਵਾਲ਼ੇ ਪਿੱਤਲ ਦੇ ਗਲਾਸਾਂ ਨੂੰ ਕਲੀ ਕਰਵਾਉਣੀ ਪੈਂਦੀ ਸੀ। ਕਈ ਵਾਰ ਸੁਆਣੀਆਂ ਘਰ ਦੇ ਮੋਹਤਬਰ ਬੰਦੇ ਦਾ ਬਾਹਰ ਨਾਮ ਵੀ ਲਿਖਵਾ ਲੈਂਦੀਆਂ ਤਾਂ ਜੋ ਆਂਢ-ਗੁਆਂਢ ਕਿਸੇ ਨਾਲ ਵਟ ਨਾ ਜਾਵੇ। ਜ਼ਿਆਦਾਤਰ ਪ੍ਰਾਹੁਣੇ-ਧਰਾਹੁਣੇ ਨੂੰ ਵੀ ਕੰਗਣੀ ਵਾਲ਼ੇ ਗਲਾਸ ਵਿੱਚ ਕਾੜਨੀ ਦਾ ਦੁੱਧ ਪੀਣ ਲਈ ਦਿੱਤਾ ਜਾਂਦਾ। ਜਦੋਂ ਸਟੀਲ ਦੇ ਭਾਂਡੇ ਆ ਗਏ ਤਾਂ ਇਕ ਵਾਰ ਤਾਂ ਬੀਬੀਆਂ ਨੇ ਪਿੱਤਲ ਦੇ ਭਾਂਡੇ ਘਰੋਂ ਕੱਢ ਮਾਰੇ । ਇਹ ਦੁੱਖ ਦੀ ਗੱਲ ਆ ਕਿ ਪੰਜਾਬੀ ਬਹੁਤ ਛੇਤੀ ਇਕ ਪਾਸੇ ਨੂੰ ਹੋ ਜਾਂਦੇ ਨੇ । ਹੁਣ ਕਿਸੇ ਟਾਵੇਂ ਘਰ ਵਿੱਚ ਈ ਇਹ ਕੰਗਣੀ ਵਾਲ਼ੇ ਗਲਾਸ ਸਾਂਭੇ ਹੋਣਗੇ ਪਰ ਹਵੇਲੀਆਂ ਵਿੱਚ ਸਜਾ ਕੇ ਰੱਖੇ ਹੋਏ ਹਨ । ਪਰ ਇਹ ਪਿੱਤਲ ਦੇ ਭਾਂਡੇ ਸਾਡੇ ਸੱਭਿਆਚਾਰ ਦਾ ਵੱਡਾ ਹਿੱਸਾ ਹਨ ਸਾਨੂੰ ਇਹ ਸਾਂਭ ਕੇ ਰੱਖਣੇ ਚਾਹੀਦੇ ਹਨ।

ਡੋਲੂ 

ਇਹ ਇਕ ਤਰ੍ਹਾਂ ਦਾ ਭਾਂਡਾ ਹੁੰਦਾ। ਡੋਲੂ ਸ਼ਬਦ ਡੋਲ ਤੋਂ ਬਣਿਆਂ। ਇਹ ਅਕਾਰ ਵਿੱਚ ਗੋਲ ਹੁੰਦਾ ਤੇ ਇਹਦੇ ਪਾਸਿਆਂ ‘ਤੇ ਕੁੰਡਾ ਲੱਗਿਆ ਹੁੰਦਾ। ਢੱਕਣ ਚੰਗੀ ਤਰ੍ਹਾਂ ਬੰਦ ਕਰਕੇ ਇਸ ਨੂੰ ਕੁੰਡੇ ਤੋਂ ਹੱਥ ਵਿੱਚ ਫੜ੍ਹ ਲਿਆ ਜਾਂਦਾ ਹੈ। ਲਮਕਣੇ ਕੁੰਡੇ ਕਰਕੇ ਇਸਦਾ ਨਾਮ ਡੋਲੂ ਹੈ। ਜਿਵੇਂ ਡੋਲ ਖੂਹ ਵਿੱਚੋਂ ਪਾਣੀ ਕੱਢਣ ਲਈ ਲਮਕਾਇਆ ਜਾਂਦਾ ਸੀ। ਪਹਿਲਾਂ ਸਾਡੇ ਘਰਾਂ ਵਿੱਚ ਡੋਲੂ ਪਿੱਤਲ ਦੇ ਹੁੰਦੇ ਸੀ, ਵਿੱਚੋਂ ਕਲੀ ਕਰਾਈ ਜਾਂਦੀ ਸੀ ।

ਇਹ ਬਹੁਤ ਕੰਮ ਆਉਂਦਾ ਸੀ। ਜਦੋਂ ਖੇਤ ਰੋਟੀ ਜਾਂਦੀ ਸੀ ਤਾਂ ਡੋਲੂ ਵਿੱਚ ਲੱਸੀ ਪਾ ਦਿੰਦੀਆਂ ਸੀ ਬੀਬੀਆ । ਜਦੋਂ ਚਾਹ ਦਾ ਵਕਤ ਹੋਣਾ ਤਾਂ ਡੋਲੂ ਨੂੰ ਮਾਂਜ ਸੁਆਰ ਕੇ ਚਾਹ ਪਾ ਕੇ ਭੇਜ ਦੇਣੀ। ਜੇ ਕਿਸੇ ਦੇ ਵਿਆਹ ਹੋਣਾ ਤਾਂ ਵਿਆਹ ਵਾਲੇ ਘਰ ਡੋਲੂ ਵਿੱਚ ਦੁੱਧ ਪਾ ਕੇ ਭੇਜ ਦੇਣਾ। ਜੇ ਕੋਈ ਦੁੱਧ ਮੁੱਲ ਲੈਂਦਾ ਤਾਂ ਵੀ ਡੋਲੂ ਹੀ ਵਰਤਿਆ ਜਾਂਦਾ। ਗੱਲ ਕੀ ਡੋਲੂ ਦੀ ਪੂਰੀ ਚੜ੍ਹਾਈ ਸੀ । ਇਹ ਪਹਿਲੇ ਜ਼ਮਾਨੇ ਵਿੱਚ ਸਾਈਕਲ ਨਾਲ ਟੰਗਿਆ ਬੜਾ ਈ ਸੋਹਣਾ ਲੱਗਦਾ ਸੀ । ਜੇ ਰਿਸ਼ਤੇਦਾਰੀ ਵਿੱਚ ਵਿਆਹ ਹੋਣਾ ਤਾਂ ਇਕ ਨਿਗਦੀ ਰਿਸ਼ਤੇਦਾਰੀ ਵਿਚ ਮਾਂਜਾ ਰਲਾ ਕੇ ਦੇਣਾ ਹੁੰਦਾ ਸੀ । ਉਹ ਮਾਂਜੇ ਦਾ ਰੂਪ ਪੰਜੀਰੀ ਈ ਹੁੰਦਾ ਹੈ ਤੇ ਉਹ ਮਾਂਜਾ ਰੂਪ ਪੰਜੀਰੀ ਵਿਆਹ ਵਾਲੇ ਘਰ ਡੋਲੂ ਵਿੱਚ ਈ ਜਾਂਦੀ ਸੀ। ਘਰ ਵਿੱਚ ਕਈ ਵਾਰ ਬੀਬੀਆਂ ਵਾਧੂ ਦੇਸੀ ਘਿਓ ਵੀ ਡੋਲੂ ਵਿੱਚ ਈ ਪਾ ਦਿੰਦੀਆਂ ਸੀ ਕਿਉਂਕਿ ਪਹਿਲਾਂ ਕਿਹੜਾ ਅੱਜ ਵਾਂਗੂੰ ਵੰਨ-ਸੁਵੰਨੇ ਡੱਬੇ ਹੁੰਦੇ ਸੀ । ਜੇ ਕਿਸੇ ਘਰ ਆਟਾ ਮੁੱਕ ਜਾਣਾ ਤਾਂ ਬੀਬੀਆਂ ਨੇ ਆਖਣਾ ਜਾ ਵੇ ਆਪਣੀ ਤਾਈ ਤੋਂ ਡੋਲੂ ਆਟੇ ਦਾ ਭਰਾ ਲਿਆ, ਫੇਰ ਮੋੜ ਦੇਵਾਂਗੇ । ਕਈ ਬਾਬੇ ਡਾਲੀ ਕਰਨ ਆਉਂਦੇ ਜੇ ਉਹਨਾਂ ਕੋਲ ਡੋਲੂ ਹੁੰਦਾ ਤਾਂ ਉਹਨਾਂ ਦੀ ਅੱਲ ਡੋਲੂ ਵਾਲ਼ਾ ਬਾਬਾ ਪੈ ਜਾਂਦੀ ਸੀ। ਹੁਣ ਪਿੱਤਲ ਦੇ ਡੋਲੂ ਬਹੁਤ ਘੱਟ ਹਨ, ਪਿੱਤਲ ਦਾ ਡੋਲੂ ਤਾਂ ਕਿਸੇ ਹਵੇਲੀ ਵਿੱਚ ਈ ਟੰਗਿਆ ਨਜਰੀਂ ਪੈਂਦਾ। ਭਾਵੇਂ ਪਿੱਤਲ ਦੀ ਥਾਂ ਸਟੀਲ ਦੇ ਡੋਲੂ ਆ ਗਏ ਪਰ ਹੁਣ ਡੋਲੂਆਂ ਦੀ ਵਰਤੋਂ ਘੱਟ ਗਈ। ਬਹੁਤ ਤਰ੍ਹਾਂ ਦੇ ਨਵੇਂ ਨਵੇਂ ਡਿਜਾਈਨ ਦੇ ਭਾਂਡੇ ਆ ਗਏ ਹਨ ਦੁਕਾਨਾਂ ‘ਤੇ ਸਾਡਾ ਡੋਲੂ ਵੀ ਲੁਪਤ ਹੁੰਦਾ ਜਾਂਦਾ ।

ਸਲੇਟ ਤੇ ਸਲੇਟੀ ਪੱਕੀਆਂ ਸਹੇਲੀਆਂ

ਸਲੇਟ ਹੁੰਦਾ ਤਾਂ ਇਕ ਪੱਥਰ ਈ ਆ। ਵੱਡੀਆਂ ਸਲੇਟਾਂ ਨੂੰ ਛੋਟੀਆਂ ਤਖ਼ਤੀਆਂ ਵਿਚ ਫਿੱਟ ਕਰ ਦਿੱਤਾ ਜਾਂਦਾ ਤਾਂ ਇਹ ਲਿਖਣ ਦੇ ਕੰਮ ਆਉਂਦੀ ਰਹੀ ਹੈ। ਪ੍ਰਾਇਮਰੀ ਸਕੂਲ ਵਿੱਚ ਪੰਜਵੀਂ ਜਮਾਤ ਤੱਕ ਸਲੇਟ ‘ਤੇ ਈ ਸਕੂਲ ਵਿੱਚ ਕੰਮ ਕਰਵਾਇਆ ਜਾਂਦਾ ਸੀ। ਖ਼ਾਸ ਕਰਕੇ ਗਣਿਤ ਦੇ ਸਵਾਲ ਤੇ ਪਹਾੜੇ ਸਲੇਟ ‘ਤੇ ਈ ਲਿਖਾ ਕੇ ਅਭਿਆਸ ਕਰਵਾਇਆ ਜਾਂਦਾ ਸੀ। ਅੱਜ ਵਾਂਗ ਕਾਪੀਆਂ ਨਹੀਂ ਸੀ ਭਰਾਈਆਂ ਜਾਂਦੀਆਂ। ਇਹ ਸਸਤਾ ਸਾਧਨ ਸੀ। ਸਲੇਟ ਤੇ ਸਲੇਟੀ ਨਾਲ ਲਿਖਿਆ ਜਾਂਦਾ ਸੀ।

ਤਾਹੀਂ ਤਾਂ ਸਲੇਟ ਤੇ ਸਲੇਟੀ ਪੱਕੀਆਂ ਸਹੇਲੀਆਂ ਹਨ। ਸਲੇਟੀ ਚਾਕ ਵਰਗੀ ਈ ਹੁੰਦੀ ਆ ਪਰ ਚਾਕ ਗੋਲ ਅਤੇ ਸਲੇਟੀ ਚੌਰਸ ਹੁੰਦੀ ਹੈ। ਉਸ ਨੂੰ ਪਤਲੇ ਅਕਾਰ ਦਾ ਰੂਪ ਦਿੱਤਾ ਜਾਂਦਾ ਤਾਂ ਉਹ ਸਲੇਟੀ ਅਖਵਾਉਂਦੀ ਹੈ। ਸਲੇਟੀ ਹਲਕੇ ਜਿਹੇ ਨੀਲੇ ਰੰਗ ਦੀ ਭਾਅ ਮਾਰਦੀ ਹੈ। ਸ਼ਾਇਦ ਇਸੇ ਕਰਕੇ ਕਈ ਵਿਦਿਆਰਥੀਆਂ ਨੂੰ ਸਲੇਟੀ ਖਾਣ ਲਈ ਸੁਆਦ ਲਗਦੀ ਸੀ, ਉਹ ਸਲੇਟੀ ਖਾਣ ਦੀ ਆਦਤ ਪਾ ਲੈਂਦੇ ਸਨ। ਉਹਨਾਂ ਦੇ ਅਧਿਆਪਕਾਂ ਕੋਲੋਂ ਝਿੜਕਾਂ ਵੀ ਪੈ ਜਾਂਦੀਆਂ ਸਨ।

ਸਲੇਟੀ ਨਾਲ ਸਲੇਟ ਦੇ ਦੋਵੇਂ ਪਾਸੇ ਲਿਖਿਆ ਜਾਂਦਾ ਸੀ । ਲਿਖੇ ਹੋਏ ਨੂੰ ਸਾਫ਼ ਕਰਨ ਲਈ ਇਕ ਕੱਪੜਾ ਵਰਤਿਆ ਜਾਂਦੀ ਸੀ । ਉਸ ਨੂੰ ਪੰਝਾ ਆਖਦੇ ਸਨ। ਕਈ ਵਾਰ ਪੂੰਝਾ, ਵਾਧੂ ਲੀਰਾਂ ਇਕ ਛੋਟੀ ਜਿਹੀ ਗੁੱਥਲੀ ਵਿੱਚ ਪਾ ਕੇ, ਉਸ ਗੁੱਥਲੀ ਦਾ ਮੂੰਹ ਸਿਉਂ ਕੇ ਬਣਾ ਲਿਆ। ਜਾਂਦਾ ਸੀ । ਜਦੋਂ ਸਲੇਟ ਲਿਖਣ ਨਾਲ ਭਰ ਜਾਂਦੀ ਤਾਂ ਪੂੰਝੇ (ਅੱਜ ਕੱਲ੍ਹ ਡਸਟਰ ਮਿਲਦੇ ਹਨ।

ਨਾਲ ਸਲੇਟ ਸਾਫ਼ ਕਰ ਲਈ ਜਾਂਦੀ ਸੀ । ਸਲੇਟ ਜ਼ਿਆਦਾਤਰ ਕਾਲੇ ਜਾਂ ਹਰੇ ਪੱਥਰ ਦੀ ਹੀ ਵਰਤੀ ਜਾਂਦੀ ਸੀ । ਸਲੇਟ ਲੱਕੜ ਜਾਂ ਪੱਤੀ ਦੇ ਫਰੇਮ ਵਿੱਚ ਫਿੱਟ ਕੀਤੀ ਹੁੰਦੀ ਸੀ। ਕਿਸੇ ਕਿਸੇ ਕੋਲ ਟੀਨ ਦੀ ਸਲੇਟ ਵੀ ਹੁੰਦੀ ਸੀ। ਹੁਣ ਦਾ ਸਲੇਟ ਦੀ ਵਰਤੋਂ ਬਹੁਤ ਘੱਟ ਗਈ ਹੈ, ਜ਼ਿਆਦਾਤਰ ਕੰਮ ਕਾਪੀਆਂ ‘ਤੇ ਹੀ ਕਰਵਾਇਆ ਜਾਂਦਾ ਹੈ ਜਾਂ ਮਾਰਕਰ ਨਾਲ ਲਿਖਣ ਵਾਲ਼ੇ ਛੋਟੇ-ਵੱਡੇ ਬੋਰਡ ਆ ਗਏ ਹਨ।

ਫੱਟੀ, ਗਾਚੀ ਤੇ ਕਲਮ-ਦਵਾਤ ਦਾ ਗੂੜ੍ਹਾ ਰਿਸ਼ਤਾ

ਫੱਟੀ ਲੱਕੜ ਦੀ ਬਣੀ ਹੁੰਦੀ ਹੈ। ਇਸ ਦਾ ਅਕਾਰ ਚੌਰਸ ਹੁੰਦਾ। ਇਸ ਦੇ ਇਕ ਪਾਸੇ ਫੜ੍ਹਨ ਲਈ ਹੱਥੀ ਬਣੀ ਹੁੰਦੀ ਹੈ। ਅੱਜ ਕੱਲ੍ਹ ਫੱਟੀ ਦੀ ਵਰਤੋਂ ਕਿਸੇ ਕਿਸੇ ਸਕੂਲ ਵਿੱਚ ਈ ਹੁੰਦੀ ਹੈ। ਜਦੋਂ ਨਵੀਂ ਫੱਟੀ ਲੈਂਦੇ ਤਾਂ ਉੱਪਰੋ ਥਲੀ ਦੋ ਚਾਰ ਵਾਰੀ ਛੇਤੀ ਛੇਤੀ ਗਾਚੀ ਮਲ ਮਲ ਧੋਈ ਜਾਂਦੇ ਬਈ ਸਾਫ਼ ਜਿਹੀ ਹੋ ਜਾਵੇ ਤਾਂ ਲਿਖਾਈ ਵਧੀਆ ਆਵੇਗੀ। ਪਹਿਲਾਂ ਪ੍ਰਾਇਮਰੀ ਸਕੂਲਾਂ ਵਿੱਚ ਪੰਜਵੀਂ ਤੱਕ ਫੱਟੀ ‘ਤੇ ਈ ਲਿਖਾਇਆ ਜਾਂਦਾ ਸੀ । ਸਿੱਕੇ ਵਾਲੀ ਕੱਚੀ ਪੈਨਸਿਲ ਲੈ ਕੇ ਫੁੱਟੇ ਨਾਲ ਸਿੱਧੀਆਂ ਲਾਈਨਾਂ ਮਾਰਨੀਆਂ ਤੇ ਪੂਰਨੇ ਪਾਉਣੇ, ਪੂਰਨਿਆਂ ਦੇ ਉੱਪਰ ਕਲਮ ਨਾਲ ਲਿਖਣਾ । ਸਕੂਲ ਵਿੱਚ ਦੋ ਵਾਰੀ ਫੱਟੀ ਲਿਖਾਈ ਜਾਂਦੀ । ਇਕ ਵਾਰੀ ਲਿਖ ਕੇ ਧੋ ਲੈਂਦੇ ਤੇ ਫੇਰ ਗਾਚੀ ਮਲਦੇ, ਧੁੱਪੇ ਸੁਕਣੀ ਰੱਖਦੇ, ਕਈ ਵਾਰ ਨਾਲ਼ੇ ਫੱਟੀ ਧੁੱਪ ‘ਚ ਖੜ੍ਹ ਕੇ ਹਿਲਾ, ਹਿਲਾ ਕੇ ਸੁਕਾਉਣੀ ਨਾਲ਼ੇ ਗਾਉਣਾ:

ਸੂਰਜਾ ! ਸੂਰਜਾ ਫੱਟੀ ਸੁਕਾ 

ਨਹੀਂ ਸੁਕਾਉਣੀ ਘਰ ਨੂੰ ਜਾਹ।

ਕਈ ਵਾਰ ਸੁਕਾਉਣ ਲਈ ਦੋ, ਦੋ ਫੱਟੀਆਂ ਜੋੜ ਦੇਣੀਆਂ ਤੇ ਨਾਲ਼ੇ ਆਖਣਾ ਕੋਠਾ ਬਣ ਗਿਆ । ਫੱਟੀ ‘ਤੇ ਲਿਖਣ ਲਈ ਕਾਲੀ ਸਿਆਹੀ ਵਰਤੀ ਜਾਂਦੀ ਸੀ। ਕਾਲੀ ਸਿਆਹੀ ਦੀਆਂ ਛੋਟੀਆਂ ਛੋਟੀਆਂ ਬਟਨਾਂ ਵਰਗੀਆਂ ਬੱਟੀਆਂ ਮਿਲਦੀਆਂ ਸੀ, ਉਹਨਾਂ ਨੂੰ ਪਾਣੀ ਨਾਲ ਦਵਾਤ ਵਿੱਚ ਘੋਲ ਕੇ ਸਿਆਹੀ ਤਿਆਰ ਕਰਨੀ ਪਰ ਉਹ ਗਾੜ੍ਹੀ ਰੱਖਣੀ ਤਾਂ ਜੋ ਕਲਮ ਨੂੰ ਚੰਗੀ ਤਰ੍ਹਾਂ ਲੱਗ ਜਾਵੇ। ਸਰਕੜੇ ਦੇ ਕਾਨੇ ਦੀਆਂ ਕਲਮਾਂ ਬਲੇਡ, ਚਾਕੂ ਆਦਿ ਨਾਲ ਘੜਨੀਆਂ। ਸਕੂਲ ਅਧਿਆਪਕ ਘਰ ਨੂੰ ਵੀ ਲਿਖਣ ਨੂੰ ਫੱਟੀਆਂ ਦਿੰਦੇ । ਦੂਸਰੇ ਦਿਨ ਫੱਟੀ ਲਿਖੀ ਅਧਿਆਪਕ ਚੈੱਕ ਵੀ ਕਰਦੇ। ਸੁੰਦਰ ਲਿਖਾਈ ਦੇ ਮੁਕਾਬਲੇ ਵੀ ਫੱਟੀ ਲਿਖਾ ਕੇ ਹੀ ਕਰਵਾਏ ਜਾਂਦੇ। ਗਾਚੀ ਇਕ ਤਰ੍ਹਾਂ ਦੀ ਹਲਕੇ ਜਿਹੇ ਪੀਲੇ ਰੰਗ ਦੀ ਮਿੱਟੀ ਈ ਹੁੰਦੀ ਜੋ ਡਲਿਆਂ ਦੇ ਰੂਪ ਵਿੱਚ ਮਿਲਦੀ ਸੀ। ਥੋੜ੍ਹੀ ਜਿਹੀ ਤੋੜ ਕੇ ਸਕੂਲ ਵਾਲੇ ਝੋਲੇ ਵਿੱਚ ਵਿਦਿਆਰਥੀ ਰੱਖਦੇ ਸੀ । ਇਸ ਲਈ ਫੱਟੀ, ਗਾਚੀ ਤੇ ਕਲਮ ਦਵਾਤ ਦਾ ਆਪਸ ਵਿੱਚ ਬਹੁਤ ਗੂੜਾ ਰਿਸ਼ਤਾ ਸੀ । ਫੱਟੀ ਤੇ ਗਾਚੀ ਮਲੀ ਜਾਂਦੀ ਸੀ। ਕਲਮ ਨੂੰ ਸਿਆਹੀ ਵਾਲੀ ਦਵਾਤ ਵਿੱਚੋਂ ਡੋਬਾ ਲੈ ਕੇ ਅੱਖਰ ਲਿਖੇ ਜਾਂਦੇ ਸੀ । ਇਕ ਦੂਜੇ ਕੋਲੋਂ ਗਾਚਨੀ, ਸਿਆਹੀ ਆਦਿ ਲੈ ਕੇ ਵਰਤ ਲੈਂਦੇ ਸੀ। ਲਿਖਣ ਦਾ ਅਭਿਆਸ ਬਹੁਤ ਹੋ ਜਾਂਦਾ ਸੀ।

ਤੇ ਸਸਤਾ ਵੀ ਪੈਂਦਾ ਸੀ। ਸਾਰੇ ਵਿਦਿਆਰਥੀ ਖ਼ੁਸ਼ੀ ਖ਼ੁਸ਼ੀ ਫੱਟੀਆਂ ਲਿਖਦੇ ਸੀ । ਕਈ ਸ਼ਰਾਰਤੀ ਫੱਟੀਆਂ ਨਾਲ ਲੜਾਈ ਵੀ ਕਰ ਲੈਂਦੇ ਸੀ। ਪਰ ਅੱਜ ਕੱਲ੍ਹ ਇਹ ਰੁਝਾਨ ਬਹੁਤ ਘੱਟ ਹੈ। ਬੱਚਿਆਂ ‘ਤੇ ਕਿਤਾਬਾਂ ਦਾ ਵਜਨ ਬਹੁਤ ਜ਼ਿਆਦਾ। ਸਕੂਲ ਤੋਂ ਕੰਮ ਬਹੁਤ ਮਿਲਦਾ ਹੈ। ਕਿਸੇ ਨੇ ਠੀਕ ਈ ਕਿਹਾ ਹੈ ਕਿ ਅੱਗੇ ਨਾਲੋਂ ਪਿੱਛਾ ਭਲਾ, ਭਾਈ ਸਾਡਾ ਫੱਟੀਆਂ ਲਿਖਣ ਦਾ ਜ਼ਮਾਨਾ ਭਲਾ। ਜਮਾਨਾ ਭਲਾ।

ਤਸਵੀਰਾਂ ਬੋਲਦੀਆਂ

ਓ! ਚੱਲ ਪਿਆ, ਨਹੀਂ ਅਜੇ ।

ਹੋਰ ਘੁਮਾ, ਅਜੇ ਵੀ ਘਸਮੈਲਾ ਈ ਆ।

ਜੀ ਹਾਂ ਜਦੋਂ ਟੈਲੀਵਿਜ਼ਨ ਐਨਟੀਨੇ ਨਾਲ ਚੱਲਦਾ ਸੀ । ਵਾਰ, ਐਤਵਾਰ ਦਾ ਬਾਹਲਾ ਚਾਅ ਹੁੰਦਾ ਸੀ, ਫਿਲਮ ਜੁ ਆਉਣੀ ਹੁੰਦੀ ਸੀ ਪਰ ਜਦੋਂ ਵਿਹਲੇ ਹੋ ਕੇ ਮੂਰਤਾਂ ਵਾਲੇ ਡੱਬੇ ਮੂਹਰੇ ਬੈਠਣਾ ਤਾਂ ਅੱਗੋਂ ਉਹ ਬੀਚਰਿਆ ਬੈਠਾ ਹੁੰਦਾ, ਫੋਟੋ ਸਾਫ਼ ਨਾ ਆਉਣੀ, ਕਦੇ ਫੋਟੋ ਕੰਬਦੀ ਜਿਹੀ ਹੁੰਦੀ ਜਿਵੇਂ ਸਿਆਲਾਂ ‘ਚ ਕੰਬਣੀ ਜਿਹੀ ਛਿੜਦੀ ਹੁੰਦੀ ਆ, ਤੇ ਇਕ ਜਾਣੇ ਨੇ ਕੋਠੇ ਚੜ੍ਹਕੇ ਐਨਟੀਨਾ ਘੁਮਾਉਣਾ, ਨਾਲ ਨਾਲ ਕੁਮੈਂਟਰੀ ਕਰਨੀ, ਸਾਫ਼ ਆ, ਅੱਗੋਂ ਨਹੀਂ ਅਜੇ, ਹੁਣ ਦੇਖ। ਹਾਂ, ਹਾਂ ਠੀਕ ਆ । ਉਹ ਨਹੀਂ ਓਏ ਫੇਰ ਗਿਆ ਤੇ ਜਦ ਨੂੰ ਐਨਟੀਨਾ ਘੁਮਾਉਣ ਵਾਲ਼ਾ ਥੱਲੇ ਉਤਰ ਆਉਂਦਾ, ਜਦ ਨੂੰ ਭਸੂੜੀ ਫੇਰ ਪੈ ਜਾਣੀ । ਸਕਰੀਨ ‘ਤੇ ਕਦੇ ਕਣੀਆਂ ਜਿਹੀਆਂ ਪੈਣ ਲੱਗ ਜਾਂਦੀਆਂ ਤੇ ਫੇਰ ਕੋਠੇ ‘ਤੇ ਚੜ੍ਹਨਾ, ਫੇਰ ਦੂਜੇ ਪਾਸੇ ਨੂੰ ਘੁਮਾਉਣਾ ਓ ਹੁਣ ਦੱਸ, ਹਾਂ ਹਾਂ ਹੋਰ ਘੁਮਾ ਹੋ ਚੱਲਿਆ ਸਾਫ਼ ਤੇ ਕਈ ਵਾਰ ਜਦ ਨੂੰ ਫੋਟੋ ਸਾਫ਼ ਆਉਣੀ ਬਿਜਲੀ ਭੈਣ ਬਾਏ ਬਾਏ ਕਰ ਜਾਂਦੀ । ਬਸ ਫੇਰ ਇਕੋ ਗੱਲ ਜੋ ਸਾਰੇ ਬਿਜਲੀ ਭੱਜਣ ‘ਤੇ ਅੱਜ ਵੀ ਕਹਿੰਦੇ ਨੇ, ਲਓ ਹੁਣ ਬਿਜਲੀ ਆਲਿਓ ਥੋਡਾ ਬੇੜਾ ਬਹਿ ਗਿਆ । ਜਦ ਨੂੰ ਬਿਜਲੀ ਨੇ ਆਉਣਾ ਮੇਰੇ ਬਹੁਤ ਸਤਿਕਾਰਤ ‘ਰਮਨ ਕੁਮਾਰ’ ਖ਼ਬਰਾਂ ਪੜ੍ਹਦੇ ਹੁੰਦੇ ਤੇ ਸਾਡਾ ਪਸੰਦੀਦਾ ਪ੍ਰੋਗਰਾਮ ਲੰਘ ਜਾਂਦਾ ਸੀ । ਖ਼ਬਰਾਂ ‘ਚ ਫੋਟੋਆਂ ਵੇਖ ਲੈਂਦੇ ਸੀ । ਵਾਸ਼ਿੰਗ ਪਾਊਡਰ ਨਿਰਮਾ ਦੀ ਮਸ਼ਹੂਰੀ ਆਉਂਦੀ ਸੀ, ਫੇਰ ਇਕ ਮਸ਼ਹੂਰੀ ਆਉਂਦੀ ਧੋਵੇ, ਸੁਕਾਵੇ ਨਾਲੋਂ ਨਾਲ, ਨਾਲ਼ੇ ਵੇਖੀ ਜਾਣਾ ਸੋਚਣਾ ਵੀ ਚਲੋ ਧੋਤੇ ਤਾਂ ਜਾਂਦੇ ਨੇ ਪਰ ਸੁੱਕਦੇ ਕਿਵੇਂ ਨੇ ? ਜਦ ਨੂੰ ਫੋਟੋ ਕਈ ਵਾਰ ਡਬਲ ਦਿਸਣ ਲੱਗ ਜਾਣੀ, ਚੜ੍ਹੇ ਫੇਰ ਕੋਠੇ ‘ਤੇ ਘੁਮਾਓ ਫੇਰ ਐਨਟੀਨੇ ਨੂੰ, ਹੋ ਸਕਦਾ ਉਹ ਵੀ ਤੰਗ ਹੁੰਦਾ ਹੋਵੇ ਪਰ ਉਹ ਦਿਨ ਬਹੁਤ ਵਧੀਆ ਸੀ।

ਜਦੋਂ ਕਿਸੇ ਦੀ ਛੱਤ ਐਨਟੀਨਾ ਰੂਪੀ ਛੱਤਰੀ ਲੱਗ ਜਾਂਦੀ ਤਾਂ ਪਿੰਡ ‘ਚ ਗੱਲਾਂ ਹੁੰਦੀਆਂ ਸੀ ਤੇ ਉਹ ਘਰ ਦੀ ਗਿਣਤੀ ਅਮੀਰ ਘਰਾਂ ‘ਚ ਹੋ ਜਾਂਦੀ ਸੀ । ਆਂਢ-ਗੁਆਂਢ ਦੇ ਵੀ ਸਾਰੇ ਉਸ ਘਰ ਇਕੱਠੇ ਹੋ ਕੇ ਟੀ.ਵੀ. ਵੇਖਦੇ ਸੀ । ਇਹ ਸੀ ਆਪਸੀ ਪਿਆਰ ਦੀਆਂ ਸਾਂਝਾਂ। ਚਿੱਤਰਹਾਰ, ਲਿਸ਼ਕਾਰਾ, ਰੰਗੋਲੀ ਜਲੰਧਰ ਦੂਰਦਰਸ਼ਨ ਤੋਂ ਵੀਰਵਾਰ ਨੂੰ ਪੰਜਾਬੀ ਫ਼ਿਲਮ ਦੀ ਉਡੀਕ ਐਦਾਂ ਹੁੰਦੀ ਸੀ ਜਿਵੇਂ ਘਰ ਕਿਸੇ ਖ਼ਾਸ ਨੇ ਆਉਣਾ ਹੋਵੇ ਨਾਲੇ ਕਹਿਣਾ ਬਸ ਬਿਜਲੀ ਨਾ ਜਾਵੇ

ਗਾਇਕ ਮੁਹੰਮਦ ਸਦੀਕ ਅਤੇ ਬੀਬੀ ਰਣਜੀਤ ਕੌਰ ਦਾ ਇਕ ਗੀਤ ਬਹੁਤ ਮਸ਼ਹੂਰ ਹੋਇਆ ਸੀ:

“ਜਿੱਥੇ ਰਾਂਝੇ ਗੱਲਾਂ ਕਰਦੇ ਨੇ ਤੇ ਹੀਰਾਂ ਬੋਲਦੀਆਂ।

ਮੈਨੂੰ ਟੈਲੀਵਿਜ਼ਨ ਲੈ ਦੇ ਵੇ ਤਸਵੀਰਾਂ ਬੋਲਦੀਆਂ ।”

ਪਹਿਲਾਂ ਟੈਲੀਵਿਜ਼ਨ ਕਾਲ਼ਾ ਚਿੱਟਾ ਹੁੰਦਾ ਸੀ ਫੇਰ ਰੰਗਦਾਰ ਆ ਗਏ। ਸਾਂਝੇ ਟੱਬਰ ਹੁੰਦੇ ਸੀ, ਸਾਰੇ ਘਰ ‘ਚ ਇਕ ਟੈਲੀਵਿਜ਼ਨ । ਸਾਰੇ ਭੱਜ ਭੱਜ ਕੰਮ ਮੁਕਾ ਕੇ ਇਕੱਠੇ ਬੈਠ ਕੇ ਦੇਖਦੇ ਸੀ ਤੇ ਅੱਜ ਮਾਡਰਨਪੁਣੇ ਨੇ ਸਭ ਅੱਡੇ, ਫਾਟੀ ਕਰ ਦਿੱਤੇ, ਮਹਿੰਗਾਈ ਵੀ ਜੋਰਾਂ ‘ਤੇ ਆ ਪਰ ਫੇਰ ਵੀ ਸਾਡੇ ਇਕੱਲੇ ਇਕੱਲੇ ਦੇ ਕਮਰੇ ‘ਚ ਐਲ ਈ ਡੀ ਦੇ ਰੂਪ ‘ਚ ਲੱਗ ਗਿਆ ਇਹ ਮੂਰਤਾਂ ਵਾਲਾ ਡੱਬਾ । ਜੁਆਕ ਮਾਪਿਆਂ ਤੋਂ ਦੂਰ ਹੈ ਗਏ ਤੇ ਮਾਪੇ ਜੁਆਕਾਂ ਤੋਂ, ਕੋਈ ਪਤਾ ਨਹੀਂ ਬੱਚੇ ਕਿੰਨੇ ਕਿੰਨੇ ਵਜੇ ਤੱਕ ਟੀ.ਵੀ. ਵੇਖਦੇ ਨੇ ਤੇ ਕੀ ਸੁਆਹ ਖੇਹ-ਵੇਖਦੇ ਨੇ, ਜੋ ਵੇਖਦੇ ਨੇ ਉਹੀ ਕੁਝ ਵਾਪਰ ਰਿਹਾ। ਹੁਣ ਤਾਂ ਫ਼ੋਨਾਂ ‘ਤੇ ਇੰਟਰਨੈੱਟ ਨੇ ਸਭ ਕੁਝ ਚਲਾ ਦਿੱਤਾ। ਰਹਿੰਦੀ ਕਸਰ ਪੂਰੀ ਹੋ ਗਈ।

ਕਾਸ਼! ਉਹ ਦਿਨ ਵਾਪਸ ਆ ਜਾਣ, ਉਹ ਸਾਂਝਾ ਮੁੜ ਕਾਇਮ ਹੋ ਜਾਣ।

ਭਾਗ-ਚੌਥਾ

ਪੰਜਾਬੀਆਂ ਦਾ ਖਾਣ-ਪੀਣ

ਰੈਸਪੀ ਵਾਲ਼ੇ ਦੌਰ ਦੇ ਮੁਕਾਬਲੇ ਘਰ ਦਾ ਖਾਣ-ਪੀਣ

ਜ਼ਮਾਨਾ ‘ਮੌਡਰਨ’ ਆਂ ਪਰ ਸਾਡੀਆਂ ਬੀਬੀਆਂ ਵੀ ਸਾਰਾ ਕੁਝ ਬਣਾਉਂਦੀਆਂ ਸੀ ਹੱਥੀਂ ਆਪ ਚੁੱਲੇ ‘ਤੇ । ਉਹ ਕਦੇ ਕੋਈ ਜਿਵੇਂ ਅੱਜ ਕੱਲ੍ਹ ਸਮੌਲ ਸਪੂਨ ਦੋ, ਟੇਬਲ ਸਪੂਨ ਤਿੰਨ, ਇਹ ਗਿਣਤੀ-ਮਿਣਤੀ ਨਹੀਂ ਸੀ ਕਰਦੀਆਂ ਕਿਉਂਕਿ ਉਹਨਾਂ ਦੇ ਹੱਥ ਈ ਮਿਣੇ ਹੋਏ ਸੀ।

ਉਹ ਐਨਾ ਐਨਾ ਖੋਆ ਮਾਰਦੀਆਂ, ਫੱਰ ਰਲਾਉਂਦੀਆਂ, ਉਹ ਤੱਕ ਨਾਲ, ਅੰਦਾਜ਼ੇ ਨਾਲ ਈ ਮਿੱਠਾ ਪਾਉਂਦੀਆਂ ਸਨ, ਫੇਰ ਵੀ ਉਹ ਏਨਾ ਸਵਾਦ ਹੁੰਦਾ ਸੀ ਕਿ ਮੂੰਹੋਂ ਨਹੀਂ ਸੀ ਲਹਿੰਦਾ।

ਸਾਂਝੇ ਪਰਿਵਾਰਾਂ ‘ਚ ਜਦੋਂ ਦਾਲ ਸਬਜ਼ੀ ਧਰਦੀਆਂ ਸੀ ਤਾਂ ਪੱਥਰ ਜਾਂ ਮਿੱਟੀ ਦੀ ਕੂੰਡੀ ਵਿੱਚ ਆਹ ਅੱਜ ਕੱਲ੍ਹ ਵਾਲੀਆਂ ਦਾ ਗਾਰਲਕ, ਅਨੀਅਨ, ਜਿੰਜਰ, ਗ੍ਰੀਨ ਚਿੱਲੀਜ ਤੇ ਟੋਮੈਟੋ ਸਾਰਾ ਕੁਝ ਧੋ ਕੇ ਸਵਾਰਕੇ ਸੋਟੇ ਨਾਲ ਕੂੰਡੀ ‘ਚ ਮਸਾਲਾ ਕੁੱਟਦੀਆਂ ਸੀ ਤੇ ਤਰੀ ਵਾਲ਼ੀ ਸਬਜ਼ੀ ਜਾਂ ਦਾਲ ਦਾ ਜੋ ਸੁਆਦ ਸੀ ਉਹ ਅੱਜ ਕੱਲ੍ਹ ਕਿੱਥੇ। ਸੁੱਕੀ ਸਬਜ਼ੀ ਨੂੰ ਵੀ ਮਸਾਲਾ ਕੁੱਟ ਕੇ ਈ ਤੜਕਾ ਲਾਉਂਦੀਆਂ ਸੀ। ਹਾਰੇ ਦਾਲ ਧਰਨੀ ਵਿੱਚ ਲਸਣ ਛਿੱਲ ਕੇ ਮਿਰਚਾਂ ਤੇ ਅਦਰਕ ਆਦਿ ਸਭ ਕੁਝ ਸਾਬਤਾ ਈ ਪਾ ਦਿੰਦੀਆਂ ਤੇ ਦਾਲ ਹਾਰੇ ਰਿੱਝਦੀ ਦੀ ਖੁਸ਼ਬੂ ਗਲੀ ਦੇ ਮੋੜ ਤੋਂ ਆ ਜਾਂਦੀ ਸੀ। ਕਦੇ ਹਾਰੇ ਦੀ ਦਾਲ ਨੂੰ ਅੱਜ ਵਰਗੇ ਸ਼ਪੈਸ਼ਲ ਤੜਕੇ ਨਹੀਂ ਸੀ ਲਾਏ ਜਾਂਦੇ ।

ਸਾਡੀਆਂ ਬੀਬੀਆਂ ਦਾ ਸਾਗ ਕਾਹਦੀਆਂ ਗੱਲਾਂ, ਗੰਦਲਾਂ ਸਰੋਂ ਦੀਆਂ, ਮੇਥੇ, ਮੇਥੀ, ਪਾਲਕ, ਛੋਲਿਆਂ ਦੀਆਂ ਟਾਟਾਂ ਤੇ ਬਾਥੂ, ਹਰਾ ਧਨੀਆਂ ਵੀ ਪਾਉਂਦੀਆਂ ਸੀ, ਪਾਈਆਂ ਤਾਂ ਲਸਣ ਪਾ ਦਿੰਦੀਆਂ ਸੀ ਸਾਗ ‘ਚ ਪਰ ਉਹ ਸਾਗ ਜਦੋਂ ਆਲਣ ਪਾ ਕੇ ਘੋਟਣੇ ਨਾਲ਼ ਹੱਥੀਂ ਘੋਟ ਕੇ ਤਿਆਰ ਹੁੰਦਾ ਤਾਂ ਨਜ਼ਾਰਾ ਆ ਜਾਂਦਾ ਸੀ ਖਾਣ ਵੇਲ਼ੇ । ਗੁਰਦਾਸ ਮਾਨ ਦਾ ਗਾਇਆ ਅਤੇ ਮੱਖਣ ਬਰਾੜ ਦਾ ਲਿਖਿਆ ਗੀਤ ਬੜਾ ਮਸ਼ਹੂਰ ਹੁੰਦਾ ਸੀ ਓਸ ਵੇਲ਼ੇ:

“ਸਰੋਂ ਦੇ ਸਾਗ ਵਿੱਚ ਘਿਓ ਦੀ ਘਿਓ ਪਾਈ ਜਾਵਾਂ, 

ਮੱਕੀ ਦੀਆਂ ਰੋਟੀਆਂ ਬਿਨਾ ਗਿਣੇ ਖਾਈ ਜਾਵਾਂ।”

ਸਾਡੀਆਂ ਬੀਬੀਆਂ ਗਜਰੇਲਾ ਵੀ ਬਣਾਉਂਦੀਆਂ ਸੀ ਖੋਆ ਕਾੜ੍ਹਨ ਵੇਲੇ ਰਿੱਝਦੇ ਦੁੱਧ ਵਿੱਚ ਈ ਗਾਜਰਾਂ ਪਾ ਕੇ ਬਣਾ ਧਰਦੀਆਂ ਸੀ। ਹੁਣ ਤਾਂ ਯੂ-ਟਿਊਬ ‘ਤੇ ਆਟੇ ਦੇ ਕੜਾਹ ਦੀ ਰੈਸਪੀ ਦੱਸਦੀਆਂ ਨੇ ਆਪਣੇ ਚੈਨਲਾਂ ‘ਤੇ “ਇਕ ਕੱਪ ਪਾਨੀ ਬਰਾਉਨ ਸ਼ੂਗਰ ਲਓ ਚਾਸ਼ਨੀ (ਚਾਸ਼ਣੀ) ਬਨਾਓ, ਦੋ ਤਿੰਨ ਟੇਬਲ ਸਪੂਨ ਕਨਕ (ਕਣਕ) ਦਾ ਆਟਾ, ਦੋ ਟੇਬਲ ਸਪੂਨ ਦੇਸੀ ਘਿਓ ਲੈ ਕੇ ਆਟੇ ਨੂੰ ਬਰਾਉਨ ਹੋਨ ‘ਤੇ ਚਾਸ਼ਨੀ ਪਾਓ।” ਪਰ ਸਾਡੀਆਂ ਬੀਬੀਆਂ ਕੜਾਹ ਆਮ ਬਣਾਉਂਦੀਆਂ ਸੀ ਉਦੋਂ ਆਏ ਗਏ ਲਈ ਇਹੀ ਸਵੀਡਿਸ਼ ਹੁੰਦੀ ਸੀ। ਜਦੋਂ ਕਿਸੇ ਪ੍ਰਾਹੁਣੇ ਨੇ ਘਰ ਆਉਣਾ ਤਾਂ ਘਰ ਦੀ ਬਜ਼ੁਰਗ ਬੇਬੇ ਨੇ ਕਹਿਣਾ ‘ਕੁੜੇ ਕੜਛੀ ਆਟੇ ਦੀ ਭੁੰਨ ਲਵੋ।’ ਧੰਨ ਸਾਡੀਆਂ ਬੀਬੀਆਂ ਉਹ ਪਰਾਤਾਂ ਦੀਆਂ ਪਰਾਤਾਂ ਮੱਕੀ ਦੀਆਂ ਰੋਟੀਆਂ ਪਕਾਉਂਦੀਆਂ ਸੀ। ਕੀ ਮਜ਼ਾਲ ਆ ਰੋਟੀ ਸੜ ਜੇ ਜਾਂ ਲੋਹ ਦੀ ਅੱਗ ਬੁੱਝ ਜੇ । ਤਵੀ ‘ਤੇ ਚਾਰ ਚਾਰ ਰੋਟੀਆਂ ਪਾ ਕੇ ਤੇ ਲੋਹ ਦੇ ਕੰਢੇ ਨਾਲ ਵਾਰੀ ਵਾਰੀ ਰਾੜਦੀਆਂ ਸੀ ਕਣਕ ਦੇ ਮੁਕਾਬਲੇ ਮੱਕੀ ਦੀਆਂ ਰੋਟੀਆਂ ਨੂੰ ਜ਼ਿਆਦਾ ਸਮਾਂ ਲੱਗਦਾ। ਹੁਣ ਤਾਂ ਮੇਥਿਆਂ ਵਾਲੀ ਰੋਟੀ ਦੀ ਵੀ ਰੈਸਪੀ। ਬੀਬੀਆਂ ਵੀ ਬਣਾਉਂਦੀਆਂ ਸੀ ਕੁੱਟ ਕੇ ਕੁੰਡੀ ‘ਚ ਮੇਥੇ, ਮਿਰਚਾਂ ਤੇ ਰਲ਼ਾ ਕੇ ਆਟੇ ‘ਚ, ਪੂਰੀ ਪਰਾਤ ਪਕਾ ਦਿੰਦੀਆਂ ਸੀ। ਆਲੂ, ਮੂਲੀ ਤੇ ਗੋਭੀ ਵਾਲ਼ੇ ਪਰਾਉਂਠੇ ਵੀ ਉਹ ਆਮ ਹੀ ਬਣਾਉਂਦੀਆਂ ਸੀ। ਖੀਰ, ਸੇਵੀਆਂ ਵੀ ਦਿਨ, ਤਿਉਹਾਰ ਨੂੰ ਬਣਕੇ ਰਹਿੰਦੇ ਸੀ। ਉਹ ਪਕੌੜੇ, ਕਚੌਰੀਆਂ, ਗੁਲਗਲੇ ਬਣਾ ਕੇ ਖਵਾਉਂਦੀਆਂ ਸੀ ਪਰ ਇਹਨਾਂ ਦੇ ਮੁਕਾਬਲੇ ਹੁਣ ਬਰਗਰ, ਪੀਜਾ, ਸਪਰਿੰਗ ਰੋਲ, ਫਰੈੱਚ-ਫਰਾਈ, ਮਨਚੂਰੀਅਨ, ਪਾਸਤਾ, ਨਿਊਡਲ ਆ ਗਏ ਤੇ ਮੈਦਾ ਹਜ਼ਮ ਨਹੀਂ ਹੁੰਦਾ ਏਸ ਲਈ ਅਸੀਂ ਬਿਮਾਰ ਛੇਤੀ ਹੁੰਦੇ ਹਾਂ ।

ਸੋ ਭਾਈ ਜੇ ਸਿਹਤ ਸਹੀ ਰੱਖਣੀ ਆ ਤਾਂ ਪਿੱਛੇ ਮੁੜਨਾ ਪਊਗਾ ਨਹੀਂ ਤਾਂ ਫਿਰ ਭਰੀ ਜਾਓ ਡਾਕਟਰਾਂ ਦੇ ਘਰ । ਉਹ ਵੇਲ਼ੇ ਭਲੇ ਸੀ।

ਸੁੱਚ ਖੋਲ੍ਹਣੀ

ਜਦੋਂ ਸਾਡੇ ਪਿੰਡਾਂ ਆਲਿਆਂ ਦੇ ਗਾਂ, ਮੱਝ ਸੂੰਦੀ ਆ ਤਾਂ ਅਸੀਂ ਜਿੰਨਾ ਚਿਰ ਸੁੱਚ ਨਾ ਖੋਲ੍ਹੀਏ, ਓਸ ਗਾਂ, ਮੱਝ ਦਾ ਦੁੱਧ ਪਰਿਵਾਰ ਲਈ ਤਾਂ ਵਰਤ ਲੈਂਦੇ ਹਾਂ ਪਰ ਕਿਸੇ ਬਾਹਰਲੇ ਨੂੰ ਉਸ ਦੁੱਧ ਦੀ ਚਾਹ ਵੀ ਨਹੀਂ ਦਿੰਦੇ, ਜਿੱਦਣ ਸੁੱਚ ਖੋਲ੍ਹਣੀ ਹੁੰਦੀ ਆ ਜ਼ਿਆਦਾਤਰ ਬੀਬੀਆਂ ਦਸਵੀਂ ਨੂੰ ਖੋਲ੍ਹਦੀਆਂ ਨੇ ਉਹ ਵੀ ਨੇਰ, ਚਾਨਣ ਵੇਖ ਕੇ, ਉਸ ਦਿਨ ਘਰ ’ਚ ਉਸ ਸੱਜਰ ਸੂਈ ਗਾਂ, ਮੱਝ ਦੇ ਦੁੱਧ ਦੀ ਖੀਰ ਬਣਾਈ ਜਾਂਦੀ ਆ ਤੇ ਕੜਾਹ ਪ੍ਰਸ਼ਾਦ ਨਾਲ ਦਾਲ, ਸਬਜ਼ੀ ਤਾਂ ਬਣਾਈ ਈ ਜਾਂਦੀ ਆ, ਗੁਰੂ ਘਰ ਦੇ ਗ੍ਰੰਥੀ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ, ਸਿੰਘਾਂ ਸ਼ਹੀਦਾਂ ਨੂੰ ਧੁਖਦੇ ਗੋਹੇ ਦੀ ਅੱਗ ‘ਤੇ ਹੋਮ ਦੇ ਕੇ ਮੱਥਾ ਟੇਕਿਆ ਜਾਂਦਾ ।

ਉਸ ਦਿਨ ਤੋਂ ਬਾਅਦ ਉਸ ਗਾਂ, ਮੱਝ ਦਾ ਦੁੱਧ ਆਏ, ਗਏ ਤੇ ਕਿਸੇ ਬਾਂਧ ਜਾਂ ਦੋਜੀ ਲਈ ਵਰਤਿਆ ਜਾਂਦਾ । ਬੀਬੀਆਂ ਲਈ ਸੁੱਚ ਖੋਲ੍ਹਣਾ ਵੀ ਕਿਸੇ ਤਿਉਹਾਰ ਤੋਂ ਘੱਟ ਨਹੀਂ ਸੀ ਹੁੰਦਾ। ਚੁੱਲ੍ਹਾ-ਚੌਂਕਾ ਲਿੱਪ ਕੇ ਸੁੱਚਾ ਕਰਨਾ ਫੇਰ ਖੀਰ ਧਰਨੀ, ਆਂਢ-ਗੁਆਂਢ ‘ਚ ਵੀ ਖੀਰ ਦਾ ਪ੍ਰਸ਼ਾਦ ਭੇਜਣਾ, ਇਹ ਸਭ ਸਾਡੀਆਂ ਭਾਈਚਾਰਕ ਸਾਂਝਾਂ ਹੁੰਦੀਆਂ ਸਨ, ਪਰ ਹੁਣ ਇਹ ਬਹੁਤ ਘੱਟ ਗਈਆਂ ਜਾਂ ਇਕ ਤਰ੍ਹਾਂ ਨਾਲ ਵਿਸਰ ਰਹੀਆਂ ਹਨ।

ਕਾੜ੍ਹਨੀ ਦਾ ਦੁੱਧ

ਭਲੇ ਵੇਲ਼ੇ ਸੀ ਉਹ ਜਦੋਂ ਕਾੜ੍ਹਨੀ ਦਾ ਦੁੱਧ ਪੀਣ ਨੂੰ ਮਿਲਦਾ ਸੀ, ਏਸ ਦੁੱਧ ਦਾ ਸੁਆਦ ਬਿਆਨ ਈ ਨਹੀਂ ਕਰ ਸਕਦੇ, ਜੀਹਨੇ ਪੀਤਾ ਬਸ ਉਹੀ ਜਾਣਦਾ। ਸੁੱਖ ਨਾਲ਼ ਉਦੋਂ ਹਰ ਘਰ ਲਵੇਰੇ ਹੁੰਦੇ ਸੀ, ਦੁੱਧ ਵੇਚਣ ਦਾ ਐਨਾ ਰਿਵਾਜ ਵੀ ਨਹੀਂ ਸੀ, ਪੈਸੇ ਦਾ ਚਸਕਾ ਵੀ ਨਹੀਂ ਸੀ। ਸਾਡੀਆਂ ਬੀਬੀਆਂ ਨੇ ਚਾਹ ਜੋਗਾ ਦੁੱਧ ਰੱਖ ਕੇ ਬਾਕੀ ਕਾੜ੍ਹਨੀ ‘ਚ ਪਾ ਕੇ, ਹਾਰੇ ‘ਚ ਪਾਥੀਆਂ ਪਾ ਧੁਖਦੀਆਂ ਪਾਥੀਆਂ ’ਤੇ ਕਾੜ੍ਹਨੀ ਟਿਕਾ ਦੇਣੀ । ਸਾਰੀ ਦਿਹਾੜੀ ਓਸ ਗੋਹੇ ਦੀ ਅੱਗ ‘ਤੇ ਦੁੱਧ ਨੇ ਕੜ੍ਹੀ ਜਾਣਾ, ਕੜ੍ਹ ਕੜ੍ਹ ਕੇ ਮਲਾਈ ਆ ਜਾਣੀ, ਜੇ ਕੋਈ ਕਾਹਲੀ ਦਾ ਪ੍ਰਾਹੁਣਾ ਆ ਜਾਣਾ ਉਹਨੂੰ ਮਲਾਈ ਪਰੇ ਹਟਾ ਕੇ ਇਹ ਦੁੱਧ ਮਿੱਠਾ ਪਾ ਕੇ ਪੀਣ ਨੂੰ ਦੇ ਦੇਣਾ ਤੇ ਘਰ ‘ਚ ਵੀ ਜਿਸ ਕਿਸੇ ਨੂੰ ਇਹ ਦੁੱਧ ਸਵਾਦ ਲਗਦਾ ਤਾਂ ਉਹ ਪੀਂਦਾ। ਬਹੁਤੇ ਘਰਾਂ ‘ਚ ਚਾਹ ਵੀ ਬਣਾ ਲੈਂਦੇ ਸੀ। ਇਸ ਦੁੱਧ ਦੀ ਪਰ ਚਾਹ ਨਹੀਂ ਸੀ ਐਨੀਂ ਸੁਆਦ ਲਗਦੀ ਕਿਉਂਕ ਚਾਹ ਦੇ ਉੱਤੇ ਥਦਿੰਆਈ, ਤਿਰਫਰਾ ਜਿਹਾ ਰਹਿੰਦਾ ਸੀ। ਕੋਈ ਚਾਰ ਕੁ ਵਜੇ ਕਾੜ੍ਹਨੀ ਬਾਹਰ ਕੱਢ ਲਈ ਜਾਂਦੀ ਤੇ ਇਕ ਪੀੜ੍ਹੀ ਬਣਾਈ ਹੁੰਦੀ ਸੀ, ਬਿੱਲੀ ਦੇ ਡਰੋਂ ਉਹਦੇ ‘ਚ ਰੱਖ ਦਿੱਤੀ ਜਾਂਦੀ, ਜਦੋ ਕਾੜ੍ਹਨੀ ਦਾ ਦੁੱਧ ਨਿੱਘਾ ਜਿਹਾ ਹੋ ਜਾਂਦਾ ਤਾਂ ਉਸ ਨੂੰ ਜਾਗ ਲਾਇਆ ਜਾਂਦਾ। ਸਵੇਰੇ ਤੜਕਸਾਰ ਕਾੜ੍ਹਨੀ ‘ਚੋਂ ਦੁੱਧ ਜੋ ਦਹੀਂ ਬਣ ਚੁੱਕਾ ਹੁੰਦਾ, ਉਹਦੇ ‘ਚੋਂ ਘਰ ਦੇ ਮੈਂਬਰਾਂ ਲਈ ਖਾਣ ਜੋਗਾ ਨਹੀਂ ਰੱਖ ਲਿਆ ਜਾਂਦਾ ਤੇ ਬਾਕੀ ਨੂੰ ਰਿੜਕਾ ਵੱਜਦਾ । ਦੁੱਧ ਕੜ੍ਹ ਕੜ੍ਹ ਕੇ ਲਾਲ ਹੋ ਜਾਂਦਾ ਇਸੇ ਕਰਕੇ ਦਹੀਂ ਵੀ ਲਾਲ ਤੇ ਲੱਸੀ ਮੱਖਣ ਵੀ ਲਾਲ ਜਿਹੇ ਈ ਹੁੰਦੇ, ਹੁਣ ਦੇ ਜੁਆਕ ਕਿੱਥੇ ਖਾ ਲੈਣਗੇ। ਆਂਢ-ਗੁਆਂਢ ਕਈ ਘਰ ਲੱਸੀ ਵੀ ਲੈ ਕੇ ਜਾਂਦੇ ਸਨ ਪਰ ਹੁਣ ਸਚਾਈ ਇਹ ਆ ਕਿ ਲਵੇਰੇ ਈ ਘੱਟ ਨੇ, ਦੁੱਧ ਇਕ ਕਮਾਈ ਦਾ ਸਾਧਨ ਵੀ ਆ, ਰਹੀ ਗੱਲ ਕਿ ਹੁਣ ਹਾਰੇ, ਭੜੋਲੀਆਂ, ਕਾੜ੍ਹਨੀਆਂ ਬਹੁਤ ਦੂਰ ਰਹਿ ਗੀਆਂ, ਐਨੀ ਖੇਚਲ ਕੌਣ ਕਰਦਾ। ਲੱਸੀ, ਮੱਖਣ ਸਭ ਪੈਕਟਾਂ ‘ਚ ਮਿਲ ਜੂ ਪਰ ਯਾਦ ਰੱਖਿਓ ਕਾੜ੍ਹਨੀ ਦਾ ਦੁੱਧ ਪੈਕਟਾਂ ‘ਚ ਨਹੀਂ ਮਿਲਣਾ।

ਹੱਥੀਂ ਦੁੱਧ ਰਿੜਕਣਾ

ਭਲਾ ਜ਼ਮਾਨਾ ਸੀ ਜਦੋਂ ਤਕਰੀਬਨ ਪਿੰਡਾਂ ਵਿੱਚ ਬਹੁਤੇ ਘਰਾਂ ਵਿੱਚ ਦੁੱਧ ਦੇਣ ਵਾਲੇ ਲਵੇਰੇ ਰੱਖੇ ਹੁੰਦੇ ਸੀ। ਗੱਲ ਕੀ ਦੁੱਧ-ਬਾਧ ਘਰਾਂ ਵਿੱਚ ਬਾਹਵਾ ਹੁੰਦਾ ਸੀ। ਚਾਹ ਬਣਾਉਣ ਨੂੰ ਕੱਚਾ ਦੁੱਧ ਰੱਖਿਆ ਜਾਂਦਾ ਸੀ ਜਾਂ ਉਸ ਨੂੰ ਉਬਾਲੀ ਦੇ ਲਈ ਜਾਂਦੀ ਸੀ । ਬਾਕੀ ਦੁੱਧ ਕਾੜਨੀ ਵਿੱਚ ਪਾ ਕੇ ਹਾਰੇ ਵਿੱਚ ਕੜਨ ਲਈ ਰੱਖ ਦਿੱਤਾ ਜਾਂਦਾ ਸੀ । ਚਾਰ ਕੁ ਵਜੇ ਦੇ ਨਾਲ ਹਾਰੇ ‘ਚੋਂ ਕਾੜਨੀ ਕੱਢ ਕੇ ਘੜੌਜੀ ‘ਤੇ ਜਾਂ ਇਕ ਕਾੜਨੀ ਵਾਲੀ ਪੀੜ੍ਹੀ ਹੁੰਦੀ ਉਹਦੇ ਵਿੱਚ ਕਾੜਨੀ ਰੱਖ ਦਿੱਤੀ ਜਾਂਦੀ। ਦਿਨ ਦੇ ਛਪਾ ਨਾਲ ਕੋਸੇ ਜਿਹੇ ਦੁੱਧ ਨੂੰ ਜਾਗ ਲਾ ਕੇ ਕਾੜਨੀ ਦਾ ਮੂੰਹ ਕਿਸੇ ਪਤਲੇ ਕੱਪੜੇ ਨਾਲ ਬੰਨ ਦਿੱਤਾ ਜਾਂਦਾ ਸੀ। ਸਿਆਲਾਂ ‘ਚ ਕਾੜਨੀ ਦੇ ਦੁਆਲੇ ਮੋਟਾ ਕੱਪੜਾ ਲਪੇਟ ਦਿੱਤਾ ਜਾਂਦਾ ਸੀ । ਦੂਸਰੇ ਦਿਨ ਸਵੇਰੇ ਸਾਜਰੇ ਸਭ ਤੋਂ ਪਹਿਲਾਂ ਦੁੱਧ ਰਿੜਕਣ ਦਾ ਕੰਮ ਈ ਕੀਤਾ ਜਾਂਦਾ ਸੀ। ਕਾੜਨੀ ਵਿੱਚੋਂ ਖਾਣ ਜੋਗਾ ਦਹੀਂ ਕਿਸੇ ਭਾਂਡੇ ਵਿੱਚ ਕੱਢ ਕੇ ਬਾਕੀ ਦਹੀਂ ਚਾਟੀ ਵਿੱਚ ਪਾ ਕੇ, ਕਾੜਨੀ ਸੰਵਾਰ ਕੇ ਧੋ ਕੇ ਉਹ ਪਾਣੀ ਵੀ ਚਾਟੀ ਵਿੱਚ ਪਾ ਦਿੱਤਾ ਜਾਂਦਾ ਸੀ । ਇਸ ਕਿਰਿਆ ਨੂੰ ਦੁੱਧ ਵਧਾਉਣਾ ਆਖਦੇ ਹਨ। ਮਧਾਣੀ ਧੋ ਸੰਵਾਰ ਕੇ ਚਾਟੀ ਵਿੱਚ ਪਾ ਕੇ ਦੋਹਾਂ ਹੱਥਾਂ ਨਾਲ ਨੇਤੀ ਦੀਆਂ ਰੱਸੀਆਂ, ਜਿਨ੍ਹਾਂ ਦੇ ਸਿਰੇ ‘ਤੇ ਡੂਡਣੇ ਜਿਹੇ ਲੱਗੇ ਹੁੰਦੇ ਸੀ ਉਹਨਾਂ ਨੂੰ ਘੁਮਾ ਕੇ ਇਕ ਰੱਸੀ ਆਪਣੇ ਵੱਲ ਨੂੰ ਖਿੱਚਣੀ ਤੇ ਦੂਜੀ ਚਾਟੀ ਵੱਲ ਛੱਡਣੀ। ਇਸ ਤਰ੍ਹਾਂ ਦੁੱਧ ਰਿੜਕਿਆ ਜਾਂਦਾ ਸੀ।

ਨੇਤੀ ਨੇਤਰਾ ਪਾ ਕੇ ਲੱਕੜ ਦੀ ਮਧਾਣੀ ਘੁੰਮਦੀ ਤਾਂ ਚਾਟੀ ਵਿੱਚੋਂ ਬਹੁਤ ਸੋਹਣੀ ਦੁੱਧ ਦੇ ਛਣਕਣ ਦੀ ਅਵਾਜ਼ ਆਉਂਦੀ ਸੀ ਜੋ ਕੰਨਾਂ ਨੂੰ ਬਹੁਤ ਚੰਗੀ ਲੱਗਦੀ ਸੀ। ਇਹ ਸੁਆਣੀਆਂ ਲਈ ਬਾਹਾਂ ਦੀ ਇਕ ਚੰਗੀ ਵਰਜਿਸ਼ ਸੀ । ਥੋੜ੍ਹਾ ਜਿਹਾ ਰਿੜਕ ਕੇ ਫੇਰ ਵੇਖਣਾ ਕਿ ਹੁਣ ਕਿਹੜਾ ਪਾਣੀ ਪਵੇਗਾ, ਕੋਸਾ ਜਾਂ ਠੰਢਾ ਜੋ ਠੀਕ ਲਗਦਾ ਉਹ ਪਾਣੀ ਪਾ ਕੇ ਫੇਰ ਰਿੜਕਿਆ ਜਾਂਦਾ ਤਾਂ ਮੱਖਣ ਉੱਪਰ ਆ ਜਾਂਦਾ ਤੇ ਲੱਸੀ ਥੱਲੇ ਰਹਿ ਜਾਂਦੀ, ਮੱਖਣ ਨੂੰ ਕਿਸੇ ਭਾਂਡੇ ‘ਚ ਕੱਢ ਲਿਆ ਜਾਂਦਾ । ਲੱਸੀ ਪੀਣ ਲਈ ਵਰਤੀ ਜਾਂਦੀ । ਹੁਣ ਪਿੰਡ ਦੇ ਕਿਸੇ ਘਰ ਵਿੱਚ ਵੀ ਹੱਥ ਨਾਲ ਦੁੱਧ ਨਹੀਂ ਰਿੜਕਿਆ ਜਾਂਦਾ, ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਜੋ ਆ ਗਈਆਂ। ਨਾ ਇਕ ਦੂਜੇ ਤੋਂ ਲੱਸੀ ਲੈਣ ਦੇਣ ਦਾ ਰਿਵਾਜ ਹੈ ਕਿਉਂਕਿ ਉਹ ਸਾਂਝਾ ਨਹੀਂ ਰਹੀਆਂ। ਸਚਾਈ ਤਾਂ ਇਹ ਹੈ ਕਿ ਹੁਣ ਪਿੰਡਾਂ ਵਿੱਚ ਵੀ ਪਸ਼ੂ ਘੱਟ ਰੱਖਣ ਦਾ ਰਿਵਾਜ ਆ, ਕਿਹਾ ਜਾਂਦਾ ਕਿ ਡੰਗਰ ਨਾਲ ਡੰਗਰ ਹੋਣਾ ਪੈਂਦਾ ਪਰ ਜੋ ਸੁਆਦ ਚਾਟੀ ਵਾਲੀ ਲੱਸੀ ਦਾ ਹੁੰਦਾ ਉਹ ਉਬਾਲੀ ਦਿੱਤੇ ਦੁੱਧ ਵਿੱਚੋਂ ਨਹੀਂ ਆ ਸਕਦਾ । ਨਵੇਂ ਜ਼ਮਾਨੇ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ ਜੋ ਕਿ ਸਾਡੀ ਤ੍ਰਾਸਦੀ ਹੈ ।

ਘਰ ਦੀ ਲੱਸੀ ਤੋਂ ਖੱਟਾ ਤਿਆਰ ਕਰਨਾ

ਜਦੋਂ ਪਿੰਡ ਵਿੱਚ ਦੁੱਧ ਬਾਧ ਚੰਗਾ ਹੁੰਦਾ ਸੀ ਤਕਰੀਬਨ ਦੁੱਧ ਰਿੜਕਿਆ ਵੀ ਹਰ ਘਰ ਜਾਂਦਾ ਸੀ, ਪਹਿਲੇ ਸਮਿਆਂ ਵਿੱਚ ਦੁੱਧ ਵੇਚਣ ਦਾ ਘੱਟ ਰਿਵਾਜ ਸੀ । ਜੇ ਕਦੇ ਘਰ ਕੋਈ ਹੋਰ ਸਬਜ਼ੀ ਜਾਂ ਕੋਈ ਹੋਰ ਸੁੱਕੀ ਦਾਲ ਨਾ ਹੋਣੀ ਤਾਂ ਬੀਬੀਆਂ ਨੇ ਕਹਿਣਾ ਅੱਜ ਪਨੀਰ ਪਾਉਂਦੇ ਹਾਂ (ਖੱਟਾ) ਅੱਜ ਵਾਲਾ ਪਨੀਰ ਨਹੀਂ ਜੋ ਦੁੱਧ ਫਟਾ ਕੇ ਬਣਾਇਆ ਜਾਂਦਾ ।

ਇਕ ਖੱਦਰ ਦੇ ਪੋਣੇ ਵਿੱਚ ਉਹ ਗਾੜ੍ਹੀ ਲੱਸੀ ਪਾਉਂਦੀਆਂ ਤੇ ਉਸ ਨੂੰ ਕੀਲੇ ਨਾਲ ਟੰਗ ਦਿੰਦੀਆਂ, ਉਹ ਦੋ ਕੁ ਘੰਟੇ ਲਮਕਾ ਕੇ ਰੱਖਦੀਆਂ। ਪੋਣੇ ਵਿੱਚੋਂ ਪਤਲੀ ਲੱਸੀ ਚੋਅ ਜਾਂਦੀ ਥੱਲੇ ਜਿਹੜਾ ਭਾਂਡਾ ਰੱਖਿਆ ਹੁੰਦਾ ਸੀ ਉਸ ਵਿੱਚ । ਪਰ ਪੋਣੇ ਅੰਦਰਲੇ ਪਾਸੇ ਪੈਣੇ ਨੂੰ ਦਹੀਂ ਨਾਲ ਮੁਲਾਇਮ ਪਦਾਰਥ ਲੱਗ ਜਾਂਦਾ ਜਿਸ ਨੂੰ ਕੜਛੀ ਜਾਂ ਬਾਟੀ ਨਾਲ ਲਾਹਿਆ ਜਾਂਦਾ ।

ਕਿਸੇ ਖੁੱਲ੍ਹੇ ਭਾਂਡੇ, ਛੰਨੇ ਕੌਲ ਵਿੱਚ ਪਾ ਕੇ ਉਹਦੇ ਵਿੱਚ ਤਾਜ਼ਾ ਪਾਣੀ ਪਾ ਲੈਂਦੀਆਂ। ਉਹ ਬਹੁਤ ਸਵਾਦ ਹੁੰਦਾ ਸੀ ਕਿਉਂਕਿ ਸਾਰੀ ਖਟਾਸ ਬਾਹਰ ਨਿਕਲ ਜਾਂਦੀ ਸੀ । ਉਹਦੇ ਵਿੱਚ ਸਾਡੀਆਂ ਬੀਬੀਆਂ ਜਾਂ ਤਾਂ ਹੱਟੀਓਂ ਮੋਟੀਆਂ, ਮੋਟੀਆਂ ਲੂਣ ਵਾਲੀ ਪਕਾਉੜੀਆਂ ਮੰਗਾ ਕੇ ਪਾਉਂਦੀਆਂ ਜਾਂ ਦੋ, ਤਿੰਨ ਆਲੂ ਉਬਾਲ ਕੇ ਵਿੱਚ ਲੂਣ, ਮਿਰਚ ਪਾ ਲੈਂਦੀਆਂ। ਸਾਡੀਆਂ ਬੀਬੀਆਂ ਇਸ ਨੂੰ ਪਨੀਰ ਜਾਂ ਖੱਟਾ ਆਖਦੀਆਂ ਸੀ। ਅੱਜ ਕੱਲ੍ਹ ਬਣਾਇਆ ਤਾਂ ਜਾਂਦਾ ਦਹੀਂ ਪਤਲਾ ਕਰਕੇ ਪਰ ਉਹਦਾ ਨਾਮ ਬਦਲ ਕੇ ਰਾਇਤਾ ਰੱਖ ਦਿੱਤਾ ਚਲੋ ਨਵੇਂ ਜਮਾਨੇ ਦੀਆਂ ਨਵੀਆਂ ਗੱਲਾਂ।

ਸਾਗ 

ਸਾਗ ਇੱਕ ਪਕਵਾਨ ਹੈ, ਸਿਆਲੂ ਦਿਨਾਂ ‘ਚ ਪੰਜਾਬ ਵਿੱਚ ਬਹੁਤ ਬਣਦਾ । ਪਰ ਇਹ ਐਵੇਂ ਨਹੀਂ ਬਣ ਜਾਂਦਾ । ਖੇਤ ਵਿੱਚੋਂ ਜੇ ਆਪ ਤੋੜੀਏ ਤਾਂ ਅਨੰਦ ਵੱਖਰਾ ਈ ਆ। ਇਹ ਤੋਰੀਏ ਤੇ ਜ਼ਿਆਦਾਤਰ ਸਰੋਂ ਦੀਆਂ ਕੱਚੀਆਂ ਗੰਦਲਾਂ ਦਾ ਹੀ ਬਣਾਇਆ ਜਾਂਦਾ। ਇਹ ਆਮ ਤੌਰ ‘ਤੇ ਪਸ਼ੂਆਂ ਦੇ ਚਾਰੇ ਵਰਸੀਮ ਦੇ ਨਾਲ ਸਰੋਂ ਬੀਜ ਦਿੱਤੀ ਜਾਂਦੀ ਹੈ ਉੱਥੇ ਈ ਬਥੇਰਾ ਹੋ ਜਾਂਦਾ ਖਾਣ ਜੋਗਾ ਤਾਂ, ਇਕ ਵਾਰੀ ਵੱਢੇ ਤੋਂ ਗੰਦਲਾਂ ਫੇਰ ਫੁੱਟ ਪੈਂਦੀਆਂ ਨੇ, ਧਰੀ ਚੱਲੋ ਹਰਾ ਕੜਾਹ ਫੇਰ ਮਾਰਚ ਤੱਕ ਕਣਕ ਦੇ ਖੇਤਾਂ ਵਿੱਚ ਸਰੋਂ ਦੀਆਂ ਆਡਾਂ ਵੀ ਲਾ ਦਿੱਤੀਆਂ ਜਾਂਦੀਆਂ ਨੇ ਜਾਂ ਫੇਰ ਖ਼ਾਸ ਤੌਰ ‘ਤੇ ਜੋ ਪਰਿਵਾਰ ਸਰੋਂ ਬੀਜਦੇ ਨੇ ਦੋ ਚਾਰ ਖੇਤ ਉਹਨਾਂ ਦੇ ਨੀਂ ਮੁੱਕਦਾ, ਜਦ ਤੱਕ ਪੱਕਦੀ ਨਹੀਂ ਸਗੋਂ । ਜੇ ਸਾਗ ਨੂੰ ਰੀਝ ਨਾਲ ਬਣਾਈਏ ਤਾਂ ਮੂੰਹੋਂ ਨਹੀਂ ਲਹਿੰਦਾ, ਪਰ ਸਮਾਂ ਮੰਗਦਾ। ਪਹਿਲਾਂ ਤੋੜੀਏ ਸਰੋਂ ਦੀਆਂ ਗੰਦਲਾਂ, ਪਾਲਕ ਤੇ ਮੇਥੇ, ਹੁਣ ਰੀਝ ਨਾਲ ਮੋਟੀਆਂ ਗੰਦਲਾਂ ਛਿੱਲੋ, ਮੇਥੇ ਤੇ ਪਾਲਕ ਸੰਵਾਰੋ ਫੇਰ ਧੋਵੋ । ਬਾਥੂ ਵੀ ਪਾ ਲਈਦਾ ਜੇ ਛੇਲੇ ਦੀਆਂ ਟਾਟਾਂ ਮਿਲ ਜਾਣ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ । ਪਾਣੀ ਨੁਚੜਨ ‘ਤੇ ਚੀਰੋ ਸਾਗ। ਅੱਗੇ ਦਾਤੀ ਨਾਲ ਚੀਰਦੇ ਸੀ ਹੁਣ ਤਾਂ ਟੋਕੇ ਆਲੀਆਂ ਮਸ਼ੀਨਾਂ ਵਰਗੀਆਂ ਛੋਟੀਆਂ ਮਸ਼ੀਨਾਂ ਆ ਗਈਆਂ ਪਰ ਜਿਹੜੀ ਦਾਤੀ ਗੱਡੀਆਂ ਵਾਲਿਆਂ ਤੋਂ ਲਈਦੀ ਸੀ ਜੇ ਉਹਦੇ ਨਾਲ ਸਾਗ ਚੀਰਿਆ ਜਾਵੇ, ਉਹ ਵੀ ਬਰੀਕ, (ਜਿਹੜੀ ਬੀਬੀ ਸਾਗ ਬਰੀਕ ਚੀਰਦੀ ਸੀ ਉਹ ਸਚਿਆਰੀ ਗਿਣੀ ਜਾਂਦੀ ਸੀ) ਨਹੀਂ ਤਾਂ ਪਾਰਖੂ ਬੀਬੀਆਂ ਮਿੰਟ ਲਾਉਂਦੀਆਂ ਸੀ ਨਗੋਚ ਕੱਢਣ ਨੂੰ, ਨੀ ਦੇਖੀ ਸੀ ਸਾਗ ਚੀਰਦੀ, ਕਿਵੇਂ ਮੋਟਾ ਮੋਟਾ ਚੀਰਦੀ ਸੀ ਜਿਵੇਂ ਡੰਗਰਾਂ ਨੂੰ ਪਾਉਣਾ ਹੁੰਦਾ। ਬੀਬੀਆਂ ਨੇ ਤੌੜੀ ਨੂੰ ਪਹਿਲਾਂ ਲਿਓ ਲਾਉਣਾ ਮਿੱਟੀ ਦਾ, ਫੇਰ ਚੁੱਲੇ ‘ਤੇ ਧਰਨਾ, ਨਾਲ ਦੀ ਨਾਲ ਚੀਰ ਕੇ ਪਾਈ ਜਾਣਾ, ਘੋਟਣਾ ਫੇਰੀ ਜਾਣਾ। ਸਾਗ ‘ਚ ਖਾਸਾ ਸਾਰਾ ਲੱਸਣ, ਹਰੀਆਂ ਮਿਰਚਾਂ ਤੇ ਅਦਰਕ ਪੈਂਦਾ। ਜਦੋਂ ਸਾਗ ਤੌੜੀ ‘ਚ ਰਿੱਝਦਾ ਸੀ ਤਾਂ ਗਨੀ ਦੇ ਮੋੜ ਤੋਂ ਮਹਿਕ ਆ ਜਾਂਦੀ ਸੀ, ਪਤਾ ਲੱਗ ਜਾਂਦਾ ਕੀਹਦੇ ਘਰੋਂ ਖੁਸ਼ਬੋ ਆ ਰਹੀ ਆ, ਜੀਹਨੇ ਤੌੜੀ ‘ਚ ਰਿੱਝਦੇ ਸਾਗ ਦੀ ਦਿੜਬੜ, ਦਿੜਬੜ ਨਹੀਂ ਸੁਣੀ ਉਹਨੂੰ ਤੌੜੀ ਦੇ ਸਾਗ ਦਾ ਸਵਾਦ ਵੀ ਨਹੀਂ ਪਤਾ। ਗਰਮ ਪਾਣੀ ਪਾਈ ਜਾਣਾ, ਘੋਟਣਾ ਫੇਰੀ ਜਾਣਾ, ਬੀਬੀਆਂ ਗਰਮ ਪਾਣੀ ਵੀ ਰਿੱਝਦੇ ਸਾਗ ਦੀ ਤੌੜੀ ਦੇ ਉੱਪਰ ਭਾਂਡਾ ਰੱਖ ਕੇ ਕਰ ਲੈਂਦੀਆਂ ਸੀ। ਜਦੋਂ ਸਾਗ ਨੇ ਰਿੱਝ ਰਿੱਝ ਪੀਲ਼ਾ ਹੋ ਜਾਣਾ ਫੇਰ ਬੀਬੀਆਂ ਨੇ ਆਲਣ ਪਾਉਣ ਦੀ ਰਸਮ ਅਦਾ ਕਰਨੀ। ਆਲਣ ਸਾਗ ਦਾ ਪਾਣੀ ਸੁੱਕ ਜਾਣ ’ਤੇ, ਸਾਗ ਪੂਰੀ ਤਰ੍ਹਾਂ ਰਿੱਝ ਜਾਣ ‘ਤੇ, ਪੈਰਾਂ ‘ਚ ਲੈ ਕੇ ਸਾਗ ਦੀ ਤੌੜੀ, ਦੋ ਚਾਰ ਵਾਰ ਘੋਟਣਾ ਫੇਰਨਾ, ਫੇਰ ਲੱਪ ਨਾਲ ਮੱਕੀ ਦੇ ਆਟੇ ਦਾ ਆਲਣ ਥੋੜ੍ਹਾ ਥੋੜ੍ਹਾ ਕਰਕੇ ਪਾਉਣਾ ਤੇ ਨਾਲ ਦੀ ਨਾਲ ਸਾਗ ਘੋਟੀ ਜਾਣਾ। ਜਦੋਂ ਮੱਕੀ ਦੇ ਆਟੇ ਦੇ ਆਲਣ ਤੇ ਸਾਗ ਨੇ ਚੰਗੀ ਤਰਾਂ ਰਲ ਜਾਣਾ, ਘੁਲ ਜਾਣਾ ਤਾਂ ਦੁਬਾਰਾ ਉਹਦੇ ‘ਚ ਲੋੜ ਅਨੁਸਾਰ ਗਰਮ ਪਾਣੀ ਜਾਂ ਜੋ ਪਹਿਲਾਂ ਸਾਗ ‘ਚੋਂ ਨਿਤਾਰਿਆ ਹੁੰਦਾ ਸੀ ਉਹ ਪਾ ਕੇ ਆਲਣ ਪਕਾਉਣਾ, ਧਿਆਨ ਰੱਖਣਾ ਆਲਣ ਕੱਚਾ ਨਾ ਰਹਿ ਜਾਵੇ।

ਸਾਗ ਘੋਟਣ ਨਾਲ ਬਾਹਾਂ, ਮੋਢਿਆਂ ਦੀ ਵਰਜਿਸ਼ ਹੁੰਦੀ ਸੀ। ਐਦਾਂ ਸਾਗ ਤਿਆਰ ਹੁੰਦਾ ਸੀ ਜਦੋਂ ਤਾਜਾ ਬਣਦਾ ਸੀ ਕੋਈ ਤੜਕਾ ਨਹੀਂ ਸੀ ਲਾਉਂਦਾ, ਮੱਖਣ, ਦੇਸੀ ਘਿਓ ਪਾਓ ਤੇ ਨਾਲ ਮੱਕੀ ਦੇ ਪ੍ਰਸ਼ਾਦੇ, ਹਰੀ ਮਿਰਚ, ਮੂਲੀ, ਅਦਰਕ, ਔਲੇ ਦੇ ਚਾਰ ਨਾਲ ਖਾਓ । ਉਹ ਦਿਨ ਨਹੀਂ ਮੁੜਨੇ ਭਾਈ!

ਆਂਢ-ਗੁਆਂਢ ਵੀ ਛੰਨੇ ‘ਚ ਸਾਗ ਅਤੇ ਉੱਤੇ ਮੱਖਣ ਪਾ ਕੇ ਦੇਣਾ ਭਾਈਚਾਰਕ ਸਾਂਝ ਸੀ। ਦੂਜੇ ਡੰਗ ਨੂੰ ਤੜਕਾ ਲਾ ਕੇ ਖਾਣਾ। ਗੁਰਦਾਸ ਮਾਨ ਦਾ ਇਕ ਗੀਤ ਮਸ਼ਹੂਰ ਹੋਇਆ ਸੀ:

“ਸਰੋਂ ਦੇ ਸਾਗ ਵਿੱਚ ਮੈਂ ਘਿਓ ਦੀ ਘਿਓ ਪਾਈ ਜਾਵਾਂ। 

ਮੱਕੀਆਂ ਦੀਆਂ ਰੋਟੀਆਂ ਨੂੰ ਬਿਨਾ ਗਿਣੇ ਖਾਈ ਜਾਵਾਂ। 

ਕੂੰਡੇ ਵਿੱਚ ਰਗੜੇ ਮਸਲੇ ਦਾ ਸਵਾਦ ਹੋਵੇ। 

ਆਪਣਾ ਪੰਜਾਬ ਹੋਵੇ ।”

ਅੱਜ ਕੱਲ੍ਹ ਸਾਗ ਤੋੜਨ (ਕੱਟਿਆ ਜਾਂਦਾ) ਤੇ ਚੀਰਨ, ਧਰਨ ਤੇ ਘੋਟਣ ਦੇ ਸਭ ਤਰੀਕੇ ਬਦਲ ਗਏ । ਕੂਕਰ ‘ਚ ਬੰਦ ਹੋ ਕੇ ਗੈਸਾਂ ‘ਤੇ ਰੁੱਝਦਾ ਸਾਗ, ਮਿਕਸੀ, ਬੈਲੰਡਰਾਂ ‘ਚ ਘੁੱਟਦਾ ਸਾਗ।

ਹਾਰੇ ਦੀ ਦਾਲ

ਹਾਰੇ ਦੀ ਦਾਲ ਦਾ ਸੁਆਦ ਬਿਆਨਿਆ ਨਹੀਂ ਜਾ ਸਕਦਾ। ਪਹਿਲੇ ਸਮਿਆਂ ਵਿੱਚ ਤਕਰੀਬਨ ਹਰ ਘਰ ਹਾਰਾ, ਭੜੋਲੀ ਬਣੇ ਹੁੰਦੇ ਸੀ। ਹਾਰੇ ਨੂੰ ਕਿਸੇ ਟੁੱਟੇ ਘੜੇ ਜਾ ਚਾਟੀ ਦੇ ਉੱਪਰਲੇ ਮੂੰਹ (ਕਰੀਂਡਲ) ’ਤੇ ਬੀਬੀਆਂ ਤੁੜੀ ਮਿੱਟੀ ਰਲਾ ਕੇ ਵਾਰ ਦਿੰਦੀਆਂ। ਵਾਰ ਦਾ ਮਤਲਬ ਰੋਜ਼ ਮਿੱਟੀ ਲਾਉਂਦੀਆਂ ਸੀ। ਥੋੜ੍ਹਾ ਥੋੜ੍ਹਾ ਵਾਰ ਉਸ ਠੀਕਰ ਦੇ ਉੱਪਰ ਬੀਬੀਆਂ ਗੋਲਾਈ ਵਿੱਚ ਦਿੰਦੀਆਂ। ਹੌਲ਼ੀ ਹੌਲ਼ੀ ਹਾਰਾ ਤਿਆਰ ਹੋ ਜਾਂਦਾ ਕਈ ਇਲਾਕਿਆਂ ਵਿੱਚ ਹਾਰੇ ਨੂੰ ਭੜੋਲੀ ਵੀ ਕਿਹਾ ਜਾਂਦਾ ਹੈ ਕਿਉਂਕ ਏਸੇ ਅਕਾਰ ਦੇ ਹੱਥੀਂ ਭੜੋਲੇ ਬਣਾਏ ਜਾਂਦੇ ਸੀ ਜੋ ਕਣਕ, ਆਟਾ ਪਾਉਣ ਲਈ ਵਰਤੇ ਜਾਂਦੇ ਸਨ । ਭੜੋਲੇ ਵੱਡੇ ਹੁੰਦੇ ਸਨ ।

ਜਦੋਂ ਐਨ ਸਿਰੇ ਤੱਕ ਹਾਰੇ ਦੇ ਵਾਰ ਪੂਰੇ ਹੋ ਜਾਣੇ ਤਾਂ ਹਾਰੇ ਨੂੰ ਪੀਲੀ ਮਿੱਟੀ ਗੋਹੇ ‘ਚ ਰਲਾ ਕੇ ਫੇਰੀ ਜਾਂਦੀ ਸੀ । ਪੀਲੀ ਮਿੱਟੀ ਨਾਲ ਤੂੜੀ ਮਿੱਟੀ ਲੁਕ ਜਾਂਦੀ ਸੀ । ਬਸ ਸਮਝੋ ਪੀਲੀ ਮਿੱਟੀ ਦਾ ਪਲੱਸਤਰ ਕਰ ਦਿੰਦੀਆਂ ਸੀ ਮਾਤਾਵਾਂ । ਹਾਰੇ ਦੇ ਉੱਪਰਲਾ ਢੱਕਣ ਵੀ ਉਹ ਮਿੱਟੀ ਦਾ ਬਣਾਉਂਦੀਆਂ, ਧੂੰਆਂ ਬਾਹਰ ਨਿਕਲਣ ਨੂੰ ਢੱਕਣ ਵਿੱਚ ਗਲੀਆਂ ਰੱਖ ਦਿੰਦੀਆਂ ਸੀ । ਇਹਨਾਂ ਨੂੰ ਚੱਕਵੇਂ ਹਾਰੇ ਕਿਹਾ ਜਾਂਦਾ । ਇਹ ਵਿਹੜੇ ਦੀ ਕਿਸੇ ਵੀ ਖ਼ਾਲੀ ਨੁੱਕਰ ਵਿੱਚ ਰੱਖੇ ਜਾ ਸਕਦੇ ਸਨ । ਕੰਧਾਂ ਵਿੱਚ ਬਣਾਏ ਜਾਣ ਵਾਲੇ ਪੱਕੇ ਹਾਰੇ ਵੀ ਮੌਜੂਦ ਸਨ ਜੋ ਸਥਿਰ ਅਤੇ ਉੱਪਰੋਂ ਢਕੇ ਹੁੰਦੇ ਸਨ । ਬਹੁਤ ਕਲਾਕਾਰ ਸਨ ਸਾਡੀ ਦਾਦੀਆਂ, ਨਾਨੀਆਂ ਤੇ ਬੀਬੀਆਂ।

ਹਾਰੇ ਵਿੱਚ ਪਾਥੀਆਂ ਭੰਨ ਕੇ ਪਾਉਂਦੀਆਂ, ਪਾਥੀਆਂ ਵਿੱਚ ਅੱਗ ਰੱਖ ਦਿੰਦੀਆਂ। ਦਾਲ ਦਾ ਭਾਂਡਾ ਮਿਣ ਕੇ ਦਾਲ ਦੋ ਚਾਰ ਵਾਰੀ ਖੁੱਲ੍ਹੇ ਪਾਣੀ ਵਿਚਕਾਰ ਧੋ ਲੈਂਦੀਆ। ਦਾਲ .ਵਾਲੀ ਤੌੜੀ ਨੂੰ ਧੋ ਸੰਵਾਰ ਕੇ ਪਾਣੀ ਵਿੱਚ ਦਾਲ ਪਾ ਦਿੰਦੀਆਂ । ਜਦੋਂ ਧੁਖਦੇ ਗੋਹਿਆਂ ਦਾ ਧੂੰਆਂ ਨਿਕਲਣ ਲਗਦਾ ਤਾਂ ਉੱਪਰ ਦਾਲ ਵਾਲ਼ੀ ਤੌੜੀ ਟਿਕਾ ਦਿੰਦੀਆਂ । ਤੌੜੀ ਵਿੱਚ ਲੂਣ ਤੇ ਹਲਦੀ ਪਾ ਦਿੰਦੀਆਂ । ਸਾਬਤਾ ਈ ਲਸਣ ਤੇ ਮਿਰਚਾਂ ਪਾ ਦਿੰਦੀਆਂ ਸੀ। ਗੰਢੇ ਨੂੰ ਕੱਟ ਕੇ ਪਾ ਦਿੰਦੀਆ। ਦਾਲ ਮੱਠੀ, ਮੱਠੀ ਅੱਗ ‘ਤੇ ਰਿੱਝਣ ਲਗਦੀ । ਹਾਰੇ ਦਾਲ ਰਿੱਝਦੀ ਦੀ ਵਾਸ਼ਨਾ ਗਲੀ ਦੇ ਮੋੜ ਤੋਂ ਆ ਜਾਂਦੀ ਸੀ । ਇਕ ਦੋ ਵਾਰੀ ਦਾਲ ਦਾ ਪਾਣੀ ਚੈੱਕ ਕੀਤਾ ਜਾਂਦਾ । ਜੇ ਅੱਗ ਦੀ ਲੋੜ ਹੁੰਦੀ ਤਾਂ ਦੋ ਦਾਰ ਗੋਹੇ ਹੋਰ ਪਾ ਦਿੱਤੇ ਜਾਂਦੇ । ਜਦੋਂ ਦਾਲ ਐਨ ਰਲ਼ ਜਾਂਦੀ ਤਾਂ ਹਾਰੇ ਵਿੱਚੋਂ ਕੱਢ ਲਈ ਜਾਂਦੀ । ਜੇ ਦਾਲ ਮਾਂਹਾਂ ਛੋਲਿਆਂ ਦੀ ਹੁੰਦੀ ਤਾਂ ਦਾਲ ਘੋਟਣੇ ਨਾਲ ਘੋਟ ਲਈ ਜਾਂਦੀ । ਮੂੰਗੀ ਮਸਰੀ ਦੀ ਦਾਲ ਨੂੰ ਘੋਟਣਾ ਨਹੀਂ ਸੀ ਪੈਂਦਾ। ਹਾਰੇ ਦੀ ਦਾਲ ਨੂੰ ਕੋਈ ਤੜਕਾ ਨਹੀਂ ਸੀ ਲਾਉਂਦਾ । ਰੋਟੀ ਖਾਣ ਵੇਲ਼ੇ ਦਾਲ ਵਿੱਚ ਮੱਖਣ ਦਾ ਚੋਪੜ ਜਾਂ ਭੋਰਾ ਦੇਸੀ ਘਿਓ ਪਾ ਲਿਆ ਜਾਂਦਾ ਸੀ । ਹਾਰੇ ਦੀ ਦਾਲ ਮੂੰਹੋਂ ਨਹੀਂ ਸੀ ਲਹਿੰਦੀ। ਸਾਡੀਆਂ ਮਾਤਾਵਾਂ ਤਾਂ ਕਾਲੇ ਛੋਲੇ ਵੀ ਤੌੜੀ ਵਿੱਚ ਈ ਹਾਰੇ ਬਣਾ ਲੈਂਦੀਆਂ ਸੀ । ਬਥੇਰੇ ਗਾੜ੍ਹੇ ਤੇ ਸੁਆਦ ਬਣਦੇ ਸਨ । ਹੁਣ ਘਰ, ਘਰ ਪ੍ਰੈਸ਼ਰ ਕੂਕਰ ਆ ਗਏ, ਬਸ ਦਾਲ ਪਾਓ । ਦੇ ਸੀਟੀ ਤੇ ਸੀਟੀ ਦਸ ਪੰਦਰਾਂ ਮਿੰਟ ਬਾਅਦ ਕੂਕਰ ਖੋਲ੍ਹੋ, ਤੜਕਾ ਲਾਓ ਤੇ ਪਰੋਸੋ। ਜਿੰਨੇ ਮਰਜ਼ੀ ਭਾਂਤ, ਸੁਭਾਂਤੇ ਮਸਾਲੇ ਪਾ ਲਿਓ ਕੂਕਰ ਵਾਲੀ ਦਾਲ ਵਿੱਚ, ਪਰ ਹਾਰੇ ਰਿੱਝੀ ਦਾਲ ਦਾ ਮੁਕਾਬਲਾ ਨਹੀਂ ਕਰ ਸਕਦੀ। ਕਹਿੰਦੇ ਹੁਣ ਸਮਾਂ ਘੱਟ ਆ ਬੀਬੀਆਂ ਕੋਲ, ਕੂਕਰ ਵਿੱਚ ਛੇਤੀ ਬਣ ਜਾਂਦੀ ਆ ਪਰ ਸਾਡੀਆਂ ਬੀਬੀਆਂ ਜੇ ਨੌਕਰੀ ਨਹੀਂ ਸੀ ਕਰਦੀਆਂ ਉਹਨਾਂ ਨੂੰ ਘਰ ਦੇ ਕੰਮ ਬਹੁਤ ਹੁੰਦੇ ਸੀ। ਚੁੱਲੇ ਚੌਂਕੇ ਦੇ ਕੰਮ ਨਾਲ਼ ਉਹ ਡੰਗਰ-ਪਸ਼ੂ ਵੀ ਸਾਂਭਦੀਆਂ ਸੀ। ਖੇਤਾਂ ਵਿੱਚ ਚਾਹ, ਰੋਟੀ ਵੀ ਪਹੁੰਚਾਉਂਦੀਆਂ ਸੀ। ਗੱਲ ਕੀ ਜ਼ਮਾਨਾ ਬਦਲ ਗਿਆ। ਜ਼ਮਾਨੇ ਨਾਲ ਅਸੀਂ ਵੀ ਬਦਲ ਗਏ। ਸਾਡਾ ਖਾਣ ਪੀਣ ਵੀ ਬਦਲ ਗਿਆ। ਹੁਣ ਦੀਆਂ ਬੀਬੀਆਂ ਨੂੰ ਦਾਲਾਂ ਦੇ ਨਾਮ ਤੱਕ ਨਹੀਂ ਪਤਾ। ਮੂੰਗੀ ਸਾਬਤ-ਹਰੀ ਦਾਲ ਮਾਂਹਾਂ ਦੀ ਦਾਲ-ਕਾਲੀ ਦਾਲ ਮੂੰਗੀ- ਮਸਰੀ ਉਹਨਾਂ ਦੀ ਪੀਲੀ ਦਾਲ ਆ। ਜੇ ਮਾਂਹ, ਮੂੰਗੀ ਰਲਾ ਕੇ ਬਣਾਉਂਦੀਆਂ ਨੇ ਤਾਂ ਕਹਿਣਗੀਆਂ ਲੰਗਰ ਵਾਲੀ ਦਾਲ ।

ਚਲੋ ਭਾਈ ਠੀਕ ਆ ਜੋ ਨਾਮ ਤੁਸੀਂ ਦਾਲਾਂ ਦੇ ਰੱਖ ਦਿੱਤੇ । ਪਰ ਖ਼ਾਸ ਕਰ ਪੰਜਾਬ ਵਾਸੀਆਂ ਨੂੰ ਆਪਣੀਆਂ ਦਾਲਾਂ ਦੀ ਪਹਿਚਾਣ ਹੋਣੀ ਚਾਹੀਦੀ ਹੈ ।

ਵੜੀਆਂ ਟੁੱਕਣਾ

ਜਿਹੜੀਆਂ ਵੜੀਆਂ ਅਸੀਂ ਹੁਣ ਖ਼ਾਸ ਕਰ ਅੰਮ੍ਰਿਤਸਰ ਤੋਂ ਖਰੀਦ ਕੇ ਲਿਆਉਂਦੇ ਹਾਂ ਉਹ ਕਦੇ ਸਾਡੀਆਂ ਬੀਬੀਆਂ ਆਂਢ-ਗੁਆਂਢ ਨਾਲ ਸਾਂਝ ਪਾ ਕੇ ਘਰ ਈ ਬਣਾ ਲੈਂਦੀਆਂ ਸੀ । ਮਾਹਾਂ ਦੀ ਦਾਲ ਨੂੰ ਚੁਗਦੀਆਂ ਤੇ ਧੋ ਕੇ ਸੁਕਾ ਕੇ ਚੱਕੀ ਨਾਲ ਆਪ ਦਲ਼ਦੀਆਂ। ਬਜ਼ਾਰੋਂ ਵੜੀਆਂ ਵਾਲ਼ਾ ਵੱਡਾ ਪੇਠਾ ਮਗਾਕੇ ਉਸ ਨੂੰ ਧੋ ਸੰਵਾਰ ਕੇ ਕੱਦੂਕਸ ਕਰਦੀਆਂ, ਸਾਰੇ ਦੇਸੀ ਮਸਾਲੇ ਆਪ ਚੱਕੀ ਨਾਲ ਪੀਹ ਕੇ ਜਿਵੇਂ ਗਰਮ ਮਸਾਲਾ, ਸੁੰਡ, ਧਨੀਆਂ, ਹਿੰਗ, ਲੌਂਗ, ਵੱਡੀ ਇਲਾਇਚੀ, ਜੀਰਾ, ਲੂਣ, ਲਾਲ ਮਿਰਚ ਆਦਿ ਸਾਰਾ ਕੁਝ ਪੀਸੀ ਹੋਈ ਮਾਂਹ ਦੀ ਦਾਲ ਵਿੱਚ ਰਲਾ ਦਿੰਦੀਆਂ ਤੇ ਇਹਦੇ ਵਿੱਚ ਈ ਕੱਦੂਕਸ ਕੀਤਾ ਪੇਠਾ ਪਾ ਦਿੰਦੀਆਂ, ਲੂਣ ਮਿਰਚ ਵੜੀਆਂ ਵਿੱਚ ਕਰਾਰਾ ਈ ਰੱਖਿਆ ਜਾਂਦਾ ਸੀ। ਇਕ ਤਰਾਂ ਨਾਲ ਉਹ ਵੜੀਆਂ ਦਾ ਆਟਾ ਗੁੰਨ ਲੈਂਦੀਆਂ। ਰਾਤ ਭਰ ਆਟਾ ਪਿਆ ਰਹਿੰਦਾ ਤੇ ਦੂਜੀ ਸਵੇਰ ਧੁੱਪ ‘ਚ ਮੰਜਿਆਂ ਨੂੰ ਪੁੱਠੇ ਡਾਹ ਕੇ ਤੇ ਚਾਦਰਾਂ ਵਿਛਾ ਕੇ, ਆਪਣੇ ਹੱਥ ਦੇ ਪੰਜੇ ‘ਚ ਜਿੰਨਾ ਕੁ ਆਟਾ ਆਉਂਦਾ ਲਾਈਨ ਵਾਰ ਟੁੱਕੀ (ਰੱਖੀ) ਜਾਂਦੀਆਂ।

ਰਾਤ ਨੂੰ ਪੋਲੇ ਜਿਹੇ ਉਹ ਟੁੱਕੀਆਂ ਹੋਈਆਂ ਵੜੀਆਂ ਅੰਦਰ ਕਰ ਦਿੱਤੀਆਂ ਜਾਂਦੀਆਂ । ਜਦੋਂ ਉਹ ਆਠਰ (ਸਖ਼ਤ ਹੋ) ਜਾਂਦੀਆਂ ਤਾਂ ਕੱਪੜੇ ਤੋਂ ਉਤਾਰ ਲਈਆਂ ਜਾਂਦੀਆਂ। ਪਰ ਕਈ ਦਿਨ ਉਸੇ ਚਾਦਰ ਵਿੱਚ ਸੁਕਾਈਆਂ ਜਾਂਦੀਆਂ । ਵੜੀਆਂ ਬਰਸਾਤ ਤੋਂ ਪਹਿਲਾਂ ਪਹਿਲਾਂ ਬਣਾ ਕੇ, ਸੁਕਾ ਕੇ ਭਾਂਡੇ ਪਾ ਲਈਆਂ ਜਾਂਦੀਆਂ ਸੀ। ਵੜੀਆਂ ਦੀ ਆਲੂ ਪਾ ਕੇ ਸਬਜ਼ੀ ਬਣਾਈ ਜਾਂਦੀ । ਬੀਬੀਆਂ ਗਿੱਧੇ ਵਿੱਚ ਬੋਲੀਆਂ ਵੀ ਪਾਉਂਦੀਆਂ:

“ਆਲੂ ਵੜੀਆਂ ਕਿਉਂ ਧਰੀਆਂ,

 ਭੂਆ ਭਤੀਜੀ ਕਿਉਂ ਲੜੀਆਂ।” 

“ਵੜੀਆਂ-ਵਿੱਚ ਕਚਹਿਰੀ ਦੇ,

 ਭੂਆ ਭਤੀਜੀ ਲੜੀਆਂ।”

ਬੀਬੀਆਂ ਇਕ ਤਾਕੀਦ ਵੀ ਕਰਦੀਆਂ ਕਿ ‘ਚੇਤ ਵੜੀ ਸਾਉਣ ਕੜ੍ਹੀ ਚਿੰਤਾ ਥੋੜ੍ਹੀ ਦੀ ਖੜ੍ਹੀ । ਬਈ ਚੇਤ ਮਹੀਨੇ ‘ਚ ਵੜੀਆਂ ਦੀ ਸਬਜ਼ੀ ਨਾ ਬਣਾਇਉ ਤੇ ਸਾਉਣ ਵਿੱਚ ਕੜ੍ਹੀ ਨਾ ਬਣਾਇਉ, ਇਹ ਬੀਬੀਆਂ ਦੇ ਵਹਿਮ ਸੀ ਪਰ ਲਗਦਾ ਕਿ ਮੌਸਮ ਅਨੁਸਾਰ ਈ ਉਹ ਆਖਦੀਆਂ ਸੀ ਕਿ ਵੜੀਆਂ ਬਣਾਈਆਂ ਨੂੰ ਦੇਰ ਹੋ ਗਈ ਕੋਈ ਸੁੰਡੀ ਵਗੈਰਾ ਨਾ ਪੈ ਗਈ ਹੋਵੇ ਤੇ ਸਾਉਣ ਕੜ੍ਹੀ ਕਿ ਕੱਚੀ ਮੌਸਮ ਵਿੱਚ ਕੜੀ ਖਾਣਾ ਸਿਹਤ ਲਈ ਠੀਕ ਨਹੀਂ ਹੁੰਦਾ ਤੇ ਬੀਬੀਆਂ ਦੇ ਸਮਝਾਉਣ ਦਾ ਤਰੀਕਾ ਅਲੱਗ ਈ ਸੀ । ਵੜੀਆਂ ਬਣਾਉਣਾ ਵੀ ਇਕ ਭਾਈਚਾਰਕ ਸਾਂਝ ਸੀ ਪਰ ਹੁਣ ਉਹ ਸਾਂਝਾ ਖ਼ਤਮ ਹੋ ਗਈਆਂ ਨੇ, ਕਿੱਥੋਂ ਭਾਲਾਂਗੇ ਉਹ ਸਾਂਝਾ, ਨਹੀਂ ਸਮਾਂ ਬਹੁਤ ਬਦਲ ਗਿਆ ਪਰ ਸਮੇਂ ਦੇ ਬਦਲਾਅ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ ਜੋ ਸਾਡੀ ਇਕ ਵੱਡੀ ਤਰਾਸਦੀ ਹੈ। 

ਕੜ੍ਹੀ

ਕੜ੍ਹੀ ਅੱਜ ਦੇ ਜ਼ਮਾਨੇ ਦਾ ਖ਼ਾਸ ਖਾਣ ਵਾਲ਼ਾ ਪਦਾਰਥ ਆਂ ਪਰ ਪਹਿਲੇ ਸਮਿਆਂ ਵਿੱਚ ਜਦੋਂ ਘਰ ਕੋਈ ਹਰੀ ਸਬਜ਼ੀ ਨਾ ਹੋਣੀ, ਸੌਦੇ ਮੁੱਕਣ ‘ਤੇ ਆਏ ਹੋਣ ਕਿਉਂਕਿ ਸੌਦੇ ਸ਼ਹਿਰੋਂ ਲਿਆਉਣੇ ਪੈਂਦੇ ਸੀ ਮਹੀਨੇ ਦੇ ਇਕੱਠੇ, ਤਾਂ ਬੀਬੀਆਂ ਨੇ ਕਹਿਣਾ ਕੁੜੇ ਅੰਮ੍ਰਿਤੀ ਬਣਾ ਲਵੋ, ਸੋ ਪਹਿਲਾਂ ਕੜ੍ਹੀ ਦਾ ਨਾਂ ਅੰਮ੍ਰਿਤੀ ਸੀ ਬੀਬੀਆਂ ਨੇ ਹੱਟੀ ਤੋਂ ਵੇਸਣ ਮੰਗਾਉਣਾ ਤੇ ਗੰਢੇ, ਲਸਣ ਪਾ ਕੇ ਕੜ੍ਹੀ ਬਣਾ ਦੇਣੀ, ਪਰ ਅੱਜ ਵਾਲ਼ੀ ਕੜ੍ਹੀ ਪੂਰੀ ਟੌਹਰ ਵਾਲ਼ੀ ਆ, ਕੜ੍ਹੀ ਬਣਾਉਣ ਤੋਂ ਪਹਿਲਾਂ ਕੜ੍ਹੀ ਵਿੱਚ ਪਾਉਣ ਲਈ ਪਕੌੜੇ ਬਣਾਏ ਜਾਂਦੇ ਹਨ। ਕੜ੍ਹੀ ਦਾ ਮਤਲਬ ਕੜ੍ਹ ਕੜ੍ਹ ਕੇ ਬਣੀ। ਪਰ ਕਈ ਬੀਸ਼ੀਆਂ ਤਾਂ ਬਿੰਦ ‘ਚ ਬਣਾ ਧਰਦੀਆਂ ਨੇ, ਉਹ ਕੱਚੀ ਪੀਲ਼ੀ ਜਿਹੀ ਵਿੱਚ ਪਾ ਕੇ ਪਕੌੜੇ ਸਜਾ ਦਿੰਦੀਆਂ ਨੇ । ਹਰ ਚੀਜ਼ ਧਿਆਨ ਮੰਗਦੀ ਹੈ। ਕੜ੍ਹੀ ਜ਼ਿਆਦਾਤਰ ਲੱਸੀ, ਦਹੀਂ ਵਿੱਚ ਵੇਸਣ ਘੋਲ ਕੇ ਬਣਾਈ ਜਾਂਦੀ ਆ। ਵੇਸਣ ਘੋਲਣ ਵੇਲ਼ੇ ਧਿਆਨ ਰੱਖਣਾ ਪੈਂਦਾ ਵੇਸਣ ਵਿੱਚ ਗੰਢਾਂ ਨਾ ਪੈ ਜਾਣ । ਪਿਆਜ, ਲਸਣ, ਅਦਰਕ, ਹਰੀ ਮਿਰਚ, ਤੇਲ, ਘਿਓ ਆਦਿ ਵਿੱਚ ਭੁੰਨ ਕੇ ਸੁੱਕੇ ਮਸਾਲੇ, ਜੀਰਾ, ਦਾਲ ਚੀਨੀ, ਰਾਈ, ਹਿੰਗ, ਬੜੀ ਇਲਾਇਚੀ, ਤੇਜ ਪੱਤਾ, ਕੜ੍ਹੀ ਪੱਤਾ ਨਿਕਸੁਕ ਸਭ ਪਾਇਆ ਜਾਂਦਾ । ਜਦੋਂ ਇਹ ਮਸਾਲਾ ਤਿਆਰ ਹੋ ਜਾਂਦਾ ਤਾਂ ਵੇਸਣ ਦਾ ਘੋਲ ਪਾ ਦਿੱਤਾ ਜਾਂਦਾ ਪੂਰਾ ਕਾੜ੍ਹਿਆ ਜਾਂਦਾ, ਇਕ ਵਿਸ਼ਵਾਸ ਕੀਤਾ ਜਾਂਦਾ ਕਿ ਇਹਦੇ ਵਿੱਚੋਂ ਕੜਛੀ ਬਾਹਰ ਨਹੀਂ ਕੱਢਣੀ ਚਾਹੀਦੀ ਨਹੀਂ ਤਾਂ ਘੋਲ ਦੀਆਂ ਛਿੱਦੀਆਂ ਜਿਹੀਆਂ ਬਣ ਜਾਣਗੀਆਂ।

ਇਹ ਜ਼ਿਆਦਾ ਗਾੜ੍ਹੀ ਵੀ ਚੰਗੀ ਨਹੀਂ ਲਗਦੀ, ਜੇ ਗਾੜ੍ਹੀ ਹੋ ਜਾਵੇ ਤਾਂ ਪਾਣੀ ਠੰਢਾ ਨਾ ਪਾਓ ਗਰਮ ਕਰਕੇ ਹੀ ਪਾਓ । ਬਸ ਜਦੋਂ ਅੱਖਾਂ ਨੂੰ ਚੰਗੀ ਲੱਗਣ ਲੱਗ ਜਾਵੇ, ਬਣਾਏ ਹੋਏ ਪਕੌੜੇ ਪਾ ਦਿਓ। ਪਕੌੜੇ ਚੰਗੀ ਤਰਾਂ ਕੜ੍ਹੀ ਵਿੱਚ ਡੁੱਬੇ ਹੋਣੇ ਚਾਹੀਦੇ ਹਨ। ਪਕੌੜੇ ਪਾਉਣ ਤੋਂ ਥੋੜ੍ਹੀ ਦੇਰ ਬਾਅਦ ਅੱਗ ਤੋਂ ਉਤਾਰ ਲਵੋ ਤੇ ਹਰਾ ਧਣੀਆ ਪਾਓ ਤੇ ਥੋੜ੍ਹਾ ਜਿਹਾ ਦੇਸੀ ਘਿਓ ਜ਼ਰੂਰ ਪਾਓ, ਇਹ ਤੁਹਾਡੀ ਮਰਜ਼ੀ ਕਿ ਕੜ੍ਹੀ ਤੁਸੀਂ ਚੌਲਾਂ ਨਾਲ ਖਾਣੀ ਆਂ ਕਿ ਮਿੱਸੀ ਰੋਟੀ ਨਾਲ । ਜਦੋਂ ਭਲਿਓ ਲੋਕੋ ਇਹਦੇ ਵਿੱਚ ਦੁਨੀਆ ਭਰ ਦੇ ਮਸਾਲੇ ਪਾ ਦਿੱਤੇ ਫੇਰ ਸੁਆਦ ਬਣੇਗੀ ਹੀ ਬਣੇਗੀ। ਜੇ ਵਿੱਚ ਕੁਝ ਨਹੀਂ ਪਾਓਂਗੇ ਤਾਂ ਫਿਰ ਉਹ ਕਹਾਵਤ ਸੱਚ ਹੋ ਜਾਵੇਗੀ, ‘ਇਹਨੇ ਤਾਂ ਜਵਾਂ ਈਂ ਕੜ੍ਹੀ ਘੋਲ਼ਤੀ।

ਬਹੁਲੀ

ਇਹ ਖਾਣ ਵਾਲ਼ਾ ਤੇ ਤਾਕਤ ਦੇਣ ਵਾਲਾ ਪਦਾਰਥ ਹੁੰਦਾ । ਜਦੋਂ ਗਾਂ, ਮੱਝ ਸੂੰਹਦੀ ਆ ਤਾਂ ਸੂਣ ਤੋਂ ਬਾਅਦ ਜਦੋਂ ਉਹਦਾ ਦੁੱਧ ਚੋਂਦੇ ਹਾਂ ਉਹਨੂੰ ਬਹੁਲੀ, ਬਹੁਲਾ ਜਾਂ ਕੀੜ੍ਹ ਆਖਦੇ ਹਨ। 

ਉਹ ਦੁੱਧ ਜਦੋਂ ਗਰਮ ਕਰਦੇ ਹਾਂ ਤਾਂ ਉਹ ਫਟ ਜਾਂਦਾ ਹੈ, ਉਸ ਫਟੇ ਹੋਏ ਦੁੱਧ ਨੂੰ ਮੱਠੀ, ਮੱਠੀ ਅੱਗ ‘ਤੇ ਕਾੜ ਕੇ ਵਿੱਚ ਸ਼ੰਕਰ ਜਾਂ ਚੀਨੀ ਪਾ ਕੇ ਬਹੁਲੀ ਬਣਦੀ ਹੈ। ਜੋ ਖਾਣ ਵਿੱਚ ਬਹੁਤ ਸੁਆਦ ਹੁੰਦੀ ਹੈ ਤੇ ਸਿਹਤ ਲਈ ਫਾਇਦੇਮੰਦ ਵੀ ਹੁੰਦੀ ਹੈ। ਵੈਦ ਹਕੀਮਾਂ ਅਨੁਸਾਰ ਕਈ ਰੋਗਾਂ ਦੀ ਦਾਰੂ ਵੀ ਆ ਇਹ ਬਹੁਲੀ । ਹਰ ਸੱਜਰ ਸੂਏ ਲਵੇਰੇ ਦੇ ਦੁੱਧ ਦੀ ਚਾਰ, ਪੰਜ ਦਿਨ ਬਹੁਲੀ ਹੀ ਬਣਾਈ ਜਾਂਦੀ ਹੈ। ਜਾਂ ਉਹ ਦੁੱਧ ਦਲੀਏ ਆਦਿ ਵਿੱਚ ਪਾ ਕੇ ਲਵੇਰੀ ਨੂੰ ਹੀ ਪਿਲਾ ਦਿੱਤਾ ਜਾਂਦਾ ਹੈ। ਚਾਰ, ਪੰਜ ਦਿਨਾਂ ਬਾਅਦ ਉਹ ਦੁੱਧ ਚਾਹ ਆਦਿ ਲਈ ਵਰਤਿਆ ਜਾਂਦਾ ਹੈ । ਹੁਣ ਖਾਣ, ਪੀਣ ਲਈ ਨਵੇਂ ਜ਼ਮਾਨੇ ਦੇ ਬਹੁਤ ਪਦਾਰਥ ਬਜ਼ਾਰ ਵਿੱਚ ਆ ਗਏ ਜਿਸ ਕਰਕੇ ਬਹੁਲੀ ਨੂੰ ਅੱਜ-ਕੱਲ੍ਹ ਦੀ ਪੀੜ੍ਹੀ ਨੱਕ ਬੁੱਲ੍ਹ ਈ ਮਾਰਦੀ ਆ।

ਕੁੜੇ ਕੜਛੀ ਆਟੇ ਦੀ ਭੁੰਨ ਲਵੋ

ਪਹਿਲੇ ਸਮਿਆਂ ਵਿੱਚ ਜਦੋਂ ਘਰ ਕੋਈ ਪ੍ਰਾਹੁਣਾ ਆ ਜਾਣਾ ਤਾਂ ਖ਼ਾਸ ਕਰਕੇ ਪਿੰਡਾਂ ਵਿੱਚ ਸਾਡੀਆਂ ਬੀਬੀਆਂ ਨੇ ਕਹਿਣਾ, ਕੁੜੇ ਭਾਈ ਕੜਛੀ ਆਟੇ ਦੀ ਭੁੰਨ ਲਵੋ ਮਤਲਬ ਕੜਾਹ ਬਣਾ ਲਵੋ ਜਿਸ ਨੂੰ ਸ਼ਹਿਰੀਏ ਹਲਵਾ ਕਹਿੰਦੇ ਨੇ। ਪਿੰਡਾਂ ਵਿੱਚ ਹਲਵਾ, ਹਲਵਾ ਕੱਦੂ ਨੂੰ ਕਿਹਾ ਜਾਂਦਾ ਸੀ । ਇਹ ਕੜਛੀ ਆਟੇ ਦੀ ਭੁੰਨਣ ਦਾ ਮਤਲਬ ਆਏ ਪ੍ਰਾਹੁਣੇ ਲਈ ਮਿੱਠਾ ਪਦਾਰਥ ਕੜਾਹ ਬਣਾ ਲਵੋ | ਕੜਾਹ ਜੀ ਫੇਰ ਦੇਸੀ ਘਿਓ ‘ਚ ਬਣਦੇ ਸੀ, ਵਿੱਚ ਖੋਪਾ ਤੇ ਦਾਖਾਂ ਪਾਉਂਦੀਆਂ ਸੀ ਬੀਬੀਆਂ। ਕੜਾਹ, ਕੜਾਹੀ ‘ਚ ਕੜਛੀ ਦੇ ਪਿੱਛੇ ਘੁੰਮਦਾ ਸੀ। ਦੂਰ ਤੱਕ ਵਾਸ਼ਨਾ ਜਾਂਦੀ ਸੀ ਕੜਾਹ ਬਣਦੇ ਦੀ। ਐਨੀ ਰੀਝ ਨਾਲ ਬਣਾਉਂਦੀਆਂ ਸੀ ਸਾਡੀਆਂ ਬੀਬੀਆਂ ਕੜਾਹੀ ਨੂੰ ਵੀ ਨਹੀਂ ਸੀ ਲੱਗਣ ਦਿੰਦੀਆਂ। ਭੋਰਾ ਭੋਰਾ ਸਾਰੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਜਾਂਦਾ ਸੀ। ਹੁਣ ਵੀ ਕੜਾਹ ਬਣਾਇਆ ਜਾਂਦਾ ਘਰਾਂ ਵਿੱਚ ਪਰ ਹੁਣ ਬੀਬੀਆਂ ਕੜਾਹ ‘ਚ ਨਿੱਕ, ਸੁੱਕ ਬਾਹਲਾ ਪਾਉਂਦੀਆਂ ਨੇ ਜਿਵੇਂ ਬਦਾਮ, ਕਾਜੂ, ਦਾਖਾਂ ਆਦਿ ਤੇ ਕੜਾਹ ਵੀ ਵੇਸਣ, ਸੂਜੀ ਤੇ ਪੀਸੀ ਹੋਈ ਮੂੰਗੀ ਦਾ ਜ਼ਿਆਦਾ ਬਣਾਇਆ ਜਾਂਦਾ । ਬਹੁਤੀਆਂ ਨੂੰ ਤਾਂ ਬਣਾਉਣਾ ਈ ਨਹੀਂ ਆਉਂਦਾ। ਕਿਸੇ ਸਮੇਂ ਮਿੱਠੇ ਪਦਾਰਥ ਵਜੋਂ ਕੜਾਹ ਦੀ ਪੂਰੀ ਸਰਦਾਰੀ ਸੀ। ਮੈਂ ਇਕੱਲਾ ਕੜਾਹ ਲਿਖਿਆ, ਪ੍ਰਸ਼ਾਦ ਨਹੀਂ ਲਿਖਿਆ ਕਿਉਂਕਿ ਕੜਾਹ- ਪ੍ਰਸ਼ਾਦ ਇਕ ਵਿਧੀ ਪੂਰਵਕ ਬਣਾਇਆ ਜਾਂਦਾ, ਸਿਰ ਢਕ ਜੁੱਤੀ ਲਾਹ ਕੇ ਤੇ ਨਾਲ ਨਾਲ ਸ਼੍ਰੀ ਅਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ।

ਫਿਰਨੀ ਮਿੱਠਾ ਪਦਾਰਥ

ਇਕ ਫਿਰਨੀ ਹੁੰਦੀ ਆ ਪਿੰਡ ਦੇ ਦੁਆਲੇ ਦਾ ਰਾਹ, ਰਸਤਾ। ਇਕ ਫਿਰਨੀ ਖਾਣ ਵਾਲ਼ਾ ਮਿੱਠਾ ਪਦਾਰਥ ਹੁੰਦਾ ਹੈ। ਫਿਰਨੀ ਲਈ ਸਾੰਡੀਆਂ ਸਚਿਆਰੀਆਂ ਬੀਬੀਆਂ ਚੌਲ ਸੰਵਾਰ ਕੇ ਉਹਨਾਂ ਨੂੰ ਚੱਕੀ ਨਾਲ ਪੀਂਹਦੀਆਂ ਸੀ। ਉਸ ਚੌਲ਼ਾਂ ਦੇ ਆਟੇ ਨੂੰ ਫਿਰਨੀ ਮਿੱਠੇ ਪਦਾਰਥ ਲਈ ਵਰਤਦੀਆਂ ਸੀ । ਦੁੱਧ ਨੂੰ ਕੜਾਹੀ ਵਿੱਚ ਪਾ ਕੇ ਉਬਾਲੀ ਦਿੰਦੀਆਂ ਤੇ ਉਹਦੇ ‘ਚ ਲੋੜ ਅਨੁਸਾਰ ਪੀਸੇ ਹੋਏ ਚੌਲ਼ਾਂ ਦੇ ਆਟੇ ਨੂੰ ਪਾ ਦਿੱਤਾ ਜਾਂਦਾ ਸੀ। ਗਾੜਾ ਹੋਣ ਤੱਕ ਮੱਠੀ, ਮੱਠੀ ਅੱਗ ‘ਤੇ ਪਕਾਇਆ ਜਾਂਦਾ, ਥੱਲੇ ਲੱਗਣ ਤੋਂ ਕੜਛੀ ਫੇਰਨੀ ਜ਼ਰੂਰੀ ਹੁੰਦੀ ਆ, ਜਦੋਂ ਪੂਰਾ ਗਾੜਾ ਹੋ ਜਾਂਦਾ ਤਾਂ ਲੋੜ ਅਨੁਸਾਰ ਮਿੱਠਾ ਪਾਇਆ ਜਾਂਦਾ । ਬੀਬੀਆਂ ਕੜਾਹੀ ਚੁੱਲ੍ਹੇ ਤੋਂ ਲਾਹ ਲੈਂਦੀਆਂ ਤੇ ਫਿਰਨੀ ਨੂੰ ਕੇਲੇ ਦੇ ਪਤਲੇ ਟੁਕੜੇ ਕੱਟ ਕੇ ਸਜਾ ਲਿਆ ਜਾਂਦਾ ਸੀ ਕਿਉਂਕਿ ਪਹਿਲੇ ਸਮਿਆਂ ‘ਚ ਅੱਜ ਕੱਲ੍ਹ ਵਾਂਗ ਸੁੱਕੇ ਮੇਵੇ ਜ਼ਿਆਦਾ ਨਹੀਂ ਸੀ ਵਰਤੇ ਜਾਂਦੇ। ਫਿਰਨੀ ਸਾਡੇ ਘਰਾਂ ਵਿੱਚ ਅੱਜ ਵੀ ਬਣਦੀ ਹੈ ਪਰ ਉਹਦਾ ਨਾਮ ਹੁਣ ਕਸਟਰਡ ਹੈ, ਬਣਾਉਣ ਦੀ ਵਿਧੀ ਭਾਵੇਂ ਉਹੀ ਹੈ ਪਰ ਹੁਣ ਦੀਆਂ ਬੀਬੀਆਂ ਸੁਕੇ ਮੇਵੇ (ਡਰਾਈਫਰੂਟ) ਨਾਲ ਜ਼ਿਆਦਾ ਸਜਾ ਲੈਂਦੀਆਂ ਹਨ ਪਰ ਸਾਡੀਆ ਬੀਬੀਆਂ ਦੀ ਫਿਰਨੀ ਤੇ ਅੱਜ ਦੀਆਂ ਬੀਬੀਆਂ ਦਾ ਕਸਟਰਡ।

ਭੱਠੀ ਵਾਲੀਏ ਚੰਬੇ ਦੀਏ ਡਾਲੀਏ

ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਬਹੁਤ ਮਸ਼ਹੂਰ ਹੋਇਆ ਸੀ:

“ਭੱਠੀ ਵਾਲ਼ੀਏ ਚੰਬੇ ਦੀਏ ਡਾਲੀਏ,

ਪੀੜਾਂ ਦਾ ਪਰਾਗਾ ਭੁੰਨ ਦੇ।

ਤੈਨੂੰ ਦਿਆਂ ਹੰਝੂਆਂ ਦਾ ਭਾੜਾ,

ਨੀ ਪੀੜਾਂ ਦਾ ਪਰਾਗਾ ਭੁੰਨ ਦੇ।

ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ।

ਮਿੱਟੀ ਦੀ ਕੜਾਹੀ ਤੇਰੀ ਕਾਹਤੋਂ ਪਿੱਲੀ ਹੋ ਗਈ।

ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ।

ਨੀ ਪੀੜਾਂ ਦਾ ਪਰਾਗਾ ਭੁੰਨ ਦੇ,

ਭੱਠੀ ਵਾਲ਼ੀਏ….. ।”

ਦਾਣੇ ਭੁੰਨਣ ਵਾਲੀਆਂ ਭੱਠੀਆਂ ਵੀ ਸਾਡੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਨੇ ਪਰ ਹੁਣ ਇਹਨਾਂ ਦਾ ਧੂੰਆਂ ਆਧੁਨਿਕ ਧੂੰਏ ‘ਚ ਗੁਆਚ ਗਿਆ। ਜ਼ਿਆਦਾਤਰ ਸਾਡੀ ਸਤਿਕਾਰਤ ਮਹਿਰਾ ਜਾਤ ਦੀ ਔਰਤ ਪਿੰਡ ਵਿੱਚ ਦਾਣੇ ਭੁੰਨਦੀ ਸੀ । ਇਹਨਾਂ ਦਾਣਿਆਂ ਦਾ ਸੁਆਦ ਈ ਵੱਖਰਾ ਸੀ । ਮੇਰੇ ਪਿੰਡ ਸੰਤੋ ਬੇਬੇ ਦਾਣੇ ਭੁੰਨਦੀ ਹੁੰਦੀ ਸੀ ।

ਕੋਈ ਤਿੰਨ ਕੁ ਵੱਜਦੇ ਨਾਲ ਭੱਠੀ ਤੇ ਮੁੰਡੇ ਕੁੜੀਆਂ ਆਪੋ ਆਪਣੇ ਝੋਲਿਆਂ ‘ਚ ਦਾਣੇ ਲੈ ਕੇ ਭੱਠੀ ‘ਤੇ ਪਹੁੰਚਣੇ ਸ਼ੁਰੂ ਹੋ ਜਾਂਦੇ ਸਨ । ਬੇਬੇ ਨੂੰ ਪੂਰਾ ਧਿਆਨ ਹੁੰਦਾ ਕਿ ਕੌਣ ਕਦੋਂ ਆਇਆ ਤੇ ਉਹ ਉਸੇ ਹਿਸਾਬ ਨਾਲ ਹਰੇਕ ਦੇ ਦਾਣੇ ਭੁੰਨਦੀ । ਭੱਠੀ ਵਾਲ਼ੀ ਬੇਬੇ ਬਾਲਣ, ਪੱਤੇ ਘਾਹ ਫੂਸ ਇਕੱਠਾ ਕਰਦੀ, ਉਹਨੂੰ ਸੁਕਾਉਂਦੀ ਤੇ ਭੱਠੀ ਨੂੰ ਵੀ ਪੂਰਾ ਲਿੱਪ ਪੋਚ ਕੇ ਰੱਖਦੀ। ਭੱਠੀ ਦਾ ਆਲਾ-ਦੁਆਲਾ ਵੀ ਸੰਭਰ ਕੇ ਰੱਖਦੀ । ਮੀਂਹ ਕਣੀ ’ਚ ਉਹ ਭੱਠੀ ਨੂੰ ਢੱਕ ਕੇ ਰੱਖਦੀ ਸੀ। ਉਹ ਪਹਿਲਾਂ ਭੱਠੀ ਤਪਾਉਂਦੀ, ਕੜਾਹੀ ‘ਚ ਕੱਕਾ ਰੇਤਾ ਪਾ ਕੇ ਕੜਾਹੀ ਨੂੰ ਭੱਠੀ ‘ਤੇ ਰੱਖਦੀ ਜਦੋਂ ਰੇਤਾ ਗਰਮ ਹੋ ਜਾਂਦਾ ਤਾਂ ਉਹ ਜੋ ਪਹਿਲਾਂ ਆਇਆ ਹੁੰਦਾ ਉਹਦੇ ਦਾਣਿਆਂ ‘ਚੋਂ ਭੁੰਨਣ ਤੋਂ ਪਹਿਲਾਂ ਚੁੰਗ ਕੱਢਦੀ ਤੇ ਬਾਕੀ ਦਾਣੇ ਕੜਾਹੀ ‘ਚ ਪਾ ਕੇ ਬਿਨਾਂ ਦੰਦਿਆਂ ਦੀ ਦਾਤੀ ਵਿੱਚ ਫੇਰ ਫੇਰ ਭੁੰਨਦੀ। ਚੰਗੀ ਤਰ੍ਹਾਂ ਭੁੱਜ ਜਾਣ ’ਤੇ ਝਰਨੀ ਨਾਲ ਦਾਣਿਆਂ ਤੋਂ ਰੇਤ ਵੱਖ ਕਰਦੀ ਤੇ ਜੁਆਕ ਦੇ ਝੋਲੇ ‘ਚ ਪਾ ਦਿੰਦੀ। ਉਹਨੂੰ ਅੱਗ ਤੇਜ਼, ਮੱਠੀ ਦਾ ਪੂਰਾ ਤਜ਼ਰਬਾ ਹੁੰਦਾ ਜੇ ਕਦੇ ਵਾਰ ਵਾਰ ਅੱਗ ਬੁੱਝਦੀ ਤਾਂ ਉਹ ਨਿਆਣਿਆਂ ਨੂੰ ਨਿਹੋਰਾ ਵੀ ਮਾਰਦੀ, ਆਹ ਅੱਜ ਕੋਈ ਠੰਢੇ ਪੈੜੇ ਵਾਲ਼ਾ ਬੈਠਾ, ਜਿਹੜੀ ਜੈ ਖਣੇ ਦੀ ਅੱਗ ਬੁਝੀ ਜਾਂਦੀ ਆ। ਜਦੋਂ ਉਹ ਦਾਣੇ ਭੁੰਨਦੀ ਤਾਂ ਵਿੱਚੋਂ ਕੋਈ ਆਖਦਾ, ਬੇਬੇ ਮੇਰੀਆਂ ਖਿੱਲਾਂ, ਤੇ ਦੂਜਾ ਆਖਦਾ ਬੇਬੇ ਮੇਰੇ ਅੱਧੇ ਰੋੜ ਅੱਧੀਆਂ ਖਿੱਲਾਂ ਤੇ ਐਦਾਂ ਉਹ ਦਾਣੇ ਭੁੰਨਾਉਣ ਆਏ ਜੁਆਕਾਂ ਨੂੰ ਖ਼ੁਸ਼ ਰੱਖਦੀ। ਉਹਨਾਂ ਨਾਲ ਗੱਲਾਂ ਕਰਦੀ ਆਖਦੀ ਵੇ ਤੇਰੀ ਦਾਦੀ ਨੇ ਤੈਨੂੰ ਕਿਵੇਂ ਆਉਣ ਦੇ ਦਿੱਤਾ ? ਉਹ ਤਾਂ ਬਾਹਲੀ ਕੰਜੂਸ ਆ, ਤਾਂ ਅੱਗੋਂ ਜੁਆਕ ਆਖਦਾ ਅੱਜ ਬੇਬੇ ਕਿਤੇ ਗਈ ਹੋਈ ਆ । ਸੋ ਸਾਨੂੰ ਵੀ ਕੋਈ ਖੁੱਲ੍ਹ ਨਹੀਂ ਸੀ ਕਿ ਅਸੀਂ ਭੱਠੀ ’ਤੇ ਜਾਈਏ, ਕਿਉਂਕਿ ਸਾਡੇ ਬਾਪੂ ਜੀ (ਦਾਦਾ) ਜੀ ਦਾ ਸੁਭਾਅ ਬਹੁਤ ਸਖ਼ਤ ਸੀ ਪਰ ਪਿਆਰ ਵੀ ਬਹੁਤ ਕਰਦੇ ਸੀ। ਜਦੋਂ ਕਦੇ ਬਾਪੂ ਜੀ ਨੇ ਕਿਤੇ ਰਿਸ਼ਤੇਦਾਰੀ ‘ਚ ਗਏ ਹੋਣਾ ਤਾਂ ਅਸੀਂ ਬੇਜੀ (ਦਾਦੀ) ਜੀ ਦੀਆਂ ਮਿੰਨਤਾਂ ਜਿਹੀਆਂ ਕਰਕੇ ਦਾਅ ਲਾ ਲੈਂਦੇ ਤੇ ਅੱਗੇ ਸੰਤੋ ਬੇਬੇ ਵੀ ਤਾੜ ਜਾਂਦੀ ਸੀ ਤੇ ਉਹ ਬਹੁਤੀ ਵਾਰ ਸਾਡਾ ਨੰਬਰ ਛੇਤੀ ਲਾ ਦਿੰਦੀ । ਸੁਭਾਅ ਭਾਵੇਂ ਤਲਖ਼ੀ ਵਾਲ਼ਾ ਸੀ ਪਰ ਚੰਗੀ ਸੀ ਸਾਡੀ ਸੰਤੋ ਬੇਬੇ । ਜੇ ਕਿਸੇ ਨੇ ਝੋਕਾ ਵੱਧ ਪਾ ਦੇਣਾ ਉਹਨੇ ਉੱਚੀ ਦੇਣੇ ਬੋਲਣਾ ਵੇ ਜੈ ਨੂੰ ਖਾਣਿਆਂ, ਫੇਰ ਨਾ ਕਹੀਂ ਦਾਣੇ ਬਿੱਲੀ ਦੀ ਢੂਹੀ(ਕਾਲ਼ੇ) ਵਰਗੇ ਹੋ ਗਏ । ਅਫ਼ਸੋਸ ਇਹ ਕਿੱਤਾ ਪਿੰਡਾਂ ‘ਚੋਂ ਵਿਸਾਰ ਦਿੱਤਾ ਗਿਆ, ਅਲੋਪ ਹੋ ਗਿਆ ਕਿਉਂਕਿ ਜ਼ਮਾਨਾ ‘ਮੌਡਰਨ’ ਆ ਗਿਆ, ਜ਼ਮਾਨਾ ‘ਪੌਪ ਕੌਨ’ ਦਾ ਆ ਗਿਆ, ਮੱਖਣ ਵਾਲ਼ੇ ਪੌਪ ਕੌਨ ਚੱਲ ਪਏ, ਮਸ਼ੀਨਾਂ ਆ ਗਈਆਂ ਦਾਣੇ ਭੁੰਨਣ ਵਾਲੀਆਂ ਤੇ ਭੱਠੀ ਪਿੱਛੇ ਕਰ ਦਿੱਤੀ ਪਰ ਇਹ ਪੌਪ ਕੌਨ ਸਿਹਤ ਲਈ ਹਾਨੀਕਾਰਕ ਨੇ, ਕਦੋਂ ਦਾ ਪੈਕਟ ਬੰਦ ਹੋਇਆ ਕੋਈ ਪਤਾ ਨੀ ? ਉਹ ਤਾਜੇ ਭੁੰਨੇ ਮੁਰਮਰੇ ਅਤੇ ਖਿੱਲਾਂ ਦਾ ਸੁਆਦ ਹੀ ਵੱਖਰਾ ਸੀ।

ਵੀਰ ਦੀਪ ਦਿਲਬਰ ਦੀਆਂ ਸੁਣਾਈਆਂ ਕੁਝ ਲਾਈਨਾਂ ਮੈਨੂੰ ਅੱਜ ਵੀ ਯਾਦ ਹਨ: 

ਜੀਮ ਜਾਂਦੀਆਂ ਵੇਖੀਆਂ ਦੋ ਜਣੀਆਂ, 

ਘਰੋਂ ਦਾਣੇ ਭੁੰਨਾਉਣ ਚੱਲੀਆਂ ਨੇ । 

ਇਕ ਭੱਠ ਗਿੱਲਾ, ਦੂਜਾ ਸਰ ਸਿੱਲਾ, 

ਤੀਜਾ ਆਸ਼ਕਾਂ ਗਲੀਆਂ ਮੱਲੀਆਂ ਨੀ । 

ਖਿੱਲਾਂ ਖਿੱਲਾਂ ਤੇ ਚੁਗ ਲਈਆਂ ਆਸ਼ਕਾਂ ਨੇ, 

ਰੋੜ ਲੈ ਕੇ ਘਰਾਂ ਨੂੰ ਚੱਲੀਆਂ ਨੇ । 

ਹਾੜਾ ਧੰਨ ਜਿਗਰਾ ਉਹਨਾਂ ਮਾਪਿਆਂ ਦਾ, 

ਜਿੰਨ੍ਹਾਂ ‘ਕੱਲੀਆਂ ਘਰਾਂ ਤੋਂ ਘੱਲੀਆਂ ਨੇ ।”

ਚੂਰੀ 

ਚੂਰੀ ਪੰਜਾਬੀਆਂ ਦਾ ਇਕ ਖਾਣ ਵਾਲ਼ਾ ਮਿੱਠਾ ਪਦਾਰਥ ਹੈ। ਇਹ ਜ਼ਿਆਦਾਤਰ ਕਣਕ ਦੀਆਂ ਗਰਮ, ਗਰਮ ਰੋਟੀਆਂ ਨੂੰ ਭੋਰ ਕੇ ਉਹਦੇ ਵਿੱਚ ਦੇਸੀ ਘਿਓ, ਸ਼ੱਕਰ ਰਲ਼ਾ ਕੇ ਬਣਾਈ ਜਾਂਦੀ ਹੈ । ਘਿਓ ਤੇ ਸ਼ੱਕਰ ਨੂੰ ਤੋੜੀਆਂ ਹੋਈਆਂ ਰੋਟੀਆਂ ਵਿੱਚ ਚੰਗੀ ਤਰ੍ਹਾਂ ਗੁੰਨ ਲਿਆ ਜਾਂਦਾ ਤੇ ਪਿੰਨੀਆਂ ਬਣਾ ਲਈਆਂ ਜਾਂਦੀਆਂ ਹਨ। ਆਮ ਤੌਰ ‘ਤੇ ਚੂਰੀ ਖਾਣੇ ਦੇ ਸਮੇਂ ਹੀ ਬਣਾਈ ਜਾਂਦੀ ਹੈ। ਜਦੋਂ ਘਰ ਵਿੱਚ ਬੱਚਿਆਂ ਦੀ ਮਨਪਸੰਦ ਦੀ ਦਾਲ ਸਬਜ਼ੀ ਨਾ ਬਣੀ ਹੋਵੇ ਤਾਂ ਬੀਬੀਆਂ ਚੂਰੀ ਕੁੱਟ ਕੇ ਜੁਆਕ ਵਰਾ ਦਿੰਦੀਆਂ ਸੀ। ਬਹੁਤ ਘਰਾਂ ਵਿੱਚ ਅਜੇ ਵੀ ਬਣਾ ਲਈ ਜਾਂਦੀ ਹੈ। ਬਹੁਤ ਸੁਆਦ ਹੁੰਦੀ ਆ ਚੂਰੀ। ਪੰਜਾਬੀ ਲੋਕਗੀਤਾਂ ਵਿੱਚ ਵੀ ਚੂਰੀ ਦਾ ਜ਼ਿਕਰ ਆਉਂਦਾ ਹੈ:

“ਚੁੰਝ ਤੇਰੀ ਵੇ ਕਾਲਿਆ ਕਾਵਾਂ, ਸੋਨੇ ਨਾਲ ਮੜਾਵਾਂ।

 ਜਾ ਆਖੀਂ ਮੇਰੇ ਢੋਲ ਸਿਪਾਹੀ ਨੂੰ ਨਿੱਤ ਮੈਂ ਔਸੀਆਂ ਪਾਵਾਂ, 

ਖ਼ਬਰਾਂ ਲਿਆ ਕਾਵਾਂ ਤੈਨੂੰ ਘਿਓ ਦੀ ਚੂਰੀ ਪਾਵਾਂ।”

ਭੈਣ ਨੂੰ ਜਦੋਂ ਵੀਰ ਸਹੁਰੇ ਘਰ ਮਿਲਣ ਆਉਂਦਾ ਤਾਂ ਉਹਦਾ ਵੀ ਜੀਅ ਕਰਦਾ ਕਿ ਇਕ ਡੰਗ ਵੀਰ ਨੂੰ ਚੂਰੀ ਖਿਲਾਵਾਂ ਪਰ ਉਹ ਸੱਸ ਤੋਂ ਡਰਦੀ ਰਹਿੰਦੀ। ਹੀਰ ਰਾਂਝੇ ਦੇ ਕਿੱਸੇ ਵਿੱਚ ਵੀ ਚੂਰੀ ਦਾ ਜਿਕਰ ਆਉਂਦਾ ਹੈ ਕਿ ਹੀਰ ਬੇਲੇ ਵਿੱਚ ਰਾਂਝੇ ਲਈ ਚੂਰੀ ਲੈ ਕੇ ਜਾਂਦੀ ਸੀ। ਇਸ ਲਈ ਚੂਰੀ ਨਾਲ ਜੁੜੀਆਂ ਕਹਾਣੀਆਂ ਪੰਜਾਬੀ ਸੱਭਿਆਚਾਰ ਵਿੱਚ ਚੂਰੀ ਦੀ ਅਹਿਮੀਅਤ ਨੂੰ ਦਰਸਾਉਂਦੀਆਂ ਹਨ।

ਰੂੰਗਾ 

ਅੱਜ ਕੱਲ੍ਹ ਦੇ ਜੁਆਕਾਂ ਨੂੰ ਕੀ ਪਤਾ ਰੂੰਗਾ ਕੀ ਆ, ਕੀ ਹੁੰਦਾ ਸੀ ਪਰ ਇਕ ਗੱਲ ਪੱਕੀ ਆ ਕਿ ਸੌਦੇ ਨਾਲ਼ੋਂ ਵੱਧ ਪਿਆਰਾ ਹੁੰਦਾ ਸੀ ਰੂੰਗਾ। ਪਹਿਲੇ ਸਮਿਆਂ ਵਿੱਚ ਪਿੰਡਾਂ ਵਿੱਚ ਇਕ ਦੋ ਹੱਟੀਆਂ ਈ ਹੁੰਦੀਆਂ ਸੀ ਪਰ ਉਥੋਂ ਨੂਣ, ਤੇਲ, ਖੰਡ, ਸਾਬਣ ਸੋਢੇ ਤੋਂ ਲੈ ਕੇ ਵੜੇਵਿਆਂ ਦੀ ਖੱਲ ਤੱਕ ਸਾਰਾ ਸਮਾਨ ਮਿਲ ਜਾਂਦਾ ਸੀ। ਉਹ ਹੱਟੀ ਉਸ ਸਮੇਂ ਦਾ ਡਿਪਾਰਮਟਮੈਂਟਲ ਸਟੋਰ ਸੀ।

ਜਦੋਂ ਘਰਦਿਆਂ ਨੇ ਕੋਈ ਸੌਦਾ ਲੈਣ ਹੱਟੀ ‘ਤੇ ਭੇਜਣਾ ਤਾਂ ਹੱਟੀ ਵਾਲ਼ੇ ਭਾਈ ਨੇ ਸੌਦੇ ਦੇ ਨਾਲ ਰੂਗਾ ਦੇਣਾ। ਰੂਗੇ ਵਿੱਚ ਮਿੱਠੀਆਂ ਗੋਲੀਆ, ਪਕੌੜੀਆਂ, ਮਖਾਣੇ ਜਾਂ ਮਿੱਠੀਆਂ ਖਿੱਲਾਂ ਹੁੰਦੀਆਂ ਸੀ । ਇਹ ਰੂੰਗੇ ਵਾਲ਼ੇ ਪੀਪੇ ਉਹ ਨੇੜੇ ਈ ਰੱਖਦਾ ਸੀ। ਦੁਕਾਨਦਾਰ ਰੂੰਗੇ ਨੂੰ ਕਾਪੀ ਦੇ ਕਾਗਜ਼ ਵਿੱਚ ਲਪੇਟ ਕੇ ਦਿੰਦਾ । ਦਰਅਸਲ ਉਹ ਬੱਚੇ ਦਾ ਸਤਿਕਾਰ ਕਰਦਾ ਸੀ ਤੇ ਲਾਲਚ ਵੀ ਸੀ ਕਿ ਮੁੜ ਕੇ ਸੌਦਾ ਲੈਣ ਮੇਰੀ ਦੁਕਾਨ ‘ਤੇ ਹੀ ਆਵੇਗਾ। ਚਾਅ ਨਹੀਂ ਸੀ ਚੱਕਿਆ ਜਾਂਦਾ ਜਦੋਂ ਰੂੰਗਾ ਮਿਲ ਜਾਣਾ ।

ਅੱਜ ਕੱਲ੍ਹ ਦੁਕਾਨਾਂ ਸਟੋਰ ਬਹੁਤ ਹਨ ਪਰ ਉਹ ਰੂੰਗਾ ਨਹੀਂ ਦਿੰਦੇ। ਉਹ ਵੀ ਜਾਣਦੇ ਹਨ ਕਿ ਐਨੀਆਂ ਮਹਿੰਗੀਆਂ ਚੀਜ਼ਾਂ ਖਾਣ ਵਾਲੇ ਬੱਚੇ ਰੂੰਗੇ ਦਾ ਕੀ ਕਰਨਗੇ ? ਅਮੀਰੀ ਦੇ ਜ਼ਮਾਨੇ ਨੇ ਰੂੰਗੇ ਨੂੰ ਪਿੱਛੇ ਕਰ ਦਿੱਤਾ ।

ਮੂੰਗੀ ਮਸਰੀ

ਅੱਜ ਦਾਲ ਬਣਾਉਣ ਵੇਲੇ ਕਈ ਸਾਲ ਪਹਿਲਾਂ ਦੀ ਗੱਲ ਚੇਤੇ ਆ ਗਈ । ਸਟਾਫ਼ ਰੂਮ ਵਿੱਚ ਬੈਠੇ ਸਾਰੇ ਰੋਟੀ ਖਾ ਰਹੇ ਸੀ। ਲੇਡੀਜ਼ ਕੋਲ ਇਕੋ ਈ ਗੱਲ ਹੁੰਦੀ ਕੀ ਧਰੇ, ਕੀ ਬਣਾਵੇ। ਫਲਾਣਾ ਆਹ ਨੀ ਖਾਂਦਾ, ਫਲਾਣਾ ਉਹ ਖਾਂਦਾ, ਢਿਮਕੇ ਨੂੰ ਭਾਵੇਂ ਰੋਜ਼ ਮੂੰਗੀ ਮਸਰੀ ਦੇਈ ਜਾਹ ਖ਼ੁਸ਼ ਹੋ ਕੇ ਖਾਂਦਾ ਤਾਂ ਸਾਡੇ ਜੌਗਰਫ਼ੀ ਵਾਲ਼ੇ ਮੈਡਮ ਬੋਲੇ ‘ਹੈਂ। ਮੂੰਗੀ ਮਸਰੀ, ਜਿਹੜੇ ਮੂੰਗੀ ਮਸਰੀ ਖਾਂਦੇ ਨੇ ਉਹਨਾਂ ਦੀ ਵੀ ਭਲਾਂ ਕੋਈ ਜ਼ਿੰਦਗੀ ਆ’। ਮੈਨੂੰ ਸੁਣ ਕੇ ਬੜਾ ਅਜੀਬ ਲੱਗਿਆ ਕਿਉਂਕਿ ਗਰਮੀ ਗਰਮੀ ਸਾਡੇ ਘਰ ਸ਼ਾਮ ਨੂੰ ਏਹੀ ਦਾਲ ਬਣਦੀ ਆ । ਦਾਦਾ ਜੀ ਹਨਾਂ ਦੇ ਵੇਲੇ ਤੋਂ ਉਹਨਾਂ ਦਾ ਕਹਿਣਾ ਸੀ ਇਹ ਹੌਲ਼ੀ ਆ ਛੇਤੀ ਹਜਮ ਹੋ ਜਾਂਦੀ ਆ। ਅਸੀਂ ਹੁਣ ਵੀ ਬਹੁਤ ਖਾਂਦੇ ਹਾਂ। ਆਪਾਂ ਤਾਂ ਗੋਰਿਆਂ ਦੇ ਦੇਸ਼ ਬਥੇਰੀ ਬਣਾਈ ਤੇ ਖਾਧੀ ਆ। ਮੈਂ ਕਿਹਾ ਮੈਡਮ ਜੀ ਇਹ ਕੀ ਗੱਲ ਹੋਈ, ਇਹ ਵੀ ਦਾਲ ਆ, ਪੌਸ਼ਟਿਕ ਆਹਰ ਆ। ਮੈਂ ਕਿਹਾ ਮੈਡਮ ਜੀ ਤੁਸੀਂ ਸਾਡੀ ਇਹ ਦਾਲ ਖਾ ਕੇ ਵੇਖਿਓ । ਮੂੰਗੀ ਮਸਰੀ ਵੀ ਬਣਨ ਵੇਲੇ ਧਿਆਨ ਮੰਗਦੀ ਆ। ਓਦਾਂ ਨਹੀਂ ਬਈ ਹੇਠਾਂ ਦਾਲ ਉੱਤੇ ਪਾਣੀ ਫਿਰੇ, ਮੇਰੀ ਮਾਂ ਦੇ ਕਹਿਣ ਵਾਂਗ ਡੋਲੇ ਪਾਣੀ। ਚੱਜ ਨਾਲ ਧੋਵੋ ਦਾਲ ਫੇਰ ਬਣਾਓ। ਪਿਆਜ, ਲਸਣ, ਅਦਰਕ, ਟਮਾਟਰ, ਹਰੀ ਮਿਰਚ ਕੱਟ ਕੇ ਤੜਕਾ ਲਾਓ ਵਿੱਚ ਜੀਰਾ, ਜ਼ਰਾ ਕੁ ਹਿੰਗ ਜ਼ਰੂਰ ਪਾਓ ਤੇ ਤੜਕੇ ਤੋਂ ਬਾਅਦ ਹਰਾ ਧਣੀਆਂ ਵੀ ਕੱਟ ਕੇ ਪਾਓ, ਫੇਰ ਵੇਖਿਓ ਖਾ ਕੇ ਮੂਹੋਂ ਨਹੀਂ ਲਹਿੰਦੀ, ਦੋ ਵਾਰ ਮੰਗੋਗੇ।

ਮੈਡਮ ਨੇ ਫੇਰ ਸਚਾਈ ਦੱਸੀ, ‘ਮੇਰਾ ਸਹੁਰਾ ਪਰਿਵਾਰ ਵੱਡਾ ਪਰਿਵਾਰ ਆ ਪੰਦਰਾਂ ਤੋਂ ਵੀਹ ਜਾਣਿਆਂ ਦਾ ਪਰ ਫੇਰ ਵੀ ਸਬਜ਼ੀ ਹੋਵੇ ਭਾਵੇਂ ਦਾਲ ਰੀਝ ਨਾਲ ਬਣਾਈ ਹੋਈ ਵੀ ਵਧੀਆ ਬਣਦੀ।’ ਮੈਡਮ ਜੀ ਨੂੰ ਆਪਾਂ ਆਪਣੇ ਢੰਗ ਨਾਲ ਬਣਾ ਕੇ ਖਵਾਈ ਤੇ ਮੈਡਮ ਜੀ ਮੰਨ ਗਏ ਕਿ ਜਤਿੰਦਰ ਮੈਡਮ ਦਾਲ ਵਾਕਿਆ ਈ ਬਹੁਤ ਸਵਾਦ ਆ। ਮੇਰਾ ਇਸ ਦਾਲ ਨਾਲ ਬਹੁਤ ਪਿਆਰ ਆ। ਮੈਨੂੰ ਬਹੁਤ ਸੁਆਦ ਲਗਦੀ ਆ ਜੇ ਕਿਤੇ ਮੈਂ ਰਿਸ਼ਤੇਦਾਰੀ ‘ਚ ਰਾਤ ਕੱਟਣੀ ਹੋਵੇ ਉਸ ਦਿਨ ਉਥੇ ਮੂੰਗੀ ਮਸਰੀ ਹੀ ਬਣੇਗੀ। ਮੈਂ ਇਹਨੂੰ ਕੈਪਟਨ ਵਾਲੀ ਦਾਲ ਵੀ ਕਹਿੰਦੀ ਹੁੰਦੀ ਆਂ, ਕੈਪਟਨ ਦੇ ਰਾਜ ‘ਚ ਇਹ ਮਹਿੰਗੀ ਹੋਈ ਸੀ । ਕਈ ਇਹਨੂੰ ਬੀਮਾਰੀ ਦਾ ਖਾਜਾ ਵੀ ਕਹਿੰਦੇ ਨੇ ਪਰ ਮੇਰੀ ਕਮਜ਼ੋਰੀ ਮੂੰਗੀ ਮਸਰੀ ਆ, ਸਾਡੀ ਖ਼ਾਨਦਾਨੀ ਦਾਲ ਆ। ਮੇਰੇ ਵੀਰ ਹਰਭਜਨ ਮਾਨ ਦੀ ਵੀ ਮਨਪਸੰਦ ਦਾਲ ਆ ਇਹ ਦਾਲ ਸਾਰੀਆਂ ਦਾਲਾਂ ਤੋਂ ਛੇਤੀ ਬਣਨ ਕਰਕੇ ਵੀ ਆਮ ਲੋਕਾਂ ਦੀ ਪਹਿਲੀ ਪਸੰਦ ਹੈ। ਹੁਣ ਇਹਦਾ ਨਾਂ ਮੂੰਗੀ ਮਸਰੀ ਤੋਂ ਪੀਲੀ ਦਾਲ ਵੀ ਪੈ ਗਿਆ ਹੈ। 

ਭਾਗ ਪੰਜਵਾਂ

ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਕੁਝ ਅਹਿਮ-ਚੀਜ਼ਾਂ

 

ਪਿੰਡ ਦਾ ਦਰਵਾਜ਼ਾ

“ਤੂੰ ਕਾਹਦਾ ਲੰਬੜਦਾਰ ਵੇ ਦਰਵਾਜ਼ਾ ਹੈ ਨੀ, ਅਸੀਂ ਬੈਠੇ ਕੌਲਿਆਂ ਨਾਲ ਵੇ ਦਰਵਾਜ਼ਾ ਹੈ ਨੀ।”

ਪਿੰਡਾਂ ਦੇ ਦਰਵਾਜ਼ੇ ਵੀ ਪਿੰਡਾਂ ਦੀ ਸ਼ਾਨ ਹੁੰਦੇ ਸਨ ਅਜੇ ਵੀ ਹੈਗੇ ਨੇ ਕਈ ਪਿੰਡਾਂ ਵਿੱਚ, ਪਿੰਡ ਵਾਸੀਆਂ ਨੇ ਪੂਰੀ ਸੰਭਾਲ ਕੀਤੀ ਹੋਈ ਆ। ਸਮਰਾਲੇ ਤੋਂ ਜਦੋਂ ਖੰਨੇ ਵੱਲ ਜਾਈਏ ਤਾਂ ਪਹਿਲਾ ਪਿੰਡ ਉਟਾਲਾਂ ਆਉਂਦਾ ਜਿੱਥੇ ਅਜੇ ਵੀ ਦਰਵਾਜ਼ੇ ਪੂਰੀ ਤਰਾਂ ਸੰਭਾਲੇ ਹੋਏ ਹਨ।

ਪਹਿਲਾਂ ਖ਼ਾਸਕਰ ਇਹ ਦਰਵਾਜ਼ੇ ਪਿੰਡ ਤੋਂ ਬਾਹਰ ਜਾਣੀ ਇਹਨਾਂ ਦਰਵਾਜ਼ਿਆਂ ਰਾਹੀਂ ਪਿੰਡ ‘ਚ ਦਾਖ਼ਲ ਹੋਇਆ ਜਾਂਦਾ ਸੀ । ਹਰ ਪਿੰਡ ਦੇ ਦੁਆਲੇ ਦੋ ਚਾਰ ਦਰਵਾਜ਼ੇ ਜ਼ਰੂਰ ਹੁੰਦੇ ਸੀ ! ਇਹ ਦਰਵਾਜ਼ੇ ਡਾਟਾਂ ਭੇੜ ਕੇ ਤੇ ਸੰਦੂਕੀ ਛੱਤੇ ਬਣਾਏ ਜਾਂਦੇ ਸੀ ਤੇ ਅੰਦਰੋਂ ਵੀ ਬਹੁਤ ਸੋਹਣੇ ਢੰਗ ਨਾਲ਼ ਦੋਹੀਂ ਪਾਸੀਂ ਚੌਂਤਰੇ ਬਣਾਏ ਤੇ ਵਿਚਕਾਰ ਰਸਤਾ ਛੱਡਿਆ ਜਾਂਦਾ ਸੀ । ਬਾਹਰਲੇ ਪਾਸੇ ਵੱਡੇ ਲੱਕੜ ਦੇ ਦਰਵਾਜ਼ੇ ਲਾਏ ਹੁੰਦੇ ਸੀ ਜੋ ਰਾਤ ਨੂੰ ਬੰਦ ਕਰ ਦਿੱਤੇ ਜਾਂਦੇ ਸੀ । ਦਰਵਾਜ਼ਿਆਂ ਦੇ ਮੂਹਰੇ ਪਹਿਰੇਦਾਰ ਪਹਿਰਾ ਵੀ ਦਿੰਦੇ ਸੀ। ਇੱਥੇ ਈ ਪਿੰਡ ਵਾਲਿਆਂ ਦੀ ਵਿਧਾਨ ਸਭਾ ਤੇ ਲੋਕ ਸਭਾ ਲਗਦੀ ਸੀ ਇੱਥੇ ਬੈਠ ਕੇ ਨਿਚੋੜ ਕੱਢ ਦਿੰਦੇ ਸੀ ਕੌਣ ਵਜ਼ਾਰਤ ਵਿੱਚ ਆਉਗਾ। ਇਹ ਦਰਵਾਜੇ ਭਾਈਚਾਰਕ ਸਾਂਝ ਦੇ ਸੀ ਜੋ ਕਿਸੇ ਦੇ ਮੰਗਣੇ, ਵਿਆਹ ਤੇ ਮਰਨੇ ਪਰਨੇ ਤੇ ਮੀਂਹ ਆ ਜਾਂਦਾ ਤਾਂ ਇਥੇ ਆਏ ਗਏ ਵੀਰ ਭਾਈ ਬੈਠ ਜਾਂਦੇ ਸੀ । ਪਹਿਲਾਂ ਕਿਹੜਾ ਪੰਚਾਇਤ ਘਰ ਹੁੰਦੇ ਸੀ ਪਿੰਡ ਦੇ ਝਗੜੇ ਵੀ ਦਰਵਾਜ਼ੇ ‘ਚ ਨਿਪਟਾਏ ਜਾਂਦੇ ਪਿੰਡ ਦੇ ਸਾਂਝੇ ਕੰਮ ਦੀ ਸਲਾਹ ਵੀ ਦਰਵਾਜ਼ੇ ਈ ਕੀਤੀ ਜਾਂਦੀ ਬਸ ਚੌਕੀਦਾਰ ਸੁਨੇਹਾ ਦੇ ਆਉਂਦਾ ਕਿ ਫਲਾਣਾ ਸਿੰਹਾਂ ਥੋਨੂੰ ਦਰਵਾਜ਼ੇ ਸੱਦਿਆ। ਲੋਹੜੀ ਨੂੰ ਇਕੱਠੇ ਹੋ ਕੇ ਧੂਣੀ ਦਰਵਾਜ਼ੇ ਅੰਦਰ ਲਾਈ ਜਾਂਦੀ ਸੀ। ਦੀਵਾਲੀ ਨੂੰ ਸਾਰਾ ਪਿੰਡ ਇੱਥੇ ਇਕ, ਇਕ, ਦੋ, ਦੋ ਦੀਵੇ ਲਾਉਣੇ ਆਪਣਾ ਫ਼ਰਜ਼ ਸਮਝਦਾ ਸੀ । ਜੇ ਕਿਤੇ ਪਸ਼ੂਆਂ ਨੂੰ ਮੂੰਹਖੁਰ ਦੀ ਬਿਮਾਰੀ ਹੋ ਜਾਂਦੀ ਤਾਂ ਦਰਵਾਜ਼ੇ ਦੇ ਅੰਦਰ ਗੁੱਗਲ ਦੀ ਧੂਣੀ ਦਿੰਦੇ ਤੇ ਪਸ਼ੂਆਂ ਨੂੰ ਦਰਵਾਜ਼ੇ ਵਿੱਚੋਂ ਦੀ ਲੰਘਾਉਂਦੇ ਤੇ ਪਿੰਡ ਦੀ ਸੁੱਖ ਲਈ ਰੋਟ-ਮੰਨੀ ਵੀ ਦਰਵਾਜ਼ੇ ਵਿੱਚ ਈ ਲਾਈ ਜਾਂਦੀ । ਜਦੋਂ ਕੋਈ ਬੀਬੀ ਲਾਹਮੇਂ ਆਉਂਦੀ ਤਾਂ ਦਰਵਾਜ਼ੇ ਦੇ ਬਾਹਰਲੇ ਪਾਸੇ ਖੜ੍ਹ ਕੇ ਬੱਚੇ ਦੇ ਸਿਰ ਤੋਂ ਮਿੱਟੀ ਵਾਰਦੀ ਤੇ ਨਜ਼ਰ ਲਾਹਉਂਦੀ। ਇਹਨਾਂ ਦਰਵਾਜ਼ਿਆਂ ਦੇ ਅੰਦਰ ਚੌਂਤਰਿਆਂ ‘ਤੇ ਦੋ ਚਾਰ ਘੋਖੀ ਬਜ਼ੁਰਗ ਜ਼ਰੂਰ ਬੈਠੇ ਮਿਲਦੇ। ਜਦੋਂ ਕੋਈ ਹੋਰ ਪਿੰਡੋਂ ਆਇਆ ਇਨਸਾਨ ਇਸ ਦਰਵਾਜ਼ੇ ‘ਚ ਦਾਖ਼ਲ ਹੁੰਦਾ ਤਾਂ ਉਹਨੂੰ ਦੱਸਣਾ ਪੈਂਦਾ ਕਿ ਕਿੱਥੋਂ ਆਇਆ ਹੈ ਕਿਸ ਦੇ ਘਰ ਜਾਣਾ ਹੈ ? ਜੇ ਉਸ ਨੂੰ ਘਰ ਦਾ ਨਾ ਪਤਾ ਹੁੰਦਾ ਤਾਂ ਜੋ ਵੀ ਆਦਮੀ ਉਸ ਵੇਲੇ ਦਰਵਾਜ਼ੇ ਬੈਠੇ ਹੁੰਦੇ ਉਹ ਘਰ ਦੀ ਪਛਾਣ ਦੱਸ ਕੇ ਤੋਰਦੇ ਤੇ ਪਿੱਛੋਂ ਅੰਦਾਜ਼ੇ ਵੀ ਲਾਉਂਦੇ ਕਿ ਇਹ ਕੀ ਕਰਨ ਆਇਆ ਹੋਣਾ ?

ਪਿੰਡ ਵਿੱਚ ਕਿਸੇ ਮੁੰਡੇ, ਕੁੜੀ ਦਾ ਮੰਗਣਾ, ਵਿਆਹ ਹੋਣਾ ਹੁੰਦਾ ਤਾਂ ਦਰਵਾਜ਼ੇ ਬੈਠਿਆਂ ਨੂੰ ਪੂਰੀ ਖ਼ਬਰ ਹੁੰਦੀ। ਬਹੁਤੇ ਬਜ਼ੁਰਗ ਗਰਮੀਆਂ ਦਾ ਦੁਪਹਿਰਾ ਦਰਵਾਜ਼ੇ ਹੀ ਬਿਤਾਉਂਦੇ, ਦੋਹਾਂ ਪਾਸਿਆਂ ਤੋਂ ਹਵਾ ਆਉਂਦੀ ਤੇ ਨਾਲ਼ੇ ਗੱਲਾਂ-ਬਾਤਾਂ । ਸਿਆਲਾਂ ਦੀ ਮੀਂਹ ਕਣੀ ‘ਚ ਸੇਕਣ ਲਈ ਧੂਣੀ ਨਾਲ਼ ਸਣ ਦੀਆਂ ਰੱਸੀਆਂ ਵੱਟੀ ਜਾਂਦੇ, ਕਿਤੇ ਕਿਤੇ ਤਾਸ਼ ਦੀਆਂ ਝੁੱਟੀਆਂ ਵੀ ਲਾਉਂਦੇ ।

ਜਦੋਂ ਪਹਿਲੀਆਂ ‘ਚ ਬੀਬੀਆਂ ਘੱਗਰੇ ਪਾਉਂਦੀਆਂ ਸੀ ਤਾਂ ਇਕ ਵਾਰੀ ਇਕ ਨੂੰਹ ਪੇਕਿਆਂ ਤੋਂ ਆਈ, ਦਿਨ ਦਾ ਛਪਾ ਸੀ, ਉਹਨੇ ਸਲਵਾਰ ਸੂਟ ਪਾਇਆ ਹੋਇਆ ਸੀ ਤੇ ਜਦੋਂ ਉਹ ਦਰਵਾਜ਼ਾ ਲੰਘ ਚੱਲੀ ਤਾਂ ਇਕ ਘੋਖੀ ਬਜ਼ੁਰਗ ਉਥੇ ਬੈਠਾ ਸੀ, ਮਾਰ ਕੇ ਖੰਘੂਰਾ ਕਹਿੰਦਾ ਜੇ ਭਾਈ ਤੂੰ ਇਸ ਪਿੰਡ ਦੀ ਨੂੰਹ ਏਂ ਤਾਂ ਘੱਗਰਾ ਕਿਉਂ ਨਹੀਂ ਪਾਇਆ, ਜੇ ਤੂੰ ਧੀ ਏਂ ਤਾਂ ਘੁੰਢ ਕਿਉਂ ਕੱਢਿਆ।

ਸੋ ਅਜਿਹੇ ਘੋਖੀ ਬਜ਼ੁਰਗ ਤਾਂ ਦਰਵਾਜ਼ੇ ਜ਼ਰੂਰ ਬੈਠੇ ਹੁੰਦੇ ਜੀ ਪਰ ਹੁਣ ਰਾਜਨੀਤੀ ਦੀਆਂ ਵੰਡਾਂ ਤੇ ਪਿੰਡ ਦੀ ਸਰਪੰਚੀ ਨੇ ਭਾਈਚਾਰਕ ਸਾਂਝਾਂ, ਮੋਹ ਮੁਹੱਬਤਾਂ ਖ਼ਤਮ ਕਰ ਦਿੱਤੀਆਂ ਪਰ ਫੇਰ ਵੀ ਸਾਨੂੰ ਇਹ ਦਰਵਾਜ਼ੇ, ਸਾਡੇ ਬਜ਼ੁਰਗਾਂ ਦੀ ਨਿਸ਼ਾਨੀ ਨੂੰ ਸਾਂਭਣਾ ਚਾਹੀਦਾ ਹੈ।

ਆਓ ਵਿਰਸਾ ਨਾ ਭੁੱਲੀਏ, ਪਰ ਨਫ਼ਰਤ ਭੁਲਾ ਦੇਈਏ।

ਚੁਬਾਰਾ

ਛੱਤ ‘ਤੇ ਬਣਿਆ ਕੋਠਾ ਜਿਸ ਨੂੰ ਚਾਰੇ ਪਾਸੇ ਬਾਰੀਆਂ ਹੋਣ, ਉਹਨੂੰ ਚੁਬਾਰਾ ਆਖਦੇ ਸੀ, ਪਿੰਡ ਵਿੱਚ ਪਹਿਲੇ ਸਮਿਆਂ ਵਿੱਚ ਕੋਈ ਸਰਦਾ, ਪੁੱਜਦਾ ਘਰ ਈ ਚੁਬਾਰਾ ਪਾਉਂਦਾ ਸੀ । ਜਦੋਂ ਕੋਈ ਚੁਬਾਰਾ ਛੱਤਣ ਲੱਗਦਾ ਤਾਂ ਪਿੰਡ ਵਿੱਚ ਗੱਲਾਂ ਹੋਣ ਲੱਗਦੀਆਂ ਲੈ ਬਈ ਫਲਾਣਾ ਸਿੰਹੁ ਕੇ ਚੁਬਾਰਾ ਛੱਤਣ ਲੱਗੇ ਨੇ । ਚੁਬਾਰੇ ਵਾਲਿਆਂ ਦੀ ਪਿੰਡ ਵਿੱਚ ਵੱਖਰੀ ਈ ਪਛਾਣ ਬਣ ਜਾਂਦੀ ਸੀ, ਜਿਵੇਂ ਆਹ ਗੱਲ ਚੁਬਾਰੇ ਵਾਲਿਆਂ ਦੇ । ਚੁਬਾਰੇ ਨੂੰ ਆਏ ਗਏ ਲਈ ਵਰਤਿਆ ਜਾਂਦਾ ਸੀ, ਜਿਵੇਂ ਅੱਜ ਦਾ ਡਰਾਇੰਗ ਰੂਮ । ਪੂਰਾ ਸਜਾ ਕੇ ਰੱਖਿਆ ਜਾਂਦਾ ਸੀ। ਕੰਸਾਂ ‘ਤੇ ਕੱਢੇ ਹੋਏ ਕੱਪੜੇ ਵਿਛਾ ਕੇ ਉੱਪਰ ਫੋਟੋਆਂ ਸਜਾ ਕੇ ਰੱਖੀਆਂ ਜਾਂਦੀਆਂ। ਚੁਬਾਰੇ ਵਿੱਚ ਮੰਜੇ ਡਾਹ ਕੇ ਉਹਨਾਂ ਉੱਪਰ ਕਢਾਈ ਵਾਲੀਆਂ ਚਾਦਰਾਂ ਵਿਛਾਈਆਂ ਜਾਂਦੀਆਂ, ਗਰਮੀ ਦੇ ਮਹੀਨੇ, ਇਕ ਦੋ ਪੱਖੀਆਂ ਵੀ ਰੱਖੀਆਂ ਜਾਂਦੀਆਂ ਸੀ, ਗੱਲ ਕੀ ਚੁਬਾਰਾ ਪੂਰਾ ਸਜਾਇਆ ਜਾਂਦਾ ਸੀ।

ਜਿਨਾਂ ਘਰਾਂ ਨੇ ਚੁਬਾਰਾ ਛੱਤਿਆ ਹੁੰਦਾ ਉਹ ਘਰ ਆਏ ਪ੍ਰਾਹੁਣਿਆਂ ਨੂੰ ਚੁਬਾਰੇ ਵਿੱਚ ਬਠਾਇਆ ਜਾਂਦਾ, ਚਾਹ ਪਾਣੀ ਵੀ ਚੁਬਾਰੇ ਵਿੱਚ ਈ ਭੇਜਿਆ ਜਾਂਦਾ ਸੀ ਜੇ ਅਗਲਾ ਰਾਤ ਰਹਿੰਦਾ ਜੇ ਸਿਆਲ ਹੁੰਦੇ ਤਾਂ ਘਰ ਆਇਆ ਪ੍ਰਾਹੁਣਾ ਚੁਬਾਰੇ ਵਿੱਚ ਸੌਂਦਾ ਜੇ ਗਰਮੀ ਹੁੰਦੀ ਤਾਂ ਚੁਬਾਰੇ ਵਾਲੇ ਮੰਜੇ ਬਾਹਰ ਕੱਢ ਲਏ ਜਾਂਦੇ । ਚੁਬਾਰੇ ਵਾਲ਼ੇ ਘਰ ਦੀ ਇੱਕ ਵੱਖਰੀ ਪਛਾਣ ਬਣ ਜਾਂਦੀ ਸੀ। ਆਂਢ-ਗੁਆਂਢ ਵਿੱਚ ਜੇ ਕੋਈ ਵਿਆਹ ਹੋਣਾ ਤਾਂ ਵਿਆਹ ਵਾਲ਼ੇ ਘਰ ਦੇ ਖ਼ਾਸ ਪ੍ਰਾਹੁਣੇ ਚੁਬਾਰੇ ਵਾਲਿਆਂ ਦੇ ਘਰ ਪਾਏ ਜਾਂਦੇ ਜੋ ਕਿ ਇਕ ਭਾਈਚਾਰਕ ਸਾਂਝ ਵੀ ਸੀ। ਕਈ ਪਿੰਡਾਂ ਵਿੱਚ ਜੇ ਕੋਈ ਪੁਰਾਣੀ ਉੱਚੀ ਕਿਸੇ ਪੀਰ ਦੀ ਮਟੀ ਬਣੀ ਹੁੰਦੀ ਤਾਂ ਉਸ ਪਿੰਡ ਦੇ ਵਸਨੀਕ ਉਸ ਤੋਂ ਉੱਚਾ ਚੁਬਾਰਾ ਨਹੀਂ ਸੀ ਛੱਤ ਸਕਦੇ । ਜੇ ਕੋਈ ਛੱਤ ਲੈਂਦਾ ਤਾਂ ਉਹਦਾ ਨੁਕਸਾਨ ਹੋ ਜਾਂਦਾ ਸੀ । ਇਸ ਲਈ ਪਹਿਲਾਂ ਉਹਨਾਂ ਨੂੰ ਉਸ ਮਟੀ ਨੂੰ ਉੱਚਾ ਕਰਨਾ ਪੈਂਦਾ ਤਾਂ ਉਹ ਚੁਬਾਰਾ ਛੱਤਦੇ। ਇਹ ਇਕ ਤਰਾਂ ਨਾਲ ਉਸ ਜਗਾ ਦਾ ਸਤਿਕਾਰ ਕੀਤਾ

ਜਾਂਦਾ ਸੀ। ਚੁਬਾਰਾ ਗੀਤਾਂ ਵਿੱਚ ਵੀ ਆਉਂਦਾ:

“ਸੀਟੀ ਮਾਰ ਵੇ ਚੁਬਾਰਾ ਤੇਰਾ ਭੁੱਲ ਗਈ ਆਂ ।”

“ਉੱਚਾ ਚੁਬਾਰਾ ਉੱਚੀਆਂ ਪੌੜੀਆਂ, ਸੈਂਡਲ ਪਾ ਪਾ ਚੜ੍ਹਦੀ।”

“ਮੇਲਾ ਛੜ੍ਹਿਆਂ ਦਾ ਵੇਖ ਚੁਬਾਰੇ ਚੜ੍ਹ ਕੇ ।”

“ਚੀਨੇ ਕਬੂਤਰ ਉੱਡਦੇ ਜੱਟ ਦੇ ਚੁਬਾਰੇ ਬੱਲੀਏ ।”

ਪਿੰਡਾਂ ਵਿੱਚ ਪਹਿਲਾਂ ਔਰਤਾਂ ਨੂੰ ਐਨੀ ਖੁੱਲ੍ਹ ਨਹੀਂ ਸੀ ਕਿ ਪਿੰਡ ਵਿੱਚ ਕੋਈ ਜਲਸਾ, ਗੌਣ ਵਜਾਉਣ ਜਾਂ ਬਰਾਤ ਆਉਂਦੀ ਨੂੰ ਉਹ ਅਜ਼ਾਦੀ ਨਾਲ ਵੇਖ ਸਕਣ ਤਾਂ ਫੇਰ ਉਹ ਇਹ ਸਭ ਚੁਬਾਰੇ ਚੜ੍ਹ ਕੇ ਵੇਖਦੀਆਂ ਸਨ ।

ਉਹਨਾਂ ਵੇਲਿਆਂ ਵਿੱਚ ਜੇ ਕੋਈ ਸਰਕਾਰ ਦਾ ਅਫ਼ਸਰ ਪਿੰਡ ਆਉਂਦਾ ਤਾਂ ਵੀ ਚੁਬਾਰੇ ਵਿੱਚ ਬਿਠਾ ਕੇ ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਤੇ ਉਹਦੀ ਆਓ ਭਗਤ ਕੀਤੀ ਜਾਂਦੀ । ਹੁਣ ਨਵਾਂ ਜ਼ਮਾਨਾ, ਨਵੇਂ ਘਰ ਨਹੀਂ, ਹੁਣ ਕੋਠੀਆਂ ਆਖਦੇ ਨੇ । ਹੁਣ ਚੁਬਾਰੇ ਦੀ ਥਾਂ ਫਸਟ ਫਲੋਰ, ਸੈਕਿੰਡ ਫਲੋਰ ਤੇ ਡਬਲ ਸਟੋਰੀ ਨੇ ਲੈ ਲਈ ਹੈ । ਚੁਬਾਰਾ ਪਿੱਛੇ ਰਹਿ ਗਿਆ ।

ਪਰ ਆਓ ਚੁਬਾਰੇ ਨੂੰ ਦਿਲ ਵਿੱਚ ਯਾਦ ਰੱਖੀਏ।

ਨਿਆਈ ਵਾਲ਼ਾ ਖੇਤ

ਨਿਆਈ ਵਾਲ਼ਾ ਖੇਤ ਸਾਰੇ ਪਿੰਡ ਦੇ ਜਿਮੀਂਦਾਰਾਂ ਕੋਲ ਨਹੀਂ ਸੀ ਹੁੰਦਾ। ਇਹ ਖੇਤ ਕਿਸੇ ਵਿਰਲੇ-ਟਾਂਵੇਂ ਜੱਟ ਜਿਮੀਂਦਾਰ ਕੋਲ ਹੁੰਦਾ । ਪਰ ਨਿਆਈ ਵਾਲ਼ੇ ਖੇਤ ਦੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਆ, ਇਹ ਖੇਤ ਪਿੰਡ ਦੇ ਜਮਾਂ ਨੇੜੇ ਹੁੰਦੇ, ਸਮਝੋ ਕਿ ਪਿੰਡ ਦੇ ਘਰ ਜਿੱਥੋਂ ਸ਼ੁਰੂ ਹੁੰਦੇ, ਉਥੇ ਕੁ ਇਹ ਖੇਤ, ਹੁੰਦਾ । ਪਹਿਲਾਂ ਆਮ ਕਿਹਾ ਜਾਂਦਾ ਸੀ, ਨਿਆਈ ਵਾਲਾ ਖੂਹ, ਨਿਆਈ ਵਾਲ਼ੀ ਮੋਟਰ।

ਨਿਆਈ ਵਾਲ਼ੇ ਖੇਤ ਦੀ ਕੀਮਤ ਵੀ ਦੂਜੇ ਖੇਤਾਂ ਨਾਲੋਂ ਕਈ ਗੁਣਾਂ ਵਧ ਹੁੰਦੀ ਆ। ਜੇ ਠੇਕੇ ‘ਤੇ ਜ਼ਮੀਨ ਦਿੰਦੇ ਤਾਂ ਨਿਆਈ ਵਾਲ਼ੇ ਖੇਤ ਦਾ ਠੇਕਾ ਦੂਜੇ ਖੇਤਾਂ ਨਾਲ਼ੋਂ ਵੱਧ ਹੁੰਦਾ। ਪਰ ਨਿਆਈ ਵਾਲ਼ੇ ਖੇਤ ਦੀ ਮੌਜ ਬਹੁਤ ਹੁੰਦੀ ਸੀ। ਇਕ ਤਾਂ ਇਹ ਘਰ ਦੇ ਨੇੜੇ ਹੁੰਦਾ, ਇਹਦੇ ਵਿੱਚ ਜੱਟ ਜਿਮੀਂਦਾਰ ਜ਼ਿਆਦਾ ਪਸ਼ੂਆਂ ਲਈ ਬਰਸੀਮ ਬੀਜ ਲੈਂਦਾ, ਕਿਉਂਕਿ ਨੇੜੇ ਪੱਠੇ ਵੱਢ ਕੇ ਲਿਆਉਣ ਨੂੰ ਘੱਟ ਸਮਾਂ ਲੱਗਦਾ ਅਤੇ ਜਦੋਂ ਹਾੜੀ, ਸਉਣੀ ਕੰਮ ਦੇ ਜ਼ੋਰ ਹੁੰਦਾ ਤਾਂ ਘਰ ج

ਦੀਆਂ ਸੁਆਣੀਆਂ ‘ਚੋਂ ਕੋਈ ਜਣੀ ਪੱਠੇ ਵੱਢ ਆਉਂਦੀ ਤੇ ਬੰਦੇ ਚੱਕ ਲਿਆਉਂਦੇ । ਨਿਆਈ ਵਾਲ਼ੇ ਖੇਤ ‘ਚ ਜਿਮੀਂਦਾਰ ਸਬਜ਼ੀ, ਮਿਰਚਾਂ ਆਦਿ ਬੀਜ ਲੈਦਾਂ ਤੇ ਉੱਥੋਂ ਸੁਆਣੀਆਂ ਨੂੰ ਤੋੜ ਕੇ ਲਿਆਉਣੀ ਸੌਖੀ ਸੀ । ਉਹ ਨਿਆਈ ਵਾਲੇ ਖੂਹ, ਮੋਟਰ ‘ਤੇ ਕੱਪੜੇ ਵੀ ਧੋ ਲਿਆਉਂਦੀ ਸੀ । ਪਹਿਲਾਂ ਤਾਂ ਤੂੜੀ ਦਾ ਕੁੱਪ ਵੀ ਜ਼ਿਆਦਾਤਰ ਨਿਆਈ ਵਾਲ਼ੇ ਖੇਤ ਵਿੱਚ ਈ ਬੰਨ੍ਹਿਆ ਜਾਂਦਾ ਸੀ । ਨਿਆਈ ਵਾਲ਼ੇ ਖੇਤ ਦੀ ਫ਼ਸਲ ਤਾਂ ਰੂੰਗੇ ‘ਚ ਈ ਪਲ਼ ਜਾਂਦੀ, ਘਰੋਂ ਆ ਕੇ ਨੱਕਾ ਮੋੜ ਜਾਂਦੇ ਤੇ ਜੇ ਉੱਥੇ ਮੋਟਰ ਲੱਗੀ ਹੁੰਦੀ, ਨੌਜਵਾਨਾਂ ਨੂੰ ਗਰਮੀ ਦੇ ਮਹੀਨੇ ਸ਼ਾਮ ਨੂੰ ਨਹਾਉਣ ਦੀ ਮੌਜ ਹੁੰਦੀ । ਇਕ ਦੋ ਛਾਵਾਂ ਵਾਲ਼ੇ ਦਰੱਖ਼ਤ ਵੀ ਲਾਏ ਹੁੰਦੇ, ਜਿੱਥੇ ਕਈ ਸਿਆਣੇ ਆਪਣਾ ਦੁਪਹਿਰਾ ਕੱਟ ਲੈਂਦੇ ।

ਜੇ ਕੋਈ ਬਾਹਰਲਾ ਬੰਦਾ ਕਿਸੇ ਬਾਰੇ ਪੁੱਛਦਾ ਤਾਂ ਇਹ ਆਖਿਆ ਜਾਂਦਾ ਦੋ ਕੀਲੇ ਤਾਂ ਉਹਦੇ ਨਿਆਈ ‘ਚ ਨੇ, ਗੱਲ ਕੀ ਨਿਆਈ ‘ਚ ਖੇਤ ਹੋਣਾ ਪਿੰਡ ਵਿੱਚ ਬਹੁਤ ਮਾਣ ਵਾਲੀ ਗੱਲ ਸੀ। ਨਿਆਈ ਵਾਲ਼ਾ ਖੇਤ ਉਪਜਾਊ ਵੀ ਵੱਧ ਹੁੰਦਾ, ਤਾਂ ਆਖਦੇ ਉਹਦੇ ਤਾਂ ਦੋ ਕੀਲੇ ਨਿਆਈ ਵਾਲ਼ੇ ਨਾਲ਼ ਨੀ ਰਲਣ ਦਿੰਦੇ। ਨਿਆਈ ਵਾਲ਼ੇ ਖੇਤ ਦੀ ਰਾਖੀ ਲਈ “ਵਾੜ” ਵੀ ਕਰਨੀ ਪੈਂਦੀ ਸੀ, ਪਿੰਡ ਦੇ ਨੇੜੇ ਹੋਣ ਕਰਕੇ ਮੱਝਾਂ, ਗਾਵਾਂ ਜੋ ਚਰਾਂਦਾਂ ‘ਚ ਲੈ ਕੇ ਜਾਂਦੇ ਉਹ ਵੜ ਜਾਂਦੀਆ। ਜਦੋਂ ਦੋ ਭਰਾਵਾਂ ਦਾ ਜ਼ਮੀਨ ਦਾ ਵੰਡ ਵੰਡਾਰਾ ਹੁੰਦਾ ਉਦੋਂ ਵੀ ਰੌਲ਼ਾ ਪੈਂਦਾ ਸੀ। ਇਕ ਕਹਿੰਦਾ ਨਿਆਈ ਵਾਲ਼ਾ ਟੱਕ ਮੈਂ ਰੱਖੂੰ, ਦੂਜਾ ਕਹਿੰਦਾ ਮੈਂ, ਪਰ ਜਿਹੜਾ ਨਿਆਈ ਵਾਲਾ ਖੇਤ ਰੱਖਦਾ ਉਹਨੂੰ ਕਿਸੇ ਹੋਰ ਪਾਸੇ ਹਰਜਾਨਾ ਝੱਲਣਾ ਪੈਂਦਾ, ਦੂਜੇ ਨੂੰ ਬਾਕੀ ਜ਼ਮੀਨ ‘ਚੋਂ ਹਿੱਸਾ ਵੱਧ ਦਿੱਤਾ ਜਾਂਦਾ। ਨਿਆਈ ਵਾਲ਼ੇ ਖੇਤ ਵਿੱਚ ਇੱਕ ਪਾਸੇ ਘਰ ਵੀ ਪਾ ਲਿਆ ਜਾਂਦਾ ਪਰ ਹੁਣ ਨਿਆਈ ਵਾਲ਼ੇ ਖੇਤ ਦੇ ਪਲਾਟ ਬਣ ਗਏ । ਬਹੁਤ ਘੱਟ ਪਿੰਡ ਨੇ ਜਿੱਥੇ ਇਹ ਨਿਆਈ ਵਾਲ਼ਾ ਖੇਤ ਵੇਖਣ ਨੂੰ ਮਿਲ਼ੇਗਾ ।

ਪਹਿਲੀ ਵਾਰ ਨਰਮਾ-ਕਪਾਹ ਚੁਗਣ ਦਾ ਸ਼ਗਨ

ਜਦੋਂ ਨਰਮਾ-ਕਪਾਹ ਖਿੜਦਾ ਤਾਂ ਖੇਤ ਪੂਰੇ ਜੋਬਨ ‘ਤੇ ਹੁੰਦਾ ਤਾਂ ਚੁਗਣ ਦੀ ਤਿਆਰੀ ਕੀਤੀ ਜਾਂਦੀ ਸੀ । ਵਿਹੜੇ ਦੀਆਂ ਬੀਬੀਆਂ ਨੂੰ ਚੁਗਣ ਵਾਸਤੇ ਉਹਨਾਂ ਦੇ ਘਰ ਜਾ ਕੇ ਕਹਿਣਾ ਪੈਂਦਾ ਸੀ ਕਿ ਭਾਈ ਕੱਲ੍ਹ ਨੂੰ ਨਰਮਾ-ਕਪਾਹ ਚੁਗਣਾ ਆਪਾਂ ਤੁਸੀਂ ਸਾਡੇ ਵੱਲ ਆਉਣਾ। ਘਰ ਦੀ ਇਕ ਸੁਆਣੀ ਉਹਨਾਂ ਪੰਜ, ਸੱਤ ਬੀਬੀਆਂ ਨਾਲ ਕਪਾਹ-ਨਰਮੇ ਦੇ ਖੇਤ ਜਾਂਦੀ। ਘਰ ਦੀ ਸੁਆਣੀ ਆਪਣੇ ਨਾਲ ਜਾਂ ਤਾਂ ਮਿੱਠੇ ਚੌਲ ਬਣਾ ਕੇ ਲੈ ਕੇ ਜਾਂਦੀ ਜਾਂ ਚੌਲ ਰਾਤ ਨੂੰ ਭਿਉਂ ਦਿੱਤੇ ਜਾਂਦੇ ਸਵੇਰੇ ਉਹਨਾਂ ਕੱਚੇ ਚੌਲ਼ਾਂ ਵਿੱਚ ਸ਼ੱਕਰ ਜਾਂ ਚੀਨੀ ਰਲ਼ਾ ਲਈ नांरी।

ਖੇਤ ਜਾਂਦੀਆਂ ਤਾਂ ਜਿੱਥੋਂ ਕਪਾਹ, ਨਰਮੇ ਦਾ ਖੇਤ ਸ਼ੁਰੂ ਹੁੰਦਾ ਉੱਥੇ ਪਹਿਲਾ ਬੂਟਾ ਚੁਣ ਲਿਆ ਜਾਂਦਾ । ਫੁੜਕੜਾ ਮਾਰਨ ਦੀ ਰਸਮ ਮੌਕੇ ਮੋਹਰੀ ਔਰਤ ਚੜ੍ਹਦੇ ਪਾਸੇ ਵੱਲ ਮੂੰਹ ਕਰਦੀ । ਪੁਰਾਤਨ ਧਾਰਨਾ ਮੁਤਾਬਕ ਚੜ੍ਹਦੇ ਵੱਲ ਮੂੰਹ ਕਰਕੇ ਇਹ ਰਸਮ ਕਰਕੇ ਕੰਮ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਚੁਣੇ ਬੂਟੇ ਨੂੰ ਕਪਾਹ ਦੀਆਂ ਫੁੱਟੀਆਂ ਨਾਲ ਪੂਰਾ ਸ਼ਿੰਗਾਰਿਆ ਜਾਂਦਾ।

ਸ਼ਿੰਗਾਰਿਆ ਬੂਟਾ ਐਨਾ ਸੋਹਣਾ ਲਗਦਾ, ਬਸ ਚਿੱਟਾ ਈ ਚਿੱਟਾ । ਫੇਰ ਸੁਆਣੀ ਆਪਣੀ ਕੋਈ ਸੋਨੇ ਦੀ ਟੂਮ ਜਿਹੜੀ ਉਹਦੇ ਪਾਈ ਹੁੰਦੀ ਸੀ, ਪਹਿਲੇ ਸਮਿਆਂ ‘ਚ ਜਿਆਦਾਤਰ ਬੀਬੀਆਂ ਦੇ ਕੰਨਾਂ ‘ਚ ਵਾਲੀਆਂ ਈ ਹੁੰਦੀਆਂ ਸਨ । ਉਹ ਇਕ ਕੰਨ ‘ਚੋਂ ਆਪਣੀ ਵਾਲ਼ੀ ਉਤਾਰ ਕੇ ਪਾਣੀ ‘ਚ ਪਾ ਕੇ ਉਸ ਪਾਣੀ ਦਾ ਪੂਰੇ ਬੂਟੇ ਨੂੰ ਛਿੱਟਾ ਦਿੰਦੀ ਤੇ ਆਪਣੀ ਵਾਲ਼ੀ ਕੁਝ ਸਮੇਂ ਲਈ ਬੂਟੇ ਨਾਲ ਟੰਗ ਦਿੰਦੀ ਅਤੇ ਮੱਥਾ ਉਸ ਮੱਥਾ ਟੇਕਿਆ ਜਾਂਦਾ ਸੀ । ਘਰੋਂ ਨਾਲ ਲਿਆਂਦੇ ਚੌਲ਼ਾਂ ਨੂੰ ਵੀ ਬੂਟੇ ‘ਤੇ ਪਾਇਆ ਜਾਂਦਾ, ਬਾਕੀ ਬਚਦੇ ਚੌਲ, ਚੋਗੀਆ ਬੀਬੀਆਂ ਵਿੱਚ ਵੰਡ ਦਿੱਤੇ ਜਾਂਦੇ । ਇਹ ਸ਼ਗਨ ਕਰਕੇ ਫੇਰ ਸੁਆਣੀ ਤੇ ਚੋਗੀਆਂ ਨਾਲ ਲਿਆਂਦੇ ਇਕ ਵੱਡੇ ਕੱਪੜੇ ਦੀ ਝੋਲੀ ਮਾਰਦੀਆਂ, ਉਸ ਝੋਲੀ ਨੂੰ ਆਪਣੀ ਪਿੱਠ ‘ਤੇ ਉੱਪਰ ਸਿਰ ‘ਚ ਟੰਗ ਲੈਂਦੀਆਂ। ਆਪਣੀ ਆਪਣੀ ਫਾਂਟ (ਖੇਤ ਦੇ ਸਿਰੇ ਤੱਕ ਇਕ ਲਾਈਨ) ਸਾਂਭ ਲੈਂਦੀਆਂ ਤੇ ਨਰਮਾ-ਕਪਾਹ ਦੋਹੀਂ ਹੱਥੀਂ ਚੁਗੀ ਜਾਂਦੀਆਂ। ਕਿਤੇ ਬੂਟਾ ਖਾਖੀ ਕਪਾਹ ਦਾ ਆ ਜਾਂਦਾ ਉਹ ਅੱਡ ਰੱਖ ਲਈ ਜਾਂਦੀ ਸੀ। ਹੱਥਾਂ ‘ਤੇ ਚੀਰੇ ਵੀ ਆ ਜਾਂਦੇ। ਚੁਗਦੀਆਂ ਚੁਗਦੀਆਂ ਹੱਥ ਸਾਫ਼ ਕਰਕੇ ਰੋਟੀ-ਪਾਣੀ ਖਾ ਲੈਂਦੀਆਂ, ਵਿੱਚੋਂ ਉਹਨਾਂ ਨੂੰ ਚਿੱਬੜ ਬਥੇਰੇ ਲੱਭ ਜਾਂਦੇ (ਜੋ ਅੱਜ ਕੱਲ੍ਹ ਬਹੁਤ ਮਹਿੰਗੇ ਮਿਲਦੇ ਹਨ) ਉਹ ਖਾਈ ਜਾਂਦੀਆਂ। ਇਕ ਦੂਜੇ ਨਾਲ ਦੁੱਖ-ਸੁੱਖ ਕਰੀ ਜਾਂਦੀਆਂ, ਤੀਜੇ ਪਹਿਰ ਦੀ ਚਾਹ ਖੇਤ ਵਾਲ਼ੀ ਸੁਆਣੀ ਦੇ ਘਰੋਂ ਆਉਂਦੀ ਸੀ, ਉਹ ਪੀਂਦੀਆਂ ਤੇ ਦਿਨ ਛਿਪਣ ਤੋਂ ਪਹਿਲਾਂ ਆਪਣੀ ਆਪਣੀ ਪੰਡ ਲੈ ਕੇ ਸੁਆਣੀ ਦੇ ਘਰ ਆਉਂਦੀਆਂ, ਜਿੱਥੇ ਢੇਰੀਆਂ ਪਾਈਆਂ ਜਾਂਦੀਆਂ। ਕੰਮ ਇਹ ਵੀ ਕੋਈ ਸੌਖਾ ਨਹੀਂ ਸੀ, ਸਾਰਾ ਦਿਨ ਖੜ੍ਹਨਾ ਪਰ ਉਦੋਂ ਬੀਬੀਆਂ ‘ਚ ਹੱਠ ਬਹੁਤ ਸੀ। ਘਰ ਆ ਕੇ ਫੇਰ ਰੋਟੀ ਟੁੱਕ ਵੀ ਕਰਨਾ।

ਨਰਮਾ-ਕਪਾਹ ਦੀ ਅਖ਼ੀਰਲੀ ਵਾਰੀ ਸਮੇਂ ਪੇਂਡੂ ਔਰਤਾਂ ਚੋਹਲੇ ਦੀ ਰਸਮ ਕਰਦੀਆਂ।

ਅਗਲੇ ਵਰ੍ਹੇ ਫਿਰ ਭਰਪੂਰ ਫ਼ਸਲ ਦੀ ਅਰਜੋਈ ਕੀਤੀ ਜਾਂਦੀ। ਰਸਮ ਤੋਂ ਉਪਰੰਤ ਚੁਗਾਵੀਆਂ ਨੂੰ ਚੌਲ਼ਾਂ ਜਾਂ ਸੇਵੀਆਂ ਦੀ ਕੜਾਹੀ ਕੀਤੀ ਜਾਂਦੀ ਸੀ ਅਤੇ ਅੱਜ ਕੱਲ੍ਹ ਗੱਚਕ, ਮੂੰਗਫ਼ਲੀ ਆਦਿ ਵੰਡੇ ਜਾਣ ਦਾ ਰਿਵਾਜ ਹੈ।

ਮਾਲਵੇ ਦੀ ਨਰਮਾ ਪੱਟੀ ਇਲਾਕੇ ਨੂੰ ਛੱਡਕੇ ਇਹ ਰਸਮ ਹੁਣ ਅਲੋਪ ਹੋਣ ਦੇ ਕਿਨਾਰੇ ਹੈ। ਦੂਸਰਾ ਕਾਰਨ ਇਹ ਵੀ ਹੈ ਕਿ ਅਮਰੀਕਨ ਸੁੰਡੀ, ਚਿੱਟੀ ਮੱਖੀ, ਚਿੱਟੇ ਮੱਛਰ, ਤੇਲੇ ਅਤੇ ਨਕਲੀ ਦਵਾਈਆਂ ਨੇ ਪੰਜਾਬ ਦੇ ਕਿਸਾਨਾਂ ਦਾ ਏਨਾ ਨੁਕਸਾਨ ਕੀਤਾ ਹੈ ਕਿ ਉਹ ਨਰਮੇ-ਕਪਾਹ ਤੋਂ ਮੂੰਹ ਮੋੜਨ ਲੱਗੇ ਹਨ।

ਹੁਣ ਤਾਂ ਮੈਨੂੰ ਲਗਦਾ ਕਪਾਹ ਘੱਟ ਈ ਬੀਜੀ ਜਾਂਦੀ ਆ, ਬਹੁਤਾ ਨਰਮਾ ਈ ਬੀਜਿਆ ਜਾਂਦਾ ਜਿਸ ਨੂੰ ਪ੍ਰਵਾਸੀ ਈ ਚੁਗਦੇ ਹੋਣਗੇ ਕਿਉਂਕਿ ਸਮੇਂ ਦੇ ਬਦਲਣ ਨਾਲ ਬਹੁਤ ਕੁਝ ਬਦਲ ਗਿਆ ਤੇ ਬਦਲ ਜਾਵੇਗਾ । 

ਵਾੜ

ਪਹਿਲੇ ਸਮਿਆਂ ਵਿੱਚ ਜੋ ਕੰਡੇਦਾਰ ਝਾੜੀਆਂ ਨੂੰ ਗੰਧਾਲੇ ਨਾਲ਼ ਖੇਤ ਦੇ ਆਲ਼ੇ- ਦੁਆਲ਼ੇ ਜੋ ਅਰਤਲਾ ਕੀਤਾ ਜਾਂਦਾ ਸੀ ਉਹਨੂੰ ਵਾੜ ਆਖਦੇ ਸੀ। ਕਈ ਵਾਰ ਮੋਟੀਆਂ ਜਿਹੀਆਂ ਮੋਹੜੀਆਂ ਗੱਡ ਕੇ ਕੰਡੇਦਾਰ ਤਾਰ ਵੀ ਸਾਰੇ ਖੇਤ ਦੇ ਆਲ਼ੇ- ਦੁਆਲ਼ੇ ਪਸ਼ੂ, ਇੱਜੜ ਅਤੇ ਵੱਗ ਆਦਿ ਨੂੰ ਖੇਤ ਵਿੱਚ ਵੜਨ ਤੋਂ ਇਹ ਰੋਕ ਲਾਈ ਜਾਂਦੀ ਸੀ ਜਿਆਦਾਤਰ ਇਹ ਨਿਆਈ ਵਾਲ਼ੇ ਖੇਤ ਦੇ ਆਲ਼ੇ-ਦੁਆਲ਼ੇ ਜਾਂ ਜੇ ਕਿਸੇ ਦਾ ਕੋਈ ਵੱਡਾ ਤੌੜ ਜਾਂ ਅਬਾਦੀ ਹੁੰਦੀ ਉੱਥੇ ਵੀ ਰਾਖੀ ਲਈ ਲਾ ਦਿੱਤੀ ਜਾਂਦੀ । ਵਾੜ ਲਾਉਣ ਦਾ ਵੀ ਖਾਸਾ ਹਿਸਾਬ ਕਿਤਾਬ ਜਿਹਾ ਹੁੰਦਾ ਕਿ ਇਕ ਮੇੜੀ ਤੋਂ ਦੂਜੀ ਮੇੜੀ ਦਾ ਕਿੰਨਾ ਫ਼ਾਸਲਾ ਰੱਖਣਾ, ਗੰਧਾਲੇ ਨਾਲ ਜ਼ਮੀਨ ‘ਚ ਛੋਟੇ ਟੋਏ ਪੱਟੇ ਜਾਂਦੇ ਫੇਰ ਕਿਤੇ ਵਾੜ ਲਾਈ ਜਾਂਦੀ। ਇਹ ਫ਼ਸਲ ਦੀ ਰਾਖੀ ਲਈ ਲਾਈ ਜਾਂਦੀ। ਗੱਡੇ ਦੇ ਉੱਪਰਲੇ ਵਿੱਢ ਨੂੰ ਵੀ ਵਾੜ ਆਖਦੇ ਸਨ ।

ਅੱਜ ਕੱਲ੍ਹ ਵੀ ਲਾਈ ਜਾਂਦੀ ਆ ਪਰ ਉਹ ਨਵੇਂ ਤਰੀਕੇ ਦੀ ਆ, ਉਹਨੂੰ fence ਕਹਿੰਦੇ ਨੇ । ਗੁਰਬਾਣੀ ਵਿੱਚ ਵੀ ਆਉਂਦਾ ਹੈ:

“ਉਲਟੀ ਵਾੜ ਖੇਤ ਕਉ ਖਾਈ।”

ਬਹੁਤ ਵੱਡੀ ਸਚਾਈ ਬਿਆਨ ਆ ਜੀ ਬਈ ਜੇ ਵਾੜ ਈ ਖੇਤ ਨੂੰ ਖਾਣ ਲੱਗ ਪਈ ਤਾਂ ਉੱਥੇ ਕੀ ਬਚਣਾ । ਸੋ ਜੇ ਕਿਸੇ ਦੀ ਤੁਸੀਂ ਵਾੜ ਬਣਦੇ ਓ ਤਾਂ ਰਾਖੀ ਵੀ ਕਰੋ।

ਸਾਡੀ ਕਿੱਕਰ ਨਾਲ ਸਾਂਝ

ਇਹ ਸਾਂਝ ਵੀ ਪਿੱਛੇ ਰਹਿ ਗਈ ਨਹੀਂ ਸੀ ਸੋਚਣਾ ਪੈਂਦਾ ਕਿਹੜਾ ਟੁੱਥ ਪੇਸਟ ਤੇ ਬੁਰਸ਼ ਵਰਤੀਏ ?

ਬਸ ਇਕ ਟਾਹਣੀ ਤੋੜੋ ਤੇ ਕਈ ਦਿਨ ਲਈ ਪੂਰੇ ਪਰਿਵਾਰ ਦੀਆਂ ਦਾਤਣਾਂ ਬਣ ਜਾਂਦੀਆਂ, ਜਦੋਂ ਦਾਤਣ ਕਰਦੇ ਉਹ ਸਵਾਦ ਈ ਅਲੱਗ ਸੀ ਮੂੰਹ ਦਾ ਤੇ ਦੰਦ ਵੀ ਲਿਸ਼ਕ ਜਾਂਦੇ ਸੀ। ਇਹਦੀਆਂ ਡੋਡੀਆਂ ਵੀ ਖਾਣ ‘ਚ ਬਹੁਤ ਸੁਆਦ ਹੁੰਦੀਆਂ ਨੇ, ਜਦੋਂ ਕਿੱਕਰ ਪੀਲ਼ੇ ਫੁੱਲਾਂ ਨਾਲ ਭਰ ਜਾਂਦੀ ਤਾਂ ਉਹਦਾ ਹੁਸਨ ਵੇਖਣ ਵਾਲ਼ਾ ਹੁੰਦਾ ਭਾਵੇਂ ਉਹਦੀ ਉਮਰ ਕਿੰਨੀ ਲੰਮੇਰੀ ਕਿਉਂ ਨਾ ਹੋਵੇ, ਉਹ ਫੁੱਲ ਖਾਣ ‘ਚ ਵੀ ਸੁਆਦ ਲਗਦੇ। ਸਾਡੀਆਂ ਬੀਬੀਆਂ ਗਿੱਧੇ ‘ਚ ਬੋਲੀ ਪਾਉਂਦੀਆਂ:

“ਅੱਗੇ ਤਾਂ ਕਿੱਕਰਾਂ ਨੂੰ ਪੀਲ਼ੇ ਫੁੱਲ ਲਗਦੇ,

ਹੁਣ ਕਿਉਂ ਲਗਦੇ ਲਾਲ ।

ਨੀ ਵੀਰ ਮੇਰਾ ਸੁੱਤਾ ਪਿਆ, ਮੂੰਹ ‘ਤੇ ਹਰਾ ਰੁਮਾਲ।”

ਕਿੱਕਰ ਦੇ ਤੁੱਕੇ ਅਚਾਰ ਲਈ ਵਰਤੇ ਜਾਂਦੇ ਉਹਦੀ ਨਿੱਕੀ, ਨਿੱਕੀ ਲੁੰਗ ਵੀ ਮੂੰਹ ਸੁਆਦ ਕਰ ਦਿੰਦੀ ਸੀ। ਕਿੱਕਰ ਦਾ ਸੱਕ ਦੇਸੀ ਦਵਾਈਆਂ ‘ਚ ਵਰਤਿਆ ਜਾਂਦਾ ਸੀ। ਇਹਨੂੰ ਗੂੰਦ ਵੀ ਲੱਗੀ ਹੁੰਦੀ ਜੀਹਦੇ ਨਾਲ ਜੇ ਸਾਡੀ ਕਿਤਾਬ, ਕਾਪੀ ਫਟ ਜਾਂਦੀ ਅਸੀਂ ਝੱਟ ਜੋੜ ਲੈਂਦੇ। ਇਹਦੇ ਕੰਡੇ ਨੂੰ ਸੂਲ ਕਿਹਾ ਜਾਂਦਾ ਸੀ । ਉਦਾਹਰਣ ਦਿੱਤੀ ਜਾਂਦੀ, ਨੱਕ ਤਾਂ ਦੇਖ ਉਹਦਾ ਸੂਲ ਵਰਗਾ ਤਿੱਖਾ । ਲੋਕ ਗੀਤਾਂ ‘ਚ ਵੀ ਕਿੱਕਰ ਦਾ ਜਿਕਰ ਆਉਂਦਾ:

“ਬੇਰੀਏ ਨੀ ਤੈਨੂੰ ਬੇਰ ਬਥੇਰੇ, ਕਿੱਕਰੇ ਨੀ ਤੈਨੂੰ ਤੁੱਕੇ ।

ਨੀ ਰਾਂਝਾ ਦੂਰ ਖੜ੍ਹਾ, ਦੂਰ ਖੜ੍ਹਾ ਦੁੱਖ ਪੁੱਛੇ ।”

“ਕਿੱਕਰਾਂ ਵੀ ਲੰਘ ਆਈ, ਬੇਰੀਆਂ ਵੀ ਲੰਘ ਆਈ।

ਲੰਘਣੋਂ ਰਹਿਗੇ ਤੂਤ, ਜੇ ਮੇਰੀ ਸੱਸ ਮੱਚੇ, ਮੈਂ ਦੂਰੋਂ ਮਾਰਾਂ ਕੂਕ।”

ਅੱਜ ਕੱਲ੍ਹ ਕਿੱਕਰ ਦਾ ਰੁੱਖ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਬਹੁਤੇ ਵੱਢ ਦਿੱਤੇ ਗਏ ਨੇ ਪਰ ਇਹਦੇ ਫਾਇਦਿਆਂ ਨੂੰ ਵੇਖ ਕੇ ਇਹ ਜ਼ਰੂਰ ਵੱਟਾਂ, ਬੰਨਿਆਂ ‘ਤੇ ਲਾਉਣਾ ਚਾਹੀਦਾ ਕਿਉਂਕਿ ਘਰਾਂ ‘ਚ ਲਾਉਣ ਨੂੰ ਤਾਂ ਵਿਦੇਸ਼ੀ ਬੂਟੇ ਬਹੁਤ ਆ ਗਏ ਸਾਡੇ ਸੌਣ ਵਾਲ਼ੇ ਕਮਰਿਆਂ ਤੱਕ। ਉਹਨਾਂ ਨਾਲ ਕਹਿੰਦੇ ਸਾਹ ਸੌਖਾ ਆਉਂਦਾ! ਸਾਹ ਔਖਾ ਅਸੀਂ ਆਪ ਕੀਤਾ ਦਰੱਖ਼ਤਾਂ ਨੂੰ ਵੱਢ ਕੇ। ਆਓ ਦਰੱਖ਼ਤ ਉਗਾਈਏ ਸਾਹ ਲੈਣਾ ਸੌਖਾ ਬਣਾਈਏ।

ਅੱਕ ਦਾ ਬੂਟਾ

ਸਾਡੀਆਂ ਬੀਬੀਆਂ ਦਾ ਕਹਿਣਾ ਕਿ “ਅੱਕ ਉਜਾੜ ਭਾਲਦਾ” ਪਤਾ ਨਹੀਂ ਇਹਦੇ ਵਿੱਚ ਕਿੰਨੀ ਕੁ ਸਚਾਈ ਆ। ਜੇ ਦੇਖਿਆ ਜਾਵੇ ਤਾਂ ਖੜ੍ਹਾ ਇਹ ਉਜਾੜਾਂ ਵਿੱਚ ਈ ਹੁੰਦਾ। ਬੰਜਰ ਧਰਤੀ ‘ਤੇ ਆਮ ਖੜ੍ਹਾ ਮਿਲਦਾ। ਪਹਿਲੇ ਸਮਿਆਂ ਵਿੱਚ ਬੀਬੀਆਂ ਦੇ ਕੋਲੋਂ ਸੁਣਿਆ ਸੀ ਕਿ ਅੱਕ ਨੂੰ ਘਰ ਨਹੀਂ ਬੀਜੀ ਦਾ, ਮਾੜਾ ਹੁੰਦਾ, ਉਜਾੜ ਭਾਲਦਾ ਪਰ ਦੱਸਿਆ ਕਿਸੇ ਨੇ ਨਹੀਂ, ਮਾੜਾ ਕਿਉਂ ਹੁੰਦਾ ? ਉਜਾੜ ਕਿਉਂ ਭਾਲਦਾ ?

ਇਹਦੇ ਫੁੱਲ ਮਨ ਨੂੰ ਮੋਹ ਲੈਣ ਵਾਲੇ ਹੁੰਦੇ ਹਨ। ਇਹਦੇ ਵਿੱਚੋਂ ਇਕ ਰਸ, ਦੁੱਧ ਜਿਹਾ ਨਿਕਲਦਾ ਜੋ ਬਹੁਤ ਕੌੜਾ ਹੁੰਦਾ ਜੇ ਕਿਤੇ ਚਮੜੀ ’ਤੇ ਲੱਗ ਜਾਵੇ, ਜ਼ਖ਼ਮ ਕਰ ਦਿੰਦਾ ਤਾਂ ਕਰਕੇ ਘਰ ਵਿੱਚ ਅੱਕ ਦਾ ਬੂਟਾ ਲਾਉਣਾ ਮਾੜਾ ਹੁੰਦਾ ਹੋਵੇਗਾ। ਪਰ ਕਿਹਾ ਜਾਂਦਾ ਕਿ ਭਗਵਾਨ ਸ਼ਿਵ ਨੂੰ ਇਹ ਬੂਟਾ ਬਹੁਤ ਪਿਆਰਾਸੀ। ਇਹ ਕੌੜਾ ਜ਼ਰੂਰ ਆ, ਪਰ ਇਹਦੇ ਗੁਣ ਵੇਖੋ। ਹੁਣ ਇਹ ਦਵਾਈਆਂ ਵਿੱਚ ਪਾਇਆ ਜਾਂਦਾ, ਇਹਦੇ ਫੁੱਲਾਂ ਦੀ ਵਰਤੋਂ ਵੀ ਦੇਸੀ ਹਕੀਮ ਕਰਦੇ ਹਨ। ਇਸ ਦੇ ਪੱਤਿਆਂ ਦਾ ਧੰਆਂ ਕਰਨ ਨਾਲ ਮੱਖੀ, ਮੱਛਰ ਭੱਜਦੇ ਹਨ। ਓਦਾਂ ਬੀਬੀਆਂ ਕਹਿੰਦੀਆਂ ਮਾੜਾ ਹੁੰਦਾ ਪਰ ਜਦੋਂ ਦੁਸਹਿਰੇ ਵਾਲ਼ੇ ਜੌਂ ਬੀਜਣੇ ਹੁੰਦੇ ਹਨ ਤਾਂ ਦੋ ਦਿਨ ਪਹਿਲਾਂ ਹੀ ਅੱਕ ਦੇ ਬੂਟੇ ਨੂੰ ਪੱਤੇ ਤੋੜ ਕੇ ਰੁੰਡ-ਮਰੁੰਡ ਕਰ ਦਿੱਤਾ ਜਾਂਦਾ। ਇਹ ਗਰਮ ਹੁੰਦਾ ਗਰਮਾਇਸ਼ ਨਾਲ ਬੀਜ ਛੇਤੀ ਉੱਗਦਾ ਹੈ। ਜਦੋਂ ਜੌਆਂ ਦੀਆਂ ਤੂਈਆਂ ਨਿਕਲ ਆਉਂਦੀਆਂ ਹਨ ਉਦੋਂ ਪੱਤੇ ਲਾਹੇ ਜਾਂਦੇ ਹਨ। ਇਸ ਲਈ ਅੱਕ ਦਾ ਬੂਟਾ ਸੁਭਾਅ ਦਾ ਕੌੜਾ ਪਰ ਗਣੀ ਆਂ। ਜੇ ਦੇਖਿਆ ਜਾਵੇ ਹੈ ਤਾਂ ਅੱਕ ਵੀ ਕੁਦਰਤ ਦੀ ਦੇਣ। ਆਓ ਆਪਾਂ ਅੱਕ ਦੇ ਸੁਭਾਅ ਵੱਲ ਨਾ ਜਾਈਏ, ਇਹਦੇ ਗੁਣ ਵੇਖ ਕੇ ਬਾਕੀ ਬੂਟਿਆਂ ਵਾਂਗ ਪਿਆਰ ਕਰੀਏ।

ਪਥਵਾੜਾ… ਪਥਵਾੜੇ ਦੀ ਸ਼ਾਨ ਗੁਹਾਰਾ

ਮੈਂ ਪਿੰਡ ਦੀ ਜੰਮੀ ਪਲ਼ੀ ਹਾਂ ਤੇ ਇਕ ਮੱਧਵਰਗੀ ਕਿਸਾਨ ਦੀ ਧੀ ਹਾਂ। ਦੋ ਤਿੰਨ ਦਿਨਾਂ ਤੋਂ ਤਕਰੀਬਨ ਸਾਰੇ ਪੰਜਾਬ ਵਿੱਚ ਮੌਸਮ ਖਰਾਬ ਚੱਲ ਰਿਹਾ ਏ ਤੇ ਮੈਂ ਮੁੜ ਆਪਣੇ ਪਿੰਡ ਕੋਟਾਲੇ ਪਹੁੰਚ ਗਈ। ਇਹੋ ਜਿਹੇ ਮੌਸਮ ਨਾਲ ਨਜਿੱਠਣ ਲਈ ਸਾਡੀਆਂ ਬੀਬੀਆਂ ਕਿਵੇਂ ਤਿਆਰੀ ਕਰ ਲੈਂਦੀਆਂ ਸਨ । ਉਹ ਤਕਰੀਬਨ ਬਰਸਾਤ ਤੋਂ ਬਾਅਦ ਪਥਵਾੜਾ ਹੱਥੀਂ ਸੰਵਾਰ ਦੀਆਂ ਤੇ ਪਾਥੀਆਂ ਪੱਥਣ ਲਈ ਤਿਆਰ ਕਰਦੀਆਂ। ਜ਼ਿਆਦਾਤਰ ਨਰਾਤਿਆਂ ‘ਚ ਗੋਹਾ ਪੱਥਣਾਂ ਸੁਰੂ ਕਰਦੀਆਂ। ਪਾਥੀਆਂ ਦਾ ਚੁੱਲੇ ਨਾਲ ਗਹਿਰਾ ਸੰਬੰਧ ਹੈ। ਉਹਨਾਂ ਦਾ ਪਾਥੀਆਂ ਪੱਥਣ ਦਾ ਸਲੀਕਾ ਮੈਨੂੰ ਅੱਜ ਵੀ ਯਾਦ ਆਉਂਦਾ । ਪੂਰਾ ਸਨੇਰ ਉਹ ਕਿਵੇਂ ਪੈਰਾਂ ਦੇ ਭਾਰ ਬਹਿਕੇ ਪੱਥਦੀਆਂ ਸਨ ? ਕੀ ਮਜਾਲ ਆ ਕਿ ਉਹਨਾਂ ਦੇ ਪਾਏ ਕੱਪੜਿਆਂ ਨੂੰ ਕਿਤੇ ਭੋਰਾ ਗੋਹਾ ਲੱਗ ਜਾਵੇ । (ਉਦੋਂ ਜ਼ਿਆਦਾਤਰ ਰੋਜ਼ ਕੱਪੜੇ ਬਦਲਣ ਦਾ ਵਿਹਲ ਤੇ ਰਿਵਾਜ ਨਹੀਂ ਸੀ) ਪਾਥੀਆਂ ਪੱਥ ਕੇ ਸਲੀਕੇ ਨਾਲ ਰੱਖਦੀਆਂ ਸਨ ਕਿਉਂਕਿ ਜੋ ਪਹਿਲਾਂ ਪੱਥੀਆਂ ਨੇ ਉਹ ਥੱਲਣੀਆਂ ਵੀ ਨੇ ਹੋਰ ਪੱਥਣੀਆਂ ਵੀ ਨੇ, ਕਿਤੇ ਥੱਲਣ ਲੱਗਿਆਂ ਬਾਅਦ ‘ਚ ਪੱਥੀਆਂ ਢਹਿ ਨਾ ਜਾਣ । ਦੋ ਪਾਥੀਆਂ ਦੇ ਜੋਟੇ ਬਣਾ ਕੇ ਉਹ ਪਾਥੀਆਂ ਥੱਲਦੀਆਂ ਸੀ ਤੇ ਜਦੋਂ ਉਹ ਜੋਟੇ ਬਣੇ ਹੋਏ ਕਾਫ਼ੀ ਸੁੱਕ ਜਾਂਦੀਆਂ ਤਾਂ ਇਕ ਜੇਟ ਬਣਾ ਦਿੰਦੀਆਂ ਜੋ ਪਥਵਾੜੇ ਦੇ ਦੁਆਲੇ ਇਕ ਵਗਲ ਵਾਂਗ ਲਗਦੀ ਹੁੰਦੀ ਸੀ । ਉਹ ਵੀ ਬੜੇ ਸੁਚੱਜੇ ਢੰਗ ਨਾਲ ਲਾਈ ਜਾਂਦੀ ਸੀ । ਲੋੜ ਅਨੁਸਾਰ ਘਰ ਢੋਅ ਲਈਆਂ ਜਾਂਦੀਆਂ ਤੇ ਬਾਕੀ ਪਥਵਾੜੇ ਵਿੱਚ ਇਕੱਠੀਆਂ ਕੀਤੀਆਂ ਜਾਂਦੀਆ। ਸਿਆਲਾਂ ਲਈ ਤੇ ਮੀਂਹ ਕਣੀ ਦੇ ਦਿਨਾਂ ਲਈ। ਜਦੋਂ ਕਾਫ਼ੀ ਸਾਰੀਆਂ ਪਾਥੀਆਂ ਇਕੱਠੀਆਂ ਹੋ ਜਾਂਦੀਆਂ ਤਾਂ ‘ਗੁਹਾਰਾ’ ਲਾਇਆ ਜਾਂਦਾ ਪਥਵਾੜੇ ਵਿੱਚ ਈ। ਗੁਹਾਰਾ ਲਾਉਣਾ ਇਕ ਅਹਿਮ ਕਲਾ ਹੈ। ਗੁਹਾਰਾ ਪੇਂਡੂ ਸੁਆਣੀਆਂ ਦੀਆਂ ਹਸਤ ਕਲਾਵਾਂ ਦਾ ਖੂਬਸੂਰਤ ਨਮੂਨਾ ਹੈ। ਗੁਹਾਰਾ ਪਥਵਾੜੇ ਦੀ ਸ਼ਾਨ ਸਮਝਿਆ ਜਾਂਦਾ। ਪਥਵਾੜਾ ਲਾਉਣ ਈ ਗੋਹਾ ਫੇਰ ਪਥਵਾੜੇ ‘ਚ ਇਕੱਠਾ ਕੀਤਾ ਜਾਂਦਾ । ਪਾਥੀਆਂ ਦਾ ਗੁਹਾਰਾ ਇਕ ਬੀਬੀ ਦੇ ਵਸ ਦਾ ਕੰਮ ਨਹੀਂ ਸੀ ਕਿਸੇ ਦੂਜੀ ਬੀਬੀ ਦੀ ਮੱਦਦ ਲਈ ਜਾਂਦੀ । ਪੌੜੀ ਦਾ ਸਹਾਰਾ ਲੈ ਕੇ ਸਿਰੇ ਤੱਕ ਪਾਥੀਆਂ ਨਾਲ ਉੱਪਰੋਂ ਤਿੱਖਾ ਜਿਹਾ ਬੰਬੂ ਕੱਢਿਆ ਜਾਂਦਾ ਜਿਸ ਨਾਲ ਗੁਹਾਰਾ ਵੇਖਣ ‘ਤੇ ਪਤਾ ਲੱਗਦਾ ਕਿ ਸਚਿਆਰੀਆਂ ਬੀਬੀਆਂ ਨੇ ਗੁਹਾਰਾ ਲਾਇਆ ਹੈ । ਗੁਹਾਰੇ ‘ਚ ਪਾਥੀਆਂ ਲਾਉਣ ਤੋਂ ਬਾਅਦ, ਗੁਹਾਰੇ ਤੇ ਗੋਹਾ ਵੀ ਥੱਪਿਆ ਜਾਂਦਾ । ਗੋਹਾ ਥੱਪਣਾ ਸੌਖਾ ਨਹੀਂ ਸਿਰੇ ਤੱਕ, ਡੰਡੇ ਵਾਲ਼ੀ ਪੌੜੀ ‘ਤੇ ਚੜ੍ਹ ਕੇ ਦੂਜੀ ਬੀਬੀ ਤੋਂ ਗਿੱਲਾ ਗੋਹਾ ਫੜ੍ਹਨਾ, ਥੱਪਣਾ ਤੇ ਆਪਣਾ ਬਚਾਅ ਵੀ ਕਰਨਾ। ਆਪਣੇ ਕੱਪੜੇ ਵੀ ਬਚਾਉਣੇ ਤੇ ਅੰਗ ਪੈਰ ਵੀ । ਕਈ ਬੀਬੀਆਂ ਗੁਹਾਰੇ ਨੂੰ ਤੂੜੀ ਮਿੱਟੀ ਨਾਲ ਲਿੱਪ ਦਿੰਦੀਆਂ ਸੀ।

ਸਿਆਲਾਂ ਤੋਂ ਪਹਿਲਾਂ ਗੁਹਾਰਾ ਢਾਹ ਕੇ ਘਰ ਪਾਥੀਆਂ ਢੋਣੀਆਂ ਵੀ ਬੀਬੀਆਂ ਦਾ ਮੁੱਖ ਕੰਮ ਸੀ। ਇਕ ਪ੍ਰਚੱਲਿਤ ਕਹਾਵਤ ਆ ਕਿ ‘ਪਿੰਡ ਦਾ ਪਤਾ ਗੁਹਾਰਿਆਂ ਤੋਂ ਲੱਗ ਜਾਂਦਾ।’ ਕਿਉਂਕਿ:- ਘਰਾਂ ‘ਚ ਜੇ ਡੰਗਰ ਪਸ਼ੂ ਰੱਖੇ ਹੋਣਗੇ ਤਾਂ ਹੀ ਗੋਹਾ ਪੱਥਣ ਲਈ ਪਥਵਾੜੇ ’ਚ ਆਵੇਗਾ। ਜੇ ਡੰਗਰ ਪਸ਼ੂ ਨੇ ਦੁੱਧ ਹੋਵੇਗਾ, ਜੇ ਡੰਗਰ ਪਸ਼ੂ ਨੇ ਤਾਂ ਉਹਨਾਂ ਦੇ ਚਾਰੇ ਲਈ ਜ਼ਮੀਨ ਦੇ ਸਿਆੜ ਹੋਣਗੇ, ਜ਼ਮੀਨ ਦੇ ਸਿਆੜ ਹੋਣਗੇ ਆਪੇ ਈ ਪਿੰਡ ਸੋਹਣਾ, ਵੱਸਦਾ ਦਿਖਾਈ ਦੇਵੇਗਾ । ਸੋ ਜਿਵੇਂ ਕਿਹਾ ਜਾਂਦਾ ਕਿ ਅੱਜ ਕੱਲ੍ਹ ਡਰਾਇੰਗ ਰੂਮ ਤਾਂ ਹਰੇਕ ਸਜਾ ਕੇ ਰੱਖਦਾ ਪਰ ਘਰ ਦੀ ਸਫ਼ਾਈ ਦਾ ਅੰਦਾਜ਼ਾ ਵਿਹੜੇ ਦੀ ਸਫ਼ਾਈ ਵੇਖ ਕੇ ਪਤਾ ਲਗਦਾ। ਇਸੇ ਤਰ੍ਹਾਂ ਸਾਫ਼ ਪਥਵਾੜਾ ਤੇ ਗੁਹਾਰੇ ਦੀ ਬਣਤਰ ਤੋਂ ਬੀਬੀਆਂ ਸਚਿਆਰਪੁਣਾ ਪਰਖਦੀਆਂ ਸਨ।

ਸਿਜਦਾ ਸਾਡੀਆਂ ਬੀਬੀਆਂ ਨੂੰ ਤੇ ਉਹਨਾਂ ਦੀ ਸੋਚ ਨੂੰ ।

ਲਿੱਪਣਾ ਵੀ ਇਕ ਕਲਾ ਹੈ

ਲਿੱਪਣਾ ਵੀ ਹਰੇਕ ਇਸਤਰੀ ਦੇ ਵਸ ਦਾ ਕੰਮ ਨਹੀਂ, ਇਹ ਇਕ ਕਲਾ ਹੈ। ਮੈਂ ਆਪਣੇ ਬਚਪਨ ‘ਚ ਆਪਣੀ ਮਾਤਾ ਤੇ ਆਂਢ-ਗੁਆਂਢ ‘ਚ ਬੀਬੀਆਂ, ਭੈਣਾਂ ਨੂੰ ਲਿੱਪਦੇ ਵੇਖਿਆ। ਜੋ ਅੱਜ ਦਾ ਰਾਜ ਮਿਸਤਰੀ ਪਲੱਸਤਰ ਕਰਦਿਆਂ ਗੁਰਮਾਲਾ ਫੇਰਦਿਆਂ ਸਫ਼ਾਈ ਲਿਆਉਂਦਾ ? ਬੀਬੀਆਂ ਦੇ ਹੱਥਾਂ ‘ਚ ਈ ਜਾਦੂ ਸੀ, ਏਨਾ ਸੋਹਣਾ ਲਿੱਪਣ ਵੇਲ਼ੇ ਉਹ ਆਪਣੇ ਹੱਥਾਂ ਨਾਲ ਗਰਮਾਲੇ ਤੋਂ ਵੱਧ ਸਫਾਈ ਨਾਲ ਕੰਮ ਕਰਦੀਆਂ ਸੀ, ਸਦਕੇ ਜਾਈਏ ! ਇਕ ਵਾਰੀ ਤਾਂ ਲਿੱਪ ਪੋਚ ਕੇ ਥਾਂ ਆਏਂ ਸੰਵਾਰ ਦਿੰਦੀਆਂ ਸੀ ਭਾਵੇਂ ਭੁੰਜਿਓਂ ਚੀਜ਼ ਚੁੱਕ ਖਾ ਲਵੋ । ਧੰਨ ਸਾਡੀਆਂ ਬੀਬੀਆਂ, ਭੈਣਾਂ ਪਹਿਲਾਂ ਬਾਹਰੋਂ ਟੋਇਆਂ ‘ਚੋਂ ਪੀਲੀ ਮਿੱਟੀ ਮੰਗਾਉਂਦੀਆਂ, ਕਈ ਵਾਰ ਆਪ ਸਿਰਾਂ ਤੇ ਕੜਾਈਆਂ (ਤਸਲਿਆਂ) ‘ਚ ਢੋਂਹਦੀਆਂ। ਘਰ ਆਈ ਪੀਲੀ ਮਿੱਟੀ ਨੂੰ ਭਿਉਦੀਆਂ। ਲਿੱਪਣ ਤੋਂ ਪਹਿਲਾਂ ਟੋਭੇ ਦੀ ਮਿੱਟੀ ‘ਚ ਤੂੜੀ ਰਲਾ ਕੇ ਕੰਧਾਂ, ਖੁਰਲੀਆਂ ਆਦਿ ਦੇ ਖੱਡੇ ਭਰਦੀਆਂ। ਪੀਲੀ ਮਿੱਟੀ ‘ਚ ਪਸ਼ੂਆਂ ਦਾ ਗਿੱਲਾ ਗੋਹਾ ਰਲਾਉਂਦੀਆਂ।

ਮਿੱਟੀ ਗੋਹੇ ਨੂੰ ਮੱਧ ਕੇ ਇਕ ਜਾਨ ਕਰਦੀਆਂ, ਬਈ ਕੋਈ ਰੋੜਾ ਵਗੈਰਾ ਨਾ ਰਹਿ ਜਾਵੇ, ਜੇ ਵਿੱਚ ਰੋੜੀਆਂ ਰਹਿ ਜਾਣ ਫੇਰ ਸਫਾਈ ਨਹੀਂ ਸੀ ਆਉਂਦੀ। ਜਦੋਂ ਗੋਹਾ ਤੇ ਮਿੱਟੀ ਚੰਗੀ ਤਰ੍ਹਾਂ ਰਲ ਜਾਂਦੇ, ਪਾਣੀ ਦਾ ਛਿੜਕਾਅ ਕਰਕੇ ਲਿੱਪਣਾ ਸ਼ੁਰੂ ਕਰਦੀਆਂ। ਸਾਨੂੰ ਵਰਜਦੀਆਂ ਪੈੜਾਂ ਨਾ ਕਰਿਓ। ਮੈਨੂੰ ਅੱਜ ਵੀ ਯਾਦ ਆ ਪਿੰਡ ਸਾਡਾ ਵਾਹਵਾ ਖੁੱਲ੍ਹਾ ਵਿਹੜਾ ਸੀ, ਅੱਧੇ ’ਚ ਇੱਟਾਂ ਵਾਲ਼ਾ ਫਰਸ਼ ਤੇ ਅੱਧਾ ਕੱਚਾ। ਸਾਡੀ ਮਾਤਾ ਨੇ ਫ਼ਸਲ ਘਰ ਆਉਣ ਵੇਲ਼ੇ ਤੇ ਤਿਉਹਾਰਾਂ ਸਮੇਂ ਉਹ ਜ਼ਰੂਰ ਲਿੱਪਣਾ। ਸਾਡੇ ਵਰਗਿਆਂ ਨੇ ਮੂਹਰੇ ਮੂਹਰੇ ਲਿੱਪੀ ਜਾਣਾ, ਕੱਪੜੇ ਮਿੱਟੀ ਨਾਲ ਲਿਬੇੜ ਕੇ ਝਿੜਕਾਂ ਵੀ ਖਾ ਲੈਣੀਆਂ। ਬੀਬੀਆਂ ਬਹੁਤ ਰੀਝ ਨਾਲ ਲਿੱਪਦੀਆਂ ਸਨ। ਕੀ ਮਜ਼ਾਲ ਉਹਨਾਂ ਦੇ ਕੱਪੜਿਆਂ ਨੂੰ ਮਿੱਟੀ ਲੱਗ ਜਾਵੇ, ਬਹੁਤ ਸਚਿਆਰੀਆਂ ਸਨ ਸਾਡੀਆਂ ਬੀਬੀਆਂ।

ਕੱਚੇ ਕੋਠੇ ਬਰਸਾਤ ਤੋਂ ਪਹਿਲਾਂ ਜ਼ਰੂਰ ਲਿੱਪਣੇ, ਤਾਂ ਹੀ ਗੀਤਾਂ ‘ਚ ਇਕ ਧੀ ਆਪਣੇ ਬਾਬਲ ਨੂੰ ਆਖਦੀ ਆ:

“ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਬਨੇਰੇ”

ਬਨੇਰੇ ‘ਤੇ ਵੀ ਪੂਰੀ ਰੀਝ ਲਗਦੀ ਸੀ, ਬਨੇਰਾ ਸਾਹਮਣੇ ਤੋਂ ਜੋ ਦਿੱਸਦਾ ਸੀ।

ਸਿਆਣਿਆਂ ਦੀ ਕਹਾਵਤ ਹੈ ‘ਘਰ ਬਨੇਰਿਆਂ ਤੋਂ ਅਤੇ ਪਿੰਡ ਗੁਹਾਰਿਆਂ ਤੋਂ ਪਛਾਣਿਆ ਜਾਂਦਾ ਹੈ।’ ਲਿੱਪ, ਲਿਪਾਈ ਤੋਂ ਵੀ ਸਚਿਆਰੀ ਔਰਤ ਦੀ ਪਰਖ ਕੀਤੀ ਜਾਂਦੀ ਸੀ। ਵਿੱਚੇ ਕਹਿ ਦਿੰਦੀਆਂ ਸੀ, ਨੀ ਛੱਡ ਪਰਾਂ ਲਿੱਪਿਆ ਦੇਖੀਂ ਉਹਦਾ, ਉਹੋ ਜਿਹਾ ਤਾਂ ਮੈਂ ਪੈਰਾਂ ਨਾਲ ਲਿੱਪ ਦੇਵਾਂ, ਕਈਆਂ ਦੇ ਹੱਥ ਏਨੀ ਸਫ਼ਾਈ ਨਹੀਂ ਹੁੰਦੀ, ਉਹ ਮੋਟਾ ਮੋਟਾ ਲਿੱਪ ਕੇ ਕੰਮ ਸਾਰ ਲੈਂਦੀਆਂ।

ਡੰਗਰਾਂ, ਕੱਟੜੂਆਂ, ਵੱਛੜੂਆਂ ਦੀ ਖੁਰਲੀ ਛੇਤੀ ਲਿੱਪਣੀ ਪੈਂਦੀ, ਬਈ ਕਿਤੇ ਪੱਠੇ ਤੱਥਿਆਂ ‘ਚ ਮਿੱਟੀ ਨਾ ਰਲ਼ੇ।

ਕਮਰਿਆਂ ਨੂੰ (ਕੱਚੇ ਕੋਠੇ) ਅੰਦਰੋਂ ਲਿੱਪ ਕੇ ਫੇਰ ਪਾਂਡੂ ਦਾ ਪੋਚਾ ਫੇਰਦੀਆਂ । ਉਸ ਪਾਂਡੂ ਦੀ ਮਿੱਠੀ ਮਿੱਠੀ ਖੁਸ਼ਬੂ ਆਉਂਦੀ ਰਹਿੰਦੀ ਜੋ ਮਨ ਨੂੰ ਡਾਹਢੀ ਚੰਗੀ ਲਗਦੀ ਸੀ। ਬੀਬੀਆਂ ਚੌਂਕੇ ਚੁੱਲ੍ਹੇ ‘ਤੇ ਵੀ ਪੂਰੀਆਂ ਰੀਝਾਂ ਲਾਉਂਦੀਆਂ ਸੀ ਜਦੋਂ ਚੁੱਲ੍ਹੇ, ਲੋਹ ਨੂੰ ਮਿੱਟੀ ਫੇਰ ਕੇ, ਪਾਂਡੂ ਫੇਰ ਦੇਣਾ ਅਸੀਂ ਆਖਣਾ ਹੁਣ ਇਹਨਾਂ ‘ਚ ਅੱਗ ਬਾਲਣ ਨੂੰ ਦਿਲ ਨਹੀਂ ਕਰਦਾ ਜਾਣੀ ਵੇਖੀ ਜਾਹ । ਇਹ ਸਭ ਕੁਝ ਪਿੱਛੇ ਰਹਿ ਗਿਆ ਪਰ ਇਹਦਾ ਫਾਇਦਾ ਸੀ ਪੈਰ ਨਹੀਂ ਸੀ ਤਿਲਕਦਾ, ਪਾਣੀ ਡੁੱਲੇ ਤੇ ਪੋਚਾ ਨਹੀਂ ਸੀ ਚੁਕਣਾ ਪੈਂਦਾ। ਪਰ ਹੁਣ ਬਹੁਤ ਦੂਰ ਰਹਿ ਗਿਆ ਸਾਡੀਆਂ ਬੀਬੀਆਂ ਦਾ ਪੀਲੀ ਮਿੱਟੀ ਦਾ ਪਲੱਸਤਰ । ਅੱਛਾ ਭਾਈ ਜ਼ਮਾਨਾ ਜੋ ਮਾਡਰਨ ਆ ਗਿਆ, ਨਵੇਂ ਜ਼ਮਾਨੇ ਦੀਆਂ ਨਵੀਆਂ ਗੱਲਾਂ।

ਚੁੱਲ੍ਹਾ-ਚੌਂਕਾ

ਚੌਂਕਾ ਸ਼ਬਦ ਚੌਂਕ ਤੋਂ ਬਣਿਆ ਹੈ। ਪਹਿਲੇ ਸਮਿਆਂ ‘ਚ ਧਾਰਮਿਕ ਕੰਮ ਕਰਨ ਵੇਲ਼ੇ ਚੌਂਕ ਪੂਰ ਕੇ ਸ਼ਗਨ ਕੀਤੇ ਜਾਂਦੇ ਸਨ । ਜਿੱਥੇ ਚੌਂਕ ਪੂਰਨਾ ਹੁੰਦਾ ਸੀ ਉਸ ਥਾਂ ਨੂੰ ਮਿੱਟੀ, ਪਾਡੂ ਦਾ ਪੋਚਾ ਮਾਰ ਕੇ ਸੁੱਚਾ ਕੀਤਾ ਜਾਂਦਾ ਸੀ। ਚੌਂਕ ਦਾ ਮਤਲਬ ਚੌਰਸ ਵੀ ਲਿਆ ਜਾਂਦਾ ਹੈ ਆਪਾਂ ਗੱਲ ਕਰਦੇ ਹਾਂ ‘ਚੁੱਲ੍ਹੇ-ਚੌਂਕੇ’ ਦੀ। ਬਹੁਤ ਮਹਾਨਤਾ ਸੀ ਪਹਿਲਾਂ ਪਿੰਡਾਂ ‘ਚ ਚੁੱਲ੍ਹੇ- ਚੌਂਕੇ ਦੀ, ਘਰ ਦੇ ਇਕ ਪਾਸੇ ਓਟਾ ਕਰਕੇ ਚੁੱਲ੍ਹਾ-ਚੌਂਕਾ ਬਣਾਇਆ ਜਾਂਦਾ ਸੀ । ਉਹਦੇ ‘ਚ ਇਕ ਵੱਡੀ ਚੂਰ, ਇਕ ਚੁੱਲ੍ਹਾ, ਇਕ ਹਾਰਾ ਦਾਲ ਧਰਨ ਵਾਲ਼ਾ ਤੇ ਦੂਜਾ ਕਾੜ੍ਹਨੀ ‘ਚ ਦੁੱਧ ਧਰਨ ਵਾਲ਼ਾ ਬਣਾਇਆ ਜਾਂਦਾ ਸੀ । ਇਕ ਪਾਸੇ ਬਾਲਣ ਲਈ ਥਾਂ ਰੱਖਣੀ ਹੁੰਦੀ ਸੀ। ਇਹ ਸਭ ਸਾਡੀਆਂ ਬੀਬੀਆਂ ਮਿੱਟੀ ਦੇ ਬਣਾਉਂਦੀਆਂ ਸੀ। ਵਿਹੜੇ ਵਿੱਚ ਕਿਤੇ ਖੂੰਜੇ ਤੂੜੀ ਮਿੱਟੀ ਨਾਲ ਬਣਾਉਣਾ ਸ਼ੁਰੂ ਕਰਦੀਆਂ, ਰੋਜ਼ ਇਕ ਵਾਰ ਤਲੀ ਦੇ ਦਿੰਦੀਆਂ, ਹੌਲ਼ੀ ਹੌਲ਼ੀ ਉਹ ਸੁੱਕਦਾ, ਪੱਕਦਾ ਫੇਰ ਚੌਂਕੇ ‘ਚ ਜੜਦੀਆਂ ਤੇ ਪੀਲੀ ਮਿੱਟੀ ਤੇ ਪਾਡੂ ਫੇਰ ਕੇ ਸਜਾ ਲੈਂਦੀਆਂ। 

ਪੂਰੀ ਰੀਝ ਲਾ ਦਿੰਦੀਆਂ ਸਨ । ਕਈ ਘਰਾਂ ‘ਚ ਤੰਦੂਰ ਬਣੇ ਵੀ ਮੈਂ ਵੇਖੇ ਨੇ। ਇਹਨਾਂ ਤੋਂ ਇਲਾਵਾ ਚੌਂਕੇ ‘ਚ ਭਾਂਡੇ ਰੱਖਣ ਨੂੰ ਰਖਨੇ, ਖਾਨੇ, ਤੂੜੀ ਮਿੱਟੀ ‘ਚ ਕਾਨੇ ਆਦਿ ਪਾ ਕੇ ਬਣਾਏ ਜਾਂਦੇ ਸੀ ਇਕ ਤਰ੍ਹਾਂ ਨਾਲ ਉਹ ਖੁੱਲੀ ਅਲਮਾਰੀ ਹੁੰਦੀ ਸੀ ਉਹਨੂੰ ਪੀੜਾ ਵੀ ਆਖਦੇ ਸੀ।

ਸਾਡੇ ਪਿੰਡ ਘਰ ਸੀ ਬਾਬਾ ਕਾਹਨ ਸਿੰਘ ਦਾ ਉਹਨਾਂ ਦੇ ਘਰ ਇਹ ਰਖਨੇ ਬੜੇ ਸੋਹਣੇ ਬਣਾਏ ਹੁੰਦੇ ਸੀ ਕਮਾਲ ਦੀ ਕਾਰਾਗਰੀ ਕੀਤੀ ਹੋਈ ਸੀ। ਸਾਡੀਆਂ ਬੀਬੀਆਂ ਚੁੱਲ੍ਹੇ- ਚੌਂਕੇ ਨੂੰ ਵੀ ਸ਼ਿੰਗਾਰ ਕੇ ਰੱਖਦੀਆਂ ਸੀ ਭਾਵ ਪੂਰਾ ਲਿੱਪ-ਪੋਚ ਕੇ, ਪਾਂਡੂ ਫੇਰ ਕੇ। ਉਦੋਂ ਸਾਂਝੇ ਪਰਿਵਾਰ ਸਨ ਵੱਡੀ ਚੂਰ ‘ਤੇ ਰੋਟੀਆਂ ਪੱਕਣੀਆਂ । ਚੁੱਲ੍ਹਿਆਂ ‘ਤੇ ਸਬਜ਼ੀ, ਪਾਣੀ ਤੇ ਦੁੱਧ ਆਦਿ ਗਰਮ ਕੀਤਾ ਜਾਂਦਾ ਸੀ । ਦਾਲ ਜ਼ਿਆਦਾਤਰ ਹਾਰੇ ਵਿੱਚ ਧਰੀ ਜਾਂਦੀ ਸੀ। ਹਾਰੇ ਰਿੱਝਦੀਆਂ ਦਾਲਾਂ ਦੀਆਂ ਮੁਸ਼ਬੋਆਂ, ਮਹਿਕਾਂ ਦੂਰੋਂ ਈ ਆਉਂਦੀਆਂ ਸਨ ਤੇ ਹਾਰੇ ਦੀ ਦਾਲ ਦਾ ਸਵਾਦ ਈ ਵੱਖਰਾ ਹੁੰਦਾ ਸੀ । ਦੂਜੇ ਹਾਰੇ ਵਿੱਚ ਪਾਥੀਆਂ ਤੇ ਅੱਗ ਪਾ ਕੇ ਕਾੜ੍ਹਨੀ ‘ਚ ਦੁੱਧ ਕੜਨ ਲਈ ਰੱਖਿਆ ਜਾਂਦਾ ਸੀ । ਕਾੜ੍ਹਨੀ ਦੇ ਦੁੱਧ ਦਾ ਵੀ ਸੁਆਦ ਵੱਖਰਾ ਈ ਹੁੰਦਾ ਸੀ। ਪੰਜ ਕੁ ਵਜੇ ਨਾਲ ਉਹਨੂੰ ਹਾਰੇ ‘ਚੋਂ ਕੱਢਣਾ ਹੁੰਦਾ ਸੀ ਫੇਰ ਕੋਸੇ ਜਿਹੇ ਨੂੰ ਜਾਗ ਲਾਉਣਾ ਤੇ ਦੂਜੀ ਸਵੇਰੇ ਰਿੜਕਣਾ।

ਸਿਆਲਾਂ ਦੇ ਦਿਨਾਂ ‘ਚ ਚੌਂਕੇ ਵਿੱਚ ਬਹਿ ਕੇ ਰੋਟੀ ਖਾਣ ਦਾ ਸੁਆਦ ਈ ਹੋਰ ਸੀ, ਚੁੱਲ੍ਹੇ ‘ਚੋਂ ਅੱਗ ਕੱਢ ਕੇ ਸੇਕੀ ਜਾਣਾ ਨਾਲੇ ਦਾਲ, ਸਾਗ ਵਾਲੀ ਕੌਲੀ ਅੱਗ ‘ਤੇ ਧਰ ਲੈਣੀ ਸਵਾਦ ਨਾਲ ਰੋਟੀ ਖਾਣੀ। ਸੱਚ ਜਾਣਿਓਂ ਜਿਹੜੀ ਮੱਕੀ ਦੀ ਰੋਟੀ ਅੱਗ ‘ਤੇ ਰੜ੍ਹਦੀ ਆ ਉਹ ਗੈਸ ‘ਤੇ ਨਹੀਂ ਰੜਦੀ ਜੀ । ਬੇਹੀ ਰੋਟੀ ਦੇ ਕੰਢੇ ਰਾੜ ਕੇ ਮੱਖਣ, ਲੂਣ ਤੇ ਮਿਰਚ ਭੁੱਕ ਕੇ ਨਾਲ ਚਾਹ ਦਾ ਗਲਾਸ ਬਸ ਅਨੰਦ ਈ ਵੱਖਰਾ ਸੀ । ਹੁਣ ਦੇ ਪੀਜੇ, ਬਰਗਰ ਸਭ ਫੇਲ। ਚੁੱਲ੍ਹੇ ‘ਚੋਂ ਭੁੱਬਲ (ਗਰਮ ਸੁਆਹ) ਕੱਢ ਕੇ ਵਿੱਚ ਮੂੰਗਫ਼ਲੀ ਸਿੱਟ ਲੈਣੀ, ਹੱਥ ਵੀ ਸਾੜਨੇ ਤੇ ਮੂੰਹ ਵੀ, ਬਹੁਤ ਪਿੱਛੇ ਰਹਿਗੀਆਂ ਇਹ ਗੱਲਾਂ ਭਾਈ, ਬਹੁਤ ਕੁਝ ਬਦਲ ਗਿਆ ਤੇ ਬਦਲੇਗਾ।

ਨਣਦ ਪ੍ਰਾਹੁਣੀ ਆਈ, ਚੁੱਲ੍ਹੇ ਨੂੰ ਮਿੱਟੀ ਲਾਈ

ਹਰ ਚੀਜ਼ ਧਿਆਨ ਮੰਗਦੀ ਆ, ਜਦੋਂ ਚੁੱਲ੍ਹੇ ‘ਤੇ ਕੰਮ ਕਰਦੇ ਸੀ ਤਾਂ ਅਕਸਰ ਸੁਣਦੇ ਸੀ ਨਿੰਮਲ ਹੋ ਗਿਆ, ਚੁੱਲ੍ਹੇ ਨੂੰ ਮਿੱਟੀ ਵੀ ਲਾਉਣੀ ਆ। ਚੁੱਲ੍ਹੇ ’ਚ ਅੱਗ ਬਾਲਦੇ, ਲੱਕੜੀਆਂ ਵੀ ਲਾਉਂਦੇ, ਪਾਥੀਆਂ, ਗੁੱਲੇ ਆਦਿ ਵਰਤੇ ਜਾਂਦੇ ਸੀ ਤੇ ਚੁੱਲ੍ਹਾ ਵਿਚੋਂ ਵੀ ਆਲ਼ੇ-ਦੁਆਲ਼ੇ ਤੋਂ ਵੀ ਖ਼ਰਾਬ ਹੋ ਜਾਂਦਾ ਤਾਂ ਬੀਬੀਆਂ ਆਖਦੀਆਂ ਅੱਜ ਤਾਂ ਸਾਰਾ ਕੰਮ ਛੱਡ ਕੇ ਪਹਿਲਾਂ ਚੁੱਲ੍ਹੇ ਨੂੰ ਮਿੱਟੀ ਲਾਵਾਂ । ਇਕ ਕਿਸਮ ਦੀ ਚੁੱਲ੍ਹੇ ਦੀ ਰਿਪੇਅਰ, ਮੁਰੰਮਤ ਕਰਨੀ ਹੁੰਦੀ ਸੀ। ਟੋਭੇ ਵਾਲ਼ੀ ਕਾਲੀ ਮਿੱਟੀ ਭਿਉਂਤੀ ਜਾਂਦੀ ਤੇ ਉਹਦੇ ‘ਚ ਤੂੜੀ ਰਲਾ ਕੇ ਜਿੱਥੋਂ ਚੁੱਲ੍ਹੇ ਦੀ ਮਿੱਟੀ ਲਹੀ ਹੁੰਦੀ, ਉੱਥੇ ਲਾਈ ਜਾਂਦੀ । ਸੁੱਕਣ ‘ਤੇ ਪੀਲੀ ਮਿੱਟੀ ਫੇਰੀ ਜਾਂਦੀ। ਬਾਅਦ ਵਿੱਚ ਪਾਂਡੂ ਦਾ ਪੋਚਾ ਵੀ ਫੇਰਿਆ ਜਾਂਦਾ। 

ਇਨ੍ਹਾਂ ਗੱਲਾਂ ਤੋਂ ਵੀ ਬੀਬੀਆਂ ਸੁਚੱਜਪੁਣਾ ਪਰਖਦੀਆਂ ਸੀ। ਜੇ ਕਿਸੇ ਦੀ ਗੱਲ ਕਰਦੀਆਂ, ‘ਨੀ ਛੱਡ ਪਰੇ ਚੁੱਲ੍ਹਾ ਵੇਖਿਆ ਸੀ ‘ਖੱਖੜੀਆਂ’ ਹੋਇਆ ਪਿਆ ਸੀ । ਚੁੱਲ੍ਹੇ ਨੂੰ ਮਿੱਟੀ ਲਾਉਂਦੀਆਂ ਆਪੇ ਗੁਣਗੁਣਉਂਦੀਆਂ ‘ਨਣਦ ਪ੍ਰਾਹੁਣੀ ਆਈ, ਚੁੱਲ੍ਹੇ ਨੂੰ ਮਿੱਟੀ ਲਾਈ।’ ਬਈ ਨਣਦ ਆ ਗਈ, ਹੁਣ ਰੋਟੀ ਨਹੀਂ ਪਕਾਉਣੀ, ਚੁੱਲ੍ਹੇ ਨੂੰ ਮਿੱਟੀ ਲਾਈ ਹੋਈ ਆ, ਭਾਵ ਚੁੱਲ੍ਹਾ ਗਿੱਲਾ ਹੈ, ਮਜ਼ਾਕ ਕਰਦੀਆਂ ਸੀ। ਪਰ ਹੁਣ ਨਣਦ ਵੀ ਪ੍ਰਾਹੁਣੀ ਘੰਟੇ, ਦੋ ਘੰਟੇ ਲਈ ਆਉਂਦੀ ਹੈ। ਅੱਵਲ ਤਾਂ ਚੁੱਲ੍ਹਾ ਘੱਟ ਈ ਬਾਲਿਆ ਜਾਂਦਾ ਹੈ, ਹੁਣ ਚੁੱਲ੍ਹੇ ਵੀ ਲੋਹੇ ਦੇ ਹੋ ਗਏ ਪਰ ਜੇ ਫੇਰ ਵੀ ਮਿੱਟੀ ਲਾਈ ਹੋਵੇ … ਹੁਣ ਫਾਸਟ ਫੂਡ, ਕੈਫੇ ਤੇ ਢਾਬੇ, ਹੋਟਲਾਂ ਤੋਂ ਖਾਣ ਦਾ ਸਾਮਾਨ ਮੰਗਵਾ ਲਿਆ ਜਾਂਦਾ ਹੈ ਪਰ ਉਸ ਖਾਣੇ ਵਿਚ ਪਿਆਰ ਨਹੀਂ ਹੁੰਦਾ, ਉਹ ਪ੍ਰਾਹੁਣਾਚਾਰੀ ਵਾਂਗੂੰ ਨਹੀਂ ਬਣਾਇਆ ਜਾਂਦਾ । ਨਵੇਂ ਜ਼ਮਾਨੇ ਦੀਆਂ, ਨਵੀਆਂ ਗੱਲਾਂ ਪਰ ਸਾਂਝ ਪਿਆਰ ਤੋਂ ਕੋਹਾਂ ਦੂਰ।

ਵਣਜਾਰਾ

ਵਣਜਾਰਾ ਸ਼ਬਦ ਭਾਵੇਂ ਵਣਜ ਤੋਂ ਬਣਿਆ ਹੈ ਜਿਸ ਦਾ ਭਾਵ ਹੈ ਵਪਾਰ। ਵਣਜਾਰਾ ਵੀ ਪਹਿਲੇ ਸਮਿਆਂ ਵਿੱਚ ਬਹੁਤ ਮਹੱਤਵ ਰੱਖਦਾ ਸੀ। ਉਦੋਂ ਕੁੜੀਆਂ ਨੂੰ ਸ਼ਹਿਰ, ਬਜਾਰ ਜਾਣ ਦੀ ਖੁੱਲ੍ਹ ਨਹੀਂ ਸੀ। ਨਾ ਬਹੁਤਾ ਸ਼ਿੰਗਾਰ ਕਰਨ ਦੀ । ਉਦੋਂ ਤਾਂ ਜੇ ਵਿਆਹੀ ਕੁੜੀ ਚਾਰ ਦਿਨ ਪੇਕੇ ਰਹਿਣ ਆਉਂਦੀ ਸੀ ਉਹ ਵੀ ਸ਼ਿੰਗਾਰ ਨਹੀਂ ਸੀ ਕਰਦੀ। ਬਸ ਇਕ ਵਣਜਾਰਾ ਹੁੰਦਾ ਸੀ ਜੋ ਉਹਨਾਂ ਦੇ ਮਨਾਂ ਦੀਆਂ ਰੀਝਾਂ ਪੂਰੀਆਂ ਕਰਦਾ ਸੀ। ਵਣਜਾਰੇ ਕੋਲ ਇਕ ਟਰੰਕੀ ਹੁੰਦੀ ਸੀ ਜਿਸ ਵਿੱਚ ਉਸ ਦਾ ਵੇਚਣ ਵਾਲ਼ਾ ਸਮਾਨ ਹੁੰਦਾ ਸੀ। ਕਿਸੇ ਕਿਸੇ ਵਣਜਾਰੇ ਕੋਲ਼ ਸਾਇਕਲ ਵੀ ਹੁੰਦਾ ਸੀ ਉਹ ਸਾਇਕਲ ਦੇ ਕੈਰੀਅਰ ‘ਤੇ ਇਕ ਕਾਲੀ ਜਿਹੀ ਟਿਊਬ ਨਾਲ ਟਰੰਕੀ ਬੰਨ੍ਹ ਲੈਂਦਾ ਸੀ। ਵਣਜਾਰੇ ਦੀ ਟਰੰਕੀ ਵਿੱਚ ਕੱਚ ਦੀ ਵੰਗਾਂ ਦੇ ਨਾਲ, ਲੋਅ ਦੀਆਂ ਡੱਬੀਆਂ, ਦੰਦਾਂ ‘ਤੇ ਮਲਣ ਵਾਲਾ ਦੰਦਾਸਾ, ਨਹੁੰ ਪਾਲਸ਼, ਬਕਸੂਏ, ਕੰਘੀਆਂ, ਛੋਟੀਆਂ ਡੱਬੀਆਂ ਪਾਊਡਰ, ਕਰੀਮ, ਸੁਰਖੀ, ਬਿੰਦੀਆਂ, ਸਿਰ ‘ਤੇ ਲਾਉਣ ਵਾਲੀਆਂ ਸੂਈਆਂ ਤੇ ਛਾਪਾਂ ਛੱਲੇ ਵੀ ਹੁੰਦੇ ਸੀ । ਉਹ ਆ ਕੇ ਇਕ ਹੋਕਾ ਦਿੰਦਾ ‘ਵੰਗਾਂ ਚੜ੍ਹਾ ਲਓ, ਵੰਗਾਂ!’ ਤੇ ਕੁੜੀਆਂ ਦੇ ਕੰਨ ਖੜ੍ਹੇ ਹੋ ਜਾਂਦੇ ਤੇ ਉਹ ਕੰਧਾਂ ਉੱਤੋਂ ਦੀ ਇਕ ਦੂਜੀ ਨੂੰ ਵਾਜ ਮਾਰਦੀਆਂ। ਪਿੰਡ ਵਿੱਚ ਆਏ ਵਣਜਾਰੇ ਨੂੰ ਕਿਸੇ ਦੀ ਡਿਉਢੀ ਜਾਂ ਦਲਾਨ ਵਿੱਚ ਬਿਠਾ ਲਿਆ ਜਾਂਦਾ। ਮਾਂਵਾਂ, ਚਾਚੀਆਂ, ਤਾਈਆਂ ਕਿਸੇ ਦੀ ਦਾਦੀ ਵੀ ਹੁੰਦੀ ਉਹਨਾਂ ਦੀ ਹਾਜ਼ਰੀ ਵਿੱਚ ਕੁੜੀਆਂ ਵੰਗਾਂ ਚੜਾਉਂਦੀਆਂ। ਚੂੜੀਆਂ ਚੜਾ ਕੇ ਉਹਨਾਂ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ। ਬੀਬੀਆਂ ਆਪਣੀ ਨੂੰਹ ਧੀ ਨੂੰ ਲੋਅ, ਸੁਰਮਾ ਤੇ ਨਹੁੰ ਪਾਲਸ਼ ਵੀ ਲੈ ਦਿੰਦੀਆਂ। ਕਈ ਵਾਰ ਵਣਜਾਰਾ ਚਾਂਮਲ ਵੀ ਜਾਂਦਾ, ਉਠਣ ਦਾ ਨਾਂ ਈ ਨਾ ਲੈਂਦਾ, ਫੇਰ ਬੀਬੀਆਂ ਆਖਦੀਆਂ ਸਾਡੇ ਬੰਦਿਆਂ ਨੇ ਖੇਤਾਂ ਤੋਂ ਆ ਜਾਣਾ, ਉਹ ਸਾਨੂੰ ਤਾਂ ਗੁੱਸੇ ਹੋਣਗੇ ਈ ਫੇਰ ਤੇਰੀ ਵੀ ਖੈਰ ਨਹੀਂ। ਵਣਜਾਰਾ ਇਹ ਸੁਣ ਕੇ ਡਰਦਾ ਮਾਰਿਆ ਆਪਣੀ ਟਰੰਕੀ ਸਾਇਕਲ ਨਾਲ ਬੰਨ੍ਹ ਕੇ ਅਗਲੀ ਗਲ਼ੀ ਜਾ ਹੋਕਾ ਦਿੰਦਾ। ਅੱਜ ਦੇ ਨਵੇਂ ਜ਼ਮਾਨੇ ਵਿੱਚ ਨਾ ਹੀ ਵਣਜਾਰੇ ਦਿਸਦੇ ਹਨ ਤੇ ਨਾ ਹੀ ਕੋਈ ਕੁੜੀ ਆਖਦੀ ਹੈ:

“ਆ ਗਿਆ ਵਣਜਾਰਾ ਨੀ ਚੜ੍ਹਾ ਲੈ ਭਾਬੀ ਚੂੜੀਆਂ।”

ਇਹ ਕਹਿਣ ਵਿੱਚ ਵੀ ਰਾਜ ਸੀ ਕਿ ਜੇ ਭਾਬੀ ਨੂੰ ਚੂੜੀਆਂ ਮਿਲਣਗੀਆਂ ਫੇਰ ਨਣਦ ਨੂੰ ਵੀ ਮਿਲਣਗੀਆਂ। ਇਕ ਗੀਤ ਆਹ ਵੀ ਹੈ:

“ਆ ਵਣਜਾਰਿਆ, ਬਹਿ ਵਣਜਾਰਿਆ ਕਿੱਥੇ ਨੇ ਤੇਰੇ ਘਰ ਵੇ। 

ਭੀੜੀ ਵੰਗ ਬਚਾਟੇ ਚਾੜੀਂ ਮੈਂ ਜਾਉਂਗੀ ਮਰ ਵੇ ।

 ਮੇਰਾ ਉੱਡੇ ਡੋਰੀਆ ਮਹਿਲਾਂ ਵਾਲ਼ੇ ਘਰ ਵੇ।”

ਕਿੱਕਲੀ 

ਕਿੱਕਲੀ ਪੰਜਾਬ ਦੀਆਂ ਬੱਚੀਆਂ ਦਾ ਲੋਕ ਨਾਚ ਵੀ ਹੈ ਤੇ ਕੁੜੀਆਂ ਦੀ ਖੇਡ ਵੀ ਹੈ। ਕਿੱਕਲੀ ਦੋ ਕੁੜੀਆਂ ਆਪਣੇ ਹੱਥਾਂ ਦੀ ਕੜਿੰਗੀ ਪਾ ਕੇ ਗੋਲ ਚੱਕਰ ਵਿੱਚ ਘੁੰਮਦੀਆਂ ਸਨ ਤੇ ਗਾਉਂਦੀਆਂ ਸੀ:

“ਕਿੱਕਲੀ ਕਲੀਰ ਦੀ, ਪੱਗ ਮੇਰੇ ਵੀ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।”

ਕੁੜੀਆਂ ‘ਕੱਠੀਆਂ ਹੋ ਕੇ ਜੋਟੇ ਬਣਾ ਲੈਂਦੀਆਂ ਤੇ ਪੱਬਾਂ ਭਾਰ ਹੋ ਕੇ ਕਿੱਕਲੀ ਪਾਉਂਦੀਆਂ । ਮਸਤੀ ਵਿੱਚ ਤੇਜ਼ ਘੁੰਮਦੀਆਂ ਹੋਈਆਂ, ਬਾਹਾਂ ਤਣ ਲੈਂਦੀਆਂ ਤੇ ਭਾਰ ਪਿੱਛੇ ਨੂੰ ਸੁੱਟ ਲੈਂਦੀਆਂ। ਕਈ ਵਾਰ ਆਪਣੀਆਂ ਚੁੰਨੀਆਂ ਨੂੰ ਵੀ ਲਹਿਰਾਉਂਦੀਆਂ। ਪੂਰਾ ਹੰਭ ਕੇ ਬੈਠਦੀਆਂ। ਹੁਣ ਕਿੱਕਲੀ ਸਿਰਫ਼ ਸਟੇਜੀ ਗਿੱਧਿਆਂ ਦੇ ਮੁਕਾਬਲਿਆਂ ਵਿੱਚ ਸਟੇਜ ‘ਤੇ ਹੀ ਪਾਈ ਜਾਂਦੀ ਹੈ। ਮੋਬਾਈਲ ਨੇ ਇਹ ਖੇਡਾਂ ਸਾਥੋਂ ਖੋਹ ਲਈਆਂ ਹਨ ਤੇ ਨਾ ਹੀ ਹੁਣ ਪਿੰਡਾਂ ਚ ਪਹਿਲੇ ਸਮਿਆਂ ਵਾਂਗ ਕੁੜੀਆਂ ਰਲ ਕੇ ਖੇਡਦੀਆਂ ਹਨ। ਅਸੀਂ ਇਹ ਸਭ ਭੁੱਲਦੇ ਜਾ ਰਹੇ ਹਾਂ, ਪਿੱਛੇ ਛੱਡਦੇ ਜਾ ਰਹੇ ਹਾਂ ਜੋ ਕਿ ਇਕ ਤ੍ਰਾਸਦੀ ਹੈ।

ਵੀਰ ਵਹੁਟੀ

ਆਹ ਲਾਲ ਕੱਪੜਿਆਂ ‘ਚ ਸਜੀ ਬੀਬੀ ਨੂੰ ਨਵੀਂ ਪੀੜ੍ਹੀ ਨਹੀਂ ਜਾਣਦੀ ਪਰ ਅਸੀਂ ਜ਼ਰੂਰ ਜਾਣਦੇ ਹਾਂ। ਸਾਡੇ ਵੱਲ ਇਹਨੂੰ “ਵੀਰ ਵਹੁਟੀ” ਆਖਦੇ ਨੇ ਪਰ ਕਈ ਇਲਾਕਿਆਂ ‘ਚ ਚੀਚ ਵਹੁਟੀ ਆਖਦੇ ਨੇ ਹਿੰਦੀ ‘ਚ ਇਹਨੂੰ ‘ਲਾਲ ਗਾਇ’ ਜਾਂ ‘ਗੋਕੁਲ ਗਾਇ’ ਆਖਦੇ ਹਨ ਅਤੇ ਅੰਗਰੇਜ਼ੀ ਵਿੱਚ ਵੀਰ ਵਹੁਟੀ ਨੂੰ ‘ਰੈੱਡ ਵੈਲਵੈਟ ਮਾਈਟ’ ਕਿਹਾ ਜਾਂਦਾ।

ਲਾਲ ਚਮਕੀਲੇ ਰੰਗ ਦੇ ਕੱਪੜਿਆਂ ਵਾਲ਼ੀ ਇਹ ਵਹੁਟੀ ਜ਼ਿਆਦਾਤਰ ਮਿੱਟੀ ਵਿੱਚ ਰਹਿੰਦੀ ਆ ਤੇ ਇਹ 33 ਫੁੱਟ ਦੀ ਡੂੰਘਿਆਈ ਤੱਕ ਚਲੀ ਜਾਂਦੀ ਆ । ਇਹ ਪਾਣੀ ਤੇ ਠੰਢੇ ਇਲਾਕੇ ਵਿੱਚ ਰਹਿਣ ਤੋਂ ਇਲਾਵਾ ਗਰਮ ਥਾਂ ‘ਤੇ ਵੀ ਰਹਿ ਲੈਂਦੀ ਆ। ਮੈਂ ਜਿਆਦਾਤਰ ਇਸ ਨੂੰ ਰੇਤੇ ਵਾਲੇ ਖੇਤਾਂ ਵਿੱਚ ਵੇਖਿਆ। ਵੱਧ ਸਮਾਂ ਮਿੱਟੀ ਹੇਠਾਂ ਗੁਜਾਰਦੀ ਮੀਂਹ ਤੋਂ ਬਾਅਦ ਬਾਹਰ ਨਿਕਲਦੀ ਆ। ਜਦੋਂ ਇਹਨੂੰ ਹੱਥ ਲਾਵੋ ਤਾਂ ਇਹ ਆਪਣਾ ਸਰੀਰ ਇਕੱਠਾ ਕਰ ਲੈਂਦੀ ਹੈ। ਇਸ ਦੇ ਉੱਤੇ ਜੋ ਸਾਨੂੰ ਲਾਲ ਸੁਨੀਲ ਦਿਸਦੀ ਹੈ ਅਸਲ ਵਿੱਚ ਉਹ ਇਹਦੇ ਬਾਰੀਕ ਵਾਲ ਹਨ। ਆਪਣੀ ਮਸਤ ਚਾਲ ਨਵੀਂ ਵਿਆਹੀ ਵਾਂਗ ਠੁਮਕ ਠੁਮਕ ਤੁਰਦੀ ਬੜੀ ਸੋਹਣੀ ਲਗਦੀ ਆ ਪਰ ਹੱਥ ਲੱਗਣ ‘ਤੇ ਦੁਬਾਰਾ ਵੇਖੋ ਫੇਰ ਚਾਲ ਤੇਜ਼ ਕਰ ਲੈਂਦੀ ਆ ਪਰ ਸੋਹਣੀ ਬੜੀ ਲੱਗਦੀ ਆ। ਇਹਦਾ ਨਾਂ ‘ਵੀਰ ਵਹੁਟੀ” ਬੜਾ ਸੋਚ ਕੇ ਈ ਰੱਖਿਆ ਜਿਵੇਂ ਪੰਜਾਬੀ ਸੱਭਿਆਚਾਰ ‘ਚ ਸਭ ਨੂੰ ਆਪਣੇ ਵੀਰ ਦੀ ਵਹੁਟੀ ਲਾਲ ਸੂਹੇ ਕੱਪੜਿਆਂ ‘ਚ ਬਾਹਲੀ ਸੋਹਣੀ ਲਗਦੀ ਆ ਉਵੇਂ ਇਹ ਸੁਨੀਲ ਵਰਗੇ ਲਾਲ ਕੱਪੜਿਆਂ ‘ਚ ਬਾਹਲੀ ਫਬਦੀ ਆ । ਲਗਦਾ ਹੁਣ ਇਹ ਵੀਰ ਦੀ ਵਹੁਟੀ ਵੀ ਕੀਟਨਾਸ਼ਕ ਦਵਾਈਆਂ ਤੋਂ ਡਰਦੀ ਘੱਟ ਬਾਹਰ ਨਿਕਲਦੀ ਆ ਜਾਂ ਕਿਧਰੇ ਆਪਣੀ ਹੋਂਦ ਹੀ ਗਵਾ ਬੈਠੀ ਆ।

ਚੱਲਦਾ ਫਿਰਦਾ ਸਿਨੇਮਾ

ਗਲੀ ਵਿੱਚ ਆ ਕੇ ਉਹਨੇ ਇਕ ਟੁਣਕਵੀਂ ਅਵਾਜ਼ ਵਿੱਚ ਕਹਿਣਾ, ਦਿੱਲੀ ਦਾ ਕੁਤਰ ਮਿਨਾਰ ਵੇਖੋ, ਬਾਰਾਂ ਮਣ ਦੀ ਧੋਬਣ ਵੇਖੋ, ਨਾਲ ਈ ਉਹਨੇ ਦੱਸ ਦੇਣਾ ਕਿ ਇਕ ਵਾਰੀ ਦੇ ਕਿੰਨੇ ਪੈਸੇ ਲੱਗਣੇ ਹਨ। ਉਦੋਂ ਬਸ ਪੰਜੀ, ਦਸੀ ਵਿੱਚ ਵੇਖ ਲੈਂਦੇ ਸੀ।

ਇਹ ਸਿਨੇਮਾ ਵਾਲ਼ੇ ਭਾਈ ਆਪਣੇ ਸਿਨਮੇ ਨੂੰ ਸਿਰ ‘ਤੇ ਚੁੱਕੀ ਫਿਰਦਾ ਤੇ ਜਦੋਂ ਤਿੰਨ, ਚਾਰ ਜੁਆਕ ਪੈਸੇ ਲੈ ਕੇ ਆ ਜਾਂਦੇ ਤਾਂ ਇਹ ਆਪਣੇ ਸਿਨਮੇ ਦੇ ਫਾਟਕ ਖੋਲਦਾ ਜੋ ਖੋਪਿਆਂ ਵਾਂਗ ਬਣੇ ਹੁੰਦੇ ਸੀ, ਉਹਨਾਂ ਉੱਤੇ ਸੰਗਲੀ ਵਾਲ਼ੇ ਢੱਕਣ ਲੱਗੇ ਹੁੰਦੇ ਸੀ। ਉਹਦੇ ‘ਚ ਅੱਖਾਂ ਐਨ ਬਿਲਕੁਲ ਨਾਲ ਲਾ ਕੇ ਆਲ਼ੇ-ਦੁਆਲ਼ੇ ਦੋਵੇਂ ਹੱਥ ਲਾਉਣੇ ਤਾਂ ਕਿ ਬਾਹਰੋਂ ਚਾਨਣਾ ਨਾ ਪਵੇ, ਬਸ ਜਦੋਂ ਇਹ ਫਿਲਮ ਸ਼ੁਰੂ ਹੁੰਦੀ ਤਾ ਕੁਝ ਸਮੇਂ ਲਈ ਦੁਨੀਆਂ ਈ ਹੋਰ ਹੋ ਜਾਂਦੀ। ਸਾਰਾ ਦਿੱਲੀ ਘੁਮਾ ਦਿੰਦਾ ਵਿੱਚੇ ਆਗਰੇ ਦਾ ਗੇੜਾ ਤੇ ਨਾਲ ਈ ਫਿਲਮੀ ਐਕਟਰ, ਕਈ ਵਾਰ ਦਿਲ ਕਰਦਾ ਦੁਬਾਰਾ ਵੇਖਣ ਨੂੰ ਕਿਉਂਕਿ ਪਿੰਡਾਂ ਵਾਲਿਆਂ ਦੇ ਮਨੋਰੰਜਨ ਦਾ ਇਹ ਇਕ ਸਸਤਾ ਤੇ ਵਧੀਆ ਸਾਧਨ ਸੀ । ਨਾਲੇ ਹੱਸੀ ਜਾਣਾ ਨਾਲ਼ੇ ਵੇਖੀ ਜਾਣਾ, ਇਕ ਦੂਜੇ ਨੂੰ ਪੁੱਛਣਾ ਤੂੰ ਆਹ ਦੇਖਿਆ ਸੀ । ਪਰ ਹੁਣ ਮਨੋਰੰਜਨ ਦੇ ਬਹੁਤ ਸਾਧਨ ਆ ਗਏ, ਜਿਹਨਾਂ ਵਿੱਚ ਇਹ ਸਾਡਾ ਤੁਰਦਾ ਫਿਰਦਾ ਸਿਨੇਮਾ ਅਲੋਪ ਈ ਹੋ ਗਿਆ।

ਗੁੱਲੀ ਡੰਡਾ

ਗੁੱਲੀ ਡੰਡਾ ਪੰਜਾਬ ਦੀ ਇਕ ਹਰਮਨ ਪਿਆਰੀ ਖੇਡ ਆ ਪਰ ਹੁਣ ਇਹਦੀ ਥਾਂ ਕ੍ਰਿਕਟ ਤੇ ਬੇਸਬਾਲ ਨੇ ਲੈ ਲਈ ਹੈ। ਇਸ ਖੇਡ ਨੂੰ ਖੇਡਣ ਲਈ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ, ਇਸ ਖੇਡ ਨੂੰ ਖੇਡਣ ਲਈ ਖਿਡਾਰੀ ਦੋ ਟੋਲੀਆਂ ਬਣਾ ਲੈਂਦੇ ਹਨ ਪੁੱਗ ਪੁਗਾਈ ਹੁੰਦੀ ਹੈ ਜੋ ਪੁੱਗ ‘ਚ ਮੋਹਰੀ ਟੋਲੀ ਹੁੰਦੀ ਹੈ ਉਹ ਵਾਰੀ ਪਹਿਲਾਂ ਲੈਂਦੇ ਹਨ। ਖੇਡਣ ਲਈ ਲੱਕੜੀ ਦਾ ਇਕ ਡੰਡਾ ਜੋ 90 ਕੁ ਸੈਂਟੀਮੀਟਰ ਲੰਬਾ ਤੇ ਲੱਕੜੀ ਦੀ ਗੁੱਲੀ ਜੋ ਦੋਹਾਂ ਸਿਰਿਆਂ ਤੋਂ ਨੋਕਾਂ ਰੱਖ ਕੇ ਘੜੀ ਜਾਂਦੀ ਹੈ। 12 ਤੋਂ 20 ਕੁ ਸੈਂਟੀਮੀਟਰ ਹੁੰਦੀ ਹੈ। ਖੇਡਣ ਦਾ ਸਮਾਨ ਏਹੋ ਹੁੰਦਾ ਪਰ ਖੇਡਣ ਲਈ ਖੁੱਤੀ ਪੱਟੀ ਜਾਂਦੀ ਹੈ ਜਿਸ ਨੂੰ ਲੱਲ੍ਹਾ ਵੀ ਕਹਿੰਦੇ ਹਨ। ਜੋ 12 ਸੈਂਟੀਮੀਟਰ ਤੋਂ 22 ਸੈਂਟੀਮੀਟਰ ਤੱਕ ਹੁੰਦੀ ਹੈ। ਖੇਡ ਸ਼ੁਰੂ ਕਰਨ ਸਮੇਂ ਗੁੱਲੀ ਨੂੰ ਖੁੱਤੀ ਉੱਪਰ ਰੱਖ ਕੇ ਵਾਰੀ ਲੈਣ ਵਾਲ਼ਾ ਖਿਡਾਰੀ ਦੋਹਾਂ ਹੱਥਾਂ ਨਾਲ ਡੰਡੇ ਨਾਲ ਗੁੱਲੀ ਨੂੰ ਦੂਜੀ ਟੋਲੀ ਵੱਲ ਸੁੱਟਦਾ ਤੇ ਉਹ ਗੁੱਲੀ ਬੋਚਣ ਲਈ ਖੜ੍ਹੇ ਹੁੰਦੇ ਹਨ। ਇਸ ਨੂੰ ਰਾਫ਼ ਦੇਣ ਜਾਂ ਓਲ ਦੇਣਾ ਵੀ ਆਖਦੇ ਹਨ ਜੇਕਰ ਦੂਜੀ ਟੀਮ ਦਾ ਖਿਡਾਰੀ ਗੁੱਲੀ ਹੱਥਾਂ ਨਾਲ ਬੋਚ ਲਵੇ ਤਾਂ ਵਾਰੀ ਦੇਣ ਵਾਲਾ ਖਿਡਾਰੀ ਆਪਣੀ ਵਾਰੀ ਗੁਆ ਬਹਿੰਦਾ ਹੈ। ਜੇ ਗੁੱਲੀ ਨਾ ਬੁੱਚੀ ਗਈ ਹੋਵੇ ਤਾਂ ਵਾਰੀ ਲੈਣ ਵਾਲ਼ਾ ਖਿਡਾਰੀ ਡੰਡੇ ਨੂੰ ਖੁੱਤੀ ਦੇ ਆਰ-ਪਾਰ ਕਰਕੇ ਉੱਪਰ ਰੱਖ ਦਿੰਦਾ ਹੈ, ਵਿਰੋਧੀ ਟੀਮ ਦਾ ਖਿਡਾਰੀ ਗੁੱਲੀ ਨੂੰ ਡੰਡੇ ਵੱਲ ਸੁੱਟਦਾ ਹੈ ਜੇ ਗੁੱਲੀ ਡੰਡੇ ਨੂੰ ਛੂਹ ਜਾਵੇ ਤਾਂ ਵਾਰੀ ਦੇਣ ਵਾਲ਼ੇ ਖਿਡਾਰੀ ਦੀ ਵਾਰੀ ਖ਼ਤਮ ਹੋ ਜਾਂਦੀ ਹੈ। ਜੇ ਨਾ ਛੂਹੀ ਜਾਵੇ ਤਾਂ ਵਾਰੀ ਦੇਣ ਵਾਲਾ ਖਿਡਾਰੀ ਡੰਡੇ ਨਾਲ ਗੁੱਲੀ ਨੂੰ ਗੁੱਲ (ਬੱਗ੍ਰ) ਲਾਉਂਦਾ ਹਵਾ ਵਿੱਚ ਉਛਾਲਦਾ ਹੈ। ਬੱਲ੍ਹ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਹੀ ਤਹਿ ਕਰ ਲਏ ਜਾਂਦੇ ਹਨ ਅਤੇ ਅਕਸਰ ਪਹਿਲਾ ਬੱਗ੍ਰ ਲੱਤ ਹੇਠਦੀ ਡੰਡਾ ਘੁਮਾਕੇ ਲਾਇਆ ਜਾਂਦਾ ਹੈ। ਫੇਰ ਦੋ ਜਾਂ ਤਿੰਨ ਬੱਗਾਂ ਨਾਲ ਜਿੱਥੇ ਗੁੱਲੀ ਪਹੁੰਚਦੀ ਹੈ ਉੱਥੋਂ ਇਕ ਵੱਡੀ ਡਿੰਗ ਭਰਕੇ ਲੱਲ੍ਹੇ ‘ਤੇ ਰੱਖੇ ਡੰਡੇ ‘ਤੇ ਨਿਸ਼ਾਨਾ ਲਾਇਆ ਜਾਂਦਾ ਹੈ। ਜੇਕਰ ਗੁੱਲੀ ਜ਼ਿਆਦਾ ਦੂਰ ਨਾ ਜਾ ਸਕੇ ਫਿਰ ਇਕ ਹੋਰ ਨਿਯਮ ਆਕੜ-ਸਾਕੜ ਲਾਂਗ-ਸਾਂਗ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਮੁਤਾਬਕ ਨਿਸ਼ਾਨਾ ਲਾਉਣ ਵਾਲ਼ੇ ਖਿਡਾਰੀ ਨੂੰ ਮੂੰਹ ਉੱਪਰ ਕਰਕੇ ਨਿਸ਼ਾਨਾ ਲਾਉਣਾ ਪੈਂਦਾ ਹੈ। ਜੇ ਗੁੱਲੀ ਡੰਡੇ ਨੂੰ ਛੂਹ ਜਾਵੇ ਤਾਂ ਪਹਿਲੀ ਟੀਮ ਦੇ ਪਹਿਲੇ ਖਿਡਾਰੀ ਦੀ ਵਾਰੀ ਖ਼ਤਮ ਹੋ ਜਾਂਦੀ ਹੈ। ਇਸ ਖੇਡ ਨੂੰ ਖੇਡਣ ਲਈ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ ਆਪਣੀ ਵਾਰੀ ਸੁੱਧੇ ਖਿਡਾਰੀ ਖੇਡਦੇ ਰਹਿੰਦੇ ਹਨ। ਅਫ਼ਸੋਸ ਹੁਣ ਇਹ ਖੇਡ ਬਹੁਤ ਘੱਟ ਖੇਡੀ ਜਾਂਦੀ ਹੈ ਜਦਕਿ ਇਹਦੇ ‘ਤੇ ਕੋਈ ਬਹੁਤ ਖਰਚ ਵੀ ਨਹੀਂ ਆਉਂਦਾ। ਹਾਂ ਖੇਡ ਪਰ ਪੂਰੇ ਧਿਆਨ ਨਾਲ ਗੁੱਲੀ ‘ਤੇ ਹਰ ਸਮੇਂ ਨਿਗਾ ਰੱਖਕੇ ਖੇਡਣੀ ਪੈਂਦੀ ਹੈ ਕਿਉਂਕਿ ਕਿਸੇ ਵੀ ਵੇਲ਼ੇ ਗੁੱਲੀ ਤੁਹਾਡੇ ਅੱਖ-ਮੂੰਹ ’ਤੇ ਲੱਗ ਸਕਦੀ ਹੈ। ਹੁਣ ਸਾਡੇ ਬੱਚਿਆਂ ਨੂੰ ਮਹਿੰਗੀਆਂ ਖੇਡਾਂ ਦਾ ਝੱਸ ਪੈ ਗਿਆ ਤੇ ਜ਼ਿਆਦਾਤਰ ਬੱਚੇ ਮੋਬਾਈਲ ‘ਤੇ ਹੀ ਖੇਡਦੇ ਰਹਿੰਦੇ ਹਨ। ਸਾਨੂੰ ਆਪਣੇ ਬੱਚਿਆਂ ਨੂੰ ਇਹ ਅਲੋਪ ਹੋ ਰਹੀਆਂ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।

ਬੰਟੇ ਖੇਲਣਾ ਜਾਂ ਗੋਲ਼ੀਆਂ ਖੇਲਣਾ

ਪਹਿਲਾਂ ਪੇਂਡੂ ਖੇਡਾਂ ਟੈਲੀਵਿਜ਼ਨ ਨੇ ਖੋਹਲੀਆਂ ਤੇ ਰਹਿੰਦੀਆਂ ਖੂੰਹਦੀਆਂ ਮੋਬਾਈਲ ਨੇ ਖੋਹ ਲਈਆਂ । ਬੱਚੇ ਕੋਸੀ ਕੋਸੀ ਧੁੱਪ ‘ਚ ਜ਼ਿਆਦਾਤਰ ਬੰਟੇ (ਕੰਚੇ) ਖੇਲਦੇ ਸੀ। ਬੰਟੇ ਖੇਲਣ ਲਈ ਧਰਤੀ ‘ਤੇ ਖੁੱਤੀ ਪੱਟੀ ਜਾਂਦੀ, ਫੇਰ ਪੁਗ-ਪੁਗਾਈ ਹੁੰਦੀ। ਖੁੱਤੀ ਤੋਂ ਅੱਗੇ ਇਕ ਲਾਈਨ ਮਾਰ ਲੈਂਦੇ ਜਿੱਥੋਂ ਖੜ੍ਹ ਕੇ ਖੁੱਤੀ ’ਚ ਬੰਟੇ ਪਾਉਂਦੇ ਸੀ ਜੋ ਖੁੱਤੀ ‘ਚ ਪੈ ਜਾਂਦੇ ਉਹ ਵਾਰੀ ਵਾਲ਼ੇ ਦੇ ਹੁੰਦੇ ਬਾਕੀ ਜੋ ਬਾਹਰ ਰਹਿ ਜਾਂਦੇ, ਦੂਜਾ ਦੱਸਦਾ ਬਈ ਇਹਦੇ ਚੋਟ ਲਾ। ਚੋਟ ਲਾਉਣ ਲਈ ਵੱਡਾ ਗੋਲ਼ਾ ਵੀ ਹੁੰਦਾ ਸੀ। ਜੇ ਦੱਸੀ ਗੋਲ਼ੀ ‘ਤੇ ਚੋਟ ਲੱਗ ਜਾਂਦੀ ਹੈ ਤਾਂ ਉਹ ਬੰਟੇ ਚੋਟ ਵਾਲ਼ੇ ਨੂੰ ਮਿਲ ਜਾਂਦੇ ਹਨ ਅਤੇ ਜੇਕਰ ਚੋਟ ਲਾਉਣ ਵੇਲ਼ੇ ਗੋਲ਼ੀ ਕਿਸੇ ਹੋਰ ਗੋਲ਼ੀ ਨਾਲ਼ ਟਕਰਾ ਜਾਵੇ ਤਾਂ ਫਿਰ ਚੋਟ ਲਾਉਣ ਵਾਲ਼ੇ ਨੂੰ ਆਪਦੇ ਕੋਲ਼ੋਂ ਇਕ ਗੋਲੀ ਦਾ ਰਣੂੰਆਂ ਪਾ ਕੇ ਅਗਲੇ ਖਿਡਾਰੀ ਨੂੰ ਬੰਟੇ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਖੇਲ ਚੱਲਦੀ ਰਹਿੰਦੀ ਹੈ ਤੇ ਬੰਟਿਆਂ ਦੀ ਗਿਣਤੀ ਵਧਦੀ ਜਾਂਦੀ ਹੈ। ਕਈ ਵਾਰੀ ਕੋਈ ਠੀਕ ਚੋਟ ਲਾ ਕੇ ਸਾਰੇ ਬੰਟੇ ਜਿੱਤ ਵੀ ਲੈਂਦਾ ਹੈ ਫਿਰ ਨਵੀਂ ਪੀਤੀ ਸ਼ੁਰੂ ਹੁੰਦੀ ਹੈ। ਫੇਰ ਦੋ ਚਾਰ ਜਣੇ ਰਲ਼ ਕੇ ਆਪਣਾ ਆਪਣਾ ਇਕ ਇਕ ਬੰਟਾ ਪਾਉਂਦੇ ਤੇ ਖੜਕਾ ਕੇ ਸਿੱਟਦੇ ਤੇ ਆਪਣੀ ਵਾਰੀ ਅਨੁਸਾਰ ਚੋਟ ਲਾਉਂਦੇ ਤੇ ਖੁੱਤੀ ਤੱਕ ਪਹੁੰਚ ਕਰਦੇ।

ਇਕ ਹੋਰ ਖੇਡ ਵਿੱਚ ਗੋਲ਼ਦਾਰੇ ਵਿੱਚ ਸਾਰੇ ਬੰਟੇ ਚਿਣਦੇ ਤੇ ਚੋਟ ਲਾ ਕੇ ਦਾਇਰੇ ਵਿੱਚੋਂ ਬੰਟੇ ਬਾਹਰ ਕੱਢਦੇ ਤੇ ਜਿੱਤਦੇ। ਬੱਚੇ ਕੱਚ ਦੀਆਂ ਗੋਲੀਆਂ ਜਿੱਤ ਜਿੱਤ ਕੁੱਜੇ ਭਰ ਲੈਂਦੇ। ਜ਼ਿਆਦਾਤਰ ਬੰਟੇ ਮੁੰਡੇ ਖੇਡਦੇ ਸਨ, ਕੁੜੀਆਂ ਘੱਟ ਪਰ ਇਹ ਸਭ ਕੁਝ ਹੁਣ ਵਿਸਰਦਾ ਜਾ ਰਿਹਾ। ਨਵੀਆਂ ਖੇਡਾਂ ਆ ਗਈਆਂ, ਮੋਬਾਈਲ ਦੀਆਂ ਖੇਡਾਂ, ‘ਪੱਬਜੀ’ ਜਿਹਨਾਂ ਦਾ ਬੱਚਿਆਂ ‘ਤੇ ਬਹੁਤ ਮਾੜਾ ਅਸਰ ਪੈਂਦਾ, ਅੱਖਾਂ ਖਰਾਬ ਹੁੰਦੀਆਂ ਨੇ, ਬੱਚੇ ਘਰੋਂ ਬਾਹਰ ਨਿਕਲ ਕੇ ਰਾਜੀ ਨਹੀਂ ਬਸ ਮੋਬਾਈਲ ਲੈ ਕੇ ਬੈਠੇ ਰਹਿੰਦੇ ਨੇ।

ਸਾਨੂੰ ਬੱਚਿਆਂ ਨੂੰ ਇਹ ਵਿਸਰ ਰਹੀਆਂ ਖੇਡਾਂ ਬਾਰੇ ਦੱਸ ਕੇ ਬੱਚਿਆਂ ਨੂੰ ਇਹੋ ਜਿਹੀਆਂ ਖੇਡਾਂ ਖੇਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। 

ਹੱਥੀਂ ਦਰੀਆਂ ਬੁਣਨ ਦੀ ਕਲਾ

ਹੱਥੀਂ ਦਰੀਆਂ ਬੁਣਨਾ ਸ਼ੌਕ ਵੀ ਰਿਹਾ ਤੇ ਕਿੱਤਾ ਵੀ । ਘਰ ਬੁਣੀਆਂ ਦਰੀਆਂ ਵੀ ਅਨੋਖੀ ਵਿਰਾਸਤ ਹਨ ਜੋ ਹੁਣ ਵਿਸਰ ਰਹੀਆਂ ਹਨ । ਦਰੀ ਬੁਣਨਾ ਸੌਖਾ ਕੰਮ ਨਹੀਂ, ਕਪਾਹ ਚੁਗਣੀ, ਪੰਜਾਉਣੀ, ਸੂਤ ਕੱਤਣਾ, ਅਟੇਰਨਾ, ਰੰਗਣਾ, ਰੰਗ ਕੇ ਸੁਕਾਉਣਾ, ਲੱਛਿਆਂ ਦੇ ਗੋਲੇ ਕਰਨੇ ਤੇ ਗੋਲਿਆਂ ਦੀਆਂ ਛੋਟੀਆਂ ਗੁੱਛੀਆਂ ਜੋ ਤਾਣੇ ‘ਚੋਂ ਲੰਘ ਸਕਣ। ਤਾਣਾ ਅਲੱਗ ਤਿਆਰ ਕਰਨਾ । ਦਰੀ ਬੁਣਨ ਲਈ ਏਨੀ ਤਿਆਰੀ ਕਰਨੀ ਪੈਂਦੀ ਸੀ । ਦਰੀ ਅੱਡੇ ‘ਤੇ ਤਣੀ ਜਾਂਦੀ ਸੀ, ਕਈ ਵਾਰ ਫਰਸ਼ ‘ਚ ਕੁੰਡੇ ਲਵਾ ਲਏ ਜਾਂਦੇ ਸਨ ਦਰੀ ਬੁਣਨ ਲਈ ਪਰ ਅੱਡੇ ਦੀ ਮੌਜ ਸੀ ਜਿੱਥੇ ਮਰਜ਼ੀ ਰੱਖ ਕੇ ਬੁਣ ਲਵੋ। ਦਰੀ ਬੁਣਨ ਲਈ ਅੱਡਾ, ਘੋੜੀ, ਪਣਖ, ਪੰਜੇ ਇਹਨਾਂ ਖ਼ਾਸ ਸੰਦਾਂ ਤੋਂ ਬਿਨਾਂ ਦਰੀ ਹੱਥੀਂ ਬੁਣੀ ਹੀ ਨਹੀਂ ਜਾ ਸਕਦੀ।

ਦਰੀਆਂ ਬੁਣਨ ਦਾ ਕੰਮ ਸਾਡੀਆਂ ਮਾਤਾਵਾਂ ਹਮੇਸ਼ਾਂ ਜੂਨ, ਜੁਲਾਈ ਦੇ ਮਹੀਨੇ ਹੀ ਕਰਦੀਆਂ ਸਨ ਇਕ ਤਾਂ ਦਿਨ ਵੱਡੇ ਹੁੰਦੇ ਸਨ, ਇਕ ਜੇ ਘਰ ਦੀਆਂ ਕੁੜੀਆਂ ਪੜ੍ਹਦੀਆਂ ਸਨ ਤਾਂ ਸਕੂਲ ਕਾਲਜ ਤੋਂ ਛੁੱਟੀਆਂ ਹੁੰਦੀਆਂ ਸਨ ਕਿਉਂਕਿ ਘਰ ਦੀਆਂ ਕੁੜੀਆਂ ਨੂੰ ਵੀ ਇਹੋ ਜਿਹੇ ਕੰਮ ਜ਼ਰੂਰ ਸਿਖਾਉਣੇ ਹੁੰਦੇ ਸਨ ਤਾਂ ਜੋ ਉਹ ਆਪਣੇ ਸਹੁਰੇ ਘਰ ਜਾ ਕੇ ਇਹ ਨਾ ਅਖਵਾਉਣ ਕਿ ਕੁੜੀ ਨੂੰ ਕੁਝ ਨਹੀਂ ਆਉਂਦਾ। ਰੋਟੀ ਟੁੱਕ ਦੇ ਨਾਲ ਮਾਵਾਂ ਆਪਣੀਆਂ ਧੀਆਂ ਨੂੰ, ਸਿਲਾਈ, ਕਢਾਈ ਤੇ ਦਰੀਆਂ ਬੁਣਨੀਆਂ ਵੀ ਜ਼ਰੂਰ ਸਿਖਾਉਂਦੀਆਂ ਸਨ ਤਾਂ ਜੋ ਸਹੁਰੇ ਘਰ ਉਹਦਾ ਮਾਣ ਇੱਜਤ ਹੋਵੇ ।

ਦਰੀ ਬੁਣਨਾ ਦੋ ਜਣੀਆਂ ਦਾ ਕੰਮ ਆ ਜਿਵੇਂ ਮਾਂਵਾਂ ਧੀਆਂ, ਦੋ ਭੈਣਾਂ, ਸਹੇਲੀਆਂ ਤੇ ਨਣਦ ਭਰਜਾਈ। ਦਰੀ ਦਾ ਤਾਣਾ ਤਣਿਆ ਜਾਂਦਾ, ਢਿੱਲ ਵੇਖੀ ਜਾਂਦੀ, ਤਾਣਾ ਤਣ ਕੇ ਘੋੜੀ ਦੇ ਨਾਲ ਕੁੰਡੀਆਂ ਪਾਈਆਂ ਜਾਂਦੀਆਂ ਜਿੱਥੋਂ ਦਮ ਸਿੱਟਿਆ ਜਾਂਦਾ । ਪੰਜਿਆਂ ਨਾਲ ਦਰੀ ਠੋਕ ਠੋਕ ਕੇ ਬੁਣੀ ਜਾਂਦੀ, ਥੋੜ੍ਹੀ ਜਿਹੀ ਬੁਣਨ ਤੋਂ ਬਾਅਦ, ਨਾਲੋਂ ਨਾਲ ਮੋਟੇ ਕੱਪੜੇ ਨਾਲ ਜਿੰਨੀ ਕੁ ਦਰੀ ਬੁਣ ਹੁੰਦੀ ਉਹ ਮੈਲ਼ੀ ਹੋਣ ਤੋਂ ਢੱਕ ਦਿੱਤੀ ਜਾਂਦੀ ਸੀ। ਦਰੀਆਂ ਰੰਗ- ਬਰੰਗੇ ਸੂਤ ਦੀਆਂ ਬੁਣੀਆਂ ਜਾਂਦੀਆਂ । ਦਰੀਆਂ ‘ਚ ਤਰ੍ਹਾਂ ਤਰਾਂ ਦੇ ਨਮੂਨੇ (ਡਿਜ਼ਾਈਨ) ਪਾਏ ਜਾਂਦੇ ਜਿਵੇਂ ਵੇਲ਼ਾਂ, ਤੋਤੇ, ਚਿੜੀਆਂ, ਮੋਰ ਗੱਲ ਕੀ ਪੂਰੀਆਂ ਰੀਝਾਂ ਲਾ ਦਿੱਤੀਆਂ ਜਾਂਦੀਆਂ। ਜੇ ਕੋਈ ਪਿੰਡ ‘ਚੋਂ ਹੋਰ ਬੀਬੀ ਭੈਣ ਨਮੂਨਾ ਮੰਗਣ ਆਉਂਦੀ ਕਈ ਵਾਰ ਜਵਾਬ ਦੇ ਦਿੱਤਾ ਜਾਂਦਾ ਕਿ ਕਿਤੇ ਮੇਰਾ ਨਮੂਨਾ ਪੁਰਾਣਾ ਨਾ ਹੋ ਜਾਵੇ, ਆਪਸ ਵਿੱਚ ਗੁੱਸੇ-ਗਿਲੇ ਵੀ ਹੋ ਜਾਂਦੇ । ਘਰ ਦੀ ਬਜ਼ੁਰਗ ਬੇਬੇ ਗੁੱਟੀਆਂ ਦਾ ਕੰਮ ਕਰ ਦਿੰਦੀ। ਦਰੀਆਂ ਕੁੜੀ ਦੇ ਦਾਜ ਵਿੱਚ ਦਿੱਤੀਆਂ ਜਾਂਦੀਆਂ, ਜਿਵੇਂ ਪੰਜ ਬਿਸਤਰੇ ਦੇਣ ਤਾਂ ਪੰਜ ਦਰੀਆਂ, ਜੇ ਸੱਤ, ਨੌਂ ਤਾਂ ਓਨੀਆਂ ਹੀ ਦਰੀਆਂ ਦਿੱਤੀਆਂ ਜਾਂਦੀਆਂ । ਇਸ ਤਰ੍ਹਾਂ ਘਰ ਦਰੀਆਂ ਬੁਣ ਕੇ ਘਰ ਦੀ ਧੀ ਦਾ ਦਾਜ ਤਿਆਰ ਕੀਤਾ ਜਾਂਦਾ। ਜਦੋਂ ਦਰੀ ਅਖ਼ੀਰ ‘ਤੇ ਜਾਂਦੀ ਓਦੋਂ ਮਸਾਂ ਬੁਣ ਹੁੰਦੀ, ਤਾਣੇ ‘ਚ ਕਸਾ ਵੱਧ ਜਾਂਦਾ ਸੀ ਤੇ ਹੱਥ ਉਧੜ ਜਾਂਦੇ ਸੀ । ਜਿਉਂ ਜਿਉਂ ਬੁਣੀ ਦਰੀ ਅੱਗੇ ਵਧਦੀ ਜਾਂਦੀ ਬੁਣਨ ਵਾਲੀਆਂ ਬੀਬੀਆਂ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ।

ਸੋਚਣ ਵਾਲੀ ਗੱਲ ਆ ਕਿ ਧੰਨ ਸਾਡੀਆਂ ਮਾਤਾਵਾਂ ਘਰ ਦੇ ਸਾਰੇ ਕੰਮ ਆਪ ਕਰਨੇ, ਖੇਤ ਰੋਟੀ ਵੀ ਦੇਣੀ, ਡੰਗਰ, ਪਸ਼ੂ ਵੀ ਸਾਂਭਣਾ, ਚੌਂਕਾ-ਚੁੱਲ੍ਹਾ ਤਾਂ ਕਰਨਾ ਈ ਹੁੰਦਾ ਸੀ ਪਰ ਫੇਰ ਵੀ ਦਰੀ ਬੁਣਨ ਨੂੰ ਝੁੱਟੀ ਲਾ ਦਿੰਦੀਆਂ । ਦਰੀ ਬੁਣਦੀਆਂ ਕਦੇ ਗੀਤ ਵੀ ਛੋਹ ਲੈਂਦੀਆਂ:

“ਜੀ ਵੇ ਸੋਹਣਿਆ ਜੀਅ,

 ਜੇ ਤੂੰ ਫੁੱਲ ਗੁਲਾਬ ਦਾ

 ਮੈਂ ਚੰਬੇ ਦੀ ਕਲੀ।

ਜੀ ਵੇ ਸੋਹਣਿਆ ਜੀਅ,

ਜੇ ਤੂੰ ਪਲੰਘ ਨਵਾਰ ਦਾ

ਮੈਂ ਰੇਸ਼ਮ ਦੀ ਦਰੀ।”

ਦਰੀ ਬੁਣਨ ਤੋਂ ਬਾਅਦ, ਦਰੀ ਦੇ ਜੋ ਦੋਹੀਂ ਲੰਬਾਈ ਵਾਲ਼ੇ ਪਾਸੇ ਧਾਗੇ ਲਮਕਦੇ ਉਹਨਾਂ ਦੇ ਮਗਰੋਂ ਬੰਬਲ ਵੀ ਵੱਟੇ ਜਾਂਦੇ । ਇਸ ਤਰ੍ਹਾਂ ਇਕ ਇਕ ਦਰੀ ਉੱਤੇ ਲੰਮਾ ਸਮਾਂ ਲਾ ਕੇ ਕੀਤੀ ਮਿਹਨਤ ਅਖ਼ੀਰ ਨੂੰ ਕਲਾ ਦਾ ਇਕ, ਉੱਤਮ ਨਮੂਨਾ ਹੋ ਨਿਬੜਦੀ।

ਅੱਜ-ਕੱਲ੍ਹ ਪਸ਼ਮ ਅਤੇ ਲੀਰਾਂ ਦੀਆਂ ਦਰੀਆਂ ਵੀ ਬੁਣੀਆਂ ਜਾਂਦੀਆਂ ਹਨ।

ਹੱਥੀਂ ਨਾਲੇ ਬੁਣਨ ਦੀ ਕਲਾ

ਜਦੋਂ ਦਸਵੀਂ ਦੇ ਫਾਈਨਲ ਪੇਪਰ ਹੋ ਗਏ ਤਾਂ ਮਾਂ ਨੇ ਅੱਡੇ ‘ਤੇ ਨਾਲ਼ਾ ਬੁਣਨਾ ਸਿਖਾਇਆ, ਬੜਾ ਚਾਅ ਸੀ ਸਿੱਖਣ ਦਾ । ਸਾਡੇ ਘਰੇ ਅੱਡਾ ਸੀ ਨਾਲੇ ਬੁਣਨ ਵਾਲਾ । ਸਮਰਾਲਾ ਸ਼ਹਿਰ ਤੋਂ ਟਸਰ ਦੀਆਂ ਰੰਗ-ਬਰੰਗੀਆਂ ਅੱਟੀਆਂ ਪਾਪਾ ਤੋਂ ਮੰਗਾਉਣੀਆਂ, ਗੋਲ਼ੇ ਕਰਨਾ। ਸਰਕੜੇ ਦੇ ਖਾਸੇ ਕਾਨੇ ਮਾਂ ਨੇ ਘੜ ਕੇ ਰੱਖੇ ਹੋਏ ਸੀ। ਕਈ ਬੀਬੀਆਂ ਮੰਜੇ ‘ਤੇ ਵੀ ਨਾਲਾ ਬੁਣ ਲੈਂਦੀਆਂ ਸੀ। ਨਮੂਨੇ ਮੁਤਾਬਕ ਨਾਲ਼ੇ ਦਾ ਤਾਣਾ ਤਣਿਆ ਜਾਂਦਾ ਸੀ । ਨਾਲ਼ਾ ਦੋਵਾਂ ਹੱਥਾਂ ਨਾਲ ਬੁਣਿਆ ਜਾਂਦਾ, ਇਕ ਵਾਰ ਖੱਬੇ ਤੋਂ ਸੱਜੇ ਫੇਰ ਸੱਜੇ ਤੋਂ ਖੱਬੇ, ਇਹਨੂੰ ਕਿਲਾਬੰਦੀ ਦਾ ਨਮੂਨਾ ਕਹਿਣਾ ਮਾਂ ਤੇ ਦਾਦੀ ਹੋਰਾਂ । ਡੱਬੀਆਂ ਵਾਲ਼ੇ ਨਾਲ਼ੇ ਨੂੰ ਮੁਰੱਬਾਬੰਦੀ ਵਾਲਾ ਨਾਲਾ ਤੇ ਦੋ ਰੰਗੇ ਨੂੰ ਲਹਿਰੀਆ ਵਾਲ਼ਾ । ਹੱਥਾਂ ਦੀ ਕਸਰਤ ਵੱਧ ਹੁੰਦੀ ਸੀ ਨਾਲਾ ਬੁਣਨ ਵੇਲੇ । ਨਾਲਾ ਬੁਣਦਿਆਂ ਵਿੱਚ ਕਾਨੇ ਪਾਈ ਜਾਣੇ ਫੇਰ ਠੋਕ ਠੋਕ ਜਦੋਂ ਕਾਨੇ ਕੱਢਣੇ ਉਦੋਂ ਮੈਨੂੰ ਬਹੁਤ ਵਧੀਆ ਲਗਦਾ। ਅਖੀਰ ਤੇ ਆ ਕੇ ਜਦੋਂ ਥੋੜ੍ਹਾ ਰਹਿ ਜਾਂਦਾ ਉਦੋਂ ਨਾਲ਼ਾ ਬਹੁਤ ਔਖਾ ਬੁਣ ਹੁੰਦਾ ਸੀ ਜਦੋਂ ਤਾਣਾ ਥੋੜ੍ਹਾ ਜਿਹਾ ਬਚ ਜਾਂਦਾ ਧਾਗਿਆਂ ਨੂੰ ਕੱਟ ਲਿਆ ਜਾਂਦਾ ਸੀ । ਬਚੇ ਧਾਗਿਆਂ ਨੂੰ ਵਲੇਵੇਂ ਵਾਲੀਆਂ ਗੰਢਾਂ ਮਾਰ ਕੇ ਨਾਲੇ ਦੇ ਦੋਵੀਂ ਪਾਸੀ ‘ਹਰੜ’ ਬਣਾਈ ਜਾਂਦੀ ।

ਮੇਰੇ ਕੋਲ ਅਜੇ ਵੀ ਘਰ ਦੇ ਬੁਣੇ ਨਾਲ਼ੇ ਪਏ ਹਨ। ਸਾਡੇ ਦਾਦੀ ਜੀ ਬਚਿੰਤ ਕੌਰ ਇਕ ਬਹੁਤ ਸਚਿਆਰੀ ਤੇ ਸੁਹੰਨਰੀ ਔਰਤ ਸਨ, ਉਹਨੇ ਦੱਸਣਾ ਕਿ ਸਾਡੇ ਸਮਿਆਂ ਵਿੱਚ ਵਧੀਆ ਤੋਂ ਵਧੀਆ ਘੱਗਰਾ ਤੇ ਸੱਜੇ ਪਾਸੇ ਵੱਡਾ ਲਮਕਦਾ ਨਾਲਾ ਜਿਸ ਦੀਆਂ ਹਰੜਾਂ ਨੂੰ ਘੁੰਗਰੂ ਤੇ ਲੋਗੜੀ ਦੇ ਫੁੱਲ ਲਾਏ ਹੁੰਦੇ ਸੀ ਜੇ ਕਿਸੇ ਦੇ ਇਹ ਸਾਰਾ ਕੁਝ ਹੋਣਾ ਉਸ ਔਰਤ ਨੂੰ ਸਚਿਆਰੀ ਤੇ ਹੁਨਰਮੰਦ ਸਮਝਿਆ ਜਾਂਦਾ ਸੀ ਅਸੀਂ ਹੱਸ ਪੈਣਾ ਤੇ ਕਹਿਣਾ, ਬੇਜੀ ਭਲਾਂ ਚਲੋ ਘੱਗਰਾ ਤਾਂ ਹੋਇਆ ਪਰ ਨਾਲ਼ਾ ਲਮਕਣਾ ਵੀ ਸਚਿਆਰਪੁਣੇ ‘ਚ ਆਉਂਦਾ ਤੇ ਉਹਨਾਂ ਨੇ ਹੱਸ ਵੀ ਪੈਣਾ ਤੇ ਆਖਣਾ ਆਹੋ ਜੇ ਕਿਸੇ ਦਾ ਘੱਗਰਾ ਬੁਸਾ ਜਿਹਾ ਜਾਣੀ ਠੀਕ ਜਿਹਾ ਹੋਣਾ ਤਾਂ ਬੀਬੀਆਂ ਨੇ ਕਹਿਣਾ ਜਿਹੋ ਜਿਹਾ ਘੱਗਰਾ ਉਹੋ ਜਿਹੀ ਵਹੁਟੀ । ਬੀਬੀਆਂ ਦੇ ਅੰਦਾਜ਼ੇ ਸਹੀ ਹੁੰਦੇ ਸੀ।

ਅਫ਼ਸੋਸ ਹੁਣ ਨਾਲ਼ੇ ਘਰੇ ਨਹੀਂ ਬੁਣੇ ਜਾਂਦੇ, ਬਜਾਟੋਂ ਮੀਟਰਾਂ ‘ਚ ਮਿਲਦੇ ਹਨ। ਹੁਣ ਨਾਲ਼ਾ ਬੰਨ੍ਹਣ ਦਾ ਚੱਜ ਵੀ ਘੱਟ ਈ ਆ, ਲਾਸਟਿਕ ਜੋ ਹੈ। ਹੱਥੀਂ ਨਾਲ਼ਾ ਬੁਣਨ ਦੀ ਕਲਾ ਲਗਭਗ ਖ਼ਤਮ ਈ ਹੋ ਚੁੱਕੀ ਆ ਪਰ ਇਹ ਪਿਆਰ ਨਾਲ ਹੱਥੀਂ ਬੁਣੀਆਂ ਸਾਡੀਆਂ ਨਾਨੀਆਂ, ਦਾਦੀਆਂ, ਮਾਵਾਂ, ਭੂਆ ਤੇ ਮਾਸੀਆਂ ਦੀਆਂ ਯਾਦਾਂ ਈ ਤਾਂ ਹਨ।

ਬਹੁਤੀਆਂ ਬੀਬੀਆਂ ਤਾਂ ਇਉਂ ਵੀ ਕਹਿ ਦਿੰਦੀਆਂ ਹਨ :

ਜਿੰਦ ਮਾਹੀ ਜੇ ਚੱਲਿਆਂ, ਪਟਿਆਲੇ 

ਉਥੋਂ ਲਿਆਵੀਂ ਰੇਸ਼ਮੀ ਨਾਲ਼ੇ,

ਅੱਧੇ ਚਿੱਟੇ ਤੇ ਅੱਧੇ ਕਾਲ਼ੇ ।

ਤੋਪਾ

ਤੋਪਾ, ਸੂਈ ਨਾਲ ਲਾਇਆ ਇਕ ਟਾਂਕਾ ਹੁੰਦਾ ਹੈ ਪਰ ਹੁਣ ਨਵੀਂ ਪੀੜ੍ਹੀ ਨੂੰ ਇਸ ਬਾਰੇ ਕੀ ਪਤਾ ? ਹੁਣ ਤਾਂ ਸਟਿੱਚ/ਸਟਿਚਿੰਗ ਹੁੰਦੀ ਰਹਿੰਦੀ ਆ। ਇਹ ਤੋਪੇ ਚਾਦਰਾਂ, ਸਰ੍ਹਾਣੇ, ਰੁਮਾਲ, ਫੁਲਕਾਰੀ ਕੱਢਣ ਵੇਲ਼ੇ ਪਾਏ ਜਾਂਦੇ ਸਨ । ਹੁਣ ਵੀ ਪਾਏ ਜਾਂਦੇ ਹਨ ਪਰ ਹੁਣ ਇਹਦਾ ਨਾਮਕਰਨ ਹੋਰ ਹੋ ਗਿਆ ਹੈ: ਜਿਵੇਂ ਕਰੌਸ ਸਟਿੱਚ, ਸਿੰਧੀ ਸਟਿੱਚ ਭਰਵੀਂ ਪੱਤੀ, ਦਸੂਤੀ ਤੇ ਫੁਲਕਾਰੀ ਆਦਿ।

ਪਰ ਬੋਲ ਕੇ ਦੇਖੋ ਤੋਪਾ ਤੇ ਸਟਿੱਚ । ਪਿਆਰ ਤਾਂ ਤੋਪੇ ‘ਚ ਈ ਆਉਂਦਾ ਹੈ। ਅੰਮ੍ਰਿਤਾ ਪ੍ਰੀਤਮ ਲਿਖਦੀ ਹੈ:

“ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ ।”

ਬੜਾ ਸੋਹਣਾ ਗੀਤ ਗਾਇਆ ਕੁਲਦੀਪ ਮਾਣਕ ਹੋਰਾਂ ਨੇ ‘ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ।’ ਦਸੂਤੀ ਤੇ ਕਢਾਈ ਵੇਲ਼ੇ ਤੋਪੇ ਗਿਣ ਕੇ ਪਾਏ ਜਾਂਦੇ ਨੇ, ਫੁਲਕਾਰੀ, ਬਾਗ਼ ਦੇ ਤੋਪੇ ਕੱਪੜੇ ਦੇ ਪੁੱਠੇ ਪਾਸੇ ਤੋਂ ਪਾਏ ਜਾਂਦੇ ਹਨ। ਸਿੱਧੀ ਤੇ ਭਰਵੀਂ ਪੱਤੀ ਦੇ ਤੋਪੇ ਕੱਪੜੇ ਦੇ ਸਿੱਧੇ ਪਾਸੇ ਤੋਂ ਹੀ ਪਾਏ ਜਾਂਦੇ ਹਨ ।

ਅਫ਼ਸੋਸ ਹੁਣ ਮਸ਼ੀਨੀ ਕੰਮ ਆ ਗਿਆ ਹੈ ਤੇ ਹੁਣ ਤਾਂ ਕਢਾਈਆਂ ਵੀ ਕੰਪਿਊਟਰ ਨਾਲ ਹੁੰਦੀਆਂ ਹਨ ਪਰ ਅਸਲ ‘ਤੋਪਾ’ ਹੱਥ ਨਾਲ ਈ ਪਾਇਆ ਜਾਂਦਾ ਹੈ ।

ਜਦੋਂ ਚਾਦਰ ਕੱਢਣ ਲਈ ਲਾਈ ਹੁੰਦੀ ਸੀ ਤਾਂ ਕਦੇ ਮਚੱਲ ਜਿਹੀ ਮਾਰ ਜਾਣੀ ਤਾਂ ਮਾਂ ਨੇ ਕਹਿਣਾ, ਜਿਹੜੀ ਲਾਈ ਆ, ਉਹ ਮੈਲ਼ੀ ਹੁੰਦੀ ਆ, ਉਹਦਾ ਵੀ ਤੋਪਾ ਪਾ ਲਵੋ ਤੇ ਇਕ-ਇਕ ਤੋਪਾ ਪਾ ਕੇ ਪੂਰੀ ਚਾਦਰ ਕੱਢੀ ਜਾਂਦੀ ਸੀ। ਉਹ ਤੋਪਿਆਂ ’ਚ ਰੀਝਾਂ ਹੁੰਦੀਆਂ ਸੀ । ਉਹ ਪਿਆਰ ਨਾਲ ਪਾਏ ਜਾਂਦੇ ਸੀ ।

ਵੱਡੇ ਸੂਏ ਨਾਲ ਕਣਕ, ਮੱਕੀ ਦੀਆਂ ਬੋਰੀਆਂ ਦੇ ਮੂੰਹ ਸਿਉਂਤੇ ਜਾਂਦੇ ਸੀ । ਉਨ੍ਹਾਂ ਨੂੰ ਤੋਪੇ ਲਾਉਣਾ ਈ ਕਿਹਾ ਜਾਂਦਾ ਸੀ । ਹੁਣ ਸਾਰੇ ਤੋਪੇ ਮਸ਼ੀਨੀ ਹੋ ਗਏ ਹਨ । ਬੜੀ ਦਿਲ ਨੂੰ ਖਿੱਚ ਪੈਂਦੀ ਆ ਕਿ ਅਸੀਂ ਸਭ ਕੁਝ ਭੁੱਲੀ ਜਾ ਰਹੇ ਹਾਂ । ਹੁਣ ‘ਤੋਪਾ’ ਕੀਹਦਾ ਵਿਚਾਰਾ ਜਿਹੜਾ ਯਾਦ ਰਹੂ ਪਰ ਇਕ ਆਸ ਹੈਗੀ ਆ ਕਿ ਸ਼ਾਇਦ ਜੋ ਬੀਬੀਆਂ ਫੁਲਕਾਰੀ ਹੱਥੀਂ ਕੱਢਣਗੀਆਂ, ਉਹ ਕਦੇ ਕਦਾਈਂ ਤੋਪੇ ਨੂੰ ਯਾਦ ਕਰ ਲੈਣਗੀਆਂ, ਨਹੀਂ ਤਾਂ ‘ਤੋਪਾ’ ਹੁਣ ਟਾਂਕਾ ਤੇ ਸਟਿੱਚ ਬਣ ਕੇ ਰਹਿ ਗਿਆ। ਆਓ, ਵਿਰਸੇ ਨੂੰ ਨਾ ਵਿਸਾਰੀਏ ‘ਤੋਪੇ’ ਨੂੰ ਵੀ ਯਾਦ ਰੱਖੀਏ।

ਬੁੱਕਲ 

ਚੁੰਨੀ ਔਰਤ ਦੇ ਸ਼ਿੰਗਾਰ ਦਾ ਹਿੱਸਾ ਹੈ ਪਰ ਚੁੰਨੀ ਜੇ ਬੁੱਕਲ ਮਾਰ ਕੇ ਲਈ ਜਾਵੇ ਤਾਂ ਔਰਤ ਦੇ ਸੁਹੱਪਣ ਨੂੰ ਚਾਰ ਚੰਨ ਲਾ ਦਿੰਦੀ ਹੈ। ਮੈਨੂੰ ਚੁੰਨੀ ਦੀ ਬੁੱਕਲ ਮਾਰਨਾ ਵਧੀਆ ਲਗਦਾ । ਅੱਜ ਵੀ ਜਦੋਂ ਕਿਸੇ ਸੁਖ-ਦੁਖ ‘ਚ ਜਾਈਦਾ ਕੋਸ਼ਿਸ਼ ਹੁੰਦੀ ਆ ਕਿ ਬੁੱਕਲ ਮਾਰ ਕੇ ਸਿਰ ਢਕਿਆ ਜਾਵੇ । ਬੁੱਕਲ ਦਾ ਮਤਲਬ ਆਪਣੇ ਆਪ ਨੂੰ ਢਕਣਾ। ਬੁੱਕਲ ਦੋ ਤਰ੍ਹਾਂ ਨਾਲ ਮਾਰੀ ਜਾਂਦੀ ਆ ਸੱਜੀ ਤੇ ਖੱਬੀ। ਜ਼ਿਆਦਾਤਰ ਬੁੱਕਲ ਸੱਜੀ ਈ ਮਾਰੀ ਜਾਂਦੀ ਆ ਜੇ ਕਿਸੇ ਨੂੰ ਖੱਬੇ ਹੱਥ ਨਾਲ ਕੰਮ ਕਰਨ ਦੀ ਆਦਤ ਹੋਵੇ ਉਹ ਖੱਬੀ ਬੁੱਕਲ ਮਾਰ ਲੈਂਦੇ ਹਨ। ਖੱਬੀ ਬੁੱਕਲ ਓਨੀ ਜਚਦੀ ਨਹੀਂ ਜਿੰਨੀ ਸੱਜੀ ਬੁੱਕਲ ਜਚਦੀ ਆ। ਬੁੱਕਲ ਮਾਰਨ ਦਾ ਆਪਣਾ ਢੰਗ ਹੁੰਦਾ, ਜਿਵੇਂ ਪਹਿਲਾਂ ਸਿਰ ‘ਤੇ ਦੁਪੱਟਾ ਲੈ ਕੇ ਫੇਰ ਇਕ ਲੜ ਛੋਟਾ ਤੇ ਦੂਜਾ ਵੱਡਾ ਰੱਖ ਕੇ ਬੁੱਕਲ ਮਾਰਨੀ ਤੇ ਵੱਡਾ ਲੜ ਥੱਲੇ ਧਰਤੀ ਨਾ ਸੰਭਰੇ ਪਰ ਪਿੰਜਣੀ ਤੱਕ ਲਮਕੇ । ਏਦਾਂ ਮਾਰੀ ਬੁੱਕਲ਼ ਅੱਗੋਂ ਵੀ ਢਕਦੀ ਤੇ ਪਿੱਛੋਂ ਵੀ।

ਮੈਨੂੰ ਅੱਜ ਵੀ ਯਾਦ ਆ ਜਦੋਂ ਕਾਲਜ ਜਾਂ ਕਿਤੇ ਹੋਰ ਜਾਣ ਵੇਲ਼ੇ ਐਦਾਂ ਬੁੱਕਲ ਮਾਰਨੀ ਇਕ ਲੜ ਵੱਡਾ ਰਹਿ ਜਾਣਾ ਤਾਂ ਬੀਜੀ ਨੇ ਕਹਿਣਾ, ਕੁੜੀਏ ਚੁੰਨੀ ਚੱਕ ਲਿਬੜਦੀ ਆ ਤਾਂ ਕਈ ਵਾਰ ਖਿਝ ਆ ਜਾਣੀ ਤਾਂ ਮਾਤਾ ਨੇ ਕਹਿਣਾ ਇਹਨੂੰ ਥੱਲੇ ਨਹੀਂ ਲੱਗਣ ਦੇਣਾ, ਪੁੱਤ ਚੁੰਨੀ ਸਾਂਭ ਕੇ ਤੁਰਿਆ ਕਰੋ । ਸੋ ਉਸ ਦਿਨ ਤੋਂ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਾਣ ਵੇਲ਼ੇ ਚੁੰਨੀ ਦੇ ਲੜ ਨੂੰ ਵਾਰ ਵਾਰ ਵੇਖਣਾ ਕਿਤੇ ਥੱਲੇ ਤਾਂ ਨਹੀਂ ਲਗਦਾ।

ਬੁੱਕਲ ਅਜੇ ਜਿਉਂਦੀ ਤਾਂ ਹੈ ਪਰ ਦਿਨੋ-ਦਿਨ ਇਹਦਾ ਰੁਝਾਨ ਘੱਟ ਰਿਹਾ ਹੈ। ਇਹ ਘੱਟਣਾ ਨਹੀਂ ਚਾਹੀਦਾ, ਬੁੱਕਲ ਸਾਡੇ ਸੱਭਿਆਚਾਰ ਦਾ ਹਿੱਸਾ ਵੀ ਆ, ਸਾਨੂੰ ਇਸ ਨੂੰ ਸਾਂਭਣਾ ਚਾਹੀਦਾ। ਘਰ ‘ਚ ਛੋਟੀਆਂ ਬੱਚੀਆਂ ਨੂੰ ਬੁੱਕਲ ਵਾਰੇ ਦੱਸਣਾ ਚਾਹੀਦਾ । ਉਹਨਾਂ ਨੂੰ ਬੁੱਕਲ ਮਾਰਨੀ ਸਿਖਾਈ ਜਾਵੇ । ਹੁਣ ਤਾਂ ਵਿਆਹ ਵਾਲੀ ਬੀਬੀ ਦੀ ਬੁੱਕਲ਼ ਸੂਈਆਂ, ਬਕਸੂਏ ਲਾ ਕੇ ਈ ਖੜਾਈ ਜਾਂਦੀ ਆ, ਕੀ ਉਸ ਦਿਨ ਈ ਜ਼ਰੂਰੀ ਹੁੰਦੀ ਆ ਬੁੱਕਲ ਮਾਰਨੀ ? ਆਦਮੀ ਵੀ ਲੋਈਆਂ, ਕੰਬਲਾਂ ਤੇ ਖੇਸੀਆਂ ਦੀ ਬੁੱਕਲ ਮਾਰਦੇ ਹਨ। ਆਓ ਆਪਣੇ ਵਿਰਸੇ ਨੂੰ ਸਾਂਭੀਏ ਕਿਤੇ ਇਹ ਬੁੱਕਲ ਮੁਹਾਵਰਿਆਂ ਜੋਗੀ ਨਾ ਰਹਿ ਜਾਵੇ । ਜਿਵੇਂ: ਫਲਾਣਾ ਤਾਂ ਬੁੱਕਲ ਦਾ ਸੱਪ ਆ, ਬੁੱਟਲ ‘ਚ ਗੁੜ ਭੰਨਣਾ ਆਦਿ। ਬੁੱਕਲ਼ ਮਾਰਿਆ ਕਰੀਏ, ਬੁੱਕਲ ਮਾਰਨ ਨਾਲ ਦੁਪੱਟੇ ‘ਚ ਵੱਟ ਵੀ ਘੱਟ ਪੈਂਦੇ ਨੇ, ਦੁਪੱਟੇ ਖਿਲਾਰ ਕੇ ਲਏ ਸੋਹਣੇ ਵੀ ਲਗਦੇ ਨੇ ।

ਉੱਠ ਨੀ ਨੂੰਹੇਂ ਨਿਸੱਲ ਹੋ, ਚਰਖਾ ਛੱਡ ਤੇ ਚੱਕੀ ਝੋ

ਇਸ ਅਖਾਣ ‘ਚ ਚਲਾਕੀ ਵਰਤੀ ਗਈ ਆ, ਥੋੜ੍ਹਾ ਬਹੁਤਾ ਨੂੰਹੇਂ ਅਰਾਮ ਕਰ ਲੈ, ਹੁਣ ਚਰਖਾ ਕੱਤਣਾ ਛੱਡ ਦੇ ਚੱਕੀ ਝੋਣ ਲੱਗ ਜਾਹ । ਭਲਾਂ ਕੋਈ ਪੁੱਛੇ ਕਿ ਚੱਕੀ ਪੀਹਣਾ ਸੌਖਾ ਕੰਮ ਆਂ, ਬਾਹਾਂ ਮੋਢਿਆਂ ਦਾ ਪੂਰਾ ਜ਼ੋਰ ਲਗਦਾ । ਚੱਕੀ ਝੋਣਾ, ਚੱਕੀ ਪੀਹਣਾ ਤੇ ਅੱਜ ਕੱਲ੍ਹ ਕਹਿੰਦੇ ਨੇ ਚੱਕੀ ਚਲਾਉਣਾ ।

ਮੇਰੇ ਘਰ ਛੋਟੀ ਹੱਥ ਵਾਲੀ ਚੱਕੀ ਆ, ਅਮੜੀ ਜਾਇਆ ਅਨੰਦਪੁਰ ਸਾਹਿਬ ਤੋਂ ਲਿਆਇਆ ਸੀ, ਬਹੁਤ ਸਾਂਭ ਕੇ ਰੱਖੀ ਆ ਮੈਂ, ਜਦੋਂ ਰਿਸ਼ਤੇਦਾਰ ਆਉਂਦੇ ਨੇ ਨਾਲ ਬੱਚੇ ਹੁੰਦੇ ਨੇ, ਉਹ ਹੱਥ ਚੱਕੀ ਪਈ ਵੇਖ ਕੇ ਕਹਿਣਗੇ ਇਹ ਕੀ ਆ ? ਕਿਵੇਂ ਚੱਲਦੀ ਆ ? ਕੇਹਾ ਸਮਾਂ ਸੀ ਜਦੋਂ ਸਾਡੀਆਂ ਬੀਬੀਆਂ ਚੱਕੀ ਪੀਂਹਦੀਆਂ ਸਨ। ਉਹ ਚੱਕੀ ‘ਤੇ ਆਟਾ, ਛੋਲੇ, ਦਲੀਆ ਤੇ ਮਸਾਲੇ ਆਦਿ ਘਰੇ ਚੱਕੀ ‘ਤੇ ਪੀਂਹਦੀਆਂ ਸਨ । ਮੈਂ ਆਪਣੀ ਸੋਝੀ ‘ਚ ਆਪਣੀ ਮਾਂ ਨੂੰ ਲਾਲ ਮਿਰਚਾਂ ਵੀ ਪੀਂਹਦੇ ਵੇਖਿਆ, ਨਾਲ਼ੇ ਮਾਂ ਨੂੰ ਛਿੱਕਾਂ ਆਈ ਜਾਣੀਆਂ ਨਾਲੇ ਉਹਨੇ ਮਿਰਚਾਂ ਪੀਹਣੀਆਂ, ਮੈਨੂੰ ਯਾਦ ਆ ਮਿਰਚਾਂ ਤੋਂ ਬਾਅਦ ਅਕਸਰ ਮਾਂ ਨੇ ਲੂਣ ਪੀਹਣਾ। ਉਦੋਂ ਲੂਣ (ਨੂਣ) ਡਲੀਆਂ ਵਾਲਾ ਹੁੰਦਾ ਸੀ । ਮਾਤਾ ਨੇ ਸਬਜ਼ੀ ਵਾਲੀਆਂ ਵੜੀਆਂ ਦੇ ਮਸਾਲੇ, ਗਰਮ ਮਸਾਲਾ ਵੀ ਚੱਕੀ ਨਾਲ ਪੀਹਣਾ, ਇਹ ਕੁਝ ਪੀਹਣ ਤੋਂ ਬਾਅਦ ਉਹ ਚੱਕੀ ਨੂੰ ਬਹੁਤ ਚੰਗੀ ਤਰ੍ਹਾਂ ਸਾਫ ਕਰਦੀਆਂ ਸੀ, ਕਿਉਂਕਿ ਸੂਣ ਵਾਲੀ ਮੱਝ, ਗਾਂ ਵਾਸਤੇ ਭੁੱਜੀ ਕਣਕ ਦਾ ਦਲੀਆ ਜੋ ਦਲਣਾ ਹੁੰਦਾ ਸੀ । ਚੱਕੀ ਵਿੱਚ ਹੱਥੀ, ਗੁੱਲੀ, ਮੰਨਵੀ ਤੇ ਪੁੜ ਦਾ ਹੋਣਾ ਬਹੁਤ ਜ਼ਰੂਰੀ ਸੀ । ਪੁੜ ਬਹੁਤ ਭਾਰਾ ਹੁੰਦਾ ਚੱਕਿਆ ਚੱਕ ਨਹੀਂ ਸੀ ਹੁੰਦਾ । ਪੁੜ ਜਦੋਂ ਘਸ ਜਾਂਦਾ ਸੀ ਕਰਾਹੁਣਾ ਪੈਂਦਾ ਸੀ, ਭਾਵ ਥੱਲੇ ਟੱਕ ਮਾਰਨੇ ਪੈਂਦੇ ਸੀ, ਨਹੀਂ ਜੇ ਪੁੜ ਥੱਲਿਓਂ ਸਾਫ ਹੋਵੇ ਬਰੀਕ ਨਹੀਂ ਸੀ ਪੀਹ ਹੁੰਦਾ । ਸਾਡੀ ਮਾਂ ਚੱਕੀ ਨੂੰ ਪੂਰੀ ਜਿੰਦ ਜਾਨ ਵਾਂਗੂ ਰੱਖਦੀ । ਪਾਡੂੰ ਫੇਰਦੀ, ਮਿੱਟੀ ਪੈਣ ਤੋਂ ਢਕ ਸੁਆਰ ਕੇ ਰੱਖਦੀ। ਆਂਢ-ਗੁਆਂਢ ਦੀਆਂ ਬੀਬੀਆਂ ਵੀ ਸਾਡੇ ਘਰੇ ਦਾਲ, ਦਲੀਆ ਵਗੈਰਾ ਪੀਹਕੇ ਲਿਜਾਂਦੀਆਂ, ਚੰਗਾ ਲਗਦਾ ਸੀ ਇਹ ਸਭ ਕੁਝ। ਉਦੋਂ ਅਪਣੱਤ ਸੀ, ਆਪਸੀ ਭਾਈਚਾਰਾ ਸੀ, ਲੋਕਾਂ ‘ਚ ਪਿਆਰ ਸੀ ਹੁਣ ਉਹ ਸਮਾਂ ਨਹੀਂ ਰਿਹਾ, ਸਭ ਕੁਝ ਬਦਲ ਗਿਆ। ਹੁਣ ਚੱਕੀ ਦੀ ਥਾਂ ਮਿਕਸੀਆਂ, ਗਰਾਂਈਡਰ ਬਹੁਤ ਕੁਝ ਆ ਗਿਆ ਭਾਈ । ਨਵੇਂ ਜ਼ਮਾਨੇ ਦੀਆਂ ਨਵੀਆਂ ਗੱਲਾਂ, ਹੁਣ ਚੱਕੀ ਹਵੇਲੀ ‘ਚ ਵੇਖਣ ਨੂੰ ਮਿਲਦੀ ਆ, ਤਰਾਸਦੀ ਆ ਅਸੀਂ ਇਹਨਾਂ ਵਸਤਾਂ ਨੂੰ ਕਿਉਂ ਵਿਸਾਰ ਰਹੇ ਹਾਂ।

ਮਾੜਾ ਹੁੰਦਾ ! ਪਰ ਕਿਉਂ ਮਾੜਾ ਹੁੰਦਾ ?

ਆਟਾ ਛਾਣਨ ਵੇਲੇ ਜੇ ਤੁਸੀਂ ਸਾਰੇ ਈ ਹਿੱਲਦੇ ਓ, ਆਟਾ ਵੀ ਖਿਲਰੇਗਾ ਆਲੇ- ਦੁਆਲੇ । ਚੰਗਾ ਨਹੀਂ ਲਗਦਾ, ਵੇਖਣ ਵਾਲੇ ਨੂੰ ਤੇ ਵੇਖਣ ਵਾਲਾ ਸੋਚਦਾ ਇਹਨੂੰ ਕੁਝ ਨਹੀਂ ਸਿਖਾਇਆ ਤੇ ਧੀ ਭੈਣ ਸਚਿਆਰੀ ਨਹੀਂ ਲਗਦੀ । ਚਾਬੀਆਂ ਨਹੀਂ ਘੁਮਾਉਣਾ, ਮਾੜਾ ਹੁੰਦਾ। ਜੇ ਚਾਬੀਆ ਘੁਮਾਈ ਜਾਵਾਂਗੇ, ਬੁੜਕ ਕੇ ਦੂਰ ਡਿਗਣਗੀਆਂ, ਫੇਰ ਲੱਭੋਗੇ, ਕਿਸੇ ਦੇ ਵੱਜਣਗੀਆਂ-ਇਸ ਲਈ ਮਾੜਾ ਹੁੰਦਾ। ਮੇਜਾ ਖੜ੍ਹਾ ਕਰਨ ਵੇਲੇ ਮੰਜੇ ਦੀ ਦੇਣ ਉੱਪਰ ਨਹੀਂ। ਕਰੀ ਦੀ-ਕਰਕੇ ਵੇਖੋ ਚੰਗਾ ਨਹੀਂ ਲਗਦਾ। ਮੰਜਾ ਪੁੱਠਾ ਖੜ੍ਹਾ ਕਰਨ ਨਾਲ ਸੰਘੇ ਘਸ ਘਸ ਕੇ ਟੁੱਟ ਜਾਣਗੇ ਅਤੇ ਮੰਜਾ ਦੁਬਾਰਾ ਬੁਣਨਾ ਪਵੇਗਾ ਜੇ ਦੇਣ ਟੁੱਟ ਜਾਵੇਗੀ ਤਾਂ ਇਕੱਲੀ ਰੱਸੀ ਨੂੰ ਗੱਠ ਮਾਰਕੇ ਜਾਂ ਦੇਣ ਬਦਲ ਕੇ ਸਰ ਜਾਂਦਾ ਹੈ। ਤੇ ਨਾਲੇ ਸਿਰ ਵਾਲਾ ਪਾਸਾ ਹੇਠਾਂ, ਇਸ ਲਈ ਮਾੜਾ ਹੁੰਦਾ।

ਰਾਤ ਵੇਲ਼ੇ ਨਹੁੰ ਨਹੀਂ ਕੱਟਣਾ: ਪਹਿਲਾਂ ਇਕ ਅੱਧਾ ਕਮਰਾ ਈ ਹੁੰਦਾ ਸੀ, ਰੌਸ਼ਨੀ ਦਾ ਪ੍ਰਬੰਧ ਐਨ੍ਹਾ ਨਹੀਂ ਸੀ ਹੁੰਦਾ, ਨੇਲ ਕਟਰ ਨਹੀਂ ਸੀ ਹੁੰਦੇ ਭਾਈ ਚਾਕੂ, ਕੈਂਚੀ ਜਾਂ ਬਲੇਡ ਵਗੈਰਾ ਨਾਲ ਨਹੁੰ ਲਾਹੁੰਦੇ ਸੀ ਤੇ ਡਰਦੇ ਸੀ ਕਿ ਕਿਤੇ ਕੱਚਾ ਨਾ ਲਹਿ ਜਾਵੇ। ਆਟਾ ਕੋਟਾ ਸਭ ਕੁਝ ਇਕ ਕਮਰੇ ‘ਚ ਈ ਹੁੰਦਾ ਸੀ ਉਹਦੇ ‘ਚ ਕੱਟੇ ਨਹੁੰ ਨਾ ਡਿਗ ਪੈਣ-ਇਸ ਲਈ ਮਾੜਾ ਹੁੰਦਾ।

ਰਾਤ ਨੂੰ ਸਿਰ ਨਹੀਂ ਵਾਹੁਣਾ-ਕਿਉਂਕਿ ਸਭ ਕੁਝ ਆਟਾ, ਗੁੜ, ਦਾਲਾਂ ਖੁੱਲਾ ਪਿਆ ਹੁੰਦਾ ਸੀ, ਦੀਵੇ ਦਾ ਚਾਨਣ ਹੁੰਦਾ ਸੀ, ਰਾਤ ਵੇਲ਼ੇ ਸਿਰ ਵਾਹੋਗੇ ਤਾਂ ਜੋ ਸਮਾਨ ਪਿਆ ਕੋਠੇ ‘ਚ ਵਾਲ ਉਹਦੇ ਵਿੱਚ ਡਿਗਣਗੇ-ਇਸ ਲਈ ਰਾਤ ਨੂੰ ਸਿਰ ਵਾਹੁਣਾ ਮਾੜਾ ਹੁੰਦਾ ਜੀ ।

ਚੁੱਲ੍ਹੇ ਮੂਹਰੇ ਬਹਿ ਕੇ ਡੱਕੇ ਨਹੀਂ ਤੋੜਣੇ, ਅੱਗ ਨਹੀਂ ਫੈਲਣੀ, ਰੋਕਣਾ ਸੀ ਅੱਗ ਖ਼ਤਰੇ ਵਾਲੀ ਚੀਜ਼ ਆ, ਨਾ ਛੇੜੋ, ਖ਼ਤਰੇ ਤੋਂ ਬਚਾਉਣਾ ਸੀ-ਰੋਕਣਾ ਸੀ, ਇਸ ਲਈ ਮਾੜਾ ਹੁੰਦਾ। नी।

ਵੀਰਵਾਰ ਸਿਰ ਨਹੀਂ ਧੋਣਾ-ਮੇਰੀ ਮਾਂ ਨੇ ਸਾਨੂੰ ਗੁੱਸੇ ਹੋਣਾ, ਜੇ ਕਿਤੇ ਅਸੀਂ ਨਹਾ ਲੈਣਾ, ਉਹਨਾਂ ਆਖਣਾ ਮੱਝ ਵੀ ਵੀਰਵਾਰ ਨੂੰ ਟੋਭੇ ‘ਚ ਸਿਰ ਨੀ ਭਿਉਂਦੀ, ਪਰ ਵੀਰਵਾਰ ਸ਼ਬਦ ਵੀਰ ਨਾਲ ਜੋੜਦੀਆਂ ਸੀ। ਵੀਰ ਸ਼ਬਦ ਬਹੁਤ ਪਿਆਰਾ ਤੇ ਵੀਰ ਭੈਣਾਂ ਦੀ ਜਿੰਦਜਾਨ ਹੁੰਦੇ ਨੇ, ਮਾਂਵਾਂ ਨੂੰ ਵੀ ਪੁੱਤ ਪਿਆਰੇ ਹੁੰਦੇ ਨੇ, ਇਸ ਲਈ ਮਾਵਾਂ ਕਹਿੰਦੀਆਂ ਸੀ ਵੀਰਵਾਰ ਸਿਰ ਨਹੀਂ ਧੋਣਾ, ਵੀਰ ਦੇ ਸਿਰ ਭਾਰ ਚੜੂ, ਵੀਰ ਬਿਮਾਰ ਨਾ ਹੋਵੇ। ਭੈਣ, ਵੀਰ ਦਾ ਪਿਆਰ ਗੂੜ੍ਹਾ ਦਰਸਾਉਣ ਲਈ ਰੋਕਦੀਆਂ ਸੀ, ਤਾਂ ਮਾੜਾ ਹੁੰਦਾ।

ਝਾੜੂ ਖੜ੍ਹਾ ਨਹੀਂ ਕਰੀਦਾ-ਝਾੜੂ ਨਾਲ ਕੂੜਾ ਸੰਭਰਿਆ, ਗੰਦਾ ਹੋ ਗਿਆ ਅੱਗੋਂ, ਥਾਂ ਘੱਟ ਹੁੰਦੀ ਸੀ, ਪੁੱਠਾ ਖੜ੍ਹਾ ਕਰੋਗੇ, ਲੰਘਦੇ ਵੜਦੇ ਤੁਹਾਡੇ ਕੱਪੜੇ ਲਿੱਬੜਣਗੇ ਤੇ ਝਾੜੂ ਦੇ ਅਗਲੇ ਹਿੱਸੇ ਲੱਗਿਆ ਗਿੱਲਾ ਮੁਤਰਾਲ ਝਾੜੂ ਦੀ ਫੜ੍ਹ ਵਾਲੀ ਥਾਂ ਕੋਲ ਪਹੁੰਚ ਜਾਵੇਗਾ। ਇਸ ਲਈ ਹੇਠਾਂ ਨੂੰ ਰੱਖ-ਤਾਂ ਮਾੜਾ ਹੁੰਦਾ ।

ਨਹਾਉਣ ਵੇਲੇ ਬਾਲਟੀ ‘ਚ ਪਾਣੀ ਨਹੀਂ ਛੱਡੀਦਾ-ਮਾੜਾ ਹੁੰਦਾ। ਕਿਸੇ ਵੇਲੇ ਲੋਹੇ ਦੀਆਂ ਬਾਲਟੀਆਂ ਹੁੰਦੀਆਂ ਸੀ, ਪਾਣੀ ਵਿੱਚ ਰਹੇਗਾ ਜਰ, ਜੰਗਾਲ ਲੱਗੂ ਤੇ ਜਦੋਂ ਦੂਜੇ ਨੇ ਨਹਾਉਣਾ ਉਹ ਉਸ ਪਾਣੀ ਦੀ ਵਰਤੋਂ ਨਾ ਕਰੇ ਤਾਂ ਮਾੜਾ ਹੁੰਦਾ ।

ਰੋਟੀ ਵਾਲੇ ਡੱਬੇ ਤੇ ਛਾਬੇ ਨੂੰ ਖ਼ਾਲੀ ਨੀ ਰੱਖਣਾ-ਬਹੁਤ ਸਿਆਣੀਆਂ ਸੀ ਬੀਬੀਆਂ, ਉਦੋਂ ਐਨੀਆਂ ਖਾਣ ਪੀਣ ਦੀਆਂ ਚੀਜ਼ਾਂ ਨਹੀਂ ਸੀ, ਵੇਲੇ-ਕੁਵੇਲੇ ਭੁੱਖ ਲਗਦੀ ਸੀ, ਜੇ ਡੱਬਾ, ਛਾਬਾ ਖ਼ਾਲੀ ਹੋਵੇਗਾ ਤਾਂ ਜੀਹਨੂੰ ਭੁੱਖ ਲੱਗੀ ਉਹਦੇ ਦਿਲ ‘ਤੇ ਕੀ ਬੀਤੇਗੀ? ਤਾਂ ਮਾੜਾ ਹੁੰਦਾ। 

ਨੰਗੇ ਸਿਰ ਰੋਟੀ ਟੁੱਕ ਨਹੀਂ ਬਣਾਉਣਾ-ਇਕ ਤਾਂ ਅੰਨ ਦਾ ਸਤਿਕਾਰ, ਦੂਜਾ ਵਾਲ ਆਦਿ ਖਾਣੇ ‘ਚ ਨਾ ਪੇ ਜਾਣ-ਤਾਂ ਮਾੜਾ ਹੁੰਦਾ ਜੀ।

ਤੇਲ ਕਿਉਂ ਚੋਇਆ ਜਾਂਦਾ ਜੀ-ਲੱਕੜ ਦੇ ਦਰ, ਦਰਵਾਜ਼ੇ ਹੁੰਦੇ ਸੀ, ਚੂਲਾਂ ਚੂੰ, ਚੀਂ, ਕਰਨ ਲੱਗ ਜਾਂਦੀਆਂ, ਜਦੋਂ ਘਰ ‘ਚ ਕੋਈ ਵਿਆਹ ਜਾਂ ਪਾਠ ਹੁੰਦਾ ਸੀ ਤਾਂ ਸੁਭਾਵਿਕ ਦਰਵਾਜਾ ਵਾਰ ਵਾਰ ਖੁੱਲ੍ਹੇਗਾ, ਅਵਾਜ਼ ਕਰੇਗਾ ਚੰਗਾ ਨਹੀਂ ਲੱਗੇਗਾ ਇਸ ਲਈ ਤੇਲ ਦੇ ਦਿੰਦੇ ਸੀ, ਤੇਲ ਦੇਣ ਤੋਂ ਬਾਅਦ ਅਵਾਜ਼ ਨਹੀਂ ਸੀ ਕਰਦੇ ਤੇ ਅਸੀਂ ਕੋਲਿਆਂ ‘ਤੇ ਤੇਲ ਚੋਣ ਲੱਗ ਪਏ ਜੀ।

ਉਪਰੋਕਤ ਸਾਰੇ ਰਸਮੋ-ਰਿਵਾਜ਼ ਅਤੇ ਕੰਮ ਧੰਦੇ ਕਿਸੇ ਨਾ ਕਿਸੇ ਜ਼ਰੂਰੀ ਗੱਲ ਨੂੰ ਮੁੱਖ ਰੱਖਕੇ ਬਣਾਏ ਸਨ ਜੋ ਸਮਾਂ ਬਦਲਣ ਨਾਲ ਇਕ ਰੀਤ ਜਾਂ ਮਿੱਥ ਬਣ ਗਏ ਅਤੇ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਕੰਮ ਜਾਂ ਇਹ ਕਰਨਾ ਮਾੜਾ ਹੁੰਦਾ। ਪਰ ਮਾੜਾ ਕੁਝ ਵੀ ਨਹੀਂ ਹੁੰਦਾ। 

ਡੰਗਰਾਂ ਦੀ ਬਿਮਾਰੀ ‘ਤੇ ਢਾਲਾ ਕਰਨਾ

ਕਈ ਵਾਰ ਤਕਰੀਬਨ ਸਾਰੇ ਪਿੰਡ ਦੇ ਪਸ਼ੂਆਂ ਨੂੰ ਹੀ ਇਕ ਬਿਮਾਰੀ ਹੋ ਜਾਂਦੀ ਸੀ ।

ਉਸ ਬਿਮਾਰੀ ਨੂੰ ਮੂੰਹ ਖੁਰ ਦੀ ਬਿਮਾਰੀ ਆਖਦੇ ਹਨ। ਇਹ ਜਦੋਂ ਇਕ ਘਰ ਵਿੱਚ ਇਕ ਪਸ਼ੂ ਨੂੰ ਹੋ ਜਾਂਦੀ ਤਾਂ ਘਰ ਦੇ ਸਾਰੇ ਪਸ਼ੂਆਂ ਨੂੰ ਹੋ ਕੇ ਹੱਟਦੀ ਇਥੋਂ ਤੱਕ ਕੇ ਆਂਢ-ਗੁਆਂਢ ਦੇ ਪਸ਼ੂਆਂ ਨੂੰ ਹੁੰਦੀ ਹੁੰਦੀ ਸਾਰੇ ਪਿੰਡ ਵਿੱਚ ਫ਼ੈਲ ਜਾਂਦੀ। ਪਹਿਲਾਂ ਜੇ ਇਕ ਅੱਧੇ ਘਰ ਦੇ ਪਸ਼ੂਆਂ ਨੂੰ ਹੁੰਦੀ ਤਾਂ ਬਚਾਅ ਰੱਖਿਆ ਜਾਂਦਾ । ਪਸ਼ੂ ਸੂਏ ਤੇ ਟੋਭੇ ਆਦਿ ‘ਤੇ ਨਾ ਨਹਾਏ ਜਾਂਦੇ। ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇਹ ਬਿਮਾਰੀ ਪੈਰਾਂ ਨਾਲ ਇਕ ਦੂਜੇ ਦੇ ਘਰ ਜਾਂਦੀ ਹੈ। ਇਸ ਬਿਮਾਰੀ ਨਾਲ ਪਸ਼ੂਆਂ ਦਾ ਬੁਰਾ ਹਾਲ ਹੋ ਜਾਂਦਾ ਪਸ਼ੂਆਂ ਦੇ ਮੂੰਹ ‘ਚੋਂ ਪਾਣੀ ਜਿਹਾ ਚੋਈ ਜਾਂਦਾ ਖੁਰਾਂ ‘ਤੇ ਮੱਖੀਆਂ ਬੈਠਦੀਆਂ ਪਸ਼ੂ ਤੜਫ ਜਾਂਦੇ । ਦੁੱਧ ਦੇਣ ਵਾਲ਼ੇ ਪਸ਼ੂਆਂ ਦਾ ਦੁੱਧ ਘੱਟ ਜਾਂਦਾ। ਗੱਲ ਕੀ ਪਸ਼ੂਆਂ ਦੀ ਖ਼ੁਰਾਕ ਘੱਟ ਜਾਂਦੀ ਆ ਇਸ ਬਿਮਾਰੀ ਨਾਲ । ਸਾਡੀਆਂ ਬੀਬੀਆਂ ਇਸ ਬਿਮਾਰੀ ਦਾ ਨਾਂ ਨਹੀਂ ਸੀ ਲੈਣ ਦਿੰਦੀਆਂ । ਪਸ਼ੂਆਂ ਦਾ ਤਰਸਾਅ ਵੇਖਿਆ ਨਹੀਂ ਸੀ ਜਾਂਦਾ ।

ਉਹਨਾਂ ਕਿਹੜਾ ਬੋਲ ਕੇ ਦੱਸਣਾ ਜਦੋਂ ਸਾਰੇ ਪਿੰਡ ਨੇ ਇਸ ਬਿਮਾਰੀ ਤੋਂ ਦੁਖੀ ਹੋ ਜਾਣਾ ਤਾਂ ਪਿੰਡ ਨੇ ਕਿਸੇ ਸਾਂਝੀ ਥਾਂ ਇਕੱਠ ਕਰਨਾ ਕਿ ਪਸ਼ੂਆਂ ਦੀ ਤੰਦਰੁਸਤੀ ਵਾਸਤੇ ਢਾਲ਼ਾ ਕਰਾਇਆ ਜਾਵੇ ਜੇ ਕਿਤੇ ਨੇੜੇ ਤੇੜੇ ਕਿਸੇ ਨਿਰਮਲੇ ਸਾਧ ਦਾ ਡੇਰਾ ਹੋਣਾ ਤਾਂ ਮੋਹਤਬਰ ਬੰਦਿਆਂ ਨੇ ਉੱਥੇ ਜਾ ਕੇ ਬੇਨਤੀ ਕਰਨੀ ਕਿ ਬਾਬਾ ਜੀ ਸਾਡੇ ਪਿੰਡ ਦੇ ਪਸ਼ੂਆਂ ‘ਤੇ ਕੋਈ ਭਾਰ ਆ ਕਰੋਪੀ ਆ ਸਾਰੇ ਪਿੰਡ ਦੇ ਪਸ਼ੂ ਬਿਮਾਰ ਹਨ । ਉਹਨਾਂ ਕੋਲ ਧੂਣੇ ਤਪਦੇ ਈ ਹੁੰਦੇ ਨੇ। ਇਕ ਸਮੱਗਰੀ ਤਿਆਰ ਕਰਨੀ ਜੀਹਦੇ ਵਿੱਚ ਬਹੁਤ ਸਾਰੀਆਂ ਦੇਸੀ ਚੀਜ਼ਾਂ ਹੁੰਦੀਆਂ ਹਨ ਜਿਵੇਂ ਗੁੱਗਲ, ਧੂਫ ਦੀ ਸਮੱਗਰੀ । ਗਲ਼ੀਆਂ ਸਾਫ਼ ਕਰਵਾਈਆਂ ਜਾਂਦੀਆਂ । ਸਾਰੇ ਪਿੰਡ ਵਿੱਚ ਹੋਕਾ ਦਵਾ ਦਿੱਤਾ ਜਾਂਦਾ ਕਿ ਅੱਜ ਸ਼ਾਮ ਦਾ ਰੋਟੀ ਟੁੱਕ ਸਾਜਰੇ ਕਰ ਲੈਣ ਬੀਬੀਆਂ ਤੇ ਪਰਿਵਾਰ ਖਾ ਵੀ ਸਾਜਰੇ ਲਵੇ। ਜਦੋਂ ਪਿੰਡ ਵਿਚ ਧੂਫ਼ੀਏ ਵੜ ਗਏ ਫੇਰ ਕਿਸੇ ਨੇ ਚੁੱਲ੍ਹਾ ਨਹੀਂ ਬਾਲਣਾ, ਨਾ ਕਿਸੇ ਨੇ ਰੋਟੀ ਖਾਣੀ ਆਂ। ਚਾਰ ਪੰਜ ਜਾਣੇ ਇਕ ਵੱਡੇ ਕੱਚੇ ਭਾਂਡੇ ਵਿੱਚ ਗੋਹੇ ਦੀ ਅੱਗ ਪਾਉਂਦੇ ਤੇ ਉਸ ਅੱਗ ਉੱਪਰ ਤਿਆਰ ਕੀਤੀ ਧੂਫ਼ ਪਾਉਂਦੇ ਸਾਰੇ ਪਿੰਡ ਦੇ ਘਰਾਂ ਵਿੱਚ ਪਸ਼ੂਆਂ ਦੇ ਆਲ਼ੇ-ਦੁਆਲ਼ੇ ਉਹ ਧੂਫ਼ ਦਿੱਤੀ ਜਾਂਦੀ, ਬੱਚਿਆਂ ਨੂੰ ਅੰਦਰ ਵਾੜ ਲਿਆ ਜਾਂਦਾ ਕਿ ਧੂਫ਼ੀਏ ਆ ਰਹੇ ਹਨ, ਨਾਲ਼ ਨਾਲ਼ ਧੂਫ਼ੀਏ ਕੋਈ ਜਾਪ ਵੀ ਕਰਦੇ । ਇਕ ਸਾਂਝੀ ਥਾਂ ‘ਤੇ ਗੁੜ, ਆਟਾ ਤੇ ਪਾਥੀਆਂ ਇਕੱਠੀਆਂ ਕਰਕੇ ਮੰਨੀ ਲਾਈ ਜਾਂਦੀ ਸੀ ਜੋ ਪ੍ਰਸ਼ਾਦ ਵਜੋਂ ਵਰਤਾਈ ਜਾਂਦੀ ਸੀ। ਇਸ ਤਰ੍ਹਾਂ ਪਸ਼ੂਆਂ ਦੇ ਭਲੇ ਲਈ ਢਾਲ਼ਾ ਕੀਤਾ ਜਾਂਦਾ ਸੀ, ਭਾਵੇਂ ਇਹ ਢਾਲ਼ਾ ਇਕ ਮਿੱਥ ਹੀ ਸੀ ਪਰ ਇਹ ਤਾਂ ਹੀ ਸੰਭਵ ਸੀ ਜੇ ਪਿੰਡ ਵਿੱਚ ਇਤਫ਼ਾਕ ਸੀ ਹੁਣ ਤਾਂ ਪਿੰਡਾਂ ਵਿੱਚ ਪਾਰਟੀਆਂ ਬਣੀਆਂ ਪਈਆਂ ਹਨ। ਪਾਰਟੀਆਂ ਨੇ ਦੁਸ਼ਮਣੀਆਂ ਵਧਾ ਦਿੱਤੀਆਂ ਲਗਦਾ ਪਿੰਡਾਂ ਨੂੰ ਵੀ ਨਜ਼ਰ ਈ ਲੱਗ ਗਈ। ਆਓ ਇਹ ਸਾਂਝਾ ਨਾ ਗਵਾਈਏ ਆਪਸ ਵਿੱਚ ਮਿਲ ਜੁਲ ਕੇ ਰਹੀਏ। 

ਆਇਆ ਗਿਆ

ਅਕਸਰ ਘਰਾਂ ‘ਚ ਆਏ ਗਏ ਦੀ ਗੱਲ ਹੁੰਦੀ ਰਹਿੰਦੀ ਆ। ਆਇਆ ਗਿਆ, ਅਜੇ ਆਪਣੇ ਘਰੋਂ ਸਾਡੇ ਘਰ ਪਤਾ ਨਹੀਂ ਕਦੋਂ ਆਵੇ ਪਰ ਅਸੀਂ ਸਾਰੇ ਆਏ

ਗਏ ਦੀ ਤਿਆਰੀ ਉਹਦੇ ਆਉਣ ਤੋਂ ਪਹਿਲਾਂ ਕਰ ਲੈਂਦੇ ਹਾਂ। ਜਿਵੇਂ ਘਰ ‘ਚ ਕੋਈ ਚਾਦਰ, ਸਰਾਣੇ, ਨਵੀਂ ਕਰੌਕਰੀ ਤੇ ਇਥੋਂ ਤੱਕ ਕਿ ਬਿਸਕੁਟ, ਨਮਕੀਨ ਵੀ ਸਾਂਭ ਰੱਖਦੇ ਹਾਂ । ਨਾ ਇਹ ਆਏ ਗਏ ਲਈ ਆ, ਕਿਉਂਕਿ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਹਾਂ ਆਏ ਗਏ ਦੇ ਸਾਹਮਣੇ ਕਿ ਵੇਖ ਤੇਰੇ ਆਉਣ ‘ਤੇ ਤੈਨੂੰ ਕਿੰਨਾ ਮਾਸ ਸਮਝਿਆ। ਇਹਨੂੰ ਅਸੀਂ ਚੰਗੀ ਪ੍ਰਾਹੁਣਚਾਰੀ ਵੀ ਆਖਦੇ ਹਾਂ । ਪ੍ਰਾਹੁਣਚਾਰੀ ਪਹਿਲਾਂ ਵੀ ਹੁੰਦੀ ਸੀ । ਸਾਡੇ ਵੱਡੇ-ਵਡੇਰੇ ਵੀ ਕਰਦੇ ਸੀ। ਚਾਹ ਰੋਟੀ ਤਾਂ ਉਹ ਵੀ ਘਰ ਆਏ ਗਏ ਨੂੰ ਦਿੰਦੇ ਈ ਸੀ ਪਰ ਉਸ ਪ੍ਰਾਹੁਣਚਾਰੀ ‘ਚ ਅਪਣੱਤ ਸੀ ਅੱਜ ਵਾਂਗ ਦਿਖਾਵਾ ਨਹੀਂ ਸੀ । ਹੁਣ ਤਾਂ ਖ਼ਾਸ ਕਰਕੇ ਆਪਣੀ ਵੱਡੀ ਕੋਠੀ, ਮਾਡਰਨ ਰਸੋਈ, ਮਾਡਰਨ ਵਾਸ਼ਰੂਮ ਵਿਖਾਉਣ ਲਈ ਹੀ ਆਇਆ ਗਿਆ ਬੁਲਾਇਆ ਜਾਂਦਾ ਤੇ ਕਈ ਤਾਂ ਪਾਣੀ ਪਿਲਾ ਕੇ ਜਦੇ ਕਹਿਣਗੇ ਤੁਸੀਂ ਪਹਿਲਾਂ ਘਰ ਵੇਖੋ । ਫੇਰ ਉਹ ਮੂਹਰੇ ਮੂਹਰੇ ਤੇ ਆਇਆ ਗਿਆ ਉਹਦੇ ਪਿੱਛੇ ਪਿੱਛੇ, ਬਹੁਤ ਵਧੀਆ ਜੀ ਕਿਆ ਬਾਤ ਆ ਜੀ ਕਰਦਾ ਉਹਦੇ ਮਗਰ ਫਿਰੀ ਜਾਂਦਾ । ਫੇਰ ਉੱਪਰ ਵੀ ਲੈ ਕੇ ਜਾਣਗੇ ਨਾਲ਼ ਨਾਲ਼ ਵਿਆਖਿਆ ਕਿਹੜੀ ਚੀਜ਼ ਕਿੱਥੋਂ ਲਵਾਈ ਆ ਬੇਮੁਹਾਰੇ ਦੱਸੀ ਜਾਣਗੇ । ਕੋਈ ਦੁੱਖ, ਸੁੱਖ ਦੀ ਗੱਲ ਨਹੀਂ ਕਰਨੀ ਤੇ ਜਦ ਨੂੰ ਆਏ ਗਏ ਦੇ ਜਾਣ ਦਾ ਵੇਲ਼ਾ ਹੋ ਜਾਂਦਾ ਪਰ ਕਿਉਂ ਅਸੀਂ ਵਿਖਾਵਾ ਕਰਦੇ ਹਾਂ ? ਕਿਉਂ ਵਿਖਾਵਿਆਂ ”ਚ ਪੈ ਗਏ ਹਾਂ ? ਇਹ ਕਿਹੜੀ ਪ੍ਰਾਹੁਣਚਾਰੀ ਆ? ਜੇ ਕਿਸੇ ਨੂੰ ਸੱਦਿਆ, ਅਪਣੱਤ ਨਾਲ਼ ਮਿਲੋ, ਬੈਠ ਕੇ ਦੁੱਖ ਸੁੱਖ ਕਰੋ ।

ਕੋਠੀ, ਮਹਿਲ ਨੂੰ ਘਰ ਕਹੋ, ਘਰ ਕਹਿ ਕੇ ਤਾਂ ਵੇਖੋ, ਕਿੰਨਾ ਪਿਆਰ ਆ ਘਰ ਸ਼ਬਦ ਵਿੱਚ। ਆਏ ਗਏ ਦੀ ਆਓ ਭਗਤ ਜ਼ਰੂਰ ਕਰੋ ਪਰ ਦਿਖਾਵਿਆਂ ‘ਚ ਨਾ ਪਵੋ ਉਹ ਚੀਜ਼ਾਂ, ਵਸਤਾਂ ਆਪ ਵੀ ਵਰਤ ਲਿਆ ਕਰੋ ਜੋ ਆਏ ਗਏ ਦੇ ਮੂਹਰੇ ਰੱਖਣੀਆਂ ਹੁੰਦੀਆਂ ਨੇ, ਕਿਉਂਕਿ ਘਰ ਦੇ ਮੈਂਬਰ ਵੀ ਕਿਸੇ ਆਏ ਗਏ ਨਾਲੋਂ ਘੱਟ ਨਹੀਂ ਹੁੰਦੇ। ਪ੍ਰਾਹੁਣਚਾਰੀ ਅਪਣੱਤ ਨਾਲ ਕਰੇ ਵਿਖਾਵੇ ਨਾਲ਼ ਨਾ ਕਰੋ । ਹਰੇਕ ਆਪਣੇ ਘਰ ਰੋਟੀ ਖਾਂਦਾ, ਅਮੀਰ ਦੋ ਤਿੰਨ ਬਣਾ ਲੈਂਦਾ ਤੇ ਮਾਤੜ ਇਕ ਨਾਲ਼ ਸਾਰ ਲੈਂਦਾ । ਆਏ ਗਏ ਨਾਲ ਬੈਠ ਕੇ ਪਿਆਰ, ਅਪਣੱਤ ਨਾਲ ਗੱਲਬਾਤ ਕਰੋ। 

ਪੰਜਾਬੀਓ! ਮਾਂ-ਬੋਲੀ ਪੰਜਾਬੀ ‘ਤੇ ਮਾਣ ਕਰਿਆ ਕਰੋ

ਸਾਡੀ ਦੌੜ ਲੱਗੀ ਆ ਸਾਡਾ ਜੰਮਦਾ ਬੱਚਾ ਹੀ ਅੰਗਰੇਜ਼ੀ ਬੋਲੇ ਤਾਂ ਸਾਡਾ ‘ਸਟੇਟਸ’ ਆ! ਸਾਡੀ ਟੌਹਰ ਆ ਸਮਾਜ ਵਿੱਚ । ਐਦਾਂ ਨਾ ਕਰੋ ‘ੳ ਅ’ ਸਿਖਾ ਦਿਓ ABC ਤਾਂ ਉਹਨੇ ਬਥੇਰੀ ਸਿੱਖ ਲੈਣੀ ਆਂ ਜਿਸ ਨੂੰ ਉਹਨੇ ਉਮਰ ਭਰ ਯਾਦ ਰੱਖਣਾ ਪਰ ਤੁਹਾਡੇ ਧੀ, ਪੁੱਤ ਨੇ ੳ ਅ ਜ਼ਰੂਰ ਭੁੱਲ ਜਾਣਾ । ਨਾ ਐਦਾਂ ਨਾ ਹੋਣ ਦਿਓ ਇਹ ਤੁਹਾਡੇ ਹੱਥ ਵਿੱਚ ਆ, ਸਾਰੇ ਮਾਪਿਆਂ ਦੇ। ਹੁਣ ਸਮਾਜ ਵਿੱਚ ਵਿਚਰਦੇ ਵੇਖੀਦਾ, ਰਿਸ਼ਤੇਦਾਰੀਆਂ ਵਿੱਚ ਵੀ ਜਾਈਦਾ ਤਾਂ ਬੀਬੀਆਂ भाषटगीभां Good morning, Good afternoon, Good evening, GoodNight ਬੋਲੋ। ਕਿਉਂਕਿ ਇਹ ਬੋਲਣ ਨਾਲ਼ ਘਰ ਆਉਣ ਵਾਲ਼ੇ ਇਨਸਾਨ ’ਤੇ ਪ੍ਰਭਾਵ ਪਾਉਣਾ ਹੁੰਦਾ ਬਈ ਸਾਡਾ ਬੱਚਾ ਬਹੁਤ ਵਧੀਆ ਸਕੂਲ ‘ਚ ਪੜ੍ਹਦਾ, ਉਥੇ ਤਾਂ ਚਪੜਾਸੀ ਵੀ ਅੰਗਰੇਜ਼ੀ ਬੋਲਦੇ ਨੇ ਤੇ ਅਸੀਂ ਆਪਣੇ ਘਰ ਦਾ ‘ਸਟੇਟਸ’ ਵੀ ਵਿਖਾਉਣਾ ਹੁੰਦਾ ਤੇ ਕਈ ਮੇਰੇ ਵਰਗੀਆਂ ਆਖੀ ਜਾਣਗੀਆਂ ਫੁੱਟ ਟੱਚ (foot Touch) ਕਰੋ, ਵਿਸ਼ (Wish) ਕਰੋ। ਮੈਨੂੰ ਵੇਖ ਕੇ ਹਾਸਾ ਵੀ ਆਉਂਦਾ ਹੁੰਦਾ ਤੇ ਉਹਨਾਂ ਦੀ ਮਾਨਸਿਕਤਾ ‘ਤੇ ਤਰਸ ਜਿਹਾ ਵੀ ਆਉਂਦਾ ਹੁੰਦਾ। ਜੇ ਤੁਸੀਂ ਆਖ ਦੇਵੋਂ ਪੁੱਤ ਪੈਰੀਂ ਪੈਣਾ ਆਖੋ, ਮੱਥਾ ਟੇਕਦਾਂ ਆਖੋ, ਫੇਰ ਕਿਹੜੀ ਫੀਤੀ ਲਹਿ ਜਾਉ ਥੋਡੀ । ਸੰਸਕਾਰ ਹੋਰ ਬਥੇਰੇ ਹੁੰਦੇ ਨੇ ਦੇਣ ਵਾਲ਼ੇ, ਘਰ ਆਏ ਨੂੰ ਬੁਲਾਉਣਾ ਕਿਵੇਂ ਆ ? ਕਿਸੇ ਦੇ ਸਾਹਮਣੇ ਸਲੀਕੇ ਨਾਲ਼ ਕਿਵੇਂ ਬੈਠੀਦਾ, ਉੱਠੀਦਾ, ਗੱਲ ਨਹੀਂ ਟੋਕੀਦੀ ਸਿਆਣੇ ਦੀ। ਸਾਰਿਆਂ ਨੂੰ ਜੀ ਕਹੀਦਾ, ਵੱਡੇ ਛੋਟੇ ਦਾ ਸਤਿਕਾਰ ਕਰੀਦਾ, ਸਕੂਲ ਵਿੱਚ ਅਧਿਆਪਕਾਂ ਦਾ ਸਤਿਕਾਰ, ਨਾਲ ਦੇ ਸਾਥੀਆਂ ਨਾਲ ਪਿਆਰ ਨਾਲ ਰਹਿਣਾ। ਆਪ ਤੋਂ ਵੱਡਿਆਂ ਨੂੰ ਵੀਰ, ਭੈਣ ਕਹਿਣਾ। ਪੈਰ ਘਸਾ ਕੇ ਨਹੀਂ ਤੁਰਨਾ, ਮੱਚ ਮੱਚ ਕਰਕੇ ਨਹੀਂ ਖਾਣਾ, ਮੂੰਹ ਬੰਦ ਕਰਕੇ ਰੋਟੀ ਖਾਓ, ਰੋਟੀ ਖਾਂਦੇ ਗੱਲਾਂ ਨਹੀਂ ਕਰੀਦੀਆਂ, ਵੱਡਿਆਂ ਦੀਆਂ ਗੱਲਾਂ ਵਿੱਚ ਦਖ਼ਲ ਨਹੀਂ ਦੇਈਦਾ । ਪਰ ਸਾਡਾ ਜ਼ੋਰ ਅੰਗਰੇਜ਼ੀ ਸਿਖਾਉਣ ‘ਤੇ ਲੱਗਿਆ ਹੋਇਆ । ਬੀਬੀਓ ਇਕ ਗੱਲ ਯਾਦ ਰੱਖਿਓ ਤੁਹਾਡੇ ਬੱਚੇ ਨੇ ਅੰਗਰੇਜ਼ੀ ਸਿੱਖ ਜਾਣੀ, ਪੰਜਾਬੀ ਤੁਸੀਂ ਸਿਖਾਈ ਨਹੀਂ, ਉਹਨੂੰ ਆਉਣੀ ਨਹੀਂ। ਜੇ ਆਪਣੀ ਮਾਤ-ਭਾਸ਼ਾ ਬੋਲਣ ‘ਚ ਤੁਸੀਂ ਸ਼ਰਮ ਮਹਿਸੂਸ ਕਰਦੇ ਓ ਤਾਂ ਤੁਸੀਂ ਮਾਨਸਿਕ ਰੋਗੀ ਹੋ ਚੁੱਕੇ ਓ। ਗੋਰੇ ਆਪਣੀ ਮਾਤ-ਭਾਸ਼ਾ ਬੋਲਦੇ ਨੇ ਉਹ ਤਾਂ ਸ਼ਰਮ ਮਹਿਸੂਸ ਨਹੀਂ ਕਰਦੇ। ਇੱਥੇ ਜੇ ਕਿਸੇ ਨੂ ਮੇਰੇ ਵਰਗਾ, ਧੰਨਵਾਦ, ਮਾਫ਼ ਕਰਨਾ ਕਹਿ ਦੇਵੇ ਤੇ ਹੈਰਾਨੀ ਨਾਲ ਵੇਖਦੀਆਂ ਨੇ ਤੇ ਸੋਚਦੀਆਂ ਹੋਣਗੀਆਂ ਇਹ ਪੜ੍ਹੀ ਨੀ ਹੋਣੀ। ਤੱਕਣੀ ਤੋਂ ਸਭ ਅੰਦਾਜ਼ੇ ਲਗ ਜਾਂਦੇ ਨੇ ।

ਅੰਗਰੇਜ਼ੀ ਵੀ ਸਿਖਾਓ, ਅੰਗਰੇਜ਼ੀ ਭਾਸ਼ਾ ਦੂਜੇ ਸੂਬਿਆਂ ‘ਚ, ਦੇਸ਼ਾਂ ‘ਚ ਸਾਡੀ ਬਹੁਤ ਮੱਦਦ ਕਰਦੀ ਆ ਪਰ ਮਾਤ-ਭਾਸ਼ਾ ਨੂੰ ਨਾ ਭੁੱਲੋ। ਸਭ ਤੋਂ ਵੱਡੀ ਖ਼ੁਸ਼ੀ ਤੇ ਸਭ ਤੋਂ ਵੱਡਾ ਦੁੱਖ ਤੁਸੀਂ ਆਪਣੀ ਮਾਤ-ਭਾਸ਼ਾ ਵਿੱਚ ਈ ਮਹਿਸੂਸ ਕਰ ਸਕਦੇ ਓ।

ਸੋ ਮੈਨੂੰ ਮੇਰੀ ਮਾਂ-ਬੋਲੀ ਪੰਜਾਬੀ ‘ਤੇ ਬਹੁਤ ਮਾਣ ਆ, ਗਰੂਰ ਆ ਜੋ ਆਖ਼ਰੀ ਸਾਹ ਤੱਕ ਰਹੇਗਾ। ਅਸੀਂ ਬੰਦੇ ਵੀ ਦੇਸੀ ਤੇ ਪਹਿਰਾਵਾ ਵੀ ਦੇਸੀ, ਆਪਾਂ ਦੇਸੀ ਈ ਚੰਗੇ ਹਾਂ

ਆਪਣੀਆਂ ਜੜਾਂ ਨਾਲ ਜੁੜ ਕੇ ਰਹੋ ਤੇ ਬੱਚਿਆਂ ਨੂੰ ਜੋੜ ਕੇ ਰੱਖੋ। ਵੀਰ ਹਰਭਜਨ ਮਾਨ ਦੇ ਗੀਤ ਦੀਆਂ ਲਾਈਨਾਂ ਨੇ:

“ਮੈਂ ਪੰਜਾਬੀ ਗੁਰੂਆਂ, ਪੀਰਾਂ ਅਵਤਾਰਾਂ ਦੀ ਬੋਲੀ।

ਮਾਂ ਦੀ ਮਮਤਾ ਵਰਗੀ ਮਿੱਠੀ ਦੁੱਧ ਵਿੱਚ ਮਿਸਰੀ ਘੋਲੀ। 

ਰੱਜ ਰੱਜ ਲਾਡ ਲਡਾਇਆ ਤੈਨੂੰ, ਲੋਰੀਆਂ ਨਾਲ ਖਿਡਾਇਆ ਤੈਨੂੰ, 

ਮੈਂ ਹੀ ਬੋਲਣ ਲਾਇਆ ਤੈਨੂੰ, ਭੁੱਲ ਗਿਆ ਮੇਰਾ ਪਿਆਰ ।

 ਵੇ ਮੈਂ ਤੇਰੀ ਮਾਂ ਦੀ ਬੋਲੀ ਆਂ, ਮੈਨੂੰ ਇਉਂ ਨਾ ਮਨੋ ਵਿਸਾਰ ।”

Leave a Comment

error: Content is protected !!