Sonar Caste History | ਸੁਨਾਰ ਜਾਂ ਸੁਨਿਆਰੇ ਜਾਤ ਇਤਿਹਾਸ

ਸੁਨਾਰ ਜਾਂ ਸੁਨਿਆਰੇ ਜਿਹਾ ਕਿ ਨਾਂ ਤੋਂ ਪ੍ਰਤੱਖ ਹੈ, ਸੋਨੇ ਦਾ ਕੰਮ ਕਰਨ ਵਾਲਾ ਅਰਥ ਰੱਖਦੇ ਹਨ। ਫ਼ਾਰਸੀ ਭਾਸ਼ਾ ਵਿਚ ਇਸਨੂੰ ਜ਼ਰਗਰ ਅਤੇ ਅੰਗਰੇਜ਼ੀ ਵਿਚ ‘ਗੋਲਡਸਮਿਥ’ ਬੋਲਿਆ ਜਾਂਦਾ ਹੈ। ਸੋਨੇ ਦੇ ਗਹਿਣੇ ਬਨਾਉਣ ਅਤੇ ਵੇਚਣ ਤੋਂ ਇਲਾਵਾ ਇਹ ਚਾਂਦੀ ਦੇ ਗਹਿਣੇ ਬਣਾਉਂਦੇ ਤੇ ਵੇਚਦੇ ਵੀ ਹਨ। ਇਸਨੂੰ ਜੌਹਰੀ, ਸਰਾਫ, ਹੀਰਿਆਂ ਦਾ ਸੌਦਾਗਰ ਅਤੇ ਕਈ ਹੋਰ ਨਾਵਾਂ ਨਾਲ ਵੀ ਪੁਕਾਰਿਆ ਜਾਂਦਾ ਹੈ। ਜੌਹਰੀ ਬੜੇ ਅਮੀਰ ਵੇਖੇ ਜਾਂਦੇ ਹਨ ਜਿਹੜੇ ਕਰੋੜਾਂ ਰੁਪਏ ਦਾ ਵਪਾਰ ਕਰਦੇ ਹਨ ਕਿਉਂਕਿ ਇਨ੍ਹਾਂ ਦਾ ਕੰਮ ਹੀਰਿਆਂ, ਨਗਾਂ, ਰਤਨਾਂ ਅਤੇ ਹੋਰ ਬਹੁਮੁੱਲੀ ਪੱਥਰਾਂ ਨਾਲ ਜੜੇ ਗਹਿਣੇ ਬਣਾਉਣਾ ਹੁੰਦਾ ਹੈ।

ਸੁਨਿਆਰੇ ਪੰਜਾਬ ਦੇ ਪਿੰਡਾਂ ਵਿਚ ਪਹਿਲਾਂ ਵੀ ਤੇ ਕਿਸੇ ਹੱਦ ਤਕ ਹੁਣ ਵੀ ਲੋਕਾਂ ਦੇ ਗਹਿਣੇ ਗਿਰਵੀ ਰੱਖਕੇ ਕਰਜ਼ਾ ਦਿੰਦੇ ਹਨ, ਪੰਜਾਬ ਵਿਚ ਇਹ ਹਿੰਦੂ ਵੀ ਹਨ ਤੇ ਸਿੱਖ ਵੀ। ਪਾਕਿਸਤਾਨ ਵਿਚ ਮੁਸਲਮਾਨ ਹਨ। ਸੁਨਿਆਰੇ ਆਪਣੇ ਆਪ ਉੱਪਰ ਦ੍ਰਿਜ ਜਾਤਾਂ (ਜਿਨ੍ਹਾਂ ਨੇ ਗਰਭ ਅਤੇ ਧਾਰਮਿਕ ਸੰਸਕਾਰ ਤੋਂ ਜਨਮ ਲਿਆ ਹੋਵੇ। ਜਿਨ੍ਹਾਂ ਵਿਚ ਹਿੰਦੂਮਤ ਅਨੁਸਾਰ ਬ੍ਰਾਹਮਣ, ਕਸ਼ੱਤਰੀ ਅਤੇ ਵੈਸ਼ਯ ਹਨ, ਕਿਉਂਕਿ ਇਨ੍ਹਾਂ ਦਾ ਗਾਇਤ੍ਰੀ-ਮੰਤਰ ਉਪਦੇਸ਼ ਨਾਲ ਜਨੇਊ ਸੰਸਕਾਰ ਹੁੰਦਾ ਹੈ)’, ਵਿਚੋਂ ਹੋਣ ਲਈ ਮਾਣ ਕਰਦੇ ਹਨ। ਸੁਨਿਆਰਿਆਂ ਦੇ ਇਕ ਤੋਂ ਵੱਧ ਸਮਾਨਾਰਥੀ ਸ਼ਬਦ ਹਨ। ਗੁਜਰਾਤ ਵਿਚ ਇਕ ਕਹਾਣੀ ਅਨੁਸਾਰ, ਇਸਨੂੰ ਮਿੱਟਰ ਕਿਹਾ ਜਾਂਦਾ ਹੈ ਕਿਉਂਕਿ ਦੁਰਗਾ ਦੁਆਰਾ ਇਸਦੀ ਉਤਪਤੀ ਮਿੱਟੀ ਵਿਚੋਂ ਕੀਤੀ ਗਈ ਸੀ। ਕਿਹਾ ਜਾਂਦਾ ਹੈ ਕਿ ਦੁਰਗਾ ਦਾ ਇਕ ਐਸੇ ਦੈਂਤ ਨਾਲ ਯੁੱਧ ਹੋਇਆ ਜਿਸਦਾ ਸਾਰਾ ਸਰੀਰ ਸੋਨੇ ਦਾ ਬਣਿਆ ਹੋਇਆ ਸੀ । ਉਸਦਾ ਕਤਲ ਨਾ ਹੋਣ ’ਤੇ ਦੇਵੀ ਨੇ ਆਪਣੇ ਸਰੀਰ ਦੀ ਮੈਲ ਤੋਂ ਇਕ ਇਨਸਾਨ ਦਾ ਪੁਤਲਾ ਬਣਾਇਆ ਤੇ ਉਸ ਵਿਚ ਜੀਵਨ ਪਾਇਆ ਤੇ ਉਸਨੂੰ ਸੁਨਿਆਰਾ ਬਣਾ ਦਿੱਤਾ ਅਤੇ ਦੈਂਤ ਨੂੰ ਮਾਰਨ ਲਈ ਕਿਹਾ। ਉਸਨੇ ਦੈਂਤ ਦੇ ਨਹੁੰਆਂ ਵਿਚੋਂ ਇਕ ਨੂੰ ਰੇਤੀ ਨਾਲ ਏਨਾ ਲਿਸ਼ਕਾਇਆ ਕਿ ਉਸਦੀ ਚਮਕ ਵੇਖਕੇ ਦੈਂਤ ਬਹੁਤ ਖੁਸ਼ ਹੋਇਆ, ਅਤੇ ਉਸਨੂੰ ਸਾਰਾ ਸਰੀਰ ਚਮਕਾਉਣ ਲਈ ਕਿਹਾ। ਸੁਨਿਆਰੇ ਨੇ ਦੈਂਤ ਨੂੰ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇ ਪਹਿਲਾਂ ਸਾਰੇ ਸਰੀਰ ਨੂੰ ਅੱਗ ਵਿਚ ਗਰਮ ਕੀਤਾ ਜਾਵੇ। ਦੈਂਤ ਇਸ ਗੱਲ ਨੂੰ ਮੰਨ ਗਿਆ ਤੇ ਸੁਨਿਆਰੇ ਨੇ ਲੱਕੜੀ ਦੇ ਵੱਡੇ ਢੇਰ ਤੇ ਚਾਰ ਵੱਡੇ ਢੋਲੇ ਸਿੱਕੇ ਦੇ ਰੱਖੇ। ਉਸ ਦੈਂਤ ਨੂੰ ਆਪਣੇ ਸਰੀਰ ਦੇ ਜੋੜਾਂ ਨੂੰ ਇਨ੍ਹਾਂ ਢੇਲਿਆਂ ‘ਤੇ ਰੱਖਣ ਲਈ ਕਿਹਾ। ਹੋਰ ਉੱਪਰ ਬਾਲਣ ਪਾ ਕੇ ਅੱਗ ਲਾ ਦਿੱਤੀ ਗਈ। ਸਿੱਕੇ (lead) ਨੇ ਉਸਦੇ ਜੋੜਾਂ ਨੂੰ ਉਖੇੜ ਦਿੱਤਾ ਕਿਉਂਕਿ ਸਿੱਕਾ ਸੋਨੇ ਨੂੰ ਢਾਲ ਦਿੰਦਾ ਹੈ। ਦੈਂਤ ਮਾਰਿਆ ਗਿਆ ਤੇ ਦੁਰਗਾ ਮਾਤਾ ਬਹੁਤ ਖੁਸ਼ ਹੋਈ ਅਤੇ ਉਸ ਵੇਲੇ ਤੋਂ ਸੁਨਿਆਰੇ ਨੂੰ ‘ਮਾਈਪੋਤਰਾ’ (ਮਾਤਾ ਦੇ ਪੁੱਤਰ) ਕਿਹਾ ਜਾਂਦਾ ਹੈ। ਬਹੁਤੇ ਸੁਨਿਆਰੇ ਆਪਣੇ ਆਪ ਨੂੰ ਵਰਮਾ (ਕਸ਼ੱਤਰੀ) ਵੀ ਕਹਿੰਦੇ ਹਨ।

 Sonar Caste History | ਸੁਨਾਰ ਜਾਂ ਸੁਨਿਆਰੇ ਜਾਤ ਇਤਿਹਾਸ

ਨਾਭੇ ਦੇ ਸੁਨਿਆਰੇ ਭੈਰੋਂ ਤੇ ਦੇਵੀ ਦੋਹਾਂ ਦੀ ਪੂਜਾ ਕਰਦੇ ਹਨ। ਇਸ ਜਾਤ ਦੀਆਂ ਦੋ ਵੱਡੀਆਂ ਉਪ-ਸ਼੍ਰੇਣੀਆਂ ਹਨ। ਮੇਰ, ਮਹਿਰ ਜਾਂ ਮਾਈਪੋਤਰੇ ਅਤੇ ਟਾਂਕ। ਮੈਰ ਆਪਣੇ ਆਪ ਨੂੰ ਰਾਜਸਥਾਨ ਦੇ ਰਾਜਪੂਤ ਕਹਿੰਦੇ ਹਨ, ਜਿਨ੍ਹਾਂ ਨੇ ਸੁਨਿਆਰਿਆਂ ਦਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ। ਇਹ ਛੀਂਬਿਆਂ ਵਾਂਗ ‘ਟਾਂਕ ਕਸ਼ੱਤਰੀ’ ਵੀ ਆਪਣੇ ਆਪ ਨੂੰ ਅਖਵਾਉਂਦੇ ਹਨ।

ਰੋਡਾ ਜਾਂ ਰੋਡੇ ਗੋਤ ਵਾਲੇ ਸੁਨਿਆਰਿਆਂ ‘ਚ ਯੁਧਿਸ਼ਟਰ ਦੇ ਅਸ਼ੁਮੇਧ ਯੱਗ ਵਾਂਗ ਘੋੜੇ ਦੇ ਕੰਨ ਕੱਟਣ ਦੀ ਰਸਮ ਬ੍ਰਾਹਮਣਾ

ਤੋਂ ਕਰਵਾਈ ਜਾਂਦੀ ਹੈ ਅਤੇ ‘ਚੂਰਾਕਰਨ’ ਦੀ ਰੀਤ ਵੇਲੇ ਪਰਿਵਾਰ ਦੇ ਪ੍ਰੋਹਿਤ ਵੱਲੋਂ ਬੱਕਰੀ ਦਾ ਕੰਨ ਕੱਟਿਆ ਜਾਂਦਾ ਹੈ। ਰੋਡੇ ਗੋਤ ਵਾਲਿਆਂ ਦਾ ਪੁਰਖਾ ਉੱਚ-ਭੱਜ ਨਾਂ ਦਾ ਰਾਜਪੂਤ ਸੀ ਜਿਸਨੇ ਔਰੰਗਜ਼ੇਬ ਵੇਲੇ ਬਗਾਵਤ ਕੀਤੀ ਤੇ ਆਪਣੇ ਆਪ ਨੂੰ ਉੱਚ (ਸੱਖਰ ਤੋਂ 160 ਕਿਲੋਮੀਟਰ ਝੰਗ ਵਾਲੇ ਪਾਸੇ, ਤਰਿਮੂ ਨਦੀ ਦੇ ਕੰਢੇ ਤੋਂ ਸਵਾ ਗਿਆਰਾਂ ਕਿਲੋਮੀਟਰ ਦੂਰ) ਦੇ ਕਿਲ੍ਹੇ ਵਿਚ ਬੰਦ ਕਰ ਲਿਆ ਪਰ ਤਿੰਨ ਮਹੀਨੇ ਪਿਛੋਂ ਸਮਰਪਨ ਕਰ ਦਿੱਤਾ। ਰੋਡੇ ਗੋਤ ਦੇ ਪ੍ਰੋਹਿਤ ਅਨੁਸਾਰ, ਉਨ੍ਹਾਂ ਨੇ ਦੁਰਗਾ ਦੀ ਪੂਜਾ ਸ਼ੁਰੂ ਕਰ ਦਿੱਤੀ, ਜਿਸਦਾ ਰਿਵਾਜ ਰਾਜਪੂਤਾਂ ਵਿਚ ਹੈ। ਬਾਦਸ਼ਾਹ ਨੇ ਉਨ੍ਹਾਂ ਨੂੰ ਟਕਸਾਲ ਵਿਚ ਚਾਂਦੀ ਦੀਆਂ ਮੁਹਰਾਂ ਬਣਾਉਣ ‘ਤੇ ਲਾ ਦਿੱਤਾ। ਇਨ੍ਹਾਂ ਵਿਚੋਂ ਕਈਆਂ ਨੂੰ ਭੁੱਟਾ ਕਿਹਾ ਗਿਆ, ਕੁਝ ਸੈਨਾ ਵਿਚ ਭਰਤੀ ਹੋ ਗਏ ਅਤੇ ਕੁਝ ਨੇ ਮੁਹਰਾਂ ਬਣਾਉਣ ਦਾ ਧੰਦਾ ਸਿੱਖ ਲਿਆ ਤੇ ਫਿਰ ਉਨ੍ਹਾਂ ਵਿਚੋਂ ਕੁਝ ਗਹਿਣੇ ਬਣਾਉਣ ਲੱਗ ਪਏ। ਇਨ੍ਹਾਂ ਦੇ ਵਿਆਹ-ਸ਼ਾਦੀਆਂ ਵੇਲੇ ਗੋਤਰਾਚਾਰ ਪੜ੍ਹਿਆ ਜਾਂਦਾ ਹੈ ਜਿਥੋਂ ਪਤਾ ਲਗਦਾ ਹੈ ਕਿ ਰੋਡੇ, ਕਸ਼ੱਤਰੀ ਰਾਜਪੂਤ ਹਨ। ਵਿਆਹ ਵੇਲੇ ਤਲਵਾਰ ਫੜਨੀ, ਬੱਕਰੀ ਦਾ ਸੱਜਾ ਕੰਨ ਵੱਢਣਾ, ਜੰਡੀ ਰੁੱਖ ਦੀ ਟਹਿਣੀ ਵੱਢਣੀ ਇਹ ਸਾਰੀਆਂ ਰਾਜਪੂਤ ਰਸਮਾਂ ग्ठ।

ਮੈਰ ਸ਼੍ਰੇਣੀ ਦੇ ਸੁਨਿਆਰਿਆਂ ਦੇ ਗੋਤ ਜਿਵੇਂ ਢੱਲਾ (ਝੰਡਾ ਬਰਦਾਰ), ਜੌੜਾ (ਜੁੜਵਾਂ), ਸੀਂਹ (ਸ਼ੇਰ), ਬੱਬਰ (ਬੱਬਰ ਸ਼ੇਰ), ਸੂਰ (ਵੀਰ) ਅਤੇ ਹੋਰ, ਕੁੱਲ 56 ਹਨ। ਇਨ੍ਹਾਂ ਵਿਚੋਂ ਜੌੜੇ, ਛੀਨੇ ਜੱਟਾਂ ਨਾਲ ਸੰਬੰਧਤ ਹਨ ਅਤੇ ਉਹ ਪਾਕਿਸਤਾਨ ਵਿਚ ਵਜ਼ੀਰਾਬਾਦ ਨੇੜੇ ਠੱਟਾ ਛੀਨਾਂ ਪਿੰਡ ਵਿਚ ਖਾਸ ਸਮੇਂ ਖਾਣ ਪੀਣ ਦੀਆਂ ਚੀਜ਼ਾਂ ਦਾ ਭਾਈਚਾਰੇ ਦੇ ਤੌਰ ‘ਤੇ ਆਦਾਨ-ਪ੍ਰਦਾਨ ਕਰਦੇ ਰਹੇ ਹਨ। ਜੌੜਾ, ਸੀਂਹ ਅਤੇ ਸੂਰ ਆਪਣਾ ਮੂਲ ਰੰਧਾਵੇ, ਨਿੱਜਰ ਅਤੇ ਸਰਾਂ ਜੱਟਾਂ ਨਾਲ ਵੀ ਦਸਦੇ ਹਨ, ਅਤੇ ਇਹ ਛੀਨਿਆਂ ਕੁਰਤਾਨਾ ਅਤੇ ਸਰਾਂ ਜੱਟਾਂ ਦੇ ਯਾਦੂਬੰਸ਼ੀ ਰਾਜਪੂਤ ਹੋਣ ਦੇ ਅਨੁਰੂਪ ਹੈ।

ਮੈਰ ਉਪ-ਸ਼੍ਰੇਣੀ: ਮੈਰ ਉਪ-ਸ਼੍ਰੇਣੀ ਦੇ ਬੱਗੇ ਗੋਤ ਦੇ ਸੁਨਿਆਰੇ ਦਿੱਲੀ ਦੇ ਰਾਓ ਛਬੀਲਾ ਨਾਲ ਸੰਬੰਧ ਜੋੜਦੇ ਹਨ, ਜਿਸਦਾ ਰੰਗ ਬੱਗਾ (ਚਿੱਟਾ) ਸੀ, ਜਿਸ ਕਰਕੇ ਉਨ੍ਹਾਂ ਦਾ ਇਹ ਨਾਂ ਪਿਆ। ਧੁੰਨਾ ਗੋਤ ਦੇ ਲੋਕ ਕਹਿੰਦੇ ਹਨ ਕਿ ਉਹ ਚੰਦਰਵੰਸ਼ੀ ਰਾਜਪੂਤ ਹਨ। ਉਨ੍ਹਾਂ ਦੇ ਇਕ ਪੁਰਖੇ ਅਹੂ ਦੇ, ਪੁੱਤਰਾਂ ਦੇ ਵਿਚੋਂ ਢੇਲੋ ਨੇ ਖੇਤੀ ਦਾ ਧੰਦਾ ਕਰ ਲਿਆ ਅਤੇ ਧੁੰਨਾ ਨੇ ਸੁਨਿਆਰਿਆਂ ਦਾ! ਦੋਵੇਂ ਭਰਾ ਭਟਨੇਰ ਸਥਿਤ ਹੋਏ ਅਤੇ ਇਕ ਪਰਿਵਾਰ ਵਜੋਂ ਵਿਚਰੇ।

ਜੋੜੇ : ਇਕੋ ਵੇਲੇ ਇਕ ਲੜਕੇ ਅਤੇ ਇਕ ਨਾਗ ਨੂੰ ਜਨਮ ਦੇਣ ਕਰਕੇ, ਇਨ੍ਹਾਂ ਦੇ ਪੁਰਖਿਆ ਦਾ ਨਾਂ ਜੌੜਾ ਪਿਆ। ਨਾਗ ਮਰ ਗਿਆ ਪਰ ਲੜਕਾ ਬਚ ਗਿਆ। ਇਸ ਗੋਤ ਦੇ ਸੁਨਿਆਰੇ ਅਜੇ ਵੀ ਨਾਗ ਦੀ ਪੂਜਾ ਕਰਦੇ ਹਨ। ਇਨ੍ਹਾਂ ਦੀ ਇਕ ਹੋਰ ਰਵਾਇਤ ਕਹਿੰਦੀ ਹੈ ਕਿ ਭਟਨੇਰ ਦੇ ਸ਼ਾਮ ਨਾਂ ਦੇ ਵਿਅਕਤੀ ਦੇ ਦੋ ਭਰਾ ਕਾਕੂ ਅਤੇ ਬੁੱਧੂ ਅਤੇ ਉਨ੍ਹਾਂ ਦੇ 13 ਪੁੱਤਰਾਂ, ਜਿਨ੍ਹਾਂ ਵਿਚੋਂ ਦੋ ਜੌੜਾ ਅਤੇ ਛੀਨਾ ਸਨ, ਇਕ ਖੇਤੀ ਕਰਨ ਲੱਗ ਪਿਆ ਤੇ ਦੂਜਾ ਸੁਨਿਆਰਿਆਂ ਦਾ ਕੰਮ। ਮਲਦੋਲੀਆ ਦੋ ਗੋਤ ਦੇ ਲੋਕਾਂ ਦਾ ਵੀ ਮੁੱਢ ਰੰਧਾਵੇ, ਸਿੱਧੂ ਅਤੇ ਹੋਰ ਜੱਟਾਂ ਨਾਲ ਹੈ।

ਨਾਭੇ ਦੇ ਸੁਨਿਆਰੇ ਦੇਵੀ ਤੇ ਭੈਰੋਂ ਦੀ ਪੂਜਾ ਕਰਦੇ ਹਨ। ਕਈ ਸਤੀਆਂ ਪੂਜਦੇ ਸਨ । ਪੰਜਾਬ ਵਿਚ ਸੁਨਿਆਰੇ ਸਿੱਖ ਵੀ ਹਨ ਤੇ ਹਿੰਦੂ ਵੀ। ਸਿੱਖ ਸੁਨਿਆਰੇ ਸਿੱਖ ਧਰਮ ਦੀਆਂ ਰਹੁ-ਰੀਤਾਂ ਨੂੰ ਅਪਣਾਉਂਦੇ ਹਨ ਤੇ ਵਿਆਹ ਸ਼ਾਦੀਆਂ ਸਿੱਖ ਧਾਰਨਾਵਾਂ ਅਨੁਸਾਰ ਕਰਦੇ ਹਨ। ਹਿੰਦੂ, ਸੁਨਿਆਰੇ ਹਿੰਦੂ ਧਰਮ ਦੀਆਂ ਮਿਸ਼ਰਤ ਰਸਮਾਂ ਅਨੁਸਾਰ ਆਪਣੇ ਕਾਰ-ਵਿਹਾਰ ਤੇ ਵਿਆਹ ਸ਼ਾਦੀਆਂ ਕਰਦੇ ਹਨ। ਕਈ ਆਰੀਆ ਸਮਾਜੀ, ਦੇਵ ਸਮਾਜੀ ਅਤੇ ਆਰ.ਐਸ.ਐਸ. ਸੰਸਥਾਵਾਂ ਦੇ ਅਨੁਯਾਈ ਹਨ।

 Sonar Caste History | ਸੁਨਾਰ ਜਾਂ ਸੁਨਿਆਰੇ ਜਾਤ ਇਤਿਹਾਸ

ਸੁਨਿਆਰਿਆਂ ਨੂੰ ਸਵਰਨਕਾਰ ਵੀ ਕਹਿੰਦੇ ਹਨ। ਇਨ੍ਹਾਂ ਨੂੰ ਦਿੱਲੀ ਵਿਚ ‘ਦਸੇ’ ਅਤੇ ਦੇਸਵਾਲੇ ਕਹਿੰਦੇ ਹਨ। ਦਸੇ, ਕਰੇਵੇਂ ਦੀ ਰਸਮ ਕਰ ਲੈਂਦੇ ਸਨ, ਜਦਕਿ ਦੇਸਵਾਲੇ ਨਹੀਂ। ਦੇਸਵਾਲੇ ਸੁਨਿਆਰੇ ਕੇਵਲ ਬਾਣੀਆਂ ਤੋਂ ਥੱਲੇ ਗਿਣੇ ਜਾਂਦੇ ਸਨ। “ਜੱਟ ਸੁਨਿਆਰੇ ਨੂੰ ਆਪਣੇ ਤੋਂ ਬਹੁਤਾ ਨੀਵਾਂ ਸਮਝਦਾ ਹੈ।” ਪਰ ਇਹ ਗੱਲ ਹੁਣ ਲਾਗੂ ਨਹੀਂ ਹੁੰਦੀ ਸੁਨਿਆਰੇ ਜੱਟਾਂ ਤੋਂ ਘੱਟ ਨਹੀਂ। ਇਹ ਅੱਜਕਲ੍ਹ ਬਹੁਤ ਧਨੀ ਹਨ, ਅਤੇ ਅੱਜ ਦੇ ਯੁਗ ਵਿਚ ਸਮਾਜਿਕ ਰੁਤਬਾ ਆਮ ਤੋਰ ‘ਤੇ ਪੈਸੇ ਤੋਂ ਹੀ ਗਿਣਿਆ ਜਾਂਦਾ ਹੈ, ਜਾਤ ਤੋਂ ਨਹੀਂ। ਪੁਰਾਣਿਆਂ ਸਮਿਆਂ ਵਿਚ ਵੀ ਧਨੀ ਹੋਣਾ ਹੀ ਉੱਚਤਾ ਦੀ ਨਿਸ਼ਾਨੀ ਸੀ।

ਸੁਨਿਆਰੇ ਇਕ ਸੁਣੱਖੀ ਜਾਤ ਹੈ। ਇਨ੍ਹਾਂ ਵਿਚ ਵੱਡੇ-ਵੱਡੇ ਅਫ਼ਸਰ ਅਤੇ ਪ੍ਰਤਿਸ਼ਠਤ ਲੋਕ ਹਨ । ਕਈ ਉੱਨਤ ਸਨਅਤਕਾਰ ਹਨ। ਪੰਜਾਬੀ ਦਾ ਪ੍ਰਸਿੱਧ ਨਾਵਲਕਾਰ ਹਰਨਾਮਦਾਸ ਸਹਿਰਾਈ ਚੌਹਾਨ ਗੋਤ ਦਾ ਸੁਨਿਆਰਾ ਸੀ । ਸਿੰਚਾਈ ਵਿਭਾਗ ਪੰਜਾਬ ਦਾ ਪ੍ਰਸਿੱਧ ਚੀਫ਼ ਇੰਜੀਨੀਅਰ ਸਵਰਗੀਯ ਸਰਦਾਰ ਜਿਤੰਦਰਾ ਸਿੰਘ ਵੀ ਸੁਨਿਆਰਾ ਜਾਤ ਨਾਲ ਸੰਬੰਧਤ ਸੀ। ਕੇਂਦਰੀ ਪੰਜਾਬੀ ਲੇਖਕ ਸਭਾ ਦਾ ਸਾਬਕਾ ਪ੍ਰਧਾਨ ਪ੍ਰੋ. ਅਵਤਾਰ ਸਿੰਘ ਜੋੜਾ ਵੀ ਇਸ ਜਾਤ ਨਾਲ ਸੰਬੰਧਤ ਹੈ। 1881 ਈ. ਦੀ ਮਰਦਮ- ਸ਼ੁਮਾਰੀ ਅਨੁਸਾਰ ਪੰਜਾਬ ਵਿਚ ਸੁਨਿਆਰਿਆਂ ਦੀ ਸੰਖਿਆ 154901 ਸੀ। ਜਲੰਧਰ ਵਿਚ 6900, ਅੰਬਾਲਾ 7323, ਲੁਧਿਆਣੇ 5962, ਹੁਸ਼ਿਆਰਪੁਰ 6689, ਅੰਮ੍ਰਿਤਸਰ 8605, ਸਿਆਲਕੋਟ ਜ਼ਿਲ੍ਹੇ ਵਿਚ 8947 ਅਤੇ ਸਭ ਤੋਂ ਵੱਧ ਪਟਿਆਲੇ 10709 ਸੀ।

ਇਸ ਮਸ਼ੀਨੀਕਰਨ ਦੇ ਯੁੱਗ ਨੇ ਪਿੰਡਾਂ ਵਿਚੋਂ ਸੁਨਿਆਰਿਆਂ ਦੇ ਕੰਮ ਨੂੰ ਲਗਭਗ ਖ਼ਤਮ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਹੋਰ ਧੰਦੇ ਅਪਣਾ ਲਏ ਹਨ। ਸ਼ਹਿਰੀ ਸੁਨਿਆਰਿਆਂ ਨੇ ਆਪਣੇ ਕੰਮ ਨੂੰ ਬੜੀ ਵੱਡੀ-ਪੱਧਰ ਤਕ ਵਧਾ ਲਿਆ ਹੈ ਤੇ ਉਨ੍ਹਾਂ ਦੀਆਂ ਵੱਡੀਆਂ ਵੱਡੀਆਂ ਗਹਿਣਿਆਂ ਦੀਆਂ ਦੁਕਾਨਾਂ ਸ਼ਹਿਰਾਂ ਵਿਚ ਵੇਖੀਆਂ ਜਾ ਸਕਦੀਆਂ ਹਨ ਅਤੇ ਉਨ੍ਹਾਂ ਦੀ ਮਾਇਕ ਅਵਸਥਾ ਬਹੁਤ ਮਜ਼ਬੂਤ ਬਣ ਗਈ ਹੈ। ਕਈਆਂ ਨੇ ਸਨਅਤੀ ਯੂਨਿਟ ਵੀ ਲਾ ਲਏ ਹਨ। ਜਲੰਧਰ ਦੇ ਵਿਕਟਰ ਟੂਲਜ਼ ਅਤੇ ‘ਪਰੌਕਸੀ’ ਟੂਲਜ਼ ਆਦਿ ਇਸ ਗੱਲ ਦੀ ਉਦਾਹਰਨ ਹਨ। ਭਾਰਤ ਦਾ ਪ੍ਰਸਿੱਧ ਸਨਅਤਕਾਰ ਸਰਦਾਰ ਰੌਣਕ ਸਿੰਘ ਵੀ ਇਸੇ ਭਾਈਚਾਰੇ ਨਾਲ ਸੰਬੰਧਤ ਸੀ।

 

 

Credit – ਕਿਰਪਾਲ ਸਿੰਘ ਦਰਦੀ

Leave a Comment