ਪਾਂਛਟਾ
ਅਜ਼ਾਦੀ ਲਈ ਸੰਘਰਸ਼ ਕਰਨ ਵਾਲਿਆਂ ਦਾ ਪਿੰਡ
ਪਾਂਛਟਾ ਪਿੰਡ ਦੀ ਮਾਲਕੀ ਕੇਵਲ ਪਰਮਾਰ ਗੋਤ ਦੇ ਰਾਜਪੂਤਾਂ ਦੀ ਹੈ। ਪਰਮਾਰ ਇੱਕ ਜਗਤ ਪ੍ਰਸਿੱਧ ਗੋਤ ਹੈ। ਪਰਮਾਰ ਸ਼ਬਦ ਦਾ ਅਰਥ ਹੈ ‘ਮੁੱਖ ਲੜਾਕਾ’। ਇਹ ਅਗਨੀਕੁਲ ਰਾਜਪੂਤਾਂ ਦੀ ਇੱਕ ਵੱਡੀ ਸ਼ਾਖ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 476 ‘ਤੇ ਲਿਖਿਆ ਹੈ “ਮੰਨੀ ਜਾਂਦੀ ਕਥਾ ਇਉਂ ਪ੍ਰਚੱਲਤ ਹੈ ਕਿ ਰਾਖਸ਼ਾਂ ਦਾ ਨਾਸ਼ ਕਰਨ ਲਈ ਆਬੂ ਪਹਾੜ ‘ਤੇ ਰਿਸ਼ੀਆਂ ਨੇ ਯੱਗ ਕੀਤਾ ਯੱਗ ਦੇ ਕੁੰਡ ‘ਚੋਂ ਚਾਰ ਪਰਤਾਪੀ ਪੁਰਖ ਪ੍ਰਗਟ ਹੋਏ, ਜਿਨ੍ਹਾਂ ਦੇ ਨਾਂਅ ਹਨ ਪਰਮਾਰ, ਚੌਹਾਨ, ਸੋਲੰਕੀ ਅਤੇ ਪਰਿਹਾਰ। ਇਨ੍ਹਾਂ ਚਾਰ ਰਾਜਪੂਤਾਂ ਤੋਂ ਚਾਰ ਵੰਸ਼ ਚੱਲੇ। ਇਹ ਅਗਨੀ ਕੁੰਡ ਅਜੇ ਵੀ ਆਬੂ ਪਹਾੜ ਦੀ ਚੋਟੀ ‘ਤੇ ਮੌਜੂਦ ਹੈ।”
ਅੱਜਕੱਲ੍ਹ ਦੇ ਸਾਇੰਸ ਦੇ ਯੁੱਗ ਵਿੱਚ ਮਿਥਿਹਾਸਕ ਕਥਾਵਾਂ ‘ਤੇ ਯਕੀਨ ਨਹੀਂ ਕੀਤਾ ਜਾਂਦਾ । ਭਾਰਤ ਵਿੱਚ ਬੁੱਧ ਧਰਮ ਦੇ ਫੈਲਾਅ ਨਾਲ ਕਸ਼ੱਤਰੀ ਰਾਜਿਆਂ ਨੇ ਹਿੰਸਾ ਤੋਂ ਤੌਬਾ ਕਰਕੇ ਹਥਿਆਰਾਂ ਦੀ ਵਰਤੋਂ ਛੱਡ ਦਿੱਤੀ, ਜਿਸ ਦਾ ਲਾਭ ਉੱਤਰ-ਪੱਛਮ ਵੱਲੋਂ ਹਿੰਸਕ ਲੋਕਾਂ ਨੇ ਲਿਆ । ਸਨਾਤਨ ਧਰਮ ਦਾ ਖਾਤਮਾ ਹੁੰਦਾ ਦੇਖ ਕੇ ਰਿਸ਼ੀਆਂ ਨੂੰ ਇਸ ਦੀ ਰੱਖਿਆ ਦਾ ਫਿਕਰ ਹੋਣਾ ਕੁਦਰਤੀ ਸੀ । ਇਹ ਠੀਕ ਜਾਪਦਾ ਹੈ ਕਿ ਰਿਸ਼ੀਆਂ- ਮੁਨੀਆਂ ਨੇ ਸਨਾਤਨ ਧਰਮ ਦੀ ਰੱਖਿਆ ਲਈ ਯੱਗ ਕੀਤਾ ਹੋਵੇ, ਜਿਸ ਵਿੱਚ ਹਾਜ਼ਰ ਆਏ ਲੋਕਾਂ ਨੂੰ ਵੰਗਾਰਿਆਂ ਹੋਵੇ ਕਿ ਜਿਨ੍ਹਾਂ ਨੇ ਧਰਮ ਲਈ ਜਾਨਾਂ ਵਾਰਨੀਆਂ ਹਨ, ਉਹ ਅਗਨੀ ਕੁੰਡ ਟੱਪ ਕੇ ਦੂਜੇ ਪਾਸੇ ਆ ਜਾਣ। ਇਹ ਚਾਰ ਯੋਧੇ ਅਗਨੀ ਕੁੰਡ ਤੋਂ ਪਾਰ ਹੋ ਕੇ ਧਰਮ ਦੀ ਰਾਖੀ ਲਈ ਆਪਣੇ-ਆਪ ਨੂੰ ਸਮਰਪਣ ਵਾਲੇ ਮੋਹਰੀ ਹੋਣਗੇ।
ਦਸਵੀਂ ਸਦੀ ਬਿਕਰਮੀ ਵਿੱਚ ਮਹਾਰਾਜਾ ਸ਼ਾਲ ਭਾਨੂੰ ਦੇ ਛੋਟੇ ਭਰਾ ਤੇਆਇਜ ਨੇ ਮਾਲਵਾ ਦੇ ਉਮਤਵਾੜਾ ਇਲਾਕੇ ਤੋਂ ਆ ਕੇ ਕੋਹਿਸਤਾਨ ਦੁਆਬਾ ਪਰਗਲ (ਜਿਸ ਨੂੰ ਅੱਜਕੱਲ੍ਹ ਬੀਤ ਕਹਿੰਦੇ ਹਨ) ਤੇ ਬਿਓਟ ਤੇ ਭੱਟੀ ਰਾਜਪੂਤਾਂ ਨੂੰ ਹਰਾ ਕੇ ਆਪਣਾ ਰਾਜ ਕਾਇਮ ਕੀਤਾ ਅਤੇ ਹੀਉ (ਜ਼ਿਲ੍ਹਾ ਨਵਾਂਸ਼ਹਿਰ) ਨੂੰ ਆਪਣੀ ਰਾਜਧਾਨੀ ਬਣਾਇਆ। ਰਾਓ ਤੇ-ਆਇਜ਼ ਦੀ ਤੀਜੀ ਪੁਸ਼ਤ ਵਿਚ ਰਾਓ ਬਲਰਾਮ ਨੇ ਘੋੜੇ ਵਾਹੇ ਰਾਜਪੂਤਾਂ ਨਾਲ ਝਗੜਾ-ਲੜਾਈ ਹੋਣ ਕਰਕੇ ਹੀਉਂ ਨੂੰ ਛੱਡ ਕੇ ਪਿੰਡ ਅਜਨੋਹਾ (ਜ਼ਿਲ੍ਹਾ ਹੁਸ਼ਿਆਰਪੁਰ) ਆਬਾਦ ਕੀਤਾ। ਇਸ ਖਾਨਦਾਨ ਪਰਮਾਰ ਦੇ ਹੇਠ ਲਿਖੇ 12 ਪਿੰਡ ਹਨ: ਪਾਂਛਟਾ, ਅਜਨੋਹਾ, ਨਡਾਲੋਂ, ਪੰਜੌੜ, ਮਾਈਓ ਪੱਟੀ, ਬੱਡੋਂ, ਜਾਂਗਲੀਆਣਾ, ਨੰਗਲ, ਖੇੜੀ, ਮਲਕਪੁਰ, ਸ਼ੇਖੂਪੁਰ ਅਤੇ ਬੇਰ ਪਚਰਾਲੀ । ਇਨ੍ਹਾਂ ਪਰਮਾਰਾਂ ਦੇ ਜਠੇਰਿਆਂ ਦੀ ਜਗ੍ਹਾ ਪਿੰਡ ਹੀਉਂ ਵਿੱਚ ਅਜੇ ਵੀ ਮੌਜੂਦ ਹੈ। ਰਾਜਪੂਤਾਂ ਵਿੱਚ ਕਿਸੇ ਵਡੇਰੀ ਸਤੀ ਦੀ ਜਗ੍ਹਾ ਬਣਾਉਣ ਦਾ ਵੀ ਰਿਵਾਜ਼ ਹੈ। ਹਰ ਗੋਤ ਦੀ ਵੱਖਰੀ-ਵੱਖਰੀ ਸਤੀ ਦੀ ਜਗ੍ਹਾ ਹੈ। ਪਰਮਾਰ ਗੋਤ ਦੀ ਸਤੀ ਦਾ ਮੰਦਰ ਬੰਗਾ ਸ਼ਹਿਰ ਵਿਖੇ ਮੌਜੂਦ ਹੈ। ਇਸ ਸਤੀ ਦਾ ਨਾਂਅ ਚੀਹੋ ਦੇਵੀ ਸੀ। ਤੀਹ-ਚਾਲੀ ਸਾਲ ਪਹਿਲਾਂ ਤੱਕ ਇਕ ਲੋਕ ਨਵੇਂ ਵਿਆਹੇ ਜੋੜਿਆਂ ਨੂੰ ਜਠੇਰਿਆਂ ਦੀ ਥਾਂ ‘ਤੇ ਮੱਥਾ ਟਿਕਾਉਣ ਲਿਜਾਂਦੇ ਰਹੇ ਹਨ, ਪਰ ਇਸ ਪਿੰਡ ਦਾ ਪਾਣੀ ਨਹੀਂ ਪੀਂਦੇ। ਸੰਨ 1008 ਵਿੱਚ ਮਹਿਮੂਦ ਗਜ਼ਨਵੀ ਨੇ ਗੜ੍ਹਸ਼ੰਕਰ ਅਤੇ ਆਲੇ-ਦੁਆਲੇ ਦਾ ਸਾਰਾ ਇਲਾਕਾ, ਜੋ ਕਿ ਡੋਡ ਰਾਜਪੂਤਾਂ, (ਪਰਮਾਰਾਂ ਦੀ ਹੀ ਇੱਕ ਸ਼ਾਖ ਹੈ) ਦਾ ਸੀ, ਉਜਾੜ ਦਿੱਤਾ। ਗੜ੍ਹਸ਼ੰਕਰ ਤੋਂ ਰਾਜ ਖੁੱਸਣ ਕਰਕੇ ਪਰਮਾਰ ਗੜ੍ਹਸ਼ੰਕਰ ਦਾ ਪਾਣੀ ਵੀ ਨਹੀਂ ਪੀਂਦੇ।
ਇੱਕ ਹੋਰ ਲਿਖਤ ਅਨੁਸਾਰ ਜੈ ਸਿੰਘ ਸਵਾਈ ਦਾ ਪੁੱਤਰ ਰਾਜਾ ਜਗਨਾ ਆਪਣੇ ਪਿਤਾ ਨਾਲ ਨਾਰਾਜ਼ ਹੋ ਕੇ ਪੰਜਾਬ ਆ ਗਿਆ। ਉਸ ਨੇ ਬੰਗਾ (ਜ਼ਿਲ੍ਹਾ ਨਵਾਂਸ਼ਹਿਰ) ਸ਼ਹਿਰ ਵਸਾਇਆ। ਬਜਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਪਾਂਛਟਾ ਜ਼ਿਲ੍ਹਾ ਕਪੂਰਥਲਾ ਉਸ ਦੇ ਪੁੱਤਰਾਂ ਨੇ ਵਸਾਏ। ਉਸ ਦੇ ਸਭ ਤੋਂ ਵੱਡੇ ਪੁੱਤਰ ਮਾਹੀ ਨੇ ਪਿੰਡ ਮਾਈਓ ਪੱਟੀ ਵਸਾਇਆ।
ਪਰਮਾਰ ਗੋਤ ਵਿੱਚੋਂ ਹੁਸ਼ਿਆਰ ਸਿੰਘ ਦੁਲੇਹ ਅਨੁਸਾਰ ਜੱਟਾਂ ਦੀਆਂ ਔਲਖ, ਸਿਆਲ, ਸੇਖੋਂ, ਸੋਹਲ, ਟਿਵਾਣੇ, ਹਰੀ, ਕੌੜੇ, ਖਰਲ, ਕਾਹਲੋਂ, ਗੁਰਮ, ਦਲਿਓ, ਦਿਓਲ, ਦਿਓ, ਪਵਾਰ, ਪਨੂੰ, ਬੁੱਟਰ, ਬੱਲ, ਬੋਪਾਰਾਏ, ਬਿਲਿੰਗ, ਭੁੱਟੋ, ਮੰਡੇਰ, ਵੜਿੰਗ ਆਦਿ ਸ਼ਖਾਵਾਂ ਨਿਕਲੀਆਂ ਹਨ।
ਪਾਂਛਟਾ ਪਿੰਡ ਫਗਵੜਾ (ਜਿਲ੍ਹਾ ਕਪੂਰਥਲਾ) ਤੋਂ 10 ਕੁ ਮੀਲ ਉੱਤਰ-ਪੂਰਬ ਦਿਸ਼ਾ ਵੱਲ ਸਥਿਤ ਹੈ। ਇੱਥੇ ਜਾਣ ਲਈ ਪਹਿਲਾ ਫਗਵਾੜਾ ਤੋਂ ਹੁਸ਼ਿਆਰਪੁਰ ਜਾਣ ਵਾਲੀ ਸੜਕ ਤੋਂ ਚੜ੍ਹਦੇ ਪਾਸੇ ਨੂੰ ਰਾਵਲਪਿੰਡੀ ਪਿੰਡ ਤੋਂ ਬਾਅਦ ਸੜਕ ਮੁੜਦੀ ਹੈ। ਇਸ ਪਿੰਡ ਦਾ ਮੁੱਢ ਜੈਮਲ ਰਾਓ ਪਰਮਾਰ ਨੇ ਪਿੰਡ ਅਜਨੋਹਾ ਜ਼ਿਲ੍ਹਾ ਹੁਸ਼ਿਆਰਪੁਰ, ਜੋ ਕਿ ਇੱਕੋਂ ਦੋ ਮੀਲ ਚੜ੍ਹਦੇ ਪਾਸੇ ਹੈ, ਤੋਂ ਆ ਕੇ ਬੰਨ੍ਹਿਆ ਹੈ। ਇਹ ਸਨ 1501 ਈ. ਵਿੱਚ ਆਬਾਦ ਹੋਣਾ ਸ਼ੁਰੂ ਹੋਇਆ, ਜਿਸ ਥਾਂ ਜੈਮਲ ਜਾਂ ਜਾਬਲ ਰਾਓ ਪਰਮਾਰ ਨੇ ਆਪਣੀ ਰਿਹਾਇਸ਼ ਰੱਖੀ, ਉਹ ਉਸ ਸਮੇਂ ਦੀਆਂ ਸਥਿਤੀਆਂ ਅਨੁਸਾਰ ਇੱਕ ਕਿਲ੍ਹੇ ਦੀ ਤਰ੍ਹਾਂ ਬਣਾਇਆ ਗਿਆ। ਇਹ ਜਗ੍ਹਾ ਪਿੰਡ ਦੇ ਵਿਚਕਾਰ ਆ ਗਈ ਹੈ ਤੇ ਸਰਕਾਰੀ ਪ੍ਰਾਇਮਰੀ ਸਕੂਲ ਇਸ ਥਾਂ ਚੱਲ ਰਿਹਾ ਹੈ। ਉਸ ਤੋਂ ਅੱਗੇ ਉਸ ਦੇ ਛੇ ਪੁੱਤਰ ਹੋਏ, ਜਿਨ੍ਹਾਂ ਦੇ ਨਾਂਅ ਸੌਦਾਗਰ, ਦਯਾਵਾਨੀ, ਭਾਗ ਸਿੰਘ, ਬੁੱਧ ਸਿੰਘ, ਮਸੱਦਾ ਸਿੰਘ ਅਤੇ ਸ਼ੋਭਾ ਸਿੰਘ ਸਨ। ਇਨ੍ਹਾਂ ਵਿੱਚੋਂ ਇੱਕ ਬੇਔਲਾਦ ਪੂਰਾ ਹੋ ਗਿਆ ਤੇ ਬਾਕੀ ਦੇ ਪੰਜਾਂ ਤੋਂ ਇਸ ਪਿੰਡ ਦੀਆਂ ਪੰਜ ਪੱਤੀਆਂ ਚੱਲੀਆਂ ਆ ਰਹੀਆਂ ਹਨ। ਪੰਜ ਭਾਵ ਪਾਂਚ ਤੋਂ ਇਸ ਪਿੰਡ ਦਾ ਨਾਂਅ ਪਾਂਛਟ ਪਿਆ। ਇਸ ਪਿੰਡ ਦੀ ਜ਼ਮੀਨ ਬਹੁਤ ਜ਼ਿਆਦਾ ਸੀ, ਇਸ ਕਰਕੇ ਹਰ ਇੱਕ ਪੱਤੀ ਵਿੱਚ ਦੋ-ਦੋ ਨੰਬਰਦਾਰ ਹਨ। ਇਸ ਸਮੇਂ ਇਸ ਪਿੰਡ ਦਾ ਰਕਬਾ 2435 ਏਕੜ, ਜੋ ਕਪੂਰਥਲਾ ਜ਼ਿਲ੍ਹਾ ਦੇ ਹੱਦਬਸਤ ਨੰਬਰ 25 ਵਿੱਚ ਹੈ। ਲਾਗੇ ਦੇ ਪਿੰਡ ਜਲਵੇੜਾ, ਨਸੀਰਾਬਾਦ, ਨਵਾਂ ਠੱਕਰਵਾਲ, ਖਲਿਆਣ ਪਾਂਛਟਾ ਦੇ ਰਕਬੇ ਵਿੱਚੋਂ ਹੀ ਆਬਾਦ ਹੋਏ। ਉਸ ਸਮੇਂ ਜ਼ਮੀਨ ਤੋਂ ਸਰਕਾਰੀ ਮਾਮਲਾ ਦੇਣ ਜੋਗੀ ਵੀ ਆਮਦਨ ਨਹੀਂ ਸੀ ਹੁੰਦੀ ਅਤੇ ਮਾਲਕ ਜ਼ਮੀਨ ਛੱਡ ਕੇ ਕਿਤੇ ਹੋਰ ਤੁਰ ਜਾਂਦੇ ਸਨ । ਪਾਂਛਟਾ ਪਿੰਡ ਦੀ ਜ਼ਮੀਨ ਦੀ ਮਾਲਕੀ ਕੇਵਲ ਪਰਮਾਰ ਰਾਜਪੂਤਾਂ ਦੀ ਹੈ ਤੇ ਹੱਕ ਸੁਫ਼ਾਂ ਕਾਨੂੰਨ ਬਣਨ ਤੱਕ ਇਹ ਕਿਸੇ ਹੋਰ ਕੌਮ ਨੂੰ ਆਪਣੇ ਪਿੰਡ ਦੀ ਜ਼ਮੀਨ ਨਹੀਂ ਖਰੀਦਣ ਦਿੰਦੇ ਸਨ।
ਪਿੰਡ ਦੇ ਨੰਬਰਦਾਰ ਸ੍ਰੀ ਅਵਤਾਰ ਚੰਦਰ ਪਰਮਾਰ ਨੇ ਆਪਣਾ ਬੰਸਾਵਲੀਨਾਮਾ ਰੱਖਿਆ ਹੋਇਆ ਹੈ ਤੇ ਉਹ ਜਾਬਲ ਰਾਓ ਦੀ 26ਵੀਂ ਪੀੜ੍ਹੀ ਹਨ। ਤਵਾਰੀਖੀ ਕਸੌਟੀ ਅਨੁਸਾਰ ਪਿੰਡ ਦਾ ਮੁੱਢ ਸੰਨ 1501 ਵਿੱਚ ਬੱਝਣਾ ਬਿਲਕੁੱਲ ਠੀਕ ਹੈ।
ਅੰਮ੍ਰਿਤਸਰ ਵਿਖ ਹਰਿਮੰਦਰ ਸਾਹਿਬ ਦੀ ਉਸਾਰੀ ਨੂੰ ਦੇਖ ਕੇ ਇਥੋਂ ਦੇ ਇੱਕ ਸਾਧੂ ਬਾਬਾ ਕਾਲੂ ਨੇ ਹਰਿਮੰਦਰ ਸਾਹਿਬ ਦੇ ਨਮੂਨੇ ‘ਤੇ ਇਕ ਤਲਾਬ ਵਿੱਚ ਉਸੇ ਨਮੂਨੇ ਦਾ ਮੰਦਰ ਬਣਾਇਆ। ਇਸੇ ਤਰ੍ਹਾ ਦਾ ਇਕ ਮੰਦਰ ਇੱਥੋਂ ਸੱਤ-ਅਠ ਮੀਲ ਪੂਰਬ ਵੱਲ ਪਿੰਡ ਪਚਨੰਗਲ (ਜ਼ਿਲ੍ਹਾ ਹੁਸ਼ਿਆਰਪੁਰ) ਵਿੱਚ ਬਣਵਾਇਆ। ਉਸ ਸਮੇਂ ਐਨਾ ਖਰਚ ਕਰਕੇ ਛੋਟੀਆਂ ਇੱਟਾਂ ਤੇ ਚੂਨੇ ਦੀ ਚਿਣਾਈ ਤੇ ਤਾਲਾਬ ਤੇ ਮੰਦਰ ਬਣਾਉਣ ਆਮ ਜਿਹੇ ਬੰਦੇ ਦੀ ਵਿੱਤ ਤੋਂ ਬਾਹਰ ਸਨ । ਆਮ ਜ਼ਿੰਮੀਦਾਰਾਂ ਦੇ ਤਾਂ ਘਰ ਵੀ ਕੱਚੇ ਹੀ ਹੁੰਦੇ ਸਨ। ਉਹਨੀਂ ਦਿਨੀਂ ਛੇਵੇਂ ਪਾਤਸ਼ਾਹ ਇਸ ਇਲਾਕੇ ਵਿੱਚ ਆਏ। ਉਨ੍ਹਾ ਗੋਂਦਪੁਰ ਲਾਗੇ ਟਾਹਲੀ ਸਾਹਿਬ ਗੁਰਦੁਆਰਾ ਸਾਹਿਬ ਵਾਲੀ ਥਾਂ ਡੇਰਾ ਕੀਤਾ ਹੋਇਆ ਸੀ। ਕੁਝ ਸਿੱਖਾਂ ਵੱਲੋਂ ਗੁਰੂ ਸਾਹਿਬ ਨੂੰ ਬਾਬਾ ਕਾਲੂ ਦੇ ਸਿੱਖੀ ਵਿਰੁੱਧ ਪ੍ਰਚਾਰ ਦੀ ਖ਼ਬਰ ਮਿਲੀ । ਗੁਰੂ ਜੀ ਨੇ ਕੁਝ ਸਿੱਖ ਘੋੜਸਵਾਰ ਭੇਜ ਕੇ ਪਾਂਛਟਾ ਤੋਂ ਬਾਬਾ ਕਾਲੂ ਨੂੰ ਮੁਸ਼ਕਾਂ ਨਾਲ ਬੰਨ੍ਹ ਕੇ ਮੰਗਵਾ ਲਿਆ। ਇਸ ਨੂੰ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ। ਇਸੇ ਦੇ ਗੁਰਭਾਈ ਬਾਬਾ ਲੱਖੋ ਪਿੰਡ ਭਾਰਟਾ, ਜੋ ਇਸ ਟਾਹਲੀ ਸਾਹਿਬ ਤੋਂ ਦੋ ਕੁ ਮੀਲ ਪੂਰਬ ਵੱਲ ਹੈ, ਨੂੰ ਜਦੋਂ ਇਸ ਦੇ ਗ੍ਰਿਫਤਾਰ ਹੋਣ ਦੀ ਖ਼ਬਰ ਮਿਲੀ, ਤਾਂ ਉਸ ਨੇ ਟਾਹਲੀ ਸਾਹਿਬ ਵਿਖੇ ਆ ਕੇ ਗੁਰੂ ਸਾਹਿਬ ਦੇ ਘੋੜਿਆਂ ਦੀ ਸੇਵਾ ਸ਼ੁਰੂ ਕਰ ਦਿੱਤੀ । ਬਾਬਾ ਲੱਖੋ ਪੇਸ਼ੇ ਵਜੋਂ ਤਰਖਾਣ ਸਨ ਤੇ ਉਹ ਆਪਣੇ ਸੰਦ ਨਾਲ ਲੈ ਕੇ ਆਏ। ਸਭ ਤੋਂ ਪਹਿਲਾਂ ਤਾਂ ਦਰੱਖਤਾਂ ਨਾਲੋਂ ਲੱਕੜਾ ਵੱਢ ਕੇ ਕਿੱਲੇ ਘੜ ਕੇ ਇੱਕ ਲਾਈਨ ਵਿੱਚ ਗੱਡ ਕੇ ਘੋੜੇ ਉਨ੍ਹਾਂ ਨਾਲ ਬੰਨ੍ਹੇ। ਦੋ ਦਿਨ ਤੱਕ ਕਿਸੇ ਨਾਲ ਕੋਈ ਗੱਲਬਾਤ ਨਾ ਕੀਤੀ । ਨਾਮ ਜੱਪੀ ਜਾਣ ਤੇ ਘੋੜਿਆਂ ਨੂੰ ਪੱਠੇ ਪਾਈ ਜਾਣ ਜਾਂ ਖਰਖਰਾ ਕਰੀ ਜਾਣ। ਗੁਰੂ ਸਾਹਿਬ ਨੂੰ ਖੁਸ਼ ਕਰਕੇ ਉਸ ਨੇ ਆਪਣੇ ਗੁਰਭਾਈ ਬਾਬਾ ਕਾਲੂ ਨੂੰ ਛੁਡਵਾ ਲਿਆ। ਬਾਬਾ ਕਾਲੂ ਦੇ ਬਣਾਏ ਦੋਵਾਂ ਪਿੰਡਾਂ ਵਿੱਚ ਇਹ ਮੰਦਰ ਅਜੇ ਤੱਕ ਖੰਡਰ ਰੂਪ ਵਿੱਚ ਦਿਸਦੇ ਹਨ। ਕੋਈ ਸੰਭਾਲ ਨਾ ਹੋਣ ਕਾਰਨ ਇਨ੍ਹਾਂ ਦੇ ਨਿਸ਼ਾਨ ਵੀ ਮਿਟ ਜਾਣੇ ਹਨ। ਪਾਂਛਟਾ ਦੇ ਮੰਦਰ ਨੂੰ ਸੰਨ 1947 ਦੇ ਹੜ੍ਹਾਂ ਨੇ ਬਹੁਤ ਨੁਕਸਾਨ ਪਹੁੰਚਾਇਆ। ਮੰਦਰ ਤੋਂ ਬਾਹਰ ਸੀਮੈਂਟ ਦੀਆਂ 25 ਢੇਰੀਆਂ, ਜੋ ਬਾਬਾ ਕਾਲੂ ਤੋਂ ਬਾਅਦ ਦੇ ਸੇਵਾਦਾਰਾਂ ਦੀਆਂ ਅਸਥੀਆਂ ਦੀਆਂ ਹਨ। ਬਾਬਾ ਕਾਲੂ ਜੀ ਇਸ ਪਿੰਡ ਵਿੱਚ ਸੰਨ 1556 ਵਿੱਚ ਆਏ। 25 ਢੇਰੀਆਂ ਦੇ ਹਿਸਾਬ ਨਾਲ ਇਹ ਤਰੀਕ ਠੀਕ ਹੀ ਹੈ। ਇਤਿਹਾਸਕ ਮੰਦਰ ਦੇ ਸਾਹਮਣੇ ਬਾਬਾ ਕਾਲੂ ਦੀ ਸਮਾਧ ‘ਤੇ ਬਹੁਤ ਵਧੀਆ ਮੰਦਰ ਉਸਾਰਿਆ ਗਿਆ ਹੈ, ਜਿਸ ਦੀ ਸੇਵਾ-ਸੰਭਾਲ ਕਾਫੀ ਚੰਗੀ ਹੈ।
ਇਤਿਹਾਸਕ ਮੰਦਰ ਦੇ ਨਾਲ ਹੀ ਗੁਰਦੁਆਰਾ ਸ਼ਹੀਦਾਂ ਹੈ। ਕੋਈ ਵੀ ਵਿਅਕਤੀ ਇਸ ਸ਼ਹੀਦ ਜਾਂ ਸ਼ਹੀਦੀ ਬਾਰੇ ਕੁਝ ਨਹੀਂ ਜਾਣਦਾ । ਸ. ਜਸਬੀਰ ਸਿੰਘ ਪਰਮਾਰ ਪ੍ਰਿੰਸੀਪਲ ਨਵ-ਭਾਰਤ ਕਾਲਜ ਨੇ ਲੇਖਕ ਨੂੰ ਦੱਸਿਆ ਕਿ ਉਨ੍ਹਾਂ ਦੇ ਬਚਪਨ ਸਮੇਂ ਇਕ ਛੋਟੀ ਜਿਹੀ ਮਟੀ ਹੁੰਦੀ ਸੀ ਤੇ ਉਹ ਖੁਦ ਮਟੀ ‘ਤੇ ਸੇਵਾ ਕਰਿਆ ਕਰਦੇ ਸਨ। ਜਦੋਂ ਵੱਡਾ ਗੁਰਦੁਆਰਾ ਬਣਾਉਣ ਦਾ ਵਿਚਾਰ ਬਣਿਆ ਇਹ ਮਟੀ ਢਾਹ ਦਿੱਤੀ ਗਈ ਤੇ ਇਸ ਵਿਚੋਂ ਇਕ ਘੜਾ ਨਿਕਲਿਆ, ਜਿਸ ਵਿੱਚ ਇੱਕ ਸ਼ਹੀਦ ਦੀਆਂ ਅਸਥੀਆਂ, ਕੜਾ ਤੇ ਕੰਘਾ ਸਨ । ਇਹ ਘੜਾ ਉਸੇ ਤਰ੍ਹਾਂ ਗੁਰਦੁਆਰਾ ਸਾਹਿਬ ਅੰਦਰ ਇੱਕ ਥੜ੍ਹੇ। ਹੇਠਾਂ ਦਬਾ ਦਿੱਤਾ ਗਿਆ । ਕੁਝ ਲੋਕਾਂ ਦਾ ਖਿਆਲ ਹੈ ਕਿ ਇਹ ਸ਼ਹੀਦ ਸਿੰਘ ਛੇਵੇਂ ਪਾਤਸ਼ਾਹ ਦੀ ਪਲਾਹੀ (ਨੇੜੇ ਫਗਵਾੜਾ) ਜਲੰਧਰ ਦੇ ਮੁਗਲ ਹਾਕਮ ਨਾਲ ਹੋਈ ਲੜਾਈ ਵਿੱਚ ਸ਼ਹੀਦ ਹੋਇਆ ਅਤੇ ਕੁਝ ਸਮਝਦੇ ਹਨ ਕਿ ਮਾਹਿਲਪੁਰ ਲਾਗੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਥੇ ਨਾਲ ਮੁਗਲਾਂ ਦੀ ਹੋਈ ਲੜਾਈ ਵਿਚ ਇਹ ਸਿੰਘ ਸ਼ਹੀਦ ਹੋਇਆ ਸੀ।
ਦੇਸ਼ ਭਗਤ ਲਹਿਰਾਂ ਵਿੱਚ ਇਸ ਪਿੰਡ ਦਾ ਪੂਰਾ ਯੋਗਦਾਨ ਰਿਹਾ ਹੈ। ਆਈ ਐੱਨ ਏ ਵਿੱਚ ਇਸ ਪਿੰਡ ਦੇ ਪੰਦਰਾਂ ਬੰਦੇ ਸੁਭਾਸ਼ ਚੰਦਰ ਬੋਸ ਦੇ ਇੱਕ ਇਸ਼ਾਰੇ ‘ਤੇ ਜਾਨਾਂ ਵਾਰਨ ਲਈ ਜੂਝ ਪਏ, ਜਿਨ੍ਹਾ ਵਿੱਚੋਂ ਵਤਨ ਸਿੰਘ ਅਤੇ ਹਰਦੇਵ ਰਾਏ ਮੋਹਰੀ ਸਨ। ਜੈਤੋ ਤੇ ਮੋਰਚੇ ਵਿੱਚ ਨੱਥਾ ਸਿੰਘ ਦਰਜੀ, ਭਾਈ ਕਰਤਾਰ ਸਿੰਘ ਅਤੇ ਰਲਾ ਸਿੰਘ ਜ਼ਖਮੀ ਹੋਏ, ਜਦੋਂਕਿ ਜੀਵਾ ਸਿੰਘ ਪੁੱਤਰ ਦੇਵਾ ਸਿੰਘ, ਖੁਸ਼ਹਾਲ ਸਿੰਘ ਪੁੱਤਰ ਹਾਕਮ ਸਿੰਘ ਅਤੇ ਚੁੰਮਣ ਸਿੰਘ ਪੁੱਤਰ ਗੇਂਦਾ ਸਿੰਘ ਸ਼ਹੀਦ ਹੋਏ। ਕਾਮਾਗਾਟਾ ਮਾਰੂ ਜਹਾਜ਼ ਜਦੋਂ ਬਜਬਜ ਘਾਟ ਕੋਲਕਾਤਾ ਵਿਖੇ ਲੱਗਾ, ਅੰਗਰੇਜ਼ ਸਰਕਾਰ ਦੀ ਤਾਨਾਸ਼ਾਹੀ ਕਾਰਨ ਨਿਹੱਥੇ ਪੰਜਾਬੀਆਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ, ਸ. ਹਜ਼ਾਰਾ ਸਿੰਘ ਇਸ ਘਟਨਾ ਵਿੱਚ ਜ਼ਖਮੀ ਹੋਏ। ਉਹ ਹੁਸ਼ਿਆਰਪੁਰ ਦੇ ਉੱਘੇ ਵਕੀਲ ਜਸਵਿੰਦਰ ਸਿੰਘ ਪਰਮਾਰ ਦੇ ਬਾਬਾ ਜੀ ਸਨ।
ਇਸ ਪਿੰਡ ਦੇ ਠਾਕਰ ਲਛਮਣ ਸਿੰਘ ਸੰਨ 1947 ਤੋਂ ਪਹਿਲਾਂ ਸਾਰੇ ਪੰਜਾਬ ਬਿਜਲੀ ਬੋਰਡ ਦੇ ਚੀਫ ਇੰਜੀਨੀਅਰ ਰਹੇ। ਉਨ੍ਹਾਂ ਦੀ ਹਿੰਮਤ ਨਾਲ ਪਿੰਡ ਵਿੱਚ ਬਿਜਲੀ ਸੰਨ 1954 ਵਿੱਚ ਆ ਗਈ। ਉਨ੍ਹਾਂ ਆਪਣੇ ਲਾਗੇ ਦੇ ਪਿੰਡਾਂ ਦੇ ਬਹੁਤ ਲੋਕਾਂ ਨੂੰ ਬਿਜਲੀ ਬੋਰਡ ਵਿੱਚ ਭਰਤੀ ਕਰਵਾਇਆ।
ਸੰਨ 1952 ਤੋਂ ਪਿੰਡ ਵਿੱਚ ਕੁੜੀਆਂ ਲਈ ਵੱਖਰਾ ਹਾਈ ਸਕੂਲ ਸ਼ੁਰੂ ਕੀਤਾ ਗਿਆ। ਮੁੰਡਿਆਂ ਲਈ ਹਾਈ ਸਕੂਲ ਬਹੁਤ ਪਹਿਲਾਂ ਦਾ ਸ਼ੁਰੂ ਕੀਤਾ ਹੋਇਆ ਸੀ। ਸੰਨ 1970 ਵਿੱਚ ਪਾਂਛਟਾ ਅਤੇ ਨਰੂੜ ਦੋਵਾਂ ਪਿੰਡਾਂ ਦੇ ਵਿਚਕਾਰ ਗੁਰੂ ਨਾਨਕ ਨਵ- ਭਾਰਤ ਕਾਲਜ ਸ਼ੁਰੂ ਕੀਤਾ ਗਿਆ । ਇਸ ਦੀ ਬਿਲਡਿੰਗ ਲਈ ਮਾਲੀ ਸਹਾਇਤਾ ਦੇਣ ਵਾਲਿਆਂ ਵਿੱਚ ਸ੍ਰ. ਬਖਸ਼ਾ ਸਿੰਘ ਨਰੂੜ, ਸ. ਦੀਦਾਰ ਸਿੰਘ ਡਰੋਲੀ ਕਲਾਂ (ਜ਼ੋਰਦਾਰ ਇੰਡਸਟਰੀਜ਼ ਜਲੰਧਰ ਵਾਲੇ), ਸ. ਜਮੀਤਅਤ ਸਿੰਘ ਘੁੜਿਆਲ ਤੇ ਸ੍ਰੀ ਉਧੋ ਰਾਮ ਪਰਮਾਰ ਸਨ। ਇਸ ਕਾਲਜ ਦੀ ਉਸਾਰੀ ਇਸ ਪਿੰਡ ਦੀ ਸਿਰਕੱਢ ਹਸਤੀ ਸ. ਗੁਰਬਚਨ ਸਿੰਘ ਪਰਮਾਰ ਦੇ ਉੱਦਮ ਸਦਕਾ ਸਿਰੇ ਚੜ੍ਹੀ। ਉਹ ਸੰਨ 1952 ਵਿੱਚ ਹਲਕਾ ਫਗਵਾੜਾ ਤੋਂ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੀ ਚੋਣ ਲੜੇ । ਸ. ਗੁਰਬਚਨ ਸਿੰਘ ਪਰਮਾਰ ਪੰਜਾਬ ਸਟੇਟ ਲੈਂਡ ਮਾਰਟਗੇਜ਼ ਬੈਂਕ ਅਤੇ ਆਲ ਇੰਡੀਆ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਰਹੇ। ਉਨ੍ਹਾਂ ਦੇ ਸਪੁੱਤਰ ਸ. ਹਰਜੀਤ ਸਿੰਘ ਪਰਮਾਰ ਵੀ ਸਹਿਕਾਰੀ ਸੰਸਥਾਵਾਂ ਦੇ ਉੱਚ ਕੋਟੀ ਦੇ ਅਦਾਰਿਆਂ ਦੇ ਵੱਖ-ਵੱਖ ਸਮੇਂ ਚੇਅਰਮੈਨ, ਇੰਪਰੂਵਮੈਂਟ ਟਰੱਸਟ ਫਗਵਾੜਾ ਦੇ ਚੇਅਰਮੈਨ ਰਹੇ ਹਨ ਅਤੇ ਪਾਂਛਟਾ ਕਾਲਜ ਦੇ ਪ੍ਰਬੰਧ ਵੱਲ ਪੂਰਾ ਧਿਆਨ ਦਿੰਦੇ ਹਨ। ਕਿਸੇ ਸਮੇਂ ਕਾਲਜ ਵਿੱਚ 1100 ਵਿਦਿਆਰਥੀ ਹੁੰਦੇ ਸਨ, ਜੋ ਕਿ ਅੱਜਕੱਲ੍ਹ ਕੇਵਲ 350 ਰਹਿ ਗਏ ਹਨ। ਪੰਜਾਬ ਸਰਕਾਰ ਵੱਲੋਂ ਗਰਾਂਟ ਘਟਾ ਦੇਣ ਕਾਰਨ ਬਾਕੀ ਪ੍ਰਾਈਵੇਟ ਕਾਲਜਾਂ ਵਾਲੀਆਂ ਸਮੱਸਿਆਵਾਂ ਦਾ ਇਸ ਕਾਲਜ ਨੂੰ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਿੱਚ ਛੋਟੇ ਬੱਚਿਆਂ ਲਈ ਪੰਜ ਪ੍ਰਾਈਵੇਟ ਪਬਲਿਕ ਸਕੂਲ ਚੱਲ ਰਹੇ ਹਨ।
ਬੱਬਰ ਅਕਾਲੀ ਲਹਿਰ ਸਮੇਂ ਲਹਿਰ ਦੇ ਸਰਗਰਮ ਹਿੱਸੇ ਕੋਲ ਹੋਣ ਕਰਕੇ ਬੱਬਰ ਡੁਮੇਲੀ, ਭਬਿਆਣਾ, ਬਹਿਬਲਪੁਰ ਤੇ ਕੋਟ ਫਤੂਹੀ ਵੱਲੋਂ ਇਸ ਪਿੰਡ ਵਿੱਚ ਸਮੇਂ-ਸਮੇਂ ਆਉਂਦੇ ਰਹੇ। ਸ. ਗਿਰਧਾਰਾ ਸਿੰਘ ਅਤੇ ਸ. ਲਸ਼ਕਰ ਸਿੰਘ ਬੱਬਰਾਂ ਦੀ ਸੁਰੱਖਿਅਤ ਠਾਹਰ ਸਨ । ਸ. ਬਖਸ਼ਾ ਸਿੰਘ ਨਰੂੜ ਵੀ ਬੱਬਰਾਂ ਦੀ ਮਦਦ ਕਰਦੇ ਰਹੇ। ਪਿੰਡ ਨੂੰ ਉੱਚ ਪਦਵੀਆਂ ‘ਤੇ ਪਹੁੰਚਣ ਵਾਲਿਆਂ ‘ਤੇ ਮਾਣ ਹੁੰਦਾ ਹੈ। ਮਿਲਟਰੀ ਵਿੱਚ ਬ੍ਰਿਗੇਡੀਅਰ ਦੀ ਪਦਵੀਂ ਤੱਕ ਪਹੁੰਚੇ ਬ੍ਰਿਗੇਡੀਅਰ ਅਜਾਇਬ ਸਿੰਘ (ਰਿਟਾਇਰਡ) ਅਤੇ ਬ੍ਰਿਗੇਡੀਅਰ ਸੰਤੋਖ ਸਿੰਘ, ਜੋ ਇਸ ਸਮੇਂ ਡਿਪਟੀ ਡਾਇਰੈਕਟਰ ਐਜੂਕੇਸ਼ਨਲ ਕੋਰ ਹਨ। ਕਰਨਲ ਰਮੇਸ਼ ਕੁਮਾਰ ਪਰਮਾਰ, ਕਰਨਲ ਗੁਰਮੀਤ ਸਿੰਘ ਪਰਮਾਰ ਤੋਂ ਇਲਾਵਾ ਕੈਪਟਨ ਸੋਹਣ ਸਿੰਘ ਪਰਮਾਰ ਰਿਟਾਇਰਡ ਹੋ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਫਗਵਾੜਾ ਦੇ ਸੀਨੀਅਰ ਵਾਈਸ ਪ੍ਰਧਾਨ ਹਨ। ਮਿਲਟਰੀ ਵਿੱਚੋਂ ਛੋਟੇ ਅਹੁਦਿਆਂ ਤੋਂ ਅਣਗਿਣਤ ਹੀ ਰਿਟਾਇਰਡ ਹੋਏ ਹਨ ਤੇ ਬਹੁਤ ਸਾਰੇ ਤਾਂ ਅਜੇ ਵੀ ਸਰਵਿਸ ਵਿੱਚ ਹਨ । ਡਾ. ਸਵਰਨ ਸਿੰਘ ਪਰਮਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕੈਮਿਸਟਰੀ ਦੇ ਪ੍ਰੋਫੈਸਰ ਰਿਟਾਇਰਡ ਹੋਏ ਹਨ । ਡਾ. ਰਾਜਿੰਦਰ ਸਿੰਘ ਪਰਮਾਰ ਨੇ ਰੋਪੜ ਵਿਖੇ ਆਪਣਾ ਪ੍ਰਾਈਵੇਟ ਹਸਪਤਾਲ ਖੋਲ੍ਹਿਆ ਹੋਇਆ ਹੈ।
ਇਸ ਪਿੰਡ ਦਾ ਇਤਿਹਾਸ ਠਾਕਰ ਨਗੀਨਾ ਰਾਮ ਪਰਮਾਰ ਲੇਖਕ, ਇਤਿਹਾਸਕਾਰ ਅਤੇ ਆਜ਼ਾਦੀ ਘੁਲਾਟੀਏ ਦਾ ਵਰਨਣ ਕੀਤੇ ਬਿਨਾਂ ਅਧੂਰਾ ਹੈ। ਆਪ ਨੈ ਮੈਟ੍ਰਿਕ ਪਾਸ ਕਰਕੇ ਅੰਗਰੇਜ਼ ਸਰਕਾਰ ਦੀ ਨੌਕਰੀ ਤੋਂ ਇਨਕਾਰ ਕਰ ਦਿੱਤਾ । ਸੰਮਤ 1954 (ਲਗਭਗ ਸੰਨ 1897) ਵਿੱਚ ਜਦੋਂ ਆਪ ਜੀ ਨੇ ਫਗਵਾੜਾ ਤੋਂ ਮੈਟ੍ਰਿਕ ਕੀਤੀ, ਤਾਂ ਦੋ ਕੁ ਸਾਲ ਲਈ ਗੰਡੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਕੂਲ ਮਾਸਟਰ ਲੱਗੇ ਰਹੇ। ਦੁਆਬੇ ਦੇ ਰਾਜਪੂਤ ਵਸੋਂ ਵਾਲੇ ਪਿੰਡਾਂ ਦਾ ਸ਼ਜਰਾ ਨਸਬ (ਬੰਸਾਵਲੀ) ਤਿਆਰ ਕੀਤਾ। ਸੰਨ 1907 ਵਿੱਚ ਆਪ ਲਾਹੌਰ ਗਏ ਅਤੇ ਉੱਥੇ ਅਖ਼ਬਾਰ ‘ਹਿੰਦੂ’ ਕੱਢਿਆ। ਸੰਨ 1917 ਤੋਂ ਰਾਜਪੂਤ ਮੈਗਜ਼ੀਨ ਸ਼ੁਰੂ ਕੀਤਾ, ਜੋ ਸੰਨ 1947 ਤੱਕ ਜਾਰੀ ਰਿਹਾ। ਆਪ ਜੀ ਨੇ ‘ਤਾਰੀਖ ਦੁਆਬਾ’ ਜਲੰਧਰ ਵੀ ਛਪਵਾਈ। 1907 ਵਿੱਚ ਜਦੋਂ ਨਡਾਲੋਂ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਰਾਜਪੂਤ ਦੋਆਬਾ ਹਾਈ ਸਕੂਲ ਸ਼ੁਰੂ ਹੋਇਆ, ਤਾਂ ਆਪ ਨੇ ਕਈ ਸਾਲ ਬਿਨਾਂ ਤਨਖਾਹ ਸੇਵਾ ਕੀਤੀ। ਆਪ ਦੀਆਂ ਅੰਗਰੇਜ਼ ਸਰਕਾਰ ਵਿਰੁੱਧ ਲਿਖਤਾਂ ਕਾਰਨ ਆਪ ਨੂੰ ਪੰਜ ਸਾਲ ਦੀ ਸਜ਼ਾ ਹੋਈ ਪਰ ਡੇਢ ਸਾਲ ਬਾਅਦ ਸਰਕਾਰ ਨੇ ਆਪੇ ਹੀ ਛੱਡ ਦਿੱਤਾ। ਜੇਲ੍ਹ ਤੋਂ ਰਿਹਾਅ ਹੋ ਕੇ ਆਪ ਨੇ ਅਖ਼ਬਾਰ ‘ਰਤਨ’ ਸ਼ੁਰੂ ਕੀਤਾ। ਸੰਨ 1930 ਤੋਂ 1936 ਤੱਕ ਆਪ ਨੇ ਸਾਰੇ ਭਾਰਤ ਦਾ ਦੌਰਾ ਕੀਤਾ ਅਤੇ ਅਖ਼ਬਾਰ ‘ਰਤਨ’ ਰਾਹੀਂ ਆਪਣੇ ਤਜ਼ਰਬੇ ਅਤੇ ਸਫ਼ਰਨਾਮੇ ਲੋਕਾਂ ਨੂੰ ਦੱਸਦੇ ਰਹੇ। ਸੰਨ 1938 ਵਿੱਚ ਆਪ ਆਪਣੇ ਜੱਦੀ ਪਿੰਡ ਪਾਂਛਟਾ ਆ ਗਏ, ਪਰ ‘ਰਾਜਪੂਤ ਗਜ਼ਟ’ ਰਸਾਲੇ ਦੇ ਐਡੀਟਰ ਦੇ ਤੌਰ ‘ਤੇ ਕੰਮ ਕਰਦੇ ਰਹੇ। ਆਪ ਜੀ ਦੀ ਕੋਸ਼ਿਸ਼ ਸੀ ਕਿ ਹਿੰਦੂ ਪਹਾੜੀਏ ਅਤੇ ਮੈਦਾਨੀ ਇਲਾਕੇ ਦੇ ਰਾਜੂਪਤਾਂ, ਜਿਨ੍ਹਾਂ ਸਿੱਖ ਧਰਮ ਅਪਣਾ ਲਿਆ ਸੀ, ਵਿਚਕਾਰ ਰਿਸ਼ਤੇਦਾਰੀਆਂ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਪਹਿਲਾਂ ਦੀ ਤਰ੍ਹਾਂ ਹੋਣੀਆਂ ਸ਼ੁਰੂ ਹੋ ਜਾਣ। ਸੰਨ 1935 ਵਿੱਚ ਪਿੰਡ ਨਡਾਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਆਪਜੀ ਨੇ ਇਕ ਸਾਂਝਾ ਇਕੱਠ ਵੀ ਕੀਤਾ, ਜਿਸ ਵਿੱਚ ਜਸਵਾਂ, ਨਾਲਾਗੜ੍ਹ ਅਤੇ ਹੋਰ ਕਈ ਰਿਆਸਤਾਂ ਦੇ ਰਾਜੇ ਸ਼ਾਮਲ ਹੋਏ। ਗੱਲ ਇੱਕ ਅੜਿੱਕੇ ਕਰਕੇ ਸਿਰੇ ਨਾ ਚੜ੍ਹੀ, ਕਿਉਂਕਿ ਸਿੱਖ ਬੀਬੀਆਂ ਨੂੰ ਜੇ ਹਿੰਦੂ ਰਾਜਪੂਤਾਂ ਨਾਲ ਵਿਆਹਿਆ ਗਿਆ ਤਾਂ ਉਹ ਉਨ੍ਹਾਂ ਦੇ ਹੁੱਕਾ ਪੀਣ ਵੇਲੇ ਆਪਣੀਆਂ ਪਤਨੀਆਂ ਨੂੰ ਹੁੱਕਾ ਉਨ੍ਹਾਂ ਦੇ ਅੱਗੇ ਰੱਖਣ ਲਈ ਮਜ਼ਬੂਰ ਕਰਦੇ ਸਨ। ਆਪ ਦਾ 27 ਮਈ ਸੰਨ 1960 ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪੋਤਰੇ ਠਾਕਰ ਅਵਤਾਰ ਚੰਦ ਪਰਮਾਰ ਨੇ “ਇਤਿਹਾਸ ਦੁਆਬਾ ਰਾਜਪੂਤ” ਨਾਂਅ ਦੀ ਕਿਤਾਬ ਸੰਨ 1999 ਵਿੱਚ ਛਪਵਾਈ, ਜਿਸ ਵਿੱਚ ਨਗੀਨਾ ਰਾਮ ਪਰਮਾਰ ਦੇ। 1907 ਦੇ ਲਾਗੇ ਦੇ ‘ਰਾਜਪੂਤ ਗਜ਼ਟ’ ਵਿੱਚ ਛਪੇ ਲੇਖਾਂ ਦਾ ਇਤਿਹਾਸਕ ਵਰਨਣ ਕੀਤਾ ਗਿਆ ਹੈ। ਦੁਆਬੇ ਦੇ ਰਾਜਪੂਤਾਂ ਦੀ ਬੰਸਾਵਲੀਆਂ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਪਹਾੜੀ ਰਾਜਿਆਂ ਨਾਲ ਇਤਿਹਾਸਕ ਹਵਾਲਿਆਂ ਨਾਲ ਭਰਪੂਰ ਇਹ ਪੁਸਤਕ ਇਤਿਹਾਸ ਪ੍ਰੇਮੀਆਂ ਲਈ ਇੱਕ ਵਡਮੁੱਲੀ ਚੀਜ਼ ਹੈ।
ਸਿੱਖ ਮਿਸਲਾਂ ਵੇਲੇ ਇਹ ਫਗਵਾੜਾ ਦੇ ਨਾਲ ਹੀ ਆਹਲੂਵਾਲੀਆ ਮਿਸਲ ਅਧੀਨ ਰਿਆਸਤ ਕਪੂਰਥਲਾ ਦਾ ਪਿੰਡ ਬਣ ਗਿਆ। ਇੱਥੇ ਦੇ ਮੇਜਰ ਕਸ਼ਮੀਰਾ ਸਿੰਘ ਪਰਮਾਰ ਜੋ ਸੰਨ 1944 ਤੋਂ ਸੰਨ 1954 ਤੱਕ ਕਪੂਰਥਲਾ ਦੇ ਸਿਵਲ ਸਰਜਨ ਅਤੇ ਮਹਾਰਾਜਾ ਦੇ ਨਿੱਜੀ ਡਾਕਟਰ ਰਹੇ। ਇਸੇ ਪਿੰਡ ਦਾ ਪੰਡਤ ਬੇਲੀ ਰਾਮ ਮਹਾਰਾਣੀ ਕਪੂਰਥਲਾ ਨੂੰ ਉਨ੍ਹਾਂ ਦੇ ਮਹਿਲਾਂ ਵਿੱਚ ਕਥਾ ਸੁਣਾਇਆ ਕਰਦਾ ਸੀ, ਜਿਸ ਤੋਂ ਖੁਸ਼ ਹੋ ਕੇ ਮਹਾਰਾਜਾ ਵੱਲੋਂ ਉਨ੍ਹਾਂ ਨੂੰ 50 ਘੁਮਾ ਜ਼ਮੀਨ ਜਗੀਰ ਵਜੋਂ ਦਿੱਤੀ ਗਈ ਤੇ ਉਨ੍ਹਾਂ ਇਸ ਪੰਜਾਹ ਘੁਮਾ ਜ਼ਮੀਨ ਵਿੱਚ ਇਕ ਵੱਖਰਾ ਪਿੰਡ ਬੇਲੀਪੁਰ (ਬਲਰਾਮਪੁਰ) ਵਸਾ ਲਿਆ ਹੈ, ਜੋ ਪਾਂਛਟਾ ਪਿੰਡ ਤੋਂ ਅੱਧਾ ਕੁ ਮੀਲ ਉੱਤਰ ਵੱਲ ਹੈ। ਅੱਜਕੱਲ੍ਹ ਪੰਡਤ ਹਰਦਿਆਲ ਇਸ ਜਗੀਰ ਦੇ ਮਾਲਕ ਹਨ।
ਪਾਂਛਟਾ ਦੇ ਮਸ਼ਹੂਰ ਜੋਤਸ਼ੀ ਪੰਡਤ ਅਯੁੱਧਿਆ ਪ੍ਰਸਾਦ ਦੀ ਜੋਤਿਸ਼ ਲਾਉਣ ਕਰਕੇ ਬਹੁਤ ਮਸ਼ਹੂਰੀ ਰਹੀ ਹੈ। ਪੰਜਾਬ ਵਿੱਚ ਅੱਤਵਾਦ ਦੌਰਾਨ ਇਸ ਲਹਿਰ ਦੇ ਮੋਢੀਆਂ ‘ਚੋਂ ਤਲਵਿੰਦਰ ਸਿੰਘ ਪਰਮਾਰ ਵੀ ਇਸੇ ਪਿੰਡ ਦਾ ਜੰਮਪਲ ਹੈ, ਜੋ ਕੈਨੇਡਾ ਚਲਾ ਗਿਆ ਸੀ। ਇਕ ਪੁਲਿਸ ਮੁਕਾਬਲੇ ਵਿਚ ਫਿਲੌਰ ਲਾਗੇ ਸ਼ਹੀਦ ਹੋਇਆ।
Credit – ਵਾਸਦੇਵ ਸਿੰਘ ਪਰਹਾਰ