ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਨੇ ਲਿਖਿਆ ਹੈ, ‘ਆਹਲੂਵਾਲੀਆ ਰਾਜਵੰਸ਼ ਕਲਾਲ ਕਰਕੇ ਜਾਣਿਆ ਜਾਂਦਾ। ਹੈ, ਕਪੂਰਥਲੇ ਦਾ ਸ਼ਾਹੀ ਘਰਾਣਾ ਆਪਣੀ ਜੱਦ ਦਾ ਖੁਰਾ-ਖੋਜ ਜੈਸਲਮੇਰ ਦੇ ਭੱਟੀ ਸ਼ਾਹੀ ਖਾਨਦਾਨ ਨਾਲ ਜੋੜਦੇ ਹਨ। ਇਹ ਸ਼ਾਹੀ ਪਰਿਵਾਰ (ਭੱਟੀ) ਰਾਜਸਥਾਨੀ ਘਰਾਣਿਆਂ ਦੇ ਕੁਝ ਘਰਾਣਿਆਂ ਵਿਚੋਂ ਇਕ ਹੈ ਅਤੇ ਇਨ੍ਹਾਂ ਦੀ ਸਰੀਰਕ ਸ਼ਕਤੀ, ਵੀਰਤਾ ਅਤੇ ਪ੍ਰਤਿਸ਼ਠਾ ਦੀ ਚੇਤਨਾ ਕਰਕੇ ਇਸਨੂੰ ਉੱਚਾ ਆਦਰ ਮਾਣ ਦਿੱਤਾ ਜਾਂਦਾ ਹੈ।” ਇਨ੍ਹਾਂ ਨੂੰ ਕਰਾਲ ਜਾਂ ਕਲਾਲ ਵੀ ਕਿਹਾ ਜਾਂਦਾ ਹੈ।
ਕਰਾਲ (ਆਹਲੂਵਾਲੀਏ) ‘ਆਪਣਾ ਸੰਬੰਧ ਰਾਜਪੂਤਾਨੇ (ਰਾਜਸਥਾਨ) ਦੀ ਇਕ ਰਿਆਸਤ ਕਰੌਲੀ ਨਾਲ ਵੀ ਜੋੜਦੇ ਹਨ। ਇਨ੍ਹਾਂ ਦੇ 52 ਗੋਤ ਹਨ ਜਿਨ੍ਹਾਂ ਵਿਚ ਤੁਲਸੀ ਤੇ ਪੀਤਲ (ਕਪੂਰਥਲੇ ਵਿਚ) ਹਨ। ਇਨ੍ਹਾਂ ਨੂੰ ਲਾਹੌਰ ਦੇ ਇਕ ਪਿੰਡ ਆਹਲੂ ਤੋਂ ਆਹਲੂਵਾਲੀਏ ਕਰਕੇ ਵੀ ਜਾਣਿਆ ਗਿਆ ਹੈ ਅਤੇ ਆਹਲੂਵਾਲੀਆਂ ਦੇ ਗੋਤ ਤੁਲਸੀ, ਫੁੱਲ, ਮਲੀ, ਰੇਖੀ, ਸਾਦ ਅਤੇ ਸੇਗਤ ਹਨ।
ਆਹਲੂਵਾਲੀਏ ਕੌਣ ਹਨ; ਜੇ ਅਸੀਂ ਉਨ੍ਹਾਂ ਦੀ ਧਾਰਨਾ ਨੂੰ ਮੰਨ ਲਈਏ ਤਾਂ ਲੀਪਲ ਐੱਚ. ਗਰਿਫਨ ਦੇ ਇਹ ਸ਼ਬਦ ਯਾਦ ਆਉਂਦੇ ਹਨ ਕਿ ‘ਜਿਹੜਾ ਪਰਿਵਾਰ ਪ੍ਰਸਿੱਧਤਾ ਪਾ ਜਾਂਦਾ ਹੈ, ਨੂੰ ਓਨਾ ਚਿਰ ਤਸੱਲੀ ਨਹੀਂ ਹੁੰਦੀ ਜਦ ਤਕ ਕਿ ਭੱਟਾਂ ਰਾਹੀਂ ਉਨ੍ਹਾਂ ਲਈ ਖਾਲਸ ਖੂਨ ਵਾਲਾ ਰਾਜਪੂਤ ਪੁਰਖਾ ਨਹੀਂ ਲੱਭ ਲੈਂਦਾ।’ ਪਰ ਰਾਜਪੂਤ ਸ਼ਬਦ 9ਵੀਂ ਦਸਵੀਂ ਸਦੀ ਤੋਂ ਪਹਿਲਾਂ ਹੋਂਦ ਵਿਚ ਨਹੀਂ ਸੀ। ਜੋ ਰਾਜਪੂਤਾਂ ਵਿਚੋਂ ਆਪਣਾ ਮੂਲ ਲੱਭਦੇ ਫਿਰਦੇ ਹਨ, ਉਹ ਇਨ੍ਹਾਂ ਤੋਂ ਪਹਿਲਾਂ ਵੀ ਤਾਂ ਹੋਂਦ ਵਿਚ ਸਨ। ਦਰਅਸਲ ਪੰਜਾਬ ਦੇ ਬਹੁਤੇ ਲੋਕ ਇੰਡੋ ਆਰੀਆਈ ਮੂਲ ਦੇ ਹਨ ਤੇ ਉਨ੍ਹਾਂ ਨੂੰ ਇਸ ਅਨੁਸਾਰ ਆਪਣਾ ਮੁੱਢ ਇਨ੍ਹਾਂ ਵਿਚੋਂ ਤਲਾਸ਼ਨਾ ਚਾਹੀਦਾ ਹੈ।
ਜੈਸਲਮੇਰ ਦੇ ਰਾਜਪੂਤ ਆਪਣੇ ਆਪ ਨੂੰ ਚੰਦਰਵੰਸ਼ੀ ਕਹਿੰਦੇ ਹਨ ਤੇ ਆਪਣਾ ਮੂਲ ਸ੍ਰੀ ਕ੍ਰਿਸ਼ਨ ਨਾਲ ਜੋੜਦੇ ਹਨ। ਸ੍ਰੀ ਕ੍ਰਿਸ਼ਨ ਦਾ ਦੂਸਰਾ ਰਾਜ ਗੁਜਰਾਤ ਵਿਚ ਸਮੁੰਦਰ ‘ਦੇ ਕਿਨਾਰੇ ਦਵਾਰਕਾ ਵਿਚ ਸੀ ‘ ਅਤੇ ਉਨ੍ਹਾਂ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਉੱਤਰਾਧਿਕਾਰੀ ਵੱਖ-ਵੱਖ ਦਿਸ਼ਾਵਾਂ ‘ਚ ਖਿੱਲਰ ਗਏ ਸਨ। ਟਾਡ ਲਿਖਦਾ ਹੈ ਕਿ ਸ੍ਰੀ ਕ੍ਰਿਸ਼ਨ ਦੇ ਦੇਹਾਂਤ ਮਗਰੋਂ ਉਨ੍ਹਾਂ ਦਾ ਭਰਾ ਬਲਦੇਵ ਅਤੇ ਯੁਧਿਸ਼ਟਰ ਮੁਲਤਾਨ ਚਲੇ ਗਏ ਅਤੇ ਉਨ੍ਹਾਂ ਨਾਲ ਕ੍ਰਿਸ਼ਨ ਦੇ ਪੁੱਤਰ ਵੀ ਸਨ ਜੋ ਸਿੰਧ ਪਾਰ ਕਰਕੇ ਜ਼ਾਬੁਲਸਤਾਨ (ਅਫ਼ਗਾਨਿਸਤਾਨ) ਵਿਚ ਚਲੇ ਗਏ ਤੇ ਉਥੇ ਗਜ਼ਨੀ ਸ਼ਹਿਰ ਦੀ ਨੀਂਹ ਰੱਖੀ ਅਤੇ ਸਮਰਕੰਦ ਤਕ ਇਨ੍ਹਾਂ ਦਾ ਖੇਤਰ ਸੀ।’ ਗ਼ਜ਼ਨੀ ਨਾਂ ਇਕ ਸ਼ਕਤੀਸ਼ਾਲੀ ਰਾਜੇ ਦੇ ਨਾਂ ਤੇ ਰੱਖਿਆ ਗਿਆ। ਉਸ ਨੇ ਆਪਣੇ ਪੁੱਤਰ ਸਾਲਿਬਾਹਨ (ਆਮ ਕਰਕੇ ਸਲਵਾਨ) ਨੂੰ ਆਪਣਾ ਕਬੀਲਾ ਲੈ ਕੇ ਪੰਜਾਬ ਜਾਣ ਲਈ ਕਿਹਾ ਤੇ ਆਪ ਖੁਰਾਸਾਨੀ ਅਤੇ ਰੋਮਨ ਹਮਲਾਵਰਾਂ ਦਾ ਮੁਕਾਬਲਾ ਕਰਦਾ ਮਾਰਿਆ ਗਿਆ । ਸਾਲਿਬਾਹਨ ਨੇ ਆਪਣੇ ਨਾਂ ‘ਤੇ ਪੰਜਾਬ ਵਿਚ ਨਵੀਂ ਰਾਜਧਾਨੀ ਸਾਲਿਬਾਹਨਪੁਰ ਜਿਸਨੂੰ ਸਿਆਲਕੋਟ ਕਰਕੇ ਜਾਣਿਆ ਜਾਂਦਾ ਹੈ ਦੀ ਨੀਂਹ ਰੱਖੀ। ਇਹ ਵੀ ਕਿਹਾ ਜਾਂਦਾ ਹੈ ਕਿ ਇਸਦੀ ਨੀਂਹ ਸ਼ਲਯ ਨੇ ਰੱਖੀ ਜਿਹੜਾ ਪਾਂਡਵਾਂ ਦਾ ਸੰਬੰਧੀ ਸੀ। ਕਿਹਾ ਜਾਂਦਾ ਹੈ ਕਿ ਸਾਲਿਬਾਹਨ ਵੀ ਸ਼ਲਯ ਦੀ ਵੰਸ਼ ਵਿਚੋਂ ਸੀ। ਸਾਲਿਬਾਹਨ ਦਾ ਪੋਤਾ ਭੱਟੀ ਸੀ ਜਿਹੜਾ ਬੜਾ ਸੂਰਬੀਰ ਸੀ ਤੇ ਉਸ ਤੋਂ ਉਸਦਾ ਵੰਸ਼ ਯਾਦੂ-ਭੱਟੀ ਕਹਾਉਣ ਲੱਗ ਪਿਆ। ਉਸਨੇ ਅਤੇ ਉਸਦੇ ਉੱਤਰਾਧਿਕਾਰੀਆਂ ਨੇ ਪੰਜਾਬ ਤੇ ਲੰਮਾ ਸਮਾਂ ਅਧਿਕਾਰ ਜਮਾਈ ਰੱਖਿਆ। ਮੁਸਲਮਾਨਾਂ ਦੇ ਹਮਲਿਆਂ ਵੇਲੇ ਇਨ੍ਹਾਂ ਨੇ ਪੰਜਾਬ ਨੂੰ 11ਵੀਂ ਸਦੀ ਵਿਚ ਛੱਡ ਦਿੱਤਾ। ਇਸ ਭੱਟੀ ਦੇ ਇਕ ਉੱਤਰਾਧਿਕਾਰੀ ਰਾਵਲ ਜੈਸਲ ਨੇ ਜੈਸਲਮੇਰ ਦੀ ਨੀਂਹ ਸੰਮਤ 1212 (1156 ਈ.) ਵਿਚ ਰੱਖੀ। ਅਲਾਉੱਦੀਨ ਖ਼ਿਲਜੀ (1296-1316 ਈ.) ਨੇ ਜਦ ਜੈਸਲਮੇਰ ਨੂੰ ਤਬਾਹ ਤੇ ਬਰਬਾਦ ਕਰ ਦਿੱਤਾ ਤਾਂ ਕੁਝ ਭੱਟੀ ਪੰਜਾਬ ਵਿਚ ਆ ਗਏ। ਅਕਬਰ ਵੇਲੇ ਜਦ ਜੈਸਲਮੇਰ ਦੇ ਭੱਟੀ ਰਾਜਪੂਤਾਂ ਨੂੰ ਆਪਣੀਆਂ ਪੁੱਤਰੀਆਂ ਵਿਆਹ ਵਿਚ ਦੇਣ ਲਈ ਕਿਹਾ ਗਿਆ, ਉਸ ਵੇਲੇ ਰਾਣਾ ਹਰਰਾਏ ਜੈਸਲਮੇਰ ਵਿਚ ਰਾਜ ਕਰਦਾ ਸੀ ਪਰ ਉਸਦੀ ਕੋਈ ਧੀ ਨਹੀਂ ਸੀ। ਅਕਬਰ ਨੇ ਉਸਦੇ ਭਰਾ ਤੁਲਸੀ ਨੂੰ ਵਿਆਹ ਲਈ ਲੜਕੀ ਦੇਣ ਲਈ ਕਿਹਾ। ਉਹ ਇੱਜ਼ਤਦਾਰ ਵਿਅਕਤੀ ਸੀ ਸੇ ਉਹ ਜੈਸਲਮੇਰ ਛੱਡ ਕੇ ਆਪਣੇ ਪਰਿਵਾਰ ਨਾਲ ਪੰਜਾਬ ਵਿਚ ਆ ਗਿਆ ਤੇ ਕੁਝ ਸਮਾਂ ਬਠਿੰਡੇ ਰਿਹਾ। ਪਿੱਛੋਂ ਉਸਦੇ ਪੁੱਤਰ ਤੇ ਪੋਤਰੇ ਲੱਖੀ ਜੰਗਲ ਵਿਚ ਚਲੇ ਗਏ ਤੇ ਉਥੇ ਵੀ ਨਾ ਟਿਕ ਸਕੇ, ਉਹ ਗੋਰਖਚੱਕ ਤਰਨਤਾਰਨ ਦੇ ਨੇੜੇ ਪਲਾਇਣ ਕਰਕੇ ਆ ਗਏ।’ ਇਨ੍ਹਾਂ ਦੇ ਉੱਤਰਾਧਿਕਾਰੀਆਂ ਵਿਚੋਂ ਇਕ ਸਦਾਊ ਸਿੰਘ ਲਾਹੌਰ ਨੇੜੇ ਪਿੰਡ ਆਹਲੂ ਵਿਚ ਸਥਿਤ ਹੈ। ਗਿਆ। ਇਸਦਾ ਛੋਟਾ ਭਰਾ ਜਿਸਦਾ ਨਾਂ ਸਦਾਵਾ ਸੀ, ਦੇ ਚਾਰ ਪੁੱਤਰ ਸਨ, ਜਿਨ੍ਹਾਂ ਵਿਚੋਂ ਇਕ ਗੋਪਾਲ ਸੀ । ਗੋਪਾਲ ਦਾ ਪੁੱਤਰ ਦੇਵਾ ਸਿੰਘ ਸੀ। ਦੇਵਾ ਸਿੰਘ ਦੇ ਤਿੰਨ ਪੁੱਤਰ, ਬਦਰ ਸਿੰਘ, ਸਦਰ ਸਿੰਘ ਅਤੇ ਗੁਰਬਖਸ਼ ਸਿੰਘ ਸਨ । ਬਦਰ ਸਿੰਘ ਦੇ ਕੋਈ ਔਲਾਦ ਨਹੀਂ ਸੀ । ਕਿਹਾ ਜਾਂਦਾ ਹੈ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਗਿਆ ਅਤੇ ਪੁੱਤਰ ਦੀ ਦਾਤ ਬਖ਼ਸ਼ਣ ਲਈ ਬੇਨਤੀ ਕੀਤੀ। ਮਈ 3, 1718 ਈ. ਨੂੰ ਇਸਦੇ ਘਰ ਜੱਸਾ ਸਿੰਘ ਨੇ ਜਨਮ ਲਿਆ। ਬਦਰ ਸਿੰਘ 1722 ਈ. ਵਿਚ ਮਰ ਗਿਆ ਤੇ ਉਸਦੀ ਵਿਧਵਾ, ਮਾਤਾ ਸੁੰਦਰੀ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੁਪਤਨੀ) ਪਾਸ ਦਿੱਲੀ ਗਈ। ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ‘ਮਾਤਾ ਸੁੰਦਰੀ ਨੇ ਜੱਸਾ ਸਿੰਘ ਨੂੰ ਉਸਦੀ ਮਾਤਾ ਸਮੇਤ ਆਪਣੇ ਪਾਸ ਰੱਖਕੇ ਪਿਆਰ ਨਾਲ ਪਾਲਿਆ। ਮਾਤਾ ਜੀ ਨੇ ਜੱਸਾ ਸਿੰਘ ਨੂੰ ਆਸ਼ੀਰਵਾਦ ਦੇ ਕੇ ਇਕ ਗੁਰਜ ਬਖਸ਼ੀ ਅਤੇ ਸਿੱਖਿਆ ਲਈ ਨਵਾਬ ਕਪੂਰ ਸਿੰਘ ਦੇ ਸਪੁਰਦ ਕੀਤਾ । ਨਵਾਬ ਨੇ ਜੱਸਾ ਸਿੰਘ ਨੂੰ ਆਪਣਾ ਪੁੱਤਰ ਜਾਣ ਕੇ ਧਰਮ ਅਤੇ ਸ਼ਸਤ੍ਰ-ਵਿਦਿਆ ਦੀ ਸਿੱਖਿਆ ਦਿੱਤੀ। ਧਰਮਵੀਰ ਕਪੂਰ ਸਿੰਘ ਨੇ ਆਪ ਦੇਹਾਂਤ ਵੇਲੇ ਜੱਸਾ ਸਿੰਘ ਨੂੰ ਕਲਗੀਧਰ ਦੀ ਤਲਵਾਰ ਦਿੱਤੀ, ਜੋ ਉਸਨੂੰ ਮਾਤਾ ਸੁੰਦਰੀ ਜੀ ਤੋਂ ਪ੍ਰਾਪਤ ਹੋਈ ਸੀ। ਸਰਦਾਰ ਜੱਸਾ ਸਿੰਘ ਨੇ ਆਪਣੇ ਉਸਤਾਦ ਨਵਾਬ ਦੀ ਪੈਰਵੀ ਕਰਦੇ ਹੋਏ ਪੰਥ ਵਿਚ ਵੱਡਾ ਮਾਣ ਅਤੇ ਨਾਮ ਪਾਇਆ ਅਤੇ ਮਿਸਲ ਆਹਲੂਵਾਲੀਆ ਦੀ ਜੱਥੇਦਾਰੀ ਵਿਚ ਕੌਮ ਦੀ ਵੱਡੀ ਸੇਵਾ ਕੀਤੀ।® ਆਹਲੂਵਾਲ ‘ਪਿੰਡ ਤੋਂ ਹੀ ਖਾਨਦਾਨ ਦੀ ਅੱਲ ਆਹਲੂਵਾਲੀਏ ਪਈ।” ਸਿੱਖ ਮਿਸਲਾਂ ਸਮੇਂ ਆਹਲੂਵਾਲੀਆ ਮਿਸਲ ਇਕ ਪ੍ਰਸਿੱਧ ਮਿਸਲ ਸੀ।
ਕਈ ਆਹਲੂਵਾਲੀਏ ਹੁਣ ਆਪਣੀ ਇਸ ਅੱਲ ਨੂੰ, ਜਿਸਨੇ ਇਕ ਜਾਤ ਦਾ ਰੂਪ ਧਾਰ ਲਿਆ ਹੈ, ਨੂੰ ਛੋਟਾ ਕਰਕੇ ‘ਵਾਲੀਆ’ ਵੀ ਵਰਤਦੇ ਹਨ।
ਕਪੂਰਥਲਾ ਰਿਆਸਤ ਆਹਲੂਵਾਲੀਏ ਸਰਦਾਰਾਂ ਦੀ ਸੀ ਜਿਸਦਾ ਇਤਿਹਾਸ ਇਥੇ ਲਿਖਣ ਦੀ ਲੋੜ ਨਹੀਂ। ਸਿੱਖ ਆਹਲੂਵਾਲੀਏ ਬੜੇ ਪੜ੍ਹੇ-ਲਿਖੇ, ਵੱਡੇ-ਵੱਡੇ ਅਫਸਰ, ਸੈਨਿਕ ਵਕੀਲ ਅਤੇ ਤਕੜੇ ਵਪਾਰੀ ਹਨ। ਕਈਆਂ ਦਾ ਤਕੜਾ ਜ਼ਿਮੀਂਦਾਰਾ ਵੀ ਹੈ। ਇਹ ਬਹੁਤ ਹੀ ਮਿਹਨਤੀ ਅਤੇ ‘ਯੋਜਨਾ, ਸ਼ਕਤੀ ਅਤੇ ਹੱਠ ਲਈ ਪ੍ਰਸਿੱਧ ਹਨ। ਮੌਤ ਭਾਵੇਂ ਟਲ ਜਾਵੇ ਪਰ ਇਹ ਨਹੀਂ।”
ਪੰਜਾਬ ਦੇ ਮਾਝੇ, ਦੁਆਬੇ ਅਤੇ ਆਸ-ਪਾਸ ਦੇ ਖੇਤਰਾਂ ਵਿਚ ਆਹਲੂਵਾਲੀਏ ਬੜੇ ਪ੍ਰਸਿੱਧ ਰਹੇ ਹਨ, ਪਰ ਪੱਛਮੀ ਜ਼ਿਲ੍ਹਿਆਂ (ਪਾਕਿਸਤਾਨ) ਵਿਚ ਇਨ੍ਹਾਂ ਨੂੰ ਲਗਭਗ ਕੋਈ ਵੀ ਨਹੀਂ ਜਾਣਦਾ ਸੀ। ਇਨ੍ਹਾਂ ਵਿਚ ਹਿੰਦੂ ਵੀ ਹਨ ਅਤੇ ਮੁਸਲਮਾਨ ਵੀ। ਮੁਸਲਮਾਨਾਂ ਨੇ ਆਪਣੇ ਪੁਰਾਣੇ ਧੰਦੇ ਨੂੰ ਧਿਆਨ ਵਿਚ ਰੱਖਦਿਆਂ ਉੱਚਤਾ ਲਈ ਪਠਾਨ ਮੂਲ ਘੜ ਲਿਆ ਅਤੇ ਆਪਣੇ ਆਪ ਨੂੰ ਕਕੇਜ਼ਈ ਕਹਿੰਦੇ ਹਨ ਜੋ ਪਠਾਨਾਂ ਦਾ ਵੰਸ਼ ਹੈ (ਵੇਖੋ ਪੰਜਾਬ ਕਾਸਟਸ, ਪੰ: 325)। ਹੁਸ਼ਿਆਰਪੁਰ ਦੇ ਜਾਣੇ ਪਛਾਣੇ ਸ਼ੇਖ ਇਸ ਜਾਤ ਦੇ ਲੋਕ ਵੀ ਆਪਣੇ ਆਪ ਨੂੰ ਪਠਾਨ ਕਹਿੰਦੇ ਸਨ ਅਤੇ ਵਿਧਵਾ ਵਿਆਹ ਨਹੀਂ ਕਰਦੇ ਸੀ । ਕਈ ਮੁਸਲਮਾਨ, ਰਾਜਪੂਤ ਤੇ ਖੱਤਰੀ ਮੂਲ ਵੀ ਦਸਦੇ ਹਨ। ਗੱਲ ਕੀ, ਆਹਲੂਵਾਲੀਏ ਕਸ਼ੱਤਰੀ ਹਨ ਜਿਨ੍ਹਾਂ ਵਿਚੋਂ ਹੀ ਰਾਜਪੂਤ ਉਪਜੇ ਹਨ। ਮੁੱਢਲੇ ਅਕਾਲੀਆਂ ਵਿਚੋਂ ਪ੍ਰਸਿੱਧ ਨੇਤਾ ਜਿਨ੍ਹਾਂ ਨੂੰ ਸਿੱਖਾਂ ਦਾ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਸੀ, ਬਾਬਾ ਖੜਕ ਸਿੰਘ ਵੀ ਆਹਲੂਵਾਲੀਆ ਸੀ। ਸਿੱਖ ਚਿੰਤਕ ਜਸਬੀਰ ਸਿੰਘ ਆਹਲੂਵਾਲੀਆ, ਸਾਹਿਤਕਾਰ ਸਵ: ਗੁਰਬਖਸ਼ ਸਿੰਘ ਪ੍ਰੀਤਲੜੀ, ਮਸ਼ਹੂਰ ਸਨਅਤਕਾਰ ਚਰਨਜੀਤ ਸਿੰਘ ਆਹਲੂਵਾਲੀਆ ਕੋਕਾ ਕੋਲਾ ਵਾਲੇ, ਭਾਰਤ ਦੇ ਪਹਿਲੇ ਸਿਹਤ ਮੰਤਰੀ ਰਾਜਕੁਮਾਰੀ ਅੰਮ੍ਰਿਤ ਕੌਰ, ਸਾਬਕਾ ਕੇਂਦਰੀ ਮੰਤਰੀ ਅਰੁਣ ਸਿੰਘ, ਗੁਰਬਿਲਾਸ ਪਾਤਸ਼ਾਹੀ ੧੦ ਦਾ ਕਰਤਾ ਕੁਇਰ ਸਿੰਘ (18ਵੀਂ ਸਦੀ ਈ ) ਅਤੇ ਫ਼ਿਲਮੀ ਅਦਾਕਾਰ ਪੇਂਟਲ ਅਤੇ ਪ੍ਰਾਨ ਵੀ ਇਸੇ ਭਾਈਚਾਰੇ ਨਾਲ ਸੰਬੰਧਤ ਹਨ। ਵਰਤਮਾਨ ਸਮੇਂ ਉੱਘੇ ਅਰਥ ਸ਼ਾਸਤਰੀ ਅਤੇ ਭਾਰਤ ਦੇ ਯੋਜਨਾਬੰਦੀ ਦੇ ਡਿਪਟੀ ਚੇਅਰਮੈਨ ਸਰਦਾਰ ਮੋਨਟੇਕ ਸਿੰਘ ਆਹਲੂਵਾਲੀਆ, ਪੰਜਾਬ ਦੇ ਸਿੰਚਾਈ ਵਿਭਾਗ ਦੇ ਸਾਬਕਾ ਚੀਫ਼ ਇੰਜੀਨੀਅਰ ਸਰਦਾਰ ਤਰਲੋਚਣ ਸਿੰਘ ਐੱਫ.ਆਈ.ਈ. ਅਤੇ ਸੁਪਰੀਮ ਕੋਰਟ ਦਾ ਸੀਨੀਅਰ ਵਕੀਲ ਕੇ ਟੀ ਐੱਸ ਤੁਲਸੀ ਵੀ ਇਸ ਭਾਈਚਾਰੇ ਨਾਲ ਸੰਬੰਧਤ ਹਨ। ਅਨੇਕਾਂ ਹੋਰ ਲੋਕ ਹਨ।
1881 ਦੀ ਜਨਗਣਨਾ ਅਨੁਸਾਰ ਇਨ੍ਹਾਂ ਦੀ ਪੰਜਾਬ ਵਿਚ ਕੁਲ ਆਬਾਦੀ 40150 ਸੀ ਤੇ ਸਭ ਜ਼ਿਲ੍ਹਿਆਂ ਤੋਂ ਅਧਿਕ, 5057 ਅੰਬਾਲੇ ਵਿਚ, ਪਟਿਆਲੇ ਵਿਚ 4609, ਕਾਂਗੜਾ 2505, ਅੰਮ੍ਰਿਤਸਰ 2121, ਹੁਸ਼ਿਆਰਪੁਰ 2695, ਸਿਆਲਕੋਟ 1987 ਅਤੇ ਲਾਹੌਰ ਵਿਚ 1909 ਸੀ।
ਆਹਲੂਵਾਲੀਆ ਅਤੇ ਕਕੇਜ਼ਈ ਗੋਤਾਂ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਇਹ ਇਕ ਮਿਸ਼ਰਤ ਜਾਤ ਹੈ।
Credit – ਕਿਰਪਾਲ ਸਿੰਘ ਦਰਦੀ