Ajnoha Village History | ਅਜਨੋਹਾ ਪਿੰਡ ਦਾ ਇਤਿਹਾਸ

ਅਜਨੋਹਾ

ਅਕਾਲੀ ਫੂਲਾ ਸਿੰਘ ਦਾ ਪਿੰਡ

ਪਿੰਡ ਅਜਨੋਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦਬਸਤ ਨੂੰ 52, ਕਰਬਾ 563 ਹੈਕਟੇਅਰ, ਬਲਾਕ ਮਾਹਿਲਪੁਰ ਅਤੇ ਤਹਿਸੀਲ ਗੜ੍ਹਸ਼ੰਕਰ ਵਿੱਚ ਪੈਂਦਾ ਹੈ। ਦੁਆਬਾ ਬਿਸਤ ਜਲੰਧਰ ਵਿੱਚ ਪਰਮਾਰ ਰਾਜਪੂਤਾਂ ਦਾ ਇਹ ਮੋਢੀ ਪਿੰਡ ਹੈ। ਇਸ ਪਿੰਡ ਵਿੱਚੋਂ ਪਰਮਾਰ ਗੋਤ ਦੇ ਬਾਰਾਂ ਪਿੰਡ ਬੱਝੇ, ਜਿਸ ਕਰਕੇ ਇਨ੍ਹਾਂ ਪਿੰਡਾਂ ਨੂੰ ਬਾਰ੍ਹਾ ਕਿਹਾ ਜਾਂਦਾ ਹੈ। ਇਸ ਵਿੱਚੋਂ ਵੱਖ ਹੋ ਬਣੇ ਪਿੰਡਾਂ ਦੇ ਨਾਂਅ ਹਨ:-

Ajnoha Village History | ਅਜਨੋਹਾ ਪਿੰਡ ਦਾ ਇਤਿਹਾਸ

ਪਾਂਛਟਾ, ਮਾਈਓ ਪੱਟੀ, ਬੱਡੋਂ, ਨਡਾਲੋਂ, ਪੰਜੌੜਾ, ਜਾਂਗਲੀਆਣਾ, ਨੰਗਲਾਂ ਅਤੇ ਚਾਰ ਪਿੰਡ ਬੇਚਰਾਗ ਹੋ ਗਏ, ਜਿਨ੍ਹਾਂ ਦੇ ਨਾਂਅ ਖੇੜਾ, ਮਲਕਪੁਰ, ਸ਼ੇਖਪੁਰ ਅਤੇ ਥੇਹ ਪਚਰਾਲੀ ਹਨ। ਥੇਹ ਪਚਰਾਲੀ ਮੌਜੂਦਾ ਪਿੰਡ ਟੋਡਰਪੁਰ ਲਾਗੇ ਸੀ। ਅਜਨੋਹਾ ਪਿੰਡ ਦਾ ਮੋਢੀ ਇਕ ਅਰਜਨ ਨਾਂਅ ਦਾ ਗਿੱਲ ਜੱਟ ਸੀ। ਪਿੰਡ ਦੇ ਵਿਚਕਾਰ ਉਸ ਦੀ ਮਟੀ ਹੁੰਦੀ ਸੀ, ਜਿਸ ‘ਤੇ ਅੱਜਕੱਲ੍ਹ ਇੱਕ ਚੰਗੀ ਇਮਾਰਤ ਬਣਾ ਦਿੱਤੀ ਗਈ ਹੈ । ਉਸ ਦੇ ਆਪਣੀ ਕੋਈ ਔਲਾਦ ਨਹੀਂ ਸੀ, ਇਸ ਲਈ ਹੀਓਂ ਤੋਂ ਉਜਾੜੇ ਗਏ ਪਰਮਾਰਾਂ ਵਿੱਚੋਂ ਇੱਕ ਰਾਓ ਬਲਰਾਮ ਨੂੰ ਉਸ ਨੇ ਆਪਣਾ ਮੁਤਬੰਨਾ ਬਣਾ ਲਿਆ। ਉਸ ਦੀ ਇੱਕ ਲੱਖੋ ਨਾਮੀ ਭੈਣ ਸੀ, ਜਿਸ ਨੂੰ ਉਸ ਨੇ ਕੁਝ ਜ਼ਮੀਨ ਦੇ ਦਿੱਤੀ ਅਤੇ ਉਸ ਨੇ ਲੱਖਪੁਰ ਨਾਂਅ ਦਾ ਪਿੰਡ ਵਸਾ ਲਿਆ, ਜੋ ਕਿ ਫਗਵਾੜਾ ਤਹਿਸੀਲ ਵਿੱਚ ਹੈ। ਇਸ ਬਜ਼ੁਰਗ ਦੇ ਦੋ ਭਰਾ ਖੈਰੂ ਅਤੇ ਅੱਛਰੂ ਸਨ, ਜਿਨ੍ਹਾਂ ਦੇ ਨਾਂਅ ਤੇ ਪਿੰਡ ਖੈਰੜ ਅੱਛਰਵਾਲ ਇੱਥੋਂ ਚਾਰ ਕੁ ਮੀਲ ਚੜ੍ਹਦੇ ਪਾਸੇ ਹਨ। ਨੌਂ ਪੁਸ਼ਤਾਂ ਤੱਕ ਰਾਓ ਬਲਰਾਮ ਦੀ ਔਲਾਦ ਰਾਓ ਦੇ ਖਿਤਾਬ ਨਾਲ ਮੁਖਾਤਿਬ ਕੀਤੀ ਜਾਂਦੀ ਰਹੀ । ਬਾਅਦ ਵਿੱਚ ਜਗੀਰ ਦੇ ਹਿੱਸੇ ਹੋ ਜਾਣ ਕਰਕੇ ਰਾਓ ਦੀ ਪਦਵੀ ਵੀ ਜਾਂਦੀ ਰਹੀ।

ਅਜਨੋਹਾ

ਪਰਮਾਰ ਗੋਤ ਦਾ ਸੰਖੇਪ ਇਤਿਹਾਸ ਇੱਥੇ ਲਿਖਣਾ ਕੁਥਾਵੇਂ ਨਹੀਂ ਹੋਵੇਗਾ। ਅਗਨੀ ਕੁੱਲ ਰਾਜਪੂਤਾਂ ਵਿੱਚੋਂ ਪਰਮਾਰ ਜਗਤ ਪ੍ਰਸਿੱਧ ਹਨ। ਅਗਨੀ ਕੁੰਡ ‘ਚੋਂ ਪਰਗਟ ਹੋਏ ਪਰਮਾਰ ਦੀ 144ਵੀਂ ਪੁਸ਼ਤ ਵਿੱਚ ਚੱਕਰਵਤੀ ਰਾਜਾ ਬਿਕਰਾਮਾਜੀਤ ਉਜੈਨ ਨਗਰੀ ਵਿੱਚ ਹੋਇਆ। ਇਸ ਦੀ 30ਵੀਂ ਪੁਸ਼ਤ ਵਿੱਚ ਮਹਾਰਾਜਾ ਲੱਧਾ ਹੋਇਆ, ਜਿਹੜਾ ਕਿ ਜੈ ਚੰਦ ਕਨੌਜ ਅਤੇ ਪ੍ਰਿਥਵੀ ਰਾਜ ਚੌਹਾਨ ਦੀ ਆਪਸੀ ਲੜਾਈ ਵਿੱਚ ਮਾਰਿਆ ਗਿਆ ਤੇ ਇਸ ਦਾ ਰਾਜ ਖੋਹ ਲਿਆ ਗਿਆ । ਲੱਧਾ ਦੇ ਪੁੱਤਰ ਸ਼ਾਲ ਭਾਨੂੰ ਨੇ ਰਿਆਸਤ ਉਦੈਪੁਰ ਵਿੱਚ ਬਿਜੋਲੀਆ ਨਾਂਅ ਦੀ ਇਕ ਛੋਟੀ ਜਿਹੀ ਰਿਆਸਤ ਕਾਇਮ ਕਰ ਲਈ। ਦਸਵੀ ਸਦੀ ਵਿੱਚ ਸ਼ਾਲ ਭਾਨੂੰ ਦੇ ਛੋਟੇ ਭਰਾ ਤੋਆਇਜ਼ ਨੇ ਗੁਜ਼ਰਾਤ ਦੇ ਉੱਤਮਵਾੜਾ ਅਤੇ ਮਾਲਵਾ ਤੋਂ ਫੌਜ ਇਕੱਠੀ ਕਰਕੇ ਪੰਜਾਬ ਵੱਲ ਰੁਖ ਕੀਤਾ ਅਤੇ ਗੜ੍ਹਸ਼ੰਕਰ ਦੇ ਬੀਤ ਦੇ ਇਲਾਕੇ ਦੇ ਬਿਓਟ ਅਤੇ ਭੱਟੀ ਰਾਜਪੂਤਾਂ ਨੂੰ ਹਰਾ ਕੇ ਆਪਣਾ ਰਾਜ ਕਾਇਮ ਕਰ ਲਿਆ ਅਤੇ ਹੀਓਂ ਨੂੰ, ਜੋ ਬੰਗਾ ਦੇ ਦੋ ਕੁ ਮੀਲ ਉੱਤਰ ਵੱਲ ਹੈ, ਆਪਣੀ ਰਾਜਧਾਨੀ ਬਣਾਇਆ। ਹੀਓਂ ਦੇ ਖੰਡਰਾਤ ਇਸ ਦੀ ਪੁਰਾਣੀ ਸ਼ਾਨੋ-ਸ਼ੌਕਤ ਦੀ ਮੂੰਹੋਂ ਬੋਲਦੀ ਤਸਵੀਰ ਹਨ। ਰਾਓ ਤੁਆਇਜ਼ ਦੀ ਤੀਜੀ ਪੁਸ਼ਤ ਵਿੱਚ ਰਾਓ ਬਲਰਾਮ ਹੋਇਆ। ਘੋੜੇਵਾਹੇ ਰਾਜਪੂਤਾਂ ਨੇ ਹੀਓਂ ‘ਤੇ ਹਮਲਾ ਕਰਨ ਦੀ ਯੋਜਨਾ ਵਿੱਚ ਉੱਥੇ ਦੇ ਪੰਡਤ ਦਾਤਾ ਨੂੰ ਆਪਣਾ ਭਾਈਵਾਲ ਬਣਾਇਆ। ਪੰਡਤ ਨੇ ਘੋੜੇਵਾਹੇ ਰਾਜਪੂਤਾਂ ਨੂੰ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਇਹ ਪਰਮਾਰ ਆਪਣੇ ਸ਼ਸਤਰ ਲਾਹ ਕੇ ਇਨ੍ਹਾਂ ਦੀ ਪੂਜਾ ਕਰਦੇ ਹਨ ਤੇ ਤੁਸੀਂ ਉਸ ਸਮੇਂ ਇਨ੍ਹਾਂ ‘ਤੇ ਹਮਲਾ ਕਰੋ, ਜਦੋਂ ਇਹ ਪੂਜਾ ਪਾਠ ਵਿੱਚ ਰੁੱਝੇ ਹੋਏ ਹੋਣ। ਇਸ ਤਰ੍ਹਾਂ ਧੋਖੇ ਨਾਲ ਪਰਮਾਰਾਂ ਦਾ ਰਾਜ ਖੋਹਣ ਵਿੱਚ ਘੋੜੇਵਾਹੇ ਕਾਮਯਾਬ ਹੋ ਗਏ। ਇਸ ਲੜਾਈ ਵਿੱਚ ਪਰਮਾਰ ਵੰਸ਼ ਦੀ ਸ਼ੀਹੋਂ ਦੇਵੀ ਵੀ ਬੜੀ ਦਲੇਰੀ ਨਾਲ ਲੜ ਕੇ ਸ਼ਹੀਦ ਹੋਈ ਉਸ ਦੀ ਸਮਾਧ ਬੰਗਾ ਸ਼ਹਿਰ ਤੋਂ ਉੱਤਰ ਵੱਲ ਹੈ। ਇਸ ਥਾਂ ਦੇ ਨਾਲ ਚਾਰ ਪੰਜ ਕਨਾਲ ਜ਼ਮੀਨ ਸੀ, ਪਰ ਜਦੋਂ ਤੋਂ ਪਰਮਾਰਾਂ ਨੇ ਇਸ ਵੱਲ ਧਿਆਨ ਦੇਣਾ ਛੱਡ ਦਿੱਤਾ ਤਾਂ ਲੋਕਾਂ ਨੇ ਕਬਜ਼ਾ ਕਰ ਲਿਆ। ਪਹਿਲਾਂ ਪਰਮਾਰਾਂ ਦੇ ਬਾਹਰੇ ਦੇ ਲੋਕ ਵਿਆਹ ਤੋਂ ਬਾਅਦ ਇੱਥੇ ਮੱਥਾ ਟੇਕਣ ਆਉਂਦੇ ਸਨ। ਘੋੜੇਵਾਹੇ ਰਾਜਪੂਤ ਮੁਸਲਮਾਨ ਸਨ ਤੇ ਉਨ੍ਹਾਂ ਹਿਓਂ ਦੇ ਖੂਹਾਂ ਵਿੱਚ ਗਊਆਂ ਦੇ ਹੱਡ ਸੁੱਟ ਦਿੱਤੇ ਤੇ ਪਰਮਾਰ ਅਜੇ ਵੀ ਜਦੋਂ ਬੰਗਾ ਸ਼ਹਿਰ ਜਾਂ ਇਸ ਤੋਂ ਅਗਲੇ ਪਿੰਡਾਂ ਕਰਨਾਣਾ ਅਤੇ ਸਾਹਲੋਂ ਵੱਲ ਜਾਂਦੇ ਹਨ ਤਾਂ ਹਿਉਂ ਦਾ ਪਾਣੀ ਨਹੀਂ ਪੀਂਦੇ। ਦੋਆਬੇ ਵਿੱਚ ਰਾਜਪੂਤਾਂ ਦਾ ਇਤਿਹਾਸ ਪਾਂਛਟਾ ਦੇ ਇੱਕ ਵਿਦਵਾਨ ਠਾਕਰ ਨਗੀਨਾ ਰਾਮ ਪਰਮਾਰ ਨੇ ਅੱਜ ਤੋਂ 107ਤ ਸਾਲ ਪਹਿਲਾਂ ਲਿਖਿਆ ਸੀ । ਉਨ੍ਹਾਂ ਆਪਣੀ ਪੁਸਤਕ ਵਿੱਚ ਲਿਖਿਆ ਸੀ ਕਿ ਇਹ ਇਤਿਹਾਸ ਉਨ੍ਹਾਂ ਪਿੰਡ ਪੱਟੀ ਜ਼ਿਲ੍ਹਾ ਹੁਸ਼ਿਆਰਪੁਰ (ਜਿਹੜਾ ਅਕਬਰ ਬਾਦਸ਼ਾਹ ਦੇ ਸਮੇਂ ਇੱਕ ਜ਼ਿਲ੍ਹਾ ਸੀ) ਦੇ ਪੁਰਾਣੇ ਕਾਗਜ਼ਾਤ ‘ਚੋਂ ਲੱਭਿਆ। ਉਨ੍ਹਾਂ ਜੈਪੁਰ ਦੇ ਭੱਟ ਲਛਮਣ ਦੇ ਰਿਕਾਰਡ ਨਾਲ ਵੀ ਇਸ ਨੂੰ ਮਿਲਾ ਕੇ ਦੇਖਿਆ। ਰਾਜਪੁਰਾ ਜਸਵਾਂ ਦੇ ਰਾਜ ਕੁਮਾਰ ਮੀਆਂ ਮੋਟਾ ਦੀ ਸ਼ਾਦੀ ਰਾਓ ਬਲਰਾਮ ਦੀ ਲੜਕੀ ਨਾਲ ਹੋਈ ਸੀ ।

Ajnoha Village History | ਅਜਨੋਹਾ ਪਿੰਡ ਦਾ ਇਤਿਹਾਸ

ਹੁਸ਼ਿਆਰ ਸਿੰਘ ਦੁਲੇਹ ਦੀ ਪੁਸਤਕ ‘ਜੱਟਾਂ ਦਾ ਇਤਿਹਾਸ’ ਅਨੁਸਾਰ ਪਰਮਾਰ ਰਾਜਪੂਤਾਂ ਵਿੱਚੋਂ ਜੱਟਾਂ ਦੇ 35 ਗੋਤ ਬਣੇ, ਜਿਨ੍ਹਾਂ ‘ਚੋਂ ਕੁਝ ਹਨ ਔਲਖ, ਸਿਆਲ, ਸੋਖੋਂ, ਸੋਹਲ, ਹਰੀ, ਕੌੜੇ, ਖਰਲ, ਕਾਹਲੋਂ, ਗੁਰਮ, ਟਿਵਾਣੇ, ਦਲੇਓ, ਦਿਉਲ, ਦਿਉ, ਪਵਾਰ, ਪਨੂੰ, ਬੁੱਟਰ, ਬੱਲ ਬੋਪਾਰਾਏ, ਬਿਲਿੰਗ, ਭੁੱਟੋ, ਮੰਡੇਰ, ਵੜਿੰਗ ਆਦਿ।

Ajnoha Village History | ਅਜਨੋਹਾ ਪਿੰਡ ਦਾ ਇਤਿਹਾਸ

ਅਕਾਲੀ ਫੂਲਾ ਸਿੰਘ

ਅਕਾਲੀ ਫੂਲਾ ਸਿੰਘ ਦੇ ਵਡੇਰੇ ਰਾਜਸਥਾਨ ਤੋਂ ਪੰਜਾਬ ਆਏ। ਕੁਝ ਪਿੰਡ ਸ਼ੀਹਾਂ ਦੇਹਲਾ ਤਹਿਸੀਲ ਸੁਨਾਮ ਵਿੱਚ ਅਤੇ ਕੁਝ ਪਿੰਡ ਅਜਨੋਹਾ ਜ਼ਿਲ੍ਹਾ ਹੁਸ਼ਿਆਰਪੁਰ ਅਬਾਦ ਹੋ ਗਏ। ਆਪ ਜੀ ਦੇ ਪਿਤਾ ਈਸ਼ਰ ਸਿੰਘ ਜੀ ਨੇ ਸੰਮਤ 1761 ਵਿੱਚ ਆਨੰਦਪੁਰ ਲਾਗੇ ਅਗਮਪੁਰ ਦੇ ਕਿਲ੍ਹੇ ਦੀ ਰੱਖਿਆ ਕਰਦਿਆਂ ਬਹਾਦਰੀ ਦੇ ਜੌਹਰ ਦਿਖਾਏ ਸਨ। ਅਕਾਲੀ ਫੂਲਾ ਸਿੰਘ ਨੂੰ ਸਾਰੀਆਂ ਮਿਸਲਾਂ ਦੇ ਸਰਦਾਰਾਂ ਨੇ ਸਬਰ- ਸੰਮਤੀ ਨਾਲ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ। ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ‘ਤੇ ਬੁਲਾ ਕੇ ਸ਼ਜਾ ਦੇਣਾ ਇਹ ਜਥੇਦਾਰ ਅਕਾਲੀ ਫੂਲਾ ਸਿੰਘ ਹੀ ਕਰ ਸਕਦਾ ਸੀ । ਮਹਾਰਾਜੇ ਦੀਆਂ ਜੰਗਾਂ ਵਿੱਚ ਉਹ ਹਰਾਵਲ ਦਸਤੇ ਦੇ ਆਗੂ ਹੁੰਦੇ ਸਨ ਅਤੇ ਮਹਾਰਾਜਾ ਦੀ ਖਾਤਰ ਹੀ ਨੌਸ਼ਹਿਰੇ ਦੀ ਜੰਗ ਵਿੱਚ ਸ਼ਹੀਦ ਹੋਏ। ਸੰਨ 1944 ਤੋਂ ਹਰ ਸਾਲ ਅਜਨੋਹਾ ਵਿਖੇ ਅਕਾਲੀ ਜੀ ਦੀ ਕੌਮ ਲਈ ਕੁਰਬਾਨੀ ਨੂੰ ਯਾਦ ਕਰਨ ਲਈ ਸਮਾਗਮ ਕਰਵਾਇਆ ਜਾਂਦਾ ਹੈ। ਪਿੰਡ ਦੇ ਵਿਚਕਾਰ ਇੱਕ ਸ਼ਾਨਦਾਰ ਗੁਰਦੁਆਰਾ ਅਕਾਲੀ ਜੀ ਦੇ ਨਾਂਅ ‘ਤੇ ਬਣਿਆ ਹੋਇਆ ਹੈ।

ਜਥੇਦਾਰ ਗੁਰਦਆਿਲ ਸਿੰਘ ਅਜਨੋਹਾ

ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਦਾ ਜਨਮ ਪਿੰਡ ਅਜਨੋਹਾ ਵਿਖੇ 27 ਦਸੰਬਰ ਸੰਨ 1927 ਨੂੰ ਹੋਇਆ। ਆਪ ਜੀ ਦੇ ਬਜ਼ੁਰਗ ਬਹੁਤ ਭਗਤੀ ਕਰਨ ਵਾਲੇ ਸਨ। ਇਸ ਕਰਕੇ ਪਿੰਡ ਵਿੱਚ ਇਨ੍ਹਾਂ ਦੀ ਦੀ ਅੱਲ ‘ਭਗਤਾਂ ਦੇ’ ਪੈ ਗਈ। ਇੱਕ ਵਾਰ ਮਾਸਟਰ ਤਾਰਾ ਸਿੰਘ ਪਿੰਡ ਬੱਡੋਂ ਆਏ ਤਾਂ ਸ. ਗੁਰਦਿਆਲ ਸਿੰਘ ਆਪਣੇ ਕੁਝ ਸਾਥੀਆਂ ਨਾਲ ਉਨ੍ਹਾਂ ਨੂੰ ਮਿਲਣ ਗਏ । ਉਸ ਮਿਲਣੀ ਤੋਂ ਪੰਥ ਦੀ ਸੇਵਾ ਦਾ ਐਸਾ ਜਾਗ ਲੱਗਾ ਕਿ ਮੁੜ ਕੇ ਪਿੱਛੇ ਨਾ ਦੇਖਿਆ। ਕਈ ਵਾਰੀ ਜੇਲ੍ਹ ਯਾਤਰਾ ਕੀਤੀ, ਜ਼ਮੀਨ ਦੀ ਕੁਰਕੀ ਹੋਈ। ਆਪ ਜੀ ਪਿੰਡ ਦੇ ਸਰਪੰਚ, ਮੈਂਬਰ ਪੰਚਾਇਤ ਸੰਮਤੀ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਵੀ ਬਣੇ। ਸੰਤ ਫਤਿਹ ਸਿੰਘ ਦੇ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਿਯੁਕਤ ਹੋਏ ਅਤੇ ਅੱਠ ਸਾਲ ਤੱਕ ਬੜੀ ਇਮਾਨਦਾਰੀ ਨਾਲ ਇਹ ਡਿਊਟੀ ਨਿਭਾਈ। ਜਥੇਦਾਰ ਦੇ ਸਮੇਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਪੰਜਾਬ ਨੇ ਆਪਣੇ ਪੁੱਤਰ ਦਾ ਆਨੰਦ ਕਾਰਜ ਤਖ਼ਤ ਸ੍ਰੀ ਕੇਸਗੜ੍ਹ ਵਿਖੇ ਕਰਨਾ ਚਾਹਿਆ। ਜਥੇਦਾਰ ਨੂੰ ਪਤਾ ਲੱਗ ਗਿਆ ਕਿ ਗਿਆਨੀ ਜੀ ਦਾ ਪੁੱਤਰ ਤਾਂ ਪਤਿਤ ਹੈ ਤਾਂ ਉਨ੍ਹਾਂ ਜਵਾਬ ਦੇ ਦਿੱਤਾ ਕਿ ਕਿਸੇ ਪਤਿਤ ਸਿੱਖ ਦਾ ਅਨੰਦ ਕਾਰਜ ਤਖ਼ਤ ਸ੍ਰੀ ਕੇਸਗੜ੍ਹ ਵਿਖੇ ਨਹੀਂ ਹੋ ਸਕਦਾ। 12 ਮਾਰਚ ਸੰਨਤ 1980 ਨੂੰ ਆਪ ਜੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਨਿਯੁਕਤ ਹੋਏ। ਪ੍ਰੋ. ਜੋਗਿੰਦਰ ਸਿੰਘ ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਫ਼ਜਾਂ ਵਿੱਚ “ਗਿਆਨੀ ਗੁਰਦਿਆਲ ਸਿੰਘ ਅਤੇ ਅਕਾਲੀ ਫੂਲਾ ਸਿੰਘ ਦਾ ਜਨਮ ਪਿੰਡ ਇਕੋ ਹੀ ਤੇ ਇਹ ਅਜਨੋਹਾ ਸੀ। ਇੰਝ ਜਾਪਦਾ ਹੈ ਕਿ ਅਜਨੋਹਾ ਪਿੰਡ ਨੂੰ ਸੰਸਕਾਰਾਂ ਵਜੋਂ ਜਿੱਥੇ ਖਾਲਸਾਈ ਰਾਜ, ਪੰਥਕ ਚੜ੍ਹਦੀ ਕਲਾ ਤੇ ਜਥੇਦਾਰੀ ਸਥਾਪਤੀ ਦਾ ਵਰਦਾਨ ਪ੍ਰਾਪਤ ਸੀ, ਉਥੇ ਨਿਡਰਤਾਈ ਇਸ ਪਿੰਡ ਦਾ ਅਦੁੱਤੀ ਵਿਰਸਾ ਸੀ । ਡੇਢ ਸੌ ਸਾਲ ਪਹਿਲਾਂ ਅਕਾਲੀ ਫੂਲਾ ਸਿੰਘ ਅਜਨੋਹਾ ਪਿੰਡ ਵਿੱਚ ਜੰਮ ਕੇ ਸਿੱਖ ਰਾਜ ਦੀ ਸਥਾਪਤੀ ਤੇ ਪੰਥਕ ਪ੍ਰੰਪਰਾਵਾਂ ਦੀ ਸੁਰੱਖਿਆ ਲਈ ਇੱਕ ਨਿਡਰ ਜਥੇਦਾਰ ਹੋਣ ਦਾ ਵਿਚਾਰ ਤੇ ਕਿਰਦਾਰ ਪ੍ਰਗਟਾਵਾਂ ਹੈ ਤਾਂ ਇਤਿਹਾਸਕ ਪ੍ਰੰਪਰਾਵਾਂ ਵਿੱਚੋਂ ਨਿਡਰ ਜਥੇਦਾਰ ਦਾ ਮਾਣ ਪ੍ਰਾਪਤ ਕਰਕੇ ਗਿਆਨੀ ਗੁਰਦਿਆਲ ਸਿੰਘ ਵੀ ਅਕਾਲੀ ਫੂਲਾ ਸਿੰਘ ਵਾਗ ਸ਼ੁੱਧ ਅਕਾਲੀ ਸਿੱਧ ਹੁੰਦੇ ਹਨ ਤੇ ਨਿਡਰਤਾ ਦਾ ਸਬੂਤ ਦਿੰਦੇ ਹਨ।”

Ajnoha Village History | ਅਜਨੋਹਾ ਪਿੰਡ ਦਾ ਇਤਿਹਾਸ

ਜਥੇਦਾਰ ਜੀ ਦੇ ਬਚਪਨ ਦੇ ਸਾਥੀ ਸਰਦਾਰ ਹਰੀ ਸਿੰਘ ਜਿਨ੍ਹਾਂ ਨੂੰ ਜਥੇਦਾਰ ਜੀ ਸੰਤ ਕਹਿ ਕੇ ਬੁਲਾਇਆ ਕਰਦੇ ਸਨ, ਨੇ ਜਥੇਦਾਰ ਜੀ ਦੀ ਯਾਦ ਵਿੱਚ ਪਿੰਡ ਵਿੱਚ ਇਕ ਦਸ ਬੈਂਡ ਦਾ ਹਪਸਤਾਲ ਲੱਖਾਂ ਰੁਪਏ ਇਕੱਠੇ ਕਰਕੇ ਬਣਾਇਆ ਹੈ। ਪੰਜਾਬ ਸਰਕਾਰ ਨੇ ਇਸ ਹਸਪਤਾਲ ਨੂੰ ਸਰਕਾਰ ਵੱਲੋਂ ਡਾਕਟਰ ਦੀਆਂ ਸੇਵਾਵਾਂ ਦੇਣ ਦਾ ਐਗਰੀਮੈਂਟ ਕੀਤਾ ਸੀ, ਪਰ ਕਾਫੀ ਦੇਰ ਸਰਕਾਰ ਨੇ ਕੋਈ ਡਾਕਟਰ ਨਾ ਭੇਜਿਆ, ਤਾਂ ਪਿੰਡ ਦੀ ਹਸਪਤਾਲ ਕਮੇਟੀ ਨੇ ਹਾਈਕੋਰਟ ਵਿੱਚ ਰਿੱਟ ਕਰਕੇ ਸਰਕਾਰੀ ਡਾਕਟਰ ਨਿਯੁਕਤ ਕਰਵਾਇਆ।

ਜਥੇਦਾਰ ਜੀ ਦਾ ਵੱਡਾ ਲੜਕਾ ਬਲਵੰਤ ਸਿੰਘ ਸ਼ਰਾਬ ਦਾ ਆਦੀ ਹੋ ਗਿਆ। ਜਥੇਦਾਰ ਜੀ ਤੋਂ ਇਹ ਬਰਦਾਸ਼ਤ ਨਾ ਹੋਇਆ ਤੇ ਇੱਕ ਦਿਨ ਉਸ ਨੂੰ ਆਖਿਆ ਕਿ ਜੇ ਸ਼ਰਾਬ ਪੀਣੀ ਹੈ ਤੇ ਮੁੜ ਕੇ ਮੇਰੇ ਘਰ ਨਾ ਵੜੀਂ ਤੇ ਉਹ ਜਥੇਦਾਰ ਜੀ ਦੇ ਅਕਾਲ ਚਲਾਣੇ ਤੋਂ ਚਾਰ ਕੁ ਸਾਲ ਪਹਿਲਾਂ ਘਰ ਛੱਡ ਕੇ ਪਤਾ ਨਹੀਂ ਕਿੱਧਰ ਚਲੇ ਗਿਆ ਤੇ ਅੱਜ ਤੱਕ ਵੀ ਉਸ ਦਾ ਕੋਈ ਥਹੁ ਪਤਾ ਨਹੀਂ। ਜਥੇਦਾਰ ਸਾਹਿਬ ਦੇ ਛੋਟੇ ਲੜਕੇ ਸਿੱਧੇ ਜਿਹੇ ਹਨ। ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਹੈ। ਇਹ ਇੱਕ ਇਮਾਨਦਾਰ ਜਥੇਦਾਰ ਅਕਾਲ ਤਖ਼ਤ ਦੇ ਸੁੱਚੇ ਕਿਰਦਾਰ ਦੀ ਮਿਸਾਲ ਹੈ। ਉਨ੍ਹਾਂ ਆਪਣੇ ਜੀਵਨ ਵਿੱਚ ਗੁਰੂ ਦੀ ਗੋਲਕ ਜਾਂ ਬਦੇਸ਼ਾਂ ਤੋਂ ਇੱਕ ਪੈਸਾ ਵੀ ਆਪਣੀ ਨਿੱਜੀ ਵਰਤੋਂ ਵਿੱਚ ਨਹੀਂ ਲਿਆਂਦਾ।

ਪਿੰਡ ਵਾਸੀਆਂ ਵੱਲੋਂ ਪਿੰਡ ਦੇ ਆਦਿ ਧਰਮੀਆਂ ਨਾਲ ਚੰਗਾ ਵਰਤਾਅ ਹੁੰਦਾ। ਰਿਹਾ, ਜਿਸ ਕਰਕੇ ਉਨ੍ਹਾਂ ਦੀ ਅਬਾਦੀ ਵੀ ਕਾਫੀ ਹੈ। ਉਨ੍ਹਾਂ ਆਪਣੇ ਮੁਹੱਲੇ ਵਿੱਚ ਰਵਿਦਾਸ ਜੀ ਦੇ ਨਾਂਅ ‘ਤੇ ਗੁਰਦੁਆਰਾ ਬਣਵਾਇਆ ਹੇ। ਉਸ ਗੁਰਦੁਆਰੇ ‘ਚ ਪਿੰਡ ਦੇ ਜ਼ਿੰਮੀਦਾਰ ਵੀ ਜ਼ਰੂਰ ਜਾਂਦੇ ਹਨ। ਅਕਾਲੀ ਫੂਲਾ ਸਿੰਘ ਦੇ ਗੁਰਦੁਆਰੇ ਵਿੱਚ ਆਦਿਧਰਮੀ ਲੰਗਰ ਵਰਤਾਉਂਦੇ ਦੇਖੇ ਜਾ ਸਕਦੇ ਹਨ। ਸਹੀ ਮਾਅਨਿਆਂ ਵਿੱਚ ਸਿੱਖੀ ਦੀ ਇਹ ਇੱਕ ਚੰਗੀ ਮਿਸਾਲ ਹੈ। ਮਾਸਟਰ ਤਾਰਾ ਸਿੰਘ ਇਸ ਪਿੰਡ ਅੱਠ ਵਾਰ ਆਏ ਤੇ ਉਹ ਵੀ ਜਾਤ-ਪਾਤ ਰਹਿਤ,ਦੇਖ ਕੇ ਬੜੇ ਪ੍ਰਭਵਿਤ ਹੋਏ। ਦੇਸ਼ ਦੀ ਵੰਡ ਸਮੇਂ ਇਸ ਪਿੰਡ ਵਾਲਿਆਂ ਨੇ ਲਾਗਲੇ ਪਿੰਡ ਦੇ ਮੁਸਲਮਾਨਾਂ ਦਾ ਕੋਈ ਨੁਕਸਾਨ ਨਾ ਕੀਤਾ। ਉੱਥੇ ਦਾ ਇੱਕ ਤਾਜ ਨਾਮੀ ਮੁਸਲਮਾਨ ਪਿੰਡ ਦੇ ਗੱਭਰੂਆਂ ਦਾ ਯਾਰ ਸੀ। ਉਸ ਦਾ ਪਿਤਾ ਤਾਂ ਹਾਜੀ ਸੀ, ਪਰ ਇਹ ਤਾਜ ਅਜਨੋਹੇ ਵਾਲੇ ਦੋਸਤਾਂ ਨਾਲ ਸ਼ਰਾਬ ਪੀ ਲੈਂਦਾ। ਸੀ। ਉਨ੍ਹਾਂ ਦੇ ਘਰ ਕਿਸੇ ਵਿਆਹ ‘ਤੇ ਜਦੋਂ ਅਜਨੋਹੇ ਵਾਲੇ ਗਏ ਤਾਂ ਉਸ ਨੇ ਇਨ੍ਹਾਂ ਲਈ ਵੱਖਰਾ ਬੱਕਰਾ ਹਲਾਲ ਦੀ ਬਜਾਏ ਝਟਕਾ ਦਿੱਤਾ । ਉਸ ਦੇ ਹਾਜੀ ਅੱਬਾ ਨੇ ਇਸ ਦਾ ਬਹੁਤ ਬੁਰਾ ਮਨਾਇਆ, ਪਰ ਤਾਜ ਦੀ ਮੇਲ-ਮਿਲਾਪ ਦੀ ਆਦਤ ਅਤੇ ਧਾਰਮਿਕ ਕੱਟੜਤਾ ਤੋਂ ਉੱਪਰ ਦੀ ਸੋਚਣੀ ਨੇ ਸਾਰੇ ਟੋਡਰਪੁਰ ਨੂੰ ਸਿੱਖਾਂ ਦੇ ਕ੍ਰੋਧ ਤੋਂ ਬਚਾ ਲਿਆ ।

Ajnoha Village History | ਅਜਨੋਹਾ ਪਿੰਡ ਦਾ ਇਤਿਹਾਸ

ਬਾਕੀ ਇਸ ਪਿੰਡ ਵਿੱਚ ਆਮ ਪਿੰਡਾਂ ਦੀ ਤਰ੍ਹਾਂ ਪਾਰਟੀਬਾਜ਼ੀ ਵੀ ਹੈ, ਲੋਕੀ ਬਦੇਸ਼ ਵੀ ਗਏ ਹਨ, ਸ਼ਾਨਦਾਰ ਕੋਠੀਆਂ ਵੀ ਬਣਾਈਆਂ ਹਨ। ਬਾਕੀ ਹੋਰ ਸਭ ਸਹੂਲਤਾਂ ਵੀ ਆਮ ਪਿੰਡਾਂ ਵਰਗੀਆਂ ਹਨ ਕੇਵਲ ਅਕਾਲੀ ਫੂਲਾ ਸਿੰਘ ਅਤੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਦਾ ਜਨਮ ਪਿੰਡ ਹੋਣ ਕਰਕੇ ਪੰਜਾਬ ਵਿੱਚ ਇਸ ਦੀ ਵਿਸ਼ੇਸ਼ ਥਾਂ ਹੈ।

Ajnoha Village History | ਅਜਨੋਹਾ ਪਿੰਡ ਦਾ ਇਤਿਹਾਸ

ਜੈਤੋਂ ਦੇ ਮੋਰਚੇ ਵਿਚ ਹਿੱਸਾ ਲੈਣ ਕਾਰਨ ਅਜਨੋਹਾ ਦੇ ਚੰਨਣ ਸਿੰਘ ਪੁੱਤਰ ਗੋਬਿੰਦ ਸਿੰਘ ਅਤੇ ਸੰਤ ਸਿੰਘ ਪੁੱਤਰ ਲਾਭ ਸਿੰਘ ਨੇ ਡੇਢ-ਡੇਢ ਸਾਲ ਦੀ ਸਜ਼ਾ ਕੱਟੀ ਸੀ।

 

 

Credit – ਵਾਸਦੇਵ ਸਿੰਘ ਪਰਹਾਰ

Leave a Comment

error: Content is protected !!