Alawalpur Village History | ਅਲਾਵਲਪੁਰ ਪਿੰਡ ਦਾ ਇਤਿਹਾਸ

ਅਲਾਵਲਪੁਰ

ਪਠਾਣਾਂ ਦਾ ਵਸਾਇਆ ਹੋਇਆ ਪਿੰਡ

ਇਸ ਕਸਬੇ ਦੇ ਮੁੱਢ ਬੱਝਣ ਬਾਰੇ ਪੰਜਾਬ ਦੀ ਜੋਗਰਾਫਯਾਈ ਤਵਾਰੀਖ ਦੇ ਕਰਤਾ ਬੂਟੇ ਸ਼ਾਹ ਨੇ ਆਪਣੀ ਪੁਸਤਕ ਦੇ ਪੰਨਾ 21 ‘ਤੇ ਲਿਖਿਆ ਹੈ-

“ਅਲਾਉਲਪੁਰ ਪਠਾਣਾਂ ਦਾ ਸ਼ਹਿਰ ਹੈ। ਉਹ ਅਲਾਉਲ ਖਾਂ ਦੇ ਬਾਪ ਦਲਾਉਰ ਖਾਂ ਦਾ ਬਣਾਇਆ ਹੋਇਆ ਹੈ ਅਤੇ ਦਲਾਉਰ ਖਾਂ ਨੇ ਇਸ ਸ਼ਹਿਰ ਦਾ ਨਾਂਅ ਆਪਣੇ ਪੁੱਤਰ ਦੇ ਨਾਂਅ ਪੁਰ ਰੱਖਿਆ ਸਾ। ਸ਼ਹਿਰ ਦੇ ਅੰਦਰ-ਵਾਰ ਇਕ ਪੱਕਾ ਕਿਲ੍ਹਾ ਹੈ ਅਤੇ ਉਸ ਵਿਚ ਵੱਡੀਆਂ ਸੋਹਣੀਆਂ ਅੰਬਾਰਤਾ (ਇਮਾਰਤਾਂ) ਪਠਾਣਾਂ ਦੀਆਂ ਬਣਾਈਆਂ ਹੋਈਆਂ ਸਨ। ਪਰ ਜਾਂ ਰਜਅਬਲੀ ਖਾਂ ਦੀ ਸਰਦਾਰੀ ਦੀ ਬਾਰੀ ਪਹੁੰਚੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸ਼ਹਿਰ ਉਸ ਕੋਲੋਂ ਜ਼ੋਰ ਨਾਲ ਖੋਹ ਲਿਆ। ਔਰ ਉਹ ਵਿਚਾਰਾ ਲਾਹੌਰ ਵਿਖੇ ਮਹਾਰਾਜ ਦੇ ਲਸ਼ਕਰ ਵਿਚ ਵੱਡੀ ਖੁਆਰੀ ਨਾਲ ਮਰ ਗਿਆ।”

Alawalpur Village History | ਅਲਾਵਲਪੁਰ ਪਿੰਡ ਦਾ ਇਤਿਹਾਸ

ਆਮ ਤੌਰ ‘ਤੇ ਸਮਝਿਆ ਇਹ ਜਾਂਦਾ ਹੈ ਕਿ ਅਲਾਵਲ ਖਾਂ ਅਤੇ ਆਦਮ ਖਾਂ ਦੋ ਪਠਾਣ ਭਰਾਵਾਂ ਨੇ ਤਿੰਨ ਕੁ ਮੀਲ ਦੇ ਫਾਸਲੇ ਤੋਂ ਅਲਾਵਲਪੁਰ ਅਤੇ ਆਦਮਪੁਰ ਸ਼ਹਿਰ ਵਸਾਏ। ਅਲਾਵਲਪੁਰ ਸ਼ਹਿਰ ਆਦਮਪੁਰ ਨਾਲੋਂ ਕਿਤੇ ਵੱਡਾ ਸੀ ਅਤੇ ਇਥੇ ਅੰਗਰੇਜ਼ਾਂ ਦੇ ਰਾਜ ਦੇ ਸਥਾਪਤ ਹੋਣ ਤੋਂ ਜਲਦੀ ਬਾਅਦ ਹੀ ਸੰਨ 1867 ਵਿਚ ਮਿਊਂਸਪਲ ਕਮੇਟੀ ਬਣ ਗਈ ਸੀ।

ਸੰਨ 1807 ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਇਹ ਸ਼ਹਿਰ ਪਠਾਣਾਂ ਤੋਂ ਖੋਹਣ ਬਾਰੇ ਲੋਕਲ ਬਜ਼ੁਰਗਾਂ ਤੋਂ ਪਤਾ ਲੱਗਾ ਹੈ ਕਿ ਇਸ ਸ਼ਹਿਰ ਵਿਚ ਪਠਾਣਾਂ ਦਾ ਜ਼ੋਰ ਸੀ, ਭਾਵੇਂ ਅਬਾਦੀ ਹਿੰਦੂਆਂ ਦੀ ਵੀ ਹੈ ਸੀ । ਪਠਾਣ ਖੁੱਲ੍ਹਆਮ ਗਊਆਂ ਵੱਢ ਕੇ ਲਟਕਾ ਕੇ ਇਨ੍ਹਾਂ ਦਾ ਮਾਸ ਵੇਚਦੇ ਸੀ। ਸਮੇਂ ਦੀ ਗਰਦਿਸ਼ ਨਾਲ ਸਿੱਖ ਮਿਸਲਾਂ ਦੇ ਰਾਜ ਵੇਲੇ ਇਕ ਵਾਰ ਟਾਂਡੇ ਲਾਗੇ ਤੋਂ ਜੱਸਾ ਸਿੰਘ ਰਾਮਗੜ੍ਹੀਏ ਦਾ ਜੱਥਾ ਇੱਧਰ ਆਇਆ ਤਾਂ ਉਨ੍ਹਾਂ ਪਠਾਣਾਂ ਨੂੰ ਤਾੜ ਕੇ ਕਿਹਾ ਕਿ ਸ਼ਰ੍ਹੇਆਮ ਗਊਆਂ ਦਾ ਮਾਸ ਵੇਚਣਾ ਬੰਦ ਕਰੋ, ਕਿਉਂਕਿ ਜਦੋਂ ਅਸੀਂ ਇੱਧਰੋਂ ਲੰਘਦੇ ਹਾਂ। ਤਾਂ ਸਾਡੀਆਂ ਨਜ਼ਰਾਂ ਇਹ ਬਰਦਾਸ਼ਤ ਨਹੀਂ ਕਰ ਸਕਦੀਆਂ ਕਿ ਗਊਆਂ ਵੱਢ ਕੇ ਲਟਕਾਈਆਂ ਹੋਣ। ਪਠਾਣਾਂ ਨੇ ਸਿੰਘਾਂ ਦੇ ਲੰਘਣ ਲਈ ਪਿੰਡ ਤੋਂ ਬਾਹਰ ਧੋਗੜੀ ਪਿੰਡ ਵਾਲੇ ਪਾਸੇ ਇਕ ਨਵਾਂ ਰਸਤਾ ਬਣਾ ਦਿੱਤਾ ਤੇ ਲੋਕੀਂ ਇਸ ਨੂੰ ‘ਸਿੰਘਾਂ ਦਾ ਰਾਹ’ ਆਖਣ ਲੱਗ ਪਏ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਸਲਮਾਨਾਂ ਨੇ ਮੁਹੱਰਮ ਦੇ ਦਿਨਾਂ ਵਿਚ ਤਾਜ਼ੀਏ ਦਾ ਜਲੂਸ ਕੱਢਿਆ। ਜਦੋਂ ਜਲੂਸ ਇਕ ਭੀੜੀ ਗਲੀ ਵਿਚ ਪਹੁੰਚਿਆ ਤਾਂ ਸਾਹਮਣਿਉਂ ਇਕ ਸਾਨ੍ਹ ਆ ਗਿਆ। ਸਾਨ੍ਹ ਮਾਰਖੂੰਡਾ ਸੀ ਤੇ ਜਲੂਸ ਵਾਲੇ ਪਿੱਛੇ ਨੂੰ ਭੱਜ ਤੁਰੇ। ਇਕ ਦੀਵਾਰ ‘ਤੇ ਬੈਠੇ ਹਿੰਦੂਆਂ ਦੇ ਤਿੰਨ ਮੁੰਡੇ ਇਹ ਨਜ਼ਾਰਾ ਦੇਖ ਕੇ ਹੱਸ ਪਏ। ਰਜਬ ਅਲੀ ਖਾਂ ਕੋਲ ਸ਼ਿਕਾਇਤ ਇਹ ਕੀਤੀ ਗਈ ਕਿ ਹਿੰਦੂ ਮੁੰਡਿਆਂ ਨੇ ਸਾਨ੍ਹ ਘੇਰ ਕੇ ਇਸ ਗਲੀ ਵਿਚ ਲਿਆਂਦਾ ਅਤੇ ਸਾਡੇ ਮਜ਼ਹਬ ਦਾ ਮਜ਼ਾਕ ਉਡਾਇਆ ਹੈ। ਪਠਾਣ ਨੇ ਗੁੱਸੇ ਵਿਚ ਦੋ ਮੁੰਡਿਆਂ ਨੂੰ ਤਾਂ ਫਾਹੇ ਲਾ ਕੇ ਮਾਰ ਦਿੱਤਾ ਅਤੇ ਤੀਜੇ ਨੂੰ ਕੈਦ ਵਿਚ ਸੁੱਟ ਦਿੱਤਾ। ਪਿੰਡ ਦੇ ਇਕ ਨਾਂਗੇ ਸਾਧ ਤੋਂ ਇਹ ਸਹਾਰ ਨਾ ਹੋਇਆ ਅਤੇ ਉਹ ਲਾਹੌਰ ਵੱਲ ਦੌੜ ਪਿਆ ਤਾਂ ਕਿ ਮਹਾਰਾਜੇ ਨੂੰ ਇਸ ਜ਼ੁਲਮ ਬਾਰੇ ਦੱਸ ਕੇ ਪਠਾਣ ਨੂੰ ਸਜ਼ਾ ਦੁਆਏ। ਇਕ ਰਾਤ ਰਸਤੇ ਵਿਚ ਰਹਿ ਕੇ ਦੂਸਰੇ ਦਿਨ ਸ਼ਾਮ ਨੂੰ ਉਹ ਲਾਹੌਰ ਪਹੁੰਚਿਆ, ਪਰ ਉਸ ਨੂੰ ਇਹ ਸੁਣ ਕੇ ਦੁੱਖ ਹੋਇਆ ਕਿ ਮਹਾਰਾਜਾ ਸਾਹਿਬ ਬਟਾਲੇ ਨੂੰ ਚਲੇ ਗਏ ਹਨ। ਉਥੋਂ ਫਿਰ ਉਹ ਦੌੜਿਆ ਅਤੇ ਸ਼ਾਮ ਨੂੰ ਬਟਾਲੇ ਪਹੁੰਚਿਆ। ਮਹਾਰਾਜਾ ਸਾਹਿਬ ਸ਼ਾਮ ਦੇ ਦਿਲ-ਪਰਚਾਵੇ ਵਿਚ ਮਗਨ ਸਨ, ਇਸ ਲਈ ਪਹਿਰੇਦਾਰਾਂ ਨੇ ਆਖਿਆ ਕਿ ਮਹਾਰਾਜਾ ਸਾਹਿਬ ਇਸ ਵੇਲੇ ਕਿਸੇ ਨੂੰ ਨਹੀਂ ਮਿਲ ਸਕਦੇ ਤੇ ਉਸ ਨੂੰ ਸਵੇਰ ਨੂੰ ਆਉਣ ਨੂੰ ਕਿਹਾ। ਮਹਾਰਾਜਾ ਸਾਹਿਬ ਸਵੇਰ ਨੂੰ ਜੰਗਲ-ਪਾਣੀ ਬਾਹਰ ਜਾਇਆ ਕਰਦੇ ਸਨ। ਉਹ ਨਾਂਗਾ ਸਾਧ ਮਹਾਰਾਜਾ ਦੇ ਸਾਹਮਣੇ ਹੋ ਕੇ ਪਿੱਟ ਉਤਰਿਆ ਤੇ ਆਖੇ ਕਿ ਤੇਰੇ ਰਾਜ ਵਿਚ ਐਨਾ ਜ਼ੁਲਮ ਹੋ ਰਿਹਾ ਏ ਤੇ ਤੂੰ ਆਪਣੀ ਮੌਜ-ਮਸਤੀ ਵਿਚ ਰੁੱਝਿਆ ਹੋਇਆ ਏਂ। ਮਹਾਰਾਜਾ ਨੂੰ ਸਾਰੀ ਕਹਾਣੀ ਦੱਸੀ ਤੇ ਨਾਲੇ ਆਖਿਆ ਕਿ ਜੇ ਹੁਣੇ ਹੀ ਫੌਜ ਨਾ ਭੇਜੀ ਤਾਂ ਉਹ ਮਹਾਰਾਜਾ ਸਾਹਿਬ ਦੇ ਸਾਹਮਣੇ ਆਤਮ-ਹੱਤਿਆ ਕਰ ਲਵੇਗਾ। ਸਾਧ ਦਾ ਹੱਠ ਦੇਖ ਕੇ ਮਹਾਰਾਜਾ ਨੇ ਅਲਬੇਲ ਸਿੰਘ ਬੈਂਸ ਨੂੰ 800 ਘੋੜ ਸਵਾਰ ਲੈ ਕੇ ਅਲਾਵਲਪੁਰ ਜਾ ਕੇ ਉਸ ਪਠਾਣ ਨੂੰ ਠੀਕ ਕਰਨ ਲਈ ਆਖਿਆ। ਬਟਾਲੇ ਤੋਂ ਚੱਲ ਕੇ ਇਹ ਦਸਤਾ ਸ਼ਾਮ ਤੱਕ ਅਲਾਵਲਪੁਰ ਆ ਪਹੁੰਚਿਆ ਅਤੇ ਆ ਕੇ ਕਿਲ੍ਹਾ ਘੇਰ ਲਿਆ। ਇਕ ਪਾਸੇ ਤੋਂ ਦੀਵਾਰ ਢਾਹ ਕੇ ਫੌਜ ਕਿਲ੍ਹੇ ਅੰਦਰ ਦਾਖਲ ਹੋ ਗਈ । ਲੋਕਲ ਬਜ਼ੁਰਗਾਂ ਨੇ ਆਪਣੇ ਵਡੇਰਿਆਂ ਤੋਂ ਸੁਣਿਆ ਸੀ ਕਿ ਰਜਬ ਅਲੀ ਖਾਂ ਇਸ ਮੁੱਠਭੇੜ ਵਿਚ ਮਾਰਿਆ ਗਿਆ ਅਤੇ ਬਾਕੀ ਦੇ ਜਾਨ ਬਚਾ ਕੇ ਪਿੰਡ ਧੋਗੜੀ, ਜੋ ਇਥੋਂ ਦੋ ਕੁ ਮੀਲ ਦੱਖਣ ਵੱਲ ਹੈ, ਨੂੰ ਚਲੇ ਗਏ। ਕਿਲ੍ਹਾ ਫਤਿਹ ਹੋਣ ‘ਤੇ ਸ. ਅਲਬੇਲ ਸਿੰਘ ਬੈਂਸ ਇਕ ਘੋੜਸਵਾਰ ਰਾਹੀਂ ਲਿਖ ਭੇਜਿਆ ਕਿ ਹੁਣ ਕਿਲ੍ਹਾ ਕਿਸ ਦੇ ਹਵਾਲੇ ਕੀਤਾ ਜਾਵੇ।

Alawalpur Village History | ਅਲਾਵਲਪੁਰ ਪਿੰਡ ਦਾ ਇਤਿਹਾਸ

ਮਹਾਰਾਜਾ ਨੇ ਹੁਕਮ ਭੇਜ ਦਿੱਤਾ ਕਿ ਹੁਣ ਤੁਸੀਂ ਹੀ ਕਿਲ੍ਹੇ ਅਤੇ ਪਠਾਣਾਂ ਦੀ ਸਾਰੀ ਜ਼ਮੀਨ-ਜਾਇਦਾਦ ਦੇ ਮਾਲਕ ਹੋ। ਸੋ ਇਹ ਹੈ ਇਤਿਹਾਸ ਪਠਾਣਾਂ ਤੋਂ ਇਹ ਕਿਲ੍ਹਾ ਬੈਂਸ ਸਰਦਾਰ ਨੂੰ ਮਿਲਣ ਦਾ। ਇਹ ਸਰਦਾਰ ਸਰਹੰਦ ਲਾਗੇ ਦੇ ਪਿੰਡ ਜੱਲਾ ਦੇ ਵਸਨੀਕ ਸਨ ਤੇ ਅਲਬੇਲ ਸਿੰਘ ਬੈਂਸ ਮਹਾਰਾਜਾ ਦੀ ਫੌਜ ਵਿਚ 800 ਘੋੜ ਸਵਾਰਾਂ ਦਾ ਜਰਨੈਲ ਸੀ। ਇਨ੍ਹਾਂ ਜੱਲੇਵਾਲੇ ਸਰਦਾਰਾਂ ਨੇ ਬਾਕੀ ਸਰਦਾਰਾਂ ਦੀ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਵਿਚ ਜਾਇਦਾਦ ਬਣਾਈ। ਇਨ੍ਹਾਂ ਆਪਣੇ ਲਈ ਇਕ ਬਾਗ ਲਗਵਾਇਆ, ਜਿਸ ਨੂੰ ਲੋਕੀਂ ਜਲ੍ਹਿਆਂਵਾਲਾ ਬਾਗ ਕਹਿੰਦੇ ਸਨ । ਅੰਗਰੇਜ਼ ਰਾਜ ਆਉਣ ‘ਤੇ ਉਹ ਸਰਦਾਰ ਉਨ੍ਹਾਂ ਨੂੰ ਸਲਾਮ ਕਰਨ ਨਾ ਗਏ ਤੇ ਉਨ੍ਹਾਂ ਇਹ ਬਾਗ ਸਰਕਾਰੀ ਪ੍ਰਾਪਰਟੀ ਘੋਸ਼ਤ ਕਰ ਦਿੱਤਾ। ਇਸੇ ਥਾਂ ‘ਤੇ ਜਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ ਵਾਪਰਿਆ। ਅੱਜ ਵੀ ਇਕ ਛੋਟੀ ਜਿਹੀ ਖੂਹੀ ਅਤੇ ਥੋੜਾ ਥਾਂ ਇਨ੍ਹਾਂ ਦੇ ਕਬਜ਼ੇ ਵਿਚ ਹੈ।

ਜਲੰਧਰ ਡਿਸਟ੍ਰਿਕਟ ਦੇ ਗਜ਼ਟੀਅਰ ਦੇ ਪੰਨਾ 536 ਤੋਂ ਜਲੰਧਰ ਜ਼ਿਲ੍ਹੇ ਦੇ ਕੁਝ ਮਸ਼ਹੂਰ ਕਸਬਿਆਂ ਦੇ ਇਤਿਹਾਸ ਵਿਚ ਅਲਾਵਲਪੁਰ ਬਾਰੇ ਜਾਣਕਾਰੀ ਮਿਲਦੀ ਹੈ, ਜਿਸ ਅਨੁਸਾਰ ਇਹ ਕਸਬਾ ਧੋਗੜੀ ਫੈਮਿਲੀ ਦੇ ਅਫਗਾਨ ਅਲਾਵਲ ਖਾਂ ਦੇ ਪਿਤਾ ਨੇ ਵਸਾਇਆ ਸੀ। ਸੰਨ 1807 ਵਿਚ ਰਜਬ ਅਲੀ ਖਾਂ ਦੀ ਮੌਤ ਤੋਂ ਬਾਅਦ ਰਣਜੀਤ ਸਿੰਘ ਨੇ ਜਲ੍ਹਿਆਂ ਵਾਲੇ ਸਰਦਾਰਾਂ ਨੂੰ ਇਹ ਜਗੀਰ ਵਜੋਂ ਦੇ ਦਿੱਤਾ। ਇਥੇ ਮਿੱਟੀ ਦਾ ਬਣਾਇਆ ਇਕ ਕਿਲ੍ਹਾ ਵੀ ਸੀ, ਜੋ ਉਸ ਸਮੇਂ ਇਕ ਥੇਹ ਬਣ ਚੁੱਕਾ ਸੀ । ਇਸ ਥੇਹ ਨੂੰ ਥੇਹ ਲਛਮਣ ਕਹਿੰਦੇ ਸਨ। ਇਕ ਸਮੀਰ ਪਰਬਤ ਦਾ ਮਟ ਵੀ ਹੈ ਸੀ, ਜਿਥੇ ਹਰ ਸਾਲ ਮੇਲਾ ਲੱਗਦਾ ਸੀ। ਅੰਗਰੇਜ਼ ਰਾਜ ਦੇ ਸ਼ੁਰੂ ਹੋਣ ਸਮੇਂ ਜਦੋਂ ਇਹ ਗਜ਼ਟੀਅਰ ਲਿਖਿਆ ਗਿਆ, ਇਸ ਸ਼ਹਿਰ ਵਿਚ 6 ਮਸੀਤਾਂ ਅਤੇ 10 ਮੰਦਰ ਸਨ। ਇਕ ਮਿਡਲ ਸਕੂਲ, ਡਾਕਖਾਨਾ, ਇਕ ਸਬ-ਰਜਿਸਟਰਾਰ ਦਾ ਦਫਤਰ ਸੀ, ਜਿਥੇ ਜ਼ਮੀਨ ਦੀਆਂ ਰਜਿਸਟਰੀਆਂ ਹੁੰਦੀਆਂ ਸਨ। ਇਹ ਸ਼ਹਿਰ ਸੂਸੀ, ਗਬਰੂਨ ਦੇ ਕੱਪੜੇ, ਅਨਾਜ ਅਤੇ ਗੁੜ ਦੀ ਇਕ ਚੰਗੀ ਮੰਡੀ ਸੀ। ਸੰਨ 1885 ਵਿਚ ਸ਼ਹਿਰ ਦੀ ਮਿਊਂਸਪਲ ਕਮੇਟੀ ਦੀ ਹੱਦ ਮਿੱਥ ਦਿੱਤੀ ਗਈ । ਸੰਨ 1901 ਵਿਚ ਸ਼ਹਿਰ ਦੀ ਆਬਾਦੀ 4423 ਸੀ । ਮਿਊਂਸਪਲ ਕਮੇਟੀ ਇਥੇ ਸੰਨ 1857 ਵਿਚ ਬਣਾ ਦਿੱਤੀ ਗਈ ਸੀ । ਮਿਊਂਸਪਲ ਕਮੇਟੀ ਦੀ ਸੰਨ 1902-03 ਦੀ ਆਮਦਨ 2300 ਰੁਪਏ ਤੇ ਖਰਚ 2400 ਰੁਪਏ ਸੀ। ਆਮਦਨ ਦਾ ਮੁੱਖ ਸਾਧਨ ਸ਼ਹਿਰ ਵਿਚ ਵਿਕਰੀ ਲਈ ਆਉਣ ਵਾਲੇ ਮਾਲ ਦੀ ਚੁੰਗੀ ਤੋਂ ਸੀ। ਮਿਡਲ ਸਕੂਲ ਵੀ ਮਿਊਂਸਪਲ ਕਮੇਟੀ ਵਲੋਂ ਚਲਾਇਆ ਜਾਂਦਾ ਸੀ ।

ਆਰੀਆ ਸਮਾਜ ਹਾਇਰ ਸੈਕੰਡਰੀ ਸਕੂਲ

ਇਸ ਕਸਬੇ ਦਾ ਇਹ ਸਕੂਲ ਆਦਮਪੁਰ ਵਾਲੀ ਸੜਕ ‘ਤੇ ਇਕ ਮੀਲ ਦੀ ਵਿੱਥ ‘ਤੇ ਹੈ। ਇਲਾਕੇ ਭਰ ਵਿਚ ਚੰਗੀ ਪੜ੍ਹਾਈ ਅਤੇ ਖੇਡਾਂ ਕਰਕੇ ਮਸ਼ਹੂਰ ਚੱਲਿਆ ਆ ਰਿਹਾ ਹੈ। ਪਿੰਡ ਕਾਲਰਾ ਦੇ ਖਾਲਸਾ ਹਾਈ ਸਕੂਲ ਨਾਲ ਫੁੱਟਬਾਲ ਦੇ ਮੈਚ ਬੜੇ ਫਸਵੇਂ ਹੁੰਦੇ ਸਨ। ਬਹੁਤੀ ਵਾਰੀ ਟੀਮਾਂ ਦੇ ਖਿਡਾਰੀ ਰੈਫਰੀ ਦੇ ਫੈਸਲੇ ਵਿਰੁੱਧ ਰੋਸ ਪ੍ਰਗਟ ਕਰਦਿਆਂ ਲੜ ਪੈਂਦੇ। ਫੇਰ ਜੇ ਕਦੇ ਇਨ੍ਹਾਂ ਸਕੂਲਾਂ ਦੀਆਂ ਟੀਮਾਂ ਫਾਈਨਲ ਵਿਚ ਆ ਜਾਂਦੀਆਂ ਤਾਂ ਇਨ੍ਹਾਂ ਦਾ ਮੈਚ ਨਾ ਕਾਲਰੇ ਅਤੇ ਨਾ ਹੀ ਅਲਾਵਲਪੁਰ ਕਰਵਾਇਆ ਜਾਂਦਾ, ਬਲਕਿ ਜਲੰਧਰ ਛਾਉਣੀ ਜਾਂ ਆਦਮਪੁਰ ਕਰਵਾਇਆ ਜਾਂਦਾ ਸੀ।

Alawalpur Village History | ਅਲਾਵਲਪੁਰ ਪਿੰਡ ਦਾ ਇਤਿਹਾਸ

ਅਲਾਵਲਪੁਰ ਦਾ ਸਰਦਾਰ ਘਰਾਣਾ

ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸ. ਅਲਬੇਲ ਸਿੰਘ ਜਰਨੈਲ ਸਨ। ਇਸੇ ਖਾਨਦਾਨ ਦੇ ਸਰਦਾਰ ਹਿੰਮਤ ਸਿੰਘ ਮੁਲਤਾਨ ਦੇ ਕਿਲ੍ਹੇ ਦੀ ਜਿੱਤ ਸਮੇਂ ਬੜੀ ਬਹਾਦਰੀ ਨਾਲ ਲੜਦੇ ਸ਼ਹੀਦ ਹੋਏ। ਅੱਗੋਂ ਅੱਛਰ ਸਿੰਘ ਹੋਏ, ਜਿਨ੍ਹਾਂ ਦੇ ਸਪੁੱਤਰ ਸੰਤ ਪ੍ਰਕਾਸ਼ ਸਿੰਘ ਜੀ ਹੋਏ। 1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਇਹ ਪੰਜਾਬ ਦੇ ਇੰਸਪੈਕਟਰ ਜਨਰਲ ਪੁਲਿਸ ਬਣੇ। ਸੰਤ ਪ੍ਰਕਾਸ਼ ਸਿੰਘ ਦੇ ਭਰਾ ਗੁਰਬਚਨ ਸਿੰਘ 20 ਸਾਲ ਤੱਕ ਅਲਾਵਲਪੁਰ ਮਿਊਂਸਪਲ ਕਮੇਟੀ ਦੇ ਪ੍ਰਧਾਨ ਰਹੇ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਅਜੀਤ ਸਿੰਘ ਵੀ ਤਕਰੀਬਨ 20 ਸਾਲ ਇਸੇ ਅਹੁਦੇ ‘ਤੇ ਰਹੇ। 1947 ਦੇ ਦੰਗਿਆਂ ਦੇ ਸਮੇਂ ਤਕਰੀਬਨ 3000 ਮੁਸਲਮਾਨਾਂ ਨੇ ਸਰਦਾਰਾਂ ਦੇ ਕਿਲ੍ਹੇ ਵਿਚ ਸ਼ਰਨ ਲਈ। ਸਰਦਾਰ ਗੁਰਬਚਨ ਸਿੰਘ ਅਤੇ ਉਨ੍ਹਾਂ ਦਾ ਭਤੀਜਾ ਇਸ 3000 ਮੁਸਲਮਾਨਾਂ ਦੇ ਕਾਫਲੇ ਨੂੰ ਬਿਆਸ ਦਰਿਆ ਤੱਕ ਛੱਡ ਕੇ ਆਏ। ਉਨ੍ਹਾਂ ਦਿਨਾਂ ਵਿਚ ਬਾਰਸ਼ਾਂ ਬਹੁਤ ਹੋਣ ਕਾਰਨ ਹੜ੍ਹ ਵੀ ਆਇਆ ਸੀ। ਇਸ ਕਾਫਲੇ ਦੇ ਦੋ ਕੁ ਸੌ ਬੰਦੇ ਹੜ੍ਹ ਵਿਚ ਰੁੜ੍ਹ ਕੇ ਮਰ ਗਏ ਸਨ । ਲਾਗਲਾ ਪਿੰਡ ਧੋਗੜੀ ਮੁਸਲਮਾਨਾਂ ਦਾ ਗੜ੍ਹ ਸੀ। ਉਨ੍ਹਾਂ ਅਲਾਵਲਪੁਰੀਏ ਸਰਦਾਰਾਂ ਨੂੰ ਧਮਕੀ ਦਿੱਤੀ ਸੀ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਾਥੋਂ ਅਲਾਵਲਪੁਰ ਦਾ ਕਿਲ੍ਹਾ ਖੋਹਿਆ ਸੀ ਤੇ ਹੁਣ ਇਹ ਅਲਾਵਲਪੁਰ ਦਾ ਇਲਾਕਾ ਪਾਕਿਸਤਾਨ ਵਿਚ ਆ ਗਿਆ ਹੈ ਅਤੇ ਅਸੀਂ ਤੁਹਾਥੋਂ ਆਪਣਾ ਕਿਲ੍ਹਾ ਵਾਪਸ ਲੈ ਲੈਣਾ ਹੈ। ਉਸ ਸਮੇਂ ਇਸ ਇਲਾਕੇ ਦੇ ਮੁਸਲਮਾਨਾਂ ਨੇ ਇਹ ਅਫਵਾਹ ਫੈਲਾਈ ਹੋਈ ਸੀ ਕਿ ਇਹ ਇਲਾਕਾ ਪਾਕਿਸਤਾਨ ਵਿਚ ਆ ਜਾਣਾ ਹੈ।

Alawalpur Village History | ਅਲਾਵਲਪੁਰ ਪਿੰਡ ਦਾ ਇਤਿਹਾਸ

ਸਰਦਾਰ ਗੁਰਬਚਨ ਸਿੰਘ ਦੀ ਬੇਟੀ ਸ਼ਮਿੰਦਰ ਕੌਰ ਦੀ ਸ਼ਾਦੀ ਸਰਦਾਰ ਗਿਆਨ ਸਿੰਘ ਕਾਹਲੋਂ ਆਈ.ਸੀ.ਐਸ. ਚੀਫ ਸੈਕਟਰੀ ਪੰਜਾਬ ਨਾਲ ਹੋਈ। ਉਨ੍ਹਾਂ ਦੀਆਂ ਦੋ ਲੜਕੀਆਂ ਗੀਤਾ ਕੌਰ ਅਤੇ ਪ੍ਰਨੀਤ ਕੌਰ ਹਨ। ਗੀਤਾ ਕੌਰ ਦੀ ਸ਼ਾਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਅਤੇ ਪ੍ਰਨੀਤ ਕੌਰ ਦੀ ਮਹਾਰਾਜਾ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ। ਪੰਜਾਬ ਦੀਆਂ ਇਨ੍ਹਾਂ ਦੋ ਮਹਾਨ ਇਸਤਰੀਆਂ ਦੇ ਨਾਨਕੇ ਅਲਾਵਲਪੁਰ ਹਨ। ਮਜੀਠੇ ਵਾਲੇ ਸਰਦਾਰ ਘਰਾਣੇ ਨਾਲ ਵੀ ਇਸ ਖਾਨਦਾਨ ਦੀ ਰਿਸ਼ਤੇਦਾਰੀ ਸੀ। ਸਰਦਾਰ ਗੁਰਬਚਨ ਸਿੰਘ ਦੇ ਪਿਤਾ ਸ. ਭਗਵੰਤ ਸਿੰਘ ਦੀ ਸ਼ਾਦੀ ਸ. ਸੁੰਦਰ ਸਿੰਘ ਮਜੀਠੀਏ ਦੀ ਭੈਣ ਨਾਲ ਹੋਈ । ਸ. ਗੁਰਬਚਨ ਸਿੰਘ ਜਦੋਂ 8 ਮਹੀਨਿਆਂ ਦੇ ਹੀ ਸਨ ਤਾਂ ਸ. ਭਗਵੰਤ ਸਿੰਘ ਸਵਰਗਵਾਸ ਹੋ ਗਏ। ਸ. ਸੁੰਦਰ ਸਿੰਘ ਆਪਣੇ ਭਾਣਜੇ ਨੂੰ ਮਜੀਠੇ ਲੈ ਗਏ ਅਤੇ ਉਹ ਉਥੇ ਹੀ ਪੜ੍ਹੇ ਅਤੇ ਜਵਾਨ ਹੋ ਕੇ ਅਲਾਵਲਪੁਰ ਆਏ।

ਡਿਸਟ੍ਰਿਕਟ ਐਂਡ ਸਟੇਟਸ ਗਜ਼ਟੀਅਰ ਦੇ ਦੇ Vol ਦੇ ਪੰਨਾ 511 ਉੱਤੇ ਜਲੰਧਰ ਜ਼ਿਲ੍ਹੇ ਦੀਆਂ ਜਗੀਰਾਂ ਦੀ ਸੂਚੀ ਵਿਚ ਅਲਾਵਲਪੁਰ ਦੇ ਸਰਦਾਰ ਅੱਛਰ ਸਿੰਘ ਅਤੇ ਜਵਾਲਾ ਸਿੰਘ ਕੋਲ 2000 ਰੁਪਏ ਦੀ ਜਗੀਰ ਸੰਨ 1846 ਵੇਲੇ ਤੋਂ ਸੀ। ਅੰਗਰੇਜ਼ ਰਾਜ ਸਥਾਪਤ ਹੋਣ ਉੱਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਿਸਟਰ ਬਰਕਲੇ ਨੇ ਸਾਰੀਆਂ ਜਗੀਰਾਂ ਦੀ ਨਵੇਂ ਸਿਰਿਓਂ ਪੜਤਾਲ ਕਰਵਾ ਕੇ ਇਹ ਸੂਚੀ ਤਿਆਰ ਕੀਤੀ ਸੀ।

Alawalpur Village History | ਅਲਾਵਲਪੁਰ ਪਿੰਡ ਦਾ ਇਤਿਹਾਸ

ਬਿਰਧ ਆਸ਼ਰਮ

ਆਮ ਪਿੰਡਾਂ ਤੇ ਸ਼ਹਿਰਾਂ ਨਾਲੋਂ ਇਕ ਵਿਸ਼ੇਸ਼ਤਾ ਇਸ ਪਿੰਡ ਦਾ ਬਿਰਧ ਆਸ਼ਰਮ ਹੈ। ਇਥੋਂ ਦੇ ਸ੍ਰੀ ਆਰ.ਐਲ. ਭੰਡਾਰੀ, ਜਿਨ੍ਹਾਂ ਦਾ ਇੰਗਲੈਂਡ ਵਿਚ ਚੰਗਾ ਕਾਰੋਬਾਰ ਹੈ, ਨੇ 1997 ਵਿਚ ਤਿੰਨ ਕਨਾਲ ਜ਼ਮੀਨ ਖਰੀਦ ਕੇ ਇਸ ਬਿਰਧ ਆਸ਼ਰਮ ਦੀ ਉਸਾਰੀ ਕੀਤੀ। ਭੰਡਾਰੀ, ਖੱਤਰੀਆਂ ਦਾ ਇਕ ਮਹੱਤਵਪੂਰਨ ਗੋਤ ਹੈ। A Glossary of the tribes and castes Vol-II ਦੇ ਪੰਨਾ 518 ਅਨੁਸਾਰ ਬਾਬਾ ਸ਼ੇਖ ਫਰੀਦ ਦੀ ਇਕ ਜੰਗਲ ਵਿਚ ਕੁਝ ਖੱਤਰੀਆਂ ਨੇ ਖਾਣੇ ਦੀ ਸੇਵਾ ਕੀਤੀ, ਜਿਸ ਤੋਂ ਖੁਸ਼ ਹੋ ਕੇ ਉਨ੍ਹਾਂ ਵਚਨ ਕੀਤਾ ਸੀ, ‘ਤੁਮਹਾਰਾ ਭੰਡਾਰਾ ਭਰਾ ਰਹੇ’। ਇਸ ਤੋਂ ਬਾਅਦ ਇਹ ਲੋਕ ਭੰਡਾਰੀ ਅਖਵਾਉਣ ਲੱਗ ਪਏ। ਇਨ੍ਹਾਂ ਦੀਆਂ ਅੱਗੋਂ ਤਿੰਨ ਸ਼ਾਖਾਵਾਂ ਹਨ। ਇਕ ਬੇਰ-ਬਹਿਨ (ਉਸ ਯਤੀਮ ਨੂੰ ਉਸ ਦੀ ਭੈਣ ਨੇ ਪਾਲਿਆ ਸੀ) ਦੂਜੀ ਭੂਰੀਆ (ਉਸ ਦੀ ਭੋਰੇ ਵਿਚ ਪਾਲਣਾ-ਪੋਸ਼ਣਾ ਹੋਈ ਸੀ), ਤੀਜੀ ਪੱਤਣੀ ਜੋ ਪਾਕ-ਪਟਨ (ਪਾਕਿਸਤਾਨ) ਦੇ ਸਨ।

Alawalpur Village History | ਅਲਾਵਲਪੁਰ ਪਿੰਡ ਦਾ ਇਤਿਹਾਸ

ਇਸ ਆਸ਼ਰਮ ਦੀ ਉਸਾਰੀ ‘ਤੇ ਤਕਰੀਬਨ 60 ਲੱਖ ਰੁਪਏ ਖਰਚ ਆਏ। ਸਰਕਾਰ ਵਲੋਂ ਕੋਈ ਵੀ ਕਿਸੇ ਕਿਸਮ ਦੀ ਸਹਾਇਤਾ ਨਹੀਂ ਮਿਲੀ । ਇਸ ਵੇਲੇ ਬਿਰਧਾਂ ਦੀ ਰਿਹਾਇਸ਼ ਲਈ 14 ਕਮਰੇ, ਇਕ ਹਾਲ ਕਮਰਾ, ਕਿਚਨ. ਡਰਾਇੰਗ ਰੂਮ, ਕੰਪਿਊਟਰ ਰੂਪ, ਦਵਾਈਆਂ ਲਈ ਕਮਰਾ, ਦਫਤਰ ਅਤੇ ਸਟੋਰ ਆਦਿ ਬੜੇ ਵਧੀਆ ਤਰੀਕੇ ਨਾਲ ਬਣਾਏ ਹੋਏ ਹਨ। ਸ੍ਰੀ ਭੰਡਾਰੀ ਦੇ ਦੋਸਤ ਇਸੇ ਪਿੰਡ ਦੇ ਸ੍ਰੀ ਯੋਗੋਸ਼ ਕੁਮਾਰ ਸ਼ਰਮਾ ਰਿਟਾਇਰਡ ਗੈਰੀਜ਼ਨ ਇੰਜੀਨੀਅਰ ਇਸ ਆਸ਼ਰਮ ਦੇ ਮੁੱਖ ਸੰਚਾਲਕ ਹਨ। ਉਨ੍ਹਾਂ ਦੀ ਸੇਵਾ-ਭਾਵਨਾ ਹਰ ਤਰ੍ਹਾਂ ਕਾਬਲੇ-ਤਾਰੀਫ ਹੈ। ਉਨ੍ਹਾਂ ਨੂੰ ਇਹ ਸ਼ੁੱਭ ਗੁਣ ਆਪਣੇ ਪਿਤਾ ਸ੍ਰੀ ਰਾਮ ਪ੍ਰਕਾਸ਼ ਸ਼ਰਮਾ ਤੋਂ ਵਿਰਸੇ ਵਿਚ ਮਿਲੇ । ਸ੍ਰੀ ਰਾਮ ਪ੍ਰਕਾਸ਼ ਸ਼ਰਮਾ ਨੇ ਹੀ ਜੰਡੂਸਿੰਘਾ ਵਾਲਾ ਹਾਈ ਸਕੂਲ ਸ਼ੁਰੂ ਕੀਤਾ ਸੀ । ਗਰੀਬ ਵਿਦਿਆਰਥੀਆਂ ਨੂੰ ਮੁਫਤ ਟਿਊਸ਼ਨ ਪੜ੍ਹਾਉਂਦੇ । ਆਪਣੇ ਘਰ ਦੇ ਨਾਲ ਹੀ ਇਕ ਹਾਲ ਕਮਰਾ, ਇਸ ਕੰਮ ਲਈ ਵੱਖਰਾ ਬਣਾਇਆ। ਕਈ ਵਾਰੀ ਬੱਚੇ ਇਸੇ ਹਾਲ ਕਮਰੇ ਵਿਚ ਸੌ ਵੀ ਜਾਂਦੇ ਸਨ।

ਬਿਰਧ ਆਸ਼ਰਮ ਵਿਚ ਅਜਿਹੇ ਬਿਰਧ ਮਰਦ ਅਤੇ ਔਰਤਾਂ ਨੂੰ ਰੱਖਿਆ ਜਾਂਦਾ ਹੈ, ਜਿਨ੍ਹਾਂ ਦੀ ਔਲਾਦ ਉਨ੍ਹਾਂ ਨੂੰ ਸੰਭਾਲਣ ਤੋਂ ਮੂੰਹ ਮੋੜ ਲੈਂਦੀ ਹੈ। ਕਈ ਵਾਰੀ ਇਥੇ ਰਹਿ ਰਹੇ ਬਿਰਧਾਂ ਨੂੰ ਉਨ੍ਹਾਂ ਦੇ ਪੁੱਤਰ ਧੀਆਂ ਮਨਾ ਕੇ ਲੈ ਜਾਂਦੇ ਹਨ, ਜ਼ਮੀਨ- ਜਾਇਦਾਦ ਆਪਣੇ ਨਾਂਅ ਕਰਵਾ ਕੇ ਫਿਰ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਨ। ਕਈ ਬਜ਼ੁਰਗ ਆਸ਼ਰਮ ਵਿਚ ਰਿਹਾਇਸ਼ ਵਾਸਤੇ ਪੁੱਛਣ ਲਈ ਆਉਂਦੇ ਹਨ ਤੇ ਜਦੋਂ ਉਨ੍ਹਾਂ ਦੀ ਔਲਾਦ ਨੂੰ ਪਤਾ ਲੱਗ ਜਾਵੇ ਕਿ ਉਨ੍ਹਾਂ ਦਾ ਬਜ਼ੁਰਗ ਆਸ਼ਰਮ ਵਿਚ ਦਾਖਲ ਹੋ ਰਿਹਾ ਹੈ ਤਾਂ ਉਹ ਉਸ ਨੂੰ ਘਰ ਰਹਿਣ ਲਈ ਮਨਾ ਲੈਂਦੇ ਹਨ ਅਤੇ ਅੱਗੇ ਤੋਂ ਉਸ ਦੀ ਪੂਰੀ ਸੇਵਾ ਸ਼ੁਰੂ ਕਰ ਦਿੰਦੇ ਹਨ। ਹਰ ਧਰਮ, ਜਾਤ, ਗੋਤ, ਊਚ-ਨੀਚ ਦੇ ਬਜ਼ੁਰਗਾਂ ਦਾ ਦਾਖਲਾ ਖੁੱਲ੍ਹਾ ਹੈ। ਆਸ਼ਰਮ ਦੇ ਆਰੰਭ ਵਿਚ 4 ਬਿਰਧ ਦਾਖਲ ਹੋਏ। ਇਸ ਵੇਲੇ ਗਿਣਤੀ 32 ਹੈ, ਜਿਨ੍ਹਾਂ ‘ਚ 5 ਔਰਤਾਂ ਹਨ। ਪਿਛਲੇ ਸਾਲ ਪੰਜ ਬਿਰਧਾਂ ਦੀ ਕੁਦਰਤੀ ਮੌਤ ਹੋਈ। ਇਕ ਬਿਰਧ ਬਚਿੰਤ ਕੌਰ 104 ਸਾਲ ਦੀ ਉਮਰ ਭੋਗ ਕੇ ਪਿਛਲੇ ਸਾਲ ਅਕਾਲ ਚਲਾਣਾ ਕਰ ਗਈ। ਬਿਰਧਾਂ ਦੀ ਖੁਰਾਕ ਵੱਲ ਪੂਰਾ ਧਿਆਨ ਦਿੱਤਾ ਜਾਂਦਾ। ਹੈ। ਰਸੋਈ ਘਰ ਲਈ ਤਿੰਨ ਰਸੋਈਏ ਹਨ। ਸਿਹਤ ਵੱਲ ਧਿਆਨ ਦਿੰਦਿਆਂ ਹਰ ਰੋਜ਼ ਹਾਲ ਕਮਰੇ ਵਿਚ ਯੋਗ ਆਸਣ ਕਰਵਾਏ ਜਾਂਦੇ ਹਨ।

ਬਿਰਧਾਂ ਨੂੰ ਦਵਾਈ ਦੀ ਲੋੜ ਤਾਂ ਪੈਂਦੀ ਹੀ ਹੈ । ਛੋਟੀ-ਮੋਟੀ ਬਿਮਾਰੀ ਲਈ ਪਿੰਡ ਦੇ ਇਕ ਆਰ.ਐਮ.ਪੀ. ਡਾਕਟਰ ਤੋਂ ਦਵਾਈ ਲਈ ਜਾਂਦੀ ਹੈ। ਜ਼ਿਆਦਾ ਪੇਚੀਦਾ ਕੇਸ ਆਦਮਪੁਰ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਭੇਜ ਦਿੱਤੇ ਜਾਂਦੇ ਹਨ। ਜਲੰਧਰ ਦੇ ਡਾ. ਡੀ.ਕੇ. ਸਰੀਨ ਇਸ ਆਸ਼ਰਮ ਵਿਚ ਹਫਤੇ ਵਿਚ ਇਕ ਦਿਨ ਆਉਂਦੇ ਹਨ। ਉਹ ਇਸ ਸੇਵਾ ਲਈ ਆਸ਼ਰਮ ਤੋਂ ਜਾਂ ਮਰੀਜ਼ ਤੋਂ ਕੁਝ ਨਹੀਂ ਲੈਂਦੇ, ਬਲਕਿ ਬਹੁਤ ਸਾਰੀਆਂ ਦਵਾਈਆਂ ਆਪਣੇ ਕੋਲੋਂ ਦੇ ਜਾਂਦੇ ਹਨ। ਡਾਕਟਰੀ ਪੈਸ਼ੇ ਦੇ ਲਾਲਚੀ ਹੋਣ ਦੀ ਚਰਚਾ ਤਾਂ ਆਮ ਹੈ, ਫਿਰ ਵੀ ਡਾ. ਸਰੀਨ ਵਰਗੇ ਨਿਸ਼ਕਾਮ ਸੇਵਕ ਵੀ ਮੌਜੂਦ ਹਨ। ਉਨ੍ਹਾਂ ਦੀ ਇਸ ਨਿਸ਼ਕਾਮ ਸੇਵਾ ਲਈ ਬਿਰਧਾਂ ਦੀਆਂ ਦੁਆਵਾਂ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਖੁਸ਼ੀਆਂ ਖੇੜੇ ਜ਼ਰੂਰ ਹੀ ਬਖਸ਼ਣਗੀਆਂ। ਹਰ ਇਕ ਬਿਰਧ ਦੀ ਵੱਖਰੀ-ਵੱਖਰੀ ਫਾਈਲ ਲਗਾਈ ਹੋਈ ਹੈ, ਜਿਸ ਵਿਚ ਇਲਾਜ ਬਾਰੇ ਪੂਰਾ ਵੇਰਵਾ ਦਰਜ ਹੈ।

ਕੰਪਿਊਟਰ ਰੂਮ ਵਿਚ ਕੁਝ ਬਿਰਧਾਂ ਦੀ ਈ-ਮੇਲ ਵੀ ਬਦੇਸ਼ ਤੋਂ ਆਉਂਦੀ ਹੈ। ਪਿੰਡ ਦੇ ਬੱਚਿਆਂ ਨੂੰ ਵੀ ਮੁਫਤ ਕੰਪਿਊਟਰ ਟ੍ਰੇਨਿੰਗ ਦਿੱਤੀ ਜਾਂਦੀ ਹੈ । ਸਰਦੀ ਦੇ ਮੌਸਮ ਵਿਚ ਰਾਤ ਸਮੇਂ ਹਰ ਇਕ ਬਿਰਧ ਨੂੰ ਗਰਮ ਪਾਣੀ ਦੀ ਰਬੜ ਦੀ ਬੋਤਲ ਦਿੱਤੀ ਜਾਂਦੀ। ਹੈ, ਜਿਸ ਨਾਲ ਉਨ੍ਹਾਂ ਦੇ ਸਰੀਰ ਨੂੰ ਅਰਾਮ ਮਿਲੇ । ਸੇਵਾਦਾਰਾ ਅਤੇ ਸੇਵਾਦਾਰਨੀਆਂ ਨੂੰ ਸਖਤ ਤਾੜਨਾ ਕੀਤੀ ਜਾਂਦੀ ਹੈ ਕਿ ਕਿਸੇ ਵੀ ਬਿਰਧ ਨਾਲ ਮਾੜਾ ਨਹੀਂ ਬੋਲਣਾ। ਕਈ ਹਾਲਤਾਂ ਵਿਚ ਬਿਰਧਾਂ ਦਾ ਟੁੱਟੀ-ਪਿਸ਼ਾਬ ਕੱਪੜਿਆਂ ਵਿਚ ਹੀ ਨਿਕਲ ਜਾਂਦਾ ਹੈ। ਫਿਰ ਵੀ ਸੇਵਾਦਾਰ ਉਨ੍ਹਾਂ ਦੀ ਸਫਾਈ ਆਪਣੇ ਮਾਂ-ਬਾਪ ਸਮਝ ਕੇ ਕਰਦੇ ਹਨ। ਇਹ ਆਸ਼ਰਮ ਬਦੇਸ਼ਾਂ ਵਿਚ ਵਸਦੇ ਪੰਜਾਬੀਆਂ ਲਈ ਇਕ ਨਮੂਨਾ ਹੈ ਕਿ ਉਹ ਵੀ ਇਹੋ ਜਿਹੇ ਹੋਰ ਆਸ਼ਰਮ ਖੋਲ੍ਹ ਕੇ ਮਨੁੱਖਤਾ ਦੀ ਸੱਚੇ ਦਿਲੋਂ ਸੇਵਾ ਕਰਨ। ਸੰਤਾਂ-ਸਾਧਾ ਦੇ ਡੇਰਿਆਂ ‘ਤੇ ਮਾਰਬਲ ਅਤੇ ਹੋਰ ਐਸ਼ੋ-ਇਸ਼ਰਤ ਦਾ ਸਮਾਨ ਲਾਉਣ ਨਾਲੋਂ ਇਹ ਕਿਤੇ ਵਧ ਉੱਤਮ ਸੇਵਾ ਹੈ।

ਪਾਕਿਸਤਾਨ ਤੋਂ ਆ ਕੇ ਵਸੇ ਲੋਕਾਂ ਨੇ ਇਸ ਪਿੰਡ ਦੀ ਤਰੱਕੀ ਵਿਚ ਪੂਰਾ ਯੋਗਦਾਨ ਪਾਇਆ। ਕਾਲਰੇ ਦੇ ਰੱਖਾ ਸਿੰਘ ਪਰਹਾਰ ਦਾ ਇਸ ਪਿੰਡ ਵਿਚ ਇਕ ਇੱਜ਼ਤਦਾਰ ਨਾਂਅ ਹੈ। ਉਨ੍ਹਾਂ ਦੇ ਇਕ ਪੁੱਤਰ ਬਿੱਕਰ ਸਿੰਘ ਪਰਹਾਰ ਵੈਨਕੂਵਰ ਵਿਖੇ ਚੰਗੇ ਬਾਡੀ ਬਿਲਡਰ ਹਨ, ਭਾਵੇਂ ਉਨ੍ਹਾਂ ਦੀ ਉਮਰ ਇਸ ਵਕਤ 72 ਸਾਲ ਨੂੰ ਢੁੱਕ ਚੁੱਕੀ ਹੈ। ਸਭ ਤੋਂ ਛੋਟੇ ਸ. ਸੁਰਜੀਤ ਸਿੰਘ ਪਰਹਾਰ ਫਰਵਰੀ 2007 ਵਿਚ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਬੀ.ਐਸ.ਪੀ. ਦੇ ਉਮੀਦਵਾਰ ਸਨ । ਪਾਕਿਸਤਾਨ ਵਿਚ ਸ. ਰੱਖਾ ਸਿੰਘ ਦਾ ਸਾਹਮਣਾ ਇਕ ਨਾਮੀ ਧੜਵੈਲ ਨਾਲ ਹੋਇਆ, ਜਿਹੜਾ ਨਹਿਰੀ ਪਾਣੀ ਆਪਣੀ ਮਰਜ਼ੀ ਨਾਲ ਲੋਕਾਂ ਨੂੰ ਲਾਉਣ ਦਿੰਦਾ ਸੀ । ਰੱਖਾ ਸਿੰਘ ਹੁਰਾਂ ਉਸ ਨੂੰ ਬਹੁਤ ਸਮਝਾਇਆ ਕਿ ਭਾਈ ਸਰਕਾਰ ਵਲੋਂ ਜਿੰਨਾ ਸਮਾਂ ਪਾਣੀ ਕਿਸੇ ਨੂੰ ਮਿਲਦਾ ਹੈ, ਉਸ ਹਿਸਾਬ ਨਾਲ ਲੱਗ ਲੈਣ ਦੇਵੇ, ਪਰ ਉਹ ਹੰਕਾਰੀ ਆਖੇ ਕਿ ਇਥੇ ਉਸ ਦੀ ਮਰਜ਼ੀ ਨਾਲ ਹੀ ਪਾਣੀ ਲੱਗੇਗਾ। ਆਹਮੋ-ਸਾਹਮਣੀ ਲੜਾਈ ਵਿਚ ਉਹ ਹੰਕਾਰੀ ਰੱਖਾ ਸਿੰਘ ਦੇ ਹੱਥੋਂ ਮਾਰਿਆ ਗਿਆ। ਰੱਖਾ ਸਿੰਘ ਦੀ ਇਲਾਕੇ ਵਿਚ ਜੈ-ਜੈ ਕਾਰ ਹੋ ਗਈ। ਕੋਸ ‘ਚੋਂ ਬਰੀ ਹੋਣ ਤੋਂ ਬਾਅਦ ਰੱਖਾ ਸਿੰਘ ਉਸ ਇਲਾਕੇ ਦੇ ਬੇਤਾਜ ਬਾਦਸ਼ਾਹ ਬਣ ਕੇ ਰਹੇ। ਅਲਾਵਲਪੁਰ ਆ ਕੇ ਵੀ ਇਲਾਕੇ ਵਿਚ ਉਨ੍ਹਾਂ ਦੀ ਬਹੁਤ ਇੱਜ਼ਤ ਰਹੀ। ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸ੍ਰੀ ਕੇ.ਪੀ.ਐਸ. ਗਿੱਲ ਦੀ ਜਦੋਂ ਅਲਾਵਲਪੁਰ ਦੇ ਸਰਦਾਰ ਘਰਾਣੇ ਵਿਚ ਸ਼ਾਦੀ ਹੋਈ, ਲੜਕੀ ਦੇ ਪਿਤਾ ਸੰਤ ਪ੍ਰਕਾਸ਼ ਸਿੰਘ ਸਵਰਗਵਾਸ ਹੋ ਚੁੱਕੇ ਸਨ। ਇਸ ਲਈ ਸਰਦਾਰ ਰੱਖਾ ਸਿੰਘ ਪਰਹਾਰ ਦੀ ਲੜਕੀ ਦੇ ਪਿਤਾ ਦੇ ਤੌਰ ‘ਤੇ ਕੇ.ਪੀ.ਐਸ. ਗਿੱਲ ਦੇ ਪਿਤਾ ਨਾਲ ਮਿਲਣੀ ਕਰਵਾਈ ਗਈ।

ਇਕ ਹੋਰ ਟੱਬਰ ਪਿੰਡ ਘੁੜਿਆਲ ਜ਼ਿਲ੍ਹਾ ਜਲੰਧਰ ਦੇ ਪੁਆਰ ਰਾਜਪੂਤਾਂ ਦਾ ਇਸ ਕਸਬੇ ਵਿਚ ਪਾਕਿਸਤਾਨ ਤੋਂ ਆ ਕੇ ਵਸਿਆ। ਇਹ ਓਕਾੜੇ ਲਾਗੇ ਦੇ ਚੱਕ ਨੰ. 53 ਦੇ ਸ. ਬੇਲਾ ਸਿੰਘ ਸਨ। ਉਨ੍ਹਾਂ ਦੇ ਛੇ ਪੁੱਤਰ ਸਨ, ਜੋ ਸਾਰੇ ਹੀ ਸਾਢੇ 6-6 ਫੁੱਟ ਲੰਮੇ ਸਨ ਅਤੇ ਸਾਰੇ ਹੀ ਪਹਿਲਵਾਨ ਸਨ । ਬਾਰ ਵਿਚ ਇਨ੍ਹਾਂ ਵੀਹ-ਤੀਹ ਮੱਝਾਂ ਦਾ ਦੁੱਧ ਘਰ ਦੀ ਵਰਤੋਂ ਲਈ ਰੱਖਿਆ ਹੁੰਦਾ ਸੀ। ਕਦੇ ਦੁੱਧ ਵੇਚਿਆ ਨਹੀਂ ਸੀ। ਬੇਲਾ ਸਿੰਘ ਦੇ ਭਤੀਜੇ ਦੇ ਪੁੱਤਰ ਸ. ਜੋਗਿੰਦਰ ਸਿੰਘ ਪੁਆਰ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅੱਜਕੱਲ੍ਹ ਲੱਧੇਵਾਲੀ ਨੇੜੇ ਜਲੰਧਰ ਸ਼ਹਿਰ ਰਹੇ ਹਨ। ਬੇਲਾ ਸਿੰਘ ਦੇ ਪੁੱਤਰ ਸ. ਸੋਹਣ ਸਿੰਘ ਸੰਨ 1964 ਵਿਚ ਅਲਾਵਲਪੁਰ ਦੀ ਮਿਊਂਸਪਲ ਕਮੇਟੀ ਦੇ ਪ੍ਰਧਾਨ ਬਣੇ। ਚੱਕ ਨੰ. 53 ਨੇੜੇ ਉਕਾੜਾ ਪਾਸਿਤਾਨ ਵਿਚ ਇਸ ਪਰਿਵਾਰ ਦੀ ਇਕ ਜਰਵਾਣਾ ਚੌਧਰੀ, ਨਾਲ ਪਾਣੀ ਦੇ ਝਗੜੇ ‘ਤੇ ਖੜਕਦੀ ਰਹਿੰਦੀ ਸੀ। ਇਹ ਪਹਿਲਵਾਨ ਭਰਾ ਵਾਕਰ ਭੱਟੀ ਦੇ ਸੌ-ਸੌ ਬੰਦਿਆਂ ਤੋਂ ਵੀ ਤਕੜੇ ਸਨ। ਕੁਝ ਸਾਲਾਂ ਬਾਅਦ ਦੇਸ਼ ਦਾ ਬਟਵਾਰਾ ਹੋ ਗਿਆ । ਵਾਕਰ ਭੱਟੀ ਨੂੰ ਬਦਲਾ ਲੈਣ ਦਾ ਮੌਕਾ ਮਿਲ ਗਿਆ। ਇਹ ਛੇ ਭਰਾ ਗੱਡਿਆਂ ‘ਤੇ ਆਪਣਾ ਜ਼ਰੂਰੀ ਸਾਮਾਨ ਲੱਦ ਹੀ ਰਹੇ ਸਨ ਕਿ ਸੱਠ-ਸੱਤਰ ਮੁਸਲਮਾਨਾਂ ਨੇ ਇਨ੍ਹਾਂ ਨੂੰ ਆ ਘੇਰਿਆ । ਵਾਕਰ ਭੱਟੀ ਉਪਰੋਂ ਮਿੱਠਾ ਬਣ ਕੇ ਆਖਣ ਲੱਗਾ, “ਨੰਬਰਦਾਰ ਜੀ ਤੁਸੀਂ ਕਿਉਂ ਜਾ ਰਹੇ ਹੋ ਆਪਾਂ ਤਾਂ ਭਰਾਵਾਂ ਵਾਂਗ ਇਸੇ ਪਿੰਡ ਰਹਿਣਾ ਹੈ।” ਨੰਬਰਦਾਰ ਬੇਲਾ ਸਿੰਘ ਨੇ ਕਿਹਾ ਕਿ ਆਹ ਬੰਦਿਆਂ ਦੀ ਧਾੜ ਨੂੰ ਸਾਨੂੰ ਇਥੇ ਰੱਖਣ ਲਈ ਲਿਆਇਆ ਏਂ? ਬੇਲਾ ਸਿੰਘ ਦੇ ਪੁੱਤਰ ਹਰਭਜਨ ਸਿੰਘ ਨੇ ਲਲਕਾਰ ਕੇ ਕਿਹਾ, “ਤੁਸੀਂ ਸਾਡੀਆਂ ਵੀਹ ਮੱਝਾਂ ਘੇਰ ਕੇ ਆਪਣੇ ਕਬਜ਼ੇ ‘ਚ ਕਿਉਂ ਕਰ ਲਈਆਂ ਨੇ, ਇਹ ਕੋਈ ਭਰਾਵਾਂ ਵਾਲੀ ਗੱਲ ਏ ?” ਵਾਕਰ ਭੱਟੀ ਆਖਣ ਲੱਗਾ, “ਤੂੰ ਗਰਮੀ ਵਿਖਾਉਂਦਾ ਪਿਆ ਏਂ, ਆ ਮੇਰੇ ਨਾਲ ਟੱਕਰ ਲੈ।” ਸੁਣ ਕੇ ਹਰਭਜਨ ਸਿੰਘ ਨੇ ਬੋਲੇ ਸੋ ਨਿਹਾਲ ਦਾ ਜੈਕਾਰਾ ਛੱਡਿਆ। ਰਤਨ ਸਿੰਘ ਨੇ ਵਾਕਰ ਭੱਟੀ ਦੇ ਸਿਰ ਵਿਚ ਗੰਡਾਸੀ ਮਾਰੀ । ਵਾਕਰ ਭੱਟੀ ਦਾ ਭਤੀਜਾ ਚਾਕਰ ਭੱਟੀ ਹਰਭਜਨ ਸਿੰਘ ਦੇ ਹੱਥੋਂ ਮਾਰਿਆ ਗਿਆ। ਹਰਭਜਨ ਸਿੰਘ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਇਕ ਹੋਰ ਮੁਸਲਮਾਨ ਵੀ ਮੌਕੇ ‘ਤੇ ਮਾਰਿਆ ਗਿਆ । ਮੁਸਲਮਾਨਾਂ ਨੇ ਹੋਰ ਬੰਦੇ ਇਕੱਠੇ ਕਰ ਲਏ। ਇਨ੍ਹਾਂ ਆਪਣਾ ਸਮਾਨ ਛੱਡ ਕੇ ਨੱਸ ਕੇ ਜਾਨ ਬਚਾਉਣ ਦੀ ਸਿਆਣਪ ਕੀਤੀ। ਇਨ੍ਹਾਂ ਆਪਣੇ ਬੱਚੇ ਅਤੇ ਔਰਤਾਂ ਪਹਿਲਾਂ ਹੀ ਪਿੰਡ ਘੁੜਿਆਲ (ਜਲੰਧਰ) ਭੇਜ ਦਿੱਤੀਆਂ ਸਨ । ਅੱਜਕੱਲ੍ਹ ਇਹ ਟੱਬਰ ਅਲਾਵਲਪੁਰ ਹੀ ਰਹਿ ਰਿਹਾ ਹੈ।

Credit - ਵਾਸਦੇਵ ਸਿੰਘ ਪਰਹਾਰ 

ਪੰਜਾਬ ਦੇ ਪੁਰਾਣੇ ਸਮੇਂ ਦੇ ਮਸ਼ਹੂਰ ਪਿੰਡ ਜੋ ਮੁੱਖ ਮਾਰਗਾਂ ਤੋਂ ਹਟਵੇਂ ਸਥਿਤ ਹਨ, ਆਪਣੀ ਪੁਰਾਣੀ ਮਹੱਤਤਾ ਕਾਇਮ ਨਾ ਰੱਖ ਸਕੇ । ਇਸ ਤਰ੍ਹਾਂ ਅਲਾਵਲਪੁਰ, ਜੋ ਕਦੇ 1867 ਵਿਚ ਮਿਊਂਸਪਲ ਕਮੇਟੀ ਦਾ ਦਰਜਾ ਰੱਖਦਾ ਸੀ, ਅੱਜਕੱਲ੍ਹ ਨਗਰ ਪੰਚਾਇਤ ਦਾ ਦਰਜਾ ਰੱਖਦਾ ਹੈ। ਪਿੰਡ ਵਿਚ ਇਕ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਵੀ ਹੈ। ਇਹ ਪਿੰਡ ਬੈਂਡ-ਵਾਜੇ ਵਾਲਿਆਂ ਦੇ ਕਈ ਬੈਂਡ ਹੋਣ ਕਰਕੇ ਵੀ ਮਸ਼ਹੂਰ ਹੈ। ਨਾਨਕਸ਼ਾਹੀ ਇੱਟਾਂ ਦੀਆਂ ਬਣੀਆਂ ਕਈ ਪੁਰਾਣੀਆਂ ਇਮਾਰਤਾਂ ਅਜੇ ਤੱਕ ਸਹੀ- ਸਲਾਮਤ ਹਨ।

 

 

Credit – ਵਾਸਦੇਵ ਸਿੰਘ ਪਰਹਾਰ

Leave a Comment

error: Content is protected !!