Arora Caste History | ਅਰੋੜਾ ਜਾਤ ਦਾ ਇਤਿਹਾਸ

ਅਰੋੜਾ ਬਹੁਤ ਹੀ ਸਿਆਣੀ, ਵਪਾਰਕ, ਚੁਸਤ ਅਤੇ ਉੱਦਮੀ ਜਾਤ ਹੈ। ਇਸ ਜਾਤ ਦਾ ਮੁਖ ਕੇਂਦਰ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਥੱਲੇ ਵਾਲਾ ਖੇਤਰ, ਜਿੱਥੇ ਇਨ੍ਹਾਂ ਦਰਿਆਵਾਂ ਦੇ ਸੰਗਮ ਨੂੰ ਪੰਜਨਦ ਕਿਹਾ ਜਾਂਦਾ ਹੈ, ਬਹਾਵਲਪੁਰ ਤੋਂ ਲੈ ਕੇ ਸਿੰਧ ਤਕ ਸੀ। ਇਥੇ ਖੱਤਰੀਆਂ ਦੀ ਵੱਸੋਂ ਘੱਟ ਸੀ। ਇਨ੍ਹਾਂ ਦੀ ਮੁਲਤਾਨ ਵਿਚ ਵੀ ਸੰਘਣੀ ਆਬਾਦੀ ਸੀ। ਅਰੋੜਿਆਂ ਦੀ ਅੱਧੀ ਜਾਤ ਡੇਰਾਜਾਤ (ਡੇਰਾ ਗ਼ਾਜ਼ੀ ਖਾਂ ਅਤੇ ਡੇਰਾ ਇਸਮਾਈਲ ਖਾਂ ਆਦਿ) ਅਤੇ ਮੁਲਤਾਨ ਵਿਚ ਕੇਂਦਰਤ ਸੀ। ਇਹ ਪੰਜਾਬ ਦੇ ਉੱਤਰੀ ਤੇ ਪੂਰਬੀ ਭਾਗ ਵਿਚ, ਸਰਹੱਦੀ ਸੂਬੇ ਦੇ ਐਬਟਾਬਾਦ, ਬੰਨੂੰ, ਕੋਹਾਟ ਅਤੇ ਹੋਰ ਖੇਤਰਾਂ ਵਿਚ ਵੀ ਮਿਲਦੇ ਹਨ। ‘ਇਹ ਖੱਤਰੀਆਂ ਦੀ ਤਰ੍ਹਾਂ ਅਫ਼ਗਾਨਿਸਤਾਨ ਅਤੇ ਤੁਰਕਿਸਤਾਨ ਵਿਚ ਵੀ ਮਿਲਦੇ ਹਨ।’ ਕੁਝ ਅਰੋੜੇ ਨਨਕਾਣਾ ਸਾਹਿਬ ਵਿਚ ਰਹਿੰਦੇ ਵੀ ਵੇਖੇ ਜਾਂਦੇ ਹਨ। ਦੇਸ਼ ਦੀ ਵੰਡ ਤੋਂ ਮਗਰੋਂ ਇਨ੍ਹਾਂ ਦੀ ਕੁਝ ਸੰਖਿਆ ਪਾਕਿਸਤਾਨ ਦੇ ਸੂਬੇ ਸਿੰਧ ਵਿਚ ਮਿਲਦੀ ਹੈ ਅਤੇ ਕੁਝ ਸਰਹੱਦੀ ਸੂਬੇ ਵਿਚ ਵੀ। ਬਹੁਤੇ ਅਰੋੜੇ ਵੰਡ ਤੋਂ ਮਗਰੋਂ ਪਲਾਇਣ ਕਰਕੇ ਜਲੰਧਰ, ਲੁਧਿਆਣੇ, ਪਟਿਆਲੇ, ਅੰਬਾਲੇ, ਕਰਨਾਲ, ਪਾਨੀਪਤ, ਸੋਨੀਪਤ, ਦਿੱਲੀ ਅਤੇ ਉੱਤਰ ਪ੍ਰਦੇਸ਼ ਆਦਿ ਕਈ ਥਾਈਂ ਸਥਿਤ ਹੋ ਗਏ ਹਨ। ਅਰੋੜਾ ਖੱਤਰੀਆਂ ਅਤੇ ਬਾਣੀਆਂ ਵਾਂਗ ਕੇਵਲ ਵਪਾਰੀ ਹੀ ਨਹੀਂ, ਉਹ ਕਿਸੇ ਵੀ ਧੰਦੇ ਨੂੰ ਹੱਥ ਪਾ ਲਵੇਗਾ ਤੇ ਉਹ ਬਹੁਤਾ ਕੱਟੜ ਪੰਥੀ ਵੀ ਨਹੀਂ। ਛੂਆ-ਛਾਤ ਦੇ ਬਿਲਕੁਲ ਲਾਗੇ ਨਹੀਂ ਜਾਂਦਾ। ਉਹ ਪ੍ਰਸ਼ੰਸਾਯੋਗ ਕਾਸ਼ਤਕਾਰ ਹੈ ਅਤੇ ਵੱਡੀ ਸੰਖਿਆ ਵਿਚ ਅਰੋੜੇ ਚਨਾਬ ਦੇ ਥੱਲੇ ਵਾਲੇ ਪਾਸੇ ਕੇਵਲ ਕਾਸ਼ਤਕਾਰੀ ਦਾ ਹੀ ਧੰਦਾ ਕਰਦੇ ਸਨ । ਪੰਜਾਬ ਤੇ ਹਰਿਆਣੇ ਵਿਚ ਹੁਣ ਵੀ ਕਈ ਅਰੋੜੇ ਖੇਤੀ ਕਰਦੇ ਹਨ। ਪੱਛਮੀ ਪੰਜਾਬ ਵਿਚ, ਉਹ ਕਪੜੇ ਸੀਉਣ, ਦਰੀਆਂ ਬੁਣਨ, ਟੋਕਰੇ ਬਨਾਉਣ, ਪਿੱਤਲ ਅਤੇ ਤਾਂਬੇ ਦੇ ਭਾਂਡੇ ਬਨਾਉਣ ਅਤੇ ਸੁਨਿਆਰੇ ਦਾ ਕੰਮ ਵੀ ਕਰਦੇ ਸਨ। ਝੰਗ ਵਿਚ ਇਕ ਕਹਾਵਤ ਸੀ ‘ਅਰੋੜਾ ਜਦੋਂ ਲੰਗੋਟਾ ਬੰਨ੍ਹ ਲਵੇ ਤਾਂ ਲਾਹੌਰ ਦੇ ਮੀਲ ਦੂਰ ਹੈ। ਗੁੱਜਰਾਂਵਾਲੇ ਵਿਚ ਇਹ ਕਹਾਵਤ ਸੀ, ‘ਲੱਕ ਬੱਧਾ ਅਰੋੜਿਆਂ ਮੁੰਨਾ ਕੋਹ ਲਾਹੌਰ।’ ਬਹਾਵਲਪੁਰ ਵਿਚ ਸਾਰਾ ਵਪਾਰ ਇਨ੍ਹਾਂ ਦੇ ਹੱਥ ਵਿਚ ਸੀ। ਜੁੱਤੀਆਂ, ਸਬਜ਼ੀਆਂ, ਭਾਂਡੇ, ਕਪੜਾ, ਆੜ੍ਹਤ ਦਾ ਧੰਦਾ (ਸਬਜ਼ੀ ਦੀ ਆੜ੍ਹਤ ਵੀ), ਠੇਕੇਦਾਰ, ਸ਼ਾਹੂਕਾਰ (ਪੈਸੇ ਕਰਜ਼ ਦੇਣ) ਆਦਿ ਦਾ ਧੰਦਾ ਵੀ ਕਰਦੇ ਸਨ । ਇਬਟਸਨ ਲਿਖਦਾ ਹੈ ਸ਼ਾਹੂਕਾਰਾ ਕਰਕੇ ‘ਉਨ੍ਹਾਂ ਨੇ ਬਹੁਤ ਜ਼ਮੀਨ ਮੁਸਲਮਾਨ ਮਾਲਕਾਂ ਤੋਂ ਖਰੀਦ ਜਾਂ ਗਹਿਣੇ ਤੇ ਲੈ ਲਈ ਹੈ, ਭਾਵੇਂ 40 ਜਾਂ 50 ਸਾਲ ਪਹਿਲਾਂ ਉਨ੍ਹਾਂ ਪਾਸ ਵਾਹੀਯੋਗ ਇਕ ਏਕੜ ਵੀ ਭੂਮੀ ਨਹੀਂ ਸੀ।” ਭਾਵੇਂ ਬਹਾਵਲਪੁਰ ਮੁਸਲਮਾਨੀ ਰਿਆਸਤ ਸੀ ਪਰ ਉਸ ਦੀਆਂ ਸੇਵਾਵਾਂ ਵਿਚ ਅਰੋੜੇ ਮੁਸਲਮਾਨਾਂ ਨਾਲੋਂ ਛੇ ਗੁਣਾਂ ਸਨ । 1901 ਦੀ ਜਨਗਣਨਾ ਅਨੁਸਾਰ ਬਹਾਵਲਪੁਰ ਰਿਆਸਤ ਦੀ ਆਬਾਦੀ 720877 ਸੀ ਅਤੇ ਅਰੋੜੇ 66000 ਸਨ। ਮੁਸਲਮਾਨਾਂ ਦੀ ਆਬਾਦੀ 83 ਪ੍ਰਤੀਸ਼ਤ ਸੀ ਅਤੇ ਇਸ ਤਰ੍ਹਾਂ ਅਰੋੜੇ ਕੁਲ ਆਬਾਦੀ ਦਾ 9.15% ਸਨ । ਇਸਦਾ ਅਰਥ ਹੈ ਕਿ ਅਰੋੜਿਆਂ ਤੇ ਮੁਸਲਮਾਨਾਂ ਤੋਂ ਬਿਨਾਂ ਹੋਰ ਜਾਤਾਂ ਦੀ ਆਬਾਦੀ 7.85 ਪ੍ਰਤੀਸ਼ਤ ਸੀ। ਇਸ ਗਿਣਤੀ ਤੋਂ ਪਤਾ ਲਗਦਾ ਹੈ ਕਿ ਥੋੜ੍ਹੀ ਆਬਾਦੀ ਦੇ ਹੁੰਦਿਆਂ ਵੀ ਅਰੋੜੇ ਕਿੰਨੇ ਸਿਆਣੇ ਲੋਕ ਸਨ । ਜੱਟਾਂ ਦੇ ਅਧਿਆਏ ਵਿਚ ਲਿਖਿਆ ਗਿਆ ਹੈ, ਪੰਜਾਬ ਨੂੰ ਪ੍ਰਾਚੀਨ ਸਮੇਂ ਪੰਚਨਦ ਜਾਂ ‘ਆਰਟਟ ਦੇਸ਼’ ਵੀ ਕਿਹਾ ਜਾਂਦਾ ਸੀ, ਜਿੱਥੇ ਕਈ ਜਨਪਦ ਅਤੇ ਗਣਰਾਜ ਸਨ । ਇਨ੍ਹਾਂ ਲੋਕਾਂ ਦੀਆਂ ਆਦਤਾਂ ਪੂਰਬ ਵਿਚ ਰਹਿਣ ਵਾਲੇ ਲੋਕਾਂ ਨਾਲ ਮੇਲ ਨਹੀਂ ਖਾਂਦੀਆਂ ਸਨ, ਜਿੱਥੇ ਸ਼ਾਸਨ, ਰਾਜਾ-ਪੱਧਤੀ ਦੁਆਰਾ ਚਲਾਇਆ ਜਾਂਦਾ ਸੀ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ਪ੍ਰਬਲ ਸੀ । ‘ਉਨ੍ਹਾਂ (ਪੰਜਾਬ ਵਾਸੀਆਂ) ਦੀਆਂ ਮਾਰਧਾੜ ਵਾਲੀਆਂ ਆਦਤਾਂ, ਖੁਲ੍ਹ ਖਿਆਲੀ, ਸਮੂਹਕ ਦ੍ਰਿਸ਼ਟੀਕੋਣ, ਬਾਦਸ਼ਾਹਤ ਵਿਰੋਧੀ ਝੁਕਾਅ ਅਤੇ ਰਾਜਨੀਤਿਕ ਸਿਧਰਤਾ ਦੇ ਵਿਰੋਧ ਦੇ ਕਾਰਨ ਉਨ੍ਹਾਂ ਦੀ ਅੱਲ ਅਰਾਸ਼ਟਕ ਪੈ ਗਈ, ਜਿਸਨੂੰ ਪ੍ਰਾਕ੍ਰਿਤ ਵਿਚ ਆਰਟਟ ਤੇ ਅੱਜਕਲ੍ਹ ਅਰੋੜਾ ਕਹਿੰਦੇ ਹਨ। ਇਸਦਾ ਭਾਵ ਰਾਸ਼ਟਰ (ਕੈਮ ਜਾਂ ਦੇਸ਼) ਤੋਂ ਬਿਨਾਂ (Stateless) ਹੋਣਾ ਹੈ?”

Arora Caste History | ਅਰੋੜਾ ਜਾਤ ਦਾ ਇਤਿਹਾਸ

ਇਸ ਤਰ੍ਹਾਂ ਅਰੋੜੇ ਗਣਰਾਜੀ ਲੋਕਾਂ ਦੇ ਵਿਵਰਣ ਵਿਚ ਆਉਂਦੇ ਸਨ । ਪ੍ਰਾਚੀਨ ਸਿੰਧ ਦੀ ਰਾਜਧਾਨੀ ਅਰੋਰ, ਜਿਸਨੂੰ ਹੁਣ ਰੋੜੀ (ਸੱਖਰ ਨੇੜੇ) ਕਹਿੰਦੇ ਹਨ ਅਰੋੜਿਆਂ ਦੀ ਵੱਸੋਂ ਦਾ ਮੁੱਖ ਕੇਂਦਰ ਸੀ ਅਤੇ ਇਸ ਤੋਂ ਹੀ ਇਸ ਜਾਤ ਦਾ ਨਾਂ ਅਰੋਰਾ ਜਾਂ ਅਰੋੜਾ ਪਿਆ ਹੈ। ਅਰੋੜਿਆਂ ਵਿਚ ਪ੍ਰਚੱਲਤ ਲੋਕ-ਵਿਉਤਪੱਤੀ ਅਨੁਸਾਰ ਜਦ ਪਰਸਰਾਮ ਨੇ ਪ੍ਰਾਚੀਨ ਕਾਲ ਵਿਚ 21 ਹਮਲਿਆਂ ਦੁਆਰਾ ਕਸ਼ੱਤਰੀਆਂ ਦਾ ਸੰਘਾਰ ਕੀਤਾ ਤਾਂ ਉਸਦੇ ਕਹਿਰ ਤੋਂ ਬਚਣ ਲਈ ਉਨ੍ਹਾਂ ਕਸ਼ੱਤਰੀ ਕਹਿਣ ਦੀ ਬਜਾਏ ‘ਔਰ’ ਵੰਸ਼ ਕਹਿ ਦਿੱਤਾ ਤੇ ਇਸ ਤਰ੍ਹਾਂ ਇਨ੍ਹਾਂ ਦਾ ਨਾਂ ਅਰੋਰਾ ਪੈ ਗਿਆ। ਕੁਝ ਭੱਜ ਕੇ ਪੰਜਾਬ ਦੇ ਦੱਖਣ ਵਿਚ ਚਲੇ ਗਏ ਅਤੇ ਕੁਝ ਉੱਤਰ ਵੱਲ। ਇਸ ਤਰ੍ਹਾਂ ਇਨ੍ਹਾਂ ਦੀਆਂ ਦੋ ਸ਼੍ਰੇਣੀਆਂ ‘ਦੱਖਣਾ’ ਅਤੇ ‘ਉੱਤਰਾਧੀ’ ਹੋ ਗਈਆਂ। ‘ਉੱਤਰਾਧੀ’ ਝੰਗ ਅਤੇ ਚਨਿਓਟ ਦੇ ਆਲੇ-ਦੁਆਲੇ ਦੇ ਖੇਤਰ ਵਿਚ ਵਸ ਗਏ। ਇਹ ਦੋਵੇਂ ਸ਼੍ਰੇਣੀਆਂ ਪਹਿਲਾਂ ਆਪਸੀ ਵਿਆਹ-ਸ਼ਾਦੀਆਂ ਨਹੀਂ ਕਰਦੀਆਂ ਸਨ।

ਇਕ ਹੋਰ ਕਹਾਣੀ ਅਨੁਸਾਰ ਜੋ ਪਾਕਿਸਤਾਨ ਦੇ ਜ਼ਿਲ੍ਹੇ ਗੁਜਰਾਤ ਵਿਚ ਮਿਲਦੀ ਸੀ, ਪਰਸਰਾਮ ਨੇ ਉਨ੍ਹਾਂ ਨੂੰ ਮੁਲਤਾਨ ਵਲ ਭਜਾ ਦਿੱਤਾ ਅਤੇ ਉਨ੍ਹਾਂ ਨੇ ਅਰੋਰਕੋਟ ਦੀ ਨੀਂਹ ਰੱਖੀ। ਇਕ ਫਕੀਰ ਦੀ ਬਦਦੁਆ ਕਾਰਨ ਇਹ ਸ਼ਹਿਰ ਵੀਰਾਨ ਹੋ ਗਿਆ ਅਤੇ ਅਰੋੜੇ ਇਸ ਸ਼ਹਿਰ ਦੇ ਤਿੰਨ ਦਰਵਾਜ਼ਿਆਂ ਰਾਹੀਂ ਉੱਤਰ, ਪੱਛਮ ਅਤੇ ਦੱਖਣ ਵਲ ਚਲੇ ਗਏ ਅਤੇ ਇਸ ਤਰ੍ਹਾਂ ਇਨ੍ਹਾਂ ਦੀਆਂ ਤਿੰਨ ਵੱਡੀਆਂ ਸ਼੍ਰੇਣੀਆਂ ਬਣ ਗਈਆਂ। ਅਰੋਰਕੋਟ ਦੇ ਖੰਡਰ ਸਿੰਧ ਵਿਚ ਰੋੜੀ ਨੇੜੇ ਮਿਲਦੇ ਹਨ।”

ਪਾਕਿਸਤਾਨ ਬਣਨ ਤੋਂ ਪਹਿਲਾਂ ਇਨ੍ਹਾਂ ਦੀਆਂ ਚਾਰ ਮੁਖ ਇਲਾਕਾਈ ਸ਼੍ਰੇਣੀਆਂ ਸਨ 1. ਉੱਤਰਾਧੀ 2. ਦੱਖਣਾਂ ਅਤੇ 3. ਡਾਹਰਾ (ਪੱਛਮੀ) 4. ਸਿੱਧੀ। ਦੂਸਰੀ ਤੇ ਤੀਸਰੀ ਸ਼੍ਰੇਣੀ ਕਈ ਵਾਰ ਇਕ ਹੀ ਗਿਣ ਲਈ ਜਾਂਦੀ ਹੈ।

ਇਨ੍ਹਾਂ ਦੀ ਗੋਤ-ਵੰਡ ਖੱਤਰੀਆਂ ਦੀ ਤਰ੍ਹਾਂ ਹੀ ਹੈ, ਜਿਵੇਂ ਉੱਤਰਾਧੀ ਅਰੋੜੇ ਬਾਰੀ ਅਤੇ ਬੁੰਜਾਹੀ ਕਹਾਉਂਦੇ ਹਨ। ਇਨ੍ਹਾਂ ਦੀਆਂ ਤਿੰਨ ਉਪ-ਸ਼੍ਰੇਣੀਆਂ ਇਸ ਅਨੁਸਾਰ ਹਨ 1. ਘੁਮਈ, ਨਰੂਲੇ, ਮੂੰਗੇ, ਬਜਾਜ, ਸਿਕਰੀ 2 ਮਨਚੰਦੇ ਅਤੇ ਪਸਰੀਚੇ 3. ਕਨਤੋੜ, ਮਾਨਕ ਟਹਿਲੇ, ਗੁਰੂਵਾਰੇ, ਵਧਵੇ ਅਤੇ ਸੇਠੀ। ਇਹ ਸ਼੍ਰੇਣੀ ਵੰਡ ਦੱਖਣਾਂ ਅਤੇ ਉਤਰਾਧੀ ਅਰੋੜਿਆਂ ਦੋਵਾਂ ਵਿਚ ਹੀ ਮਿਲਦੀ ਹੈ।

ਅਰੋੜਿਆਂ ਵਿਚ ਵਿਧਵਾ ਵਿਆਹ ਪਹਿਲਾਂ ਤੋਂ ਹੀ ਪ੍ਰਚੱਲਤ ਰਿਹਾ ਹੈ, ਪਰ ਮੁਜ਼ੱਫਰਗੜ੍ਹ (ਪਾਕਿਸਤਾਨ) ਵਿਚ ਇਸਦੀ ਆਗਿਆ ਨਹੀਂ ਸੀ। ਪੰਜਾਬ ਵਿਚ ਅਰੋੜਿਆਂ ਨੂੰ ਬਾਣੀਆਂ ਦੀ ਤਰ੍ਹਾਂ ਵੇਖਿਆ ਜਾਂਦਾ ਸੀ ਪਰ ਹੁਣ ਅਜੇਹਾ ਨਹੀਂ।

ਅਰੋੜੇ ਆਪਣਾ ਮੂਲ ਖੱਤਰੀਆਂ ਤੋਂ ਦਸਦੇ ਹਨ, ਇਸਦਾ ਸਬੂਤ ਖੱਤਰੀਆਂ ਅਤੇ ਇਨ੍ਹਾਂ ਦੇ ਮਿਲਦੇ ਗੋਤ ਹਨ। ਪਰ ਖੱਤਰੀ ਇਸ ਗੱਲ ਨੂੰ ਨਹੀਂ ਮੰਨਦੇ। ਪਰ ਜਾਰਜ ਕੈਂਪਬੈਲ ਦਾ ਕਥਨ ਹੈ ਕਿ ‘ਉੱਚ ਸ਼੍ਰੇਣੀ ਦੇ ਸ਼ੁੱਧ ਖੱਤਰੀ, ਅਰੋੜਿਆਂ ਨਾਲ ਸਾਰੇ ਸੰਬੰਧਾਂ ਨੂੰ ਮਾਨਤਾ ਨਹੀਂ ਦਿੰਦੇ ਜਾਂ ਘੱਟੋ-ਘੱਟ ਕੇਵਲ ਉਨ੍ਹਾਂ ਦੇ ਕਿਸੇ ਕਿਸਮ ਦੇ ਵਰਣ ਸ਼ੰਕਰ ਖੂਨ ਦੇ ਰਿਸ਼ਤੇ ਨੂੰ ਮੰਨਦੇ ਹਨ। ਪਰ ਮੇਰਾ ਵਿਚਾਰ ਹੈ ਕਿ ਉਹ ਮਾਨਵ-ਵੰਸ਼-ਵਿਗਿਆਨ ਅਨੁਸਾਰ ਇਕ ਹੀ ਹਨ ਅਤੇ ਉਹ ਆਵੱਸ਼ਕ ਤੌਰ ‘ਤੇ ਆਪਣੇ ਧੰਦਿਆਂ ਅਨੁਸਾਰ ਘੁਲ ਮਿਲ ਗਏ ਹਨ। ਮੈਂ ਭਾਈਚਾਰੇ ਨੂੰ ਆਮ ਤੌਰ ‘ਤੇ ਖੱਤਰੀ ਕਹਾਂਗਾ।’ ਲੇਖਕ ਦੇ ਮਤ ਅਨੁਸਾਰ ਕਿਉਂਕਿ ਅਰੋੜੇ ਖੱਤਰੀਆਂ ਨਾਲੋਂ ਖੁਲ੍ਹ ਦਿਲੇ ਹਨ ਅਤੇ ਇਹ ਹੋਰ ਜਾਤ, ਬਰਾਦਰੀਆਂ ਨਾਲ ਆਪਸੀ ਵਿਆਹ- ਸ਼ਾਦੀਆਂ ਕਰ ਲੈਂਦੇ ਹਨ, ਅਤੇ ਵਿਧਵਾ ਵਿਆਹ ਵੀ ਕਰ ਲੈਂਦੇ ਸਨ, ਇਸ ਕਰਕੇ ਖੱਤਰੀ ਪਹਿਲਾਂ ਇਨ੍ਹਾਂ ਨੂੰ ਆਪਣੇ ਵਿਚੋਂ ਨਹੀਂ ਮੰਨਦੇ ਸਨ। ਪਰ ਕੁਝ ਨਾ ਕੁਝ ਅਰੋੜਿਆਂ ਦਾ ਖੱਤਰੀਆਂ ਨਾਲ ਜ਼ਰੂਰ ਮਿਲਦਾ ਹੈ, ਜਿਸ ਕਰਕੇ ਲੋਕ ਆਮ ਤੌਰ ‘ਤੇ ‘ਖੱਤਰੀ-ਅਰੋੜੇ ਇਕ ਹੀ ਹਨ’, ਸ਼ਬਦ ਵਰਤਦੇ ਹਨ। ਹੁਣ ਖੱਤਰੀ ਅਰੋੜੇ ਆਪਸੀ ਵਿਆਹ-ਸ਼ਾਦੀਆਂ ਵੀ ਵੱਡੀ ਸੰਖਿਆ ‘ਚ ਕਰਨ ਲੱਗ ਪਏ ਹਨ। ਜੇ ਪਰਸਰਾਮ ਵਾਲੀ ਕਹਾਣੀ ਨੂੰ ਮੰਨ ਲਈਏ ਤਾਂ ਇਹ ਜਾਤ ਕਸ਼ੱਤਰੀ (ਖੱਤਰੀ) ਹੀ ਹੈ।

ਭਾਈ ਕਾਨ੍ਹ ਸਿੰਘ ਨਾਭਾ (ਮਹਾਨ ਕੋਸ਼ ਪੰ. 768) ਵੀ ਅਰੋੜਿਆਂ ਬਾਰੇ ਲਿਖਦੇ ਹਨ ਕਿ ‘ਅਰੋੜੇ ਖੱਤਰੀਆਂ ਵਿਚੋਂ ਨਿਕਲੀ ਹੋਈ ਇਕ ਵਪਾਰ ਕਰਨ ਵਾਲੀ ਜਾਤਿ, ਸਿੰਧ ਵਿਚ ਸੱਖਰ ਜ਼ਿਲ੍ਹੇ ਦੇ ਰੋਹੜੀ ਪਰਗਨੇ ਵਿਚ ਇਕ ਅਰੋਰ ਪਿੰਡ ਹੈ ਜਿਸ ਤੋਂ ਨਿਕਾਸ ਹੋਣ ਕਰਕੇ ਇਹ ਸੰਗਯਾ ਹੋ ਗਈ ਹੈ।

Arora Caste History | ਅਰੋੜਾ ਜਾਤ ਦਾ ਇਤਿਹਾਸ

‘ਸਿੱਖਿਆ ਤੇ ਵਪਾਰਕ ਪਿਛੋਕੜ ਦੇ ਕਾਰਨ ਸਰਮਾਏਦਾਰੀ ਲੀਹਾਂ ਤੇ ਵਿਕਸਤ ਹੋ ਰਹੇ ਪੰਜਾਬੀ ਵਰਗ ਸਮਾਜ ਵਿਚ ਅਰੋੜਿਆਂ ਨੇ ਵਧੀਆ ਥਾਂ ਬਣਾ ਲਈ ਹੈ। ਵਪਾਰ ਦਾ ਮਹੱਤਵਪੂਰਨ ਭਾਗ ਇਨ੍ਹਾਂ ਦੇ ਹੱਥ ਵਿਚ ਹੈ ਅਤੇ ਕਈਆਂ ਨੇ ਉਦਯੋਗ ਦੇ ਖੇਤਰ ਵਿਚ ਲੰਮੀਆਂ ਪੁਲਾਂਘਾਂ ਪੁੱਟੀਆਂ ਹਨ। ਇਸ ਤੋਂ ਇਲਾਵਾ ਸਰਕਾਰੀ ਤੇ ਗ਼ੈਰ-ਸਰਕਾਰੀ ਪ੍ਰਸ਼ਾਸਨ, ਅਧਿਆਪਨ, ਡਾਕਟਰੀ ਤੇ ਕਾਨੂੰਨ ਆਦਿ ਦੇ ਖੇਤਰ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ।

ਅਰੋੜੇ ਸਿੱਖ ਵੀ ਹਨ ਤੇ ਹਿੰਦੂ ਵੀ ਅਤੇ ਇਹ ਆਪਸੀ ਵਿਆਹ-ਸ਼ਾਦੀਆਂ ਕਰ ਲੈਂਦੇ ਹਨ। ਜੋ ਸਿੱਖ ਹਨ ਉਹ ਪੂਰਨ ਤੌਰ ਤੇ ਬਾਹਰੀ ਸਿੱਖ ਸਰੂਪ ਦੇ ਧਾਰਨੀ ਹਨ। ਇਨ੍ਹਾਂ ਵਿਚ ਬਹੁਤ ਪੜ੍ਹੇ-ਲਿਖੇ ਮਿਲਣਗੇ ਤੇ ਛੋਟੇ ਕਰਮਚਾਰੀਆਂ ਤੋਂ ਲੈ ਕੇ ਵੱਡੇ ਅਫ਼ਸਰਾਂ ਤਕ ਵੇਖੇ ਜਾਂਦੇ ਹਨ। ਭਾਰਤੀ ਸੈਨਾਵਾਂ ਵਿਚ ਵੀ ਇਨ੍ਹਾਂ ਦੀ ਗਿਣਤੀ ਕਾਫ਼ੀ ਹੈ। ਬੰਗਲਾ ਦੇਸ਼ ਦੇ 1971 ਦੇ ਯੁੱਧ ਦਾ ਪ੍ਰਸਿੱਧ ਅਫ਼ਸਰ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਰਣਜੀਤ ਸਿੰਘ ਨਰੂਲਾ (ਗੋਜਰਾ, ਲਾਇਲਪੁਰ ਦੇ ਜੰਮਪਲ) ਸਾਬਕਾ ਚੀਫ਼ ਜਸਟਿਸ ਪੰਜਾਬ, ਮੰਨਿਆ ਹੋਇਆ ਕਾਨੂੰਨਦਾਨ ਸੀ। ‘ਇੰਡੀਆ ਟੂਡੇ’ ਪੱਤ੍ਰਿਕਾ ਅਤੇ ਟੀ.ਵੀ. ਚੈਨਲ ‘ਆਜ ਤੱਕ’ ਵਾਲਾ, ਪ੍ਰਭੂ ਚਾਵਲਾ ਇਸੇ ਜਾਤ ਨਾਲ ਸੰਬੰਧਤ ਹੈ। ਲੋਕ ਸਭਾ ਦੇ ਸਾਬਕਾ ਸਪੀਕਰ ਸਵ. ਸ: ਹੁਕਮ ਸਿੰਘ ਵੀ ਅਰੋੜਾ ਸਨ। ਸਵ. ਸਰਦਾਰ ਆਤਮਾ ਸਿੰਘ ਰਈਸ ਗੁੜਗਾਓਂ ਤੋਂ ਐੱਮ.ਪੀ. ਰਹੇ ਹਨ, ਜਿਹੜੇ ਬੜੇ ਪ੍ਰਸਿੱਧ ਵਿਅਕਤੀ ਸਨ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਵਰਤਮਾਨ ਪ੍ਰਧਾਨ ਸ. ਅਵਤਾਰ ਸਿੰਘ ਮੱਕੜ, ਸਵਰਗੀਯ ਡਾਕਟਰ ਕੇ. ਐੱਸ. ਨਾਰੰਗ ਪ੍ਰਸਿੱਧ ਇਤਿਹਾਸਕਾਰ ਤੇ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਵੀ ਇਸੇ ਭਾਈਚਾਰੇ ਨਾਲ ਸੰਬੰਧਤ ਸਨ। ਅਮਰੀਕੀ ਪੁਲਾੜ ਯਾਨ ਦੇ ਹਾਦਸੇ ਵਿਚ ਮਰਨ ਵਾਲੀ ਪੁਲਾੜ ਯਾਤਰੀ ਕਲਪਨਾ ਚਾਵਲਾ ਦਾ ਨਾਂ ਵੀ ਵਰਣਨਯੋਗ ਹੈ। ਹੀਰ ਦਾ ਪਹਿਲਾ ਕਿੱਸਾਕਾਰ ਦਮੋਦਰ ਗੁਲਾਟੀ ਅਰੋੜਾ ਸੀ । ਸੀ.ਬੀ.ਆਈ. ਦਾ ਸਾਬਕਾ ਡਾਇਰੈਕਟਰ ਸਰਦਾਰ ਜੋਗਿੰਦਰ ਸਿੰਘ, ਸ੍ਰੀ ਲਛਮਣ ਦਾਸ ਅਰੋੜਾ, ਹਰਿਆਣੇ ਦਾ ਮੰਤਰੀ, ਪ੍ਰੋ. ਲਕਸ਼ਮੀ ਕਾਂਤ ਚਾਵਲਾ ਪੰਜਾਬ ਦੀ ਮੰਤਰੀ ਅਤੇ ਵਰਿੰਦਰ ਕਟਾਰੀਆ ਸਾਬਕਾ ਐੱਮ. ਪੀ. (ਰਾਜ ਸਭਾ), ਸ: ਨਰਿੰਦਰਪਾਲ ਸਿੰਘ ਡੀ. ਆਈ. ਜੀ. ਜਲੰਧਰ ਵੀ ਇਸੇ ਭਾਈਚਾਰੇ ਨਾਲ ਸੰਬੰਧਤ ਹਨ।

ਅਰੋੜਿਆਂ ਨੇ ਪ੍ਰਸਿੱਧ ਵਿੱਦਿਅਕ ਅਦਾਰੇ ਸਥਾਪਤ ਕੀਤੇ ਹੋਏ ਹਨ। ਜਲੰਧਰ ਅਤੇ ਕਪੂਰਥਲੇ ਦੇ ਐੱਮ.ਜੀ.ਐੱਨ. ਕਾਲਜ ਅਤੇ ਸਕੂਲਾਂ ਤੇ ਇਨ੍ਹਾਂ ਦੀ ਮਾਲਕੀ ਹੈ। ਵੱਡੇ-ਵੱਡੇ ਸਨਅਤਕਾਰ ਵੀ ਹਨ। ਹੀਰੋ ਹੌਂਡਾ ਮੋਟਰ ਸਾਈਕਲ ਅਤੇ ਹੌਂਡਾ ਕਾਰ ਦੇ ਕਾਰਖਾਨੇ ਦੇ ਵੀ ਇਹੋ ਮਾਲਕ ਹਨ। ਪ੍ਰਸਿੱਧ ਡਾਕਟਰ ਵੀ ਹਨ ਅਤੇ ਵੱਡੇ-ਵੱਡੇ ਹਸਪਤਾਲਾਂ ਦੇ ਮਾਲਕ ਹਨ। ਜਲੰਧਰ ਵਿਚ ਹੀ ‘ਸਤਯਮ’, ‘ਪਰੂਥੀ’, ਅਤੇ ‘ਨਿਊ ਰੂਬੀ’ ਵਰਗੇ ਹਸਪਤਾਲ ਇਨ੍ਹਾਂ ਦੇ ਹਨ। ਹੋਰ ਸ਼ਹਿਰਾਂ ਵਿਚ ਵੀ ਇਨ੍ਹਾਂ ਦੇ ਹਸਪਤਾਲ ਹਨ। ਪੀ.ਜੀ.ਆਈ. ਦੇ ਸਾਬਕਾ ਡਾਇਰੈਕਟਰ ਡਾਕਟਰ ਚੁਟਾਨੀ, ਪ੍ਰਸਿੱਧ ਸਿੱਖਿਆ ਸ਼ਾਸਤ੍ਰੀ ਤੇ ਸਾਹਿਤਕਾਰ ਸਵਰਗੀਯ ਡਾ. ਰੋਸ਼ਨ ਲਾਲ ਆਹੂਜਾ, ਪ੍ਰਸਿੱਧ ਸਿੱਖ ਪੱਤਰਕਾਰ, ਕਾਲਮ ਨਵੀਸ ਅਤੇ ਇਤਿਹਾਸਕਾਰ ਸਰਦਾਰ ਖੁਸ਼ਵੰਤ ਸਿੰਘ (ਖੁਰਾਣਾ), ਨੋਬਲ ਪ੍ਰਾਈਜ਼ ਜੇਤੂ, ਡਾ. ਹਰਗੋਬਿੰਦ ਖੁਰਾਣਾ ਵੀ ਇਸ ਭਾਈਚਾਰੇ ਨਾਲ ਸੰਬੰਧਤ ਹਨ। ਫ਼ਿਲਮੀ ਅਦਾਕਾਰਾ ਜੂਹੀ ਚਾਵਲਾ, ਅੰਗਰੇਜ਼ੀ ਟ੍ਰਿਬਿਊਨ ਦੇ ਮੁਖ ਸੰਪਾਦਕ ਐੱਚ. ਕੇ. ਦੂਆ ਆਦਿ ਕਈ ਹੋਰ ਨਾਂ ਹਨ। 1901 ਈ. ਦੀ ਜਨਗਣਨਾ ਅਨੁਸਾਰ ਅਰੋੜੇਆ ਦੀ ਸੰਖਿਆ 6,53,000 ਸੀ ।

 

 

 

Credit – ਕਿਰਪਾਲ ਸਿੰਘ ਦਰਦੀ

Leave a Comment